ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 895 ਰਾਮਕਲੀ ਮਹਲਾ ੫ ॥ ਸਗਲ ਸਿਆਨਪ ਛਾਡਿ ॥ਕਰਿ ਸੇਵਾ ਸੇਵਕ ਸਾਜਿ ॥ ਅਪਨਾ ਆਪੁ ਸਗਲ ਮਿਟਾਇ ॥ ਮਨ ਚਿੰਦੇ ਸੇਈ ਫਲ ਪਾਇ ॥੧॥ ਹੋਹੁ ਸਾਵਧਾਨ ਅਪੁਨੇ ਗੁਰ ਸਿਉ ॥ ਆਸਾ ਮਨਸਾ ਪੂਰਨ ਹੋਵੈ ਪਾਵਹਿ ਸਗਲ ਨਿਧਾਨ ਗੁਰ ਸਿਉ ॥੧॥ ਰਹਾਉ ॥ ਦੂਜਾ ਨਹੀ ਜਾਨੈ ਕੋਇ ॥ ਸਤਗੁਰੁ ਨਿਰੰਜਨੁ ਸੋਇ ॥ ਮਾਨੁਖ ਕਾ ਕਰਿ ਰੂਪੁ ਨ ਜਾਨੁ ॥ ਮਿਲੀ ਨਿਮਾਨੇ ਮਾਨੁ ॥੨॥ ਗੁਰ ਕੀ ਹਰਿ ਟੇਕ ਟਿਕਾਇ ॥ ਅਵਰ ਆਸਾ ਸਭ ਲਾਹਿ ॥ ਹਰਿ ਕਾ ਨਾਮੁ ਮਾਗੁ ਨਿਧਾਨੁ ॥ ਤਾ ਦਰਗਹ ਪਾਵਹਿ ਮਾਨੁ ॥੩॥ ਗੁਰ ਕਾ ਬਚਨੁ ਜਪਿ ਮੰਤੁ ॥ ਏਹਾ ਭਗਤਿ ਸਾਰ ਤਤੁ ॥ ਸਤਿਗੁਰ ਭਏ ਦਇਆਲ ॥ਨਾਨਕ ਦਾਸ ਨਿਹਾਲ ॥੪॥੨੮॥੩੯॥ {ਪੰਨਾ 895} ਪਦਅਰਥ: ਸਗਲ ਸਿਆਨਪ = ਸਾਰੀਆਂ ਚਤੁਰਾਈਆਂ, ਇਹੋ ਜਿਹੇ ਖ਼ਿਆਲ ਕਿ ਤੂੰ ਬੜਾ ਸਿਆਣਾ ਹੈਂ। ਸੇਵਕ ਸਾਜਿ = ਸੇਵਕ ਦੀ ਮਰਯਾਦਾ ਨਾਲ, ਸੇਵਕ ਬਣ ਕੇ। ਆਪੁ = ਆਪਾ = ਭਾਵ। ਮਨ ਚਿੰਦੇ = ਮਨ ਦੇ ਚਿਤਵੇ ਹੋਏ। ਪਾਇ = ਪਾਂਦਾ ਹੈ।੧। ਸਾਵਧਾਨ = ਸ = ਅਵਧਾਨ, ਅਵਧਾਨ ਸਹਿਤ, ਧਿਆਨ ਸਹਿਤ। ਗੁਰ ਸਿਉ = ਗੁਰੂ ਨਾਲ। ਮਨਸਾ = ਮਨ ਦਾ ਫੁਰਨਾ। ਪਾਵਹਿ = ਤੂੰ ਪ੍ਰਾਪਤ ਕਰੇਂਗਾ। ਨਿਧਾਨ = ਖ਼ਜ਼ਾਨੇ।੧।ਰਹਾਉ। ਜਾਨੈ = ਜਾਣਦਾ। ਨਿਰੰਜਨੁ = {ਨਿਰ = ਅੰਜਨੁ} ਮਾਇਆ = ਰਹਿਤ ਪ੍ਰਭੂ ਨੂੰ। ਨ ਜਾਨੁ = ਨਾਹ ਸਮਝ। ਮਿਲੀ = ਮਿਲਦਾ ਹੈ। ਮਾਨੁ = ਆਦਰ।੨। ਟੇਕ = ਆਸਰਾ। ਟੇਕ ਟਿਕਾਇ = ਆਸਰਾ ਲੈ। ਲਾਹਿ = ਦੂਰ ਕਰ ਦੇ। ਮਾਗੁ = ਮੰਗ। ਨਿਧਾਨੁ = ਖ਼ਜ਼ਾਨਾ।੩। ਮੰਤੁ = ਮੰਤਰ, ਉਪਦੇਸ਼। ਜਪਿ = ਜਪਿਆ ਕਰ। ਸਾਰ = ਸ੍ਰੇਸ਼ਟ। ਤਤੁ = ਅਸਲੀਅਤ। ਨਿਹਾਲ = ਪ੍ਰਸੰਨ, ਚੜ੍ਹਦੀ ਕਲਾ ਵਾਲੇ। ਅਰਥ: ਹੇ ਭਾਈ! ਆਪਣੇ ਗੁਰੂ ਦੇ ਉਪਦੇਸ਼ ਵਲ, ਪੂਰਾ ਧਿਆਨ ਰੱਖਿਆ ਕਰ, ਤੇਰੀ (ਹਰੇਕ) ਆਸ ਪੂਰੀ ਹੋ ਜਾਇਗੀ, ਤੇਰਾ (ਹਰੇਕ) ਮਨ ਦਾ ਫੁਰਨਾ ਪੂਰਾ ਹੋ ਜਾਇਗਾ। ਆਪਣੇ ਗੁਰੂ ਪਾਸੋਂ ਤੂੰ ਸਾਰੇ ਖ਼ਜ਼ਾਨੇ ਹਾਸਲ ਕਰ ਲਏਂਗਾ।੧।ਰਹਾਉ। ਹੇ ਭਾਈ! ਇਹੋ ਜਿਹੇ ਸਾਰੇ ਖ਼ਿਆਲ ਛੱਡ ਦੇਹ ਕਿ (ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ) ਤੂੰ ਬੜਾ ਸਿਆਣਾ ਹੈਂ, ਸੇਵਕ ਵਾਲੀ ਭਾਵਨਾ ਨਾਲ (ਗੁਰੂ ਦੇ ਦਰ ਤੇ) ਸੇਵਾ ਕਰਿਆ ਕਰ। (ਜਿਹੜਾ ਮਨੁੱਖ ਗੁਰੂ ਦੇ ਦਰ ਤੇ) ਆਪਣਾ ਸਾਰਾ ਆਪਾ-ਭਾਵ ਮਿਟਾ ਦੇਂਦਾ ਹੈ, ਉਹੀ ਮਨ ਦੇ ਚਿਤਵੇ ਹੋਏ ਫਲ ਪ੍ਰਾਪਤ ਕਰਦਾ ਹੈ।੧। ਹੇ ਭਾਈ! ਗੁਰੂ ਉਸ ਮਾਇਆ-ਰਹਿਤ ਨਿਰਲੇਪ ਪ੍ਰਭੂ ਨੂੰ ਹੀ (ਹਰ ਥਾਂ) ਜਾਣਦਾ ਹੈ, ਪ੍ਰਭੂ ਤੋਂ ਬਿਨਾ ਕਿਸੇ ਹੋਰ ਨੂੰ (ਵੱਖਰੀ ਹਸਤੀ) ਨਹੀਂ ਜਾਣਦਾ, (ਇਸ ਵਾਸਤੇ ਗੁਰੂ ਨੂੰ) ਨਿਰਾ ਮਨੁੱਖ ਦਾ ਰੂਪ ਹੀ ਨਾਹ ਸਮਝ ਰੱਖ। (ਗੁਰੂ ਦੇ ਦਰ ਤੋਂ ਉਸੇ ਮਨੁੱਖ ਨੂੰ) ਆਦਰ ਮਿਲਦਾ ਹੈ ਜੋ (ਆਪਣੀ ਸਿਆਣਪ ਦਾ) ਅਹੰਕਾਰ ਛੱਡ ਦੇਂਦਾ ਹੈ।੨। ਹੇ ਭਾਈ! ਪ੍ਰਭੂ ਦੇ ਰੂਪ ਗੁਰੂ ਦਾ ਹੀ ਆਸਰਾ-ਪਰਨਾ ਫੜ, ਹੋਰ (ਆਸਰਿਆਂ ਦੀਆਂ) ਸਭ ਆਸਾਂ (ਮਨ ਵਿਚੋਂ) ਦੂਰ ਕਰ ਦੇਹ। (ਗੁਰੂ ਦੇ ਦਰ ਤੋਂ ਹੀ) ਪਰਮਾਤਮਾ ਦਾ ਨਾਮ-ਖ਼ਜ਼ਾਨਾ ਮੰਗਿਆ ਕਰ, ਤਦੋਂ ਤੂੰ ਪ੍ਰਭੂ ਦੀ ਹਜ਼ੂਰੀ ਵਿਚ ਆਦਰ-ਸਤਕਾਰ ਪ੍ਰਾਪਤ ਕਰੇਂਗਾ।੩। ਹੇ ਭਾਈ! ਗੁਰੂ ਦਾ ਬਚਨ ਗੁਰੂ ਦਾ ਸ਼ਬਦ-ਮੰਤ੍ਰ (ਸਦਾ) ਜਪਿਆ ਕਰ, ਇਹੀ ਵਧੀਆ ਭਗਤੀ ਹੈ, ਇਹੀ ਹੈ ਭਗਤੀ ਦੀ ਅਸਲੀਅਤ। ਹੇ ਨਾਨਕ! ਜਿਨ੍ਹਾਂ ਮਨੁੱਖਾਂ ਉਤੇ ਸਤਿਗੁਰੂ ਜੀ ਦਇਆਵਾਨ ਹੁੰਦੇ ਹਨ, ਉਹ ਦਾਸ ਸਦਾ ਚੜ੍ਹਦੀ ਕਲਾ ਵਿਚ ਰਹਿੰਦੇ ਹਨ।੪।੨੮।੩੯। ਰਾਮਕਲੀ ਮਹਲਾ ੫ ॥ ਹੋਵੈ ਸੋਈ ਭਲ ਮਾਨੁ ॥ ਆਪਨਾ ਤਜਿ ਅਭਿਮਾਨੁ ॥ ਦਿਨੁ ਰੈਨਿ ਸਦਾ ਗੁਨ ਗਾਉ ॥ ਪੂਰਨ ਏਹੀ ਸੁਆਉ ॥੧॥ ਆਨੰਦ ਕਰਿ ਸੰਤ ਹਰਿ ਜਪਿ ॥ ਛਾਡਿ ਸਿਆਨਪ ਬਹੁ ਚਤੁਰਾਈ ਗੁਰ ਕਾ ਜਪਿ ਮੰਤੁ ਨਿਰਮਲ ॥੧॥ ਰਹਾਉ ॥ ਏਕ ਕੀ ਕਰਿ ਆਸ ਭੀਤਰਿ ॥ ਨਿਰਮਲ ਜਪਿ ਨਾਮੁ ਹਰਿ ਹਰਿ ॥ ਗੁਰ ਕੇ ਚਰਨ ਨਮਸਕਾਰਿ ॥ ਭਵਜਲੁ ਉਤਰਹਿ ਪਾਰਿ ॥੨॥ ਦੇਵਨਹਾਰ ਦਾਤਾਰ ॥ਅੰਤੁ ਨ ਪਾਰਾਵਾਰ ॥ ਜਾ ਕੈ ਘਰਿ ਸਰਬ ਨਿਧਾਨ ॥ ਰਾਖਨਹਾਰ ਨਿਦਾਨ ॥੩॥ ਨਾਨਕ ਪਾਇਆ ਏਹੁ ਨਿਧਾਨ ॥ ਹਰੇ ਹਰਿ ਨਿਰਮਲ ਨਾਮ ॥ ਜੋ ਜਪੈ ਤਿਸ ਕੀ ਗਤਿ ਹੋਇ ॥ ਨਾਨਕ ਕਰਮਿ ਪਰਾਪਤਿ ਹੋਇ ॥੪॥੨੯॥੪੦॥ {ਪੰਨਾ 895} ਪਦਅਰਥ: ਹੋਵੈ = ਜੋ ਕੁਝ ਪ੍ਰਭੂ ਦੀ ਰਜ਼ਾ ਅਨੁਸਾਰ ਹੋ ਰਿਹਾ ਹੈ। ਸੋਈ = ਉਸੇ ਨੂੰ। ਭਲ = ਭਲਾ, ਚੰਗਾ। ਮਾਨੁ = ਮੰਨ। ਤਜਿ = ਛੱਡ। ਰੈਨਿ = ਰਾਤ। ਗਾਉ = ਗਾਂਦਾ ਰਹੁ। ਸੁਆਉ = ਜੀਵਨ = ਮਨੋਰਥ। ਪੂਰਨ = ਮੁਕੰਮਲ, ਠੀਕ।੧। ਸੰਤ ਹਰਿ ਜਪਿ = ਸੰਤ = ਪ੍ਰਭੂ ਦਾ ਨਾਮ ਜਪਦਾ ਰਹੁ। ਮੰਤੁ = ਮੰਤਰ, ਸ਼ਬਦ। ਨਿਰਮਲ = ਪਵਿੱਤਰ।੧।ਰਹਾਉ। ਭੀਤਰਿ = ਆਪਣੇ ਅੰਦਰ। ਨਮਸਕਾਰਿ = ਸਿਰ ਨਿਵਾਇਆ ਕਰ। ਭਵਜਲੁ = ਸੰਸਾਰ = ਸਮੁੰਦਰ।੨। ਦੇਵਨਹਾਰ = ਸਭ ਕੁਝ ਦੇਣ ਦੀ ਤਾਕਤ ਵਾਲਾ। ਪਾਰਾਵਾਰ = ਪਾਰ = ਅਵਾਰ, ਪਾਰਲਾ ਉਰਲਾ ਬੰਨਾ। ਜਾ ਕੈ ਘਰਿ = ਜਿਸ (ਪ੍ਰਭੂ) ਦੇ ਘਰ ਵਿਚ। ਸਰਬ = ਸਾਰੇ। ਨਿਦਾਨ = ਆਖ਼ਰ ਨੂੰ, ਜਦੋਂ ਹੋਰ ਸਾਰੀਆਂ ਆਸਾਂ ਮੁੱਕ ਜਾਣ।੩। ਜੋ = ਜਿਹੜਾ ਮਨੁੱਖ। ਤਿਸ ਕੀ = {ਸੰਬੰਧਕ 'ਕੀ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ ਹੈ}। ਗਤਿ = ਉੱਚੀ ਆਤਮਕ ਅਵਸਥਾ। ਕਰਮਿ = (ਪ੍ਰਭੂ ਦੀ) ਬਖ਼ਸ਼ਸ਼ ਦੀ ਰਾਹੀਂ।੪। ਅਰਥ: ਹੇ ਭਾਈ! ਇਹ ਖ਼ਿਆਲ ਛੱਡ ਦੇਹ ਕਿ ਗੁਰੂ ਦੀ ਅਗਵਾਈ ਤੋਂ ਬਿਨਾ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ ਤੂੰ ਬੜਾ ਸਿਆਣਾ ਤੇ ਚਤੁਰ ਹੈਂ। ਗੁਰੂ ਦਾ ਪਵਿੱਤਰ ਸ਼ਬਦ-ਮੰਤ੍ਰ ਜਪਿਆ ਕਰ, (ਸ਼ਾਂਤੀ ਦੇ ਸੋਮੇ) ਸੰਤ-ਹਰੀ ਦਾ ਨਾਮ ਜਪਿਆ ਕਰ ਤੇ (ਇਸ ਤਰ੍ਹਾਂ) ਆਤਮਕ ਆਨੰਦ (ਸਦਾ) ਮਾਣ।੧।ਰਹਾਉ। ਹੇ ਭਾਈ! ਜੋ ਕੁਝ ਪ੍ਰਭੂ ਦੀ ਰਜ਼ਾ ਵਿਚ ਹੋ ਰਿਹਾ ਹੈ ਉਸੇ ਨੂੰ ਭਲਾ ਮੰਨ, ਆਪਣਾ (ਸਿਆਣਪ ਦਾ) ਮਾਣ ਛੱਡ ਦੇਹ। ਦਿਨ ਰਾਤ ਹਰ ਵੇਲੇ ਪਰਮਾਤਮਾ ਦੇ ਗੁਣ ਗਾਂਦਾ ਰਹੁ; ਬੱਸ! ਇਹੀ ਹੈ ਠੀਕ ਜੀਵਨ-ਮਨੋਰਥ।੧। ਹੇ ਭਾਈ! ਇਕ ਪਰਮਾਤਮਾ ਦੀ (ਸਹਾਇਤਾ ਦੀ) ਆਸ ਆਪਣੇ ਮਨ ਵਿਚ ਟਿਕਾਈ ਰੱਖ, ਪਰਮਾਤਮਾ ਦਾ ਪਵਿੱਤਰ ਨਾਮ ਸਦਾ ਜਪਦਾ ਰਹੁ; ਗੁਰੂ ਦੇ ਚਰਨਾਂ ਉਤੇ ਆਪਣਾ ਸਿਰ ਨਿਵਾਈ ਰੱਖ, (ਇਸ ਤਰ੍ਹਾਂ) ਤੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਏਂਗਾ।੨। (ਹੇ ਭਾਈ! ਇਹ ਯਾਦ ਰੱਖ ਕਿ) ਦਾਤਾਂ ਦੇਣ ਵਾਲਾ ਪ੍ਰਭੂ (ਸਭ ਕੁਝ) ਦੇਣ ਦੇ ਸਮਰੱਥ ਹੈ, ਉਸ ਦਾ ਅੰਤ ਨਹੀਂ ਪੈ ਸਕਦਾ, ਉਸ ਦਾ ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ। ਹੇ ਭਾਈ! ਜਿਸ ਪ੍ਰਭੂ ਦੇ ਘਰ ਵਿਚ ਸਾਰੇ ਖ਼ਜ਼ਾਨੇ ਮੌਜੂਦ ਹਨ, ਉਹੀ ਆਖ਼ਰ ਰੱਖਿਆ ਕਰਨ ਜੋਗਾ ਹੈ।੩। ਹੇ ਭਾਈ! ਜਿਸ ਮਨੁੱਖ ਨੇ ਪਰਮਾਤਮਾ ਦੇ ਪਵਿੱਤਰ ਨਾਮ ਦਾ ਇਹ ਖ਼ਜ਼ਾਨਾ ਲੱਭ ਲਿਆ, ਜੋ ਮਨੁੱਖ ਇਸ ਨਾਮ ਨੂੰ (ਸਦਾ) ਜਪਦਾ ਹੈ ਉਸ ਦੀ ਉੱਚੀ ਆਤਮਕ ਅਵਸਥਾ ਬਣ ਜਾਂਦੀ ਹੈ। ਪਰ, ਹੇ ਨਾਨਕ! ਇਹ ਨਾਮ-ਖ਼ਜ਼ਾਨਾ ਪਰਮਾਤਮਾ ਦੀ ਮਿਹਰ ਨਾਲ ਹੀ ਮਿਲਦਾ ਹੈ।੪।੨੯।੪੦। ਰਾਮਕਲੀ ਮਹਲਾ ੫ ॥ ਦੁਲਭ ਦੇਹ ਸਵਾਰਿ ॥ਜਾਹਿ ਨ ਦਰਗਹ ਹਾਰਿ ॥ ਹਲਤਿ ਪਲਤਿ ਤੁਧੁ ਹੋਇ ਵਡਿਆਈ ॥ ਅੰਤ ਕੀ ਬੇਲਾ ਲਏ ਛਡਾਈ ॥੧॥ ਰਾਮ ਕੇ ਗੁਨ ਗਾਉ ॥ਹਲਤੁ ਪਲਤੁ ਹੋਹਿ ਦੋਵੈ ਸੁਹੇਲੇ ਅਚਰਜ ਪੁਰਖੁ ਧਿਆਉ ॥੧॥ ਰਹਾਉ ॥ਊਠਤ ਬੈਠਤ ਹਰਿ ਜਾਪੁ ॥ ਬਿਨਸੈ ਸਗਲ ਸੰਤਾਪੁ ॥ ਬੈਰੀ ਸਭਿ ਹੋਵਹਿ ਮੀਤ ॥ ਨਿਰਮਲੁ ਤੇਰਾ ਹੋਵੈ ਚੀਤ ॥੨॥ ਸਭ ਤੇ ਊਤਮ ਇਹੁ ਕਰਮੁ ॥ ਸਗਲ ਧਰਮ ਮਹਿ ਸ੍ਰੇਸਟ ਧਰਮੁ ॥ ਹਰਿ ਸਿਮਰਨਿ ਤੇਰਾ ਹੋਇ ਉਧਾਰੁ ॥ ਜਨਮ ਜਨਮ ਕਾ ਉਤਰੈ ਭਾਰੁ ॥੩॥ ਪੂਰਨ ਤੇਰੀ ਹੋਵੈ ਆਸ ॥ ਜਮ ਕੀ ਕਟੀਐ ਤੇਰੀ ਫਾਸ ॥ ਗੁਰ ਕਾ ਉਪਦੇਸੁ ਸੁਨੀਜੈ ॥ ਨਾਨਕ ਸੁਖਿ ਸਹਜਿ ਸਮੀਜੈ ॥੪॥੩੦॥੪੧॥ {ਪੰਨਾ 895} ਪਦਅਰਥ: ਦੁਲਭ = ਦੁਰਲੱਭ, ਜੋ ਮੁਸ਼ਕਿਲ ਨਾਲ ਮਿਲੀ ਹੈ। ਦੇਹ = ਦੇਹੀ, ਸਰੀਰ। ਸਵਾਰਿ = ਸਵਾਰ ਲੈ, ਸਫਲ ਕਰ ਲੈ। ਹਾਰਿ = ਹਾਰ ਕੇ। ਹਲਤਿ = ਇਸ ਲੋਕ ਵਿਚ। ਪਲਤਿ = ਪਰਲੋਕ ਵਿਚ। ਬੇਲਾ = ਵੇਲੇ।੧। ਗਾਉ = ਗਾਂਦਾ ਰਹੁ। ਹਲਤੁ = ਇਹ ਲੋਕ। ਪਲਤੁ = ਪਰਲੋਕ। ਹੋਹਿ = ਹੋ ਜਾਣ। ਸੁਹੇਲੇ = ਸੌਖੇ। ਧਿਆਉ = ਧਿਆਇਆ ਕਰ, ਧਿਆਨ ਧਰਿਆ ਕਰ।੧।ਰਹਾਉ। ਜਾਪੁ = ਭਜਨ ਕਰ। ਸਗਲ = ਸਾਰਾ। ਸੰਤਾਪੁ = ਦੁੱਖ = ਕਲੇਸ਼। ਸਭਿ = ਸਾਰੇ। ਚੀਤ = ਚਿੱਤ।੨। ਤੇ = ਤੋਂ। ਸਿਮਰਨਿ = ਸਿਮਰਨ ਦੀ ਰਾਹੀਂ। ਉਧਾਰੁ = ਪਾਰ = ਉਤਾਰਾ।੩। ਕਟੀਐ = ਕੱਟੀ ਜਾਂਦੀ ਹੈ, ਕੱਟੀ ਜਾਇਗੀ। ਸੁਨੀਜੈ = ਸੁਣਨਾ ਚਾਹੀਦਾ ਹੈ। ਸੁਖਿ = ਸੁਖ ਵਿਚ। ਸਹਜਿ = ਆਤਮਕ ਅਡੋਲਤਾ ਵਿਚ। ਸਮੀਜੈ = ਟਿਕ ਜਾਈਦਾ ਹੈ।੪। ਅਰਥ: (ਹੇ ਭਾਈ!) ਪਰਮਾਤਮਾ ਦੇ ਗੁਣ ਗਾਇਆ ਕਰ, ਅਚਰਜ-ਰੂਪ ਅਕਾਲ ਪੁਰਖ ਦਾ ਧਿਆਨ ਧਰਿਆ ਕਰ, (ਇਸ ਤਰ੍ਹਾਂ ਤੇਰਾ) ਇਹ ਲੋਕ (ਅਤੇ ਤੇਰਾ) ਪਰਲੋਕ ਦੋਵੇਂ ਸੁਖੀ ਹੋ ਜਾਣਗੇ।੧।ਰਹਾਉ। (ਹੇ ਭਾਈ! ਪਰਮਾਤਮਾ ਦੇ ਗੁਣ ਗਾ ਕੇ) ਇਸ ਮਨੁੱਖਾ ਸਰੀਰ ਨੂੰ ਸਫਲ ਕਰ ਲੈ ਜੋ ਬੜੀ ਮੁਸ਼ਕਿਲ ਨਾਲ ਮਿਲਦਾ ਹੈ, (ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਤੂੰ ਇਥੋਂ ਮਨੁੱਖਾ ਜਨਮ ਦੀ ਬਾਜੀ) ਹਾਰ ਕੇ ਦਰਗਾਹ ਵਿਚ ਨਹੀਂ ਜਾਏਂਗਾ; ਤੈਨੂੰ ਇਸ ਲੋਕ ਵਿਚ ਅਤੇ ਪਰਲੋਕ ਵਿਚ ਸੋਭਾ ਮਿਲੇਗੀ। (ਪਰਮਾਤਮਾ ਦੀ ਸਿਫ਼ਤਿ-ਸਾਲਾਹ) ਤੈਨੂੰ ਅਖ਼ੀਰ ਵੇਲੇ ਭੀ (ਮਾਇਆ ਦੇ ਮੋਹ ਦੇ ਬੰਧਨਾਂ ਤੋਂ) ਛਡਾ ਲਏਗੀ।੧। (ਹੇ ਭਾਈ!) ਉਠਦਿਆਂ ਬੈਠਦਿਆਂ (ਹਰ ਵੇਲੇ) ਪਰਮਾਤਮਾ ਦਾ ਨਾਮ ਜਪਿਆ ਕਰ, (ਨਾਮ ਦੀ ਬਰਕਤਿ ਨਾਲ) ਸਾਰਾ ਦੁੱਖ-ਕਲੇਸ਼ ਮਿਟ ਜਾਂਦਾ ਹੈ। (ਨਾਮ ਜਪਿਆਂ ਤੇਰੇ) ਸਾਰੇ ਵੈਰੀ (ਤੇਰੇ) ਮਿੱਤਰ ਬਣ ਜਾਣਗੇ, ਤੇਰਾ ਆਪਣਾ ਮਨ (ਵੈਰ ਆਦਿਕ ਤੋਂ) ਪਵਿੱਤਰ ਹੋ ਜਾਏਗਾ।੨। (ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਨਾ ਹੀ) ਸਾਰੇ ਕੰਮਾਂ ਤੋਂ ਚੰਗਾ ਕੰਮ ਹੈ, ਸਾਰੇ ਧਰਮਾਂ ਵਿਚੋਂ ਇਹੀ ਵਧੀਆ ਧਰਮ ਹੈ। ਹੇ ਭਾਈ! ਪਰਮਾਤਮਾ ਦਾ ਸਿਮਰਨ ਕਰਨ ਨਾਲ ਤੇਰਾ ਪਾਰ-ਉਤਾਰਾ ਹੋ ਜਾਏਗਾ। (ਸਿਮਰਨ ਦੀ ਬਰਕਤਿ ਨਾਲ) ਅਨੇਕਾਂ ਜਨਮਾਂ (ਦੇ ਵਿਕਾਰਾਂ ਦੀ ਮੈਲ) ਦਾ ਭਾਰ ਲਹਿ ਜਾਂਦਾ ਹੈ।੩। (ਹੇ ਭਾਈ! ਸਿਮਰਨ ਕਰਦਿਆਂ) ਤੇਰੀ (ਹਰੇਕ) ਆਸ ਪੂਰੀ ਹੋ ਜਾਏਗੀ, ਤੇਰੀ ਜਮਾਂ ਵਾਲੀ ਫਾਹੀ (ਭੀ) ਕੱਟੀ ਜਾਏਗੀ। ਹੇ ਨਾਨਕ! ਆਖ-ਹੇ ਭਾਈ!) ਗੁਰੂ ਦਾ (ਇਹ ਨਾਮ ਸਿਮਰਨ ਦਾ) ਉਪਦੇਸ਼ (ਸਦਾ) ਸੁਣਨਾ ਚਾਹੀਦਾ ਹੈ, (ਇਸ ਦੀ ਬਰਕਤਿ ਨਾਲ) ਆਤਮਕ ਸੁਖ ਵਿਚ ਆਤਮਕ ਅਡੋਲਤਾ ਵਿਚ ਟਿਕ ਜਾਈਦਾ ਹੈ।੪।੩੦।੪੧। |
Sri Guru Granth Darpan, by Professor Sahib Singh |