ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
![]() |
![]() |
![]() |
![]() |
![]() |
Page 1032 ਮਾਰੂ ਮਹਲਾ ੧ ॥ ਸਾਚੇ ਸਾਹਿਬ ਸਿਰਜਣਹਾਰੇ ॥ ਜਿਨਿ ਧਰ ਚਕ੍ਰ ਧਰੇ ਵੀਚਾਰੇ ॥ ਆਪੇ ਕਰਤਾ ਕਰਿ ਕਰਿ ਵੇਖੈ ਸਾਚਾ ਵੇਪਰਵਾਹਾ ਹੇ ॥੧॥ ਵੇਕੀ ਵੇਕੀ ਜੰਤ ਉਪਾਏ ॥ ਦੁਇ ਪੰਦੀ ਦੁਇ ਰਾਹ ਚਲਾਏ ॥ ਗੁਰ ਪੂਰੇ ਵਿਣੁ ਮੁਕਤਿ ਨ ਹੋਈ ਸਚੁ ਨਾਮੁ ਜਪਿ ਲਾਹਾ ਹੇ ॥੨॥ ਪੜਹਿ ਮਨਮੁਖ ਪਰੁ ਬਿਧਿ ਨਹੀ ਜਾਨਾ ॥ ਨਾਮੁ ਨ ਬੂਝਹਿ ਭਰਮਿ ਭੁਲਾਨਾ ॥ ਲੈ ਕੈ ਵਢੀ ਦੇਨਿ ਉਗਾਹੀ ਦੁਰਮਤਿ ਕਾ ਗਲਿ ਫਾਹਾ ਹੇ ॥੩॥ ਸਿਮ੍ਰਿਤਿ ਸਾਸਤ੍ਰ ਪੜਹਿ ਪੁਰਾਣਾ ॥ ਵਾਦੁ ਵਖਾਣਹਿ ਤਤੁ ਨ ਜਾਣਾ ॥ ਵਿਣੁ ਗੁਰ ਪੂਰੇ ਤਤੁ ਨ ਪਾਈਐ ਸਚ ਸੂਚੇ ਸਚੁ ਰਾਹਾ ਹੇ ॥੪॥ ਸਭ ਸਾਲਾਹੇ ਸੁਣਿ ਸੁਣਿ ਆਖੈ ॥ ਆਪੇ ਦਾਨਾ ਸਚੁ ਪਰਾਖੈ ॥ ਜਿਨ ਕਉ ਨਦਰਿ ਕਰੇ ਪ੍ਰਭੁ ਅਪਨੀ ਗੁਰਮੁਖਿ ਸਬਦੁ ਸਲਾਹਾ ਹੇ ॥੫॥ ਸੁਣਿ ਸੁਣਿ ਆਖੈ ਕੇਤੀ ਬਾਣੀ ॥ ਸੁਣਿ ਕਹੀਐ ਕੋ ਅੰਤੁ ਨ ਜਾਣੀ ॥ ਜਾ ਕਉ ਅਲਖੁ ਲਖਾਏ ਆਪੇ ਅਕਥ ਕਥਾ ਬੁਧਿ ਤਾਹਾ ਹੇ ॥੬॥ ਜਨਮੇ ਕਉ ਵਾਜਹਿ ਵਾਧਾਏ ॥ ਸੋਹਿਲੜੇ ਅਗਿਆਨੀ ਗਾਏ ॥ ਜੋ ਜਨਮੈ ਤਿਸੁ ਸਰਪਰ ਮਰਣਾ ਕਿਰਤੁ ਪਇਆ ਸਿਰਿ ਸਾਹਾ ਹੇ ॥੭॥ ਸੰਜੋਗੁ ਵਿਜੋਗੁ ਮੇਰੈ ਪ੍ਰਭਿ ਕੀਏ ॥ ਸ੍ਰਿਸਟਿ ਉਪਾਇ ਦੁਖਾ ਸੁਖ ਦੀਏ ॥ ਦੁਖ ਸੁਖ ਹੀ ਤੇ ਭਏ ਨਿਰਾਲੇ ਗੁਰਮੁਖਿ ਸੀਲੁ ਸਨਾਹਾ ਹੇ ॥੮॥ ਨੀਕੇ ਸਾਚੇ ਕੇ ਵਾਪਾਰੀ ॥ ਸਚੁ ਸਉਦਾ ਲੈ ਗੁਰ ਵੀਚਾਰੀ ॥ ਸਚਾ ਵਖਰੁ ਜਿਸੁ ਧਨੁ ਪਲੈ ਸਬਦਿ ਸਚੈ ਓਮਾਹਾ ਹੇ ॥੯॥ ਕਾਚੀ ਸਉਦੀ ਤੋਟਾ ਆਵੈ ॥ ਗੁਰਮੁਖਿ ਵਣਜੁ ਕਰੇ ਪ੍ਰਭ ਭਾਵੈ ॥ ਪੂੰਜੀ ਸਾਬਤੁ ਰਾਸਿ ਸਲਾਮਤਿ ਚੂਕਾ ਜਮ ਕਾ ਫਾਹਾ ਹੇ ॥੧੦॥ ਸਭੁ ਕੋ ਬੋਲੈ ਆਪਣ ਭਾਣੈ ॥ ਮਨਮੁਖੁ ਦੂਜੈ ਬੋਲਿ ਨ ਜਾਣੈ ॥ ਅੰਧੁਲੇ ਕੀ ਮਤਿ ਅੰਧਲੀ ਬੋਲੀ ਆਇ ਗਇਆ ਦੁਖੁ ਤਾਹਾ ਹੇ ॥੧੧॥ ਦੁਖ ਮਹਿ ਜਨਮੈ ਦੁਖ ਮਹਿ ਮਰਣਾ ॥ ਦੂਖੁ ਨ ਮਿਟੈ ਬਿਨੁ ਗੁਰ ਕੀ ਸਰਣਾ ॥ ਦੂਖੀ ਉਪਜੈ ਦੂਖੀ ਬਿਨਸੈ ਕਿਆ ਲੈ ਆਇਆ ਕਿਆ ਲੈ ਜਾਹਾ ਹੇ ॥੧੨॥ ਸਚੀ ਕਰਣੀ ਗੁਰ ਕੀ ਸਿਰਕਾਰਾ ॥ ਆਵਣੁ ਜਾਣੁ ਨਹੀ ਜਮ ਧਾਰਾ ॥ ਡਾਲ ਛੋਡਿ ਤਤੁ ਮੂਲੁ ਪਰਾਤਾ ਮਨਿ ਸਾਚਾ ਓਮਾਹਾ ਹੇ ॥੧੩॥ ਹਰਿ ਕੇ ਲੋਗ ਨਹੀ ਜਮੁ ਮਾਰੈ ॥ ਨਾ ਦੁਖੁ ਦੇਖਹਿ ਪੰਥਿ ਕਰਾਰੈ ॥ ਰਾਮ ਨਾਮੁ ਘਟ ਅੰਤਰਿ ਪੂਜਾ ਅਵਰੁ ਨ ਦੂਜਾ ਕਾਹਾ ਹੇ ॥੧੪॥ ਓੜੁ ਨ ਕਥਨੈ ਸਿਫਤਿ ਸਜਾਈ ॥ ਜਿਉ ਤੁਧੁ ਭਾਵਹਿ ਰਹਹਿ ਰਜਾਈ ॥ ਦਰਗਹ ਪੈਧੇ ਜਾਨਿ ਸੁਹੇਲੇ ਹੁਕਮਿ ਸਚੇ ਪਾਤਿਸਾਹਾ ਹੇ ॥੧੫॥ ਕਿਆ ਕਹੀਐ ਗੁਣ ਕਥਹਿ ਘਨੇਰੇ ॥ ਅੰਤੁ ਨ ਪਾਵਹਿ ਵਡੇ ਵਡੇਰੇ ॥ ਨਾਨਕ ਸਾਚੁ ਮਿਲੈ ਪਤਿ ਰਾਖਹੁ ਤੂ ਸਿਰਿ ਸਾਹਾ ਪਾਤਿਸਾਹਾ ਹੇ ॥੧੬॥੬॥੧੨॥ {ਪੰਨਾ 1032-1033} ਪਦ ਅਰਥ: ਸਾਚੇ = ਹੇ ਸਦਾ-ਥਿਰ ਰਹਿਣ ਵਾਲੇ! ਸਿਰਜਣਹਾਰੇ = ਹੇ ਸਿਰਜਣਹਾਰ! ਜਿਨਿ = ਜਿਸ ਤੈਂ ਨੇ। ਧਰ = ਧਰਤੀ। ਧਰੇ = ਟਿਕਾਏ ਹਨ। ਵੀਚਾਰੇ = ਵੀਚਾਰਿ, ਸੋਚ-ਵਿਚਾਰ ਕੇ। ਕਰਿ ਕਰਿ = ਪੈਦਾ ਕਰ ਕਰ ਕੇ। ਵੇਖੈ = ਸੰਭਾਲ ਕਰਦਾ ਹੈ।1। ਵੇਕੀ ਵੇਕੀ = ਵਖ ਵਖ ਕਿਸਮ ਦੇ। ਪੰਦ = ਨਸੀਹਤ, ਸਿੱਖਿਆ। ਪੰਦੀ = ਨਸੀਹਤ ਦੇਣ ਵਾਲਾ। ਦੁਇ = ਦੋ। ਦੁਇ ਪੰਦੀ = ਚੰਗੀ ਤੇ ਮੰਦੀ ਦੋ ਕਿਸਮ ਦੀ ਸਿੱਖਿਆ ਦੇਣ ਵਾਲੇ, ਗੁਰਮੁਖਿ ਤੇ ਮਨਮੁਖ। ਦੁਇ ਰਾਹ = ਜੀਵਨ ਦੇ ਦੋ ਰਸਤੇ (ਚੰਗਾ ਤੇ ਮੰਦਾ) । ਮੁਕਤਿ = (ਵਿਕਾਰਾਂ ਤੋਂ) ਖ਼ਲਾਸੀ। ਸਚੁ = ਸਦਾ-ਥਿਰ ਰਹਿਣ ਵਾਲਾ। ਲਾਹਾ = ਲਾਭ।2। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਪਰੁ = ਪਰੰਤੂ। ਬਿਧਿ = (ਉਸ ਉਤੇ ਅਮਲ ਕਰਨ ਦੀ) ਜਾਚ। ਭਰਮਿ = ਮਾਇਆ ਦੀ ਭਟਕਣਾ ਵਿਚ। ਦੇਨਿ = ਦੇਂਦੇ ਹਨ। ਉਗਾਹੀ = ਗਵਾਹੀ। ਗਲਿ = ਗਲ ਵਿਚ।3। ਵਾਦੁ = ਚਰਚਾ, ਬਹਸ। ਤਤੁ = ਜਗਤ ਦਾ ਮੂਲ-ਪ੍ਰਭੂ, ਅਸਲੀਅਤ। ਸੁਚੇ = ਪਵਿਤ੍ਰ ਜੀਵਨ ਵਾਲੇ। ਸਾਚੁ = ਸਦਾ-ਥਿਰ ਪ੍ਰਭੂ ਦਾ ਨਾਮ (ਸਿਮਰ ਕੇ) । ਸਚ ਰਾਹਾ = ਸੱਚ ਦਾ ਰਸਤਾ, ਸਹੀ ਜੀਵਨ-ਰਸਤਾ।4। ਸਭ = ਸਾਰੀ ਲੋਕਾਈ। ਦਾਨਾ = ਸਭ ਦੇ ਦਿਲ ਦੀ ਜਾਣਨ ਵਾਲਾ। ਪਰਾਖੈ = ਪਰਖੈ, ਪਰਖਦਾ ਹੈ।5। ਕੇਤੀ = ਬਹੁਤ ਲੁਕਾਈ। ਸੁਣਿ = ਸੁਣ ਕੇ। ਕੋ = ਕੋਈ ਜੀਵ। ਅਲਖੁ = ਅਦ੍ਰਿਸ਼ਟ ਪਰਮਾਤਮਾ। ਅਕਥ = ਜਿਸ ਦੇ ਗੁਣ ਬਿਆਨ ਨਾਹ ਕੀਤੇ ਜਾ ਸਕਣ। ਤਾਹਾ = ਉਸੇ ਦੀ।6। ਵਾਜਹਿ = ਵੱਜਦੇ ਹਨ (ਵਾਜੇ) । ਵਾਧਾਏ = ਵਧਾਈਆਂ। ਸੋਹਿਲੜੇ = ਖ਼ੁਸ਼ੀ ਦੇ ਗੀਤ। ਸਰਪਰ = ਜ਼ਰੂਰ। ਕਿਰਤੁ = ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ। ਸਾਹਾ = (ਮੌਤ ਦਾ) ਮੁਹੂਰਤ।7। ਪ੍ਰਭਿ = ਪ੍ਰਭੂ ਨੇ। ਦੁਖਾ ਸੁਖ = ਦੁਖ ਤੇ ਸੁਖ। ਨਿਰਾਲੇ = ਨਿਰਲੇਪ। ਸੀਲੁ = ਮਿੱਠਾ ਸੁਭਾਉ। ਸਨਾਹਾ = ਜ਼ਿਰਹ-ਬਕਤਰ, ਸੰਜੋਅ, ਜੰਗ ਵਿਚ ਸਰੀਰਕ ਬਚਾਉ ਵਾਸਤੇ ਪਹਿਨੇ ਜਾਣ ਵਾਲੇ ਲੋਹੇ ਦੀ ਜਾਲੀ ਦੇ ਕੱਪੜੇ।8। ਨੀਕੇ = ਚੰਗੇ। ਜਿਸੁ ਪਲੈ = ਜਿਸ ਦੇ ਪਾਸ ਹੈ।9। ਸਉਦੀ = ਸੌਦਿਆਂ ਵਿਚ। ਤੋਟਾ = ਘਾਟਾ। ਵਣਜੁ = ਵਪਾਰ। ਚੂਕਾ = ਮੁੱਕ ਜਾਂਦਾ ਹੈ।10। ਸਭੁ ਕੋ = ਹਰੇਕ (ਮਨਮੁਖ) ਮਨੁੱਖ। ਮਨਮੁਖੁ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਦੂਜੈ = ਪ੍ਰਭੂ ਤੋਂ ਬਿਨਾ ਕਿਸੇ ਹੋਰ ਆਸਰੇ ਦੀ ਝਾਕ ਵਿਚ। ਅੰਧਲੀ = ਅੰਨ੍ਹੀ। ਤਾਹਾ = ਉਸ ਨੂੰ।11। ਦੂਖੀ = ਦੁੱਖਾਂ ਵਿਚ ਹੀ।12। ਸਿਰਕਾਰਾ = ਹਕੂਮਤ, ਅਗਵਾਈ। ਧਾਰਾ = ਰਸਤਾ। ਪਰਾਤਾ = ਪਛਾਣਿਆ। ਓਮਾਹਾ = ਉਤਸ਼ਾਹ।13। ਪੰਥਿ ਕਰਾਰੈ = ਕਰੜੇ ਰਸਤੇ ਵਿਚ (ਪੈ ਕੇ) । ਕਾਹਾ = ਬਖੇੜਾ।14। ਓੜੁ = ਖ਼ਾਤਮਾ, ਅਖ਼ੀਰਲਾ ਬੰਨਾ। ਸਜਾਈ = ਸੋਹਣੀ। ਰਜਾਈ = ਰਜ਼ਾ ਵਿਚ। ਪੈਧੇ = ਸਰੋਪਾ ਲੈ ਕੇ। ਜਾਨਿ = ਜਾਵਨਿ, ਜਾਂਦੇ ਹਨ।15। ਕਥਹਿ = ਕਥਦੇ ਹਨ। ਕਿਆ ਕਹੀਐ = ਕੁਝ ਕਿਹਾ ਨਹੀਂ ਜਾ ਸਕਦਾ। 16। ਅਰਥ: ਹੇ ਸਦਾ-ਥਿਰ ਰਹਿਣ ਵਾਲੇ ਮਾਲਕ! ਹੇ ਜਗਤ ਦੇ ਰਚਣਹਾਰ! ਜਿਸ ਤੈਂ ਨੇ ਧਰਤੀ ਦੇ ਚੱਕਰ ਬਣਾਏ ਹਨ, ਤੂੰ ਆਪ ਹੀ ਸੋਚ-ਵਿਚਾਰ ਕੇ (ਆਪੋ ਆਪਣੇ ਥਾਂ) ਟਿਕਾਏ ਹਨ! ਕਰਤਾਰ ਆਪ ਹੀ ਜਗਤ ਰਚ ਰਚ ਕੇ ਸੰਭਾਲ ਕਰਦਾ ਹੈ, ਉਹ ਸਦਾ ਕਾਇਮ ਰਹਿਣ ਵਾਲਾ ਹੈ, (ਜਗਤ ਦਾ ਇਤਨਾ ਖਿਲਾਰਾ ਹੁੰਦਿਆਂ ਭੀ) ਉਹ ਬੇ-ਫ਼ਿਕਰ ਹੈ।1। ਪਰਮਾਤਮਾ ਨੇ ਰੰਗਾ ਰੰਗ ਦੇ ਜੀਵ ਪੈਦਾ ਕਰ ਦਿੱਤੇ ਹਨ। ਕੋਈ ਗੁਰਮੁਖ ਬਣਾ ਦਿੱਤੇ ਹਨ ਕੋਈ ਮਨਮੁਖ ਬਣਾ ਦਿੱਤੇ ਹਨ। ਗੁਰਮੁਖਤਾ ਤੇ ਮਨਮੁਖਤਾ = ਇਹ ਦੋਵੇਂ ਰਸਤੇ ਤੋਰ ਦਿੱਤੇ ਹਨ। ਪੂਰੇ ਗੁਰੂ ਦੀ ਸਰਨ ਪੈਣ ਤੋਂ ਬਿਨਾ (ਮੰਦੇ ਰਸਤੇ ਵਲੋਂ) ਖ਼ਲਾਸੀ ਨਹੀਂ ਹੁੰਦੀ। (ਗੁਰੂ ਦੀ ਰਾਹੀਂ) ਸਦਾ-ਥਿਰ ਨਾਮ ਜਪ ਕੇ ਹੀ (ਮਨੁੱਖਾ ਜੀਵਨ ਵਿਚ ਆਤਮਕ) ਲਾਭ ਖੱਟ ਸਕੀਦਾ ਹੈ।2। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ (ਮਜ਼ਹਬੀ ਕਿਤਾਬਾਂ) ਪੜ੍ਹਦੇ ਹਨ, ਪਰ ਉਹ (ਉਸ ਪੜ੍ਹੇ ਹੋਏ ਉਤੇ ਅਮਲ ਕਰਨ ਦੀ) ਜਾਚ ਨਹੀਂ ਸਿੱਖਦੇ। ਉਹ ਪਰਮਾਤਮਾ ਦੇ ਨਾਮ ਦੀ (ਕਦਰ) ਨਹੀਂ ਸਮਝਦੇ, (ਮਾਇਆ ਦੀ) ਭਟਕਣਾ ਵਿਚ (ਪੈ ਕੇ) ਕੁਰਾਹੇ ਪਏ ਰਹਿੰਦੇ ਹਨ। ਰਿਸ਼ਵਤ ਲੈ ਕੇ (ਝੂਠੀਆਂ) ਗਵਾਹੀਆਂ ਦੇ ਦੇਂਦੇ ਹਨ, ਭੈੜੀ ਮਤਿ ਦੀ ਫਾਹੀ ਉਹਨਾਂ ਦੇ ਗਲ ਵਿਚ ਪਈ ਰਹਿੰਦੀ ਹੈ।3। (ਪੰਡਿਤ ਲੋਕ ਭੀ) ਸਿੰਮ੍ਰਿਤੀਆਂ ਸ਼ਾਸਤ੍ਰ ਪੁਰਾਣ ਪੜ੍ਹਦੇ ਹਨ (ਪਰ) ਚਰਚਾ (ਹੀ) ਕਰਦੇ ਹਨ, ਅਸਲੀਅਤ ਨਹੀਂ ਸਮਝਦੇ। ਪੂਰੇ ਗੁਰੂ ਦੀ ਸਰਨ ਪੈਣ ਤੋਂ ਬਿਨਾ ਅਸਲੀਅਤ ਲੱਭ ਹੀ ਨਹੀਂ ਸਕਦੀ। ਜੇਹੜੇ ਬੰਦੇ ਸਦਾ-ਥਿਰ (ਨਾਮ ਸਿਮਰਦੇ ਹਨ) ਉਹ ਪਵਿਤ੍ਰ ਜੀਵਨ ਵਾਲੇ ਬਣ ਜਾਂਦੇ ਹਨ, ਉਹ ਸਹੀ ਜੀਵਨ-ਰਸਤਾ ਫੜ ਲੈਂਦੇ ਹਨ।4। (ਜ਼ਬਾਨੀ ਜ਼ਬਾਨੀ ਤਾਂ) ਸਾਰੀ ਲੁਕਾਈ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦੀ ਹੈ (ਦੂਜਿਆਂ ਪਾਸੋਂ) ਸੁਣ ਸੁਣ ਕੇ (ਪ੍ਰਭੂ ਦੀਆਂ ਵਡਿਆਈਆਂ) ਆਖਦੀ ਹੈ। ਪਰ ਸਦਾ-ਥਿਰ ਪ੍ਰਭੂ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ (ਹਰੇਕ ਦੀ ਕੀਤੀ ਭਗਤੀ ਨੂੰ) ਉਹ ਆਪ ਹੀ ਪਰਖਦਾ ਹੈ। ਜਿਨ੍ਹਾਂ ਉਤੇ ਪ੍ਰਭੂ ਆਪਣੀ ਮੇਹਰ ਦੀ ਨਜ਼ਰ ਕਰਦਾ ਹੈ, ਉਹ ਗੁਰੂ ਦੀ ਸਰਨ ਪੈ ਕੇ ਸ਼ਬਦ ਨੂੰ (ਹਿਰਦੇ ਵਿਚ ਵਸਾਂਦੇ ਹਨ) ਸਿਫ਼ਤਿ-ਸਾਲਾਹ ਨੂੰ (ਹਿਰਦੇ ਵਿਚ ਵਸਾਂਦੇ ਹਨ) ।5। (ਦੂਜਿਆਂ ਪਾਸੋਂ) ਸੁਣ ਸੁਣ ਕੇ ਬੇਅੰਤ ਲੁਕਾਈ ਸਿਫ਼ਤਿ-ਸਾਲਾਹ ਦੀ ਬਾਣੀ ਭੀ ਬੋਲਦੀ ਹੈ। ਸੁਣ ਸੁਣ ਕੇ ਪ੍ਰਭੂ ਦੇ ਗੁਣਾਂ ਦਾ ਕਥਨ ਕਰ ਲਈਦਾ ਹੈ, ਪਰ ਕੋਈ ਜੀਵ ਉਸ ਦੇ ਗੁਣਾਂ ਦਾ ਅੰਤ ਨਹੀਂ ਜਾਣਦਾ। ਜਿਸ ਮਨੁੱਖ ਨੂੰ ਉਹ ਅਦ੍ਰਿਸ਼ਟ ਪ੍ਰਭੂ ਆਪਣਾ ਆਪਾ ਵਿਖਾਂਦਾ ਹੈ, ਉਸ ਮਨੁੱਖ ਨੂੰ ਉਹ ਬੁੱਧੀ ਪ੍ਰਾਪਤ ਹੋ ਜਾਂਦੀ ਹੈ ਜਿਸ ਨਾਲ ਉਹ ਉਸ ਅਕੱਥ ਪ੍ਰਭੂ ਦੀਆਂ ਕਥਾ-ਕਹਾਣੀਆਂ ਕਰਦਾ ਰਹਿੰਦਾ ਹੈ।6। (ਜਦੋਂ ਕੋਈ ਜੀਵ ਜੰਮਦਾ ਹੈ ਤਾਂ ਉਸ ਦੇ) ਜੰਮਣ ਤੇ ਵਾਜੇ ਵੱਜਦੇ ਹਨ, ਵਧਾਈਆਂ ਮਿਲਦੀਆਂ ਹਨ, ਗਿਆਨ ਤੋਂ ਸੱਖਣੇ ਲੋਕ ਖ਼ੁਸ਼ੀ ਦੇ ਗੀਤ ਗਾਂਦੇ ਹਨ। ਪਰ ਜੇਹੜਾ ਜੀਵ ਜੰਮਦਾ ਹੈ ਉਸ ਨੇ ਮਰਨਾ ਭੀ ਜ਼ਰੂਰ ਹੈ। ਹਰੇਕ ਜੀਵ ਦੇ ਕੀਤੇ ਕਰਮਾਂ ਅਨੁਸਾਰ (ਮੌਤ ਦਾ) ਮੁਹੂਰਤ ਉਸ ਦੇ ਮੱਥੇ ਤੇ ਲਿਖਿਆ ਜਾਂਦਾ ਹੈ।7। (ਜੰਮ ਕੇ ਪਰਵਾਰ ਵਿਚ) ਮਿਲਣਾ ਤੇ (ਮਰ ਕੇ ਪਰਵਾਰ ਤੋਂ) ਵਿਛੁੜਨਾ = ਇਹ ਖੇਡ ਪਰਮਾਤਮਾ ਨੇ ਬਣਾ ਦਿੱਤੀ ਹੈ। ਜਗਤ ਪੈਦਾ ਕਰ ਕੇ ਦੁੱਖ ਸੁਖ ਭੀ ਉਸੇ ਨੇ ਹੀ ਦਿੱਤੇ ਹਨ। ਜੇਹੜੇ ਬੰਦੇ ਗੁਰੂ ਦੀ ਸਰਨ ਪੈ ਕੇ ਮਿੱਠੇ ਸੁਭਾਵ ਦਾ ਸੰਜੋਅ ਪਹਿਨਦੇ ਹਨ ਉਹ ਦੁੱਖ ਸੁਖ ਤੋਂ ਨਿਰਲੇਪ ਰਹਿੰਦੇ ਹਨ।8। ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਨਾਮ ਵਿਹਾਝਣ ਵਾਲੇ ਬੰਦੇ ਚੰਗੇ ਜੀਵਨ ਵਾਲੇ ਹੁੰਦੇ ਹਨ ਗੁਰੂ ਦੀ ਦੱਸੀ ਵਿਚਾਰ ਤੇ ਤੁਰ ਕੇ ਇਥੋਂ ਸਦਾ-ਥਿਰ ਰਹਿਣ ਵਾਲਾ ਸੌਦਾ ਲੈ ਕੇ ਜਾਂਦੇ ਹਨ। ਜਿਸ ਮਨੁੱਖ ਦੇ ਪੱਲੇ ਸਦਾ-ਥਿਰ ਰਹਿਣ ਵਾਲਾ ਸੌਦਾ ਹੈ ਧਨ ਹੈ ਉਹ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਦੀ ਰਾਹੀਂ ਆਤਮਕ ਉਤਸ਼ਾਹ ਪ੍ਰਾਪਤ ਕਰਦੇ ਹਨ।9। ਨਿਰੇ ਮਾਇਆ ਵਾਲੇ ਹੋਛੇ ਵਣਜ ਕੀਤਿਆਂ (ਆਤਮਕ ਜੀਵਨ ਵਿਚ) ਘਾਟਾ ਪੈਂਦਾ ਹੈ। ਗੁਰੂ ਦੇ ਸਨਮੁਖ ਰਹਿਣ ਵਾਲਾ ਬੰਦਾ ਉਹ (ਆਤਮਕ) ਵਪਾਰ ਕਰਦਾ ਹੈ ਜੋ ਪ੍ਰਭੂ ਨੂੰ ਪਸੰਦ ਆਉਂਦਾ ਹੈ। ਉਸ ਦਾ ਸਰਮਾਇਆ ਉਸ ਦੀ ਰਾਸਿ-ਪੂੰਜੀ ਅਮਨ-ਅਮਾਨ ਰਹਿੰਦੀ ਹੈ, ਆਤਮਕ ਮੌਤ ਦੀ ਫਾਹੀ ਉਸ ਦੇ ਗਲ ਤੋਂ ਕੱਟੀ ਜਾਂਦੀ ਹੈ।10। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਹਰੇਕ ਮਨੁੱਖ ਪ੍ਰਭੂ ਤੋਂ ਬਿਨਾ ਹੋਰ ਆਸਰੇ ਦੀ ਝਾਕ ਵਿਚ ਆਪਣੇ ਸੁਆਰਥ ਦੇ ਸੁਭਾਵ ਵਿਚ ਹੀ (ਸਭ ਬਚਨ) ਬੋਲਦਾ ਹੈ, (ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਬੋਲ) ਬੋਲਣਾ ਨਹੀਂ ਜਾਣਦਾ। ਮਾਇਆ ਦੇ ਮੋਹ ਵਿਚ ਅੰਨ੍ਹੇ ਹੋ ਚੁਕੇ ਮਨੁੱਖ ਦੀ ਅਕਲ ਅੰਨ੍ਹੀ ਤੇ ਬੋਲੀ ਹੋ ਜਾਂਦੀ ਹੈ (ਉਸ ਨੂੰ ਨਾਹ ਕਿਤੇ ਪਰਮਾਤਮਾ ਦਿੱਸਦਾ ਹੈ, ਨਾਹ ਹੀ ਉਸ ਦੀ ਸਿਫ਼ਤਿ-ਸਾਲਾਹ ਉਹ ਸੁਣਦਾ ਹੈ) । ਉਸ ਨੂੰ ਜਨਮ ਮਰਨ ਦੇ ਗੇੜ ਦਾ ਦੁੱਖ ਵਾਪਰਦਾ ਰਹਿੰਦਾ ਹੈ।11। ਮਨਮੁਖ ਮਨੁੱਖ ਦੁੱਖਾਂ ਵਿਚ ਗ੍ਰਸਿਆ ਜੰਮਦਾ ਹੈ (ਸਾਰੀ ਉਮਰ ਦੁੱਖ ਸਹੇੜ ਸਹੇੜ ਕੇ) ਦੁੱਖਾਂ ਵਿਚ ਹੀ ਮਰਦਾ ਹੈ। ਗੁਰੂ ਦੀ ਸਰਨ ਪੈਣ ਤੋਂ ਬਿਨਾ (ਇਹ ਜਨਮਾਂ ਜਨਮਾਂਤਰਾਂ ਦਾ ਲੰਮਾ) ਦੁੱਖ ਮਿਟ ਨਹੀਂ ਸਕਦਾ। ਦੁੱਖਾਂ ਵਿਚ ਜੰਮਦਾ ਤੇ ਦੁੱਖਾਂ ਵਿਚ ਹੀ ਮਰਦਾ ਹੈ, ਸੁਚੱਜਾ ਆਤਮਕ ਜੀਵਨ ਨਾਹ ਹੀ ਲੈ ਕੇ ਇਥੇ ਆਉਂਦਾ ਹੈ, ਨਾਹ ਹੀ ਇਥੋਂ ਲੈ ਕੇ ਜਾਂਦਾ ਹੈ।12। ਗੁਰੂ ਦੀ ਅਗਵਾਈ ਵਿਚ ਤੁਰਨਾ ਹੀ ਸਹੀ ਜੀਵਨ-ਰਸਤਾ ਹੈ, ਇਸ ਤਰ੍ਹਾਂ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ, ਆਤਮਕ ਮੌਤ ਦਾ ਰਸਤਾ ਭੀ ਨਹੀਂ ਫੜੀਦਾ। ਜੇਹੜਾ ਮਨੁੱਖ (ਗੁਰੂ ਦੀ ਅਗਵਾਈ ਵਿਚ) ਟਾਹਣੀਆਂ ਛੱਡ ਕੇ ਮੂਲ ਨੂੰ ਪਛਾਣਦਾ ਹੈ (ਪ੍ਰਭੂ ਦੀ ਰਚੀ ਮਾਇਆ ਦਾ ਮੋਹ ਛੱਡ ਕੇ ਸਿਰਜਣਹਾਰ ਪ੍ਰਭੂ ਨਾਲ ਜਾਣ-ਪਛਾਣ ਪਾਂਦਾ ਹੈ) ਉਸ ਦੇ ਮਨ ਵਿਚ ਸਦਾ-ਥਿਰ ਰਹਿਣ ਵਾਲਾ ਉਤਸ਼ਾਹ ਪੈਦਾ ਹੁੰਦਾ ਹੈ।13। ਜੇਹੜੇ ਬੰਦੇ ਪਰਮਾਤਮਾ ਦੇ ਸੇਵਕ ਬਣਦੇ ਹਨ ਉਹਨਾਂ ਨੂੰ ਜਮ ਨਹੀਂ ਮਾਰ ਸਕਦਾ (ਆਤਮਕ ਮੌਤ ਨਹੀਂ ਮਾਰ ਸਕਦੀ) , ਉਹ (ਆਤਮਕ ਮੌਤ ਦੇ) ਕਰੜੇ ਰਸਤੇ ਤੇ (ਨਹੀਂ ਪੈਂਦੇ ਤੇ) ਦੁੱਖ ਨਹੀਂ ਵੇਖਦੇ। ਉਹਨਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵੱਸਦਾ ਹੈ (ਉਹ ਅੰਤਰ ਆਤਮੇ ਪਰਮਾਤਮਾ ਦੀ) ਭਗਤੀ ਕਰਦੇ ਹਨ। ਉਹਨਾਂ ਨੂੰ (ਮਾਇਆ ਦਾ) ਕੋਈ ਹੋਰ ਬਖੇੜਾ ਨਹੀਂ ਵਾਪਰਦਾ।14। ਹੇ ਪ੍ਰਭੂ! ਤੇਰੇ ਭਗਤ ਜਿਵੇਂ ਤੈਨੂੰ ਚੰਗੇ ਲੱਗਦੇ ਹਨ ਤੇਰੀ ਰਜ਼ਾ ਵਿਚ ਰਹਿੰਦੇ ਹਨ, ਉਹ ਤੇਰੀਆਂ ਸੋਹਣੀਆਂ ਸਿਫ਼ਤਾਂ ਕਰਦੇ ਰਹਿੰਦੇ ਹਨ ਉਹਨਾਂ ਦੇ ਇਸ ਉੱਦਮ ਦਾ ਖ਼ਾਤਮਾ ਨਹੀਂ ਹੁੰਦਾ। ਹੇ ਸਦਾ-ਥਿਰ ਰਹਿਣ ਵਾਲੇ ਪਾਤਿਸ਼ਾਹ! ਤੇਰੇ ਹੁਕਮ ਅਨੁਸਾਰ ਉਹ ਤੇਰੀ ਹਜ਼ੂਰੀ ਵਿਚ ਇੱਜ਼ਤ ਨਾਲ ਸੌਖੇ ਪਹੁੰਚਦੇ ਹਨ।15। ਹੇ ਪ੍ਰਭੂ! ਅਨੇਕਾਂ ਹੀ ਜੀਵ ਤੇਰੇ ਗੁਣ ਕਥਨ ਕਰਦੇ ਹਨ, ਤੇਰੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। (ਦੁਨੀਆ ਵਿਚ) ਵੱਡੇ ਵੱਡੇ (ਦੇਵਤੇ ਆਦਿਕ ਅਖਵਾਣ ਵਾਲੇ ਭੀ) ਤੇਰੇ ਗੁਣਾਂ ਦਾ ਅੰਤ ਨਹੀਂ ਪਾ ਸਕਦੇ। ਹੇ ਪ੍ਰਭੂ! ਤੂੰ ਪਾਤਿਸ਼ਾਹਾਂ ਦੇ ਸਿਰ ਤੇ ਭੀ ਪਾਤਿਸ਼ਾਹ ਹੈਂ (ਮੇਰੀ ਅਰਦਾਸ ਹੈ) ਮੈਨੂੰ ਨਾਨਕ ਨੂੰ ਤੇਰਾ ਸਦਾ-ਥਿਰ ਰਹਿਣ ਵਾਲਾ ਨਾਮ ਮਿਲ ਜਾਏ, ਮੇਰੀ ਲਾਜ ਰੱਖ। 16।6।12। |
![]() |
![]() |
![]() |
![]() |
Sri Guru Granth Darpan, by Professor Sahib Singh |