ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1034

ਮਾਰੂ ਮਹਲਾ ੧ ॥ ਦਰਸਨੁ ਪਾਵਾ ਜੇ ਤੁਧੁ ਭਾਵਾ ॥ ਭਾਇ ਭਗਤਿ ਸਾਚੇ ਗੁਣ ਗਾਵਾ ॥ ਤੁਧੁ ਭਾਣੇ ਤੂ ਭਾਵਹਿ ਕਰਤੇ ਆਪੇ ਰਸਨ ਰਸਾਇਦਾ ॥੧॥ ਸੋਹਨਿ ਭਗਤ ਪ੍ਰਭੂ ਦਰਬਾਰੇ ॥ ਮੁਕਤੁ ਭਏ ਹਰਿ ਦਾਸ ਤੁਮਾਰੇ ॥ ਆਪੁ ਗਵਾਇ ਤੇਰੈ ਰੰਗਿ ਰਾਤੇ ਅਨਦਿਨੁ ਨਾਮੁ ਧਿਆਇਦਾ ॥੨॥ ਈਸਰੁ ਬ੍ਰਹਮਾ ਦੇਵੀ ਦੇਵਾ ॥ ਇੰਦ੍ਰ ਤਪੇ ਮੁਨਿ ਤੇਰੀ ਸੇਵਾ ॥ ਜਤੀ ਸਤੀ ਕੇਤੇ ਬਨਵਾਸੀ ਅੰਤੁ ਨ ਕੋਈ ਪਾਇਦਾ ॥੩॥ ਵਿਣੁ ਜਾਣਾਏ ਕੋਇ ਨ ਜਾਣੈ ॥ ਜੋ ਕਿਛੁ ਕਰੇ ਸੁ ਆਪਣ ਭਾਣੈ ॥ ਲਖ ਚਉਰਾਸੀਹ ਜੀਅ ਉਪਾਏ ਭਾਣੈ ਸਾਹ ਲਵਾਇਦਾ ॥੪॥ ਜੋ ਤਿਸੁ ਭਾਵੈ ਸੋ ਨਿਹਚਉ ਹੋਵੈ ॥ ਮਨਮੁਖੁ ਆਪੁ ਗਣਾਏ ਰੋਵੈ ॥ ਨਾਵਹੁ ਭੁਲਾ ਠਉਰ ਨ ਪਾਏ ਆਇ ਜਾਇ ਦੁਖੁ ਪਾਇਦਾ ॥੫॥ ਨਿਰਮਲ ਕਾਇਆ ਊਜਲ ਹੰਸਾ ॥ ਤਿਸੁ ਵਿਚਿ ਨਾਮੁ ਨਿਰੰਜਨ ਅੰਸਾ ॥ ਸਗਲੇ ਦੂਖ ਅੰਮ੍ਰਿਤੁ ਕਰਿ ਪੀਵੈ ਬਾਹੁੜਿ ਦੂਖੁ ਨ ਪਾਇਦਾ ॥੬॥ ਬਹੁ ਸਾਦਹੁ ਦੂਖੁ ਪਰਾਪਤਿ ਹੋਵੈ ॥ ਭੋਗਹੁ ਰੋਗ ਸੁ ਅੰਤਿ ਵਿਗੋਵੈ ॥ ਹਰਖਹੁ ਸੋਗੁ ਨ ਮਿਟਈ ਕਬਹੂ ਵਿਣੁ ਭਾਣੇ ਭਰਮਾਇਦਾ ॥੭॥ ਗਿਆਨ ਵਿਹੂਣੀ ਭਵੈ ਸਬਾਈ ॥ ਸਾਚਾ ਰਵਿ ਰਹਿਆ ਲਿਵ ਲਾਈ ॥ ਨਿਰਭਉ ਸਬਦੁ ਗੁਰੂ ਸਚੁ ਜਾਤਾ ਜੋਤੀ ਜੋਤਿ ਮਿਲਾਇਦਾ ॥੮॥ ਅਟਲੁ ਅਡੋਲੁ ਅਤੋਲੁ ਮੁਰਾਰੇ ॥ ਖਿਨ ਮਹਿ ਢਾਹੇ ਫੇਰਿ ਉਸਾਰੇ ॥ ਰੂਪੁ ਨ ਰੇਖਿਆ ਮਿਤਿ ਨਹੀ ਕੀਮਤਿ ਸਬਦਿ ਭੇਦਿ ਪਤੀਆਇਦਾ ॥੯॥ ਹਮ ਦਾਸਨ ਕੇ ਦਾਸ ਪਿਆਰੇ ॥ ਸਾਧਿਕ ਸਾਚ ਭਲੇ ਵੀਚਾਰੇ ॥ ਮੰਨੇ ਨਾਉ ਸੋਈ ਜਿਣਿ ਜਾਸੀ ਆਪੇ ਸਾਚੁ ਦ੍ਰਿੜਾਇਦਾ ॥੧੦॥ ਪਲੈ ਸਾਚੁ ਸਚੇ ਸਚਿਆਰਾ ॥ ਸਾਚੇ ਭਾਵੈ ਸਬਦੁ ਪਿਆਰਾ ॥ ਤ੍ਰਿਭਵਣਿ ਸਾਚੁ ਕਲਾ ਧਰਿ ਥਾਪੀ ਸਾਚੇ ਹੀ ਪਤੀਆਇਦਾ ॥੧੧॥ ਵਡਾ ਵਡਾ ਆਖੈ ਸਭੁ ਕੋਈ ॥ ਗੁਰ ਬਿਨੁ ਸੋਝੀ ਕਿਨੈ ਨ ਹੋਈ ॥ ਸਾਚਿ ਮਿਲੈ ਸੋ ਸਾਚੇ ਭਾਏ ਨਾ ਵੀਛੁੜਿ ਦੁਖੁ ਪਾਇਦਾ ॥੧੨॥ ਧੁਰਹੁ ਵਿਛੁੰਨੇ ਧਾਹੀ ਰੁੰਨੇ ॥ ਮਰਿ ਮਰਿ ਜਨਮਹਿ ਮੁਹਲਤਿ ਪੁੰਨੇ ॥ ਜਿਸੁ ਬਖਸੇ ਤਿਸੁ ਦੇ ਵਡਿਆਈ ਮੇਲਿ ਨ ਪਛੋਤਾਇਦਾ ॥੧੩॥ ਆਪੇ ਕਰਤਾ ਆਪੇ ਭੁਗਤਾ ॥ ਆਪੇ ਤ੍ਰਿਪਤਾ ਆਪੇ ਮੁਕਤਾ ॥ ਆਪੇ ਮੁਕਤਿ ਦਾਨੁ ਮੁਕਤੀਸਰੁ ਮਮਤਾ ਮੋਹੁ ਚੁਕਾਇਦਾ ॥੧੪॥ ਦਾਨਾ ਕੈ ਸਿਰਿ ਦਾਨੁ ਵੀਚਾਰਾ ॥ ਕਰਣ ਕਾਰਣ ਸਮਰਥੁ ਅਪਾਰਾ ॥ ਕਰਿ ਕਰਿ ਵੇਖੈ ਕੀਤਾ ਅਪਣਾ ਕਰਣੀ ਕਾਰ ਕਰਾਇਦਾ ॥੧੫॥ ਸੇ ਗੁਣ ਗਾਵਹਿ ਸਾਚੇ ਭਾਵਹਿ ॥ ਤੁਝ ਤੇ ਉਪਜਹਿ ਤੁਝ ਮਾਹਿ ਸਮਾਵਹਿ ॥ ਨਾਨਕੁ ਸਾਚੁ ਕਹੈ ਬੇਨੰਤੀ ਮਿਲਿ ਸਾਚੇ ਸੁਖੁ ਪਾਇਦਾ ॥੧੬॥੨॥੧੪॥ {ਪੰਨਾ 1034}

ਪਦ ਅਰਥ: ਪਾਵਾ = ਪਾਵਾਂ, ਮੈਂ ਪਾ ਸਕਾਂ। ਭਾਵਾ = ਭਾਵਾਂ, ਮੈਂ ਚੰਗਾ ਲੱਗਾਂ। ਭਾਇ = ਪ੍ਰੇਮ ਨਾਲ। ਭਾਣੇ = (ਜੇਹੜੇ) ਚੰਗੇ ਲੱਗੇ। ਭਾਵਹਿ = (ਉਹਨਾਂ ਨੂੰ) ਚੰਗਾ ਲੱਗਦਾ ਹੈਂ। ਕਰਤੇ = ਹੇ ਕਰਤਾਰ! ਰਸਨ = ਜੀਭ। ਰਸਾਇਦਾ = ਰਸੀਲੀ ਬਣਾਂਦਾ ਹੈਂ।1।

ਮੁਕਤੁ = ਵਿਕਾਰਾਂ ਤੋਂ ਸੁਤੰਤਰ। ਹਰਿ = ਹੇ ਹਰੀ! ਆਪ = ਆਪਾ-ਭਾਵ। ਗਵਾਇ = ਗਵਾ ਕੇ। ਅਨਦਿਨੁ = ਹਰ ਰੋਜ਼।2।

ਈਸਰੁ = ਸ਼ਿਵ। ਤਪੇ = ਤਪ ਕਰਨ ਵਾਲੇ।3।

ਭਾਣੈ = ਮਰਜ਼ੀ ਨਾਲ, ਰਜ਼ਾ ਵਿਚ। ਸਾਹ = ਸੁਆਸ। ਲਵਾਇਦਾ = ਲੈਣ ਦੇਂਦਾ ਹੈ।4।

ਨਿਹਚਉ = ਜ਼ਰੂਰ। ਆਪੁ = ਆਪਣੇ ਆਪ ਨੂੰ। ਗਣਾਏ = ਵੱਡਾ ਜਤਾਂਦਾ ਹੈ। ਨਾਵਹੁ = ਨਾਮ ਤੋਂ।5।

ਹੰਸਾ = ਜੀਵ। ਤਿਸੁ ਵਿਚਿ = ਉਸ (ਕਾਇਆ) ਵਿਚ। ਅੰਮ੍ਰਿਤੁ ਕਰਿ = ਨਾਮ ਅੰਮ੍ਰਿਤ ਦੀ ਬਰਕਤਿ ਨਾਲ। ਪੀਵੈ = ਪੀ ਲੈਂਦਾ ਹੈ, ਮੁਕਾ ਲੈਂਦਾ ਹੈ। ਬਾਹੁੜਿ = ਮੁੜ, ਫਿਰ।6।

ਸਾਦਹੁ = ਸੁਆਦ ਤੋਂ। ਭੋਗਹੁ = ਮਾਇਆ ਦੇ ਭੋਗਾਂ ਤੋਂ। ਵਿਗੋਵੈ = ਖ਼ੁਆਰ ਹੁੰਦਾ ਹੈ। ਹਰਖਹੁ = ਖ਼ੁਸ਼ੀ ਤੋਂ।7।

ਵਿਹੂਣੀ = ਸੱਖਣੀ। ਸਬਾਈ = ਸਾਰੀ ਲੁਕਾਈ। ਸਾਚਾ = ਸਦਾ-ਥਿਰ ਰਹਿਣ ਵਾਲਾ ਪ੍ਰਭੂ। ਜਾਤਾ = ਪਛਾਣ ਲਿਆ।8।

ਫੇਰਿ = ਮੁੜ, ਫਿਰ। ਮਿਤਿ = ਮਰਯਾਦਾ, ਮਾਪ, ਮਿਣਤੀ। ਭੇਦਿ = ਵਿੱਝ ਕੇ।9।

ਸਾਧਿਕ = ਸਾਧਨਾਂ ਕਰਨ ਵਾਲੇ। ਜਿਣਿ = ਜਿੱਤ ਕੇ। ਸਾਚੁ = ਸਦਾ-ਥਿਰ ਨਾਮ। ਦ੍ਰਿੜਾਇਦਾ = ਮਨ ਵਿਚ ਪੱਕਾ ਕਰਦਾ ਹੈ।10।

ਸਚਿਆਰਾ = ਸੱਚ ਦੇ ਵਣਜਾਰੇ। ਸਾਚੇ = ਸਦਾ-ਥਿਰ ਪ੍ਰਭੂ ਨੂੰ। ਤ੍ਰਿਭਵਣਿ = ਤਿੰਨ ਭਵਨਾਂ ਵਾਲੇ ਜਗਤ ਵਿਚ।11।

ਕਿਨੈ = ਕਿਸੇ ਨੂੰ ਭੀ। ਸਚਿ = ਸਦਾ-ਥਿਰ ਪ੍ਰਭੂ ਵਿਚ। ਵੀਛੁੜਿ = ਵਿਛੁੜ ਕੇ।12।

ਧੁਰਹੁ = ਮੁੱਢ ਤੋਂ ਹੀ। ਧਾਹੀ = ਢਾਹਾਂ ਮਾਰ ਕੇ। ਮੁਹਲਤਿ = ਜ਼ਿੰਦਗੀ ਦਾ ਸਮਾ। ਪੁੰਨੈ = ਪੁੱਗ ਜਾਣ ਤੇ।13।

ਭੁਗਤਾ = ਭੋਗਣ ਵਾਲਾ। ਤ੍ਰਿਪਤਾ = ਰੱਜਿਆ ਹੋਇਆ। ਮੁਕਤਾ = ਭੋਗਾਂ ਤੋਂ ਸੁਤੰਤਰ। ਮੁਕਤੀਸਰੁ = ਮੁਕਤੀ-ਈਸਰ, ਮੁਕਤੀ ਦਾ ਮਾਲਕ। ਚੁਕਾਇਦਾ = ਮੁਕਾ ਦੇਂਦਾ ਹੈ।14।

ਦਾਨਾ ਕੈ ਸਿਰਿ = ਸਭ ਦਾਨਾਂ ਦੇ ਸਿਰ ਤੇ, ਸਭ ਬਖ਼ਸ਼ਸ਼ਾਂ ਤੋਂ ਵਧੀਆ। ਕਰਣ ਕਾਰਣ = ਜਗਤ ਦਾ ਰਚਨ ਵਾਲਾ। ਵੇਖੈ = ਸੰਭਾਲ ਕਰਦਾ ਹੈ। ਕਰਣੀ = ਕਰਨ-ਜੋਗ।15।

ਸੇ = ਉਹ ਬਂੰਦੇ। ਤੇ = ਤੋਂ। ਮਿਲਿ = ਮਿਲ ਕੇ। 16।

ਅਰਥ: ਹੇ ਸਦਾ-ਥਿਰ ਪ੍ਰਭੂ! ਜੇ ਮੈਂ ਤੈਨੂੰ ਚੰਗਾ ਲੱਗਾਂ, ਤਾਂ ਹੀ ਤੇਰਾ ਦਰਸਨ ਕਰ ਸਕਦਾ ਹਾਂ, ਤੇ ਤੇਰੇ ਪ੍ਰੇਮ ਵਿਚ (ਜੁੜ ਕੇ) ਤੇਰੀ ਭਗਤੀ (ਕਰ ਸਕਦਾ ਹਾਂ, ਤੇ) ਤੇਰੇ ਗੁਣ ਗਾ ਸਕਦਾ ਹਾਂ। ਹੇ ਕਰਤਾਰ! ਜੇਹੜੇ ਬੰਦੇ ਤੈਨੂੰ ਪਿਆਰੇ ਲੱਗਦੇ ਹਨ ਤੂੰ ਉਹਨਾਂ ਨੂੰ ਪਿਆਰਾ ਲੱਗਦਾ ਹੈਂ। ਤੂੰ ਆਪ ਹੀ ਉਹਨਾਂ ਦੀ ਜੀਭ ਵਿਚ (ਆਪਣੇ ਨਾਮ ਦਾ) ਰਸ ਪੈਦਾ ਕਰਦਾ ਹੈਂ।1।

ਹੇ ਪ੍ਰਭੂ! ਤੇਰੇ ਭਗਤ ਤੇਰੇ ਦਰਬਾਰ ਵਿਚ ਸੋਹਣੇ ਲੱਗਦੇ ਹਨ। ਹੇ ਹਰੀ! ਤੇਰੇ ਦਾਸ (ਮਾਇਆ ਦੇ ਬੰਧਨਾਂ ਤੋਂ) ਸੁਤੰਤਰ ਹੋ ਜਾਂਦੇ ਹਨ। ਉਹ ਆਪਾ-ਭਾਵ ਮਿਟਾ ਕੇ ਤੇਰੇ ਨਾਮ-ਰੰਗ ਵਿਚ ਰੰਗੇ ਰਹਿੰਦੇ ਹਨ, ਤੇ ਹਰ ਰੋਜ਼ (ਭਾਵ, ਹਰ ਵੇਲੇ) ਤੇਰਾ ਨਾਮ ਸਿਮਰਦੇ ਹਨ।2।

ਸ਼ਿਵ, ਬ੍ਰਹਮਾ, ਅਨੇਕਾਂ ਦੇਵੀਆਂ ਤੇ ਦੇਵਤੇ, ਇੰਦਰ ਦੇਵਤਾ, ਤਪੀ ਲੋਕ, ਰਿਸ਼ੀ ਮੁਨੀ = ਇਹ ਸਭ ਤੇਰੀ ਹੀ ਸੇਵਾ-ਭਗਤੀ ਕਰਦੇ ਹਨ (ਭਾਵ, ਭਾਵੇਂ ਇਹ ਕਿਤਨੇ ਹੀ ਵੱਡੇ ਮਿਥੇ ਜਾਣ, ਪਰ ਤੇਰੇ ਸਾਹਮਣੇ ਇਹ ਤੇਰੇ ਸਾਧਾਰਨ ਸੇਵਕ ਹਨ) । ਅਨੇਕਾਂ ਜਤਧਾਰੀ, ਅਨੇਕਾਂ ਉੱਚ-ਆਚਰਨੀ, ਤੇ ਅਨੇਕਾਂ ਹੀ ਬਨਾਂ ਵਿਚ ਰਹਿਣ ਵਾਲੇ ਤਿਆਗੀ (ਤੇਰੇ ਗੁਣ ਗਾਂਦੇ ਹਨ, ਪਰ ਤੇਰੇ ਗੁਣਾਂ ਦਾ) ਕੋਈ ਭੀ ਅੰਤ ਨਹੀਂ ਲੱਭ ਸਕਦਾ।3।

ਜਦ ਤਕ ਪਰਮਾਤਮਾ ਆਪ ਸੂਝ ਨਾਹ ਬਖ਼ਸ਼ੇ ਕੋਈ ਜੀਵ (ਪਰਮਾਤਮਾ ਦੀ ਭਗਤੀ ਕਰਨ ਦੀ) ਸੂਝ ਪ੍ਰਾਪਤ ਨਹੀਂ ਕਰ ਸਕਦਾ। ਪਰਮਾਤਮਾ ਜੋ ਕੁਝ ਕਰਦਾ ਹੈ ਆਪਣੀ ਰਜ਼ਾ ਵਿਚ (ਆਪਣੀ ਮਰਜ਼ੀ ਨਾਲ) ਕਰਦਾ ਹੈ। ਪਰਮਾਤਮਾ ਨੇ ਚੁਰਾਸੀ ਲੱਖ ਜੂਨਾਂ ਦੇ ਜੀਵ ਪੈਦਾ ਕੀਤੇ ਹਨ, ਉਹ ਆਪਣੀ ਮਰਜ਼ੀ ਨਾਲ ਹੀ ਇਹਨਾਂ ਜੀਵਾਂ ਨੂੰ ਸਾਹ ਲੈਣ ਦੇਂਦਾ ਹੈ (ਇਹਨਾਂ ਨੂੰ ਜਿਵਾਲੀ ਰੱਖਦਾ ਹੈ) ।4।

(ਜਗਤ ਵਿਚ) ਜ਼ਰੂਰ ਉਹੀ ਕੁਝ ਹੁੰਦਾ ਹੈ ਜੋ ਉਸ ਕਰਤਾਰ ਨੂੰ ਚੰਗਾ ਲਗਦਾ ਹੈ, ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਇਸ ਅਸਲੀਅਤ ਨੂੰ ਨਹੀਂ ਸਮਝਦਾ, ਉਹ) ਆਪਣੇ ਆਪ ਨੂੰ ਵੱਡਾ ਜਤਾਂਦਾ ਹੈ (ਤੇ ਹਉਮੈ ਵਿਚ ਹੀ) ਦੁਖੀ ਭੀ ਹੁੰਦਾ ਹੈ। ਪਰਮਾਤਮਾ ਦੇ ਨਾਮ ਤੋਂ ਖੁੰਝਾ ਹੋਇਆ (ਮਨਮੁਖ) ਕਿਤੇ ਆਤਮਕ ਸ਼ਾਂਤੀ ਦਾ ਟਿਕਾਣਾ ਨਹੀਂ ਲੱਭ ਸਕਦਾ, ਜੰਮਦਾ ਤੇ ਮਰਦਾ ਹੈ, ਜੰਮਦਾ ਤੇ ਮਰਦਾ ਹੈ, ਤੇ (ਇਸ ਗੇੜ ਵਿਚ ਹੀ) ਦੁੱਖ ਪਾਂਦਾ ਹੈ।5।

ਉਹ ਸਰੀਰ ਪਵਿੱਤ੍ਰ ਹੈ ਜਿਸ ਵਿਚ ਪਵਿੱਤ੍ਰ (ਜੀਵਨ ਵਾਲਾ) ਜੀਵਾਤਮਾ ਵੱਸਦਾ ਹੈ (ਕਿਉਂਕਿ) ਉਸ (ਸਰੀਰ) ਵਿਚ ਪਰਮਾਤਮਾ ਦਾ ਨਾਮ ਵੱਸਦਾ ਹੈ, (ਉਹ ਜੀਵਾਤਮਾ ਸਹੀ ਅਰਥਾਂ ਵਿਚ) ਮਾਇਆ-ਰਹਿਤ ਪ੍ਰਭੂ ਦਾ ਅੰਸ ਹੈ। ਪ੍ਰਭੂ ਦੇ ਨਾਮ-ਅੰਮ੍ਰਿਤ ਦੀ ਬਰਕਤਿ ਨਾਲ ਉਹ ਮਨੁੱਖ ਆਪਣੇ ਸਾਰੇ ਦੁੱਖ ਮੁਕਾ ਲੈਂਦਾ ਹੈ, ਤੇ ਮੁੜ ਉਹ ਕਦੇ ਦੁੱਖ ਨਹੀਂ ਪਾਂਦਾ।6।

ਬਹੁਤੇ (ਭੋਗਾਂ ਦੇ) ਸੁਆਦਾਂ ਤੋਂ ਦੁੱਖ ਹੀ ਮਿਲਦਾ ਹੈ (ਕਿਉਂਕਿ) ਭੋਗਾਂ ਤੋਂ (ਆਖ਼ਿਰ) ਰੋਗ ਪੈਦਾ ਹੁੰਦੇ ਹਨ ਤੇ ਮਨੁੱਖ ਅੰਤ ਨੂੰ ਖ਼ੁਆਰ ਹੁੰਦਾ ਹੈ। (ਮਾਇਆ ਦੀਆਂ) ਖ਼ੁਸ਼ੀਆਂ ਤੋਂ ਭੀ ਚਿੰਤਾ ਹੀ ਪੈਦਾ ਹੁੰਦੀ ਹੈ ਜੋ) ਕਦੇ ਮਿਟਦੀ ਹੀ ਨਹੀਂ। ਪਰਮਾਤਮਾ ਦੀ ਰਜ਼ਾ ਵਿਚ ਤੁਰਨ ਤੋਂ ਬਿਨਾ ਮਨੁੱਖ ਭਟਕਣਾ ਵਿਚ ਪਿਆ ਰਹਿੰਦਾ ਹੈ।7।

ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਸਾਰੀ ਸ੍ਰਿਸ਼ਟੀ ਵਿਚ ਗੁਪਤ ਵਿਆਪਕ ਹੈ, ਪਰ ਇਸ ਗੱਲ ਦੀ ਸਮਝ ਤੋਂ ਵਾਂਜੀ ਰਹਿ ਕੇ ਸਾਰੀ ਲੁਕਾਈ ਭਟਕ ਰਹੀ ਹੈ। ਜਿਸ ਮਨੁੱਖ ਨੇ ਗੁਰੂ ਦਾ ਸ਼ਬਦ, ਜੋ ਨਿਰਭੈਤਾ ਦੇਣ ਵਾਲਾ ਹੈ, ਆਪਣੇ ਹਿਰਦੇ ਵਿਚ ਵਸਾਇਆ ਹੈ ਉਸ ਨੇ ਸਦਾ-ਥਿਰ ਪ੍ਰਭੂ ਨੂੰ ਸਾਰੀ ਸ੍ਰਿਸ਼ਟੀ ਵਿਚ ਵੱਸਦਾ ਪਛਾਣ ਲਿਆ ਹੈ। ਗੁਰੂ ਦਾ ਸ਼ਬਦ ਉਸ ਦੀ ਸੁਰਤਿ ਨੂੰ ਪਰਮਾਤਮਾ ਦੀ ਜੋਤਿ ਵਿਚ ਮਿਲਾ ਦੇਂਦਾ ਹੈ।8।

ਮੁਰ (ਆਦਿਕ ਦੈਂਤਾਂ) ਦਾ ਵੈਰੀ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ, ਮਾਇਆ ਦੇ ਮੋਹ ਵਿਚ ਕਦੇ ਡੋਲਣ ਵਾਲਾ ਨਹੀਂ, ਉਸ ਦਾ ਸਰੂਪ ਕਦੇ ਤੋਲਿਆ ਮਿਣਿਆ ਨਹੀਂ ਜਾ ਸਕਦਾ। ਉਹ (ਆਪਣੇ ਰਚੇ ਹੋਏ ਜਗਤ ਨੂੰ) ਇਕ ਖਿਨ ਵਿਚ ਢਾਹ ਸਕਦਾ ਹੈ ਤੇ ਮੁੜ ਪੈਦਾ ਕਰ ਸਕਦਾ ਹੈ। ਉਸ ਦਾ ਕੋਈ ਖ਼ਾਸ ਰੂਪ ਨਹੀਂ ਦੱਸਿਆ ਜਾ ਸਕਦਾ ਹੈ, ਉਸ ਦੇ ਕੋਈ ਖ਼ਾਸ ਚਿਹਨ ਚੱਕ੍ਰ ਨਹੀਂ ਦੱਸੇ ਜਾ ਸਕਦੇ, ਉਹ ਕੇਡਾ ਵੱਡਾ ਹੈ ਤੇ ਕਿਹੋ ਜੇਹਾ ਹੈ– ਇਹ ਭੀ ਨਹੀਂ ਦੱਸਿਆ ਜਾ ਸਕਦਾ। ਜੇਹੜਾ ਮਨੁੱਖ (ਆਪਣੇ ਮਨ ਨੂੰ ਗੁਰੂ ਦੇ) ਸ਼ਬਦ ਵਿਚ ਵਿੰਨ੍ਹ ਲੈਂਦਾ ਹੈ ਉਹ ਉਸ ਪਰਮਾਤਮਾ (ਦੀ ਯਾਦ) ਵਿਚ ਪਤੀਜ ਜਾਂਦਾ ਹੈ।9।

ਮੈਂ ਪਿਆਰੇ ਪ੍ਰਭੂ ਦੇ ਉਹਨਾਂ ਦਾਸਾਂ ਦਾ ਦਾਸ ਹਾਂ ਜੋ ਉਸ ਨੂੰ ਮਿਲਣ ਲਈ ਜਤਨ ਕਰਦੇ ਰਹਿੰਦੇ ਹਨ ਜੋ ਉਸ ਸਦਾ-ਥਿਰ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਕਰਦੇ ਹਨ। ਜੇਹੜਾ ਮਨੁੱਖ ਪਰਮਾਤਮਾ ਦਾ ਨਾਮ ਜਪਣਾ ਮੰਨ ਲੈਂਦਾ ਹੈ (ਭਾਵ, ਨਾਮ ਜਪਣ ਨੂੰ ਜੀਵਨ-ਮਨੋਰਥ ਨਿਸ਼ਚੇ ਕਰ ਲੈਂਦਾ ਹੈ) ਉਹ (ਜਗਤ ਵਿਚੋਂ ਜੀਵਨ-ਬਾਜ਼ੀ) ਜਿੱਤ ਕੇ ਜਾਂਦਾ ਹੈ। (ਪਰ ਇਹ ਖੇਡ ਜੀਵਾਂ ਦੇ ਆਪਣੇ ਵੱਸ ਦੀ ਨਹੀਂ) ਪਰਮਾਤਮਾ ਆਪ ਹੀ ਆਪਣਾ ਸਦਾ-ਥਿਰ ਨਾਮ ਜੀਵਾਂ ਦੇ ਹਿਰਦੇ ਵਿਚ ਦ੍ਰਿੜ੍ਹ ਕਰਾਂਦਾ ਹੈ।10।

ਜਿਨ੍ਹਾਂ ਮਨੁੱਖਾਂ ਦੇ ਪਾਸ ਥਿਰ ਰਹਿਣ ਵਾਲਾ ਨਾਮ ਹੈ, ਉਹ ਉਸ ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਂਦੇ ਹਨ, ਉਹ ਸਦਾ-ਥਿਰ ਨਾਮ ਦੇ ਵਣਜਾਰੇ ਹਨ। ਜਿਸ ਮਨੁੱਖ ਨੂੰ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਸ਼ਬਦ ਪਿਆਰਾ ਲੱਗਦਾ ਹੈ ਉਹ ਸਦਾ-ਥਿਰ ਪ੍ਰਭੂ ਨੂੰ ਚੰਗਾ ਲੱਗਦਾ ਹੈ। ਉਹ ਸਦਾ-ਥਿਰ ਪ੍ਰਭੂ ਸਾਰੀ ਸ੍ਰਿਸ਼ਟੀ ਵਿਚ (ਵਿਆਪਕ ਹੈ) , ਉਸ ਨੇ ਆਪਣੀ ਸੱਤਿਆ ਦੇ ਕੇ ਸ੍ਰਿਸ਼ਟੀ ਰਚੀ ਹੈ। (ਸਦਾ-ਥਿਰ ਨਾਮ ਦਾ ਵਣਜ ਕਰਨ ਵਾਲਾ ਮਨੁੱਖ) ਉਸ ਸਦਾ-ਥਿਰ ਪ੍ਰਭੂ ਦੀ ਯਾਦ ਵਿਚ ਹੀ ਖ਼ੁਸ਼ ਰਹਿੰਦਾ ਹੈ।11।

(ਉਂਞ ਤਾਂ) ਹਰੇਕ ਜੀਵ ਆਖਦਾ ਹੈ ਕਿ ਪਰਮਾਤਮਾ ਸਭ ਤੋਂ ਵੱਡਾ ਹੈ ਸਭ ਤੋਂ ਵੱਡਾ ਹੈ ਪਰ ਸਤਿਗੁਰੂ ਦੀ ਸਰਨ ਪੈਣ ਤੋਂ ਬਿਨਾ ਕਿਸੇ ਨੂੰ ਸਹੀ ਸਮਝ ਨਹੀਂ ਪੈਂਦੀ। ਜੇਹੜਾ ਮਨੁੱਖ (ਗੁਰੂ ਦੀ ਰਾਹੀਂ) ਸਦਾ-ਥਿਰ ਪ੍ਰਭੂ ਵਿਚ ਜੁੜਦਾ ਹੈ ਉਹ ਉਸ ਸਦਾ-ਥਿਰ ਪ੍ਰਭੂ ਨੂੰ ਪਿਆਰਾ ਲੱਗਦਾ ਹੈ। ਉਹ (ਉਸ ਦੇ ਚਰਨਾਂ ਤੋਂ ਵਿਛੁੜਦਾ ਨਹੀਂ) ਵਿਛੁੜ ਕੇ ਦੁੱਖ ਨਹੀਂ ਪਾਂਦਾ ਹੈ।12।

ਪਰ ਜੇਹੜੇ ਬੰਦੇ ਮੁੱਢ ਤੋਂ ਹੀ ਪ੍ਰਭੂ ਤੋਂ ਵਿੱਛੁੜੇ ਚਲੇ ਆ ਰਹੇ ਹਨ ਉਹ ਢਾਹਾਂ ਮਾਰ ਮਾਰ ਕੇ ਰੋਂਦੇ ਆ ਰਹੇ ਹਨ। ਜਦੋਂ ਜਦੋਂ ਜ਼ਿੰਦਗੀ ਦਾ ਸਮਾ ਮੁੱਕ ਜਾਂਦਾ ਹੈ ਉਹ ਮਰਦੇ ਹਨ ਜੰਮਦੇ ਹਨ, ਮਰਦੇ ਹਨ ਜੰਮਦੇ ਹਨ (ਇਸੇ ਗੇੜ ਵਿਚ ਪਏ ਰਹਿੰਦੇ ਹਨ) । ਜਿਸ ਮਨੁੱਖ ਉੱਤੇ ਪ੍ਰਭੂ ਮੇਹਰ ਕਰਦਾ ਹੈ ਉਸ ਨੂੰ (ਆਪਣਾ ਨਾਮ ਬਖ਼ਸ਼ ਕੇ) ਵਡਿਆਈ ਦੇਂਦਾ ਹੈ, ਉਸ ਨੂੰ ਆਪਣੇ ਚਰਨਾਂ ਵਿਚ ਮੇਲ ਲੈਂਦਾ ਹੈ, ਉਹ ਮਨੁੱਖ (ਮੁੜ ਕਦੇ ਨਾਹ ਵਿਛੁੜਦਾ ਹੈ) ਨਾਹ ਪਛੁਤਾਂਦਾ ਹੈ।13।

ਪ੍ਰਭੂ ਆਪ ਹੀ ਸਾਰੇ ਜਗਤ ਦਾ ਪੈਦਾ ਕਰਨ ਵਾਲਾ ਹੈ, (ਸਭ ਜੀਵਾਂ ਵਿਚ ਵਿਆਪਕ ਹੋ ਕੇ) ਆਪ ਹੀ ਸਾਰੇ ਪਦਾਰਥਾਂ ਨੂੰ ਭੋਗਣ ਵਾਲਾ ਹੈ, ਫਿਰ ਆਪ ਹੀ ਇਹਨਾਂ ਭੋਗਾਂ ਤੋਂ ਰੱਜ ਜਾਣ ਵਾਲਾ ਹੈ ਤੇ ਆਪ ਹੀ ਪਦਾਰਥਾਂ ਦੇ ਮੋਹ ਤੋਂ ਸੁਤੰਤਰ ਹੋ ਜਾਣ ਵਾਲਾ ਹੈ। ਪ੍ਰਭੂ ਆਪ ਹੀ ਮੁਕਤੀ ਦਾ ਮਾਲਕ ਹੈ, ਆਪ ਹੀ ਵਿਕਾਰਾਂ ਤੋਂ ਖ਼ਲਾਸੀ ਦੀ ਦਾਤਿ ਦੇਂਦਾ ਹੈ, ਆਪ ਹੀ ਜੀਵਾਂ ਦੇ ਅੰਦਰੋਂ ਮਾਇਆ ਦੀ ਮਮਤਾ ਤੇ ਮਾਇਆ ਦਾ ਮੋਹ ਦੂਰ ਕਰਦਾ ਹੈ।14।

ਪਰਮਾਤਮਾ ਇਸ ਜਗਤ ਦਾ ਰਚਣ ਵਾਲਾ ਹੈ, ਸਾਰੀਆਂ ਤਾਕਤਾਂ ਦਾ ਮਾਲਕ ਹੈ ਤੇ ਬੇਅੰਤ ਹੈ, ਉਹ ਜੀਵਾਂ ਨੂੰ ਆਪਣੇ ਗੁਣਾਂ ਦੀ ਵਿਚਾਰ ਬਖ਼ਸ਼ਦਾ ਹੈ ਤੇ ਉਸ ਦੀ ਇਹ ਦਾਤਿ ਉਸ ਦੀਆਂ ਹੋਰ ਸਭ ਦਾਤਾਂ ਤੋਂ ਸ੍ਰੇਸ਼ਟ ਹੈ। ਸਾਰੀ ਸ੍ਰਿਸ਼ਟੀ ਪੈਦਾ ਕਰ ਕੇ ਉਹ ਆਪ ਹੀ ਇਸ ਦੀ ਸੰਭਾਲ ਕਰਦਾ ਹੈ, ਤੇ ਜੀਵਾਂ ਪਾਸੋਂ ਉਹ ਕਾਰ ਕਰਾਂਦਾ ਹੈ ਜੋ ਕਰਨ-ਜੋਗ ਹੋਵੇ।15।

ਜੇਹੜੇ ਜੀਵ ਸਦਾ-ਥਿਰ ਪ੍ਰਭੂ ਨੂੰ ਪਿਆਰੇ ਲੱਗਦੇ ਹਨ ਉਹ ਉਸ ਦੇ ਗੁਣ ਗਾਂਦੇ ਹਨ। ਹੇ ਪ੍ਰਭੂ! ਸਾਰੇ ਜੀਅ ਜੰਤ ਤੈਥੋਂ ਪੈਦਾ ਹੁੰਦੇ ਹਨ ਤੇ ਤੇਰੇ ਵਿਚ ਹੀ ਲੀਨ ਹੋ ਜਾਂਦੇ ਹਨ। ਹੇ ਨਾਨਕ! ਜੇਹੜਾ ਮਨੁੱਖ ਸਦਾ-ਥਿਰ ਪ੍ਰਭੂ ਨੂੰ ਸਿਮਰਦਾ ਹੈ (ਉਸ ਦੇ ਦਰ ਤੇ) ਬੇਨਤੀਆਂ ਕਰਦਾ ਹੈ, ਉਹ ਉਸ ਸਦਾ-ਥਿਰ ਪਰਮਾਤਮਾ ਨੂੰ ਮਿਲ ਕੇ ਆਤਮਕ ਅਨੰਦ ਮਾਣਦਾ ਹੈ। 16।2।14।

TOP OF PAGE

Sri Guru Granth Darpan, by Professor Sahib Singh