ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1121

ਕੇਦਾਰਾ ਮਹਲਾ ੫ ॥ ਪ੍ਰੀਤਮ ਬਸਤ ਰਿਦ ਮਹਿ ਖੋਰ ॥ ਭਰਮ ਭੀਤਿ ਨਿਵਾਰਿ ਠਾਕੁਰ ਗਹਿ ਲੇਹੁ ਅਪਨੀ ਓਰ ॥੧॥ ਰਹਾਉ ॥ ਅਧਿਕ ਗਰਤ ਸੰਸਾਰ ਸਾਗਰ ਕਰਿ ਦਇਆ ਚਾਰਹੁ ਧੋਰ ॥ ਸੰਤਸੰਗਿ ਹਰਿ ਚਰਨ ਬੋਹਿਥ ਉਧਰਤੇ ਲੈ ਮੋਰ ॥੧॥ ਗਰਭ ਕੁੰਟ ਮਹਿ ਜਿਨਹਿ ਧਾਰਿਓ ਨਹੀ ਬਿਖੈ ਬਨ ਮਹਿ ਹੋਰ ॥ ਹਰਿ ਸਕਤ ਸਰਨ ਸਮਰਥ ਨਾਨਕ ਆਨ ਨਹੀ ਨਿਹੋਰ ॥੨॥੨॥੧੦॥ {ਪੰਨਾ 1121}

ਪਦ ਅਰਥ: ਪ੍ਰੀਤਮ = ਹੇ ਪ੍ਰੀਤਮ! ਰਿਦ ਮਹਿ = (ਮੇਰੇ) ਹਿਰਦੇ ਵਿਚ। ਬਸਤ = ਵੱਸ ਰਹੀ ਹੈ। ਖੋਰ = ਖੋਟ, ਕੋਰਾ-ਪਨ। ਭੀਤਿ = ਕੰਧ। ਨਿਵਾਰਿ = ਦੂਰ ਕਰ। ਠਾਕੁਰ = ਹੇ ਠਾਕੁਰ! ਗਹਿ ਲੇਹੁ = (ਮੇਰੀ ਬਾਂਹ) ਫੜ ਲੈ। ਓਰ = ਪਾਸੇ।1। ਰਹਾਉ।

ਅਧਿਕ = ਕਈ, ਬਥੇਰੇ। ਗਰਤ = ਟੋਏ, ਗੜ੍ਹੇ। ਸਾਗਰ = ਸਮੁੰਦਰ। ਚਾਰਹੁ = ਚਾੜ੍ਹ ਲਵੋ। ਧੋਰ = ਕੰਢੇ ਤੇ। ਸੰਗਿ = ਸੰਗਤਿ ਵਿਚ। ਬੋਹਿਥ = ਜਹਾਜ਼। ਉਧਰਤੇ = ਬਚਾ ਲੈਂਦੇ ਹਨ। ਮੋਰ ਲੈ = ਮੈਨੂੰ ਲੈ ਕੇ।1।

ਗਰਭ ਕੁੰਟ ਮਹਿ = ਗਟਭ ਕੁੰਡ ਵਿਚ, ਮਾਂ ਦੇ ਪੇਟ ਵਿਚ। ਜਿਨਹਿ = ਜਿਸ (ਹਰੀ) ਨੇ। ਧਾਰਿਓ = ਬਚਾਈ ਰੱਖਿਆ। ਬਨ = {Òzwnwz kwnny jly} ਪਾਣੀ। ਬਿਖੈ ਬਨ = ਵਿਸ਼ਿਆਂ ਦਾ ਸਮੁੰਦਰ। ਸਕਤ = ਸ਼ਕਤੀ ਵਾਲਾ। ਸਰਨ ਸਮਰਥ = ਸ਼ਰਨ ਪਿਆਂ ਨੂੰ ਬਚਾਣ ਦੀ ਤਾਕਤ ਵਾਲਾ। ਨਿਹੋਰ = ਮੁਥਾਜੀ। ਆਨ = ਹੋਰ।2।

ਅਰਥ: ਹੇ ਪ੍ਰੀਤਮ ਪ੍ਰਭੂ! (ਮੇਰੇ) ਹਿਰਦੇ ਵਿਚ ਕੋਰਾ-ਪਨ ਵੱਸ ਰਿਹਾ ਹੈ (ਜੋ ਤੇਰੇ ਚਰਨਾਂ ਨਾਲ ਪਿਆਰ ਬਣਨ ਨਹੀਂ ਦੇਂਦਾ) । ਹੇ ਠਾਕੁਰ! (ਮੇਰੇ ਅੰਦਰੋਂ) ਭਟਕਣਾ ਦੀ ਕੰਧ ਦੂਰ ਕਰ (ਇਹ ਕੰਧ ਮੈਨੂੰ ਤੇਰੇ ਨਾਲੋਂ ਪਰੇ ਰੱਖ ਰਹੀ ਹੈ) । (ਮੇਰਾ ਹੱਥ) ਫੜ ਕੇ ਮੈਨੂੰ ਆਪਣੇ ਪਾਸੇ (ਜੋੜ) ਲੈ (ਆਪਣੇ ਚਰਨਾਂ ਵਿਚ ਜੋੜ ਲੈ) ।1। ਰਹਾਉ।

ਹੇ ਪ੍ਰੀਤਮ! (ਤੇਰੇ ਇਸ) ਸੰਸਾਰ-ਸਮੁੰਦਰ ਵਿਚ (ਵਿਕਾਰਾਂ ਦੇ) ਅਨੇਕਾਂ ਗੜ੍ਹੇ ਹਨ, ਮਿਹਰ ਕੇ (ਮੈਨੂੰ ਇਹਨਾਂ ਤੋਂ ਬਚਾ ਕੇ) ਕੰਢੇ ਤੇ ਚਾੜ੍ਹ ਲੈ। ਹੇ ਹਰੀ! ਸੰਤ ਜਨਾਂ ਦੀ ਸੰਗਤ ਵਿਚ (ਰੱਖ ਕੇ ਮੈਨੂੰ ਆਪਣੇ) ਚਰਨਾਂ ਦੇ ਜਹਾਜ਼ (ਵਿਚ ਚਾੜ੍ਹ ਲੈ) , (ਤੇਰੇ ਇਹ ਚਰਨ) ਮੈਨੂੰ ਪਾਰ ਲੰਘਾਣ ਦੇ ਸਮਰਥ ਹਨ।1।

ਹੇ ਭਾਈ! ਜਿਸ ਪਰਮਾਤਮਾ ਨੇ ਮਾਂ ਦੇ ਪੇਟ ਵਿਚ ਬਚਾਈ ਰੱਖਿਆ, ਵਿਸ਼ੇ ਵਿਕਾਰਾਂ ਦੇ ਸਮੁੰਦਰ ਵਿਚ (ਡੁੱਬਦੇ ਨੂੰ ਬਚਾਣ ਵਾਲਾ ਭੀ ਉਸ ਤੋਂ ਬਿਨਾ) ਕੋਈ ਹੋਰ ਨਹੀਂ ਹੈ। ਹੇ ਨਾਨਕ! ਪਰਮਾਤਮਾ ਸਭ ਤਾਕਤਾਂ ਦਾ ਮਾਲਕ ਹੈ, ਸਰਨ ਪਏ ਨੂੰ ਬਚਾ ਸਕਣ ਵਾਲਾ ਹੈ, (ਜਿਹੜਾ ਮਨੁੱਖ ਉਸ ਦੀ ਸਰਨ ਆ ਪੈਂਦਾ ਹੈ, ਉਸ ਨੂੰ) ਕੋਈ ਹੋਰ ਮੁਥਾਜੀ ਨਹੀਂ ਰਹਿ ਜਾਂਦੀ।2। 2।10।

ਕੇਦਾਰਾ ਮਹਲਾ ੫ ॥ ਰਸਨਾ ਰਾਮ ਰਾਮ ਬਖਾਨੁ ॥ ਗੁਨ ਗੋੁਪਾਲ ਉਚਾਰੁ ਦਿਨੁ ਰੈਨਿ ਭਏ ਕਲਮਲ ਹਾਨ ॥ ਰਹਾਉ ॥ ਤਿਆਗਿ ਚਲਨਾ ਸਗਲ ਸੰਪਤ ਕਾਲੁ ਸਿਰ ਪਰਿ ਜਾਨੁ ॥ ਮਿਥਨ ਮੋਹ ਦੁਰੰਤ ਆਸਾ ਝੂਠੁ ਸਰਪਰ ਮਾਨੁ ॥੧॥ ਸਤਿ ਪੁਰਖ ਅਕਾਲ ਮੂਰਤਿ ਰਿਦੈ ਧਾਰਹੁ ਧਿਆਨੁ ॥ ਨਾਮੁ ਨਿਧਾਨੁ ਲਾਭੁ ਨਾਨਕ ਬਸਤੁ ਇਹ ਪਰਵਾਨੁ ॥੨॥੩॥੧੧॥ {ਪੰਨਾ 1121}

ਪਦ ਅਰਥ: ਰਸਨਾ = ਜੀਭ (ਨਾਲ) । ਬਖਾਨੁ = ਉਚਾਰਿਆ ਕਰ। ਗੋੁਪਾਲ = {ਅੱਖਰ 'ਗ' ਦੇ ਨਾਲ ਦੋ ਲਗਾਂ ਹਨ: ੋ ਅਤੇ ੁ। ਅਸਲ ਲਫ਼ਜ਼ ਹੈ 'ਗੋਪਾਲ'। ਇਥੇ 'ਗੁਪਾਲ' ਪੜ੍ਹਨਾ ਹੈ}। ਰੈਨਿ = ਰਾਤ। ਕਲਮਲ = ਪਾਪ। ਭਏ ਹਾਨ = ਨਾਸ ਹੋ ਗਏ। ਰਹਾਉ।

ਤਿਆਗਿ = ਛੱਡ ਕੇ। ਸੰਪਤ = ਧਨ-ਪਦਾਰਥ। ਕਾਲੁ = ਮੌਤ। ਪਰਿ = ਉੱਤੇ। ਜਾਨੁ = ਸਮਝ ਰੱਖ। ਮਿਥਨ ਮੋਹ = ਨਾਸਵੰਤ ਪਦਾਰਥਾਂ ਦਾ ਮੋਹ। ਦੁਰੰਤ = {ਦੁਰ-ਅੰਤ} ਕਦੇ ਨਾਹ ਮੁੱਕਣ ਵਾਲੀਆਂ। ਝੂਠੁ = ਨਾਸਵੰਤ। ਸਰਪਰ = ਜ਼ਰੂਰ। ਮਾਨ = ਮੰਨ।1।

ਸਤਿ = ਸਦਾ ਕਾਇਮ ਰਹਿਣ ਵਾਲਾ। ਪੁਰਖ = ਸਰਬ-ਵਿਆਪਕ। ਅਕਾਲ = ਅ-ਕਾਲ, ਮੌਤ-ਰਹਿਤ। ਮੂਰਤਿ = ਸਰੂਪ। ਅਕਾਲ ਮੂਰਤਿ = ਜਿਸ ਦੀ ਹਸਤੀ ਮੌਤ-ਰਹਿਤ ਹੈ। ਰਿਦੈ = ਹਿਰਦੇ ਵਿਚ। ਨਿਧਾਨੁ = ਖ਼ਜ਼ਾਨਾ। ਬਸਤੁ = ਚੀਜ਼। ਪਰਵਾਨੁ = ਕਬੂਲ।2।

ਅਰਥ: ਹੇ ਭਾਈ! (ਆਪਣੀ) ਜੀਭ ਨਾਲ ਹਰ ਵੇਲੇ ਪਰਮਾਤਮਾ ਦਾ ਨਾਮ ਜਪਿਆ ਕਰ, ਦਿਨ ਰਾਤ ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ ਦੇ ਗੁਣ ਗਾਇਆ ਕਰ। (ਜਿਹੜਾ ਮਨੁੱਖ ਇਹ ਉੱਦਮ ਕਰਦਾ ਹੈ, ਉਸ ਦੇ ਸਾਰੇ) ਪਾਪ ਨਾਸ ਹੋ ਜਾਂਦੇ ਹਨ। ਰਹਾਉ।

ਹੇ ਭਾਈ! ਸਾਰਾ ਧਨ-ਪਦਾਰਥ ਛੱਡ ਕੇ (ਆਖ਼ਿਰ ਹਰੇਕ ਪ੍ਰਾਣੀ ਨੇ ਇਥੋਂ) ਚਲੇ ਜਾਣਾ ਹੈ। ਹੇ ਭਾਈ! ਮੌਤ ਨੂੰ (ਸਦਾ ਆਪਣੇ) ਸਿਰ ਉਤੇ (ਖਲੋਤੀ) ਸਮਝ। ਹੇ ਭਾਈ! ਨਾਸਵੰਤ ਪਦਾਰਥਾਂ ਦਾ ਮੋਹ, ਕਦੇ ਨਾਹ ਮੁੱਕਣ ਵਾਲੀਆਂ ਆਸਾਂ = ਇਹਨਾਂ ਨੂੰ ਨਿਸ਼ਚੇ ਕਰ ਕੇ ਨਾਸਵੰਤ ਮੰਨ।1।

ਹੇ ਭਾਈ! (ਆਪਣੇ) ਹਿਰਦੇ ਵਿਚ ਉਸ ਪਰਮਾਤਮਾ ਦਾ ਧਿਆਨ ਧਰਿਆ ਕਰ ਜਿਹੜਾ ਸਦਾ ਕਾਇਮ ਰਹਿਣ ਵਾਲਾ ਹੈ ਜਿਹੜਾ ਸਰਬ-ਵਿਆਪਕ ਹੈ ਅਤੇ ਜਿਹੜਾ ਨਾਸ-ਰਹਿਤ ਹੋਂਦ ਵਾਲਾ ਹੈ। ਹੇ ਨਾਨਕ! (ਆਖ– ਹੇ ਭਾਈ!) ਪਰਮਾਤਮਾ ਦਾ ਨਾਮ (ਹੀ ਅਸਲ) ਖ਼ਜ਼ਾਨਾ ਹੈ (ਅਸਲ) ਖੱਟੀ ਹੈ। ਇਹ ਚੀਜ਼ (ਪਰਮਾਤਮਾ ਦੀ ਹਜ਼ੂਰੀ ਵਿਚ) ਕਬੂਲ ਹੁੰਦੀ ਹੈ।2।3।11।

ਕੇਦਾਰਾ ਮਹਲਾ ੫ ॥ ਹਰਿ ਕੇ ਨਾਮ ਕੋ ਆਧਾਰੁ ॥ ਕਲਿ ਕਲੇਸ ਨ ਕਛੁ ਬਿਆਪੈ ਸੰਤਸੰਗਿ ਬਿਉਹਾਰੁ ॥ ਰਹਾਉ ॥ ਕਰਿ ਅਨੁਗ੍ਰਹੁ ਆਪਿ ਰਾਖਿਓ ਨਹ ਉਪਜਤਉ ਬੇਕਾਰੁ ॥ ਜਿਸੁ ਪਰਾਪਤਿ ਹੋਇ ਸਿਮਰੈ ਤਿਸੁ ਦਹਤ ਨਹ ਸੰਸਾਰੁ ॥੧॥ ਸੁਖ ਮੰਗਲ ਆਨੰਦ ਹਰਿ ਹਰਿ ਪ੍ਰਭ ਚਰਨ ਅੰਮ੍ਰਿਤ ਸਾਰੁ ॥ ਨਾਨਕ ਦਾਸ ਸਰਨਾਗਤੀ ਤੇਰੇ ਸੰਤਨਾ ਕੀ ਛਾਰੁ ॥੨॥੪॥੧੨॥ {ਪੰਨਾ 1121}

ਪਦ ਅਰਥ: ਕੋ = ਦਾ। ਆਧਾਰੁ = ਆਸਰਾ। ਕਲਿ = ਝਗੜੇ। ਕਛੁ = ਕੋਈ ਭੀ (ਵਿਕਾਰ) । ਨ ਬਿਆਪੈ = ਜ਼ੋਰ ਨਹੀਂ ਪਾ ਸਕਦਾ। ਸੰਗਿ = ਨਾਲ, ਸੰਗਤਿ ਵਿਚ। ਬਿਉਹਾਰੁ = (ਹਰਿ-ਨਾਮ ਦਾ) ਵਣਜ। ਰਹਾਉ।

ਕਰਿ = ਕਰ ਕੇ। ਅਨੁਗ੍ਰਹੁ = ਕਿਰਪਾ। ਰਾਖਿਓ = ਰੱਖਿਆ ਕੀਤੀ। ਉਪਜਤਉ = ਪੈਦਾ ਹੁੰਦਾ। ਬੇਕਾਰੁ = (ਕੋਈ) ਵਿਕਾਰ। ਪਰਾਪਤਿ ਹੋਇ = ਧੁਰੋਂ ਮਿਲੇ। ਦਹਤ ਨਹ = ਨਹੀਂ ਸਾੜਦਾ। ਸੰਸਾਰੁ = ਸੰਸਾਰ ਦੇ ਵਿਕਾਰਾਂ ਦੀ ਅੱਗ।1।

ਮੰਗਲ = ਖ਼ੁਸ਼ੀਆਂ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੇ। ਸਾਰੁ = ਸੰਭਾਲ (ਹਿਰਦੇ ਵਿਚ) । ਨਾਨਕ = ਹੇ ਨਾਨਕ! (ਆਖ-) । ਸਰਨਾਗਤੀ = ਸਰਨ ਆਇਆ ਹੈ। ਛਾਰੁ = ਚਰਨਾਂ ਦੀ ਧੂੜ।2।

ਅਰਥ: ਹੇ ਭਾਈ! (ਜਿਸ ਮਨੁੱਖ ਨੂੰ ਸਦਾ) ਪਰਮਾਤਮਾ ਦੇ ਨਾਮ ਦਾ ਆਸਰਾ ਰਹਿੰਦਾ ਹੈ, ਜਿਹੜਾ ਮਨੁੱਖ ਸੰਤ ਜਨਾਂ ਦੀ ਸੰਗਤਿ ਵਿਚ ਰਹਿ ਕੇ ਹਰਿ-ਨਾਮ ਦਾ ਵਣਜ ਕਰਦਾ ਹੈ, (ਦੁਨੀਆ ਦੇ) ਝਗੜੇ ਕਲੇਸ਼ (ਇਹਨਾਂ ਵਿਚੋਂ) ਕੋਈ ਭੀ ਉਸ ਉਤੇ ਆਪਣਾ ਜ਼ੋਰ ਨਹੀਂ ਪਾ ਸਕਦਾ। ਰਹਾਉ।

ਹੇ ਭਾਈ! ਪਰਮਾਤਮਾ ਆਪ ਮਿਹਰ ਕਰ ਕੇ ਜਿਸ ਮਨੁੱਖ ਦੀ ਰੱਖਿਆ ਕਰਦਾ ਹੈ, ਉਸ ਦੇ ਅੰਦਰ ਕੋਈ ਵਿਕਾਰ ਪੈਦਾ ਨਹੀਂ ਹੁੰਦਾ। ਹੇ ਭਾਈ! ਜਿਸ ਮਨੁੱਖ ਨੂੰ ਨਾਮ ਦੀ ਦਾਤਿ ਧੁਰ-ਦਰਗਾਹ ਤੋਂ ਮਿਲਦੀ ਹੈ, ਉਹੀ ਹਰਿ-ਨਾਮ ਸਿਮਰਦਾ ਹੈ, ਫਿਰ ਉਸ (ਦੇ ਆਤਮਕ ਜੀਵਨ) ਨੂੰ ਸੰਸਾਰ (ਭਾਵ, ਸੰਸਾਰ ਦੇ ਵਿਕਾਰਾਂ ਦੀ ਅੱਗ) ਸਾੜ ਨਹੀਂ ਸਕਦੀ।1।

ਹੇ ਭਾਈ! ਹਰੀ ਪ੍ਰਭੂ ਦੇ ਚਰਨ ਆਤਮਕ ਜੀਵਨ ਦੇਣ ਵਾਲੇ ਹਨ, ਇਹਨਾਂ ਨੂੰ ਆਪਣੇ ਹਿਰਦੇ ਵਿਚ ਸੰਭਾਲ, (ਤੇਰੇ ਅੰਦਰ) ਆਤਮਕ ਸੁਖ ਖ਼ੁਸ਼ੀਆਂ ਆਨੰਦ (ਪੈਦਾ ਹੋਣਗੇ) ।

ਹੇ ਨਾਨਕ! (ਆਖ– ਹੇ ਪ੍ਰਭੂ !) ਤੇਰਾ ਦਾਸ ਤੇਰੀ ਸਰਨ ਆਇਆ ਹੈ, ਤੇਰੇ ਸੰਤ ਜਨਾਂ ਦੀ ਚਰਨ-ਧੂੜ (ਮੰਗਦਾ ਹੈ) ।2।4।12।

ਕੇਦਾਰਾ ਮਹਲਾ ੫ ॥ ਹਰਿ ਕੇ ਨਾਮ ਬਿਨੁ ਧ੍ਰਿਗੁ ਸ੍ਰੋਤ ॥ ਜੀਵਨ ਰੂਪ ਬਿਸਾਰਿ ਜੀਵਹਿ ਤਿਹ ਕਤ ਜੀਵਨ ਹੋਤ ॥ ਰਹਾਉ ॥ ਖਾਤ ਪੀਤ ਅਨੇਕ ਬਿੰਜਨ ਜੈਸੇ ਭਾਰ ਬਾਹਕ ਖੋਤ ॥ ਆਠ ਪਹਰ ਮਹਾ ਸ੍ਰਮੁ ਪਾਇਆ ਜੈਸੇ ਬਿਰਖ ਜੰਤੀ ਜੋਤ ॥੧॥ ਤਜਿ ਗੋੁਪਾਲ ਜਿ ਆਨ ਲਾਗੇ ਸੇ ਬਹੁ ਪ੍ਰਕਾਰੀ ਰੋਤ ॥ ਕਰ ਜੋਰਿ ਨਾਨਕ ਦਾਨੁ ਮਾਗੈ ਹਰਿ ਰਖਉ ਕੰਠਿ ਪਰੋਤ ॥੨॥੫॥੧੩॥ {ਪੰਨਾ 1121}

ਪਦ ਅਰਥ: ਧ੍ਰਿਗੁ = ਫਿਟਕਾਰ-ਜੋਗ। ਸ੍ਰੋਤ = ਕੰਨ। ਜੀਵਨ ਰੂਪ = ਉਹ ਪ੍ਰਭੂ ਜੋ ਨਿਰਾ ਜੀਵਨ ਹੀ ਜੀਵਨ ਹੈ, ਜੋ ਸਭ ਦਾ ਜੀਵਨ ਹੈ। ਬਿਸਾਰਿ = ਭੁਲਾ ਕੇ। ਜੀਵਹਿ = (ਜੋ ਮਨੁੱਖ) ਜੀਊਂਦੇ ਹਨ। ਤਿਨ = ਉਹਨਾਂ ਦਾ। ਕਤ = ਕਾਹਦਾ?। ਰਹਾਉ।

ਬਿੰਜਨ = ਭੋਜਨ। ਬਾਹਕ = ਚੁੱਕਣ ਵਾਲੇ, ਢੋਣ ਵਾਲੇ। ਖੋਤ = ਖੋਤੇ। ਸ੍ਰਮੁ = ਥਕੇਵਾਂ। ਬਿਰਖ = {vã = B} ਬਲਦ। ਜੰਤੀ = ਕੋਹਲੂ (ਅੱਗੇ) । ਜੋਤ = ਜੋਇਆ ਹੁੰਦਾ ਹੈ।1।

ਤਜਿ = ਤਜ ਕੇ, ਭੁਲਾ ਕੇ। ਗੋੁਪਾਲ = {ਅੱਖਰ 'ਗ' ਦੇ ਨਾਲ ਦੋ ਲਗਾਂ ਹਨ: ੋ ਅਤੇ ੁ। ਅਸਲ ਲਫ਼ਜ਼ ਹੈ 'ਗੋਪਾਲ'। ਇਥੇ ਪੜ੍ਹਨਾ ਹੈ 'ਗੁਪਾਲ'}। ਜਿ = ਜਿਹੜੇ ਮਨੁੱਖ। ਆਨ = ਹੋਰ ਹੋਰ ਪਾਸੇ। ਸੇ = ਉਹ ਬੰਦੇ। ਰੋਤ = ਰੋਂਦੇ ਹਨ, ਦੁਖੀ ਹੁੰਦੇ ਹਨ। ਕਰ = ਹੱਥ {ਬਹੁ-ਵਚਨ}। ਜੋਰਿ = ਜੋੜ ਕੇ। ਮਾਗੈ = ਮੰਗਦਾ ਹੈ। ਰਖਉ = ਰਖਉਂ, ਮੈਂ ਰੱਖਾਂ। ਕੰਠਿ = ਗਲੇ ਵਿਚ। ਪਰੋਤ = ਪਰੋ ਕੇ।2।

ਅਰਥ: ਹੇ ਭਾਈ! ਪਰਮਾਤਮਾ ਦਾ ਨਾਮ ਸੁਣਨ ਤੋਂ ਬਿਨਾ (ਮਨੁੱਖ ਦੇ) ਕੰਨ ਫਿਟਕਾਰ-ਜੋਗ ਹਨ (ਕਿਉਂਕਿ ਫਿਰ ਇਹ ਨਿੰਦਾ-ਚੁਗਲੀ ਵਿਚ ਹੀ ਰੁੱਝੇ ਰਹਿੰਦੇ ਹਨ) । ਹੇ ਭਾਈ! ਜਿਹੜੇ ਮਨੁੱਖ ਸਾਰੇ ਜਗਤ ਦੇ ਜੀਵਨ ਪ੍ਰਭੂ ਨੂੰ ਭੁਲਾ ਕੇ ਜੀਊਂਦੇ ਹਨ (ਜ਼ਿੰਦਗੀ ਦੇ ਦਿਨ ਗੁਜ਼ਾਰਦੇ ਹਨ) , ਉਹਨਾਂ ਦਾ ਜੀਊਣ ਕਾਹਦਾ ਹੈ? (ਉਹਨਾਂ ਦੇ ਜੀਊਣ ਨੂੰ ਜੀਊਣਾ ਨਹੀਂ ਕਿਹਾ ਜਾ ਸਕਦਾ) । ਰਹਾਉ।

ਹੇ ਭਾਈ! (ਹਰਿ-ਨਾਮ ਨੂੰ ਵਿਸਾਰ ਕੇ ਜਿਹੜੇ ਮਨੁੱਖ) ਅਨੇਕਾਂ ਚੰਗੇ ਚੰਗੇ ਖਾਣੇ ਖਾਂਦੇ ਪੀਂਦੇ ਹਨ, (ਉਹ ਇਉਂ ਹੀ ਹਨ) ਜਿਵੇਂ ਭਾਰ ਢੋਣ ਵਾਲੇ ਖੋਤੇ। (ਹਰਿ-ਨਾਮ ਨੂੰ ਵਿਸਾਰਨ ਵਾਲੇ) ਅੱਠੇ ਪਹਰ (ਮਾਇਆ ਦੀ ਖ਼ਾਤਰ ਦੌੜ-ਭੱਜ ਕਰਦੇ ਹੋਏ) ਬੜਾ ਥਕੇਵਾਂ ਸਹਾਰਦੇ ਹਨ, ਜਿਵੇਂ ਕੋਈ ਬਲਦ ਕੋਹਲੂ ਅੱਗੇ ਜੋਇਆ ਹੁੰਦਾ ਹੈ।1।

ਹੇ ਭਾਈ! ਸ੍ਰਿਸ਼ਟੀ ਦੇ ਪਾਲਣਹਾਰ (ਦਾ ਨਾਮ) ਤਿਆਗ ਕੇ ਜਿਹੜੇ ਮਨੁੱਖ ਹੋਰ ਹੋਰ ਆਹਰਾਂ ਵਿਚ ਲੱਗੇ ਰਹਿੰਦੇ ਹਨ, ਉਹ ਕਈ ਤਰੀਕਿਆਂ ਨਾਲ ਦੁਖੀ ਹੁੰਦੇ ਰਹਿੰਦੇ ਹਨ। ਹੇ ਨਾਨਕ! (ਆਖ-) ਹੇ ਹਰੀ! (ਤੇਰਾ ਦਾਸ ਦੋਵੇ) ਹੱਥ ਜੋੜ ਕੇ (ਤੇਰੇ ਨਾਮ ਦਾ) ਦਾਨ ਮੰਗਦਾ ਹੈ (ਆਪਣਾ ਨਾਮ ਦੇਹ) , ਮੈਂ (ਇਸ ਨੂੰ ਆਪਣੇ) ਗਲੇ ਵਿਚ ਪ੍ਰੋ ਕੇ ਰੱਖਾਂ।2।5।13।

ਕੇਦਾਰਾ ਮਹਲਾ ੫ ॥ ਸੰਤਹ ਧੂਰਿ ਲੇ ਮੁਖਿ ਮਲੀ ॥ ਗੁਣਾ ਅਚੁਤ ਸਦਾ ਪੂਰਨ ਨਹ ਦੋਖ ਬਿਆਪਹਿ ਕਲੀ ॥ ਰਹਾਉ ॥ ਗੁਰ ਬਚਨਿ ਕਾਰਜ ਸਰਬ ਪੂਰਨ ਈਤ ਊਤ ਨ ਹਲੀ ॥ ਪ੍ਰਭ ਏਕ ਅਨਿਕ ਸਰਬਤ ਪੂਰਨ ਬਿਖੈ ਅਗਨਿ ਨ ਜਲੀ ॥੧॥ ਗਹਿ ਭੁਜਾ ਲੀਨੋ ਦਾਸੁ ਅਪਨੋ ਜੋਤਿ ਜੋਤੀ ਰਲੀ ॥ ਪ੍ਰਭ ਚਰਨ ਸਰਨ ਅਨਾਥੁ ਆਇਓ ਨਾਨਕ ਹਰਿ ਸੰਗਿ ਚਲੀ ॥੨॥੬॥੧੪॥ {ਪੰਨਾ 1121}

ਪਦ ਅਰਥ: ਧੂਰਿ = ਚਰਨ-ਧੂੜ। ਲੇ = (ਜਿਸ ਨੇ) ਲੈ ਕੇ। ਮੁਖਿ = (ਆਪਣੇ) ਮੂੰਹ ਉੱਤੇ। ਅਚੁਤ = {ÁXuq to fall} ਅਬਿਨਾਸ਼ੀ। ਗੁਣਾ ਅਚੁਤ = ਅਬਿਨਾਸ਼ੀ ਪ੍ਰਭੂ ਦੇ ਗੁਣ (ਹਿਰਦੇ ਵਿਚ ਵਸਾਣ) ਨਾਲ। ਪੂਰਨ = ਸਰਬ-ਵਿਆਪਕ। ਦੋਖ ਕਲੀ = ਕਲਿਜੁਗ ਦੇ ਵਿਕਾਰ, ਜਗਤ ਦੇ ਵਿਕਾਰ {ਨੋਟ: ਲਫ਼ਜ਼ 'ਕਲੀ' ਇਥੇ ਕਿਸੇ ਖ਼ਾਸ 'ਜੁਗ' ਦਾ ਲਖਾਇਕ ਨਹੀਂ ਹੈ}। ਰਹਾਉ।

ਬਚਨਿ = ਬਚਨ ਦੀ ਰਾਹੀਂ। ਸਰਬ = ਸਾਰੇ। ਈਤ ਊਤ = ਇਧਰ ਉਧਰ। ਹਲੀ = ਡੋਲਦਾ। ਬਿਖੈ ਅਗਨਿ = ਵਿਸ਼ਿਆਂ ਦੀ ਅੱਗ (ਵਿਚ) । ਜਲੀ = ਸੜਦਾ।1।

ਗਹਿ = ਫੜ ਕੇ। ਭੁਜਾ = ਬਾਂਹ। ਜੋਤਿ = ਜਿੰਦ। ਜੋਤੀ = ਪ੍ਰਭ ਦੀ ਜੋਤਿ ਵਿਚ। ਅਨਾਥੁ = ਨਿਮਾਣਾ। ਸੰਗਿ = ਨਾਲ।2।

ਅਰਥ: ਹੇ ਭਾਈ ! (ਜਿਸ ਮਨੁੱਖ ਨੇ) ਸੰਤ ਜਨਾਂ ਦੇ ਚਰਨਾਂ ਦੀ ਧੂੜ ਲੈ ਕੇ (ਆਪਣੇ) ਮੱਥੇ ਉੱਤੇ ਮਲ ਲਈ (ਤੇ, ਸੰਤਾਂ ਦੀ ਸੰਗਤਿ ਵਿਚ ਜਿਸ ਨੇ ਪਰਮਾਤਮਾ ਦੇ ਗੁਣ ਗਾਏ) , ਅਬਿਨਾਸ਼ੀ ਤੇ ਸਰਬ-ਵਿਆਪਕ ਪ੍ਰਭੂ ਦੇ ਗੁਣ ਹਿਰਦੇ ਵਿਚ ਵਸਾਣ ਦੀ ਬਰਕਤਿ ਨਾਲ ਜਗਤ ਦੇ ਵਿਕਾਰ ਉਸ ਉੱਤੇ ਆਪਣਾ ਜ਼ੋਰ ਨਹੀਂ ਪਾ ਸਕਦੇ। ਰਹਾਉ।

ਹੇ ਭਾਈ! (ਜਿਸ ਮਨੁੱਖ ਨੇ ਸੰਤ ਜਨਾਂ ਦੀ ਚਰਨ-ਧੂੜ ਆਪਣੇ ਮੱਥੇ ਤੇ ਲਾਈ) ਗੁਰੂ ਦੇ ਉਪਦੇਸ਼ ਦਾ ਸਦਕਾ ਉਸ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ, ਉਸ ਦਾ ਮਨ ਇਧਰ ਉਧਰ ਨਹੀਂ ਡੋਲਦਾ, (ਉਸ ਨੂੰ ਇਉਂ ਦਿੱਸ ਪੈਂਦਾ ਹੈ ਕਿ) ਇਕ ਪਰਮਾਤਮਾ ਅਨੇਕਾਂ ਰੂਪਾਂ ਵਿਚ ਸਭ ਥਾਈਂ ਵਿਆਪਕ ਹੈ, ਉਹ ਮਨੁੱਖ ਵਿਕਾਰਾਂ ਦੀ ਅੱਗ ਵਿਚ ਨਹੀਂ ਸੜਦਾ (ਉਸ ਦਾ ਆਤਮਕ ਜੀਵਨ ਵਿਕਾਰਾਂ ਦੀ ਅੱਗ ਵਿਚ ਤਬਾਹ ਨਹੀਂ ਹੁੰਦਾ) ।1।

ਹੇ ਨਾਨਕ! (ਆਖ– ਹੇ ਭਾਈ!) ਪ੍ਰਭੂ ਆਪਣੇ ਜਿਸ ਦਾਸ ਨੂੰ (ਉਸ ਦੀ) ਬਾਂਹ ਫੜ ਕੇ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ, ਉਸ ਦੀ ਜਿੰਦ ਪ੍ਰਭੂ ਦੀ ਜੋਤਿ ਵਿਚ ਲੀਨ ਹੋ ਜਾਂਦੀ ਹੈ। ਜਿਹੜਾ ਅਨਾਥ (ਪ੍ਰਾਣੀ ਭੀ) ਪ੍ਰਭੂ ਦੇ ਚਰਨਾਂ ਦੀ ਸਰਨ ਵਿਚ ਆ ਜਾਂਦਾ ਹੈ, ਉਹ ਪ੍ਰਾਣੀ ਪ੍ਰਭੂ ਦੀ ਯਾਦ ਵਿਚ ਹੀ ਜੀਵਨ-ਰਾਹ ਉਤੇ ਤੁਰਦਾ ਹੈ।2।6।14।

TOP OF PAGE

Sri Guru Granth Darpan, by Professor Sahib Singh