ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1297 ਕਾਨੜਾ ਮਹਲਾ ੪ ॥ ਭਜੁ ਰਾਮੋ ਮਨਿ ਰਾਮ ॥ ਜਿਸੁ ਰੂਪ ਨ ਰੇਖ ਵਡਾਮ ॥ ਸਤਸੰਗਤਿ ਮਿਲੁ ਭਜੁ ਰਾਮ ॥ ਬਡ ਹੋ ਹੋ ਭਾਗ ਮਥਾਮ ॥੧॥ ਰਹਾਉ ॥ ਜਿਤੁ ਗ੍ਰਿਹਿ ਮੰਦਰਿ ਹਰਿ ਹੋਤੁ ਜਾਸੁ ਤਿਤੁ ਘਰਿ ਆਨਦੋ ਆਨੰਦੁ ਭਜੁ ਰਾਮ ਰਾਮ ਰਾਮ ॥ ਰਾਮ ਨਾਮ ਗੁਨ ਗਾਵਹੁ ਹਰਿ ਪ੍ਰੀਤਮ ਉਪਦੇਸਿ ਗੁਰੂ ਗੁਰ ਸਤਿਗੁਰਾ ਸੁਖੁ ਹੋਤੁ ਹਰਿ ਹਰੇ ਹਰਿ ਹਰੇ ਹਰੇ ਭਜੁ ਰਾਮ ਰਾਮ ਰਾਮ ॥੧॥ ਸਭ ਸਿਸਟਿ ਧਾਰ ਹਰਿ ਤੁਮ ਕਿਰਪਾਲ ਕਰਤਾ ਸਭੁ ਤੂ ਤੂ ਤੂ ਰਾਮ ਰਾਮ ਰਾਮ ॥ ਜਨ ਨਾਨਕੋ ਸਰਣਾਗਤੀ ਦੇਹੁ ਗੁਰਮਤੀ ਭਜੁ ਰਾਮ ਰਾਮ ਰਾਮ ॥੨॥੩॥੯॥ {ਪੰਨਾ 1297} ਪਦ ਅਰਥ: ਭਜੁ = ਭਜਨ ਕਰਿਆ ਕਰ। ਮਨਿ = ਮਨ ਵਿਚ। ਰੂਪ = ਸ਼ਕਲ। ਰੇਖ = ਚਿਹਨ-ਚੱਕਰ। ਵਡਾਮ = (ਸਭ ਤੋਂ) ਵੱਡਾ। ਮਿਲੁ = ਮਿਲਿਆ ਰਹੁ। ਹੋ = ਹੇ ਭਾਈ! ਮਥਾਮ = ਮੱਥੇ ਦੇ।1। ਰਹਾਉ। ਜਿਤੁ = ਜਿਸ ਵਿਚ। ਜਿਤੁ ਗ੍ਰਿਹਿ = ਜਿਸ ਘਰ ਵਿਚ। ਜਿਤੁ ਮੰਦਰਿ = ਜਿਸ ਮੰਦਰ ਵਿਚ। ਹਰਿ ਜਾਸੁ = ਹਰੀ ਦਾ ਜਸ। ਤਿਤੁ = ਉਸ ਵਿਚ। ਤਿਤੁ ਘਰਿ = ਉਸ ਘਰ ਵਿਚ। ਆਨਦੋ ਆਨੰਦੁ = ਆਨੰਦ ਹੀ ਆਨੰਦ। ਹਰਿ ਪ੍ਰੀਤਮ ਗੁਨ = ਹਰੀ ਪ੍ਰੀਤਮ ਦੇ ਗੁਣ। ਉਪਦੇਸਿ ਗੁਰੂ = ਗੁਰੂ ਦੇ ਉਪਦੇਸ਼ ਦੀ ਰਾਹੀਂ।1। ਸਭ ਸਿਸਟਿ ਧਾਰ = ਸਾਰੀ ਸ੍ਰਿਸ਼ਟੀ ਦਾ ਆਸਰਾ। ਨਾਨਕੋ = ਨਾਨਕੁ।2। ਅਰਥ: ਹੇ ਭਾਈ! ਜਿਸ ਰਾਮ ਦੀ ਸ਼ਕਲ ਜਿਸ ਦੇ ਚਿਹਨ-ਚੱਕਰ ਨਹੀਂ ਦੱਸੇ ਜਾ ਸਕਦੇ, ਜੋ ਰਾਮ ਸਭ ਤੋਂ ਵੱਡਾ ਹੈ, ਉਸ ਦੇ ਨਾਮ ਦਾ ਭਜਨ ਆਪਣੇ ਮਨ ਵਿਚ ਕਰਿਆ ਕਰ। ਹੇ ਭਾਈ! ਸਾਧ ਸੰਗਤਿ ਵਿਚ ਮਿਲ ਅਤੇ ਰਾਮ ਦਾ ਭਜਨ ਕਰ, ਤੇਰੇ ਮੱਥੇ ਦੇ ਵੱਡੇ ਭਾਗ ਹੋ ਜਾਣਗੇ।1। ਰਹਾਉ। ਹੇ ਭਾਈ! ਜਿਸ ਹਿਰਦੇ-ਘਰ ਵਿਚ ਜਿਸ ਹਿਰਦੇ-ਮੰਦਰ ਵਿਚ ਪਰਮਾਤਮਾ ਦੀ ਸਿਫ਼ਤਿ-ਸਾਲਾਹ ਹੁੰਦੀ ਹੈ, ਉਸ ਹਿਰਦੇ-ਘਰ ਵਿਚ ਆਨੰਦ ਹੀ ਆਨੰਦ ਬਣਿਆ ਰਹਿੰਦਾ ਹੈ। ਹੇ ਭਾਈ! ਸਦਾ ਰਾਮ ਦਾ ਭਜਨ ਕਰਦਾ ਰਹੁ। ਹੇ ਭਾਈ! ਹਰੀ ਪ੍ਰੀਤਮ ਦੇ ਨਾਮ ਦੇ ਗੁਣ ਗਾਂਦਾ ਰਹੁ, ਗੁਰੂ ਸਤਿਗੁਰੁ ਦੇ ਉਪਦੇਸ਼ ਦੀ ਰਾਹੀਂ ਗੁਣ ਗਾਂਦਾ ਰਹੁ। ਰਾਮ ਨਾਮ ਦਾ ਭਜਨ ਕਰਦਾ ਰਹੁ, ਹਰਿ-ਨਾਮ ਜਪਿਆਂ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ।1। ਹੇ ਹਰੀ! ਤੂੰ ਸਾਰੀ ਸ੍ਰਿਸ਼ਟੀ ਦਾ ਆਸਰਾ ਹੈਂ, ਤੂੰ ਦਇਆ ਦਾ ਘਰ ਹੈਂ, ਤੂੰ ਸਭ ਦਾ ਪੈਦਾ ਕਰਨ ਵਾਲਾ ਹੈਂ, ਹਰ ਥਾਂ ਤੂੰ ਹੀ ਤੂੰ ਹੈਂ। ਦਾਸ ਨਾਨਕ ਤੇਰੀ ਸਰਨ ਆਇਆ ਹੈ, (ਦਾਸ ਨੂੰ) ਗੁਰੂ ਦੀ ਸਿੱਖਿਆ ਬਖ਼ਸ਼। ਹੇ ਭਾਈ! ਸਦਾ ਰਾਮ ਦੇ ਨਾਮ ਦਾ ਭਜਨ ਕਰਦਾ ਰਹੁ।2।3।9। ਕਾਨੜਾ ਮਹਲਾ ੪ ॥ ਸਤਿਗੁਰ ਚਾਟਉ ਪਗ ਚਾਟ ॥ ਜਿਤੁ ਮਿਲਿ ਹਰਿ ਪਾਧਰ ਬਾਟ ॥ ਭਜੁ ਹਰਿ ਰਸੁ ਰਸ ਹਰਿ ਗਾਟ ॥ ਹਰਿ ਹੋ ਹੋ ਲਿਖੇ ਲਿਲਾਟ ॥੧॥ ਰਹਾਉ ॥ ਖਟ ਕਰਮ ਕਿਰਿਆ ਕਰਿ ਬਹੁ ਬਹੁ ਬਿਸਥਾਰ ਸਿਧ ਸਾਧਿਕ ਜੋਗੀਆ ਕਰਿ ਜਟ ਜਟਾ ਜਟ ਜਾਟ ॥ ਕਰਿ ਭੇਖ ਨ ਪਾਈਐ ਹਰਿ ਬ੍ਰਹਮ ਜੋਗੁ ਹਰਿ ਪਾਈਐ ਸਤਸੰਗਤੀ ਉਪਦੇਸਿ ਗੁਰੂ ਗੁਰ ਸੰਤ ਜਨਾ ਖੋਲਿ ਖੋਲਿ ਕਪਾਟ ॥੧॥ ਤੂ ਅਪਰੰਪਰੁ ਸੁਆਮੀ ਅਤਿ ਅਗਾਹੁ ਤੂ ਭਰਪੁਰਿ ਰਹਿਆ ਜਲ ਥਲੇ ਹਰਿ ਇਕੁ ਇਕੋ ਇਕ ਏਕੈ ਹਰਿ ਥਾਟ ॥ ਤੂ ਜਾਣਹਿ ਸਭ ਬਿਧਿ ਬੂਝਹਿ ਆਪੇ ਜਨ ਨਾਨਕ ਕੇ ਪ੍ਰਭ ਘਟਿ ਘਟੇ ਘਟਿ ਘਟੇ ਘਟਿ ਹਰਿ ਘਾਟ ॥੨॥੪॥੧੦॥ {ਪੰਨਾ 1297} ਪਦ ਅਰਥ: ਸਤਿਗੁਰ ਪਗ = ਗੁਰੂ ਦੇ ਪੈਰ। ਚਾਟਉ = ਚਾਟਉਂ, ਮੈਂ ਚੱਟਦਾ ਹਾਂ, ਮੈਂ ਚੁੰਮਦਾ ਹਾਂ। ਜਿਤੁ ਮਿਲਿ = ਜਿਸ (ਗੁਰੂ) ਨੂੰ ਮਿਲ। ਪਾਧਰ = ਪੱਧਰਾ, ਸਿੱਧਾ। ਹਰਿ ਘਾਟ = ਹਰੀ (ਦੇ ਮਿਲਾਪ) ਦਾ ਰਸਤਾ। ਗਾਟ = ਗਟ ਗਟ ਕਰ ਕੇ। ਹੋ = ਹੇ ਭਾਈ! ਲਿਲਾਟ = ਮੱਥੇ ਉੱਤੇ।1। ਰਹਾਉ। ਖਟ ਕਰਮ = ਛੇ ਧਾਰਮਿਕ ਕਰਮ। ਕਰਿ = ਕਰ। ਬਿਸਥਾਰ = ਖਿਲਾਰਾ। ਸਿਧ = ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ। ਸਾਧਿਕ = ਸਾਧਨ ਕਰਨ ਵਾਲੇ। ਕਰਿ ਜਟ ਜਟਾ = ਜਟਾਂ ਧਾਰ ਕੇ। ਭੇਖ = ਧਾਰਮਿਕ ਬਾਣਾ। ਬ੍ਰਹਮ ਜੋਗੁ = ਪਰਮਾਤਮਾ ਦਾ ਮਿਲਾਪ। ਖੋਲਿ ਕਪਾਟ = ਆਪਣੇ ਮਨ ਦੇ ਕਵਾੜ ਖੋਲ੍ਹ ਲੈ।1। ਅਪਰੰਪਰੁ = ਪਰੇ ਤੋਂ ਪਰੇ। ਅਗਾਹੁ = ਅਥਾਹ, ਬਹੁਤ ਹੀ ਡੂੰਘਾ। ਭਰਪੁਰਿ ਰਹਿਆ = ਸਭ ਥਾਈਂ ਵਿਆਪਕ ਹੈਂ। ਥਾਟ = ਬਣਾਵਟ, ਪੈਦਾਇਸ਼, ਉਤਪੱਤੀ। ਆਪੇ = ਆਪ ਹੀ। ਸਭ ਬਿਧਿ = ਸਾਰੇ ਢੰਗ। ਘਟਿ ਘਟੇ = ਹਰੇਕ ਘਟ ਵਿਚ।2। ਅਰਥ: ਹੇ ਭਾਈ! ਜਿਸ ਗੁਰੂ ਨੂੰ ਮਿਲ ਕੇ ਪਰਮਾਤਮਾ ਦੇ ਮਿਲਾਪ ਦਾ ਸਿੱਧਾ ਰਾਹ ਲੱਭ ਪੈਂਦਾ ਹੈ, ਮੈਂ ਉਸ ਗੁਰੂ ਦੇ ਚਰਨ ਚੁੰਮਦਾ ਹਾਂ। ਹੇ ਭਾਈ! (ਤੂੰ ਭੀ ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦਾ ਭਜਨ ਕਰਿਆ ਕਰ, ਪਰਮਾਤਮਾ ਦਾ ਨਾਮ-ਜਲ ਗਟ ਗਟ ਕਰ ਕੇ ਪੀਆ ਕਰ। ਤੇਰੇ ਮੱਥੇ ਦੇ ਲੇਖ ਉੱਘੜ ਪੈਣਗੇ।1। ਰਹਾਉ। ਹੇ ਭਾਈ! (ਪੰਡਿਤਾਂ ਵਾਂਗ ਸ਼ਾਸਤ੍ਰਾਂ ਦੇ ਦੱਸੇ ਹੋਏ) ਛੇ ਕਰਮਾਂ ਦੀ ਕਿਰਿਆ ਕਰ ਕੇ (ਇਹੋ ਜਿਹੇ) ਹੋਰ ਬਥੇਰੇ ਖਿਲਾਰੇ ਕਰ ਕੇ, ਸਿੱਧਾਂ ਜੋਗੀਆਂ ਸਾਧਿਕਾਂ ਵਾਂਗ ਜਟਾਂ ਧਾਰ ਕੇ, ਧਾਰਮਿਕ ਪਹਿਰਾਵੇ ਪਾਣ ਨਾਲ ਪਰਮਾਤਮਾ ਦਾ ਮਿਲਾਪ ਹਾਸਲ ਨਹੀਂ ਕਰ ਸਕੀਦਾ। ਪਰਮਾਤਮਾ ਮਿਲਦਾ ਹੈ ਸਾਧ ਸੰਗਤਿ ਵਿਚ। (ਇਸ ਵਾਸਤੇ, ਹੇ ਭਾਈ!) ਸੰਤ ਜਨਾਂ ਦੀ ਸੰਗਤਿ ਵਿਚ ਰਹਿ ਕੇ ਗੁਰੂ ਦੇ ਉਪਦੇਸ਼ ਨਾਲ ਤੂੰ ਆਪਣੇ ਮਨ ਦੇ ਕਵਾੜ ਖੋਲ੍ਹ।1। ਹੇ ਪ੍ਰਭੂ! ਹੇ ਮਾਲਕ! ਤੂੰ ਪਰੇ ਤੋਂ ਪਰੇ ਹੈਂ, ਤੂੰ ਬਹੁਤ ਅਥਾਹ ਹੈਂ, ਤੂੰ ਪਾਣੀ ਵਿਚ ਧਰਤੀ ਵਿਚ ਹਰ ਥਾਂ ਵਿਆਪਕ ਹੈਂ। ਹੇ ਹਰੀ! ਇਹ ਸਾਰੀ ਜਗਤ-ਉਤਪੱਤੀ ਸਿਰਫ਼ ਤੇਰੀ ਹੀ ਹੈ। (ਇਸ ਸ੍ਰਿਸ਼ਟੀ ਬਾਰੇ) ਤੂੰ ਸਾਰੇ ਢੰਗ ਜਾਣਦਾ ਹੈਂ, ਤੂੰ ਆਪ ਹੀ ਸਮਝਦਾ ਹੈਂ। ਹੇ ਦਾਸ ਨਾਨਕ ਦੇ ਪ੍ਰਭੂ! ਤੂੰ ਹਰੇਕ ਸਰੀਰ ਵਿਚ ਹਰੇਕ ਸਰੀਰ ਵਿਚ ਮੌਜੂਦ ਹੈਂ।2।4।10। ਕਾਨੜਾ ਮਹਲਾ ੪ ॥ ਜਪਿ ਮਨ ਗੋਬਿਦ ਮਾਧੋ ॥ ਹਰਿ ਹਰਿ ਅਗਮ ਅਗਾਧੋ ॥ ਮਤਿ ਗੁਰਮਤਿ ਹਰਿ ਪ੍ਰਭੁ ਲਾਧੋ ॥ ਧੁਰਿ ਹੋ ਹੋ ਲਿਖੇ ਲਿਲਾਧੋ ॥੧॥ ਰਹਾਉ ॥ ਬਿਖੁ ਮਾਇਆ ਸੰਚਿ ਬਹੁ ਚਿਤੈ ਬਿਕਾਰ ਸੁਖੁ ਪਾਈਐ ਹਰਿ ਭਜੁ ਸੰਤ ਸੰਤ ਸੰਗਤੀ ਮਿਲਿ ਸਤਿਗੁਰੂ ਗੁਰੁ ਸਾਧੋ ॥ ਜਿਉ ਛੁਹਿ ਪਾਰਸ ਮਨੂਰ ਭਏ ਕੰਚਨ ਤਿਉ ਪਤਿਤ ਜਨ ਮਿਲਿ ਸੰਗਤੀ ਸੁਧ ਹੋਵਤ ਗੁਰਮਤੀ ਸੁਧ ਹਾਧੋ ॥੧॥ ਜਿਉ ਕਾਸਟ ਸੰਗਿ ਲੋਹਾ ਬਹੁ ਤਰਤਾ ਤਿਉ ਪਾਪੀ ਸੰਗਿ ਤਰੇ ਸਾਧ ਸਾਧ ਸੰਗਤੀ ਗੁਰ ਸਤਿਗੁਰੂ ਗੁਰ ਸਾਧੋ ॥ ਚਾਰਿ ਬਰਨ ਚਾਰਿ ਆਸ੍ਰਮ ਹੈ ਕੋਈ ਮਿਲੈ ਗੁਰੂ ਗੁਰ ਨਾਨਕ ਸੋ ਆਪਿ ਤਰੈ ਕੁਲ ਸਗਲ ਤਰਾਧੋ ॥੨॥੫॥੧੧॥ {ਪੰਨਾ 1297} ਪਦ ਅਰਥ: ਜਪਿ = ਜਪਿਆ ਕਰ। ਮਨ = ਹੇ ਮਨ! ਮਾਧੋ = ਮਾਧਵ, ਮਾਇਆ ਦਾ ਪਤੀ (ਮਾ-ਧਵ = ਧਵ = ਪਤੀ। ਮਾ = ਮਾਇਆ) । ਅਗਮ = ਅਪਹੁੰਚ। ਅਗਾਧੋ = ਅਥਾਹ। ਲਾਧੋ = ਲੱਭ ਪੈਂਦਾ ਹੈ। ਹੋ = ਹੇ ਭਾਈ! ਧੁਰਿ = ਧੁਰ ਦਰਗਾਹ ਤੋਂ। ਲਿਲਾਧੋ = ਲਿਲਾਟ ਉੱਤੇ, ਮੱਥੇ ਉੱਤੇ।1। ਰਹਾਉ। ਬਿਖੁ = ਆਤਮਕ ਮੌਤ ਲਿਆਉਣ ਵਾਲਾ ਜ਼ਹਰ। ਸੰਚਿ = ਇਕੱਠੀ ਕਰ ਕੇ। ਚਿਤੈ = ਚਿਤਵੈ, ਚਿਤਵਦਾ ਹੈ। ਮਿਲਿ = ਮਿਲ ਕੇ। ਛੁਹਿ = ਛੁਹ ਕੇ। ਮਨੂਰ = ਸੜਿਆ ਹੋਇਆ ਲੋਹਾ। ਕੰਚਨ = ਸੋਨਾ। ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ। ਸੁਧ = ਪਵਿੱਤਰ। ਸੁਧ ਹਾਧੋ = ਸੁੱਧ ਹੋ ਜਾਂਦੇ ਹਨ।1। ਕਾਸਟ ਸੰਗਿ = ਕਾਠ ਨਾਲ, ਬੇੜੀ ਦੀ ਸੰਗਤਿ ਵਿਚ। ਚਾਰਿ ਬਰਨ = ਬ੍ਰਾਹਮਣ, ਖੱਤ੍ਰੀ, ਵੈਸ਼, ਸ਼ੂਦਰ। ਚਾਰਿ ਆਸ੍ਰਮ = ਬ੍ਰਹਮ ਚਰਜ, ਗ੍ਰਿਹਸਤ, ਵਾਨਪ੍ਰਸਤ, ਸੰਨਿਆਸ।2। ਅਰਥ: ਹੇ ਮਨ! ਮਾਇਆ ਦੇ ਪਤੀ ਗੋਬਿੰਦ ਦਾ ਨਾਮ ਜਪਿਆ ਕਰੋ, ਜੋ ਅਪਹੁੰਚ ਹੈ ਤੇ ਅਥਾਹ ਹੈ। ਹੇ ਭਾਈ! ਜਿਸ ਮਨੁੱਖ ਦੇ ਮੱਥੇ ਤੇ ਧੁਰ ਦਰਗਾਹ ਤੋਂ (ਪ੍ਰਭੂ-ਮਿਲਾਪ ਦਾ ਲੇਖ) ਲਿਖਿਆ ਹੁੰਦਾ ਹੈ, ਉਸ ਨੂੰ ਗੁਰੂ ਦੀ ਮਤਿ ਦੀ ਰਾਹੀਂ ਪਰਮਾਤਮਾ ਲੱਭ ਪੈਂਦਾ ਹੈ।1। ਰਹਾਉ। ਹੇ ਭਾਈ! ਆਤਮਕ ਮੌਤ ਲਿਆਉਣ ਵਾਲੀ ਮਾਇਆ ਨੂੰ ਇਕੱਠੀ ਕਰ ਕੇ ਮਨੁੱਖ ਅਨੇਕਾਂ ਵਿਕਾਰ ਚਿਤਵਨ ਲੱਗ ਪੈਂਦਾ ਹੈ। ਹੇ ਭਾਈ! ਸਾਧ ਸੰਗਤਿ ਵਿਚ ਮਿਲ ਕੇ, ਗੁਰੂ ਸਤਿਗੁਰੂ ਨੂੰ ਮਿਲ ਕੇ ਹਰਿ-ਨਾਮ ਦਾ ਭਜਨ ਕਰਿਆ ਕਰ (ਇਸ ਤਰ੍ਹਾਂ ਹੀ) ਸੁਖ ਮਿਲ ਸਕਦਾ ਹੈ। ਹੇ ਭਾਈ! ਜਿਵੇਂ ਪਾਰਸ ਨਾਲ ਛੁਹ ਕੇ ਸੜਿਆ ਹੋਇਆ ਲੋਹਾ ਸੋਨਾ ਬਣ ਜਾਂਦਾ ਹੈ; ਤਿਵੇਂ ਹੀ ਵਿਕਾਰੀ ਮਨੁੱਖ ਸਾਧ ਸੰਗਤਿ ਵਿਚ ਮਿਲ ਕੇ, ਗੁਰੂ ਦੀ ਮਤਿ ਲੈ ਕੇ, ਸੁੱਚੇ ਜੀਵਨ ਵਾਲੇ ਬਣ ਜਾਂਦੇ ਹਨ।1। ਹੇ ਭਾਈ! ਜਿਵੇਂ ਕਾਠ (ਬੇੜੀ) ਦੀ ਸੰਗਤਿ ਵਿਚ ਬਹੁਤ ਲੋਹਾ (ਨਦੀ ਤੋਂ) ਪਾਰ ਲੰਘ ਜਾਂਦਾ ਹੈ, ਤਿਵੇਂ ਵਿਕਾਰੀ ਮਨੁੱਖ ਭੀ ਸਾਧ ਸੰਗਤਿ ਵਿਚ ਗੁਰੂ ਦੀ ਸੰਗਤਿ ਵਿਚ ਰਹਿ ਕੇ (ਸੰਸਾਰ-ਸਮੁੰਦਰ ਤੋਂ) ਤਰ ਜਾਂਦੇ ਹਨ। ਹੇ ਨਾਨਕ! (ਬ੍ਰਾਹਮਣ ਖੱਤ੍ਰੀ ਆਦਿਕ) ਚਾਰ ਵਰਨ (ਪ੍ਰਸਿੱਧ) ਹਨ, (ਬ੍ਰਹਮ ਚਰਜ ਆਦਿਕ) ਚਾਰ ਆਸ਼੍ਰਮ (ਪ੍ਰਸਿੱਧ) ਹਨ, (ਇਹਨਾਂ ਵਿਚੋਂ) ਜਿਹੜਾ ਭੀ ਕੋਈ ਗੁਰੂ ਨੂੰ ਮਿਲਦਾ ਹੈ, ਉਹ ਆਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ, ਅਤੇ ਆਪਣੀਆਂ ਸਾਰੀਆਂ ਕੁਲਾਂ ਨੂੰ ਭੀ ਪਾਰ ਲੰਘਾ ਲੈਂਦਾ ਹੈ।2।5।11। ਕਾਨੜਾ ਮਹਲਾ ੪ ॥ ਹਰਿ ਜਸੁ ਗਾਵਹੁ ਭਗਵਾਨ ॥ ਜਸੁ ਗਾਵਤ ਪਾਪ ਲਹਾਨ ॥ ਮਤਿ ਗੁਰਮਤਿ ਸੁਨਿ ਜਸੁ ਕਾਨ ॥ ਹਰਿ ਹੋ ਹੋ ਕਿਰਪਾਨ ॥੧॥ ਰਹਾਉ ॥ ਤੇਰੇ ਜਨ ਧਿਆਵਹਿ ਇਕ ਮਨਿ ਇਕ ਚਿਤਿ ਤੇ ਸਾਧੂ ਸੁਖ ਪਾਵਹਿ ਜਪਿ ਹਰਿ ਹਰਿ ਨਾਮੁ ਨਿਧਾਨ ॥ ਉਸਤਤਿ ਕਰਹਿ ਪ੍ਰਭ ਤੇਰੀਆ ਮਿਲਿ ਸਾਧੂ ਸਾਧ ਜਨਾ ਗੁਰ ਸਤਿਗੁਰੂ ਭਗਵਾਨ ॥੧॥ ਜਿਨ ਕੈ ਹਿਰਦੈ ਤੂ ਸੁਆਮੀ ਤੇ ਸੁਖ ਫਲ ਪਾਵਹਿ ਤੇ ਤਰੇ ਭਵ ਸਿੰਧੁ ਤੇ ਭਗਤ ਹਰਿ ਜਾਨ ॥ ਤਿਨ ਸੇਵਾ ਹਮ ਲਾਇ ਹਰੇ ਹਮ ਲਾਇ ਹਰੇ ਜਨ ਨਾਨਕ ਕੇ ਹਰਿ ਤੂ ਤੂ ਤੂ ਤੂ ਤੂ ਭਗਵਾਨ ॥੨॥੬॥੧੨॥ {ਪੰਨਾ 1297-1298} ਪਦ ਅਰਥ: ਜਸੁ = ਸਿਫ਼ਤਿ-ਸਾਲਾਹ। ਗਾਵਤ = ਗਾਂਦਿਆਂ। ਲਹਾਨ = ਲਹਿ ਜਾਂਦੇ ਹਨ। ਸੁਨਿ = ਸੁਣਿਆ ਕਰ। ਕਾਨ = ਕੰਨਾਂ ਨਾਲ। ਹੋ = ਹੇ ਭਾਈ! ਕਿਰਪਾਲ = ਦਇਆਵਾਨ।1। ਰਹਾਉ। ਧਿਆਵਹਿ = ਧਿਆਉਂਦੇ ਹਨ (ਬਹੁ-ਵਚਨ) । ਇਕ ਮਨਿ = ਇਕ ਮਨ ਨਾਲ। ਇਕ ਚਿਤਿ = ਇਕ ਚਿੱਤ ਨਾਲ। ਤੇ ਸਾਧੂ = ਉਹ ਭਲੇ ਮਨੁੱਖ। ਜਪਿ = ਜਪ ਕੇ। ਨਿਧਾਨ = (ਸੁਖਾਂ ਦਾ) ਖ਼ਜ਼ਾਨਾ। ਕਰਹਿ = ਕਰਦੇ ਹਨ (ਬਹੁ-ਵਚਨ) । ਪ੍ਰਭ = ਹੇ ਪ੍ਰਭੂ! ਮਿਲਿ = ਮਿਲ ਕੇ। ਭਗਵਾਨ = ਹੇ ਭਗਵਾਨ!।1। ਕੈ ਹਿਰਦੈ = ਦੇ ਹਿਰਦੇ ਵਿਚ। ਸੁਆਮੀ = ਹੇ ਸੁਆਮੀ! ਤੇ = ਉਹ (ਬਹੁ-ਵਚਨ) । ਭਵ ਸਿੰਧੁ = ਸੰਸਾਰ-ਸਮੁੰਦਰ। ਜਾਨ = ਜਾਣੋ। ਹਮ = ਅਸਾਨੂੰ, ਮੈਨੂੰ।2। ਅਰਥ: ਹੇ ਭਾਈ! ਹਰੀ ਦੇ ਭਗਵਾਨ ਦੇ ਗੁਣ ਗਾਇਆ ਕਰੋ। (ਹਰੀ ਦੇ) ਗੁਣ ਗਾਂਦਿਆਂ ਪਾਪ ਦੂਰ ਹੋ ਜਾਂਦੇ ਹਨ। ਹੇ ਭਾਈ! ਗੁਰੂ ਦੀ ਮਤਿ ਲੈ ਕੇ (ਆਪਣੇ) ਕੰਨਾਂ ਨਾਲ ਹਰੀ ਦੀ ਸਿਫ਼ਤਿ-ਸਾਲਾਹ ਸੁਣਿਆ ਕਰ, ਹਰਿ ਦਇਆਵਾਨ ਹੋ ਜਾਂਦਾ ਹੈ।1। ਰਹਾਉ। ਹੇ ਪ੍ਰਭੂ! ਤੇਰੇ ਸੇਵਕ ਇਕ-ਮਨ ਇਕ-ਚਿੱਤ ਹੋ ਕੇ ਤੇਰਾ ਧਿਆਨ ਕਰਦੇ ਹਨ, ਸੁਖਾਂ ਦਾ ਖ਼ਜ਼ਾਨਾ ਤੇਰਾ ਨਾਮ ਜਪ ਜਪ ਕੇ ਉਹ ਗੁਰਮੁਖ ਮਨੁੱਖ ਆਤਮਕ ਆਨੰਦ ਮਾਣਦੇ ਹਨ। ਹੇ ਪ੍ਰਭੂ! ਹੇ ਭਗਵਾਨ! ਤੇਰੇ ਸੰਤ ਜਨ ਗੁਰੂ ਸਤਿਗੁਰੂ ਨੂੰ ਮਿਲ ਕੇ ਤੇਰੀ ਸਿਫ਼ਤਿ-ਸਾਲਾਹ ਕਰਦੇ ਰਹਿੰਦੇ ਹਨ।1। ਹੇ ਮਾਲਕ! ਜਿਨ੍ਹਾਂ ਦੇ ਹਿਰਦੇ ਵਿਚ ਤੂੰ ਵੱਸ ਪੈਂਦਾ ਹੈਂ, ਉਹ ਆਤਮਕ ਆਨੰਦ ਦਾ ਫਲ ਹਾਸਲ ਕਰਦੇ ਹਨ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ। ਹੇ ਭਾਈ! ਉਹਨਾਂ ਨੂੰ ਭੀ ਹਰੀ ਦੇ ਭਗਤ ਜਾਣੋ। ਹੇ ਹਰੀ! ਹੇ ਦਾਸ ਨਾਨਕ ਦੇ ਭਗਵਾਨ! ਮੈਨੂੰ (ਆਪਣੇ) ਉਹਨਾਂ ਸੰਤ ਜਨਾਂ ਦੀ ਸੇਵਾ ਵਿਚ ਲਾਈ ਰੱਖ, ਸੇਵਾ ਵਿਚ ਲਾਈ ਰੱਖ।2।6।12। |
Sri Guru Granth Darpan, by Professor Sahib Singh |