ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1316

ਸਲੋਕੁ ਮਃ ੪ ॥ ਭਗਤਿ ਸਰੋਵਰੁ ਉਛਲੈ ਸੁਭਰ ਭਰੇ ਵਹੰਨਿ ॥ ਜਿਨਾ ਸਤਿਗੁਰੁ ਮੰਨਿਆ ਜਨ ਨਾਨਕ ਵਡ ਭਾਗ ਲਹੰਨਿ ॥੧॥ {ਪੰਨਾ 1316}

ਪਦ ਅਰਥ: ਉਛਲੈ = ਉਛਾਲਾ ਆ ਰਿਹਾ ਹੈ। ਸੁਭਰ ਭਰੇ = ਨਕਾ-ਨਕ ਭਰੇ ਹੋਏ। ਵਹੰਨਿ = ਵਹਿ ਰਹੇ ਹਨ, ਵਗ ਰਹੇ ਹਨ। ਮੰਨਿਆ = ਸਰਧਾ ਲਿਆਂਦੀ। ਲਹੰਨਿ = ਲੱਭ ਲੈਂਦੇ ਹਨ।

ਅਰਥ: ਹੇ ਭਾਈ! ਗੁਰੂ (ਇਕ ਐਸਾ) ਸਰੋਵਰ ਹੈ ਜਿਸ ਵਿਚ ਭਗਤੀ ਉਛਾਲੇ ਮਾਰ ਰਹੀ ਹੈ, (ਗੁਰੂ ਇਕ ਐਸਾ ਦਰੀਆ ਹੈ ਜਿਸ ਵਿਚ ਪਰਮਾਤਮਾ ਦੀ ਸਿਫ਼ਤਿ-ਸਾਲਾਹ) ਨਾਲ ਨਕਾ-ਨਕ ਭਰੇ ਹੋਏ ਵਹਿਣ ਚੱਲ ਰਹੇ ਹਨ। ਹੇ ਦਾਸ ਨਾਨਕ! (ਆਖ– ਹੇ ਭਾਈ!) ਜਿਹੜੇ ਮਨੁੱਖ ਗੁਰੂ ਵਿਚ ਸਰਧਾ ਬਣਾਂਦੇ ਹਨ ਉਹ ਵੱਡੇ ਭਾਗਾਂ ਨਾਲ (ਪਰਮਾਤਮਾ ਦੇ ਗੁਣਾਂ ਦੇ ਮੋਤੀ) ਲੱਭ ਲੈਂਦੇ ਹਨ।1।

ਮਃ ੪ ॥ ਹਰਿ ਹਰਿ ਨਾਮ ਅਸੰਖ ਹਰਿ ਹਰਿ ਕੇ ਗੁਨ ਕਥਨੁ ਨ ਜਾਹਿ ॥ ਹਰਿ ਹਰਿ ਅਗਮੁ ਅਗਾਧਿ ਹਰਿ ਜਨ ਕਿਤੁ ਬਿਧਿ ਮਿਲਹਿ ਮਿਲਾਹਿ ॥ ਹਰਿ ਹਰਿ ਜਸੁ ਜਪਤ ਜਪੰਤ ਜਨ ਇਕੁ ਤਿਲੁ ਨਹੀ ਕੀਮਤਿ ਪਾਇ ॥ ਜਨ ਨਾਨਕ ਹਰਿ ਅਗਮ ਪ੍ਰਭ ਹਰਿ ਮੇਲਿ ਲੈਹੁ ਲੜਿ ਲਾਇ ॥੨॥ {ਪੰਨਾ 1316}

ਪਦ ਅਰਥ: ਅਸੰਖ = ਅਣਗਿਣਤ। ਕਥਨੁ ਨ ਜਾਹਿ = ਬਿਆਨ ਨਹੀਂ ਕੀਤੇ ਜਾ ਸਕਦੇ। ਅਗਮੁ = ਅਪਹੁੰਚ। ਅਗਾਧਿ = ਅਥਾਹ (ਸਮੁੰਦਰ) । ਕਿਤੁ ਬਿਧਿ = ਕਿਸ ਤਰੀਕੇ ਨਾਲ? ਮਿਲਹਿ = (ਆਪ) ਮਿਲਦੇ ਹਨ। ਮਿਲਾਹਿ = (ਹੋਰਨਾਂ ਨੂੰ) ਮਿਲਾਂਦੇ ਹਨ। ਜਸੁ = ਸਿਫ਼ਤਿ-ਸਾਲਾਹ ਦਾ ਗੀਤ। ਜਪਤੁ = ਜਪਦਿਆਂ। ਜਪੰਤ = (ਹੋਰਨਾਂ ਤੋਂ) ਜਪਾਂਦਿਆਂ। ਨ ਪਾਇ = ਨਹੀਂ ਪੈ ਸਕਦੀ। ਅਗਮ = ਹੇ ਅਪਹੁੰਚ! ਲੜਿ ਲਾਇ = (ਆਪਣੇ) ਪੱਲੇ ਨਾਲ ਲਾ ਕੇ।

ਅਰਥ: ਹੇ ਭਾਈ! ਪਰਮਾਤਮਾ ਦੇ ਨਾਮ ਅਣਗਿਣਤ ਹਨ, ਪਰਮਾਤਮਾ ਦੇ ਗੁਣ (ਭੀ ਬੇਅੰਤ ਹਨ) ਬਿਆਨ ਨਹੀਂ ਕੀਤੇ ਜਾ ਸਕਦੇ, ਪਰਮਾਤਮਾ ਅਪਹੁੰਚ ਹੈ, (ਮਾਨੋ) ਅਥਾਹ (ਸਮੁੰਦਰ) ਹੈ। ਉਸ ਦੇ ਸੇਵਕ ਭਗਤ ਉਸ ਨੂੰ ਕਿਵੇਂ ਮਿਲਦੇ ਹਨ? (ਹੋਰਨਾਂ ਨੂੰ) ਕਿਵੇਂ ਮਿਲਾਂਦੇ ਹਨ? ਹੇ ਭਾਈ! (ਪਰਮਾਤਮਾ ਦੇ ਸੇਵਕ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦਿਆਂ (ਆਪ ਉਸ ਨੂੰ ਮਿਲਦੇ ਹਨ, ਤੇ ਹੋਰਨਾਂ ਤੋਂ) ਜਪਾਂਦਿਆਂ (ਉਹਨਾਂ ਨੂੰ ਭੀ ਉਸ ਨਾਲ ਮਿਲਾਂਦੇ ਹਨ) । (ਪਰ ਪਰਮਾਤਮਾ ਦੇ ਗੁਣਾਂ ਦੀ) ਕੀਮਤ ਰਤਾ ਭਰ ਭੀ ਨਹੀਂ ਪੈ ਸਕਦੀ। (ਹੇ ਭਾਈ! ਉਸ ਦੇ ਦਰ ਤੇ ਅਰਦਾਸ ਹੀ ਕਰਨੀ ਚਾਹੀਦੀ ਹੈ ਕਿ) ਹੇ ਅਪਹੁੰਚ ਹਰੀ ਪ੍ਰਭੂ! ਆਪਣੇ ਦਾਸ ਨਾਨਕ ਨੂੰ ਆਪਣੇ ਲੜ ਲਾ ਕੇ (ਆਪਣੇ ਚਰਨਾਂ ਵਿਚ) ਮਿਲਾ ਲੈ।2।

ਪਉੜੀ ॥ ਹਰਿ ਅਗਮੁ ਅਗੋਚਰੁ ਅਗਮੁ ਹਰਿ ਕਿਉ ਕਰਿ ਹਰਿ ਦਰਸਨੁ ਪਿਖਾ ॥ ਕਿਛੁ ਵਖਰੁ ਹੋਇ ਸੁ ਵਰਨੀਐ ਤਿਸੁ ਰੂਪੁ ਨ ਰਿਖਾ ॥ ਜਿਸੁ ਬੁਝਾਏ ਆਪਿ ਬੁਝਾਇ ਦੇਇ ਸੋਈ ਜਨੁ ਦਿਖਾ ॥ ਸਤਸੰਗਤਿ ਸਤਿਗੁਰ ਚਟਸਾਲ ਹੈ ਜਿਤੁ ਹਰਿ ਗੁਣ ਸਿਖਾ ॥ ਧਨੁ ਧੰਨੁ ਸੁ ਰਸਨਾ ਧੰਨੁ ਕਰ ਧੰਨੁ ਸੁ ਪਾਧਾ ਸਤਿਗੁਰੂ ਜਿਤੁ ਮਿਲਿ ਹਰਿ ਲੇਖਾ ਲਿਖਾ ॥੮॥ {ਪੰਨਾ 1316}

ਪਦ ਅਰਥ: ਅਗੋਚਰੁ = (ਅ-ਗੋ-ਚਰੁ) ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਾ ਹੋ ਸਕੇ। ਕਿਉਕਰਿ = ਕਿਵੇਂ? ਪਿਖਾ = ਪਿਖਾਂ, ਮੈਂ ਵੇਖਾਂ। ਵਖਰੁ = (ਰੂਪ ਰੇਖਾ ਵਾਲੀ ਕੋਈ) ਚੀਜ਼। ਸੁ = ਉਹ। ਵਰਨੀਐ = ਬਿਆਨ ਕੀਤਾ ਜਾ ਸਕਦਾ ਹੈ। ਰਿਖਾ = ਰੇਖਾ। ਬੁਝਾਏ = ਸਮਝਾਏ। ਬੁਝਾਇ = ਸਮਝ। ਦੇਇ = ਦੇ ਕੇ। ਦਿਖਾ = ਵੇਖਦਾ ਹੈ। ਚਟਸਾਲ = ਪਾਠਸ਼ਾਲਾ। ਜਿਤੁ = ਜਿਸ ਵਿਚ। ਸਿਖਾ = ਸਿੱਖੇ ਜਾ ਸਕਦੇ ਹਨ। ਰਸਨਾ = ਜੀਭ। ਕਰ = ਹੱਥ (ਬਹੁ-ਵਚਨ) । ਪਾਧਾ = ਅਧਿਆਪਕ। ਜਿਤੁ = ਜਿਸ ਦੀ ਰਾਹੀਂ। ਮਿਲਿ ਹਰਿ = ਹਰੀ ਨੂੰ ਮਿਲ ਕੇ। ਲਿਖਾ = ਲਿਖਿਆ ਜਾ ਸਕਦਾ ਹੈ।

ਅਰਥ: ਹੇ ਭਾਈ! ਮੈਂ ਪਰਮਾਤਮਾ ਦਾ ਦਰਸਨ ਕਿਵੇਂ ਕਰ ਸਕਦਾ ਹਾਂ? ਉਹ ਤਾਂ ਅਪਹੁੰਚ ਹੈ, ਉਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਜੇ ਕੋਈ ਖ਼ਰੀਦਿਆ ਜਾ ਸਕਣ ਵਾਲਾ ਪਦਾਰਥ ਹੋਵੇ ਤਾਂ (ਉਸ ਦਾ ਰੂਪ ਰੇਖ) ਬਿਆਨ ਕੀਤਾ ਜਾ ਸਕਦਾ ਹੈ, ਪਰ ਉਸ ਪਰਮਾਤਮਾ ਦਾ ਨਾਹ ਕੋਈ ਰੂਪ ਹੈ ਨਾਹ ਰੇਖਾ ਹੈ। ਉਹੀ ਮਨੁੱਖ ਉਸ ਦਾ ਦਰਸਨ ਕਰ ਸਕਦਾ ਹੈ ਜਿਸ ਨੂੰ ਪ੍ਰਭੂ ਆਪ ਮਤਿ ਦੇ ਕੇ ਸਮਝਾਂਦਾ ਹੈ। (ਤੇ, ਇਹ ਮਤਿ ਮਿਲਦੀ ਹੈ ਸਾਧ ਸੰਗਤਿ ਵਿਚ) ਸਾਧ ਸੰਗਤਿ ਸਤਿਗੁਰੂ ਦੀ ਪਾਠਸ਼ਾਲਾ ਹੈ ਜਿਸ ਵਿਚ ਪਰਮਾਤਮਾ ਦੇ ਗੁਣ ਸਿੱਖੇ ਜਾ ਸਕਦੇ ਹਨ। ਹੇ ਭਾਈ! ਧੰਨ ਹੈ ਉਹ ਜੀਭ (ਜਿਹੜੀ ਪਰਮਾਤਮਾ ਦਾ ਨਾਮ ਜਪਦੀ ਹੈ) ਧੰਨ ਹਨ ਉਹ ਹੱਥ (ਜਿਹੜੇ ਸਾਧ ਸੰਗਤਿ ਵਿਚ ਪੱਖੇ ਆਦਿਕ ਦੀ ਸੇਵਾ ਕਰਦੇ ਹਨ) ਧੰਨ ਹੈ ਉਹ ਪਾਂਧਾ ਗੁਰੂ ਜਿਸ ਦੀ ਰਾਹੀਂ ਪਰਮਾਤਮਾ ਨੂੰ ਮਿਲ ਕੇ ਉਸ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਕਰੀਦੀਆਂ ਹਨ।8।

ਸਲੋਕ ਮਃ ੪ ॥ ਹਰਿ ਹਰਿ ਨਾਮੁ ਅੰਮ੍ਰਿਤੁ ਹੈ ਹਰਿ ਜਪੀਐ ਸਤਿਗੁਰ ਭਾਇ ॥ ਹਰਿ ਹਰਿ ਨਾਮੁ ਪਵਿਤੁ ਹੈ ਹਰਿ ਜਪਤ ਸੁਨਤ ਦੁਖੁ ਜਾਇ ॥ ਹਰਿ ਨਾਮੁ ਤਿਨੀ ਆਰਾਧਿਆ ਜਿਨ ਮਸਤਕਿ ਲਿਖਿਆ ਧੁਰਿ ਪਾਇ ॥ ਹਰਿ ਦਰਗਹ ਜਨ ਪੈਨਾਈਅਨਿ ਜਿਨ ਹਰਿ ਮਨਿ ਵਸਿਆ ਆਇ ॥ ਜਨ ਨਾਨਕ ਤੇ ਮੁਖ ਉਜਲੇ ਜਿਨ ਹਰਿ ਸੁਣਿਆ ਮਨਿ ਭਾਇ ॥੧॥ {ਪੰਨਾ 1316}

ਪਦ ਅਰਥ: ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਜਲ। ਭਾਇ = ਪ੍ਰੇਮ ਵਿਚ। ਸਤਿਗੁਰ ਭਾਇ = ਗੁਰੂ ਦੇ ਅਨੁਸਾਰ (ਰਹਿ ਕੇ) । ਪਵਿਤੁ = (ਜੀਵਨ ਨੂੰ) ਸੁੱਚਾ ਕਰਨ ਵਾਲਾ। ਜਾਇ = ਦੂਰ ਹੋ ਜਾਂਦਾ ਹੈ। ਮਸਤਕਿ = ਮੱਥੇ ਉਤੇ। ਜਿਨ ਪਾਇ = ਜਿਨ੍ਹਾਂ ਨੇ ਪ੍ਰਾਪਤ ਕੀਤਾ। ਲਿਖਿਆ ਧੁਰਿ = ਧੁਰ ਤੋਂ ਲਿਖਿਆ ਲੇਖ। ਪੈਨਾਈਅਨਿ = (ਵਰਤਮਾਨ ਕਾਲ, ਕਰਮ ਵਾਚ, ਅੱਨ ਪੁਰਖ, ਬਹੁ-ਵਚਨ) ਪੈਨਾਏ ਜਾਂਦੇ ਹਨ, ਸਤਕਾਰੇ ਜਾਂਦੇ ਹਨ। ਮਨਿ = ਮਨ ਵਿਚ। ਆਇ = ਆ ਕੇ। ਤੇ = ਉਹ ਬੰਦੇ। ਮੁਖ ਉਜਲੇ = ਉੱਜਲ ਮੁਖ ਵਾਲੇ, ਸੁਰਖ਼ਰੂ। ਭਾਇ = ਪਿਆਰ ਨਾਲ।

ਅਰਥ: ਹੇ ਭਾਈ! ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਜਲ ਹੈ (ਪਰ ਇਹ ਨਾਮ) ਗੁਰੂ ਦੇ ਅਨੁਸਾਰ ਰਹਿ ਕੇ ਜਪਿਆ ਜਾ ਸਕਦਾ ਹੈ। ਪ੍ਰਭੂ ਦਾ ਨਾਮ ਜੀਵਨ ਨੂੰ ਸੁੱਚਾ ਕਰਨ ਵਾਲਾ ਹੈ, ਇਸ ਨੂੰ ਜਪਦਿਆਂ ਸੁਣਦਿਆਂ (ਹਰੇਕ) ਦੁੱਖ ਦੂਰ ਹੋ ਜਾਂਦਾ ਹੈ, (ਪਰ ਇਹ) ਹਰਿ-ਨਾਮ ਉਹਨਾਂ ਮਨੁੱਖਾਂ ਨੇ ਹੀ ਸਿਮਰਿਆ ਹੈ ਜਿਨ੍ਹਾਂ ਨੇ (ਪਿਛਲੇ ਕੀਤੇ ਕਰਮਾਂ ਅਨੁਸਾਰ) ਮੱਥੇ ਉਤੇ ਧੁਰੋਂ ਲਿਖਿਆ ਲੇਖ ਪ੍ਰਾਪਤ ਕੀਤਾ ਹੈ। ਜਿਨ੍ਹਾਂ ਦੇ ਮਨ ਵਿਚ ਪਰਮਾਤਮਾ ਆ ਵੱਸਦਾ ਹੈ, ਪਰਮਾਤਮਾ ਦੀ ਹਜ਼ੂਰੀ ਵਿਚ ਉਹਨਾਂ ਨੂੰ ਆਦਰ ਮਿਲਦਾ ਹੈ। ਹੇ ਦਾਸ ਨਾਨਕ! (ਆਖ– ਹੇ ਭਾਈ!) ਜਿਨ੍ਹਾਂ ਮਨੁੱਖਾਂ ਨੇ ਪ੍ਰੇਮ ਨਾਲ ਆਪਣੇ ਮਨ ਵਿਚ ਪਰਮਾਤਮਾ (ਦਾ ਨਾਮ) ਸੁਣਿਆ ਹੈ ਉਹ (ਲੋਕ ਪਰਲੋਕ ਵਿਚ) ਸੁਰਖ਼ਰੂ ਹੁੰਦੇ ਹਨ।1।

ਮਃ ੪ ॥ ਹਰਿ ਹਰਿ ਨਾਮੁ ਨਿਧਾਨੁ ਹੈ ਗੁਰਮੁਖਿ ਪਾਇਆ ਜਾਇ ॥ ਜਿਨ ਧੁਰਿ ਮਸਤਕਿ ਲਿਖਿਆ ਤਿਨ ਸਤਿਗੁਰੁ ਮਿਲਿਆ ਆਇ ॥ ਤਨੁ ਮਨੁ ਸੀਤਲੁ ਹੋਇਆ ਸਾਂਤਿ ਵਸੀ ਮਨਿ ਆਇ ॥ ਨਾਨਕ ਹਰਿ ਹਰਿ ਚਉਦਿਆ ਸਭੁ ਦਾਲਦੁ ਦੁਖੁ ਲਹਿ ਜਾਇ ॥੨॥ {ਪੰਨਾ 1316}

ਪਦ ਅਰਥ: ਨਿਧਾਨੁ = ਖ਼ਜ਼ਾਨਾ। ਗੁਰਮੁਖਿ = ਗੁਰੂ ਦੀ ਸਰਨ ਪਿਆਂ। ਮਸਤਕਿ = ਮੱਥੇ ਉਤੇ। ਸੀਤਲੁ = ਠੰਢਾ-ਠਾਰ। ਮਨਿ = ਮਨ ਵਿਚ। ਚਉਦਿਆ = ਉਚਾਰਦਿਆਂ, ਸਿਮਰਦਿਆਂ, ਜਪਦਿਆਂ। ਦਾਲਦੁ = ਦਰਿੱਦ੍ਰ।

ਅਰਥ: ਹੇ ਭਾਈ! ਪਰਮਾਤਮਾ ਦਾ ਨਾਮ (ਸਾਰੇ ਸੁਖਾਂ ਦਾ) ਖ਼ਜ਼ਾਨਾ ਹੈ, (ਪਰ) ਇਹ ਮਿਲਦਾ ਹੈ ਗੁਰੂ ਦੀ ਸਰਨ ਪਿਆਂ। ਤੇ, ਗੁਰੂ ਮਿਲਦਾ ਹੈ ਉਹਨਾਂ ਮਨੁੱਖਾਂ ਨੂੰ, ਜਿਨ੍ਹਾਂ ਦੇ ਮੱਥੇ ਉਤੇ (ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਗੁਰੂ-ਮਿਲਾਪ ਦਾ) ਲੇਖ ਲਿਖਿਆ ਹੁੰਦਾ ਹੈ। ਉਹਨਾਂ ਦੇ ਮਨ ਵਿਚ ਸ਼ਾਂਤੀ ਬਣੀ ਰਹਿੰਦੀ ਹੈ ਉਹਨਾਂ ਦਾ ਮਨ ਉਹਨਾਂ ਦਾ ਤਨ ਠੰਢਾ-ਠਾਰ ਟਿਕਿਆ ਰਹਿੰਦਾ ਹੈ (ਉਹਨਾਂ ਦੇ ਅੰਦਰ ਵਿਕਾਰਾਂ ਦੀ ਤਪਸ਼ ਨਹੀਂ ਹੁੰਦੀ) ।

ਹੇ ਨਾਨਕ! (ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦਾ ਨਾਮ ਜਪਦਿਆਂ ਹਰੇਕ ਦੁੱਖ ਹਰੇਕ ਦਰਿੱਦ੍ਰ ਦੂਰ ਹੋ ਜਾਂਦਾ ਹੈ।2।

ਪਉੜੀ ॥ ਹਉ ਵਾਰਿਆ ਤਿਨ ਕਉ ਸਦਾ ਸਦਾ ਜਿਨਾ ਸਤਿਗੁਰੁ ਮੇਰਾ ਪਿਆਰਾ ਦੇਖਿਆ ॥ ਤਿਨ ਕਉ ਮਿਲਿਆ ਮੇਰਾ ਸਤਿਗੁਰੂ ਜਿਨ ਕਉ ਧੁਰਿ ਮਸਤਕਿ ਲੇਖਿਆ ॥ ਹਰਿ ਅਗਮੁ ਧਿਆਇਆ ਗੁਰਮਤੀ ਤਿਸੁ ਰੂਪੁ ਨਹੀ ਪ੍ਰਭ ਰੇਖਿਆ ॥ ਗੁਰ ਬਚਨਿ ਧਿਆਇਆ ਜਿਨਾ ਅਗਮੁ ਹਰਿ ਤੇ ਠਾਕੁਰ ਸੇਵਕ ਰਲਿ ਏਕਿਆ ॥ ਸਭਿ ਕਹਹੁ ਮੁਖਹੁ ਨਰ ਨਰਹਰੇ ਨਰ ਨਰਹਰੇ ਨਰ ਨਰਹਰੇ ਹਰਿ ਲਾਹਾ ਹਰਿ ਭਗਤਿ ਵਿਸੇਖਿਆ ॥੯॥ {ਪੰਨਾ 1316}

ਪਦ ਅਰਥ: ਹਉ = ਹਉਂ, ਮੈਂ। ਵਾਰਿਆ = ਕੁਰਬਾਨ, ਸਦਕੇ। ਧੁਰਿ = ਧੁਰ ਤੋਂ। ਮਸਤਕਿ = ਮੱਥੇ ਉਤੇ। ਲੇਖਿਆ = ਲਿਖਿਆ। ਅਗਮੁ = ਅਪਹੁੰਚ। ਗੁਰਮਤੀ = ਗੁਰੂ ਦੀ ਮਤਿ ਦੀ ਰਾਹੀਂ। ਰੇਖਿਆ = ਰੇਖਾ, ਚਿਹਨ, ਨਿਸ਼ਾਨ। ਗੁਰ ਬਚਨਿ = ਗੁਰੂ ਦੇ ਬਚਨ ਦੀ ਰਾਹੀਂ, ਗੁਰੂ ਦੇ ਹੁਕਮ ਵਿਚ ਤੁਰ ਕੇ। ਤੇ ਠਾਕੁਰ ਸੇਵਕ = ਠਾਕੁਰ ਦੇ ਉਹ ਸੇਵਕ। ਰਲਿ = (ਠਾਕੁਰ ਵਿਚ) ਮਿਲ ਕੇ। ਸਭਿ = ਸਾਰੇ। ਨਰਹਰੇ = ਜੀਵਾਂ ਦਾ ਮਾਲਕ। ਲਾਹਾ = ਲਾਭ, ਨਫ਼ਾ। ਵਿਸੇਖਿਆ = ਵਿਸ਼ੇਸ਼, ਉਚੇਚਾ, ਵਧੀਆ।

ਅਰਥ: ਹੇ ਭਾਈ! ਮੈਂ ਸਦਕੇ ਜਾਂਦਾ ਹਾਂ ਸਦਾ ਹੀ ਉਹਨਾਂ (ਮਨੁੱਖਾਂ) ਤੋਂ, ਜਿਨ੍ਹਾਂ ਨੇ ਮੇਰੇ ਪਿਆਰੇ ਗੁਰੂ ਦਾ ਦਰਸਨ (ਸਦਾ) ਕੀਤਾ ਹੈ, (ਪਰ) ਪਿਆਰਾ ਗੁਰੂ ਉਹਨਾਂ ਨੂੰ ਹੀ ਮਿਲਦਾ ਹੈ, ਜਿਨ੍ਹਾਂ ਦੇ ਮੱਥੇ ਉਤੇ (ਉਹਨਾਂ ਦੇ ਪਿਛਲੇ ਕੀਤੇ ਕਰਮਾਂ ਅਨੁਸਾਰ) ਧੁਰ ਦਰਗਾਹ ਤੋਂ (ਗੁਰੂ-ਮਿਲਾਪ ਦਾ) ਲੇਖ ਲਿਖਿਆ ਹੁੰਦਾ ਹੈ। ਉਹ ਮਨੁੱਖ ਗੁਰੂ ਦੀ ਸਿੱਖਿਆ ਉਤੇ ਤੁਰ ਕੇ ਉਸ ਅਪਹੁੰਚ ਪਰਮਾਤਮਾ ਦਾ ਸਿਮਰਨ ਕਰਦੇ ਰਹਿੰਦੇ ਹਨ ਜਿਸ ਦਾ ਕੋਈ ਰੂਪ-ਰੇਖ ਬਿਆਨ ਨਹੀਂ ਕੀਤਾ ਜਾ ਸਕਦਾ। ਹੇ ਭਾਈ! ਜਿਹੜੇ ਮਨੁੱਖ ਗੁਰੂ ਦੇ ਹੁਕਮ ਵਿਚ ਤੁਰ ਕੇ ਉਸ ਅਪਹੁੰਚ ਪਰਮਾਤਮਾ ਦਾ ਧਿਆਨ ਧਰਦੇ ਹਨ, ਪਰਮਾਤਮਾ ਦੇ ਉਹ ਸੇਵਕ (ਪਰਮਾਤਮਾ ਵਿਚ) ਮਿਲ ਕੇ (ਉਸ ਨਾਲ) ਇੱਕ-ਰੂਪ ਹੋ ਜਾਂਦੇ ਹਨ।

ਹੇ ਭਾਈ! ਤੁਸੀਂ ਸਾਰੇ (ਆਪਣੇ) ਮੂੰਹੋਂ ਸਦਾ ਪਰਮਾਤਮਾ ਦਾ ਨਾਮ ਉਚਾਰਦੇ ਰਹੋ। ਪਰਮਾਤਮਾ ਦਾ ਨਾਮ ਜਪਣ ਦਾ ਇਹ ਨਫ਼ਾ ਹੋਰ ਸਾਰੇ ਨਫ਼ਿਆਂ ਨਾਲੋਂ ਵਧੀਆ ਹੈ।9।

ਸਲੋਕ ਮਃ ੪ ॥ ਰਾਮ ਨਾਮੁ ਰਮੁ ਰਵਿ ਰਹੇ ਰਮੁ ਰਾਮੋ ਰਾਮੁ ਰਮੀਤਿ ॥ ਘਟਿ ਘਟਿ ਆਤਮ ਰਾਮੁ ਹੈ ਪ੍ਰਭਿ ਖੇਲੁ ਕੀਓ ਰੰਗਿ ਰੀਤਿ ॥ ਹਰਿ ਨਿਕਟਿ ਵਸੈ ਜਗਜੀਵਨਾ ਪਰਗਾਸੁ ਕੀਓ ਗੁਰ ਮੀਤਿ ॥ ਹਰਿ ਸੁਆਮੀ ਹਰਿ ਪ੍ਰਭੁ ਤਿਨ ਮਿਲੇ ਜਿਨ ਲਿਖਿਆ ਧੁਰਿ ਹਰਿ ਪ੍ਰੀਤਿ ॥ ਜਨ ਨਾਨਕ ਨਾਮੁ ਧਿਆਇਆ ਗੁਰ ਬਚਨਿ ਜਪਿਓ ਮਨਿ ਚੀਤਿ ॥੧॥ {ਪੰਨਾ 1316}

ਪਦ ਅਰਥ: ਰਮੁ = ਸਿਮਰ। ਰਵਿ ਰਹੇ = ਜੋ (ਹਰ ਥਾਂ) ਵਿਆਪਕ ਹੈ। ਰਮੀਤਿ = ਜੋ ਰਮਿਆ ਹੋਇਆ ਹੈ। ਘਟਿ ਘਟਿ = ਹਰੇਕ ਸਰੀਰ ਵਿਚ। ਆਤਮ ਰਾਮੁ = ਪਰਮਾਤਮਾ। ਪ੍ਰਭਿ = ਪ੍ਰਭੂ ਨੇ। ਖੇਲੁ = ਜਗਤ-ਤਮਾਸ਼ਾ। ਰੰਗਿ = (ਆਪਣੀ) ਮੌਜ ਵਿਚ। ਰੀਤਿ = (ਆਪਣੇ ਹੀ) ਢੰਗ ਨਾਲ। ਨਿਕਟਿ = ਨੇੜੇ। ਜਗਜੀਵਨਾ = ਜਗਤ ਦੀ ਜ਼ਿੰਦਗੀ (ਦਾ ਸਹਾਰਾ) । ਪਰਗਾਸੁ = ਚਾਨਣ, ਸੂਝ-ਬੂਝ। ਮੀਤਿ = ਮਿੱਤਰ ਨੇ। ਧੁਰਿ = ਧੁਰ ਤੋਂ। ਗੁਰ ਬਚਨਿ = ਗੁਰੂ ਦੇ ਬਚਨ ਦੀ ਰਾਹੀਂ। ਮਨਿ = ਮਨ ਵਿਚ। ਚੀਤਿ = ਚਿੱਤ ਵਿਚ।

ਅਰਥ: ਹੇ ਭਾਈ! ਜਿਸ ਪ੍ਰਭੂ ਨੇ ਆਪਣੀ ਮੌਜ ਵਿਚ ਆਪਣੇ ਹੀ ਢੰਗ ਨਾਲ ਇਹ ਜਗਤ-ਖੇਡ ਬਣਾਈ ਹੈ, ਜੋ ਪਰਮਾਤਮਾ ਹਰੇਕ ਸਰੀਰ ਵਿਚ ਮੌਜੂਦ ਹੈ, ਜੋ ਹਰ ਥਾਂ ਰਮਿਆ ਹੋਇਆ ਹੈ, ਉਸ ਦਾ ਨਾਮ ਸਦਾ ਸਿਮਰ, ਸਦਾ ਸਿਮਰ। (ਹੇ ਭਾਈ! ਜਿਸ ਮਨੁੱਖ ਦੇ ਅੰਦਰ) ਮਿੱਤਰ ਗੁਰੂ ਨੇ ਸੂਝ-ਬੂਝ ਪੈਦਾ ਕੀਤੀ (ਉਸ ਨੂੰ ਸਮਝ ਆ ਜਾਂਦੀ ਹੈ ਕਿ) ਜਗਤ ਦਾ ਜੀਵਨ ਪ੍ਰਭੂ (ਹਰੇਕ ਦੇ) ਨੇੜੇ ਵੱਸਦਾ ਹੈ। (ਪਰ) ਸੁਆਮੀ ਪ੍ਰਭੂ ਉਹਨਾਂ ਨੂੰ ਮਿਲਦਾ ਹੈ ਜਿਨ੍ਹਾਂ ਦੇ ਮੱਥੇ ਉਤੇ (ਪਿਛਲੇ ਕੀਤੇ ਕਰਮਾਂ ਅਨੁਸਾਰ) ਧੁਰੋਂ ਹੀ ਪਰਮਾਤਮਾ ਨਾਲ ਪਿਆਰ ਦਾ ਲੇਖ ਲਿਖਿਆ ਹੁੰਦਾ ਹੈ। ਹੇ ਦਾਸ ਨਾਨਕ! ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਬਚਨ ਦੀ ਰਾਹੀਂ (ਗੁਰੂ ਦੇ ਦੱਸੇ ਰਸਤੇ ਤੁਰ ਕੇ) ਮਨ ਵਿਚ ਚਿੱਤ ਵਿਚ ਨਾਮ ਜਪਿਆ ਹੈ (ਅਸਲ ਵਿਚ ਉਹਨਾਂ ਨੇ ਹੀ) ਨਾਮ ਸਿਮਰਿਆ ਹੈ।1।

TOP OF PAGE

Sri Guru Granth Darpan, by Professor Sahib Singh