ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1366 ਕਬੀਰ ਮਾਨਸ ਜਨਮੁ ਦੁਲੰਭੁ ਹੈ ਹੋਇ ਨ ਬਾਰੈ ਬਾਰ ॥ ਜਿਉ ਬਨ ਫਲ ਪਾਕੇ ਭੁਇ ਗਿਰਹਿ ਬਹੁਰਿ ਨ ਲਾਗਹਿ ਡਾਰ ॥੩੦॥ {ਪੰਨਾ 1366} ਪਦ ਅਰਥ: ਮਾਨਸ = ਮਨੁੱਖ ਦਾ। ਬਾਰੈ ਬਾਰ = ਬਾਰ ਬਾਰ, ਮੁੜ ਮੁੜ। ਬਨ = ਜੰਗਲ। ਪਾਕੇ = ਪੱਕੇ ਹੋਏ। ਭੁਇ = ਜ਼ਮੀਨ ਉਤੇ। ਗਿਰਹਿ = ਡਿੱਗ ਪੈਂਦੇ ਹਨ। ਡਾਰ = ਡਾਲੀ। ਅਰਥ: ਹੇ ਕਬੀਰ! ਮਨੁੱਖਾ ਜਨਮ ਬੜੀ ਮੁਸ਼ਕਲ ਨਾਲ ਮਿਲਦਾ ਹੈ, (ਤੇ, ਜੇ ਪ੍ਰਭੂ ਦਾ ਨਾਮ ਵਿਸਾਰ ਕੇ ਨਿਰਾ 'ਦੁਨੀਆ' ਵਿਚ ਲੱਗ ਕੇ ਇੱਕ ਵਾਰੀ ਹੱਥੋਂ ਗਿਆ) ਤਾਂ ਮੁੜ ਮੁੜ ਨਹੀਂ ਮਿਲਦਾ; ਜਿਵੇਂ ਜੰਗਲ ਦੇ ਰੁੱਖਾਂ ਦੇ ਪੱਕੇ ਹੋਏ ਫਲ (ਜਦੋਂ) ਜ਼ਮੀਨ ਉਤੇ ਡਿੱਗ ਪੈਂਦੇ ਹਨ ਤਾਂ ਮੁੜ ਡਾਲੀ ਨਾਲ ਨਹੀਂ ਲੱਗਦੇ ।30। ਨੋਟ: ਜੰਗਲ ਦੇ ਰੁੱਖਾਂ ਤੋਂ ਡਿੱਗੇ ਹੋਏ ਫਲ ਕਿਸੇ ਦੇ ਕੰਮ ਭੀ ਨਹੀਂ ਆਉਂਦੇ, ਤੇ ਮੁੜ ਡਾਲੀ ਨਾਲ ਨਹੀਂ ਲੱਗਦੇ। ਇਸੇ ਤਰ੍ਹਾਂ ਜੇ 'ਦੀਨ' ਨੂੰ 'ਦੁਨੀ' ਦੀ ਖ਼ਾਤਰ ਗਵਾ ਦਿੱਤਾ, ਮਾਇਆ ਦੀ ਖ਼ਾਤਰ ਪਰਮਾਤਮਾ ਦੀ ਯਾਦ ਵਿਸਾਰੀ ਰੱਖੀ, ਤਾਂ ਇਹ ਮਿਲਿਆ ਹੋਇਆ ਜਨਮ ਭੀ ਅਜ਼ਾਈਂ ਗਿਆ, ਤੇ ਮੁੜ ਮੁੜ ਭੀ ਨਹੀਂ ਮਿਲਦਾ। ਕਬੀਰਾ ਤੁਹੀ ਕਬੀਰੁ ਤੂ ਤੇਰੋ ਨਾਉ ਕਬੀਰੁ ॥ ਰਾਮ ਰਤਨੁ ਤਬ ਪਾਈਐ ਜਉ ਪਹਿਲੇ ਤਜਹਿ ਸਰੀਰੁ ॥੩੧॥ {ਪੰਨਾ 1366} ਪਦ ਅਰਥ: ਤੁਹੀ ਤੂ = ਤੂੰ ਹੀ ਤੂੰ, ਸਿਰਫ਼ ਤੂੰ। ਕਬੀਰੁ = ਸਭ ਤੋਂ ਵੱਡਾ। ਤਜਹਿ = ਜੇ(ਹੇ ਕਬੀਰ!) ਤੂੰ ਛੱਡ ਦੇਵੇਂ। ਸਰੀਰੁ = ਸਰੀਰ ਦਾ ਮੋਹ, ਮੌਤ ਦਾ ਸਹਿਮ, ਦੇਹ-ਅੱਧਿਆਸ। ਅਰਥ: (ਇਸ ਮਨੁੱਖਾ ਜਨਮ ਦਾ ਅਸਲ ਮਨੋਰਥ 'ਪਰਮਾਤਮਾ ਦੇ ਨਾਮ ਦੀ ਪ੍ਰਾਪਤੀ' ਹੈ, ਇਸ ਦੀ ਖ਼ਾਤਰ ਇਹ ਜ਼ਰੂਰੀ ਹੈ ਕਿ ਪਰਮਾਤਮਾ ਦਾ ਸਿਮਰਨ ਕੀਤਾ ਜਾਏ, ਪ੍ਰਭੂ ਦੇ ਗੁਣ ਜਾਏ ਜਾਣ; ਸੋ) ਹੇ ਕਬੀਰ! (ਸਦਾ ਇਉਂ ਆਖ-ਹੇ ਪ੍ਰਭੂ!) ਤੂੰ ਹੀ ਸਭ ਤੋਂ ਵੱਡਾ ਹੈਂ, ਤੇਰਾ ਹੀ ਨਾਮ ਸਭ ਤੋਂ ਵੱਡਾ ਹੈ। (ਪਰ ਇਸ ਸਿਫ਼ਤਿ-ਸਾਲਾਹ ਦੇ ਨਾਲ ਨਾਲ ਹੇ ਕਬੀਰ!) ਜੇ ਤੂੰ ਪਹਿਲਾਂ ਆਪਣੇ ਸਰੀਰ ਦਾ ਮੋਹ ਭੀ ਤਿਆਗੇਂ, ਤਦੋਂ ਹੀ ਪਰਮਾਤਮਾ ਦਾ ਨਾਮ-ਰੂਪ ਰਤਨ ਮਿਲਦਾ ਹੈ ।31। ਕਬੀਰ ਝੰਖੁ ਨ ਝੰਖੀਐ ਤੁਮਰੋ ਕਹਿਓ ਨ ਹੋਇ ॥ ਕਰਮ ਕਰੀਮ ਜੁ ਕਰਿ ਰਹੇ ਮੇਟਿ ਨ ਸਾਕੈ ਕੋਇ ॥੩੨॥ {ਪੰਨਾ 1366} ਨੋਟ: ਪਿਛਲੇ ਸ਼ਲੋਕ ਨੰ: 31 ਵਿਚ ਲਿਖੇ ਹੋਏ 'ਜਉ ਪਹਿਲੇ ਤਜਹਿ ਸਰੀਰੁ' ਦੀ ਇਸ ਸ਼ਲੋਕ ਵਿਚ ਹੋਰ ਵਿਆਖਿਆ ਕੀਤੀ ਹੈ। ਸਰੀਰ ਦਾ ਮੋਹ ਮਨੁੱਖ ਨੂੰ 'ਦੁਨੀਆ' ਦੀ ਦੌੜ ਭੱਜ ਵਲ ਪ੍ਰੇਰਦਾ ਹੈ, ਜੇ ਮਨੁੱਖ ਦੀ ਚਾਹ ਅਨੁਸਾਰ ਮਾਇਆ ਨਾਹ ਇਕੱਠੀ ਹੋਵੇ ਤਾਂ ਇਹ ਗਿਲੇ-ਗੁਜ਼ਾਰੀਆਂ ਕਰਦਾ ਹੈ। ਪ੍ਰਭੂ ਦੇ ਗੁਣ ਭੀ ਗਾਵੇ, ਤੇ ਗਿਲੇ-ਗੁਜ਼ਾਰੀਆਂ ਭੀ ਕਰਦਾ ਰਹੇ-ਇਹ ਦੋਵੇਂ ਗੱਲਾਂ ਨਹੀਂ ਫਬਦੀਆਂ। ਇਸ ਨੂੰ ਬੰਦਗੀ ਨਹੀਂ ਆਖੀਦਾ। ਉਸ ਪ੍ਰਭੂ ਦੇ ਰਾਜ਼ਕ ਹੋਣ ਤੇ ਭੀ ਯਕੀਨ ਬੱਝੇ। ਪਦ ਅਰਥ: ਝੰਖੁ = ਬੁੜ-ਬੁੜ, ਗਿਲੇ = ਗੁਜ਼ਾਰੀ। ਨ ਹੋਇ = ਨਹੀਂ ਹੋ ਸਕਦਾ। ਕਰਮ = ਬਖ਼ਸ਼ਸ਼। ਕਰੀਮ = ਬਖ਼ਸ਼ਸ਼ ਕਰਨ ਵਾਲੇ ਪ੍ਰਭੂ ਜੀ। ਮੇਟਿ ਨ ਸਾਕੈ = ਘਟਾ = ਵਧਾ ਨਹੀਂ ਸਕਦਾ। ਅਰਥ: ਹੇ ਕਬੀਰ! ('ਸਰੀਰ ਤਜਣ' ਦਾ ਭਾਵ ਇਹ ਹੈ ਕਿ 'ਦੁਨੀਆ' ਦੀ ਖ਼ਾਤਰ) ਗਿਲੇ-ਗੁਜ਼ਾਰੀ ਨਾਹ ਕਰਦੇ ਰਹੀਏ, ('ਦੁਨੀਆ' ਦੇ ਲਾਲਚ ਵਿਚ ਫਸਿਆ ਹੋਇਆ) ਜੋ ਕੁਝ ਤੂੰ ਆਖਦਾ ਹੈਂ ਉਹੀ ਨਹੀਂ ਹੋ ਸਕਦਾ, (ਸਿਫ਼ਤਿ-ਸਾਲਾਹ ਕਰਨ ਦੇ ਨਾਲ ਨਾਲ ਇਹ ਭੀ ਯਕੀਨ ਰੱਖ ਕਿ) ਬਖ਼ਸ਼ਸ਼ ਕਰਨ ਵਾਲੇ ਪ੍ਰਭੂ ਜੀ ਜੋ ਬਖ਼ਸ਼ਸ਼ਾਂ (ਜੀਵਾਂ ਉਤੇ) ਕਰਦੇ ਹਨ ਉਹਨਾਂ ਨੂੰ ਕੋਈ (ਹੋਰ ਜੀਵ) ਵਧਾ-ਘਟਾ ਨਹੀਂ ਸਕਦਾ ।32। ਕਬੀਰ ਕਸਉਟੀ ਰਾਮ ਕੀ ਝੂਠਾ ਟਿਕੈ ਨ ਕੋਇ ॥ ਰਾਮ ਕਸਉਟੀ ਸੋ ਸਹੈ ਜੋ ਮਰਿ ਜੀਵਾ ਹੋਇ ॥੩੩॥ {ਪੰਨਾ 1366} ਪਦ ਅਰਥ: ਕਸ਼ = (Skt. कष्= to test, rub on a touch = stone) ਪਰਖਣਾ, ਪੱਥਰੀ ਉਤੇ ਰਗੜਨਾ ਜਿਵੇਂ ਸੋਨਾ ਪਰਖਣ ਲਈ ਘਸਾਈਦਾ ਹੈ। ਵਟੀ = (Skt. वट) = ਗੀਟੀ, ਗੀਟਾ। ਕਸ਼ = ਵਟੀ = ਉਹ ਗੀਟਾ ਜਿਸ ਉੱਤੇ ਸੋਨਾ ਰਗੜ ਕੇ ਪਰਖੀਦਾ ਹੈ ਕਿ ਖਰਾ ਹੈ ਜਾਂ ਖੋਟਾ। ਕਸਉਟੀ = ਕਸ਼ = ਵਟੀ। ਕਸਉਟੀ ਰਾਮ ਕੀ = ਉਹ ਕਸੌਟੀ ਜਿਸ ਦੀ ਰਾਹੀਂ ਮਨੁੱਖ ਦੀ ਪ੍ਰਭੂ ਨਾਲ ਸੱਚੀ ਪ੍ਰੀਤਿ ਪਰਖੀ ਜਾ ਸਕੇ। ਝੂਠਾ = ਝੂਠ ਨਾਲ ਪਿਆਰ ਕਰਨ ਵਾਲਾ, ਨਿਰੀ 'ਦੁਨੀਆ' ਨਾਲ ਮੋਹ ਕਰਨ ਵਾਲਾ, 'ਦੀਨ' ਨੂੰ 'ਦੁਨੀ' ਦੀ ਖ਼ਾਤਰ ਗਵਾਉਣ ਵਾਲਾ। ਸਹੈ– ਸਹਾਰਦਾ ਹੈ, ਪੂਰਾ ਉਤਰਦਾ ਹੈ, ਖਰਾ ਸਾਬਤ ਹੁੰਦਾ ਹੈ। ਮਰਿ ਜੀਵਾ = ਮਰ ਕੇ ਜੀਵਿਆ ਹੋਇਆ, ਜੋ 'ਦੁਨੀਆ' ਵਲੋਂ ਮਰ ਕੇ 'ਦੀਨ' ਵਲ ਜੀਵਿਆ, ਜਿਸ ਨੇ ਦੇਹ = ਅਧਿਆਸ ਮੁਕਾ ਦਿੱਤਾ ਹੈ। ਨ ਟਿਕੈ = ਪਰਖ ਵਿਚ ਖਰਾ ਸਾਬਤ ਨਹੀਂ ਹੁੰਦਾ, ਪੂਰਾ ਨਹੀਂ ਉਤਰਦਾ। ਅਰਥ: ਹੇ ਕਬੀਰ! ਜੋ ਮਨੁੱਖ 'ਦੁਨੀਆ' ਨਾਲ ਮੋਹ ਕਰਨ ਵਾਲਾ ਹੈ ਉਹ ਉਸ ਕਸੌਟੀ ਉਤੇ ਖਰਾ ਸਾਬਤ ਨਹੀਂ ਹੁੰਦਾ ਜਿਸ ਦੀ ਰਾਹੀਂ ਮਨੁੱਖ ਦੀ ਪ੍ਰਭੂ ਨਾਲ ਸੱਚੀ ਪ੍ਰੀਤਿ ਪਰਖੀ ਜਾਂਦੀ ਹੈ। ਪ੍ਰਭੂ ਨਾਲ ਪ੍ਰੀਤਿ ਦੀ ਪਰਖ ਵਿਚ ਉਹੀ ਮਨੁੱਖ ਪੂਰਾ ਉਤਰਦਾ ਹੈ ਜੋ 'ਦੁਨੀਆ' ਦੇ ਮੋਹ ਵਲੋਂ ਮਰ ਕੇ 'ਦੀਨ' ਦੇ ਪਿਆਰ ਵਿਚ ਜੀਊ ਪਿਆ ਹੈ ।33। ਕਬੀਰ ਊਜਲ ਪਹਿਰਹਿ ਕਾਪਰੇ ਪਾਨ ਸੁਪਾਰੀ ਖਾਹਿ ॥ ਏਕਸ ਹਰਿ ਕੇ ਨਾਮ ਬਿਨੁ ਬਾਧੇ ਜਮ ਪੁਰਿ ਜਾਂਹਿ ॥੩੪॥ {ਪੰਨਾ 1366} ਪਦ ਅਰਥ: ਊਜਲ = ਉਜਲੇ, ਸਾਫ਼-ਸੁਥਰੇ, ਚਿੱਟੇ, ਵਧੀਆ। ਪਹਿਰਹਿ = ਪਹਿਨਦੇ ਹਨ। ਕਾਪਰੇ = ਕੱਪੜੇ। ਖਾਹਿ = ਖਾਂਦੇ ਹਨ। ਪਾਨ ਸੁਪਾਰੀ ਖਾਹਿ = ਬਾਂਕ = ਪਨ ਵਾਸਤੇ ਸੋਹਣੇ ਲੱਗਣ ਵਾਸਤੇ ਪਾਨ ਸੁਪਾਰੀ ਖਾਂਦੇ ਹਨ। ਬਾਧੇ = ਬੱਝੇ ਹੋਏ, ਸਰੀਰ ਨੂੰ ਸਜਾਈ ਰੱਖਣ ਦੇ ਮੋਹ ਵਿਚ ਬੱਝੇ। ਜਮਪੁਰਿ = ਜਮ ਦੇ ਸ਼ਹਰ ਵਿਚ, ਜਮ ਕੇ ਵੱਸ ਵਿਚ, ਜਮ ਦੇ ਦਬਾਉ ਹੇਠ, ਮੌਤ ਦੇ ਸਹਿਮ ਵਿਚ। ਜਾਂਹਿ = ਜਾਂਦੇ ਹਨ, ਟਿਕੇ ਰਹਿੰਦੇ ਹਨ। ਅਰਥ: ਹੇ ਕਬੀਰ! (ਨਿਰੀ 'ਦੁਨੀਆ' ਦੇ ਵਪਾਰੀ ਬੰਦੇ ਆਪਣੇ ਆਪ ਦੀ ਸ਼ੂਕਾ-ਸ਼ਾਕੀ ਵਾਸਤੇ) ਵਧੀਆ ਕੱਪੜੇ ਪਾਂਦੇ ਹਨ ਤੇ ਪਾਨ ਸੁਪਾਰੀਆਂ ਖਾਂਦੇ ਹਨ; ਪਰ (ਸਰੀਰ ਨੂੰ ਸਜਾਈ ਰੱਖਣ ਦੇ ਮੋਹ ਨਾਲ) ਬੱਝੇ ਹੋਏ ਉਹ ਬੰਦੇ ਮੌਤ ਆਦਿਕ ਦੇ ਸਹਿਮ ਵਿਚ ਟਿਕੇ ਰਹਿੰਦੇ ਹਨ ਕਿਉਂਕਿ ਉਹ ਪਰਮਾਤਮਾ ਦੇ ਨਾਮ ਤੋਂ ਵਾਂਜੇ ਰਹਿੰਦੇ ਹਨ ('ਦੀਨ' ਵਿਸਾਰ ਕੇ 'ਦੁਨੀ' ਦਾ ਮੋਹ ਹਰ ਹਾਲਤ ਵਿਚ ਦੁਖਦਾਈ ਹੈ) ।34। ਕਬੀਰ ਬੇੜਾ ਜਰਜਰਾ ਫੂਟੇ ਛੇਂਕ ਹਜਾਰ ॥ ਹਰੂਏ ਹਰੂਏ ਤਿਰਿ ਗਏ ਡੂਬੇ ਜਿਨ ਸਿਰ ਭਾਰ ॥੩੫॥ {ਪੰਨਾ 1366} ਪਦ ਅਰਥ: ਬੇੜਾ = ਜਹਾਜ਼। ਜਰਜਰਾ = ਬਹੁਤ ਪੁਰਾਣਾ, ਖੱਦਾ, ਭੁੱਗਾ। ਫੂਟੇ = ਫੁੱਟੇ ਹੋਏ ਹੋਣ, ਪਏ ਹੋਏ ਹੋਣ। ਛੇਂਕ ਹਜ਼ਾਰ = ਹਜ਼ਾਰਾਂ ਛੇਕ। ਹਰੂਏ ਹਰੂਏ = ਹੋਲੇ ਹੋਲੇ, ਹੌਲੇ ਭਾਰ, ਜਿਨ੍ਹਾਂ ਨੇ ਭਾਰ ਨਹੀਂ ਚੁੱਕਿਆ ਹੋਇਆ। ਤਿਰਿ ਗਏ = ਤਰ ਜਾਂਦੇ ਹਨ। ਅਰਥ: ਹੇ ਕਬੀਰ! ਜੇ ਇਕ ਬਹੁਤ ਹੀ ਪੁਰਾਣਾ ਜਹਾਜ਼ ਹੋਵੇ, ਜਿਸ ਵਿਚ ਹਜ਼ਾਰਾਂ ਹੀ ਛੇਕ ਫੁੱਟ ਪਏ ਹੋਣ (ਉਹ ਆਖ਼ਰ ਸਮੁੰਦਰ ਵਿਚ ਡੁੱਬ ਹੀ ਜਾਂਦਾ ਹੈ, ਇਸ ਜਹਾਜ਼ ਦੇ ਮੁਸਾਫ਼ਿਰਾਂ ਵਿਚੋਂ) ਸਿਰਫ਼ ਉਹੀ ਬੰਦੇ ਤਰ ਕੇ ਪਾਰ ਲੰਘ ਜਾਂਦੇ ਹਨ ਜਿਨ੍ਹਾਂ ਨੇ ਕੋਈ ਭਾਰ ਨਹੀਂ ਚੁੱਕਿਆ ਹੁੰਦਾ; ਪਰ ਜਿੰਨ੍ਹਾਂ ਦੇ ਸਿਰਾਂ ਉਤੇ ਭਾਰ ਹੁੰਦਾ ਹੈ, ਉਹ (ਭਾਰ ਹੇਠ ਦੱਬ ਕੇ) ਡੁੱਬ ਜਾਂਦੇ ਹਨ। ਨੋਟ: ਇਨਸਾਨੀ ਜ਼ਿੰਦਗੀ, ਮਾਨੋ ਇਕ ਬੇੜੀ ਹੈ। ਜੀਵ ਕਈ ਜੂਨਾਂ ਵਿਚੋਂ ਲੰਘਦਾ ਅਤੇ ਬੇਅੰਤ ਮੰਦੇ ਕਰਮ ਕਰਦਾ ਕਰਦਾ ਚਲਾ ਆ ਰਿਹਾ ਹੈ; ਸੋ, ਇਸ ਦੀ ਜ਼ਿੰਦਗੀ ਦੀ ਪੁਰਾਣੀ ਹੋ ਚੁਕੀ ਬੇੜੀ ਵਿਚ ਕੀਤੇ ਕਰਮਾਂ ਦੇ ਸੰਸਕਾਰ, ਮਾਨੋ, ਛੇਕ ਹੋ ਗਏ ਹਨ। ਜਿਵੇਂ ਜਹਾਜ਼ ਦੇ ਛੇਕਾਂ ਦੀ ਰਾਹੀਂ ਬਾਹਰੋਂ ਸਮੁੰਦਰ ਦਾ ਪਾਣੀ ਪੈ ਕੇ ਜਹਾਜ਼ ਨੂੰ ਡੋਬ ਦੇਂਦਾ ਹੈ, ਤਿਵੇਂ ਪਿਛਲੇ ਮੰਦੇ ਸੰਸਕਾਰ ਇਨਸਾਨ ਦੇ ਅੰਦਰ ਹੋਰ ਹੋਰ ਮੰਦੀਆਂ ਵਾਸ਼ਨਾਂ ਪੈਦਾ ਕਰਦੇ ਹਨ। ਇਸ ਤਰ੍ਹਾਂ ਇਨਸਾਨੀ ਜੀਵਨ ਦੀ ਬੇੜੀ ਵਿਕਾਰਾਂ ਦੀਆਂ ਠਾਠਾਂ ਵਿਚ ਡੁੱਬ ਜਾਂਦੀ ਹੈ। ਜਿਨ੍ਹਾਂ ਨੇ ਵਿਕਾਰਾਂ ਦਾ, ਦੁਨੀਆ ਦੇ ਮੋਹ ਦਾ, ਦੇਹ-ਅੱਧਿਆਸ ਦਾ, ਭਾਰ ਨਹੀਂ ਬੱਧਾ, ਉਹ ਸਾਫ਼-ਸੁਥਰਾ ਜੀਵਨ ਗੁਜ਼ਾਰ ਜਾਂਦੇ ਹਨ। ਕਬੀਰ ਹਾਡ ਜਰੇ ਜਿਉ ਲਾਕਰੀ ਕੇਸ ਜਰੇ ਜਿਉ ਘਾਸੁ ॥ ਇਹੁ ਜਗੁ ਜਰਤਾ ਦੇਖਿ ਕੈ ਭਇਓ ਕਬੀਰੁ ਉਦਾਸੁ ॥੩੬॥ {ਪੰਨਾ 1366} ਪਦ ਅਰਥ: ਉਦਾਸੁ = (ਹੱਡ ਕੇਸ ਆਦਿਕ ਦੇ ਬਣੇ ਸਰੀਰ ਦੇ ਮੋਹ ਤੋਂ) ਉਪਰਾਮ, ਨਿਰਮੋਹ। ਅਰਥ: ('ਦੀਨ' ਨੂੰ ਵਿਸਾਰ ਕੇ ਨਿਰੀ 'ਦੁਨੀਆ' ਦੀ ਖ਼ਾਤਰ ਦੌੜ-ਭੱਜ ਕਰਦਿਆਂ ਮਨੁੱਖ ਆਪਣੇ ਸਰੀਰ ਦੇ ਮੋਹ ਵਿਚ ਇਤਨਾ ਫਸਦਾ ਹੈ ਕਿ ਹਰ ਵੇਲੇ ਮੌਤ ਤੋਂ ਸਹਿਮਿਆ ਰਹਿੰਦਾ ਹੈ। ਫਿਰ ਭੀ, ਇਹ ਸਰੀਰ ਸਦਾ ਕਾਇਮ ਨਹੀਂ ਰਹਿ ਸਕਦਾ, ਮੌਤ ਆ ਹੀ ਜਾਂਦੀ ਹੈ, ਤਦੋਂ) ਹੇ ਕਬੀਰ! (ਸਰੀਰ ਨੂੰ ਚਿਖਾ ਤੇ ਪਾਇਆਂ) ਹੱਡ ਲੱਕੜਾਂ ਵਾਂਗ ਸੜਦੇ ਹਨ, ਕੇਸ ਘਾਹ ਵਾਂਗ ਸੜਦੇ ਹਨ। ਇਸ ਸਾਰੇ ਸੰਸਾਰ ਨੂੰ ਹੀ ਸੜਦਿਆਂ ਵੇਖ ਕੇ (ਭਾਵ, ਇਹ ਵੇਖ ਕੇ ਕਿ ਸਭ ਜੀਵਾਂ ਦਾ ਇਸ ਸਰੀਰ ਨਾਲੋਂ ਵਿਛੋੜਾ ਆਖ਼ਰ ਜ਼ਰੂਰ ਹੁੰਦਾ ਹੈ) ਮੈਂ ਕਬੀਰ ਇਸ ਸਰੀਰ ਦੇ ਮੋਹ ਤੋਂ ਉਪਰਾਮ ਹੋ ਗਿਆ ਹਾਂ (ਮੈਂ ਸਰੀਰ ਦਾ ਮੋਹ ਛੱਡ ਦਿੱਤਾ ਹੈ) ।36। ਕਬੀਰ ਗਰਬੁ ਨ ਕੀਜੀਐ ਚਾਮ ਲਪੇਟੇ ਹਾਡ ॥ ਹੈਵਰ ਊਪਰਿ ਛਤ੍ਰ ਤਰ ਤੇ ਫੁਨਿ ਧਰਨੀ ਗਾਡ ॥੩੭॥ {ਪੰਨਾ 1366} ਪਦ ਅਰਥ: ਗਰਬੁ = ਅਹੰਕਾਰ, ਮਾਣ। ਹੈਵਰ = ਹੈ-ਵਰ, ਹਯ-ਵਰ, ਚੁਣਵੇਂ ਵਧੀਆ ਘੋੜੇ। ਵਰ = ਚੁਣਵੇਂ, ਵਧੀਆ। ਛਤ੍ਰ = ਛਤਰ। ਤਰ = ਤਲੇ, ਹੇਠ। ਤੇ ਫੁਨਿ = ਉਹ ਮਨੁੱਖ ਭੀ, ਐਸੇ ਬੰਦੇ ਭੀ। ਧਰਨੀ = ਮਿੱਟੀ, ਧਰਤੀ। ਗਾਡ = ਮਿਲ ਜਾਂਦੇ ਹਨ, ਰਲ ਜਾਂਦੇ ਹਨ। ਅਰਥ: ਹੇ ਕਬੀਰ! (ਇਸ ਸਰੀਰ ਦੀ ਜੁਆਨੀ ਸੁੰਦਰਤਾ ਆਦਿਕ ਦਾ) ਮਾਣ ਨਹੀਂ ਕਰਨਾ ਚਾਹੀਦਾ (ਆਖ਼ਰ ਹੈ ਤਾਂ ਇਹ) ਹੱਡੀਆਂ (ਦੀ ਮੁੱਠ) ਜੋ ਚੰਮ ਨਾਲ ਲਪੇਟੀਆਂ ਹੋਈਆਂ ਹਨ। (ਇਸ ਸਰੀਰ ਦਾ ਅਹੰਕਾਰ ਕਰਦੇ) ਉਹ ਬੰਦੇ ਭੀ (ਅੰਤ ਨੂੰ) ਮਿੱਟੀ ਵਿਚ ਜਾ ਰਲੇ ਜੋ ਵਧੀਆ ਘੋੜਿਆਂ ਉੱਤੇ (ਸਵਾਰ ਹੁੰਦੇ ਸਨ) ਤੇ ਜੋ (ਝੁਲਦੇ) ਛਤਰਾਂ ਹੇਠ ਬੈਠਦੇ ਸਨ ।37। ਕਬੀਰ ਗਰਬੁ ਨ ਕੀਜੀਐ ਊਚਾ ਦੇਖਿ ਅਵਾਸੁ ॥ ਆਜੁ ਕਾਲ੍ਹ੍ਹਿ ਭੁਇ ਲੇਟਣਾ ਊਪਰਿ ਜਾਮੈ ਘਾਸੁ ॥੩੮॥ {ਪੰਨਾ 1366} ਪਦ ਅਰਥ: ਦੇਖਿ = ਵੇਖ ਕੇ। ਅਵਾਸੁ = ਮਹਲ। ਆਜੁ ਕਾਲ੍ਹ੍ਹਿ = ਅੱਜ ਭਲਕ, ਝਬਦੇ ਹੀ। ਭੁਇ = ਭੁੰਞ ਤੇ, ਧਰਤੀ ਉਤੇ। ਜਾਮੈ = ਉੱਗ ਪੈਂਦਾ ਹੈ ।38। ਅਰਥ: ਹੇ ਕਬੀਰ! ਆਪਣਾ ਉੱਚਾ ਮਹਲ ਵੇਖ ਕੇ (ਭੀ) ਅਹੰਕਾਰ ਨਹੀਂ ਕਰਨਾ ਚਾਹੀਦਾ (ਇਹ ਭੀ ਚਾਰ ਦਿਨ ਦੀ ਹੀ ਖੇਡ ਹੈ; ਮੌਤ ਆਉਣ ਤੇ ਇਸ ਮਹਲ ਨੂੰ ਛੱਡ ਕੇ) ਅੱਜ ਭਲਕ ਹੀ ਮਿੱਟੀ ਵਿਚ ਰਲ ਜਾਣਾ ਹੈ, ਸਾਡੇ (ਸਰੀਰ) ਉਤੇ ਘਾਹ ਉੱਗ ਪਏਗਾ ।38। ਕਬੀਰ ਗਰਬੁ ਨ ਕੀਜੀਐ ਰੰਕੁ ਨ ਹਸੀਐ ਕੋਇ ॥ ਅਜਹੁ ਸੁ ਨਾਉ ਸਮੁੰਦ੍ਰ ਮਹਿ ਕਿਆ ਜਾਨਉ ਕਿਆ ਹੋਇ ॥੩੯॥ {ਪੰਨਾ 1366} ਪਦ ਅਰਥ: ਰੰਕੁ = ਕੰਗਾਲ ਮਨੁੱਖ। ਨਾਉ = ਬੇੜੀ, ਜ਼ਿੰਦਗੀ ਦੀ ਬੇੜੀ। ਕਿਆ ਜਾਨਉ = ਮੈਂ ਕੀਹ ਜਾਣਦਾ ਹਾਂ? ਨ ਹਸੀਐ = ਮਖ਼ੋਲ ਨਾਹ ਕਰੀਂ। ਅਰਥ: ਹੇ ਕਬੀਰ! (ਜੇ ਤੂੰ ਧਨਵਾਨ ਹੈਂ, ਤਾਂ ਇਸ ਧਨ-ਪਦਾਰਥ ਦਾ ਭੀ) ਮਾਣ ਨਾਹ ਕਰੀਂ, ਨਾਹ ਕਿਸੇ ਕੰਗਾਲ ਨੂੰ (ਵੇਖ ਕੇ) ਠੱਠਾ-ਮਖ਼ੌਲ ਕਰੀਂ। (ਤੇਰੀ ਆਪਣੀ ਜੀਵਨ-) ਬੇੜੀ ਅਜੇ ਸਮੁੰਦਰ ਵਿਚ ਹੈ, ਪਤਾ ਨਹੀਂ ਕੀਹ ਹੋ ਜਾਏ (ਇਹ ਧਨ-ਪਦਾਰਥ ਹੱਥੋਂ ਜਾਂਦਿਆਂ ਚਿਰ ਨਹੀਂ ਲੱਗਦਾ) ।39। ਕਬੀਰ ਗਰਬੁ ਨ ਕੀਜੀਐ ਦੇਹੀ ਦੇਖਿ ਸੁਰੰਗ ॥ ਆਜੁ ਕਾਲ੍ਹ੍ਹਿ ਤਜਿ ਜਾਹੁਗੇ ਜਿਉ ਕਾਂਚੁਰੀ ਭੁਯੰਗ ॥੪੦॥ {ਪੰਨਾ 1366} ਪਦ ਅਰਥ: ਦੇਹੀ = ਸਰੀਰ, ਕਾਂਇਆਂ। ਸੁਰੰਗ = ਸੋਹਣੇ ਰੰਗ ਵਾਲੀ। ਆਜੁ ਕਾਲ੍ਹ੍ਹਿ = ਅੱਜ-ਕੱਲ, ਅੱਜ-ਭਲਕ, ਥੋਹੜੇ ਹੀ ਚਿਰ ਵਿਚ। ਕਾਂਚੁਰੀ = ਕੁੰਜ। ਭੁਯੰਗ = ਸੱਪ। ਅਰਥ: ਹੇ ਕਬੀਰ! ਇਸ ਸੋਹਣੇ ਰੰਗ ਵਾਲੇ ਸਰੀਰ ਨੂੰ ਵੇਖ ਕੇ ਭੀ ਅਹੰਕਾਰ ਨਾਹ ਕਰੀਏ; ਇਹ ਸਰੀਰ ਭੀ ਥੋਹੜੇ ਦਿਨਾਂ ਵਿਚ ਹੀ ਛੱਡ ਜਾਉਗੇ ਜਿਵੇਂ ਸੱਪ ਕੁੰਜ ਲਾਹ ਦੇਂਦਾ ਹੈ (ਜਿੰਦ ਤੇ ਸਰੀਰ ਦਾ ਭੀ ਪੱਕਾ ਸਦਾ-ਨਿਭਵਾਂ ਸਾਥ ਨਹੀਂ ਹੈ) ।40। 41 ਤੋਂ 70 ਤਕ ਕਬੀਰ ਲੂਟਨਾ ਹੈ ਤ ਲੂਟਿ ਲੈ ਰਾਮ ਨਾਮ ਹੈ ਲੂਟਿ ॥ ਫਿਰਿ ਪਾਛੈ ਪਛੁਤਾਹੁਗੇ ਪ੍ਰਾਨ ਜਾਹਿੰਗੇ ਛੂਟਿ ॥੪੧॥ {ਪੰਨਾ 1366} ਪਦ ਅਰਥ: ਲੂਟਨਾ ਹੈ– ਜੇ ਦਬਾ ਦਬਾ ਸਾਂਭਣਾ ਹੈ, ਜੇ ਇਕੱਠਾ ਕਰਨਾ ਹੈ। ਤ = ਤਾਂ। ਲੂਟਿ ਲੈ = ਇਕੱਠਾ ਕਰ ਲੈ। ਰਾਮ ਨਾਮ ਹੈ ਲੂਟਿ = ਪਰਮਾਤਮਾ ਦੇ ਨਾਮ ਦੀ ਲੁੱਟ ਪਈ ਹੋਈ ਹੈ, ਪ੍ਰਭੂ ਦਾ ਨਾਮ ਦਬਾ = ਦਬ ਵੰਡਿਆ ਜਾ ਰਿਹਾ ਹੈ। ਫਿਰਿ = ਮੁੜ, ਸਮਾ ਵਿਹਾ ਜਾਣ ਤੇ। ਅਰਥ: ਹੇ ਕਬੀਰ! ('ਦੁਨੀਆ' ਦੀ ਖ਼ਾਤਰ ਕੀਹ ਭਟਕ ਰਿਹਾ ਹੈਂ? ਵੇਖ) ਪਰਮਾਤਮਾ ਦਾ ਨਾਮ ਦਬਾ-ਦਬ ਵੰਡਿਆ ਜਾ ਰਿਹਾ ਹੈ, ਜੇ ਇਕੱਠਾ ਕਰਨਾ ਹੈ ਤਾਂ ਇਹ ਨਾਮ-ਧਨ ਇਕੱਠਾ ਕਰ। ਜਦੋਂ ਜਿੰਦ (ਸਰੀਰ ਵਿਚੋਂ) ਨਿਕਲ ਗਈ, ਸਮਾਂ ਵਿਹਾ ਜਾਣ ਤੇ ਅਫ਼ਸੋਸ ਕਰਨਾ ਪਏਗਾ ।41। ਕਬੀਰ ਐਸਾ ਕੋਈ ਨ ਜਨਮਿਓ ਅਪਨੈ ਘਰਿ ਲਾਵੈ ਆਗਿ ॥ ਪਾਂਚਉ ਲਰਿਕਾ ਜਾਰਿ ਕੈ ਰਹੈ ਰਾਮ ਲਿਵ ਲਾਗਿ ॥੪੨॥ {ਪੰਨਾ 1366} ਪਦ ਅਰਥ: ਕੋਈ ਨ ਜਨਮਿਓ = ਕੋਈ ਵਿਰਲਾ ਹੀ ਹੁੰਦਾ ਹੈ। ਅਪਨੈ...ਆਗਿ = ਜੋ ਆਪਣੇ ਘਰ ਨੂੰ ਅੱਗ ਲਾਏ, ਜੋ ਅਪਣੱਤ ਨੂੰ ਸਾੜੇ, ਜੋ ਦੇਹ = ਅੱਧਿਆਸ ਨੂੰ ਮੁਕਾ ਦੇਵੇ। ਪਾਂਚਉ ਲਰਿਕਾ = ਪੰਜੇ ਲੜਕੇ, ਮਾਇਆ ਦੇ ਪੰਜੇ ਪੁੱਤਰ ਕਾਮ ਆਦਿਕ। ਜਾਰਿ ਕੈ = ਸਾੜ ਕੇ। ਲਾਗਿ ਰਹੈ– ਲਾਈ ਰੱਖੇ। ਲਿਵ = ਸੁਰਤਿ ਦੀ ਤਾਰ। ਅਰਥ: (ਪਰ ਨਾਮ ਧਨ ਇਕੱਠਾ ਕਰਨ ਲਈ ਜ਼ਰੂਰੀ ਹੈ ਕਿ ਮਨੁੱਖ ਅਪਣੱਤ ਨੂੰ ਪਹਿਲਾਂ ਖ਼ਤਮ ਕਰੇ, ਤੇ) ਹੇ ਕਬੀਰ! (ਜਗਤ ਵਿਚ) ਅਜਿਹਾ ਕੋਈ ਵਿਰਲਾ ਹੀ ਮਿਲਦਾ ਹੈ ਜੋ ਆਪਣੇ ਸਰੀਰਕ ਮੋਹ ਨੂੰ ਸਾੜਦਾ ਹੈ, ਤੇ, ਕਾਮਾਦਿਕ ਮਾਇਆ ਦੇ ਪੰਜਾਂ ਹੀ ਪੁੱਤ੍ਰਾਂ ਨੂੰ ਸਾੜ ਕੇ ਪਰਮਾਤਮਾ (ਦੀ ਯਾਦ) ਵਿਚ ਸੁਰਤਿ ਜੋੜੀ ਰੱਖਦਾ ਹੈ ।42। ਕੋ ਹੈ ਲਰਿਕਾ ਬੇਚਈ ਲਰਿਕੀ ਬੇਚੈ ਕੋਇ ॥ ਸਾਝਾ ਕਰੈ ਕਬੀਰ ਸਿਉ ਹਰਿ ਸੰਗਿ ਬਨਜੁ ਕਰੇਇ ॥੪੩॥ {ਪੰਨਾ 1366} ਨੋਟ: ਪਿਛਲੇ ਸ਼ਲੋਕ ਦੇ ਲਫ਼ਜ਼ 'ਪਾਂਚਉ ਲਰਿਕਾ' ਵਿਚ 'ਲਰਿਕਾ' ਬਹੁ-ਵਚਨ ਹੈ, ਇਹੀ ਲਫ਼ਜ਼ ਇਸ ਸ਼ਲੋਕ ਵਿਚ ਭੀ ਉਸ ਪਹਿਲੇ ਭਾਵ ਵਿਚ ਹੀ ਵਰਤਿਆ ਹੈ। ਇਸੇ ਤਰ੍ਹਾਂ ਲਫ਼ਜ਼ 'ਲਰਿਕੀ' ਭੀ ਬਹੁ-ਵਚਨ ਹੈ। ਪਦ ਅਰਥ: ਲਰਿਕਾ = 'ਪਾਂਚਉ ਲਰਿਕਾ', ਕਾਮਾਦਿਕ ਮਾਇਆ ਦੇ ਪੰਜੇ ਹੀ ਪੁੱਤ੍ਰ। ਲਰਿਕੀ = ਲੜਕੀਆਂ, ਆਸ਼ਾ ਤ੍ਰਿਸ਼ਨਾ ਈਰਖਾ ਆਦਿਅ ਮਾਇਆ ਦੀਆਂ ਧੀਆਂ। ਬੇਚੈ = ਨਾਮ = ਧਨ ਦੇ ਵੱਟੇ ਵਿਚ ਦੇ ਦੇਵੇ, ਨਾਮ ਧਨ ਖ਼ਰੀਦਣ ਲਈ ਇਹ ਕਾਮਾਦਿਕ ਤੇ ਆਸ਼ਾ ਤ੍ਰਿਸ਼ਨਾ ਆਦਿਕ ਦੇਵੇ। ਕੋ ਹੈ– ਕੋਈ ਵਿਰਲਾ ਹੀ ਹੁੰਦਾ ਹੈ। ਬੇਚਈ = ਬੇਚੈ, ਵੇਚਦਾ ਹੈ। ਸਾਝਾ = ਸਾਂਝ, ਸਤ-ਸੰਗ ਦੀ ਸਾਂਝ, ਨਾਮ = ਧਨ ਦੇ ਵਪਾਰ ਦੀ ਸਾਂਝ। ਕਬੀਰ ਸਿਉ = ਕਬੀਰ ਨਾਲ, ਕਬੀਰ ਚਾਹੁੰਦਾ ਹੈ ਕਿ ਮੇਰੇ ਨਾਲ। ਹਰਿ ਸੰਗਿ ਬਨਜੁ = 'ਲਰਿਕਾ ਲਰਕੀ' ਹਰੀ ਨੂੰ ਦੇ ਕੇ ਹਰੀ ਦੇ ਨਾਮ ਦਾ ਸੌਦਾ। ਬਨਜੁ = ਸੌਦਾ, ਲੈਣ-ਦੇਣ, ਵਪਾਰ। ਅਰਥ: ਕੋਈ ਵਿਰਲਾ ਹੀ ਹੁੰਦਾ ਹੈ ਜੋ ਪਰਮਾਤਮਾ ਨਾਲ (ਉਸ ਦੇ ਨਾਮ ਦਾ) ਵਣਜ ਕਰਦਾ ਹੈ, ਜੋ (ਨਾਮ ਧਨ ਖ਼ਰੀਦਣ ਲਈ ਕਾਮਾਦਿਕ ਮਾਇਆ ਦੇ ਪੰਜ) ਪੁੱਤ੍ਰ ਅਤੇ (ਆਸ਼ਾ ਤ੍ਰਿਸ਼ਨਾ ਈਰਖਾ ਆਦਿਕ) ਧੀਆਂ ਵੱਟੇ ਵਿਚ ਦੇਂਦਾ ਹੈ। ਕਬੀਰ ਚਾਹੁੰਦਾ ਹੈ ਕਿ ਅਜੇਹਾ ਮਨੁੱਖ (ਇਸ ਵਪਾਰ ਵਿਚ) ਮੇਰੇ ਨਾਲ ਭੀ ਸਤ-ਸੰਗ ਦੀ ਸਾਂਝ ਬਣਾਏ ।43। ਕਬੀਰ ਇਹ ਚੇਤਾਵਨੀ ਮਤ ਸਹਸਾ ਰਹਿ ਜਾਇ ॥ ਪਾਛੈ ਭੋਗ ਜੁ ਭੋਗਵੇ ਤਿਨ ਕੋ ਗੁੜੁ ਲੈ ਖਾਹਿ ॥੪੪॥ {ਪੰਨਾ 1366} ਪਦ ਅਰਥ: ਚੇਤਾਵਨੀ = ਚੇਤਾ, ਯਾਦ-ਦਿਹਾਨੀ। ਮਤ = ਮਤਾਂ, ਕਿਤੇ। ਸਹਸਾ = ਗੁਮਰ, ਹਸਰਤਿ, ਭਰਮ। ਪਾਛੈ = ਹੁਣ ਤਕ ਦੇ ਜੀਵਨ ਵਿਚ। ਭੋਗ ਜੁ = ਜੇਹੜੇ ਭੋਗ। ਪਾਛੈ ਭੋਗ ਜੁ ਭੋਗਵੇ = ਜਿਹੜੇ ਭੋਗ ਹੁਣ ਤਕ ਭੋਗੇ ਹਨ। ਤਿਨ ਕੋ = ਉਹਨਾਂ ਭੋਗਾਂ ਦੇ ਵੱਟੇ ਵਿਚ। ਤਿਨ ਕੋ ਗੁੜੁ ਲੈ ਖਾਹਿ = (ਉਹਨਾਂ ਭੋਗਾਂ ਦੀ ਕੀਮਤ ਬੱਸ ਇਤਨੀ ਕੁ ਹੀ ਹੈ ਕਿ) ਉਹਨਾਂ ਦੇ ਵੱਟੇ ਰਤਾ ਕੁ ਗੁੜ ਲੈ ਕੇ ਖਾ ਲੈ, ਉਹਨਾਂ ਦੇ ਇਵਜ਼ ਵਿਚ ਰਤਾ ਕੁ ਗੁੜ ਹੀ ਮਿਲ ਸਕਦਾ ਹੈ (ਜਿਵੇਂ ਕੋਈ ਗਾਹਕ ਹੱਟੀ ਤੋਂ ਸੌਦਾ ਲਏ ਤਾਂ ਪਿਛੋਂ ਝੂੰਗੇ ਦੇ ਤੌਰ ਤੇ ਰਤਾ ਕੁ ਗੁੜ ਮੰਗ ਲੈਂਦਾ ਹੈ) । ਅਰਥ: ਹੇ ਕਬੀਰ! ਮੈਂ ਤੈਨੂੰ ਚੇਤਾ ਕਰਾਂਦਾ ਹਾਂ, ਮਤਾਂ ਫਿਰ ਗੁਮਰ ਰਹਿ ਜਾਈ; ਜੋ ਭੋਗ ਹੁਣ ਤਾਈਂ ਤੂੰ ਭੋਗੇ ਹਨ (ਮਤਾਂ ਸਮਝੇਂ ਕਿ ਤੂੰ ਬੜੀਆਂ ਮੌਜਾਂ ਮਾਣ ਲਈਆਂ ਹਨ, ਅਸਲ ਵਿਚ) ਇਹਨਾਂ ਦੀ ਪਾਂਇਆਂ ਇਤਨੀ ਕੁ ਹੀ ਹੈ (ਜਿਵੇਂ ਕਿਸੇ ਹੱਟੀ ਤੋਂ ਸੌਦਾ ਲੈ ਕੇ ਝੂੰਗੇ ਵਜੋਂ) ਰਤਾ ਕੁ ਗੁੜ ਲੈ ਕੇ ਖਾ ਲਏਂ ।44। ਕਬੀਰ ਮੈ ਜਾਨਿਓ ਪੜਿਬੋ ਭਲੋ ਪੜਿਬੇ ਸਿਉ ਭਲ ਜੋਗੁ ॥ ਭਗਤਿ ਨ ਛਾਡਉ ਰਾਮ ਕੀ ਭਾਵੈ ਨਿੰਦਉ ਲੋਗੁ ॥੪੫॥ {ਪੰਨਾ 1366} ਪਦ ਅਰਥ: ਜਾਨਿਓ = ਜਾਣਿਆ, ਸਮਝਿਆ ਸੀ। ਪੜਿਬੋ ਭਲੋ = ਪੜ੍ਹਨਾ ਚੰਗਾ ਹੈ, ਮਨੁੱਖਾ ਜੀਵਨ ਦਾ ਸਭ ਤੋਂ ਚੰਗਾ ਕੰਮ ਵਿੱਦਿਆ ਪੜ੍ਹਨੀ ਹੈ। ਪੜਿਬੇ ਸਿਉ = ਪੜ੍ਹਨ ਨਾਲੋਂ। ਜੋਗੁ = ਪ੍ਰਭੂ-ਚਰਨਾਂ ਵਿਚ ਜੁੜਨਾ। ਨਿੰਦਉ = (ਹੁਕਮੀ ਭਵਿੱਖਤ, ਅੰਨ ਪੁਰਖ, ਇਕ-ਵਚਨ) ਬੇਸ਼ੱਕ ਨਿੰਦਾ ਕਰੇ, ਮਾੜਾ ਆਖੇ। ਅਰਥ: ਹੇ ਕਬੀਰ! (ਇਥੇ ਕਾਸ਼ੀ ਵਿਚ ਉੱਚੀਆਂ ਜਾਤਾਂ ਵਾਲਿਆਂ ਨੂੰ ਵੇਦ ਸ਼ਾਸਤ੍ਰ ਆਦਿਕ ਪੜ੍ਹਦਿਆਂ ਵੇਖ ਕੇ) ਮੈਂ ਸਮਝਿਆ ਸੀ ਕਿ ਵਿੱੱਦਿਆ ਪੜ੍ਹਨੀ ਮਨੁੱਖਾ ਜਨਮ ਦਾ ਸਭ ਤੋਂ ਚੰਗਾ ਕੰਮ ਹੋਵੇਗਾ, ਪਰ (ਇਹਨਾਂ ਲੋਕਾਂ ਦੇ ਨਿਰੇ ਵਾਦ ਵਿਵਾਦ ਵੇਖ ਕੇ ਮੈਨੂੰ ਯਕੀਨ ਆ ਗਿਆ ਹੈ ਕਿ ਅਜੇਹੀ ਵਿੱਦਿਆ) ਪੜ੍ਹਨ ਨਾਲੋਂ ਪ੍ਰਭੂ-ਚਰਨਾਂ ਵਿਚ ਜੁੜਨਾ (ਮਨੁੱਖ ਲਈ) ਭਲਾ ਹੈ। (ਸੋ, ਇਸ ਗੱਲੋਂ) ਜਗਤ ਬੇ-ਸ਼ੱਕ ਮੈਨੂੰ ਮਾੜਾ ਪਿਆ ਆਖੇ ਮੈਂ (ਵਿੱਦਿਆ ਦੇ ਵੱਟੇ ਭੀ) ਪਰਮਾਤਮਾ ਦੀ ਭਗਤੀ ਨਹੀਂ ਛੱਡਾਂਗਾ ।45। ਨੋਟ: ਪਿਛਲੇ ਸ਼ਲੋਕਾਂ ਵਿਚ ਦੁਨੀਆ ਦੇ ਭੋਗ ਪਦਾਰਥਾਂ ਨਾਲੋਂ 'ਨਾਮ' ਨੂੰ ਚੰਗਾ ਆਖਿਆ ਹੈ, ਇਸ ਸ਼ਲੋਕ ਵਿਚ ਵਿੱਦਿਆ ਦੇ ਟਾਕਰੇ ਤੇ ਭੀ ਨਾਮ ਦੀ ਮਹੱਤਤਾ ਦੱਸੀ ਹੈ। ਕਬੀਰ ਲੋਗੁ ਕਿ ਨਿੰਦੈ ਬਪੁੜਾ ਜਿਹ ਮਨਿ ਨਾਹੀ ਗਿਆਨੁ ॥ ਰਾਮ ਕਬੀਰਾ ਰਵਿ ਰਹੇ ਅਵਰ ਤਜੇ ਸਭ ਕਾਮ ॥੪੬॥ {ਪੰਨਾ 1366} ਪਦ ਅਰਥ: ਕਿ ਨਿੰਦੈ = ਕੀਹ ਨਿੰਦ ਸਕਦਾ ਹੈ? (ਉਸ ਦੇ) ਲੱਭੇ ਔਗੁਣਾਂ ਨੂੰ ਕੌਣ ਸਹੀ ਮੰਨੇਗਾ? ਬਪੁੜਾ = ਵਿਚਾਰਾ, ਮੂਰਖ। ਜਿਹ ਮਨਿ = ਜਿਸ ਦੇ ਮਨ ਵਿਚ। ਗਿਆਨੁ = ਸਮਝ, ਚੰਗੇ ਮੰਦੇ ਦੀ ਪਛਾਣ। ਰਵਿ ਰਹੇ = ਸਿਮਰ ਰਿਹਾ ਹੈ। ਤਜੇ = ਤਜਿ, ਛੱਡ ਕੇ। ਨੋਟ: ਕਿਸੇ ਮਨੁੱਖ ਦੇ ਚੰਗੇ ਤੇ ਮਾੜੇ ਪਹਿਲੂ ਨੂੰ ਸਹੀ ਤਰੀਕੇ ਨਾਲ ਮਨੁੱਖ ਪਰਖ ਸਕਦਾ ਹੈ, ਜਿਸ ਨੂੰ ਦੋਹਾਂ ਪਾਸਿਆਂ ਦੀ ਪਹਿਲਾਂ ਆਪ ਪੂਰੀ ਸਮਝ ਹੋਵੇ। ਉਸੇ ਮਨੁੱਖ ਦੀ ਕੀਤੀ ਨੁਕਤਾ-ਚੀਨੀ ਦਾ ਕੋਈ ਮੁੱਲ ਪੈ ਸਕਦਾ ਹੈ। ਕਬੀਰ ਜੀ ਸ਼ਲੋਕ ਨੰ: 45 ਵਿਚ ਲਿਖਦੇ ਹਨ ਕਿ ਜੇ ਵਿੱਦਿਆ ਅਤੇ ਭਗਤੀ ਵਿਚੋਂ ਕੋਈ ਇੱਕ ਚੀਜ਼ ਚੁਣਨੀ ਹੈ, ਤਾਂ ਮੈਂ ਤਾਂ ਭਗਤੀ ਨੂੰ ਪਸੰਦ ਕਰਾਂਗਾ। ਇਸ ਵਿਚ ਕੋਈ ਸ਼ਕ ਨਹੀਂ ਕਿ ਲੋਕ ਮੇਰੀ ਇਸ ਚੋਣ ਤੇ ਠੱਠਾ ਕਰਨਗੇ; ਇਸ ਬਾਰੇ ਲੋਕਾਂ ਦੇ ਠੱਠੇ-ਮਖ਼ੌਲ ਦੀ ਪਰਵਾਹ ਤਦੋਂ ਹੀ ਕੀਤੀ ਜਾ ਸਕਦੀ ਹੈ ਜੇ ਉਹਨਾਂ ਨੂੰ ਵਿੱਦਿਆ ਅਤੇ ਭਗਤੀ ਦੋਹਾਂ ਦੀ ਕੁਝ ਸੂਝ ਹੋਵੇ। ਪਰੰਤੂ ਆਮ ਹਾਲਤ ਇਹ ਹੈ ਕਿ ਲੋਕ ਵਿਚਾਰੇ ਭਗਤੀ ਦੀ ਸਾਰ ਹੀ ਨਹੀਂ ਜਾਣਦੇ, ਇਸ ਵਾਸਤੇ ਜੇ ਇਹ ਲੋਕ ਮੈਨੂੰ ਮੇਰੀ ਇਸ ਚੋਣ ਤੇ ਮਾੜਾ ਆਖਦੇ ਹਨ ਤਾਂ ਇਹਨਾਂ ਦੀ ਨੁਕਤਾ-ਚੀਨੀ ਦਾ ਕੌਡੀ ਭੀ ਮੁੱਲ ਨਹੀਂ ਹੈ। ਅਰਥ: ਹੇ ਕਬੀਰ! ਜਿਸ ਮਨੁੱਖ ਦੇ ਅੰਦਰ (ਇਹ) ਸੂਝ ਨਹੀਂ ਹੈ (ਕਿ ਵਿੱਦਿਆ ਦੇ ਟਾਕਰੇ ਤੇ ਪ੍ਰਭੂ ਦੀ ਭਗਤੀ ਕਿਤਨੀ ਵਡ-ਮੁੱਲੀ ਦਾਤਿ ਹੈ, ਉਹ ਮਨੁੱਖ ਜੇ ਮੇਰੀ ਇਸ ਚੋਣ ਤੇ ਮੈਨੂੰ ਮਾੜਾ ਆਖੇ) ਤਾਂ ਉਸ ਮਨੁੱਖ ਦੇ ਇਹ ਨਿੰਦਾ ਕਰਨ ਦਾ ਕੋਈ ਅਰਥ ਨਹੀਂ ਹੈ। ਸੋ, ਕਬੀਰ (ਅਜੇਹੇ ਬੰਦਿਆਂ ਦੀ ਇਸ ਦੰਦ-ਕਥਾ ਦੀ ਪਰਵਾਹ ਨਹੀਂ ਕਰਦਾ, ਤੇ) ਪਰਮਾਤਮਾ ਦਾ ਸਿਮਰਨ ਕਰ ਰਿਹਾ ਹੈ, ਅਤੇ ਹੋਰ ਸਾਰੇ (ਕੰਮਾਂ ਦੇ) ਮੋਹ ਦਾ ਤਿਆਗ ਕਰ ਰਿਹਾ ਹੈ ।46। ਕਬੀਰ ਪਰਦੇਸੀ ਕੈ ਘਾਘਰੈ ਚਹੁ ਦਿਸਿ ਲਾਗੀ ਆਗਿ ॥ ਖਿੰਥਾ ਜਲਿ ਕੋਇਲਾ ਭਈ ਤਾਗੇ ਆਂਚ ਨ ਲਾਗ ॥੪੭॥ {ਪੰਨਾ 1366} ਪਦ ਅਰਥ: ਪਰਦੇਸੀ = ਇਹ ਜੀਵ ਜੋ ਇਸ ਜਗਤ ਵਿਚ ਮੁਸਾਫ਼ਿਰ ਵਾਂਗ ਚਾਰ ਦਿਨ ਲਈ ਰਹਿਣ ਆਇਆ ਹੈ, ਜਿਵੇਂ ਕੋਈ ਜੋਗੀ ਕਿਸੇ ਬਸਤੀ ਵਿਚ ਦੋ ਚਾਰ ਦਿਨ ਵਾਸਤੇ ਆ ਟਿਕਦਾ ਹੈ। ਘਾਘਰਾ = (Skt. घर्घरा, ਘਰਘਰਾ = a gate, a door) ਦਰਵਾਜ਼ਾ, (ਭਾਵ, ਗਿਆਨ = ਇੰਦ੍ਰਾ) । ਘਾਘਰੈ = ਦਰਵਾਜ਼ੇ ਨੂੰ, ਗਿਆਨ-ਇੰਦ੍ਰੇ ਨੂੰ। ਚਹੁ ਦਿਸਿ = ਚਹੁੰਆਂ ਪਾਸਿਆਂ ਵਲੋਂ, (ਭਾਵ, ਹਰੇਕ ਗਿਆਨ-ਇੰਦ੍ਰੇ ਨੂੰ) । ਆਗਿ = ਅੱਗ, ਵਿਕਾਰਾਂ ਦੀ ਅੱਗ (ਅੱਖਾਂ ਨੂੰ 'ਪਰ = ਦ੍ਰਿਸਟਿ ਵਿਕਾਰ', ਕੰਨਾਂ ਨੂੰ ਪਰ ਨਿੰਦਾ; ਜੀਭ ਨੂੰ 'ਮਿੱਠ ਸੁਆਦ' ਇਤਿਆਦਿਕ) । ਖਿੰਥਾ = ਗੋਦੜੀ, ਇਸ ਪਰਦੇਸੀ ਜੋਗੀ ਦਾ ਸਰੀਰ = ਰੂਪ ਗੋਦੜੀ। ਤਾਗਾ = ਇਸ ਸਰੀਰ = ਗੋਦੜੀ ਦੀਆਂ ਟਾਕੀਆਂ ਨੂੰ ਜੋੜ ਕੇ ਰੱਖਣ ਵਾਲਾ ਧਾਗਾ, ਜਿੰਦ = ਆਤਮਾ। ਆਂਚ = ਸੇਕ, ਵਿਕਾਰਾਂ ਦੀ ਅੱਗ ਦਾ ਸੇਕ। ਅਰਥ: ਇਸ ਪਰਦੇਸੀ ਜੀਵ ਦੇ ਗਿਆਨ-ਇੰਦ੍ਰਿਆਂ ਨੂੰ ਹਰ ਪਾਸੇ ਵਲੋਂ ਵਿਕਾਰਾਂ ਦੀ ਅੱਗ ਲੱਗੀ ਹੋਈ ਹੈ, (ਜੋ ਪਰਦੇਸੀ ਜੋਗੀ ਬੇ-ਪਰਵਾਹ ਹੋ ਕੇ ਇਸ ਅੱਗ ਦਾ ਨਿੱਘ ਮਾਣਦਾ ਰਿਹਾ, ਉਸ ਦੀ) ਸਰੀਰ-ਗੋਦੜੀ (ਵਿਕਾਰਾਂ ਦੀ ਅੱਗ ਵਿਚ) ਸੜ ਕੇ ਕੋਲੇ ਹੋ ਗਈ, (ਪਰ ਜਿਸ ਪਰਦੇਸੀ ਜੋਗੀ ਨੇ ਇਸ ਗੋਦੜੀ ਦੇ ਧਾਗੇ ਦਾ, ਇਸ ਸਰੀਰ ਵਿਚ ਵੱਸਦੀ ਜਿੰਦ ਦਾ, ਖ਼ਿਆਲ ਰੱਖਿਆ ਤੇ ਵਿਕਾਰ-ਅਗਨੀ ਦੇ ਨਿੱਘ ਦਾ ਸੁਆਦ ਮਾਣਨ ਤੋਂ ਸੰਕੋਚ ਕੀਤੀ ਰੱਖਿਆ, ਉਸ ਦੀ) ਆਤਮਾ ਨੂੰ (ਇਹਨਾਂ ਵਿਕਾਰਾਂ ਦੀ ਅੱਗ ਦਾ) ਸੇਕ ਭੀ ਨਾਹ ਲੱਗਾ (ਭਾਵ, ਉਹ ਇਸ ਬਲਦੀ ਅੱਗ ਵਿਚੋਂ ਬਚ ਗਿਆ) ।47। ਕਬੀਰ ਖਿੰਥਾ ਜਲਿ ਕੋਇਲਾ ਭਈ ਖਾਪਰੁ ਫੂਟ ਮਫੂਟ ॥ ਜੋਗੀ ਬਪੁੜਾ ਖੇਲਿਓ ਆਸਨਿ ਰਹੀ ਬਿਭੂਤਿ ॥੪੮॥ {ਪੰਨਾ 1366-1367} ਪਦ ਅਰਥ: ਖਾਪਰੁ = ਖੱਪਰ ਜਿਸ ਵਿਚ ਜੋਗੀ ਘਰ ਘਰ ਤੋਂ ਆਟਾ ਮੰਗਦਾ ਹੈ, ਉਹ ਮਨ ਜੋ ਦਰ ਦਰ ਤੇ ਭਟਕਦਾ ਹੈ, ਉਹ ਮਨ ਜੋ ਕਈ ਵਾਸ਼ਨਾਂ ਵਿਚ ਖ਼ੁਆਰ ਹੁੰਦਾ ਫਿਰਦਾ ਹੈ। ਫੂਟ ਮਫੂਟ = ਟੋਟੇ ਟੋਟੇ ਹੋ ਗਿਆ, ਬੇਅੰਤ ਵਾਸਨਾਂ ਪਿਛੇ ਦੌੜ-ਭੱਜ ਕਰਨ ਲੱਗ ਪਿਆ। ਬਪੁੜਾ = ਵਿਚਾਰਾ, ਮੰਦ-ਭਾਗੀ, ਜਿਸ ਨੇ ਇਸ ਜਨਮ = ਫੇਰੀ ਵਿਚ ਕੁਝ ਭੀ ਨਾਹ ਖੱਟਿਆ। ਖੇਲਿਓ = ਖੇਡ ਉਜਾੜ ਗਿਆ, ਬਾਜ਼ੀ ਹਾਰ ਗਿਆ। ਆਸਨਿ = ਆਸਨ ਉਤੇ, ਇਸ ਦੇ ਪੱਲੇ। ਬਿਭੂਤਿ = ਸੁਆਹ, ਖੇਹ = ਖ਼ੁਆਰੀ। ਅਰਥ: ਹੇ ਕਬੀਰ! (ਵਿਕਾਰਾਂ ਦੀ ਅੱਗ ਵਿਚ ਪੈ ਕੇ ਜਿਸ ਬਦ-ਨਸੀਬ ਜੀਵ-ਜੋਗੀ ਦੀ) ਸਰੀਰ-ਗੋਦੜੀ ਸੜ ਕੇ ਕੋਲਾ ਹੋ ਗਈ ਤੇ (ਜਿਸ ਦਾ) ਮਨ-ਖੱਪਰ ਦਰ ਦਰ ਤੋਂ ਵਾਸਨਾਂ ਦੀ ਭਿੱਛਿਆ ਹੀ ਇਕੱਠੀ ਕਰਦਾ ਰਿਹਾ, (ਉਹ) ਮੰਦ-ਭਾਗੀ ਜੀਵ-ਜੋਗੀ ਮਨੁੱਖਾ ਜਨਮ ਦੀ ਖੇਡ ਉਜਾੜ ਕੇ ਹੀ ਜਾਂਦਾ ਹੈ, ਉਸ ਦੇ ਪੱਲੇ ਖੇਹ-ਖ਼ੁਆਰੀ ਹੀ ਪੈਂਦੀ ਹੈ ।48। |
Sri Guru Granth Darpan, by Professor Sahib Singh |