ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1381

ਫਰੀਦਾ ਮੰਡਪ ਮਾਲੁ ਨ ਲਾਇ ਮਰਗ ਸਤਾਣੀ ਚਿਤਿ ਧਰਿ ॥ ਸਾਈ ਜਾਇ ਸਮ੍ਹ੍ਹਾਲਿ ਜਿਥੈ ਹੀ ਤਉ ਵੰਞਣਾ ॥੫੮॥ {ਪੰਨਾ 1381}

ਪਦ ਅਰਥ: ਮਰਗ = ਮੌਤ। ਸਤਾਣੀ = ਸ-ਤਾਣੀ, ਤਾਣ ਵਾਲੀ, ਬਲ ਵਾਲੀ। ਚਿਤਿ = ਚਿੱਤ ਵਿਚ। ਸਾਈ = ਉਹੀ। ਜਾਇ = ਥਾਂ। ਸਮ੍ਹ੍ਹਾਲਿ = (ਇਸ ਲਫ਼ਜ਼ ਦੇ ਅੱਖਰ 'ਮ' ਦੇ ਹੇਠ ਅੱਧਾ 'ਹ' ਹੈ) । ਜਿਥੈ ਹੀ = ਜਿਥੇ ਆਖ਼ਰ ਨੂੰ। ਵੰਞਣਾ = ਜਾਣਾ। ਮਾਲੁ = ਧਨ।

ਅਰਥ: ਹੇ ਫਰੀਦ! (ਨਿਰਾ) ਮਹਲ-ਮਾੜੀਆਂ ਤੇ ਧਨ ਨੂੰ ਚਿੱਤ ਵਿਚ ਨਾਹ ਟਿਕਾਈ ਰੱਖ, (ਸਭ ਤੋਂ) ਬਲੀ ਮੌਤ ਨੂੰ ਚਿੱਤ ਵਿਚ ਰੱਖ (ਚੇਤੇ ਰੱਖ) । ਉਹ ਥਾਂ ਭੀ ਯਾਦ ਰੱਖ ਆਖ਼ਰ ਨੂੰ ਤੂੰ ਜਾਣਾ ਹੈ। 58।

ਫਰੀਦਾ ਜਿਨ੍ਹ੍ਹੀ ਕੰਮੀ ਨਾਹਿ ਗੁਣ ਤੇ ਕੰਮੜੇ ਵਿਸਾਰਿ ॥ ਮਤੁ ਸਰਮਿੰਦਾ ਥੀਵਹੀ ਸਾਂਈ ਦੈ ਦਰਬਾਰਿ ॥੫੯॥ {ਪੰਨਾ 1381}

ਪਦ ਅਰਥ: ਜਿਨ੍ਹ੍ਹੀ = (ਇਥੇ ਅੱਖਰ 'ਨ' ਦੇ ਨਾਲ ਅੱਧਾ 'ਹ' ਹੈ) । ਜਿਨ੍ਹ੍ਹੀ ਕੰਮੀ = ਜਿਨ੍ਹਾਂ ਕੰਮਾਂ ਵਿਚ। ਗੁਣ = ਲਾਭ। ਕੰਮੜੇ = ਕੋਝੇ ਕੰਮ। ਥੀਵਹੀ = ਤੂੰ ਹੋਵੇਂ। ਦੈ = (ਲਫ਼ਜ਼ 'ਦੇ' ਦੇ ਥਾਂ 'ਦੈ' ਕਿਉਂ ਹੋ ਗਿਆ ਹੈ, ਇਹ ਗੱਲ ਸਮਝਣ ਲਈ ਪੜ੍ਹੋ ਮੇਰਾ 'ਗੁਰਬਾਣੀ ਵਿਆਕਰਣ') । ਦਰਬਾਰਿ = ਦਰਬਾਰ ਵਿਚ। ਦੈ ਦਰਬਾਰਿ = ਦੇ ਦਰਬਾਰ ਵਿਚ।

ਅਰਥ: ਹੇ ਫਰੀਦ! ਉਹ ਕੋਝੇ ਕੰਮ ਛੱਡ ਦੇਹ, ਜਿਨ੍ਹਾਂ ਕੰਮਾਂ ਵਿਚ (ਜਿੰਦ ਵਾਸਤੇ ਕੋਈ) ਲਾਭ ਨਹੀਂ ਹੈ, ਮਤਾਂ ਖਸਮ (ਪਰਮਾਤਮਾ) ਦੇ ਦਰਬਾਰ ਵਿਚ ਸ਼ਰਮਿੰਦਾ ਹੋਣਾ ਪਏ। 59।

ਫਰੀਦਾ ਸਾਹਿਬ ਦੀ ਕਰਿ ਚਾਕਰੀ ਦਿਲ ਦੀ ਲਾਹਿ ਭਰਾਂਦਿ ॥ ਦਰਵੇਸਾਂ ਨੋ ਲੋੜੀਐ ਰੁਖਾਂ ਦੀ ਜੀਰਾਂਦਿ ॥੬੦॥ {ਪੰਨਾ 1381}

ਪਦ ਅਰਥ: ਭਰਾਂਦਿ = ('ਵਿਸੁ ਗੰਦਲਾਂ' ਦੀ ਖ਼ਾਤਰ) ਭਰਮ, ਭ੍ਰਾਂਤਿ, ਸੰਸਾ, ਭਟਕਣਾ। ਲਾਹਿ = ਲਾਹ ਕੇ, ਦੂਰ ਕਰ ਕੇ। ਚਾਕਰੀ = ਨੌਕਰੀ, (ਭਾਵ,) ਬੰਦਗੀ। ਲੋੜੀਐ = ਚਾਹੀਦੀ ਹੈ। ਜੀਰਾਂਦਿ = ਧੀਰਜ, ਸਬਰ। ਦਰਵੇਸ = ਫ਼ਕੀਰ। ਨੋ = ਨੂੰ।

ਅਰਥ: ਹੇ ਫਰੀਦ! (ਇਹਨਾਂ 'ਵਿਸੁ ਗੰਦਲਾਂ' ਦੀ ਖ਼ਾਤਰ ਆਪਣੇ) ਦਿਲ ਦੀ ਭਟਕਣਾ ਦੂਰ ਕਰ ਕੇ ਮਾਲਕ (-ਪ੍ਰਭੂ) ਦੀ ਬੰਦਗੀ ਕਰ। ਫ਼ਕੀਰਾਂ ਨੂੰ (ਤਾਂ) ਰੁੱਖਾਂ ਵਰਗਾ ਜਿਗਰਾ ਕਰਨਾ ਚਾਹੀਦਾ ਹੈ। 60।

ਫਰੀਦਾ ਕਾਲੇ ਮੈਡੇ ਕਪੜੇ ਕਾਲਾ ਮੈਡਾ ਵੇਸੁ ॥ ਗੁਨਹੀ ਭਰਿਆ ਮੈ ਫਿਰਾ ਲੋਕੁ ਕਹੈ ਦਰਵੇਸੁ ॥੬੧॥ {ਪੰਨਾ 1381}

ਪਦ ਅਰਥ: ਮੈਡੇ = ਮੇਰੇ। ਵੇਸੁ = ਪਹਿਰਾਵਾ, ਪੋਸ਼ਾਕ। ਗੁਨਹੀ = ਗੁਨਾਹਾਂ ਨਾਲ। ਫਿਰਾ = ਫਿਰਾਂ, ਫਿਰਦਾ ਹਾਂ। ਲੋਕੁ = ਜਗਤੁ। ਕਹੈ– ਆਖਦਾ ਹੈ।

ਅਰਥ: ਹੇ ਫਰੀਦ! (ਮੇਰੇ ਅੰਦਰ ਰੁੱਖਾਂ ਵਾਲੀ ਜੀਰਾਂਦ ਨਹੀਂ ਹੈ ਜੋ ਫ਼ਕੀਰ ਦੇ ਅੰਦਰ ਚਾਹੀਦੀ ਸੀ ਫ਼ਕੀਰਾਂ ਵਾਂਗ) ਮੇਰੇ ਕੱਪੜੇ (ਤਾਂ) ਕਾਲੇ ਹਨ, ਮੇਰਾ ਵੇਸ ਕਾਲਾ ਹੈ (ਪਰ 'ਵਿਸੁ ਗੰਦਲਾਂ' ਦੀ ਖ਼ਾਤਰ 'ਭਰਾਂਦਿ' ਦੇ ਕਾਰਨ) ਮੈਂ ਗੁਨਾਹਾਂ ਨਾਲ ਭਰਿਆ ਹੋਇਆ ਫਿਰਦਾ ਹਾਂ ਤੇ ਜਗਤ ਮੈਨੂੰ ਫ਼ਕੀਰ ਆਖਦਾ ਹੈ। 61।

ਤਤੀ ਤੋਇ ਨ ਪਲਵੈ ਜੇ ਜਲਿ ਟੁਬੀ ਦੇਇ ॥ ਫਰੀਦਾ ਜੋ ਡੋਹਾਗਣਿ ਰਬ ਦੀ ਝੂਰੇਦੀ ਝੂਰੇਇ ॥੬੨॥ {ਪੰਨਾ 1381}

ਪਦ ਅਰਥ: ਤਤੀ = ਤੱਤੀ, ਸੜੀ ਹੋਈ। ਤੋਇ = ਪਾਣੀ ਵਿਚ। ਪਲਵੈ = ਪਲ੍ਹਰਦੀ ਹੈ, ਪ੍ਰਫੁਲਤ ਹੁੰਦੀ ਹੈ। ਜਲਿ = ਜਲ ਵਿਚ। ਡੋਹਾਗਣਿ = ਦੁਹਾਗਣਿ, ਦੁਰਭਾਗਣਿ, ਮੰਦੇ ਭਾਗਾਂ ਵਾਲੀ, ਛੁੱਟੜ। ਝੂਰੇਦੀ ਝੂਰੇਇ = ਸਦਾ ਹੀ ਝੂਰਦੀ ਹੈ। ਜੇ = ਭਾਵੇਂ।

ਅਰਥ: ਪਾਣੀ ਵਿਚ ਸੜੀ ਹੋਈ (ਖੇਤੀ ਫਿਰ) ਹਰੀ ਨਹੀਂ ਹੁੰਦੀ, ਭਾਵੇਂ (ਉਸ ਖੇਤੀ ਨੂੰ) ਪਾਣੀ ਵਿਚ (ਕੋਈ) ਡੋਬਾ ਦੇ ਦੇਵੇ। ਹੇ ਫਰੀਦ! (ਇਸੇ ਤਰ੍ਹਾਂ ਜੋ ਜੀਵ-ਇਸਤ੍ਰੀ ਆਪਣੇ ਵਲੋਂ ਰੱਬ ਦੇ ਰਾਹ ਤੇ ਤੁਰਦੀ ਹੋਈ ਭੀ) ਰੱਬ ਤੋਂ ਵਿਛੁੜੀ ਹੋਈ ਹੈ, ਉਹ ਸਦਾ ਹੀ ਦੁਖੀ ਹੁੰਦੀ ਹੈ, (ਭਾਵ, ਫ਼ਕੀਰੀ ਲਿਬਾਸ ਹੁੰਦਿਆਂ ਭੀ ਜੇ ਮਨ ਗੁਨਾਹਾਂ ਨਾਲ ਭਰਿਆ ਰਿਹਾ, ਦਰਵੇਸੁ ਬਣ ਕੇ ਭੀ ਜੇ 'ਵਿਸੁ ਗੰਦਲਾਂ' ਦੀ ਖ਼ਾਤਰ ਮਨ ਵਿਚ 'ਭਰਾਂਦਿ' ਰਹੀ, ਸਤਸੰਗ ਵਿਚ ਰਹਿ ਕੇ ਭੀ ਜੇ ਮਨ ਸਹਸਿਆਂ ਵਿਚ ਰਿਹਾ, ਤਾਂ ਭਾਗਾਂ ਵਿਚ ਸਦਾ ਝੋਰਾ ਹੀ ਝੋਰਾ ਹੈ) । 62।

ਜਾਂ ਕੁਆਰੀ ਤਾ ਚਾਉ ਵੀਵਾਹੀ ਤਾਂ ਮਾਮਲੇ ॥ ਫਰੀਦਾ ਏਹੋ ਪਛੋਤਾਉ ਵਤਿ ਕੁਆਰੀ ਨ ਥੀਐ ॥੬੩॥ {ਪੰਨਾ 1381}

ਪਦ ਅਰਥ: ਵੀਵਾਹੀ = ਵਿਆਹੀ, ਜਦੋਂ ਵਿਆਹੀ ਗਈ। ਮਾਮਲੇ = ਕਜ਼ੀਏ, ਜੰਜਾਲ। ਪਛੋਤਾਉ = ਪਛੁਤਾਵਾ। ਵਤਿ = ਫਿਰ, ਮੁੜ ਕੇ। ਨ ਥੀਐ = ਨਹੀਂ ਹੋ ਸਕਦੀ। ਜਾਂ = ਜਦੋਂ। ਤਾਂ = ਤਦੋਂ।

ਨੋਟ: ਸ਼ਲੋਕ ਨੰ: 62 ਵਾਲੇ ਖ਼ਿਆਲ ਨੂੰ ਹੀ ਇਥੇ ਇਕ ਲੜਕੀ ਦੇ ਜੀਵਨ ਦੀ ਮਿਸਾਲ ਦੇ ਕੇ ਸਮਝਾਇਆ ਹੈ।

ਅਰਥ: ਜਦੋਂ (ਲੜਕੀ) ਕੁਆਰੀ ਹੁੰਦੀ ਹੈ ਤਦੋਂ (ਉਸ ਨੂੰ ਵਿਆਹ ਦਾ) ਚਾਉ ਹੁੰਦਾ ਹੈ (ਪਰ ਜਦੋਂ) ਵਿਆਹੀ ਜਾਂਦੀ ਹੈ ਤਾਂ ਜੰਜਾਲ ਪੈ ਜਾਂਦੇ ਹਨ। ਹੇ ਫਰੀਦ! (ਉਸ ਵੇਲੇ) ਇਹੀ ਪਛੁਤਾਵਾ ਹੁੰਦਾ ਹੈ ਕਿ ਉਹ ਮੁੜ ਕੁਆਰੀ ਨਹੀਂ ਹੋ ਸਕਦੀ (ਭਾਵ, ਉਹ ਪਹਿਲਾ ਚਾਉ ਉਸ ਦੇ ਮਨ ਵਿਚ ਪੈਦਾ ਨਹੀਂ ਹੋ ਸਕਦਾ) । 63।

ਨੋਟ: ਜੇ ਸਤਸੰਗ ਵਿਚ ਰੋਜ਼ ਆ ਕੇ, ਜੇ ਫ਼ਕੀਰੀ ਦੇ ਰਾਹ ਤੇ ਤੁਰਦੇ ਹੋਇਆਂ, ਜੇ ਆਪਣੇ ਵਲੋਂ ਧਾਰਮਿਕ ਜੀਵਨ ਬਿਤੀਤ ਕਰਦੇ ਹੋਇਆਂ, ਮਨ ਵਿਚ 'ਵਿਸੁ ਗੰਦਲਾਂ' ਦੀ ਖ਼ਾਤਰ 'ਭਰਾਂਦਿ' ਟਿਕੀ ਰਹੇ, ਤਾਂ ਸਾਰੇ ਧਾਰਮਿਕ ਉੱਦਮ ਬਾਹਰ-ਮੁਖੀ ਹੋ ਜਾਂਦੇ ਹਨ। ਅਜੇਹਾ ਧਾਰਮਿਕ ਜੀਵਨ ਸਗੋਂ ਇਹ ਨੁਕਸਾਨ ਕਰਦਾ ਹੈ ਕਿ ਉਹ ਪਹਿਲਾ ਧਾਰਮਿਕ ਚਾਉ ਮਾਰਿਆ ਹੀ ਜਾਂਦਾ ਹੈ, ਉਸ ਦਾ ਮੁੜ ਪਲ੍ਹਰਨਾ ਔਖਾ ਹੋ ਜਾਂਦਾ ਹੈ। ਇਹ ਖ਼ਿਆਲ ਸ਼ਲੋਕ ਨੰ: 60 ਤੋਂ ਲੈ ਕੇ ਸਲੋਕ ਨੰ: 63 ਤਕ ਚਲਿਆ ਆ ਰਿਹਾ ਹੈ।

ਕਲਰ ਕੇਰੀ ਛਪੜੀ ਆਇ ਉਲਥੇ ਹੰਝ ॥ ਚਿੰਜੂ ਬੋੜਨ੍ਹ੍ਹਿ ਨਾ ਪੀਵਹਿ ਉਡਣ ਸੰਦੀ ਡੰਝ ॥੬੪॥ {ਪੰਨਾ 1381}

ਪਦ ਅਰਥ: ਕੇਰੀ = ਦੀ। ਆਇ ਉਲਥੇ = ਆ ਉਤਰੇ। ਹੰਝ = ਹੰਸ। ਚਿੰਜੂ = ਚੁੰਝ। ਬੋੜਨ੍ਹ੍ਹਿ = ਡੋਬਦੇ ਹਨ। ਸੰਦੀ = ਦੀ। ਡੰਝ = ਤਾਂਘ।

ਨੋਟ: ਉਪਰਲੇ 4 ਸ਼ਲੋਕਾਂ ਵਿਚ ਉਹਨਾਂ ਦਾ ਹਾਲ ਦੱਸਿਆ ਹੈ; ਜੋ ਸਤਸੰਗ ਵਿਚ ਰਹਿੰਦੇ ਹੋਏ ਭੀ ਸਤਸੰਗ ਦੇ ਅਨੰਦ ਤੋਂ ਵਾਂਜੇ ਰਹੇ, ਤੇ ਆਖ਼ਿਰ ਅੰਦਰੋਂ ਚਾਉ ਹੀ ਮੁੱਕ ਗਿਆ। ਸ਼ਲੋਕ ਨੰ: 64 ਤੇ 65 ਵਿਚ ਅਸਲ ਸਤਸੰਗੀਆਂ ਦਾ ਹਾਲ ਹੈ।

ਅਰਥ: ਕੱਲਰ ਦੀ ਛੱਪਰੀ ਵਿਚ ਹੰਸ ਆ ਉਤਰਦੇ ਹਨ, (ਉਹ ਹੰਸ ਛੱਪੜੀ ਵਿਚ ਆਪਣੀ) ਚੁੰਝ ਡੋਬਦੇ ਹਨ, (ਪਰ, ਉਹ ਮੈਲਾ ਪਾਣੀ) ਨਹੀਂ ਪੀਂਦੇ, ਉਹਨਾਂ ਨੂੰ ਉਥੋਂ ਉੱਡ ਜਾਣ ਦੀ ਤਾਂਘ ਲੱਗੀ ਰਹਿੰਦੀ ਹੈ। 64।

ਹੰਸੁ ਉਡਰਿ ਕੋਧ੍ਰੈ ਪਇਆ ਲੋਕੁ ਵਿਡਾਰਣਿ ਜਾਇ ॥ ਗਹਿਲਾ ਲੋਕੁ ਨ ਜਾਣਦਾ ਹੰਸੁ ਨ ਕੋਧ੍ਰਾ ਖਾਇ ॥੬੫॥ {ਪੰਨਾ 1381}

ਪਦ ਅਰਥ: ਉਡਿ = ਉੱਡ ਕੇ। ਕੋਧ੍ਰੈ = ਕੋਧਰੇ ਦੀ ਪੈਲੀ ਵਿਚ। ਪਇਆ = ਜਾ ਪਿਆ, ਜਾ ਬੈਠਾ। ਵਿਡਾਰਣਿ = ਉਡਾਣ ਲਈ। ਗਹਲਾ = ਕਮਲਾ। ਲੋਕੁ = ਜਗਤ, (ਭਾਵ) ਜਗਤ ਦੇ ਬੰਦੇ।

ਅਰਥ: ਹੰਸ ਉੱਡ ਕੇ ਕੋਧਰੇ ਦੀ ਪੈਲੀ ਵਿਚ ਜਾ ਬੈਠਾ ਤਾਂ ਦੁਨੀਆ ਦੇ ਬੰਦੇ ਉਸ ਨੂੰ ਉਡਾਣ ਜਾਂਦੇ ਹਨ। ਕਮਲੀ ਦੁਨੀਆ ਇਹ ਨਹੀਂ ਜਾਣਦੀ ਕਿ ਹੰਸ ਕੋਧਰਾ ਨਹੀਂ ਖਾਂਦਾ। 65।

ਸ਼ਲੋਕ ਨੰ: 66 ਤੋਂ 92 ਤਕ:

ਚਲਿ ਚਲਿ ਗਈਆਂ ਪੰਖੀਆਂ ਜਿਨ੍ਹ੍ਹੀ ਵਸਾਏ ਤਲ ॥ ਫਰੀਦਾ ਸਰੁ ਭਰਿਆ ਭੀ ਚਲਸੀ ਥਕੇ ਕਵਲ ਇਕਲ ॥੬੬॥ {ਪੰਨਾ 1381}

ਪਦ ਅਰਥ: ਚਲਿ ਚਲਿ ਗਈਆਂ = ਆਪੋ ਆਪਣੀ ਵਾਰੀ ਚਲੀਆਂ ਗਈਆਂ। ਪੰਖੀਆਂ = ਪੰਛੀਆਂ ਦੀਆਂ ਡਾਰਾਂ। ਤਲ = ਤਲਾਬ। ਵਸਾਏ = ਰੌਣਕ ਦੇ ਰਹੇ ਸਨ। ਸਰੁ = ਸਰੋਵਰ, ਤਲਾਬ। ਚਲਸੀ = ਸੁੱਕ ਜਾਇਗਾ। ਥਕੇ = ਕੁਮਲਾ ਗਏ। ਇਕਲ = ਪਿੱਛੇ ਇਕੱਲੇ ਰਹੇ ਹੋਏ।

ਅਰਥ: ਹੇ ਫਰੀਦ! ਜਿਨ੍ਹਾਂ (ਜੀਵ-) ਪੰਛੀਆਂ ਦੀਆਂ ਡਾਰਾਂ ਨੇ ਇਸ (ਸੰਸਾਰ-) ਤਲਾਬ ਨੂੰ ਸੁਹਾਵਣਾ ਬਣਾਇਆ ਹੋਇਆ ਹੈ, ਉਹ ਆਪੋ ਆਪਣੀ ਵਾਰੀ (ਇਸ ਨੂੰ ਛੱਡ ਕੇ) ਟੁਰੀਆਂ ਜਾ ਰਹੀਆਂ ਹਨ। (ਇਹ ਜਗਤ-) ਸਰੋਵਰ ਭੀ ਸੁੱਕ ਜਾਇਗਾ ਤੇ ਪਿੱਛੇ ਰਹੇ ਹੋਏ ਇਕੱਲੇ ਕਉਲ ਫੁਲ ਭੀ ਕੁਮਲਾ ਜਾਣਗੇ (ਭਾਵ, ਇਹ ਸ੍ਰਿਸ਼ਟੀ ਦੇ ਸੋਹਣੇ ਪਦਾਰਥ ਸਭ ਨਾਸ ਹੋ ਜਾਣਗੇ) । 66।

ਫਰੀਦਾ ਇਟ ਸਿਰਾਣੇ ਭੁਇ ਸਵਣੁ ਕੀੜਾ ਲੜਿਓ ਮਾਸਿ ॥ ਕੇਤੜਿਆ ਜੁਗ ਵਾਪਰੇ ਇਕਤੁ ਪਇਆ ਪਾਸਿ ॥੬੭॥ {ਪੰਨਾ 1381}

ਪਦ ਅਰਥ: ਇਟ ਸਿਰਾਣੇ = ਸਿਰ ਹੇਠ ਇੱਟ ਹੋਵੇਗੀ। ਭੁਇ = ਧਰਤੀ ਵਿਚ। ਮਾਸਿ = ਮਾਸ ਵਿਚ, ਪਿੰਡੇ ਵਿਚ। ਕੇਤੜਿਆ ਜੁਗ = ਕਈ ਜੁਗ, ਬੇਅੰਤ ਸਮਾਂ। ਵਾਪਰੇ = ਲੰਘ ਜਾਣਗੇ। ਇਕਤੁ ਪਾਸਿ = ਇੱਕੋ ਪਾਸੇ।

ਅਰਥ: ਹੇ ਫਰੀਦ! (ਜੀਵ-ਪੰਛੀਆਂ ਦੀਆਂ ਤੁਰੀਆਂ ਜਾ ਰਹੀਆਂ ਡਾਰਾਂ ਵਾਂਗ ਜਦੋਂ ਤੇਰੀ ਵਾਰੀ ਆਈ, ਤੇਰੇ ਭੀ) ਸਿਰ ਹੇਠ ਇੱਟ ਹੋਵੇਗੀ, ਧਰਤੀ ਵਿਚ (ਭਾਵ, ਤੂੰ ਕਬਰ ਵਿਚ) ਸੁੱਤਾ ਪਿਆ ਹੋਵੇਂਗਾ, (ਤੇ ਤੇਰੇ) ਪਿੰਡੇ ਵਿਚ ਕੀੜੇ ਤੁਰਦੇ ਹੋਣਗੇ। (ਇਸ ਤਰ੍ਹਾਂ) ਇੱਕੋ ਪਾਸੇ ਪਿਆਂ ਢੇਰ ਲੰਮਾ ਸਮਾਂ ਲੰਘ ਜਾਇਗਾ (ਤਦੋਂ ਤੈਨੂੰ ਕਿਸੇ ਜਗਾਣਾ ਨਹੀਂ, ਹੁਣ ਤਾਂ ਗ਼ਾਫ਼ਿਲ ਹੋ ਕੇ ਨਾ ਸਉਂ) । 67।

ਫਰੀਦਾ ਭੰਨੀ ਘੜੀ ਸਵੰਨਵੀ ਟੁਟੀ ਨਾਗਰ ਲਜੁ ॥ ਅਜਰਾਈਲੁ ਫਰੇਸਤਾ ਕੈ ਘਰਿ ਨਾਠੀ ਅਜੁ ॥੬੮॥ {ਪੰਨਾ 1381}

ਪਦ ਅਰਥ: ਸਵੰਨਵੀ = ਸੋਹਣੇ ਵੰਨ (ਰੰਗ) ਵਾਲੀ। ਘੜੀ = ਸਰੀਰ-ਰੂਪ ਭਾਂਡਾ। ਨਾਗਰ = ਸੁੰਦਰ। ਲਜੁ = ਰੱਸੀ (ਸੁਆਸਾਂ ਦੀ ਲੜੀ) ।

ਨੋਟ: ਲਫ਼ਜ਼ 'ਲਜੁ' ਸੰਸਕ੍ਰਿਤ ਦੇ ਲਫ਼ਜ਼ 'ਰੱਜੁ' (r^ju) ਤੋਂ ਬਣਿਆ ਹੈ ਜੋ (ੁ) -ਅੰਤ ਹੈ। ਸੋ, ਇਹ ਭੀ, (ੁ) -ਅੰਤ ਹੀ ਹੈ ਭਾਵੇਂ ਹੈ ਇਹ ਲਫ਼ਜ਼ 'ਇਸਤਰੀ ਲਿੰਗ'। ਇਸ ਦੇ ਟਾਕਰੇ ਤੇ ਲਫ਼ਜ਼ 'ਲਜ' ਮੁਕਤਾ-ਅੰਤ ਹੈ, ਇਸ ਦਾ ਅਰਥ ਹੈ, 'ਲਾਜੁ ਸ਼ਰਮ', (ਵੋਖੋ 'ਗੁਰਬਾਣੀ ਵਿਆਕਰਣ') । ਕੈ ਘਰਿ = ਕਿਸ ਦੇ ਘਰ ਵਿਚ? ਨਾਠੀ = ਪ੍ਰਾਹੁਣਾ।

ਅਰਥ: ਹੇ ਫਰੀਦ! (ਵੇਖ, ਤੇਰੇ ਗੁਆਂਢ ਕਿਸ ਬੰਦੇ ਦਾ ਸਰੀਰ-ਰੂਪ) ਸੁੰਦਰ ਰੰਗ ਵਾਲਾ ਭਾਂਡਾ ਭੱਜ ਗਿਆ ਹੈ (ਅਤੇ ਸੁਆਸਾਂ ਦੀ) ਸੋਹਣੀ ਲੱਜ ਟੁੱਟ ਗਈ ਹੈ? (ਵੇਖ,) ਅੱਜ ਕਿਸ ਦੇ ਘਰ (ਮੌਤ ਦਾ) ਫ਼ਰਿਸਤਾ ਅਜ਼ਰਾਈਲ ਪ੍ਰਾਹੁਣਾ ਹੈ? (ਭਾਵ, ਜੇ ਜੀਵ-ਪੰਛੀਆਂ ਦੀਆਂ ਡਾਰਾਂ ਵਿਚੋਂ ਨਿੱਤ ਤੇਰੇ ਸਾਹਮਣੇ ਕਿਸੇ ਨ ਕਿਸੇ ਦੀ ਇਥੋਂ ਤੁਰਨ ਦੀ ਵਾਰੀ ਆਈ ਰਹਿੰਦੀ ਹੈ) , ਤਾਂ ਨੂੰ ਕਿਉਂ ਗ਼ਾਫ਼ਿਲ ਹੋ ਕੇ ਸੁੱਤਾ ਪਿਆ ਹੈਂ?। 68।

ਫਰੀਦਾ ਭੰਨੀ ਘੜੀ ਸਵੰਨਵੀ ਟੂਟੀ ਨਾਗਰ ਲਜੁ ॥ ਜੋ ਸਜਣ ਭੁਇ ਭਾਰੁ ਥੇ ਸੇ ਕਿਉ ਆਵਹਿ ਅਜੁ ॥੬੯॥ {ਪੰਨਾ 1381}

ਅਰਥ: ਭੁਇ = ਧਰਤੀ ਉਤੇ। ਭਾਰੁ ਥੇ = (ਨਿਰਾ) ਭਾਰ ਸਨ (ਭਾਵ, ਜੋ ਜਨਮ-ਮਨੋਰਥ ਨੂੰ ਵਿਸਾਰੀ ਬੈਠੇ ਸਨ) । ਕਿਉ ਆਵਹਿ ਅਜੁ = ਅੱਜ ਫਿਰ ਕਿਵੇਂ ਆਉਣ? (ਭਾਵ,) ਫਿਰ ਇਹ ਮਨੁੱਖਾ ਜਨਮ ਵਾਲਾ ਸਮਾਂ ਨਹੀਂ ਮਿਲਦਾ।

ਅਰਥ: ਹੇ ਫਰੀਦ! (ਵੇਖ, ਕਿਸ ਦਾ ਸਰੀਰ-ਰੂਪ) ਸੋਹਣੇ ਰੰਗ ਵਾਲਾ ਭਾਂਡਾ ਭੱਜ ਗਿਆ ਹੈ (ਤੇ ਸੁਆਸਾਂ-ਰੂਪ) ਸੋਹਣੀ ਲੱਜ ਟੁੱਟ ਗਈ ਹੈ? ਜਿਹੜੇ ਭਰਾ (ਨਮਾਜ਼ ਵਲੋਂ ਗ਼ਾਫ਼ਿਲ ਹੋ ਕੇ) ਧਰਤੀ ਉਤੇ (ਨਿਰਾ) ਭਾਰ ਹੀ ਬਣੇ ਰਹੇ, ਉਹਨਾਂ ਨੂੰ ਮਨੁੱਖਾ ਜਨਮ ਵਾਲਾ ਇਹ ਸਮਾ ਫਿਰ ਨਹੀਂ ਮਿਲੇਗਾ। 69।

ਫਰੀਦਾ ਬੇ ਨਿਵਾਜਾ ਕੁਤਿਆ ਏਹ ਨ ਭਲੀ ਰੀਤਿ ॥ ਕਬਹੀ ਚਲਿ ਨ ਆਇਆ ਪੰਜੇ ਵਖਤ ਮਸੀਤਿ ॥੭੦॥ {ਪੰਨਾ 1381}

ਪਦ ਅਰਥ: ਰੀਤਿ = ਤਰੀਕਾ, ਜੀਊਣ ਦਾ ਤਰੀਕਾ। ਕਬ ਹੀ = ਕਦੇ ਭੀ। ਚਲਿ ਨ ਆਇਆ = ਚੱਲ ਕੇ ਨਹੀਂ ਆਏ, ਉੱਦਮ ਕਰ ਕੇ ਨਹੀਂ ਆਏ। ਬੇਨਿਵਾਜਾ = ਜੋ ਨਿਮਾਜ਼ ਨਹੀਂ ਪੜ੍ਹਦੇ, ਜੋ ਬੰਦਗੀ ਨਹੀਂ ਕਰਦੇ।

ਅਰਥ: ਹੇ ਫਰੀਦ! ਜੋ ਬੰਦੇ ਨਿਮਾਜ਼ ਨਹੀਂ ਪੜ੍ਹਦੇ (ਭਾਵ, ਜੋ ਬੰਦਗੀ ਵਲੋਂ ਗ਼ਾਫ਼ਿਲ ਹਨ) ਜੋ ਕਦੇ ਭੀ ਉੱਦਮ ਕਰ ਕੇ ਪੰਜੇ ਵੇਲੇ ਮਸੀਤ ਨਹੀਂ ਆਉਂਦੇ (ਭਾਵ, ਜੋ ਕਦੇ ਭੀ ਘੱਟ ਤੋਂ ਘੱਟ ਪੰਜ ਵੇਲੇ ਰੱਬ ਨੂੰ ਯਾਦ ਨਹੀਂ ਕਰਦੇ) ਉਹ ਕੁੱਤਿਆਂ (ਸਮਾਨ) ਹਨ, ਉਹਨਾਂ ਦਾ ਇਹ ਜੀਊਣ ਦਾ ਤਰੀਕਾ ਚੰਗਾ ਨਹੀਂ ਕਿਹਾ ਜਾ ਸਕਦਾ। 70।

ਉਠੁ ਫਰੀਦਾ ਉਜੂ ਸਾਜਿ ਸੁਬਹ ਨਿਵਾਜ ਗੁਜਾਰਿ ॥ ਜੋ ਸਿਰੁ ਸਾਂਈ ਨਾ ਨਿਵੈ ਸੋ ਸਿਰੁ ਕਪਿ ਉਤਾਰਿ ॥੭੧॥ {ਪੰਨਾ 1381}

ਪਦ ਅਰਥ: ਉਜੂ = ਨਿਮਾਜ਼ ਪੜ੍ਹਨ ਤੋਂ ਪਹਿਲਾਂ ਹੱਥ ਮੂੰਹ ਪੈਰ ਧੋਣੇ। ਉਜੂ ਸਾਜਿ = ਉਜ਼ੂ ਕਰ, ਮੂੰਹ ਹੱਥ ਧੋ। ਸੁਬਹ = ਸਵੇਰ ਦੀ। ਨਿਵਾਜ ਗੁਜਾਰਿ = ਨਿਮਾਜ਼ ਪੜ੍ਹ। ਕਪਿ = ਕੱਟ ਕੇ।

ਅਰਥ: ਹੇ ਫਰੀਦ! ਉੱਠ, ਮੂੰਹ ਹੱਥ ਧੋ, ਤੇ ਸਵੇਰ ਦੀ ਨਿਮਾਜ਼ ਪੜ੍ਹ। ਜੋ ਸਿਰ ਮਾਲਕ-ਰੱਬ ਅੱਗੇ ਨਹੀਂ ਨਿਊਂਦਾ, ਉਹ ਸਿਰ ਕੱਟ ਕੇ ਲਾਹ ਦੇਹ (ਭਾਵ, ਬੰਦਗੀਹੀਣ ਬੰਦੇ ਦਾ ਜੀਊਣਾ ਕਿਸ ਅਰਥ?) । 71।

ਜੋ ਸਿਰੁ ਸਾਈ ਨਾ ਨਿਵੈ ਸੋ ਸਿਰੁ ਕੀਜੈ ਕਾਂਇ ॥ ਕੁੰਨੇ ਹੇਠਿ ਜਲਾਈਐ ਬਾਲਣ ਸੰਦੈ ਥਾਇ ॥੭੨॥ {ਪੰਨਾ 1381}

ਪਦ ਅਰਥ: ਕੀਜੈ ਕਾਂਇ = ਕੀਹ ਕਰੀਏ? ਕੀਹ ਬਣਾਈਏ? ਕੁੰਨਾ = ਹਾਂਡੀ। ਸੰਦੈ = ਦੇ।

ਅਰਥ: ਜੋ ਸਿਰ (ਬੰਦਗੀ ਵਿਚ) ਮਾਲਕ-ਰੱਬ ਅੱਗੇ ਨਹੀਂ ਨਿਊਂਦਾ, ਉਸ ਸਿਰ ਦਾ ਕੋਈ ਲਾਭ ਨਹੀਂ। ਉਸ ਸਿਰ ਨੂੰ ਹਾਂਡੀ ਹੇਠ ਬਾਲਣ ਦੇ ਥਾਂ ਬਾਲ ਦੇਣਾ ਚਾਹੀਏ (ਭਾਵ, ਉਸ ਆਕੜੇ ਹੋਏ ਸਿਰ ਨੂੰ ਸੁੱਕੀ ਲੱਕੜੀ ਹੀ ਸਮਝੋ) । 72।

ਫਰੀਦਾ ਕਿਥੈ ਤੈਡੇ ਮਾਪਿਆ ਜਿਨ੍ਹ੍ਹੀ ਤੂ ਜਣਿਓਹਿ ॥ ਤੈ ਪਾਸਹੁ ਓਇ ਲਦਿ ਗਏ ਤੂੰ ਅਜੈ ਨ ਪਤੀਣੋਹਿ ॥੭੩॥ {ਪੰਨਾ 1381}

ਪਦ ਅਰਥ: ਤੈਡੇ = ਤੇਰੇ। ਤੂ = ਤੈਨੂੰ। ਜਾਣਿਓਹਿ = ਜਨਮ ਦਿੱਤਾ। ਜਿਨ੍ਹ੍ਹੀ = ਇਸ ਲਫ਼ਜ਼ ਦੇ ਅੱਖਰ 'ਨ' ਦੇ ਹੇਠ ਅੱਧਾ 'ਹ' ਹੈ। ਪਤੀਣੋਹਿ = ਪਤੀਜਿਆ, ਤਸੱਲੀ ਹੋਈ, ਯਕੀਨ ਆਇਆ। ਓਇ = ਉਹ ਤੇਰੇ ਮਾਪੇ (ਲਫ਼ਜ਼ 'ਓਹ' ਤੋਂ ਬਹੁ-ਵਚਨ) ।

ਅਰਥ: ਹੇ ਫਰੀਦ! (ਜੀਵ-ਪੰਛੀਆਂ ਦੀਆਂ ਤੁਰੀਆਂ ਜਾ ਰਹੀਆਂ ਹੋਰ ਡਾਰਾਂ ਦਾ ਜੇ ਤੈਨੂੰ ਖ਼ਿਆਲ ਨਹੀਂ ਆਉਂਦਾ, ਤਾਂ ਇਹੀ ਵੇਖ ਕਿ) ਤੇਰੇ (ਆਪਣੇ) ਮਾਪੇ ਕਿੱਥੇ ਹਨ, ਜਿਨ੍ਹਾਂ ਤੈਨੂੰ ਜੰਮਿਆ ਸੀ। ਉਹ ਤੇਰੇ ਮਾਪੇ ਤੇਰੇ ਪਾਸੋਂ ਕਦੇ ਦੇ ਚਲੇ ਗਏ ਹਨ। ਤੈਨੂੰ ਅਜੇ ਭੀ ਯਕੀਨ ਨਹੀਂ ਆਇਆ (ਕਿ ਤੂੰ ਤਾਂ ਇਥੋਂ ਤੁਰ ਜਾਣਾ ਹੈ, ਇਸੇ ਕਰਕੇ ਰੱਬ ਦੀ ਬੰਦਗੀ ਵਲੋਂ ਗ਼ਾਫ਼ਿਲ ਪਿਆ ਹੈਂ) । 73।

ਫਰੀਦਾ ਮਨੁ ਮੈਦਾਨੁ ਕਰਿ ਟੋਏ ਟਿਬੇ ਲਾਹਿ ॥ ਅਗੈ ਮੂਲਿ ਨ ਆਵਸੀ ਦੋਜਕ ਸੰਦੀ ਭਾਹਿ ॥੭੪॥ {ਪੰਨਾ 1381}

ਪਦ ਅਰਥ: ਮੈਦਾਨੁ = ਪੱਧਰਾ ਥਾਂ। ਲਾਹਿ = ਦੂਰ ਕਰ ਦੇਹ। ਟੋਏ ਟਿਬੇ = ਨੀਵੇਂ ਤੇ ਉੱਚੇ ਥਾਂ। ਅਗੈ = ਤੇਰੇ ਅੱਗੇ, ਤੇਰੀ ਜ਼ਿੰਦਗੀ ਦੇ ਸਫ਼ਰ ਵਿਚ। ਸੰਦੀ = ਦੀ। ਭਾਹਿ = ਅੱਗ। ਆਵਸੀ = ਆਵੇਗੀ।

ਅਰਥ: ਹੇ ਫਰੀਦ! ਮਨ ਨੂੰ ਪੱਧਰਾ ਕਰ ਦੇਹ (ਅਤੇ ਇਸ ਦੇ) ਉੱਚੇ ਨੀਵੇਂ ਥਾਂ ਦੂਰ ਕਰ ਦੇਹ, (ਜੇ ਤੂੰ ਕਰ ਸਕੇਂ, ਤਾਂ) ਤੇਰੇ ਜੀਵਨ-ਸਫ਼ਰ ਵਿਚ ਦੋਜ਼ਕ ਦੀ ਅੱਗ ਬਿਲਕੁਲ ਨਹੀਂ ਆਵੇਗੀ, (ਭਾਵ, ਮਨ ਵਿਚ ਟੋਏ ਟਿੱਬੇ ਟਿਕੇ ਰਹਿਣ ਕਰਕੇ ਜੋ ਕਲੇਸ਼ ਮਨੁੱਖ ਨੂੰ ਵਾਪਰਦੇ ਹਨ, ਇਹਨਾਂ ਦੇ ਦੂਰ ਹੋਇਆਂ ਉਹ ਕਲੇਸ਼ ਭੀ ਮਿਟ ਜਾਣਗੇ) । 74।

ਨੋਟ: ਮਨ ਵਿਚ ਕਿਹੜੇ ਟੋਏ ਟਿੱਬੇ ਹਨ, ਅਤੇ ਇਹਨਾਂ ਨੂੰ ਦੂਰ ਕਰਨ ਦਾ ਕੀਹ ਭਾਵ ਹੈ? ਇਹ ਗੱਲ ਫਰੀਦ ਜੀ ਨੇ ਸਪਸ਼ਟ ਕਰਕੇ ਨਹੀਂ ਲਿਖੀ। ਫਰੀਦ ਜੀ ਦੇ ਇਸ ਖ਼ਿਆਲ ਨੂੰ ਉਘੇੜਨ ਵਾਸਤੇ ਸਤਿਗੁਰੂ ਅਰਜਨ ਦੇਵ ਜੀ ਨੇ ਅਗਲਾ ਸ਼ਲੋਕ ਆਪਣੇ ਵੱਲੋਂ ਲਿਖਿਆ ਹੈ, ਅਤੇ ਨਾਮ ਫਰੀਦ ਜੀ ਦਾ ਹੀ ਵਰਤ ਦਿੱਤਾ ਹੈ। ਨਿਖੇੜਨ ਵਾਸਤੇ ਸਿਰਲੇਖ 'ਮ: 5' ਦੇ ਦਿੱਤਾ ਹੈ।

ਮਹਲਾ ੫ ॥ ਫਰੀਦਾ ਖਾਲਕੁ ਖਲਕ ਮਹਿ ਖਲਕ ਵਸੈ ਰਬ ਮਾਹਿ ॥ ਮੰਦਾ ਕਿਸ ਨੋ ਆਖੀਐ ਜਾਂ ਤਿਸੁ ਬਿਨੁ ਕੋਈ ਨਾਹਿ ॥੭੫॥ {ਪੰਨਾ 1381}

ਪਦ ਅਰਥ: ਖਾਲਕੁ = ਖ਼ਲਕਤ ਨੂੰ ਪੈਦਾ ਕਰਨ ਵਾਲਾ ਪਰਮਾਤਮਾ। ਮਾਹਿ = ਮਹਿ, ਵਿਚ। ਤਿਸੁ ਬਿਨੁ = ਉਸ ਪਰਮਾਤਮਾ ਤੋਂ ਬਿਨਾ।

ਅਰਥ: ਹੇ ਫਰੀਦ! (ਖ਼ਲਕਤ ਪੈਦਾ ਕਰਨ ਵਾਲਾ) ਪਰਮਾਤਮਾ (ਸਾਰੀ) ਖ਼ਲਕਤ ਵਿਚ ਮੌਜੂਦ ਹੈ, ਅਤੇ ਖ਼ਲਕਤ ਪਰਮਾਤਮਾ ਵਿਚ ਵੱਸ ਰਹੀ ਹੈ। ਜਦੋਂ (ਕਿਤੇ ਭੀ) ਉਸ ਪਰਮਾਤਮਾ ਤੋਂ ਬਿਨਾ ਹੋਰ ਦੂਜਾ ਨਹੀਂ ਹੈ, ਤਾਂ ਕਿਸ ਜੀਵ ਨੂੰ ਭੈੜਾ ਕਿਹਾ ਜਾਏ? (ਭਾਵ, ਕਿਸੇ ਮਨੁੱਖ ਨੂੰ ਮਾੜਾ ਨਹੀਂ ਕਿਹਾ ਜਾ ਸਕਦਾ) ।

ਨੋਟ: ਕੋਈ ਮਨੁੱਖ ਕਿਸੇ ਦੂਜੇ ਨੂੰ ਮਾੜਾ ਆਖਣ ਵੇਲੇ ਆਪਣੇ ਆਪ ਨੂੰ ਚੰਗਾ ਸਮਝਦਾ ਹੈ, ਦੂਜੇ ਲਫ਼ਜ਼ਾਂ ਵਿਚ, ਆਪ ਟਿੱਬੇ ਤੇ ਖਲੋਤਾ ਹੋਇਆ ਹੇਠਾਂ ਟੋਏ ਵਲ ਤੱਕ ਰਿਹਾ ਹੁੰਦਾ ਹੈ। ਜਿਨ੍ਹਾਂ ਨੂੰ ਨੀਵੇਂ ਆਖਦਾ ਹੈ, ਉਹ ਇਸ ਅਹੰਕਾਰੀ ਤੋਂ ਨਫ਼ਰਤਿ ਕਰਦੇ ਹਨ। ਇਸ ਤਰ੍ਹਾਂ ਵੈਰ ਤੇ ਨਫ਼ਰਤਿ ਦੀ ਅੱਗ ਮੱਚ ਉੱਠਦੀ ਹੈ, ਜਿਸ ਤੋਂ ਕਈ ਕਿਸਮ ਦੇ ਕਲੇਸ਼ ਪੈਦਾ ਹੁੰਦੇ ਹਨ। ਅਗਲੇ ਸ਼ਲੋਕ ਵਿਚ ਫਰੀਦ ਜੀ ਕਹਿੰਦੇ ਹਨ ਕਿ ਇਹਨਾਂ ਕਲੇਸ਼ਾਂ ਨਾਲੋਂ ਤਾਂ ਮੌਤ ਚੰਗੀ ਹੈ।

ਫਰੀਦਾ ਜਿ ਦਿਹਿ ਨਾਲਾ ਕਪਿਆ ਜੇ ਗਲੁ ਕਪਹਿ ਚੁਖ ॥ ਪਵਨਿ ਨ ਇਤੀ ਮਾਮਲੇ ਸਹਾਂ ਨ ਇਤੀ ਦੁਖ ॥੭੬॥ {ਪੰਨਾ 1381}

ਪਦ ਅਰਥ: ਜਿ ਦਿਨ = ਜਿਸ ਦਿਹਿ। ਨਾਲਾ = ਨਾੜੂ। ਕਪਹਿ = (ਤੂੰ) ਕੱਟ ਦੇਂਦੀਓਂ (ਹੇ ਦਾਈ!) ਚੁਖ = ਰਤਾ ਕੁ। ਇਤੀ = ਇਤਨੇ। ਮਾਮਲੇ = ਝੰਬੇਲੇ, ਕਜ਼ੀਏ।

ਅਰਥ: ਹੇ ਫਰੀਦ! (ਆਖ–) (ਹੇ ਦਾਈ!) ਜਿਸ ਦਿਨ ਮੇਰਾ ਨਾੜੂ ਕੱਟਿਆ ਸੀ, ਜੇ ਰਤਾ ਕੁ ਮੇਰਾ ਗਲ ਵੱਢ ਦੇਂਦੀਓਂ, ਤਾਂ (ਮਨ ਦੇ ਇਹਨਾਂ ਟੋਇਆਂ ਟਿੱਬਿਆਂ ਦੇ ਕਾਰਣ) ਨਾਹ ਇਤਨੇ ਝੰਬੇਲੇ ਪੈਂਦੇ ਅਤੇ ਨਾਹ ਹੀ ਮੈਂ ਇਤਨੇ ਦੁੱਖ ਸਹਾਰਦਾ। 76।

ਨੋਟ: ਕਈ ਸੱਜਣ ਬੜੀ ਕਾਹਲੀ ਵਿਚ ਆਖਣ ਲੱਗ ਪਏ ਹਨ ਕਿ ਫਰੀਦ ਜੀ ਦੇ ਸ਼ਲੋਕ ਪੜ੍ਹਿਆਂ ਇਉਂ ਜਾਪਦਾ ਹੈ ਜਿਵੇਂ ਬਾਬਾ ਜੀ ਦੁਨੀਆ ਤੋਂ ਬੜੇ ਅੱਕੇ ਪਏ ਸਨ ਤੇ ਉਹਨਾਂ ਦਾ ਇਹ ਸ਼ਲੋਕ ਢਹਿੰਦੇ ਪਾਸੇ ਵਲ ਲੈ ਜਾਂਦਾ ਹੈ। ਅਜੇਹੇ ਲੋਕ ਇਹ ਉਕਾਈ ਇਸ ਵਾਸਤੇ ਖਾ ਰਹੇ ਹਨ ਕਿ ਉਹ ਇਹਨਾਂ ਸ਼ਲੋਕਾਂ ਨੂੰ ਰਲਾ ਕੇ ਪੜ੍ਹਨਾ ਅਜੇ ਨਹੀਂ ਸਿੱਖੇ। ਸ਼ਲੋਕ ਨੰ: 74 ਤੇ 76 ਨੂੰ ਰਲਾ ਕੇ ਪੜ੍ਹੋ, ਭਾਵ ਸਾਫ਼ ਹੈ ਕਿ ਇਕ ਦੂਜੇ ਤੋਂ ਨਫ਼ਰਤਿ ਕਰ ਕੇ ਲੋਕਾਂ ਨੇ ਜਗਤ ਨੂੰ ਨਰਕ ਬਣਾ ਦਿੱਤਾ ਹੈ। ਫਰੀਦ ਜੀ ਇਸ ਆਕੜ ਤੇ ਨਫ਼ਰਤਿ ਤੋਂ ਵਰਜ ਰਹੇ ਹਨ।

ਚਬਣ ਚਲਣ ਰਤੰਨ ਸੇ ਸੁਣੀਅਰ ਬਹਿ ਗਏ ॥ ਹੇੜੇ ਮੁਤੀ ਧਾਹ ਸੇ ਜਾਨੀ ਚਲਿ ਗਏ ॥੭੭॥ {ਪੰਨਾ 1381}

ਪਦ ਅਰਥ: ਚਬਣ = ਦੰਦ, ਚੱਬਣ। ਚਲਣ = ਲੱਤਾਂ। ਰਤੰਨ = ਅੱਖਾਂ। ਸੁਣੀਅਰ = ਕੰਨ। ਸੇ = ਉਹ (ਜਿਨ੍ਹਾਂ ਦੇ ਮਾਣ ਤੇ ਮਨ ਵਿਚ ਟੋਏ ਟਿੱਬੇ ਬਣਾਏ ਹੋਏ ਸਨ, ਜਿਨ੍ਹਾਂ ਦੇ ਮਾਣ ਤੇ ਦੂਜਿਆਂ ਨੂੰ ਹੀਣੇ ਸਮਝਦੇ ਸਾਂ) । ਬਹਿ ਗਏ = ਬੈਠ ਗਏ, ਬਹਿਕਲ ਹੋ ਗਏ ਹਨ, ਕੰਮ ਕਰਨ ਤੋਂ ਰਹਿ ਗਏ ਹਨ। ਹੇੜੇ = ਸਰੀਰ ਨੇ। ਧਾਹ ਮੁਤੀ = ਢਾਹ ਮਾਰੀ। ਸੇ ਜਾਨੀ = ਉਹ ਮਿੱਤਰ (ਜਿਨ੍ਹਾਂ ਤੇ ਮਾਣ ਸੀ) ।

ਅਰਥ: (ਕਿਸ ਮਾਣ ਤੇ ਦੂਜਿਆਂ ਨੂੰ ਮਾੜਾ ਆਖਣਾ ਹੋਇਆ? ਕਿਸ ਮਾਣ ਤੇ ਮਨ ਵਿਚ ਇਹ ਟੋਏ ਟਿੱਬੇ ਬਣਾਣੇ ਹੋਏ?) ਉਹ ਦੰਦ, ਲੱਤਾਂ, ਅੱਖਾਂ ਤੇ ਕੰਨ (ਜਿਨ੍ਹਾਂ ਦੇ ਮਾਣ ਦੇ ਇਹ ਟੋਏ ਟਿੱਬੇ ਬਣੇ ਸਨ) ਕੰਮ ਕਰਨੋਂ ਰਹਿ ਗਏ ਹਨ। (ਇਸ) ਸਰੀਰ ਨੇ ਢਾਹ ਮਾਰੀ ਹੈ (ਭਾਵ, ਇਹ ਆਪਣਾ ਹੀ ਸਰੀਰ ਹੁਣ ਦੁਖੀ ਹੋ ਰਿਹਾ ਹੈ, ਕਿ ਮੇਰੇ) ਉਹ ਮਿੱਤਰ ਤੁਰ ਗਏ ਹਨ (ਭਾਵ, ਕੰਮ ਦੇਣੋਂ ਰਹਿ ਗਏ ਹਨ, ਜਿਨ੍ਹਾਂ ਤੇ ਮੈਨੂੰ ਮਾਣ ਸੀ) । 77।

TOP OF PAGE

Sri Guru Granth Darpan, by Professor Sahib Singh