ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1415

ਮਨਮੁਖ ਨਾਮੁ ਨ ਚੇਤਨੀ ਬਿਨੁ ਨਾਵੈ ਦੁਖ ਰੋਇ ॥ ਆਤਮਾ ਰਾਮੁ ਨ ਪੂਜਨੀ ਦੂਜੈ ਕਿਉ ਸੁਖੁ ਹੋਇ ॥ ਹਉਮੈ ਅੰਤਰਿ ਮੈਲੁ ਹੈ ਸਬਦਿ ਨ ਕਾਢਹਿ ਧੋਇ ॥ ਨਾਨਕ ਬਿਨੁ ਨਾਵੈ ਮੈਲਿਆ ਮੁਏ ਜਨਮੁ ਪਦਾਰਥੁ ਖੋਇ ॥੨੦॥ ਮਨਮੁਖ ਬੋਲੇ ਅੰਧੁਲੇ ਤਿਸੁ ਮਹਿ ਅਗਨੀ ਕਾ ਵਾਸੁ ॥ ਬਾਣੀ ਸੁਰਤਿ ਨ ਬੁਝਨੀ ਸਬਦਿ ਨ ਕਰਹਿ ਪ੍ਰਗਾਸੁ ॥ ਓਨਾ ਆਪਣੀ ਅੰਦਰਿ ਸੁਧਿ ਨਹੀ ਗੁਰ ਬਚਨਿ ਨ ਕਰਹਿ ਵਿਸਾਸੁ ॥ ਗਿਆਨੀਆ ਅੰਦਰਿ ਗੁਰ ਸਬਦੁ ਹੈ ਨਿਤ ਹਰਿ ਲਿਵ ਸਦਾ ਵਿਗਾਸੁ ॥ ਹਰਿ ਗਿਆਨੀਆ ਕੀ ਰਖਦਾ ਹਉ ਸਦ ਬਲਿਹਾਰੀ ਤਾਸੁ ॥ ਗੁਰਮੁਖਿ ਜੋ ਹਰਿ ਸੇਵਦੇ ਜਨ ਨਾਨਕੁ ਤਾ ਕਾ ਦਾਸੁ ॥੨੧॥ {ਪੰਨਾ 1415}

ਪਦ ਅਰਥ: ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਚੇਤਨੀ = ਚੇਤਨਿ (ਬਹੁ-ਵਚਨ) । ਰੋਇ = ਰੋਂਦਾ ਹੈ। ਆਤਮਾ ਰਾਮੁ = ਸਰਬ-ਵਿਆਪਕ ਪ੍ਰਭੂ। ਪੂਜਨੀ = ਪੂਜਨਿ (ਬਹੁ-ਵਚਨ) । ਦੂਜੈ = ਮਾਇਆ ਦੇ ਮੋਹ ਵਿਚ। ਸਬਦਿ = ਸ਼ਬਦ ਦੀ ਰਾਹੀਂ। ਧੋਇ = ਧੋ ਕੇ। ਮੁਏ = ਆਤਮਕ ਮੌਤ ਮਰੇ। ਖੋਇ = ਗੰਵਾ ਕੇ।20।

ਤਿਸੁ ਮਹਿ = (ਮਨਮੁਖਾਂ ਦੀ) ਉਸ (ਸੁਰਤਿ) ਵਿਚ। ਬੁਝਨੀ = ਬੁਝਨਿ (ਬਹੁ-ਵਚਨ) । ਪ੍ਰਗਾਸੁ = ਚਾਨਣ। ਸੁਧਿ = ਸੂਝ। ਬਚਨਿ = ਬਚਨ ਵਿਚ। ਵਿਸਾਸੁ = ਵਿਸ਼ਵਾਸ, ਯਕੀਨ। ਗਿਆਨੀ = ਆਤਮਕ ਜੀਵਨ ਦੀ ਸੂਝ ਵਾਲਾ ਮਨੁੱਖ। ਵਿਗਾਸੁ = ਖਿੜਾਉ। ਹਉ = ਮੈਂ। ਸਦ = ਸਦਾ। ਤਾਸੁ = ਉਹਨਾਂ ਤੋਂ। ਤਾ ਕਾ = ਉਹਨਾਂ ਦਾ।21।

ਅਰਥ: ਹੇ ਭਾਈ! ਪਰਮਾਤਮਾ ਦੇ ਨਾਮ ਤੋਂ ਖੁੰਝਿਆ ਹੋਇਆ ਮਨੁੱਖ (ਸਦਾ ਆਪਣੇ) ਦੁੱਖ ਫਰੋਲਦਾ ਰਹਿੰਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਪਰਮਾਤਮਾ ਦਾ ਨਾਮ ਨਹੀਂ ਸਿਮਰਦੇ, ਸਰਬ-ਵਿਆਪਕ ਪ੍ਰਭੂ ਦੀ ਭਗਤੀ ਨਹੀਂ ਕਰਦੇ। (ਭਲਾ) ਮਾਇਆ ਦੇ ਮੋਹ ਵਿਚ (ਫਸੇ ਰਹਿ ਕੇ ਉਹਨਾਂ ਨੂੰ) ਸੁਖ ਕਿਵੇਂ ਹੋ ਸਕਦਾ ਹੈ? ਉਹਨਾਂ ਦੇ ਅੰਦਰ ਹਉਮੈ ਦੀ ਮੈਲ ਟਿਕੀ ਰਹਿੰਦੀ ਹੈ ਜਿਸ ਨੂੰ ਉਹ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਅੰਦਰੋਂ) ਧੋ ਕੇ ਨਹੀਂ ਕੱਢਦੇ। ਹੇ ਨਾਨਕ! ਨਾਮ ਤੋਂ ਵਾਂਜੇ ਹੋਏ ਮਨੁੱਖ ਕੀਮਤੀ ਮਨੁੱਖਾ ਜਨਮ ਗਵਾ ਕੇ ਵਿਕਾਰਾਂ ਦੀ ਮੈਲ ਨਾਲ ਭਰੇ ਰਹਿੰਦੇ ਹਨ, ਤੇ ਆਤਮਕ ਮੌਤ ਸਹੇੜੀ ਰੱਖਦੇ ਹਨ।20।

ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਗੁਰੂ ਦੀ ਬਾਣੀ ਵਿਚ ਸੁਰਤਿ ਜੋੜਨੀ ਨਹੀਂ ਸਮਝਦੇ, ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੀ ਸੁਰਤਿ ਵਿਚ ਆਤਮਕ ਜੀਵਨ ਦੀ ਸੂਝ ਦਾ) ਚਾਨਣ ਨਹੀਂ ਕਰਦੇ, (ਉਹਨਾਂ ਦੀ) ਉਸ (ਸੁਰਤਿ) ਵਿਚ ਤ੍ਰਿਸ਼ਨਾ ਦੀ ਅੱਗ ਦਾ ਨਿਵਾਸ ਹੋਇਆ ਰਹਿੰਦਾ ਹੈ (ਇਸ ਵਾਸਤੇ ਆਤਮਕ ਜੀਵਨ ਦੇ ਉਪਦੇਸ਼ ਵਲੋਂ ਉਹ) ਅੰਨ੍ਹੇ ਤੇ ਬੋਲੇ ਹੋਏ ਰਹਿੰਦੇ ਹਨ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਦੇ ਅੰਦਰ ਆਪਣੇ ਆਪੇ ਦੀ ਸੂਝ ਨਹੀਂ ਹੁੰਦੀ, ਉਹ ਗੁਰੂ ਦੇ ਬਚਨ ਵਿਚ ਸਰਧਾ ਨਹੀਂ ਲਿਆਉਂਦੇ।

ਪਰ, ਹੇ ਭਾਈ! ਆਤਮਕ ਜੀਵਨ ਦੀ ਸੂਝ ਵਾਲੇ ਬੰਦਿਆਂ ਦੇ ਅੰਦਰ (ਸਦਾ) ਗੁਰੂ ਦਾ ਸ਼ਬਦ ਵੱਸਦਾ ਹੈ, ਉਹਨਾਂ ਦੀ ਲਗਨ ਸਦਾ ਹਰੀ ਵਿਚ ਰਹਿੰਦੀ ਹੈ (ਇਸ ਵਾਸਤੇ ਉਹਨਾਂ ਦੇ ਅੰਦਰ) ਸਦਾ (ਆਤਮਕ) ਖਿੜਾਉ ਬਣਿਆ ਰਹਿੰਦਾ ਹੈ। ਪਰਮਾਤਮਾ ਆਤਮਕ ਜੀਵਨ ਵਾਲੇ ਮਨੁੱਖਾਂ ਦੀ ਸਦਾ (ਇੱਜ਼ਤ) ਰੱਖਦਾ ਹੈ, ਮੈਂ ਉਹਨਾਂ ਤੋਂ ਸਦਾ ਕੁਰਬਾਨ ਜਾਂਦਾ ਹਾਂ। ਹੇ ਭਾਈ! ਗੁਰੂ ਦੀ ਸਰਨ ਪੈ ਕੇ ਜਿਹੜੇ ਮਨੁੱਖ ਪਰਮਾਤਮਾ ਦੀ ਸੇਵਾ-ਭਗਤੀ ਕਰਦੇ ਰਹਿੰਦੇ ਹਨ, ਦਾਸ ਨਾਨਕ ਉਹਨਾਂ ਦਾ ਸੇਵਕ ਹੈ।21।

ਮਾਇਆ ਭੁਇਅੰਗਮੁ ਸਰਪੁ ਹੈ ਜਗੁ ਘੇਰਿਆ ਬਿਖੁ ਮਾਇ ॥ ਬਿਖੁ ਕਾ ਮਾਰਣੁ ਹਰਿ ਨਾਮੁ ਹੈ ਗੁਰ ਗਰੁੜ ਸਬਦੁ ਮੁਖਿ ਪਾਇ ॥ ਜਿਨ ਕਉ ਪੂਰਬਿ ਲਿਖਿਆ ਤਿਨ ਸਤਿਗੁਰੁ ਮਿਲਿਆ ਆਇ ॥ ਮਿਲਿ ਸਤਿਗੁਰ ਨਿਰਮਲੁ ਹੋਇਆ ਬਿਖੁ ਹਉਮੈ ਗਇਆ ਬਿਲਾਇ ॥ ਗੁਰਮੁਖਾ ਕੇ ਮੁਖ ਉਜਲੇ ਹਰਿ ਦਰਗਹ ਸੋਭਾ ਪਾਇ ॥ ਜਨ ਨਾਨਕੁ ਸਦਾ ਕੁਰਬਾਣੁ ਤਿਨ ਜੋ ਚਾਲਹਿ ਸਤਿਗੁਰ ਭਾਇ ॥੨੨॥ {ਪੰਨਾ 1415}

ਪਦ ਅਰਥ: ਭੁਇਅੰਗਮੁ = ਸੱਪ। ਸਰਪੁ = ਸੱਪ। ਬਿਖੁ = ਆਤਮਕ ਮੌਤ ਲਿਆਉਣ ਵਾਲੀ ਜ਼ਹਰ। ਮਾਇ = ਮਾਇਆ। ਮਾਰਣੁ = (ਅਸਰ) ਮੁਕਾਣ ਵਾਲਾ। ਗਰੁੜ = (ਸੱਪ ਡੰਗੇ ਦਾ ਜ਼ਹਰ ਦੂਰ ਕਰਨ ਵਾਲਾ) ਗਾਰੁੜੀ ਮੰਤ੍ਰ। ਮੁਖਿ = ਮੂੰਹ ਵਿਚ। ਪਾਇ = ਪਾਈ ਰੱਖ। ਪੂਰਬਿ = ਪਹਿਲਾਂ ਤੋਂ ਹੀ; ਧੁਰ ਦਰਗਾਹ ਤੋਂ। ਆਇ = ਆ ਕੇ। ਮਿਲਿ = ਮਿਲ ਕੇ। ਬਿਖੁ = ਜ਼ਹਰ। ਗਇਆ ਬਿਲਾਇ = ਬਿਲਕੁਲ ਦੂਰ ਹੋ ਜਾਂਦਾ ਹੈ। ਉਜਲੇ = ਰੌਸ਼ਨ। ਪਾਇ = ਪਾ ਕੇ, ਹਾਸਲ ਕਰ ਕੇ। ਸਤਿਗੁਰ ਭਾਇ = ਗੁਰੂ ਦੀ ਰਜ਼ਾ ਵਿਚ।22।

ਅਰਥ: ਹੇ ਭਾਈ! ਮਾਇਆ ਸੱਪ ਹੈ ਵੱਡਾ ਸੱਪ। ਆਤਮਕ ਮੌਤ ਲਿਆਉਣ ਵਾਲੀ ਜ਼ਹਰ ਦਾ ਭਰਿਆ ਇਹ ਮਾਇਆ-ਸੱਪ ਜਗਤ ਨੂੰ ਘੇਰੀ ਬੈਠਾ ਹੈ। ਪਰਮਾਤਮਾ ਦਾ ਨਾਮ (ਹੀ ਇਸ) ਜ਼ਹਰ ਦਾ ਅਸਰ ਮੁਕਾ ਸਕਣ ਵਾਲਾ ਹੈ। ਗੁਰੂ ਦਾ ਸ਼ਬਦ (ਹੀ) ਗਾਰੁੜ ਮੰਤ੍ਰ ਹੈ (ਇਸ ਨੂੰ ਸਦਾ ਆਪਣੇ) ਮੂੰਹ ਵਿਚ ਪਾਈ ਰੱਖ।

ਹੇ ਭਾਈ! ਜਿਨ੍ਹਾਂ ਦੇ ਮੱਥੇ ਉਤੇ ਧੁਰ ਦਰਗਾਹ ਤੋਂ ਲੇਖ ਲਿਖਿਆ ਹੁੰਦਾ ਹੈ, ਉਹਨਾਂ ਨੂੰ ਗੁਰੂ ਆ ਕੇ ਮਿਲ ਪੈਂਦਾ ਹੈ, ਗੁਰੂ ਨੂੰ ਮਿਲ ਕੇ ਉਹਨਾਂ ਦਾ ਜੀਵਨ ਪਵਿੱਤਰ ਹੋ ਜਾਂਦਾ ਹੈ ਉਹਨਾਂ ਦੇ ਅੰਦਰੋਂ ਹਉਮੈ ਦਾ ਜ਼ਹਰ ਸਦਾ ਲਈ ਦੂਰ ਹੋ ਜਾਂਦਾ ਹੈ। ਪਰਮਾਤਮਾ ਦੀ ਹਜ਼ੂਰੀ ਵਿਚ ਸੋਭਾ ਖੱਟ ਕੇ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਦੇ ਮੂੰਹ ਰੌਸ਼ਨ ਹੋ ਜਾਂਦੇ ਹਨ। ਦਾਸ ਨਾਨਕ ਉਹਨਾਂ ਮਨੁੱਖਾਂ ਤੋਂ ਸਦਾ ਸਦਕੇ ਜਾਂਦਾ ਹੈ ਜਿਹੜੇ ਗੁਰੂ ਦੀ ਰਜ਼ਾ ਵਿਚ ਤੁਰਦੇ ਹਨ।22।

ਸਤਿਗੁਰ ਪੁਰਖੁ ਨਿਰਵੈਰੁ ਹੈ ਨਿਤ ਹਿਰਦੈ ਹਰਿ ਲਿਵ ਲਾਇ ॥ ਨਿਰਵੈਰੈ ਨਾਲਿ ਵੈਰੁ ਰਚਾਇਦਾ ਅਪਣੈ ਘਰਿ ਲੂਕੀ ਲਾਇ ॥ ਅੰਤਰਿ ਕ੍ਰੋਧੁ ਅਹੰਕਾਰੁ ਹੈ ਅਨਦਿਨੁ ਜਲੈ ਸਦਾ ਦੁਖੁ ਪਾਇ ॥ ਕੂੜੁ ਬੋਲਿ ਬੋਲਿ ਨਿਤ ਭਉਕਦੇ ਬਿਖੁ ਖਾਧੇ ਦੂਜੈ ਭਾਇ ॥ ਬਿਖੁ ਮਾਇਆ ਕਾਰਣਿ ਭਰਮਦੇ ਫਿਰਿ ਘਰਿ ਘਰਿ ਪਤਿ ਗਵਾਇ ॥ ਬੇਸੁਆ ਕੇਰੇ ਪੂਤ ਜਿਉ ਪਿਤਾ ਨਾਮੁ ਤਿਸੁ ਜਾਇ ॥ ਹਰਿ ਹਰਿ ਨਾਮੁ ਨ ਚੇਤਨੀ ਕਰਤੈ ਆਪਿ ਖੁਆਇ ॥ ਹਰਿ ਗੁਰਮੁਖਿ ਕਿਰਪਾ ਧਾਰੀਅਨੁ ਜਨ ਵਿਛੁੜੇ ਆਪਿ ਮਿਲਾਇ ॥ ਜਨ ਨਾਨਕੁ ਤਿਸੁ ਬਲਿਹਾਰਣੈ ਜੋ ਸਤਿਗੁਰ ਲਾਗੇ ਪਾਇ ॥੨੩॥ {ਪੰਨਾ 1415}

ਪਦ ਅਰਥ: ਨਿਰਵੈਰੁ = ਕਿਸੇ ਨਾਲ ਵੈਰ ਨਾਹ ਕਰਨ ਵਾਲਾ। ਹਿਰਦੈ = ਹਿਰਦੇ ਵਿਚ। ਲਿਵ ਲਾਇ = ਸੁਰਤਿ ਜੋੜੀ ਰੱਖਦਾ ਹੈ। ਰਚਾਇਦਾ = ਬਣਾਈ ਰੱਖਦਾ ਹੈ। ਘਰਿ = (ਹਿਰਦੇ-) ਘਰ ਵਿਚ। ਲੂਕੀ = (ਈਰਖਾ ਦੀ) ਚੁਆਤੀ। ਅੰਤਰਿ = ਅੰਦਰ। ਅਨਦਿਨੁ = ਹਰ ਰੋਜ਼, ਹਰ ਵੇਲੇ। ਬੋਲਿ = ਬੋ ਕੇ। ਕੂੜੁ = ਝੂਠ। ਭਉਕਦੇ = ਵਾਹੀ ਤਬਾਹੀ ਬੋਲਦੇ ਹਨ। ਬਿਖੁ = ਜ਼ਹਰ। ਦੂਜੈ ਭਾਇ = ਮਾਇਆ ਦੇ ਮੋਹ ਵਿਚ। ਕਾਰਣਿ = ਦੀ ਖ਼ਾਤਰ। ਭਰਮਦੇ = ਭਰਮਦੇ ਫਿਰਦੇ ਹਨ। ਘਰਿ ਘਰਿ = ਹਰੇਕ ਘਰ (ਦੇ ਬੂਹੇ) ਤੇ। ਪਤਿ = ਇਜ਼ਤ। ਗਵਾਇ = ਗਵਾ ਕੇ। ਬੇਸੁਆ = ਕੰਜਰੀ। ਕੇਰੇ = ਦੇ। ਜਿਉ = ਵਾਂਗ। ਕਰਤੈ = ਕਰਤਾਰ ਨੇ। ਖੁਆਇ = ਕੁਰਾਹੇ ਪਾਏ ਹੋਏ ਹਨ। ਧਾਰੀਅਨੁ = ਉਸ (ਪ੍ਰਭੂ) ਨੇ ਧਾਰੀ ਹੈ। ਪਾਇ = ਪੈਰੀਂ।23।

ਅਰਥ: ਹੇ ਭਾਈ! ਗੁਰੂ (ਇਕ ਐਸਾ ਮਹਾ) ਪੁਰਖ ਹੈ ਜਿਸ ਦਾ ਕਿਸੇ ਨਾਲ ਭੀ ਵੈਰ ਨਹੀਂ ਹੈ, ਗੁਰੂ ਹਰ ਵੇਲੇ ਆਪਣੇ ਹਿਰਦੇ ਵਿਚ ਪਰਮਾਤਮਾ ਨਾਲ ਲਗਨ ਲਾਈ ਰੱਖਦਾ ਹੈ। ਜਿਹੜਾ ਮਨੁੱਖ (ਅਜਿਹੇ) ਨਿਰਵੈਰ (ਗੁਰੂ) ਨਾਲ ਵੈਰ ਬਣਾਈ ਰੱਖਦਾ ਹੈ, ਉਹ ਆਪਣੇ (ਹਿਰਦੇ-) ਘਰ ਵਿਚ (ਈਰਖਾ ਦੀ) ਚੁਆਤੀ ਬਾਲੀ ਰੱਖਦਾ ਹੈ। ਉਸ ਦੇ ਅੰਦਰ ਕ੍ਰੋਧ (ਦਾ ਭਾਂਬੜ) ਹੈ, ਉਸ ਦੇ ਅੰਦਰ ਅਹੰਕਾਰ (ਦਾ ਭਾਂਬੜ ਬਲਦਾ ਰਹਿੰਦਾ) ਹੈ (ਜਿਸ ਵਿਚ) ਉਹ ਹਰ ਵੇਲੇ ਸੜਦਾ ਰਹਿੰਦਾ ਹੈ, ਤੇ, ਸਦਾ ਦੁੱਖ ਪਾਂਦਾ ਰਹਿੰਦਾ ਹੈ।

ਹੇ ਭਾਈ! (ਜਿਹੜੇ ਮਨੁੱਖ ਗੁਰੂ ਦੇ ਵਿਰੁੱਧ) ਝੂਠ ਬੋਲ ਬੋਲ ਕੇ ਵਾਹੀ ਤਬਾਹੀ ਬੋਲਦੇ ਰਹਿੰਦੇ ਹਨ, ਮਾਇਆ ਦੇ ਮੋਹ ਵਿਚ (ਉਹ ਇਉਂ ਆਤਮਕ ਮੌਤੇ ਮਰੇ ਰਹਿੰਦੇ ਹਨ, ਜਿਵੇਂ) ਉਹਨਾਂ ਜ਼ਹਰ ਖਾਧੀ ਹੁੰਦੀ ਹੈ। ਆਤਮਕ ਮੌਤ ਲਿਆਉਣ ਵਾਲੀ ਮਾਇਆ-ਜ਼ਹਰ ਦੀ ਖ਼ਾਤਰ ਉਹ ਘਰ ਘਰ (ਦੇ ਬੂਹੇ) ਤੇ ਇੱਜ਼ਤ ਗਵਾ ਕੇ (ਹੌਲੇ ਪੈ ਕੇ) ਭਟਕਦੇ ਫਿਰਦੇ ਹਨ। (ਅਜਿਹੇ ਮਨੁੱਖ) ਵੇਸੁਆ ਦੇ ਪੁੱਤਰ ਵਾਂਗ (ਨੱਕ-ਵੱਢੇ ਹੁੰਦੇ ਹਨ) ਜਿਸ ਦੇ ਪਿਤਾ ਦਾ ਨਾਮ ਗੁੰਮ ਹੋ ਜਾਂਦਾ ਹੈ। ਉਹ ਮਨੁੱਖ ਪਰਮਾਤਮਾ ਦਾ ਨਾਮ ਨਹੀਂ ਸਿਮਰਦੇ (ਪਰ ਉਹਨਾਂ ਦੇ ਭੀ ਕੀਹ ਵੱਸ?) ਕਰਤਾਰ ਨੇ ਆਪ (ਹੀ ਉਹਨਾਂ ਨੂੰ) ਕੁਰਾਹੇ ਪਾਇਆ ਹੁੰਦਾ ਹੈ।

ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਉਤੇ ਹਰੀ ਨੇ ਆਪ ਕਿਰਪਾ ਕੀਤੀ ਹੁੰਦੀ ਹੈ। ਗੁਰੂ ਦੀ ਰਾਹੀਂ ਉਹਨਾਂ ਵਿਛੁੜਿਆਂ ਨੂੰ ਹਰੀ ਆਪ (ਆਪਣੇ ਨਾਲ) ਮਿਲਾ ਲੈਂਦਾ ਹੈ। ਹੇ ਭਾਈ! ਦਾਸ ਨਾਨਕ ਉਸ ਉਸ ਮਨੁੱਖ ਤੋਂ ਸਦਕੇ ਜਾਂਦਾ ਹੈ, ਜਿਹੜੇ ਗੁਰੂ ਦੀ ਚਰਨੀਂ ਪਏ ਰਹਿੰਦੇ ਹਨ।23।

ਨਾਮਿ ਲਗੇ ਸੇ ਊਬਰੇ ਬਿਨੁ ਨਾਵੈ ਜਮ ਪੁਰਿ ਜਾਂਹਿ ॥ ਨਾਨਕ ਬਿਨੁ ਨਾਵੈ ਸੁਖੁ ਨਹੀ ਆਇ ਗਏ ਪਛੁਤਾਹਿ ॥੨੪॥ {ਪੰਨਾ 1415}

ਪਦ ਅਰਥ: ਨਾਮਿ = ਨਾਮ ਵਿਚ। ਸੇ = ਉਹ (ਬਹੁ-ਵਚਨ) । ਊਬਰੇ = (ਸੰਸਾਰ-ਸਮੁੰਦਰ ਵਿਚ ਡੁੱਬਣੋਂ) ਬਚ ਗਏ। ਜਮਪੁਰਿ = ਜਮਰਾਜ ਦੇ ਸ਼ਹਿਰ ਵਿਚ। ਜਾਂਹਿ = ਜਾਂਦੇ ਹਨ (ਬਹੁ-ਵਚਨ) । ਆਇ = ਜੰਮ ਕੇ। ਗਏ = (ਦੁਨੀਆ ਤੋਂ) ਚਲੇ ਗਏ।24।

ਅਰਥ: ਹੇ ਭਾਈ! ਜਿਹੜੇ ਮਨੁੱਖ ਪਰਮਾਤਮਾ ਦੇ ਨਾਮ ਵਿਚ ਜੁੜੇ ਰਹੇ, ਉਹ (ਸੰਸਾਰ-ਸਮੁੰਦਰ ਵਿਚ ਡੁੱਬਣੋਂ) ਬਚ ਗਏ। ਨਾਮ ਤੋਂ ਖ਼ਾਲੀ ਰਹਿਣ ਵਾਲੇ ਮਨੁੱਖ ਜਮਰਾਜ ਦੇ ਵੱਸ ਪੈਂਦੇ ਹਨ। ਹੇ ਨਾਨਕ! ਪਰਮਾਤਮਾ ਦੇ ਨਾਮ ਤੋਂ ਬਿਨਾ (ਉਹਨਾਂ ਨੂੰ) ਆਤਮਕ ਆਨੰਦ ਨਹੀਂ ਮਿਲਦਾ। (ਜਗਤ ਵਿਚ) ਜਨਮ ਲੈ ਕੇ (ਨਾਮ ਤੋਂ ਸੱਖਣੇ ਹੀ) ਜਾਂਦੇ ਹਨ ਤੇ ਪਛੁਤਾਂਦੇ ਰਹਿੰਦੇ ਹਨ।

ਚਿੰਤਾ ਧਾਵਤ ਰਹਿ ਗਏ ਤਾਂ ਮਨਿ ਭਇਆ ਅਨੰਦੁ ॥ ਗੁਰ ਪ੍ਰਸਾਦੀ ਬੁਝੀਐ ਸਾ ਧਨ ਸੁਤੀ ਨਿਚਿੰਦ ॥ ਜਿਨ ਕਉ ਪੂਰਬਿ ਲਿਖਿਆ ਤਿਨ੍ਹ੍ਹਾ ਭੇਟਿਆ ਗੁਰ ਗੋਵਿੰਦੁ ॥ ਨਾਨਕ ਸਹਜੇ ਮਿਲਿ ਰਹੇ ਹਰਿ ਪਾਇਆ ਪਰਮਾਨੰਦੁ ॥੨੫॥ {ਪੰਨਾ 1415}

ਪਦ ਅਰਥ: ਧਾਵਤ = ਭਟਕ ਰਹੇ। ਰਹਿ ਗਏ = (ਭਟਕਣੋਂ) ਹਟ ਗਏ। ਤਾਂ ਮਨਿ = ਉਹਨਾਂ ਦੇ ਮਨ ਵਿਚ। ਮਨਿ = ਮਨ ਵਿਚ। ਪ੍ਰਸਾਦੀ = ਪ੍ਰਸਾਦਿ, ਕਿਰਪਾ ਨਾਲ। ਬੁਝੀਐ = ਸਮਝ ਸਕੀਦਾ ਹੈ। ਸਾਧਨ = ਜੀਵ-ਇਸਤ੍ਰੀ। ਸੁਤੀ = ਸੌਂ ਰਹਿੰਦੀ ਹੈ, ਲੀਨ ਰਹਿੰਦੀ ਹੈ। ਨਿਚਿੰਦ = ਚਿੰਤਾ-ਰਹਿਤ ਅਵਸਥਾ ਵਿਚ। ਪੂਰਬਿ = ਧੁਰ ਤੋਂ, ਪਹਿਲਾਂ ਤੋਂ। ਭੇਟਿਆ = ਮਿਲਿਆ। ਸਹਜੇ = ਆਤਮਕ ਅਡੋਲਤਾ ਵਿਚ। ਪਰਮਾਨੰਦੁ = ਸਭ ਤੋਂ ਉੱਚੇ ਅਨੰਦ ਦਾ ਮਾਲਕ-ਪ੍ਰਭੂ।35।

ਅਰਥ: ਹੇ ਭਾਈ! ਮਾਇਆ ਦੀ ਚਿੰਤਾ ਵਿਚ ਭਟਕ ਰਹੇ ਜਿਹੜੇ ਮਨੁੱਖ (ਇਸ ਭਟਕਣਾ ਤੋਂ) ਹਟ ਜਾਂਦੇ ਹਨ, ਉਹਨਾਂ ਦੇ ਮਨ ਵਿਚ ਆਨੰਦ ਪੈਦਾ ਹੋ ਜਾਂਦਾ ਹੈ, (ਪਰ ਇਹ ਭੇਤ) ਗੁਰੂ ਦੀ ਕਿਰਪਾ ਨਾਲ ਹੀ ਸਮਝ ਸਕੀਦਾ ਹੈ। (ਜਿਹੜੀ) ਜੀਵ-ਇਸਤ੍ਰੀ (ਇਸ ਭੇਤ ਨੂੰ ਸਮਝ ਲੈਂਦੀ ਹੈ, ਉਹ) ਚਿੰਤਾ-ਰਹਿਤ ਅਵਸਥਾ ਵਿਚ ਲੀਨ ਰਹਿੰਦੀ ਹੈ।

ਹੇ ਨਾਨਕ! ਜਿਨ੍ਹਾਂ ਮਨੁੱਖਾਂ ਦੇ ਮੱਥੇ ਉੱਤੇ ਧੁਰ ਦਰਗਾਹ ਤੋਂ ਲੇਖ ਲਿਖਿਆ ਹੁੰਦਾ ਹੈ ਉਹਨਾਂ ਨੂੰ ਗੁਰੂ-ਪਰਮਾਤਮਾ ਮਿਲ ਪੈਂਦਾ ਹੈ, ਉਹ ਆਤਮਕ ਅਡੋਲਤਾ ਵਿਚ ਟਿਕੇ ਰਹਿੰਦੇ ਹਨ। ਸਭ ਤੋਂ ਉੱਚੇ ਆਤਮਕ ਆਨੰਦ ਦੇ ਮਾਲਕ-ਪ੍ਰਭੂ (ਦਾ ਮਿਲਾਪ) ਉਹ ਮਨੁੱਖ ਪ੍ਰਾਪਤ ਕਰ ਲੈਂਦੇ ਹਨ।25।

ਸਤਿਗੁਰੁ ਸੇਵਨਿ ਆਪਣਾ ਗੁਰ ਸਬਦੀ ਵੀਚਾਰਿ ॥ ਸਤਿਗੁਰ ਕਾ ਭਾਣਾ ਮੰਨਿ ਲੈਨਿ ਹਰਿ ਨਾਮੁ ਰਖਹਿ ਉਰ ਧਾਰਿ ॥ ਐਥੈ ਓਥੈ ਮੰਨੀਅਨਿ ਹਰਿ ਨਾਮਿ ਲਗੇ ਵਾਪਾਰਿ ॥ ਗੁਰਮੁਖਿ ਸਬਦਿ ਸਿਞਾਪਦੇ ਤਿਤੁ ਸਾਚੈ ਦਰਬਾਰਿ ॥ ਸਚਾ ਸਉਦਾ ਖਰਚੁ ਸਚੁ ਅੰਤਰਿ ਪਿਰਮੁ ਪਿਆਰੁ ॥ ਜਮਕਾਲੁ ਨੇੜਿ ਨ ਆਵਈ ਆਪਿ ਬਖਸੇ ਕਰਤਾਰਿ ॥ ਨਾਨਕ ਨਾਮ ਰਤੇ ਸੇ ਧਨਵੰਤ ਹੈਨਿ ਨਿਰਧਨੁ ਹੋਰੁ ਸੰਸਾਰੁ ॥੨੬॥ {ਪੰਨਾ 1415-1416}

ਪਦ ਅਰਥ: ਸੇਵਨਿ = ਸੇਂਵਦੇ ਹਨ (ਬਹੁ-ਵਚਨ) । ਵੀਚਾਰਿ = ਵਿਚਾਰ ਕੇ, ਸੁਰਤਿ ਜੋੜ ਕੇ। ਮੰਨਿ ਲੈਨਿ = ਮੰਨ ਲੈਂਦੇ ਹਨ। ਰਖਹਿ = ਰੱਖਦੇ ਹਨ। ਉਰ = ਹਿਰਦਾ। ਉਰਧਾਰਿ ਰਖਹਿ = ਹਿਰਦੇ ਵਿਚ ਵਸਾਈ ਰੱਖਦੇ ਹਨ। ਐਥੇ = ਇਸ ਲੋਕ ਵਿਚ। ਓਥੈ = ਪਰਲੋਕ ਵਿਚ। ਮੰਨੀਅਹਿ = ਮੰਨੇ ਜਾਂਦੇ ਹਨ, ਸਤਕਾਰੇ ਜਾਂਦੇ ਹਨ (ਬਹੁ-ਵਚਨ) । ਹਰਿ ਨਾਮਿ = ਹਰਿ-ਨਾਮ ਵਿਚ। ਵਾਪਾਰਿ = ਵਪਾਰ ਵਿਚ। ਗੁਰਮੁਖਿ = ਗੁਰੂ ਦੀ ਸਰਨ ਪੈਣ ਵਾਲੇ ਮਨੁੱਖ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਤਿਤੁ = ਉਸ ਵਿਚ। ਤਿਤੁ ਦਰਬਾਰਿ = ਉਸ ਦਰਬਾਰ ਵਿਚ। ਤਿਤੁ ਸਾਚੈ ਦਰਬਾਰਿ = ਉਸ ਸਦਾ-ਥਿਰ ਦਰਬਾਰ ਵਿਚ। ਸਚਾ = ਸਦਾ ਕਾਇਮ ਰਹਿਣ ਵਾਲਾ। ਸਚੁ = ਸਦਾ-ਥਿਰ ਹਰਿ-ਨਾਮ। ਪਿਰਮੁ = ਪ੍ਰੇਮ। ਆਵਈ = ਆਵੈ, ਆਉਂਦਾ। ਕਰਤਾਰਿ = ਕਰਤਾਰ ਨੇ। ਨਾਮ-ਰਤੇ = (ਸਮਾਸੀ) ਨਾਮ-ਰੰਗ ਦੇ ਰੰਗੇ ਹੋਏ ਮਨੁੱਖ। ਸੇ = ਉਹ (ਬਹੁ-ਵਚਨ) । ਧਨਵੰਤ = ਧਨ ਵਾਲੇ। ਨਿਰਧਨੁ = ਕੰਗਾਲ, ਧਨ-ਹੀਣ।26।

ਅਰਥ: ਹੇ ਭਾਈ! ਜਿਹੜੇ ਮਨੁੱਖ ਗੁਰੂ ਦੇ ਸ਼ਬਦ ਵਿਚ ਸੁਰਤਿ ਜੋੜ ਕੇ ਪਿਆਰੇ ਗੁਰੂ ਦੀ ਸਰਨ ਪਏ ਰਹਿੰਦੇ ਹਨ, ਗੁਰੂ ਦੀ ਰਜ਼ਾ ਨੂੰ (ਸਿਰ-ਮੱਥੇ) ਮੰਨਦੇ ਹਨ, ਪਰਮਾਤਮਾ ਦਾ ਨਾਮ (ਆਪਣੇ) ਹਿਰਦੇ ਵਿਚ ਵਸਾਈ ਰੱਖਦੇ ਹਨ, ਪਰਮਾਤਮਾ ਦੇ ਨਾਮ-ਵਪਾਰ ਵਿਚ ਰੁੱਝੇ ਰਹਿੰਦੇ ਹਨ, ਉਹ ਮਨੁੱਖ ਇਸ ਲੋਕ ਵਿਚ ਅਤੇ ਪਰਲੋਕ ਵਿਚ ਸਤਕਾਰੇ ਜਾਂਦੇ ਹਨ।

ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਉਸ ਸਦਾ-ਥਿਰ ਦਰਬਾਰ ਵਿਚ ਗੁਰੂ ਦੇ ਸ਼ਬਦ ਦੀ ਰਾਹੀਂ ਪਛਾਣੇ ਜਾਂਦੇ ਹਨ। ਉਹ ਮਨੁੱਖ ਸਦਾ-ਥਿਰ ਹਰਿ-ਨਾਮ ਦਾ ਵਣਜ (ਕਰਦੇ ਰਹਿੰਦੇ ਹਨ) , ਸਦਾ-ਥਿਰ ਹਰਿ-ਨਾਮ ਹੀ ਆਤਮਕ ਖ਼ੁਰਾਕ ਦੇ ਤੌਰ ਤੇ ਵਰਤਦੇ ਰਹਿੰਦੇ ਹਨ, ਉਹਨਾਂ ਦੇ ਅੰਦਰ ਪਰਮਾਤਮਾ ਦਾ ਪ੍ਰੇਮ-ਪਿਆਰ (ਸਦਾ ਟਿਕਿਆ ਰਹਿੰਦਾ ਹੈ) । ਉਹਨਾਂ ਉਤੇ ਕਰਤਾਰ ਨੇ ਆਪ ਮਿਹਰ ਕੀਤੀ ਹੁੰਦੀ ਹੈ, ਮੌਤ (ਦਾ ਡਰ ਉਹਨਾਂ ਦੇ) ਨੇੜੇ ਨਹੀਂ ਢੁਕਦਾ (ਆਤਮਕ ਮੌਤ ਉਹਨਾਂ ਦੇ ਨੇੜੇ ਨਹੀਂ ਆਉਂਦੀ) ।

ਹੇ ਨਾਨਕ! ਜਿਹੜੇ ਮਨੁੱਖ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਰਹਿੰਦੇ ਹਨ, ਉਹ ਧਨਵਾਨ ਹਨ, ਬਾਕੀ ਸਾਰਾ ਸੰਸਾਰ ਕੰਗਾਲ ਹੈ।26।

TOP OF PAGE

Sri Guru Granth Darpan, by Professor Sahib Singh