ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1427

ਪਾਂਚ ਤਤ ਕੋ ਤਨੁ ਰਚਿਓ ਜਾਨਹੁ ਚਤੁਰ ਸੁਜਾਨ ॥ ਜਿਹ ਤੇ ਉਪਜਿਓ ਨਾਨਕਾ ਲੀਨ ਤਾਹਿ ਮੈ ਮਾਨੁ ॥੧੧॥ {ਪੰਨਾ 1427}

ਪਦ ਅਰਥ: ਪਾਂਚ ਤਤ = ਮਿੱਟੀ, ਹਵਾ, ਪਾਣੀ, ਅੱਗ, ਆਕਾਸ਼। ਕੋ = ਦਾ। ਚਤੁਰ = ਹੇ ਚਤੁਰ ਮਨੁੱਖ! ਸੁਜਾਨ = ਹੇ ਸਿਆਣੇ ਮਨੁੱਖ! ਜਿਹ ਤੇ = ਜਿਨ੍ਹਾਂ ਤੱਤਾਂ ਤੋਂ। ਤੇ = ਤੋਂ। ਤਾਹਿ ਮਾਹਿ = ਉਹਨਾਂ (ਹੀ ਤੱਤਾਂ) ਵਿਚ। ਮਾਨਿ = ਮੰਨ ਲੈ, ਯਕੀਨ ਜਾਣ।11।

ਅਰਥ: ਹੇ ਨਾਨਕ! (ਆਖ-) ਹੇ ਚਤੁਰ ਮਨੁੱਖ! ਹੇ ਸਿਆਣੇ ਮਨੁੱਖ! ਤੂੰ ਜਾਣਦਾ ਹੈਂ ਕਿ (ਤੇਰਾ ਇਹ) ਸਰੀਰ (ਪਰਮਾਤਮਾ ਨੇ) ਪੰਜ ਤੱਤਾਂ ਤੋਂ ਬਣਾਇਆ ਹੈ। (ਇਹ ਭੀ) ਯਕੀਨ ਜਾਣ ਕਿ ਜਿਨ੍ਹਾਂ ਤੱਤਾਂ ਤੋਂ (ਇਹ ਸਰੀਰ) ਬਣਿਆ ਹੈ (ਮੁੜ) ਉਹਨਾਂ ਵਿਚ ਹੀ ਲੀਨ ਹੋ ਜਾਇਗਾ (ਫਿਰ ਇਸ ਸਰੀਰ ਦੇ ਝੂਠੇ ਮੋਹ ਵਿਚ ਫਸ ਕੇ ਪਰਮਾਤਮਾ ਦਾ ਸਿਮਰਨ ਕਿਉਂ ਭੁਲਾ ਰਿਹਾ ਹੈਂ?।11।

ਘਟ ਘਟ ਮੈ ਹਰਿ ਜੂ ਬਸੈ ਸੰਤਨ ਕਹਿਓ ਪੁਕਾਰਿ ॥ ਕਹੁ ਨਾਨਕ ਤਿਹ ਭਜੁ ਮਨਾ ਭਉ ਨਿਧਿ ਉਤਰਹਿ ਪਾਰਿ ॥੧੨॥ {ਪੰਨਾ 1427}

ਪਦ ਅਰਥ: ਘਟ = ਸਰੀਰ। ਘਟ ਘਟ ਮੈ = ਹਰੇਕ ਸਰੀਰ ਵਿਚ। ਜੂ = ਜੀ। ਪੁਕਾਰਿ = ਪੁਕਾਰ ਕੇ, ਉੱਚੀ ਬੋਲ ਕੇ। ਭਉਨਿਧਿ = ਸੰਸਾਰ-ਸਮੁੰਦਰ। ਉਤਰਹਿ = ਉਤਰਹਿਂ, ਤੂੰ ਲੰਘ ਜਾਹਿਂਗਾ।12।

ਅਰਥ: ਹੇ ਨਾਨਕ! ਆਖ– ਹੇ ਮਨ! ਸੰਤ ਜਨਾਂ ਨੇ ਉੱਚੀ ਕੂਕ ਕੇ ਦੱਸ ਦਿੱਤਾ ਹੈ ਕਿ ਪਰਮਾਤਮਾ ਹਰੇਕ ਸਰੀਰ ਵਿਚ ਵੱਸ ਰਿਹਾ ਹੈ। ਤੂੰ ਉਸ (ਪਰਮਾਤਮਾ) ਦਾ ਭਜਨ ਕਰਿਆ ਕਰ, (ਭਜਨ ਦੀ ਬਰਕਤਿ ਨਾਲ) ਸੰਸਾਰ-ਸਮੁੰਦਰ ਤੋਂ ਤੂੰ ਪਾਰ ਲੰਘ ਜਾਹਿਂਗਾ।12।

ਸੁਖੁ ਦੁਖੁ ਜਿਹ ਪਰਸੈ ਨਹੀ ਲੋਭੁ ਮੋਹੁ ਅਭਿਮਾਨੁ ॥ ਕਹੁ ਨਾਨਕ ਸੁਨੁ ਰੇ ਮਨਾ ਸੋ ਮੂਰਤਿ ਭਗਵਾਨ ॥੧੩॥ ਉਸਤਤਿ ਨਿੰਦਿਆ ਨਾਹਿ ਜਿਹਿ ਕੰਚਨ ਲੋਹ ਸਮਾਨਿ ॥ ਕਹੁ ਨਾਨਕ ਸੁਨਿ ਰੇ ਮਨਾ ਮੁਕਤਿ ਤਾਹਿ ਤੈ ਜਾਨਿ ॥੧੪॥ ਹਰਖੁ ਸੋਗੁ ਜਾ ਕੈ ਨਹੀ ਬੈਰੀ ਮੀਤ ਸਮਾਨਿ ॥ ਕਹੁ ਨਾਨਕ ਸੁਨਿ ਰੇ ਮਨਾ ਮੁਕਤਿ ਤਾਹਿ ਤੈ ਜਾਨਿ ॥੧੫॥ ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ ॥ ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ ॥੧੬॥ {ਪੰਨਾ 1427}

ਪਦ ਅਰਥ: ਜਿਹ = ਜਿਸ (ਦੇ ਮਨ) ਨੂੰ। ਪਰਸੈ = ਛੁੰਹਦਾ। ਅਭਿਮਾਨੁ = ਅਹੰਕਾਰ। ਸੋ = ਉਹ (ਮਨੁੱਖ) । ਮੂਰਤਿ ਭਗਵਾਨ = ਭਗਵਾਨ ਦਾ ਸਰੂਪ।13।

ਉਸਤਤਿ = ਵਡਿਆਈ। ਜਿਹਿ = ਜਿਸ (ਦੇ ਮਨ) ਨੂੰ। ਕੰਚਨ = ਸੋਨਾ। ਲੋਹ = ਲੋਹਾ। ਸਮਾਨਿ = ਇਕੋ ਜਿਹਾ। ਮੁਕਤਿ = ਮੋਹ ਤੋਂ ਖ਼ਲਾਸੀ। ਤਾਹਿ = ਉਸ (ਮਨੁੱਖ) ਨੇ (ਪ੍ਰਾਪਤ ਕੀਤੀ ਹੈ) । ਤੇ = ਤੂੰ। ਜਾਨਿ = ਸਮਝ ਲੈ।14।

ਹਰਖੁ = ਖ਼ੁਸ਼ੀ। ਸੋਗੁ = ਚਿੰਤਾ, ਗ਼ਮ। ਜਾ ਕੈ = ਜਿਸ (ਮਨੁੱਖ) ਦੇ ਹਿਰਦੇ ਵਿਚ। ਸਮਾਨਿ = ਇਕੋ ਜਿਹੇ। ਮੁਕਤਿ = ਮਾਇਆ ਦੇ ਮੋਹ ਤੋਂ ਖ਼ਲਾਸੀ।15।

ਭੈ = ਡਰਾਵੇ (ਬਹੁ-ਵਚਨ ਲਫ਼ਜ਼ 'ਭਉ' ਤੋਂ) । ਆਨ = ਹੋਰਨਾਂ ਦੇ। ਗਿਆਨੀ = ਆਤਮਕ ਜੀਵਨ ਦੀ ਸੂਝ ਵਾਲਾ ਮਨੁੱਖ। ਤਾਹਿ = ਉਸ ਨੂੰ। ਬਖਾਨਿ = ਆਖ।16।

ਅਰਥ: ਹੇ ਨਾਨਕ! ਆਖ– ਹੇ ਮਨ! ਸੁਣ, ਜਿਸ ਮਨੁੱਖ (ਦੇ ਹਿਰਦੇ) ਨੂੰ ਸੁਖ ਦੁਖ ਨਹੀਂ ਪੋਹ ਸਕਦਾ, ਲੋਭ ਮੋਹ ਅਹੰਕਾਰ ਨਹੀਂ ਪੋਹ ਸਕਦਾ (ਭਾਵ, ਜਿਹੜਾ ਮਨੁੱਖ ਸੁਖ ਦੁਖ ਵੇਲੇ ਆਤਮਕ ਜੀਵਨ ਵਲੋਂ ਨਹੀਂ ਡੋਲਦਾ, ਜਿਸ ਉਤੇ ਲੋਭ ਮੋਹ ਅਹੰਕਾਰ ਆਪਣਾ ਜ਼ੋਰ ਨਹੀਂ ਪਾ ਸਕਦਾ) ਉਹ ਮਨੁੱਖ (ਸਾਖਿਆਤ) ਪਰਮਾਤਮਾ ਦਾ ਰੂਪ ਹੈ।13।

ਹੇ ਨਾਨਕ! ਆਖ– ਹੇ ਮਨ! ਸੁਣ, ਜਿਸ ਮਨੁੱਖ (ਦੇ ਮਨ) ਨੂੰ ਉਸਤਤਿ ਨਹੀਂ (ਡੁਲਾ ਸਕਦੀ) ਨਿੰਦਿਆ ਨਹੀਂ (ਡੁਲਾ ਸਕਦੀ) , ਜਿਸ ਨੂੰ ਸੋਨਾ ਅਤੇ ਲੋਹਾ ਇਕੋ ਜਿਹੇ (ਦਿੱਸਦੇ ਹਨ, ਭਾਵ, ਜੋ ਲਾਲਚ ਵਿਚ ਨਹੀਂ ਫਸਦਾ) , ਇਹ ਗੱਲ (ਪੱਕੀ) ਜਾਣ ਕਿ ਉਸ ਨੂੰ ਮੋਹ ਤੋਂ ਛੁਟਕਾਰਾ ਮਿਲ ਚੁੱਕਾ ਹੈ।14।

ਹੇ ਨਾਨਕ! ਆਖ– ਹੇ ਮਨ! ਸੁਣ, ਜਿਸ ਮਨੁੱਖ ਦੇ ਹਿਰਦੇ ਵਿਚ ਖ਼ੁਸ਼ੀ ਗ਼ਮੀ ਆਪਣਾ ਜ਼ੋਰ ਨਹੀਂ ਪਾ ਸਕਦੀ, ਜਿਸ ਨੂੰ ਵੈਰੀ ਤੇ ਮਿੱਤਰ ਇਕੋ ਜਿਹੇ (ਮਿੱਤਰ ਹੀ) ਜਾਪਦੇ ਹਨ, ਤੂੰ ਇਹ ਗੱਲ ਪੱਕੀ ਸਮਝ ਕਿ ਉਸ ਨੂੰ ਮਾਇਆ ਦੇ ਮੋਹ ਤੋਂ ਖ਼ਲਾਸੀ ਮਿਲ ਚੁੱਕੀ ਹੈ।15।

ਹੇ ਨਾਨਕ! ਆਖ– ਹੇ ਮਨ! ਸੁਣ, ਜਿਹੜਾ ਮਨੁੱਖ ਕਿਸੇ ਨੂੰ (ਕੋਈ) ਡਰਾਵੇ ਨਹੀਂ ਦੇਂਦਾ, ਅਤੇ ਕਿਸੇ ਦੇ ਡਰਾਵੇ ਨਹੀਂ ਮੰਨਦਾ (ਡਰਾਵਿਆਂ ਤੋਂ ਘਬਰਾਂਦਾ ਨਹੀਂ) ਉਸ ਨੂੰ ਆਤਮਕ ਜੀਵਨ ਦੀ ਸੂਝ ਵਾਲਾ ਸਮਝ।16।

ਜਿਹਿ ਬਿਖਿਆ ਸਗਲੀ ਤਜੀ ਲੀਓ ਭੇਖ ਬੈਰਾਗ ॥ ਕਹੁ ਨਾਨਕ ਸੁਨੁ ਰੇ ਮਨਾ ਤਿਹ ਨਰ ਮਾਥੈ ਭਾਗੁ ॥੧੭॥ ਜਿਹਿ ਮਾਇਆ ਮਮਤਾ ਤਜੀ ਸਭ ਤੇ ਭਇਓ ਉਦਾਸੁ ॥ ਕਹੁ ਨਾਨਕ ਸੁਨੁ ਰੇ ਮਨਾ ਤਿਹ ਘਟਿ ਬ੍ਰਹਮ ਨਿਵਾਸੁ ॥੧੮॥ ਜਿਹਿ ਪ੍ਰਾਨੀ ਹਉਮੈ ਤਜੀ ਕਰਤਾ ਰਾਮੁ ਪਛਾਨਿ ॥ ਕਹੁ ਨਾਨਕ ਵਹੁ ਮੁਕਤਿ ਨਰੁ ਇਹ ਮਨ ਸਾਚੀ ਮਾਨੁ ॥੧੯॥ {ਪੰਨਾ 1427}

ਪਦ ਅਰਥ: ਜਿਹਿ = ਜਿਸ (ਮਨੁੱਖ) ਨੇ। ਬਿਖਿਆ = ਮਾਇਆ। ਸਗਲੀ = ਸਾਰੀ। ਬਿਖਿਆ ਸਗਲੀ = (ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਨਿੰਦਾ, ਈਰਖਾ, ਆਦਿਕ) ਸਾਰੀ ਦੀ ਸਾਰੀ ਮਾਇਆ। ਤਿਹ ਨਰ ਮਾਥੈ = ਉਸ ਮਨੁੱਖ ਦੇ ਮੱਥੇ ਉੱਤੇ।17।

ਮਮਤਾ = ਅਪਣੱਤ। ਤੇ = ਤੋਂ। ਉਦਾਸੁ = ਉਪਰਾਮ। ਤਿਹ ਘਟਿ = ਉਸ (ਮਨੁੱਖ) ਦੇ ਹਿਰਦੇ ਵਿਚ।18।

ਜਿਹਿ ਪ੍ਰਾਨੀ = ਜਿਸ ਪ੍ਰਾਣੀ ਨੇ। ਪਛਾਨਿ = ਪਛਾਣ ਕੇ, ਜਾਣ-ਪਛਾਣ ਪਾ ਕੇ, ਸਾਂਝ ਪਾ ਕੇ। ਵਹੁ ਨਰੁ = ਉਹ ਮਨੁੱਖ। ਮੁਕਤ = ਵਿਕਾਰਾਂ ਤੋਂ ਬਚਿਆ ਹੋਇਆ। ਮਨ = ਹੇ ਮਨ!।19।

ਅਰਥ: ਹੇ ਨਾਨਕ! ਆਖ– ਹੇ ਮਨ! ਸੁਣ, ਜਿਸ (ਮਨੁੱਖ) ਨੇ (ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਨਿੰਦਾ, ਈਰਖਾ, ਆਦਿਕ ਅਨੇਕਾਂ ਰੂਪਾਂ ਵਾਲੀ) ਸਾਰੀ ਦੀ ਸਾਰੀ ਮਾਇਆ ਤਿਆਗ ਦਿੱਤੀ, (ਉਸੇ ਨੇ ਹੀ ਸਹੀ) ਵੈਰਾਗ ਦਾ (ਸਹੀ) ਭੇਖ ਧਾਰਨ ਕੀਤਾ (ਸਮਝ) । ਹੇ ਮਨ! ਉਸ ਮਨੁੱਖ ਦੇ ਮੱਥੇ ਉਤੇ (ਚੰਗਾ) ਭਾਗ (ਜਾਗਿਆ ਸਮਝ) ।17।

ਹੇ ਨਾਨਕ! ਆਖ– ਹੇ ਮਨ! ਸੁਣ, ਜਿਸ (ਮਨੁੱਖ) ਨੇ ਮਾਇਆ ਦਾ ਮੋਹ ਛੱਡ ਦਿੱਤਾ, (ਜਿਹੜਾ ਮਨੁੱਖ ਮਾਇਆ ਦੇ ਕਾਮਾਦਿਕ) ਸਾਰੇ ਵਿਕਾਰਾਂ ਵਲੋਂ ਉਪਰਾਮ ਹੋ ਗਿਆ, ਉਸ ਦੇ ਹਿਰਦੇ ਵਿਚ (ਪਰਤੱਖ ਤੌਰ ਤੇ) ਪਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ।18।

ਜਿਸ ਮਨੁੱਖ ਨੇ ਕਰਤਾਰ ਸਿਰਜਣਹਾਰ ਨਾਲ ਡੂੰਘੀ ਸਾਂਝ ਪਾ ਕੇ (ਆਪਣੇ ਅੰਦਰੋਂ) ਹਉਮੈ ਤਿਆਗ ਦਿੱਤੀ, ਹੇ ਨਾਨਕ! ਆਖ– ਹੇ ਮਨ! ਇਹ ਗੱਲ ਸੱਚੀ ਸਮਝ ਕਿ ਉਹ ਮਨੁੱਖ (ਹੀ) ਮੁਕਤ ਹੈ।19।

ਭੈ ਨਾਸਨ ਦੁਰਮਤਿ ਹਰਨ ਕਲਿ ਮੈ ਹਰਿ ਕੋ ਨਾਮੁ ॥ ਨਿਸਿ ਦਿਨੁ ਜੋ ਨਾਨਕ ਭਜੈ ਸਫਲ ਹੋਹਿ ਤਿਹ ਕਾਮ ॥੨੦॥ ਜਿਹਬਾ ਗੁਨ ਗੋਬਿੰਦ ਭਜਹੁ ਕਰਨ ਸੁਨਹੁ ਹਰਿ ਨਾਮੁ ॥ ਕਹੁ ਨਾਨਕ ਸੁਨਿ ਰੇ ਮਨਾ ਪਰਹਿ ਨ ਜਮ ਕੈ ਧਾਮ ॥੨੧॥ ਜੋ ਪ੍ਰਾਨੀ ਮਮਤਾ ਤਜੈ ਲੋਭ ਮੋਹ ਅਹੰਕਾਰ ॥ ਕਹੁ ਨਾਨਕ ਆਪਨ ਤਰੈ ਅਉਰਨ ਲੇਤ ਉਧਾਰ ॥੨੨॥ {ਪੰਨਾ 1427}

ਪਦ ਅਰਥ: ਭੈ = (ਲਫ਼ਜ਼ 'ਭਉ' ਤੋਂ ਬਹੁ-ਵਚਨ) ਸਾਰੇ ਡਰ। ਹਰਨ = ਦੂਰ ਕਰਨ ਵਾਲਾ। ਦੁਰਮਤਿ = ਖੋਟੀ ਮਤਿ। ਕਲਿ ਮਹਿ = ਕਲੇਸ਼ਾਂ-ਭਰੇ ਸੰਸਾਰ ਵਿਚ। ਕੋ = ਦਾ। ਨਿਸਿ = ਰਾਤ। ਭਜੈ = ਜਾਪਦਾ ਹੈ (ਇਕ-ਵਚਨ) । ਹੋਰਿ = ਹੋ ਜਾਂਦੇ ਹਨ। ਤਿਹ ਕਾਮ = ਉਸ ਦੇ (ਸਾਰੇ) ਕੰਮ।20।

ਜਿਹਬਾ = ਜੀਭ (ਨਾਲ) । ਕਰਨ = ਕੰਨਾਂ ਨਾਲ। ਪਰਹਿ ਨ = ਨਹੀਂ ਪੈਂਦੇ। ਧਾਮ = ਘਰ। ਜਮ ਕੈ ਧਾਮ = ਜਮ ਕੇ ਧਾਮਿ, ਜਮ ਦੇ ਘਰ ਵਿਚ, ਜਮ ਦੇ ਵੱਸ ਵਿਚ।21।

ਮਮਤਾ = ਅਪਣੱਤ, ਮੋਹ। ਤਜੈ = ਛੱਡਦਾ ਹੈ। ਤਰੈ = ਪਾਰ ਲੰਘ ਜਾਂਦਾ ਹੈ। ਅਉਰਨ = ਹੋਰਨਾਂ ਨੂੰ। ਲੇਤ ਉਧਾਰ = ਲੇਤ ਉਧਾਰਿ, ਬਚਾ ਲੈਂਦਾ ਹੈ।22।

ਅਰਥ: ਹੇ ਨਾਨਕ! (ਆਖ– ਹੇ ਭਾਈ!) ਇਸ ਕਲੇਸ਼ਾਂ-ਭਰੇ ਸੰਸਾਰ ਵਿਚ ਪਰਮਾਤਮਾ ਦਾ ਨਾਮ (ਹੀ) ਸਾਰੇ ਡਰ ਨਾਸ ਕਰਨ ਵਾਲਾ ਹੈ, ਖੋਟੀ ਮਤਿ ਦੂਰ ਕਰਨ ਵਾਲਾ ਹੈ। ਜਿਹੜਾ ਮਨੁੱਖ ਪ੍ਰਭੂ ਦਾ ਨਾਮ ਰਾਤ ਦਿਨ ਜਪਦਾ ਰਹਿੰਦਾ ਹੈ ਉਸ ਦੇ ਸਾਰੇ ਕੰਮ ਨੇਪਰੇ ਚੜ੍ਹ ਜਾਂਦੇ ਹਨ।20।

ਹੇ ਭਾਈ! (ਆਪਣੀ) ਜੀਭ ਨਾਲ ਪਰਮਾਤਮਾ ਦੇ ਗੁਣਾਂ ਦਾ ਜਾਪ ਕਰਿਆ ਕਰੋ, (ਆਪਣੇ) ਕੰਨਾਂ ਨਾਲ ਪਰਮਾਤਮਾ ਦਾ ਨਾਮ ਸੁਣਿਆ ਕਰੋ। ਹੇ ਨਾਨਕ! ਆਖ– ਹੇ ਮਨ! (ਜਿਹੜੇ ਮਨੁੱਖ ਨਾਮ ਜਪਦੇ ਹਨ, ਉਹ) ਜਮਾਂ ਦੇ ਵੱਸ ਨਹੀਂ ਪੈਂਦੇ।21।

ਹੇ ਨਾਨਕ! ਆਖ– (ਹੇ ਭਾਈ!) ਜਿਹੜਾ ਮਨੁੱਖ (ਆਪਣੇ ਅੰਦਰੋਂ ਮਾਇਆ ਦੀ) ਮਮਤਾ ਤਿਆਗਦਾ ਹੈ, ਲੋਭ ਮੋਹ ਅਤੇ ਅਹੰਕਾਰ ਦੂਰ ਕਰਦਾ ਹੈ, ਉਹ ਆਪ (ਭੀ ਇਸ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ ਅਤੇ ਹੋਰਨਾਂ ਨੂੰ ਭੀ (ਵਿਕਾਰਾਂ ਤੋਂ) ਬਚਾ ਲੈਂਦਾ ਹੈ।22।

ਜਿਉ ਸੁਪਨਾ ਅਰੁ ਪੇਖਨਾ ਐਸੇ ਜਗ ਕਉ ਜਾਨਿ ॥ ਇਨ ਮੈ ਕਛੁ ਸਾਚੋ ਨਹੀ ਨਾਨਕ ਬਿਨੁ ਭਗਵਾਨ ॥੨੩॥ ਨਿਸਿ ਦਿਨੁ ਮਾਇਆ ਕਾਰਨੇ ਪ੍ਰਾਨੀ ਡੋਲਤ ਨੀਤ ॥ ਕੋਟਨ ਮੈ ਨਾਨਕ ਕੋਊ ਨਾਰਾਇਨੁ ਜਿਹ ਚੀਤਿ ॥੨੪॥ ਜੈਸੇ ਜਲ ਤੇ ਬੁਦਬੁਦਾ ਉਪਜੈ ਬਿਨਸੈ ਨੀਤ ॥ ਜਗ ਰਚਨਾ ਤੈਸੇ ਰਚੀ ਕਹੁ ਨਾਨਕ ਸੁਨਿ ਮੀਤ ॥੨੫॥ ਪ੍ਰਾਨੀ ਕਛੂ ਨ ਚੇਤਈ ਮਦਿ ਮਾਇਆ ਕੈ ਅੰਧੁ ॥ ਕਹੁ ਨਾਨਕ ਬਿਨੁ ਹਰਿ ਭਜਨ ਪਰਤ ਤਾਹਿ ਜਮ ਫੰਧ ॥੨੬॥ {ਪੰਨਾ 1427}

ਪਦ ਅਰਥ: ਅਰੁ = ਅਤੇ। ਕਉ = ਨੂੰ। ਜਾਨਿ = ਸਮਝ ਲੈ। ਇਨ ਮਹਿ = ਇਹਨਾਂ (ਦਿੱਸਦੇ ਪਦਾਰਥਾਂ) ਵਿਚ (ਬਹੁ-ਵਚਨ) । ਕਛੁ = ਕੋਈ ਭੀ ਪਦਾਰਥ। ਸਾਚੋ = ਸਦਾ ਕਾਇਮ ਰਹਿਣ ਵਾਲਾ, ਸਦਾ ਸਾਥ ਨਿਬਾਹੁਣ ਵਾਲਾ।23।

ਨਿਸਿ = ਰਾਤ। ਕਾਰਨੇ = ਦੀ ਖ਼ਾਤਰ। ਡੋਲਤ = ਭਟਕਦਾ ਫਿਰਦਾ ਹੈ। ਨੀਤ = ਨਿੱਤ, ਸਦਾ। ਕੋਟਨ ਮੈ = ਕ੍ਰੋੜਾਂ ਵਿਚ। ਕੋਊ = ਕੋਈ ਵਿਰਲਾ। ਜਿਹ ਚੀਤਿ = ਜਿਸ ਦੇ ਚਿੱਤ ਵਿਚ।24।

ਤੇ = ਤੋਂ। ਬੁਦਬੁਦਾ = ਬੁਲਬੁਲਾ। ਰਚੀ = ਬਣਾਈ ਹੋਈ ਹੈ। ਮੀਤ = ਹੇ ਮਿੱਤਰ!।25।

ਨ ਚੇਤਈ = ਨ ਚੇਤੈ, ਨਹੀਂ ਚੇਤੇ ਕਰਦਾ, ਨਹੀਂ ਸੋਚਦਾ। ਮਦਿ = ਨਸ਼ੇ ਵਿਚ। ਮਦਿ ਮਾਇਆ ਕੈ = ਮਾਇਆ ਦੇ ਨਸ਼ੇ ਵਿਚ। ਅੰਧੁ = (ਆਤਮਕ ਜੀਵਨ ਵਲੋਂ) ਅੰਨ੍ਹਾ। ਪਰਤ = ਪੈਂਦੇ ਹਨ, ਪਏ ਰਹਿੰਦੇ ਹਨ। ਫੰਧ = ਫਾਹੇ, ਫਾਹੀਆਂ।26।

ਅਰਥ: ਹੇ ਨਾਨਕ! (ਆਖ– ਹੇ ਭਾਈ!) ਜਿਵੇਂ (ਸੁੱਤੇ ਪਿਆਂ) ਸੁਪਨਾ (ਆਉਂਦਾ ਹੈ) ਅਤੇ (ਉਸ ਸੁਪਨੇ ਵਿਚ ਕਈ ਪਦਾਰਥ) ਵੇਖੀਦੇ ਹਨ, ਤਿਵੇਂ ਇਸ ਜਗਤ ਨੂੰ ਸਮਝ ਲੈ। ਪਰਮਾਤਮਾ ਦੇ ਨਾਮ ਤੋਂ ਬਿਨਾ (ਜਗਤ ਵਿਚ ਦਿੱਸ ਰਹੇ) ਇਹਨਾਂ (ਪਦਾਰਥਾਂ) ਵਿਚ ਕੋਈ ਭੀ ਪਦਾਰਥ ਸਦਾ ਸਾਥ ਨਿਬਾਹੁਣ ਵਾਲਾ ਨਹੀਂ ਹੈ।23।

ਹੇ ਨਾਨਕ! (ਆਖ– ਹੇ ਭਾਈ!) ਮਾਇਆ (ਇਕੱਠੀ ਕਰਨ) ਦੀ ਖ਼ਾਤਰ ਮਨੁੱਖ ਸਦਾ ਰਾਤ ਦਿਨ ਭਟਕਦਾ ਫਿਰਦਾ ਹੈ। ਕ੍ਰੋੜਾਂ (ਬੰਦਿਆਂ) ਵਿਚ ਕੋਈ ਵਿਰਲਾ (ਅਜਿਹਾ ਹੁੰਦਾ) ਹੈ, ਜਿਸ ਦੇ ਮਨ ਵਿਚ ਪਰਮਾਤਮਾ ਦੀ ਯਾਦ ਟਿਕੀ ਹੁੰਦੀ ਹੈ।24।

ਹੇ ਨਾਨਕ! ਆਖ– ਹੇ ਮਿੱਤਰ! ਸੁਣ, ਜਿਵੇਂ ਪਾਣੀ ਤੋਂ ਬੁਲਬੁਲਾ ਸਦਾ ਪੈਦਾ ਹੁੰਦਾ ਅਤੇ ਨਾਸ ਹੁੰਦਾ ਰਹਿੰਦਾ ਹੈ, ਤਿਵੇਂ ਹੀ (ਪਰਮਾਤਮਾ ਨੇ) ਜਗਤ ਦੀ (ਇਹ) ਖੇਡ ਬਣਾਈ ਹੋਈ ਹੈ।25।

ਪਰ ਮਾਇਆ ਦੇ ਨਸ਼ੇ ਵਿਚ (ਆਤਮਕ ਜੀਵਨ ਵਲੋਂ) ਅੰਨ੍ਹਾ ਹੋਇਆ ਮਨੁੱਖ (ਆਤਮਕ ਜੀਵਨ ਬਾਰੇ) ਕੁਝ ਭੀ ਨਹੀਂ ਸੋਚਦਾ। ਹੇ ਨਾਨਕ! ਆਖ– ਪਰਮਾਤਮਾ ਦੇ ਭਜਨ ਤੋਂ ਬਿਨਾ (ਅਜਿਹੇ ਮਨੁੱਖ ਨੂੰ) ਜਮਾਂ ਦੀਆਂ ਫਾਹੀਆਂ ਪਈਆਂ ਰਹਿੰਦੀਆਂ ਹਨ।26।

ਜਉ ਸੁਖ ਕਉ ਚਾਹੈ ਸਦਾ ਸਰਨਿ ਰਾਮ ਕੀ ਲੇਹ ॥ ਕਹੁ ਨਾਨਕ ਸੁਨਿ ਰੇ ਮਨਾ ਦੁਰਲਭ ਮਾਨੁਖ ਦੇਹ ॥੨੭॥ ਮਾਇਆ ਕਾਰਨਿ ਧਾਵਹੀ ਮੂਰਖ ਲੋਗ ਅਜਾਨ ॥ ਕਹੁ ਨਾਨਕ ਬਿਨੁ ਹਰਿ ਭਜਨ ਬਿਰਥਾ ਜਨਮੁ ਸਿਰਾਨ ॥੨੮॥ ਜੋ ਪ੍ਰਾਨੀ ਨਿਸਿ ਦਿਨੁ ਭਜੈ ਰੂਪ ਰਾਮ ਤਿਹ ਜਾਨੁ ॥ ਹਰਿ ਜਨ ਹਰਿ ਅੰਤਰੁ ਨਹੀ ਨਾਨਕ ਸਾਚੀ ਮਾਨੁ ॥੨੯॥ ਮਨੁ ਮਾਇਆ ਮੈ ਫਧਿ ਰਹਿਓ ਬਿਸਰਿਓ ਗੋਬਿੰਦ ਨਾਮੁ ॥ ਕਹੁ ਨਾਨਕ ਬਿਨੁ ਹਰਿ ਭਜਨ ਜੀਵਨ ਕਉਨੇ ਕਾਮ ॥੩੦॥ ਪ੍ਰਾਨੀ ਰਾਮੁ ਨ ਚੇਤਈ ਮਦਿ ਮਾਇਆ ਕੈ ਅੰਧੁ ॥ ਕਹੁ ਨਾਨਕ ਹਰਿ ਭਜਨ ਬਿਨੁ ਪਰਤ ਤਾਹਿ ਜਮ ਫੰਧ ॥੩੧॥ {ਪੰਨਾ 1427-1428}

ਪਦ ਅਰਥ: ਜਉ = ਜੇ। ਚਾਹੈ– ਚਾਹੁੰਦਾ ਹੈ, ਲੋੜਦਾ ਹੈ। ਲੇਹ = ਲਈ ਰੱਖੇ; ਪਿਆ ਰਹੇ। ਦੇਹ = ਸਰੀਰ।27।

ਧਾਵਹੀ = ਧਾਵਹਿ, ਦੌੜੇ ਫਿਰਦੇ ਹਨ। ਅਜਾਨ = ਬੇ-ਸਮਝ। ਸਿਰਾਨ = ਗੁਜ਼ਰ ਜਾਂਦਾ ਹੈ।28।

ਨਿਸਿ = ਰਾਤ। ਭਜੈ = ਜਪਦਾ ਹੈ। ਰੂਪ ਰਾਮ = ਪਰਮਾਤਮਾ ਦਾ ਰੂਪ। ਤਿਹ = ਉਸ ਨੂੰ। ਜਾਨੁ = ਸਮਝੋ। ਅੰਤਰੁ = ਫ਼ਰਕ, ਵਿੱਥ। ਹਰਿ ਜਨ = ਹਰਿ-ਜਨ, ਪਰਮਾਤਮਾ ਦਾ ਭਗਤ। ਸਾਚੀ ਮਾਨੁ = (ਇਹ ਗੱਲ) ਸੱਚੀ ਮੰਨ।29।

ਫਧਿ ਰਹਿਓ = ਫਸਿਆ ਰਹਿੰਦਾ ਹੈ। ਕਉਨੇ ਕਾਮ = ਕਿਸ ਕੰਮ? ਕਿਸੇ ਭੀ ਕੰਮ ਨਹੀਂ।30।

ਨ ਚੇਤਈ = ਨ ਚੇਤੈ, ਨਹੀਂ ਚੇਤੇ ਕਰਦਾ। ਮਦਿ = ਨਸ਼ੇ ਵਿਚ। ਅੰਧੁ = (ਆਤਮਕ ਜੀਵਨ ਵਲੋਂ) ਅੰਨ੍ਹਾ ਹੋਇਆ ਮਨੁੱਖ। ਪਰਤ = ਪਏ ਰਹਿੰਦੇ ਹਨ। ਤਾਹਿ = ਉਸ ਨੂੰ। ਜਮ ਫੰਧ = ਜਮਾਂ ਦੇ ਫਾਹੇ, ਜਮਾਂ ਦੀਆਂ ਫਾਹੀਆਂ।31।

ਅਰਥ: ਹੇ ਨਾਨਕ! ਆਖ– ਹੇ ਮਨ! ਸੁਣ, ਇਹ ਮਨੁੱਖਾ ਸਰੀਰ ਬੜੀ ਮੁਸ਼ਕਿਲ ਨਾਲ ਮਿਲਦਾ ਹੈ (ਇਸ ਨੂੰ ਮਾਇਆ ਦੀ ਖ਼ਾਤਰ ਭਟਕਣਾ ਵਿਚ ਹੀ ਨਹੀਂ ਰੋਲ ਦੇਣਾ ਚਾਹੀਦਾ) । ਸੋ, ਜੇ (ਮਨੁੱਖ) ਆਤਮਕ ਆਨੰਦ (ਹਾਸਲ ਕਰਨਾ) ਚਾਹੁੰਦਾ ਹੈ, ਤਾਂ (ਉਸ ਨੂੰ ਚਾਹੀਦਾ ਹੈ ਕਿ) ਪਰਮਾਤਮਾ ਦੀ ਸਰਨ ਪਿਆ ਰਹੇ।27।

ਹੇ ਨਾਨਕ! ਆਖ– (ਹੇ ਭਾਈ!) ਮੂਰਖ ਬੇ-ਸਮਝ ਬੰਦੇ (ਨਿਰੀ) ਮਾਇਆ (ਇਕੱਠੀ ਕਰਨ) ਵਾਸਤੇ ਭਟਕਦੇ ਰਹਿੰਦੇ ਹਨ, ਪਰਮਾਤਮਾ ਦੇ ਭਜਨ ਤੋਂ ਬਿਨਾ (ਉਹਨਾਂ ਦਾ ਇਹ ਮਨੁੱਖਾ) ਜਨਮ ਅਜਾਈਂ ਬੀਤ ਜਾਂਦਾ ਹੈ।28।

ਹੇ ਨਾਨਕ! ਆਖ– (ਹੇ ਭਾਈ!) ਜਿਹੜਾ ਮਨੁੱਖ ਰਾਤ ਦਿਨ (ਹਰ ਵੇਲੇ ਪਰਮਾਤਮਾ ਦਾ ਨਾਮ) ਜਪਦਾ ਰਹਿੰਦਾ ਹੈ, ਉਸ ਨੂੰ ਪਰਮਾਤਮਾ ਦਾ ਰੂਪ ਸਮਝੋ। ਇਹ ਗੱਲ ਸੱਚੀ ਮੰਨੋ ਕਿ ਪਰਮਾਤਮਾ ਦੇ ਭਗਤ ਅਤੇ ਪਰਮਾਤਮਾ ਵਿਚ ਕੋਈ ਫ਼ਰਕ ਨਹੀਂ ਹੈ।29।

ਹੇ ਨਾਨਕ! ਆਖ– (ਹੇ ਭਾਈ! ਜਿਸ ਮਨੁੱਖ ਦਾ) ਮਨ (ਹਰ ਵੇਲੇ) ਮਾਇਆ (ਦੇ ਮੋਹ) ਵਿਚ ਫਸਿਆ ਰਹਿੰਦਾ ਹੈ (ਜਿਸ ਨੂੰ) ਪਰਮਾਤਮਾ ਦਾ ਨਾਮ (ਸਦਾ) ਭੁੱਲਾ ਰਹਿੰਦਾ ਹੈ (ਦੱਸੋ) ਪਰਮਾਤਮਾ ਦੇ ਭਜਨ ਤੋਂ ਬਿਨਾ (ਉਸ ਦਾ) ਜੀਊਣਾ ਕਿਸ ਕੰਮ?।30।

ਹੇ ਨਾਨਕ! ਆਖ– (ਹੇ ਭਾਈ!) ਮਾਇਆ ਦੇ ਮੋਹ ਵਿਚ (ਫਸ ਕੇ ਆਤਮਕ ਜੀਵਨ ਵਲੋਂ) ਅੰਨ੍ਹਾ ਹੋਇਆ (ਜਿਹੜਾ) ਮਨੁੱਖ ਪਰਮਾਤਮਾ ਦਾ ਨਾਮ ਯਾਦ ਨਹੀਂ ਕਰਦਾ, ਪਰਮਾਤਮਾ ਦੇ ਭਜਨ ਤੋਂ ਬਿਨਾ ਉਸ ਨੂੰ (ਉਸ ਦੇ ਗਲ ਵਿਚ) ਜਮਾਂ ਦੀਆਂ ਫਾਹੀਆਂ ਪਈਆਂ ਰਹਿੰਦੀਆਂ ਹਨ।31।

TOP OF PAGE

Sri Guru Granth Darpan, by Professor Sahib Singh