INTRODUCTORY PAGES

ਸ੍ਰੀ ਗੁਰੂ ਗਰੰਥ ਸਾਹਿਬ ਦਰਪਣ

ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

ਧੰਨਵਾਦ

ਸੰਨ 1920 ਦਾ ਫ਼ਰਵਰੀ ਦਾ ਮਹੀਨਾ ਮੇਰੇ ਵਾਸਤੇ ਬਹੁਤ ਹੀ ਭਾਗਾਂ ਵਾਲਾ ਆਇਆ ਸੀ, ਜਦੋਂ ਸਰਦਾਰ ਜੋਧ ਸਿੰਘ ਜੀ ਗੁਜਰਾਂ ਵਾਲੇ ਗੁਰੂ ਨਾਨਕ ਖਾਲਸਾ ਕਾਲਜ ਦੇ ਪ੍ਰਿੰਸੀਪਲ ਬਣ ਕੇ ਆਏ। ਗੁਰੂ ਪਾਤਿਸ਼ਾਹ ਨੇ ਬੇਅੰਤ ਮਿਹਰ ਕੀਤੀ ਕਿ ਸਰਦਾਰ ਜੋਧ ਸਿੰਘ ਜੀ ਦੀ ਰਾਹੀਂ ਪਾਤਿਸ਼ਾਹ ਮੈਨੂੰ ਆਪਣੀ ਬਾਣੀ ਦੀ ਵਿਚਾਰ ਦੀ ਅਮੋਲਕ ਦਾਤਿ ਬਖ਼ਸ਼ੀ। ਉਹ ਵੇਲਾ ਮੈਨੂੰ ਕਦੇ ਭੁੱਲ ਨਹੀਂ ਸਕਦਾ, ਜਦੋਂ ਸਰਦਾਰ ਜੋਧ ਸਿੰਘ ਜੀ ਨੇ ਬੜੀ ਉਦਾਰਤਾ ਨਾਲ ਆਪਣੀ ਕੀਤੀ ਹੋਈ ਸਾਰੀ ਹੀ ਮਿਹਨਤ ਮੇਰੇ ਹਵਾਲੇ ਕਰ ਦਿਤੀ ਤੇ ਬਾਣੀ ਦੀ ਵਿਚਾਰ ਵਿਚ ਮੇਰੀ ਅਗਵਾਈ ਕਰਨ ਦਾ ਮੈਨੂੰ ਭਰੋਸਾ ਦਿੱਤਾ।

ਉਸੇ ਹੀ ਸਾਲ ਦਾ ਮਹੀਨਾ ਦਸੰਬਰ ਭੀ ਮੇਰੇ ਲਈ ਵਡ-ਮੁੱਲੀ ਬਰਕਤਿ ਲੈ ਕੇ ਚੜ੍ਹਿਆ, ਜਦੋਂ ਮੈਨੂੰ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਦਿਹਾੜੇ ਤੇ ਗੁਰਬਾਣੀ ਵਿਆਕਰਨ ਦੀ ਪਹਿਲੀ ਝਲਕ ਨਸੀਬ ਹੋਈ। ਇਹ ਰੌਸ਼ਨੀ ਵਧਦੀ ਗਈ, ਵਿਆਕਰਨ ਬਣਨਾ ਸ਼ੁਰੂ ਹੋ ਗਿਆ, ਤੇ ਸਰਦਾਰ ਜੋਧ ਸਿੰਘ ਜੀ ਦੀ ਰਾਹੀਂ ਗੁਰੂ ਪਾਤਿਸ਼ਾਹ ਦਾ ਲਾਇਆ ਬੂਟਾ ਵਧਣ ਫੁੱਲਣ ਲੱਗ ਪਿਆ।

ਸੰਨ 1925 ਵਿਚ ਉਸ ਵਿਆਕਰਨ ਦੇ ਆਧਾਰ ’ਤੇ ਮੈਨੂੰ ਇਤਨਾ ਕੁ ਹੌਸਲਾ ਮਿਲ ਗਿਆ ਕਿ ਮੈਂ ਗੁਰੂ ਰਾਮਦਾਸ ਸਾਹਿਬ ਦੀਆਂ ਅੱਠ ‘ਵਾਰਾਂ’ ਦਾ ਟੀਕਾ ਲਿਖ ਲਿਆ। ਪਰ, ਬੱਸ, ਉਹ ਪ੍ਰੇਰਨਾ ਓੁੱਥੇ ਹੀ ਮੁੱਕ ਜਿਹੀ ਗਈ। ਚਾਰ ਸਾਲ ਲੰਘ ਗਏ। ਉਂਞ ਵਿਆਕਰਨ ਵਧੀ ਗਿਆ। 1929 ਵਿਚ ਗੁਰੂ ਪਾਤਿਸਾਹ ਨੇ ਫਿਰ ਅਵਸਰ ਬਣਾ ਦਿਤਾ; ਜਿਸ ਦੇ ਅਧੀਨ ਮੈਂ ਭੱਟਾਂ ਦੇ ਸਵਈਆਂ ਦਾ ਟੀਕਾ ਲਿਖਿਆ। ਤਦੋਂ ਨੂੰ ਸਰਦਾਰ ਜੋਧ ਸਿੰਘ ਜੀ ਦੀ ਰਾਹੀਂ ਮੈਨੂੰ ਖਾਲਸਾ ਕਾਲਜ ਅੰਮ੍ਰਿਤਸਰ ਵਿਚ ਥਾਂ ਮਿਲ ਗਈ। ਸੰਨ 1930-31 ਵਿਚ ਉਹ ਟੀਕਾ ਛਪ ਗਿਆ। ਪੜ੍ਹੀ-ਲਿਖੀ ਸਿੱਖ-ਜਨਤਾ ਵਿਚ ਉਸਨੂੰ ਪਸੰਦ ਕੀਤਾ ਗਿਆ, ਜਿਸ ਦੇ ਹੌਂਸਲੇ ਮੈਂ ਜਪ ਸਾਹਿਬ ਅਤੇ ਆਸਾ ਦੀ ਵਾਰ ਦੇ ਟੀਕੇ ਭੀ ਲਿਖ ਕੇ ਛਾਪ ਦਿਤੇ। ਗੁਰਬਾਣੀ ਵਿਆਕਰਨ ਇਤਨੇ ਚਿਰ ਤਕ ਮੁਕੰਮਲ ਹੋ ਗਿਆ।

ਸਰਦਾਰ ਜੋਧ ਸਿੰਘ ਜੀ ਨੇ ਮੈਨੂੰ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ ਲਿਖਣ ਲਈ ਉਤਸ਼ਾਹ ਦਿੱਤਾ, ਪਰ ਇਤਨਾ ਭਾਰੀ ਮਹਾਨ ਕੰਮ ਵੇਖ ਕੇ ਮੈਨੂੰ ਹੌਂਸਲਾ ਨਾ ਪਿਆ। ਇਹ ਪਛੁਤਾਵਾ ਮੇਰੇ ਅੰਦਰ ਹੁਣ ਤਕ ਟਿਕਿਆ ਆ ਰਿਹਾ ਹੈ ਕਿ ਮੈਂ ਸਰਦਾਰ ਜੀ ਦੇ ਪਿਆਰ ਤੋਂ ਲਾਭ ਨਾ ਉਠਾ ਸਕਿਆ। ਗੁਰੂ ਪਾਤਿਸ਼ਾਹ ਦੀ ਰਜ਼ਾ ਇਉਂ ਹੀ ਸੀ।

ਸੰਨ 1938-39 ਵਿਚ ਗੁਰਬਾਣੀ ਵਿਆਕਰਨ ਛਪ ਗਿਆ। ਉਸ ਤੋਂ ਪਿੱਛੋਂ ਇੱਕੜ-ਦੁੱਕੜ ਕਰ ਕੇ ਮੈਨੂੰ ਲੰਮੀਆਂ ਅਤੇ ਕਠਿਨ ਬਾਣੀਆਂ ਦੇ ਟੀਕੇ ਲਿਖਣ ਦਾ ਹੌਂਸਲਾ ਪੈਂਦਾ ਗਿਆ। ਕੁਝ ਟੀਕੇ ਛਪਦੇ ਗਏ, ਕੁਝ ਅਣਛਪੇ ਹੀ ਮੇਰੇ ਪਾਸ ਪਏ ਰਹੇ। ਬਾਈ ਵਾਰਾਂ, ਸੱਦ, ਸੁਖਮਨੀ, ਸਿਧ ਗੋਸਟਿ, ਓਅੰਕਾਰ, ਸਲੋਕ ਫਰੀਦ ਜੀ, ਸਲੋਕ ਕਬੀਰ ਜੀ, ਭਗਤ-ਬਾਣੀ— ਸਹਿਜੇ ਸਹਿਜੇ ਉਸ ਵਿਆਕਰਨ ਦੀ ਮਦਦ ਨਾਲ ਇਹ ਟੀਕੇ ਲਿਖੀਂਦੇ ਗਏ। ਪਰ ਸਾਰੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਲਿਖਣ ਦਾ ਖ਼ਿਆਲ ਮੈਨੂੰ ਕਦੇ ਸੁਪਨੇ ਵਿਚ ਭੀ ਨਹੀਂ ਸੀ ਆਇਆ।

ਸੰਨ 1956 ਵਿਚ ਜੂਨ ਦੇ ਮਹੀਨੇ ਦਿੱਲੀ ਨਿਵਾਸੀ ਇਕ ਸੱਜਣ ਸ: ਦਲੀਪ ਸਿੰਘ ਜੀ ਮੈਨੂੰ ਇਥੇ ਮਿਲੇ। ਉਹਨਾਂ ਮੇਰੇ ਕੀਤੇ ਸਾਰੇ ਟੀਕੇ ਪੜ੍ਹੇ ਹੋਏ ਸਨ। ਉਹਨਾਂ ਮੈਨੂੰ ਸਾਰਾ ਟੀਕਾ ਲਿਖਣ ਦੀ ਪ੍ਰੇਰਨਾ ਕੀਤੀ। ਪਰ ਮੈਂ ਕੰਬ ਗਿਆ, ਤੇ, ਨਾਂਹ ਕਰ ਦਿੱਤੀ। ਉਹ ਤਾਂ ਚਲੇ ਗਏ, ਪਰ ਉਹ ਆਪਣੀ ਪ੍ਰੇਰਨਾ ਮੇਰੇ ਅੰਦਰ ਟਿਕਾ ਗਏ ਤੇ, ਪਹਿਲੀ ਜਨਵਰੀ 1957 ਤੋਂ ਮੈਂ ਠਿੱਲ ਪਿਆ। ਸਰੀਰ ਤਾਂ ਰੋਗੀ ਜਿਹਾ ਹੀ ਸੀ, ਕਈ ਵਾਰ ਅੜ ਖਲੋਂਦਾ ਰਿਹਾ। ਫਿਰ ਭੀ ਗੁਰੂ ਪਾਤਿਸ਼ਾਹ ਨੇਂ ਅਜਿਹੀ ਘੁੱਟ ਕੇ ਮੇਰੀ ਬਾਂਹ ਫੜੀ ਰੱਖੀ, ਕਿ ਇਸ ਜੇਠ ਸੁਦੀ ਚੌਥ ਵਾਲੇ ਦਿਹਾੜੇ 17 ਜੂਨ 1961 ਨੂੰ ਸਾਰਾ ਹੀ ਕੰਮ ਸਮਾਪਤ ਹੋ ਗਿਆ। ਇਹ ਮੇਰੇ ਪਾਤਿਸ਼ਾਹ ਦੀ ਮਿਹਰ ਸੀ। ਨਹੀਂ ਤਾਂ ਮੈਂ ਕੌਣ ਵਿਚਾਰਾ ਸਾਂ?

ਰੋਗਾਂ ਨਾਲ ਜਰਜਰੇ ਹੋਏ ਇਸ ਸਰੀਰ ਨੂੰ ਹੁਣ ਤਕ ਕਾਇਮ ਰੱਖਣ ਲਈ ਭੀ ਮੇਰੇ ਗੁਰੂ ਪਾਤਿਸ਼ਾਹ ਨੇ ਆਪ ਹੀ ਢੋ ਢੁਕਾਇਆ। ਮੇਰੀ ਜੀਵਨ-ਸਾਥਣ ਰਤਨ ਕੌਰ ਨੇ ਮੇਰੀ ਸਿਹਤ ਟਿਕੀ ਰੱਖਣ ਲਈ ਇਤਨੇ ਸਾਲ ਸਿਰੋਂ ਪਰੇ ਜ਼ੋਰ ਲਾ ਦਿੱਤਾ ਹੈ।

ਸਤਸੰਗ ਦੀ ਬਰਕਤਿ

ਗੁਰੂ ਨਾਨਕ ਖਾਲਸਾ ਕਾਲਜ ਗੁਜਰਾਂਵਾਲੇ ਵਿਚ ਪਹਿਲੀ ਵਾਰ ਮੈਂ ਸੰਨ 1917 ਤੋਂ 1921 ਤਕ ਰਿਹਾ। ਉਥੇ ਮੈਂ ਸੰਸਕ੍ਰਿਤ ਅਤੇ ਗੁਰਬਾਣੀ ਪੜ੍ਹਾਂਦਾ ਸਾਂ। 1921 ਤੋਂ 1927 ਤਕ ਮੈਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਮੀਤ ਸਕੱਤ੍ਰ ਦੀ ਡਿਊਟੀ ’ਤੇ ਕੰਮ ਕਰਦਾ ਰਿਹਾ। ਸਤੰਬਰ 1927 ਵਿਚ ਮੈਂ ਫਿਰ ਗੁਰੂ ਨਾਨਕ ਖਾਲਸਾ ਗੁਜ਼ਰਾਂਵਾਲੇ ਪਹਿਲੀ ਹੀ ਸੇਵਾ ’ਤੇ ਚਲਾ ਗਿਆ। ਫ਼ਰਵਰੀ 1928 ਵਿਚ ਗੁਰੂ ਪਾਤਿਸ਼ਾਹ ਦੀ ਅਪਾਰ ਕਿਰਪਾ ਨਾਲ ਉਥੇ ਇਕ ਨਿੱਕਾ ਜਿਹਾ ਸਤਸੰਗ ਬਣ ਗਿਆ, ਜਿਸ ਦੇ ਅਸੀਂ

(1) ਬਾਬਾ ਤੇਜਾ ਸਿੰਘ ਜੀ ਰੀਟਾਇਰਡ ਏ.ਟੀ.ਐੱਸ।

(2) ਮਾਸਟਰ ਛਹਬਰ ਸਿੰਘ ਜੀ ਹੈਡਮਾਸਟਰ ਉਪਦੇਸ਼ਕ ਕਾਲਜ ਘਰਜਾਖ।

(3) ਭਾਈ ਹਿੰਮਤ ਸਿੰਘ ਜੀ ਗਿਆਨੀ ਅਧਿਆਪਕ ਉਪਦੇਸ਼ਕ ਕਾਲਜ।

ਲੇਖਕ

ਇਹ ਸਤਸੰਗ ਉਪਦੇਸ਼ਕ ਕਾਲਜ ਦੇ ਨਵੇਂ ਗੁਰਦੁਆਰੇ ਵਿਚ ਰੋਜ਼ ਲਹੁਡੇ ਵੇਲੇ ਜੁੜਦਾ ਰਿਹਾ। ਜਿਤਨੇ ਟੀਕੇ, ਪ੍ਰਯਾਯ, ਕੋਸ਼ ਆਦਿਕ ਉਸ ਵਕਤ ਤਕ ਮਿਲ ਸਕਦੇ ਸਨ, ਉਹ ਸਭ ਸਾਡੇ ਪਾਸ ਮੌਜੂਦ ਸਨ। ਸਾਡਾ ਜਤਨ ਇਹ ਰਹਿੰਦਾ ਸੀ ਕਿ ਜਿਥੋਂ ਤਾਈਂ ਹੋ ਸਕੇ ਜਿਤਨੀ ਕੁ ਗੁਰਬਾਣੀ-ਵਿਆਕਰਨ ਦੀ ਉਸ ਵਕਤ ਤਕ ਸਮਝ ਆ ਚੁਕੀ ਸੀ, ਉਸ ਨੂੰ ਭੀ ਵਰਤ ਕੇ, ਬਿਨਾ ਕਿਸੇ ਪਹਿਲੇ ਬਣੇ ਖ਼ਿਆਲ ਦੀ ਰੁਕਾਵਟ ਦੇ, ਅਰਥ ਸਮਝਣ ਦਾ ਉੱਦਮ ਕੀਤਾ ਜਾਏ। ਭਾਈ ਹਿੰਮਤ ਸਿੰਘ ਜੀ ਦੇ ਸੰਪ੍ਰਦਾਈ ਅਰਥਾਂ ਤੋਂ ਭੀ ਸਾਨੂੰ ਬਹੁਤ ਸਹਾਇਤਾ ਮਿਲਦੀ ਰਹੀ।

ਥੋੜ੍ਹਾ ਹੀ ਸਮਾਂ ਬੀਤਿਆ ਸੀ ਕਿ ਉਸ ਸਤਸੰਗ ਵਿਚ ਹੇਠ-ਲਿਖੇ ਹੋਰ ਸੱਜਣ ਆ ਰਲੇ:

(1) ਪ੍ਰੋਫ਼ੈਸਰ ਨਰੈਣ ਸਿੰਘ ਜੀ ਐਮ. ਏ.

(2) ਪ੍ਰੋਫ਼ੈਸਰ ਸ਼ੇਰ ਸਿੰਘ ਜੀ ਐਮ. ਐਸ. ਸੀ.

(3) ਪ੍ਰੋਫ਼ੈਸਰ ਸੁੰਦਰ ਸਿੰਘ ਜੀ ਐਮ. ਐਸ. ਸੀ.

(4) ਡਾਕਟਰ ਰਣ ਸਿੰਘ ਜੀ ਸਪੁਤ੍ਰ ਬਾਬੂ ਤੇਜਾ ਸਿੰਘ ਜੀ ਭਸੌੜ

(5) ਭਾਈ ਨੰਦ ਸਿੰਘ ਜੀ ਦੁਕਾਨਦਾਰ

ਇਸ ਸਤਸੰਗ ਦੀ ਹੀ ਬਰਕਤਿ ਸੀ ਕਿ ਮੈਂ ਅਕਤੂਬਰ 1932 ਤਕ ਗੁਰਬਾਣੀ ਵਿਆਕਰਨ ਸਫਲਤਾ ਨਾਲ ਲਿਖ ਸਕਿਆ ਸਾਂ।

ਸੰਨ 1929 ਵਿਚ ਮੈਨੂੰ ਖਾਲਸਾ ਕਾਲਜ ਅੰਮ੍ਰਿਤਸਰ ਵਿਚ ਆ ਜਾਣ ਦਾ ਮੌਕਾ ਮਿਲ ਗਿਆ। ਇੱਥੇ ਭੀ ਗੁਰੂ ਪਾਤਿਸ਼ਾਹ ਦੀ ਮਿਹਰ ਨਾਲ ਗੁਰਬਾਣੀ ਦੀ ਵਿਚਾਰ ਵਾਸਤੇ ਥੋੜ੍ਹੇ ਥੋੜ੍ਹੇ ਵਕਫ਼ੇ ਤੇ ਛੋਟੇ ਛੋਟੇ ਸਤਸੰਗ ਬਣਦੇ ਹੀ ਰਹੇ।

ਇਹਨਾਂ ਸਾਰੇ ਸਤਸੰਗਾਂ ਦੀ ਬਰਕਤਿ ਨਾਲ ਬਾਣੀ ਦੇ ਅਰਥ ਸਮਝਣ ਅਤੇ ਲਿਖਣ ਵਿਚ ਮੈਨੂੰ ਬਹੁਤ ਅਗਵਾਈ ਮਿਲਦੀ ਰਹੀ। ਇਹ ਸਾਰੀ ਮਿਹਰ ਮੇਰੇ ਗੁਰੂ ਪਾਤਿਸ਼ਾਹ ਦੀ ਹੀ ਸੀ।

ਸ਼ਹੀਦ ਸਿੱਖ ਮਿਸ਼ਨਰੀ ਕਾਲਜ

ਖਾਲਸਾ ਕਾਲਜ ਅੰਮ੍ਰਿਤਸਰ ਤੋਂ ਮੈਂ 11 ਅਕਤੂਬਰ 1952 ਨੂੰ ਰੀਟਾਇਰ ਹੋਇਆ। ਕਾਲਜ ਦੇ ਪ੍ਰੋਫ਼ੈਸਰ ਸਰਦਾਰ ਵਰਿਆਮ ਸਿੰਘ ਅਤੇ ਪੰਥ ਦੇ ਪ੍ਰਸਿੱਧ ਨੇਤਾ ਮਾਸਟਰ ਤਾਰਾ ਸਿੰਘ ਜੀ ਨੂੰ ਮੇਰੇ ਸਤਿਗੁਰੂ ਨੇ ਵਸੀਲਾ ਬਣਾ ਕੇ ਮੈਨੂੰ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਵਿਚ ਥਾਂ ਲੈ ਦਿੱਤੀ। ਇਸ ਤਰ੍ਹਾਂ ਮੈਂ ਕੁੱਲੀ ਗੁੱਲੀ ਦੀਆਂ ਲੋੜਾਂ ਵਲੋਂ ਨਿਸਚਿੰਤ ਹੋ ਕੇ ਵੱਧ ਤੋਂ ਵੱਧ ਸਮਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਟੀਕਾ ਲਿਖਣ ’ਤੇ ਖ਼ਰਚ ਕਰ ਸਕਿਆ ਹਾਂ।

ਛਪਾਈ

ਇਸ ਟੀਕੇ ਦੀ ਪਹਿਲੀ ਐਡੀਸ਼ਨ ‘ਰਾਜ ਪਬਲਿਸ਼ਰਜ਼’ ਜਲੰਧਰ ਵਾਲੇ ਛਾਪ ਰਹੇ ਹਨ।

ਪਾਠਕਾਂ ਦੀ ਸੇਵਾ ਵਿਚ ਬੇਨਤੀ

1925 ਤੋਂ 1961 ਤਕ 36 ਸਾਲਾਂ ਵਿਚ ਇਹ ਸਾਰਾ ਟੀਕਾ ਲਿਖਣ ਦੇ ਕਾਰਨ ਮੇਰੀ ਲਿਖੀ ਪੰਜਾਬੀ ਬੋਲੀ ਵਿਚ ਭੀ ਕਾਫ਼ੀ ਫ਼ਰਕ ਪੈਂਦਾ ਆ ਰਿਹਾ ਹੈ। ਟੀਕੇ ਦੇ ਛਪਣਾ ਸ਼ੁਰੂ ਹੋਣ ’ਤੇ ਮੈਂ ਸਾਰੇ ਕੀਤੇ ਕੰਮ ਦੀ ਸੁਧਾਈ ਤਾਂ ਨਾਲੋ ਨਾਲ ਕਰਦਾ ਜਾਵਾਂਗਾ, ਫਿਰ ਭੀ ਹੋ ਸਕਦਾ ਹੈ ਕਿ ਲਿਖਤ ਇਕ-ਸਾਰ ਨਾ ਹੋ ਸਕੇ।

ਅੱਜ ਤੋਂ ਪੰਜ ਛੇ ਸਦੀਆਂ ਪਹਿਲਾਂ ਦੀ ਬੋਲੀ ਵਿਚ ਲਿਖੀ ਬਾਣੀ ਨੂੰ ਸਮਝਣ ਵਿਚ ਤੇ ਉਸ ਦਾ ਟੀਕਾ ਲਿਖਣ ਵਿਚ ਕਈ ਉਕਾਈਆਂ ਹੋ ਜਾਣੀਆਂ ਅਸੰਭਵ ਗੱਲ ਨਹੀਂ ਹੈ। ਉਸ ਸਮੇਂ ਦੀ ਬੋਲੀ ਦੇ ਵਿਆਕਰਨ ਅਨੁਸਾਰ ਟੀਕਾ ਲਿਖਣ ਦੀ ਇਹ ਨਵੀਂ ਲੀਹ ਹੈ। ਸਮੇਂ ਸਮੇਂ ਅਨੁਸਾਰ ਵਿਦਵਾਨ ਸੱਜਣ ਮੈਥੋਂ ਹੋਈਆਂ ਉਕਾਈਆਂ ਦੀ ਸੋਧ ਪੜਤਾਲ ਕਰ ਕੇ ਇਸ ਨਵੀਂ ਲੀਹ ਦੇ ਕੰਮ ਨੂੰ ਸਫਲ ਕਰਨ ਵਿਚ ਸਹਾਈ ਹੋਣ ਦੀ ਕਿਰਪਾ ਕਰਦੇ ਹੀ ਰਹਿਣਗੇ।

ਵਿਆਕਰਨਿਕ ਜੋੜਾਂ ਬਾਰੇ ਸਾਵਧਾਨਤਾ

ਸੰਨ 1920 ਤੋਂ ਮੈਨੂੰ ਵਿਹ ਯਕੀਨ ਬਣ ਗਿਆ ਕਿ ਕੁਦਰਤਿ ਦੇ ਸਾਧਾਰਨ ਨਿਯਮਾਂ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਬੋਲੀ ਭੀ ਉਵੇਂ ਹੀ ਕਿਸੇ ਖ਼ਾਸ ਵਿਆਕਰਨ ਦੀਆਂ ਲੀਹਾਂ ’ਤੇ ਹੈ, ਜਿਵੇਂ ਹਰੇਕ ਸਮੇਂ ਦੀ ਬੋਲੀ ਖ਼ਾਸ ਵਿਆਕਰਨ ਦੇ ਅਨੁਸਾਰ ਹੁੰਦੀ ਹੈ। ਸੋ, ਇਹ ਸਾਰਾ ਟੀਕਾ ਲਿਖਦਿਆਂ ਮੈਂ ਪੁਰਾਣੀ ਪੰਜਾਬੀ ਦੇ ਉਸ ਵਿਆਕਰਨ ਨੂੰ ਅੱਖਾਂ ਸਾਹਮਣੇ ਰੱਖਿਆ ਹੈ। ਪਾਠਕਾਂ ਦੀ ਸਹੂਲਤ ਵਾਸਤੇ ਮੈਂ ਟੀਕੇ ਵਿਚ ਪੁਰਾਣੀ ਪੰਜਾਬੀ ਦੇ ਵਿਆਕਰਨ ਦੀ ਹਰੇਕ ਗੁੰਝਲ ਤੇ ਔਖਿਆਈ ਨੂੰ ਹਲ ਕਰਨ ਦਾ ਜਤਨ ਕੀਤਾ ਹੈ। ਪਰ ਇਸ ਦੀ ਪੂਰੀ ਸਫਲਤਾ ਤਦੋਂ ਹੀ ਹੋ ਸਕਦੀ ਹੈ, ਜੇ ਪਾਠਕ ਆਪ ਵੀ ਕੁਝ ਉੱਦਮ ਕਰਨ। ਪੁਰਾਣੀ ਪੰਜਾਬੀ ਦੇ ਲਫ਼ਜਾਂ ਦੇ ਜੋੜ ਅੱਜ ਕੱਲ ਦੀ ਪੰਜਾਬੀ ਦੇ ਜੋੜਾਂ ਨਾਲੋਂ ਕਾਫ਼ੀ ਵਿਲੱਖਣ ਹਨ, ਇਸ ਵਾਸਤੇ ਗੁਰਬਾਣੀ ਨੂੰ ਪੜ੍ਹਨ ਤੇ ਲਿਖਣ ਵੇਲੇ ਪਾਠਕਾਂ ਨੂੰ ਇਹ ਆਦਤ ਬਣਾਣੀ ਪਵੇਗੀ ਕਿ ਲਫ਼ਜ਼ਾਂ ਦੇ ਜੋੜਾਂ ਵੱਲ ਖ਼ਾਸ ਧਿਆਨ ਰਹੇ। ਇਹਨਾਂ ਜੋੜਾਂ ਵਿਚ ਹੀ ਪੁਰਾਣੀ ਪੰਜਾਬੀ ਦਾ ਵਿਆਕਰਨ ਹੈ। ਇਹਨਾਂ ਵੱਲੋਂ ਅਨਗਹਿਲੀ ਕੀਤਿਆਂ ਬਾਣੀ ਦੀ ਸਹੀ ਸੂਝ ਪੈਣੀ ਅਸੰਭਵ ਹੈ। ਵੰਨਗੀ ਦੇ ਤੌਰ ’ਤੇ ਜਪੁ ਜੀ ਵਿਚੋਂ ਵੇਖੋ:-

(1) ਸੁਣਿਐ, ਸੁਣੀਐ

ਸੁਣਿਐ ਸਤੁ ਸੰਤੋਖੁ ਗਿਆਨੁ ॥ ਪਉੜੀ 10

ਗਾਵੀਐ ਸੁਣੀਐ ਮਨਿ ਰਖੀਐ ਭਾਉ ॥ ਪਉੜੀ 5

(2) ਭਗਤਿ, ਭਗਤ

ਅਸੰਖ ਭਗਤ, ਗੁਣ ਗਿਆਨ ਵੀਚਾਰ ॥ ਪਉੜੀ 17

ਵਿਣੁ ਗੁਣ ਕੀਤੇ, ਭਗਤਿ ਨ ਹੋਇ ॥ ਪਉੜੀ 21

(3) ਤੇ, ਤੈ

ਤਿਸ ਤੇ ਹੋਏ ਲਖ ਦਰੀਆਉ ॥ ਪਉੜੀ 16

ਆਖਹਿ ਗੋਪੀ ਤੈ ਗੋਵਿੰਦ ॥ 26

(ਤੈ,=ਅਤੇ)

ਅਜਿਹੀਆਂ ਅਨੇਕਾਂ ਹੋਰ ਵੰਨਗੀਆਂ ਦਿੱਤੀਆਂ ਜਾ ਸਕਦੀਆਂ ਹਨ। ਜੇ ਪਾਠਕ ਸੱਜਣਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸ਼ਬਦ-ਜੋੜਾਂ ਨੂੰ ਵੇਖਣ ਤੇ ਪਛਾਣਨ ਦੀ ਆਦਤ ਨਾ ਬਣਾਈ, ਤਾਂ ਮੇਰੀ ਕੀਤੀ ਹੋਈ ਮਿਹਨਤ ਉਹਨਾਂ ਨੂੰ ਪੂਰਾ ਲਾਭ ਨਹੀਂ ਪੁਚਾ ਸਕੇਗੀ।

ਭੂਮਿਕਾ ਬਾਰੇ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪਹਿਲੂਆਂ ਤੋਂ ਵੇਖਣ-ਵਿਚਾਰਨ ਦੀ ਲੋੜ ਪੈਂਦੀ ਹੈ। ਕਈ ਕਿਸਮ ਦੇ ਲੇਖ ਲਿਖਣ ਦੀ ਲੋੜ ਪਏਗੀ, ਇਸ ਤਰ੍ਹਾਂ ਇਹ ਭੂਮਿਕਾ ਬਹੁਤ ਵੱਡੀ ਹੋ ਜਾਇਗੀ।

10 ਦਸੰਬਰ 1961
ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਰਣਜੀਤ ਪੁਰਾ, ਅਮ੍ਰਿਤਸਰ

ਨੋਟ: ਦਸਵੀਂ ਪੋਥੀ ਵਿਚ ਦੇਣ ਦੇ ਥਾਂ ਵਖ-ਵਖ ਪੋਥੀਆਂ ਵਿਚ ਲੇਖ ਵੰਡ ਦਿੱਤੇ ਗਏ ਹਨ।

ਤੀਜੀ ਛਾਪ

ਮੈਂ ਆਪਣੇ ਸਨੇਹੀ ਪਾਠਕਾਂ ਦਾ ਧੰਨਵਾਦ ਕਰਦਾ ਹਾਂ ਕਿ ਉਹਨਾਂ ਮੇਰੀ ਇਸ ਮਿਹਨਤ ਨਾਲ ਪਿਆਰ ਕਰਕੇ ਪੋਥੀ ਦੀ ਤੀਜੀ ਛਾਪ ਪੇਸ਼ ਕਰਨ ਦਾ ਮੌਕਾ ਦਿਤਾ ਹੈ। ਮੈਂ ‘ਰਾਜ ਪਬਲਿਸ਼ਰਜ਼’ ਦਾ ਭੀ ਧੰਨਵਾਦ ਕਰਦਾ ਹਾਂ ਕਿ ਉਹ ਇਸ ਟੀਕੇ ਦੀ ਛਪਵਾਈ ਵਿਚ ਬੜੀ ਦਿਲ-ਚਸਪੀ ਲੈ ਰਹੇ ਹਨ।

ਸਾਹਿਬ ਸਿੰਘ c/o ਡਾਕਟਰ ਦਲਜੀਤ ਸਿੰਘ, M.S.
494-ਅਜੀਤ ਨਗਰ, ਨਵਾਂ ਪਟਿਆਲਾ। . . . . . . . . . . ਜਨਵਰੀ 1972


ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਦਰਲੀ ਬਣਤਰ

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ੁਰੂ ਵਿਚ ਸਭ ਤੋਂ ਪਹਿਲਾਂ ‘ਮੂਲ ਮੰਤ੍ਰ’ ਹੈ ਜੋ ‘ਗੁਰ ਪ੍ਰਸਾਦਿ’ ’ਤੇ ਮੁੱਕ ਜਾਂਦਾ ਹੈ। ਇਸ ਤੋਂ ਅਗਾਂਹ ਸਭ ਤੋਂ ਪਹਿਲੀ ਬਾਣੀ ‘ਜਪੁ’ ਹੈ, ਜੋ ਗੁਰੂ ਨਾਨਕ ਦੇਵ ਜੀ ਦੀ ਉਚਾਰੀ ਹੋਈ ਹੈ। ਇਸ ਵਿਚ 38 ਪਉੜੀਆਂ ਹਨ, ਦੋ ਸ਼ਲੋਕ ਭੀ ਹਨ; ਇਕ ਸ਼ੁਰੂ ਵਿਚ, ਤੇ, ਇਕ ਅਖ਼ੀਰ ਵਿਚ। ਇਸ ਬਾਣੀ ਦਾ ਸਵੇਰੇ ਪਾਠ ਕਰਨ ਦੀ ਹਿਦਾਇਤ ਹੈ।

ਇਸ ਤੋਂ ਅਗਲੀ ਬਾਣੀ ਦੇ ਦੋ ਹਿੱਸੇ ਹਨ-‘ਸੋਦਰੁ’ ਅਤੇ ‘ਸੋਪੁਰਖੁ’। ‘ਸੋਦਰੁ’ ਵਿਚ 5 ਸ਼ਬਦ ਹਨ, ਅਤੇ ‘ਸੋਪੁਰਖੁ’, ਵਿਚ 4 ਸ਼ਬਦ। ਇਹ ਬਾਣੀ ਸ਼ਾਮ ਵੇਲੇ ਪੜ੍ਹੀਦੀ ਹੈ, ਇਸ ਨੂੰ ‘ਰਹਿਰਾਸਿ’ ਭੀ ਆਖਦੇ ਹਾਂ।

ਇਸ ਤੋਂ ਅੱਗੇ ‘ਸੋਹਿਲਾ’ ਹੈ, ਇਸ ਵਿਚ 5 ਸ਼ਬਦ ਹਨ। ਰਾਤ ਨੂੰ ਸੌਣ ਸਮੇਂ ਇਸ ਦਾ ਪਾਠ ਕਰਨ ਦੀ ਹਿਦਾਇਤ ਹੈ।

ਅਗਾਂਹ ਬਾਣੀ ਰਾਗਾਂ ਅਨੁਸਾਰ ਦਰਜ ਹੈ। ਹੇਠ-ਲਿਖੇ 31 ਰਾਗ ਹਨ:

ਸਿਰੀਰਾਗੁ, ਮਾਝੁ, ਗਉੜੀ, ਆਸਾ, ਗੂਜਰੀ, ਦੇਵਗੰਧਾਰੀ, ਬਿਹਾਗੜਾ, ਵਡਹੰਸ, ਸੋਰਠਿ, ਧਨਾਸਰੀ, ਜੈਤਸਰੀ, ਟੋਡੀ, ਬੈਰਾੜੀ, ਤਿਲੰਗ, ਸੂਹੀ, ਬਿਲਾਵਲ, ਗੌਂਡ, ਰਾਮਕਲੀ, ਨਟ ਨਾਰਾਇਣ, ਮਾਲੀ ਗਉੜਾ, ਮਾਰੂ, ਤੁਖਾਰੀ, ਕੇਦਾਰਾ, ਭੈਰਉ, ਬਸੰਤ, ਸਾਰੰਗ, ਮਲਾਰ, ਕਾਨੜਾ, ਕਲਿਆਣ, ਪ੍ਰਭਾਤੀ, ਜੈਜਾਵੰਤੀ॥

ਰਾਗਾਂ ਦੇ ਖ਼ਤਮ ਹੋਣ ’ਤੇ ਹੇਠ-ਲਿਖਿਆਂ ਹੋਰ ਬਾਣੀਆਂ ਦਰਜ ਹਨ:

ਸ਼ਲੋਕ ਸਹਸ ਕਿਰਤੀ ਮਹਲਾ 1 = 4; ਸ਼ਲੋਕ ਸਹਸ ਕਿਰਤੀ ਮਹਲਾ 5 = 67; ਗਾਥਾ ਮਹਲਾ 5 = 24; ਫੁਨਹੇ ਮਹਲਾ 5 = 23; ਚਉਬੋਲੇ ਮਹਲਾ 5 = 11; ਸ਼ਲੋਕ ਭਗਤ ਕਬੀਰ ਜੀ = 243; ਸ਼ਲੋਕ ਸ਼ੇਖ਼ ਫ਼ਰੀਦ ਕ = 130; ਸਵਯੇ ਸ੍ਰੀ ਮੁਖ ਵਾਕ੍ਹ ਮ: 5 = 20; ਸਵਯੇ 11 ਭੱਟਾਂ ਦੇ = 123; ਸ਼ਲੋਕ ਵਾਰਾਂ ਤੇ ਵਧੀਕ (ਮ: 1 = 33; ਮ: 3 = 67; ਮ: 4 = 30; ਮ: 5 = 22) = 152; ਸ਼ਲੋਕ ਮਹਲਾ 9 = 57; ਮੁੰਦਾਵਣੀ ਮ: 5 = 1; ਰਾਗ ਮਾਲਾ

ਰਾਗਾਂ ਵਿਚ ਬਾਣੀ ਦੀ ਤਰਤੀਬ

ਹਰੇਕ ਰਾਗ ਵਿਚ ਬਾਣੀ ਦੀ ਤਰਤੀਬ ਦਾ ਵੇਰਵਾ ਆਮ ਤੌਰ ’ਤੇ ਇਉਂ ਹੈ:

ਸ਼ਬਦ, ਅਸ਼ਟਪਦੀਆਂ, ਛੰਤ, ਵਾਰ ਅਤੇ ਭਗਤਾਂ ਦੇ ਸ਼ਬਦ।

ਇਹ ਸ਼ਬਦ, ਅਸ਼ਟਪਦੀਆਂ, ਛੰਤ ਆਦਿਕ ਭੀ ਖ਼ਾਸ ਕ੍ਰਮ ਅਨੁਸਾਰ ਦਰਜ ਹਨ— ਪਹਿਲਾਂ ਗੁਰੂ ਨਾਨਕ ਦੇਵ ਜੀ ਦੇ, ਫਿਰ ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ ਅਤੇ ਅਖ਼ੀਰ ਵਿਚ ਗੁਰੂ ਅਰਜਨ ਸਾਹਿਬ ਜੀ ਦੇ। ਸ੍ਰੀ ਗੁਰੂ ਅੰਗਦ ਸਾਹਿਬ ਜੀ ਦੇ ‘ਸ਼ਬਦ’ ਨਹੀਂ ਹਨ, ਸਿਰਫ਼ ‘ਸ਼ਲੋਕ’ ਹੀ ਹਨ, ਜੋ ਕਈ ‘ਵਾਰਾਂ’ ਦੀਆਂ ਪਉੜੀਆਂ ਦੇ ਨਾਲ ਦਰਜ ਹਨ। ਗੁਰੂ ਤੇਗ ਬਹਾਦਰ ਸਾਹਿਬ ਦੇ ‘ਸ਼ਬਦ’ ਜਿਸ ‘ਰਾਗ’ ਵਿਚ ਹਨ, ਉਥੇ ਉਹ ਕ੍ਰਮ ਅਨੁਸਾਰ ਗੁਰੂ ਅਰਜਨ ਸਾਹਿਬ ਜੀ ਦੇ ਸ਼ਬਦਾਂ ਤੋਂ ਪਿੱਛੇ ਦਰਜ ਹਨ।

ਸਾਰੇ ‘ਸ਼ਬਦ’ ਮੁੱਕ ਜਾਣ ’ਤੇ ਇਸੇ ਤਰਤੀਬ ਅਨੁਸਾਰ ਅਸ਼ਟਪਦੀਆਂ ਦਰਜ ਹਨ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕੋਈ ਅਸ਼ਟਪਦੀ ਨਹੀਂ ਹੈ। ਇਸੇ ਤਰ੍ਹਾਂ ਫਿਰ ‘ਛੰਤ’ ਦਰਜ ਕੀਤੇ ਗਏ ਹਨ।

ਅੰਕ

ਗੁਰੂ ਗ੍ਰੰਥ ਸਾਹਿਬ ਤੋਂ ਪੜ੍ਹ ਕੇ ਵੇਖੋ। ਥਾਂ ਥਾਂ ’ਤੇ ਆਪ ਨੂੰ ਹਿੰਦਸੇ (ਅੰਕ) ਦਿੱਸਣਗੇ। ਇਹਨਾਂ ਅੰਕਾਂ ਦੀ ਭੀ ਖ਼ਾਸ ਮਹੱਤਤਾ ਹੈ। ਇਹ ਅੰਕ ਦੋ ਕਿਸਮ ਦੇ ਹਨ। ਹਰੇਕ ਸ਼ਬਦ, ਅਸ਼ਟਪਦੀ ਤੇ ਛੰਤ ‘ਬੰਦਾਂ’ ਵਿਚ ਵੰਡਿਆ ਹੋਇਆ ਹੈ। ਗੁਰੂ ਗ੍ਰੰਥ ਸਾਹਿਬ ਵਿਚ ਇਹਨਾਂ ‘ਬੰਦਾਂ’ ਵਾਸਤੇ ਲਫ਼ਜ਼ ‘ਪਦੇ’ ਵਰਤਿਆ ਗਿਆ ਹੈ। ਆਮ ਤੌਰ ’ਤੇ ਹਰੇਕ ‘ਬੰਦ’ ਦੀਆਂ ਦੋ ਦੋ ਤੁਕਾਂ ਹੁੰਦੀਆਂ ਹਨ। ਪਰ ਕਿਤੇ ਕਿਤੇ ਤਿੰਨ ਅਤੇ ਕਈ ਥਾਂ ਚਾਰ ਤੁਕਾਂ ਵਾਲੇ ‘ਬੰਦ’ ਭੀ ਮਿਲਦੇ ਹਨ।

ਇਕ ‘ਅੰਕ’ ਤਾਂ ਉਹ ਹਨ ਜੋ ਇਹਨਾਂ ‘ਬੰਦਾਂ’ ਦੀ ਗਿਣਤੀ ਦੱਸਣ ਵਾਸਤੇ ਹੈ; ਜਿਵੇਂ:-

ਆਸਾ ਮਹਲਾ 5 ॥ ਜਾ ਤੂੰ ਸਾਹਿਬੁ ਤਾ ਭਉ ਕੇਹਾ, ਹਉ ਤੁਧੁ ਬਿਨੁ ਕਿਸੁ ਸਾਲਾਹੀ ॥ ਏਕ ਤੂੰ ਤਾ ਸਭ ਕਿਛੁ ਹੈ, ਮੈ ਤੁਧੁ ਬਿਨੁ ਦੂਜਾ ਨਾਹੀ ॥ 1 ॥ ਬਾਬਾ ਬਿਖੁ ਦੇਖਿਆ ਸੰਸਾਰੁ ॥ ਰਖਿਆ ਕਰਹੁ ਗੁਸਾਈ ਮੇਰੇ, ਮੈ ਨਾਮੁ ਤੇਰਾ ਆਧਾਰੁ ॥ 1 ॥ ਰਹਾਉ ॥ ਜਾਣਹਿ ਬਿਰਥਾ ਸਭਾ ਮਨ ਕੀ, ਹੋਰ ਕਿਸੁ ਪਹਿ ਆਖਿ ਸੁਣਾਈਐ ॥ ਵਿਣੁ ਨਾਵੈ ਸਭੁ ਜਗੁ ਬਉਰਾਇਆ, ਨਾਮੁ ਮਿਲੈ ਸੁਖੁ ਪਾਈਐ। 2 ॥ ਕਿਆ ਕਰੀਐ ਕਿਸੁ ਆਖਿ ਸੁਣਾਈਐ, ਜਿ ਕਹਣਾ ਸੁ ਪ੍ਰਭ ਜੀ ਪਾਸਿ ॥ ਸਭੁ ਕਿਛੁ ਕੀਤਾ ਤੇਰਾ ਵਰਤੈ, ਸਦਾ ਸਦਾ ਤੇਰੀ ਆਸ ॥ 3 ॥ ਜੇ ਦੇਹਿ ਵਡਿਆਈ ਤਾ ਤੇਰੀ ਵਡਿਆਈ ਇਤੁ ਉਤੁ ਤੁਝਹਿ ਧਿਆਉ ॥ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ, ਮੈ ਤਾਣੁ ਤੇਰਾ ਇਕੁ ਨਾਉ ॥4॥7॥46॥

ਇਸ ਸ਼ਬਦ ਦੇ 4 ‘ਬੰਦ’ ਹਨ। ਹਰੇਕ ‘ਬੰਦ’ ਦੇ ਅਖ਼ੀਰ ’ਤੇ ਉਸ ਦੀ ਗਿਣਤੀ ਦਾ ਅੰਕ ਹੈ। ਇਹ ‘ਅੰਕ’ ਸ਼ਬਦ ਦੀ ਅੰਦਰਲੀ ਬਣਤਰ ਵਾਸਤੇ ਹੈ।

ਦੂਜੀ ਕਿਸਮ ਦੇ ਅੰਕ ਉਹ ਹਨ, ਜੋ ਸ਼ਬਦਾਂ ਅਸ਼ਟਪਦੀਆਂ ਆਦਿਕ ਦੀ ਗਿਣਤੀ ਵਾਸਤੇ ਹਨ, ਜਿਵੇਂ ਇਸ ਉਪਰਲੇ ਸ਼ਬਦ ਦੇ ਅੰਕ 7 ਅਤੇ 46 ਹਨ 1। ਆਸਾ ਰਾਗ ਵਿਚ ਇਥੋਂ ਤਕ ਗੁਰੂ ਅਰਜਨ ਸਾਹਿਬ ਦੇ ਕੁੱਲ 46 ਸ਼ਬਦ ਹਨ। ਪਰ ਇਹ ਸ਼ਬਦ ਵਖ ਵਖ ‘ਘਰ’ ਵਿਚ ਗਾਏ ਜਾਣ ਵਾਲੇ ਹਨ। ‘ਘਰ’ ਦੀ ਵੰਡ ਅਨੁਸਾਰ ਇਹ 7 ਸ਼ਬਦ ‘ਘਰੁ 6’ ਦੇ ਹਨ। ਇਥੋਂ ਤਕ ਦੋ ਸ਼ਬਦਾਂ ਦੀ ਗਿਣਤੀ ਦਾ ਵੇਰਵਾ ਇਉਂ ਹੈ:

ਆਸਾ ਮਹਲਾ 5 ਘਰੁ 2 . . . .34+3 . . .37
ਆਸਾ ਮਹਲਾ 5 ਘਰੁ 3 . . . . . . . . . . . 1
ਆਸਾ ਮਹਲਾ 5 ਘਰੁ 5 . . . . . . . . . . . 1
ਆਸਾ ਮਹਲਾ 5 ਘਰੁ 6 . . . . . . . . . . . 7
. . .ਜੋੜ . . . . . . . . . . . . . . . . . . . 46
(ਵੇਖੋ 1430 ਸਫ਼ੇ ਵਾਲੀ ਬੀੜ ਪੰਨਾ 370 ਤੋਂ 382 ਤਕ)

ਹਰੇਕ ਸਤਿਗੁਰੂ ਜੀ ਦੇ ਅਸ਼ਟਪਦੀਆਂ ਆਦਿਕ ਦੀ ਗਿਣਤੀ ਵੱਖਰੀ ਭੀ ਦਿਤੀ ਹੈ। ਤੇ ਸਾਰੇ ਗੁਰੂ ਸਾਹਿਬਾਨ ਦੇ ਸ਼ਬਦ ਰਲਾ ਕੇ ਇਕੱਠਾ ਜੋੜ ਭੀ ਦਿੱਤਾ ਹੈ; ਜਿਵੇਂ:-

ਸੋਰਠਿ ਮਹਲਾ 1 . . . . . . .12
ਸੋਰਠਿ ਮਹਲਾ 3 . . . . . . .12
ਸੋਰਠਿ ਮਹਲਾ 4 . . . . . . . .9
ਸੋਰਠਿ ਮਹਲਾ 5 . . . . . . .94
ਸੋਰਠਿ ਮਹਲਾ 9 . . . . . . .12 ॥ 139॥

ਨੋਟ- ਇਹ ਅਖ਼ੀਰਲਾ ਅੰਕ 139 ਸਾਰੇ ਹੀ ਸ਼ਬਦਾਂ ਦਾ ਜੋੜ ਦੱਸਦਾ ਹੈ।

ਇਹਨਾਂ ‘ਅੰਕਾਂ’ ਦਾ ਮਤਲਬ-

ਕਿਤੇ ਕਿਤੇ ਗੁਰੂ ਅਰਜਨ ਸਾਹਿਬ ਨੇ ਆਪ ਹੀ ਇਹਨਾਂ ‘ਅੰਕਾਂ’ ਦਾ ਮਤਲਬ ਸਮਝਾ ਦਿਤਾ ਹੈ। ਤੇ, ਇਹ ਹਦਾਇਤ ਅਸਾਂ ਹਰ ਥਾਂ ਵਰਤ ਲੈਣੀ ਹੈ। ਮਿਸਾਲ ਦੇ ਤੌਰ ਤੇ:

(1) 1430 ਸਫ਼ੇ ਵਾਲੀ ‘ਬੀੜ’ ਦਾ ਪੰਨਾ 64, ਮਹਲੇ ਪਹਿਲੇ ਦੀਆਂ 17 ਅਸ਼ਟਪਦੀਆਂ ਮੁਕਣ ’ਤੇ ਅੰਕ 17 ਵਰਤ ਕੇ, ਅੱਗੇ ਲਿਖਿਆ ਹੈ-‘ਮਹਲੇ ਪਹਿਲੇ ਸਤਾਰਹ ਅਸ਼ਟਪਦੀਆਂ’।

(2) ਪੰਨਾ 96, ਰਾਗ ਮਾਝ, ਚਉਪਦੇ ਮ: 4 ਮੁਕਣ ’ਤੇ ਅੰਕ 7 ਲਿਖ ਕੇ ਅੱਗੇ ਲਿਖਿਆ ਹੈ-

‘ਸਤ ਚਉਪਦੇ ਮਹਲੇ ਚਉਥੇ ਕੇ। ’

(3) ਪੰਨਾ 228, ਰਾਗ ਗਉੜੀ। 16 ਅਸ਼ਟਪਦੀਆਂ ਦੇ ਅਖ਼ੀਰ ’ਤੇ ਅੰਕ 16 ਦੇ ਕੇ ਲਿਖਿਆ ਹੈ-

‘ਸੋਲਹ ਅਸ਼ਟਪਦੀਆਂ ਗੁਆਰੇਰੀ ਗਉੜੀ ਕੀਆਂ। ’

(4) ਪੰਨਾ 330, ਰਾਗ ਗਉੜੀ। ਕਬੀਰ ਜੀ ਦੇ ਸ਼ਬਦਾਂ ਦੇ ਅਖ਼ੀਰ ’ਤੇ ਅੰਕ 35 ਲਿਖ ਕੇ-

‘ਗਉੜੀ ਗੁਆਰੇਰੀ ਕੇ ਪਦੇ ਪੈਤੀਸ। ’

ਇਹਨਾਂ ‘ਅੰਕਾਂ’ ਦਾ ਲਾਭ

ਕੋਈ ਸ਼ਬਦ ਲੱਭਣ ਵਿਚ ਸਹੂਲਤ ਦੇਣ ਤੋਂ ਇਲਾਵਾ ਇਹਨਾਂ ‘ਅੰਕਾਂ’ ਦਾ ਲਾਭ ਇਹ ਭੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕੋਈ ਵਾਧਾ ਘਾਟਾ ਨਹੀਂ ਕੀਤਾ ਜਾ ਸਕਦਾ। ਜਿਨ੍ਹਾਂ ਲੋਕਾਂ ਨੇ ਲਿਖਤੀ ਬੀੜਾਂ ਵਿਚ ਕੋਈ ਵਾਧਾ ਕੀਤਾ ਹੈ, ਉਹ ਮੁੰਦਾਵਣੀ ਮਹਲਾ 5 ਅਤੇ ਸਲੋਕ ਮਹਲਾ 5 ਤੋਂ ਅਗਾਂਹ ਹੀ ਕਰ ਸਕੇ ਹਨ।

ਖ਼ਾਸ ਖ਼ਾਸ ਬਣੀਆਂ

ਆਮ ਤੌਰ ’ਤੇ ਤਾਂ ਹਰੇਕ ਰਾਗ ਵਿਚ ਸ਼ਬਦ, ਅਸ਼ਟਪਦੀਆਂ ਅਤੇ ਛੰਤ ਹੀ ਹਨ, ਪਰ ਇਹਨਾਂ ਤੋਂ ਇਲਾਵਾ ਹੇਠ-ਲਿਖੇ ਅਨੁਸਾਰ ਹੋਰ ਖ਼ਾਸ ਬਾਣੀਆਂ ਭੀ ਸਨ -

ਸਿਰੀ ਰਾਗ ਵਿਚ:

(1) ਪਹਰੇ-ਮਹਲਾ 1, 4, ਅਤੇ 5 ਦੇ। ਇਹ ‘ਪਹਰੇ’ ‘ਛੰਤਾਂ’ ਤੋਂ ਪਹਿਲਾਂ ਦਰਜ ਹਨ। ਮ: 1 = 2; ਮ: 4 = 1; ਮ: 5 = 1। ਜੋੜ = 4।
(2) ਵਣਜਾਰਾ ਮ: 4। ‘ਛੰਤਾਂ’ ਅਤੇ ‘ਵਾਂਰ’ ਦੇ ਵਿਚਕਾਰ ਹੈ।

ਮਾਝ ਰਾਗ ਵਿਚ:

(1) ਬਾਰਹ ਮਾਹ ਮ: 5। 14 ਪਉੜੀਆਂ। ਅਸ਼ਟਪਦੀਆਂ ਤੋਂ ਪਿੱਛੋਂ।
(2) ਦਿਨ ਰੈਣਿ ਮ: 5। ‘ਬਾਰਹ ਮਾਹ’ ਤੇ ‘ਵਾਰ’ ਦੇ ਵਿਚਕਾਰ।

ਗਉੜੀ ਰਾਗ ਵਿਚ:

(1) ਕਰਹਲੇ ਮ: 4। ਅਸ਼ਟਪਦੀਆਂ ਮ: 3 ਤੋਂ ਪਿੱਛੋਂ। (ਨੋਟ:ਗਿਣਤੀ ਅਨੁਸਾਰ ਇਹ ‘ਕਰਹਲੇ’ ਅਸ਼ਟਪਦੀਆਂ ਵਿਚ ਹੀ ਗਿਣੇ ਗਏ ਹਨ) ।
(2) ਬਾਵਨ ਅਖਰੀ ਮ: 5। 57 ਸ਼ਲੋਕ ਅਤੇ 55 ਪਉੜੀਆਂ। ‘ਛੰਤਾਂ’ ਤੋਂ ਅਗਾਂਹ।
(3) ਸੁਖਮਨੀ ਮ: 5। 24 ਸ਼ਲੋਕ ਅਤੇ 24 ਅਸ਼ਟਪਦੀਆਂ। ‘ਬਾਵਨ ਅਖਰੀ’ ਤੋਂ ਅਗਾਂਹ।
(4) ਥਿਤੀ ਮ: 5। ਅਸ਼ਟਪਦੀਆਂ ਤੋਂ ਪਿੱਛੋਂ।

ਆਸਾ ਰਾਗ ਵਿਚ:

(1) ਬਿਰਹੜੇ ਮ: 5। ਅਸ਼ਟਪਦੀਆਂ ਤੋਂ ਪਿੱਛੋਂ।
(ਨੋਟ-ਇਹ ਤਿੰਨੇ ‘ਬਿਰਹੜੇ’ ਅਸ਼ਟਪਦੀਆਂ ਵਿਚ ਗਿਣੇ ਗਏ ਹਨ, ਪਰ ਇਹਨਾਂ ਦੀ ਚਾਲ ‘ਛੰਤਾਂ’ ਵਾਲੀ ਹੈ) ।
(2) ਪਟੀ ਮਹਲਾ 1। 35 ਪਉੜੀਆਂ।
(ਅਸ਼ਟਪਦੀਆਂ ਤੇ ਛੰਤਾਂ ਦੇ ਵਿਚਕਾਰ) ।
(3) ਪਟੀ ਮਹਲਾ 3। 18 ਪਉੜੀਆਂ। (ਅਸ਼ਟਪਦੀਆਂ ਤੇ ਛੰਤਾਂ ਦੇ ਵਿਚਕਾਰ) ।

ਵਡਹੰਸ ਰਾਗ ਵਿਚ:

(1) ਘੋੜੀਆਂ ਮ: 4। (ਨੋਟ- ਇਹ ‘ਛੰਤਾਂ’ ਵਿਚ ਗਿਣੀਆਂ ਗਈਆਂ ਹਨ) । ਛੰਤ ਮ:4 ਤੋਂ ਪਿਛੋਂ।
(2) ਅਲਾਹਣੀਆਂ ਮ: 1। (‘ਵਾਰ’ ਤੋਂ ਪਹਿਲਾਂ) ।
(3) ਅਲਾਹਣੀਆਂ ਮ: 3। (‘ਵਾਰ’ ਤੋਂ ਪਹਿਲਾਂ) ।

ਧਨਾਸਰੀ ਰਾਗ ਵਿਚ:

(1) ਆਰਤੀ ਮ: 1। (ਨੋਟ-ਇਹ ‘ਸ਼ਬਦ’ ਗਿਣਿਆ ਗਿਆ ਹੈ) । ਸ਼ਬਦ ਮ: 3 ਪਹਿਲਾਂ।

ਸੂਹੀ ਰਾਗ ਵਿਚ:

(1) ਕੁਚਜੀ ਮ: . . . . .1।
(2) ਸੁਚਜੀ ਮ: . . . . .1।
(3) ਗੁਣਵੰਤੀ ਮ: . . . .5। (ਨੋਟ-ਇਹ ਤਿੰਨੇ ਬਾਣੀਆਂ ਅਸ਼ਟਪਦੀਆਂ ਅਤੇ ਛੰਤਾਂ ਦੇ ਵਿਚਕਾਰ ਹਨ) ।

ਬਿਲਾਵਲ ਰਾਗ ਵਿਚ—

(1) ਥਿਤੀ ਮ: 1।
(2) ਵਾਰ ਸਤ ਮ: 3। (ਦੋਵੇਂ ਅਸ਼ਟਪਦੀਆਂ ਤੋਂ ਪਿਛੋਂ) ।


ਰਾਮਕਲੀ—

(1) ਅਨੰਦ ਮ: 3। (ਅਸ਼ਟਪਦੀਆਂ ਤੇ ਛੰਤਾਂ ਵਿਚਕਾਰ) ।
(2) ‘ਸਦੁ’ ਬਾਬਾ ਸੁੰਦਰ ਜੀ। (ਅਸ਼ਟਪਦੀਆਂ ਤੇ ਛੰਤਾਂ ਵਿਚਕਾਰ) ।
(3) ਓਅੰਕਾਰੁ ਮ: 1। 54 ਪਉੜੀਆਂ (‘ਛੰਤਾਂ’ ਅਤੇ ‘ਵਾਰ’ ਦੇ ਵਿਚਕਾਰ) ।
(4) ਸਿਧ ਗੋਸਟਿ ਮ: 1। 13 ਪਉੜੀਆਂ (‘ਛੰਤਾਂ’ ਅਤੇ ‘ਵਾਰ’ ਦੇ ਵਿਚਕਾਰ) ।


(1) ਅੰਜੁਲੀਆ ਮ: 5। ਅਸਟਪਦੀਆਂ ਤੋਂ ਪਿਛੋਂ।
(2) ਸੋਲਹੇ ਮ: 1 = 22, ਸੋਲਹੇ ਮ: 3 = 24, ਸੋਲਹੇ ਮ: 4 = 2, ਸੋਲਹੇ ਮ: 5 = 14 (‘ਵਾਰ’ ਤੋਂ ਪਹਿਲਾਂ) ।


ਤੁਖਾਰੀ ਰਾਗ ਵਿਚ:

ਬਾਰਹ ਮਾਹ ਮ: 1। (ਨੋਟ: ਇਹ ‘ਛੰਤਾਂ’ ਵਿਚ ਗਿਣਿਆ ਗਿਆ ਹੈ) ।

ਮਿਲਵੇਂ ਰਾਗ:

ਗੁਰੂ ਗ੍ਰੰਥ ਸਾਹਿਬ ਵਿਚ ਕੁੱਲ 31 ਰਾਗਾਂ ਵਿਚ ਬਾਣੀ ਦਰਜ ਹੈ। ਪਰ ਕਈ ਰਾਗਾਂ ਵਿਚ ਕੁਝ ਸ਼ਬਦ ਐਸੇ ਹਨ, ਜੋ ਦੋ ਦੋ ਮਿਲਵੇਂ ਰਾਗਾਂ ਵਿਚ ਗਾਏ ਜਾਂਦੇ ਹਨ। ਅਤੇ ਕਈ ਰਾਗਾਂ ਦੀਆਂ ਅਗਾਂਹ ਹੋਰ ਹੋਰ ਕਿਸਮਾਂ ਭੀ ਦਿੱਤੀਆਂ ਗਈਆਂ ਹਨ। ਸੋ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਿੱਤੇ ਰਾਗਾਂ ਸੰਬੰਧੀ ਇਹ ਦੋਵੇਂ ਗੱਲਾਂ ਭੀ ਜਾਣਨੀਆਂ ਜ਼ਰੂਰੀ ਹਨ।

ਰਾਗ ਦੀਆਂ ਵੱਖ ਵੱਖ ਕਿਸਮਾਂ:

(1) ਗਉੜੀ– ਗੁਆਰੇਰੀ, ਚੇਤੀ, ਬੈਰਾਗਣਿ, ਪੂਰਬੀ, ਮਾਲਵਾ ਅਤੇ ਦੱਖਣੀ।
(2) ਵਡਹੰਸ–ਦੱਖਣੀ
(3) ਬਿਲਾਵਲ– ਦੱਖਣੀ
(4) ਮਾਰੂ–ਦੱਖਣੀ
(5) ਪ੍ਰਭਾਤੀ– ਦੱਖਣੀ
(6) ਰਾਮਕਲੀ–ਦੱਖਣੀ

ਨੋਟ: ਪਹਿਲੇ ਪੰਜ (ਗਉੜੀ, ਵਡਹੰਸ, ਬਿਲਾਵਲ, ਮਾਰੂ ਅਤੇ ਪ੍ਰਭਾਤੀ) ਰਾਗਾਂ ਵਿਚ ਤਾਂ ਸਿਰਫ ਕੁਝ ਸ਼ਬਦ, ਅਸ਼ਟਪਦੀਆਂ ਅਤੇ ਛੰਤ ਹੀ ਐਸੇ ਹਨ ਜੋ ਇਹਨਾਂ ਗਉੜੀ ਗੁਆਰੇਰੀ, ਗਉੜੀ ਚੇਤੀ, ਗਉੜੀ ਪੂਰਬੀ, ਗਉੜੀ ਮਾਲਵਾ, ਵਡਹੰਸ ਦੱਖਣੀ, ਮਾਰੂ ਦੱਖਣੀ ਆਦਿਕ ਰਾਗਾਂ ਵਿਚ ਮਿਲਦੇ ਹਨ, ਪਰ ‘ਰਾਮਕਲੀ ਦੱਖਣੀ’ ਵਿਚ ਇਕ ਲੰਮੀ ਸਾਰੀ ਬਾਣੀ ਹੈ ਜਿਸ ਦਾ ਨਾਮ ਹੈ ‘ਓਅੰਕਾਰੁ’। ਸਿੱਖ ਜਨਤਾ ਵਿਚ ਇਸ ਬਾਣੀ ਦਾ ਨਾਮ ‘ਦੱਖਣੀ ਓਅੰਕਾਰੁ’ ਪ੍ਰਸਿੱਧ ਹੋ ਚੁਕਾ ਹੈ। ਲਫ਼ਜ਼ ‘ਦੱਖਣੀ’ ਨੂੰ ‘ਰਾਮਕਲੀ’ ਨਾਲੋਂ ਹਟਾ ਕੇ ਲਫ਼ਜ਼ ‘ਓਅੰਕਾਰੁ’ ਨਾਲ ਵਰਤਿਆ ਜਾ ਰਿਹਾ ਹੈ। ਇਥੇ ਇਸ ਭੁਲੇਖੇ ਦਾ ਨਿਰਨਾ ਕਰਨ ਦੀ ਲੋੜ ਹੈ।

‘ਦੱਖਣੀ ਓਅੰਕਾਰੁ’ ਕਿ ‘ਓਅੰਕਾਰੁ’?

ਲਫ਼ਜ਼ ‘ਦੱਖਣੀ’ ਹੇਠ-ਲਿਖੇ ਤਰੀਕਿਆਂ ਅਨੁਸਾਰ ਗੁਰੂ ਗ੍ਰੰਥ ਸਾਹਿਬ ਵਿਚ ਵਰਤਿਆ ਹੋਇਆ ਹੈ:-

(1) ‘ਗਉੜੀ ਮਹਲਾ 1 ਦੱਖਣੀ’-ਸ਼ਬਦ ਨੰ: 5, ਪੰਨਾ 152।
ਨੋਟ:- ‘ਗਉੜੀ’ ਦੀਆਂ ਹੋਰ ਕਿਸਮਾਂ ਲਿਖਣ ਦੇ ਤਰੀਕੇ-
ਗਉੜੀ ਚੇਤੀ ਮ:1 ਗਉੜੀ ਗੁਆਰੇਰੀ ਮ: 3
ਗਉੜੀ ਮ: 3 ਗੁਆਰੇਰੀ, ਮ: 3 ਗਉੜੀ ਬੈਰਾਗਣਿ।
(2) ਵਡਹੰਸ ਮਹਲਾ 1 ਦੱਖਣੀ-ਅਲਾਹਣੀਆਂ ਨੰ: 3 ਪੰਨਾ 580
(3) ਬਿਲਾਵਲ ਮਹਲਾ 1 ਛੰਤ ਦੱਖਣੀ-ਛੰਤ ਨੰ: 1, ਪੰਨਾ 843
(4) ਮਾਰੂ ਮ: 1 ਦੱਖਣੀ-ਸੋਲਹੇ ਨੰ: 13, ਪੰਨਾ 1033
(5) ਪ੍ਰਭਾਤੀ ਮ: 1 ਦੱਖਣੀ-ਅਸ਼ਟਪਦੀ ਨੰ: 4, ਪੰਨਾ 1343
ਇਸੇ ਤਰ੍ਹਾਂ:
(6) ਰਾਮਕਲੀ ਮ: 1 ਦੱਖਣੀ-ਓਅੰਕਾਰੁ, ਪੰਨਾ 929
ਨੋਟ: ਇਥੇ ਹੇਠ ਲਿਖੀਆਂ ਗੱਲਾਂ ਧਿਅਨ-ਜੋਗ ਹਨ-

(1) ਸਿਰਫ਼ ਗੁਰੂ ਨਾਨਕ ਸਾਹਿਬ ਨੇ ‘ਦੱਖਣੀ’ ਕਿਸਮ ਵਰਤੀ ਹੈ।
(2) ਪੰਨਾ 152 ਉੱਤੇ ‘ਗਉੜੀ ਮਹਲਾ 1 ਦਖਣੀ’ ਦਾ ਇਹ ਭਾਵ ਨਹੀਂ ਕਿ ਸ਼ਬਦ ਨੰ: 5 ‘ਦੱਖਣੀ’ ਕਿਸਮ ਦਾ ਹੈ।
(3) ਪੰਨਾ ਨੰ: 580 ਉੱਤੇ ‘ਵਡਹੰਸ ਮਹਲਾ 1 ਦੱਖਣੀ’ ਦਾ ਭਾਵ ਇਹ ਨਹੀਂ। ਕਿ ‘ਅਲਾਹਣੀ’ ਨੰ: 3 ‘ਦੱਖਣੀ’ ਕਿਸਮ ਦੀ ਹੈ।
(4) ਪੰਨਾ ਨੰ: 843 ਉੱਤੇ ‘ਬਿਲਾਵਲ ਮਹਲਾ 1 ਛੰਤ ਦਖਣੀ’ ਦਾ ਇਹ ਭਾਵ ਨਹੀਂ ਕਿ ਇਹ ‘ਛੰਤ’ ਨੰ: 1 ‘ਦੱਖਣੀ’ ਕਿਸਮ ਦਾ ਹੈ।
(5) ਪੰਨਾ ਨੰ: 1033 ਉੱਤੇ ‘ਮਾਰੂ ਮਹਲਾ 1 ਦਖਣੀ’ ਤੋਂ ਇਹ ਮਤਲਬ ਨਹੀਂ ਨਿਕਲਦਾ ਕਿ ‘ਸੋਲਹਾ’ ਨੰ: 13 ‘ਦੱਖਣੀ’ ਕਿਸਮ ਦਾ ਹੈ।
(6) ਪੰਨਾ 1343 ਉੱਤੇ ‘ਪ੍ਰਭਾਤੀ ਮਹਲਾ 1 ਦਖਣੀ’ ਦਾ ਇਹ ਭਾਵ ਨਹੀਂ ਕਿ ‘ਅਸ਼ਟਪਦੀ’ ਨੰ: 4 ‘ਦੱਖਣੀ’ ਕਿਸਮ ਦੀ ਹੈ।
ਇਸੇ ਤਰ੍ਹਾਂ:-
(7) ਪੰਨਾ 929 ਉੱਤੇ ‘ਰਾਮਕਲੀ ਮਹਲਾ 1 ਦਖਣੀ ਓਅੰਕਾਰ’ ਦਾ ਭਾਵ ਇਹ ਨਹੀਂ ਹੈ ਕਿ ਬਾਣੀ ‘ਓਅੰਕਾਰੁ’ ‘ਦੱਖਣੀ’ ਕਿਸਮ ਦੀ ਹੈ।

ਜਿਵੇਂ ‘ਗਉੜੀ’ ਵਿਚ ਅਸੀਂ ਦੇਖ ਆਏ ਹਾਂ ਕਿ ‘ਗਉੜੀ ਗੁਆਰੇਰੀ ਮਹਲਾ 3’ ਅਤੇ ‘ਗਉੜੀ ਮਹਲਾ 3 ਗੁਆਰੇਰੀ’ ਦਾ ਇਕੋ ਹੀ ਭਾਵ ਹੈ, ਇਸੇ ਤਰ੍ਹਾਂ ਇਹਨਾਂ ਉਪਰਲੇ ਸਿਰ-ਲੇਖਾਂ ਦਾ ਭਾਵ ਭੀ ਇਉਂ ਹੈ:

ਗਉੜੀ ਦਖਣੀ ਮਹਲਾ 1,
ਵਡਹੰਸ ਦਖਣੀ ਮਹਲਾ 1,
ਬਿਲਾਵਲ ਦਖਣੀ ਮਹਲਾ 1,
ਮਾਰੂ ਦਖਣੀ ਮਹਲਾ 1,
ਬਿਲਾਵਲ ਦਖਣੀ ਮਹਲਾ 1,
ਪ੍ਰਭਾਤੀ ਦਖਣੀ ਮਹਲਾ 1,
ਰਾਮਕਲੀ ਦਖਣੀ ਮਹਲਾ 1 (ਓਅੰਕਾਰ) ।

ਸੋ, ਬਾਣੀ ਦਾ ਨਾਮ ‘ਓਅੰਕਾਰੁ’ ਹੈ। ‘ਦਖਣੀ ਓਅੰਕਾਰੁ’ ਨਹੀਂ। ਇਸ ਬਾਣੀ ਦੀ ਪਹਿਲੀ ਪਾਉੜੀ ਪੜ੍ਹੋ:-

ਓਅੰਕਾਰਿ ਬ੍ਰਹਮਾ ਉਤਪਤਿ ॥ ਓਅੰਕਾਰੁ ਕੀਆ ਜਿਨਿ ਚਿਤਿ ॥ ਓਅੰਕਾਰਿ ਸੈਲ ਜੁਗ ਭਏ ॥ ਓਅੰਕਾਰ ਬੇਦ ਨਿਰਮਏ ॥ ਓਅੰਕਾਰਿ ਸਬਦਿ ਉਧਰੇ ॥ ਓਅੰਕਾਰਿ ਗੁਰਮੁਖ ਤਰੇ ॥1॥

ਕਿਤੇ ਵੀ ਲਫ਼ਜ਼ ‘ਦੱਖਣੀ ਓਅੰਕਾਰਿ’ ਨਹੀਂ ਹੈ, ਸਿਰਫ਼ ‘ਓਅੰਕਾਰੁ’ ਹੈ। ‘ਬਾਣੀ’ ਦਾ ਨਾਮ ‘ਬਾਣੀ’ ਦੇ ਵਿਚੋਂ ਹੀ ਲਿਆ ਗਿਆ ਹੈ।

ਦੋ ਦੋ ਮਿਲਵੇਂ ਰਾਗ:

ਦੋ ਦੋ ਮਿਲਵੇਂ ਰਾਗ ਹੇਠ-ਲਿਖੇ ਅਨੁਸਾਰ ਮਿਲਦੇ ਹਨ:

(1) ਗਉੜੀ ਮਾਝ, (2) ਆਸਾ ਕਾਫੀ, (3) ਤਿਲੰਗ ਕਾਫੀ, (4) ਸੂਹੀ ਕਾਫੀ, (5) ਸੂਹੀ ਲਲਿਤ, (6) ਬਿਲਾਵਲ ਗੌਂਡ, (7) ਮਾਰੀ ਕਾਫੀ, (8) ਬਸੰਤ ਹਿੰਡੋਲ, (9) ਕਲਿਆਣ ਭੋਪਾਲੀ, (10) ਪ੍ਰਭਾਤੀ ਬਿਭਾਸ, (11) ਰਾਗ ਆਸਾ ਵਿਚ ‘ਆਸਾਵਰੀ’ ਭੀ ਦਿੱਤਾ ਗਿਆ ਹੈ।

ਇਸ ਤਰ੍ਹਾਂ 31 ਰਾਗਾਂ ਤੋਂ ਇਲਾਵਾ ਹੇਠ ਲਿਖੇ 6 ਹੋਰ ਰਾਗ ਭੀ ਵਰਤੇ ਗਏ ਹਨ-ਲਲਿਤ, ਆਸਾਵਰੀ, ਹਿੰਡੋਲ, ਭੋਪਾਲੀ, ਬਿਭਾਸ ਅਤੇ ਕਾਫੀ।

ਕਾਫੀ ਛੰਦ:

ਸਾਡੇ ਵਿਦਵਾਨ ਜਿਵੇਂ ‘ਓਅੰਕਾਰੁ’ ਨੂੰ ‘ਦਖਣੀ ਓਅੰਕਾਰੁ’ ਲਿਖਣ ਦਾ ਟਪਲਾ ਖਾ ਗਏ ਹਨ, ਤਿਵੇਂ ‘ਕਾਫੀ’ ਨੂੰ ਇਕ ‘ਰਾਗ’ ਸਮਝਣ ਦੇ ਥਾਂ ‘ਛੰਦ’ ਦੀ ਇਕ ਕਿਸਮ ਸਮਝ ਰਹੇ ਹਨ, ਅਤੇ ਆਖਦੇ ਹਨ ਕਿ ਪੰਜਾਬੀ ਵਿਚ ਸਭ ਤੋਂ ਪਹਿਲਾਂ ‘ਕਾਫੀਆਂ’ ਗੁਰੂ ਨਾਨਕ ਦੇਵ ਜੀ ਨੇ ਲਿਖੀਆਂ ਸਨ। ਇਸ ਖ਼ਿਆਲ ਦੀ ਪ੍ਰੋੜ੍ਹਤਾ ਲਈ ਉਹ ਸੱਜਣ ਗੁਰੂ ਗ੍ਰੰਥ ਸਾਹਿਬ ਵਿਚੋਂ ਸ਼ਬਦ ਭੀ ਪੇਸ਼ ਕਰਦੇ ਹਨ।

‘ਕਾਫੀ’ ਛੰਦ ਕਿ ਰਾਗ?

ਲਫ਼ਜ਼ ‘ਕਾਫੀ’ ਹੇਠ ਲਿਖੇ ਅਨੁਸਾਰ ਸਿਰ-ਲੇਖਾਂ ਵਿਚ ਮਿਲਦਾ ਹੈ:-

(1) ਰਾਗ ਆਸਾ ਘਰੁ 8 ਦੇ ਕਾਫੀ ਮਹਲਾ 4

ਇਸ ਸਿਰ-ਲੇਖ ਹੇਠ 2 ਸ਼ਬਦ ਹਨ। ਸਿਰ-ਲੇਖ ਦਾ ਲਫ਼ਜ਼ ‘ਕੇ’ ਵਿਆਕਰਨ ਅਨੁਸਾਰ ‘ਪੁਲਿੰਗ ਬਹੁ-ਵਚਨ’ ਹੈ; ‘ਛੰਦ’ ਦਾ ਲਫ਼ਜ਼ ‘ਕਾਫੀ’ ਇਸਤ੍ਰੀ ਲਿੰਗ ਇਕ-ਵਚਨ ਹੁੰਦਾ ਹੈ। ਲਫ਼ਜ਼ ‘ਕਾਫੀ’ ਦਾ ਹੇਠਲਾ ਅੰਕ 2 ਦੱਸਦਾ ਹੈ ਕਿ ਇਸ ਸਿਰ-ਲੇਖ ਦੇ ਹੇਠ ਦੋ ਸ਼ਬਦ ਹਨ। ਜੇ ਇਹ ‘ਕਾਫੀਆਂ’ ਹੁੰਦੀਆਂ ਤਾਂ ਸਿਰ-ਲੇਖ ਵਿਚ ‘ਕੇ’ ਦੇ ਥਾਂ ‘ਕੀਆਂ’ ਹੁੰਦਾ, ਅਤੇ ‘ਕਾਫੀ’ ਦੇ ਥਾਂ ‘ਕਾਫ਼ੀਆਂ’ ਹੁੰਦਾ। (ਵੇਖੋ ਪੰਨਾ 369)

(2) ਆਸਾ ਘਰੁ 8 ਕਾਫੀ ਮਹਲਾ 5

ਇਸ ਸਿਰ-ਲੇਖ ਦੇ ਹੇਠ 18 ਸ਼ਬਦ ਦਰਜ ਹਨ (ਪੰਨਾ 396 ਤੋਂ 401) । ਜੇ ਲਫ਼ਜ਼ ‘ਕਾਫੀ’ ਕਿਸੇ ਛੰਦ ਦਾ ਨਾਮ ਹੁੰਦਾ, ਤਾਂ ‘ਕਾਫੀ’ ਤੋਂ ਬਹੁ-ਵਚਨ ‘ਕਾਫੀਆਂ’ ਹੁੰਦਾ, ਜਿਵੇਂ ‘ਅਸ਼ਟਪਦੀ’ ਤੋਂ ‘ਅਸ਼ਟਪਦੀਆਂ’ ਹੈ। ਸੋ, ਇਸ ਸਿਰ-ਲੇਖ ਦਾ ਭਾਵ ਇਉਂ ਹੈ-ਆਸਾ ਕਾਫੀ ਮਹਲਾ 5 ਘਰੁ 8।

(3) ‘ਆਸਾ ਕਾਫੀ ਮਹਲਾ 1 ਘਰੁ 8 ਅਸ਼ਟਪਦੀਆਂ’। ਇਥੇ ਤਾਂ ਕਿਸੇ ਸ਼ੱਕ ਦੀ ਲੋੜ ਹੀ ਨਹੀਂ ਹੈ। ‘ਆਸਾ-ਕਾਫੀ’ ਮਿਲਵਾਂ ਰਾਗ ਹੈ।

(4) ‘ਤਿਲੰਗ ਮਹਲਾ 9 ਕਾਫੀ’ ਦੇ ਥਾਂ ‘ਕਾਫੀਆਂ’ ਹੁੰਦਾ। ਇਹ ਤਿਲੰਗ-ਕਾਫੀ ਮਹਲਾ 9।

(5) ‘ਸੂਹੀ ਮਹਲਾ 9 ਕਾਫੀ ਘਰੁ 10’। ਇਸ ਸਿਰ-ਲੇਖ ਹੇਠ 3 ‘ਅਸਟਪਦੀਆਂ’ ਹਨ। ਅੰਕ ਨੰ: 3 ਵਾਂਗ ਇਸ ਦਾ ਭਾਵ ਹੈ ‘ਸੂਹੀ-ਕਾਫੀ ਮਹਲਾ 1 ਘਰੁ 10’।

(6) ‘ਰਾਗੁ ਸੂਹੀ ਮਹਲਾ 5 ਅਸ਼ਟਪਦੀਆਂ ਘਰੁ 10 ਕਾਫੀ’ ਇਥੇ ਦੋ ਅਸਟਪਦੀਆਂ ਹਨ, ਪਰ ਲਫ਼ਜ਼ ‘ਕਾਫੀ’ ਇਕ-ਵਚਨ ਹੈ। ਸੋ ਇਹ ਭੀ ‘ਸੂਹੀ-ਕਾਫੀ’ ਮਿਲਵਾਂ ਰਾਗ ਹੀ ਹੈ।

(7) ‘ਮਾਰੂ ਕਾਫੀ ਮਹਲਾ 1 ਘਰ 2 (ਪੰਨਾ 1014) । 3 ਅਸਟਪਦੀਆ ਹਨ। ਲਫ਼ਜ਼ ‘ਕਾਫੀ’ ਇਕ-ਵਚਨ ਹੈ। ਪੰਨਾ 1019 ਉੱਤੇ ਸਿਰ-ਲੇਖ ਹੈ ‘ਮਾਰੂ ਮਹਲਾ 5 ਘਰੁ 8 ਅੰਜੁਲੀਆ’। ‘ਅੰਜੁਲੀ’ ਇਕ-ਵਚਨ ਹੈ, ‘ਅੰਜੁਲੀਆ’ ਬਹੁ-ਵਚਨ। ਤਿਵੇਂ ਹੀ ਪੰਨਾ 1014 ਉਤੇ ਲਫ਼ਜ਼ ‘ਕਾਫੀ’ ਤੋਂ ਬਹੁ ਵਚਨ ‘ਕਾਫੀਆਂ’ ਹੁੰਦਾ ਹੈ।

ਸੋ, ਗੁਰੂ ਗ੍ਰੰਥ ਸਾਹਿਬ ਵਿਚ ਲਫ਼ਜ਼ ‘ਕਾਫੀ’ ਰਾਗ ਕਾਫੀ ਵਾਸਤੇ ਹੈ, ਛੰਤ ਵਾਸਤੇ ਨਹੀਂ।

ਬਾਣੀ ਦਾ ਵੇਰਵਾ:

31 ਰਾਗਾਂ ਵਿਚ ਦੀ ਬਾਣੀ:

ਮਹਲਾ . . . . . .ਸ਼ਬਦ . . .ਅਸਟਪਦੀਆਂ . . . ਛੰਤ . . . . . ਜੋੜ
ਮਹਲਾ 1 . . . . . 209 . . . . . 123 . . . . . . . 25 . . . . . 357
ਮਹਲਾ 3 . . . . . 172 . . . . . 79 . . . . . . . . 19 . . . . . 270
ਮਹਲਾ 4 . . . . . 264 . . . . .58 . . . . . . . . 38 . . . . . 360
ਮਹਲਾ 5 . . . . . 1322 . . . . .45 . . . . . . . .63 . . . . .1430
ਮਹਲਾ 9 . . . . . . .59 . . . . . . . . . . . . . . . . . . . . . . 59
ਜੋੜ . . . . . . . .2026 . . . . . 305 . . . . . 145 . . . . . 2476

ਵਾਰਾਂ: ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕੁੱਲ 22 ਵਾਰਾਂ ਹਨ-
ਗੁਰੂ ਨਾਨਕ ਦੇਵ ਜੀ ਦੀਆਂ-ਮਾਝ, ਆਸਾ, ਮਲਾਰ ਵਿਚ . . . . . . . . . . . . . . . . . . . . . . . . . . . . . . . . . . . . . . 3
ਗੁਰੂ ਅਮਰਦਾਸ ਜੀ ਦੀਆਂ-ਗੂਜਰੀ, ਸੂਹੀ, ਰਾਮਕਲੀ, ਮਾਰੂ ਵਿਚ . . . . . . . . . . . . . . . . . . . . . . . . . . . . . . . . .4
ਗੁਰੂ ਰਾਮਦਾਸ ਜੀ ਦੀਆਂ-ਸਿਰੀ ਰਾਗ, ਗਉੜੀ, ਬਿਹਾਗੜਾ, ਵਡਹੰਸ, ਸੋਰਠਿ, ਬਿਲਾਵਲ, ਸਾਰੰਗ, ਕਾਨੜਾ ਵਿਚ . . . . . . 8
ਗੁਰੂ ਅਰਜਨ ਸਾਹਿਬ ਜੀ ਦੀਆਂ-ਗਉੜੀ, ਗੂਜਰੀ, ਜੈਤਸਰੀ, ਰਾਮਕਲੀ, ਮਾਰੂ, ਬਸੰਤ ਵਿਚ . . . . . . . . . . . . . . . . . . . 6
ਸੱਤੇ ਬਲਵੰਡ ਦੀ-ਰਾਮਕਲੀ ਵਿਚ . . . . . . . . . . . . . . . . . . . . . . . . . . . . . . . . . . . . . . . . . . . . . . . . . . . .1
ਜੋੜ . . . . . . . . . . . . . . . . . . . . . . . . . . . . . . . . . . . . . . . . . . . . . . . . . . . . . . . . . . . . . . . . . . . .22


ਰਾਗਾਂ ਅਨੁਸਾਰ ‘ਵਾਰਾਂ’ ਦਾ ਵੇਰਵਾ

ਗਉੜੀ . . . . 2
ਗੂਜਰੀ . . . . .2
ਰਾਮਕਲੀ . . .3
ਮਾਰੂ . . . . . .2
ਜੋੜ . . . . . . 9


ਬਾਕੀ ਹੇਠ-ਲਿਖੇ 13 ਰਾਗਾਂ ਵਿਚ ਇਕ ਇਕ ‘ਵਾਰ’:-

ਸਿਰੀ ਰਾਗ, ਮਾਝ, ਆਸਾ, ਬਿਹਾਗੜਾ, ਵਡਹੰਸ, ਸੋਰਠਿ, ਜੈਤਸਰੀ, ਸੂਹੀ, ਬਿਲਾਵਲ, ਬਸੰਤ, ਸਾਰੰਗ, ਮਲਾਰ ਅਤੇ ਕਾਨੜਾ=13

ਨੋਟ-ਸੱਤੇ ਬਲਵੰਡ ਦੀ ‘ਵਾਰ’ ਅਤੇ ਰਾਗ-ਬਸੰਤ ਦੀ ‘ਵਾਰ’ ਤੋਂ ਛੁਟ ਬਾਕੀ ਹਰੇਕ ‘ਵਾਰ’ ਦੀਆਂ ਪਉੜੀਆਂ ਦੇ ਨਾਲ ਪਹਿਲੇ ਪੰਜ ਗੁਰੂ ਸਾਹਿਬਾਨ ਦੇ ਸ਼ਲੋਕ ਭੀ ਦਰਜ ਹਨ।

ਭਗਤਾਂ ਦੀ ਬਾਣੀ:

ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ ਵਿਚੋਂ 22 ਰਾਗਾਂ ਵਿਚ ਭਗਤਾਂ ਦੀ ਬਾਣੀ ਹੈ। ਭਗਤਾਂ ਦੇ ਸਾਰੇ ਸ਼ਬਦ 349 ਹਨ, ਅਤੇ ਭਗਤ-ਬਾਣੀ ਚਿਵ 3 ਸ਼ਬਦ ਗੁਰੂ ਅਰਜਨ ਸਾਹਿਬ ਜੀ ਦੇ ਭੀ ਹਨ। ਕੁੱਲ ਜੋੜ 352 ਹੈ।

ਵੇਰਵਾ:-

ਕਬੀਰ ਜੀ . . . . . 224 . . . . . . . . . . ਭੀਖਨ ਜੀ . . . . . . . . 2
ਨਾਮਦੇਵ ਜੀ . . . . . 61 . . . . . . . . . . ਸੂਰਦਾਸ ਜੀ . . . . . . . 1 (ਸਿਰਫ਼ ਤੁਕ) ਰਵਿਦਾਸ ਜੀ . . . . .40 . . . . . . . . . . ਪਰਮਾਨੰਦ ਜੀ . . . . . . 1
ਤ੍ਰਿਲੋਚਨ ਜੀ . . . . . 4 . . . . . . . . . . ਸੈਣ ਜੀ . . . . . . . . . . 1
ਫਰੀਦ ਜੀ . . . . . . .4 . . . . . . . . . . ਪੀਪਾ ਜੀ . . . . . . . . . 1
ਬੈਣੀ ਜੀ . . . . . . . .3 . . . . . . . . . . ਸਧਨਾ ਜੀ . . . . . . . . .1
ਧੰਨਾ ਜੀ . . . . . . . .3 . . . . . . . . . . ਰਾਮਾਨੰਦ ਜੀ . . . . . . . 1
ਜੈਦੇਵ ਜੀ . . . . . . .2 . . . . . . . . . . ਗੁਰੂ ਅਰਜਨ ਦੇਵ ਜੀ . . 3
. . . . . . . . . . . . . . . ਜੋੜ . . . . . . . . . . . . . . . . . . . . 352

ਸ਼ਬਦਾਂ ਤੋਂ ਇਲਾਵਾ ਗਉੜੀ ਰਾਗ ਵਿਚ ਕਬੀਰ ਜੀ ਦੀਆਂ 8 ਹੋਰ ਬਾਣੀਆਂ ਹਨ-

ਬਾਵਨ-ਅਖਰੀ
ਪੰਦ੍ਰਹ-ਥਿਤੀ
ਸਤ-ਵਾਰ

ਕਬੀਰ ਜੀ ਅਤੇ ਫਰੀਦ ਜੀ ਦੇ ਸ਼ਲੋਕਾਂ ਦੇ ਸੰਗ੍ਰਹ ਭੀ ਹਨ:-

ਕਬੀਰ ਜੀ-243; ਫਰੀਦ ਜੀ-130 (ਇਹਨਾਂ ਸ਼ਲੋਕਾਂ ਵਿਚ ਗੁਰ-ਵਿਅਕਤੀਆਂ ਦੇ ਭੀ ਕੁਝ ਸ਼ਲੋਕ ਹਨ) ।


ਭੱਟ ਆਤੇ ਬਾਬਾ ਸੁੰਦਰ ਜੀ-

ਬਾਬਾ ਸੁੰਦਰ ਜੀ ਦੀ ਬਾਣੀ ‘ਸਦੁ’ ਰਾਗ ਰਾਮਕਲੀ ਵਿਚ ਹੈ। = 6 ਪਉੜੀਆਂ।

ਹੇਠ ਲਿਖੇ ਭੱਟਾਂ ਦੇ ਸਵਯੇ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ:-

(1) ਕੱਲਸਹਾਰ
(2) ਜਾਲਪ
(3) ਕੀਰਤ
(4) ਭਿੱਖਾ
(5) ਸਲ੍ਯ੍ਯ
(6) ਭਲ੍ਯ੍ਯ
(7) ਨਲ੍ਯ੍ਯ
(8) ਬਲ੍ਯ੍ਯ
(9) ਗਯੰਦ
(10) ਹਰਿਬੰਸ

ਲਫ਼ਜ਼ ‘ਮਹਲਾ’ ਦਾ ਉੱਚਾਰਨ

ਸੰਨ 1931 ਵਿਚ ਰੋਜ਼ਾਨਾ ਅਖ਼ਬਾਰ ‘ਅਕਾਲੀ’ ਦੇ ਇਕ ਪਰਚੇ ਵਿਚ ਮੈਂ ਇਸ ਸੰਬੰਧੀ ਇਕ ਮਜ਼ਮੂਨ ਲਿਖ ਕੇ ਭੇਜਿਆ, ਤਾਂ ਇਕ ਅੱਜ-ਕੱਲ ਦੇ ਪੜ੍ਹੇ-ਲਿਖੇ ਉੱਘੇ ਵਿਦਵਾਨ ਮਿੱਤਰ ਨੇ ਮੈਨੂੰ ਚਿੱਠੀ ਲਿਖੀ ਕਿ ਲਫ਼ਜ਼ ‘ਮਹਲਾ’ ਦਾ ਉੱਚਾਰਨ ‘ਮਹੱਲਾ’ ਕਰਨਾ ਚਾਹੀਦਾ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ‘ਸਚੁ ਖੰਡ’ ਹੈ ਜਿਸ ਵਿਚ ‘ਮਹੱਲੇ’ ‘ਘਰ’ ‘ਪਉੜੀਆਂ’ ਹੋਣੇ ਕੁਦਰਤੀ ਗੱਲ ਹੈ।

ਸੋ, ਲਫ਼ਜ਼ ‘ਮਹਲਾ’ ਦਾ ਜੋ ‘ਮਹੱਲਾ’ ਉੱਚਾਰਨ ਚੱਲ ਪਿਆ ਹੈ, ਇਸ ਦਾ ਅਸਲ ਕਾਰਨ ਇਹ ਜਾਪਦਾ ਹੈ ਕਿ ਸਿਰ-ਲੇਖ ਦੇ ਲਫ਼ਜ਼ ‘ਮਹਲਾ’ ਨਾਲ ਹੀ ਆਮ ਤੌਰ ਤੇ ਲਫ਼ਜ਼ ‘ਘਰੁ’ ਭੀ ਲਿਖਿਆ ਮਿਲਦਾ ਹੈ; ਤੇ, ਘਰਾਂ, ਮਹੱਲਿਆਂ ਦੇ ਸੰਬੰਧ ਨੂੰ ਹਰ ਕੋਈ ਜਾਣਦਾ ਹੀ ਹੈ। ਤਾਂ ਤੇ ਸਭ ਤੋਂ ਪਹਿਲਾਂ ਇਹ ਸਮਝਣ ਦੀ ਲੋੜ ਹੈ ਕਿ ਲਫ਼ਜ਼ ‘ਘਰ’ ਦੇ ਵਰਤਣ ਤੋਂ ਕੀਹ ਭਾਵ ਹੈ।

(1) ਸਿਰੀ ਰਾਗ ਦੀ ਭਗਤ-ਬਾਣੀ ਦੇ ਸ਼ੁਰੂ ਵਿਚ ਇਕ ਸਿਰ-ਲੇਖ ਇਉਂ ਲਿਖਿਆ ਮਿਲਦਾ ਹੈ-ਸਿਰੀ ਰਾਗੁ ॥

ਕਬੀਰ ਜੀਓ ਕਾ ॥ ਏਕੁ ਸੁਆਨੁ ਕੈ ਘਰਿ ਗਾਵਣਾ ॥

ਇਥੇ ਅਖ਼ੀਰਲੀ ਤੁਕ, ‘ਏਕੁ ਸੁਆਨੁ ਕੈ ਘਰਿ ਗਾਵਣਾ’ ਨੂੰ ਧਿਆਨ ਨਾਲ ਪੜ੍ਹਨ ਤੇ ਸਮਝਣ ਦੀ ਲੋੜ ਹੈ। ਲਫ਼ਜ਼ ‘ਕੈ ਘਰਿ’ ਦਾ ਅਰਥ ਹੈ ‘ਦੇ ਘਰ ਵਿਚ ‘। ਲਫ਼ਜ਼ ‘ਕੈ’ ਵਿਆਕਰਨ ਅਨੁਸਾਰ ‘ਸੰਬੰਧਕ’ ਹੈ। ਇਸ ਤੋਂ-ਪਹਿਲਾਂ ਕੋਈ ਐਸਾ ‘ਨਾਂਵ’ ਚਾਹੀਦਾ ਹੈ ਜਿਸ ਦੇ ਨਾਲ ਇਸ ਸੰਬੰਧਕ ‘ਕੈ’ ਦਾ ‘ਸੰਬੰਧ’ ਹੈ। ਇਸ ਤੋਂ ਪਹਿਲਾਂ ਲਫ਼ਜ਼ ‘ਸੁਆਨੁ’ ਹੈ। ਪਰ ਜੇ ਲਫ਼ਜ਼ ‘ਸੁਆਨੁ’ ਨਾਲ ਲਫ਼ਜ਼ ‘ਕੈ’ ਦਾ ਸੰਬੰਧ ਹੁੰਦਾ ਤਾਂ ਇਸ ਦੇ ਅਖ਼ੀਰ ਤੇ (ੁ) ਨਹੀਂ ਹੋ ਸਕਦਾ ਸੀ, ਜਿਵੇਂ:-

‘ਦੀਵਾ ਮੇਰਾ ਏਕੁ ਨਾਮੁ, ਦੁਖੁ, ਵਿਚਿ ਪਾਇਆ ਤੇਲੁ’-ਇਸ ਤੁਕ ਦੇ ਲਫ਼ਜ਼ ‘ਵਿਚਿ’ ਦਾ ਸੰਬੰਧ ਲਫ਼ਜ਼ ‘ਦੁਖੁ’ ਨਾਲ ਨਹੀਂ ਹੋ ਸਕਦਾ;

‘ਦਾਸੁ ਕਬੀਰੁ ਤੇਰੀ ਪਨਹ ਸਮਾਨਾ। ਭਿਸਤੁ ਨਜੀਕਿ ਰਾਖੁ-ਰਹਮਾਨਾ’

-ਇਸੇ ਸੰਬੰਧਕ ‘ਨਜੀਕਿ’ ਦਾ ਸੰਬੰਧ ਲਫ਼ਜ਼ ‘ਭਿਸਤੁ’ ਨਾਲ ਨਹੀਂ ਹੋ ਸਕਦਾ ਕਿਉਂਕਿ ਲਫ਼ਜ਼ ‘ਭਿਸਤੁ’ ਦੇ ਅਖ਼ੀਰ ਵਿਚ (ੁ) ਕਾਇਮ ਹੈ।

ਸੋ ‘ਏਕੁ ਸੁਆਨੁ ਕੈ ਘਰਿ ਗਾਵਣਾ’ ਵਿਚ ਲਫ਼ਜ਼ ‘ਕੈ’ ਨਾਲ ਸੰਬੰਧ ਰੱਖਣ ਵਾਲੇ ‘ਨਾਂਵ’ ਦੀ ਕਿਸੇ ਹੋਰ ਥਾਂ ਭਾਲ ਕਰਨੀ ਪਵੇਗੀ। ਇਸੇ ਹੀ ਰਾਗ ਵਿਚ ਗੁਰੂ ਨਾਨਕ ਸਾਹਿਬ ਦਾ ਸ਼ਬਦ ਨੰਬਰ 29 (ਪੰਨਾ ਨੰ: 24 ਉਤੇ) ਇਉਂ ਦਰਜ ਹੈ-

ਸਿਰੀ ਰਾਗੁ ਮਹਲਾ 1 ਘਰ 4॥ ਏਕੁ ਸੁਆਨੁ ਦੁਇ ਸੁਆਨੀ ਨਾਲ ...

ਉਸ ਸਿਰ-ਲੇਖ ਤੇ ਇਸ ਸ਼ਬਦ ਦੀ ਪਹਿਲੀ ਤੁਕ ਨੂੰ ਆਹਮੋ ਸਾਹਮਣੇ ਰੱਖ ਕੇ ਪੜ੍ਹਿਆਂ ਅਸੀਂ ਸਹਜੇ ਹੀ ਸਿਰ-ਲੇਖ ਦੇ ਇਹ ਅਰਥ ਕਰ ਸਕਦੇ ਹਾਂ-ਕਬੀਰ ਜੀ ਦੇ ਸ਼ਬਦ ਨੂੰ ਉਸ ਸ਼ਬਦ ਦੇ ‘ਘਰ’ ਵਿਚ ਗਾਵਣਾ ਹੈ ਜਿਸ ਦੀ ਪਹਿਲੀ ਤੁਕ ਹੈ ‘ਏਕੁ ਸੁਆਨੁ ਦੁਇ ਸੁਆਨੀ ਨਾਲਿ’। ਇਸ ਸ਼ਬਦ ਦਾ ‘ਘਰੁ 4’ ਹੈ, ਸੋ ਕਬੀਰ ਜੀ ਦਾ ਸ਼ਬਦ ਭੀ ‘ਘਰ 4’ ਵਿਚ ਹੀ ਗਾਵਣਾ ਹੈ।

ਕਬੀਰ ਜੀ ਦੇ ਸ਼ਬਦ ਦੇ ਸਿਰ-ਲੇਖ ਦੇ ਥਾਂ ‘ਏਕੁ ਸੁਆਨੁ ਕੈ ਘਰਿ ਗਾਵਣਾ’ ਕਿਉਂ ਲਿਖਿਆ ਹੈ-ਇਹ ਘੁੰਡੀ ਸਮਝਣ ਵਾਸਤੇ ਮੇਰੀ ਪੁਸਤਕ ‘ਗੁਰਮਤਿ ਪ੍ਰਕਾਸ਼’ ਪੜ੍ਹੋ, ਪੰਨਾ 35।

ਉੱਪਰ-ਲਿਖੇ ਪ੍ਰਮਾਣ ਤੋਂ ਅਸਾਂ ਇਹ ਸਮਝ ਲਿਆ ਹੈ ਕਿ ਲਫ਼ਜ਼ ‘ਘਰ’ ਦਾ ਸੰਬੰਧ ‘ਗਾਉਣ’ ਨਾਲ ਹੈ; ਲਫ਼ਜ਼ ‘ਮਹਲਾ’ ਨਾਲ ਨਹੀਂ।

ਇਸੇ ਤਰਾਂ:-

ਸਿਰੀ ਰਾਗ ਵਿਚ ਭਗਤ ਬੇਣੀ ਜੀ ਦੇ ਸ਼ਬਦ ਦੇ ਸ਼ੁਰੂ ਵਿਚ ਭੀ ਸਿਰ-ਲੇਖ ਵਜੋਂ ਇਉਂ ਲਿਖਿਆ ਹੈ:-

ਸਿਰੀ ਰਾਗੁ ਬਾਣੀ ਭਗਤ ਬੇਣੀ ਜੀਉ ਕੀ ॥ ਪਹਰਿਆ ਕੈ ਘਰਿ ਗਾਵਣਾ ॥

ਕਿਸ ‘ਘਰ’ ਵਿਚ ਗਾਵਣਾ ਹੈ? ਉਸ ਸ਼ਬਦ ਦੇ ‘ਘਰ’ ਵਿਚ ਜਿਸ ਦਾ ਸਿਰਲੇਖ ‘ਪਹਰੇ’ ਹੈ; ਤੇ ਉਹ ਸਿਰ-ਲੇਖ ਇਉਂ ਹੈ-ਸਿਰੀ ਰਾਗ ਪਹਰੇ ਮਹਲਾ 1 ਘਰ 1

ਇਹ ਦੋਵੇਂ ਪ੍ਰਮਾਣ ਇਹ ਗੱਲ ਸਾਬਤ ਕਰਨ ਵਾਸਤੇ ਕਾਫ਼ੀ ਹਨ ਕਿ ਲਫ਼ਜ਼ ‘ਘਰ’ ਦਾ ਸੰਬੰਧ ਸਿਰਫ਼ ‘ਗਾਉਣ’ ਨਾਲ ਹੈ, ਲਫ਼ਜ਼ ‘ਮਹਲਾ’ ਦੇ ਨਾਲ ਇਸ ਦਾ ਕੋਈ ਭੀ ਸੰਬੰਧ ਨਹੀਂ ਪੈਂਦਾ।

ਪਾਠਕਾਂ ਦੀ ਦਿਲਚਸਪੀ ਅਤੇ ਹੋਰ ਵਧੀਕ ਤਸੱਲੀ ਵਾਸਤੇ ਇਹ ਗੱਲ ਦੱਸਣੀ ਭੀ ਸੁਆਦਲੀ ਹੋਵੇਗੀ ਕਿ ਲਫ਼ਜ਼ ‘ਘਰ’ ਸਿਰਫ ‘ਮਹਲਾ’ ਦੇ ਨਾਲ ਹੀ ਨਹੀਂ ਆਉਂਦਾ, ਭਗਤਾਂ ਦੇ ਸ਼ਬਦਾਂ ਦੇ ਸਿਰ-ਲੇਖਾਂ ਵਿਚ ਭੀ ਮਿਲਦਾ ਹੈ; ਜਿਵੇਂ:

ਭੈਰਉ ਕਬੀਰ ਜੀਉ ਘਰੁ 1

ਭੈਰਉ ਕਬੀਰ ਜੀਉ ਅਸਟਪਦੀ ਘਰੁ 2

ਭੈਰਉ ਨਾਮਦੇਉ ਜੀ ਘਰੁ 1

ਭੈਰਉ ਨਾਮਦੇਉ ਜੀ ਘਰੁ 2

ਤੇ, ਇਹ, ਕਿਸੇ ਭੀ ‘ਮਹੱਲੇ’ ਦੀ ਵੰਡ ਵਿਚ ਨਹੀਂ ਆਉਂਦੇ। ਜੇ ਗੁਰੂ ਗ੍ਰੰਥ ਸਾਹਿਬ ‘ਸੱਚ ਖੰਡ’ ਹੈ , ਅਤੇ ਮਹੱਲਿਆਂ ਘਰਾਂ ਵਿਚ ਵੰਡਿਆ ਹੋਇਆ ਹੈ, ਤਾਂ ਭਗਤਾਂ ਦੇ ਘਰ ਕਿਸ ਮਹੱਲੇ ਵਿਚ ਗਿਣੀਏ? ਸੋ ਇਹ ਲਫ਼ਜ਼ ‘ਮਹਲਾ’ ‘ਮਹੱਲਾ’ ਨਹੀਂ ਹੈ। ਸਿਰੀ ਰਾਗ ਵਿਚ ਗੁਰੂ ਨਾਨਕ ਸਾਹਿਬ ਦੇ ਸ਼ਬਦ ਨੰ: 6 ਅਤੇ 12 ਦਾ ਸਿਰ-ਲੇਖ ਇਉਂ ਹੈ-‘ਸਿਰੀ ਰਾਗੁ ਮਹਲੁ 1’ (ਲਫ਼ਜ਼ ‘ਮਹਲੁ’ ਦੇ ਅਖ਼ੀਰ ਵਿਚ (ੁ) ਹੈ) ।

ਜੇ ਲਫ਼ਜ਼ ‘ਮਹਲਾ’ ਨੂੰ ‘ਮਹੱਲਾ’ ਪੜ੍ਹਨਾ ਹੁੰਦਾ ਤਾਂ ਲਫ਼ਜ਼ ‘ਮਹਲੁ’ ਨੂੰ ‘ਮਹੱਲ’ ਪੜ੍ਹਨਾ ਠੀਕ ਹੁੰਦਾ; ਪਰ, ਇਸ ਤਰ੍ਹਾਂ ‘ਮਹੱਲਾ’ ਤੇ ‘ਮਹੱਲ’ ਦੋ ਵੱਖ ਵੱਖ ਚੀਜ਼ਾਂ ਬਣ ਜਾਂਦੀਆਂ ਹਨ। ਮਹੱਲ-ਇਕ ਵੱਡਾ ਮਕਾਨ, ਮਹੱਲਾ-ਉਹ ਥਾਂ ਜਿਥੇ ਕਈ ਮਕਾਨ ਇਕੱਠੇ ਬਣੇ ਹੋਏ ਹਨ। ਸੋ ‘ਮਹਲਾ’ ਦਾ ਉਚਾਰਨ ‘ਮਹੱਲਾ’ ਨਹੀਂ ਹੈ, ਅਤੇ ਇਸ ਦਾ ਕੋਈ ਵੀ ਸੰਬੰਧ ਲਫ਼ਜ਼ ‘ਘਰ’ ਨਾਲ ਨਹੀਂ ਹੈ।

ਤਾਂ ਫਿਰ, ਇਸ ਲਫ਼ਜ਼ ਨੂੰ ਕਿਵੇਂ ਉੱਚਾਰਨਾ ਹੈ?

ਲਫ਼ਜ਼ ‘ਮਹਲਾ’ ਸਿਰਫ਼ ਸਿਰ-ਲੇਖ ਵਿਚ ਹੀ ਨਹੀਂ ਹੈ, ਬਾਣੀ ਵਿਚ ਭੀ ਕਈ ਵਾਰੀ ਆਉਂਦਾ ਹੈ; ਜਿਵੇਂ:-

(1) ਫਰੀਦਾ ‘ਮਹਲ’ ਨਿਸਖਣ ਰਹਿ ਗਏ ਵਾਸਾ ਆਇਆ ਤਲਿ।
(2) ‘ਮਹਲਾ’ ਅੰਦਰਿ ਹੋਦੀਆ, ਹੁਣਿ ਬਹਣਿ ਨ ਮਿਲਨਿ ਹਦੂਰਿ।
(3) ਕਹਾ ਸੁ ਘਰ ਦਰ ਮੰਡਪ ‘ਮਹਲਾ’ ਕਹਾ ਸੁ ਬੰਕ ਸਰਾਈ।
(4) ‘ਮਹਲ’ ਕੁਚਜੀ ਮੜਵੜੀ ਕਾਲੀ ਮਨਹੁ ਕੁਸੁਧ।
(5) ‘ਮਹਲਾ’ ਮੰਝਿ ਨਿਵਾਸੁ ਸਬਦਿ ਸਵਾਰੀਆ।
(6) ਮਹਲੀ ‘ਮਹਿਲ’ ਬੁਲਾਈਐ, ਸੋ ਪਿਰੁ ਰਾਵੈ ਰੰਗਿ।
(7) ਮਹਰਮੁ ‘ਮਹਲ’ ਨਾ ਕੋ ਅਟਕਾਵੈ।

ਇਹਨੀਂ ਸਭਨੀਂ ਥਾਈਂ ਲਫ਼ਜ਼ ‘ਮਹਲ’ ਜਾਂ ‘ਮਹਲਾ’ ਨੂੰ ਉਸੇ ਤਰ੍ਹਾਂ ਪੜ੍ਹਦੇ ਹਾਂ, ਜਿਵੇਂ ਹੇਠ-ਲਿਖੀ ਤੁਕ ਵਿਚ ਲਫ਼ਜ਼ ‘ਗਹਲਾ’ ਨੂੰ:-

‘ਗਹਲਾ ਰੂਹੁ ਨਾ ਜਾਣਈ, ਸਿਰੁ ਭੀ ਮਿਟੀ ਖਾਇ’

ਅੱਖਰ ‘ਹ’ ਅਤੇ ‘ਲ’ ਦੇ ਉੱਪਰ (ੱ) ਅੱਧਕ ਵਰਤਣ ਦੀ ਲੋੜ ਨਹੀਂ ਪੈਂਦੀ। ਤੇ, ਇਸੇ ਤਰ੍ਹਾਂ ਹੀ ਸਿਰ-ਲੇਖ ਦੇ ਲਫ਼ਜ਼ ‘ਮਹਲਾ’ ਨੂੰ ਪੜ੍ਹਨਾ ਹੈ।

ਲਫ਼ਜ ‘ਮਹਲਾ’ ਦੇ ਨਾਲ ਵਰਤੇ ਅੰਕ 1, 2, 3, 4, 5, 6 ਦਾ ਉੱਚਾਰਨ-

ਇਸ ਅੰਕ ਨੂੰ ਇਕ, ਦੋ, ਤਿੰਨ, ਚਾਰ, ਪੰਜ ਅਤੇ ਨੌ ਪੜ੍ਹਨਾ ਗਲਤ ਹੈ। ਗੁਰੂ ਗ੍ਰੰਥ ਸਾਹਿਬ ਵਿਚ ਹੇਠ-ਲਿਖੇ ਥਾਈਂ ਇਸ਼ਾਰੇ ਵਜੋਂ ਹਿਦਾਇਤ ਮਿਲਦੀ ਹੈ:-

(1) ਰਾਗੁ ਸਿਰੀ ਰਾਗੁ ਮਹਲਾ ਪਹਿਲਾ (ਪੰਨਾ 14) ਅੰਕ 1 ਨੂੰ ਪੜ੍ਹਨਾ ਹੈ, ‘ਪਹਿਲਾ’।
(2) ਗਉੜੀ ਗੁਆਰੇਰੀ ਮਹਲਾ 4 ਚੳਥਾ (ਪੰਨਾ 163) ਅੰਕ 4 ਨੂੰ ‘ਚਉਥਾ’ ਪੜ੍ਹਨਾ ਹੈ।
(3) ਵਡਹੰਸ ਮਹਲਾ 3 ਤੀਜਾ (ਪੰਨਾ 582)
(4) ਸੋਰਠਿ ਮਹਲਾ 4 ਚਉਥਾ (ਪੰਨਾ 605)
(5) ਸੋਰਠਿ ਮਹਲਾ 1 ਦੁਤੁਕੀ ਪਹਿਲਾ (ਪੰਨਾ 636)
(6) ਧਨਾਸਰੀ ਮਹਲਾ 3 ਤੀਜਾ (ਪੰਨਾ 664)
(7) ਬਸੰਤ ਮਹਲਾ 3 ਤੀਜਾ (ਪੰਨਾ 1169)

ਬੱਸ! ਇਸ ਇਸ਼ਾਰੇ-ਮਾਤਰ ਹਿਦਾਇਤ ਨੂੰ ਅਸਾਂ ਹਰ ਥਾਂ ਵਰਤ ਕੇ ਇਹਨਾਂ ਅੰਕਾਂ ਨੂੰ ਪਹਿਲਾ, ਦੂਜਾ, ਤੀਜਾ, ਚਉਥਾ, ਪੰਜਵਾਂ ਅਤੇ ਨਾਵਾਂ ਪੜ੍ਹਨਾ ਹੈ।

ਨੋਟ:- ਇਹ ਅੰਕ ਸਿਰਫ਼ ਲਫ਼ਜ਼ ‘ਮਹਲਾ’ ਨਾਲ ਹੀ ਨਹੀਂ ਮਿਲਦੇ, ਲਫ਼ਜ਼ ‘ਘਰੁ’ ਦੇ ਨਾਲ ਭੀ ਮਿਲਦੇ ਜਨ, ਉਹਨਾਂ ਨੂੰ ਭੀ ਇਸੇ ਹਿਦਾਇਤ ਅਨੁਸਾਰ ਹੀ ਪੜ੍ਹਨਾ ਹੈ। ਇਕ ਸੱਜਣ ਮੈਨੂੰ ਆ ਕੇ ਕਹਿਣ ਲਗੇ ਕਿ ਜੇ ਲਫ਼ਜ਼ ‘ਮਹਲਾ’ ਦੇ ਅੰਕਾਂ ਵਾਂਗ ਲਫ਼ਜ਼ ‘ਘਰ’ ਦੇ ਅੰਕਾਂ ਦਾ ਉੱਚਾਰਣ ਕੀਤਾ ਗਿਆ ਤਾਂ ‘ਗੁਰੂ’ ਨਾਲ ‘ਤੁੱਲਤਾ’ ਹੋ ਕੇ ਗੁਰੂ ਦੀ ਨਿਰਾਦਰੀ ਹੋਵੇਗੀ। ਗੁਰੂ ਦੀ ਨਿਰਾਦਰੀ ਇਸ ਵਿਚ ਕਿਵੇਂ ਹੋ ਜਾਂਦੀ ਹੈ-ਇਹ ਭੇਤ ਤਾਂ ਇਤਰਾਜ਼ ਕਰਨ ਵਾਲੇ ਉਸ ਸੱਜਣ ਨੂੰ ਹੀ ਪਤਾ ਹੋਵੇਗਾ, ਪਰ ਆਦਰ ਸਮਝੋ ਚਾਹੇ ਨਿਰਾਦਰੀ, ਸਤਿਗੁਰੂ ਜੀ ਆਪ ਹੀ ਇਹ ਜਾਚ ਸਿਖਾ ਗਏ ਹਨ; ਵੇਖੋ:-

(ਪੰਨਾ 23) ਸਿਰੀ ਰਾਗ ਮਹਲਾ 1 ਘਰੁ 2 ‘ਦੂਜਾ’ (ਅੰਕ ‘2’ ਨੂੰ ‘ਦੂਜਾ’ ਪੜ੍ਹਨਾ ਹੈ)

(ਪੰਨਾ 524) ਗੂਜਰੀ ਭਗਤਾਂ ਕੀ ਬਾਣੀ॥ ਸ੍ਰੀ ਕਬੀਰ ਜੀਉ ਕਾ ਚਉਪਦਾ ਘਰੁ 2 ਦੂਜਾ

(ਪੰਨਾ 661) ਧਨਾਸਰੀ ਮਹਲਾ 1 ਘਰੁ ਦੂਜਾ।

ਤੇ, ਗੱਲ ਭੀ ਸਿੱਧੀ ਸਾਫ਼ ਹੈ। ਹਰ ਥਾਂ ਲਫ਼ਜ਼ ‘ਘਰੁ’ ਇਕ-ਵਚਨ ਹੈ, ਹਰ ਥਾਂ ਇਸ ਦੇ ਅੰਤ ਵਿਚ (ੁ) ਹੈ। ਇਸ ਵਾਸਤੇ ਇਸ ਦੇ ਅੰਕ 1, 2, 3, 4, 5, ਆਦਿਕ ਨੂੰ ਪਹਿਲਾ, ਦੂਜਾ, ਤੀਜਾ, ਚਉਥਾ, ਪੰਜਵਾਂ ਆਦਿਕ ਹੀ ਪੜ੍ਹਨਾ ਪਏਗਾ। ਗੁਰੂ ਗ੍ਰੰਥ ਸਾਹਿਬ ਵਿਚ ਸਤਾਰ੍ਹਵੇਂ ‘ਘਰ’ ਤਕ ਜ਼ਿਕਰ ਆਉਂਦਾ ਹੈ। ਜਿਨ੍ਹਾਂ ਦੇ ਹੱਥ ਵਿਚ ਗੁਰਦੁਆਰਿਆਂ ਦੀ ਵਾਗ-ਡੋਰ ਹੈ, ਉਹਨਾਂ ਦਾ ਫ਼ਰਜ਼ ਹੈ ਕਿ ਸਿੱਖ ਰਾਗੀਆਂ ਵਿਚੋਂ ਰਾਗ ਦੀਆਂ ਇਹਨਾਂ ਡੂੰਘਾਈਆਂ ਨੂੰ ਗੁਆਚਣ ਨਾ ਦੇਣ।

ਲਫ਼ਜ਼ ‘ਮਹਲਾ’ ਦਾ ਅਰਥ-

ਸਿਰ-ਲੇਖਾਂ ਵਿਚ ਲਫ਼ਜ਼ ‘ਮਹਲਾ’ ਅਨੇਕਾਂ ਵਾਰੀ ਵਰਤਿਆ ਹੋਇਆ ਹੈ। ਇਹ ਲਫ਼ਜ਼ ਨਿਰਾਰਥਕ ਨਹੀਂ ਹੋ ਸਕਦਾ, ਇਸ ਦਾ ਜ਼ਰੂਰ ਕੋਈ ਢੁਕਵਾਂ ਫਬਵਾਂ ਅਰਥ ਭੀ ਹੋਣਾ ਚਾਹੀਦਾ ਹੈ। ਜੋ ਸੱਜਣ ਇਸ ਨੂੰ ‘ਮਹੱਲਾ’ ਪੜ੍ਹ ਰਹੇ ਹਨ, ਉਹ ਹੁਣ ਤਕ ਇਸ ਦਾ ਕੋਈ ਢੁੱਕਵਾਂ ਅਰਥ ਨਹੀਂ ਦੱਸ ਸਕਦੇ, ਤੇ, ਇਹ ਅਸੀਂ ਵੇਖ ਚੁਕੇ ਹਾਂ ਕਿ ਲਫ਼ਜ਼ ‘ਘਰ’ ਨਾਲ ਇਸ ਦਾ ਕੋਈ ਜੋੜ ਨਹੀਂ ਬਣਦਾ।

ਕਈ ਪੁਰਾਣੇ ਸੰਪ੍ਰਦਾਈ ਵਿਦਵਾਨ ਸੱਜਣ ਇਸ ਨੂੰ ਸੰਸਕ੍ਰਿਤ ਦਾ ਲਫ਼ਜ਼ ‘ਮਹਿਲਾ’ ਸਮਝਦੇ ਹਨ, ਜਿਸ ਦਾ ਅਰਥ ‘ਇਸਤ੍ਰੀ’ ਹੈ। ਉਹ ਸੱਜਣ ਆਪਣੇ ਇਸ ਖ਼ਿਆਲ ਦੀ ਪੁਸ਼ਟੀ ਵਿਚ ਇਹ ਦਲੀਲ ਦੇਂਦੇ ਹਨ ਕਿ ਸਤਿਗੁਰੂ ਜੀ ਨੇ ਆਪਣੇ ਆਪ ਨੂੰ ਪ੍ਰਭੂ-ਪਤੀ ਦੀ ‘ਇਸਤ੍ਰੀ’ ਮਿਥ ਕੇ ਬਾਣੀ ਲਿਖੀ ਹੈ, ਇਸ ਵਾਸਤੇ ਸਿਰ-ਲੇਖ ਵਿਚ ਆਪਣੇ ਆਪ ਨੂੰ ‘ਮਹਿਲਾ’ (ਇਸਤ੍ਰੀ) ਆਖਿਆ ਹੈ। ਪਰ ਇਹ ਅਰਥ ਵਿਅਕਰਨ ਦੀ ਕਸਵੱਟੀ ਉਤੇ ਪੂਰਾ ਨਹੀਂ ਉਤਰਦਾ। ਅਸੀਂ ਪਿਛੇ ਵੇਖ ਆਏ ਹਾਂ ਕਿ ਇਸ ਲਫ਼ਜ਼ ‘ਮਹਲਾ’ ਦੇ ਨਾਲ ਦਾ ਅੰਕ ਸਹੀ ਤਰੀਕੇ ਨਾਲ ਉਚਾਰਨ ਦੀ ਜਾਚ ਸਿਖਾਣ ਲਈ ਸਤਿਗੁਰੂ ਜੀ ਨੇ ਆਪ ਹੀ ਸੱਤ ਥਾਂਵਾ ’ਤੇ ਹਿਦਾਇਤ ਕਰ ਦਿੱਤੀ ਹੈ, ਅੰਕ 1 ਵਾਸਤੇ ‘ਪਹਿਲਾ’, ਅੰਕ 3 ਵਾਸਤੇ ‘ਤੀਜਾ’ ਅਤੇ ਅੰਕ 4 ਵਾਸਤੇ ਲਫ਼ਜ਼ ‘ਚਉਥਾ’ ਵਰਤਿਆ ਹੈ। ਪਰ ਲਫ਼ਜ਼ ‘ਪਹਿਲਾ, ਤੀਜਾ, ਚਉਥਾ ਪੁਲਿੰਗ ਹਨ, ਅਤੇ ਲਫ਼ਜ਼ ‘ਮਹਿਲਾ’ (=ਇਸਤ੍ਰੀ) ਇਸਤ੍ਰੀ-ਲਿੰਗ ਹੈ, ਜੇ ਸਿਰ-ਲੇਖ ਵਾਲਾ ਲਫ਼ਜ਼ ‘ਮਹਲਾ’ ਇਸਤ੍ਰੀ-ਵਾਚਕ ਹੁੰਦਾ ਤਾਂ ਅੰਕ 1, 3, 4 ਵਾਸਤੇ ਲਫ਼ਜ਼ ਪਹਿਲੀ, ਤੀਜੀ, ਚਉਥੀ ਵਰਤਦੇ। ਇਸੇ ਤਰ੍ਹਾਂ ‘ਆਸਾ ਦੀ ਵਾਰ’ ਦੇ ਸਿਰ-ਲੇਖ ‘ਸਲੋਕ ਭੀ ਮਹਲੇ ਪਹਿਲੇ ਕੇ ਲਿਖੇ’, ਦੇ ਥਾਂ ‘ਸਲੋਕ ਭੀ ਮਹਿਲਾ ਪਹਿਲੀ ਕੇ ਲਿਖੇ’ ਹੁੰਦਾ। ਭੱਟਾਂ ਦੇ ਸਵਈਆਂ ਵਿਚ ਅਸੀਂ ਹੇਠ-ਲਿਖੇ ਸਿਰ-ਲੇਖ ਪੜ੍ਹਦੇ ਹਾਂ:-

ਸਵਈਏ ਮਹਲੇ ਪਹਿਲੇ ਕੇ 1
ਸਵਈਏ ਮਹਲੇ ਦੂਜੇ ਕੇ 2
ਸਵਈਏ ਮਹਲੇ ਤੀਜੇ ਕੇ 3
ਸਵਈਏ ਮਹਲੇ ਚਉਥੇ ਕੇ 4
ਸਵਈਏ ਮਹਲੇ ਪੰਜਵੇਂ ਕੇ 5
ਜੇ ਲਫ਼ਜ਼ ‘ਮਹਲਾ’ ਸੰਸਕ੍ਰਿਤ ਦਾ ਲਫ਼ਜ਼ ‘ਮਹਿਲਾ’ ਹੁੰਦਾ, ਤਾਂ ਇਹਨਾਂ ਸਿਰ-ਲੇਖਾਂ ਦੇ ਥਾਂ ਭੀ ਅਸੀਂ ਹੇਠ-ਲਿਖੇ ਸਿਰਲੇਖ ਵੇਖਦੇ:-
ਸਵਈਏ ਮਹਿਲਾ ਪਹਿਲੀ ਕੇ 1
ਸਵਈਏ ਮਹਿਲਾ ਦੂਜੀ ਕੇ 2
ਸਵਈਏ ਮਹਿਲਾ ਤੀਜੀ ਕੇ 3
ਸਵਈਏ ਮਹਿਲਾ ਚਉਥੀ ਕੇ 4
ਸਵਈਏ ਮਹਿਲਾ ਪੰਜਵੀਂ ਕੇ 5

ਨੋਟ:- ‘ਗੰਡਾ’ ‘ਝੰਡਾ’ ਆਦਿਕ ਲਫ਼ਜ਼ ਪੁਲਿੰਗ ਹਨ। ਇਹਨਾਂ ਨਾਲ ਕੋਈ ‘ਸੰਬੰਧਕ’ ਆਵੇ ਤਾਂ ਅਖ਼ੀਰਲੇ (ਾ) ਦੀ ਥਾਂ (ੇ) ਬਣ ਜਾਂਦੀ ਹੈ; ਜਿਵੇਂ ਗੰਡੇ ਦੀ ਕਿਤਾਬ, ਝੰਡੇ ਦੀ ਦੁਕਾਨ। ਲਫ਼ਜ਼ ‘ਕਮਲਾ, ਬਿਮਲਾ’ ਇਸਤਰੀ-ਲਿੰਗ ਹਨ; ਸੰਬੰਧਕ ਦੇ ਨਾਲ ਇਹਨਾਂ ਦੀ ਸ਼ਕਲ ਵਿਚ ਕੋਈ ਫ਼ਰਕ ਨਹੀਂ ਪੈਂਦਾ; ਜਿਵੇਂ, ਕਮਲਾ ਦੀ ਕਲਮ, ਬਿਮਲਾ ਦਾ ਕੁੜਤਾ। ਇਸੇ ਤਰ੍ਹਾਂ ਜੇ ਲਫ਼ਜ਼ ‘ਮਹਲਾ’ ਇਸਤ੍ਰੀ-ਵਾਚਕ ਹੰਦਾ ਤਾਂ, ‘ਮਹਲਾ’ ਤੋਂ ‘ਮਹਲੇ’ ਨਾਹ ਬਣਦਾ; ਸਲੋਕ ਭੀ ‘ਮਹਲੇ ਪਹਿਲੇ ਕੇ’ ਨਾਹ ਹੁੰਦਾ।

ਸੋ, ਇਸ ਵਿਚ ਕੋਈ ਸ਼ੱਕ ਨਹੀਂ ਰਿਹਾ ਕਿ ਸਿਰ-ਲੇਖ ਵਾਲਾ ਲਫ਼ਜ਼ ‘ਮਹਲਾ’ ਸੰਸਕ੍ਰਿਤ ਦਾ ਲਫ਼ਜ਼ ‘ਮਹਿਲਾ’ ਨਹੀਂ ਹੈ ਅਤੇ ਇਸ ਦਾ ਅਰਥ ਭੀ ‘ਇਸਤ੍ਰੀ’ ਨਹੀਂ।

ਅਰਥ ਅਨੁਸਾਰ ਚਾਰ ਹਿੱਸੇ

ਗੁਰਬਾਣੀ ਵਿਚ ਵਰਤੇ ਲਫ਼ਜ਼ ‘ਮਹਲ’ ਅਤੇ ‘ਮਹਲਾ’ ਦੇ ਅਰਥ ਅਨੁਸਾਰ ਪ੍ਰਮਾਣਾਂ ਦੀ ਵੰਡ ਚਾਰ ਹਿੱਸਿਆਂ ਵਿਚ ਕੀਤੀ ਜਾ ਸਕਦੀ ਹੈ:-

(2) ‘ਮਹਲਾ’— ਇਸਤ੍ਰੀ

‘ਮਹਲ’ ਕੁਚਜੀ ਮੜਵੜੀ ਕਾਲੀ ਮਨਹੁ ਕੁਸੁਧ।1।5॥

ਸ਼ਲੋਕ ਮ: 1, ਮਾਰੂ ਕੀ ਵਾਰ ਮ: 3 (ਪੰਨਾ 1088)

(2) ‘ਮਹਲੁ’-ਘਰ, ਟਿਕਾਣਾ, ਉਹ ਆਤਮਕ ਅਵਸਥਾ ਜਿੱਥੇ ਪਰਮਾਤਮਾ ਸਾਖਿਆਤ ਹੋ ਜਾਂਦਾ ਹੈ:-

ਖੋਜਤ ਖੋਜਤ ਦੁਆਰੇ ਆਇਆ ॥ ਤਾਂ ਨਾਨਕ ਜੋਗੀ ‘ਮਹਲੁ’ ਘਰੁ ਪਾਇਆ ॥4॥12॥ ਰਾਮਕਲੀ ਮ: ਪ (ਪੰਨਾ 886)

ਖੋਲਿ ਕਿਵਾਰਾ ‘ਮਹਲਿ’ ਬੁਲਾਇਆ ॥ ਰਾਮਕਲੀ ਮ: 5

(ਮਹਲਿ-ਮਹਲ ਵਿਚ)

ਗੁਰਪ੍ਰਸਾਦਿ ਕੋ ਇਹ ‘ਮਹਲੁ’ ਪਾਵੈ ॥ ਰਾਮਕਲੀ ਮ: 5 (ਪੰਨਾ 889)

ਦੁਬਿਧਾ ਰਾਤੇ ‘ਮਹਲੁ’ ਨ ਪਾਵਹਿ ॥ 7 ॥ 4 ॥ ਰਾਮਕਲੀ ਮ: 1 (ਪੰਨਾ 904)

ਅੰਤਰਿ ਬਾਹਰਿ ਏਕੁ ਪਛਾਣੈ ਇਉ ਘਰੁ ‘ਮਹਲੁ’ ਸਿਞਾਪੈ ॥ ਮ: 1 ‘ਓਅੰਕਾਰ’ (ਪੰਨਾ 930)

(3) ‘ਮਹਲ’ , ‘ਮਹਲਾ’— ਵੱਡੀਆਂ ਵੱਡੀਆਂ ਇਮਾਰਤਾਂ, ਪੱਕੇ ਘਰ।

ਦਾਤਾ ਦਾਨੁ ਕਰੈ ਤਹ ਨਾਹੀ, ‘ਮਹਲ’ ਉਸਾਰਿ ਨ ਬੈਠਾ ॥ 2 ॥ 1 ॥ ਰਾਮਕਲੀ ਮ: 1, (ਪੰਨਾ 902)

ਗੜ ਮੰਦਰ ‘ਮਹਲਾ’ ਕਹਾ, ਜਿਉ ਬਾਜੀ ਦੀਬਾਣੁ ॥42॥ ਓਅੰਕਾਰੁ (ਪੰਨਾ 936)

ਆਪੇ ਕੁਦਰਤਿ ਸਾਜੀਅਨੁ ਕਰਿ ‘ਮਹਲ’ ਸਰਾਈ ॥1॥ ਰਾਮਕਲੀ ਕੀ ਵਾਰ ਮ: 3 (ਪੰਨਾ 947)

(4) ‘ਮਹਲਾ’-ਕਾਇਆਂ, ਸਰੀਰ।

ਸਬਦੇ ਪਤੀਜੈ ਅੰਕੁ ਭੀਜੈ, ਸੁ ਮਹਲੁ ‘ਮਹਲਾ’ ਅੰਤਰੇ ॥ 8 ॥ 5 ॥ ਸੂਹੀ ਛੰਤ ਮ: 1 (ਪੰਨਾ 767)

ਮਹਲਾ ਅੰਤਰੇ-ਸਭ ਸਰੀਰਾਂ ਵਿਚ।

‘ਮਹਲਾ’ ਅੰਦਰਿ ਗੈਰ ਮਹਲੁ ਪਾਏ, ਭਾਣਾ ਬੁਝਿ ਸਮਾਹਾ ਹੇ ॥ 14 ॥ 5 ॥ 14 ॥ ਮਾਰੂ ਮ: 3 ਸੋਲਹੇ (ਪੰਨਾ 1058)

ਮਹਲਾ ਅੰਦਰਿ-ਸਰੀਰਾਂ ਵਿਚ।

ਗਉੜੀ ਮ: 5 ॥ ਓਹੁ ਅਬਿਨਾਸੀ ਰਾਇਆ ॥ 1 ॥ ਨਿਰਭਉ ਸੰਗਿ ਤੁਮਾਰੈ ਬਸਤੇ, ਇਹ ਡਰਨੁ ਕਹਾਂ ਤੇ ਆਇਆ ॥2॥

ਏਕ ‘ਮਹਲਿ’ ਤੂੰ ਹੋਹਿ ਅਫਾਰੋ, ਏਕ ‘ਮਹਲਿ’ ਨਿਮਾਨੋ ॥ ਏਕ ‘ਮਹਲਿ’ ਤੂੰ ਆਪੇ ਆਪੇ, ਏਕ ‘ਮਹਲਿ’ ਗਰੀਬਾਨੋ ॥ 1 ॥ ਏਕ ‘ਮਹਲਿ’ ਤੂੰ ਪੰਡਿਤੁ ਬਕਤਾ, ਏਕ ‘ਮਹਲਿ’ ਖਲੁ ਹੋਤਾ ॥ ਏਕ ‘ਮਹਲਿ’ ਤੂੰ ਸਭੁ ਕਿਛੁ ਗ੍ਰਾਹਜੁ, ਏਕ ‘ਮਹਲਿ’ ਕਛੂ ਨ ਲੇਤਾ ॥2॥5॥126॥ (ਪੰਨਾ 206)

ਮਹਲੁ-ਸਰੀਰ। ਮਹਲਿ-ਸਰੀਰ ਵਿਚ।

ਸਤਿਗੁਰੂ ਜੀ ਦੀ ਲਿਖੀ ਹੋਈ ਬਾਣੀ ਵਿਚ ਨਾਮ ਕੇਵਲ ‘ਨਾਨਕ’ ਹੀ ਆਉਂਦਾ ਹੈ। ਇਹ ਨਿਰਨਾ ਕਰਨ ਲਈ ਕਿ ਕਿਹੜੀ ਬਾਣੀ ਕਿਸ ਗੁਰ-ਵਿਅਕਤੀ ਦੀ ਹੈ, ਲਫ਼ਜ਼ ‘ਮਹਲਾ’ ਵਰਤਿਆ ਗਿਆ ਹੈ। ਅੰਕ ਨੰ: 4 ਵਿਚ ਦਿੱਤੇ ਗਏ ਪ੍ਰਮਾਣਾਂ ਅਨੁਸਾਰ ਇਸ ਲਫ਼ਜ਼ ‘ਮਹਲਾ’ ਦਾ ਅਰਥ ਹੈ ‘ਸਰੀਰ’।

‘ਮਹਲਾ ਪਹਿਲਾ’ ਦਾ ਅਰਥ ਹੈ-ਗੁਰੂ ਨਾਨਕ ਪਹਿਲਾ ਸਰੀਰ

‘ਮਹਲਾ ਦੂਜਾ’ ਦਾ ਅਰਥ ਹੈ- ਗੁਰੂ ਨਾਨਕ ਦੂਜਾ ਸਰੀਰ (ਗੁਰੂ ਅੰਗਦ ਜੀ)

‘ਮਹਲਾ ਤੀਜਾ’ ਦਾ ਅਰਥ ਹੈ-ਗੁਰੂ ਨਾਨਕ ਤੀਜਾ ਸਰੀਰ (ਗੁਰੂ ਅਮਰਦਾਸ ਜੀ)

ਸੱਤੇ ਬਲਵੰਡ ਦੀ ਵਾਰ ਵਿਚ ਬਲਵੰਡ ਲਿਖਦਾ ਹੈ-

ਲਹਣੇ ਦੀ ਫੇਰਾਈਐ, ਨਾਨਕਾ ਦੋਹੀ ਖਟੀਐ ॥ ਜੋਤਿ ਓਹਾ ਜੁਗਤਿ ਸਾਇ, ਸਹਿ ‘ਕਾਇਆ’ ਫੇਰਿ ਪਲਟੀਐ ॥ 2॥ (ਪੰਨਾ 966)

ਭਾਈ ਗੁਰਦਾਸ ਜੀ ਭੀ ਲਿਖਦੇ ਹਨ-

ਅਰਜੁਨ ‘ਕਾਇਆ’ ਪਲਟਿ ਕੈ, ਮੂਰਤਿ ਹਰਿ ਗੋਬਿੰਦ ਸਵਾਰੀ ॥

ਉੱਚਾਰਨ

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਲਫ਼ਜ਼ ‘ਰਹਤ’, ‘ਬਹਰੇ’, ‘ਬਹਲੇ’, ਸਹਜੇ’; ‘ਗਹਲਾ’, ‘ਟਹਲ’, ‘ਮਹਰੇਰ’ ਅਤੇ ਇਹੋ ਜਿਹੇ ਹੋਰ ਭੀ ਕਈ ਲਫ਼ਜ਼ ਆਉਂਦੇ ਹਨ, ਜਿੰਨ੍ਹਾਂ ਵਿਚ ਅੱਖਰ ‘ਹ’ ਆਉਂਦਾ ਹੈ। ਜਿਵੇਂ ਇਹਨਾਂ ਲਫ਼ਜ਼ਾਂ ਦਾ ਉੱਚਾਰਨ ਕੀਤਾ ਜਾਂਦਾ ਹੈ, ਤਿਵੇਂ ਲਫ਼ਜ਼ ‘ਮਹਲਾ’ ਦਾ ਉੱਚਾਰਨ ਕਰਨਾ ਹੈ।

ਸਿਰ-ਲੇਖ ਵਿਚ ਕਿਤੇ ਕਿਤੇ ਲਫ਼ਜ਼ ‘ਮਹਲਾ’ ਦੇ ਥਾਂ ਲਫ਼ਜ਼ ‘ਮਹਲੁ’ ਭੀ ਅਉਂਦਾ ਹੈ (ਵੇਖੋ ਪੰਨਾ 16 ਸ਼ਬਦ ਨੰ: 6, ਅਤੇ ਪੰਨਾ 18 ਸ਼ਬਦ ਨੰ: 12) ਜੇ ਲਫ਼ਜ਼ ‘ਮਹਲਾ’ ਦਾ ਉੱਚਾਰਨ ‘ਮਹੱਲਾ’ ਹੁੰਦਾ, ਤਾਂ ਲਫ਼ਜ਼ ‘ਮਹਲੁ’ ਨੂੰ ਭੀ ‘ਮਹੱਲ’ ਉੱਚਾਰਨ ਪੈਂਦਾ। ਪਰ ਲਫ਼ਜ਼ ‘ਮਹੱਲਾ’ ਅਤੇ ‘ਮਹੱਲ’ ਦਾ ਵੱਖ ਵੱਖ ਅਰਥ ਹੈ। ਸੋ, ਇਹ ਉੱਚਾਰਨ ਠੀਕ ਨਹੀਂ ਹੈ।

TOP OF PAGE