ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 534

ਦੇਵਗੰਧਾਰੀ ੫ ॥ ਅੰਮ੍ਰਿਤਾ ਪ੍ਰਿਅ ਬਚਨ ਤੁਹਾਰੇ ॥ ਅਤਿ ਸੁੰਦਰ ਮਨਮੋਹਨ ਪਿਆਰੇ ਸਭਹੂ ਮਧਿ ਨਿਰਾਰੇ ॥੧॥ ਰਹਾਉ ॥ ਰਾਜੁ ਨ ਚਾਹਉ ਮੁਕਤਿ ਨ ਚਾਹਉ ਮਨਿ ਪ੍ਰੀਤਿ ਚਰਨ ਕਮਲਾਰੇ ॥ ਬ੍ਰਹਮ ਮਹੇਸ ਸਿਧ ਮੁਨਿ ਇੰਦ੍ਰਾ ਮੋਹਿ ਠਾਕੁਰ ਹੀ ਦਰਸਾਰੇ ॥੧॥ ਦੀਨੁ ਦੁਆਰੈ ਆਇਓ ਠਾਕੁਰ ਸਰਨਿ ਪਰਿਓ ਸੰਤ ਹਾਰੇ ॥ ਕਹੁ ਨਾਨਕ ਪ੍ਰਭ ਮਿਲੇ ਮਨੋਹਰ ਮਨੁ ਸੀਤਲ ਬਿਗਸਾਰੇ ॥੨॥੩॥੨੯॥ {ਪੰਨਾ 534}

ਪਦਅਰਥ: ਅੰਮ੍ਰਿਤਾ = ਆਤਮਕ ਜੀਵਨ ਦੇਣ ਵਾਲੇ। ਪ੍ਰਿਅ = ਹੇ ਪਿਆਰੇ! ਮਨਮੋਹਨ– ਹੇ ਮਨ ਨੂੰ ਮੋਹਣ ਵਾਲੇ! ਮਧਿ = ਵਿਚ। ਨਿਰਾਰੇ = ਹੇ ਵੱਖਰੇ ਰਹਿਣ ਵਾਲੇ!੧।

ਚਾਹਉ = ਚਾਹਉਂ, ਮੈਂ ਚਾਹੁੰਦਾ ਹਾਂ। ਮਨਿ = ਮਨ ਵਿਚ। ਚਰਨ ਕਮਲ = ਕੌਲ = ਫੁੱਲਾਂ ਵਰਗੇ ਚਰਨ। ਮਹੇਸ = ਸ਼ਿਵ। ਸਿਧ = ਜੋਗ = ਸਾਧਨਾਂ ਵਿਚ ਪੁੱਗੇ ਹੋਏ ਜੋਗੀ, ਕਰਾਮਾਤੀ ਜੋਗੀ। ਮੋਹਿ = ਮੈਨੂੰ।੧।

ਦੁਆਰੈ ਦਰ ਤੇ। ਹਾਰੇ = ਹਾਰਿ, ਹਾਰ ਕੇ। ਮਨੋਹਰ = ਮਨ ਨੂੰ ਮੋਹਣ ਵਾਲੇ। ਬਿਗਸਾਰੇ = ਖਿੜ ਪੈਂਦਾ ਹੈ।੨।

ਅਰਥ: ਹੇ ਪਿਆਰੇ! ਹੇ ਬੇਅੰਤ ਸੁੰਦਰ! ਹੇ ਪਿਆਰੇ ਮਨ ਮੋਹਣ! ਹੇ ਸਭ ਜੀਵਾਂ ਵਿਚ ਅਤੇ ਸਭ ਤੋਂ ਵੱਖਰੇ ਰਹਿਣ ਵਾਲੇ ਪ੍ਰਭੂ! ਤੇਰੀ ਸਿਫ਼ਤਿ-ਸਾਲਾਹ ਦੇ ਬਚਨ ਆਤਮਕ ਜੀਵਨ ਦੇਣ ਵਾਲੇ ਹਨ।੧।ਰਹਾਉ।

ਹੇ ਪਿਆਰੇ ਪ੍ਰਭੂ! ਮੈਂ ਰਾਜ ਨਹੀਂ ਮੰਗਦਾ, ਮੈਂ ਮੁਕਤੀ ਨਹੀਂ ਮੰਗਦਾ, (ਮੇਹਰ ਕਰ, ਸਿਰਫ਼ ਤੇਰੇ) ਸੋਹਣੇ ਕੋਮਲ ਚਰਨਾਂ ਦਾ ਪਿਆਰ ਮੇਰੇ ਮਨ ਵਿਚ ਟਿਕਿਆ ਰਹੇ। (ਹੇ ਭਾਈ! ਲੋਕ ਤਾਂ) ਬ੍ਰਹਮਾ, ਸ਼ਿਵ ਕਰਾਮਾਤੀ ਜੋਗੀ, ਰਿਸ਼ੀ, ਮੁਨੀ ਇੰਦ੍ਰ (ਆਦਿਕ ਦਾ ਦਰਸਨ ਚਾਹੁੰਦੇ ਹਨ, ਪਰ) ਮੈਨੂੰ ਮਾਲਕ-ਪ੍ਰਭੂ ਦਾ ਦਰਸਨ ਹੀ ਚਾਹੀਦਾ ਹੈ।੧।

ਹੇ ਠਾਕੁਰ! ਮੈਂ ਗਰੀਬ ਤੇਰੇ ਦਰ ਤੇ ਆਇਆ ਹਾਂ, ਮੈਂ ਹਾਰ ਕੇ ਤੇਰੇ ਸੰਤਾਂ ਦੀ ਸਰਨ ਆ ਪਿਆ ਹਾਂ। ਹੇ ਨਾਨਕ! ਆਖ-ਜਿਸ ਮਨੁੱਖ ਨੂੰ) ਮਨ ਮੋਹਣ ਵਾਲੇ ਪ੍ਰਭੂ ਜੀ ਮਿਲ ਪੈਂਦੇ ਹਨ ਉਸ ਦਾ ਮਨ ਸ਼ਾਂਤ ਹੋ ਜਾਂਦਾ ਹੈ, ਖਿੜ ਪੈਂਦਾ ਹੈ।੨।੩।੨੯।

ਦੇਵਗੰਧਾਰੀ ਮਹਲਾ ੫ ॥ ਹਰਿ ਜਪਿ ਸੇਵਕੁ ਪਾਰਿ ਉਤਾਰਿਓ ॥ ਦੀਨ ਦਇਆਲ ਭਏ ਪ੍ਰਭ ਅਪਨੇ ਬਹੁੜਿ ਜਨਮਿ ਨਹੀ ਮਾਰਿਓ ॥੧॥ ਰਹਾਉ ॥ ਸਾਧਸੰਗਮਿ ਗੁਣ ਗਾਵਹ ਹਰਿ ਕੇ ਰਤਨ ਜਨਮੁ ਨਹੀ ਹਾਰਿਓ ॥ ਪ੍ਰਭ ਗੁਨ ਗਾਇ ਬਿਖੈ ਬਨੁ ਤਰਿਆ ਕੁਲਹ ਸਮੂਹ ਉਧਾਰਿਓ ॥੧॥ ਚਰਨ ਕਮਲ ਬਸਿਆ ਰਿਦ ਭੀਤਰਿ ਸਾਸਿ ਗਿਰਾਸਿ ਉਚਾਰਿਓ ॥ ਨਾਨਕ ਓਟ ਗਹੀ ਜਗਦੀਸੁਰ ਪੁਨਹ ਪੁਨਹ ਬਲਿਹਾਰਿਓ ॥੨॥੪॥੩੦॥ {ਪੰਨਾ 534}

ਪਦਅਰਥ: ਜਪਿ = ਜਪ ਕੇ। ਪਾਰਿ ਉਤਾਰਿਓ = ਪਾਰ ਲੰਘਾ ਲਿਆ ਜਾਂਦਾ ਹੈ। ਬਹੁੜਿ = ਮੁੜ। ਜਨਮਿ = ਜਨਮ ਵਿਚ। ਨਹੀ ਮਾਰਿਓ = ਨਹੀਂ ਮਾਰਿਆ ਜਾਂਦਾ।੧।ਰਹਾਉ।

ਸੰਗਮਿ = ਮਿਲਾਪ ਵਿਚ। ਗਾਵਹ = ਆਓ ਅਸੀ ਗਾਵੀਏ {ਵਰਤਮਾਨ ਕਾਲ, ਉੱਤਮ ਪੁਰਖ, ਬਹੁ-ਵਚਨ} ਗਾਇ = ਗਾ ਕੇ। ਬਿਖੈ ਬਨੁ = ਵਿਸ਼ਿਆਂ ਦੇ ਜ਼ਹਿਰ ਵਾਲਾ ਜਲ {वनं कानने जले}ਕੁਲਹ ਸਮੂਹ = ਸਾਰੀਆਂ ਕੁਲਾਂ।੧।

ਰਿਦ = ਹਿਰਦਾ। ਸਾਸਿ ਗਿਰਾਸਿ = ਹਰੇਕ ਸਾਹ ਤੇ ਗਿਰਾਹੀ ਦੇ ਨਾਲ। ਓਟ = ਆਸਰਾ। ਗਹੀ = ਫੜੀ। ਜਗਦੀਸੁਰ = ਜਗਤ ਦੇ ਈਸ਼੍ਵਰ ਦਾ। ਪੁਨਹ ਪੁਨਹ = ਮੁੜ ਮੁੜ।੨।

ਅਰਥ: ਹੇ ਭਾਈ! ਪਰਮਾਤਮਾ ਦਾ ਨਾਮ ਜਪ ਕੇ ਪਰਮਾਤਮਾ ਦਾ ਸੇਵਕ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲਿਆ ਜਾਂਦਾ ਹੈ। ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ ਉਸ ਸੇਵਕ ਦੇ ਆਪਣੇ ਬਣ ਜਾਂਦੇ ਹਨ, ਪ੍ਰਭੂ ਉਸ ਨੂੰ ਮੁੜ ਮੁੜ ਜਨਮ ਮਰਨ ਵਿਚ ਨਹੀਂ ਪਾਂਦਾ।੧।ਰਹਾਉ।

ਹੇ ਭਾਈ! ਆਓ ਅਸੀ ਗੁਰੂ ਦੀ ਸੰਗਤਿ ਵਿਚ ਬੈਠ ਕੇ ਪਰਮਾਤਮਾ ਦੇ ਗੁਣ ਗਾਵੀਏ। ਹੇ ਭਾਈ! ਪ੍ਰਭੂ ਦਾ ਸੇਵਕ (ਗੁਣ ਗਾ ਕੇ) ਆਪਣਾ ਸ੍ਰੇਸ਼ਟ ਮਨੁੱਖਾ ਜਨਮ ਅਜਾਈਂ ਨਹੀਂ ਗਵਾਂਦਾ। ਪ੍ਰਭੂ ਦੇ ਗੁਣ ਗਾ ਕੇ ਸੇਵਕ ਵਿਸ਼ਿਆਂ ਦੇ ਜਲ ਨਾਲ ਭਰੇ ਸੰਸਾਰ-ਸਮੁੰਦਰ ਤੋਂ ਆਪ ਪਾਰ ਲੰਘ ਜਾਂਦਾ ਹੈ, ਆਪਣੀਆਂ ਸਾਰੀਆਂ ਕੁਲਾਂ ਨੂੰ ਭੀ (ਉਸ ਵਿਚ ਡੁੱਬਣੋਂ) ਬਚਾ ਲੈਂਦਾ ਹੈ।੧।

ਹੇ ਭਾਈ! ਸੇਵਕ ਦੇ ਹਿਰਦੇ ਵਿਚ ਪਰਮਾਤਮਾ ਦੇ ਸੋਹਣੇ ਚਰਨ ਸਦਾ ਵੱਸਦੇ ਰਹਿੰਦੇ ਹਨ, ਸੇਵਕ ਹਰੇਕ ਸਾਹ ਨਾਲ ਹਰੇਕ ਗਿਰਾਹੀ ਨਾਲ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਹੈ। ਹੇ ਨਾਨਕ! ਸੇਵਕ ਨੇ ਜਗਤ ਦੇ ਮਾਲਕ ਪਰਮਾਤਮਾ ਦਾ ਆਸਰਾ ਲਿਆ ਹੁੰਦਾ ਹੈ, ਮੈਂ ਉਸ ਸੇਵਕ ਤੋਂ ਮੁੜ ਮੁੜ ਕੁਰਬਾਨ ਜਾਂਦਾ ਹਾਂ।੨।੪।੩੦।

ਰਾਗੁ ਦੇਵਗੰਧਾਰੀ ਮਹਲਾ ੫ ਘਰੁ ੪    ੴ ਸਤਿਗੁਰ ਪ੍ਰਸਾਦਿ ॥ ਕਰਤ ਫਿਰੇ ਬਨ ਭੇਖ ਮੋਹਨ ਰਹਤ ਨਿਰਾਰ ॥੧॥ ਰਹਾਉ ॥ ਕਥਨ ਸੁਨਾਵਨ ਗੀਤ ਨੀਕੇ ਗਾਵਨ ਮਨ ਮਹਿ ਧਰਤੇ ਗਾਰ ॥੧॥ ਅਤਿ ਸੁੰਦਰ ਬਹੁ ਚਤੁਰ ਸਿਆਨੇ ਬਿਦਿਆ ਰਸਨਾ ਚਾਰ ॥੨॥ ਮਾਨ ਮੋਹ ਮੇਰ ਤੇਰ ਬਿਬਰਜਿਤ ਏਹੁ ਮਾਰਗੁ ਖੰਡੇ ਧਾਰ ॥੩॥ ਕਹੁ ਨਾਨਕ ਤਿਨਿ ਭਵਜਲੁ ਤਰੀਅਲੇ ਪ੍ਰਭ ਕਿਰਪਾ ਸੰਤ ਸੰਗਾਰ ॥੪॥੧॥੩੧॥ {ਪੰਨਾ 534}

ਪਦਅਰਥ: ਬਨ = ਜੰਗਲ। ਭੇਖ = ਸਾਧੂਆਂ ਵਾਲੇ ਪਹਿਰਾਵੇ। ਮੋਹਨ– ਸੋਹਣਾ ਪ੍ਰਭੂ। ਨਿਰਾਰ = ਵੱਖਰਾ।੧।ਰਹਾਉ।

ਕਥਨ ਸੁਨਾਵਨ = (ਹੋਰਨਾਂ ਨੂੰ ਉਪਦੇਸ਼) ਕਹਿਣ ਸੁਣਾਣ ਵਾਲੇ। ਨੀਕੇ = ਸੋਹਣੇ। ਗਾਰ = (गर्व) ਅਹੰਕਾਰ।੧।

ਰਸਨਾ = ਜੀਭ। ਚਾਰ = ਸੋਹਣੀ (चारु) ੨।

ਬਿਬਰਜਿਤ = ਬਚੇ ਰਹਿਣਾ। ਮਾਰਗੁ = ਰਸਤਾ। ਖੰਡੇ ਧਾਰ = ਖੰਡੇ ਦੀ ਧਾਰ ਵਰਗਾ ਬਾਰੀਕ।੩।

ਨਾਨਕ = ਹੇ ਨਾਨਕ! ਤਿਨਿ = ਉਸ (ਮਨੁੱਖ) ਨੇ। ਭਵਜਲੁ = ਸੰਸਾਰ = ਸਮੁੰਦਰ। ਸੰਗਾਰ = ਸੰਗਤਿ।੪।

ਅਰਥ: (ਹੇ ਭਾਈ! ਜੇਹੜੇ ਮਨੁੱਖ ਤਿਆਗੀ ਸਾਧੂਆਂ ਵਾਲੇ) ਭੇਖ ਕਰ ਕੇ ਜੰਗਲ ਵਿਚ ਤੁਰੇ ਫਿਰਦੇ ਹਨ, ਸੋਹਣਾ ਪ੍ਰਭੂ ਉਹਨਾਂ ਤੋਂ ਵੱਖਰਾ ਹੀ ਰਹਿੰਦਾ ਹੈ।੧।ਰਹਾਉ।

ਹੇ ਭਾਈ! ਜੇਹੜੇ ਮਨੁੱਖ ਹੋਰਨਾਂ ਨੂੰ ਉਪਦੇਸ਼ ਕਹਿਣ ਸੁਣਾਣ ਵਾਲੇ ਹਨ, ਜੇਹੜੇ ਸੋਹਣੇ ਸੋਹਣੇ ਗੀਤ ਭੀ ਗਾਣ ਵਾਲੇ ਹਨ ਉਹ (ਆਪਣੇ ਇਸ ਗੁਣ ਦਾ) ਮਨ ਵਿਚ ਅਹੰਕਾਰ ਬਣਾਈ ਰੱਖਦੇ ਹਨ (ਮੋਹਨ ਪ੍ਰਭੂ ਉਹਨਾਂ ਤੋਂ ਭੀ ਵੱਖਰਾ ਰਹਿੰਦਾ ਹੈ) ੧।

ਹੇ ਭਾਈ! ਵਿੱਦਿਆ ਦੀ ਬਰਕਤਿ ਨਾਲ ਜਿਨ੍ਹਾਂ ਦੀ ਜੀਭ ਸੋਹਣੀ (ਬੋਲਣ ਵਾਲੀ ਬਣ ਜਾਂਦੀ) ਹੈ, ਜੋ ਵੇਖਣ ਨੂੰ ਬੜੇ ਸੋਹਣੇ ਹਨ, ਚਤੁਰ ਹਨ, ਸਿਆਣੇ ਹਨ (ਮੋਹਨ ਪ੍ਰਭੂ ਉਹਨਾਂ ਤੋਂ ਭੀ ਵੱਖਰਾ ਹੀ ਰਹਿੰਦਾ ਹੈ) ੨।

(ਹੇ ਭਾਈ! ਮੋਹਨ ਪ੍ਰਭੂ ਉਹਨਾਂ ਦੇ ਹਿਰਦੇ ਵਿਚ ਵੱਸਦਾ ਹੈ ਜੇਹੜੇ ਅਹੰਕਾਰ ਤੋਂ, ਮੋਹ ਤੋਂ, ਮੇਰ-ਤੇਰ ਤੋਂ ਬਚੇ ਰਹਿੰਦੇ ਹਨ, ਪਰ) ਅਹੰਕਾਰ ਤੋਂ, ਮੋਹ ਤੋਂ, ਮੇਰ-ਤੇਰ ਤੋਂ, ਬਚੇ ਰਹਿਣਾ-ਇਹ ਰਸਤਾ ਖੰਡੇ ਦੀ ਧਾਰ ਵਰਗਾ ਬਰੀਕ ਹੈ (ਇਸ ਉਤੇ ਤੁਰਨਾ ਸੌਖੀ ਖੇਡ ਨਹੀਂ) ੩।

ਹੇ ਨਾਨਕ! ਉਸ ਮਨੁੱਖ ਨੇ ਸੰਸਾਰ-ਸਮੁੰਦਰ ਤਰ ਲਿਆ ਹੈ ਜੋ ਪ੍ਰਭੂ ਦੀ ਕਿਰਪਾ ਨਾਲ ਸਾਧ ਸੰਗਤਿ ਵਿਚ ਨਿਵਾਸ ਰੱਖਦਾ ਹੈ।੪।੧।੩੧।

ਰਾਗੁ ਦੇਵਗੰਧਾਰੀ ਮਹਲਾ ੫ ਘਰੁ ੫    ੴ ਸਤਿਗੁਰ ਪ੍ਰਸਾਦਿ ॥ ਮੈ ਪੇਖਿਓ ਰੀ ਊਚਾ ਮੋਹਨੁ ਸਭ ਤੇ ਊਚਾ ॥ ਆਨ ਨ ਸਮਸਰਿ ਕੋਊ ਲਾਗੈ ਢੂਢਿ ਰਹੇ ਹਮ ਮੂਚਾ ॥੧॥ ਰਹਾਉ ॥ ਬਹੁ ਬੇਅੰਤੁ ਅਤਿ ਬਡੋ ਗਾਹਰੋ ਥਾਹ ਨਹੀ ਅਗਹੂਚਾ ॥ ਤੋਲਿ ਨ ਤੁਲੀਐ ਮੋਲਿ ਨ ਮੁਲੀਐ ਕਤ ਪਾਈਐ ਮਨ ਰੂਚਾ ॥੧॥ ਖੋਜ ਅਸੰਖਾ ਅਨਿਕ ਤਪੰਥਾ ਬਿਨੁ ਗੁਰ ਨਹੀ ਪਹੂਚਾ ॥ ਕਹੁ ਨਾਨਕ ਕਿਰਪਾ ਕਰੀ ਠਾਕੁਰ ਮਿਲਿ ਸਾਧੂ ਰਸ ਭੂੰਚਾ ॥੨॥੧॥੩੨॥ {ਪੰਨਾ 534}

ਪਦਅਰਥ: ਰੀ = ਹੇ ਸਖੀ!ਪੇਖਿਓ = ਵੇਖਿਆ। ਤੇ = ਤੋਂ। ਆਨ = {अन्य} ਕੋਈ ਹੋਰ। ਸਮਸਰਿ = ਬਰਾਬਰ। ਮੂਚਾ = ਬਹੁਤ। ਢੂਢਿ ਰਹੇ = ਢੂੰਢ ਕੇ ਰਹਿ ਗਿਆ ਹਾਂ।੧।ਰਹਾਉ।

ਗਾਹਰੋ = ਗਹਿਰਾ, ਡੂੰਘਾ। ਅਗਹੂਚਾ = ਅਗਹ = ਊਚਾ, ਇਤਨਾ ਉੱਚਾ ਕਿ ਉਸ ਤਕ ਅੱਪੜਿਆ ਨਹੀਂ ਜਾ ਸਕਦਾ। ਤੋਲਿ = ਕਿਸੇ ਤੋਲ ਨਾਲ। ਮੋਲਿ = ਕਿਸੇ ਕੀਮਤ ਨਾਲ। ਮੁਲੀਐ = ਖ਼ਰੀਦਿਆ ਜਾ ਸਕਦਾ। ਕਤ = ਕਿੱਥੇ? ਮਨ ਰੂਚਾ = ਮਨ ਨੂੰ ਪਿਆਰਾ ਲੱਗਣ ਵਾਲਾ।੧।

ਖੋਜ = ਭਾਲ। ਅਨਿਕਤ = ਅਨੇਕਾਂ। ਪੰਥਾ = ਰਸਤੇ। ਮਿਲਿ ਸਾਧੂ = ਗੁਰੂ ਨੂੰ ਮਿਲ ਕੇ। ਭੂੰਚਾ = ਭੋਗਿਆ, ਮਾਣਿਆ।੨।

ਅਰਥ: ਹੇ ਭੈਣ! ਮੈਂ ਵੇਖ ਲਿਆ ਹੈ ਕਿ ਉਹ ਸੋਹਣਾ ਪ੍ਰਭੂ ਬਹੁਤ ਉੱਚਾ ਹੈ ਸਭ ਨਾਲੋਂ ਉੱਚਾ ਹੈ। ਮੈਂ ਬਹੁਤ ਭਾਲ ਕਰ ਕੇ ਥੱਕ ਗਿਆ ਹਾਂ। ਕੋਈ ਹੋਰ ਉਸ ਦੀ ਬਰਾਬਰੀ ਨਹੀਂ ਕਰ ਸਕਦਾ।੧।ਰਹਾਉ।

ਉਹ ਪਰਮਾਤਮਾ ਬਹੁਤ ਬੇਅੰਤ ਹੈ, ਉਹ ਬਹੁਤ ਹੀ ਗੰਭੀਰ ਹੈ ਉਸ ਦੀ ਡੂੰਘਾਈ ਨਹੀਂ ਲੱਭ ਸਕਦੀ, ਉਹ ਇਤਨਾ ਉੱਚਾ ਹੈ ਕਿ ਉਸ ਤਕ ਅੱਪੜਿਆ ਨਹੀਂ ਜਾ ਸਕਦਾ। ਕਿਸੇ ਵੱਟੇ ਨਾਲ ਉਸ ਨੂੰ ਤੋਲਿਆ ਨਹੀਂ ਜਾ ਸਕਦਾ, ਕਿਸੇ ਕੀਮਤਿ ਨਾਲ ਉਸ ਨੂੰ ਖਰੀਦਿਆ ਨਹੀਂ ਜਾ ਸਕਦਾ, ਪਤਾ ਨਹੀਂ ਲੱਗਦਾ ਕਿੱਥੇ ਉਸ ਸੋਹਣੇ ਪ੍ਰਭੂ ਨੂੰ ਲੱਭੀਏ।੧।

ਅਨੇਕਾਂ ਭਾਲਾਂ ਕਰੀਏ, ਅਨੇਕਾਂ ਰਸਤੇ ਵੇਖੀਏ (ਕੁਝ ਨਹੀਂ ਬਣ ਸਕਦਾ) , ਗੁਰੂ ਦੀ ਸਰਨ ਪੈਣ ਤੋਂ ਬਿਨਾ ਉਸ ਪ੍ਰਭੂ ਦੇ ਚਰਨਾਂ ਵਿਚ ਨਹੀਂ ਪਹੁੰਚ ਸਕੀਦਾ। ਹੇ ਨਾਨਕ! ਆਖ-ਪ੍ਰਭੂ ਨੇ ਜਿਸ ਮਨੁੱਖ ਉੱਤੇ ਕਿਰਪਾ ਕੀਤੀ, ਉਹ ਗੁਰੂ ਨੂੰ ਮਿਲ ਕੇ ਉਸ ਦੇ ਨਾਮ ਦਾ ਰਸ ਮਾਣਦਾ ਹੈ।੨।੧।੩੨।

ਨੋਟ: 'ਘਰੁ ੫' ਦਾ ਪਹਿਲਾ ਸ਼ਬਦ ਹੈ। ਅੰਕ ੧।

TOP OF PAGE

Sri Guru Granth Darpan, by Professor Sahib Singh