ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 538

ਗੁਰਮਤਿ ਮਨਿ ਅੰਮ੍ਰਿਤੁ ਵੁਠੜਾ ਮੇਰੀ ਜਿੰਦੁੜੀਏ ਮੁਖਿ ਅੰਮ੍ਰਿਤ ਬੈਣ ਅਲਾਏ ਰਾਮ ॥ ਅੰਮ੍ਰਿਤ ਬਾਣੀ ਭਗਤ ਜਨਾ ਕੀ ਮੇਰੀ ਜਿੰਦੁੜੀਏ ਮਨਿ ਸੁਣੀਐ ਹਰਿ ਲਿਵ ਲਾਏ ਰਾਮ ॥ ਚਿਰੀ ਵਿਛੁੰਨਾ ਹਰਿ ਪ੍ਰਭੁ ਪਾਇਆ ਗਲਿ ਮਿਲਿਆ ਸਹਜਿ ਸੁਭਾਏ ਰਾਮ ॥ ਜਨ ਨਾਨਕ ਮਨਿ ਅਨਦੁ ਭਇਆ ਹੈ ਮੇਰੀ ਜਿੰਦੁੜੀਏ ਅਨਹਤ ਸਬਦ ਵਜਾਏ ਰਾਮ ॥੨॥ {ਪੰਨਾ 538}

ਪਦਅਰਥ: ਮਨਿ = ਮਨ ਵਿਚ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ = ਜਲ। ਵੁਠੜਾ = ਆ ਵੱਸਿਆ। ਮੁਖਿ = ਮੂੰਹ ਨਾਲ। ਬੈਣ = ਬਚਨ, ਸ਼ਬਦ। ਅਲਾਏ = ਉਚਾਰਦਾ ਹੈ। ਸੁਣੀਐ = ਸੁਣਨੀ ਚਾਹੀਦੀ ਹੈ। ਲਿਵ ਲਾਏ = ਲਿਵ ਲਾਇ, ਲਿਵ ਲਾ ਕੇ। ਗਲਿ = ਗਲ ਨਾਲ। ਸਹਜਿ = ਆਤਮਕ ਅਡੋਲਤਾ ਦੀ ਰਾਹੀਂ। ਸੁਭਾਏ = ਸੁਭਾਇ, ਡੂੰਘੇ ਪਿਆਰ ਦੇ ਕਾਰਨ। ਅਨਹਤ = {अनाहत = ਬਿਨਾ ਸਾਜ ਵਜਾਏ} ਇਕ-ਰਸ, ਲਗਾਤਾਰ।੨।

ਅਰਥ: ਹੇ ਮੇਰੀ ਸੋਹਣੀ ਜਿੰਦੇ! ਗੁਰੂ ਦੀ ਮਤਿ ਦੀ ਬਰਕਤਿ ਨਾਲ ਜਿਸ ਮਨੁੱਖ ਦੇ ਮਨ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਆ ਵੱਸਦਾ ਹੈ ਉਹ ਮਨੁੱਖ ਆਪਣੇ ਮੂੰਹ ਨਾਲ ਆਤਮਕ ਜੀਵਨ ਦੇਣ ਵਾਲੀ ਬਾਣੀ ਸਦਾ ਉਚਾਰਦਾ ਰਹਿੰਦਾ ਹੈ। ਹੇ ਜਿੰਦੇ! ਪਰਮਾਤਮਾ ਦੀ ਭਗਤੀ ਕਰਨ ਵਾਲੇ ਮਨੁੱਖਾਂ ਦੀ ਬਾਣੀ ਆਤਮਕ ਜੀਵਨ ਦੇਣ ਵਾਲੀ ਹੈ ਪਰਮਾਤਮਾ ਦੇ ਚਰਨਾਂ ਵਿਚ ਸੁਰਤਿ ਜੋੜ ਕੇ ਉਹ ਬਾਣੀ ਮਨ ਨਾਲ (ਧਿਆਨ ਨਾਲ) ਸੁਣਨੀ ਚਾਹੀਦੀ ਹੈ (ਜੇਹੜਾ ਮਨੁੱਖ ਸੁਣਦਾ ਹੈ ਉਸ ਨੂੰ) ਚਿਰ ਦਾ ਵਿਛੁੜਿਆ ਹੋਇਆ ਪਰਮਾਤਮਾ ਆ ਮਿਲਦਾ ਹੈ, ਆਤਮਕ ਅਡੋਲਤਾ ਤੇ ਪ੍ਰੇਮ ਦੇ ਕਾਰਨ ਉਸ ਦੇ ਗਲ ਆ ਲੱਗਦਾ ਹੈ। ਹੇ ਦਾਸ ਨਾਨਕ! ਆਖ-) ਹੇ ਮੇਰੀ ਸੋਹਣੀ ਜਿੰਦੇ! ਉਸ ਮਨੁੱਖ ਦੇ ਮਨ ਵਿਚ ਆਤਮਕ ਆਨੰਦ ਬਣਿਆ ਰਹਿੰਦਾ ਹੈ, ਉਹ ਆਪਣੇ ਅੰਦਰ ਇਕ-ਰਸ ਸਿਫ਼ਤਿ-ਸਾਲਾਹ ਦੀ ਬਾਣੀ ਦਾ (ਮਾਨੋ, ਵਾਜਾ) ਵਜਾਂਦਾ ਰਹਿੰਦਾ ਹੈ।੨।

ਸਖੀ ਸਹੇਲੀ ਮੇਰੀਆ ਮੇਰੀ ਜਿੰਦੁੜੀਏ ਕੋਈ ਹਰਿ ਪ੍ਰਭੁ ਆਣਿ ਮਿਲਾਵੈ ਰਾਮ ॥ ਹਉ ਮਨੁ ਦੇਵਉ ਤਿਸੁ ਆਪਣਾ ਮੇਰੀ ਜਿੰਦੁੜੀਏ ਹਰਿ ਪ੍ਰਭ ਕੀ ਹਰਿ ਕਥਾ ਸੁਣਾਵੈ ਰਾਮ ॥ ਗੁਰਮੁਖਿ ਸਦਾ ਅਰਾਧਿ ਹਰਿ ਮੇਰੀ ਜਿੰਦੁੜੀਏ ਮਨ ਚਿੰਦਿਅੜਾ ਫਲੁ ਪਾਵੈ ਰਾਮ ॥ ਨਾਨਕ ਭਜੁ ਹਰਿ ਸਰਣਾਗਤੀ ਮੇਰੀ ਜਿੰਦੁੜੀਏ ਵਡਭਾਗੀ ਨਾਮੁ ਧਿਆਵੈ ਰਾਮ ॥੩॥

ਪਦਅਰਥ: ਆਣਿ = ਲਿਆ ਕੇ। ਹਉ = ਮੈਂ। ਦੇਵਉ = ਦੇਵਉਂ, ਮੈਂ ਦੇ ਦਿਆਂ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ।੩।

ਅਰਥ: ਹੇ ਮੇਰੀ ਸੋਹਣੀ ਜਿੰਦੇ! ਆਖ-) ਹੇ ਮੇਰੀ ਸਖੀ ਸਹੇਲੀਹੋ! ਜੇ ਕੋਈ ਧਿਰ ਮੇਰਾ ਹਰਿ-ਪ੍ਰਭੂ ਲਿਆ ਕੇ ਮੈਨੂੰ ਮਿਲਾ ਦੇਵੇ, ਜੇ ਕੋਈ ਮੈਨੂੰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਸੁਣਾਇਆ ਕਰੇ, ਤਾਂ ਮੈਂ ਆਪਣਾ ਮਨ ਉਸ ਦੇ ਹਵਾਲੇ ਕਰ ਦਿਆਂ। ਹੇ ਮੇਰੀ ਸੋਹਣੀ ਜਿੰਦੇ! ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰਿਆ ਕਰ, (ਜੇਹੜਾ ਕੋਈ ਸਿਮਰਦਾ ਹੈ ਉਹ) ਮਨ-ਇੱਛਤ ਫਲ ਪ੍ਰਾਪਤ ਕਰ ਲੈਂਦਾ ਹੈ।

ਹੇ ਨਾਨਕ! ਆਖ-) ਹੇ ਮੇਰੀ ਸੋਹਣੀ ਜਿੰਦੇ! ਪਰਮਾਤਮਾ ਦੀ ਸਰਨ ਪਈ ਰਹੁ। ਵੱਡੇ ਭਾਗਾਂ ਵਾਲਾ ਮਨੁੱਖ ਹੀ ਪਰਮਾਤਮਾ ਦਾ ਨਾਮ ਸਿਮਰਦਾ ਹੈ।੩।

ਕਰਿ ਕਿਰਪਾ ਪ੍ਰਭ ਆਇ ਮਿਲੁ ਮੇਰੀ ਜਿੰਦੁੜੀਏ ਗੁਰਮਤਿ ਨਾਮੁ ਪਰਗਾਸੇ ਰਾਮ ॥ ਹਉ ਹਰਿ ਬਾਝੁ ਉਡੀਣੀਆ ਮੇਰੀ ਜਿੰਦੁੜੀਏ ਜਿਉ ਜਲ ਬਿਨੁ ਕਮਲ ਉਦਾਸੇ ਰਾਮ ॥ ਗੁਰਿ ਪੂਰੈ ਮੇਲਾਇਆ ਮੇਰੀ ਜਿੰਦੁੜੀਏ ਹਰਿ ਸਜਣੁ ਹਰਿ ਪ੍ਰਭੁ ਪਾਸੇ ਰਾਮ ॥ ਧਨੁ ਧਨੁ ਗੁਰੂ ਹਰਿ ਦਸਿਆ ਮੇਰੀ ਜਿੰਦੁੜੀਏ ਜਨ ਨਾਨਕ ਨਾਮਿ ਬਿਗਾਸੇ ਰਾਮ ॥੪॥੧॥ {ਪੰਨਾ 538}

ਪਦਅਰਥ: ਪ੍ਰਭ = ਹੇ ਪ੍ਰਭੂ! ਆਇ = ਆ ਕੇ {ਲਫ਼ਜ਼ 'ਆਣਿ' ਅਤੇ 'ਆਇ' ਦਾ ਫ਼ਰਕ ਚੇਤੇ ਰੱਖਣਾ}ਪਰਗਾਸੇ = ਚਮਕਦਾ ਹੈ, ਉੱਘੜਦਾ ਹੈ। ਹਉ = ਮੈਂ। ਬਾਝੁ = ਬਿਨਾ। ਉਡੀਣੀਆ = ਉਦਾਸ। ਕਮਲ = ਕੌਲ = ਫੁੱਲ। ਗੁਰਿ = ਗੁਰੂ ਨੇ। ਪਾਸੇ = ਪਾਸ ਹੀ, ਕੋਲ ਹੀ, ਅੰਗ = ਸੰਗ। ਧਨੁ ਧਨੁ = ਸਲਾਹੁਣ = ਜੋਗ। ਨਾਮਿ = ਨਾਮ ਦੀ ਰਾਹੀਂ। ਬਿਗਾਸੇ = ਖਿੜ ਪੈਂਦਾ ਹੈ, ਟਹਿਕ ਪੈਂਦਾ ਹੈ।੪।

ਅਰਥ: ਹੇ ਮੇਰੀ ਸੋਹਣੀ ਜਿੰਦੇ! ਆਖ-) ਹੇ ਪ੍ਰਭੂ! ਕਿਰਪਾ ਕਰ ਕੇ ਮੈਨੂੰ ਆ ਮਿਲ। (ਹੇ ਜਿੰਦੇ!) ਗੁਰੂ ਦੀ ਮਤਿ ਉਤੇ ਤੁਰਿਆਂ ਹੀ ਹਰਿ-ਨਾਮ (ਹਿਰਦੇ ਵਿਚ) ਚਮਕਦਾ ਹੈ। ਹੇ ਮੇਰੀ ਸੋਹਣੀ ਜਿੰਦੇ! ਆਖ-) ਮੈਂ ਪਰਮਾਤਮਾ ਤੋਂ ਬਿਨਾ ਕੁਮਲਾਈ ਰਹਿੰਦੀ ਹਾਂ, ਜਿਵੇਂ ਪਾਣੀ ਤੋਂ ਬਿਨਾ ਕੌਲ-ਫੁੱਲ ਕੁਮਲਾਇਆ ਰਹਿੰਦਾ ਹੈ। ਹੇ ਮੇਰੀ ਸੋਹਣੀ ਜਿੰਦੇ! ਜਿਸ ਨੂੰ ਪੂਰੇ ਗੁਰੂ ਨੇ ਸੱਜਣ-ਹਰੀ ਮਿਲਾ ਦਿੱਤਾ, ਉਸ ਨੂੰ ਹਰੀ ਪ੍ਰਭੂ ਆਪਣੇ ਅੰਗ-ਸੰਗ ਵੱਸਦਾ ਦਿੱਸ ਪੈਂਦਾ ਹੈ। ਹੇ ਦਾਸ ਨਾਨਕ! ਆਖ-) ਹੇ ਮੇਰੀ ਸੋਹਣੀ ਜਿੰਦੇ! ਗੁਰੂ ਸਲਾਹੁਣ-ਜੋਗ ਹੈ, ਸਦਾ ਸਲਾਹੁਣ-ਜੋਗ ਹੈ। ਗੁਰੂ ਨੇ ਜਿਸ ਨੂੰ (ਪਰਮਾਤਮਾ ਦੀ) ਦੱਸ ਪਾ ਦਿੱਤੀ (ਉਸ ਦਾ ਹਿਰਦਾ) ਨਾਮ ਦੀ ਬਰਕਤਿ ਨਾਲ ਖਿੜ ਪੈਂਦਾ ਹੈ।੪।੧।

ਰਾਗੁ ਬਿਹਾਗੜਾ ਮਹਲਾ ੪ ॥ ਅੰਮ੍ਰਿਤੁ ਹਰਿ ਹਰਿ ਨਾਮੁ ਹੈ ਮੇਰੀ ਜਿੰਦੁੜੀਏ ਅੰਮ੍ਰਿਤੁ ਗੁਰਮਤਿ ਪਾਏ ਰਾਮ ॥ ਹਉਮੈ ਮਾਇਆ ਬਿਖੁ ਹੈ ਮੇਰੀ ਜਿੰਦੁੜੀਏ ਹਰਿ ਅੰਮ੍ਰਿਤਿ ਬਿਖੁ ਲਹਿ ਜਾਏ ਰਾਮ ॥ ਮਨੁ ਸੁਕਾ ਹਰਿਆ ਹੋਇਆ ਮੇਰੀ ਜਿੰਦੁੜੀਏ ਹਰਿ ਹਰਿ ਨਾਮੁ ਧਿਆਏ ਰਾਮ ॥ ਹਰਿ ਭਾਗ ਵਡੇ ਲਿਖਿ ਪਾਇਆ ਮੇਰੀ ਜਿੰਦੁੜੀਏ ਜਨ ਨਾਨਕ ਨਾਮਿ ਸਮਾਏ ਰਾਮ ॥੧॥ {ਪੰਨਾ 538}

ਪਦਅਰਥ: ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਜਲ। ਗੁਰਮਤਿ = ਗੁਰੂ ਦੀ ਮਤਿ ਉੱਤੇ ਤੁਰਿਆਂ। ਬਿਖੁ = ਜ਼ਹਿਰ। ਅੰਮ੍ਰਿਤਿ = ਅੰਮ੍ਰਿਤ (ਪੀਣ) ਨਾਲ। ਲਿਖਿ = ਲਿਖ ਕੇ, ਲਿਖੇ ਅਨੁਸਾਰ। ਨਾਮਿ = ਨਾਮ ਵਿਚ।੧।

ਅਰਥ: ਹੇ ਮੇਰੀ ਸੋਹਣੀ ਜਿੰਦੇ! ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਜਲ ਹੈ, ਇਹ ਨਾਮ-ਜਲ ਗੁਰੂ ਦੀ ਮਤਿ ਉੱਤੇ ਤੁਰਿਆਂ ਹੀ ਮਿਲਦਾ ਹੈ। ਹੇ ਮੇਰੀ ਸੋਹਣੀ ਜਿੰਦੇ! ਹਉਮੈ ਜ਼ਹਿਰ ਹੈ ਮਾਇਆ (ਦਾ ਮੋਹ) ਜ਼ਹਿਰ ਹੈ (ਜੋ ਆਤਮਕ ਜੀਵਨ ਨੂੰ ਮਾਰ ਮੁਕਾਂਦਾ ਹੈ) , ਇਹ ਜ਼ਹਿਰ ਨਾਮ-ਜਲ (ਪੀਣ) ਨਾਲ ਲਹਿ ਜਾਂਦਾ ਹੈ। ਹੇ ਮੇਰੀ ਸੋਹਣੀ ਜਿੰਦੇ! ਜੇਹੜਾ ਮਨੁੱਖ ਸਦਾ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ ਉਸ ਦਾ ਸੁੱਕਾ ਹੋਇਆ (ਥੋੜ੍ਹ-ਵਿਤਾ ਹੋ ਚੁੱਕਾ) ਮਨ ਹਰਾ ਹੋ ਜਾਂਦਾ ਹੈ (ਜਿਵੇਂ ਕੋਈ ਸੁੱਕਾ ਹੋਇਆ ਰੁੱਖ ਪਾਣੀ ਨਾਲ ਹਰਾ ਹੋ ਜਾਂਦਾ ਹੈ, ਤੇ, ਕਰੜਾ-ਪਨ ਛੱਡ ਕੇ ਨਰਮ ਹੋ ਜਾਂਦਾ ਹੈ। ਹੇ ਦਾਸ ਨਾਨਕ! ਆਖ-) ਹੇ ਮੇਰੀ ਸੋਹਣੀ ਜਿੰਦੇ! ਜਿਸ ਮਨੁੱਖ ਨੂੰ ਪੂਰਬਲੇ ਲਿਖੇ ਅਨੁਸਾਰ ਵੱਡੇ ਭਾਗਾਂ ਨਾਲ ਪਰਮਾਤਮਾ ਮਿਲ ਪੈਂਦਾ ਹੈ ਉਹ ਸਦਾ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ।੧।

ਹਰਿ ਸੇਤੀ ਮਨੁ ਬੇਧਿਆ ਮੇਰੀ ਜਿੰਦੁੜੀਏ ਜਿਉ ਬਾਲਕ ਲਗਿ ਦੁਧ ਖੀਰੇ ਰਾਮ ॥ ਹਰਿ ਬਿਨੁ ਸਾਂਤਿ ਨ ਪਾਈਐ ਮੇਰੀ ਜਿੰਦੁੜੀਏ ਜਿਉ ਚਾਤ੍ਰਿਕੁ ਜਲ ਬਿਨੁ ਟੇਰੇ ਰਾਮ ॥ ਸਤਿਗੁਰ ਸਰਣੀ ਜਾਇ ਪਉ ਮੇਰੀ ਜਿੰਦੁੜੀਏ ਗੁਣ ਦਸੇ ਹਰਿ ਪ੍ਰਭ ਕੇਰੇ ਰਾਮ ॥ ਜਨ ਨਾਨਕ ਹਰਿ ਮੇਲਾਇਆ ਮੇਰੀ ਜਿੰਦੁੜੀਏ ਘਰਿ ਵਾਜੇ ਸਬਦ ਘਣੇਰੇ ਰਾਮ ॥੨॥ {ਪੰਨਾ 538}

ਪਦਅਰਥ: ਸੇਤੀ = ਨਾਲ। ਬੇਧਿਆ = ਵਿੱਝ ਗਿਆ, ਪ੍ਰੋਤਾ ਗਿਆ। ਲਗਿ = ਲਗੇ, ਲੱਗਦਾ, ਪਰਚਦਾ ਹੈ। ਖੀਰ = ਦੁੱਧ। ਚਾਤ੍ਰਿਕ = ਪਪੀਹਾ। ਟੇਰੇ = ਪੁਕਾਰਦਾ ਹੈ। ਜਾਇ = ਜਾ ਕੇ। ਕੇਰੇ = ਦੇ। ਘਰਿ = ਹਿਰਦੇ = ਘਰ ਵਿਚ। ਘਣੇਰੇ = ਅਨੇਕਾਂ।੨।

ਅਰਥ: ਹੇ ਮੇਰੀ ਸੋਹਣੀ ਜਿੰਦੇ! ਜਿਸ ਮਨੁੱਖ ਦਾ ਮਨ ਪਰਮਾਤਮਾ ਨਾਲ ਇਉਂ ਪ੍ਰੋਇਆ ਜਾਂਦਾ ਹੈ ਜਿਵੇਂ ਬੱਚੇ ਦਾ ਮਨ ਦੁੱਧ ਨਾਲ ਪਰਚ ਜਾਂਦਾ ਹੈ, ਉਸ ਮਨੁੱਖ ਨੂੰ, ਹੇ ਮੇਰੀ ਸੋਹਣੀ ਜਿੰਦੇ! ਪਰਮਾਤਮਾ ਦੇ ਮਿਲਾਪ ਤੋਂ ਬਿਨਾ ਠੰਡ ਨਹੀਂ ਪੈਂਦੀ (ਉਹ ਸਦਾ ਵਿਆਕੁਲ ਹੋਇਆ ਰਹਿੰਦਾ ਹੈ) ਜਿਵੇਂ ਪਪੀਹਾ (ਸ੍ਵਾਂਤੀ ਬੂੰਦ ਦੇ) ਪਾਣੀ ਤੋਂ ਬਿਨਾ ਪੁਕਾਰਦਾ ਰਹਿੰਦਾ ਹੈ।

ਹੇ ਮੇਰੀ ਸੋਹਣੀ ਜਿੰਦੇ! ਜਾ ਕੇ ਗੁਰੂ ਦੀ ਸਰਨ ਪਈ ਰਹੁ, ਗੁਰੂ ਪਰਮਾਤਮਾ ਦੇ ਗੁਣਾਂ ਦੀ ਦੱਸ ਪਾਂਦਾ ਹੈ। ਹੇ ਦਾਸ ਨਾਨਕ! ਆਖ-) ਹੇ ਮੇਰੀ ਸੋਹਣੀ ਜਿੰਦੇ! ਜਿਸ ਮਨੁੱਖ ਨੂੰ ਗੁਰੂ ਨੇ ਪਰਮਾਤਮਾ ਮਿਲਾ ਦਿੱਤਾ ਉਸ ਦੇ ਹਿਰਦੇ-ਘਰ ਵਿਚ (ਮਾਨੋ) ਅਨੇਕਾਂ ਸੋਹਣੇ ਸਾਜ ਵੱਜਦੇ ਰਹਿੰਦੇ ਹਨ।੨।

ਮਨਮੁਖਿ ਹਉਮੈ ਵਿਛੁੜੇ ਮੇਰੀ ਜਿੰਦੁੜੀਏ ਬਿਖੁ ਬਾਧੇ ਹਉਮੈ ਜਾਲੇ ਰਾਮ ॥ ਜਿਉ ਪੰਖੀ ਕਪੋਤਿ ਆਪੁ ਬਨ੍ਹ੍ਹਾਇਆ ਮੇਰੀ ਜਿੰਦੁੜੀਏ ਤਿਉ ਮਨਮੁਖ ਸਭਿ ਵਸਿ ਕਾਲੇ ਰਾਮ ॥ ਜੋ ਮੋਹਿ ਮਾਇਆ ਚਿਤੁ ਲਾਇਦੇ ਮੇਰੀ ਜਿੰਦੁੜੀਏ ਸੇ ਮਨਮੁਖ ਮੂੜ ਬਿਤਾਲੇ ਰਾਮ ॥ ਜਨ ਤ੍ਰਾਹਿ ਤ੍ਰਾਹਿ ਸਰਣਾਗਤੀ ਮੇਰੀ ਜਿੰਦੁੜੀਏ ਗੁਰ ਨਾਨਕ ਹਰਿ ਰਖਵਾਲੇ ਰਾਮ ॥੩॥ {ਪੰਨਾ 538}

ਪਦਅਰਥ: ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਬਿਖੁ = ਜ਼ਹਿਰ। ਜਾਲੇ = ਜਾਲਿ, ਜਾਲ ਵਿਚ। ਕਪੋਤਿ = ਕਪੋਤ ਨੇ, ਕਬੂਤਰ ਨੇ। ਆਪੁ = ਆਪਣੇ ਆਪ ਨੂੰ। ਸਭਿ = ਸਾਰੇ। ਵਸਿ ਕਾਲੇ = ਕਾਲ ਦੇ ਵੱਸ ਵਿਚ। ਮੋਹਿ = ਮੋਹ ਵਿਚ। ਮੂੜ = ਮੂਰਖ। ਬਿਤਾਲੇ = ਤਾਲ ਤੋਂ ਖੁੰਝੇ ਹੋਏ, ਜੀਵਨ = ਚਾਲ ਤੋਂ ਥਿੜਕੇ ਹੋਏ। ਤ੍ਰਾਹਿ = ਬਚਾ ਲੈ। ਸਰਣਾਗਤੀ = ਸਰਨ ਆਉਂਦੇ ਹਨ। ਨਾਨਕ = ਹੇ ਨਾਨਕ!੩।

ਅਰਥ: ਹੇ ਮੇਰੀ ਸੋਹਣੀ ਜਿੰਦੇ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਹਉਮੈ ਦੇ ਕਾਰਨ ਪਰਮਾਤਮਾ ਨਾਲੋਂ ਵਿਛੁੜ ਜਾਂਦੇ ਹਨ, (ਮਾਇਆ ਦੇ ਮੋਹ ਦਾ) ਜ਼ਹਿਰ (ਉਹਨਾਂ ਦੇ ਆਤਮਕ ਜੀਵਨ ਨੂੰ ਮਾਰ ਮੁਕਾਂਦਾ ਹੈ) , ਉਹ ਹਉਮੈ ਦੇ ਜਾਲ ਵਿਚ ਬੱਝੇ ਰਹਿੰਦੇ ਹਨ। ਹੇ ਮੇਰੀ ਸੋਹਣੀ ਜਿੰਦੇ! ਜਿਵੇਂ (ਚੋਗੇ ਦੇ ਲਾਲਚ ਵਿਚ) ਕਬੂਤਰ ਆਦਿਕ ਪੰਛੀ ਆਪਣੇ ਆਪ ਨੂੰ ਜਾਲ ਵਿਚ ਬੰਨ੍ਹਾ ਲੈਂਦਾ ਹੈ, ਤਿਵੇਂ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਸਾਰੇ ਮਨੁੱਖ ਆਤਮਕ ਮੌਤ ਦੇ ਵੱਸ ਵਿਚ ਆਏ ਰਹਿੰਦੇ ਹਨ। ਹੇ ਮੇਰੀ ਸੋਹਣੀ ਜਿੰਦੇ! ਜੇਹੜੇ ਮਨੁੱਖ ਮਾਇਆ ਦੇ ਮੋਹ ਵਿਚ ਆਪਣਾ ਚਿੱਤ ਜੋੜੀ ਰੱਖਦੇ ਹਨ ਉਹ ਆਪ-ਹੁਦਰੇ ਮਨੁੱਖ ਮੂਰਖ ਹੁੰਦੇ ਹਨ, ਉਹ ਜੀਵਨ-ਚਾਲ ਤੋਂ ਖੁੰਝੇ ਰਹਿੰਦੇ ਹਨ।

ਹੇ ਨਾਨਕ! ਆਖ-) ਹੇ ਮੇਰੀ ਸੋਹਣੀ ਜਿੰਦੇ! ਪਰਮਾਤਮਾ ਦੇ ਸੇਵਕ ਪਰਮਾਤਮਾ ਦੀ ਸਰਨ ਆਉਂਦੇ ਹਨ (ਤੇ, ਅਰਜ਼ੋਈ ਕਰਦੇ ਹਨ-ਹੇ ਪ੍ਰਭੂ! ਸਾਨੂੰ) ਬਚਾ ਲੈ, ਬਚਾ ਲੈ। ਗੁਰੂ ਪਰਮਾਤਮਾ ਉਹਨਾਂ ਦੇ ਰਾਖੇ ਬਣਦੇ ਹਨ।੩।

TOP OF PAGE

Sri Guru Granth Darpan, by Professor Sahib Singh