ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 540

ਸਾ ਰਸਨਾ ਧਨੁ ਧੰਨੁ ਹੈ ਮੇਰੀ ਜਿੰਦੁੜੀਏ ਗੁਣ ਗਾਵੈ ਹਰਿ ਪ੍ਰਭ ਕੇਰੇ ਰਾਮ ॥ ਤੇ ਸ੍ਰਵਨ ਭਲੇ ਸੋਭਨੀਕ ਹਹਿ ਮੇਰੀ ਜਿੰਦੁੜੀਏ ਹਰਿ ਕੀਰਤਨੁ ਸੁਣਹਿ ਹਰਿ ਤੇਰੇ ਰਾਮ ॥ ਸੋ ਸੀਸੁ ਭਲਾ ਪਵਿਤ੍ਰ ਪਾਵਨੁ ਹੈ ਮੇਰੀ ਜਿੰਦੁੜੀਏ ਜੋ ਜਾਇ ਲਗੈ ਗੁਰ ਪੈਰੇ ਰਾਮ ॥ ਗੁਰ ਵਿਟਹੁ ਨਾਨਕੁ ਵਾਰਿਆ ਮੇਰੀ ਜਿੰਦੁੜੀਏ ਜਿਨਿ ਹਰਿ ਹਰਿ ਨਾਮੁ ਚਿਤੇਰੇ ਰਾਮ ॥੨॥ {ਪੰਨਾ 540}

ਪਦਅਰਥ: ਸਾ = {ਇਸਤ੍ਰੀ ਲਿੰਗ} ਉਹ। ਰਸਨਾ = ਜੀਭ। ਕੇਰੇ = ਦੇ। ਤੇ = {ਬਹੁ-ਵਚਨ} ਉਹ। ਸ੍ਰਵਨ = ਕੰਨ। ਹਹਿ = ਹਨ। ਸੁਣਹਿ = ਸੁਣਦੇ ਹਨ। ਸੀਸੁ = ਸਿਰ। ਪਾਵਨੁ = ਪਵਿਤ੍ਰ। ਜਾਇ = ਜਾ ਕੇ। ਵਿਟਹੁ = ਤੋਂ। ਵਾਰਿਆ = ਕੁਰਬਾਨ ਜਾਂਦਾ ਹੈ। ਚਿਤੇਰੇ = ਚੇਤੇ ਕਰਾਇਆ ਹੈ।੨।

ਅਰਥ: ਹੇ ਮੇਰੀ ਸੋਹਣੀ ਜਿੰਦੇ! ਉਹ ਜੀਭ ਭਾਗਾਂ ਵਾਲੀ ਹੈ ਮੁਬਾਰਿਕ ਹੈ, ਜੇਹੜੀ (ਸਦਾ) ਪਰਾਮਤਮਾ ਦੇ ਗੁਣ ਗਾਂਦੀ ਰਹਿੰਦੀ ਹੈ। ਹੇ ਮੇਰੀ ਸੋਹਣੀ ਜਿੰਦੇ! ਆਖ-) ਹੇ ਪ੍ਰਭੂ! ਉਹ ਕੰਨ ਸੋਹਣੇ ਹਨ ਚੰਗੇ ਹਨ ਜੇਹੜੇ ਤੇਰੇ ਕੀਰਤਨ ਸੁਣਦੇ ਰਹਿੰਦੇ ਹਨ। ਹੇ ਮੇਰੀ ਸੋਹਣੀ ਜਿੰਦੇ! ਉਹ ਸਿਰ ਭਾਗਾਂ ਵਾਲਾ ਹੈ ਪਵਿਤ੍ਰ ਹੈ, ਜੇਹੜਾ ਗੁਰੂ ਦੇ ਚਰਨਾਂ ਵਿਚ ਜਾ ਲੱਗਦਾ ਹੈ। ਹੇ ਮੇਰੀ ਸੋਹਣੀ ਜਿੰਦੇ! ਨਾਨਕ (ਉਸ) ਗੁਰੂ ਤੋਂ ਕੁਰਬਾਨ ਜਾਂਦਾ ਹੈ ਜਿਸ ਨੇ (ਨਾਨਕ ਨੂੰ) ਪਰਮਾਤਮਾ ਦਾ ਨਾਮ ਚੇਤੇ ਕਰਾਇਆ ਹੈ।੨।

ਤੇ ਨੇਤ੍ਰ ਭਲੇ ਪਰਵਾਣੁ ਹਹਿ ਮੇਰੀ ਜਿੰਦੁੜੀਏ ਜੋ ਸਾਧੂ ਸਤਿਗੁਰੁ ਦੇਖਹਿ ਰਾਮ ॥ ਤੇ ਹਸਤ ਪੁਨੀਤ ਪਵਿਤ੍ਰ ਹਹਿ ਮੇਰੀ ਜਿੰਦੁੜੀਏ ਜੋ ਹਰਿ ਜਸੁ ਹਰਿ ਹਰਿ ਲੇਖਹਿ ਰਾਮ ॥ ਤਿਸੁ ਜਨ ਕੇ ਪਗ ਨਿਤ ਪੂਜੀਅਹਿ ਮੇਰੀ ਜਿੰਦੁੜੀਏ ਜੋ ਮਾਰਗਿ ਧਰਮ ਚਲੇਸਹਿ ਰਾਮ ॥ ਨਾਨਕੁ ਤਿਨ ਵਿਟਹੁ ਵਾਰਿਆ ਮੇਰੀ ਜਿੰਦੁੜੀਏ ਹਰਿ ਸੁਣਿ ਹਰਿ ਨਾਮੁ ਮਨੇਸਹਿ ਰਾਮ ॥੩॥ {ਪੰਨਾ 540}

ਪਦਅਰਥ: ਤੇ ਨੇਤ੍ਰ = ਉਹ ਅੱਖਾਂ। ਪਰਵਾਣੁ = ਕਬੂਲ, ਸਫਲ। ਹਹਿ = ਹਨ {ਬਹੁ-ਵਚਨ}ਸਾਧੂ = ਗੁਰੂ। ਦੇਖਹਿ = ਵੇਖਦੀਆਂ ਹਨ। ਹਸਤ = {हस्त} ਹੱਥ। ਪੁਨੀਤ = ਪਵਿਤ੍ਰ। ਜਸੁ = ਸਿਫ਼ਤਿ-ਸਾਲਾਹ। ਲੇਖਹਿ = ਲਿਖਦੇ ਹਨ। ਪਗ = ਪੈਰ। ਪੂਜੀਅਹਿ = ਪੂਜੇ ਜਾਂਦੇ ਹਨ। ਮਾਰਗਿ ਧਰਮ = ਧਰਮ ਦੇ ਰਸਤੇ ਉਤੇ। ਚਲੇਸਹਿ = ਚੱਲਣਗੇ, ਚੱਲਦੇ ਹਨ। ਸੁਣਿ = ਸੁਣ ਕੇ। ਮਨੇਸਹਿ = ਮੰਨਦੇ ਹਨ, ਮੰਨਣਗੇ।੩।

ਅਰਥ: ਹੇ ਮੇਰੀ ਸੋਹਣੀ ਜਿੰਦੇ! ਉਹ ਅੱਖਾਂ ਭਲੀਆਂ ਹਨ ਸਫਲ ਹਨ ਜੋ ਗੁਰੂ ਦਾ ਦਰਸਨ ਕਰਦੀਆਂ ਰਹਿੰਦੀਆਂ ਹਨ, ਉਹ ਹੱਥ ਪਵਿਤ੍ਰ ਹਨ ਜੇਹੜੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਲਿਖਦੇ ਰਹਿੰਦੇ ਹਨ। ਹੇ ਮੇਰੀ ਸੋਹਣੀ ਜਿੰਦੇ! ਉਸ ਮਨੁੱਖ ਦੇ (ਉਹ) ਪੈਰ ਸਦਾ ਪੂਜੇ ਜਾਂਦੇ ਹਨ ਜੇਹੜੇ (ਪੈਰ) ਧਰਮ ਦੇ ਰਾਹ ਉਤੇ ਤੁਰਦੇ ਰਹਿੰਦੇ ਹਨ। ਹੇ ਮੇਰੀ ਸੋਹਣੀ ਜਿੰਦੇ! ਨਾਨਕ ਉਹਨਾਂ (ਵਡ-ਭਾਗੀ) ਮਨੁੱਖਾਂ ਤੋਂ ਕੁਰਬਾਨ ਜਾਂਦਾ ਹੈ ਜੇਹੜੇ ਪਰਮਾਤਮਾ ਦਾ ਨਾਮ ਸੁਣ ਕੇ ਨਾਮ ਨੂੰ ਮੰਨਦੇ ਹਨ (ਜੀਵਨ-ਅਧਾਰ ਬਣਾ ਲੈਂਦੇ ਹਨ) ੩।

ਧਰਤਿ ਪਾਤਾਲੁ ਆਕਾਸੁ ਹੈ ਮੇਰੀ ਜਿੰਦੁੜੀਏ ਸਭ ਹਰਿ ਹਰਿ ਨਾਮੁ ਧਿਆਵੈ ਰਾਮ ॥ ਪਉਣੁ ਪਾਣੀ ਬੈਸੰਤਰੋ ਮੇਰੀ ਜਿੰਦੁੜੀਏ ਨਿਤ ਹਰਿ ਹਰਿ ਹਰਿ ਜਸੁ ਗਾਵੈ ਰਾਮ ॥ ਵਣੁ ਤ੍ਰਿਣੁ ਸਭੁ ਆਕਾਰੁ ਹੈ ਮੇਰੀ ਜਿੰਦੁੜੀਏ ਮੁਖਿ ਹਰਿ ਹਰਿ ਨਾਮੁ ਧਿਆਵੈ ਰਾਮ ॥ ਨਾਨਕ ਤੇ ਹਰਿ ਦਰਿ ਪੈਨ੍ਹ੍ਹਾਇਆ ਮੇਰੀ ਜਿੰਦੁੜੀਏ ਜੋ ਗੁਰਮੁਖਿ ਭਗਤਿ ਮਨੁ ਲਾਵੈ ਰਾਮ ॥੪॥੪॥ {ਪੰਨਾ 540}

ਪਦਅਰਥ: ਪਉਣੁ = ਹਵਾ। ਬੈਸੰਤਰੋ = ਬੈਸੰਤਰੁ, ਅੱਗ। ਜਸੁ = ਸਿਫ਼ਤਿ-ਸਾਲਾਹ ਦਾ ਗੀਤ। ਵਣੁ = ਜੰਗਲ। ਤ੍ਰਿਣੁ = ਘਾਹ। ਸਭੁ = ਸਾਰਾ। ਆਕਾਰੁ = ਦਿੱਸਦਾ ਸੰਸਾਰ। ਮੁਖਿ = ਮੂੰਹ ਨਾਲ। ਨਾਨਕ = ਹੇ ਨਾਨਕ! ਤੇ = (ਬਹੁ-ਵਚਨ) ਉਹ ਬੰਦੇ। ਦਰਿ = ਦਰ ਉਤੇ। ਪੈਨ੍ਹ੍ਹਾਇਆ = (ਸਿਰੋਪਾ) ਪਹਿਨਾਏ ਜਾਂਦੇ ਹਨ, ਸਤਕਾਰੇ ਜਾਂਦੇ ਹਨ। ਜੋ = ਜੋ ਜੋ, ਜੇਹੜਾ ਜੇਹੜਾ। ਭਗਤਿ ਮਨੁ ਲਾਵੈ = ਭਗਤੀ ਵਿਚ ਮਨ ਜੋੜਦਾ ਹੈ।੪।

ਅਰਥ: ਹੇ ਮੇਰੀ ਸੋਹਣੀ ਜਿੰਦੇ! ਧਰਤੀ, ਪਾਤਾਲ, ਆਕਾਸ਼-ਹਰੇਕ ਹੀ ਪਰਮਾਤਮਾ ਦਾ ਨਾਮ ਸਿਮਰ ਰਿਹਾ ਹੈ। ਹੇ ਮੇਰੀ ਸੋਹਣੀ ਜਿੰਦੇ! ਹਵਾ ਪਾਣੀ, ਅੱਗ-ਹਰੇਕ ਤੱਤ ਭੀ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾ ਰਿਹਾ ਹੈ। ਹੇ ਮੇਰੀ ਸੋਹਣੀ ਜਿੰਦੇ! ਜੰਗਲ, ਘਾਹ, ਇਹ ਸਾਰਾ ਦਿੱਸਦਾ ਸੰਸਾਰ-ਆਪਣੇ ਮੂੰਹ ਨਾਲ ਹਰੇਕ ਹੀ ਪਰਮਾਤਮਾ ਦਾ ਨਾਮ ਜਪ ਰਿਹਾ ਹੈ। ਹੇ ਨਾਨਕ! ਆਖ-) ਹੇ ਮੇਰੀ ਸੋਹਣੀ ਜਿੰਦੇ! ਜੇਹੜਾ ਜੇਹੜਾ ਜੀਵ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੀ ਭਗਤੀ ਵਿਚ ਆਪਣਾ ਮਨ ਜੋੜਦਾ ਹੈ, ਉਹ ਸਾਰੇ ਪਰਾਮਤਮਾ ਦੇ ਦਰ ਤੇ ਸਤਕਾਰੇ ਜਾਂਦੇ ਹਨ।੪।੪।

ਬਿਹਾਗੜਾ ਮਹਲਾ ੪ ॥ ਜਿਨ ਹਰਿ ਹਰਿ ਨਾਮੁ ਨ ਚੇਤਿਓ ਮੇਰੀ ਜਿੰਦੁੜੀਏ ਤੇ ਮਨਮੁਖ ਮੂੜ ਇਆਣੇ ਰਾਮ ॥ ਜੋ ਮੋਹਿ ਮਾਇਆ ਚਿਤੁ ਲਾਇਦੇ ਮੇਰੀ ਜਿੰਦੁੜੀਏ ਸੇ ਅੰਤਿ ਗਏ ਪਛੁਤਾਣੇ ਰਾਮ ॥ ਹਰਿ ਦਰਗਹ ਢੋਈ ਨਾ ਲਹਨ੍ਹ੍ਹਿ ਮੇਰੀ ਜਿੰਦੁੜੀਏ ਜੋ ਮਨਮੁਖ ਪਾਪਿ ਲੁਭਾਣੇ ਰਾਮ ॥ ਜਨ ਨਾਨਕ ਗੁਰ ਮਿਲਿ ਉਬਰੇ ਮੇਰੀ ਜਿੰਦੁੜੀਏ ਹਰਿ ਜਪਿ ਹਰਿ ਨਾਮਿ ਸਮਾਣੇ ਰਾਮ ॥੧॥ {ਪੰਨਾ 540}

ਪਦਅਰਥ: ਚੇਤਿਓ = ਸਿਮਰਿਆ, ਚੇਤੇ ਕੀਤਾ। ਤੇ = {ਬਹੁ-ਵਚਨ} ਉਹ ਬੰਦੇ। ਮਨਮੁਖ = ਆਪਣੇ ਮਨ ਵਲ ਹੀ ਮੂੰਹ ਰੱਖਣ ਵਾਲੇ। ਮੂੜ = ਮੂਰਖ। ਮੋਹਿ = ਮੋਹ ਵਿਚ। ਸੇ = {ਬਹੁ-ਵਚਨ} ਉਹ। ਅੰਤਿ = ਅਖ਼ੀਰ ਵੇਲੇ। ਢੋਈ = ਆਸਰਾ, ਥਾਂ। ਲਹਨ੍ਹ੍ਹਿ = ਲੈਂਦੇ {ਬਹੁ-ਵਚਨ}ਪਾਪਿ = ਪਾਪ ਵਿਚ। ਗੁਰ ਮਿਲਿ = ਗੁਰੂ ਨੂੰ ਮਿਲ ਕੇ। ਉਬਰੇ = (ਸੰਸਾਰ = ਸਮੁੰਦਰ ਵਿਚ ਡੁੱਬਣੋਂ) ਬਚ ਜਾਂਦੇ ਹਨ। ਨਾਮਿ = ਨਾਮ ਵਿਚ।੧।

ਅਰਥ: ਹੇ ਮੇਰੀ ਸੋਹਣੀ ਜਿੰਦੇ! ਜਿਨ੍ਹਾਂ ਮਨੁੱਖਾਂ ਨੇ (ਕਦੇ) ਪਰਮਾਤਮਾ ਦਾ ਨਾਮ ਚੇਤੇ ਨਹੀਂ ਕੀਤਾ, ਉਹ ਆਪਣੇ ਹੀ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਮੂਰਖ ਹਨ ਅੰਞਾਣ ਹਨ। ਹੇ ਮੇਰੀ ਸੋਹਣੀ ਜਿੰਦੇ! ਜੇਹੜੇ ਮਨੁੱਖ ਮਾਇਆ ਦੇ ਮੋਹ ਵਿਚ ਆਪਣਾ ਮਨ ਜੋੜੀ ਰੱਖਦੇ ਹਨ ਉਹ ਅਖ਼ੀਰ ਵੇਲੇ (ਇਥੋਂ) ਹੱਥ ਮਲਦੇ ਜਾਂਦੇ ਹਨ। ਹੇ ਮੇਰੀ ਸੋਹਣੀ ਜਿੰਦੇ! ਆਪਣੇ ਹੀ ਮਨ ਦੇ ਪਿੱਛੇ ਤੁਰਨ ਵਾਲੇ ਜੇਹੜੇ ਮਨੁੱਖ (ਸਦਾ) ਪਾਪ-ਕਰਮ ਵਿਚ ਫਸੇ ਰਹਿੰਦੇ ਹਨ ਉਹ ਪਰਮਾਤਮਾ ਦੀ ਦਰਗਾਹ ਵਿਚ ਆਸਰਾ ਪ੍ਰਾਪਤ ਨਹੀਂ ਕਰ ਸਕਦੇ। ਹੇ ਦਾਸ ਨਾਨਕ! ਆਖ-) ਹੇ ਮੇਰੀ ਸੋਹਣੀ ਜਿੰਦੇ! ਗੁਰੂ ਨੂੰ ਮਿਲ ਕੇ (ਵਡ-ਭਾਗੀ ਮਨੁੱਖ ਸੰਸਾਰ-ਸਮੁੰਦਰ ਵਿਚ ਡੁੱਬਣੋਂ) ਬਚ ਜਾਂਦੇ ਹਨ (ਕਿਉਂਕਿ ਉਹ) ਪਰਮਾਤਮਾ ਦਾ ਨਾਮ ਜਪ ਕੇ ਪਰਮਾਤਮਾ ਦੇ ਨਾਮ ਵਿਚ ਮਗਨ ਰਹਿੰਦੇ ਹਨ।੧।

ਸਭਿ ਜਾਇ ਮਿਲਹੁ ਸਤਿਗੁਰੂ ਕਉ ਮੇਰੀ ਜਿੰਦੁੜੀਏ ਜੋ ਹਰਿ ਹਰਿ ਨਾਮੁ ਦ੍ਰਿੜਾਵੈ ਰਾਮ ॥ ਹਰਿ ਜਪਦਿਆ ਖਿਨੁ ਢਿਲ ਨ ਕੀਜਈ ਮੇਰੀ ਜਿੰਦੁੜੀਏ ਮਤੁ ਕਿ ਜਾਪੈ ਸਾਹੁ ਆਵੈ ਕਿ ਨ ਆਵੈ ਰਾਮ ॥ ਸਾ ਵੇਲਾ ਸੋ ਮੂਰਤੁ ਸਾ ਘੜੀ ਸੋ ਮੁਹਤੁ ਸਫਲੁ ਹੈ ਮੇਰੀ ਜਿੰਦੁੜੀਏ ਜਿਤੁ ਹਰਿ ਮੇਰਾ ਚਿਤਿ ਆਵੈ ਰਾਮ ॥ ਜਨ ਨਾਨਕ ਨਾਮੁ ਧਿਆਇਆ ਮੇਰੀ ਜਿੰਦੁੜੀਏ ਜਮਕੰਕਰੁ ਨੇੜਿ ਨ ਆਵੈ ਰਾਮ ॥੨॥ {ਪੰਨਾ 540}

ਪਰ ਅਰਥ: ਸਭਿ-ਸਾਰੇ। ਜਾਇ-ਜਾ ਕੇ। ਕਉ-ਨੂੰ। ਕੀਜਈ-ਕਰਨੀ ਚਾਹੀਦੀ। ਮਤੁ-ਮਤਾਂ, ਇਹ ਨਾਹ ਹੋਵੇ। ਕਿ ਜਾਪੈ-ਕੀਹ ਪਤਾ ਹੈ? ਕਿ-ਜਾਂ। ਮੂਰਤੁ, ਮੁਹਤੁ-ਮਹੂਰਤ, ਸਮਾ। ਸਫਲੁ-ਫਲ ਦੇਣ ਵਾਲਾ, ਭਾਗਾਂ ਵਾਲਾ। ਜਿਤੁ-ਜਿਸ (ਸਮੇ) ਵਿਚ। ਚਿਤਿ-ਚਿੱਤ ਵਿਚ। ਕੰਕਰੁ- {किंकर} ਦਾਸ, ਸੇਵਕ। ਜਮ ਕੰਕਰੁ-ਜਮ ਦਾ ਦਾਸ, ਜਮਦੂਤ।੨।

ਅਰਥ: ਹੇ ਮੇਰੀ ਸੋਹਣੀ ਜਿੰਦੇ! ਆਖ-) ਹੇ ਭਾਈ! ਸਾਰੇ ਗੁਰੂ ਨੂੰ ਜਾ ਮਿਲੋ ਕਿਉਂਕਿ ਉਹ (ਗੁਰੂ) ਪਰਮਾਤਮਾ ਦਾ ਨਾਮ ਹਿਰਦੇ ਵਿਚ ਪੱਕਾ ਕਰ ਦੇਂਦਾ ਹੈ। ਹੇ ਮੇਰੀ ਸੋਹਣੀ ਜਿੰਦੇ! ਪਰਮਾਤਮਾ ਦਾ ਨਾਮ ਜਪਦਿਆਂ ਰਤਾ ਭਰ ਭੀ ਦੇਰ ਨਹੀਂ ਕਰਨੀ ਚਾਹੀਦੀ। ਕੀਹ ਪਤਾ ਹੈ! ਮਤਾਂ ਅਗਲਾ ਸਾਹ ਲਿਆ ਜਾਏ ਜਾਂ ਨਾਹ ਲਿਆ ਜਾਏ। ਹੇ ਮੇਰੀ ਸੋਹਣੀ ਜਿੰਦੇ! ਉਹ ਵੇਲਾ ਭਾਗਾਂ ਵਾਲਾ ਹੈ, ਉਹ ਘੜੀ ਭਾਗਾਂ ਵਾਲੀ ਹੈ, ਉਹ ਸਮਾ ਭਾਗਾਂ ਵਾਲਾ ਹੈ, ਜਿਸ ਵੇਲੇ ਪਿਆਰਾ ਪਰਮਾਤਮਾ ਚਿੱਤ ਵਿਚ ਆ ਵੱਸਦਾ ਹੈ। ਹੇ ਦਾਸ ਨਾਨਕ! ਆਖ-) ਹੇ ਮੇਰੀ ਸੋਹਣੀ ਜਿੰਦੇ! ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ (ਹਰ ਵੇਲੇ) ਸਿਮਰਿਆ ਹੈ, ਜਮ ਦੂਤ ਉਸ ਦੇ ਨੇੜੇ ਨਹੀਂ ਢੁੱਕਦਾ (ਮੌਤ ਦਾ ਡਰ ਉਸ ਨੂੰ ਪੋਹ ਨਹੀਂ ਸਕਦਾ, ਉਸ ਨੂੰ ਆਤਮਕ ਮੌਤ ਨਹੀਂ ਆਉਂਦੀ) ੨।

ਹਰਿ ਵੇਖੈ ਸੁਣੈ ਨਿਤ ਸਭੁ ਕਿਛੁ ਮੇਰੀ ਜਿੰਦੁੜੀਏ ਸੋ ਡਰੈ ਜਿਨਿ ਪਾਪ ਕਮਤੇ ਰਾਮ ॥ ਜਿਸੁ ਅੰਤਰੁ ਹਿਰਦਾ ਸੁਧੁ ਹੈ ਮੇਰੀ ਜਿੰਦੁੜੀਏ ਤਿਨਿ ਜਨਿ ਸਭਿ ਡਰ ਸੁਟਿ ਘਤੇ ਰਾਮ ॥ ਹਰਿ ਨਿਰਭਉ ਨਾਮਿ ਪਤੀਜਿਆ ਮੇਰੀ ਜਿੰਦੁੜੀਏ ਸਭਿ ਝਖ ਮਾਰਨੁ ਦੁਸਟ ਕੁਪਤੇ ਰਾਮ ॥ ਗੁਰੁ ਪੂਰਾ ਨਾਨਕਿ ਸੇਵਿਆ ਮੇਰੀ ਜਿੰਦੁੜੀਏ ਜਿਨਿ ਪੈਰੀ ਆਣਿ ਸਭਿ ਘਤੇ ਰਾਮ ॥੩॥ {ਪੰਨਾ 540-541}

ਪਦਅਰਥ: ਵੇਖੈ = ਵੇਖਦਾ ਹੈ। ਸੁਣੈ = ਸੁਣਦਾ ਹੈ। ਜਿਨਿ = ਜਿਸ (ਮਨੁੱਖ) ਨੇ। ਕਮਤੇ = ਕਮਾਏ। ਅੰਤਰੁ ਹਿਰਦਾ = ਅੰਦਰਲਾ ਹਿਰਦਾ। ਤਿਨਿ = ਉਸ ਨੇ। ਜਨਿ = ਜਨ ਨੇ। ਤਿਨਿ ਜਨਿ = ਉਸ ਮਨੁੱਖ ਨੇ। ਸਭਿ = ਸਾਰੇ। ਨਾਮਿ = ਨਾਮ ਵਿਚ। ਪਤੀਜਿਆ = ਗਿੱਝ ਗਿਆ। ਮਾਰਨੁ = ਬੇਸ਼ਕ ਮਾਰਦੇ ਰਹਿਣ {ਹੁਕਮੀ ਭਵਿੱਖਤ, ਅੱਨ ਪੁਰਖ, ਬਹੁ-ਵਚਨ। ਲਫ਼ਜ਼ 'ਮਾਰਨਿ' ਵਰਤਮਾਨ ਕਾਲ, ਅੱਨ ਪੁਰਖ, ਬਹੁ-ਵਚਨ ਹੈ। ਇਸ ਦਾ ਅਰਥ ਹੈ 'ਮਾਰਦੇ ਹਨ'}ਦੁਸਟ = (ਕਾਮਾਦਿਕ) ਵੈਰੀ। ਕੁਪਤੇ = ਕੁਪੱਤੇ, ਲੜਾਕੇ। ਨਾਨਕਿ = ਨਾਨਕ ਨੇ। ਜਿਨਿ = ਜਿਸ (ਗੁਰੂ) ਨੇ। ਆਣਿ = ਲਿਆ ਕੇ। ਸਭਿ = ਸਾਰੇ (ਦੁਸਟ ਕੁਪੱਤੇ) ੩।

ਅਰਥ: ਹੇ ਮੇਰੀ ਸੋਹਣੀ ਜਿੰਦੇ! ਜੇਹੜੇ ਕੰਮ ਅਸੀ ਕਰਦੇ ਹਾਂ, ਜੇਹੜੇ ਬੋਲ ਅਸੀ ਬੋਲਦੇ ਹਾਂ) ਪਰਮਾਤਮਾ ਉਹ ਸਭ ਕੁਝ ਸਦਾ ਵੇਖਦਾ ਰਹਿੰਦਾ ਹੈ, ਤੇ, ਸੁਣਦਾ ਰਹਿੰਦਾ ਹੈ। ਜਿਸ ਮਨੁੱਖ ਨੇ (ਸਾਰੀ ਉਮਰ) ਪਾਪ ਕਮਾਏ ਹੁੰਦੇ ਹਨ, ਉਹ ਡਰਦਾ ਹੈ। (ਪਰ) ਹੇ ਮੇਰੀ ਸੋਹਣੀ ਜਿੰਦੇ! ਜਿਸ (ਮਨੁੱਖ) ਦਾ ਅੰਦਰਲਾ ਹਿਰਦਾ ਪਵਿਤ੍ਰ ਹੈ, ਉਸ ਮਨੁੱਖ ਨੇ ਸਾਰੇ ਡਰ ਲਾਹ ਦਿੱਤੇ ਹੁੰਦੇ ਹਨ। ਜੇਹੜਾ ਮਨੁੱਖ ਨਿਰਭਉ ਪਰਮਾਤਮਾ ਦੇ ਨਾਮ ਵਿਚ ਗਿੱਝ ਜਾਂਦਾ ਹੈ, (ਕਾਮਾਦਿਕ) ਸਾਰੇ ਕੁਪੱਤੇ ਵੈਰੀ ਬੇਸ਼ਕ ਪਏ ਝਖਾਂ ਮਾਰਨ (ਉਸ ਮਨੁੱਖ ਦਾ ਕੁਝ ਵਿਗਾੜ ਨਹੀਂ ਸਕਦੇ। ਹੇ ਮੇਰੀ ਸੋਹਣੀ ਜਿੰਦੇ! ਨਾਨਕ ਨੇ ਉਸ ਪੂਰੇ ਗੁਰੂ ਦੀ ਸਰਨ ਲਈ ਹੈ ਜਿਸ ਨੇ ਸਾਰੇ (ਕੁਪੱਤੇ ਦੁਸ਼ਟ, ਸਰਨ ਆਏ ਮਨੁੱਖ ਦੇ) ਪੈਰਾਂ ਵਿਚ ਲਿਆ ਕੇ ਰੱਖ ਦਿੱਤੇ ਹਨ।੩।

TOP OF PAGE

Sri Guru Granth Darpan, by Professor Sahib Singh