ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 612

ਸੋਰਠਿ ਮਹਲਾ ੫ ਘਰੁ ੨ ਚਉਪਦੇ    ੴ ਸਤਿਗੁਰ ਪ੍ਰਸਾਦਿ ॥ ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ ॥ ਸੁਣਿ ਮੀਤਾ ਜੀਉ ਹਮਾਰਾ ਬਲਿ ਬਲਿ ਜਾਸੀ ਹਰਿ ਦਰਸਨੁ ਦੇਹੁ ਦਿਖਾਈ ॥੧॥ ਸੁਣਿ ਮੀਤਾ ਧੂਰੀ ਕਉ ਬਲਿ ਜਾਈ ॥ ਇਹੁ ਮਨੁ ਤੇਰਾ ਭਾਈ ॥ ਰਹਾਉ ॥ ਪਾਵ ਮਲੋਵਾ ਮਲਿ ਮਲਿ ਧੋਵਾ ਇਹੁ ਮਨੁ ਤੈ ਕੂ ਦੇਸਾ ॥ ਸੁਣਿ ਮੀਤਾ ਹਉ ਤੇਰੀ ਸਰਣਾਈ ਆਇਆ ਪ੍ਰਭ ਮਿਲਉ ਦੇਹੁ ਉਪਦੇਸਾ ॥੨॥ ਮਾਨੁ ਨ ਕੀਜੈ ਸਰਣਿ ਪਰੀਜੈ ਕਰੈ ਸੁ ਭਲਾ ਮਨਾਈਐ ॥ ਸੁਣਿ ਮੀਤਾ ਜੀਉ ਪਿੰਡੁ ਸਭੁ ਤਨੁ ਅਰਪੀਜੈ ਇਉ ਦਰਸਨੁ ਹਰਿ ਜੀਉ ਪਾਈਐ ॥੩॥ ਭਇਓ ਅਨੁਗ੍ਰਹੁ ਪ੍ਰਸਾਦਿ ਸੰਤਨ ਕੈ ਹਰਿ ਨਾਮਾ ਹੈ ਮੀਠਾ ॥ ਜਨ ਨਾਨਕ ਕਉ ਗੁਰਿ ਕਿਰਪਾ ਧਾਰੀ ਸਭੁ ਅਕੁਲ ਨਿਰੰਜਨੁ ਡੀਠਾ ॥੪॥੧॥੧੨॥ {ਪੰਨਾ 612}

ਨੋਟ: ਇਥੋਂ 'ਘਰੁ ੨' ਦੇ ਸ਼ਬਦ ਸ਼ੁਰੂ ਹੁੰਦੇ ਹਨ। ਪਹਿਲੇ ਸ਼ਬਦਾਂ ਦਾ ਸੰਗ੍ਰਹ ੧੧ ਹੈ।

ਪਦਅਰਥ: ਗੁਰ ਹਾਈ = ਗੁਰਭਾਈ। ਮੀਤਾ = ਹੇ ਮਿੱਤਰ! ਜੀਉ = ਜਿੰਦ। ਬਲਿ ਜਾਸੀ = ਸਦਕੇ ਜਾਵੇਗੀ।੧।

ਕਉ = ਤੋਂ। ਬਲਿ ਜਾਈ = ਜਲਿ ਜਾਈਂ, ਮੈਂ ਸਦਕੇ ਜਾਂਦਾ ਹਾਂ। ਭਾਈ = ਹੇ ਭਾਈ!ਰਹਾਉ।

ਪਾਵ = {ਲਫ਼ਜ਼ 'ਪਾਉ' ਤੋਂ ਬਹੁ-ਵਚਨ} ਦੋਵੇਂ ਪੈਰ। ਮਲੋਵਾ = ਮਲੋਵਾਂ, ਮੈਂ ਮਲਾਂਗਾ। ਮਲਿ = ਮਲ ਕੇ। ਧੋਵਾ = ਧੋਵਾਂ, ਮੈਂ ਧੋਵਾਂਗਾ। ਤੈ ਕੂ = ਤੈਨੂੰ। ਦੇਸਾ = ਦੇਸਾਂ, ਮੈਂ ਦਿਆਂਗਾ। ਹਉ = ਮੈਂ। ਪ੍ਰਭ ਮਿਲਉ = ਮੈਂ ਪ੍ਰਭੂ ਨੂੰ ਮਿਲ ਪਵਾਂ, ਮਿਲਉਂ।੨।

ਮਾਨੁ = ਅਹੰਕਾਰ। ਕੀਜੈ = ਕਰਨਾ ਚਾਹੀਦਾ। ਪਰੀਜੈ = ਪੈਣਾ ਚਾਹੀਦਾ ਹੈ। ਪਿੰਡੁ = ਸਰੀਰ। ਅਰਪੀਜੈ = ਭੇਟ ਕਰ ਦੇਣਾ ਚਾਹੀਦਾ ਹੈ। ਇਉ = ਇਉਂ, ਇਸ ਤਰ੍ਹਾਂ।੩।

ਅਨੁਗ੍ਰਹੁ = ਮੇਹਰ, ਕਿਰਪਾ। ਪ੍ਰਸਾਦਿ = ਕਿਰਪਾ ਨਾਲ। ਗੁਰਿ = ਗੁਰੂ ਨੇ। ਅਕੁਲ = ਅ = ਕੁਲ, ਜਿਸ ਦੀ ਕੋਈ ਖ਼ਾਸ ਕੁਲ ਨਹੀਂ। ਨਿਰੰਜਨੁ = {ਨਿਰ = ਅੰਜਨੁ। ਅੰਜਨੁ = ਸੁਰਮਾ, ਮਾਇਆ ਦੀ ਕਾਲਖ} ਮਾਇਆ ਦੇ ਪ੍ਰਭਾਵ ਤੋਂ ਰਹਿਤ।੪।

ਜ਼ਰੂਰੀ ਨੋਟ: ਇਸ ਸ਼ਬਦ ਵਿਚ ਇਕ ਜਿਗਿਆਸੂ ਪਾਸੋਂ ਸਵਾਲ ਕਰਾ ਕੇ, ਤੇ, ਕਿਸੇ ਗੁਰਮੁਖਿ ਪਾਸੋਂ ਉੱਤਰ ਦਿਵਾ ਕੇ ਪਰਮਾਤਮਾ ਦੇ ਮਿਲਾਪ ਦੀ ਜੁਗਤੀ ਦੱਸੀ ਗਈ ਹੈ।

ਅਰਥ: ਹੇ ਮਿੱਤਰ! ਮੇਰੀ ਬੇਨਤੀ) ਸੁਣ। ਮੈਂ (ਤੇਰੇ ਚਰਨਾਂ ਦੀ) ਧੂੜ ਤੋਂ ਕੁਰਬਾਨ ਜਾਂਦਾ ਹਾਂ। ਹੇ ਭਰਾ! ਮੈਂ ਆਪਣਾ) ਇਹ ਮਨ ਤੇਰਾ (ਆਗਿਆਕਾਰ ਬਣਾਣ ਨੂੰ ਤਿਆਰ ਹਾਂ) ਰਹਾਉ।

ਹੇ ਮਿੱਤਰ! ਸਾਡਾ) ਇਕੋ ਹੀ ਪ੍ਰਭੂ-ਪਿਤਾ ਹੈ, ਅਸੀ ਇਕੋ ਪ੍ਰਭੂ-ਪਿਤਾ ਦੇ ਬੱਚੇ ਹਾਂ, (ਫਿਰ,) ਤੂੰ ਮੇਰਾ ਗੁਰਭਾਈ (ਭੀ) ਹੈਂ। ਮੈਨੂੰ ਪਰਮਾਤਮਾ ਦਾ ਦਰਸਨ ਕਰਾ ਦੇਹ। ਮੇਰੀ ਜਿੰਦ ਤੈਥੋਂ ਮੁੜ ਮੁੜ ਸਦਕੇ ਜਾਇਆ ਕਰੇਗੀ।੧।

ਹੇ ਮਿੱਤਰ! ਮੈਂ (ਤੇਰੇ ਦੋਵੇਂ) ਪੈਰ ਮਲਾਂਗਾ, (ਇਹਨਾਂ ਨੂੰ) ਮਲ ਮਲ ਕੇ ਧੋਵਾਂਗਾ, ਮੈਂ ਆਪਣਾ ਇਹ ਮਨ ਤੇਰੇ ਹਵਾਲੇ ਕਰ ਦਿਆਂਗਾ। ਹੇ ਮਿੱਤਰ! (ਮੇਰੀ ਬੇਨਤੀ) ਸੁਣ। ਮੈਂ ਤੇਰੀ ਸ਼ਰਨ ਆਇਆ ਹਾਂ। ਮੈਨੂੰ (ਅਜੇਹਾ) ਉਪਦੇਸ਼ ਦੇਹ (ਕਿ) ਮੈਂ ਪ੍ਰਭੂ ਨੂੰ ਮਿਲ ਸਕਾਂ।੨।

{ਨੋਟ: ਗੁਰਮੁਖਿ ਪ੍ਰਭੂ-ਮਿਲਾਪ ਦੀ ਜੁਗਤਿ ਦੱਸਦਾ ਹੈ}

ਹੇ ਮਿੱਤਰ! ਸੁਣ। (ਕਿਸੇ ਕਿਸਮ ਦਾ) ਅਹੰਕਾਰ ਨਹੀਂ ਕਰਨਾ ਚਾਹੀਦਾ, ਪ੍ਰਭੂ ਦੀ ਸ਼ਰਨ ਪਏ ਰਹਿਣਾ ਚਾਹੀਦਾ ਹੈ। ਜੋ ਕੁਝ ਪਰਮਾਤਮਾ ਕਰ ਰਿਹਾ ਹੈ, ਉਸ ਨੂੰ ਭਲਾ ਕਰ ਕੇ ਮੰਨਣਾ ਚਾਹੀਦਾ ਹੈ। ਇਹ ਜਿੰਦ ਤੇ ਇਹ ਸਰੀਰ ਸਭ ਕੁਝ ਉਸ ਦੀ ਭੇਟ ਕਰ ਦੇਣਾ ਚਾਹੀਦਾ ਹੈ। ਇਸ ਤਰ੍ਹਾਂ ਪਰਮਾਤਮਾ ਨੂੰ ਲੱਭ ਲਈਦਾ ਹੈ।੩।

ਹੇ ਮਿੱਤਰ! ਸੰਤ ਜਨਾਂ ਦੀ ਕਿਰਪਾ ਨਾਲ (ਜਿਸ ਮਨੁੱਖ ਉਤੇ ਪ੍ਰਭੂ ਦੀ) ਮੇਹਰ ਹੋਵੇ ਉਸ ਨੂੰ ਪਰਮਾਤਮਾ ਦਾ ਨਾਮ ਪਿਆਰਾ ਲੱਗਣ ਲੱਗ ਪੈਂਦਾ ਹੈ। (ਹੇ ਮਿੱਤਰ!) ਦਾਸ ਨਾਨਕ ਉੱਤੇ ਗੁਰੂ ਨੇ ਕਿਰਪਾ ਕੀਤੀ ਤਾਂ (ਨਾਨਕ ਨੂੰ) ਹਰ ਥਾਂ ਉਹ ਪ੍ਰਭੂ ਦਿੱਸਣ ਲੱਗ ਪਿਆ, ਜਿਸ ਦੀ ਕੋਈ ਖ਼ਾਸ ਕੁਲ ਨਹੀਂ, ਤੇ, ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ।੪।੧।੧੨।

ਸੋਰਠਿ ਮਹਲਾ ੫ ॥ ਕੋਟਿ ਬ੍ਰਹਮੰਡ ਕੋ ਠਾਕੁਰੁ ਸੁਆਮੀ ਸਰਬ ਜੀਆ ਕਾ ਦਾਤਾ ਰੇ ॥ ਪ੍ਰਤਿਪਾਲੈ ਨਿਤ ਸਾਰਿ ਸਮਾਲੈ ਇਕੁ ਗੁਨੁ ਨਹੀ ਮੂਰਖਿ ਜਾਤਾ ਰੇ ॥੧॥ ਹਰਿ ਆਰਾਧਿ ਨ ਜਾਨਾ ਰੇ ॥ ਹਰਿ ਹਰਿ ਗੁਰੁ ਗੁਰੁ ਕਰਤਾ ਰੇ ॥ ਹਰਿ ਜੀਉ ਨਾਮੁ ਪਰਿਓ ਰਾਮਦਾਸੁ ॥ ਰਹਾਉ ॥ ਦੀਨ ਦਇਆਲ ਕ੍ਰਿਪਾਲ ਸੁਖ ਸਾਗਰ ਸਰਬ ਘਟਾ ਭਰਪੂਰੀ ਰੇ ॥ ਪੇਖਤ ਸੁਨਤ ਸਦਾ ਹੈ ਸੰਗੇ ਮੈ ਮੂਰਖ ਜਾਨਿਆ ਦੂਰੀ ਰੇ ॥੨॥ ਹਰਿ ਬਿਅੰਤੁ ਹਉ ਮਿਤਿ ਕਰਿ ਵਰਨਉ ਕਿਆ ਜਾਨਾ ਹੋਇ ਕੈਸੋ ਰੇ ॥ ਕਰਉ ਬੇਨਤੀ ਸਤਿਗੁਰ ਅਪੁਨੇ ਮੈ ਮੂਰਖ ਦੇਹੁ ਉਪਦੇਸੋ ਰੇ ॥੩॥ ਮੈ ਮੂਰਖ ਕੀ ਕੇਤਕ ਬਾਤ ਹੈ ਕੋਟਿ ਪਰਾਧੀ ਤਰਿਆ ਰੇ ॥ ਗੁਰੁ ਨਾਨਕੁ ਜਿਨ ਸੁਣਿਆ ਪੇਖਿਆ ਸੇ ਫਿਰਿ ਗਰਭਾਸਿ ਨ ਪਰਿਆ ਰੇ ॥੪॥੨॥੧੩॥ {ਪੰਨਾ 612}

ਪਦਅਰਥ: ਬ੍ਰਹਮੰਡ = ਸ੍ਰਿਸ਼ਟੀ। ਕੋ = ਦਾ। ਠਾਕੁਰੁ = ਪਾਲਣਹਾਰ। ਰੇ = ਹੇ ਭਾਈ! ਸਾਰਿ = ਸਾਰ ਲੈ ਕੇ। ਸਮਾਲੈ = ਸੰਭਾਲ ਕਰਦਾ ਹੈ। ਮੂਰਖਿ = ਮੂਰਖ ਨੇ।੧।

ਆਰਾਧਿ ਨ ਜਾਨਾ = (ਮੈਂ) ਆਰਾਧਨਾ ਕਰਨੀ ਨਹੀਂ ਸਮਝੀ। ਕਰਤਾ = ਕਰਦਾ ਹਾਂ। ਰੇ = ਹੇ ਭਾਈ! ਹਰਿ ਜੀਉ = ਹੇ ਪ੍ਰਭੂ ਜੀ! ਪਰਿਓ = ਪੈ ਗਿਆ ਹੈ। ਰਾਮ ਦਾਸੁ = ਰਾਮ ਦਾ ਦਾਸ।ਰਹਾਉ।

ਸੁਖ ਸਾਗਰ = ਸੁਖਾਂ ਦਾ ਸਮੁੰਦਰ। ਭਰਪੂਰੀ = ਵਿਆਪਕ। ਸਰਬ ਘਟਾ = ਸਾਰੇ ਸਰੀਰਾਂ ਵਿਚ। ਸੰਗੇ = ਨਾਲ ਹੀ।੨।

ਹਉ = ਮੈਂ। ਮਿਤਿ = ਹੱਦ = ਬੰਦੀ। ਕਰਿ = ਕਰ ਕੇ। ਵਰਨਉ = ਵਰਨਉਂ, ਮੈਂ ਬਿਆਨ ਕਰਦਾ ਹਾਂ। ਕਿਆ ਜਾਨਾ = ਮੈਂ ਕੀਹ ਜਾਣਦਾ ਹਾਂ? ਕਰਉ = ਕਰਉਂ। ਮੈ ਮੂਰਖ = ਮੈਨੂੰ ਮੂਰਖ ਨੂੰ।੩।

ਕੇਤਕ ਬਾਤ ਹੈ– ਕੋਈ ਵੱਡੀ ਗੱਲ ਨਹੀਂ। ਕੋਟਿ = ਕ੍ਰੋੜਾਂ। ਜਿਨ = ਜਿਨ੍ਹਾਂ ਨੇ। ਗਰਭਾਸਿ = ਗਰਭ = ਆਸ਼ੈ ਵਿਚ, ਗਰਭ = ਜੋਨਿ ਵਿਚ।੪।

ਅਰਥ: ਹੇ ਭਾਈ! ਮੈਨੂੰ ਪਰਮਾਤਮਾ ਦਾ ਸਿਮਰਨ ਕਰਨ ਦੀ ਜਾਚ ਨਹੀਂ। ਮੈਂ (ਤਾਂ ਜ਼ਬਾਨੀ ਜ਼ਬਾਨੀ ਹੀ) 'ਹਰੀ ਹਰੀ', 'ਗੁਰੂ ਗੁਰੂ' ਕਰਦਾ ਰਹਿੰਦਾ ਹਾਂ। ਹੇ ਪ੍ਰਭੂ ਜੀ! ਮੇਰਾ ਨਾਮ "ਰਾਮ ਦਾ ਦਾਸ" ਪੈ ਗਿਆ ਹੈ (ਹੁਣ ਤੂੰ ਹੀ ਮੇਰੀ ਲਾਜ ਰੱਖ, ਤੇ, ਭਗਤੀ ਦੀ ਦਾਤਿ ਦੇਹ) ਰਹਾਉ।

ਹੇ ਭਾਈ! ਮੈਂ ਮੂਰਖ ਨੇ ਉਸ ਪਰਮਾਤਮਾ ਦਾ ਇੱਕ ਭੀ ਉਪਕਾਰ ਨਹੀਂ ਸਮਝਿਆ, ਜੇਹੜਾ ਕ੍ਰੋੜਾਂ ਬ੍ਰਹਮੰਡਾਂ ਦਾ ਪਾਲਣਹਾਰ ਮਾਲਕ ਹੈ, ਜੇਹੜਾ ਸਾਰੇ ਜੀਵਾਂ ਨੂੰ (ਰਿਜ਼ਕ ਆਦਿਕ) ਦਾਤਾਂ ਦੇਣ ਵਾਲਾ ਹੈ, ਜੇਹੜਾ (ਸਭ ਜੀਵਾਂ ਨੂੰ) ਪਾਲਦਾ ਹੈ, ਸਦਾ (ਸਭ ਦੀ) ਸਾਰ ਲੈ ਕੇ ਸੰਭਾਲ ਕਰਦਾ ਹੈ।੧।

ਹੇ ਭਾਈ! ਮੈਂ ਮੂਰਖ ਉਸ ਪਰਮਾਤਮਾ ਨੂੰ ਕਿਤੇ ਦੂਰ-ਵੱਸਦਾ ਸਮਝ ਰਿਹਾ ਹਾਂ ਜੇਹੜਾ ਗਰੀਬਾਂ ਉਤੇ ਦਇਆ ਕਰਨ ਵਾਲਾ ਹੈ, ਜੇਹੜਾ ਦਇਆ ਦਾ ਘਰ ਹੈ, ਜੇਹੜਾ ਸੁਖਾਂ ਦਾ ਸਮੁੰਦਰ ਹੈ, ਜੇਹੜਾ ਸਾਰੇ ਸਰੀਰਾਂ ਵਿਚ ਹਰ ਥਾਂ ਮੌਜੂਦ ਹੈ, ਜੇਹੜਾ ਸਭ ਜੀਵਾਂ ਦੇ ਅੰਗ-ਸੰਗ ਰਹਿ ਕੇ ਸਭਨਾਂ ਦੇ ਕਰਮ ਵੇਖਦਾ ਹੈ ਤੇ (ਸਭ ਦੀਆਂ ਅਰਜ਼ੋਈਆਂ) ਸੁਣਦਾ ਰਹਿੰਦਾ ਹੈ।੨।

ਹੇ ਭਾਈ! ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਪਰ ਮੈਂ ਉਸ ਦੇ ਗੁਣਾਂ ਨੂੰ ਹੱਦ-ਬੰਦੀ ਵਿਚ ਲਿਆ ਕੇ ਬਿਆਨ ਕਰਦਾ ਹਾਂ। ਮੈਂ ਕੀਹ ਜਾਣ ਸਕਦਾ ਹਾਂ ਕਿ ਉਹ ਪਰਮਾਤਮਾ ਕਿਹੋ ਜਿਹਾ ਹੈ? ਹੇ ਭਾਈ! ਮੈਂ ਆਪਣੇ ਗੁਰੂ ਦੇ ਪਾਸ ਬੇਨਤੀ ਕਰਦਾ ਹਾਂ ਕਿ ਮੈਨੂੰ ਮੂਰਖ ਨੂੰ ਸਿੱਖਿਆ ਦੇਵੇ।੩।

ਹੇ ਭਾਈ! ਮੈਨੂੰ ਮੂਰਖ ਨੂੰ ਪਾਰ ਲੰਘਾਣਾ (ਗੁਰੂ ਵਾਸਤੇ) ਕੋਈ ਵੱਡੀ ਗੱਲ ਨਹੀਂ (ਉਸ ਦੇ ਦਰ ਤੇ ਆ ਕੇ ਤਾਂ) ਕ੍ਰੋੜਾਂ ਪਾਪੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਰਹੇ ਹਨ। ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਗੁਰੂ ਨਾਨਕ (ਦੇ ਉਪਦੇਸ਼) ਨੂੰ ਸੁਣਿਆ ਹੈ ਗੁਰੂ ਨਾਨਕ ਦਾ ਦਰਸ਼ਨ ਕੀਤਾ ਹੈ, ਉਹ ਮੁੜ ਕਦੇ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦੇ।੪।੨।੧੩।

ਸੋਰਠਿ ਮਹਲਾ ੫ ॥ ਜਿਨਾ ਬਾਤ ਕੋ ਬਹੁਤੁ ਅੰਦੇਸਰੋ ਤੇ ਮਿਟੇ ਸਭਿ ਗਇਆ ॥ ਸਹਜ ਸੈਨ ਅਰੁ ਸੁਖਮਨ ਨਾਰੀ ਊਧ ਕਮਲ ਬਿਗਸਇਆ ॥੧॥ ਦੇਖਹੁ ਅਚਰਜੁ ਭਇਆ ॥ ਜਿਹ ਠਾਕੁਰ ਕਉ ਸੁਨਤ ਅਗਾਧਿ ਬੋਧਿ ਸੋ ਰਿਦੈ ਗੁਰਿ ਦਇਆ ॥ ਰਹਾਉ ॥ ਜੋਇ ਦੂਤ ਮੋਹਿ ਬਹੁਤੁ ਸੰਤਾਵਤ ਤੇ ਭਇਆਨਕ ਭਇਆ ॥ ਕਰਹਿ ਬੇਨਤੀ ਰਾਖੁ ਠਾਕੁਰ ਤੇ ਹਮ ਤੇਰੀ ਸਰਨਇਆ ॥੨॥ ਜਹ ਭੰਡਾਰੁ ਗੋਬਿੰਦ ਕਾ ਖੁਲਿਆ ਜਿਹ ਪ੍ਰਾਪਤਿ ਤਿਹ ਲਇਆ ॥ ਏਕੁ ਰਤਨੁ ਮੋ ਕਉ ਗੁਰਿ ਦੀਨਾ ਮੇਰਾ ਮਨੁ ਤਨੁ ਸੀਤਲੁ ਥਿਆ ॥੩॥ ਏਕ ਬੂੰਦ ਗੁਰਿ ਅੰਮ੍ਰਿਤੁ ਦੀਨੋ ਤਾ ਅਟਲੁ ਅਮਰੁ ਨ ਮੁਆ ॥ ਭਗਤਿ ਭੰਡਾਰ ਗੁਰਿ ਨਾਨਕ ਕਉ ਸਉਪੇ ਫਿਰਿ ਲੇਖਾ ਮੂਲਿ ਨ ਲਇਆ ॥੪॥੩॥੧੪॥ {ਪੰਨਾ 612}

ਪਦਅਰਥ: ਕੋ = ਦਾ। ਜਿਨਾ ਬਾਤ ਕੋ = ਜਿਨ੍ਹਾਂ ਗੱਲਾਂ ਦਾ। ਅੰਦੇਸਰੋ = ਚਿੰਤਾ = ਫ਼ਿਕਰ। ਤੇ ਸਭਿ = ਉਹ ਸਾਰੀਆਂ ਗੱਲਾਂ। ਸਹਜ = ਆਤਮਕ ਅਡੋਲਤਾ। ਸੈਨ = ਲੀਨਤਾ। ਸਹਜ ਸੈਨ = ਆਤਮਕ ਅਡੋਲਤਾ ਵਿਚ ਲੀਨਤਾ। ਸੁਖਮਨ = ਮਨ ਨੂੰ ਸੁਖ ਦੇਣ ਵਾਲੀਆਂ। ਨਾਰੀ = ਨਾਰੀਆਂ, ਇੰਦ੍ਰੀਆਂ। ਊਧ = ਉਲਟਾ। ਬਿਗਸਇਆ = ਖਿੜ ਪਿਆ ਹੈ।੧।

ਅਚਰਜੁ = ਅਨੋਖਾ ਤਮਾਸ਼ਾ। ਜਿਹ ਕਉ = ਜਿਸ ਨੂੰ। ਅਗਾਧਿ = ਅਥਾਹ, ਬਹੁਤ ਹੀ ਡੂੰਘਾ। ਬੋਧਿ = ਅਕਲ ਦੀ ਰਾਹੀਂ। ਅਗਾਧਿ ਬੋਧਿ = ਸਮਝ ਲਈ ਅਥਾਹ। ਰਿਦੈ = ਹਿਰਦੇ ਵਿਚ। ਗੁਰਿ = ਗੁਰੂ ਨੇ।ਰਹਾਉ।

ਜੋਇ ਦੂਤ = ਜੇਹੜੇ ਵੈਰੀ। ਮੋਹਿ = ਮੈਨੂੰ। ਤੇ = {ਬਹੁ-ਵਚਨ} ਉਹ। ਭਇਆਨਕ = ਭੈ = ਭੀਤ। ਕਰਹਿ = ਕਰਦੇ ਹਨ। ਤੇ = ਤੋਂ। ਰਾਖੁ = ਬਚਾ ਲੈ।੨।

ਜਹ = ਜਿੱਥੇ, ਜਿਸ ਅਵਸਥਾ ਵਿਚ। ਭੰਡਾਰੁ = ਖ਼ਜ਼ਾਨਾ। ਜਿਹ = ਜਿਸ ਨੂੰ। ਤਿਹ = ਉਸ ਨੇ।੩।

ਗੁਰਿ = ਗੁਰੂ ਨੇ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ = ਜਲ। ਅਟਲੁ = ਅਡੋਲ। ਅਮਰੁ = ਆਤਮਕ ਮੌਤ ਤੋਂ ਬਚਿਆ ਹੋਇਆ। ਨ ਮੁਆ = ਨਹੀਂ ਮਰਦਾ, ਆਤਮਕ ਮੌਤ ਨੇੜੇ ਨਹੀਂ ਢੁਕਦੀ। ਭੰਡਾਰ = ਖ਼ਜ਼ਾਨੇ। ਕਉ = ਨੂੰ। ਲੇਖਾ = ਕਰਮਾਂ ਦਾ ਹਿਸਾਬ। ਮੂਲਿ ਨ = ਬਿਲਕੁਲ ਨਹੀਂ।੪।

ਅਰਥ: ਹੇ ਭਾਈ! ਵੇਖੋ (ਮੇਰੇ ਅੰਦਰ) ਇਕ ਅਨੋਖਾ ਕੌਤਕ ਵਰਤਿਆ ਹੈ। ਗੁਰੂ ਨੇ (ਮੈਨੂੰ ਮੇਰੇ) ਹਿਰਦੇ ਵਿਚ ਉਹ ਪਰਮਾਤਮਾ (ਵਿਖਾ) ਦਿੱਤਾ ਹੈ ਜਿਸ ਦੀ ਬਾਬਤ ਸੁਣਦੇ ਸਾਂ ਕਿ ਉਹ ਮਨੁੱਖਾ ਸਮਝ ਤੋਂ ਬਹੁਤ ਪਰੇ ਹੈ।ਰਹਾਉ।

ਹੇ ਭਾਈ! ਜਿਨ੍ਹਾਂ ਗੱਲਾਂ ਦਾ ਮੈਨੂੰ ਬਹੁਤ ਚਿੰਤਾ-ਫ਼ਿਕਰ ਲੱਗਾ ਰਹਿੰਦਾ ਸੀ (ਗੁਰੂ ਦੀ ਕਿਰਪਾ ਨਾਲ) ਉਹ ਸਾਰੇ ਚਿੰਤਾ-ਫ਼ਿਕਰ ਮਿਟ ਗਏ ਹਨ। ਮੇਰਾ ਪੁੱਠਾ ਪਿਆ ਹੋਇਆ ਹਿਰਦਾ-ਕੌਲ ਫੁੱਲ ਖਿੜ ਪਿਆ ਹੈ, ਆਤਮਕ ਅਡੋਲਤਾ ਵਿਚ ਮੇਰੀ ਲੀਨਤਾ ਹੋਈ ਰਹਿੰਦੀ ਹੈ, ਅਤੇ, ਮੇਰੀਆਂ ਸਾਰੀਆਂ ਇੰਦ੍ਰੀਆਂ ਹੁਣ ਮੇਰੇ ਮਨ ਨੂੰ ਆਤਮਕ ਸੁਖ ਦੇਣ ਵਾਲੀਆਂ ਹੋ ਗਈਆਂ ਹਨ।੧।

ਹੇ ਭਾਈ! ਜੇਹੜੇ (ਕਾਮਾਦਿਕ) ਵੈਰੀ ਮੈਨੂੰ ਬਹੁਤ ਸਤਾਇਆ ਕਰਦੇ ਸਨ, ਉਹ ਹੁਣ (ਮੇਰੇ ਨੇੜੇ ਢੁਕਣੋਂ) ਡਰਦੇ ਹਨ, ਉਹ ਸਗੋਂ ਤਰਲੇ ਕਰਦੇ ਹਨ ਕਿ ਅਸੀ ਹੁਣ ਤੇਰੇ ਅਧੀਨ ਹੋ ਕੇ ਰਹਾਂਗੇ, ਸਾਨੂੰ ਮਾਲਕ-ਪ੍ਰਭੂ (ਦੀ ਕ੍ਰੋਪੀ) ਤੋਂ ਬਚਾ ਲੈ।੨।

ਹੇ ਭਾਈ! ਮੇਰੇ ਅੰਦਰ ਉਹ ਕੌਤਕ ਅਜੇਹਾ ਵਰਤਿਆ ਹੈ) ਕਿ ਉਸ ਅਵਸਥਾ ਵਿਚ ਪਰਮਾਤਮਾ (ਦੀ ਭਗਤੀ) ਦਾ ਖ਼ਜ਼ਾਨਾ (ਮੇਰੇ ਅੰਦਰ) ਖੁਲ੍ਹ ਪਿਆ ਹੈ। ਪਰ (ਹੇ ਭਾਈ! ਇਹ ਖ਼ਜ਼ਾਨਾ) ਉਸ ਮਨੁੱਖ ਨੂੰ ਹੀ ਮਿਲਦਾ ਹੈ ਜਿਸ ਦੇ ਭਾਗਾਂ ਵਿਚ ਇਸ ਦੀ ਪ੍ਰਾਪਤੀ ਲਿਖੀ ਹੋਈ ਹੈ। ਹੇ ਭਾਈ! ਗੁਰੂ ਨੇ ਮੈਨੂੰ (ਪਰਮਾਤਮਾ ਦਾ ਨਾਮ) ਇਕ ਐਸਾ ਰਤਨ ਦੇ ਦਿੱਤਾ ਹੈ ਕਿ (ਉਸ ਦੀ ਬਰਕਤਿ ਨਾਲ) ਮੇਰਾ ਮਨ ਠੰਢਾ-ਠਾਰ ਹੋ ਗਿਆ ਹੈ, ਮੇਰਾ ਸਰੀਰ ਸ਼ਾਂਤ ਹੋ ਗਿਆ ਹੈ।੩।

ਹੇ ਭਾਈ! ਗੁਰੂ ਨੇ ਮੈਨੂੰ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੀ ਇਕ ਬੂੰਦ ਦਿੱਤੀ ਹੈ, ਹੁਣ ਮੇਰਾ ਆਤਮਾ (ਵਿਕਾਰਾਂ ਵਲੋਂ) ਅਡੋਲ ਹੋ ਗਿਆ ਹੈ, ਆਤਮਕ ਮੌਤ ਤੋਂ ਮੈਂ ਬਚ ਗਿਆ ਹਾਂ, ਆਤਮਕ ਮੌਤ ਮੇਰੇ ਨੇੜੇ ਨਹੀਂ ਢੁਕਦੀ। ਹੇ ਭਾਈ! ਜਦੋਂ ਤੋਂ) ਗੁਰੂ ਨੇ ਨਾਨਕ ਨੂੰ ਪਰਮਾਤਮਾ ਦੀ ਭਗਤੀ ਦੇ ਖ਼ਜ਼ਾਨੇ ਬਖ਼ਸ਼ ਦਿੱਤੇ ਹਨ, ਉਸ ਤੋਂ ਪਿੱਛੋਂ ਕੀਤੇ ਕਰਮਾਂ ਦਾ ਹਿਸਾਬ ਉੱਕਾ ਹੀ ਨਹੀਂ ਮੰਗਿਆ।੪।੩।੧੪।

TOP OF PAGE

Sri Guru Granth Darpan, by Professor Sahib Singh