ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 613

ਸੋਰਠਿ ਮਹਲਾ ੫ ॥ ਚਰਨ ਕਮਲ ਸਿਉ ਜਾ ਕਾ ਮਨੁ ਲੀਨਾ ਸੇ ਜਨ ਤ੍ਰਿਪਤਿ ਅਘਾਈ ॥ ਗੁਣ ਅਮੋਲ ਜਿਸੁ ਰਿਦੈ ਨ ਵਸਿਆ ਤੇ ਨਰ ਤ੍ਰਿਸਨ ਤ੍ਰਿਖਾਈ ॥੧॥ ਹਰਿ ਆਰਾਧੇ ਅਰੋਗ ਅਨਦਾਈ ॥ ਜਿਸ ਨੋ ਵਿਸਰੈ ਮੇਰਾ ਰਾਮ ਸਨੇਹੀ ਤਿਸੁ ਲਾਖ ਬੇਦਨ ਜਣੁ ਆਈ ॥ ਰਹਾਉ ॥ ਜਿਹ ਜਨ ਓਟ ਗਹੀ ਪ੍ਰਭ ਤੇਰੀ ਸੇ ਸੁਖੀਏ ਪ੍ਰਭ ਸਰਣੇ ॥ ਜਿਹ ਨਰ ਬਿਸਰਿਆ ਪੁਰਖੁ ਬਿਧਾਤਾ ਤੇ ਦੁਖੀਆ ਮਹਿ ਗਨਣੇ ॥੨॥ ਜਿਹ ਗੁਰ ਮਾਨਿ ਪ੍ਰਭੂ ਲਿਵ ਲਾਈ ਤਿਹ ਮਹਾ ਅਨੰਦ ਰਸੁ ਕਰਿਆ ॥ ਜਿਹ ਪ੍ਰਭੂ ਬਿਸਾਰਿ ਗੁਰ ਤੇ ਬੇਮੁਖਾਈ ਤੇ ਨਰਕ ਘੋਰ ਮਹਿ ਪਰਿਆ ॥੩॥ ਜਿਤੁ ਕੋ ਲਾਇਆ ਤਿਤ ਹੀ ਲਾਗਾ ਤੈਸੋ ਹੀ ਵਰਤਾਰਾ ॥ ਨਾਨਕ ਸਹ ਪਕਰੀ ਸੰਤਨ ਕੀ ਰਿਦੈ ਭਏ ਮਗਨ ਚਰਨਾਰਾ ॥੪॥੪॥੧੫॥ {ਪੰਨਾ 612-613}

ਪਦਅਰਥ: ਜਾ ਕਾ ਮਨੁ = ਜਿਨ੍ਹਾਂ ਮਨੁੱਖਾਂ ਦਾ ਮਨ। ਸੇ ਜਨ = ਉਹ ਬੰਦੇ। ਤ੍ਰਿਪਤਿ ਅਘਾਈ = (ਮਾਇਆ ਵਲੋਂ) ਪੂਰੇ ਤੌਰ ਤੇ ਰੱਜੇ ਰਹਿੰਦੇ ਹਨ। ਜਿਸੁ ਰਿਦੈ = ਜਿਸੁ ਜਿਸੁ ਰਿਦੈ, ਜਿਸ ਜਿਸ ਦੇ ਹਿਰਦੇ ਵਿਚ। ਤੇ ਨਰ = ਉਹ ਬੰਦੇ। ਤ੍ਰਿਖਾਈ = ਤਿਹਾਏ।੧।

ਅਰੋਗ = ਨਰੋਏ। ਅਨਦਾਈ = ਪ੍ਰਸੰਨ, ਆਨੰਦ = ਮਈ। ਸਨੇਹੀ = ਪਿਆਰਾ। ਬੇਦਨ = ਪੀੜਾਂ, ਦੁੱਖ। ਜਣੁ = ਜਾਣੋ, ਸਮਝੋ, ਮਾਨੋ।ਰਹਾਉ।

ਓਟ = ਆਸਰਾ। ਗਹੀ = ਫੜੀ। ਪ੍ਰਭ = ਹੇ ਪ੍ਰਭੂ! ਗਨਣੇ = ਗਿਣੇ ਜਾਂਦੇ ਹਨ।੨।

ਗੁਰ ਮਾਨਿ = ਗੁਰੂ ਦਾ ਹੁਕਮ ਮੰਨ ਕੇ। ਲਿਵ ਲਾਈ = ਸੁਰਤਿ ਜੋੜੀ। ਗੁਰ ਤੇ = ਗੁਰੂ ਤੋਂ। ਤੇ = ਉਹ ਬੰਦੇ। ਘੋਰ = ਭਿਆਨਕ।੩।

ਜਿਤੁ = ਜਿਸ (ਕੰਮ) ਵਿਚ। ਕੋ = ਕੋਈ ਬੰਦਾ। ਤਿਤ ਹੀ = {ਲਫ਼ਜ਼ 'ਜਿਤੁ' ਵਾਂਗ 'ਤਿਤੁ' ਦੇ ਅਖ਼ੀਰ ਤੇ ਭੀ ੁ ਹੈ। ਪਰ ਇਹ ੁ ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਿਆ ਹੈ} ਉਸ (ਕੰਮ) ਵਿਚ ਹੀ। ਸਹ = ਓਟ, ਸ਼ਹ। ਮਗਨ = ਮਸਤ।੪।

ਅਰਥ: ਹੇ ਭਾਈ! ਪਰਮਾਤਮਾ ਦਾ ਆਰਾਧਨ ਕਰਨ ਨਾਲ ਨਰੋਏ ਹੋ ਜਾਈਦਾ ਹੈ, ਆਤਮਕ ਅਨੰਦ ਬਣਿਆ ਰਹਿੰਦਾ ਹੈ। ਪਰ ਜਿਸ ਮਨੁੱਖ ਨੂੰ ਮੇਰਾ ਪਿਆਰਾ ਪ੍ਰਭੂ ਭੁੱਲ ਜਾਂਦਾ ਹੈ, ਉਸ ਉਤੇ (ਇਉਂ) ਜਾਣੋ (ਜਿਵੇਂ) ਲੱਖਾਂ ਤਕਲਫ਼ਿਾਂ ਆ ਪੈਂਦੀਆਂ ਹਨ।ਰਹਾਉ।

ਹੇ ਭਾਈ! ਜਿਨ੍ਹਾਂ ਮਨੁੱਖਾਂ ਦਾ ਮਨ ਪ੍ਰਭੂ ਦੇ ਕੌਲ ਫੁੱਲਾਂ ਵਰਗੇ ਕੋਮਲ ਚਰਨਾਂ ਨਾਲ ਪਰਚ ਜਾਂਦਾ ਹੈ, ਉਹ ਮਨੁੱਖ (ਮਾਇਆ ਵਲੋਂ) ਪੂਰੇ ਤੌਰ ਤੇ ਸੰਤੋਖੀ ਰਹਿੰਦੇ ਹਨ। ਪਰ ਜਿਸ ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦੇ ਅਮੋਲਕ ਗੁਣ ਨਹੀਂ ਆ ਵੱਸਦੇ, ਉਹ ਮਨੁੱਖ ਮਾਇਆ ਦੀ ਤ੍ਰਿਸ਼ਨਾ ਵਿਚ ਫਸੇ ਰਹਿੰਦੇ ਹਨ।੧।

ਹੇ ਪ੍ਰਭੂ! ਜਿਨ੍ਹਾਂ ਮਨੁੱਖਾਂ ਨੇ ਤੇਰਾ ਆਸਰਾ ਲਿਆ, ਉਹ ਤੇਰੀ ਸ਼ਰਨ ਵਿਚ ਰਹਿ ਕੇ ਸੁਖ ਮਾਣਦੇ ਹਨ। ਪਰ, ਹੇ ਭਾਈ! ਜਿਨ੍ਹਾਂ ਮਨੁੱਖਾਂ ਨੂੰ ਸਰਬ-ਵਿਆਪਕ ਕਰਤਾਰ ਭੁੱਲ ਜਾਂਦਾ ਹੈ, ਉਹ ਮਨੁੱਖ ਦੁਖੀਆਂ ਵਿਚ ਗਿਣੇ ਜਾਂਦੇ ਹਨ।੨।

ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਆਗਿਆ ਮੰਨ ਕੇ ਪਰਮਾਤਮਾ ਵਿਚ ਸੁਰਤਿ ਜੋੜ ਲਈ, ਉਹਨਾਂ ਨੇ ਬੜਾ ਆਨੰਦ ਬੜਾ ਰਸ ਮਾਣਿਆ। ਪਰ ਜੇਹੜੇ ਮਨੁੱਖ ਪਰਮਾਤਮਾ ਨੂੰ ਭੁਲਾ ਕੇ ਗੁਰੂ ਵਲੋਂ ਮੂੰਹ ਮੋੜੀ ਰੱਖਦੇ ਹਨ ਉਹ ਭਿਆਨਕ ਨਰਕ ਵਿਚ ਪਏ ਰਹਿੰਦੇ ਹਨ।੩।

ਹੇ ਨਾਨਕ! ਜੀਵਾਂ ਦੇ ਕੀਹ ਵੱਸ?) ਜਿਸ ਕੰਮ ਵਿਚ ਪਰਮਾਤਮਾ ਕਿਸੇ ਜੀਵ ਨੂੰ ਲਾਂਦਾ ਹੈ ਉਸੇ ਕੰਮ ਵਿਚ ਹੀ ਉਹ ਲੱਗਾ ਰਹਿੰਦਾ ਹੈ, ਹਰੇਕ ਜੀਵ ਉਹੋ ਜਿਹੀ ਵਰਤੋਂ ਹੀ ਕਰਦਾ ਹੈ। ਜਿਨ੍ਹਾਂ ਮਨੁੱਖਾਂ ਨੇ (ਪ੍ਰਭੂ ਦੀ ਪ੍ਰੇਰਨਾ ਨਾਲ) ਸੰਤ ਜਨਾਂ ਦਾ ਆਸਰਾ ਲਿਆ ਹੈ ਉਹ ਅੰਦਰੋਂ ਪ੍ਰਭੂ ਦੇ ਚਰਨਾਂ ਵਿਚ ਹੀ ਮਸਤ ਰਹਿੰਦੇ ਹਨ।੪।੪।੧੫।

ਸੋਰਠਿ ਮਹਲਾ ੫ ॥ ਰਾਜਨ ਮਹਿ ਰਾਜਾ ਉਰਝਾਇਓ ਮਾਨਨ ਮਹਿ ਅਭਿਮਾਨੀ ॥ ਲੋਭਨ ਮਹਿ ਲੋਭੀ ਲੋਭਾਇਓ ਤਿਉ ਹਰਿ ਰੰਗਿ ਰਚੇ ਗਿਆਨੀ ॥੧॥ ਹਰਿ ਜਨ ਕਉ ਇਹੀ ਸੁਹਾਵੈ ॥ ਪੇਖਿ ਨਿਕਟਿ ਕਰਿ ਸੇਵਾ ਸਤਿਗੁਰ ਹਰਿ ਕੀਰਤਨਿ ਹੀ ਤ੍ਰਿਪਤਾਵੈ ॥ ਰਹਾਉ ॥ ਅਮਲਨ ਸਿਉ ਅਮਲੀ ਲਪਟਾਇਓ ਭੂਮਨ ਭੂਮਿ ਪਿਆਰੀ ॥ ਖੀਰ ਸੰਗਿ ਬਾਰਿਕੁ ਹੈ ਲੀਨਾ ਪ੍ਰਭ ਸੰਤ ਐਸੇ ਹਿਤਕਾਰੀ ॥੨॥ ਬਿਦਿਆ ਮਹਿ ਬਿਦੁਅੰਸੀ ਰਚਿਆ ਨੈਨ ਦੇਖਿ ਸੁਖੁ ਪਾਵਹਿ ॥ ਜੈਸੇ ਰਸਨਾ ਸਾਦਿ ਲੁਭਾਨੀ ਤਿਉ ਹਰਿ ਜਨ ਹਰਿ ਗੁਣ ਗਾਵਹਿ ॥੩॥ ਜੈਸੀ ਭੂਖ ਤੈਸੀ ਕਾ ਪੂਰਕੁ ਸਗਲ ਘਟਾ ਕਾ ਸੁਆਮੀ ॥ ਨਾਨਕ ਪਿਆਸ ਲਗੀ ਦਰਸਨ ਕੀ ਪ੍ਰਭੁ ਮਿਲਿਆ ਅੰਤਰਜਾਮੀ ॥੪॥੫॥੧੬॥ {ਪੰਨਾ 613}

ਪਦਅਰਥ: ਰਾਜਨ ਮਹਿ = ਰਾਜ ਦੇ ਕੰਮਾਂ ਵਿਚ। ਉਰਝਾਇਓ = ਮਗਨ ਰਹਿੰਦਾ ਹੈ। ਮਾਨਨ ਮਹਿ = ਮਾਣ ਵਧਾਣ ਵਾਲੇ ਕੰਮਾਂ ਵਿਚ। ਅਭਿਮਾਨੀ = ਅਹੰਕਾਰੀ, ਮਾਣ ਦਾ ਭੁੱਖਾ। ਲੋਭਨ ਮਹਿ = ਲਾਲਚ ਵਧਾਣ ਵਾਲੇ ਆਹਰਾਂ ਵਿਚ। ਗਿਆਨੀ = ਆਤਮਕ ਜੀਵਨ ਦੀ ਸੂਝ ਵਾਲੇ ਬੰਦੇ।੧।

ਸੁਹਾਵੈ = ਸੁਖਾਂਦੀ ਹੈ। ਪੇਖਿ = ਵੇਖ ਕੇ। ਨਿਕਟਿ = ਨੇੜੇ, ਅੰਗ = ਸੰਗ। ਕੀਰਤਨਿ = ਕੀਰਤਨ ਵਿਚ। ਤ੍ਰਿਪਤਾਵੈ = ਪ੍ਰਸੰਨ ਰਹਿੰਦਾ ਹੈ।ਰਹਾਉ।

ਅਮਲਨ ਸਿਉ = ਨਸ਼ਿਆਂ ਨਾਲ। ਅਮਲੀ = ਨਸ਼ਿਆਂ ਦਾ ਪ੍ਰੇਮੀ। ਭੂਮਨ = ਜ਼ਮੀਨ ਦੇ ਮਾਲਕ। ਭੂਮਿ = ਜ਼ਮੀਨ। ਖੀਰ = ਦੁੱਧ। ਬਾਰਿਕੁ = ਬੱਚਾ। ਹਿਤਕਾਰੀ = ਪਿਆਰ ਕਰਨ ਵਾਲੇ।੨।

ਬਿਦੁਅੰਸੀ = ਵਿਦਵਾਨ। ਰਚਿਆ = ਮਸਤ। ਨੈਨ = ਅੱਖਾਂ। ਦੇਖਿ = ਵੇਖ ਵੇਖ ਕੇ। ਸਾਦਿ = ਸੁਆਦਿ ਵਿਚ। ਲੁਭਾਨੀ = ਮਸਤ ਰਹਿੰਦੀ ਹੈ।੩।

ਭੂਖ = ਲੋੜ, ਲਾਲਸਾ। ਪੂਰਕੁ = ਪੂਰੀ ਕਰਨ ਵਾਲਾ। ਘਟ = ਸਰੀਰ। ਅੰਤਰਜਾਮੀ = ਦਿਲ ਦੀ ਜਾਣਨ ਵਾਲਾ।੪।

ਅਰਥ: ਪਰਮਾਤਮਾ ਦੇ ਭਗਤ ਨੂੰ ਇਹੀ ਕਾਰ ਚੰਗੀ ਲੱਗਦੀ ਹੈ। (ਭਗਤ ਪਰਮਾਤਮਾ ਨੂੰ) ਅੰਗ-ਸੰਗ ਵੇਖ ਕੇ, ਤੇ, ਗੁਰੂ ਦੀ ਸੇਵਾ ਕਰਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਿਚ ਹੀ ਪ੍ਰਸੰਨ ਰਹਿੰਦਾ ਹੈ।ਰਹਾਉ।

(ਹੇ ਭਾਈ! ਜਿਵੇਂ) ਰਾਜ ਦੇ ਕੰਮਾਂ ਵਿਚ ਰਾਜਾ ਮਗਨ ਰਹਿੰਦਾ ਹੈ, ਜਿਵੇਂ ਮਾਣ ਵਧਾਣ ਵਾਲੇ ਕੰਮਾਂ ਵਿਚ ਆਦਰ-ਮਾਣ ਦਾ ਭੁੱਖਾ ਮਨੁੱਖ ਪਰਚਿਆ ਰਹਿੰਦਾ ਹੈ, ਜਿਵੇਂ ਲਾਲਚੀ ਮਨੁੱਖ ਲਾਲਚ ਵਧਾਣ ਵਾਲੇ ਆਹਰਾਂ ਵਿਚ ਫਸਿਆ ਰਹਿੰਦਾ ਹੈ, ਤਿਵੇਂ ਆਤਮਕ ਜੀਵਨ ਦੀ ਸੂਝ ਵਾਲਾ ਮਨੁੱਖ ਪ੍ਰਭੂ ਦੇ ਪ੍ਰੇਮ-ਰੰਗ ਵਿਚ ਮਸਤ ਰਹਿੰਦਾ ਹੈ।੧।

ਹੇ ਭਾਈ! ਨਸ਼ਿਆਂ ਦਾ ਪ੍ਰੇਮੀ ਮਨੁੱਖ ਨਸ਼ਿਆਂ ਨਾਲ ਚੰਬੜਿਆ ਰਹਿੰਦਾ ਹੈ, ਜ਼ਮੀਨ ਦੇ ਮਾਲਕਾਂ ਨੂੰ ਜ਼ਮੀਨ ਪਿਆਰੀ ਲੱਗਦੀ ਹੈ, ਬੱਚਾ ਦੁੱਧ ਨਾਲ ਪਰਚਿਆ ਰਹਿੰਦਾ ਹੈ। ਇਸੇ ਤਰ੍ਹਾਂ ਸੰਤ ਜਨ ਪਰਮਾਤਮਾ ਨਾਲ ਪਿਆਰ ਕਰਦੇ ਹਨ।੨।

ਹੇ ਭਾਈ! ਵਿਦਵਾਨ ਮਨੁੱਖ ਵਿੱਦਿਆ (ਪੜ੍ਹਨ ਪੜਾਣ) ਵਿਚ ਖ਼ੁਸ਼ ਰਹਿੰਦਾ ਹੈ, ਅੱਖਾਂ (ਪਦਾਰਥ) ਵੇਖ ਵੇਖ ਕੇ ਸੁਖ ਮਾਣਦੀਆਂ ਹਨ। ਹੇ ਭਾਈ! ਜਿਵੇਂ ਜੀਭ (ਸੁਆਦਲੇ ਪਦਾਰਥਾਂ ਦੇ) ਸੁਆਦ (ਚੱਖਣ) ਵਿਚ ਖ਼ੁਸ਼ ਰਹਿੰਦੀ ਹੈ, ਤਿਵੇਂ ਪ੍ਰਭੂ ਦੇ ਭਗਤ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੇ ਹਨ।੩।

ਹੇ ਭਾਈ! ਸਾਰੇ ਸਰੀਰਾਂ ਦਾ ਮਾਲਕ ਪ੍ਰਭੂ ਜਿਹੋ ਜਿਹੀ ਕਿਸੇ ਜੀਵ ਦੀ ਲਾਲਸਾ ਹੋਵੇ ਉਹੋ ਜਿਹੀ ਹੀ ਪੂਰੀ ਕਰਨ ਵਾਲਾ ਹੈ। ਹੇ ਨਾਨਕ! ਜਿਸ ਮਨੁੱਖ ਨੂੰ) ਪਰਮਾਤਮਾ ਦੇ ਦਰਸਨ ਦੀ ਪਿਆਸ ਲੱਗਦੀ ਹੈ, ਉਸ ਮਨੁੱਖ ਨੂੰ ਦਿਲ ਦੀ ਜਾਣਨ ਵਾਲਾ ਪਰਮਾਤਮਾ (ਆਪ) ਆ ਮਿਲਦਾ ਹੈ।੪।੫।੧੬।

ਸੋਰਠਿ ਮਹਲਾ ੫ ॥ ਹਮ ਮੈਲੇ ਤੁਮ ਊਜਲ ਕਰਤੇ ਹਮ ਨਿਰਗੁਨ ਤੂ ਦਾਤਾ ॥ ਹਮ ਮੂਰਖ ਤੁਮ ਚਤੁਰ ਸਿਆਣੇ ਤੂ ਸਰਬ ਕਲਾ ਕਾ ਗਿਆਤਾ ॥੧॥ ਮਾਧੋ ਹਮ ਐਸੇ ਤੂ ਐਸਾ ॥ ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ ॥ ਰਹਾਉ ॥ ਤੁਮ ਸਭ ਸਾਜੇ ਸਾਜਿ ਨਿਵਾਜੇ ਜੀਉ ਪਿੰਡੁ ਦੇ ਪ੍ਰਾਨਾ ॥ ਨਿਰਗੁਨੀਆਰੇ ਗੁਨੁ ਨਹੀ ਕੋਈ ਤੁਮ ਦਾਨੁ ਦੇਹੁ ਮਿਹਰਵਾਨਾ ॥੨॥ ਤੁਮ ਕਰਹੁ ਭਲਾ ਹਮ ਭਲੋ ਨ ਜਾਨਹ ਤੁਮ ਸਦਾ ਸਦਾ ਦਇਆਲਾ ॥ ਤੁਮ ਸੁਖਦਾਈ ਪੁਰਖ ਬਿਧਾਤੇ ਤੁਮ ਰਾਖਹੁ ਅਪੁਨੇ ਬਾਲਾ ॥੩॥ ਤੁਮ ਨਿਧਾਨ ਅਟਲ ਸੁਲਿਤਾਨ ਜੀਅ ਜੰਤ ਸਭਿ ਜਾਚੈ ॥ ਕਹੁ ਨਾਨਕ ਹਮ ਇਹੈ ਹਵਾਲਾ ਰਾਖੁ ਸੰਤਨ ਕੈ ਪਾਛੈ ॥੪॥੬॥੧੭॥ {ਪੰਨਾ 613}

ਪਦਅਰਥ: ਮੈਲੇ = ਵਿਕਾਰਾਂ ਦੀ ਮੈਲ ਨਾਲ ਭਰੇ ਹੋਏ। ਊਜਲ = ਸਾਫ਼ = ਸੁਥਰੇ, ਪਵਿੱਤਰ। ਕਰਤੇ = ਕਰਨ ਵਾਲੇ। ਦਾਤਾ = ਗੁਣ ਦੇਣ ਵਾਲਾ। ਚਤੁਰ = ਸਿਆਣਾ। ਕਲਾ = ਹੁਨਰ। ਗਿਆਤਾ = ਜਾਣਨ ਵਾਲਾ।੧।

ਮਾਧੋ = {माधव = ਮਾਇਆ ਦਾ ਪਤੀ} ਹੇ ਪ੍ਰਭੂ! ਪਾਪ ਖੰਡਨ = ਪਾਪਾਂ ਦੇ ਨਾਸ ਕਰਨ ਵਾਲੇ। ਨੀਕੋ = ਸੋਹਣਾ, ਚੰਗਾ। ਠਾਕੁਰ = ਹੇ ਪਾਲਣਹਾਰ ਪ੍ਰਭੂ!ਰਹਾਉ।

ਸਾਜਿ = ਪੈਦਾ ਕਰ ਕੇ। ਨਿਵਾਜੇ = ਆਦਰ = ਮਾਣ ਦਿੱਤਾ। ਜੀਉ = ਜਿੰਦ। ਪਿੰਡੁ = ਸਰੀਰ। ਦੇ = ਦੇ ਕੇ। ਦੇਹੁ = ਤੂੰ ਦੇਂਦਾ ਹੈਂ। ਮਿਹਰਵਾਨਾ = ਹੇ ਮਿਹਰਵਾਨ!੨।

ਨ ਜਾਨਹ = ਅਸੀ ਨਹੀਂ ਜਾਣਦੇ, ਅਸੀ ਕਦਰ ਨਹੀਂ ਜਾਣਦੇ। ਬਿਧਾਤੇ = ਹੇ ਸਿਰਜਣਹਾਰ! ਬਾਲਾ = ਬੱਚੇ।੩।

ਨਿਧਾਨ = ਖ਼ਜ਼ਾਨੇ। ਅਟਲ = ਸਦਾ ਕਾਇਮ ਰਹਿਣ ਵਾਲਾ। ਸੁਲਿਤਾਨ = ਬਾਦਸ਼ਾਹ। ਸਭਿ = ਸਾਰੇ। ਜਾਚੈ = ਜਾਚੈਂ, ਮੰਗਦੇ ਹਨ। ਇਹੈ– ਇਹ ਹੀ। ਹਵਾਲਾ = ਹਾਲ। ਕੈ ਪਾਛੈ = ਦੇ ਆਸਰੇ।੪।

ਅਰਥ: ਹੇ ਪ੍ਰਭੂ! ਅਸੀ ਜੀਵ ਇਹੋ ਜਿਹੇ (ਵਿਕਾਰੀ) ਹਾਂ, ਤੇ, ਤੂੰ ਇਹੋ ਜਿਹਾ (ਉਪਕਾਰੀ) ਹੈਂ। ਅਸੀ ਪਾਪ ਕਮਾਣ ਵਾਲੇ ਹਾਂ, ਤੂੰ ਸਾਡੇ ਪਾਪਾਂ ਦਾ ਨਾਸ ਕਰਨ ਵਾਲਾ ਹੈਂ। ਹੇ ਠਾਕੁਰ! ਤੇਰਾ ਦੇਸ ਸੋਹਣਾ ਹੈ (ਉਹ ਦੇਸ-ਸਾਧ ਸੰਗਤਿ ਸੋਹਣਾ ਹੈ ਜਿੱਥੇ ਤੂੰ ਵੱਸਦਾ ਹੈਂ) ਰਹਾਉ।

ਹੇ ਪ੍ਰਭੂ! ਅਸੀ ਜੀਵ ਵਿਕਾਰਾਂ ਦੀ ਮੈਲ ਨਾਲ ਭਰੇ ਰਹਿੰਦੇ ਹਾਂ, ਤੂੰ ਸਾਨੂੰ ਪਵਿੱਤਰ ਕਰਨ ਵਾਲਾ ਹੈਂ। ਅਸੀ ਗੁਣ-ਹੀਨ ਹਾਂ, ਤੂੰ ਸਾਨੂੰ ਗੁਣ ਬਖ਼ਸ਼ਣ ਵਾਲਾ ਹੈਂ। ਅਸੀ ਜੀਵ ਮੂਰਖ ਹਾਂ, ਤੂੰ ਦਾਨਾ ਹੈਂ ਤੂੰ ਸਿਆਣਾ ਹੈਂ ਤੂੰ (ਸਾਨੂੰ ਚੰਗਾ ਬਣਾ ਸਕਣ ਵਾਲੇ) ਸਾਰੇ ਹੁਨਰਾਂ ਦਾ ਜਾਣਨ ਵਾਲਾ ਹੈਂ।੧।

ਹੇ ਪ੍ਰਭੂ! ਤੂੰ ਜਿੰਦ ਸਰੀਰ ਪ੍ਰਾਣ ਦੇ ਕੇ ਸਾਰੇ ਜੀਵਾਂ ਨੂੰ ਪੈਦਾ ਕੀਤਾ ਹੈ, ਪੈਦਾ ਕਰ ਕੇ ਸਭ ਉਤੇ ਬਖ਼ਸ਼ਸ਼ ਕਰਦਾ ਹੈਂ। ਹੇ ਮੇਹਰਵਾਨ! ਅਸੀ ਜੀਵ ਗੁਣ-ਹੀਨ ਹਾਂ, ਸਾਡੇ ਵਿਚ ਕੋਈ ਗੁਣ ਨਹੀਂ ਹੈ। ਤੂੰ ਸਾਨੂੰ ਗੁਣਾਂ ਦੀ ਦਾਤਿ ਬਖ਼ਸ਼ਦਾ ਹੈਂ।੨।

ਹੇ ਪ੍ਰਭੂ! ਤੂੰ ਸਾਡੇ ਵਾਸਤੇ ਭਲਿਆਈ ਕਰਦਾ ਹੈਂ, ਪਰ ਅਸੀ ਤੇਰੇ ਭਲਿਆਈ ਦੀ ਕਦਰ ਨਹੀਂ ਜਾਣਦੇ। ਫਿਰ ਭੀ ਤੂੰ ਸਾਡੇ ਉੱਤੇ ਸਦਾ ਹੀ ਦਇਆਵਾਨ ਰਹਿੰਦਾ ਹੈਂ। ਹੇ ਸਰਬ-ਵਿਆਪਕ ਸਿਰਜਣਹਾਰ! ਤੂੰ ਸਾਨੂੰ ਸੁਖ ਦੇਣ ਵਾਲਾ ਹੈਂ, ਤੂੰ (ਸਾਡੀ) ਆਪਣੇ ਬੱਚਿਆਂ ਦੀ ਰਾਖੀ ਕਰਦਾ ਹੈਂ।੩।

ਹੇ ਪ੍ਰਭੂ ਜੀ! ਤੁਸੀ ਸਾਰੇ ਗੁਣਾਂ ਦੇ ਖ਼ਜ਼ਾਨੇ ਹੋ। ਤੁਸੀ ਸਦਾ ਕਾਇਮ ਰਹਿਣ ਵਾਲੇ ਬਾਦਸ਼ਾਹ ਹੋ। ਸਾਰੇ ਜੀਵ (ਤੇਰੇ ਦਰ ਤੋਂ) ਮੰਗਦੇ ਹਨ। ਹੇ ਨਾਨਕ! ਆਖ-(ਹੇ ਪ੍ਰਭੂ!) ਸਾਡਾ ਜੀਵਾਂ ਦਾ ਤਾਂ ਇਹ ਹੀ ਹਾਲ ਹੈ। ਤੂੰ ਸਾਨੂੰ ਸੰਤ ਜਨਾਂ ਦੇ ਆਸਰੇ ਵਿਚ ਰੱਖ।੪।੬।੧੭।

ਸੋਰਠਿ ਮਹਲਾ ੫ ਘਰੁ ੨ ॥ ਮਾਤ ਗਰਭ ਮਹਿ ਆਪਨ ਸਿਮਰਨੁ ਦੇ ਤਹ ਤੁਮ ਰਾਖਨਹਾਰੇ ॥ ਪਾਵਕ ਸਾਗਰ ਅਥਾਹ ਲਹਰਿ ਮਹਿ ਤਾਰਹੁ ਤਾਰਨਹਾਰੇ ॥੧॥ ਮਾਧੌ ਤੂ ਠਾਕੁਰੁ ਸਿਰਿ ਮੋਰਾ ॥ ਈਹਾ ਊਹਾ ਤੁਹਾਰੋ ਧੋਰਾ ॥ ਰਹਾਉ ॥ ਕੀਤੇ ਕਉ ਮੇਰੈ ਸੰਮਾਨੈ ਕਰਣਹਾਰੁ ਤ੍ਰਿਣੁ ਜਾਨੈ ॥ ਤੂ ਦਾਤਾ ਮਾਗਨ ਕਉ ਸਗਲੀ ਦਾਨੁ ਦੇਹਿ ਪ੍ਰਭ ਭਾਨੈ ॥੨॥ ਖਿਨ ਮਹਿ ਅਵਰੁ ਖਿਨੈ ਮਹਿ ਅਵਰਾ ਅਚਰਜ ਚਲਤ ਤੁਮਾਰੇ ॥ ਰੂੜੋ ਗੂੜੋ ਗਹਿਰ ਗੰਭੀਰੋ ਊਚੌ ਅਗਮ ਅਪਾਰੇ ॥੩॥ ਸਾਧਸੰਗਿ ਜਉ ਤੁਮਹਿ ਮਿਲਾਇਓ ਤਉ ਸੁਨੀ ਤੁਮਾਰੀ ਬਾਣੀ ॥ ਅਨਦੁ ਭਇਆ ਪੇਖਤ ਹੀ ਨਾਨਕ ਪ੍ਰਤਾਪ ਪੁਰਖ ਨਿਰਬਾਣੀ ॥੪॥੭॥੧੮॥ {ਪੰਨਾ 613}

ਪਦਅਰਥ: ਗਰਭ ਮੋਹਿ = ਪੇਟ ਵਿਚ। ਆਪਨ = ਆਪਣਾ। ਦੇ = ਦੇ ਕੇ। ਤਹ = ਉਥੇ, ਮਾਂ ਦੇ ਪੇਟ ਵਿਚ। ਰਾਖਨਹਾਰੇ = ਬਚਾਣ ਦੀ ਸਮਰਥਾ ਵਾਲੇ। ਪਾਵਕ = (ਵਿਕਾਰਾਂ ਦੀ) ਅੱਗ। ਸਾਗਰ = ਸਮੁੰਦਰ। ਅਥਾਹ = ਬਹੁਤ ਡੂੰਘਾ। ਤਾਰਨਹਾਰੇ = ਹੇ ਪਾਰ ਲੰਘਾ ਸਕਣ ਵਾਲੇ!੧।

ਮਾਧੌ = {ਮਾ = ਧਵ = ਮਾਇਆ ਦਾ ਪਤੀ} ਹੇ ਪ੍ਰਭੂ! ਸਿਰਿ ਮੋਰਾ = ਮੇਰੇ ਸਿਰ ਉੱੱਤੇ। ਈਹਾ = ਇਸ ਲੋਕ ਵਿਚ। ਊਹਾ = ਉਸ ਲੋਕ ਵਿਚ। ਧੋਰਾ = ਆਸਰਾ।ਰਹਾਉ।

ਕੀਤੇ ਕਉ = ਬਣਾਈਆਂ ਚੀਜ਼ਾਂ ਨੂੰ। ਮੇਰੈ ਸੰਮਾਨੈ = ਮੇਰੈ ਸਮ ਮਾਨੈ, ਮੇਰੂ ਪਹਾੜ ਦੇ ਬਰਾਬਰ ਮੰਨਦਾ ਹੈ। ਤ੍ਰਿਣੁ = ਤੀਲਾ, ਤੁੱਛ। ਮਾਗਨ ਕਉ = ਮੰਗਣ ਵਾਲੀ। ਸਗਲੀ = ਸਾਰੀ ਲੁਕਾਈ। ਦੇਹਿ = ਤੂ ਦੇਂਦਾ ਹੈਂ। ਪ੍ਰਭ = ਹੇ ਪ੍ਰਭੂ! ਭਾਨੈ = ਆਪਣੀ ਰਜ਼ਾ ਵਿਚ।੨।

ਖਿਨ = ਰਤਾ ਕੁ ਹੀ ਸਮਾ। ਅਵਰੁ = ਹੋਰ। ਖਿਨੈ ਮਹਿ = ਖਿਨ ਵਿਚ ਹੀ। ਅਚਰਜ = ਹੈਰਾਨ ਕਰ ਦੇਣ ਵਾਲੇ। ਚਲਤ = ਕੌਤਕ। ਰੂੜੋ = ਸੋਹਣਾ। ਗੂੜੋ = (ਸਾਰੇ ਸੰਸਾਰ ਵਿਚ) ਲੁਕਿਆ ਹੋਇਆ। ਗੰਭੀਰੋ = ਵੱਡੇ ਜਿਗਰੇ ਵਾਲਾ। ਅਗਮ = ਹੇ ਅਪਹੁੰਚ! ਅਪਾਰੇ = ਹੇ ਅਪਾਰ! ਹੇ ਬੇਅੰਤ!੩।

ਸਾਧ ਸੰਗਿ = ਸਾਧ ਸੰਗਤਿ ਵਿਚ। ਜਉ = ਜਦੋਂ। ਤੁਮਹਿ = ਤੂੰ ਆਪ ਹੀ। ਤਉ = ਤਦੋਂ। ਪੇਖਤ ਹੀ = ਵੇਖਦਿਆਂ ਹੀ। ਪੁਰਖ = ਸਰਬ = ਵਿਆਪਕ। ਨਿਰਬਾਣੀ = ਵਾਸ਼ਨਾ = ਰਹਿਤ।੪।

ਅਰਥ: ਹੇ ਪ੍ਰਭੂ! ਤੂੰ ਮੇਰੇ ਸਿਰ ਉੱਤੇ ਰਾਖਾ ਹੈਂ ਇਸ ਲੋਕ ਵਿਚ, ਤੇ, ਪਰਲੋਕ ਵਿਚ ਮੈਨੂੰ ਤੇਰਾ ਹੀ ਆਸਰਾ ਹੈ।ਰਹਾਉ।

ਹੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਣ ਦੀ ਸਮਰਥਾ ਰੱਖਣ ਵਾਲੇ! ਮਾਂ ਦੇ ਪੇਟ ਵਿਚ ਸਾਨੂੰ ਤੂੰ ਆਪਣਾ ਸਿਮਰਨ ਦੇ ਕੇ ਉੱਥੇ ਸਾਡੀ ਰੱਖਿਆ ਕਰਨ ਵਾਲਾ ਹੈਂ। (ਵਿਕਾਰਾਂ ਦੀ) ਅੱਗ ਦੇ ਸਮੁੰਦਰ ਦੀਆਂ ਡੂੰਘੀਆਂ ਲਹਿਰਾਂ ਵਿਚ ਡਿੱਗੇ ਪਏ ਨੂੰ ਭੀ ਮੈਨੂੰ ਪਾਰ ਲੰਘਾ ਲੈ।੧।

ਹੇ ਪ੍ਰਭੂ! ਤੇਰੇ ਪੈਦਾ ਕੀਤੇ ਪਦਾਰਥਾਂ ਨੂੰ (ਇਹ ਜੀਵ) ਮੇਰੂ ਪਰਬਤ ਜੇਡੀਆਂ ਵੱਡੀਆਂ ਸਮਝਦਾ ਹੈ, ਪਰ ਤੈਨੂੰ ਜੋ ਤੂੰ ਸਭ ਦਾ ਪੈਦਾ ਕਰਨ ਵਾਲਾ ਹੈਂ ਇਕ ਤੀਲੇ ਵਰਗਾ ਜਾਣਦਾ ਹੈਂ। ਹੇ ਪ੍ਰਭੂ! ਤੂੰ ਸਭ ਦਾਤਾਂ ਦੇਣ ਵਾਲਾ ਹੈਂ, ਸਾਰੀ ਲੁਕਾਈ ਤੇਰੇ ਹੀ ਦਰ ਤੋਂ ਮੰਗਣ ਵਾਲੀ ਹੈ, ਤੂੰ ਆਪਣੀ ਰਜ਼ਾ ਵਿਚ ਸਭ ਨੂੰ ਦਾਨ ਦੇਂਦਾ ਹੈਂ।੨।

ਹੇ ਪ੍ਰਭੂ! ਤੇਰੇ ਕੌਤਕ ਹੈਰਾਨ ਕਰ ਦੇਣ ਵਾਲੇ ਹਨ, ਇਕ ਛਿਨ ਵਿਚ ਤੂੰ ਕੁਝ ਦਾ ਕੁਝ ਬਣਾ ਦੇਂਦਾ ਹੈਂ। ਹੇ ਅਪਹੁੰਚ! ਹੇ ਬੇਅੰਤ। ਤੂੰ ਸਭ ਤੋਂ ਉੱਚਾ ਹੈਂ, ਤੂੰ ਸੋਹਣਾ ਹੈਂ, ਤੂੰ ਵੱਡੇ ਜਿਗਰੇ ਵਾਲਾ ਹੈਂ, ਤੂੰ ਸਾਰੇ ਸੰਸਾਰ ਵਿਚ ਗੁਪਤ ਵੱਸ ਰਿਹਾ ਹੈਂ।੩।

ਹੇ ਨਾਨਕ! ਆਖ-) ਹੇ ਸਰਬ-ਵਿਆਪਕ ਪ੍ਰਭੂ! ਜਦੋਂ ਤੂੰ ਆਪ ਹੀ (ਕਿਸੇ ਜੀਵ ਨੂੰ) ਸਾਧ ਸੰਗਤਿ ਵਿਚ ਮਿਲਾਂਦਾ ਹੈਂ, ਤਦੋਂ ਉਹ ਤੇਰੀ ਸਿਫ਼ਤਿ-ਸਾਲਾਹ ਦੀ ਬਾਣੀ ਸੁਣਦਾ ਹੈ। (ਹੇ ਭਾਈ!) ਵਾਸ਼ਨਾ-ਰਹਿਤ ਸਰਬ-ਵਿਆਪਕ ਪ੍ਰਭੂ ਦਾ ਪਰਤਾਪ ਵੇਖ ਕੇ ਤਦੋਂ ਉਸ ਦੇ ਅੰਦਰ ਆਤਮਕ ਆਨੰਦ ਪੈਦਾ ਹੁੰਦਾ ਹੈ।੪।੭।੧੮।

TOP OF PAGE

Sri Guru Granth Darpan, by Professor Sahib Singh