ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 631 ਸੋਰਠਿ ਮਹਲਾ ੫ ॥ ਸੁਨਹੁ ਬਿਨੰਤੀ ਠਾਕੁਰ ਮੇਰੇ ਜੀਅ ਜੰਤ ਤੇਰੇ ਧਾਰੇ ॥ ਰਾਖੁ ਪੈਜ ਨਾਮ ਅਪੁਨੇ ਕੀ ਕਰਨ ਕਰਾਵਨਹਾਰੇ ॥੧॥ ਪ੍ਰਭ ਜੀਉ ਖਸਮਾਨਾ ਕਰਿ ਪਿਆਰੇ ॥ ਬੁਰੇ ਭਲੇ ਹਮ ਥਾਰੇ ॥ ਰਹਾਉ ॥ ਸੁਣੀ ਪੁਕਾਰ ਸਮਰਥ ਸੁਆਮੀ ਬੰਧਨ ਕਾਟਿ ਸਵਾਰੇ ॥ ਪਹਿਰਿ ਸਿਰਪਾਉ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਹਾਰੇ ॥੨॥੨੯॥੯੩॥ {ਪੰਨਾ 631} ਪਦਅਰਥ: ਠਾਕੁਰ ਮੇਰੇ = ਹੇ ਮੇਰੇ ਪਾਲਣਹਾਰ ਪ੍ਰਭੂ! ਜੀਅ ਜੰਤ = ਨਿੱਕੇ ਵੱਡੇ ਸਾਰੇ ਜੀਵ। ਧਾਰੇ = ਆਸਰੇ। ਪੈਜ = ਲਾਜ, ਇੱਜ਼ਤ। ਕਰਨ ਕਰਾਵਨਹਾਰੇ = ਹੇ ਸਭ ਕੁਝ ਕਰ ਸਕਣ ਵਾਲੇ, ਤੇ, ਜੀਵਾਂ ਪਾਸੋਂ ਕਰਾ ਸਕਣ ਵਾਲੇ!।੧। ਖਸਮਾਨਾ = ਖਸਮ ਵਾਲਾ ਫ਼ਰਜ਼। ਥਾਰੇ = ਤੇਰੇ।ਰਹਾਉ। ਸਮਰਥ = ਸਾਰੀਆਂ ਤਾਕਤਾਂ ਦਾ ਮਾਲਕ। ਕਾਟਿ = ਕੱਟ ਕੇ। ਸਵਾਰੇ = ਸੋਹਣੇ ਜੀਵਨ ਵਾਲੇ ਬਣਾ ਦਿੱਤੇ। ਪਹਿਰਿ = ਪਹਿਨਾਅ ਕੇ। ਸਿਰਪਾਉ = ਸਿਰੋਪਾ, ਆਦਰ = ਮਾਣ ਵਾਲਾ ਪੋਸ਼ਾਕਾ। ਪ੍ਰਗਟ = ਉੱਘੇ। ਪਹਾਰੇ = ਜਗਤ ਵਿਚ।੨। ਅਰਥ: ਹੇ ਪਿਆਰੇ ਪ੍ਰਭੂ ਜੀ! ਤੂੰ ਸਾਡਾ ਖਸਮ ਹੈਂ) ਖਸਮ ਵਾਲਾ ਫ਼ਰਜ਼ ਪੂਰਾ ਕਰ। (ਚਾਹੇ ਅਸੀ) ਭੈੜੇ ਹਾਂ (ਚਾਹੇ ਅਸੀ) ਚੰਗੇ ਹਾਂ, ਅਸੀ ਤੇਰੇ ਹੀ ਹਾਂ (ਸਾਡੇ ਵਿਕਾਰਾਂ ਦੇ ਬੰਧਨ ਕੱਟ ਦੇ) ।ਰਹਾਉ। ਹੇ ਮੇਰੇ ਠਾਕੁਰ! ਹੇ ਸਭ ਕੁਝ ਕਰ ਸਕਣ ਤੇ ਕਰਾ ਸਕਣ ਵਾਲੇ ਪ੍ਰਭੂ! ਮੇਰੀ) ਬੇਨਤੀ ਸੁਣ। ਸਾਰੇ ਨਿੱਕੇ ਵੱਡੇ ਜੀਵ ਤੇਰੇ ਹੀ ਆਸਰੇ ਹਨ (ਤੇਰਾ ਨਾਮ ਹੈ 'ਸ਼ਰਨ-ਜੋਗ'। ਅਸੀ ਜੀਵ ਤੇਰੇ ਹੀ ਆਸਰੇ ਹਾਂ) ਤੂੰ ਆਪਣੇ (ਇਸ) ਨਾਮ ਦੀ ਲਾਜ ਰੱਖ (ਤੇ, ਸਾਡੇ ਮਾਇਆ ਦੇ ਬੰਧਨ ਕੱਟ) ।੧। ਹੇ ਨਾਨਕ! ਆਖ-ਹੇ ਭਾਈ! ਜਿਨ੍ਹਾਂ ਸੇਵਕਾਂ ਦੀ) ਪੁਕਾਰ ਸਭ ਤਾਕਤਾਂ ਦੇ ਮਾਲਕ ਪ੍ਰਭੂ ਨੇ ਸੁਣ ਲਈ, ਉਹਨਾਂ ਦੇ (ਮਾਇਆ ਦੇ) ਬੰਧਨ ਕੱਟ ਕੇ ਪ੍ਰਭੂ ਨੇ ਉਹਨਾਂ ਦੇ ਜੀਵਨ ਸੋਹਣੇ ਬਣਾ ਦਿੱਤੇ। ਉਹਨਾਂ ਸੇਵਕਾਂ ਨੂੰ ਦਾਸਾਂ ਨੂੰ ਆਦਰ-ਮਾਣ ਦੇ ਕੇ ਆਪਣੇ ਚਰਨਾਂ ਵਿਚ ਮਿਲਾ ਲਿਆ, ਤੇ, ਸੰਸਾਰ ਵਿਚ ਉੱਘੇ ਕਰ ਦਿੱਤਾ।੨।੨੯।੯੩। ਸੋਰਠਿ ਮਹਲਾ ੫ ॥ ਜੀਅ ਜੰਤ ਸਭਿ ਵਸਿ ਕਰਿ ਦੀਨੇ ਸੇਵਕ ਸਭਿ ਦਰਬਾਰੇ ॥ ਅੰਗੀਕਾਰੁ ਕੀਓ ਪ੍ਰਭ ਅਪੁਨੇ ਭਵ ਨਿਧਿ ਪਾਰਿ ਉਤਾਰੇ ॥੧॥ ਸੰਤਨ ਕੇ ਕਾਰਜ ਸਗਲ ਸਵਾਰੇ ॥ ਦੀਨ ਦਇਆਲ ਕ੍ਰਿਪਾਲ ਕ੍ਰਿਪਾ ਨਿਧਿ ਪੂਰਨ ਖਸਮ ਹਮਾਰੇ ॥ ਰਹਾਉ ॥ ਆਉ ਬੈਠੁ ਆਦਰੁ ਸਭ ਥਾਈ ਊਨ ਨ ਕਤਹੂੰ ਬਾਤਾ ॥ ਭਗਤਿ ਸਿਰਪਾਉ ਦੀਓ ਜਨ ਅਪੁਨੇ ਪ੍ਰਤਾਪੁ ਨਾਨਕ ਪ੍ਰਭ ਜਾਤਾ ॥੨॥੩੦॥੯੪॥ {ਪੰਨਾ 631} ਪਦਅਰਥ: ਜੀਅ ਜੰਤ ਸਭਿ = ਸਾਰੇ ਜੀਵ ਸਾਰੇ ਜੰਤ। ਵਸਿ = ਵੱਸ ਵਿਚ। ਦਰਬਾਰੇ = ਦਰਬਾਰ ਵਿਚ (ਥਾਂ ਦੇਂਦਾ ਹੈ) । ਅੰਗੀਕਾਰੁ = ਪੱਖ, ਸਹਾਇਤਾ। ਭਵ ਨਿਧਿ = ਸੰਸਾਰ = ਸਮੁੰਦਰ। ਪਾਰਿ ਉਤਾਰੇ = ਪਾਰ ਲੰਘਾ ਲਏ, ਪਾਰ ਲੰਘਾ ਦੇਂਦਾ ਹੈ।੧। ਸਗਲ = ਸਾਰੇ। ਸਵਾਰੇ = ਸਵਾਰ ਦੇਂਦਾ ਹੈ। ਕ੍ਰਿਪਾਲ = ਕਿਰਪਾ ਦਾ ਘਰ। ਕ੍ਰਿਪਾ ਨਿਧਿ = ਕਿਰਪਾ ਦਾ ਖ਼ਜ਼ਾਨਾ। ਪੂਰਨ = ਸਭ ਤਾਕਤਾਂ ਵਾਲੇ।ਰਹਾਉ। ਸਭ ਥਾਈ = ਸਭ ਥਾਈਂ, ਸਭ ਥਾਵਾਂ ਤੇ। ਊਨ = ਕਮੀ, ਥੁੜ। ਕਤਹੂੰ ਬਾਤਾ = ਕਿਸੇ ਭੀ ਗੱਲੇ। ਪ੍ਰਤਾਪ = ਤੇਜ। ਜਾਤਾ = ਜਾਣਿਆ ਜਾਂਦਾ ਹੈ, ਉੱਘੜ ਪੈਂਦਾ ਹੈ।੨। ਅਰਥ: ਹੇ ਭਾਈ! ਸਾਡਾ ਖਸਮ ਦੀਨਾਂ ਉਤੇ ਦਇਆ ਕਰਨ ਵਾਲਾ ਹੈ, ਕਿਰਪਾ ਦਾ ਘਰ ਹੈ, ਕਿਰਪਾ ਦਾ ਖ਼ਜ਼ਾਨਾ ਹੈ, ਸਭ ਤਾਕਤਾਂ ਦਾ ਮਾਲਕ ਹੈ। (ਸਾਡਾ ਖਸਮ-ਪ੍ਰਭੂ) ਸੰਤ ਜਨਾਂ ਦੇ ਸਾਰੇ ਕੰਮ ਸਵਾਰ ਦੇਂਦਾ ਹੈ।ਰਹਾਉ। ਹੇ ਭਾਈ! ਪਿਆਰਾ ਪ੍ਰਭੂ ਆਪਣੇ ਸੇਵਕਾਂ ਨੂੰ ਆਪਣੇ ਦਰਬਾਰ ਵਿਚ ਆਦਰ-ਮਾਣ ਦੇਂਦਾ ਹੈ (ਦੁਨੀਆ ਦੇ) ਸਾਰੇ ਜੀਵਾਂ ਨੂੰ ਉਹਨਾਂ ਦੇ ਆਗਿਆਕਾਰ ਬਣਾ ਦੇਂਦਾ ਹੈ। ਸੇਵਕਾਂ ਦਾ ਸਦਾ ਪੱਖ ਕਰਦਾ ਹੈ, ਤੇ, ਉਹਨਾਂ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ।੧। ਹੇ ਨਾਨਕ! ਆਖ-ਪਰਮਾਤਮਾ ਦੇ ਸੇਵਕਾਂ ਨੂੰ ਸੰਤ ਜਨਾਂ ਨੂੰ) ਹਰ ਥਾਂ ਆਦਰ ਮਿਲਦਾ ਹੈ (ਹਰ ਥਾਂ ਲੋਕ) ਜੀ-ਆਇਆਂ ਆਖਦੇ ਹਨ। (ਸੰਤ ਜਨਾਂ ਨੂੰ) ਕਿਸੇ ਗੱਲੇ ਕੋਈ ਥੁੜ ਨਹੀਂ ਰਹਿੰਦੀ। ਪਰਮਾਤਮਾ ਆਪਣੇ ਸੇਵਕਾਂ ਨੂੰ ਭਗਤੀ (ਦਾ) ਸਿਰੋਪਾ ਬਖ਼ਸ਼ਦਾ ਹੈ (ਇਸ ਤਰ੍ਹਾਂ) ਪਰਮਾਤਮਾ ਦਾ ਤੇਜ-ਪ੍ਰਤਾਪ (ਸਾਰੇ ਸੰਸਾਰ ਵਿਚ) ਰੌਸ਼ਨ ਹੋ ਜਾਂਦਾ ਹੈ।੨।੩੦।੯੪। ਸੋਰਠਿ ਮਹਲਾ ੯ ੴ ਸਤਿਗੁਰ ਪ੍ਰਸਾਦਿ ॥ ਰੇ ਮਨ ਰਾਮ ਸਿਉ ਕਰਿ ਪ੍ਰੀਤਿ ॥ ਸ੍ਰਵਨ ਗੋਬਿੰਦ ਗੁਨੁ ਸੁਨਉ ਅਰੁ ਗਾਉ ਰਸਨਾ ਗੀਤਿ ॥੧॥ ਰਹਾਉ ॥ ਕਰਿ ਸਾਧਸੰਗਤਿ ਸਿਮਰੁ ਮਾਧੋ ਹੋਹਿ ਪਤਿਤ ਪੁਨੀਤ ॥ ਕਾਲੁ ਬਿਆਲੁ ਜਿਉ ਪਰਿਓ ਡੋਲੈ ਮੁਖੁ ਪਸਾਰੇ ਮੀਤ ॥੧॥ ਆਜੁ ਕਾਲਿ ਫੁਨਿ ਤੋਹਿ ਗ੍ਰਸਿ ਹੈ ਸਮਝਿ ਰਾਖਉ ਚੀਤਿ ॥ ਕਹੈ ਨਾਨਕੁ ਰਾਮੁ ਭਜਿ ਲੈ ਜਾਤੁ ਅਉਸਰੁ ਬੀਤ ॥੨॥੧॥ {ਪੰਨਾ 631} ਪਦਅਰਥ: ਸਿਉ = ਨਾਲ। ਪ੍ਰੀਤਿ = ਪਿਆਰ। ਸ੍ਰਵਨ = ਕੰਨਾਂ ਨਾਲ। ਗੋਬਿੰਦ ਗੁਨ = ਗੋਬਿੰਦ ਦੇ ਗੁਣ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ। ਅਰੁ = ਅਤੇ। {ਲਫ਼ਜ਼ 'ਅਰੁ' ਅਤੇ 'ਅਰਿ' ਦਾ ਫ਼ਰਕ ਚੇਤੇ ਰੱਖਣ = ਜੋਗ ਹੈ}। ਰਸਨਾ = ਜੀਭ ਨਾਲ।੧।ਰਹਾਉ। ਮਾਧੋ = ਮਾਧਵ, ਮਾਇਆ ਦਾ ਪਤੀ, ਪ੍ਰਭੂ। ਹੋਹਿ = ਹੋ ਜਾਂਦੇ ਹਨ। ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ, ਵਿਕਾਰੀ ਬੰਦੇ। ਪੁਨੀਤ = ਪਵਿੱਤ੍ਰ। ਬਿਆਲ = {व्याल} ਸੱਪ। ਜਿਉ = ਵਾਂਗ। ਪਰਿਓ ਡੋਲੈ = ਫਿਰ ਰਿਹਾ ਹੈ। ਪਸਾਰੇ = ਪਸਾਰਿ, ਪਸਾਰ ਕੇ, ਖਿਲਾਰ ਕੇ, ਖੋਲ੍ਹ ਕੇ। ਮੀਤ = ਹੇ ਮਿੱਤਰ!।੧। ਆਜੁ ਕਾਲਿ = ਅੱਜ ਭਲਕ, ਛੇਤੀ ਹੀ। ਫੁਨਿ ਤੋਹਿ = ਤੈਨੂੰ ਭੀ। ਗ੍ਰਸਿ ਹੈ– ਗ੍ਰਸ ਲਏਗਾ, ਹੜੱਪ ਕਰ ਲਏਗਾ। ਚੀਤਿ = ਚਿੱਤ ਵਿਚ। ਕਹੈ ਨਾਨਕੁ = ਨਾਨਕ ਆਖਦਾ ਹੈ। ਜਾਤੁ ਬੀਤ = ਬੀਤਦਾ ਜਾ ਰਿਹਾ ਹੈ। ਅਉਸਰੁ = ਜ਼ਿੰਦਗੀ ਦਾ ਸਮਾ।੨। ਅਰਥ: ਹੇ (ਮੇਰੇ) ਮਨ! ਪਰਮਾਤਮਾ ਨਾਲ ਪਿਆਰ ਬਣਾ। (ਹੇ ਭਾਈ!) ਕੰਨਾਂ ਨਾਲ ਪਰਮਾਤਮਾ ਦੀ ਉਸਤਤਿ ਸੁਣਿਆ ਕਰ, ਅਤੇ, ਜੀਭ ਨਾਲ ਪਰਮਤਾਮਾ (ਦੀ ਸਿਫ਼ਤਿ-ਸਾਲਾਹ) ਦੇ ਗੀਤ ਗਾਇਆ ਕਰ।ਰਹਾਉ। ਹੇ ਭਾਈ! ਗੁਰਮੁਖਾਂ ਦੀ ਸੰਗਤਿ ਕਰਿਆ ਕਰ, ਪਰਮਾਤਮਾ ਦਾ ਸਿਮਰਨ ਕਰਦਾ ਰਹੁ। (ਸਿਮਰਨ ਦੀ ਬਰਕਤਿ ਨਾਲ) ਵਿਕਾਰੀ ਭੀ ਪਵਿਤ੍ਰ ਬਣ ਜਾਂਦੇ ਹਨ। ਹੇ ਮਿੱਤਰ! ਇਸ ਕੰਮ ਵਿਚ ਆਲਸ ਨਾਹ ਕਰ, ਵੇਖ) ਮੌਤ ਸੱਪ ਵਾਂਗ ਮੂੰਹ ਖੋਲ੍ਹ ਕੇ ਪਈ ਫਿਰਦੀ ਹੈ।੧। ਹੇ ਭਾਈ! ਆਪਣੇ ਚਿੱਤ ਵਿਚ ਸਮਝ ਰੱਖ ਕਿ (ਇਹ ਮੌਤ) ਤੈਨੂੰ ਭੀ ਛੇਤੀ ਹੀ ਹੜੱਪ ਕਰ ਲਏਗੀ। ਨਾਨਕ (ਤੈਨੂੰ) ਆਖਦਾ ਹੈ-(ਹੁਣ ਅਜੇ ਵੇਲਾ ਹੈ) ਪਰਮਾਤਮਾ ਦਾ ਭਜਨ ਕਰ ਲੈ, ਇਹ ਵੇਲਾ ਲੰਘਦਾ ਜਾ ਰਿਹਾ ਹੈ।੨।੧। ਸੋਰਠਿ ਮਹਲਾ ੯ ॥ ਮਨ ਕੀ ਮਨ ਹੀ ਮਾਹਿ ਰਹੀ ॥ ਨਾ ਹਰਿ ਭਜੇ ਨ ਤੀਰਥ ਸੇਵੇ ਚੋਟੀ ਕਾਲਿ ਗਹੀ ॥੧॥ ਰਹਾਉ ॥ ਦਾਰਾ ਮੀਤ ਪੂਤ ਰਥ ਸੰਪਤਿ ਧਨ ਪੂਰਨ ਸਭ ਮਹੀ ॥ ਅਵਰ ਸਗਲ ਮਿਥਿਆ ਏ ਜਾਨਉ ਭਜਨੁ ਰਾਮੁ ਕੋ ਸਹੀ ॥੧॥ ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇਹ ਲਹੀ ॥ ਨਾਨਕ ਕਹਤ ਮਿਲਨ ਕੀ ਬਰੀਆ ਸਿਮਰਤ ਕਹਾ ਨਹੀ ॥੨॥੨॥ {ਪੰਨਾ 631} ਪਦਅਰਥ: ਮਾਹਿ = ਵਿਚ। ਰਹੀ = ਰਹਿ ਗਈ। ਭਜੇ = ਭਜਨ ਕੀਤਾ। ਤੀਰਥ = {तीर्थ = A holy person} ਸੰਤ ਜਨ। ਵੇਖੋ = (੧) "ਨਾਮਿ ਰਤੇ ਤੀਰਥ ਸੇ ਨਿਰਮਲ, ਦੁਖੁ ਹਉਮੈ ਮੈਲੁ ਚੁਕਾਇਆ ॥. . . ਨਾਨਕੁ ਤਿਨ ਕੇ ਚਰਨ ਪਖਾਲੈ, ਜਿਨ੍ਹ੍ਹਾ ਗੁਰਮੁਖਿ ਸਾਚਾ ਭਾਇਆ ॥" {ਪ੍ਰਭਾਤੀ ਮ: ੧ , ਪੰਨਾ ੧੩੪੫ (੨) ਸੋਰਠਿ ਮ: ੯ "ਨਾ ਹਰਿ ਭਜਿਓ ਨਾ ਗੁਰਜਨੁ ਸੇਵਿਓ" = ਪੰਨਾ ੬੩੨ (ਸ਼ਬਦ ਤੀਜਾ) ਸੇਵੇ = ਸੇਵਾ ਕੀਤੀ। ਚੋਟੀ = ਬੋਦੀ। ਕਾਲਿ = ਕਾਲ ਨੇ। ਗਹੀ = ਫੜ ਲਈ।੧।ਰਹਾਉ। ਦਾਰਾ = ਇਸਤ੍ਰੀ। ਪੂਤ = ਪੁੱਤਰ। ਰਥ = ਗੱਡੀਆਂ। ਸੰਪਤਿ = ਮਲ = ਅਸਬਾਬ। ਸਭ ਮਹੀ = ਸਾਰੀ ਧਰਤੀ। ਅਵਰ = ਹੋਰ। ਸਗਲ = ਸਾਰਾ। ਮਿਥਿਆ = ਨਾਸਵੰਤ। ਜਾਨਹੁ = ਸਮਝੋ। ਕੋ = ਦਾ। ਸਹੀ = ਠੀਕ, ਸਾਥ ਨਿਬਾਹੁਣ ਵਾਲਾ, ਅਸਲ (ਸਾਥੀ) ।੧। ਜੁਗ = ਜੁਗਾਂ ਵਿਚ। ਹਾਰਿਓ = ਥੱਕ ਗਿਆ। ਮਾਨਸ ਦੇਹ = ਮਨੁੱਖਾ ਸਰੀਰ। ਲਹੀ = ਲੱਭਾ। ਬਰੀਆ = ਵਾਰੀ। ਕਹਾ ਨਹੀ = ਕਿਉਂ ਨਹੀਂ?।੨। ਅਰਥ: (ਹੇ ਭਾਈ! ਵੇਖੋ, ਮਾਇਆ ਧਾਰੀ ਦੀ ਮੰਦ-ਭਾਗਤਾ! ਉਸ ਦੇ) ਮਨ ਦੀ ਆਸ ਮਨ ਵਿਚ ਹੀ ਰਹਿ ਗਈ। ਨਾਹ ਉਸ ਨੇ ਪਰਮਾਤਮਾ ਦਾ ਭਜਨ ਕੀਤਾ, ਨਾਹ ਹੀ ਉਸ ਨੇ ਸੰਤ ਜਨਾਂ ਦੀ ਸੇਵਾ ਕੀਤੀ, ਤੇ, ਮੌਤ ਨੇ ਬੋਦੀ ਆ ਫੜੀ।੧।ਰਹਾਉ। ਹੇ ਭਾਈ! ਇਸਤ੍ਰੀ, ਮਿੱਤਰ, ਪੁੱਤਰ, ਗੱਡੀਆਂ, ਮਾਲ-ਅਸਬਾਬ, ਧਨ-ਪਦਾਰਥ ਸਾਰੀ ਹੀ ਧਰਤੀ-ਇਹ ਸਭ ਕੁਝ ਨਾਸਵੰਤ ਸਮਝੋ। ਪਰਮਾਤਮਾ ਦਾ ਭਜਨ (ਹੀ) ਅਸਲ (ਸਾਥੀ) ਹੈ।੧। ਹੇ ਭਾਈ! ਕਈ ਜੁਗ (ਜੂਨਾਂ ਵਿਚ) ਭਟਕ ਭਟਕ ਕੇ ਤੂੰ ਥੱਕ ਗਿਆ ਸੀ। (ਹੁਣ) ਤੈਨੂੰ ਮਨੁੱਖਾ ਸਰੀਰ ਲੱਭਾ ਹੈ। ਨਾਨਕ ਆਖਦਾ ਹੈ-(ਹੇ ਭਾਈ! ਪਰਮਾਤਮਾ ਨੂੰ) ਮਿਲਣ ਦੀ ਇਹੀ ਵਾਰੀ ਹੈ, ਹੁਣ ਤੂੰ ਸਿਮਰਨ ਕਿਉਂ ਨਹੀਂ ਕਰਦਾ?।੨।੨। ਸੋਰਠਿ ਮਹਲਾ ੯ ॥ ਮਨ ਰੇ ਕਉਨੁ ਕੁਮਤਿ ਤੈ ਲੀਨੀ ॥ ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤਿ ਨਹਿ ਕੀਨੀ ॥੧॥ ਰਹਾਉ ॥ ਮੁਕਤਿ ਪੰਥੁ ਜਾਨਿਓ ਤੈ ਨਾਹਨਿ ਧਨ ਜੋਰਨ ਕਉ ਧਾਇਆ ॥ ਅੰਤਿ ਸੰਗ ਕਾਹੂ ਨਹੀ ਦੀਨਾ ਬਿਰਥਾ ਆਪੁ ਬੰਧਾਇਆ ॥੧॥ ਨਾ ਹਰਿ ਭਜਿਓ ਨ ਗੁਰ ਜਨੁ ਸੇਵਿਓ ਨਹ ਉਪਜਿਓ ਕਛੁ ਗਿਆਨਾ ॥ ਘਟ ਹੀ ਮਾਹਿ ਨਿਰੰਜਨੁ ਤੇਰੈ ਤੈ ਖੋਜਤ ਉਦਿਆਨਾ ॥੨॥ ਬਹੁਤੁ ਜਨਮ ਭਰਮਤ ਤੈ ਹਾਰਿਓ ਅਸਥਿਰ ਮਤਿ ਨਹੀ ਪਾਈ ॥ ਮਾਨਸ ਦੇਹ ਪਾਇ ਪਦ ਹਰਿ ਭਜੁ ਨਾਨਕ ਬਾਤ ਬਤਾਈ ॥੩॥੩॥ {ਪੰਨਾ 631-632} ਪਦਅਰਥ: ਕੁਮਤਿ = ਭੈੜੀ ਮਤਿ। ਦਾਰਾ = ਇਸਤ੍ਰੀ। ਰਾਸਿ = ਰਸ ਵਿਚ। ਰਚਿਓ = ਮਸਤ ਹੈਂ।ਰਹਾਉ। ਮੁਕਤਿ ਪੰਥੁ = (ਇਹਨਾਂ) ਵਿਕਾਰਾਂ ਤੋਂ ਖ਼ਲਾਸੀ ਦਾ ਰਾਹ। ਨਾਹਨਿ = ਨਹੀਂ। ਧਾਇਆ = ਦੌੜਿਆ ਫਿਰਦਾ ਹੈਂ। ਸੰਗ = ਸਾਥ। ਕਾਹੂ = ਕਿਸੇ ਨੇ ਭੀ। ਬਿਰਥਾ = ਵਿਅਰਥ ਹੀ। ਆਪੁ = ਆਪਣੇ ਆਪ ਨੂੰ।੧। ਗਿਆਨਾ = ਆਤਮਕ ਜੀਵਨ ਦੀ ਸੂਝ। ਘਟ = ਹਿਰਦਾ। ਤੇਰੈ ਘਟ ਹੀ ਮਾਹਿ = ਤੇਰੇ ਹਿਰਦੇ ਵਿਚ ਹੀ। ਉਦਿਆਨਾ = ਜੰਗਲ।੨। ਤੈ ਹਾਰਿਓ = ਤੂੰ (ਮਨੁੱਖਾ ਜਨਮ ਦੀ ਬਾਜ਼ੀ) ਹਾਰ ਲਈ ਹੈ। ਅਸਥਿਰ = ਅਡੋਲਤਾ ਵਿਚ ਰੱਖਣ ਵਾਲੀ। ਮਾਨਸ ਦੇਹ ਪਦ = ਮਨੁੱਖਾ ਸਰੀਰ ਦਾ ਦਰਜਾ। ਪਾਇ = ਹਾਸਲ ਕਰ ਕੇ। ਨਾਨਕ = ਹੇ ਨਾਨਕ!।੩। ਅਰਥ: ਹੇ ਮਨ! ਤੂੰ ਕੇਹੜੀ ਭੈੜੀ ਸਿੱਖਿਆ ਲੈ ਲਈ ਹੈ? ਤੂੰ ਪਰਾਈ ਇਸਤ੍ਰੀ, ਪਰਾਈ ਨਿੰਦਿਆ ਦੇ ਰਸ ਵਿਚ ਮਸਤ ਰਹਿੰਦਾ ਹੈਂ। ਪਰਮਾਤਮਾ ਦੀ ਭਗਤੀ ਤੂੰ (ਕਦੇ) ਨਹੀਂ ਕੀਤੀ।੧।ਰਹਾਉ। ਹੇ ਭਾਈ! ਤੂੰ ਵਿਕਾਰਾਂ ਤੋਂ ਖ਼ਲਾਸੀ ਪਾਣ ਦਾ ਰਸਤਾ (ਅਜੇ ਤਕ) ਨਹੀਂ ਸਮਝਿਆ, ਧਨ ਇਕੱਠਾ ਕਰਨ ਲਈ ਤੂੰ ਸਦਾ ਦੌੜ-ਭਜ ਕਰ ਰਿਹਾ ਹੈਂ। (ਦੁਨੀਆ ਦੇ ਪਦਾਰਥਾਂ ਵਿਚੋਂ) ਕਿਸੇ ਨੇ ਭੀ ਆਖ਼ਰ ਕਿਸੇ ਦਾ ਸਾਥ ਨਹੀਂ ਦਿੱਤਾ। ਤੂੰ ਵਿਅਰਥ ਹੀ ਆਪਣੇ ਆਪ ਨੂੰ (ਮਾਇਆ ਦੇ ਮੋਹ ਵਿਚ) ਜਕੜ ਰੱਖਿਆ ਹੈ।੧। ਹੇ ਭਾਈ! ਅਜੇ ਤਕ) ਨਾਹ ਤੂੰ ਪਰਮਾਤਮਾ ਦੀ ਭਗਤੀ ਕੀਤੀ ਹੈ, ਨਾਹ ਗੁਰੂ ਦੀ ਸ਼ਰਨ ਪਿਆ ਹੈਂ, ਨਾਹ ਹੀ ਤੇਰੇ ਅੰਦਰ ਆਤਮਕ ਜੀਵਨ ਦੀ ਸੋਝੀ ਪਈ ਹੈ। ਮਾਇਆ ਤੋਂ ਨਿਰਲੇਪ ਪ੍ਰਭੂ ਤੇਰੇ ਹਿਰਦੇ ਵਿਚ ਵੱਸ ਰਿਹਾ ਹੈ, ਪਰ ਤੂੰ (ਬਾਹਰ) ਜੰਗਲਾਂ ਵਿਚ ਉਸ ਨੂੰ ਭਾਲ ਰਿਹਾ ਹੈਂ।੨। ਹੇ ਭਾਈ! ਅਨੇਕਾਂ ਜਨਮਾਂ ਵਿਚ ਭਟਕ ਭਟਕ ਕੇ ਤੂੰ (ਮਨੁੱਖਾ ਜਨਮ ਦੀ ਬਾਜ਼ੀ) ਹਾਰ ਲਈ ਹੈ, ਤੂੰ ਅਜੇਹੀ ਅਕਲ ਨਹੀਂ ਸਿੱਖੀ ਜਿਸ ਦੀ ਬਰਕਤਿ ਨਾਲ (ਜਨਮਾਂ ਦੇ ਗੇੜ ਵਿਚੋਂ) ਤੈਨੂੰ ਅਡੋਲਤਾ ਹਾਸਲ ਹੋ ਸਕੇ। ਹੇ ਨਾਨਕ! ਆਖ-ਹੇ ਭਾਈ! ਗੁਰੂ ਨੇ ਤਾਂ ਇਹ) ਗੱਲ ਸਮਝਾਈ ਹੈ ਕਿ ਮਨੁੱਖਾ ਜਨਮ ਦਾ (ਉੱਚਾ) ਦਰਜਾ ਹਾਸਲ ਕਰ ਕੇ ਪਰਮਾਤਮਾ ਦਾ ਭਜਨ ਕਰ।੩।੩। |
Sri Guru Granth Darpan, by Professor Sahib Singh |