ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 633

ਸੋਰਠਿ ਮਹਲਾ ੯ ॥ ਰੇ ਨਰ ਇਹ ਸਾਚੀ ਜੀਅ ਧਾਰਿ ॥ ਸਗਲ ਜਗਤੁ ਹੈ ਜੈਸੇ ਸੁਪਨਾ ਬਿਨਸਤ ਲਗਤ ਨ ਬਾਰ ॥੧॥ ਰਹਾਉ ॥ ਬਾਰੂ ਭੀਤਿ ਬਨਾਈ ਰਚਿ ਪਚਿ ਰਹਤ ਨਹੀ ਦਿਨ ਚਾਰਿ ॥ ਤੈਸੇ ਹੀ ਇਹ ਸੁਖ ਮਾਇਆ ਕੇ ਉਰਝਿਓ ਕਹਾ ਗਵਾਰ ॥੧॥ ਅਜਹੂ ਸਮਝਿ ਕਛੁ ਬਿਗਰਿਓ ਨਾਹਿਨਿ ਭਜਿ ਲੇ ਨਾਮੁ ਮੁਰਾਰਿ ॥ ਕਹੁ ਨਾਨਕ ਨਿਜ ਮਤੁ ਸਾਧਨ ਕਉ ਭਾਖਿਓ ਤੋਹਿ ਪੁਕਾਰਿ ॥੨॥੮॥ {ਪੰਨਾ 633}

ਪਦਅਰਥ: ਸਾਚੀ, ਅਟੱਲ, ਸਦਾ ਕਾਇਮ ਰਹਿਣ ਵਾਲੀ। ਜੀਅ = ਦਿਲ ਵਿਚ। ਧਾਰਿ = ਟਿਕਾ ਲੈ। ਸਗਲ = ਸਾਰਾ। ਬਿਨਸਤ = ਨਾਸ ਹੁੰਦਿਆਂ। ਬਾਰ = ਚਿਰ, ਦੇਰ।੧।ਰਹਾਉ।

ਬਾਰੂ = ਰੇਤ। ਭੀਤਿ = ਕੰਧ। ਰਚਿ = ਰਚ ਕੇ, ਉਸਾਰ ਕੇ। ਪਚਿ = ਪੋਚ ਕੇ। ਉਰਝਿਓ = ਮਸਤ ਹੋਇਆ। ਕਹਾ = ਕਿਉਂ? ਗਵਾਰ = ਹੇ ਮੂਰਖ!੧।

ਅਜਹੂ = ਅੱਜ ਹੀ, ਹੁਣ ਹੀ। ਨਾਹਿਨਿ = ਨਹੀਂ। ਮੁਰਾਰਿ = {ਮੁਰ = ਅਰਿ} ਪਰਮਾਤਮਾ। ਕਹੁ = ਆਖ। ਨਿਜ = ਆਪਣਾ। ਮਤੁ = ਖ਼ਿਆਲ। ਕੋ = ਦਾ। ਤੋਹਿ = ਤੈਨੂੰ। ਪੁਕਾਰਿ = ਪੁਕਾਰ ਕੇ।੨।

ਅਰਥ: ਹੇ ਮਨੁੱਖ! ਆਪਣੇ ਦਿਲ ਵਿਚ ਇਹ ਪੱਕੀ ਗੱਲ ਟਿਕਾ ਲੈ, (ਕਿ) ਸਾਰਾ ਸੰਸਾਰ ਸੁਪਨੇ ਵਰਗਾ ਹੈ, (ਇਸ ਦੇ) ਨਾਸ ਹੁੰਦਿਆਂ ਚਿਰ ਨਹੀਂ ਲੱਗਦਾ।੧।ਰਹਾਉ।

ਹੇ ਭਾਈ! ਜਿਵੇਂ ਕਿਸੇ ਨੇ) ਰੇਤ ਦੀ ਕੰਧ ਉਸਾਰ ਕੇ ਪੋਚ ਕੇ ਤਿਆਰ ਕੀਤੀ ਹੋਵੇ; ਪਰ ਉਹ ਕੰਧ ਚਾਰ ਦਿਨ ਭੀ (ਟਿਕੀ) ਨਹੀਂ ਰਹਿੰਦੀ। ਇਸ ਮਾਇਆ ਦੇ ਸੁਖ ਭੀ ਉਸ (ਰੇਤ ਦੀ ਕੰਧ) ਵਰਗੇ ਹੀ ਹਨ। ਹੇ ਮੂਰਖ! ਤੂੰ ਇਹਨਾਂ ਸੁਖਾਂ ਵਿਚ ਕਿਉਂ ਮਸਤ ਹੋ ਰਿਹਾ ਹੈਂ?੧।

ਹੇ ਭਾਈ! ਅਜੇ ਭੀ ਸਮਝ ਜਾ (ਅਜੇ) ਕੁਝ ਵਿਗੜਿਆ ਨਹੀਂ; ਤੇ ਪਰਮਾਤਮਾ ਦਾ ਨਾਮ ਸਿਮਰਿਆ ਕਰ। ਹੇ ਨਾਨਕ! ਆਖ-(ਹੇ ਭਾਈ!) ਮੈਂ ਤੈਨੂੰ ਗੁਰਮੁਖਾਂ ਦਾ ਇਹ ਨਿਜੀ ਖ਼ਿਆਲ ਪੁਕਾਰ ਕੇ ਸੁਣਾ ਰਿਹਾ ਹਾਂ।੨।੮।

ਸੋਰਠਿ ਮਹਲਾ ੯ ॥ ਇਹ ਜਗਿ ਮੀਤੁ ਨ ਦੇਖਿਓ ਕੋਈ ॥ ਸਗਲ ਜਗਤੁ ਅਪਨੈ ਸੁਖਿ ਲਾਗਿਓ ਦੁਖ ਮੈ ਸੰਗਿ ਨ ਹੋਈ ॥੧॥ ਰਹਾਉ ॥ ਦਾਰਾ ਮੀਤ ਪੂਤ ਸਨਬੰਧੀ ਸਗਰੇ ਧਨ ਸਿਉ ਲਾਗੇ ॥ ਜਬ ਹੀ ਨਿਰਧਨ ਦੇਖਿਓ ਨਰ ਕਉ ਸੰਗੁ ਛਾਡਿ ਸਭ ਭਾਗੇ ॥੧॥ ਕਹਂਉ ਕਹਾ ਯਿਆ ਮਨ ਬਉਰੇ ਕਉ ਇਨ ਸਿਉ ਨੇਹੁ ਲਗਾਇਓ ॥ ਦੀਨਾ ਨਾਥ ਸਕਲ ਭੈ ਭੰਜਨ ਜਸੁ ਤਾ ਕੋ ਬਿਸਰਾਇਓ ॥੨॥ ਸੁਆਨ ਪੂਛ ਜਿਉ ਭਇਓ ਨ ਸੂਧਉ ਬਹੁਤੁ ਜਤਨੁ ਮੈ ਕੀਨਉ ॥ ਨਾਨਕ ਲਾਜ ਬਿਰਦ ਕੀ ਰਾਖਹੁ ਨਾਮੁ ਤੁਹਾਰਉ ਲੀਨਉ ॥੩॥੯॥ {ਪੰਨਾ 633}

ਪਦਅਰਥ: ਜਗਿ = ਜਗਤ ਵਿਚ। ਸੁਖਿ = ਸੁਖ ਵਿਚ। ਸੰਗਿ = ਨਾਲ।੧।ਰਹਾਉ।

ਦਾਰਾ = ਇਸਤ੍ਰੀ। ਸਨਬੰਧੀ = ਰਿਸ਼ਤੇਦਾਰ। ਸਗਰੇ = ਸਾਰੇ। ਸਿਉ = ਨਾਲ। ਨਿਰਧਨ = ਕੰਗਾਲ। ਕਉ = ਨੂੰ। ਸੰਗੁ = ਸਾਥ। ਛਾਡਿ = ਛੱਡ ਕੇ। ਸਭਿ = ਸਾਰੇ।੧।

ਕਹਂਉ ਕਹਾ = ਮੈਂ ਕੀਹ ਆਖਾਂ? ਯਿਆ ਮਨ ਕਉ = ਇਸ ਮਨ ਨੂੰ। ਦੀਨਾ ਨਾਥ = ਗਰੀਬਾਂ ਦਾ ਖਸਮ। ਸਕਲ = ਸਾਰੇ। ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ}ਭੈ ਭੰਜਨ = ਡਰਾਂ ਦਾ ਨਾਸ ਕਰਨ ਵਾਲਾ। ਤਾ ਕੋ = ਉਸ ਦਾ।੨।

ਸੁਆਨ ਪੂਛ = ਕੁੱਤੇ ਦੀ ਪੂਛਲ। ਸੂਧਉ = ਸਿੱਧੀ। ਮੈ ਕੀਨਉ = ਮੈਂ ਕੀਤਾ ਹੈ। ਬਿਰਦ = ਮੁੱਢ = ਕਦੀਮਾਂ ਦਾ (ਪਿਆਰ ਵਾਲਾ) ਸੁਭਾਉ। ਲੀਨਉ = ਮੈਂ ਲੈ ਸਕਦਾ ਹਾਂ।੩।

ਅਰਥ: ਹੇ ਭਾਈ! ਇਸ ਜਗਤ ਵਿਚ ਕੋਈ (ਤੋੜ ਸਾਥ ਨਿਬਾਹੁਣ ਵਾਲਾ) ਮਿੱਤਰ (ਮੈਂ) ਨਹੀਂ ਵੇਖਿਆ। ਸਾਰਾ ਸੰਸਾਰ ਆਪਣੇ ਸੁਖ ਵਿਚ ਹੀ ਜੁੱਟਾ ਪਿਆ ਹੈ। ਦੁੱਖ ਵਿਚ (ਕੋਈ ਕਿਸੇ ਦੇ) ਨਾਲ (ਸਾਥੀ) ਨਹੀਂ ਬਣਦਾ।੧।ਰਹਾਉ।

ਹੇ ਭਾਈ! ਇਸਤ੍ਰੀ, ਮਿੱਤਰ, ਪੁੱਤਰ, ਰਿਸ਼ਤੇਦਾਰ-ਇਹ ਸਾਰੇ ਧਨ ਨਾਲ (ਹੀ) ਪਿਆਰ ਕਰਦੇ ਹਨ। ਜਦੋਂ ਹੀ ਇਹਨਾਂ ਨੇ ਮਨੁੱਖ ਨੂੰ ਕੰਗਾਲ ਵੇਖਿਆ, (ਤਦੋਂ) ਸਾਥ ਛੱਡ ਕੇ ਨੱਸ ਜਾਂਦੇ ਹਨ।੧।

ਹੇ ਭਾਈ! ਮੈਂ ਇਸ ਝੱਲੇ ਮਨ ਨੂੰ ਕੀਹ ਸਮਝਾਵਾਂ? (ਇਸ ਨੇ) ਇਹਨਾਂ (ਕੱਚੇ ਸਾਥੀਆਂ) ਨਾਲ ਪਿਆਰ ਪਾਇਆ ਹੋਇਆ ਹੈ। (ਜੇਹੜਾ ਪਰਮਾਤਮਾ) ਗਰੀਬਾਂ ਦਾ ਰਾਖਾ ਤੇ ਸਾਰੇ ਡਰ ਨਾਸ ਕਰਨ ਵਾਲਾ ਹੈ ਉਸ ਦੀ ਸਿਫ਼ਤਿ-ਸਾਲਾਹ (ਇਸ ਨੇ) ਭੁਲਾਈ ਹੋਈ ਹੈ।੨।

ਹੇ ਭਾਈ! ਜਿਵੇਂ ਕੁੱਤੇ ਦੀ ਪੂਛਲ ਸਿੱਧੀ ਨਹੀਂ ਹੁੰਦੀ (ਇਸੇ ਤਰ੍ਹਾਂ ਇਸ ਮਨ ਦੀ ਪਰਮਾਤਮਾ ਦੀ ਯਾਦ ਵਲੋਂ ਲਾ-ਪਰਵਾਹੀ ਹਟਦੀ ਨਹੀਂ) ਮੈਂ ਬਹੁਤ ਜਤਨ ਕੀਤਾ ਹੈ। ਹੇ ਨਾਨਕ! ਆਖ-ਹੇ ਪ੍ਰਭੂ! ਆਪਣੇ) ਮੁੱਢ-ਕਦੀਮਾਂ ਦੇ (ਪਿਆਰ ਵਾਲੇ) ਸੁਭਾਵ ਦੀ ਲਾਜ ਰੱਖ (ਮੇਰੀ ਮਦਦ ਕਰ, ਤਾਂ ਹੀ) ਮੈਂ ਤੇਰਾ ਨਾਮ ਜਪ ਸਕਦਾ ਹਾਂ।੩।੯।

ਸੋਰਠਿ ਮਹਲਾ ੯ ॥ ਮਨ ਰੇ ਗਹਿਓ ਨ ਗੁਰ ਉਪਦੇਸੁ ॥ ਕਹਾ ਭਇਓ ਜਉ ਮੂਡੁ ਮੁਡਾਇਓ ਭਗਵਉ ਕੀਨੋ ਭੇਸੁ ॥੧॥ ਰਹਾਉ ॥ ਸਾਚ ਛਾਡਿ ਕੈ ਝੂਠਹ ਲਾਗਿਓ ਜਨਮੁ ਅਕਾਰਥੁ ਖੋਇਓ ॥ ਕਰਿ ਪਰਪੰਚ ਉਦਰ ਨਿਜ ਪੋਖਿਓ ਪਸੁ ਕੀ ਨਿਆਈ ਸੋਇਓ ॥੧॥ ਰਾਮ ਭਜਨ ਕੀ ਗਤਿ ਨਹੀ ਜਾਨੀ ਮਾਇਆ ਹਾਥਿ ਬਿਕਾਨਾ ॥ ਉਰਝਿ ਰਹਿਓ ਬਿਖਿਅਨ ਸੰਗਿ ਬਉਰਾ ਨਾਮੁ ਰਤਨੁ ਬਿਸਰਾਨਾ ॥੨॥ ਰਹਿਓ ਅਚੇਤੁ ਨ ਚੇਤਿਓ ਗੋਬਿੰਦ ਬਿਰਥਾ ਅਉਧ ਸਿਰਾਨੀ ॥ ਕਹੁ ਨਾਨਕ ਹਰਿ ਬਿਰਦੁ ਪਛਾਨਉ ਭੂਲੇ ਸਦਾ ਪਰਾਨੀ ॥੩॥੧੦॥ {ਪੰਨਾ 633}

ਪਦਅਰਥ: ਗਹਿਓ = ਫੜਿਆ, ਗ੍ਰਹਿਣ ਕੀਤਾ। ਕਹਾ ਭਇਓ = ਕੀਹ ਹੋਇਆ? ਮੂਡੁ = ਸਿਰ। ਭੇਸੁ = ਭੇਖ।੧।ਰਹਾਉ।

ਸਾਚ = ਸਦਾ-ਥਿਰ ਹਰਿ = ਨਾਮ। ਝੂਠਹ = ਨਾਸਵੰਤ (ਪਦਾਰਥਾਂ) ਵਿਚ। ਅਕਾਰਥੁ = ਵਿਅਰਥ। ਪਰਪੰਚ = ਪਖੰਡ, ਛਲ। ਉਦਰ ਨਿਜ = ਆਪਣਾ ਪੇਟ। ਪੋਖਿਓ = ਪਾਲਿਆ। ਪਸੁ ਕੀ ਨਿਆਈ = ਪਸ਼ੂਆਂ ਵਾਂਗ।੧।

ਗਤਿ = ਜੁਗਤਿ। ਹਾਥਿ = ਹੱਥ ਵਿਚ। ਉਰਝਿ ਰਹਿਓ = ਮਗਨ ਰਿਹਾ। ਬਿਖਿਅਨ ਸੰਗਿ = ਮਾਇਕ ਪਦਾਰਥਾਂ ਨਾਲ।੨।

ਅਚੇਤੁ = ਗ਼ਾਫ਼ਿਲ, ਅਵੇਸਲਾ। ਅਉਧ = ਉਮਰ। ਸਿਰਾਨੀ = ਗੁਜ਼ਾਰ ਦਿੱਤੀ। ਹਰਿ = ਹੇ ਹਰੀ! ਬਿਰਦੁ = ਮੁੱਢ = ਕਦੀਮਾਂ ਦਾ (ਪਿਆਰ ਵਾਲਾ) ਸੁਭਾਉ। ਪਰਾਨੀ = ਜੀਵ।੩।

ਅਰਥ: ਹੇ ਮਨ! ਤੂੰ ਗੁਰੂ ਦੀ ਸਿੱਖਿਆ ਗ੍ਰਹਿਣ ਨਹੀਂ ਕਰਦਾ। (ਹੇ ਭਾਈ! ਗੁਰੂ ਦਾ ਉਪਦੇਸ਼ ਭੁਲਾ ਕੇ) ਜੇ ਸਿਰ ਭੀ ਮੁਨਾ ਲਿਆ, ਤੇ, ਭਗਵੇ ਰੰਗ ਦੇ ਕੱਪੜੇ ਪਾ ਲਏ, ਤਾਂ ਭੀ ਕੀਹ ਬਣਿਆ? (ਆਤਮਕ ਜੀਵਨ ਦਾ ਕੁਝ ਭੀ ਨਾਹ ਸੌਰਿਆ) ੧।ਰਹਾਉ।

(ਹੇ ਭਾਈ! ਭਗਵਾ ਭੇਖ ਤਾਂ ਧਾਰ ਲਿਆ, ਪਰ) ਸਦਾ-ਥਿਰ ਪ੍ਰਭੂ ਦਾ ਨਾਮ ਛੱਡ ਕੇ ਨਾਸਵੰਤ ਪਦਾਰਥਾਂ ਵਿਚ ਹੀ ਸੁਰਤਿ ਜੋੜੀ ਰੱਖੀ, (ਲੋਕਾਂ ਨਾਲ) ਛਲ ਕਰ ਕੇ ਆਪਣਾ ਪੇਟ ਪਾਲਦਾ ਰਿਹਾ, ਤੇ, ਪਸ਼ੂਆਂ ਵਾਂਗ ਸੁੱਤਾ ਰਿਹਾ।੧।

ਹੇ ਭਾਈ! ਗ਼ਾਫ਼ਿਲ ਮਨੁੱਖ) ਪਰਮਾਤਮਾ ਦੇ ਭਜਨ ਦੀ ਜੁਗਤਿ ਨਹੀਂ ਸਮਝਦਾ, ਮਾਇਆ ਦੇ ਹੱਥ ਵਿਚ ਵਿਕਿਆ ਰਹਿੰਦਾ ਹੈ। ਕਮਲਾ ਮਨੁੱਖ ਮਾਇਕ ਪਦਾਰਥਾਂ (ਦੇ ਮੋਹ) ਵਿਚ ਮਗਨ ਰਹਿੰਦਾ ਹੈ, ਤੇ, ਪ੍ਰਭੂ ਦੇ (ਸ੍ਰੇਸ਼ਟ) ਰਤਨ-ਨਾਮ ਨੂੰ ਭੁਲਾਈ ਰੱਖਦਾ ਹੈ।੨।

(ਮਨੁੱਖ ਮਾਇਆ ਵਿਚ ਫਸ ਕੇ) ਅਵੇਸਲਾ ਹੋਇਆ ਰਹਿੰਦਾ ਹੈ, ਪਰਮਾਤਮਾ ਨੂੰ ਯਾਦ ਨਹੀਂ ਕਰਦਾ, ਸਾਰੀ ਉਮਰ ਵਿਅਰਥ ਗੁਜ਼ਾਰ ਲੈਂਦਾ ਹੈ। ਹੇ ਨਾਨਕ! ਆਖ-ਹੇ ਹਰੀ! ਤੂੰ ਆਪਣੇ ਮੁੱਢ-ਕਦੀਮਾਂ ਦੇ (ਪਿਆਰ ਵਾਲੇ) ਸੁਭਾਵ ਨੂੰ ਚੇਤੇ ਰੱਖ। ਇਹ ਜੀਵ ਤਾਂ ਸਦਾ ਭੁੱਲੇ ਹੀ ਰਹਿੰਦੇ ਹਨ।੩।੧੦।

ਸੋਰਠਿ ਮਹਲਾ ੯ ॥ ਜੋ ਨਰੁ ਦੁਖ ਮੈ ਦੁਖੁ ਨਹੀ ਮਾਨੈ ॥ ਸੁਖ ਸਨੇਹੁ ਅਰੁ ਭੈ ਨਹੀ ਜਾ ਕੈ ਕੰਚਨ ਮਾਟੀ ਮਾਨੈ ॥੧॥ ਰਹਾਉ ॥ ਨਹ ਨਿੰਦਿਆ ਨਹ ਉਸਤਤਿ ਜਾ ਕੈ ਲੋਭੁ ਮੋਹੁ ਅਭਿਮਾਨਾ ॥ ਹਰਖ ਸੋਗ ਤੇ ਰਹੈ ਨਿਆਰਉ ਨਾਹਿ ਮਾਨ ਅਪਮਾਨਾ ॥੧॥ ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੈ ਨਿਰਾਸਾ ॥ ਕਾਮੁ ਕ੍ਰੋਧੁ ਜਿਹ ਪਰਸੈ ਨਾਹਨਿ ਤਿਹ ਘਟਿ ਬ੍ਰਹਮੁ ਨਿਵਾਸਾ ॥੨॥ ਗੁਰ ਕਿਰਪਾ ਜਿਹ ਨਰ ਕਉ ਕੀਨੀ ਤਿਹ ਇਹ ਜੁਗਤਿ ਪਛਾਨੀ ॥ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗਿ ਪਾਨੀ ॥੩॥੧੧॥ {ਪੰਨਾ 633}

ਪਦਅਰਥ: ਦੁਖ ਮੈ = ਦੁੱਖਾਂ ਵਿਚ (ਘਿਰਿਆ ਹੋਇਆ ਭੀ) ਨਹੀ ਮਾਨੈ = ਨਹੀਂ ਪ੍ਰਤੀਤ ਕਰਦਾ, ਨਹੀਂ ਘਬਰਾਂਦਾ। ਸੁਖ ਸਨੇਹੁ = ਸੁਖਾਂ ਦਾ ਮੋਹ। ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ}ਜਾ ਕੈ = ਜਿਸ ਦੇ ਮਨ ਵਿਚ। ਕੰਚਨ = ਸੋਨਾ।੧।ਰਹਾਉ।

ਨਿੰਦਿਆ = ਚੁਗ਼ਲੀ = ਬੁਰਾਈ। ਉਸਤਤਿ = ਖ਼ੁਸ਼ਾਮਦ। ਹਰਖ ਸੋਗ ਤੇ = ਖ਼ੁਸ਼ੀ ਗ਼ਮੀ ਤੋਂ। ਮਾਨ = ਆਦਰ। ਅਪਮਾਨਾ = ਨਿਰਾਦਰੀ।੧।

ਮਨਸਾ = {मनीषा} ਮਨੋਕਾਮਨਾ। ਤੇ = ਤੋਂ। ਪਰਸੈ = ਛੁੰਹਦਾ। ਤਿਹ ਘਟਿ = ਉਸ ਦੇ ਹਿਰਦੇ ਵਿਚ। ਬ੍ਰਹਮੁ ਨਿਵਾਸਾ = ਪਰਮਾਤਮਾ ਦਾ ਨਿਵਾਸ।੨।

ਗੁਰ = ਗੁਰੂ ਨੇ। ਜਿਹ ਨਰ ਕਉ = ਜਿਸ ਮਨੁੱਖ ਉਤੇ। ਤਿਹ = ਉਸ ਨੇ। ਸਿਉ = ਨਾਲ, ਵਿਚ। ਸੰਗਿ = ਨਾਲ।੩।

ਅਰਥ: ਹੇ ਭਾਈ! ਜੇਹੜਾ ਮਨੁੱਖ ਦੁੱਖਾਂ ਵਿਚ ਘਬਰਾਂਦਾ ਨਹੀਂ, ਜਿਸ ਮਨੁੱਖ ਦੇ ਹਿਰਦੇ ਵਿਚ ਸੁਖਾਂ ਨਾਲ ਮੋਹ ਨਹੀਂ, ਅਤੇ (ਕਿਸੇ ਕਿਸਮ ਦੇ) ਡਰ ਨਹੀਂ, ਜੇਹੜਾ ਮਨੁੱਖ ਸੋਨੇ ਨੂੰ ਮਿੱਟੀ (ਸਮਾਨ) ਸਮਝਦਾ ਹੈ (ਉਸ ਦੇ ਅੰਦਰ ਪਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ) ੧।ਰਹਾਉ।

ਹੇ ਭਾਈ! ਜਿਸ ਮਨੁੱਖ ਦੇ ਅੰਦਰ ਕਿਸੇ ਦੀ ਚੁਗ਼ਲੀ-ਬੁਰਾਈ ਨਹੀਂ, ਕਿਸੇ ਦੀ ਖ਼ੁਸ਼ਾਮਦ ਨਹੀਂ, ਜਿਸ ਦੇ ਅੰਦਰ ਨਾਹ ਲੋਭ ਹੈ, ਨਾਹ ਮੋਹ ਹੈ, ਨਾਹ ਅਹੰਕਾਰ ਹੈ; ਜੇਹੜਾ ਮਨੁੱਖ ਖ਼ੁਸ਼ੀ ਤੇ ਗ਼ਮੀ ਤੋਂ ਨਿਰਲੇਪ ਰਹਿੰਦਾ ਹੈ, ਜਿਸ ਨੂੰ ਨਾਹ ਆਦਰ ਪੋਹ ਸਕਦਾ ਹੈ ਨਾਹ ਨਿਰਾਦਰੀ (ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ) ੧।

ਹੇ ਭਾਈ! ਜੇਹੜਾ ਮਨੁੱਖਾਂ ਆਸਾਂ ਉਮੈਦਾਂ ਸਭ ਤਿਆਗ ਦੇਂਦਾ ਹੈ, ਜਗਤ ਤੋਂ ਨਿਰਮੋਹ ਰਹਿੰਦਾ ਹੈ, ਜਿਸ ਮਨੁੱਖ ਨੂੰ ਨਾਹ ਕਾਮ-ਵਾਸਨਾ ਛੋਹ ਸਕਦੀ ਹੈ ਨਾਹ ਕ੍ਰੋਧ ਛੋਹ ਸਕਦਾ ਹੈ, ਉਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ।੨।

(ਪਰ) ਹੇ ਨਾਨਕ! ਆਖ-) ਜਿਸ ਮਨੁੱਖ ਉੱਤੇ ਗੁਰੂ ਨੇ ਮੇਹਰ ਕੀਤੀ ਉਸ ਨੇ (ਹੀ ਜੀਵਨ ਦੀ) ਇਹ ਜਾਚ ਸਮਝੀ ਹੈ। ਉਹ ਮਨੁੱਖ ਪਰਮਾਤਮਾ ਨਾਲ ਇਉਂ ਇਕ-ਮਿਕ ਹੋ ਜਾਂਦਾ ਹੈ, ਜਿਵੇਂ ਪਾਣੀ ਨਾਲ ਪਾਣੀ ਮਿਲ ਜਾਂਦਾ ਹੈ।੩।੧੧।

TOP OF PAGE

Sri Guru Granth Darpan, by Professor Sahib Singh