ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 657

ਰਾਗੁ ਸੋਰਠਿ ਬਾਣੀ ਭਗਤ ਨਾਮਦੇ ਜੀ ਕੀ ਘਰੁ ੨    ੴ ਸਤਿਗੁਰ ਪ੍ਰਸਾਦਿ ॥ ਜਬ ਦੇਖਾ ਤਬ ਗਾਵਾ ॥ ਤਉ ਜਨ ਧੀਰਜੁ ਪਾਵਾ ॥੧॥ ਨਾਦਿ ਸਮਾਇਲੋ ਰੇ ਸਤਿਗੁਰੁ ਭੇਟਿਲੇ ਦੇਵਾ ॥੧॥ ਰਹਾਉ ॥ ਜਹ ਝਿਲਿ ਮਿਲਿ ਕਾਰੁ ਦਿਸੰਤਾ ॥ ਤਹ ਅਨਹਦ ਸਬਦ ਬਜੰਤਾ ॥ ਜੋਤੀ ਜੋਤਿ ਸਮਾਨੀ ॥ ਮੈ ਗੁਰ ਪਰਸਾਦੀ ਜਾਨੀ ॥੨॥ ਰਤਨ ਕਮਲ ਕੋਠਰੀ ॥ ਚਮਕਾਰ ਬੀਜੁਲ ਤਹੀ ॥ ਨੇਰੈ ਨਾਹੀ ਦੂਰਿ ॥ ਨਿਜ ਆਤਮੈ ਰਹਿਆ ਭਰਪੂਰਿ ॥੩॥ ਜਹ ਅਨਹਤ ਸੂਰ ਉਜ੍ਯ੍ਯਾਰਾ ॥ ਤਹ ਦੀਪਕ ਜਲੈ ਛੰਛਾਰਾ ॥ ਗੁਰ ਪਰਸਾਦੀ ਜਾਨਿਆ ॥ ਜਨੁ ਨਾਮਾ ਸਹਜ ਸਮਾਨਿਆ ॥੪॥੧॥ {ਪੰਨਾ 656-657}

ਪਦਅਰਥ: ਦੇਖਾ = ਦੇਖਾਂ, ਵੇਖਦਾ ਹਾਂ; ਪ੍ਰਭੂ ਦਾ ਦੀਦਾਰ ਕਰਦਾ ਹਾਂ। ਗਾਵਾ = ਗਾਵਾਂ, ਮੈਂ (ਉਸ ਦੇ ਗੁਣ) ਗਾਉਂਦਾ ਹਾਂ। ਤਉ = ਤਦੋਂ। ਜਨ = ਹੇ ਭਾਈ! ਪਾਵਾ = ਮੈਂ ਹਾਸਲ ਕਰਦਾ ਹਾਂ। ਧੀਰਜੁ = ਸ਼ਾਂਤੀ, ਅਡੋਲਤਾ, ਟਿਕਾਉ।੧।

ਨਾਦਿ = ਨਾਦ ਵਿਚ, (ਗੁਰੂ ਦੇ) ਸ਼ਬਦ ਵਿਚ। ਸਮਾਇਲੋ = ਸਮਾ ਗਿਆ ਹੈ, ਲੀਨ ਹੋ ਗਿਆ ਹੈ। ਰੇ = ਹੇ ਭਾਈ! ਭੇਟਿਲੇ = ਮਿਲਾ ਦਿੱਤਾ ਹੈ। ਦੇਵਾ = ਹਰੀ ਨੇ।੧।ਰਹਾਉ।

ਜਹ = ਜਿੱਥੇ, ਜਿਸ (ਮਨ) ਵਿਚ। ਝਿਲਿਮਿਲਿਕਾਰੁ = ਇੱਕ = ਰਸ ਚੰਚਲਤਾ, ਸਦਾ ਚੰਚਲਤਾ ਹੀ ਚੰਚਲਤਾ। ਦਿਸੰਤਾ = ਦਿੱਸਦੀ ਸੀ। ਤਹ = ਉੱਥੇ, ਉਸ (ਮਨ) ਵਿਚ। ਅਨਹਦ = ਇੱਕ = ਰਸ। ਸਬਦ ਬਜੰਤਾ = ਸ਼ਬਦ ਵੱਜ ਰਿਹਾ ਹੈ, ਸਤਿਗੁਰੂ ਦੇ ਸ਼ਬਦ ਦਾ ਪ੍ਰਭਾਵ ਜ਼ੋਰਾਂ ਵਿਚ ਹੈ। ਜੋਤੀ = ਪਰਮਾਤਮਾ ਦੀ ਜੋਤਿ ਵਿਚ। ਜੋਤਿ = ਮੇਰੀ ਜਿੰਦ, ਮੇਰੀ ਆਤਮਾ। ਸਮਾਨ੍ਹ੍ਹੀ = (ਅੱਖਰ 'ਨ' ਦੇ ਹੇਠ ਅੱਧਾ 'ਹ' ਹੈ) ਗੁਰ ਪਰਸਾਦੀ = ਗੁਰੂ ਦੀ ਕਿਰਪਾ ਨਾਲ। ਜਾਨੀ = ਜਾਣੀ ਹੈ, ਸਾਂਝ ਪਈ ਹੈ।੨।

ਕਮਲ ਕੋਠਰੀ = (ਹਿਰਦਾ-) ਕਮਲ = ਕੋਠੜੀ ਵਿਚ। ਰਤਨ = (ਰੱਬੀ ਗੁਣਾਂ ਦੇ) ਰਤਨ (ਪਏ ਹੋਏ ਸਨ, ਪਰ ਮੈਨੂੰ ਪਤਾ ਨਹੀਂ ਸੀ) ਤਹੀ = ਉਸੇ (ਹਿਰਦੇ) ਵਿਚ। ਚਮਕਾਰ = ਲਿਸ਼ਕ, ਚਾਨਣ। ਨਿਜ ਆਤਮੈ = ਮੇਰੇ ਆਪਣੇ ਅੰਦਰ।੩।

ਛੰਛਾਰਾ = ਮੱਧਮ। ਦੀਪਕ = ਦੀਵਾ। ਤਹ = ਉਸ (ਮਨ) ਵਿਚ (ਪਹਿਲਾਂ) ਜਹ = ਜਿੱਥੇ (ਹੁਣ) ਅਨਹਤ = ਇੱਕ = ਰਸ, ਲਗਾਤਾਰ।੪।

ਜ਼ਰੂਰੀ ਨੋਟ: ਇਸ ਸ਼ਬਦ ਦਾ ਸਹੀ ਅਰਥ ਸਮਝਣ ਲਈ ਸਤਿਗੁਰੂ ਨਾਨਕ ਦੇਵ ਜੀ ਦਾ ਸ਼ਬਦ, ਜੋ ਸੋਰਠਿ ਰਾਗ ਵਿਚ ਹੀ ਹੈ ਤੇ ਇਸ ਸ਼ਬਦ ਨਾਲ ਹਰ ਤਰ੍ਹਾਂ ਦਾ ਮੇਲ ਖਾਂਦਾ ਹੈ, ਇਸ ਸ਼ਬਦ ਦੇ ਨਾਲ ਪੜ੍ਹਨਾ ਜ਼ਰੂਰੀ ਹੈ।

ਸੋਰਠਿ ਮਹਲਾ ੧ ਘਰੁ ੩    ਜਾ ਤਿਸੁ ਭਾਵਾ ਤਦ ਹੀ ਗਾਵਾ ॥ ਤਾ ਗਾਵੇ ਕਾ ਫਲੁ ਪਾਵਾ ॥ ਗਾਵੇ ਕਾ ਫਲੁ ਹੋਈ ॥ ਜਾ ਆਪੇ ਦੇਵੈ ਸੋਈ ॥੧॥ਰਹਾਉ॥ ਮਨ ਮੇਰੇ ਗੁਰ ਬਚਨੀ ਨਿਧਿ ਪਾਈ ॥ ਤਾ ਤੇ ਸਚ ਮਹਿ ਰਹਿਆ ਸਮਾਈ ॥੧॥ਰਹਾਉ॥ ਗੁਰ ਸਾਖੀ ਅੰਤਰਿ ਜਾਗੀ ॥ ਤਾ ਚੰਚਲ ਮਤਿ ਤਿਆਗੀ ॥ ਗੁਰ ਸਾਖੀ ਕਾ ਉਜੀਆਰਾ ॥ ਤਾ ਮਿਟਿਆ ਸਗਲ ਅੰਧਾਰਾ ॥੨॥ ਗੁਰ ਚਰਨੀ ਮਨੁ ਲਾਗਾ ॥ ਤਾ ਜਮ ਕਾ ਮਾਰਗੁ ਭਾਗਾ ॥ ਭੈ ਵਿਚਿ ਨਿਰਭਉ ਪਾਇਆ ॥ ਤਾ ਸਹਜੈ ਕੈ ਘਰ ਆਇਆ ॥੩॥ ਭਣਤਿ ਨਾਨਕੁ ਬੂਝੈ ਕੋ ਬੀਚਾਰੀ ॥ ਇਸੁ ਜਗ ਮਹਿ ਕਰਣੀ ਸਾਰੀ ॥ ਕਰਣੀ ਕੀਰਤਿ ਹੋਈ ॥ ਜਾ ਆਪੇ ਮਿਲਿਆ ਸੋਈ ॥੪॥੧॥੧੨॥ (ਪੰਨਾ ੫੯੯)

ਨੋਟ: ਦੋਹਾਂ ਸ਼ਬਦਾਂ ਨੂੰ ਰਲਾ ਕੇ ਗਹੁ ਨਾਲ ਪੜ੍ਹੋ, ਇਹਨਾਂ ਵਿਚ ਕਈ ਸੁਆਦਲੀਆਂ ਸਾਂਝੀਆਂ ਗੱਲਾਂ ਮਿਲਦੀਆਂ ਹਨ। ਦੋਹਾਂ ਸ਼ਬਦਾਂ ਦੀ ਚਾਲ ਇੱਕੋ ਜਿਹੀ ਹੈ; ਬਹੁਤ ਸਾਰੇ ਲਫ਼ਜ਼ ਸਾਂਝੇ ਹਨ; ਖ਼ਿਆਲ ਭੀ ਦੋਹਾਂ ਸ਼ਬਦਾਂ ਵਿਚ ਇੱਕੋ ਹੀ ਹੈ। ਹਾਂ, ਜਿਨ੍ਹਾਂ ਖ਼ਿਆਲਾਂ ਨੂੰ ਭਗਤ ਨਾਮਦੇਵ ਜੀ ਨੇ ਡੂੰਘੇ ਗੂਝ ਲਫ਼ਜ਼ਾਂ ਦੀ ਰਾਹੀਂ ਬਿਆਨ ਕੀਤਾ ਸੀ, ਉਹਨਾਂ ਨੂੰ ਸਤਿਗੁਰੂ ਨਾਨਕ ਦੇਵ ਜੀ ਨੇ ਸਾਦਾ ਤੇ ਸੁਖੱਲੇ ਲਫ਼ਜ਼ਾਂ ਵਿਚ ਪਰਗਟ ਕਰ ਦਿੱਤਾ ਹੈ; ਜਿਵੇਂ, ਝਿਲਿਮਿਲਿਕਾਰੁ-ਚੰਚਲ ਮਤਿ; ਅਨਹਤ ਸਬਦ-ਗੁਰ ਸਾਖੀ ਕਾ ਉਜੀਆਰਾ ਆਦਿਕ।

ਇਹਨਾਂ ਸ਼ਬਦਾਂ ਵਿਚ ਇਕ ਫ਼ਰਕ ਭੀ ਦਿੱਸਦਾ ਹੈ। ਜਿਵੇਂ, ਫ਼ਰੀਦ ਜੀ ਨੇ ਆਖਿਆ:

ਪਹਿਲੈ ਪਹਰੇ ਫੁਲੜਾ ਫਲੁ ਭੀ ਪਛਾ ਰਾਤਿ ॥

ਜੋ ਜਾਗੰਨਿ ਲਹੰਨਿ ਸੇ ਸਾਈ ਕੰਨਹੁ ਦਾਤਿ ॥੧੧੨॥

ਇਸ ਵਿਚ ਫ਼ਰੀਦ ਜੀ ਨੇ ਜ਼ਿਆਦਾ ਜ਼ੋਰ ਇਸ ਗੱਲ ਉੱਤੇ ਦਿੱਤਾ ਸੀ ਕਿ ਮਨੁੱਖ ਅੰਮ੍ਰਿਤ ਵੇਲੇ ਜ਼ਰੂਰ ਉੱਠ ਕੇ ਬੰਦਗੀ ਕਰੇ, ਤਾਹੀਏਂ ਸਾਈਂ ਦੇ ਦਰ ਤੋਂ ਦਾਤਿ ਮਿਲਦੀ ਹੈ; ਫ਼ਰੀਦ ਜੀ 'ਨਾਮ' ਦੀ ਪ੍ਰਾਪਤੀ ਨੂੰ ਪ੍ਰਭੂ ਦੀ ਬਖ਼ਸ਼ਸ਼ ਹੀ ਮੰਨਦੇ ਹਨ, ਪਰ ਇੱਥੇ ਵਧੀਕ ਜ਼ੋਰ ਅੰਮ੍ਰਿਤ ਵੇਲੇ ਉੱਠਣ ਉੱਤੇ ਹੈ। ਮਤਾਂ ਕੋਈ ਸਿੱਖ ਫ਼ਰੀਦ ਜੀ ਦੇ ਇਸ਼ਾਰੇ ਨੂੰ ਸਮਝੇ ਹੀ ਨਾ ਤੇ ਆਪਣੇ ਅੰਮ੍ਰਿਤ ਵੇਲੇ ਉੱਠਣ ਦੇ ਉੱਦਮ ਉੱਤੇ ਮਾਣ ਕਰਨ ਲੱਗ ਪਏ, ਸਤਿਗੁਰੂ ਨਾਨਕ ਦੇਵ ਜੀ ਨੇ ਲਫ਼ਜ਼ 'ਦਾਤਿ' ਦੀ ਰਾਹੀਂ ਇਸ ਇਸ਼ਰੇ-ਮਾਤ੍ਰ ਦੱਸੇ ਖ਼ਿਆਲ ਨੂੰ ਚੰਗੀ ਤਰ੍ਹਾਂ ਪਰਗਟ ਕਰ ਦਿੱਤਾ ਹੈ ਆਪਣਾ ਇਕ ਸ਼ਲੋਕ ਇਸ ਸ਼ਲੋਕ ਦੇ ਨਾਲ ਲਿਖ ਕੇ:

ਦਾਤੀ ਸਾਹਿਬ ਸੰਦੀਆ, ਕਿਆ ਚਲੈ ਤਿਸੁ ਨਾਲਿ ॥ ਇਕਿ ਜਾਗੰਦੇ ਨ ਲਹੰਨਿ, ਇਕਨਾ ਸੁਤਿਆ ਦੇਇ ਉਠਾਲਿ ॥੧੧੩॥ ਮ: ੧ ॥

ਇਸੇ ਤਰ੍ਹਾਂ, ਇਸ ਸ਼ਬਦ ਵਿਚ ਨਾਮਦੇਵ ਜੀ ਨੇ ਇਹ ਦੱਸਿਆ ਹੈ ਕਿ ਸਤਿਗੁਰੂ ਦੇ ਮਿਲਣ ਨਾਲ ਮੇਰੇ ਮਨ ਵਿਚ ਇਕ ਸੁੰਦਰ ਤਬਦੀਲੀ ਪੈਦਾ ਹੋ ਗਈ ਹੈ। ਜ਼ਿਆਦਾ ਜ਼ੋਰ ਗੁਰੂ ਦੀ ਮਿਹਰ ਉੱਤੇ ਹੈ ਤੇ ਫਿਰ ਮਨ ਦੀ ਤਬਦੀਲੀ ਉੱਤੇ। ਗੁਰੂ ਕਿਵੇਂ ਮਿਲਿਆ? ਇਹ ਗੱਲ ਉਹਨਾਂ ਇਸ਼ਾਰੇ-ਮਾਤ੍ਰ ਹੀ 'ਰਹਾਉ' ਦੀ ਤੁਕ ਵਿਚ ਦੱਸੀ ਹੈ। ਸਤਿਗੁਰੂ ਨਾਨਕ ਦੇਵ ਜੀ ਨੇ ਉਸ ਇਸ਼ਾਰੇ-ਮਾਤ੍ਰ ਦੱਸੇ ਖ਼ਿਆਲ ਨੂੰ ਚੰਗੀ ਤਰ੍ਹਾਂ ਖੁਲ੍ਹੇ ਲਫ਼ਜ਼ਾਂ ਵਿਚ ਬਿਆਨ ਕਰ ਦਿੱਤਾ ਹੈ ਕਿ ਇਹ ਸਾਰੀ ਮਿਹਰ ਪਰਮਾਤਮਾ ਦੀ ਹੁੰਦੀ ਹੈ, ਤਾਂ ਹੀ ਗੁਰੂ ਮਿਲਦਾ ਹੈ।

ਪਾਠਕ ਸੱਜਣ ਮੁੜ ਇਹਨਾਂ ਦੋਹਾਂ ਸ਼ਬਦਾਂ ਨੂੰ ਸਾਹਮਣੇ ਰੱਖ ਕੇ ਗਹੁ ਨਾਲ ਪੜ੍ਹਨ। ਕੀ ਇਹ ਗੱਲ ਯਕੀਨੀ ਨਹੀਂ ਹੈ ਕਿ ਸਤਿਗੁਰੂ ਨਾਨਕ ਦੇਵ ਜੀ ਨੇ ਇਹ ਸ਼ਬਦ ਭਗਤ ਨਾਮਦੇਵ ਜੀ ਦੇ ਸ਼ਬਦ ਨੂੰ ਚੰਗੀ ਤਰ੍ਹਾਂ ਸਪੱਸ਼ਟ ਕਰਨ ਵਾਸਤੇ ਲਿਖਿਆ ਹੈ? ਗੁਰੂ ਨਾਨਕ ਦੇਵ ਜੀ ਨੇ ਸਾਰੇ ਭਾਰਤ ਵਿਚ ਚੱਕਰ ਲਾਇਆ ਸੀ ਜਿਸ ਨੂੰ ਅਸੀ ਉਹਨਾਂ ਦੀ 'ਪਹਿਲੀ ਉਦਾਸੀ' ਆਖਦੇ ਹਾਂ; ਦੱਖਣ ਵਿਚ ਭੀ ਗਏ। ਨਾਮਦੇਵ ਜੀ ਸੂਬਾ ਬੰਬਈ ਦੇ ਜ਼ਿਲਾ ਸਤਾਰਾ ਦੇ ਨਗਰ ਪੰਡਰਪੁਰ ਵਿਚ ਹੀ ਬਹੁਤ ਸਮਾ ਰਹੇ, ਉੱਥੇ ਹੀ ਇਹਨਾਂ ਦਾ ਦੇਹਾਂਤ ਹੋਇਆ। ਸਾਰਾ ਭਾਰਤ ਮੂਰਤੀ-ਪੂਜਾ ਵਿਚ ਮਸਤ ਸੀ, ਕਿਤੇ ਟਾਵੇਂ ਟਾਵੇਂ ਹੀ ਰੱਬ ਦੇ ਪਿਆਰੇ ਸਨ, ਜੋ ਇੱਕ ਅਕਾਲ ਦੀ ਬੰਦਗੀ ਦਾ ਮੱਧਮ ਜਿਹਾ ਦੀਵਾ ਜਗਾ ਰਹੇ ਸਨ। ਕੀ ਇਹ ਗੱਲ ਕੁਦਰਤੀ ਨਹੀਂ ਸੀ ਕਿ ਦੱਖਣ ਵਿਚ ਜਾ ਕੇ ਇਕ ਆਪਣੇ ਹੀ ਹਮ-ਖ਼ਿਆਲ ਰੱਬੀ ਆਸ਼ਕ ਦਾ ਵਤਨ ਵੇਖਣ ਦੀ ਤਾਂਘ ਗੁਰੂ ਨਾਨਕ ਸਾਹਿਬ ਦੇ ਮਨ ਵਿਚ ਪੈਦਾ ਹੋਵੇ? ਕੀ ਇਹ ਗੱਲ ਕੁਦਰਤੀ ਨਹੀਂ ਸੀ ਕਿ ਉਸ ਨਗਰ ਜਾ ਕੇ ਸਤਿਗੁਰੂ ਜੀ ਨੇ ਉੱਥਂੋ ਭਗਤ ਨਾਮਦੇਵ ਜੀ ਦੀ ਬਾਣੀ ਭੀ ਲਿਖ ਕੇ ਸਾਂਭ ਲਈ? ਇਸ ਗੱਲ ਦਾ ਪਰਤੱਖ ਸਬੂਤ ਇਹ ਦੋਵੇਂ ਸ਼ਬਦ ਹਨ, ਜੋ ਉੱਪਰ ਲਿਖੇ ਗਏ ਹਨ। ਇਹ ਦੋਵੇਂ ਸ਼ਬਦ ਸਬੱਬ ਨਾਲ ਹੀ ਸੋਰਠਿ ਰਾਗ ਵਿਚ ਦਰਜ ਨਹੀਂ ਹੋ ਗਏ, ਸਬੱਬ ਨਾਲ ਹੀ ਦੋਹਾਂ ਦੇ ਲਫ਼ਜ਼ ਤੇ ਖ਼ਿਆਲ ਆਪੋ ਵਿਚ ਨਹੀਂ ਮਿਲ ਗਏ। ਇਹ ਸਭ ਕੁਝ ਸਤਿਗੁਰੂ ਨਾਨਕ ਦੇਵ ਜੀ ਨੇ ਆਪ ਹੀ ਕੀਤਾ। ਭਗਤ ਨਾਮਦੇਵ ਜੀ ਦੀ ਬਾਣੀ ਜੋ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ, ਸਤਿਗੁਰੂ ਨਾਨਕ ਦੇਵ ਜੀ ਨੇ ਆਪ ਹੀ ਉਹਨਾਂ ਦੇ ਵਤਨ ਤੋਂ ਲਿਆਂਦੀ ਤੇ ਸਿੱਖ ਕੌਮ ਵਾਸਤੇ ਆਪਣੀ ਬਾਣੀ ਦੇ ਨਾਲ ਸਾਂਭ ਕੇ ਰੱਖਣ ਲਈ ਲਿਆਂਦੀ। ਸਾਰਾ ਭਾਰਤ ਮੂਰਤੀ-ਪੂਜਕਾਂ ਨਾਲ ਭਰਿਆ ਪਿਆ ਸੀ, ਜੇ ਭਗਤ ਨਾਮਦੇਵ ਭੀ ਮੂਰਤੀ-ਪੂਜ ਹੁੰਦੇ, ਤਾਂ ਇਹਨਾਂ ਵਾਸਤੇ ਸਤਿਗੁਰੂ ਜੀ ਨੂੰ ਕੋਈ ਖ਼ਾਸ ਖਿੱਚ ਨਹੀਂ ਸੀ ਹੋ ਸਕਦੀ।

ਅਰਥ: ਹੇ ਭਾਈ! ਮੈਨੂੰ ਪ੍ਰਭੂ-ਦੇਵ ਨੇ ਸਤਿਗੁਰੂ ਮਿਲਾ ਦਿੱਤਾ ਹੈ, (ਉਸ ਦੀ ਬਰਕਤਿ ਨਾਲ, ਮੇਰਾ ਮਨ) ਉਸ ਦੇ ਸ਼ਬਦ ਵਿਚ ਲੀਨ ਹੋ ਗਿਆ ਹੈ।੧।ਰਹਾਉ।

(ਹੁਣ ਸ਼ਬਦ ਦੀ ਬਰਕਤਿ ਦਾ ਸਦਕਾ) ਜਿਉਂ ਜਿਉਂ ਮੈਂ ਪਰਮਾਤਮਾ ਦਾ (ਹਰ ਥਾਂ) ਦੀਦਾਰ ਕਰਦਾ ਹਾਂ ਮੈਂ (ਆਪ-ਮੁਹਾਰਾ) ਉਸ ਦੀ ਸਿਫ਼ਤਿ-ਸਾਲਾਹ ਕਰਦਾ ਹਾਂ ਤੇ ਹੇ ਭਾਈ! ਮੇਰੇ ਅੰਦਰ ਠੰਢ ਪੈਂਦੀ ਜਾਂਦੀ ਹੈ।੧।

(ਹੇ ਭਾਈ!) ਜਿਸ ਮਨ ਵਿਚ ਪਹਿਲਾਂ ਚੰਚਲਤਾ ਦਿੱਸ ਰਹੀ ਸੀ ਉੱਥੇ ਹੁਣ ਇੱਕ-ਰਸ ਗੁਰ-ਸ਼ਬਦ ਦਾ ਪ੍ਰਭਾਵ ਪੈ ਰਿਹਾ ਹੈ, ਹੁਣ ਮੇਰੀ ਆਤਮਾ ਪਰਮਾਤਮਾ ਵਿਚ ਮਿਲ ਗਈ ਹੈ, ਸਤਿਗੁਰੂ ਦੀ ਕਿਰਪਾ ਨਾਲ ਮੈਂ ਉਸ ਜੋਤਿ ਨੂੰ ਪਛਾਣ ਲਿਆ ਹੈ।੨।

ਮੇਰੇ ਹਿਰਦੇ-ਕਮਲ ਦੀ ਕੋਠੜੀ ਵਿਚ ਰਤਨ ਸਨ (ਪਰ ਲੁਕੇ ਹੋਏ ਸਨ) ; ਹੁਣ ਉੱਥੇ (ਗੁਰੂ ਦੀ ਮਿਹਰ ਸਦਕਾ, ਮਾਨੋ) ਬਿਜਲੀ ਦੀ ਲਿਸ਼ਕ (ਵਰਗਾ ਚਾਨਣ) ਹੈ (ਤੇ ਉਹ ਰਤਨ ਦਿੱਸ ਪਏ ਹਨ) ; ਹੁਣ ਪ੍ਰਭੂ ਕਿਤੇ ਦੂਰ ਨਹੀਂ ਜਾਪਦਾ, ਨੇੜੇ ਦਿੱਸਦਾ ਹੈ, ਮੈਨੂੰ ਆਪਣੇ ਅੰਦਰ ਹੀ ਭਰਪੂਰ ਦਿੱਸਦਾ ਹੈ।੩।

ਜਿਸ ਮਨ ਵਿਚ ਹੁਣ ਇੱਕ-ਰਸ ਸੂਰਜ ਦੇ ਚਾਨਣ ਵਰਗਾ ਚਾਨਣ ਹੈ, ਇੱਥੇ ਪਹਿਲਾਂ (ਮਾਨੋ) ਮੱਧਮ ਜਿਹਾ ਦੀਵਾ ਬਲ ਰਿਹਾ ਸੀ; ਹੁਣ ਗੁਰੂ ਦੀ ਕਿਰਪਾ ਨਾਲ ਮੇਰੀ ਉਸ ਪ੍ਰਭੂ ਨਾਲ ਜਾਣ-ਪਛਾਣ ਹੋ ਗਈ ਹੈ ਤੇ ਮੈਂ ਦਾਸ ਨਾਮਦੇਵ ਅਡੋਲ ਅਵਸਥਾ ਵਿਚ ਟਿਕ ਗਿਆ ਹਾਂ।੪।੧।

ਨੋਟ: ਭਗਤ-ਬਾਣੀ ਦੇ ਵਿਰੋਧੀ ਸੱਜਣ ਇਸ ਸ਼ਬਦ ਦੇ ਲਫ਼ਜ਼ "ਅਨਹਦ ਸਬਦ" ਦਾ ਹਵਾਲਾ ਦੇ ਕੇ ਆਖਦੇ ਹਨ ਕਿ ਭਗਤ ਨਾਮਦੇਵ ਜੀ ਯੋਗਾਭਿਆਸ ਅੰਦਰ ਭੀ ਵਿਚਰਦੇ ਸਨ ਕਿਉਂਕਿ ਆਪ ਜੀ ਦੀ ਰਚਨਾ ਵਿਚ ਯੋਗ ਅਭਿਆਸ ਦੀ ਝਲਕ ਪੈਂਦੀ ਹੈ। ਪਰ ਸਿਰਫ਼ ਲਫ਼ਜ਼ 'ਅਨਹਦ ਸਬਦ' ਤੋਂ ਇਹ ਗੱਲ ਸਾਬਤ ਨਹੀਂ ਹੋ ਜਾਂਦੀ। ਗੁਰੂ ਨਾਨਕ ਦੇਵ ਜੀ ਦਾ ਆਰਤੀ ਵਾਲਾ ਸ਼ਬਦ ਪੜ੍ਹ ਕੇ ਵੇਖੋ "ਅਨਹਤਾ ਸਬਦ ਵਾਜੰਤ ਭੇਰੀ"ਕੀ ਸਤਿਗੁਰੂ ਜੀ ਨੂੰ ਯੋਗ-ਅੱਭਿਆਸੀ ਆਖ ਦਿਓਗੇ?

ਭਗਤ ਜੀ ਨੇ ਤਿੰਨ ਵਾਰੀ ਸਾਫ਼ ਲਫ਼ਜ਼ਾਂ ਵਿਚ ਆਖਿਆ ਹੈ ਕਿ ਮੈਂ ਇਹ ਲੀਨਤਾ ਸਤਿਗੁਰੂ ਦੀ ਮਿਹਰ ਨਾਲ ਹਾਸਲ ਕੀਤੀ ਹੈ। 'ਰਹਾਉ' ਵਿਚ ਹੀ ਆਖਦੇ ਹਨ ਕਿ ਮੈਨੂੰ ਪ੍ਰਭੂ ਨੇ ਗੁਰੂ ਮਿਲਾਇਆ ਹੈ। ਫਿਰ ਦੋ ਵਾਰੀ ਹੋਰ ਆਖਦੇ ਹਨ-

ਜੋਤੀ ਜੋਤ ਸਮਾਨ੍ਹ੍ਹੀ ॥ ਮੈ ਗੁਰ ਪਰਸਾਦੀ ਜਾਨੀ ॥

ਅਤੇ

ਗੁਰ ਪਰਸਾਦੀ ਜਾਨਿਆ ॥ ਜਨ ਨਾਮਾ ਸਹਜਿ ਸਮਾਨਿਆ ॥

ਇਹ ਸੱਚਾਈ ਲੁਕਾਈ ਨਹੀਂ ਜਾ ਸਕਦੀ।

ਘਰੁ ੪ ਸੋਰਠਿ ॥ ਪਾੜ ਪੜੋਸਣਿ ਪੂਛਿ ਲੇ ਨਾਮਾ ਕਾ ਪਹਿ ਛਾਨਿ ਛਵਾਈ ਹੋ ॥ ਤੋ ਪਹਿ ਦੁਗਣੀ ਮਜੂਰੀ ਦੈਹਉ ਮੋ ਕਉ ਬੇਢੀ ਦੇਹੁ ਬਤਾਈ ਹੋ ॥੧॥ ਰੀ ਬਾਈ ਬੇਢੀ ਦੇਨੁ ਨ ਜਾਈ ॥ ਦੇਖੁ ਬੇਢੀ ਰਹਿਓ ਸਮਾਈ ॥ ਹਮਾਰੈ ਬੇਢੀ ਪ੍ਰਾਨ ਅਧਾਰਾ ॥੧॥ ਰਹਾਉ ॥ ਬੇਢੀ ਪ੍ਰੀਤਿ ਮਜੂਰੀ ਮਾਂਗੈ ਜਉ ਕੋਊ ਛਾਨਿ ਛਵਾਵੈ ਹੋ ॥ ਲੋਗ ਕੁਟੰਬ ਸਭਹੁ ਤੇ ਤੋਰੈ ਤਉ ਆਪਨ ਬੇਢੀ ਆਵੈ ਹੋ ॥੨॥ ਐਸੋ ਬੇਢੀ ਬਰਨਿ ਨ ਸਾਕਉ ਸਭ ਅੰਤਰ ਸਭ ਠਾਂਈ ਹੋ ॥ ਗੂੰਗੈ ਮਹਾ ਅੰਮ੍ਰਿਤ ਰਸੁ ਚਾਖਿਆ ਪੂਛੇ ਕਹਨੁ ਨ ਜਾਈ ਹੋ ॥੩॥ ਬੇਢੀ ਕੇ ਗੁਣ ਸੁਨਿ ਰੀ ਬਾਈ ਜਲਧਿ ਬਾਂਧਿ ਧ੍ਰੂ ਥਾਪਿਓ ਹੋ ॥ ਨਾਮੇ ਕੇ ਸੁਆਮੀ ਸੀਅ ਬਹੋਰੀ ਲੰਕ ਭਭੀਖਣ ਆਪਿਓ ਹੋ ॥੪॥੨॥ {ਪੰਨਾ 657}

ਪਦਅਰਥ: ਪਾੜ = ਪਾਰ ਦੀ, ਨਾਲ ਦੀ। ਪੜੋਸਣਿ = ਗੁਆਂਢਣ ਨੇ। ਪੂਛਿ ਲੇ = ਪੁੱਛਿਆ। ਨਾਮਾ = ਹੇ ਨਾਮਦੇਵ! ਕਾ ਪਹਿ = ਕਿਸ ਪਾਸੋਂ? ਛਾਨਿ = ਛੰਤ, ਛਪਰੀ, ਕੁੱਲੀ। ਛਵਾਈ = ਬਣਵਾਈ ਹੈ। ਤੋ ਪਹਿ = ਤੇਰੇ ਨਾਲੋਂ। ਦੈ ਹਉ = ਮੈਂ ਦੇ ਦਿਆਂਗੀ। ਬੇਢੀ = ਤਰਖਾਣ। ਦੇਹੁ ਬਤਾਈ = ਦੱਸ ਦੇਹ।੧।

ਰੀ ਬਾਈ = ਹੇ ਭੈਣ! {ਨੋਟ: ਲਫ਼ਜ਼ 'ਰੀ' ਇਸਤ੍ਰੀ ਲਿੰਗ ਹੈ ਅਤੇ 'ਰੇ' ਪੁਲਿੰਗ ਹੈ; ਜਿੱਥੇ, 'ਰੇ ਲੋਈ' ਆਇਆ ਹੈ ਉੱਥੇ ਲਫ਼ਜ਼ 'ਲੋਈ' ਪੁਲਿੰਗ ਹੈ।} ਦੇਨੁ ਨ ਜਾਈ = ਦਿੱਤਾ ਨਹੀਂ ਜਾ ਸਕਦਾ। ਪ੍ਰਾਣ ਅਧਾਰਾ = ਪ੍ਰਾਣਾਂ ਦਾ ਆਸਰਾ।ਰਹਾਉ।

ਸਭਹੁ ਤੇ = ਸਭਨਾਂ ਨਾਲੋਂ। ਤੋਰੈ = ਤੋੜ ਦੇਵੇ। ਤਉ = ਤਾਂ। ਆਪਨ = ਆਪਣੇ ਆਪ।੨।

ਬਰਨਿ ਨ ਸਾਕਉ = ਮੈਂ ਬਿਆਨ ਨਹੀਂ ਕਰ ਸਕਦਾ। ਅੰਤਰ = ਅੰਦਰ। ਠਾਂਈ = ਥਾਂਈ। ਗੂੰਗੈ = ਗੁੰਗੇ ਨੇ। ਪੂਛੇ = ਪੁੱਛਿਆਂ।੩।

ਜਲਧਿ = ਸਮੁੰਦਰ। ਬਾਂਧਿ = (ਪੁਲ) ਬੰਨ੍ਹ ਕੇ। ਥਾਪਿਓ = ਅਟੱਲ ਕਰ ਦਿੱਤਾ। ਸੀਅ = ਸੀਤਾ। ਬਹੋਰੀ = (ਰਾਵਣ ਤੋਂ) ਮੋੜ ਲਿਆਂਦੀ। ਆਪਿਓ = ਅਪਣਾ ਦਿੱਤਾ, ਮਾਲਕ ਬਣਾ ਦਿੱਤਾ।੪।

ਅਰਥ: ਨਾਲ ਦੀ ਗੁਆਂਢਣ ਨੇ ਪੁੱਛਿਆ-ਹੇ ਨਾਮੇ! ਤੂੰ ਆਪਣੀ ਛੰਨ ਕਿਸ ਪਾਸੋਂ ਬਣਵਾਈ ਹੈ? ਮੈਨੂੰ ਉਸ ਤਰਖਾਣ ਦੀ ਦੱਸ ਪਾ, ਮੈਂ ਤੇਰੇ ਨਾਲੋਂ ਦੂਣੀ ਮਜੂਰੀ ਦੇ ਦਿਆਂਗੀ।੧।

ਹੇ ਭੈਣ! ਉਸ ਤਰਖਾਣ ਦੀ (ਇਸ ਤਰ੍ਹਾਂ) ਦੱਸ ਨਹੀਂ ਪਾਈ ਜਾ ਸਕਦੀ; ਵੇਖ, ਉਹ ਤਰਖਾਣ ਹਰ ਥਾਂ ਮੌਜੂਦ ਹੈ ਤੇ ਉਹ ਮੇਰੀ ਜਿੰਦ ਦਾ ਆਸਰਾ ਹੈ।੧।ਰਹਾਉ।

(ਹੇ ਭੈਣ!) ਜੇ ਕੋਈ ਮਨੁੱਖ (ਉਸ ਤਰਖਾਣ ਪਾਸੋਂ) ਛੰਨ ਬਣਵਾਏ ਤਾਂ ਉਹ ਤਰਖਾਣ ਪ੍ਰੀਤ (ਦੀ) ਮਜੂਰੀ ਮੰਗਦਾ ਹੈ; (ਪ੍ਰੀਤ ਭੀ ਅਜਿਹੀ ਹੋਵੇ ਕਿ ਲੋਕਾਂ ਨਾਲੋਂ, ਪਰਵਾਰ ਨਾਲੋਂ, ਸਭਨਾਂ ਨਾਲੋਂ, ਮੋਹ ਤੋੜ ਲਏ; ਤਾਂ ਉਹ ਤਰਖਾਣ ਆਪਣੇ ਆਪ ਆ ਜਾਂਦਾ ਹੈ) ੨।

(ਜਿਵੇਂ) ਜੇ ਕੋਈ ਗੁੰਗਾ ਬੜਾ ਸੁਆਦਲਾ ਪਦਾਰਥ ਖਾਏ ਤਾਂ ਪੁੱਛਿਆਂ (ਉਸ ਪਾਸੋਂ ਉਸ ਦਾ ਸੁਆਦ) ਦੱਸਿਆ ਨਹੀਂ ਜਾ ਸਕਦਾ; ਤਿਵੇਂ ਮੈਂ (ਉਸ) ਐਸੇ ਤਰਖਾਣ ਦਾ ਸਰੂਪ ਬਿਆਨ ਨਹੀਂ ਕਰ ਸਕਦਾ, (ਉਂਞ) ਉਹ ਸਭਨਾਂ ਵਿਚ ਹੈ, ਉਹ ਸਭ ਥਾਈਂ ਹੈ।੩।

ਹੇ ਭੈਣ! ਉਸ ਤਰਖਾਣ ਦੇ (ਕੁਝ ਥੋੜੇ ਜਿਹੇ) ਗੁਣ ਸੁਣ ਲੈ-ਉਸ ਨੇ ਧ੍ਰੂ ਨੂੰ ਅਟੱਲ ਪਦਵੀ ਦਿੱਤੀ, ਉਸ ਨੇ ਸਮੁੰਦਰ (ਤੇ ਪੁਲ) ਬੱਧਾ, ਨਾਮਦੇਵ ਦੇ (ਉਸ ਤਰਖਾਣ) ਨੇ (ਲੋਕਾਂ ਤੋਂ) ਸੀਤਾ ਮੋੜ ਕੇ ਲਿਆਂਦੀ ਤੇ ਭਭੀਖਣ ਨੂੰ ਲੰਕਾ ਦਾ ਮਾਲਕ ਬਣਾ ਦਿੱਤਾ।੪।੨।

ਨੋਟ: ਇਹ ਗੱਲ ਜਗਤ ਵਿਚ ਆਮ ਵੇਖਣ ਵਿਚ ਆਉਂਦੀ ਹੈ ਕਿ ਨਿਰੇ ਪੈਸੇ ਲੈ ਕੇ ਕੰਮ ਕਰਨ ਵਾਲਿਆਂ ਨਾਲੋਂ ਉਹ ਮਨੁੱਖ ਵਧੀਕ ਖਿੱਚ ਤੇ ਸ਼ੌਕ ਨਾਲ ਕੰਮ ਕਰਦੇ ਹਨ ਜੋ ਪਿਆਰ ਦੀ ਲਗਨ ਨਾਲ ਕਰਦੇ ਹਨ। ਸੰਨ ੧੯੨੨-੨੩ ਵਿਚ ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ਦੀ ਜੋ ਕਾਰ-ਸੇਵਾ ਪ੍ਰੇਮ-ਆਸਰੇ ਸੋਨੇ ਦੇ ਚੂੜੇ ਵਾਲੀਆਂ ਬੀਬੀਆਂ ਨੇ ਦਿਨਾਂ ਵਿਚ ਹੀ ਸਿਰੇ ਚਾੜ੍ਹ ਦਿੱਤੀ ਸੀ, ਉਹ ਮਜੂਰੀ ਲੈ ਕੇ ਕੰਮ ਕਰਨ ਵਾਲੇ ਮੋਟੇ ਤਕੜੇ ਮਨੁੱਖ ਮਹੀਨਿਆਂ ਵਿਚ ਭੀ ਨਾ ਮੁਕਾਉਂਦੇ।

ਨਾਮਦੇਵ ਜੀ ਮਾਇਆ ਵਲੋਂ ਤਾਂ ਗਰੀਬ ਸਨ, ਪਰ ਪ੍ਰਭੂ-ਪਿਆਰ ਵਿਚ ਰੰਗੇ ਹੋਏ ਸਨ। ਇਕ ਵਾਰੀ ਉਹਨਾਂ ਦਾ ਘਰ ਢਹਿ ਗਿਆ, ਭਗਤ ਨਾਲ ਰੱਬੀ ਪਿਆਰ ਦੀ ਸਾਂਝ ਰੱਖਣ ਵਾਲੇ ਕਿਸੇ ਪਿਆਰ-ਹਿਰਦੇ ਵਾਲੇ ਨੇ ਆ ਕੇ ਬੜੀ ਰੀਝ ਨਾਲ ਉਹ ਘਰ ਮੁੜ ਬਣਾ ਦਿੱਤਾ। ਜਿੱਥੇ ਪ੍ਰੇਮ ਹੈ ਉੱਥੇ ਰੱਬ ਆਪ ਹੈ। ਸਤਸੰਗੀ ਜੋ ਇਕ ਦੂਜੇ ਦਾ ਕੰਮ ਕਰਦੇ ਹਨ, ਪ੍ਰੇਮ ਦੇ ਖਿੱਚੇ ਹੋਏ ਕਰਦੇ ਹਨ, ਪ੍ਰੇਮ-ਦੇ-ਸੋਮੇ ਪ੍ਰਭੂ ਦੇ ਪ੍ਰੇਰੇ ਹੋਏ ਕਰਦੇ ਹਨ, ਉਹਨਾਂ ਪ੍ਰੇਮੀ ਜੀਊੜਿਆਂ ਵਿਚ ਪ੍ਰਭੂ ਆਪ ਬੈਠਾ ਉਹ ਕੰਮ ਕਰਦਾ ਹੈ। ਸੋ, ਇਹ ਕੁਦਰਤੀ ਗੱਲ ਹੈ ਕਿ ਉਹ ਕੰਮ ਹੋਰਨਾਂ ਲੋਕਾਂ ਦੇ ਕੰਮਾਂ ਨਾਲੋਂ ਵਧੀਕ ਚੰਗਾ ਤੇ ਸੋਹਣਾ ਬਣੇ। ਨਾਮਦੇਵ ਜੀ ਦੀ ਗੁਆਂਢਣ ਦੇ ਮਨ ਵਿਚ ਭੀ ਰੀਝ ਆਈ ਉਸ ਤਰਖਾਣ ਦਾ ਪਤਾ ਲੈਣ ਲਈ, ਜਿਸ ਨੇ ਨਾਮਦੇਵ ਦਾ ਕੋਠਾ ਬਣਾਇਆ ਸੀ।

ਨੋਟ: ਭਗਤ-ਬਾਣੀ ਦੇ ਵਿਰੋਧੀ ਸੱਜਣ ਨੇ ਇਸ ਸ਼ਬਦ ਦੀ ਅਖ਼ੀਰਲੀ ਤੁਕ ਦਾ ਹਵਾਲਾ ਦੇ ਕੇ ਲਿਖਿਆ ਹੈ ਕਿ ਭਗਤ ਨਾਮਦੇਵ ਜੀ ਕਿਸੇ ਸਮੇ ਸ੍ਰੀ ਰਾਮ ਚੰਦਰ ਜੀ ਦੇ ਉਪਾਸ਼ਕ ਸਨ। ਪਰ ਇਸ ਤੋਂ ਪਹਿਲੀ ਤੁਕ ਵਿਰੋਧੀ ਸੱਜਣ ਨੇ ਪੜ੍ਹੀ ਨਹੀਂ ਜਾਪਦੀ, ਜਿਸ ਵਿਚ 'ਧ੍ਰੂ ਥਾਪਿਓ ਹੋ' ਲਿਖਿਆ ਹੋਇਆ ਹੈ। ਧ੍ਰੂ ਭਗਤ ਸ੍ਰੀ ਰਾਮ ਚੰਦਰ ਜੀ ਤੋਂ ਪਹਿਲੇ ਜੁਗ ਵਿਚ ਹੋ ਚੁਕਾ ਸੀ। ਜਿਸ 'ਬੇਢੀ' ਦੇ ਗੁਣ ਨਾਮਦੇਵ ਜੀ ਪੜੋਸਣ ਨੂੰ ਦੱਸ ਰਹੇ ਹਨ 'ਰਹਾਉ' ਦੀਆਂ ਤੁਕਾਂ ਵਿਚ, ਉਸ ਬਾਰੇ ਆਖਦੇ ਹਨ "ਬੇਢੀ ਰਹਿਓ ਸਮਾਈ"ਸੋ ਨਾਮਦੇਵ ਜੀ ਸਰਬ ਵਿਆਪਕ ਦੇ ਉਪਾਸ਼ਕ ਸਨ।

ਸੋਰਠਿ ਘਰੁ ੩ ॥ ਅਣਮੜਿਆ ਮੰਦਲੁ ਬਾਜੈ ॥ ਬਿਨੁ ਸਾਵਣ ਘਨਹਰੁ ਗਾਜੈ ॥ ਬਾਦਲ ਬਿਨੁ ਬਰਖਾ ਹੋਈ ॥ ਜਉ ਤਤੁ ਬਿਚਾਰੈ ਕੋਈ ॥੧॥ ਮੋ ਕਉ ਮਿਲਿਓ ਰਾਮੁ ਸਨੇਹੀ ॥ ਜਿਹ ਮਿਲਿਐ ਦੇਹ ਸੁਦੇਹੀ ॥੧॥ ਰਹਾਉ ॥ ਮਿਲਿ ਪਾਰਸ ਕੰਚਨੁ ਹੋਇਆ ॥ ਮੁਖ ਮਨਸਾ ਰਤਨੁ ਪਰੋਇਆ ॥ ਨਿਜ ਭਾਉ ਭਇਆ ਭ੍ਰਮੁ ਭਾਗਾ ॥ ਗੁਰ ਪੂਛੇ ਮਨੁ ਪਤੀਆਗਾ ॥੨॥ ਜਲ ਭੀਤਰਿ ਕੁੰਭ ਸਮਾਨਿਆ ॥ ਸਭ ਰਾਮੁ ਏਕੁ ਕਰਿ ਜਾਨਿਆ ॥ ਗੁਰ ਚੇਲੇ ਹੈ ਮਨੁ ਮਾਨਿਆ ॥ ਜਨ ਨਾਮੈ ਤਤੁ ਪਛਾਨਿਆ ॥੩॥੩॥ {ਪੰਨਾ 657}

ਪਦਅਰਥ: ਮੰਦਲੁ = ਢੋਲ। ਬਾਜੈ = ਵੱਸਦਾ ਹੈ। ਬਿਨੁ ਸਾਵਣ = ਸਾਵਣ ਦਾ ਮਹੀਨਾ ਆਉਣ ਤੋਂ ਬਿਨਾ ਹੀ, ਹਰ ਵੇਲੇ। ਘਨਹਰੁ = ਬੱਦਲ। ਗਾਜੈ = ਗੱਜਦਾ ਹੈ। ਜਉ = ਜਦੋਂ। ਕੋਈ = ਕੋਈ ਮਨੁੱਖ।੧।

ਮੋ ਕਉ = ਮੈਨੂੰ। ਸਨੇਹੀ = ਪਿਆਰਾ। ਜਿਹ ਮਿਲਿਐ = ਜਿਸ (ਰਾਮ) ਦੇ ਮਿਲਣ ਨਾਲ। ਦੇਹ = ਸਰੀਰ। ਸੁਦੇਹੀ = ਸੋਹਣੀ ਕਾਇਆਂ।੧।ਰਹਾਉ।

ਮਿਲਿ = ਮਿਲ ਕੇ, ਛੋਹ ਕੇ। ਕੰਚਨੁ = ਸੋਨਾ। ਮਨਸਾ = ਮੂੰਹ ਵਿਚ ਤੇ ਖ਼ਿਆਲਾਂ ਵਿਚ, (ਭਾਵ, ਬਚਨਾਂ ਵਿਚ ਤੇ ਖ਼ਿਆਲਾਂ ਵਿਚ) ਨਿਜ ਭਾਉ = ਆਪਣਿਆਂ ਵਾਲਾ ਪਿਆਰ। ਭ੍ਰਮੁ = ਭੁਲੇਖਾ (ਕਿ ਕਿਤੇ ਕੋਈ ਓਪਰਾ ਭੀ ਹੈ) ਗੁਰ ਪੂਛੇ = ਗੁਰੂ ਦੀ ਸਿੱਖਿਆ ਲੈ ਕੇ। ਪਤੀਆਗਾ = ਪਤੀਜ ਗਿਆ ਹੈ, ਤਸੱਲੀ ਹੋ ਗਈ ਹੈ।੨।

ਭੀਤਰਿ = ਅੰਦਰ, ਵਿਚ। ਕੁੰਭ = ਪਾਣੀ ਦਾ ਘੜਾ, ਜੀਵਾਤਮਾ। ਸਭ = ਹਰ ਥਾਂ। ਗੁਰ ਚੇਲੇ ਮਨੁ = ਗੁਰੂ ਦਾ ਤੇ ਚੇਲੇ ਦਾ ਮਨ। ਨਾਮੈ = ਨਾਮਦੇਵ ਨੇ।੩।

ਅਰਥ: ਮੈਨੂੰ ਪਿਆਰਾ ਰਾਮ ਮਿਲ ਪਿਆ ਹੈ, ਜਿਸ ਦੇ ਮਿਲਣ ਦੀ ਬਰਕਤਿ ਨਾਲ ਮੇਰਾ ਸਰੀਰ ਭੀ ਚਮਕ ਪਿਆ ਹੈ।੧।ਰਹਾਉ।

ਜਿਹੜਾ ਭੀ ਕੋਈ ਮਨੁੱਖ ਇਸ ਅਸਲੀਅਤ ਨੂੰ ਵਿਚਾਰਦਾ ਹੈ (ਭਾਵ, ਜਿਸ ਦੇ ਭੀ ਅੰਦਰ ਇਹ ਮੇਲ-ਅਵਸਥਾ ਵਾਪਰਦੀ ਹੈ, ਉਸ ਦੇ ਅੰਦਰ) ਢੋਲ ਵੱਜਣ ਲੱਗ ਪੈਂਦਾ ਹੈ (ਪਰ ਉਹ ਢੋਲ ਖੱਲ ਨਾਲ) ਮੜ੍ਹਿਆ ਹੋਇਆ ਨਹੀਂ ਹੁੰਦਾ, (ਉਸ ਦੇ ਮਨ ਵਿਚ) ਬੱਦਲ ਗੱਜਣ ਲੱਗ ਪੈਂਦਾ ਹੈ, ਪਰ ਉਹ ਬੱਦਲ ਸਾਵਣ ਮਹੀਨੇ ਦੀ ਉਡੀਕ ਨਹੀਂ ਕਰਦਾ (ਭਾਵ, ਹਰ ਵੇਲੇ ਗੱਜਦਾ ਹੈ) , ਉਸ ਦੇ ਅੰਦਰ ਬੱਦਲਾਂ ਤੋਂ ਬਿਨਾ ਹੀ ਮੀਂਹ ਪੈਣ ਲੱਗ ਜਾਂਦਾ ਹੈ (ਬੱਦਲ ਤਾਂ ਕਦੇ ਆਏ ਤੇ ਕਦੇ ਚਲੇ ਗਏ, ਉੱਥੇ ਹਰ ਵੇਲੇ ਹੀ ਨਾਮ ਦੀ ਵਰਖਾ ਹੁੰਦੀ ਹੈ) ੧।

ਨੋਟ: ਜਿਵੇਂ ਕਿਤੇ ਢੋਲ ਵੱਜਿਆਂ ਨਿੱਕੇ-ਮੋਟੇ ਹੋਰ ਖੜਾਕ ਸੁਣਾਈ ਨਹੀਂ ਦੇਂਦੇ, ਤਿਵੇਂ ਜਿਸ ਮਨੁੱਖ ਦੇ ਅੰਦਰ ਰਾਮ-ਨਾਮ ਦਾ ਢੋਲ ਵੱਜਦਾ ਹੈ ਨਾਮ ਦਾ ਪ੍ਰਭਾਵ ਪੈਂਦਾ ਹੈ, ਉੱਥੇ ਮਾਇਕ ਵਿਕਾਰਾਂ ਦਾ ਸ਼ੋਰ ਨਹੀਂ ਸੁਣੀਂਦਾ; ਉੱਥੇ ਹਰ ਵੇਲੇ ਨਾਮ ਦਾ ਬੱਦਲ ਗੱਜਦਾ ਹੈ, ਤੇ ਮਨ-ਮੋਰ ਪੈਲਾਂ ਪਾਉਂਦਾ ਹੈ; ਉਥੇ ਹਰ ਵੇਲੇ ਨਾਮ ਦੀ ਵਰਖਾ ਨਾਲ ਠੰਢ ਪਈ ਰਹਿੰਦੀ ਹੈ

ਸਤਿਗੁਰੂ ਦੀ ਸਿੱਖਿਆ ਲੈ ਕੇ ਮੇਰਾ ਮਨ ਇਸ ਤਰ੍ਹਾਂ ਪਤੀਜ ਗਿਆ ਹੈ (ਤੇ ਸੁਅੱਛ ਹੋ ਗਿਆ ਹੈ) ਜਿਵੇਂ ਪਾਰਸ ਨਾਲ ਛੋਹ ਕੇ (ਲੋਹਾ) ਸੋਨਾ ਬਣ ਜਾਂਦਾ ਹੈ, ਹੁਣ ਮੇਰੇ ਬਚਨਾਂ ਵਿਚ ਤੇ ਖ਼ਿਆਲਾਂ ਵਿਚ ਨਾਮ-ਰਤਨ ਹੀ ਪਰੋਤਾ ਗਿਆ ਹੈ, (ਪ੍ਰਭੂ ਨਾਲ ਹੁਣ) ਮੇਰਾ ਆਪਣਿਆਂ ਵਾਲਾ ਪਿਆਰ ਪੈ ਗਿਆ ਹੈ, (ਇਹ) ਭੁਲੇਖਾ ਰਹਿ ਹੀ ਨਹੀਂ ਗਿਆ (ਕਿ ਕਿਤੇ ਕੋਈ ਓਪਰਾ ਭੀ ਹੈ) ੨।

(ਜਿਵੇਂ ਸਮੁੰਦਰ ਦੇ) ਪਾਣੀ ਵਿਚ ਘੜੇ ਦਾ ਪਾਣੀ ਮਿਲ ਜਾਂਦਾ ਹੈ (ਤੇ ਆਪਣੀ ਵੱਖਰੀ ਹਸਤੀ ਮਿਟਾ ਲੈਂਦਾ ਹੈ) , ਮੈਨੂੰ ਭੀ ਹੁਣ ਹਰ ਥਾਂ ਰਾਮ ਹੀ ਰਾਮ ਦਿੱਸਦਾ ਹੈ (ਮੇਰੀ ਆਪਣੀ ਅਪਣੱਤ ਰਹੀ ਹੀ ਨਹੀਂ) ; ਆਪਣੇ ਸਤਿਗੁਰੂ ਨਾਲ ਮੇਰਾ ਮਨ ਇਕ-ਮਿਕ ਹੋ ਗਿਆ ਹੈ ਤੇ ਮੈਂ ਦਾਸ ਨਾਮੇ ਨੇ (ਜਗਤ ਦੇ) ਅਸਲੇ ਪਰਮਾਤਮਾ ਨਾਲ (ਪੱਕੀ) ਸਾਂਝ ਪਾ ਲਈ ਹੈ।੩।੩।

ਰਾਗੁ ਸੋਰਠਿ ਬਾਣੀ ਭਗਤ ਰਵਿਦਾਸ ਜੀ ਕੀ    ੴ ਸਤਿਗੁਰ ਪ੍ਰਸਾਦਿ ॥ ਜਬ ਹਮ ਹੋਤੇ ਤਬ ਤੂ ਨਾਹੀ ਅਬ ਤੂਹੀ ਮੈ ਨਾਹੀ ॥ ਅਨਲ ਅਗਮ ਜੈਸੇ ਲਹਰਿ ਮਇ ਓਦਧਿ ਜਲ ਕੇਵਲ ਜਲ ਮਾਂਹੀ ॥੧॥ ਮਾਧਵੇ ਕਿਆ ਕਹੀਐ ਭ੍ਰਮੁ ਐਸਾ ॥ ਜੈਸਾ ਮਾਨੀਐ ਹੋਇ ਨ ਤੈਸਾ ॥੧॥ ਰਹਾਉ ॥ ਨਰਪਤਿ ਏਕੁ ਸਿੰਘਾਸਨਿ ਸੋਇਆ ਸੁਪਨੇ ਭਇਆ ਭਿਖਾਰੀ ॥ ਅਛਤ ਰਾਜ ਬਿਛੁਰਤ ਦੁਖੁ ਪਾਇਆ ਸੋ ਗਤਿ ਭਈ ਹਮਾਰੀ ॥੨॥ ਰਾਜ ਭੁਇਅੰਗ ਪ੍ਰਸੰਗ ਜੈਸੇ ਹਹਿ ਅਬ ਕਛੁ ਮਰਮੁ ਜਨਾਇਆ ॥ ਅਨਿਕ ਕਟਕ ਜੈਸੇ ਭੂਲਿ ਪਰੇ ਅਬ ਕਹਤੇ ਕਹਨੁ ਨ ਆਇਆ ॥੩॥ ਸਰਬੇ ਏਕੁ ਅਨੇਕੈ ਸੁਆਮੀ ਸਭ ਘਟ ਭਗਵੈ ਸੋਈ ॥ ਕਹਿ ਰਵਿਦਾਸ ਹਾਥ ਪੈ ਨੇਰੈ ਸਹਜੇ ਹੋਇ ਸੁ ਹੋਈ ॥੪॥੧॥ {ਪੰਨਾ 657-658}

ਪਦਅਰਥ: ਜਬ = ਜਿਤਨਾ ਚਿਰ। ਹਮ = ਅਸੀ, ਹਉਮੈ, ਆਪਾ = ਭਾਵ। ਹੋਤੇ = ਹੁੰਦੇ ਹਾਂ। ਮੈ = ਮੇਰੀ ਅਪਣੱਤ, ਹਉਮੈ। ਅਨਲ = {Skt. अनिल} ਹਵਾ। ਅਨਲ ਅਗਮ = ਭਾਰੀ ਹਨੇਰੀ (ਦੇ ਕਾਰਨ) ਲਹਰਿ ਮਇ = ਲਹਰਿ ਮਯ, ਲਹਰਿ ਮੈ, {ਸੰ: ਮਯ = ਜਿਸ ਲਫ਼ਜ਼ ਦੇ ਅਖ਼ੀਰ ਵਿਚ ਲਫ਼ਜ਼ 'ਮਯ' ਵਰਤਿਆ ਜਾਏ, ਉਸ ਦੇ ਅਰਬ ਵਿਚ 'ਬਹੁਲਤਾ' ਦਾ ਖ਼ਿਆਲ ਵਧਾਇਆ ਜਾਂਦਾ ਹੈ, ਜਿਵੇਂ ਦਇਆ ਮਯ = ਦਇਆ ਨਾਲ ਭਰਪੂਰ} ਲਹਰਾਂ ਨਾਲ ਭਰਪੂਰ। ਓਦਧਿ = {Skt. ਉਦਧਿ, उदधि} ਸਮੁੰਦਰ।੧।

ਮਾਧਵੇ = ਹੇ ਮਾਧੋ! (ਨੋਟ: ਲਫ਼ਜ਼ 'ਮਾਧੋ' ਭਗਤ ਰਵਿਦਾਸ ਜੀ ਦਾ ਖ਼ਾਸ ਪਿਆਰਾ ਲਫ਼ਜ਼ ਹੈ, ਬਹੁਤੀ ਵਾਰੀ ਪਰਮਾਤਮਾ ਵਾਸਤੇ ਇਹੀ ਲਫ਼ਜ਼ ਵਰਤਦੇ ਹਨ, ਸੰਸਕ੍ਰਿਤ ਧਾਰਮਿਕ ਪੁਸਤਕਾਂ ਵਿਚ ਇਹ ਨਾਮ ਕ੍ਰਿਸ਼ਨ ਜੀ ਦਾ ਹੈ। ਜੇ ਰਵਿਦਾਸ ਜੀ ਸ੍ਰੀ ਰਾਮ ਚੰਦ ਜੀ ਦੇ ਉਪਾਸ਼ਕ ਹੁੰਦੇ, ਤਾਂ ਇਹ ਲਫ਼ਜ਼ ਉਹ ਨਾਹ ਵਰਤਦੇ) ਕਿਆ ਕਹੀਐ = ਕੀਹ ਆਖੀਏ? ਕਿਹਾ ਨਹੀਂ ਜਾ ਸਕਦਾ। ਭ੍ਰਮੁ = ਭੁਲੇਖਾ। ਮਾਨੀਐ = ਮੰਨਿਆ ਜਾ ਰਿਹਾ ਹੈ, ਖ਼ਿਆਲ ਬਣਾਇਆ ਹੋਇਆ ਹੈ।੧।ਰਹਾਉ।

ਨਰਪਿਤ = ਰਾਜਾ। ਸਿੰਘਾਸਨਿ = ਤਖ਼ਤ ਉੱਤੇ। ਭਿਖਾਰੀ = ਮੰਗਤਾ। ਅਛਤ = ਹੁੰਦਿਆਂ ਸੁੰਦਿਆਂ। ਗਤਿ = ਹਾਲਤ।੨।

ਰਾਜ = ਰੱਜੂ, ਰੱਸੀ। ਭੁਇਅੰਗ = ਸੱਪ। ਪ੍ਰਸੰਗ = ਵਾਰਤਾ, ਗੱਲ। ਮਰਮੁ = ਭੇਤ, ਰਾਜ਼। ਕਟਕ = ਕੜੇ। ਕਹਤੇ = ਆਖਦਿਆਂ।੩।

ਸਰਬੇ = ਸਾਰਿਆਂ ਵਿਚ। ਅਨੇਕੈ = ਅਨੇਕ = ਰੂਪ ਹੋ ਕੇ। ਭਗਵੈ = {ਨੋਟ: ਅੱਖਰ 'ਭ' ਦੇ ਨਾਲ ਦੋ ਲਗਾਂ ਹਨ (ੋ) ਤੇ (ੁ) ਅਸਲ ਲਫ਼ਜ਼ ਹੈ 'ਭੋਗਵੈ' ਪਰ ਇਥੇ ਪੜ੍ਹਨਾ ਹੈ 'ਭੁਗਵੈ'} ਭੋਗ ਰਿਹਾ ਹੈ, ਮੌਜੂਦ ਹੈ। ਪੈ = ਤੋਂ। ਸਹਜੇ = ਸੁਤੇ ਹੀ, ਉਸ ਦੀ ਰਜ਼ਾ ਵਿਚ।੪।

ਅਰਥ: (ਹੇ ਮਾਧੋ!) ਜਿਤਨਾ ਚਿਰ ਅਸਾਂ ਜੀਵਾਂ ਦੇ ਅੰਦਰ ਹਉਮੈ ਰਹਿੰਦੀ ਹੈ, ਉਤਨਾ ਚਿਰ ਤੂੰ (ਅਸਾਡੇ ਅੰਦਰ) ਪਰਗਟ ਨਹੀਂ ਹੁੰਦਾ, ਪਰ ਜਦੋਂ ਤੂੰ ਪ੍ਰਤੱਖ ਹੁੰਦਾ ਹੈਂ ਤਦੋਂ ਅਸਾਡੀ 'ਮੈਂ' ਦੂਰ ਹੋ ਜਾਂਦੀ ਹੈ; (ਇਸ 'ਮੈਂ' ਦੇ ਹਟਣ ਨਾਲ ਇਹ ਸਮਝ ਆ ਜਾਂਦੀ ਹੈ ਕਿ) ਜਿਵੇਂ ਬੜਾ ਤੂਫ਼ਾਨ ਆਇਆਂ ਸਮੁੰਦਰ ਲਹਿਰਾਂ ਨਾਲ ਨਕਾ-ਨਕ ਭਰ ਜਾਂਦਾ ਹੈ, ਪਰ ਅਸਲ ਵਿਚ ਉਹ (ਲਹਿਰਾਂ ਸਮੁੰਦਰ ਦੇ) ਪਾਣੀ ਵਿਚ ਪਾਣੀ ਹੀ ਹੈ (ਤਿਵੇਂ ਇਹ ਸਾਰੇ ਜੀਆ ਜੰਤ ਤੇਰਾ ਆਪਣਾ ਹੀ ਵਿਕਾਸ ਹੈ) ੧।

ਹੇ ਮਾਧੋ! ਅਸਾਂ ਜੀਵਾਂ ਨੂੰ ਕੁਝ ਅਜਿਹਾ ਭੁਲੇਖਾ ਪਿਆ ਹੋਇਆ ਹੈ ਕਿ ਇਹ ਬਿਆਨ ਨਹੀਂ ਕੀਤਾ ਜਾ ਸਕਦਾ। ਅਸੀ ਜੋ ਮੰਨੀ ਬੈਠੇ ਹਾਂ (ਕਿ ਜਗਤ ਤੇਰੇ ਨਾਲੋਂ ਕੋਈ ਵੱਖਰੀ ਹਸਤੀ ਹੈ) , ਉਹ ਠੀਕ ਨਹੀਂ ਹੈ।੧।ਰਹਾਉ।

(ਜਿਵੇਂ) ਕੋਈ ਰਾਜਾ ਆਪਣੇ ਤਖ਼ਤ ਉਤੇ ਸੌਂ ਜਾਏ, ਤੇ, ਸੁਫ਼ਨੇ ਵਿਚ ਮੰਗਤਾ ਬਣ ਜਾਏ, ਰਾਜ ਹੁੰਦਿਆਂ ਸੁੰਦਿਆਂ ਉਹ (ਸੁਪਨੇ ਵਿਚ ਰਾਜ ਤੋਂ) ਵਿਛੜ ਕੇ ਦੁੱਖੀ ਹੁੰਦਾ ਹੈ, ਤਿਵੇਂ ਹੀ (ਹੇ ਮਾਧੋ! ਤੈਥੋਂ ਵਿਛੁੜ ਕੇ) ਅਸਾਡਾ ਜੀਵਾਂ ਦਾ ਹਾਲ ਹੋ ਰਿਹਾ ਹੈ।੨।

ਜਿਵੇਂ ਰੱਸੀ ਤੇ ਸੱਪ ਦਾ ਦ੍ਰਿਸ਼ਟਾਂਤ ਹੈ, ਜਿਵੇਂ (ਸੋਨੇ ਤੋਂ ਬਣੇ ਹੋਏ) ਅਨੇਕਾਂ ਕੜੇ ਵੇਖ ਕੇ ਭੁਲੇਖਾ ਪੈ ਜਾਏ (ਕਿ ਸੋਨਾ ਹੀ ਕਈ ਕਿਸਮ ਦਾ ਹੁੰਦਾ ਹੈ, ਤਿਵੇਂ ਅਸਾਨੂੰ ਭੁਲੇਖਾ ਬਣਿਆ ਪਿਆ ਹੈ ਕਿ ਇਹ ਜਗਤ ਤੈਥੋਂ ਵੱਖਰਾ ਹੈ) , ਪਰ ਤੂੰ ਮੈਨੂੰ ਹੁਣ ਕੁਝ ਕੁਝ ਭੇਤ ਜਣਾ ਦਿੱਤਾ ਹੈ। ਹੁਣ ਉਹ ਪੁਰਾਣੀ ਵਿਤਕਰੇ ਵਾਲੀ ਗੱਲ ਮੈਥੋਂ ਆਖੀ ਨਹੀਂ ਜਾਂਦੀ (ਭਾਵ, ਹੁਣ ਮੈਂ ਇਹ ਨਹੀਂ ਆਖਦਾ ਕਿ ਜਗਤ ਤੈਥੋਂ ਵੱਖਰੀ ਹਸਤੀ ਹੈ) ੩।

(ਹੁਣ ਤਾਂ) ਰਵਿਦਾਸ ਆਖਦਾ ਹੈ ਕਿ ਉਹ ਪ੍ਰਭੂ-ਖਸਮ ਅਨੇਕਾਂ ਰੂਪ ਬਣਾ ਕੇ ਸਾਰਿਆਂ ਵਿਚ ਇੱਕ ਆਪ ਹੀ ਹੈ, ਸਭ ਘਟਾਂ ਵਿਚ ਆਪ ਹੀ ਬੈਠਾ ਜਗਤ ਦੇ ਰੰਗ ਮਾਣ ਰਿਹਾ ਹੈ। (ਦੂਰ ਨਹੀਂ) ਮੇਰੇ ਹੱਥ ਤੋਂ ਭੀ ਨੇੜੇ ਹੈ, ਜੋ ਕੁਝ (ਜਗਤ ਵਿਚ) ਵਰਤ ਰਿਹਾ ਹੈ, ਉਸੇ ਦੀ ਰਜ਼ਾ ਵਿਚ ਹੋ ਰਿਹਾ ਹੈ।੪।੧।

ਸ਼ਬਦ ਦਾ ਭਾਵ: ਪਰਮਾਤਮਾ ਸਰਬ-ਵਿਆਪਕ ਹੈ। ਪਰ ਜੀਵ ਆਪਣੀ 'ਹਉਂ' ਦੇ ਘੇਰੇ ਵਿਚ ਰਹਿ ਕੇ ਜਗਤ ਨੂੰ ਉਸ ਤੋਂ ਵੱਖਰੀ ਹਸਤੀ ਸਮਝਦਾ ਹੈ। ਜਿਤਨਾ ਚਿਰ 'ਹਉਂ' ਹੈ, ਉਤਨਾ ਚਿਰ ਵਿਤਕਰੇ ਹਨ।

TOP OF PAGE

Sri Guru Granth Darpan, by Professor Sahib Singh