ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 691

ਧਨਾਸਰੀ ਮਹਲਾ ੫ ਛੰਤ    ੴ ਸਤਿਗੁਰ ਪ੍ਰਸਾਦਿ ॥ ਸਤਿਗੁਰ ਦੀਨ ਦਇਆਲ ਜਿਸੁ ਸੰਗਿ ਹਰਿ ਗਾਵੀਐ ਜੀਉ ॥ ਅੰਮ੍ਰਿਤੁ ਹਰਿ ਕਾ ਨਾਮੁ ਸਾਧਸੰਗਿ ਰਾਵੀਐ ਜੀਉ ॥ ਭਜੁ ਸੰਗਿ ਸਾਧੂ ਇਕੁ ਅਰਾਧੂ ਜਨਮ ਮਰਨ ਦੁਖ ਨਾਸਏ ॥ ਧੁਰਿ ਕਰਮੁ ਲਿਖਿਆ ਸਾਚੁ ਸਿਖਿਆ ਕਟੀ ਜਮ ਕੀ ਫਾਸਏ ॥ ਭੈ ਭਰਮ ਨਾਠੇ ਛੁਟੀ ਗਾਠੇ ਜਮ ਪੰਥਿ ਮੂਲਿ ਨ ਆਵੀਐ ॥ ਬਿਨਵੰਤਿ ਨਾਨਕ ਧਾਰਿ ਕਿਰਪਾ ਸਦਾ ਹਰਿ ਗੁਣ ਗਾਵੀਐ ॥੧॥ {ਪੰਨਾ 691}

ਪਦਅਰਥ: ਦੀਨ ਦਇਆਲ = ਦੀਨਾਂ ਉੱਤੇ ਦਇਆ ਕਰਨ ਵਾਲਾ। ਜਿਸੁ ਸੰਗਿ = ਜਿਸ (ਗੁਰੂ) ਦੀ ਸੰਗਤਿ ਵਿਚ। ਗਾਵੀਐ = ਗਾਇਆ ਜਾ ਸਕਦਾ ਹੈ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਜਲ। ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ। ਰਾਵੀਐ = ਸਿਮਰਿਆ ਜਾ ਸਕਦਾ ਹੈ। ਭਜੁ = ਜਾਹ। ਅਰਾਧੂ = ਆਰਾਧ, ਸਿਮਰ। ਨਾਸਏ = ਨਾਸੈ, ਨਾਸ ਹੋ ਜਾਂਦਾ ਹੈ। ਧੁਰਿ = ਧੁਰ ਦਰਗਾਹ ਤੋਂ। ਕਰਮੁ = ਬਖ਼ਸ਼ਸ਼। ਸਾਚੁ = ਸਦਾ-ਥਿਰ ਹਰਿ = ਨਾਮ (ਦਾ ਸਿਮਰਨ) ਸਿਖਿਆ = ਸਿੱਖ ਲਿਆ, ਸਿੱਖਿਆ ਲੈ ਲਈ। ਫਾਸਏ = ਫਾਸ, ਫਾਹੀ। ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ} ਗਾਠੇ = ਗਾਠਿ, ਗੰਢ। ਪੰਥਿ = ਰਸਤੇ ਉਤੇ। ਮੂਲਿ = ਬਿਲਕੁਲ। ਬਿਨਵੰਤਿ = ਬੇਨਤੀ ਕਰਦਾ ਹੈ। ਧਾਰਿ = ਕਰ।੧।

ਅਰਥ: ਹੇ ਭਾਈ! ਉਹ ਗੁਰੂ ਦੀਨਾਂ ਉੱਤੇ ਦਇਆ ਕਰਨ ਵਾਲਾ ਹੈ ਜਿਸ ਦੀ ਸੰਗਤਿ ਵਿਚ (ਰਹਿ ਕੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਕੀਤੀ ਜਾ ਸਕਦੀ ਹੈ। ਗੁਰੂ ਦੀ ਸੰਗਤਿ ਵਿਚ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਸਿਮਰਿਆ ਜਾ ਸਕਦਾ ਹੈ। ਹੇ ਭਾਈ! ਗੁਰੂ ਦੀ ਸੰਗਤਿ ਵਿਚ ਜਾਹ, (ਉਥੇ) ਇਕ ਪ੍ਰਭੂ ਦਾ ਸਿਮਰਨ ਕਰ, (ਸਿਮਰਨ ਦੀ ਬਰਕਤਿ ਨਾਲ) ਜਨਮ ਮਰਨ ਦਾ ਦੁੱਖ ਦੂਰ ਹੋ ਜਾਂਦਾ ਹੈ। (ਜਿਸ ਮਨੁੱਖ ਦੇ ਮੱਥੇ ਉੱਤੇ) ਧੁਰ ਦਰਗਾਹ ਤੋਂ (ਸਿਮਰਨ ਕਰਨ ਵਾਸਤੇ) ਬਖ਼ਸ਼ਸ਼ (ਦਾ ਲੇਖ) ਲਿਖਿਆ ਹੁੰਦਾ ਹੈ, ਉਹੀ ਸਦਾ-ਥਿਰ ਹਰਿ-ਨਾਮ ਸਿਮਰਨ ਦੀ ਸਿੱਖਿਆ ਗ੍ਰਹਣ ਕਰਦਾ ਹੈ, ਉਸ ਦੀ ਆਤਮਕ ਮੌਤ ਦੀ ਫਾਹੀ ਕੱਟੀ ਜਾਂਦੀ ਹੈ। ਹੇ ਭਾਈ! ਸਿਮਰਨ ਦੀ ਬਰਕਤਿ ਨਾਲ ਸਾਰੇ ਡਰ ਸਾਰੇ ਭਰਮ ਨਾਸ ਹੋ ਜਾਂਦੇ ਹਨ, (ਮਨ ਵਿਚ ਬੱਝੀ ਹੋਈ) ਗੰਢ ਖੁਲ੍ਹ ਜਾਂਦੀ ਹੈ, ਆਤਮਕ ਮੌਤ ਸਹੇੜਨ ਵਾਲੇ ਰਸਤੇ ਉਤੇ ਬਿਲਕੁਲ ਨਹੀਂ ਤੁਰੀਦਾ। ਨਾਨਕ ਬੇਨਤੀ ਕਰਦਾ ਹੈ-ਹੇ ਪ੍ਰਭੂ! ਮੇਹਰ ਕਰ ਕਿ ਅਸੀ ਜੀਵ ਸਦਾ ਤੇਰੀ ਸਿਫ਼ਤਿ-ਸਾਲਾਹ ਕਰਦੇ ਰਹੀਏ।੧।

ਨਿਧਰਿਆ ਧਰ ਏਕੁ ਨਾਮੁ ਨਿਰੰਜਨੋ ਜੀਉ ॥ ਤੂ ਦਾਤਾ ਦਾਤਾਰੁ ਸਰਬ ਦੁਖ ਭੰਜਨੋ ਜੀਉ ॥ ਦੁਖ ਹਰਤ ਕਰਤਾ ਸੁਖਹ ਸੁਆਮੀ ਸਰਣਿ ਸਾਧੂ ਆਇਆ ॥ ਸੰਸਾਰੁ ਸਾਗਰੁ ਮਹਾ ਬਿਖੜਾ ਪਲ ਏਕ ਮਾਹਿ ਤਰਾਇਆ ॥ ਪੂਰਿ ਰਹਿਆ ਸਰਬ ਥਾਈ ਗੁਰ ਗਿਆਨੁ ਨੇਤ੍ਰੀ ਅੰਜਨੋ ॥ ਬਿਨਵੰਤਿ ਨਾਨਕ ਸਦਾ ਸਿਮਰੀ ਸਰਬ ਦੁਖ ਭੈ ਭੰਜਨੋ ॥੨॥ {ਪੰਨਾ 691}

ਪਦਅਰਥ: ਧਰ = ਆਸਰਾ। ਨਿਧਰਿਆ ਧਰ = ਨਿਆਸਰਿਆਂ ਦਾ ਆਸਰਾ। ਏਕੁ ਨਾਮੁ = ਸਿਰਫ਼ ਹਰਿ = ਨਾਮ ਹੀ। ਨਿਰੰਜਨੋ = ਨਿਰੰਜਨੁ, ਮਾਇਆ ਦੀ ਕਾਲਖ ਤੋਂ ਰਹਿਤ {ਅੰਜਨ = ਕਾਲਖ}ਭੰਜਨੋ = ਨਾਸ ਕਰਨ ਵਾਲਾ। ਹਰਤ = ਦੂਰ ਕਰਨ ਵਾਲਾ। ਕਰਤਾ = ਕਰਤਾਰ, ਪੈਦਾ ਕਰਨ ਵਾਲਾ। ਸੁਖਹ ਸੁਆਮੀ = ਹੇ ਸੁਖਾਂ ਦੇ ਮਾਲਕ! ਸਾਧੂ = ਗੁਰੂ। ਸਾਗਰੁ = ਸਮੁੰਦਰ। ਬਿਖੜਾ = ਔਖਿਆਈਆਂ ਨਾਲ ਭਰਿਆ ਹੋਇਆ। ਗਿਆਨੁ = ਆਤਮਕ ਜੀਵਨ ਦੀ ਸੂਝ। ਨੇਤ੍ਰੀ = ਅੱਖਾਂ ਵਿਚ। ਅੰਜਨੋ = ਸੁਰਮਾ। ਸਿਮਰੀ = ਸਿਮਰੀਂ, ਮੈਂ ਸਿਮਰਾਂ।੨।

ਅਰਥ: ਹੇ ਪ੍ਰਭੂ! ਤੂੰ ਮਾਇਆ ਦੀ ਕਾਲਖ ਤੋਂ ਰਹਿਤ ਹੈਂ, ਤੇਰਾ ਨਾਮ ਹੀ ਨਿਆਸਰਿਆਂ ਦਾ ਆਸਰਾ ਹੈ। ਤੂੰ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈਂ, ਤੂੰ ਸਭਨਾਂ ਦੇ ਦੁੱਖ ਨਾਸ ਕਰਨ ਵਾਲਾ ਹੈਂ। ਹੇ (ਸਭ ਜੀਵਾਂ ਦੇ) ਦੁੱਖ ਨਾਸ ਕਰਨ ਵਾਲੇ, ਸਭ ਦੇ ਪੈਦਾ ਕਰਨ ਵਾਲੇ, ਸਾਰੇ ਸੁਖਾਂ ਦੇ ਮਾਲਕ-ਪ੍ਰਭੂ! ਜੇਹੜਾ ਮਨੁੱਖ ਗੁਰੂ ਦੀ ਸਰਨ ਆਉਂਦਾ ਹੈ, ਉਸ ਨੂੰ ਤੂੰ ਇਸ ਬੜੇ ਔਖੇ ਸੰਸਾਰ-ਸਮੁੰਦਰ ਤੋਂ ਇਕ ਛਿਨ ਵਿਚ ਪਾਰ ਲੰਘਾ ਦੇਂਦਾ ਹੈਂ। ਹੇ ਪ੍ਰਭੂ! ਗੁਰੂ ਦਾ ਦਿੱਤਾ ਗਿਆਨ-ਸੁਰਮਾ ਜਿਸ ਮਨੁੱਖ ਦੀਆਂ ਅੱਖਾਂ ਵਿਚ ਪੈਂਦਾ ਹੈ, ਉਸ ਨੂੰ ਤੂੰ ਸਭ ਥਾਵਾਂ ਵਿਚ ਵਿਆਪਕ ਦਿੱਸਦਾ ਹੈਂ। ਨਾਨਕ ਬੇਨਤੀ ਕਰਦਾ ਹੈ-ਹੇ ਸਾਰੇ ਦੁੱਖਾਂ ਦੇ ਨਾਸ ਕਰਨ ਵਾਲੇ! ਮੇਹਰ ਕਰ) ਮੈਂ ਸਦਾ ਤੇਰਾ ਨਾਮ ਸਿਮਰਦਾ ਰਹਾਂ।੨।

ਆਪਿ ਲੀਏ ਲੜਿ ਲਾਇ ਕਿਰਪਾ ਧਾਰੀਆ ਜੀਉ ॥ ਮੋਹਿ ਨਿਰਗੁਣੁ ਨੀਚੁ ਅਨਾਥੁ ਪ੍ਰਭ ਅਗਮ ਅਪਾਰੀਆ ਜੀਉ ॥ ਦਇਆਲ ਸਦਾ ਕ੍ਰਿਪਾਲ ਸੁਆਮੀ ਨੀਚ ਥਾਪਣਹਾਰਿਆ ॥ ਜੀਅ ਜੰਤ ਸਭਿ ਵਸਿ ਤੇਰੈ ਸਗਲ ਤੇਰੀ ਸਾਰਿਆ ॥ ਆਪਿ ਕਰਤਾ ਆਪਿ ਭੁਗਤਾ ਆਪਿ ਸਗਲ ਬੀਚਾਰੀਆ ॥ ਬਿਨਵੰਤ ਨਾਨਕ ਗੁਣ ਗਾਇ ਜੀਵਾ ਹਰਿ ਜਪੁ ਜਪਉ ਬਨਵਾਰੀਆ ॥੩॥ {ਪੰਨਾ 691}

ਪਦਅਰਥ: ਲੜਿ = ਲੜ ਨਾਲ, ਪੱਲੇ ਨਾਲ। ਮੋਹਿ = ਮੈਂ। ਨੀਚੁ = ਨੀਵੇਂ ਜੀਵਨ ਵਾਲਾ। ਅਨਾਥੁ = ਨਿਆਸਰਾ। ਪ੍ਰਭ = ਹੇ ਪ੍ਰਭੂ! ਅਗਮ = ਹੇ ਅਪਹੁੰਚ! ਅਪਾਰੀਆ = ਹੇ ਬੇਅੰਤ! ਸੁਆਮੀ = ਹੇ ਸੁਆਮੀ! ਥਾਪਣਹਾਰਿਆ = ਹੇ (ਉੱਚੇ ਥਾਂ) ਟਿਕਾਣ ਵਾਲਿਆ! ਜੀਅ = {ਲਫ਼ਜ਼ 'ਜੀਵ' ਤੋਂ ਬਹੁ-ਵਚਨ}ਸਭਿ = ਸਾਰੇ। ਵਸਿ = ਵੱਸ ਵਿਚ। ਸਾਰਿਆ = ਸੰਭਾਲ ਵਿਚ। ਭੁਗਤਾ = (ਪਦਾਰਥਾਂ ਨੂੰ) ਭੋਗਣ ਵਾਲਾ। ਬੀਚਾਰੀਆ = ਵੀਚਾਰੀ, ਵਿਚਾਰ ਕਰਨ ਵਾਲਾ। ਜੀਵਾ = ਜੀਵਾਂ, ਆਤਮਕ ਜੀਵਨ ਹਾਸਲ ਕਰਾਂ। ਜਪਉ = ਜਪਉਂ, ਮੈਂ ਜਪਾਂ। ਬਨਵਾਰੀਆ = ਹੇ ਪ੍ਰਭੂ!੩।

ਅਰਥ: ਹੇ ਅਪਹੁੰਚ ਤੇ ਬੇਅੰਤ ਪ੍ਰਭੂ! ਜਿਨ੍ਹਾਂ ਉੱਤੇ ਤੂੰ ਮੇਹਰ (ਦੀ ਨਿਗਾਹ) ਕਰਦਾ ਹੈਂ, ਉਹਨਾਂ ਨੂੰ ਆਪਣੇ ਲੜ ਲਾ ਲੈਂਦਾ ਹੈਂ। ਮੈਂ ਗੁਣ-ਹੀਨ ਨੀਚ ਅਤੇ ਅਨਾਥ (ਭੀ ਤੇਰੀ ਸਰਨ ਆਇਆ ਹਾਂ, ਮੇਰੇ ਉਤੇ ਭੀ ਮੇਹਰ ਕਰ) ਹੇ ਦਇਆ ਦੇ ਘਰ! ਹੇ ਕਿਰਪਾ ਦੇ ਘਰ ਮਾਲਕ! ਹੇ ਨੀਵਿਆਂ ਨੂੰ ਉੱਚੇ ਬਣਾਣ ਵਾਲੇ ਪ੍ਰਭੂ! ਸਾਰੇ ਜੀਵ ਤੇਰੇ ਵੱਸ ਵਿਚ ਹਨ, ਸਾਰੇ ਤੇਰੀ ਸੰਭਾਲ ਵਿਚ ਹਨ। ਤੂੰ ਆਪ (ਸਭ ਜੀਵਾਂ ਨੂੰ) ਪੈਦਾ ਕਰਨ ਵਾਲਾ ਹੈਂ, (ਸਭ ਵਿਚ ਵਿਆਪਕ ਹੋ ਕੇ) ਤੂੰ ਆਪ (ਸਾਰੇ ਪਦਾਰਥ) ਭੋਗਣ ਵਾਲਾ ਹੈਂ, ਤੂੰ ਆਪ ਸਾਰੇ ਜੀਵਾਂ ਵਾਸਤੇ ਵਿਚਾਰਾਂ ਕਰਨ ਵਾਲਾ ਹੈਂ। ਨਾਨਕ (ਤੇਰੇ ਦਰ ਤੇ) ਬੇਨਤੀ ਕਰਦਾ ਹੈ-ਹੇ ਪ੍ਰਭੂ! ਮੇਹਰ ਕਰ) ਮੈਂ ਤੇਰੇ ਗੁਣ ਗਾ ਕੇ ਆਤਮਕ ਜੀਵਨ ਪ੍ਰਾਪਤ ਕਰਦਾ ਰਹਾਂ, ਮੈਂ ਸਦਾ ਤੇਰੇ ਨਾਮ ਦਾ ਜਾਪ ਜਪਦਾ ਰਹਾਂ।੩।

ਤੇਰਾ ਦਰਸੁ ਅਪਾਰੁ ਨਾਮੁ ਅਮੋਲਈ ਜੀਉ ॥ ਨਿਤਿ ਜਪਹਿ ਤੇਰੇ ਦਾਸ ਪੁਰਖ ਅਤੋਲਈ ਜੀਉ ॥ ਸੰਤ ਰਸਨ ਵੂਠਾ ਆਪਿ ਤੂਠਾ ਹਰਿ ਰਸਹਿ ਸੇਈ ਮਾਤਿਆ ॥ ਗੁਰ ਚਰਨ ਲਾਗੇ ਮਹਾ ਭਾਗੇ ਸਦਾ ਅਨਦਿਨੁ ਜਾਗਿਆ ॥ ਸਦ ਸਦਾ ਸਿੰਮ੍ਰਤਬ੍ਯ੍ਯ ਸੁਆਮੀ ਸਾਸਿ ਸਾਸਿ ਗੁਣ ਬੋਲਈ ॥ ਬਿਨਵੰਤਿ ਨਾਨਕ ਧੂਰਿ ਸਾਧੂ ਨਾਮੁ ਪ੍ਰਭੂ ਅਮੋਲਈ ॥੪॥੧॥ {ਪੰਨਾ 691}

ਪਦਅਰਥ: ਅਪਾਰੁ = ਬੇਅੰਤ। ਅਮੋਲਈ = ਅਮੋਲਕ, ਜੇਹੜਾ ਕਿਸੇ (ਦੁਨੀਆਵੀ) ਮੁੱਲ ਤੋਂ ਨਾਹ ਮਿਲ ਸਕੇ। ਨਿਤਿ = ਸਦਾ। ਜਪਹਿ = ਜਪਦੇ ਹਨ। ਪੁਰਖ = ਹੇ ਸਰਬ = ਵਿਆਪਕ! ਅਤੋਲਈ = ਜੋ ਤੋਲਿਆ ਨਾਹ ਜਾ ਸਕੇ। ਰਸਨ = ਜੀਭ। ਵੂਠਾ = ਆ ਵੱਸਿਆ। ਤੂਠਾ = ਤ੍ਰੁੱਠਾ। ਰਸਹਿ = ਰਸ ਵਿਚ। ਸੇਈ = ਉਹੀ ਸੰਤ ਜਨ। ਮਾਤਿਆ = ਮਸਤ। ਮਹਾ ਭਾਗੇ = ਵੱਡੇ ਭਾਗਾਂ ਵਾਲੇ। ਅਨਦਿਨੁ = {अनुदिनां} ਹਰ ਰੋਜ਼, ਹਰ ਵੇਲੇ। ਜਾਗਿਆ = ਸੁਚੇਤ ਰਹਿੰਦੇ ਹਨ। ਸਿੰਮ੍ਰਤਬ੍ਯ੍ਯ = ਜਿਸ ਦਾ ਸਿਮਰਨ ਕਰਨਾ ਚਾਹੀਦਾ ਹੈ। ਸਿੰਮ੍ਰਤਬ੍ਯ੍ਯ ਸੁਆਮੀ = ਹੇ ਸਿਮਰਨ = ਜੋਗ ਮਾਲਕ! ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਬੋਲਈ = ਬੋਲਏ, ਬੋਲੈ, ਬੋਲਦਾ ਹੈ। ਸਾਧੂ = ਗੁਰੂ। ਪ੍ਰਭੂ = ਹੇ ਪ੍ਰਭੂ!੪।

ਅਰਥ: ਹੇ ਪ੍ਰਭੂ! ਤੂੰ ਬੇਅੰਤ ਹੈਂ। ਤੇਰਾ ਨਾਮ ਕਿਸੇ (ਦੁਨੀਆਵੀ) ਕੀਮਤ ਤੋਂ ਨਹੀਂ ਮਿਲ ਸਕਦਾ। ਹੇ ਨਾਹ ਤੋਲੇ ਜਾ ਸਕਣ ਵਾਲੇ ਸਰਬ-ਵਿਆਪਕ ਪ੍ਰਭੂ! ਤੇਰੇ ਦਾਸ ਸਦਾ ਤੇਰਾ ਨਾਮ ਜਪਦੇ ਰਹਿੰਦੇ ਹਨ। ਹੇ ਪ੍ਰਭੂ! ਸੰਤਾਂ ਉੱਤੇ ਤੂੰ ਆਪ ਪ੍ਰਸੰਨ ਹੁੰਦਾ ਹੈਂ, ਤੇ ਉਹਨਾਂ ਦੀ ਜੀਭ ਉਤੇ ਆ ਵੱਸਦਾ ਹੈਂ, ਉਹ ਤੇਰੇ ਨਾਮ ਦੇ ਰਸ ਵਿਚ ਮਸਤ ਰਹਿੰਦੇ ਹਨ। ਜੇਹੜੇ ਮਨੁੱਖ ਗੁਰੂ ਦੀ ਚਰਨੀਂ ਆ ਲੱਗਦੇ ਹਨ, ਉਹ ਵੱਡੇ ਭਾਗਾਂ ਵਾਲੇ ਹੋ ਜਾਂਦੇ ਹਨ, ਉਹ ਸਦਾ ਹਰ ਵੇਲੇ (ਸਿਮਰਨ ਦੀ ਬਰਕਤਿ ਨਾਲ ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦੇ ਹਨ।

ਨਾਨਕ ਬੇਨਤੀ ਕਰਦਾ ਹੈ-ਹੇ ਸਿਮਰਨ-ਜੋਗ ਮਾਲਕ! ਹੇ ਪ੍ਰਭੂ! ਮੈਨੂੰ ਉਸ ਗੁਰੂ ਦੀ ਚਰਨ-ਧੂੜ ਦੇਹ, ਜੇਹੜਾ ਤੇਰਾ ਅਮੋਲਕ ਨਾਮ (ਸਦਾ ਜਪਦਾ ਹੈ) , ਜੇਹੜਾ ਸਦਾ ਹੀ ਹਰੇਕ ਸਾਹ ਦੇ ਨਾਲ ਤੇਰੇ ਗੁਣ ਉਚਾਰਦਾ ਰਹਿੰਦਾ ਹੈ।੪।੧।

ਰਾਗੁ ਧਨਾਸਰੀ ਬਾਣੀ ਭਗਤ ਕਬੀਰ ਜੀ ਕੀ    ੴ ਸਤਿਗੁਰ ਪ੍ਰਸਾਦਿ ॥ ਸਨਕ ਸਨੰਦ ਮਹੇਸ ਸਮਾਨਾਂ ॥ ਸੇਖਨਾਗਿ ਤੇਰੋ ਮਰਮੁ ਨ ਜਾਨਾਂ ॥੧॥ ਸੰਤਸੰਗਤਿ ਰਾਮੁ ਰਿਦੈ ਬਸਾਈ ॥੧॥ ਰਹਾਉ ॥ ਹਨੂਮਾਨ ਸਰਿ ਗਰੁੜ ਸਮਾਨਾਂ ॥ ਸੁਰਪਤਿ ਨਰਪਤਿ ਨਹੀ ਗੁਨ ਜਾਨਾਂ ॥੨॥ ਚਾਰਿ ਬੇਦ ਅਰੁ ਸਿੰਮ੍ਰਿਤਿ ਪੁਰਾਨਾਂ ॥ ਕਮਲਾਪਤਿ ਕਵਲਾ ਨਹੀ ਜਾਨਾਂ ॥੩॥ ਕਹਿ ਕਬੀਰ ਸੋ ਭਰਮੈ ਨਾਹੀ ॥ ਪਗ ਲਗਿ ਰਾਮ ਰਹੈ ਸਰਨਾਂਹੀ ॥੪॥੧॥ {ਪੰਨਾ 691}

ਪਦਅਰਥ: ਸਨਕ ਸਨੰਦ = ਬ੍ਰਹਮਾ ਦੇ ਪੁੱਤਰ (ਸਨਕ, ਸਨੰਦ, ਸਨਾਤਨ, ਸਨਤ ਕੁਮਾਰ) ਮਹੇਸ = ਸ਼ਿਵ। ਸਮਾਨਾਂ = ਵਰਗਿਆਂ ਨੇ। ਸੇਖ ਨਾਗਿ = ਸ਼ੇਸ਼ ਨਾਗ ਨੇ (ਸ਼ੇਸ਼ ਨਾਗ = ਸੱਪਾਂ ਦਾ ਰਾਜਾ, ਇਸ ਦੇ ਇੱਕ ਹਜ਼ਾਰ ਫਣ ਮਿੱਥੇ ਗਏ ਹਨ; ਇਹਨਾਂ ਨਾਲ ਇਹ ਆਪਣੇ ਇਸ਼ਟ ਵਿਸ਼ਨੂ ਭਗਵਾਨ ਉੱਤੇ ਛਾਂ ਕਰਦਾ ਹੈ, ਹਰੇਕ ਜੀਭ ਨਾਲ ਨਿੱਤ ਨਵਾਂ ਨਾਮ ਭਗਵਾਨ ਦਾ ਉਚਾਰਦਾ ਹੈ) ਮਰਮੁ = ਭੇਤ।੧।

ਰਿਦੈ = ਹਿਰਦੇ ਵਿਚ। ਬਸਾਈ = ਬਸਾਈਂ, ਮੈਂ ਵਸਾਉਂਦਾ ਹਾਂ।੧।ਰਹਾਉ।

ਸਰਿ = ਵਰਗੇ ਨੇ। ਗਰੁੜ = ਵਿਸ਼ਨੂ ਭਗਵਾਨ ਦੀ ਸਵਾਰੀ, ਸਾਰੇ ਪੰਛੀਆਂ ਦਾ ਰਾਜਾ। ਸੁਰ ਪਤਿ = ਦੇਵਤਿਆਂ ਦਾ ਰਾਜਾ, ਇੰਦਰ। ਨਰਪਤਿ = ਮਨੁੱਖਾਂ ਦਾ ਰਾਜਾ।੨।

ਕਮਲਾਪਤਿ = ਲੱਛਮੀ ਦਾ ਪਤੀ, ਵਿਸ਼ਨੂ। ਕਵਲਾ = ਲੱਛਮੀ।੩।

ਕਹਿ = ਕਹੇ, ਆਖਦਾ ਹੈ। ਭਰਮੈ ਨਾਹੀ = ਭਟਕਦਾ ਨਹੀਂ। ਪਗ ਲਗਿ = ਚਰਨੀਂ ਲੱਗ ਕੇ। ਸਰਨਾਂਹੀ = ਸ਼ਰਨ ਵਿਚ।੪।

ਅਰਥ: ਮੈਂ ਸੰਤਾਂ ਦੀ ਸੰਗਤਿ ਵਿਚ ਰਹਿ ਕੇ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਉਂਦਾ ਹਾਂ।੧।ਰਹਾਉ।

ਹੇ ਪ੍ਰਭੂ! ਬ੍ਰਹਮਾ ਦੇ ਪੁੱਤਰਾਂ) ਸਨਕ, ਸਨੰਦ ਅਤੇ ਸ਼ਿਵ ਜੀ ਵਰਗਿਆਂ ਨੇ ਤੇਰਾ ਭੇਦ ਨਹੀਂ ਪਾਇਆ; (ਵਿਸ਼ਨੂ ਦੇ ਭਗਤ) ਸ਼ੇਸ਼ਨਾਗ ਨੇ ਤੇਰੇ (ਦਿਲ ਦਾ) ਰਾਜ਼ ਨਹੀਂ ਸਮਝਿਆ।੧।

(ਸ੍ਰੀ ਰਾਮ ਚੰਦਰ ਜੀ ਦੇ ਸੇਵਕ) ਹਨੂਮਾਨ ਵਰਗੇ ਨੇ, (ਵਿਸ਼ਨੂ ਦੇ ਸੇਵਕ ਤੇ ਪੰਛੀਆਂ ਦੇ ਰਾਜੇ) ਗਰੁੜ ਵਰਗਿਆਂ ਨੇ, ਦੇਵਤਿਆਂ ਦੇ ਰਾਜੇ ਇੰਦਰ ਨੇ, ਵੱਡੇ ਵੱਡੇ ਰਾਜਿਆਂ ਨੇ ਭੀ ਤੇਰੇ ਗੁਣਾਂ ਦਾ ਅੰਤ ਨਹੀਂ ਪਾਇਆ।੨।

ਚਾਰ ਵੇਦ, (ਅਠਾਰਾਂ) ਸਿਮ੍ਰਿਤੀਆਂ, (ਅਠਾਰਾਂ) ਪੁਰਾਣ-(ਇਹਨਾਂ ਦੇ ਕਰਤਾ ਬ੍ਰਹਮਾ, ਮਨੂ ਤੇ ਹੋਰ ਰਿਸ਼ੀਆਂ) ਨੇ ਤੈਨੂੰ ਨਹੀਂ ਸਮਝਿਆ; ਵਿਸ਼ਨੂ ਤੇ ਲੱਛਮੀ ਨੇ ਭੀ ਤੇਰਾ ਅੰਤ ਨਹੀਂ ਪਾਇਆ।੩।

ਕਬੀਰ ਆਖਦਾ ਹੈ-(ਬਾਕੀ ਸਾਰੀ ਸ੍ਰਿਸ਼ਟੀ ਦੇ ਲੋਕ ਪ੍ਰਭੂ ਨੂੰ ਛੱਡ ਕੇ ਹੋਰ ਹੋਰ ਪਾਸੇ ਭਟਕਦੇ ਰਹੇ) ਇੱਕ ਉਹ ਮਨੁੱਖ ਭਟਕਦਾ ਨਹੀਂ, ਜੋ (ਸੰਤਾਂ ਦੀ) ਚਰਨੀਂ ਲੱਗ ਕੇ ਪਰਮਾਤਮਾ ਦੀ ਸ਼ਰਨ ਵਿਚ ਟਿਕਿਆ ਰਹਿੰਦਾ ਹੈ।੪।੧।

ਸ਼ਬਦ ਦਾ ਭਾਵ: ਅੱਨ ਪੂਜਾ ਛੱਡ ਕੇ ਇਕ ਪਰਮਾਤਮਾ ਦਾ ਹੀ ਭਜਨ ਕਰੋ। ਬ੍ਰਹਮਾ, ਸ਼ਿਵ, ਵਿਸ਼ਨੂ, ਇੰਦਰ ਆਦਿਕ ਅਤੇ ਉਹਨਾਂ ਦੇ ਸੇਵਕ ਪਰਮਾਤਮਾ ਦਾ ਅੰਤ ਨਾਹ ਪਾ ਸਕੇ।੧।

TOP OF PAGE

Sri Guru Granth Darpan, by Professor Sahib Singh