ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 692

ਦਿਨ ਤੇ ਪਹਰ ਪਹਰ ਤੇ ਘਰੀਆਂ ਆਵ ਘਟੈ ਤਨੁ ਛੀਜੈ ॥ ਕਾਲੁ ਅਹੇਰੀ ਫਿਰੈ ਬਧਿਕ ਜਿਉ ਕਹਹੁ ਕਵਨ ਬਿਧਿ ਕੀਜੈ ॥੧॥ ਸੋ ਦਿਨੁ ਆਵਨ ਲਾਗਾ ॥ ਮਾਤ ਪਿਤਾ ਭਾਈ ਸੁਤ ਬਨਿਤਾ ਕਹਹੁ ਕੋਊ ਹੈ ਕਾ ਕਾ ॥੧॥ ਰਹਾਉ ॥ ਜਬ ਲਗੁ ਜੋਤਿ ਕਾਇਆ ਮਹਿ ਬਰਤੈ ਆਪਾ ਪਸੂ ਨ ਬੂਝੈ ॥ ਲਾਲਚ ਕਰੈ ਜੀਵਨ ਪਦ ਕਾਰਨ ਲੋਚਨ ਕਛੂ ਨ ਸੂਝੈ ॥੨॥ ਕਹਤ ਕਬੀਰ ਸੁਨਹੁ ਰੇ ਪ੍ਰਾਨੀ ਛੋਡਹੁ ਮਨ ਕੇ ਭਰਮਾ ॥ ਕੇਵਲ ਨਾਮੁ ਜਪਹੁ ਰੇ ਪ੍ਰਾਨੀ ਪਰਹੁ ਏਕ ਕੀ ਸਰਨਾਂ ॥੩॥੨॥ {ਪੰਨਾ 692}

ਪਦਅਰਥ: ਦਿਨ ਤੇ = ਦਿਨਾਂ ਤੋਂ। ਆਵ = ਆਯੂ, ਉਮਰ। ਛੀਜੈ = ਕਮਜ਼ੋਰ ਹੁੰਦਾ ਜਾ ਰਿਹਾ ਹੈ। ਅਹੇਰੀ = ਸ਼ਿਕਾਰੀ। ਬਧਿਕ = ਸ਼ਿਕਾਰੀ। ਕਹਹੁ = ਦੱਸੋ। ਕਵਨ ਬਿਧਿ ਕੀਜੈ = ਕਿਹੜੀ ਵਿਧੀ ਵਰਤੀ ਜਾਏ? ਕਿਹੜਾ ਢੰਗ ਕੀਤਾ ਜਾਏ? ਕੋਈ ਢੰਗ ਕਾਮਯਾਬ ਨਹੀਂ ਹੋ ਸਕਦਾ।੧।

ਸੋ ਦਿਨੁ = ਉਹ ਦਿਨ (ਜਦੋਂ ਕਾਲ ਅਹੇਰੀ ਨੇ ਸਾਨੂੰ ਭੀ ਆ ਫੜਨਾ ਹੈ) ਸੁਤ = ਪੁੱਤਰ। ਬਨਿਤਾ = ਵਹੁਟੀ। ਕਾ ਕਾ = ਕਿਸ ਦਾ? ਕੋਊ ਹੈ ਕਾ ਕਾ = ਕੋਈ ਕਿਸ ਦਾ ਹੈ? ਕੋਈ ਕਿਸੇ ਦਾ ਨਹੀਂ ਬਣ ਸਕਦਾ।੧।ਰਹਾਉ।

ਜੋਤਿ = ਆਤਮਾ, ਜਿੰਦ। ਬਰਤੈ = ਮੌਜੂਦ ਹੈ। ਆਪਾ = ਆਪਣਾ ਅਸਲਾ। ਜੀਵਨ ਪਦ ਕਾਰਨ = ਹੋਰ ਹੋਰ ਜੀਊਣ ਵਾਸਤੇ, ਲੰਮੀ ਉਮਰ ਵਾਸਤੇ। ਲੋਚਨ = ਅੱਖਾਂ।੨।

ਅਰਥ: ਦਿਨਾਂ ਤੋਂ ਪਹਿਰ ਤੇ ਪਹਿਰਾਂ ਤੋਂ ਘੜੀਆਂ (ਗਿਣ ਲਉ, ਇਸੇ ਤਰ੍ਹਾਂ ਥੋੜਾ ਥੋੜਾ ਸਮਾ ਕਰ ਕੇ) ਉਮਰ ਘਟਦੀ ਜਾਂਦੀ ਹੈ, ਤੇ ਸਰੀਰ ਕਮਜ਼ੋਰ ਹੁੰਦਾ ਜਾਂਦਾ ਹੈ, (ਸਭ ਜੀਵਾਂ ਦੇ ਸਿਰ ਉੱਤੇ) ਕਾਲ-ਰੂਪ ਸ਼ਿਕਾਰੀ ਇਉਂ ਫਿਰਦਾ ਹੈ ਜਿਵੇਂ (ਹਿਰਨ ਆਦਿਕਾਂ ਦਾ ਸ਼ਿਕਾਰ ਕਰਨ ਵਾਲੇ) ਸ਼ਿਕਾਰੀ। ਦੱਸੋ, (ਇਸ ਸ਼ਿਕਾਰੀ ਤੋਂ ਬਚਣ ਲਈ ਕਿਹੜਾ ਜਤਨ ਕੀਤਾ ਜਾ ਸਕਦਾ ਹੈ?੧।

(ਹਰ ਇਕ ਜੀਵ ਦੇ ਸਿਰ ਉੱਤੇ) ਉਹ ਦਿਨ ਆਉਂਦਾ ਜਾਂਦਾ ਹੈ (ਜਦੋਂ ਕਾਲ-ਸ਼ਿਕਾਰੀ ਆ ਪਕੜਦਾ ਹੈ) ; ਮਾਂ, ਪਿਉ, ਭਰਾ, ਪੁੱਤਰ, ਵਹੁਟੀ-ਇਹਨਾਂ ਵਿਚੋਂ ਕੋਈ (ਉਸ ਕਾਲ ਦੇ ਅੱਗੇ) ਕਿਸੇ ਦੀ ਸਹਾਇਤਾ ਨਹੀਂ ਕਰ ਸਕਦਾ।੧।ਰਹਾਉ।

ਜਦ ਤਕ ਸਰੀਰ ਵਿਚ ਆਤਮਾ ਮੌਜੂਦ ਰਹਿੰਦਾ ਹੈ, ਪਸ਼ੂ-(ਮਨੁੱਖ) ਆਪਣੇ ਅਸਲੇ ਨੂੰ ਸਮਝਦਾ ਨਹੀਂ, ਹੋਰ ਹੋਰ ਜੀਊਣ ਲਈ ਲਾਲਚ ਕਰਦਾ ਹੈ, ਇਸ ਨੂੰ ਅੱਖੀਂ (ਇਹ) ਨਹੀਂ ਦਿੱਸਦਾ (ਕਿ ਕਾਲ-ਅਹੇਰੀ ਤੋਂ ਛੁਟਕਾਰਾ ਨਹੀਂ ਹੋ ਸਕੇਗਾ) ੨।

ਕਬੀਰ ਆਖਦਾ ਹੈ-ਹੇ ਭਾਈ! ਸੁਣੋ, ਮਨ ਦੇ (ਇਹ) ਭੁਲੇਖੇ ਦੂਰ ਕਰ ਦਿਉ (ਕਿ ਸਦਾ ਇੱਥੇ ਬਹਿ ਰਹਿਣਾ ਹੈ) ਹੇ ਜੀਵ? (ਹੋਰ ਲਾਲਸਾ ਛੱਡ ਕੇ) ਸਿਰਫ਼ ਪ੍ਰਭੂ ਨਾਮ ਸਿਮਰੋ, ਤੇ ਉਸ ਇੱਕ ਦੀ ਸ਼ਰਨ ਆਓ।੩।੨।

ਸ਼ਬਦ ਦਾ ਭਾਵ: ਮੌਤ ਨੇੜੇ ਆ ਰਹੀ ਹੈ, ਉਮਰ ਸਹਿਜੇ ਸਹਿਜੇ ਘਟਦੀ ਜਾ ਰਹੀ ਹੈ। ਭਜਨ ਕਰੋ।

ਜੋ ਜਨੁ ਭਾਉ ਭਗਤਿ ਕਛੁ ਜਾਨੈ ਤਾ ਕਉ ਅਚਰਜੁ ਕਾਹੋ ॥ ਜਿਉ ਜਲੁ ਜਲ ਮਹਿ ਪੈਸਿ ਨ ਨਿਕਸੈ ਤਿਉ ਢੁਰਿ ਮਿਲਿਓ ਜੁਲਾਹੋ ॥੧॥ ਹਰਿ ਕੇ ਲੋਗਾ ਮੈ ਤਉ ਮਤਿ ਕਾ ਭੋਰਾ ॥ ਜਉ ਤਨੁ ਕਾਸੀ ਤਜਹਿ ਕਬੀਰਾ ਰਮਈਐ ਕਹਾ ਨਿਹੋਰਾ ॥੧॥ ਰਹਾਉ ॥ ਕਹਤੁ ਕਬੀਰੁ ਸੁਨਹੁ ਰੇ ਲੋਈ ਭਰਮਿ ਨ ਭੂਲਹੁ ਕੋਈ ॥ ਕਿਆ ਕਾਸੀ ਕਿਆ ਊਖਰੁ ਮਗਹਰੁ ਰਾਮੁ ਰਿਦੈ ਜਉ ਹੋਈ ॥੨॥੩॥ {ਪੰਨਾ 692}

ਪਦਅਰਥ: ਜਾਨੈ = ਸਾਂਝ ਰੱਖਦਾ ਹੈ। ਤਾ ਕਉ = ਉਸ ਵਾਸਤੇ। ਕਾਹੋ ਅਚਰਜੁ = ਕਿਹੜਾ ਅਨੋਖਾ ਕੰਮ? ਕੋਈ ਵੱਡੀ ਅਨੋਖੀ ਗੱਲ ਨਹੀਂ। ਪੈਸਿ = ਪੈ ਕੇ। ਢੁਰਿ = ਢਲ ਕੇ, ਨਰਮ ਹੋ ਕੇ, ਆਪਾ = ਭਾਵ ਗੰਵਾ ਕੇ।੧।

ਭੋਰਾ = ਭੋਲਾ। ਤਉ = ਤਾਂ। ਤਜਹਿ = ਤਿਆਗ ਦੇਵੇ। ਕਬੀਰਾ = ਹੇ ਕਬੀਰ! ਨਿਹੋਰਾ = ਅਹਿਸਾਨ, ਉਪਕਾਰ।੧।ਰਹਾਉ।

ਰੇ ਲੋਈ = ਹੇ ਲੋਕ! ਜੇ ਜਗਤ! ਨੋਟ: ਲਫ਼ਜ਼ 'ਰੇ' ਪੁਲਿੰਗ ਹੈ, ਇਸ ਦਾ ਇਸਤ੍ਰੀ-ਲਿੰਗ 'ਰੀ' ਹੈ। ਸੋ, ਕਬੀਰ ਜੀ ਇੱਥੇ ਆਪਣੀ ਵਹੁਟੀ 'ਲੋਈ' ਨੂੰ ਨਹੀਂ ਆਖ ਰਹੇ) ਊਖਰੁ = ਕੱਲਰ। ਮਗਹਰੁ = ਇਕ ਪਿੰਡ ਦਾ ਨਾਮ ਹੈ, ਇਹ ਪਿੰਡ ਯੂ. ਪੀ. ਦੇ ਜ਼ਿਲੇ ਬਸਤੀ ਵਿਚ ਹੈ। ਹਿੰਦੂ ਲੋਕਾਂ ਦਾ ਖ਼ਿਆਲ ਹੈ ਕਿ ਇਸ ਥਾਂ ਨੂੰ ਸ਼ਿਵ ਜੀ ਨੇ ਸਰਾਪ ਦੇ ਦਿੱਤਾ ਸੀ, ਇਸ ਵਾਸਤੇ ਇੱਥੇ ਮਰਿਆਂ ਮੁਕਤੀ ਨਹੀਂ ਮਿਲ ਸਕਦੀ।੨।

ਅਰਥ: ਜਿਵੇਂ ਪਾਣੀ ਪਾਣੀ ਵਿਚ ਮਿਲ ਕੇ (ਮੁੜ) ਵੱਖਰਾ ਨਹੀਂ ਹੋ ਸਕਦਾ, ਤਿਵੇਂ (ਕਬੀਰ) ਜੁਲਾਹ (ਭੀ) ਆਪਾ-ਭਾਵ ਮਿਟਾ ਕੇ ਪਰਮਾਤਮਾ ਵਿਚ ਮਿਲ ਗਿਆ ਹੈ। ਇਸ ਵਿਚ ਕੋਈ ਅਨੋਖੀ ਗੱਲ ਨਹੀਂ ਹੈ, ਜੋ ਭੀ ਮਨੁੱਖ ਪ੍ਰਭੂ-ਪ੍ਰੇਮ ਤੇ ਪ੍ਰਭੂ-ਭਗਤੀ ਨਾਲ ਸਾਂਝ ਬਣਾਉਂਦਾ ਹੈ (ਉਸ ਦਾ ਪ੍ਰਭੂ ਨਾਲ ਇੱਕ-ਮਿੱਕ ਹੋ ਜਾਣਾ ਕੋਈ ਵੱਡੀ ਗੱਲ ਨਹੀਂ ਹੈ।੧।

ਹੇ ਸੰਤ ਜਨੋ! ਲੋਕਾਂ ਦੇ ਭਾਣੇ) ਮੈਂ ਮੱਤ ਦਾ ਕਮਲਾ ਹੀ ਸਹੀ (ਭਾਵ, ਲੋਕ ਮੈਨੂੰ ਪਏ ਮੂਰਖ ਆਖਣ ਕਿ ਮੈਂ ਕਾਂਸ਼ੀ ਛੱਡ ਕੇ ਮਗਹਰ ਆ ਗਿਆ ਹਾਂ) । (ਪਰ,) ਹੇ ਕਬੀਰ! ਜੇ ਤੂੰ ਕਾਂਸ਼ੀ ਵਿਚ (ਰਹਿੰਦਾ ਹੋਇਆ) ਸਰੀਰ ਛੱਡੇਂ (ਤੇ ਮੁਕਤੀ ਮਿਲ ਜਾਏ) ਤਾਂ ਪਰਮਾਤਮਾ ਦਾ ਇਸ ਵਿਚ ਕੀਹ ਉਪਕਾਰ ਸਮਝਿਆ ਜਾਇਗਾ? ਕਿਉਂਕਿ ਕਾਂਸ਼ੀ ਵਿਚ ਤਾਂ ਉਂਞ ਹੀ ਇਹਨਾਂ ਲੋਕਾਂ ਦੇ ਖ਼ਿਆਲ ਅਨੁਸਾਰ ਮਰਨ ਲੱਗਿਆਂ ਮੁਕਤੀ ਮਿਲ ਜਾਂਦੀ ਹੈ, ਤਾਂ ਫਿਰ ਸਿਮਰਨ ਦਾ ਕੀਹ ਲਾਭ?੧।ਰਹਾਉ।

(ਪਰ) ਕਬੀਰ ਆਖਦਾ ਹੈ-ਹੇ ਲੋਕੋ! ਸੁਣੋ, ਕੋਈ ਮਨੁੱਖ ਕਿਸੇ ਭੁਲੇਖੇ ਵਿਚ ਨਾਹ ਪੈ ਜਾਏ (ਕਿ ਕਾਂਸ਼ੀ ਵਿਚ ਮੁਕਤੀ ਮਿਲਦੀ ਹੈ, ਤੇ ਮਗਹਰ ਵਿਚ ਨਹੀਂ ਮਿਲਦੀ) , ਜੇ ਪਰਮਾਤਮਾ (ਦਾ ਨਾਮ) ਹਿਰਦੇ ਵਿਚ ਹੋਵੇ, ਤਾਂ ਕਾਂਸ਼ੀ ਕੀਹ ਤੇ ਕਲਰਾਠਾ ਮਗਹਰ ਕੀਹ (ਦੋਹੀਂ ਥਾਈਂ ਪ੍ਰਭੂ ਵਿਚ ਲੀਨ ਹੋ ਸਕੀਦਾ ਹੈ) ੨।੩।

ਸ਼ਬਦ ਦਾ ਭਾਵ: ਪ੍ਰਭੂ ਨਾਲ ਮਿਲਾਪ ਦਾ ਵਸੀਲਾ ਪ੍ਰਭੂ ਦਾ ਸਿਮਰਨ ਹੀ ਹੈ, ਕਿਸੇ ਖ਼ਾਸ ਤੀਰਥ-ਯਾਤ੍ਰਾ ਨਾਲ ਇਸ ਦਾ ਸੰਬੰਧ ਨਹੀਂ ਹੈ।੩।

ਇੰਦ੍ਰ ਲੋਕ ਸਿਵ ਲੋਕਹਿ ਜੈਬੋ ॥ ਓਛੇ ਤਪ ਕਰਿ ਬਾਹੁਰਿ ਐਬੋ ॥੧॥ ਕਿਆ ਮਾਂਗਉ ਕਿਛੁ ਥਿਰੁ ਨਾਹੀ ॥ ਰਾਮ ਨਾਮ ਰਖੁ ਮਨ ਮਾਹੀ ॥੧॥ ਰਹਾਉ ॥ ਸੋਭਾ ਰਾਜ ਬਿਭੈ ਬਡਿਆਈ ॥ ਅੰਤਿ ਨ ਕਾਹੂ ਸੰਗ ਸਹਾਈ ॥੨॥ ਪੁਤ੍ਰ ਕਲਤ੍ਰ ਲਛਮੀ ਮਾਇਆ ॥ ਇਨ ਤੇ ਕਹੁ ਕਵਨੈ ਸੁਖੁ ਪਾਇਆ ॥੩॥ ਕਹਤ ਕਬੀਰ ਅਵਰ ਨਹੀ ਕਾਮਾ ॥ ਹਮਰੈ ਮਨ ਧਨ ਰਾਮ ਕੋ ਨਾਮਾ ॥੪॥੪॥ {ਪੰਨਾ 692}

ਪਦਅਰਥ: ਇੰਦ੍ਰ ਲੋਕ = ਸੁਰਗ। ਸਿਵ ਲੋਕਹਿ = ਸ਼ਿਵ ਪੁਰੀ ਵਿਚ। ਜੈਬੋ = (ਜੇ ਮਨੁੱਖ ਅੱਪੜ) ਜਾਇਗਾ। ਓਛੇ = ਹੌਲੇ ਮੇਲ ਦੇ (ਕੰਮ) ਕਰਿ = ਕਰ ਕੇ। ਬਾਹੁਰਿ = ਮੁੜ, ਫਿਰ (ਨੋਟ:ਲਫ਼ਜ਼ 'ਬਾਹੁਰਿ' ਅਤੇ 'ਬਾਹਰਿ' ਦਾ ਫ਼ਰਕ ਧਿਆਨ ਰੱਖਣ ਦੇ ਜੋਗ ਹੈ) ਐਬੋ = ਆ ਜਾਇਗਾ।੧।

ਮਾਗਉ = ਮਾਗਉਂ, ਮੈਂ ਮੰਗਾਂ। ਥਿਰੁ = ਸਦਾ ਕਾਇਮ ਰਹਿਣ ਵਾਲੀ। ਮਾਹੀ = ਵਿਚ।੧।ਰਹਾਉ।

ਬਿਭੈ = {Skt. विभय} ਐਸ਼੍ਵਰਜ। ਅੰਤਿ = ਅਖ਼ੀਰ ਵੇਲੇ। ਸਹਾਈ = ਸਾਥੀ।੨।

ਕਲਤ੍ਰ = ਇਸਤ੍ਰੀ। ਕਹੁ = ਦੱਸ। ਕਵਨੈ = ਕਿਸ ਨੇ? ਤੇ = ਤੋਂ।੩।

ਅਵਰ = ਹੋਰ (ਕੰਮ) ਨਹੀ ਕਾਮਾ = ਕਿਸੇ ਮਤਲਬ ਦੇ ਨਹੀਂ, ਕੋਈ ਲਾਭ ਨਹੀਂ। ਹਮਰੈ ਮਨ = ਮੇਰੇ ਮਨ ਨੂੰ।੪।

ਅਰਥ: (ਮੈਂ ਆਪਣੇ ਪ੍ਰਭੂ ਪਾਸੋਂ 'ਨਾਮ' ਤੋਂ ਬਿਨਾ ਹੋਰ) ਕੀਹ ਮੰਗਾਂ? ਕੋਈ ਚੀਜ਼ ਸਦਾ ਕਾਇਮ ਰਹਿਣ ਵਾਲੀ ਨਹੀਂ (ਦਿੱਸਦੀ) ੧।ਰਹਾਉ।

ਜੇ ਮਨੁੱਖ ਤਪ ਆਦਿਕ ਹੌਲੇ ਮੇਲ ਦੇ ਕੰਮ ਕਰ ਕੇ ਇੰਦਰ-ਪੁਰੀ ਜਾਂ ਸ਼ਿਵ-ਪੁਰੀ ਵਿਚ ਭੀ ਅੱਪੜ ਜਾਇਗਾ ਤਾਂ ਭੀ ਉੱਥੋਂ ਮੁੜ ਵਾਪਸ ਆਵੇਗਾ (ਭਾਵ, ਸ਼ਾਸਤ੍ਰ ਦੇ ਆਪਣੇ ਹੀ ਲਿਖੇ ਅਨੁਸਾਰ ਇਹਨੀਂ ਥਾਈਂ ਭੀ ਸਦਾ ਨਹੀਂ ਟਿਕੇ ਰਹਿ ਸਕੀਦਾ) ੧।

ਜਗਤ ਵਿਚ ਨਾਮਣਾ, ਰਾਜ, ਐਸ਼੍ਵਰਜ, ਵਡਿਆਈ-ਇਹਨਾਂ ਵਿਚੋਂ ਭੀ ਕੋਈ ਅੰਤ ਵੇਲੇ ਸੰਗੀ-ਸਾਥੀ ਨਹੀਂ ਬਣ ਸਕਦਾ।੨।

ਪੁੱਤਰ ਵਹੁਟੀ, ਧਨ ਪਦਾਰਥ-ਦੱਸ, (ਹੇ ਭਾਈ!) ਇਹਨਾਂ ਤੋਂ ਭੀ ਕਿਸੇ ਨੇ ਕਦੇ ਸੁਖ ਲੱਭਾ ਹੈ?੩।

ਕਬੀਰ ਆਖਦਾ ਹੈ-(ਪ੍ਰਭੂ ਦੇ ਨਾਮ ਤੋਂ ਖੁੰਝ ਕੇ) ਹੋਰ ਕੋਈ ਕੰਮ ਕਿਸੇ ਅਰਥ ਨਹੀਂ। ਮੇਰੇ ਮਨ ਨੂੰ ਤਾਂ ਪਰਮਾਤਮਾ ਦਾ ਨਾਮ ਹੀ (ਸਦਾ ਕਾਇਮ ਰਹਿਣ ਵਾਲਾ) ਧਨ ਪ੍ਰਤੀਤ ਹੁੰਦਾ ਹੈ।੪।੪।

ਸ਼ਬਦ ਦਾ ਭਾਵ: ਪਰਮਾਤਾਮਾ ਦਾ ਭਜਨ ਹੀ ਇਕ ਐਸਾ ਧਨ ਹੈ ਜੋ ਸਦਾ ਨਾਲ ਨਿਭਦਾ ਹੈ। ਸੁਰਗ, ਸ਼ਿਵ-ਪੁਰੀ, ਰਾਜ, ਵਡਿਆਈ, ਸੰਬੰਧੀ-ਇਹਨਾਂ ਵਿਚੋਂ ਕੋਈ ਭੀ ਸਦਾ ਦਾ ਸਾਥੀ ਨਹੀਂ।

ਰਾਮ ਸਿਮਰਿ ਰਾਮ ਸਿਮਰਿ ਰਾਮ ਸਿਮਰਿ ਭਾਈ ॥ ਰਾਮ ਨਾਮ ਸਿਮਰਨ ਬਿਨੁ ਬੂਡਤੇ ਅਧਿਕਾਈ ॥੧॥ ਰਹਾਉ ॥ ਬਨਿਤਾ ਸੁਤ ਦੇਹ ਗ੍ਰੇਹ ਸੰਪਤਿ ਸੁਖਦਾਈ ॥ ਇਨ੍ਹ੍ਹ ਮੈ ਕਛੁ ਨਾਹਿ ਤੇਰੋ ਕਾਲ ਅਵਧ ਆਈ ॥੧॥ ਅਜਾਮਲ ਗਜ ਗਨਿਕਾ ਪਤਿਤ ਕਰਮ ਕੀਨੇ ॥ ਤੇਊ ਉਤਰਿ ਪਾਰਿ ਪਰੇ ਰਾਮ ਨਾਮ ਲੀਨੇ ॥੨॥ ਸੂਕਰ ਕੂਕਰ ਜੋਨਿ ਭ੍ਰਮੇ ਤਊ ਲਾਜ ਨ ਆਈ ॥ ਰਾਮ ਨਾਮ ਛਾਡਿ ਅੰਮ੍ਰਿਤ ਕਾਹੇ ਬਿਖੁ ਖਾਈ ॥੩॥ ਤਜਿ ਭਰਮ ਕਰਮ ਬਿਧਿ ਨਿਖੇਧ ਰਾਮ ਨਾਮੁ ਲੇਹੀ ॥ ਗੁਰ ਪ੍ਰਸਾਦਿ ਜਨ ਕਬੀਰ ਰਾਮੁ ਕਰਿ ਸਨੇਹੀ ॥੪॥੫॥ {ਪੰਨਾ 692}

ਪਦਅਰਥ: ਭਾਈ = ਹੇ ਭਾਈ! ਬੂਡਤੇ = (ਸੰਸਾਰ = ਸਮੁੰਦਰ ਦੀਆਂ ਵਿਕਾਰਾਂ ਦੀਆਂ ਲਹਿਰਾਂ ਵਿਚ) ਡੁੱਬਦੇ ਹਨ। ਅਧਿਕਾਈ = ਬਹੁਤ ਜੀਵ।੧।ਰਹਾਉ।

ਬਨਿਤਾ = ਵਹੁਟੀ। ਸੁਤ = ਪੁੱਤਰ। ਦੇਹ = ਸਰੀਰ। ਗ੍ਰੇਹ = ਘਰ। ਸੰਪਤਿ = ਦੌਲਤ। ਸੁਖਦਾਈ = ਸੁਖ ਦੇਣ ਵਾਲੇ। ਕਾਲ = ਮੌਤ। ਅਵਧ = {Skt. अवधि} ਅਖ਼ੀਰਲਾ ਸਮਾ, ਅਖ਼ੀਰਲੀ ਹੱਦ।੧।

ਅਜਾਮਲ = ਭਾਗਵਤ ਦੀ ਕਥਾ ਹੈ ਕਿ ਇਕ ਬ੍ਰਾਹਮਣ ਅਜਾਮਲ ਕਨੌਜ ਦੇ ਰਹਿਣ ਵਾਲੇ ਦਾ ਇਕ ਵੇਸਵਾ ਨਾਲ ਮੋਹ ਪੈ ਗਿਆ; ਸਾਰੀ ਉਮਰ ਵਿਕਾਰਾਂ ਵਿਚ ਹੀ ਗੁਜ਼ਾਰਦਾ ਰਿਹਾ। ਪਰ ਆਪਣੇ ਇਕ ਪੁੱਤਰ ਦਾ ਨਾਮ 'ਨਾਰਾਇਣ' ਰੱਖਣ ਕਰਕੇ ਸਹਿਜੇ ਸਹਿਜੇ ਨਾਰਾਇਣ = ਪ੍ਰਭੂ ਨਾਲ ਹੀ ਲਿਵ ਬਣਦੀ ਗਈ, ਤੇ ਇਸ ਤਰ੍ਹਾਂ ਵਿਕਾਰਾਂ ਵਲੋਂ ਉਪਰਾਮ ਹੋ ਕੇ ਭਗਤੀ ਵਿਚ ਲੱਗਾ। ਗਜ = ਹਾਥੀ; ਭਾਗਵਤ ਦੀ ਇਕ ਕਥਾ ਹੈ ਕਿ ਸ੍ਰਾਪ ਦੇ ਕਾਰਨ ਇਕ ਗੰਧਰਵ ਹਾਥੀ ਦੀ ਜੂਨੇ ਆ ਪਿਆ। ਸਰੋਵਰ ਵਿਚੋਂ ਪਾਣੀ ਪੀਣ ਗਏ ਨੂੰ ਇਕ ਤੰਦੂਏ ਨੇ ਫੜ ਲਿਆ। ਪਰਮਾਤਮਾ ਦੇ ਅਰਾਧਨ ਨੇ ਇਸ ਨੂੰ ਉਸ ਬਿਪਤਾ ਤੋਂ ਬਚਾਇਆ।

ਗਨਿਕਾ = ਵੇਸਵਾ, ਇਸ ਨੂੰ ਇਕ ਮਹਾਤਮਾ ਵਿਕਾਰੀ ਜੀਵਨ ਵਲੋਂ ਬਚਾਉਣ ਲਈ 'ਰਾਮ ਰਾਮ' ਕਹਿਣ ਵਾਲਾ ਇਕ ਤੋਤਾ ਦੇ ਗਏ। ਉਸ ਤੋਤੇ ਦੀ ਸੰਗਤ ਵਿਚ ਇਸ ਨੂੰ ਰਾਮ ਸਿਮਰਨ ਦੀ ਲਗਨ ਲੱਗ ਗਈ, ਤੇ ਵਿਕਾਰਾਂ ਵਲੋਂ ਇਹ ਹਟ ਗਈ। ਪਤਿਤ ਕਰਮ = ਵਿਕਾਰ। ਤੇਊ = ਇਹ ਭੀ।੨।

ਸੂਕਰ = ਸੂਰ। ਕੂਕਰ = ਕੁੱਤੇ। ਭ੍ਰਮੇ = ਭਟਕਦੇ ਰਹੇ। ਤਊ = ਤਾਂ ਭੀ। ਬਿਖੁ = ਜ਼ਹਿਰ।੩।

ਤਜਿ = ਛੱਡ ਦੇਹ। ਬਿਧਿ ਕਰਮ = ਉਹ ਕਰਮ ਜੋ ਵਿਧੀ ਅਨੁਸਾਰ ਹੋਣ, ਉਹ ਕਰਮ ਜਿਨ੍ਹਾਂ ਦੇ ਕਰਨ ਦੀ ਆਗਿਆ ਸ਼ਾਸਤ੍ਰਾਂ ਵਲੋਂ ਮਿਲੀ ਹੋਵੇ। ਨਿਖੇਧ ਕਰਮ = ਉਹ ਕੰਮ ਜਿਨ੍ਹਾਂ ਦੇ ਕਰਨ ਬਾਰੇ ਸ਼ਾਸਤ੍ਰਾਂ ਵਲੋਂ ਮਨਾਹੀ ਹੋਵੇ। ਬਿਧਿ = ਆਗਿਆ। ਨਿਖੇਧ = ਮਨਾਹੀ। ਸਨੇਹੀ = ਪਿਆਰਾ, ਸਾਥੀ।੪।

ਅਰਥ: ਹੇ ਭਾਈ! ਪ੍ਰਭੂ ਦਾ ਸਿਮਰਨ ਕਰ, ਪ੍ਰਭੂ ਦਾ ਸਿਮਰਨ ਕਰ। ਸਦਾ ਰਾਮ ਦਾ ਸਿਮਰਨ ਕਰ। ਪ੍ਰਭੂ ਦਾ ਸਿਮਰਨ ਕਰਨ ਤੋਂ ਬਿਨਾ ਬਹੁਤ ਜੀਵ (ਵਿਕਾਰਾਂ ਵਿਚ) ਡੁੱਬਦੇ ਹਨ।੧।ਰਹਾਉ।

ਵਹੁਟੀ, ਪੁੱਤਰ, ਸਰੀਰ, ਘਰ, ਦੌਲਤ-ਇਹ ਸਾਰੇ ਸੁਖ ਦੇਣ ਵਾਲੇ ਜਾਪਦੇ ਹਨ, ਪਰ ਜਦੋਂ ਮੌਤ-ਰੂਪ ਤੇਰਾ ਅਖ਼ੀਰਲਾ ਸਮਾ ਆਇਆ, ਤਾਂ ਇਹਨਾਂ ਵਿਚੋਂ ਕੋਈ ਭੀ ਤੇਰਾ ਆਪਣਾ ਨਹੀਂ ਰਹਿ ਜਾਇਗਾ।੧।

ਅਜਾਮਲ, ਗਜ, ਗਨਿਕਾ-ਇਹ ਵਿਕਾਰ ਕਰਦੇ ਰਹੇ, ਪਰ ਜਦੋਂ ਪਰਮਾਤਮਾ ਦਾ ਨਾਮ ਇਹਨਾਂ ਨੇ ਸਿਮਰਿਆ, ਤਾਂ ਇਹ ਭੀ (ਇਹਨਾਂ ਵਿਕਾਰਾਂ ਵਿਚੋਂ) ਪਾਰ ਲੰਘ ਗਏ।੨।

(ਹੇ ਸੱਜਣ!) ਤੂੰ ਸੂਰ, ਕੁੱਤੇ ਆਦਿਕ ਦੀਆਂ ਜੂਨੀਆਂ ਵਿਚ ਭਟਕਦਾ ਰਿਹਾ, ਫਿਰ ਭੀ ਤੈਨੂੰ (ਹੁਣ) ਸ਼ਰਮ ਨਹੀਂ ਆਈ (ਤੂੰ ਅਜੇ ਭੀ ਨਾਮ ਨਹੀਂ ਸਿਮਰਦਾ) ਪਰਮਾਤਮਾ ਦਾ ਅੰਮ੍ਰਿਤ-ਨਾਮ ਵਿਸਾਰ ਕੇ ਕਿਉਂ (ਵਿਕਾਰਾਂ ਦਾ) ਜ਼ਹਿਰ ਖਾ ਰਿਹਾ ਹੈਂ?੩।

(ਹੇ ਭਾਈ!) ਸ਼ਾਸਤ੍ਰਾਂ ਅਨੁਸਾਰ ਕੀਤੇ ਜਾਣ ਵਾਲੇ ਕਿਹੜੇ ਕੰਮ ਹਨ, ਤੇ ਸ਼ਾਸਤ੍ਰਾਂ ਵਿਚ ਕਿਨ੍ਹਾਂ ਕੰਮਾਂ ਬਾਰੇ ਮਨਾਹੀ ਹੈ-ਇਹ ਵਹਿਮ ਛੱਡ ਦੇਹ, ਤੇ ਪਰਮਾਤਮਾ ਦਾ ਨਾਮ ਸਿਮਰ। ਹੇ ਦਾਸ ਕਬੀਰ! ਤੂੰ ਆਪਣੇ ਗੁਰੂ ਦੀ ਕਿਰਪਾ ਨਾਲ ਆਪਣੇ ਪਰਮਾਤਮਾ ਨੂੰ ਹੀ ਆਪਣਾ ਪਿਆਰਾ (ਸਾਥੀ) ਬਣਾ।੪।੫।

ਸ਼ਬਦ ਦਾ ਭਾਵ: ਪਰਮਾਤਮਾ ਦਾ ਨਾਮ ਸਿਮਰੋ-ਇਹੀ ਹੈ ਸਦਾ ਦਾ ਸਾਥੀ, ਤੇ ਇਸ ਦੀ ਬਰਕਤਿ ਨਾਲ ਬੜੇ ਬੜੇ ਵਿਕਾਰੀ ਭੀ ਤਰ ਜਾਂਦੇ ਹਨ। ਕਰਮ-ਕਾਂਡ ਦੇ ਭੁਲੇਖਿਆਂ ਵਿਚ ਨਾਹ ਪਵੋ।

ਧਨਾਸਰੀ ਬਾਣੀ ਭਗਤ ਨਾਮਦੇਵ ਜੀ ਕੀ    ੴ ਸਤਿਗੁਰ ਪ੍ਰਸਾਦਿ ॥ ਗਹਰੀ ਕਰਿ ਕੈ ਨੀਵ ਖੁਦਾਈ ਊਪਰਿ ਮੰਡਪ ਛਾਏ ॥ ਮਾਰਕੰਡੇ ਤੇ ਕੋ ਅਧਿਕਾਈ ਜਿਨਿ ਤ੍ਰਿਣ ਧਰਿ ਮੂੰਡ ਬਲਾਏ ॥੧॥ ਹਮਰੋ ਕਰਤਾ ਰਾਮੁ ਸਨੇਹੀ ॥ ਕਾਹੇ ਰੇ ਨਰ ਗਰਬੁ ਕਰਤ ਹਹੁ ਬਿਨਸਿ ਜਾਇ ਝੂਠੀ ਦੇਹੀ ॥੧॥ ਰਹਾਉ ॥ ਮੇਰੀ ਮੇਰੀ ਕੈਰਉ ਕਰਤੇ ਦੁਰਜੋਧਨ ਸੇ ਭਾਈ ॥ ਬਾਰਹ ਜੋਜਨ ਛਤ੍ਰੁ ਚਲੈ ਥਾ ਦੇਹੀ ਗਿਰਝਨ ਖਾਈ ॥੨॥ ਸਰਬ ਸਇਨ ਕੀ ਲੰਕਾ ਹੋਤੀ ਰਾਵਨ ਸੇ ਅਧਿਕਾਈ ॥ ਕਹਾ ਭਇਓ ਦਰਿ ਬਾਂਧੇ ਹਾਥੀ ਖਿਨ ਮਹਿ ਭਈ ਪਰਾਈ ॥੩॥ ਦੁਰਬਾਸਾ ਸਿਉ ਕਰਤ ਠਗਉਰੀ ਜਾਦਵ ਏ ਫਲ ਪਾਏ ॥ ਕ੍ਰਿਪਾ ਕਰੀ ਜਨ ਅਪੁਨੇ ਊਪਰ ਨਾਮਦੇਉ ਹਰਿ ਗੁਨ ਗਾਏ ॥੪॥੧॥ {ਪੰਨਾ 692-693}

ਪਦਅਰਥ: ਗਹਰੀ = ਡੂੰਘੀ। ਨੀਵ = ਨੀਂਹ। ਮੰਡਪ = ਸ਼ਾਮੀਆਨੇ, ਮਹਿਲ = ਮਾੜੀਆਂ। ਛਾਏ = ਬਣਵਾਏ। ਮਾਰਕੰਡੇ = {Skt. मार्कण्डेय} ਇਕ ਰਿਸ਼ੀ ਦਾ ਨਾਮ ਹੈ, ਬੜੀ ਲੰਮੀ ਉਮਰ ਵਾਲਾ ਸੀ, ਪਰ ਸਾਰੀ ਉਮਰ ਉਸ ਨੇ ਕੱਖਾਂ ਦੀ ਕੁੱਲੀ ਵਿਚ ਹੀ ਗੁਜ਼ਾਰੀ। ਅਧਿਕਾਈ = ਵੱਡੀ ਲੰਮੀ ਉਮਰ ਵਾਲਾ। ਜਿਨਿ = ਜਿਸ ਨੇ। ਤ੍ਰਿਣ = ਤੀਲੇ, ਕੱਖ = ਕਾਣ। ਧਾਰਿ = ਰੱਖ ਕੇ। ਮੂੰਡ = ਸਿਰ। ਤ੍ਰਿਣ ਧਰਿ ਮੂੰਡ = ਸਿਰ ਉੱਤੇ ਕੱਖ ਰੱਖ ਕੇ, ਕੱਖਾਂ ਦੀ ਕੁੱਲੀ ਬਣਾ ਕੇ। ਬਲਾਏ = ਸਮਾ ਗੁਜ਼ਾਰਿਆ।੧।

ਕਰਤਾ = ਕਰਤਾਰ। ਸਨੇਹੀ = ਪਿਆਰਾ, ਸਦਾ ਦਾ ਸਾਥ ਨਿਭਾਉਣ ਵਾਲਾ। ਹੇ ਨਰ = ਹੇ ਬੰਦਿਓ! ਗਰਬੁ = ਹੰਕਾਰ। ਝੂਠੀ ਦੇਹੀ = ਨਾਸਵੰਤ ਸਰੀਰ।੧।ਰਹਾਉ।

ਕੁਰੂ = {Skt. कुरू} ਦਿੱਲੀ ਦੇ ਪਾਸ ਦੇ ਇਲਾਕੇ ਦਾ ਨਾਮ ਪੁਰਾਣੇ ਸਮੇ ਵਿਚ 'ਕੁਰੂ' ਸੀ। ਕੌਰਉ = {Skt. कौरव, ਕੌਰਵ} 'ਕੁਰੂ' ਦੇਸ ਵਿਚ ਰਾਜ ਕਰਨ ਵਾਲੇ ਰਾਜਿਆਂ ਦੀ ਸੰਤਾਨ। ਸੇ = ਵਰਗੇ। ਭਾਈ = ਭਰਾ। ਜੋਜਨ = ਚਾਰ ਕੋਹ। ਬਾਰਹ ਜੋਜਨ = ਅਠਤਾਲੀ ਕੋਹ। ਛਤ੍ਰੁ ਚਲੈ ਥਾ = ਛਤ੍ਰ ਦਾ ਪ੍ਰਭਾਵ ਸੀ, ਫ਼ੌਜਾਂ ਦਾ ਖਿਲਾਰ ਸੀ।੨।

ਇਨ = {ਅੱਖਰ 'ਸ' ਦੇ ਨਾਲ ਦੋ ਲਗਾਂ ਹਨ (ੋ) ਅਤੇ (ੁ) ; ਅਸਲ ਲਫ਼ਜ਼ ਹੈ 'ਸੋਇਨ', ਇੱਥੇ ਪੜ੍ਹਨਾ ਹੈ 'ਸੁਇਨ'}ਅਧਿਕਾਈ = ਵੱਡੇ ਬਲੀ। ਕਹਾ ਭਇਓ = ਆਖ਼ਰ ਕੀਹ ਬਣਿਆ? ਆਖ਼ਰ ਬਣਿਆ ਕੁਝ ਭੀ ਨਾ। ਦਰਿ = ਦਰ ਤੇ, ਬੂਹੇ ਤੇ।੩।

ਦੁਰਬਾਸਾ = ਇਕ ਤਪੀ ਸੀ, ਹੈ ਸੀ ਬੜਾ ਕਾਹਲੇ ਸੁਭਾਉ ਵਾਲਾ, ਛੇਤੀ ਹੀ ਰੁੱਸ ਕੇ ਸ੍ਰਾਪ ਦੇ ਦੇਂਦਾ ਸੀ। ਠਗਉਰੀ = ਠੱਗੀ, ਮਖ਼ੌਲ {ਕ੍ਰਿਸ਼ਨ ਜੀ ਦੀ ਕੁਲ 'ਜਾਦਵ' ਦੇ ਕੁਝ ਮੁੰਡੇ ਇਕ ਵਾਰੀ ਸਮੁੰਦਰ ਦੇ ਕੰਡੇ ਦੁਆਰਕਾ ਦੇ ਪਾਸ ਇਕ ਮੇਲੇ ਦੇ ਸਮੇ ਇਕੱਠੇ ਹੋਏ। ਉੱਥੇ ਦੁਰਬਾਸਾ ਰਿਸ਼ੀ ਤਪ ਕਰਦਾ ਸੀ, ਇਹਨਾਂ ਮੁੰਡਿਆਂ ਨੂੰ ਮਖ਼ੌਲ ਸੁੱਝਿਆ, ਇਕ ਅਨ = ਦਾੜ੍ਹੀਏ ਮੁੰਡੇ ਦੇ ਢਿੱਡ ਉੱਤੇ ਲੋਹੇ ਦੀ ਬਾਟੀ ਪੁੱਠੀ ਬੰਨ੍ਹ ਕੇ ਉਸ ਨੂੰ ਜ਼ਨਾਨੀਆਂ ਵਾਲੇ ਕੱਪੜੇ ਪਾ ਕੇ ਉਸ ਪਾਸ ਲੈ ਗਏ। ਪੁਛਿਓ ਨੇ ਕਿ ਰਿਸ਼ੀ ਜੀ! ਇਸ ਦੇ ਘਰ ਕੀਹ ਜੰਮੇਗਾ? ਦੁਰਬਾਸਾ ਤਾੜ ਗਿਆ ਕਿ ਮਸਖ਼ਰੀ ਕਰਦੇ ਹਨ, ਗੁੱਸੇ ਵਿਚ ਆ ਕੇ ਸ੍ਰਾਪ ਦਿਤੋਸੁ ਕਿ ਉਹ ਜੰਮੇਗਾ ਜੋ ਤੁਹਾਡੀ ਸਾਰੀ ਕੁਲ ਦਾ ਨਾਸ ਕਰ ਦੇਵੇਗਾ। ਸ੍ਰਾਪ ਤੋਂ ਘਬਰਾ ਕੇ ਕ੍ਰਿਸ਼ਨ ਜੀ ਦੀ ਸਲਾਹ ਨਾਲ ਉਹ ਉਸ ਬਾਟੀ ਨੂੰ ਪੱਥਰ ਤੇ ਰਗੜਦੇ ਰਹੇ ਕਿ ਇਸ ਲੋਹੇ ਦਾ ਨਿਸ਼ਾਨ ਹੀ ਮਿਟ ਜਾਏ। ਨਿੱਕਾ ਜਿਹਾ ਟੋਟਾ ਰਹਿ ਗਿਆ, ਉਹ ਸਮੁੰਦਰ ਵਿਚ ਸੁੱਟ ਦਿੱਤੋ ਨੇ। ਇਹ ਟੋਟਾ ਇਕ ਮੱਛੀ ਹੜੱਪ ਕਰ ਗਈ, ਇਕ ਮੱਛੀ ਇਕ ਸ਼ਿਕਾਰੀ ਨੇ ਫੜੀ, ਚੀਰਨ ਤੇ ਇਹ ਲੋਹੇ ਦਾ ਟੋਟਾ ਉਸ ਨੇ ਆਪਣੇ ਤੀਰ ਅੱਗੇ ਲਾ ਲਿਆ। ਜਿੱਥੇ ਬਾਟੀ ਪੱਥਰ ਤੇ ਰਗੜੀ ਸੀ, ਉੱਥੇ ਸਿਰ = ਕੰਡਾ ਉੱਗ ਪਿਆ। ਇਕ ਦਿਨ ਇਕ ਮੇਲੇ ਸਮੇ ਜਾਦਵਾਂ ਦੇ ਨੱਢੇ ਸ਼ਰਾਬ ਪੀ ਕੇ ਉਸ ਸਿਰ = ਕੰਡੇ ਵਾਲੀ ਥਾਂ ਆ ਇਕੱਠੇ ਹੋਏ। ਸ਼ਰਾਬ ਦੀ ਮਸਤੀ ਵਿਚ ਕੁਝ ਬੋਲ ਬਕਾਰਾ ਹੋ ਪਿਆ, ਗੱਲ ਵਧ ਗਈ, ਲੜਾਈ ਹੋ ਪਈ, ਉਹ ਸਿਰਕੰਡਾ ਭੀ ਪੁੱਟ ਪੁੱਟ ਕੇ ਵਰਤਿਓ ਨੇ ਤੇ ਸਾਰੇ ਹੀ ਲੜ ਮੁਏ। ਕੁਲ ਦਾ ਨਾਸ ਹੋਇਆ ਵੇਖ ਕੇ ਇਕ ਦਿਨ ਕ੍ਰਿਸ਼ਨ ਜੀ ਬਨ ਵਿਚ ਲੰਮੇ ਪਏ ਸਨ, ਗੋਡੇ ਉੱਤੇ ਦੂਜਾ ਪੈਰ ਰੱਖਿਆ ਹੋਇਆ ਸੀ। ਉਹ ਮੱਛੀ ਵਾਲਾ ਸ਼ਿਕਾਰੀ ਸ਼ਿਕਾਰ ਦੀ ਭਾਲ ਵਿਚ ਆ ਨਿਕਲਿਆ; ਦੂਰੋਂ ਵੇਖ ਕੇ ਹਰਨ ਸਮਝਿਓਸੁ, ਉਸ ਸ੍ਰਾਪੇ ਹੋਏ ਲੋਹੇ ਵਿਚੋਂ ਬਚੇ ਹੋਏ ਟੋਟੇ ਵਾਲਾ ਤੀਰ ਕੱਸ ਕੇ ਮਾਰਿਓਸੁ ਤੇ ਇਸ ਤਰ੍ਹਾਂ ਜਾਦਵ = ਕੁਲ ਦਾ ਅੰਤਲਾ ਦੀਵਾ ਭੀ ਬੁੱਝ ਗਿਆ}੪।

ਅਰਥ: ਹੇ ਬੰਦਿਓ! ਆਪਣੇ ਸਰੀਰ ਦਾ) ਕਿਉਂ ਮਾਣ ਕਰਦੇ ਹੋ! ਇਹ ਸਰੀਰ ਨਾਸਵੰਤ ਹੈ, ਨਾਸ ਹੋ ਜਾਇਗਾ; ਅਸਾਡਾ ਅਸਲ ਪਿਆਰਾ (ਜਿਸ ਨੇ ਸਾਥ ਨਿਭਾਉਣਾ ਹੈ) ਤਾਂ ਕਰਤਾਰ ਹੈ, ਪਰਮਾਤਮਾ ਹੈ।੧।ਰਹਾਉ।

ਜਿਨ੍ਹਾਂ ਨੇ ਡੂੰਘੀਆਂ ਨੀਹਾਂ ਪੁਟਵਾ ਕੇ ਉੱਤੇ ਮਹਿਲ-ਮਾੜੀਆਂ ਉਸਰਾਏ (ਉਹਨਾਂ ਦੇ ਭੀ ਇੱਥੇ ਹੀ ਰਹਿ ਗਏ; ਤਾਹੀਏਂ ਸਿਆਣੇ ਬੰਦੇ ਇਹਨਾਂ ਮਹਿਲ-ਮਾੜੀਆਂ ਦਾ ਭੀ ਮਾਣ ਨਹੀਂ ਕਰਦੇ; ਵੇਖੋ) ਮਾਰਕੰਡੇ ਰਿਸ਼ੀ ਨਾਲੋਂ ਕਿਸ ਦੀ ਵੱਡੀ ਉਮਰ ਹੋਣੀ ਏ? ਉਸ ਨੇ ਕੱਖਾਂ ਦੀ ਕੁੱਲੀ ਵਿਚ ਹੀ ਝੱਟ ਲੰਘਾਇਆ।੧।

ਜਿਨ੍ਹਾਂ ਕੌਰਵਾਂ ਦੇ ਦੁਰਜੋਧਨ ਵਰਗੇ (ਬਲੀ) ਭਰਾ ਸਨ, ਉਹ ਭੀ (ਇਹ ਮਾਣ ਕਰਦੇ ਰਹੇ ਕਿ) ਅਸਾਡੀ (ਪਾਤਸ਼ਾਹੀ) ਅਸਾਡੀ (ਪਾਤਸ਼ਾਹੀ) , (ਪਾਂਡੋ ਕੀਹ ਲੱਗਦੇ ਹਨ ਇਸ ਧਰਤੀ ਦੇ?) ; (ਕੁਰਖੇਤਰ ਦੇ ਜੰਗ ਵੇਲੇ) ਅਠਤਾਲੀਆਂ ਕੋਹਾਂ ਵਿਚ ਉਹਨਾਂ ਦੀ ਸੈਨਾ ਦਾ ਖਿਲਾਰ ਸੀ (ਪਰ ਕਿੱਧਰ ਗਈ ਬਾਦਸ਼ਾਹੀ ਤੇ ਕਿੱਧਰ ਗਿਆ ਉਹ ਛਤਰ? ਕੁਰਖੇਤਰ ਦੇ ਜੰਗ ਵਿਚ) ਗਿਰਝਾਂ ਨੇ ਉਹਨਾਂ ਦੀਆਂ ਲੋਥਾਂ ਖਾਧੀਆਂ।੨।

ਰਾਵਣ ਵਰਗੇ ਵੱਡੇ ਬਲੀ ਰਾਜੇ ਦੀ ਲੰਕਾ ਸਾਰੀ ਦੀ ਸਾਰੀ ਸੋਨੇ ਦੀ ਸੀ, (ਉਸ ਦੇ ਮਹਿਲਾਂ ਦੇ) ਦਰਵਾਜ਼ੇ ਤੇ ਹਾਥੀ ਬੱਝੇ ਖਲੋਤੇ ਸਨ, ਪਰ ਆਖ਼ਰ ਕੀਹ ਬਣਿਆ? ਇਕ ਪਲ ਵਿਚ ਸਭ ਕੁਝ ਪਰਾਇਆ ਹੋ ਗਿਆ।੩।

(ਸੋ, ਅਹੰਕਾਰ ਕਿਸੇ ਚੀਜ਼ ਦਾ ਭੀ ਹੋਵੇ ਉਹ ਮਾੜਾ ਹੈ; ਅਹੰਕਾਰ ਵਿਚ ਹੀ ਆ ਕੇ) ਜਾਦਵਾਂ ਨੇ ਦੁਰਬਾਸਾ ਨਾਲ ਮਸਖ਼ਰੀ ਕੀਤੀ ਤੇ ਇਹ ਫਲ ਪਾਇਓ ਨੇ (ਕਿ ਸਾਰੀ ਕੁਲ ਹੀ ਮੁੱਕ ਗਈ) । (ਪਰ ਸ਼ੁਕਰ ਹੈ) ਆਪਣੇ ਦਾਸ ਨਾਮਦੇਵ ਉੱਤੇ ਪਰਮਾਤਮਾ ਨੇ ਕਿਰਪਾ ਕੀਤੀ ਹੈ ਤੇ ਨਾਮਦੇਵ (ਮਾਣ ਤਿਆਗ ਕੇ) ਪਰਮਾਤਮਾ ਦੇ ਗੁਣ ਗਾਉਂਦਾ ਹੈ।੪।੧।

ਭਾਵ: ਅਹੰਕਾਰ, ਚਾਹੇ ਕਿਸੇ ਚੀਜ਼ ਦਾ ਭੀ ਹੋਵੇ, ਮਾੜਾ ਹੈ।

TOP OF PAGE

Sri Guru Granth Darpan, by Professor Sahib Singh