ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 790

ਸਲੋਕ ਮਃ ੧ ॥ ਚੋਰਾ ਜਾਰਾ ਰੰਡੀਆ ਕੁਟਣੀਆ ਦੀਬਾਣੁ ॥ ਵੇਦੀਨਾ ਕੀ ਦੋਸਤੀ ਵੇਦੀਨਾ ਕਾ ਖਾਣੁ ॥ ਸਿਫਤੀ ਸਾਰ ਨ ਜਾਣਨੀ ਸਦਾ ਵਸੈ ਸੈਤਾਨੁ ॥ ਗਦਹੁ ਚੰਦਨਿ ਖਉਲੀਐ ਭੀ ਸਾਹੂ ਸਿਉ ਪਾਣੁ ॥ ਨਾਨਕ ਕੂੜੈ ਕਤਿਐ ਕੂੜਾ ਤਣੀਐ ਤਾਣੁ ॥ ਕੂੜਾ ਕਪੜੁ ਕਛੀਐ ਕੂੜਾ ਪੈਨਣੁ ਮਾਣੁ ॥੧॥ {ਪੰਨਾ 790}

ਪਦਅਰਥ: ਜਾਰ = ਵਿਭਚਾਰੀ ਮਨੁੱਖ। ਰੰਡੀ = ਵਿਭਚਾਰਨ ਇਸਤ੍ਰੀ। ਕੁਟਣੀ = ਦੱਲੀ। ਦੀਬਾਣੁ = ਮਜਲਸ, ਬਹਿਣ ਖਲੋਣ ਦੀ ਸਾਂਝ। ਵੇਦੀਨ = ਅਧਰਮੀ। ਖਾਣੁ = ਖਾਣ ਪੀਣ ਦੀ ਸਾਂਝ। ਗਦਹੁ = ਖੋਤਾ। ਚੰਦਨਿ = ਚੰਦਨ ਨਾਲ। ਖਉਲੀਐ = ਮਲੀਏ। ਸਾਹੂ = ਸੁਆਹ। ਪਾਣੁ = ਪੈਣ ਦਾ ਸੁਭਾਉ, ਵਰਤੋਂ = ਵਿਹਾਰ। ਕੂੜੈ ਕਤਿਐ = ਕੂੜ = ਰੂਪ ਸੂਤ ਕੱਤਣ ਨਾਲ। ਤਾਣੁ = ਤਾਣਾ। ਕਛੀਐ = ਕੱਛੀਦਾ ਹੈ, ਮਿਣੀਦਾ ਹੈ।

ਅਰਥ: ਚੋਰਾਂ, ਲੁੱਚੇ ਬੰਦਿਆਂ, ਵਿਭਚਾਰਨ ਔਰਤਾਂ ਤੇ ਦੱਲੀਆਂ ਦਾ ਆਪੋ ਵਿਚ ਬਹਿਣ ਖਲੋਣ ਹੁੰਦਾ ਹੈ, ਇਹਨਾਂ ਧਰਮ ਤੋਂ ਵਾਂਜਿਆਂ ਦੀ ਆਪੋ ਵਿਚ ਮਿਤ੍ਰਤਾ ਤੇ ਆਪੋ ਵਿਚ ਖਾਣ ਪੀਣ ਹੁੰਦਾ ਹੈ; ਰੱਬ ਦੀ ਸਿਫ਼ਤਿ-ਸਾਲਾਹ ਕਰਨ ਦੀ ਇਹਨਾਂ ਨੂੰ ਸੂਝ ਨਹੀਂ ਹੁੰਦੀ, (ਇਹਨਾਂ ਦੇ ਮਨ ਵਿਚ, ਮਾਨੋ) ਸਦਾ ਸ਼ੈਤਾਨ ਵੱਸਦਾ ਹੈ। (ਸਮਝਾਇਆਂ ਭੀ ਸਮਝਦੇ ਨਹੀਂ, ਜਿਵੇਂ) ਖੋਤੇ ਨੂੰ ਜੇ ਚੰਦਨ ਨਾਲ ਮਲੀਏ ਤਾਂ ਭੀ ਉਸ ਦੀ ਵਰਤੋਂ ਵਿਹਾਰ ਸੁਆਹ ਨਾਲ ਹੀ ਹੁੰਦੀ ਹੈ (ਪਿਛਲੇ ਕੀਤੇ ਕਰਮਾਂ ਦਾ ਗੇੜ ਇਸ ਮੰਦੇ ਰਾਹ ਤੋਂ ਹਟਣ ਨਹੀਂ ਦੇਂਦਾ)

ਹੇ ਨਾਨਕ! "ਕੂੜ" (ਦਾ ਸੂਤਰ) ਕੱਤਣ ਨਾਲ "ਕੂੜ" ਦਾ ਹੀ ਤਾਣਾ ਚਾਹੀਦਾ ਹੈ, "ਕੂੜ" ਦਾ ਹੀ ਕੱਪੜਾ ਕੱਛੀਦਾ ਹੈ ਤੇ ਪਹਿਨੀਦਾ ਹੈ (ਇਸ "ਕੂੜ"-ਰੂਪ ਪੁਸ਼ਾਕ ਦੇ ਕਾਰਨ "ਕੂੜ" ਹੀ ਵਡਿਆਈ ਮਿਲਦੀ ਹੈ (ਭਾਵ, "ਖਤਿਅਹੁ ਜੰਮੇ ਖਤੇ ਕਰਨਿ ਤ ਖਤਿਆ ਵਿਚਿ ਪਾਹਿ") ੧।

ਮਃ ੧ ॥ ਬਾਂਗਾ ਬੁਰਗੂ ਸਿੰਙੀਆ ਨਾਲੇ ਮਿਲੀ ਕਲਾਣ ॥ ਇਕਿ ਦਾਤੇ ਇਕਿ ਮੰਗਤੇ ਨਾਮੁ ਤੇਰਾ ਪਰਵਾਣੁ ॥ ਨਾਨਕ ਜਿਨ੍ਹ੍ਹੀ ਸੁਣਿ ਕੈ ਮੰਨਿਆ ਹਉ ਤਿਨਾ ਵਿਟਹੁ ਕੁਰਬਾਣੁ ॥੨॥ {ਪੰਨਾ 790}

ਪਦਅਰਥ: ਬੁਰਗੂ = (ਫ਼ਾ: ਬੁਰਗ਼ੂ) ਤੂਤੀ। ਪਰਵਾਣੁ = ਕਬੂਲ, ਪਸੰਦ।

ਅਰਥ: (ਮੁੱਲਾਂ) ਬਾਂਗ ਦੇ ਕੇ, (ਫ਼ਕੀਰ) ਤੂਤੀ ਵਜਾ ਕੇ, (ਜੋਗੀ) ਸਿੰਙੀ ਵਜਾ ਕੇ, (ਮਿਰਾਸੀ) ਕਲਾਣ ਕਰ ਕੇ (ਲੋਕਾਂ ਦੇ ਦਰ ਤੋਂ ਮੰਗਦੇ ਹਨ) ; (ਸੰਸਾਰ ਵਿਚ ਇਸ ਤਰ੍ਹਾਂ ਦੇ) ਕਈ ਮੰਗਤੇ ਤੇ ਕਈ ਦਾਤੇ ਹਨ, ਪਰ ਮੈਨੂੰ ਤੇਰਾ ਨਾਮ ਹੀ ਚਾਹੀਦਾ ਹੈ।

ਹੇ ਨਾਨਕ! ਜਿਨ੍ਹਾਂ ਬੰਦਿਆਂ ਨੇ ਪ੍ਰਭੂ ਦਾ ਨਾਮ ਸੁਣ ਕੇ ਉਸ ਵਿਚ ਮਨ ਨੂੰ ਜੋੜ ਲਿਆ ਹੈ, ਮੈਂ ਉਹਨਾਂ ਤੋਂ ਸਦਕੇ ਹਾਂ।੨।

ਪਉੜੀ ॥ ਮਾਇਆ ਮੋਹੁ ਸਭੁ ਕੂੜੁ ਹੈ ਕੂੜੋ ਹੋਇ ਗਇਆ ॥ ਹਉਮੈ ਝਗੜਾ ਪਾਇਓਨੁ ਝਗੜੈ ਜਗੁ ਮੁਇਆ ॥ ਗੁਰਮੁਖਿ ਝਗੜੁ ਚੁਕਾਇਓਨੁ ਇਕੋ ਰਵਿ ਰਹਿਆ ॥ ਸਭੁ ਆਤਮ ਰਾਮੁ ਪਛਾਣਿਆ ਭਉਜਲੁ ਤਰਿ ਗਇਆ ॥ ਜੋਤਿ ਸਮਾਣੀ ਜੋਤਿ ਵਿਚਿ ਹਰਿ ਨਾਮਿ ਸਮਇਆ ॥੧੪॥ {ਪੰਨਾ 790}

ਪਦਅਰਥ: ਕੂੜੁ = ਛਲ, ਭਰਮ। ਕੂੜੋ = ਕੂੜ ਹੀ, ਛਲ ਹੀ। ਪਾਇਓਨੁ = ਪਾਇਆ ਉਸ (ਪ੍ਰਭੂ) ਨੇ। ਚੁਕਾਇਓਨੁ = ਮੁਕਾਇਆ ਉਸ (ਪ੍ਰਭੂ) ਨੇ। ਸਭੁ = ਹਰ ਥਾਂ। ਭਉਜਲੁ = ਸੰਸਾਰ = ਸਮੁੰਦਰ। ਨਾਮਿ = ਨਾਮ ਵਿਚ।

ਅਰਥ: ਮਾਇਆ ਦਾ ਮੋਹ ਨਿਰੋਲ ਇਕ ਛਲ ਹੈ, (ਆਖ਼ਰ) ਛਲ ਹੀ (ਸਾਬਤ) ਹੁੰਦਾ ਹੈ, ਪਰ ਪ੍ਰਭੂ ਨੇ (ਮਾਇਆ ਦੇ ਮੋਹ ਵਿਚ ਜੀਵ ਫਸਾ ਕੇ) 'ਹਉਮੈ' ਦਾ ਗੇੜ ਪੈਦਾ ਕਰ ਦਿੱਤਾ ਹੈ ਇਸ ਗੇੜ ਵਿਚ (ਪੈ ਕੇ) ਜਗਤ ਦੁਖੀ ਹੋ ਰਿਹਾ ਹੈ।

ਜੋ ਮਨੁੱਖ ਗੁਰੂ ਦੇ ਸਨਮੁਖ ਹੈ ਉਸ ਦਾ ਇਹ ਝੰਬੇਲਾ ਪ੍ਰਭੂ ਨੇ ਆਪ ਮੁਕਾ ਦਿੱਤਾ ਹੈ, ਉਸ ਨੂੰ ਇਕ ਪ੍ਰਭੂ ਹੀ ਵਿਆਪਕ ਦਿੱਸਦਾ ਹੈ; ਗੁਰਮੁਖ ਹਰ ਥਾਂ ਪਰਮਾਤਮਾ ਨੂੰ ਹੀ ਪਛਾਣਦਾ ਹੈ ਤੇ ਇਸ ਤਰ੍ਹਾਂ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ; ਉਸ ਦੀ ਆਤਮਾ ਪਰਮਾਤਮਾ ਵਿਚ ਲੀਨ ਹੁੰਦੀ ਰਹਿੰਦੀ ਹੈ ਉਹ ਪ੍ਰਭੂ ਦੇ ਨਾਮ ਵਿਚ ਜੁੜਿਆ ਰਹਿੰਦਾ ਹੈ।੪।

ਸਲੋਕ ਮਃ ੧ ॥ ਸਤਿਗੁਰ ਭੀਖਿਆ ਦੇਹਿ ਮੈ ਤੂੰ ਸੰਮ੍ਰਥੁ ਦਾਤਾਰੁ ॥ ਹਉਮੈ ਗਰਬੁ ਨਿਵਾਰੀਐ ਕਾਮੁ ਕ੍ਰੋਧੁ ਅਹੰਕਾਰੁ ॥ ਲਬੁ ਲੋਭੁ ਪਰਜਾਲੀਐ ਨਾਮੁ ਮਿਲੈ ਆਧਾਰੁ ॥ ਅਹਿਨਿਸਿ ਨਵਤਨ ਨਿਰਮਲਾ ਮੈਲਾ ਕਬਹੂੰ ਨ ਹੋਇ ॥ ਨਾਨਕ ਇਹ ਬਿਧਿ ਛੁਟੀਐ ਨਦਰਿ ਤੇਰੀ ਸੁਖੁ ਹੋਇ ॥੧॥ {ਪੰਨਾ 790}

ਪਦਅਰਥ: ਸਤਿਗੁਰ = ਹੇ ਗੁਰੂ! ਭਿਖਿਆ = ਖ਼ੈਰ। ਗਰਬੁ = ਅਹੰਕਾਰ। ਲਬੁ = ਚਸਕਾ। ਪਰਜਾਲੀਐ = ਚੰਗੀ ਤਰ੍ਹਾਂ ਸੜ ਜਾਏ। ਆਧਾਰੁ = ਸਹਾਰਾ, ਆਸਰਾ। ਅਹਿਨਿਸਿ = ਦਿਨ ਰਾਤ। ਨਵਤਨ = ਨਵਾਂ। ਇਹ ਬਿਧਿ = ਇਸ ਤਰੀਕੇ ਨਾਲ (ਭਾਵ, ਨਾਮ ਜਪਿਆਂ)

ਅਰਥ: ਹੇ ਗੁਰੂ! ਤੂੰ ਬਖ਼ਸ਼ਸ਼ ਕਰਨ ਜੋਗਾ ਹੈਂ, ਮੈਨੂੰ ਖ਼ੈਰ ਪਾ ('ਨਾਮ' ਦਾ) , ਮੇਰੀ ਹਉਮੈ ਮੇਰਾ ਅਹੰਕਾਰ ਕਾਮ ਤੇ ਕ੍ਰੋਧ ਦੂਰ ਹੋ ਜਾਏ। (ਹੇ ਗੁਰੂ! ਤੇਰੇ ਦਰ ਤੋਂ ਮੈਨੂੰ) ਪ੍ਰਭੂ ਦਾ ਨਾਮ (ਜ਼ਿੰਦਗੀ ਲਈ) ਸਹਾਰਾ ਮਿਲ ਜਾਏ ਤੇ ਮੇਰਾ ਚਸਕਾ ਤੇ ਲੋਭ ਚੰਗੀ ਤਰ੍ਹਾਂ ਸੜ ਜਾਏ। ਪ੍ਰਭੂ ਦਾ ਨਾਮ ਦਿਨ ਰਾਤ ਨਵੇਂ ਤੋਂ ਨਵਾਂ ਹੁੰਦਾ ਹੈ (ਭਾਵ, ਜਿਉਂ ਜਿਉਂ ਜਪੀਏ, ਇਸ ਨਾਲ ਪਿਆਰ ਵਧਦਾ ਹੈ) 'ਨਾਮ' ਪਵਿਤ੍ਰ ਹੈ, ਇਹ ਕਦੇ ਮੈਲਾ ਨਹੀਂ ਹੁੰਦਾ (ਤਾਹੀਏਂ) , ਹੇ ਨਾਨਕ! 'ਨਾਮ' ਜਪਿਆਂ (ਹਉਮੈ ਦੇ) ਗੇੜ ਤੋਂ ਬਚੀਦਾ ਹੈ।

ਹੇ ਪ੍ਰਭੂ! ਇਹ ਸੁਖ ਤੇਰੀ ਮਿਹਰ ਦੀ ਨਜ਼ਰ ਨਾਲ ਮਿਲਦਾ ਹੈ।੧।

ਮਃ ੧ ॥ ਇਕੋ ਕੰਤੁ ਸਬਾਈਆ ਜਿਤੀ ਦਰਿ ਖੜੀਆਹ ॥ ਨਾਨਕ ਕੰਤੈ ਰਤੀਆ ਪੁਛਹਿ ਬਾਤੜੀਆਹ ॥੨॥ {ਪੰਨਾ 790}

ਪਦਅਰਥ: ਸਬਾਈਆ = ਸਾਰੀਆਂ ਦਾ। ਜਿਤੀ = ਜਿਤਨੀਆਂ। ਦਰਿ = (ਪ੍ਰਭੂ ਦੇ) ਦਰ ਤੇ। ਬਾਤੜੀਆਹ = ਸੋਹਣੀਆਂ ਬਾਤਾਂ।

ਅਰਥ: ਜਿਤਨੀਆਂ ਭੀ ਜੀਵ-ਇਸਤ੍ਰੀਆਂ ਖਸਮ-ਪ੍ਰਭੂ ਦੇ ਬੂਹੇ ਤੇ ਖਲੋਤੀਆਂ ਹੋਈਆਂ ਹਨ। ਉਹਨਾਂ ਸਭਨਾਂ ਦਾ ਇੱਕ ਪ੍ਰਭੂ ਹੀ ਰਾਖਾ ਹੈ। ਹੇ ਨਾਨਕ! ਖਸਮ-ਪ੍ਰਭੂ ਦੇ ਪਿਆਰ ਰੰਗ ਵਿਚ ਰੰਗੀਆਂ ਹੋਈਆਂ ਪ੍ਰਭੂ ਦੀਆਂ ਹੀ ਮੋਹਣੀਆਂ ਗੱਲਾਂ (ਇਕ ਦੂਜੀ ਪਾਸੋਂ) ਪੁੱਛਦੀਆਂ ਹਨ।੨।

ਮਃ ੧ ॥ ਸਭੇ ਕੰਤੈ ਰਤੀਆ ਮੈ ਦੋਹਾਗਣਿ ਕਿਤੁ ॥ ਮੈ ਤਨਿ ਅਵਗਣ ਏਤੜੇ ਖਸਮੁ ਨ ਫੇਰੇ ਚਿਤੁ ॥੩॥ {ਪੰਨਾ 790}

ਪਦਅਰਥ: ਦੋਹਾਗਣਿ = ਮੰਦੇ ਭਾਗਾਂ ਵਾਲੀਆਂ, ਛੁੱਟੜ। ਕਿਤੁ = ਕਿਸ ਲੇਖੇ ਵਿਚ। ਮੈ ਤਨਿ = ਮੇਰੇ ਸਰੀਰ ਵਿਚ।

ਅਰਥ: ਸਾਰੀਆਂ ਜੀਵ-ਇਸਤ੍ਰੀਆਂ ਖਸਮ-ਪ੍ਰਭੂ ਦੇ ਪਿਆਰ ਵਿਚ ਰੰਗੀਆਂ ਹੋਈਆਂ ਹਨ, (ਉਹਨਾਂ ਸੋਹਾਗਣਾਂ ਦੇ ਸਾਮ੍ਹਣੇ) ਮੈਂ ਮੰਦੇ ਭਾਗਾਂ ਵਾਲੀ ਕਿਸ ਗਿਣਤੀ ਵਿਚ ਹਾਂ? ਮੇਰੇ ਸਰੀਰ ਵਿਚ ਇਤਨੇ ਔਗੁਣ ਹਨ ਕਿ ਖਸਮ ਮੇਰੇ ਵਲ ਧਿਆਨ ਭੀ ਨਹੀਂ ਕਰਦਾ।੩।

ਮਃ ੧ ॥ ਹਉ ਬਲਿਹਾਰੀ ਤਿਨ ਕਉ ਸਿਫਤਿ ਜਿਨਾ ਦੈ ਵਾਤਿ ॥ ਸਭਿ ਰਾਤੀ ਸੋਹਾਗਣੀ ਇਕ ਮੈ ਦੋਹਾਗਣਿ ਰਾਤਿ ॥੪॥ {ਪੰਨਾ 790}

ਪਦਅਰਥ: ਦੈ = ਦੇ। ਵਾਤਿ = ਵਾਤ ਵਿਚ, ਮੂੰਹ ਵਿਚ। {ਨੋਟ:ਲਫ਼ਜ਼ 'ਦੇ' ਅਤੇ 'ਕੇ' ਤੋਂ 'ਦੈ' ਅਤੇ 'ਕੈ' ਕਿਉਂ ਬਣ ਜਾਂਦਾ ਹੈ, ਇਹ ਸਮਝਣ ਲਈ ਵੇਖੋ "ਗੁਰਬਾਣੀ ਵਿਆਕਰਣ"}

ਅਰਥ: ਮੈਂ ਸਦਕੇ ਹਾਂ ਉਹਨਾਂ ਤੋਂ ਜਿਨ੍ਹਾਂ ਦੇ ਮੂੰਹ ਵਿਚ ਪ੍ਰਭੂ ਦੀ ਸਿਫ਼ਤਿ-ਸਾਲਾਹ ਹੈ। (ਹੇ ਪ੍ਰਭੂ!) ਤੂੰ ਸਾਰੀਆਂ ਰਾਤਾਂ ਸੁਹਾਗਣਾਂ ਨੂੰ ਦੇ ਰਿਹਾ ਹੈਂ, ਇਕ ਰਾਤ ਮੈਨੂੰ ਛੁੱਟੜ ਨੂੰ ਭੀ ਦੇਹ।੪।

ਪਉੜੀ ॥ ਦਰਿ ਮੰਗਤੁ ਜਾਚੈ ਦਾਨੁ ਹਰਿ ਦੀਜੈ ਕ੍ਰਿਪਾ ਕਰਿ ॥ ਗੁਰਮੁਖਿ ਲੇਹੁ ਮਿਲਾਇ ਜਨੁ ਪਾਵੈ ਨਾਮੁ ਹਰਿ ॥ ਅਨਹਦ ਸਬਦੁ ਵਜਾਇ ਜੋਤੀ ਜੋਤਿ ਧਰਿ ॥ ਹਿਰਦੈ ਹਰਿ ਗੁਣ ਗਾਇ ਜੈ ਜੈ ਸਬਦੁ ਹਰਿ ॥ ਜਗ ਮਹਿ ਵਰਤੈ ਆਪਿ ਹਰਿ ਸੇਤੀ ਪ੍ਰੀਤਿ ਕਰਿ ॥੧੫॥ {ਪੰਨਾ 790}

ਪਦਅਰਥ: ਦਰਿ = ਪ੍ਰਭੂ ਦੇ ਬੂਹੇ ਤੇ। ਜਾਚੈ = ਮੰਗਦਾ ਹੈ। ਹਰਿ = ਹੇ ਹਰੀ! ਜਨੁ = (ਮੈਂ) ਸੇਵਕ। ਅਨਹਦ = ਇਕ-ਰਸ, ਕਦੇ ਨਾਹ ਮੁੱਕਣ ਵਾਲਾ। ਧਰਿ = ਧਰ ਕੇ, ਟਿਕਾ ਕੇ। ਜੈ ਜੈ ਸਬਦੁ = ਪ੍ਰਭੂ ਦੀ ਜੈਕਾਰ ਦੀ ਬਾਣੀ।

ਅਰਥ: ਹੇ ਪ੍ਰਭੂ! ਮੈਂ ਮੰਗਤਾ ਤੇਰੇ ਬੂਹੇ ਤੇ (ਆ ਕੇ) ਖ਼ੈਰ ਮੰਗਦਾ ਹਾਂ, ਮਿਹਰ ਕਰ ਕੇ ਮੈਨੂੰ ਖ਼ੈਰ ਪਾ; ਮੈਨੂੰ ਗੁਰੂ ਦੇ ਸਨਮੁਖ ਕਰ ਕੇ (ਆਪਣੇ ਚਰਨਾਂ ਵਿਚ) ਜੋੜ ਲੈ, ਮੈਂ ਤੇਰਾ ਸੇਵਕ ਤੇਰਾ ਨਾਮ ਪ੍ਰਾਪਤ ਕਰ ਲਵਾਂ; ਤੇਰੀ ਜੋਤਿ ਵਿਚ ਆਪਣੀ ਆਤਮਾ ਟਿਕਾ ਕੇ ਮੈਂ ਤੇਰੀ ਸਿਫ਼ਤਿ-ਸਾਲਾਹ ਦਾ ਇਕ-ਰਸ ਗੀਤ ਗਾਵਾਂ, ਤੇਰੀ ਜੈ ਜੈਕਾਰ ਦੀ ਬਾਣੀ ਤੇ ਗੁਣ ਮੈਂ ਹਿਰਦੇ ਵਿਚ ਗਾਵਾਂ, ਮੈਂ ਤੇਰੇ ਨਾਲ ਪਿਆਰ ਕਰਾਂ (ਤੇ ਇਸ ਤਰ੍ਹਾਂ ਮੈਨੂੰ ਯਕੀਨ ਬਣੇ ਕਿ) ਜਗਤ ਵਿਚ ਪ੍ਰਭੂ ਆਪ ਹਰ ਥਾਂ ਮੌਜੂਦ ਹੈ।੧੫।

ਸਲੋਕ ਮਃ ੧ ॥ ਜਿਨੀ ਨ ਪਾਇਓ ਪ੍ਰੇਮ ਰਸੁ ਕੰਤ ਨ ਪਾਇਓ ਸਾਉ ॥ ਸੁੰਞੇ ਘਰ ਕਾ ਪਾਹੁਣਾ ਜਿਉ ਆਇਆ ਤਿਉ ਜਾਉ ॥੧॥ {ਪੰਨਾ 790}

ਅਰਥ: ਜਿਨ੍ਹਾਂ ਜੀਵ-ਇਸਤ੍ਰੀਆਂ ਨੇ ਪ੍ਰਭੂ ਦੇ ਪਿਆਰ ਦਾ ਆਨੰਦ ਨਾਹ ਮਾਣਿਆ, ਜਿਨ੍ਹਾਂ ਨੇ ਖਸਮ-ਪ੍ਰਭੂ ਦੇ ਮਿਲਾਪ ਦਾ ਸੁਆਦ ਨਾਹ ਚੱਖਿਆ (ਉਹ ਇਸ ਮਨੁੱਖਾ ਸਰੀਰ ਵਿਚ ਆ ਕੇ ਇਉਂ ਹੀ ਖ਼ਾਲੀ ਗਈਆਂ) ਜਿਵੇਂ ਕਿਸੇ ਸੁੰਞੇ ਘਰ ਵਿਚ ਆਇਆ ਪਰਾਹੁਣਾ ਜਿਵੇਂ ਆਉਂਦਾ ਹੈ ਤਿਵੇਂ ਤੁਰ ਜਾਂਦਾ ਹੈ (ਓਦੋਂ ਉਸ ਨੂੰ ਖਾਣ ਪੀਣ ਨੂੰ ਕੁਝ ਭੀ ਹਾਸਲ ਨਹੀਂ ਹੁੰਦਾ) ੧।

ਮਃ ੧ ॥ ਸਉ ਓਲਾਮ੍ਹ੍ਹੇ ਦਿਨੈ ਕੇ ਰਾਤੀ ਮਿਲਨ੍ਹ੍ਹਿ ਸਹੰਸ ॥ ਸਿਫਤਿ ਸਲਾਹਣੁ ਛਡਿ ਕੈ ਕਰੰਗੀ ਲਗਾ ਹੰਸੁ ॥ ਫਿਟੁ ਇਵੇਹਾ ਜੀਵਿਆ ਜਿਤੁ ਖਾਇ ਵਧਾਇਆ ਪੇਟੁ ॥ ਨਾਨਕ ਸਚੇ ਨਾਮ ਵਿਣੁ ਸਭੋ ਦੁਸਮਨੁ ਹੇਤੁ ॥੨॥ {ਪੰਨਾ 790}

ਪਦਅਰਥ: ਸਹੰਸ = ਹਜ਼ਾਰਾਂ। ਕਰੰਗ = ਮੁਰਦਾਰ। ਹੰਸੁ = ਜੀਵ = ਰੂਪ ਹੰਸ ਜਿਸ ਦੀ ਖ਼ੁਰਾਕ ਨਾਮ ਮੋਤੀ ਹੋਣੀ ਚਾਹੀਦੀ ਹੈ। ਜਿਤੁ = ਜਿਸ ਵਿਚ। ਹੇਤੁ = ਮੋਹ। ਸਭੋ ਹੇਤੁ = ਸਾਰਾ ਮੋਹ।

ਅਰਥ: (ਜੀਵ-) ਹੰਸ ਪਰਮਾਤਮਾ ਦੀ ਸਿਫ਼ਤਿ-ਸਾਲਾਹ (ਰੂਪ ਮੋਤੀ) ਛੱਡ ਕੇ (ਵਿਕਾਰ ਰੂਪ) ਮੁਰਦਾਰਾਂ (ਦੇ ਖਾਣ) ਵਿਚ ਲੱਗਾ ਹੋਇਆ ਹੈ (ਦਿਨੇ ਰਾਤ ਮੰਦ ਕਰਮ ਕਰਦਾ ਰਿਹਾ ਹੈ, ਸੋ, ਇਹਨਾਂ) ਦਿਨ ਦੇ ਵੇਲੇ (ਕੀਤੇ ਮੰਦ ਕਰਮਾਂ ਦੇ ਇਸ ਨੂੰ) ਸੌ ਉਲਾਮੇ ਮਿਲਦੇ ਹਨ ਤੇ ਰਾਤ ਵੇਲੇ (ਕੀਤਿਆਂ) ਦੇ ਹਜ਼ਾਰਾਂ।

ਫਿਟੇ-ਮੂੰਹ ਅਜੇਹੇ ਜੀਊਣ ਨੂੰ ਜਿਸ ਵਿਚ ਸਿਰਫ਼ ਖਾ ਖਾ ਕੇ ਹੀ ਢਿੱਡ ਵਧਾ ਲਿਆ। ਹੇ ਨਾਨਕ! ਪ੍ਰਭੂ ਦੇ ਇਸ ਨਾਮ ਤੋਂ ਵਾਂਜੇ ਰਹਿਣ ਕਰਕੇ ਇਹ ਸਾਰਾ ਮੋਹ ਵੈਰੀ ਹੋ ਢੁਕਦਾ ਹੈ।੨।

ਪਉੜੀ ॥ ਢਾਢੀ ਗੁਣ ਗਾਵੈ ਨਿਤ ਜਨਮੁ ਸਵਾਰਿਆ ॥ ਗੁਰਮੁਖਿ ਸੇਵਿ ਸਲਾਹਿ ਸਚਾ ਉਰ ਧਾਰਿਆ ॥ ਘਰੁ ਦਰੁ ਪਾਵੈ ਮਹਲੁ ਨਾਮੁ ਪਿਆਰਿਆ ॥ ਗੁਰਮੁਖਿ ਪਾਇਆ ਨਾਮੁ ਹਉ ਗੁਰ ਕਉ ਵਾਰਿਆ ॥ ਤੂ ਆਪਿ ਸਵਾਰਹਿ ਆਪਿ ਸਿਰਜਨਹਾਰਿਆ ॥੧੬॥ {ਪੰਨਾ 790-791}

ਅਰਥ: ਢਾਢੀ ਸਦਾ ਪ੍ਰਭੂ ਦੇ ਗੁਣ ਗਾਉਂਦਾ ਹੈ ਤੇ ਆਪਣਾ ਜੀਵਨ ਸੋਹਣਾ ਬਣਾਂਦਾ ਹੈ; ਗੁਰੂ ਦੀ ਰਾਹੀਂ ਉਹ ਪ੍ਰਭੂ ਦੀ ਬੰਦਗੀ ਕਰ ਕੇ ਸਿਫ਼ਤਿ-ਸਾਲਾਹ ਕਰ ਕੇ ਸੱਚੇ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾਂਦਾ ਹੈ, ਪ੍ਰਭੂ ਦੇ ਨਾਮ ਨੂੰ ਪਿਆਰ ਕਰ ਕੇ ਉਹ ਪ੍ਰਭੂ ਦਾ ਘਰ, ਪ੍ਰਭੂ ਦਾ ਦਰ ਤੇ ਮਹਲ ਲੱਭ ਲੈਂਦਾ ਹੈ। ਮੈਂ ਕੁਰਬਾਨ ਹਾਂ ਗੁਰੂ ਤੋਂ, ਪ੍ਰਭੂ ਦਾ ਨਾਮ ਗੁਰੂ ਦੀ ਰਾਹੀਂ ਹੀ ਮਿਲਦਾ ਹੈ।

ਹੇ ਸਿਰਜਣਹਾਰ ਪ੍ਰਭੂ! ਤੂੰ ਆਪ ਹੀ (ਗੁਰੂ ਦੇ ਰਾਹ ਤੇ ਤੋਰ ਕੇ ਜੀਵ ਦਾ) ਜੀਵਨ ਸਵਾਰਦਾ ਹੈਂ।੧੬।

TOP OF PAGE

Sri Guru Granth Darpan, by Professor Sahib Singh