ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 791

ਸਲੋਕ ਮਃ ੧ ॥ ਦੀਵਾ ਬਲੈ ਅੰਧੇਰਾ ਜਾਇ ॥ ਬੇਦ ਪਾਠ ਮਤਿ ਪਾਪਾ ਖਾਇ ॥ ਉਗਵੈ ਸੂਰੁ ਨ ਜਾਪੈ ਚੰਦੁ ॥ ਜਹ ਗਿਆਨ ਪ੍ਰਗਾਸੁ ਅਗਿਆਨੁ ਮਿਟੰਤੁ ॥ ਬੇਦ ਪਾਠ ਸੰਸਾਰ ਕੀ ਕਾਰ ॥ ਪੜ੍ਹ੍ਹਿ ਪੜ੍ਹ੍ਹਿ ਪੰਡਿਤ ਕਰਹਿ ਬੀਚਾਰ ॥ ਬਿਨੁ ਬੂਝੇ ਸਭ ਹੋਇ ਖੁਆਰ ॥ ਨਾਨਕ ਗੁਰਮੁਖਿ ਉਤਰਸਿ ਪਾਰਿ ॥੧॥ {ਪੰਨਾ 791}

ਪਦਅਰਥ: ਬੇਦ ਪਾਠ ਮਤਿ = ਵੇਦਾਂ ਦੇ ਪਾਠ ਵਾਲੀ ਮਤਿ, ਵੇਦ ਆਦਿਕ ਧਰਮ ਪੁਸਤਕਾਂ ਦੀ ਬਾਣੀ ਅਨੁਸਾਰ ਢਲੀ ਹੋਈ ਮਤਿ। ਪਾਪਾ ਖਾਇ = ਪਾਪਾਂ ਨੂੰ ਖਾ ਜਾਂਦੀ ਹੈ। ਬੇਦ ਪਾਠ = ਵੇਦਾਂ ਦੇ (ਨਿਰੇ) ਪਾਠ {ਨੋਟ:"ਬੇਦ ਪਾਠ ਮਤਿ" ਅਤੇ "ਬੇਦ ਪਾਠ" ਦੇ ਫ਼ਰਕ ਵਲ ਧਿਆਨ ਦੇਣਾ ਜ਼ਰੂਰੀ ਹੈ}ਸੰਸਾਰ ਕੀ ਕਾਰ = ਦੁਨੀਆਵੀ ਵਿਹਾਰ। ਬੀਚਾਰ। ਬੀਚਾਰ = ਅਰਥ = ਬੋਧ।

{ਨੋਟ: "ਪੜ੍ਹਿ ਪੜ੍ਹਿ" ਅਤੇ "ਬੂਝੇ" ਵਿਚ ਉਹੀ ਫ਼ਰਕ ਹੈ ਜੋ "ਬੇਦ ਪਾਠ" ਅਤੇ "ਬੇਦ ਪਾਠ ਮਤਿ" ਵਿਚ ਹੈ}

ਅਰਥ: (ਜਿਵੇਂ ਜਦੋਂ) ਦੀਵਾ ਜਗਦਾ ਹੈ ਤਾਂ ਹਨੇਰਾ ਦੂਰ ਹੋ ਜਾਂਦਾ ਹੈ (ਏਸੇ ਤਰ੍ਹਾਂ) ਵੇਦ (ਆਦਿਕ ਧਰਮ-ਪੁਸਤਕਾਂ ਦੀ) ਬਾਣੀ ਅਨੁਸਾਰ ਢਲੀ ਹੋਈ ਮਤਿ ਪਾਪਾਂ ਦਾ ਨਾਸ ਕਰ ਦੇਂਦੀ ਹੈ; ਜਦੋਂ ਸੂਰਜ ਚੜ੍ਹ ਪੈਂਦਾ ਹੈ ਚੰਦ੍ਰਮਾ (ਚੜ੍ਹਿਆ ਹੋਇਆ) ਨਹੀਂ ਜਾਪਦਾ, (ਤਿਵੇਂ) ਜਿਥੇ ਮਤਿ ਉੱਜਲੀ (ਗਿਆਨ ਦਾ ਪ੍ਰਕਾਸ਼) ਹੋ ਜਾਏ ਓਥੇ ਅਗਿਆਨਤਾ ਮਿਟ ਜਾਂਦੀ ਹੈ।

ਵੇਦ ਆਦਿਕ ਧਰਮ-ਪੁਸਤਕਾਂ ਦੇ (ਨਿਰੇ) ਪਾਠ ਤਾਂ ਦੁਨੀਆਵੀ ਵਿਹਾਰ (ਸਮਝੋ) , ਵਿਦਵਾਨ ਲੋਕ ਇਹਨਾਂ ਨੂੰ ਪੜ੍ਹ ਪੜ੍ਹ ਕੇ ਇਹਨਾਂ ਦੇ ਸਿਰਫ਼ ਅਰਥ ਹੀ ਵਿਚਾਰਦੇ ਹਨ; ਜਦ ਤਕ ਮਤਿ ਨਹੀਂ ਬਦਲਦੀ (ਨਿਰੇ ਪਾਠ ਤੇ ਅਰਥ-ਵਿਚਾਰ ਨਾਲ ਤਾਂ) ਲੁਕਾਈ ਖ਼ੁਆਰ ਹੀ ਹੁੰਦੀ ਹੈ; ਹੇ ਨਾਨਕ! ਉਹ ਮਨੁੱਖ ਹੀ (ਪਾਪਾਂ ਦੇ ਹਨੇਰੇ ਤੋਂ) ਪਾਰ ਲੰਘਦਾ ਹੈ ਜਿਸ ਨੇ ਆਪਣੀ ਮਤਿ ਗੁਰੂ ਦੇ ਹਵਾਲੇ ਕਰ ਦਿੱਤੀ ਹੈ।੧।

ਮਃ ੧ ॥ ਸਬਦੈ ਸਾਦੁ ਨ ਆਇਓ ਨਾਮਿ ਨ ਲਗੋ ਪਿਆਰੁ ॥ ਰਸਨਾ ਫਿਕਾ ਬੋਲਣਾ ਨਿਤ ਨਿਤ ਹੋਇ ਖੁਆਰੁ ॥ ਨਾਨਕ ਪਇਐ ਕਿਰਤਿ ਕਮਾਵਣਾ ਕੋਇ ਨ ਮੇਟਣਹਾਰੁ ॥੨॥ {ਪੰਨਾ 791}

ਪਦਅਰਥ: ਕਿਰਤਿ = {ਇਹ ਲਫ਼ਜ਼ "ਕਿਰਤੁ" ਤੋਂ "ਅਧਿਕਰਣ ਕਾਰਕ, ਇਕ-ਵਚਨ" ਹੈ; ਲਫ਼ਜ਼ "ਪਇਐ" ਭੀ "ਪਇਆ" ਤੋਂ "ਅਧਿਕਰਣ ਕਾਰਕ ਇਕ-ਵਚਨ" ਹੈ, ਦੋਵੇਂ ਰਲ ਕੇ ਉਹ "ਵਾਕ = ਅੰਸ਼" (Phrase) ਬਣਾ ਰਹੇ ਹਨ ਜਿਸ ਨੂੰ ਅੰਗ੍ਰੇਜ਼ੀ ਵਿਚ Locative Absolute ਆਖਦੇ ਹਨ। ਲਫ਼ਜ਼ "ਕਿਰਤ" ਦਾ ਅਰਥ ਹੈ "ਕੀਤਾ ਹੋਇਆ ਕੰਮ"; "ਪਇਆ" ਦਾ ਅਰਥ ਹੈ "ਇਕੱਠਾ ਹੋਇਆ ਹੋਇਆ"}ਪਇਐ ਕਿਰਤਿ = ਪਿਛਲੇ ਕੀਤੇ ਕੰਮਾਂ ਦੇ ਇਕੱਠੇ ਹੋਏ ਸੰਸਕਾਰਾਂ ਅਨੁਸਾਰ।

ਅਰਥ: ਜਿਸ ਮਨੁੱਖ ਨੂੰ (ਕਦੇ) ਗੁਰ-ਸਬਦ ਦਾ ਰਸ ਨਹੀਂ ਆਇਆ, ਜਿਸ ਦਾ (ਕਦੇ) ਪ੍ਰਭੂ ਦੇ ਨਾਮ ਵਿਚ ਪਿਆਰ ਨਹੀਂ ਬਣਿਆ, ਉਹ ਜੀਭ ਨਾਲ ਫਿੱਕੇ ਬਚਨ ਬੋਲਦਾ ਹੈ ਤੇ ਸਦਾ ਹੀ ਖ਼ੁਆਰ ਹੁੰਦਾ ਰਹਿੰਦਾ ਹੈ।

(ਪਰ) , ਹੇ ਨਾਨਕ! (ਉਸ ਦੇ ਵੱਸ ਭੀ ਕੀਹ?) (ਹਰੇਕ ਜੀਵ) ਆਪਣੇ (ਹੁਣ ਤਕ ਦੇ) ਕੀਤੇ ਕਰਮਾਂ ਦੇ ਇਕੱਠੇ ਹੋਏ ਹੋਏ ਸੰਸਕਾਰਾਂ ਅਨੁਸਾਰ ਕੰਮ ਕਰਦਾ ਹੈ, ਕੋਈ ਬੰਦਾ ਇਸ ਬਣੇ ਹੋਏ ਗੇੜ ਨੂੰ ਆਪਣੇ ਉੱਦਮ ਨਾਲ) ਮਿਟਾ ਨਹੀਂ ਸਕਦਾ।੨।

ਪਉੜੀ ॥ ਜਿ ਪ੍ਰਭੁ ਸਾਲਾਹੇ ਆਪਣਾ ਸੋ ਸੋਭਾ ਪਾਏ ॥ ਹਉਮੈ ਵਿਚਹੁ ਦੂਰਿ ਕਰਿ ਸਚੁ ਮੰਨਿ ਵਸਾਏ ॥ ਸਚੁ ਬਾਣੀ ਗੁਣ ਉਚਰੈ ਸਚਾ ਸੁਖੁ ਪਾਏ ॥ ਮੇਲੁ ਭਇਆ ਚਿਰੀ ਵਿਛੁੰਨਿਆ ਗੁਰ ਪੁਰਖਿ ਮਿਲਾਏ ॥ ਮਨੁ ਮੈਲਾ ਇਵ ਸੁਧੁ ਹੈ ਹਰਿ ਨਾਮੁ ਧਿਆਏ ॥੧੭॥ {ਪੰਨਾ 791}

ਪਦਅਰਥ: ਜਿ = ਜੋ ਮਨੁੱਖ। ਮੰਨਿ = ਮਨ ਵਿਚ {'' ਨੂੰ (ੰ) ਛੰਦ ਦੀ ਚਾਲ ਪੂਰੀ ਰੱਖਣ ਲਈ ਇਕ 'ਮਾਤ੍ਰਾ ਵਧਾਣ ਵਾਸਤੇ ਹੈ}ਸਚੁ = ਪ੍ਰਭੂ ਦਾ ਨਾਮ। ਗੁਰ ਪੁਰਖਿ = ਸਤਿਗੁਰੂ ਮਰਦ ਨੇ। ਇਵ = ਇਸ ਤਰ੍ਹਾਂ।

ਅਰਥ: ਜੋ ਮਨੁੱਖ ਆਪਣੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ ਉਹ ਸੋਭਾ ਖੱਟਦਾ ਹੈ, ਮਨ ਵਿਚੋਂ 'ਹਉਮੈ' ਮਿਟਾ ਕੇ ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ ਵਸਾਂਦਾ ਹੈ, ਸਤਿਗੁਰੂ ਦੀ ਬਾਣੀ ਦੀ ਰਾਹੀਂ ਪ੍ਰਭੂ ਦੇ ਗੁਣ ਉਚਾਰਦਾ ਹੈ ਤੇ ਨਾਮ ਸਿਮਰਦਾ ਹੈ (ਇਸ ਤਰ੍ਹਾਂ) ਅਸਲ ਸੁਖ ਮਾਣਦਾ ਹੈ, ਚਿਰ ਤੋਂ (ਰੱਬ ਨਾਲੋਂ) ਵਿਛੁੜੇ ਹੋਏ ਦਾ (ਮੁੜ ਰੱਬ ਨਾਲ) ਮੇਲ ਹੋ ਜਾਂਦਾ ਹੈ, ਸਤਿਗੁਰੂ ਮਰਦ ਨੇ (ਜੂ) ਮਿਲਾ ਦਿੱਤਾ। ਸੋ, ਪ੍ਰਭੂ ਦਾ ਨਾਮ ਸਿਮਰ ਕੇ ਇਸ ਤਰ੍ਹਾਂ ਮੈਲਾ ਮਨ ਪਵਿਤ੍ਰ ਹੋ ਜਾਂਦਾ ਹੈ।੧੭।

ਸਲੋਕ ਮਃ ੧ ॥ ਕਾਇਆ ਕੂਮਲ ਫੁਲ ਗੁਣ ਨਾਨਕ ਗੁਪਸਿ ਮਾਲ ॥ ਏਨੀ ਫੁਲੀ ਰਉ ਕਰੇ ਅਵਰ ਕਿ ਚੁਣੀਅਹਿ ਡਾਲ ॥੧॥ {ਪੰਨਾ 791}

ਪਦਅਰਥ: ਕੂਮਲ = ਕੂਮਲੀ। ਗੁਪਸਿ = ਗੁੰਦਦਾ ਹੈ। ਮਾਲ = ਮਾਲਾ, ਹਾਰ। ਏਨੀ ਫੁਲੀ = (ਪ੍ਰਭੂ ਦੇ ਗੁਣ = ਰੂਪ) ਇਹਨਾਂ ਫੁੱਲਾਂ ਵਲ। ਰਉ = ਰੌ, ਧਿਆਨ, ਲਗਨ। ਅਵਰ ਡਾਲ = ਹੋਰ ਡਾਲੀਆਂ। ਕਿ = ਕੀਹ?

ਅਰਥ: ਹੇ ਨਾਨਕ! ਸਰੀਰ (ਮਾਨੋ, ਫੁੱਲਾਂ ਵਾਲੇ ਬੂਟਿਆਂ ਦੀ) ਕੂਮਲੀ ਹੈ, (ਪਰਮਾਤਮਾ ਦੇ) ਗੁਣ (ਇਸ ਕੋਮਲ ਟਹਣੀ ਨੂੰ, ਮਾਨੋ) ਫੁੱਲ ਹਨ, (ਕੋਈ ਭਾਗਾਂ ਵਾਲਾ ਬੰਦਾ ਇਹਨਾਂ ਫੁੱਲਾਂ ਦਾ) ਹਾਰ ਗੁੰਦਦਾ ਹੈ; ਜੇ ਮਨੁੱਖ ਇਹਨਾਂ ਫੁੱਲਾਂ ਵਿਚ ਲਗਨ ਲਾਏ ਤਾਂ (ਮੂਰਤੀਆਂ ਅੱਗੇ ਭੇਟ ਰੱਖਣ ਲਈ) ਹੋਰ ਡਾਲੀਆਂ ਚੁਣਨ ਦੀ ਕੀਹ ਲੋੜ?੧।

ਮਹਲਾ ੨ ॥ ਨਾਨਕ ਤਿਨਾ ਬਸੰਤੁ ਹੈ ਜਿਨ੍ਹ੍ਹ ਘਰਿ ਵਸਿਆ ਕੰਤੁ ॥ ਜਿਨ ਕੇ ਕੰਤ ਦਿਸਾਪੁਰੀ ਸੇ ਅਹਿਨਿਸਿ ਫਿਰਹਿ ਜਲੰਤ ॥੨॥ {ਪੰਨਾ 791}

ਪਦਅਰਥ: ਦਿਸਾ = ਪਾਸਾ, ਤਰਫ਼, ਲਾਭ। ਦਿਸਾ ਪੁਰੀ = ਕਿਸੇ ਲਾਭ ਦੇ ਨਗਰ ਵਿਚ, ਪਰਦੇਸ ਵਿਚ। ਅਹਿ = ਦਿਨ। ਨਿਸਿ = ਰਾਤ।

ਅਰਥ: ਹੇ ਨਾਨਕ! ਜਿਨ੍ਹਾਂ (ਜੀਵ-) ਇਸਤ੍ਰੀਆਂ ਦਾ ਖਸਮ ਘਰ ਵਿਚ ਵੱਸਦਾ ਹੈ ਉਹਨਾਂ ਦੇ ਭਾ ਦੀ ਬਸੰਤ ਰੁੱਤ ਆਈ ਹੋਈ ਹੈ; ਪਰ ਜਿਨ੍ਹਾਂ ਦੇ ਖਸਮ ਪਰਦੇਸ ਵਿਚ (ਗਏ ਹੋਏ) ਹਨ, ਉਹ ਦਿਨ ਰਾਤ ਸੜਦੀਆਂ ਫਿਰਦੀਆਂ ਹਨ।੨।

ਪਉੜੀ ॥ ਆਪੇ ਬਖਸੇ ਦਇਆ ਕਰਿ ਗੁਰ ਸਤਿਗੁਰ ਬਚਨੀ ॥ ਅਨਦਿਨੁ ਸੇਵੀ ਗੁਣ ਰਵਾ ਮਨੁ ਸਚੈ ਰਚਨੀ ॥ ਪ੍ਰਭੁ ਮੇਰਾ ਬੇਅੰਤੁ ਹੈ ਅੰਤੁ ਕਿਨੈ ਨ ਲਖਨੀ ॥ ਸਤਿਗੁਰ ਚਰਣੀ ਲਗਿਆ ਹਰਿ ਨਾਮੁ ਨਿਤ ਜਪਨੀ ॥ ਜੋ ਇਛੈ ਸੋ ਫਲੁ ਪਾਇਸੀ ਸਭਿ ਘਰੈ ਵਿਚਿ ਜਚਨੀ ॥੧੮॥ {ਪੰਨਾ 791}

ਪਦਅਰਥ: ਅਨਦਿਨੁ = ਹਰ ਰੋਜ਼। ਸੇਵੀ = ਮੈਂ ਸੇਵਾ ਕਰਾਂ, ਸਿਮਰਾਂ। ਰਵਾ = ਉਚਾਰਾਂ, ਚੇਤੇ ਕਰਾਂ। ਰਚਨੀ = ਜੁੜੇ। ਸਭਿ ਜਚਨੀ = ਸਾਰੀਆਂ ਮੰਗਾਂ।

ਅਰਥ: ਗੁਰੂ ਸਤਿਗੁਰੂ ਦੀ ਬਾਣੀ ਵਿਚ ਜੋੜ ਕੇ ਪ੍ਰਭੂ ਆਪ ਹੀ ਮਿਹਰ ਕਰ ਕੇ ('ਨਾਮ' ਦੀ) ਬਖ਼ਸ਼ਸ਼ ਕਰਦਾ ਹੈ।

(ਹੇ ਪ੍ਰਭੂ! ਮਿਹਰ ਕਰ) ਮੈਂ ਹਰ ਵੇਲੇ ਤੈਨੂੰ ਸਿਮਰਾਂ ਤੇਰੇ ਗੁਣ ਚੇਤੇ ਕਰਾਂ ਤੇ ਮੇਰਾ ਮਨ ਤੈਂ ਸੱਚੇ ਵਿਚ ਜੁੜਿਆ ਰਹੇ।

ਮੇਰਾ ਪਰਮਾਤਮਾ ਬੇਅੰਤ ਹੈ ਕਿਸੇ ਜੀਵ ਨੇ ਉਸ ਦਾ ਅੰਤ ਨਹੀਂ ਪਾਇਆ; ਗੁਰੂ ਦੀ ਸਰਨ ਪਿਆਂ ਪ੍ਰਭੂ ਦਾ ਨਾਮ ਨਿੱਤ ਸਿਮਰਿਆ ਜਾ ਸਕਦਾ ਹੈ। (ਜੋ ਸਿਮਰਦਾ ਹੈ) ਉਸ ਦੀਆਂ ਸਾਰੀਆਂ ਲੋੜਾਂ ਘਰ ਵਿਚ ਹੀ ਪੂਰੀਆਂ ਹੋ ਜਾਂਦੀਆਂ ਹਨ, ਉਹ ਜਿਸ ਫਲ ਦੀ ਤਾਂਘ ਕਰਦਾ ਹੈ ਉਹੀ ਉਸ ਨੂੰ ਮਿਲ ਜਾਂਦਾ ਹੈ।੧੮।

ਸਲੋਕ ਮਃ ੧ ॥ ਪਹਿਲ ਬਸੰਤੈ ਆਗਮਨਿ ਪਹਿਲਾ ਮਉਲਿਓ ਸੋਇ ॥ ਜਿਤੁ ਮਉਲਿਐ ਸਭ ਮਉਲੀਐ ਤਿਸਹਿ ਨ ਮਉਲਿਹੁ ਕੋਇ ॥੧॥

ਪਦਅਰਥ: ਆਗਮਨ = ਆਉਣਾ। ਆਗਮਨਿ = ਆਉਣ ਤੋਂ। ਬਸੰਤੈ ਆਗਮਨਿ = ਬਸੰਤ ਦੇ ਆਉਣ ਤੋਂ। ਮਉਲਿਓ = ਖਿੜਿਆ ਹੋਇਆ। ਜਿਤੁ ਮਉਲਿਐ = ਜਿਸ ਦੇ ਖਿੜਨ ਨਾਲ।

ਅਰਥ: ਜੋ ਪ੍ਰਭੂ ਬਸੰਤ ਰੁੱਤ ਆਉਣ ਤੋਂ ਪਹਿਲਾਂ ਦਾ ਹੈ ਉਹ ਹੀ ਸਭ ਤੋਂ ਪਹਿਲਾਂ ਦਾ ਖਿੜਿਆ ਹੋਇਆ ਹੈ, ਉਸ ਦੇ ਖਿੜਨ ਨਾਲ ਸਾਰੀ ਸ੍ਰਿਸ਼ਟੀ ਖਿੜਦੀ ਹੈ ਪਰ ਉਸ ਨੂੰ ਹੋਰ ਕੋਈ ਨਹੀਂ ਖਿੜਾਂਦਾ।੨।

ਮਃ ੨ ॥ ਪਹਿਲ ਬਸੰਤੈ ਆਗਮਨਿ ਤਿਸ ਕਾ ਕਰਹੁ ਬੀਚਾਰੁ ॥ ਨਾਨਕ ਸੋ ਸਾਲਾਹੀਐ ਜਿ ਸਭਸੈ ਦੇ ਆਧਾਰੁ ॥੨॥ {ਪੰਨਾ 791}

ਅਰਥ: ਉਸ ਪ੍ਰਭੂ (ਦੇ ਗੁਣਾਂ) ਦੀ ਵਿਚਾਰ ਕਰੋ ਜੋ ਬਸੰਤ ਰੁੱੱਤ ਦੇ ਆਉਣ ਤੋਂ ਪਹਿਲਾਂ ਦਾ ਹੈ (ਭਾਵ, ਜਿਸ ਦੀ ਬਰਕਤਿ ਨਾਲ ਸਾਰਾ ਜਗਤ ਮਉਲਦਾ ਹੈ) ; ਹੇ ਨਾਨਕ! ਉਸ ਪ੍ਰਭੂ ਨੂੰ ਸਿਮਰੀਏ ਜੋ ਸਭ ਦਾ ਆਸਰਾ ਹੈ।੨।

ਮਃ ੨ ॥ ਮਿਲਿਐ ਮਿਲਿਆ ਨਾ ਮਿਲੈ ਮਿਲੈ ਮਿਲਿਆ ਜੇ ਹੋਇ ॥ ਅੰਤਰ ਆਤਮੈ ਜੋ ਮਿਲੈ ਮਿਲਿਆ ਕਹੀਐ ਸੋਇ ॥੩॥ {ਪੰਨਾ 791}

ਅਰਥ: ਨਿਰਾ ਕਹਿਣ ਨਾਲ ਕਿ ਮੈਂ ਮਿਲਿਆ ਹੋਇਆ ਹਾਂ ਮੇਲ ਨਹੀਂ ਹੁੰਦਾ, ਮੇਲ ਤਾਂ ਹੀ ਹੁੰਦਾ ਹੈ ਜੇ ਸਚੁ-ਮੁਚ ਮਿਲਿਆ ਹੋਵੇ; ਜੋ ਅੰਦਰੋਂ ਆਤਮਾ ਵਿਚ ਮਿਲੇ, ਉਸ ਨੂੰ ਮਿਲਿਆ ਹੋਇਆ ਆਖਣਾ ਚਾਹੀਦਾ ਹੈ।੩।

ਪਉੜੀ ॥ ਹਰਿ ਹਰਿ ਨਾਮੁ ਸਲਾਹੀਐ ਸਚੁ ਕਾਰ ਕਮਾਵੈ ॥ ਦੂਜੀ ਕਾਰੈ ਲਗਿਆ ਫਿਰਿ ਜੋਨੀ ਪਾਵੈ ॥ ਨਾਮਿ ਰਤਿਆ ਨਾਮੁ ਪਾਈਐ ਨਾਮੇ ਗੁਣ ਗਾਵੈ ॥ ਗੁਰ ਕੈ ਸਬਦਿ ਸਲਾਹੀਐ ਹਰਿ ਨਾਮਿ ਸਮਾਵੈ ॥ ਸਤਿਗੁਰ ਸੇਵਾ ਸਫਲ ਹੈ ਸੇਵਿਐ ਫਲ ਪਾਵੈ ॥੧੯॥ {ਪੰਨਾ 791}

ਅਰਥ: ਪ੍ਰਭੂ ਦਾ ਨਾਮ ਸਿਮਰਨਾ ਚਾਹੀਦਾ ਹੈ (ਜੋ ਸਿਮਰਨ ਵਿਚ ਲੱਗਦਾ ਹੈ ਉਹ) ਇਹ ਸਿਮਰਨ ਦੀ ਕਾਰ ਸਦਾ ਕਰਦਾ ਹੈ।

'ਨਾਮ' ਤੋਂ ਬਿਨਾ ਹੋਰ ਆਹਰਾਂ ਵਿਚ ਰੁੱਝਿਆ ਮੁੜ ਮੁੜ ਜੂਨਾਂ ਵਿਚ ਮਨੁੱਖ ਪੈਂਦਾ ਹੈ।

'ਨਾਮ' ਵਿਚ ਜੁੜਿਆਂ 'ਨਾਮ' ਹੀ ਕਮਾਈਦਾ ਹੈ ਪ੍ਰਭੂ ਦੇ ਹੀ ਗੁਣ ਗਾਈਦੇ ਹਨ। ਜਿਸ ਨੇ ਗੁਰ-ਸਬਦ ਦੀ ਰਾਹੀਂ ਸਿਫ਼ਤਿ-ਸਾਲਾਹ ਕੀਤੀ ਹੈ ਉਹ ਨਾਮ ਵਿਚ ਹੀ ਲੀਨ ਰਹਿੰਦਾ ਹੈ। ਗੁਰੂ ਦੇ ਹੁਕਮ ਵਿਚ ਤੁਰਨਾ ਬੜਾ ਗੁਣਕਾਰੀ ਹੈ, ਹੁਕਮ ਵਿਚ ਤੁਰਿਆਂ ਨਾਮ-ਧਨ ਰੂਪ ਫਲ ਮਿਲਦਾ ਹੈ।੧੯।

ਸਲੋਕ ਮਃ ੨ ॥ ਕਿਸ ਹੀ ਕੋਈ ਕੋਇ ਮੰਞੁ ਨਿਮਾਣੀ ਇਕੁ ਤੂ ॥ ਕਿਉ ਨ ਮਰੀਜੈ ਰੋਇ ਜਾ ਲਗੁ ਚਿਤਿ ਨ ਆਵਹੀ ॥੧॥ {ਪੰਨਾ 791-792}

ਅਰਥ: (ਹੇ ਪ੍ਰਭੂ!) ਕਿਸੇ ਦਾ ਕੋਈ (ਮਿਥਿਆ) ਆਸਰਾ ਹੈ, ਕਿਸੇ ਦਾ ਕੋਈ ਆਸਰਾ ਹੈ, ਮੈਂ ਨਿਮਾਣੀ ਦਾ ਇਕ ਤੂੰ ਹੀ ਤੂੰ ਹੈਂ। ਜਦ ਤਕ ਤੂੰ ਮੇਰੇ ਚਿੱਤ ਵਿਚ ਨਾਹ ਵਸੇਂ, ਕਿਉਂ ਨ ਰੋ ਕੇ ਮਰਾਂ? (ਤੈਨੂੰ ਵਿਸਾਰ ਕੇ ਦੁੱਖਾਂ ਵਿਚ ਹੀ ਖਪੀਦਾ ਹੈ) ੧।

TOP OF PAGE

Sri Guru Granth Darpan, by Professor Sahib Singh