ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 792

ਮਃ ੨ ॥ ਜਾਂ ਸੁਖੁ ਤਾ ਸਹੁ ਰਾਵਿਓ ਦੁਖਿ ਭੀ ਸੰਮ੍ਹ੍ਹਾਲਿਓਇ ॥ ਨਾਨਕੁ ਕਹੈ ਸਿਆਣੀਏ ਇਉ ਕੰਤ ਮਿਲਾਵਾ ਹੋਇ ॥੨॥ {ਪੰਨਾ 792}

ਅਰਥ: ਜੇ ਸੁਖ ਹੈ ਤਾਂ ਭੀ ਖਸਮ-ਪ੍ਰਭੂ ਨੂੰ ਯਾਦ ਕਰੀਏ, ਦੁੱਖ ਵਿਚ ਭੀ ਮਾਲਕ ਨੂੰ ਚੇਤੇ ਰੱਖੀਏ, ਤਾਂ, ਨਾਨਕ ਆਖਦਾ ਹੈ, ਹੇ ਸਿਆਣੀ ਜੀਵ-ਇਸਤ੍ਰੀਏ! ਇਸ ਤਰ੍ਹਾਂ ਖਸਮ ਨਾਲ ਮੇਲ ਹੁੰਦਾ ਹੈ।੨।

ਪਉੜੀ ॥ ਹਉ ਕਿਆ ਸਾਲਾਹੀ ਕਿਰਮ ਜੰਤੁ ਵਡੀ ਤੇਰੀ ਵਡਿਆਈ ॥ ਤੂ ਅਗਮ ਦਇਆਲੁ ਅਗੰਮੁ ਹੈ ਆਪਿ ਲੈਹਿ ਮਿਲਾਈ ॥ ਮੈ ਤੁਝ ਬਿਨੁ ਬੇਲੀ ਕੋ ਨਹੀ ਤੂ ਅੰਤਿ ਸਖਾਈ ॥ ਜੋ ਤੇਰੀ ਸਰਣਾਗਤੀ ਤਿਨ ਲੈਹਿ ਛਡਾਈ ॥ ਨਾਨਕ ਵੇਪਰਵਾਹੁ ਹੈ ਤਿਸੁ ਤਿਲੁ ਨ ਤਮਾਈ ॥੨੦॥੧॥ {ਪੰਨਾ 792}

ਅਰਥ: ਹੇ ਪ੍ਰਭੂ! ਮੈਂ ਇਕ ਕੀੜਾ ਜਿਹਾ ਹਾਂ, ਤੇਰੀ ਵਡਿਆਈ ਵੱਡੀ ਹੈ, ਮੈਂ ਤੇਰੇ ਕੀਹ ਕੀਹ ਗੁਣ ਬਿਆਨ ਕਰਾਂ? ਤੂੰ ਬੜਾ ਹੀ ਦਿਆਲ ਹੈਂ, ਅਪਹੁੰਚ ਹੈਂ ਤੂੰ ਆਪ ਹੀ ਆਪਣੇ ਨਾਲ ਮਿਲਾਂਦਾ ਹੈਂ। ਮੈਨੂੰ ਤੈਥੋਂ ਬਿਨਾ ਕੋਈ ਬੇਲੀ ਨਹੀਂ ਦਿੱਸਦਾ, ਆਖ਼ਰ ਤੂੰ ਹੀ ਸਾਥੀ ਹੋ ਕੇ ਪੁਕਾਰਦਾ ਹੈਂ, ਜੋ ਜੋ ਜੀਵ ਤੇਰੀ ਸਰਨ ਆਉਂਦਾ ਹੈ ਉਹਨਾਂ ਨੂੰ (ਹਉਮੈ ਦੇ ਗੇੜ ਤੋਂ) ਬਚਾ ਲੈਂਦਾ ਹੈਂ।

ਹੇ ਨਾਨਕ! ਪ੍ਰਭੂ ਆਪ ਬੇ-ਮੁਥਾਜ ਹੈ, ਉਸ ਨੂੰ ਰਤਾ ਭੀ ਕੋਈ ਲਾਲਚ ਨਹੀਂ ਹੈ।੨੦।੧।

ਰਾਗੁ ਸੂਹੀ ਬਾਣੀ ਸ੍ਰੀ ਕਬੀਰ ਜੀਉ ਤਥਾ ਸਭਨਾ ਭਗਤਾ ਕੀ ॥ ਕਬੀਰ ਕੇ    ੴ ਸਤਿਗੁਰ ਪ੍ਰਸਾਦਿ ॥ ਅਵਤਰਿ ਆਇ ਕਹਾ ਤੁਮ ਕੀਨਾ ॥ ਰਾਮ ਕੋ ਨਾਮੁ ਨ ਕਬਹੂ ਲੀਨਾ ॥੧॥ ਰਾਮ ਨ ਜਪਹੁ ਕਵਨ ਮਤਿ ਲਾਗੇ ॥ ਮਰਿ ਜਇਬੇ ਕਉ ਕਿਆ ਕਰਹੁ ਅਭਾਗੇ ॥੧॥ ਰਹਾਉ ॥ ਦੁਖ ਸੁਖ ਕਰਿ ਕੈ ਕੁਟੰਬੁ ਜੀਵਾਇਆ ॥ ਮਰਤੀ ਬਾਰ ਇਕਸਰ ਦੁਖੁ ਪਾਇਆ ॥੨॥ ਕੰਠ ਗਹਨ ਤਬ ਕਰਨ ਪੁਕਾਰਾ ॥ ਕਹਿ ਕਬੀਰ ਆਗੇ ਤੇ ਨ ਸੰਮ੍ਹ੍ਹਾਰਾ ॥੩॥੧॥ {ਪੰਨਾ 792}

ਪਦਅਰਥ: ਅਵਤਰਿ = ਉਤਰ ਕੇ, ਅਵਤਾਰ ਲੈ ਕੇ, ਜਨਮ ਲੈ ਕੇ। ਆਇ = (ਜਗਤ ਵਿਚ) ਆ ਕੇ, (ਮਨੁੱਖਾ ਜਨਮ ਵਿਚ) ਆ ਕੇ। ਕਹਾ = ਕੀਹ? ਕੋ = ਦਾ। ਕਬਹੂ = ਕਦੇ ਭੀ।੧।

ਨ ਜਪਹੁ = ਤੂੰ ਨਹੀਂ ਸਿਮਰਦਾ। ਮਰਿ ਜਇਬੇ ਕਉ = ਮਰਨ ਵੇਲੇ ਲਈ। ਕਰਹੁ = ਤੁਸੀ ਕਰ ਰਹੇ ਹੋ। ਅਭਾਗੇ = ਹੇ ਭਾਗ = ਹੀਣ!ਰਹਾਉ।

ਦੁਖ ਸੁਖ ਕਰਿ ਕੈ = ਔਖ ਸੌਖ ਸਹਾਰ ਕੇ, ਕਈ ਤਰ੍ਹਾਂ ਦੀਆਂ ਔਖਿਆਈਆਂ ਸਹਿ ਕੇ। ਜੀਵਾਇਆ = ਪਾਲਿਆ। ਇਕਸਰ = ਇਕੱਲਿਆਂ ਹੀ।੨।

ਕੰਠ ਗਹਨ– ਗਲੋਂ ਫੜਨ (ਵੇਲੇ) ਕਰਨ ਪੁਕਾਰਾ = ਪੁਕਾਰਾਂ ਕਰਨ ਦਾ (ਕੀਹ ਲਾਭ?) ਕਹਿ = ਕਹੇ, ਆਖਦਾ ਹੈ। ਆਗੇ ਤੇ = ਮਰਨ ਤੋਂ ਪਹਿਲਾਂ ਹੀ। ਸੰਮ੍ਹ੍ਹਾਰਾ = ਯਾਦ ਕੀਤਾ।੩।

ਅਰਥ: (ਹੇ ਭਾਈ!) ਤੂੰ ਪਰਮਾਤਮਾ ਦਾ ਨਾਮ (ਤਾਂ) ਕਦੇ ਸਿਮਰਿਆ ਨਹੀਂ, ਫਿਰ ਜਗਤ ਵਿਚ ਆ ਕੇ ਜਨਮ ਲੈ ਕੇ ਤੂੰ ਕੀਹ ਕੀਤਾ? (ਭਾਵ, ਤੂੰ ਕੁਝ ਭੀ ਨਾਹ ਖੱਟਿਆ) ੧।

ਹੇ ਭਾਗ-ਹੀਣ ਬੰਦੇ! ਤੂੰ ਮਰਨ ਦੇ ਵੇਲੇ ਲਈ ਕੀਹ ਤਿਆਰੀ ਕਰ ਰਿਹਾ ਹੈਂ? ਤੂੰ ਪ੍ਰਭੂ ਦਾ ਨਾਮ ਨਹੀਂ ਸਿਮਰਦਾ, ਕਿਹੜੀ (ਕੋਝੀ) ਮੱਤੇ ਲੱਗਾ ਹੋਇਆ ਹੈਂ?ਰਹਾਉ।

ਕਈ ਤਰ੍ਹਾਂ ਦੀਆਂ ਔਖਿਆਈਆਂ ਸਹਾਰ ਕੇ ਤੂੰ (ਸਾਰੀ ਉਮਰ) ਕੁਟੰਬ ਹੀ ਪਾਲਦਾ ਰਿਹਾ, ਪਰ ਮਰਨ ਵੇਲੇ ਤੈਨੂੰ ਇਕੱਲਿਆਂ ਹੀ (ਆਪਣੀਆਂ ਗ਼ਲਤੀਆਂ ਬਦਲੇ) ਦੁੱਖ ਸਹਾਰਨਾ ਪਿਆ (ਭਾਵ, ਪਏਗਾ) ੨।

ਕਬੀਰ ਆਖਦਾ ਹੈ-(ਜਦੋਂ ਜਮਾਂ ਨੇ ਤੈਨੂੰ) ਗਲੋਂ ਆ ਫੜਿਆ (ਭਾਵ, ਜਦੋਂ ਮੌਤ ਸਿਰ ਤੇ ਆ ਗਈ) , ਤਦੋਂ ਰੋਣ ਪੁਕਾਰਨ (ਤੋਂ ਕੋਈ ਲਾਭ ਨਹੀਂ ਹੋਵੇਗਾ) ; (ਉਹ ਵੇਲਾ ਆਉਣ ਤੋਂ) ਪਹਿਲਾਂ ਹੀ ਕਿਉਂ ਤੂੰ ਪਰਮਾਤਮਾ ਨੂੰ ਯਾਦ ਨਹੀਂ ਕਰਦਾ?੩।੧।

ਸ਼ਬਦ ਦਾ ਭਾਵ: ਸਿਮਰਨ ਤੋਂ ਬਿਨਾ ਜੀਵਨ ਅਜਾਈਂ ਜਾਂਦਾ ਹੈ। ਮੌਤ ਆਇਆਂ ਪਛਤਾਣ ਦਾ ਕੋਈ ਲਾਭ ਨਹੀਂ ਹੁੰਦਾ। ਪਹਿਲਾਂ ਹੀ ਵੇਲੇ ਸਿਰ ਸੰਭਲਣਾ ਚਾਹੀਦਾ ਹੈ।

ਸੂਹੀ ਕਬੀਰ ਜੀ ॥ ਥਰਹਰ ਕੰਪੈ ਬਾਲਾ ਜੀਉ ॥ ਨਾ ਜਾਨਉ ਕਿਆ ਕਰਸੀ ਪੀਉ ॥੧॥ ਰੈਨਿ ਗਈ ਮਤ ਦਿਨੁ ਭੀ ਜਾਇ ॥ ਭਵਰ ਗਏ ਬਗ ਬੈਠੇ ਆਇ ॥੧॥ ਰਹਾਉ ॥ ਕਾਚੈ ਕਰਵੈ ਰਹੈ ਨ ਪਾਨੀ ॥ ਹੰਸੁ ਚਲਿਆ ਕਾਇਆ ਕੁਮਲਾਨੀ ॥੨॥ ਕੁਆਰ ਕੰਨਿਆ ਜੈਸੇ ਕਰਤ ਸੀਗਾਰਾ ॥ ਕਿਉ ਰਲੀਆ ਮਾਨੈ ਬਾਝੁ ਭਤਾਰਾ ॥੩॥ ਕਾਗ ਉਡਾਵਤ ਭੁਜਾ ਪਿਰਾਨੀ ॥ ਕਹਿ ਕਬੀਰ ਇਹ ਕਥਾ ਸਿਰਾਨੀ ॥੪॥੨॥ {ਪੰਨਾ 792}

ਪਦਅਰਥ: ਥਰਹਰ ਕੰਪੈ = ਥਰ ਥਰ ਕੰਬਦਾ ਹੈ, ਬਹੁਤ ਸਹਿਮਿਆ ਹੋਇਆ ਹੈ। ਬਾਲਾ ਜੀਉ = ਅੰਞਾਣੀ ਜਿੰਦ। ਨਾ ਜਾਨਉ = ਮੈਨੂੰ ਪਤਾ ਨਹੀਂ, ਮੈਂ ਨਹੀਂ ਜਾਣਦਾ। ਪੀਉ = ਪਤੀ = ਪ੍ਰਭੂ।੧।

ਰੈਨਿ = ਰਾਤ, ਜੁਆਨੀ ਦੀ ਉਮਰ ਜਦੋਂ ਕੇਸ ਕਾਲੇ ਹੁੰਦੇ ਹਨ। ਦਿਨੁ = ਬੁਢੇਪੇ ਦਾ ਸਮਾ ਜਦੋਂ ਕੇਸ ਚਿੱਟੇ ਹੋ ਗਏ। ਭਵਰ = ਭਵਰ ਵਰਗੇ ਕਾਲੇ ਕੇਸ। ਬਗ = ਬਗਲੇ ਵਰਗੇ ਚਿਟੇ ਕੇਸ।੧।ਰਹਾਉ।

ਕਾਚੈ ਕਰਵੈ = ਕੱਚੇ ਕੁੱਜੇ ਵਿਚ। ਹੰਸੁ = ਜੀਵ = ਆਤਮਾ। ਕਾਇਆ = ਸਰੀਰ।੨।

ਕੁਆਰ = ਕੁਆਰੀ। ਕੰਨਿਆ = ਕੁੜੀ। ਰਲੀਆ = ਅਨੰਦ। ਬਾਝੁ = ਬਿਨਾ।੩।

ਕਾਗ ਉਡਾਵਤ = (ਉਡੀਕ ਵਿਚ) ਕਾਂ ਉਡਾਉਂਦਿਆਂ। ਭੁਜਾ = ਬਾਂਹ। ਪਿਰਾਨੀ = ਥਕ ਗਈ ਹੈ। ਕਥਾ = ਉਮਰ ਦੀ ਕਹਾਣੀ (ਭਾਵ, ਉਮਰ) ਸਿਰਾਨੀ = ਮੁੱਕ ਚੱਲੀ ਹੈ।੪।

ਅਰਥ: (ਮੇਰੇ) ਕਾਲੇ ਕੇਸ ਚਲੇ ਗਏ ਹਨ (ਉਹਨਾਂ ਦੇ ਥਾਂ) ਧੌਲੇ ਆ ਗਏ ਹਨ। (ਪਰਮਾਤਮਾ ਦਾ ਨਾਮ ਜਪਣ ਤੋਂ ਬਿਨਾ ਹੀ ਮੇਰੀ) ਜੁਆਨੀ ਦੀ ਉਮਰ ਲੰਘ ਗਈ ਹੈ। (ਮੈਨੂੰ ਹੁਣ ਇਹ ਡਰ ਹੈ ਕਿ) ਕਿਤੇ (ਇਸੇ ਤਰ੍ਹਾਂ) ਬੁਢੇਪਾ ਭੀ ਨਾਹ ਲੰਘ ਜਾਏ।੧।ਰਹਾਉ।

(ਇਤਨੀ ਉਮਰ ਭਗਤੀ ਤੋਂ ਬਿਨਾ ਲੰਘ ਜਾਣ ਕਰਕੇ ਹੁਣ) ਮੇਰੀ ਅੰਞਾਣ ਜਿੰਦ ਬਹੁਤ ਸਹਿਮੀ ਹੋਈ ਹੈ ਕਿ ਪਤਾ ਨਹੀਂ ਪਤੀ ਪ੍ਰਭੂ (ਮੇਰੇ ਨਾਲ) ਕੀਹ ਸਲੂਕ ਕਰੇਗਾ।੧।

(ਹੁਣ ਤਕ ਬੇ-ਪਰਵਾਹੀ ਵਿਚ ਖ਼ਿਆਲ ਹੀ ਨਾਹ ਕੀਤਾ ਕਿ ਇਹ ਸਰੀਰ ਤਾਂ ਕੱਚੇ ਭਾਂਡੇ ਵਾਂਗ ਹੈ) ਕੱਚੇ ਕੁੱਜੇ ਵਿਚ ਪਾਣੀ ਟਿਕਿਆ ਨਹੀਂ ਰਹਿ ਸਕਦਾ (ਸੁਆਸ ਬੀਤਦੇ ਗਏ, ਹੁਣ) ਸਰੀਰ ਕੁਮਲਾ ਰਿਹਾ ਹੈ ਤੇ (ਜੀਵ-) ਭੌਰ ਉਡਾਰੀ ਮਾਰਨ ਨੂੰ ਤਿਆਰ ਹੈ (ਪਰ ਆਪਣਾ ਕੁੱਝ ਭੀ ਨਾਹ ਸਵਾਰਿਆ) ੨।

ਜਿਵੇਂ ਕੁਆਰੀ ਲੜਕੀ ਸ਼ਿੰਗਾਰ ਕਰਦੀ ਰਹੇ, ਪਤੀ ਮਿਲਣ ਤੋਂ ਬਿਨਾ (ਇਹਨਾਂ ਸ਼ਿੰਗਾਰਾਂ ਦਾ) ਉਸ ਨੂੰ ਕੋਈ ਅਨੰਦ ਨਹੀਂ ਆ ਸਕਦਾ, (ਤਿਵੇਂ ਮੈਂ ਭੀ ਸਾਰੀ ਉਮਰ ਨਿਰੇ ਸਰੀਰ ਦੀ ਖ਼ਾਤਰ ਹੀ ਆਹਰ-ਪਾਹਰ ਕੀਤੇ, ਪ੍ਰਭੂ ਨੂੰ ਵਿਸਾਰਨ ਕਰਕੇ ਕੋਈ ਆਤਮਕ ਸੁਖ ਨਾਹ ਮਿਲਿਆ) ੩।

ਕਬੀਰ ਆਖਦਾ ਹੈ-(ਹੇ ਪਤੀ-ਪ੍ਰਭੂ! ਹੁਣ ਤਾਂ ਆ ਮਿਲ, ਤੇਰੀ ਉਡੀਕ ਵਿਚ) ਕਾਂ ਉਡਾਂਦਿਆਂ ਮੇਰੀ ਬਾਂਹ ਭੀ ਥੱਕ ਗਈ ਹੈ, (ਤੇ ਉਧਰੋਂ ਮੇਰੀ ਉਮਰ ਦੀ) ਕਹਾਣੀ ਹੀ ਮੁੱਕਣ ਤੇ ਆ ਗਈ ਹੈ।੪।੨।

ਸ਼ਬਦ ਦਾ ਭਾਵ: ਸਿਮਰਨ ਤੋਂ ਬਿਨਾ ਉਮਰ ਗੰਵਾ ਕੇ ਆਖ਼ਰ ਪਛਤਾਣਾ ਪੈਂਦਾ ਹੈ ਕਿ ਅਗਾਂਹ ਕੀਹ ਬਣੇਗਾ।

ਸੂਹੀ ਕਬੀਰ ਜੀਉ ॥ ਅਮਲੁ ਸਿਰਾਨੋ ਲੇਖਾ ਦੇਨਾ ॥ ਆਏ ਕਠਿਨ ਦੂਤ ਜਮ ਲੇਨਾ ॥ ਕਿਆ ਤੈ ਖਟਿਆ ਕਹਾ ਗਵਾਇਆ ॥ ਚਲਹੁ ਸਿਤਾਬ ਦੀਬਾਨਿ ਬੁਲਾਇਆ ॥੧॥ ਚਲੁ ਦਰਹਾਲੁ ਦੀਵਾਨਿ ਬੁਲਾਇਆ ॥ ਹਰਿ ਫੁਰਮਾਨੁ ਦਰਗਹ ਕਾ ਆਇਆ ॥੧॥ ਰਹਾਉ ॥ਕਰਉ ਅਰਦਾਸਿ ਗਾਵ ਕਿਛੁ ਬਾਕੀ ॥ ਲੇਉ ਨਿਬੇਰਿ ਆਜੁ ਕੀ ਰਾਤੀ ॥ ਕਿਛੁ ਭੀ ਖਰਚੁ ਤੁਮ੍ਹ੍ਹਾਰਾ ਸਾਰਉ ॥ ਸੁਬਹ ਨਿਵਾਜ ਸਰਾਇ ਗੁਜਾਰਉ ॥੨॥ ਸਾਧਸੰਗਿ ਜਾ ਕਉ ਹਰਿ ਰੰਗੁ ਲਾਗਾ ॥ ਧਨੁ ਧਨੁ ਸੋ ਜਨੁ ਪੁਰਖੁ ਸਭਾਗਾ ॥ ਈਤ ਊਤ ਜਨ ਸਦਾ ਸੁਹੇਲੇ ॥ ਜਨਮੁ ਪਦਾਰਥੁ ਜੀਤਿ ਅਮੋਲੇ ॥੩॥ ਜਾਗਤੁ ਸੋਇਆ ਜਨਮੁ ਗਵਾਇਆ ॥ ਮਾਲੁ ਧਨੁ ਜੋਰਿਆ ਭਇਆ ਪਰਾਇਆ ॥ ਕਹੁ ਕਬੀਰ ਤੇਈ ਨਰ ਭੂਲੇ ॥ ਖਸਮੁ ਬਿਸਾਰਿ ਮਾਟੀ ਸੰਗਿ ਰੂਲੇ ॥੪॥੩॥ {ਪੰਨਾ 792}

ਪਦਅਰਥ: ਅਮਲੁ = ਅਮਲ ਦਾ ਸਮਾ, ਮੁਲਾਜ਼ਮਤ ਦੇ ਕੰਮ ਦਾ ਸਮਾ, ਜ਼ਿੰਦਗੀ = ਰੂਪ ਮੁਲਾਜ਼ਮਤ ਦੇ ਕੰਮ ਦਾ ਸਮਾ। ਸਿਰਾਨੋ = ਬੀਤ ਗਿਆ ਹੈ। ਕਠਿਨ = ਕਰੜੇ। ਕਹਾ = ਕਿੱਥੇ? ਸਿਤਾਬ = ਛੇਤੀ। ਦੀਬਾਨਿ = ਦੀਵਾਨ ਨੇ, ਧਰਮ = ਰਾਜ ਨੇ।੧।

ਦਰਹਾਲੁ = ਹੁਣੇ। ਫੁਰਮਾਨੁ = ਹੁਕਮ।੧।ਰਹਾਉ।

ਕਰਉ = ਕਰਉਂ, ਮੈਂ ਕਰਦਾ ਹਾਂ। ਗਾਵ = ਪਿੰਡ। ਲੇਉ ਨਿਬੇਰਿ = ਲੇਉਂ ਨਿਬੇਰਿ, ਮੁਕਾ ਲਵਾਂਗਾ। ਸਾਰਉ = ਮੈਂ ਪ੍ਰਬੰਧ ਕਰਾਂਗਾ।੨।

ਰੰਗੁ = ਪਿਆਰ। ਸਭਾਗਾ = ਭਾਗਾਂ ਵਾਲਾ। ਈਤ ਊਤ = ਲੋਕ = ਪਰਲੋਕ ਵਿਚ।੩।

ਰੂਲੇ = ਰੁਲ ਗਏ।੪।

ਅਰਥ: (ਹੇ ਜੀਵ! ਜਗਤ ਵਿਚ) ਮੁਲਾਜ਼ਮਤ ਦਾ ਸਮਾ (ਭਾਵ, ਉਮਰ ਦਾ ਨਿਯਤ ਸਮਾ) ਲੰਘ ਗਿਆ ਹੈ, (ਇੱਥੇ ਜੇ ਕੁਝ ਕਰਦਾ ਰਿਹਾ ਹੈਂ) ਉਸ ਦਾ ਹਿਸਾਬ ਦੇਣਾ ਪਏਗਾ; ਕਰੜੇ ਜਮ-ਦੂਤ ਲੈਣ ਆ ਗਏ ਹਨ। (ਉਹ ਆਖਣਗੇ-) ਛੇਤੀ ਚੱਲ, ਧਰਮਰਾਜ ਨੇ ਸੱਦਿਆ ਹੈ। ਇੱਥੇ ਰਹਿ ਕੇ ਤੂੰ ਕੀਹ ਖੱਟੀ ਖੱਟੀ ਹੈ, ਤੇ ਕਿੱਥੇ ਗਵਾਇਆ ਹੈ?੧।

ਛੇਤੀ ਚੱਲ, ਧਰਮ-ਰਾਜ ਨੇ ਸੱਦਿਆ ਹੈ; ਪ੍ਰਭੂ ਦੀ ਦਰਗਾਹ ਦਾ ਹੁਕਮ ਆਇਆ ਹੈ।੧।ਰਹਾਉ।

ਮੈਂ ਬੇਨਤੀ ਕਰਦਾ ਹਾਂ ਕਿ ਕੁਝ ਪਿੰਡ ਦਾ ਹਿਸਾਬ-ਕਿਤਾਬ ਰਹਿ ਗਿਆ ਹੈ, (ਜੇ ਆਗਿਆ ਦੇਵੋ) ਤਾਂ ਮੈਂ ਅੱਜ ਰਾਤ ਹੀ ਉਹ ਹਿਸਾਬ ਮੁਕਾ ਲਵਾਂਗਾ, ਕੁਝ ਤੁਹਾਡੇ ਲਈ ਭੀ ਖ਼ਰਚ ਦਾ ਪ੍ਰਬੰਧ ਕਰ ਲਵਾਂਗਾ, ਤੇ ਸਵੇਰ ਦੀ ਨਿਮਾਜ਼ ਰਾਹ ਵਿਚ ਪੜ੍ਹ ਲਵਾਂਗਾ (ਭਾਵ, ਬਹੁਤ ਸਵਖਤੇ ਹੀ ਤੁਹਾਡੇ ਨਾਲ ਤੁਰ ਪਵਾਂਗਾ) ੨।

ਜਿਸ ਮਨੁੱਖ ਨੂੰ ਸਤਸੰਗ ਵਿਚ ਰਹਿ ਕੇ ਪ੍ਰਭੂ ਦਾ ਪਿਆਰ ਪ੍ਰਾਪਤ ਹੁੰਦਾ ਹੈ, ਉਹ ਮਨੁੱਖ ਧੰਨ ਹੈ, ਭਾਗਾਂ ਵਾਲਾ ਹੈ। ਪ੍ਰਭੂ ਦੇ ਸੇਵਕ ਲੋਕ ਪਰਲੋਕ ਵਿਚ ਸੌਖੇ ਰਹਿੰਦੇ ਹਨ ਕਿਉਂਕਿ ਉਹ ਇਸ ਅਮੋਲਕ ਜਨਮ-ਰੂਪ ਕੀਮਤੀ ਸ਼ੈ ਨੂੰ ਜਿੱਤ ਲੈਂਦੇ ਹਨ।੩।

ਜੋ ਮਨੁੱਖ ਜਾਗਦਾ ਹੀ (ਮਾਇਆ ਦੀ ਨੀਂਦ ਵਿਚ) ਸੁੱਤਾ ਰਹਿੰਦਾ ਹੈ, ਉਹ ਮਨੁੱਖਾ ਜੀਵਨ ਅਜਾਈਂ ਗਵਾ ਲੈਂਦਾ ਹੈ; (ਕਿਉਂਕਿ) ਉਸ ਦਾ ਸਾਰਾ ਮਾਲ ਧਨ ਇਕੱਠਾ ਕੀਤਾ ਹੋਇਆ (ਤਾਂ ਆਖ਼ਰ) ਬਿਗਾਨਾ ਹੋ ਜਾਂਦਾ ਹੈ।

ਹੇ ਕਬੀਰ! ਆਖ-ਉਹ ਮਨੁੱਖ ਖੁੰਝ ਗਏ ਹਨ, ਉਹ ਮਿੱਟੀ ਵਿਚ ਹੀ ਰੁਲ ਗਏ ਹਨ ਜਿਨ੍ਹਾਂ ਨੇ ਪਰਮਾਤਮਾ-ਪਤੀ ਨੂੰ ਵਿਸਾਰਿਆ।੪।੩।

ਸ਼ਬਦ ਦਾ ਭਾਵ: ਮਨੁੱਖ ਆਪਣੇ ਕੰਮ-ਧੰਧੇ ਸਿਰੇ ਚਾੜ੍ਹਨ ਵਿਚ ਇਤਨਾ ਰੁੱਝ ਜਾਂਦਾ ਹੈ ਕਿ ਪਰਮਾਤਮਾ ਨੂੰ ਭੁਲਾ ਹੀ ਦੇਂਦਾ ਹੈ। ਕੰਮ-ਧੰਧਿਆਂ ਦੀ ਉਲਝਣ ਮਰਨ-ਸਮੇ ਤਕ ਬਣੀ ਰਹਿੰਦੀ ਹੈ, ਜੋੜਿਆ ਹੋਇਆ ਧਨ ਭੀ ਇੱਥੇ ਹੀ ਛੱਡਣਾ ਪੈਂਦਾ ਹੈ, ਤੇ ਇਸ ਤਰ੍ਹਾਂ ਸਾਰੀ ਉਮਰ ਅਜਾਈਂ ਹੀ ਗੁਜ਼ਰ ਜਾਂਦੀ ਹੈ।

TOP OF PAGE

Sri Guru Granth Darpan, by Professor Sahib Singh