ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 793

ਸੂਹੀ ਕਬੀਰ ਜੀਉ ਲਲਿਤ ॥ ਥਾਕੇ ਨੈਨ ਸ੍ਰਵਨ ਸੁਨਿ ਥਾਕੇ ਥਾਕੀ ਸੁੰਦਰਿ ਕਾਇਆ ॥ ਜਰਾ ਹਾਕ ਦੀ ਸਭ ਮਤਿ ਥਾਕੀ ਏਕ ਨ ਥਾਕਸਿ ਮਾਇਆ ॥੧॥ ਬਾਵਰੇ ਤੈ ਗਿਆਨ ਬੀਚਾਰੁ ਨ ਪਾਇਆ ॥ ਬਿਰਥਾ ਜਨਮੁ ਗਵਾਇਆ ॥੧॥ ਰਹਾਉ ॥ ਤਬ ਲਗੁ ਪ੍ਰਾਨੀ ਤਿਸੈ ਸਰੇਵਹੁ ਜਬ ਲਗੁ ਘਟ ਮਹਿ ਸਾਸਾ ॥ ਜੇ ਘਟੁ ਜਾਇ ਤ ਭਾਉ ਨ ਜਾਸੀ ਹਰਿ ਕੇ ਚਰਨ ਨਿਵਾਸਾ ॥੨॥ ਜਿਸ ਕਉ ਸਬਦੁ ਬਸਾਵੈ ਅੰਤਰਿ ਚੂਕੈ ਤਿਸਹਿ ਪਿਆਸਾ ॥ ਹੁਕਮੈ ਬੂਝੈ ਚਉਪੜਿ ਖੇਲੈ ਮਨੁ ਜਿਣਿ ਢਾਲੇ ਪਾਸਾ ॥੩॥ ਜੋ ਜਨ ਜਾਨਿ ਭਜਹਿ ਅਬਿਗਤ ਕਉ ਤਿਨ ਕਾ ਕਛੂ ਨ ਨਾਸਾ ॥ ਕਹੁ ਕਬੀਰ ਤੇ ਜਨ ਕਬਹੁ ਨ ਹਾਰਹਿ ਢਾਲਿ ਜੁ ਜਾਨਹਿ ਪਾਸਾ ॥੪॥੪॥ {ਪੰਨਾ 793}

ਨੋਟ: ਇਹ ਸ਼ਬਦ 'ਸੂਹੀ' ਤੇ 'ਲਲਿਤ' ਦੋਹਾਂ ਮਿਲਵੇਂ ਰਾਗਾਂ ਵਿਚ ਗਾਉਣਾ ਹੈ।

ਪਦਅਰਥ: ਸ੍ਰਵਨ = ਕੰਨ। ਸੁਨਿ ਥਾਕੇ = ਸੁਣ ਸੁਣ ਕੇ ਥੱਕ ਗਏ ਹਨ, ਸੁਣਨੋਂ ਰਹਿ ਗਏ, ਕਮਜ਼ੋਰ ਹੋ ਗਏ ਹਨ। ਸੁੰਦਰਿ ਕਾਇਆ = ਸੁਹਣਾ ਸਰੀਰ। ਜਰਾ = ਬੁਢੇਪਾ। ਹਾਕ = ਸੱਦਾ, ਆਵਾਜ਼। ਦੀ = ਦਿੱਤੀ। ਥਾਕਸਿ = ਥੱਕੇਗੀ।੧।

ਬਾਵਰੇ = ਹੇ ਕਮਲੇ! ਤੈ = ਤੂੰ।੧।ਰਹਾਉ।

ਸਰੇਵਹੁ = ਸਿਮਰੋ। ਪ੍ਰਾਨੀ = ਹੇ ਜੀਵ! ਘਟ = ਸਰੀਰ। ਸਾਸਾ = ਪ੍ਰਾਣ। ਘਟੁ ਜਾਇ = ਸਰੀਰ ਨਾਸ ਹੋ ਜਾਏ। ਭਾਉ = (ਪ੍ਰਭੂ ਨਾਲ) ਪਿਆਰ।੨।

ਜਿਸ ਕਉ ਅੰਤਰਿ = ਜਿਸ ਮਨੁੱਖ ਦੇ ਮਨ ਵਿਚ। ਸਬਦੁ = ਸਿਫ਼ਤਿ-ਸਾਲਾਹ ਦੀ ਬਾਣੀ। ਚੂਕੈ = ਮੁੱਕ ਜਾਂਦੀ ਹੈ। ਚਉਪੜਿ = ਜ਼ਿੰਦਗੀ = ਰੂਪ ਚੌਪੜ ਦੀ ਖੇਡ। ਜਿਣਿ = ਜਿੱਤ ਕੇ। ਢਾਲੇ = ਸੁੱਟਦਾ ਹੈ, ਢਾਲਦਾ ਹੈ।੩।

ਜਾਨਿ = ਜਾਣ ਕੇ, ਸਮਝ = ਸੋਚ ਕੇ, ਸਾਂਝ ਬਣਾ ਕੇ। ਭਜਹਿ = ਸਿਮਰਦੇ ਹਨ। ਅਬਿਗਤ = {Skt. अव्यत्तत्र् = Invisible} ਅਦ੍ਰਿਸ਼ਟ ਪ੍ਰਭੂ।੪।

ਅਰਥ: ਹੇ ਕਮਲੇ ਮਨੁੱਖ! ਤੂੰ ਸਾਰੀ ਉਮਰ ਵਿਅਰਥ ਗਵਾ ਲਈ ਹੈ, ਤੂੰ (ਪਰਮਾਤਮਾ ਨਾਲ) ਜਾਣ-ਪਛਾਣ (ਕਰਨ) ਦੀ ਸੂਝ ਪ੍ਰਾਪਤ ਨਹੀਂ ਕੀਤੀ।੧।ਰਹਾਉ।

(ਤੇਰੀਆਂ) ਅੱਖਾਂ ਕਮਜ਼ੋਰ ਹੋ ਚੁਕੀਆਂ ਹਨ, ਕੰਨ ਭੀ (ਹੁਣ) ਸੁਣਨੋਂ ਰਹਿ ਗਏ ਹਨ, ਸੁਹਣਾ ਸਰੀਰ (ਭੀ) ਰਹਿ ਗਿਆ ਹੈ; ਬੁਢੇਪੇ ਨੇ ਆ ਸੱਦ ਮਾਰੀ ਹੈ ਤੇ (ਤੇਰੀ) ਸਾਰੀ ਅਕਲ ਭੀ (ਠੀਕ) ਕੰਮ ਨਹੀਂ ਕਰਦੀ, ਪਰ (ਤੇਰੀ) ਮਾਇਆ ਦੀ ਖਿੱਚ (ਅਜੇ ਤਕ) ਨਹੀਂ ਮੁੱਕੀ।੧।

ਹੇ ਬੰਦੇ! ਜਦੋਂ ਤਕ ਸਰੀਰ ਵਿਚ ਪ੍ਰਾਣ ਚੱਲ ਰਹੇ ਹਨ, ਉਤਨਾ ਚਿਰ ਉਸ ਪ੍ਰਭੂ ਨੂੰ ਹੀ ਸਿਮਰਦੇ ਰਹੋ। (ਉਸ ਨਾਲ ਇਤਨਾ ਪਿਆਰ ਬਣਾਓ ਕਿ) ਜੇ ਸਰੀਰ (ਭੀ) ਨਾਸ ਹੋ ਜਾਏ, ਤਾਂ ਭੀ (ਉਸ ਨਾਲ) ਪਿਆਰ ਨਾਹ ਘਟੇ, ਤੇ ਪ੍ਰਭੂ ਦੇ ਚਰਨਾਂ ਵਿਚ ਮਨ ਟਿਕਿਆ ਰਹੇ।੧।

(ਪ੍ਰਭੂ ਆਪ) ਜਿਸ ਮਨੁੱਖ ਦੇ ਮਨ ਵਿਚ ਆਪਣੀ ਸਿਫ਼ਤਿ-ਸਾਲਾਹ ਦੀ ਬਾਣੀ ਵਸਾਉਂਦਾ ਹੈ, ਉਸ ਦੀ (ਮਾਇਆ ਦੀ) ਤ੍ਰਿਹ ਮਿਟ ਜਾਂਦੀ ਹੈ। ਉਹ ਮਨੁੱਖ ਪ੍ਰਭੂ ਦੀ ਰਜ਼ਾ ਨੂੰ ਸਮਝ ਲੈਂਦਾ ਹੈ (ਰਜ਼ਾ ਵਿਚ ਰਾਜ਼ੀ ਰਹਿਣ ਦਾ) ਚੌਪੜ ਉਹ ਖੇਡਦਾ ਹੈ, ਤੇ ਮਨ ਨੂੰ ਜਿੱਤ ਕੇ ਪਾਸਾ ਸੁੱਟਦਾ ਹੈ (ਭਾਵ, ਮਨ ਨੂੰ ਜਿੱਤਣਾ-ਇਹ ਉਸ ਲਈ ਚੌਪੜ ਦੀ ਖੇਡ ਵਿਚ ਪਾਸਾ ਸੁੱਟਣਾ ਹੈ) ੩।

ਜੋ ਮਨੁੱਖ ਪ੍ਰਭੂ ਨਾਲ ਸਾਂਝ ਬਣਾ ਕੇ ਉਸ ਅਦ੍ਰਿਸ਼ਟ ਨੂੰ ਸਿਮਰਦੇ ਹਨ, ਉਹਨਾਂ ਦਾ ਜੀਵਨ ਅਜਾਈਂ ਨਹੀਂ ਜਾਂਦਾ। ਹੇ ਕਬੀਰ! ਆਖ-ਜੋ ਮਨੁੱਖ (ਸਿਮਰਨ-ਰੂਪ) ਪਾਸਾ ਸੁੱਟਣਾ ਜਾਣਦੇ ਹਨ, ਉਹ ਜ਼ਿੰਦਗੀ ਦੀ ਬਾਜ਼ੀ ਕਦੇ ਹਾਰ ਕੇ ਨਹੀਂ ਜਾਂਦੇ।੪।੪।

ਸ਼ਬਦ ਦਾ ਭਾਵ: ਸਿਮਰਨ ਤੋਂ ਬਿਨਾ ਮਨੁੱਖਾ ਜਨਮ ਦੀ ਬਾਜ਼ੀ ਹਾਰ ਜਾਈਦੀ ਹੈ, ਕਿਉਂਕਿ ਮਾਇਆ ਦਾ ਮੋਹ ਦਿਨੋਂ ਦਿਨ ਵਧਦਾ ਜਾਂਦਾ ਹੈ।

ਸੂਹੀ ਲਲਿਤ ਕਬੀਰ ਜੀਉ ॥ ਏਕੁ ਕੋਟੁ ਪੰਚ ਸਿਕਦਾਰਾ ਪੰਚੇ ਮਾਗਹਿ ਹਾਲਾ ॥ ਜਿਮੀ ਨਾਹੀ ਮੈ ਕਿਸੀ ਕੀ ਬੋਈ ਐਸਾ ਦੇਨੁ ਦੁਖਾਲਾ ॥੧॥ ਹਰਿ ਕੇ ਲੋਗਾ ਮੋ ਕਉ ਨੀਤਿ ਡਸੈ ਪਟਵਾਰੀ ॥ ਊਪਰਿ ਭੁਜਾ ਕਰਿ ਮੈ ਗੁਰ ਪਹਿ ਪੁਕਾਰਿਆ ਤਿਨਿ ਹਉ ਲੀਆ ਉਬਾਰੀ ॥੧॥ ਰਹਾਉ ॥ ਨਉ ਡਾਡੀ ਦਸ ਮੁੰਸਫ ਧਾਵਹਿ ਰਈਅਤਿ ਬਸਨ ਨ ਦੇਹੀ ॥ ਡੋਰੀ ਪੂਰੀ ਮਾਪਹਿ ਨਾਹੀ ਬਹੁ ਬਿਸਟਾਲਾ ਲੇਹੀ ॥੨॥ ਬਹਤਰਿ ਘਰ ਇਕੁ ਪੁਰਖੁ ਸਮਾਇਆ ਉਨਿ ਦੀਆ ਨਾਮੁ ਲਿਖਾਈ ॥ ਧਰਮ ਰਾਇ ਕਾ ਦਫਤਰੁ ਸੋਧਿਆ ਬਾਕੀ ਰਿਜਮ ਨ ਕਾਈ ॥੩॥ ਸੰਤਾ ਕਉ ਮਤਿ ਕੋਈ ਨਿੰਦਹੁ ਸੰਤ ਰਾਮੁ ਹੈ ਏਕ॥ ਕਹੁ ਕਬੀਰ ਮੈ ਸੋ ਗੁਰੁ ਪਾਇਆ ਜਾ ਕਾ ਨਾਉ ਬਿਬੇਕ॥੪॥੫॥ {ਪੰਨਾ 793}

ਪਦਅਰਥ: ਕੋਟੁ = ਕਿਲ੍ਹਾ। ਸਿਕਦਾਰ = ਚੌਧਰੀ। ਪੰਚ = ਕਾਮਾਦਿਕ ਪੰਜ ਵਿਕਾਰ। ਹਾਲਾ = ਹਲ ਦੀ ਕਮਾਈ ਉੱਤੇ ਸਰਕਾਰੀ ਵਸੂਲੀ, ਮਾਮਲਾ। ਦੁਖਾਲਾ = ਦੁਖਦਾਈ, ਔਖਾ।੧।

ਹਰਿ ਕੇ ਲੋਗਾ = ਹੇ ਸੰਤ ਜਨੋ! ਮੋ ਕਉ = ਮੈਨੂੰ। ਨੀਤਿ = ਸਦਾ। ਡਸੈ = ਡੰਗ ਮਾਰਦਾ ਹੈ, ਡਰਾਉਂਦਾ ਹੈ। ਪਟਵਾਰੀ = ਮਾਮਲੇ ਦਾ ਹਿਸਾਬ ਬਣਾਉਣ ਵਾਲਾ, ਕੀਤੇ ਕਰਮਾਂ ਦਾ ਲੇਖਾ ਰੱਖਣ ਵਾਲਾ, ਧਰਮ-ਰਾਜ। ਭੁਜਾ = ਬਾਂਹ। ਪਹਿ = ਪਾਸ, ਕੋਲ। ਤਿਨਿ = ਉਸ (ਗੁਰੂ) ਨੇ। ਹਉ = ਮੈਨੂੰ।੧।ਰਹਾਉ।

ਨਉ = ਕੰਨ ਨੱਕ ਆਦਿਕ ਨੌ ਸੋਤਰ। ਡਾਡੀ = ਜਰੀਬ = ਕਸ਼ (ਜ਼ਮੀਨ ਨੂੰ ਮਾਪਣ ਵਾਲੇ) ਦਸ = ਪੰਜ ਗਿਆਨ = ਇੰਦ੍ਰੇ ਤੇ ਪੰਜ ਕਰਮ = ਇੰਦ੍ਰੇ। ਮੁੰਸਫ = ਨਿਆਂ ਕਰਨ ਵਾਲੇ। ਧਾਵਹਿ = ਦੌੜ ਕੇ ਆਉਂਦੇ ਹਨ। ਰਈਅਤਿ = ਪਰਜਾ, ਭਲੇ ਗੁਣ। ਡੋਰੀ = ਜਰੀਬ। ਬਹੁ = ਬਹੁਤੀ। ਬਿਸਟਾਲਾ = {विष्टा} ਗੰਦ ਦੀ ਕਮਾਈ, ਵੱਢੀ। ਬਹੁ...ਲੇਹੀ = ਆਪਣੇ ਵਿਤੋਂ ਵਧੀਕ ਵਿਸ਼ਿਆਂ ਵਿਚ ਫਸਾਉਂਦੇ ਹਨ (ਇਹਨਾਂ ਗਿਆਨ = ਇੰਦ੍ਰਿਆਂ ਨੂੰ ਕਿਸੇ ਖ਼ਾਸ ਹੱਦ ਵਿਚ ਰਹਿਣ ਲਈ ਹਿਦਾਇਤ ਹੈ। ਪਰ ਇਸ ਹੱਦ ਅੰਦਰ ਰਹਿਣ ਦੇ ਥਾਂ, ਇਨਸਾਫ਼ ਦੀ ਗੱਲ ਦੇ ਥਾਂ ਉਲਟੀ ਬੇਇਨਸਾਫ਼ੀ ਕਰਦੇ ਹਨ) ੨।

ਬਹਤਰਿ ਘਰ = ਬਹੱਤਰ ਕੋਠੜੀਆਂ ਵਾਲਾ ਸਰੀਰ। ਉਨਿ = ਉਸ (ਗੁਰੂ) ਨੇ। ਨਾਮੁ = ਪ੍ਰਭੂ ਦਾ ਨਾਮ। ਲਿਖਾਈ = (ਰਾਹਦਾਰੀ) ਲਿਖ ਕੇ ਦੇ ਦਿੱਤੀ ਹੈ। ਸੋਧਿਆ = ਪੜਤਾਲ ਕੀਤੀ ਹੈ। ਬਾਕੀ = (ਮੇਰੇ ਜ਼ਿੰਮੇ) ਦੇਣ ਵਾਲੀ ਰਕਮ। ਰਿਜਮ = ਰਤਾ ਭੀ।੩।

ਏਕ = (ਨੋਟ: ਅੱਖਰ 'ਕ' ਦੇ ਨਾਲ (ੋ) ਅਤੇ (ੁ) ਦੋਵੇਂ ਲਗਾਂ ਹਨ। ਅਸਲੀ ਲਫ਼ਜ਼ 'ਏਕੁ' ਹੈ, ਇੱਥੇ ਪੜ੍ਹਨਾ ਹੈ 'ਏਕੋ') ਬਿਬੇਕ = ਬਿਬੇਕ = ਰੂਪ, ਪੂਰਨ ਬਿਬੇਕ ਵਾਲਾ, ਪੂਰਨ ਗਿਆਨਵਾਨ।੪।

ਅਰਥ: (ਮਨੁੱਖ ਦਾ ਇਹ ਸਰੀਰ, ਮਾਨੋ,) ਇਕ ਕਿਲ੍ਹਾ ਹੈ, (ਇਸ ਵਿਚ) ਪੰਜ (ਕਾਮਾਦਿਕ) ਚੌਧਰੀ (ਵੱਸਦੇ ਹਨ) , ਪੰਜੇ ਹੀ (ਇਸ ਮਨੁੱਖ ਪਾਸੋਂ) ਮਾਮਲਾ ਮੰਗਦੇ ਹਨ (ਭਾਵ, ਇਹ ਪੰਜੇ ਵਿਕਾਰ ਇਸ ਨੂੰ ਖ਼ੁਆਰ ਕਰਦੇ ਫਿਰਦੇ ਹਨ) । (ਪਰ ਆਪਣੇ ਸਤਿਗੁਰੂ ਦੀ ਕਿਰਪਾ ਨਾਲ) ਮੈਂ (ਇਹਨਾਂ ਪੰਜਾਂ ਵਿਚੋਂ) ਕਿਸੇ ਦਾ ਭੀ ਮੁਜ਼ਾਰਿਆ ਨਹੀਂ ਬਣਿਆ (ਭਾਵ, ਮੈਂ ਕਿਸੇ ਦੇ ਭੀ ਦਬਾ ਵਿਚ ਨਹੀਂ ਆਇਆ) , ਇਸ ਵਾਸਤੇ ਕਿਸੇ ਦਾ ਮਾਮਲਾ ਭਰਨਾ ਮੇਰੇ ਲਈ ਔਖਾ ਹੈ (ਭਾਵ, ਇਹਨਾਂ ਵਿਚੋਂ ਕੋਈ ਵਿਕਾਰ ਮੈਨੂੰ ਕੁਰਾਹੇ ਨਹੀਂ ਪਾ ਸਕਿਆ) ੧।

ਹੇ ਸੰਤ ਜਨੋ! ਮੈਨੂੰ ਮਾਮਲੇ ਦਾ ਹਿਸਾਬ ਬਣਾਉਣ ਵਾਲੇ ਦਾ ਹਰ ਵੇਲੇ ਸਹਿਮ ਰਹਿੰਦਾ ਹੈ (ਭਾਵ, ਮੈਨੂੰ ਹਰ ਵੇਲੇ ਡਰ ਰਹਿੰਦਾ ਹੈ ਕਿ ਕਾਮਾਦਿਕ ਵਿਕਾਰਾਂ ਦਾ ਕਿਤੇ ਜ਼ੋਰ ਪੈ ਕੇ ਮੇਰੇ ਅੰਦਰ ਭੀ ਕੁਕਰਮਾਂ ਦਾ ਲੇਖਾ ਨਾਹ ਬਣਨ ਲੱਗ ਪਏ) , ਸੋ ਮੈਂ ਆਪਣੀ ਬਾਂਹ ਉੱਚੀ ਕਰ ਕੇ (ਆਪਣੇ) ਗੁਰੂ ਅੱਗੇ ਪੁਕਾਰ ਕੀਤੀ ਤੇ ਉਸ ਨੇ ਮੈਨੂੰ (ਇਹਨਾਂ ਤੋਂ) ਬਚਾ ਲਿਆ।੧।ਰਹਾਉ।

(ਮਨੁੱਖਾ-ਸਰੀਰ ਦੇ) ਨੌ (ਸੋਤਰ-) ਜਰੀਬ ਕਸ਼ ਤੇ ਦਸ (ਇੰਦ੍ਰੇ) ਨਿਆਂ ਕਰਨ ਵਾਲੇ (ਮਨੁੱਖ ਦੇ ਜੀਵਨ ਉੱਤੇ ਇਤਨੇ) ਹੱਲਾ ਕਰ ਕੇ ਪੈਂਦੇ ਹਨ ਕਿ (ਮਨੁੱਖ ਦੇ ਅੰਦਰ ਭਲੇ ਗੁਣਾਂ ਦੀ) ਪਰਜਾ ਨੂੰ ਵੱਸਣ ਨਹੀਂ ਦੇਂਦੇ। (ਇਹ ਜਰੀਬ-ਕਸ਼) ਜਰੀਬ ਪੂਰੀ ਨਹੀਂ ਮਾਪਦੇ, ਵਧੀਕ ਵੱਢੀ ਲੈਂਦੇ ਹਨ (ਭਾਵ ਮਨੁੱਖ ਨੂੰ ਵਿਤੋਂ ਵਧੀਕ ਵਿਸ਼ਿਆਂ ਵਿਚ ਫਸਾਉਂਦੇ ਹਨ, ਜਾਇਜ਼ ਹੱਦ ਤੋਂ ਵਧੀਕ ਕਾਮ ਆਦਿਕ ਵਿਚ ਫਸਾ ਦੇਂਦੇ ਹਨ) ੨।

(ਮੈਂ ਆਪਣੇ ਗੁਰੂ ਅੱਗੇ ਪੁਕਾਰ ਕੀਤੀ ਤਾਂ) ਉਸ ਨੇ ਮੈਨੂੰ (ਉਸ ਪਰਮਾਤਮਾ ਦਾ) ਨਾਮ ਰਾਹਦਾਰੀ ਵਜੋਂ ਲਿਖ ਦਿੱਤਾ, ਜੋ ਬਹੱਤਰ-ਘਰੀ ਸਰੀਰ ਦੇ ਅੰਦਰ ਹੀ ਮੌਜੂਦ ਹੈ। (ਸਤਿਗੁਰੂ ਦੀ ਇਸ ਮਿਹਰ ਦਾ ਸਦਕਾ ਜਦੋਂ) ਧਰਮਰਾਜ ਦੇ ਦਫ਼ਤਰ ਦੀ ਪੜਤਾਲ ਕੀਤੀ ਤਾਂ ਮੇਰੇ ਜ਼ਿੰਮੇ ਰਤਾ ਭੀ ਦੇਣਾ ਨਾਹ ਨਿਕਲਿਆ (ਭਾਵ, ਗੁਰੂ ਦੀ ਕਿਰਪਾ ਨਾਲ ਮੇਰੇ ਅੰਦਰੋਂ ਕੁਕਰਮਾਂ ਦਾ ਲੇਖਾ ਉੱਕਾ ਹੀ ਮੁੱਕ ਗਿਆ) ੩।

(ਸੋ, ਹੇ ਭਾਈ! ਇਹ ਬਰਕਤਿ ਸੰਤ ਜਨਾਂ ਦੀ ਸੰਗਤ ਦੀ ਹੈ) ਤੁਸੀ ਕੋਈ ਧਿਰ ਸੰਤਾਂ ਦੀ ਕਦੇ ਨਿੰਦਿਆ ਨਾਹ ਕਰਿਓ, ਸੰਤ ਤੇ ਪਰਮਾਤਮਾ ਇੱਕ-ਰੂਪ ਹਨ। ਹੇ ਕਬੀਰ! ਆਖ-ਮੈਨੂੰ ਭੀ ਉਹੀ ਗੁਰੂ-ਸੰਤ ਹੀ ਮਿਲਿਆ ਹੈ ਜੋ ਪੂਰਨ ਗਿਆਨਵਾਨ ਹੈ।੪।੫।

ਸ਼ਬਦ ਦਾ ਭਾਵ: ਗੁਰੂ ਦੀ ਸ਼ਰਨ ਪੈ ਕੇ ਪ੍ਰਭੂ ਦਾ ਸਿਮਰਨ ਕਰੋ, ਵਿਕਾਰ ਆਪਣਾ ਜ਼ੋਰ ਨਹੀਂ ਪਾ ਸਕਣਗੇ।

ਰਾਗੁ ਸੂਹੀ ਬਾਣੀ ਸ੍ਰੀ ਰਵਿਦਾਸ ਜੀਉ ਕੀ    ੴ ਸਤਿਗੁਰ ਪ੍ਰਸਾਦਿ ॥ ਸਹ ਕੀ ਸਾਰ ਸੁਹਾਗਨਿ ਜਾਨੈ ॥ ਤਜਿ ਅਭਿਮਾਨੁ ਸੁਖ ਰਲੀਆ ਮਾਨੈ ॥ ਤਨੁ ਮਨੁ ਦੇਇ ਨ ਅੰਤਰੁ ਰਾਖੈ ॥ ਅਵਰਾ ਦੇਖਿ ਨ ਸੁਨੈ ਅਭਾਖੈ ॥੧॥ ਸੋ ਕਤ ਜਾਨੈ ਪੀਰ ਪਰਾਈ ॥ ਜਾ ਕੈ ਅੰਤਰਿ ਦਰਦੁ ਨ ਪਾਈ ॥੧॥ ਰਹਾਉ ॥ਦੁਖੀ ਦੁਹਾਗਨਿ ਦੁਇ ਪਖ ਹੀਨੀ ॥ ਜਿਨਿ ਨਾਹ ਨਿਰੰਤਰਿ ਭਗਤਿ ਨ ਕੀਨੀ ॥ ਪੁਰ ਸਲਾਤ ਕਾ ਪੰਥੁ ਦੁਹੇਲਾ ॥ ਸੰਗਿ ਨ ਸਾਥੀ ਗਵਨੁ ਇਕੇਲਾ ॥੨॥ ਦੁਖੀਆ ਦਰਦਵੰਦੁ ਦਰਿ ਆਇਆ ॥ ਬਹੁਤੁ ਪਿਆਸ ਜਬਾਬੁ ਨ ਪਾਇਆ ॥ ਕਹਿ ਰਵਿਦਾਸ ਸਰਨਿ ਪ੍ਰਭ ਤੇਰੀ ॥ ਜਿਉ ਜਾਨਹੁ ਤਿਉ ਕਰੁ ਗਤਿ ਮੇਰੀ ॥੩॥੧॥ {ਪੰਨਾ 793}

ਪਦਅਰਥ: ਸਹ = ਖਸਮ। ਸਾਰ = ਕਦਰ। ਸੁਹਾਗਨਿ = ਸੁਹਾਗ ਵਾਲੀ, ਖਸਮ ਨਾਲ ਪਿਆਰ ਕਰਨ ਵਾਲੀ। ਤਜਿ = ਛੱਡ ਕੇ। ਅੰਤਰੁ = ਵਿੱਥ। ਦੇਇ = ਹਵਾਲੇ ਕਰਦੀ ਹੈ। ਅਭਾਖੈ = ਮੰਦੀ ਪ੍ਰੇਰਨਾ।੧।

ਪਰਾਈ ਪੀਰ = ਹੋਰਨਾਂ (ਗੁਰਮੁਖਿ ਸੁਹਾਗਣਾਂ) ਦੀ ਵਿਛੋੜੇ ਦੀ ਪੀੜ। ਜਾ ਕੈ ਅੰਤਰਿ = ਜਿਸ ਦੇ ਹਿਰਦੇ ਵਿਚ। ਦਰਦੁ = ਪ੍ਰਭੂ = ਪਤੀ ਨਾਲੋਂ ਵਿਛੋੜੇ ਦੀ ਪੀੜ।੧।ਰਹਾਉ।

ਦੁਇ ਪਖ = ਸਹੁਰਾ ਪੇਕਾ, ਲੋਕ ਪਰਲੋਕ। ਹੀਨੀ = ਵਾਂਜੀ ਹੋਈ। ਜਿਨਿ = ਜਿਸ ਨੇ। ਨਾਹ ਭਗਤਿ = ਖਸਮ = ਪ੍ਰਭੂ ਦੀ ਬੰਦਗੀ। ਨਿਰੰਤਰਿ = ਇੱਕ = ਰਸ। ਪੁਰਸਲਾਤ = {ਪੁਲ ਸਿਰਾਤ} ਮੁਸਲਮਾਨੀ ਖ਼ਿਆਲ ਅਨੁਸਾਰ ਇਹ ਪੁਲ ਦੋਜ਼ਕ ਦੀ ਅੱਗ ਉੱਤੇ ਬਣਿਆ ਹੋਇਆ ਹੈ, ਵਾਲ ਜਿੰਨਾ ਬਰੀਕ ਹੈ, ਹਰੇਕ ਨੂੰ ਇਸ ਦੇ ਉੱਤੋਂ ਦੀ ਲੰਘਣਾ ਪੈਂਦਾ ਹੈ। ਦੁਹੇਲਾ = ਔਖਾ।੨।

ਦਰਿ = ਪ੍ਰਭੂ ਦੇ ਦਰ ਤੇ। ਪਿਆਸ = ਦਰਸਨ ਦੀ ਤਾਂਘ। ਜਬਾਬੁ = ਉੱਤਰ। ਗਤਿ = ਉੱਚੀ ਆਤਮਕ ਹਾਲਤ।੩।

ਅਰਥ: ਜਿਸ ਜੀਵ-ਇਸਤ੍ਰੀ ਦੇ ਹਿਰਦੇ ਵਿਚ ਪ੍ਰਭੂ ਤੋਂ ਵਿਛੋੜੇ ਦਾ ਸੱਲ ਨਹੀਂ ਉੱਠਿਆ, ਉਹ ਹੋਰਨਾਂ (ਗੁਰਮੁਖਿ ਸੁਹਾਗਣਾਂ) ਦੇ ਦਿਲ ਦੀ (ਇਹ) ਪੀੜ ਕਿਵੇਂ ਸਮਝ ਸਕਦੀ ਹੈ?੧।ਰਹਾਉ।

ਖਸਮ-ਪ੍ਰਭੂ (ਦੇ ਮਿਲਾਪ) ਦੀ ਕਦਰ ਖਸਮ ਨਾਲ ਪਿਆਰ ਕਰਨ ਵਾਲੀ ਹੀ ਜਾਣਦੀ ਹੈ, ਉਹ ਅਹੰਕਾਰ ਛੱਡ ਕੇ (ਪ੍ਰਭੂ-ਚਰਨਾਂ ਵਿਚ ਜੁੜ ਕੇ ਉਸ ਮਿਲਾਪ ਦਾ) ਸੁਖ-ਆਨੰਦ ਮਾਣਦੀ ਹੈ, ਆਪਣਾ ਤਨ ਮਨ ਖਸਮ-ਪ੍ਰਭੂ ਦੇ ਹਵਾਲੇ ਕਰ ਦੇਂਦੀ ਹੈ, ਪ੍ਰਭੂ-ਪਤੀ ਨਾਲੋਂ (ਕੋਈ) ਵਿੱਥ ਨਹੀਂ ਰੱਖਦੀ; ਨਾਂਹ ਕਿਸੇ ਹੋਰ ਦਾ ਆਸਰਾ ਤੱਕਦੀ ਹੈ, ਤੇ ਨਾਹ ਕਿਸੇ ਦੀ ਮੰਦ ਪ੍ਰੇਰਨਾ ਸੁਣਦੀ ਹੈ।੧।

ਪਰ ਜਿਸ ਜੀਵ-ਇਸਤ੍ਰੀ ਨੇ ਖਸਮ-ਪ੍ਰਭੂ ਦੀ ਬੰਦਗੀ ਇੱਕ-ਰਸ ਨਹੀਂ ਕੀਤੀ, ਉਹ ਛੁੱਟੜ ਦੁਖੀ ਰਹਿੰਦੀ ਹੈ, ਸਹੁਰੇ ਪੇਕੇ (ਲੋਕ ਪਰਲੋਕ) ਦੋਹਾਂ ਥਾਵਾਂ ਤੋਂ ਵਾਂਜੀ ਰਹਿੰਦੀ ਹੈ; ਜੀਵਨ ਦਾ ਇਹ ਰਸਤਾ (ਜੋ) ਪੁਰਸਲਾਤ (ਸਮਾਨ ਹੈ, ਉਸ ਲਈ) ਬੜਾ ਔਖਾ ਹੋ ਜਾਂਦਾ ਹੈ, (ਇਥੇ ਦੁੱਖਾਂ ਵਿਚ) ਕੋਈ ਸੰਗੀ ਕੋਈ ਸਾਥੀ ਨਹੀਂ ਬਣਦਾ, (ਜੀਵਨ-ਸਫ਼ਰ ਦਾ) ਸਾਰਾ ਪੈਂਡਾ ਇਕੱਲਿਆਂ ਹੀ (ਲੰਘਣਾ ਪੈਂਦਾ ਹੈ) ੨।

ਹੇ ਪ੍ਰਭੂ! ਮੈਂ ਦੁਖੀ ਮੈਂ ਦਰਦਵੰਦਾ ਤੇਰੇ ਦਰ ਤੇ ਆਇਆ ਹਾਂ, ਮੈਨੂੰ ਤੇਰੇ ਦਰਸਨ ਦੀ ਬੜੀ ਤਾਂਘ ਹੈ (ਪਰ ਤੇਰੇ ਦਰ ਤੋਂ) ਕੋਈ ਉੱਤਰ ਨਹੀਂ ਮਿਲਦਾ। ਰਵਿਦਾਸ ਆਖਦਾ ਹੈ-ਹੇ ਪ੍ਰਭੂ! ਮੈਂ ਤੇਰੀ ਸ਼ਰਨ ਆਇਆ ਹਾਂ, ਜਿਵੇਂ ਭੀ ਹੋ ਸਕੇ, ਤਿਵੇਂ ਮੇਰੀ ਹਾਲਤ ਸਵਾਰ ਦੇਹ।੩।

ਸ਼ਬਦ ਦਾ ਭਾਵ: ਪਰਮਾਤਮਾ ਦੀ ਭਗਤੀ ਦੀ ਦਾਤਿ ਵਾਸਤੇ ਪ੍ਰਭੂ-ਦਰ ਤੋਂ ਮੰਗ।

ਸੂਹੀ ॥ ਜੋ ਦਿਨ ਆਵਹਿ ਸੋ ਦਿਨ ਜਾਹੀ ॥ ਕਰਨਾ ਕੂਚੁ ਰਹਨੁ ਥਿਰੁ ਨਾਹੀ ॥ ਸੰਗੁ ਚਲਤ ਹੈ ਹਮ ਭੀ ਚਲਨਾ ॥ ਦੂਰਿ ਗਵਨੁ ਸਿਰ ਊਪਰਿ ਮਰਨਾ ॥੧॥ ਕਿਆ ਤੂ ਸੋਇਆ ਜਾਗੁ ਇਆਨਾ ॥ ਤੈ ਜੀਵਨੁ ਜਗਿ ਸਚੁ ਕਰਿ ਜਾਨਾ ॥੧॥ ਰਹਾਉ ॥ ਜਿਨਿ ਜੀਉ ਦੀਆ ਸੁ ਰਿਜਕੁ ਅੰਬਰਾਵੈ ॥ ਸਭ ਘਟ ਭੀਤਰਿ ਹਾਟੁ ਚਲਾਵੈ ॥ ਕਰਿ ਬੰਦਿਗੀ ਛਾਡਿ ਮੈ ਮੇਰਾ ॥ ਹਿਰਦੈ ਨਾਮੁ ਸਮ੍ਹ੍ਹਾਰਿ ਸਵੇਰਾ ॥੨॥ ਜਨਮੁ ਸਿਰਾਨੋ ਪੰਥੁ ਨ ਸਵਾਰਾ ॥ ਸਾਂਝ ਪਰੀ ਦਹ ਦਿਸ ਅੰਧਿਆਰਾ ॥ ਕਹਿ ਰਵਿਦਾਸ ਨਿਦਾਨਿ ਦਿਵਾਨੇ ॥ ਚੇਤਸਿ ਨਾਹੀ ਦੁਨੀਆ ਫਨ ਖਾਨੇ ॥੩॥੨॥ {ਪੰਨਾ 793-794}

ਪਦਅਰਥ: ਜੋ ਦਿਨ = ਜੇਹੜੇ ਦਿਨ। ਜਾਹੀ = ਲੰਘ ਜਾਂਦੇ ਹਨ, ਗੁਜ਼ਰ ਜਾਂਦੇ ਹਨ। ਰਹਨੁ = ਟਿਕਾਣਾ, ਟਿਕਣਾ। ਥਿਰੁ = ਸਦਾ ਦਾ। ਸੰਗੁ = ਸਾਥ। ਗਵਨੁ = ਪੈਂਡਾ, ਮੁਸਾਫ਼ਰੀ। ਦੂਰਿ ਗਵਨੁ = ਦੂਰ ਦਾ ਪੈਂਡਾ। ਮਰਨਾ = ਮੌਤ।੧।

ਕਿਆ = ਕਿਉਂ? ਇਆਨਾ = ਹੇ ਅੰਞਾਣ! ਤੈ = ਤੂੰ। ਜਗਿ = ਜਗਤ ਵਿਚ। ਸਚੁ = ਸਦਾ ਕਾਇਮ ਰਹਿਣ ਵਾਲਾ।੧।ਰਹਾਉ।

ਜਿਨਿ = ਜਿਸ (ਪ੍ਰਭੂ) ਨੇ। ਜੀਉ = ਜਿੰਦ। ਅੰਬਰਾਵੈ = ਅਪੜਾਉਂਦਾ ਹੈ। ਭੀਤਰਿ = ਅੰਦਰ। ਹਾਟੁ = ਹੱਟੀ। ਹਾਟੁ ਚਲਾਵੈ = ਰਿਜ਼ਕ ਦਾ ਪ੍ਰਬੰਧ ਕਰਦਾ ਹੈ। ਸਵੇਰਾ = ਸੁਵਖਤੇ ਹੀ, ਵੇਲੇ ਸਿਰ।੨।

ਸਿਰਾਨੋ = ਗੁਜ਼ਰ ਰਿਹਾ ਹੈ। ਪੰਥੁ = ਜ਼ਿੰਦਗੀ ਦਾ ਰਸਤਾ। ਸਵਾਰਾ = ਸੋਹਣਾ ਬਣਾਇਆ। ਸਾਂਝ = ਸ਼ਾਮ। ਦਹਦਿਸ = ਦਸੀਂ ਪਾਸੀਂ। ਕਹਿ = ਕਹੇ, ਆਖਦਾ ਹੈ। ਨਿਦਾਨਿ = ਓੜਕ ਨੂੰ, ਅੰਤ ਨੂੰ। ਦਿਵਾਨੇ = ਹੇ ਦੀਵਾਨੇ! ਹੇ ਕਮਲੇ! ਫਨਖਾਨੇ = ਫ਼ਨਾਹ ਦਾ ਘਰ, ਨਾਸਵੰਤ।੩।

ਅਰਥ: (ਮਨੁੱਖ ਦੀ ਜ਼ਿੰਦਗੀ ਵਿਚ) ਜੇਹੜੇ ਜੇਹੜੇ ਦਿਨ ਆਉਂਦੇ ਹਨ, ਉਹ ਦਿਨ (ਅਸਲ ਵਿਚ ਨਾਲੋ ਨਾਲ) ਲੰਘਦੇ ਜਾਂਦੇ ਹਨ (ਭਾਵ, ਉਮਰ ਵਿਚੋਂ ਘਟਦੇ ਜਾਂਦੇ ਹਨ) , (ਇਥੋਂ ਹਰੇਕ ਨੇ) ਕੂਚ ਕਰ ਜਾਣਾ ਹੈ (ਕਿਸੇ ਦੀ ਭੀ ਇਥੇ) ਸਦਾ ਦੀ ਰਿਹੈਸ਼ ਨਹੀਂ ਹੈ। ਅਸਾਡਾ ਸਾਥ ਤੁਰਿਆ ਜਾ ਰਿਹਾ ਹੈ, ਅਸਾਂ ਭੀ (ਇਥੋਂ) ਤੁਰ ਜਾਣਾ ਹੈ; ਇਹ ਦੂਰ ਦੀ ਮੁਸਾਫ਼ਰੀ ਹੈ ਤੇ ਮੌਤ ਸਿਰ ਉਤੇ ਖਲੋਤੀ ਹੈ (ਪਤਾ ਨਹੀਂ ਕੇਹੜੇ ਵੇਲੇ ਆ ਜਾਏ) ੧।

ਹੇ ਅੰਞਾਣ! ਹੋਸ਼ ਕਰ। ਤੂੰ ਕਿਉਂ ਸੌਂ ਰਿਹਾ ਹੈਂ? ਤੂੰ ਜਗਤ ਵਿਚ ਇਸ ਜੀਊਣ ਨੂੰ ਸਦਾ ਕਾਇਮ ਰਹਿਣ ਵਾਲਾ ਸਮਝ ਬੈਠਾ ਹੈਂ।੧।ਰਹਾਉ।

(ਤੂੰ ਹਰ ਵੇਲੇ ਰਿਜ਼ਕ ਦੇ ਹੀ ਫ਼ਿਕਰ ਵਿਚ ਰਹਿੰਦਾ ਹੈਂ, ਵੇਖ) ਜਿਸ ਪ੍ਰਭੂ ਨੇ ਜਿੰਦ ਦਿੱਤੀ ਹੈ, ਉਹ ਰਿਜ਼ਕ ਭੀ ਅਪੜਾਉਂਦਾ ਹੈ, ਸਾਰੇ ਸਰੀਰਾਂ ਵਿਚ ਬੈਠਾ ਹੋਇਆ ਉਹ ਆਪ ਰਿਜ਼ਕ ਦਾ ਆਹਰ ਪੈਦਾ ਕਰ ਰਿਹਾ ਹੈ। ਮੈਂ (ਇਤਨਾ ਵੱਡਾ ਹਾਂ) ਮੇਰੀ (ਇਤਨੀ ਮਲਕੀਅਤ ਹੈ) -ਛੱਡ ਇਹ ਗੱਲਾਂ, ਪ੍ਰਭੂ ਦੀ ਬੰਦਗੀ ਕਰ, ਹੁਣ ਵੇਲੇ-ਸਿਰ ਉਸ ਦਾ ਨਾਮ ਆਪਣੇ ਹਿਰਦੇ ਵਿਚ ਸਾਂਭ।੨।

ਉਮਰ ਮੁੱਕਣ ਤੇ ਆ ਰਹੀ ਹੈ, ਪਰ ਤੂੰ ਆਪਣਾ ਰਾਹ ਸੁਚੱਜਾ ਨਹੀਂ ਬਣਾਇਆ; ਸ਼ਾਮ ਪੈ ਰਹੀ ਹੈ, ਦਸੀਂ ਪਾਸੀਂ ਹਨੇਰਾ ਹੀ ਹਨੇਰਾ ਹੋਣ ਵਾਲਾ ਹੈ। ਰਵਿਦਾਸ ਆਖਦਾ ਹੈ-ਹੇ ਕਮਲੇ ਮਨੁੱਖ! ਤੂੰ ਪ੍ਰਭੂ ਨੂੰ ਯਾਦ ਨਹੀਂ ਕਰਦਾ, ਦੁਨੀਆ (ਜਿਸ ਦੇ ਨਾਲ ਤੂੰ ਮਨ ਜੋੜੀ ਬੈਠਾ ਹੈਂ) ਅੰਤ ਨੂੰ ਨਾਸ ਹੋ ਜਾਣ ਵਾਲੀ ਹੈ।੩।੨।

ਨੋਟ: ਆਮ ਤੌਰ ਤੇ ਲਫ਼ਜ਼ "ਨਿਦਾਨਿ" ਨੂੰ ਫ਼ਾਰਸੀ ਦਾ ਲਫ਼ਜ਼ 'ਨਾਦਾਨ' ਸਮਝ ਕੇ ਇਸ ਦਾ ਅਰਥ "ਮੂਰਖ' ਕੀਤਾ ਜਾ ਰਿਹਾ ਹੈ; ਇਸ ਦੇ ਨਾਲ-ਲਗਵਾਂ ਲਫ਼ਜ਼ 'ਦਿਵਾਨੇ' ਭੀ ਕੁਝ ਏਸੇ ਹੀ ਅਰਥ ਵਲ ਮਨ ਦਾ ਝੁਕਾਉ ਪੈਦਾ ਕਰਦਾ ਹੈ। ਪਰ ਇਹ ਗ਼ਲਤ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿਚ ਜਿਥੇ ਕਿਤੇ ਇਹ ਲਫ਼ਜ਼ ਆਉਂਦਾ ਹੈ ਇਸ ਦਾ ਅਰਥ "ਅੰਤ ਨੂੰ, ਆਖ਼ਰ ਨੂੰ" ਕੀਤਾ ਜਾਂਦਾ ਹੈ। ਇਹ ਸੰਸਕ੍ਰਿਤ ਦਾ ਲਫ਼ਜ਼ 'ਨਿਦਾਨ' {निदान} ਹੈ ਜਿਸ ਦਾ ਅਰਥ ਹੈ 'ਅਖ਼ੀਰ, ਅੰਤ' (end, termination) ਵੇਖੋ:

"ਬਿਨੁ ਨਾਵੈ ਪਾਜੁ ਲਹਗੁ ਨਿਦਾਨਿ ॥" {ਬਿਲਾਵਲੁ ਮ: ੩

"ਨਾਨਕ ਏਵ ਨ ਜਾਪਈ ਕੋਈ ਖਾਇ ਨਿਦਾਨਿ ॥" {ਸਲੋਕ ਮ: ੧, ਬਿਲਾਵਲ ਕੀ ਵਾਰ

"ਕਹਿ ਕਬੀਰ ਤੇ ਅੰਤਿ ਬਿਗੂਤੇ ਆਇਆ ਕਾਲੁ ਨਿਦਾਨਾ ॥" {ਬਿਲਾਵਲੁ

ਬਾਕੀ ਰਿਹਾ ਇਹ ਇਤਰਾਜ਼ ਕਿ ਇਹ ਅਰਥ ਕਰਨ ਲੱਗਿਆਂ ਲਫ਼ਜ਼ "ਨਿਦਾਨਿ" ਨੂੰ ਚੁੱਕ ਕੇ ਅਖ਼ੀਰ ਤੇ ਲਫ਼ਜ਼ "ਫ਼ਨਖਾਨੈ" ਨਾਲ ਰਲਾਉਣਾ ਪੈਂਦਾ ਹੈ, ਇਸ 'ਅਨਵੈ' ਵਿਚ ਖਿੱਚ ਜਾਪਦੀ ਹੈ। ਇਸ ਦਾ ਉੱਤਰ ਇਹ ਹੈ ਕਿ ਹਰੇਕ ਕਵੀ ਦੀ ਕਵਿਤਾ ਦਾ ਆਪੋ ਆਪਣਾ ਢੰਗ ਹੈ; ਭਗਤ ਰਵਿਦਾਸ ਜੀ ਇਕ ਹੋਰ ਥਾਂ ਭੀ ਇਹੀ ਤਰੀਕਾ ਵਰਤਦੇ ਹਨ-

"ਨਿੰਦਕੁ ਸੋਧਿ ਸਾਧਿ ਬੀਚਾਰਿਆ ॥

ਕਹੁ ਰਵਿਦਾਸ ਪਾਪੀ ਨਰਕਿ ਸਿਧਾਰਿਆ ॥" {ਗੌਂਡ

ਇਸ ਪਰਮਾਣ ਵਿਚ ਦਾ ਲਫ਼ਜ਼ "ਨਿੰਦਕੁ" ਤੁਕ ਦਾ ਅਰਥ ਕਰਨ ਵੇਲੇ ਅਖ਼ੀਰ ਤੇ ਲਫ਼ਜ਼ "ਪਾਪੀ" ਦੇ ਨਾਲ ਵਰਤਣਾ ਪੈਂਦਾ ਹੈ।

ਸ਼ਬਦ ਦਾ ਭਾਵ: ਜਗਤ ਵਿਚ ਸਦਾ ਨਹੀਂ ਬੈਠ ਰਹਿਣਾ। ਇਸ ਦੇ ਮੋਹ ਵਿਚ ਮਸਤ ਹੋ ਕੇ ਪ੍ਰਭੂ-ਭਗਤੀ ਵਲੋਂ ਗ਼ਾਫ਼ਲ ਨਾਹ ਹੋਵੋ।

TOP OF PAGE

Sri Guru Granth Darpan, by Professor Sahib Singh