ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1104

ਜਉ ਤੁਮ੍ਹ੍ਹ ਮੋ ਕਉ ਦੂਰਿ ਕਰਤ ਹਉ ਤਉ ਤੁਮ ਮੁਕਤਿ ਬਤਾਵਹੁ ॥ ਏਕ ਅਨੇਕ ਹੋਇ ਰਹਿਓ ਸਗਲ ਮਹਿ ਅਬ ਕੈਸੇ ਭਰਮਾਵਹੁ ॥੧॥ ਰਾਮ ਮੋ ਕਉ ਤਾਰਿ ਕਹਾਂ ਲੈ ਜਈ ਹੈ ॥ ਸੋਧਉ ਮੁਕਤਿ ਕਹਾ ਦੇਉ ਕੈਸੀ ਕਰਿ ਪ੍ਰਸਾਦੁ ਮੋਹਿ ਪਾਈ ਹੈ ॥੧॥ ਰਹਾਉ ॥ ਤਾਰਨ ਤਰਨੁ ਤਬੈ ਲਗੁ ਕਹੀਐ ਜਬ ਲਗੁ ਤਤੁ ਨ ਜਾਨਿਆ ॥ ਅਬ ਤਉ ਬਿਮਲ ਭਏ ਘਟ ਹੀ ਮਹਿ ਕਹਿ ਕਬੀਰ ਮਨੁ ਮਾਨਿਆ ॥੨॥੫॥ {ਪੰਨਾ 1104}

ਪਦ ਅਰਥ: ਜਉ = ਜੇ। ਮੋ ਕਉ = ਮੈਨੂੰ। ਦੂਰ ਕਰਤ ਹਉ = ਤੂੰ (ਮੈਨੂੰ) ਆਪਣੇ ਚਰਨਾਂ ਤੋਂ ਵਿਛੋੜ ਦੇਵੇਂ। ਭਰਮਾਵਹੁ = ਮੈਨੂੰ ਭੁਲੇਖੇ ਵਿਚ ਪਾਂਦਾ ਹੈਂ।1।

ਰਾਮ = ਹੇ ਰਾਮ! ਤਾਰਿ = ਤਾਰ ਕੇ। ਕਹਾ = (ਆਪਣੇ ਚਰਨਾਂ ਤੋਂ ਪਰੇ ਹੋਰ) ਕਿੱਥੇ? ਲੈ ਜਈ ਹੈ– ਲੈ ਜਾਏਂਗਾ।1। ਰਹਾਉ।

ਸੋਧਉ = ਸੋਧਉਂ, ਮੈਂ ਪੁੱਛਦਾ ਹਾਂ। ਕੈਸੀ = ਕਿਹੋ ਜਿਹੀ (ਮੁਕਤੀ) ? ਪ੍ਰਸਾਦੁ = ਕਿਰਪਾ। ਮੋਹਿ = ਮੈਂ। ਪਾਈ ਹੈ– ਲੱਭ ਲਈ ਹੈ।1। ਰਹਾਉ।

ਤਾਰਨ = (ਕਿਸੇ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾਣਾ। ਤਰਨੁ = ਤਰਨਾ, ਪਾਰ ਲੰਘਣਾ। ਕਹੀਐ = (ਇਹ ਗੱਲ) ਆਖੀਦੀ ਹੈ। ਤਤੁ = ਸਾਰੇ ਜਗਤ ਦਾ ਮੂਲ-ਪ੍ਰਭੂ। ਨ ਜਾਨਿਆ = ਜਾਣ-ਪਛਾਣ ਨਹੀਂ ਕੀਤੀ, ਸਾਂਝ ਨਹੀਂ ਪਾਈ। ਬਿਮਲ = ਪਵਿੱਤਰ। ਘਟ ਹੀ ਮਹਿ = ਹਿਰਦੇ ਵਿਚ ਹੀ। ਮਾਨਿਆ = ਮੰਨ ਗਿਆ ਹੈ, ਗਿੱਝ ਗਿਆ ਹੈ, ਪਰਚ ਗਿਆ ਹੈ।2।

ਅਰਥ: ਹੇ ਰਾਮ! (ਮੈਂ ਤਾਂ ਅੱਗੇ ਹੀ ਤੇਰੇ ਚਰਨਾਂ ਵਿਚ ਜੁੜਿਆ ਬੈਠਾ ਹਾਂ। ਲੋਕ ਆਖਦੇ ਹਨ ਕਿ ਮਰਨ ਪਿਛੋਂ ਮੁਕਤੀ ਮਿਲਦੀ ਹੈ) ਮੈਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਕੇ ਹੋਰ ਕਿੱਥੇ ਲੈ ਜਾਏਂਗਾ? (ਤੇਰੇ ਚਰਨਾਂ ਵਿਚ ਟਿਕੇ ਰਹਿਣਾ ਹੀ ਮੇਰੇ ਲਈ ਮੁਕਤੀ ਹੈ। ਜੇ ਤੇਰੇ ਚਰਨਾਂ ਵਿਚ ਜੁੜੇ ਰਹਿਣਾ ਮੁਕਤੀ ਨਹੀਂ ਹੈ, ਤਾਂ) ਮੈਂ ਪੁੱਛਦਾ ਹਾਂ = ਉਹ ਮੁਕਤੀ ਕਿਹੋ ਜਿਹੀ ਹੋਵੇਗੀ, ਤੇ ਮੈਨੂੰ ਹੋਰ ਕਿਥੇ ਲੈ ਜਾ ਕੇ ਤੂੰ ਦੇਵੇਂਗਾ? (ਤੇਰੇ ਚਰਨਾਂ ਵਿਚ ਜੁੜੇ ਰਹਿਣ ਵਾਲੀ ਮੁਕਤੀ ਤਾਂ) ਤੇਰੀ ਕਿਰਪਾ ਨਾਲ ਮੈਂ ਅੱਗੇ ਹੀ ਪ੍ਰਾਪਤ ਕੀਤੀ ਹੋਈ ਹੈ।1। ਰਹਾਉ।

ਹੇ ਰਾਮ! ਜੇ ਤੂੰ ਮੈਨੂੰ ਆਪਣੇ ਚਰਨਾਂ ਤੋਂ ਵਿਛੋੜ ਦੇਵੇਂ, ਤਾਂ ਦੱਸ ਹੋਰ ਮੁਕਤੀ ਕੀਹ ਹੈ? ਤੂੰ ਇਕ ਪ੍ਰਭੂ ਅਨੇਕਾਂ ਰੂਪ ਧਾਰ ਕੇ ਸਾਰੇ ਜੀਵਾਂ ਵਿਚ ਵਿਆਪਕ ਹੈਂ (ਮੇਰੇ ਅੰਦਰ ਭੀ ਬੈਠ ਕੇ ਮੈਨੂੰ ਮਿਲਿਆ ਹੋਇਆ ਹੈਂ) । ਹੁਣ ਮੈਨੂੰ ਕਿਸੇ ਹੋਰ ਭੁਲੇਖੇ ਵਿਚ ਕਿਉਂ ਪਾਂਦਾ ਹੈਂ (ਕਿ ਮੁਕਤੀ ਕਿਸੇ ਹੋਰ ਥਾਂ ਕਿਸੇ ਹੋਰ ਕਿਸਮ ਦੀ ਮਿਲੇਗੀ) ?।1।

ਸੰਸਾਰ-ਸਮੁੰਦਰ ਤੋਂ ਪਾਰ ਲੰਘਾਣਾ ਤੇ ਪਾਰ ਲੰਘਣਾ = ਇਹ ਗੱਲ ਤਦ ਤਕ ਹੀ ਕਹੀਦੀ ਹੈ, ਜਦ ਤਕ ਜਗਤ ਦੇ ਮੂਲ-ਪ੍ਰਭੂ ਨਾਲ ਸਾਂਝ ਨਹੀਂ ਪਾਈ ਜਾਂਦੀ। ਕਬੀਰ ਆਖਦਾ ਹੈ– ਮੈਂ ਤਾਂ ਹੁਣ ਹਿਰਦੇ ਵਿਚ ਹੀ (ਤੇਰੇ ਮਿਲਾਪ ਦੀ ਬਰਕਤਿ ਨਾਲ) ਪਵਿੱਤਰ ਹੋ ਚੁਕਾ ਹਾਂ ਮੇਰਾ ਮਨ (ਤੇਰੇ ਨਾਲ ਹੀ) ਪਰਚ ਗਿਆ ਹੈ (ਕਿਸੇ ਹੋਰ ਮੁਕਤੀ ਦੀ ਮੈਨੂੰ ਲੋੜ ਨਹੀਂ ਹੈ) ।2।5।

ਸ਼ਬਦ ਦਾ ਭਾਵ: ਪ੍ਰਭੂ ਦੇ ਚਰਨਾਂ ਵਿਚ ਸਦਾ ਸੁਰਤ ਟਿਕੇ ਰਹਿਣ ਦਾ ਨਾਮ ਹੀ ਮੁਕਤੀ ਹੈ।

ਜਿਨਿ ਗੜ ਕੋਟ ਕੀਏ ਕੰਚਨ ਕੇ ਛੋਡਿ ਗਇਆ ਸੋ ਰਾਵਨੁ ॥੧॥ ਕਾਹੇ ਕੀਜਤੁ ਹੈ ਮਨਿ ਭਾਵਨੁ ॥ ਜਬ ਜਮੁ ਆਇ ਕੇਸ ਤੇ ਪਕਰੈ ਤਹ ਹਰਿ ਕੋ ਨਾਮੁ ਛਡਾਵਨ ॥੧॥ ਰਹਾਉ ॥ ਕਾਲੁ ਅਕਾਲੁ ਖਸਮ ਕਾ ਕੀਨ੍ਹ੍ਹਾ ਇਹੁ ਪਰਪੰਚੁ ਬਧਾਵਨੁ ॥ ਕਹਿ ਕਬੀਰ ਤੇ ਅੰਤੇ ਮੁਕਤੇ ਜਿਨ੍ਹ੍ਹ ਹਿਰਦੈ ਰਾਮ ਰਸਾਇਨੁ ॥੨॥੬॥ {ਪੰਨਾ 1104}

ਪਦ ਅਰਥ: ਜਿਨਿ = ਜਿਸ (ਰਾਵਣ) ਨੇ। ਗੜ ਕੋਟ = ਕਿਲ੍ਹੇ। ਕੰਚਨ = ਸੋਨਾ।1।

ਮਨਿ = ਮਨ ਵਿਚ। ਮਨਿ ਭਾਵਨੁ = ਆਪਣੇ ਮਨ ਵਿਚ (ਪੈਦਾ ਹੋਈ) ਮਰਜ਼ੀ, ਮਨ ਮਰਜ਼ੀ।1। ਰਹਾਉ।

ਅਕਾਲੁ = ਅ-ਕਾਲੁ, ਮੌਤ-ਰਹਿਤ, ਅਮੋੜ। ਪਰਪੰਚੁ = ਜਗਤ। ਬਧਵਨੁ = ਬੰਧਨ। ਕਹਿ = ਕਹੈ, ਆਖਦਾ ਹੈ। ਅੰਤੇ = ਆਖ਼ਰ ਨੂੰ। ਮੁਕਤੇ = ਪਰਪੰਚ-ਰੂਪ ਬੰਧਨ ਤੋਂ ਆਜ਼ਾਦ। ਰਸਾਇਨੁ = ਰਸ-ਅਯਨ, ਰਸਾਂ ਦਾ ਘਰ।2।

ਅਰਥ: ਜਿਸ ਰਾਵਣ ਨੇ ਸੋਨੇ ਦੇ ਕਿਲ੍ਹੇ ਬਣਾਏ (ਦੱਸੀਏ ਹਨ) , ਉਹ ਭੀ (ਉਹ ਕਿਲ੍ਹੇ ਇਥੇ ਹੀ) ਛੱਡ ਗਿਆ।1।

ਹੇ ਭਾਈ! ਕਿਉਂ ਆਪਣੀ ਮਨ-ਮਰਜ਼ੀ ਕਰਦਾ ਹੈਂ? ਜਦੋਂ ਜਮਦੂਤ ਆ ਕੇ ਕੇਸਾਂ ਤੋਂ ਫੜ ਲੈਂਦਾ ਹੈ (ਭਾਵ, ਜਦੋਂ ਮੌਤ ਸਿਰ ਤੇ ਆ ਜਾਂਦੀ ਹੈ) ਉਸ ਵੇਲੇ ਪਰਮਾਤਮਾ ਦਾ ਨਾਮ ਹੀ (ਉਸ ਮੌਤ ਦੇ ਸਹਿਮ ਤੋਂ) ਬਚਾਂਦਾ ਹੈ।1। ਰਹਾਉ।

ਕਬੀਰ ਆਖਦਾ ਹੈ– ਇਹ ਅਮੋੜ ਮੌਤ ਅਤੇ ਬੰਧਨ-ਰੂਪ ਇਹ ਜਗਤ ਪਰਮਾਤਮਾ ਦੇ ਹੀ ਬਣਾਏ ਹੋਏ ਹਨ। ਇਹਨਾਂ ਤੋਂ ਬਚਦੇ ਉਹੀ ਹਨ ਜਿਨ੍ਹਾਂ ਦੇ ਹਿਰਦੇ ਵਿਚ ਸਭ ਰਸਾਂ ਦਾ ਘਰ ਪਰਮਾਤਮਾ ਦਾ ਨਾਮ ਮੌਜੂਦ ਹੈ।2।6।

ਸ਼ਬਦ ਦਾ ਭਾਵ: ਧਨ-ਪਦਾਰਥ ਦੇ ਮਾਣ ਵਿਚ ਆ ਕੇ ਮਨ ਦੀਆਂ ਮੌਜਾਂ ਵਿਚ ਨਹੀਂ ਫਸਣਾ ਚਾਹੀਦਾ। ਇਹਨਾਂ ਨਾਲ ਸਦਾ ਸਾਥ ਨਹੀਂ ਨਿਭਦਾ। ਆਖ਼ਰ ਮੌਤ ਆ ਕੂਕਦੀ ਹੈ। ਮੌਤ ਦੇ ਸਹਿਮ ਤੋਂ ਬਚਾਣ ਵਾਲਾ ਇਕ ਨਾਮ ਹੀ ਹੈ।

ਨੋਟ: ਵੇਖੋ ਰਹਾਉ ਦੀ ਤੁਕ। ਸਧਾਰਨ ਜਿਹਾ ਜ਼ਿਕਰ ਕਰਨ ਵੇਲੇ ਜਮਾਂ ਦਾ ਕੇਸਾਂ ਤੋਂ ਆ ਪਕੜਨ ਦਾ ਮੁਹਾਵਰਾ ਕਬੀਰ ਜੀ ਵਰਤਦੇ ਹਨ। ਕੀ ਇਸ ਦਾ ਭਾਵ ਇਹ ਨਹੀਂ ਕਿ ਕਬੀਰ ਜੀ ਕੇਸਾਧਾਰੀ ਸਨ?

ਦੇਹੀ ਗਾਵਾ ਜੀਉ ਧਰ ਮਹਤਉ ਬਸਹਿ ਪੰਚ ਕਿਰਸਾਨਾ ॥ ਨੈਨੂ ਨਕਟੂ ਸ੍ਰਵਨੂ ਰਸਪਤਿ ਇੰਦ੍ਰੀ ਕਹਿਆ ਨ ਮਾਨਾ ॥੧॥ ਬਾਬਾ ਅਬ ਨ ਬਸਉ ਇਹ ਗਾਉ ॥ ਘਰੀ ਘਰੀ ਕਾ ਲੇਖਾ ਮਾਗੈ ਕਾਇਥੁ ਚੇਤੂ ਨਾਉ ॥੧॥ ਰਹਾਉ ॥ ਧਰਮ ਰਾਇ ਜਬ ਲੇਖਾ ਮਾਗੈ ਬਾਕੀ ਨਿਕਸੀ ਭਾਰੀ ॥ ਪੰਚ ਕ੍ਰਿਸਾਨਵਾ ਭਾਗਿ ਗਏ ਲੈ ਬਾਧਿਓ ਜੀਉ ਦਰਬਾਰੀ ॥੨॥ ਕਹੈ ਕਬੀਰੁ ਸੁਨਹੁ ਰੇ ਸੰਤਹੁ ਖੇਤ ਹੀ ਕਰਹੁ ਨਿਬੇਰਾ ॥ ਅਬ ਕੀ ਬਾਰ ਬਖਸਿ ਬੰਦੇ ਕਉ ਬਹੁਰਿ ਨ ਭਉਜਲਿ ਫੇਰਾ ॥੩॥੭॥ {ਪੰਨਾ 1104}

ਪਦ ਅਰਥ: ਦੇਹੀ = ਸਰੀਰ। ਗਾਵਾ = ਗਾਂਵ, ਨਗਰ। ਜੀਉ = ਜੀਵ, ਆਤਮਾ। ਧਰ ਮਹਤਉ = ਧਰਤੀ ਦਾ ਚੌਧਰੀ। ਕਿਰਸਾਨ = ਮੁਜ਼ਾਰੇ। ਬਸਹਿ = ਵੱਸਦੇ ਹਨ। ਨੈਨੂੰ = ਅੱਖਾਂ। ਨਕਟੂ = ਨੱਕ। ਸ੍ਰਵਨੂ = ਕੰਨ। ਰਸ ਪਤਿ = ਰਸਾਂ ਦਾ ਪਤੀ, ਜੀਭ।1।

ਨ ਬਸਉ = ਨ ਬਸਉਂ, ਮੈਂ ਨਹੀਂ ਵੱਸਾਂਗਾ। ਕਾਇਥੁ = ਕਾਇਸਥ (ਉਧਰ ਆਮ ਤੌਰ ਤੇ ਕਾਇਸਬ ਹੀ ਪੜ੍ਹੇ-ਲਿਖੇ ਤੇ ਪਟਵਾਰੀ ਹੁੰਦੇ ਸਨ) , ਪਟਵਾਰੀ। ਚੇਤੂ = ਚਿੱਤਰ ਗੁਪਤ।1। ਰਹਾਉ।

ਬਾਕੀ = ਉਹ ਰਕਮ ਜੋ ਜ਼ਿੰਮੇ ਨਿਕਲੇ। ਵਾ = ਉਹ। ਦਰਬਾਰੀ = ਦਰਬਾਰੀਆਂ ਨੇ।2।

ਖੇਤ ਹੀ = ਖੇਤ ਵਿਚ ਹੀ, ਇਸੇ ਸਰੀਰ ਵਿਚ ਹੀ, ਇਸੇ ਜਨਮ ਵਿਚ। ਭਉਜਲਿ = ਭਉਜਲ ਵਿਚ, ਸੰਸਾਰ-ਸਮੁੰਦਰ ਵਿਚ।3।

ਅਰਥ: ਹੇ ਬਾਬਾ! ਹੁਣ ਮੈਂ ਇਸ ਪਿੰਡ ਵਿਚ ਨਹੀਂ ਵੱਸਣਾ, ਜਿੱਥੇ ਰਿਹਾਂ ਉਹ ਪਟਵਾਰੀ ਜਿਸ ਦਾ ਨਾਮ ਚਿਤ੍ਰਗੁਪਤ ਹੈ, ਹਰੇਕ ਘੜੀ ਦਾ ਲੇਖਾ ਮੰਗਦਾ ਹੈ।1। ਰਹਾਉ।

ਇਹ ਮਨੁੱਖਾ ਸਰੀਰ (ਮਾਨੋ ਇਕ) ਨਗਰ ਹੈ, ਜੀਵ ਇਸ (ਨਗਰ ਦੀ) ਧਰਤੀ ਦਾ ਚੌਧਰੀ ਹੈ, ਇਸ ਵਿਚ ਪੰਜ ਕਿਸਾਨ ਵੱਸਦੇ ਹਨ– ਅੱਖਾਂ, ਨੱਕ, ਕੰਨ, ਜੀਭ ਤੇ (ਕਾਮ-ਵਾਸ਼ਨਾ ਵਾਲੀ) ਇੰਦ੍ਰੀ। ਇਹ ਪੰਜੇ ਹੀ ਜੀਵ-ਚੌਧਰੀ ਦਾ ਕਿਹਾ ਨਹੀਂ ਮੰਨਦੇ (ਅਮੋੜ ਹਨ) ।1।

(ਜੋ ਜੀਵ ਇਹਨਾਂ ਪੰਜਾਂ ਦੇ ਅਧੀਨ ਹੋ ਕੇ ਰਹਿੰਦਾ ਹੈ) ਜਦੋਂ ਧਰਮਰਾਜ (ਇਸ ਜੀਵਨ ਵਿਚ ਕੀਤੇ ਕੰਮਾਂ ਦਾ) ਹਿਸਾਬ ਮੰਗਦਾ ਹੈ (ਉਸ ਦੇ ਜ਼ਿੰਮੇ) ਬਹੁਤ ਕੁਝ ਦੇਣਾ ਨਿਕਲਦਾ ਹੈ। (ਸਰੀਰ ਢਹਿ ਜਾਣ ਤੇ) ਉਹ ਪੰਜ ਮੁਜ਼ਾਰੇ ਤਾਂ ਭੱਜ ਜਾਂਦੇ ਹਨ ਪਰ ਜੀਵ ਨੂੰ (ਲੇਖਾ ਮੰਗਣ ਵਾਲੇ) ਦਰਬਾਰੀ ਬੰਨ੍ਹ ਲੈਂਦੇ ਹਨ।2।

ਕਬੀਰ ਆਖਦਾ ਹੈ– ਹੇ ਸੰਤ ਜਨੋ! ਸੁਣੋ, ਇਸੇ ਹੀ ਮਨੁੱਖਾ ਜਨਮ ਵਿਚ (ਇਹਨਾਂ ਇੰਦ੍ਰਿਆਂ ਦਾ) ਹਿਸਾਬ ਮੁਕਾਉ (ਤੇ ਪ੍ਰਭੂ ਅੱਗੇ ਨਿੱਤ ਅਰਦਾਸ ਕਰੋ = ਹੇ ਪ੍ਰਭੂ! ਇਸੇ ਹੀ ਵਾਰੀ (ਭਾਵ, ਇਸੇ ਹੀ ਜਨਮ ਵਿਚ) ਮੈਨੂੰ ਆਪਣੇ ਸੇਵਕ ਨੂੰ ਬਖ਼ਸ਼ ਲੈ, ਇਸ ਸੰਸਾਰ-ਸਮੁੰਦਰ ਵਿਚ ਮੇਰਾ ਮੁੜ ਫੇਰ ਨਾਹ ਹੋਵੇ।3।7।

ਸ਼ਬਦ ਦਾ ਭਾਵ: ਅੱਖਾਂ, ਕੰਨ, ਨੱਕ ਆਦਿਕ ਇੰਦ੍ਰੇ ਮਨੁੱਖ ਨੂੰ ਮੁੜ ਮੁੜ ਵਿਕਾਰਾਂ ਵਲ ਪ੍ਰੇਰਦੇ ਹਨ। ਇਹਨਾਂ ਦੀ ਮੰਦੀ ਪ੍ਰੇਰਨਾ ਤੋਂ ਬਚਣ ਲਈ ਇੱਕੋ ਹੀ ਤਰੀਕਾ ਹੈ– ਪਰਮਾਤਮਾ ਦੇ ਦਰ ਤੇ ਨਿੱਤ ਅਰਦਾਸ ਕਰਨੀ ਚਾਹੀਦੀ ਹੈ।

ਰਾਗੁ ਮਾਰੂ ਬਾਣੀ ਕਬੀਰ ਜੀਉ ਕੀ   ੴ ਸਤਿਗੁਰ ਪ੍ਰਸਾਦਿ ॥ ਅਨਭਉ ਕਿਨੈ ਨ ਦੇਖਿਆ ਬੈਰਾਗੀਅੜੇ ॥ ਬਿਨੁ ਭੈ ਅਨਭਉ ਹੋਇ ਵਣਾਹੰਬੈ ॥੧॥ ਸਹੁ ਹਦੂਰਿ ਦੇਖੈ ਤਾਂ ਭਉ ਪਵੈ ਬੈਰਾਗੀਅੜੇ ॥ ਹੁਕਮੈ ਬੂਝੈ ਤ ਨਿਰਭਉ ਹੋਇ ਵਣਾਹੰਬੈ ॥੨॥ ਹਰਿ ਪਾਖੰਡੁ ਨ ਕੀਜਈ ਬੈਰਾਗੀਅੜੇ ॥ ਪਾਖੰਡਿ ਰਤਾ ਸਭੁ ਲੋਕੁ ਵਣਾਹੰਬੈ ॥੩॥ ਤ੍ਰਿਸਨਾ ਪਾਸੁ ਨ ਛੋਡਈ ਬੈਰਾਗੀਅੜੇ ॥ ਮਮਤਾ ਜਾਲਿਆ ਪਿੰਡੁ ਵਣਾਹੰਬੈ ॥੪॥ ਚਿੰਤਾ ਜਾਲਿ ਤਨੁ ਜਾਲਿਆ ਬੈਰਾਗੀਅੜੇ ॥ ਜੇ ਮਨੁ ਮਿਰਤਕੁ ਹੋਇ ਵਣਾਹੰਬੈ ॥੫॥ ਸਤਿਗੁਰ ਬਿਨੁ ਬੈਰਾਗੁ ਨ ਹੋਵਈ ਬੈਰਾਗੀਅੜੇ ॥ ਜੇ ਲੋਚੈ ਸਭੁ ਕੋਇ ਵਣਾਹੰਬੈ ॥੬॥ ਕਰਮੁ ਹੋਵੈ ਸਤਿਗੁਰੁ ਮਿਲੈ ਬੈਰਾਗੀਅੜੇ ॥ ਸਹਜੇ ਪਾਵੈ ਸੋਇ ਵਣਾਹੰਬੈ ॥੭॥ ਕਹੁ ਕਬੀਰ ਇਕ ਬੇਨਤੀ ਬੈਰਾਗੀਅੜੇ ॥ ਮੋ ਕਉ ਭਉਜਲੁ ਪਾਰਿ ਉਤਾਰਿ ਵਣਾਹੰਬੈ ॥੮॥੧॥੮॥ {ਪੰਨਾ 1104}

ਪਦ ਅਰਥ: ਅਨਭਉ = {Skt. AnuBv = Direct perception or cognition} ਝਲਕਾਰਾ, ਆਤਮਕ ਗਿਆਨ। ਕਿਨੈ = ਕਿਸੇ ਮਨੁੱਖ ਨੇ। ਨ ਦੇਖਿਆ = ਪਰਮਾਤਮਾ ਨੂੰ ਇਹਨਾਂ ਅੱਖਾਂ ਨਾਲ ਨਹੀਂ ਵੇਖਿਆ। ਬੈਰਾਗੀਅੜੇ = ਹੇ ਅੰਞਾਣ ਵੈਰਾਗੀ! ਬਿਨੁ ਭੈ = ਸੰਸਾਰਕ ਡਰਾਂ ਤੋਂ ਰਹਿਤ। ਹੋਇ = ਹੁੰਦਾ ਹੈ, ਪਰਗਟ ਹੁੰਦਾ ਹੈ। ਵਣਾਹੰਭੈ = ਇਹ ਲਫ਼ਜ਼ ਛੰਦ ਦੀ ਸਿਰਫ਼ ਪਦ-ਪੂਰਤੀ ਲਈ ਹੈ, ਇਸ ਦਾ ਅਰਥ ਕੋਈ ਨਹੀਂ ਹੈ, ਜਿਵੇਂ 'ਫੁਨਹੇ' ਦੀ ਬਾਣੀ ਵਿਚ ਲਫ਼ਜ਼ 'ਹਰਿਹਾਂ' ਹੈ।1।

ਹਦੂਰਿ = ਹਾਜ਼ਰ-ਨਾਜ਼ਰ, ਅੰਗ-ਸੰਗ। ਭਉ = ਪਰਮਾਤਮਾ ਦਾ ਡਰ। ਪਵੈ = (ਹਿਰਦੇ ਵਿਚ) ਟਿਕਦਾ ਹੈ। ਨਿਰਭਉ = ਦੁਨੀਆ ਦੇ ਡਰਾਂ ਤੋਂ ਰਹਿਤ।2।

ਪਾਖੰਡਿ = ਪਖੰਡ ਵਿਚ। ਰਤਾ = ਰੰਗਿਆ ਹੋਇਆ। ਲੋਕੁ = ਜਗਤ।3।

ਪਾਸੁ = ਪਾਸਾ, ਸਾਥ। ਜਾਲਿਆ = ਸਾੜ ਦਿੱਤਾ ਹੈ। ਪਿੰਡੁ = ਸਰੀਰ।4।

ਜਾਲਿ = ਸਾੜ ਕੇ। ਤਨੁ = ਸਰੀਰ, ਸਰੀਰ ਦਾ ਮੋਹ। ਮਿਰਤਕੁ = ਮੁਰਦਾ, ਤ੍ਰਿਸ਼ਨਾ ਮਮਤਾ ਵਲੋਂ ਮੁਰਦਾ।5।

ਬੈਰਾਗੁ = ਤ੍ਰਿਸ਼ਨਾ ਮਮਤਾ ਵਲੋਂ ਉਪਰਾਮਤਾ। ਸਭੁ ਕੋਇ = ਹਰੇਕ ਜੀਵ।6।

ਕਰਮੁ = ਬਖ਼ਸ਼ਸ਼। ਸਹਜੇ = ਸਹਿਜ ਅਵਸਥਾ ਵਿਚ ਟਿਕ ਕੇ, ਤ੍ਰਿਸ਼ਨਾ ਆਦਿਕ ਵਿਚ ਡੋਲਣ ਤੋਂ ਹਟ ਕੇ।7।

ਮੋ ਕਉ = ਮੈਨੂੰ। ਭਉਜਲੁ = ਸੰਸਾਰ-ਸਮੁੰਦਰ।8।

ਅਰਥ: ਹੇ ਅੰਞਾਣ ਵੈਰਾਗੀ! (ਪਰਮਾਤਮਾ ਨੂੰ ਇਹਨਾਂ ਅੱਖਾਂ ਨਾਲ ਕਦੇ) ਕਿਸੇ ਨੇ ਨਹੀਂ ਵੇਖਿਆ, ਉਸ ਦਾ ਤਾਂ ਆਤਮਕ ਝਲਕਾਰਾ ਹੀ ਵੱਜਦਾ ਹੈ। ਤੇ, ਇਹ ਆਤਮਕ ਝਲਕਾਰਾ ਤਦੋਂ ਵੱਜਦਾ ਹੈ, ਜਦੋਂ ਮਨੁੱਖ ਦੁਨੀਆ ਦੇ ਡਰਾਂ ਤੋਂ ਰਹਿਤ ਹੋ ਜਾਂਦਾ ਹੈ।1।

ਹੇ ਅੰਞਾਣ ਬੈਰਾਗੀ! ਜੋ ਮਨੁੱਖ ਪਰਮਾਤਮਾ-ਖਸਮ ਨੂੰ ਹਰ ਵੇਲੇ ਅੰਗ-ਸੰਗ ਸਮਝਦਾ ਹੈ, ਉਸ ਦੇ ਅੰਦਰ ਉਸ ਦਾ ਡਰ ਪੈਦਾ ਹੁੰਦਾ ਹੈ (ਕਿ ਪ੍ਰਭੂ ਸਾਡੇ ਸਾਰੇ ਕੀਤੇ ਕਰਮਾਂ ਨੂੰ ਵੇਖ ਰਿਹਾ ਹੈ) । ਇਸ ਡਰ ਦੀ ਬਰਕਤਿ ਨਾਲ ਮਨੁੱਖ ਉਸ ਪ੍ਰਭੂ ਦਾ) ਹੁਕਮ ਸਮਝਦਾ ਹੈ (ਭਾਵ, ਇਹ ਸਮਝਣ ਦੀ ਕੋਸ਼ਸ਼ ਕਰਦਾ ਹੈ ਕਿ ਸਾਨੂੰ ਜੀਵਾਂ ਨੂੰ ਕਿਵੇਂ ਜੀਊਣਾ ਚਾਹੀਦਾ ਹੈ) ਤਾਂ ਸੰਸਾਰਕ ਡਰਾਂ ਤੋਂ ਰਹਿਤ ਹੋ ਜਾਂਦਾ ਹੈ (ਕਿਉਂਕਿ ਰਜ਼ਾ ਨੂੰ ਸਮਝ ਕੇ ਸੰਸਾਰਕ ਡਰਾਂ ਵਾਲੇ ਕੰਮ ਕਰਨੇ ਛੱਡ ਦੇਂਦਾ ਹੈ) ।2।

ਹੇ ਅੰਞਾਣ ਬੈਰਾਗੀ! (ਇਹ ਤੀਰਥ ਆਦਿਕ ਕਰ ਕੇ) ਪਰਮਾਤਮਾ ਨਾਲ ਠੱਗੀ ਨਾਹ ਕਰੀਏ, ਸਾਰਾ ਜਗਤ (ਤੀਰਥ ਆਦਿਕ ਕਰਨ ਦੇ ਵਹਿਣ ਵਿਚ ਪੈ ਕੇ) ਪਖੰਡ ਵਿਚ ਰੁੱਝਾ ਪਿਆ ਹੈ।3।

ਹੇ ਅੰਞਾਣ ਬੈਰਾਗੀ! (ਪਖੰਡ-ਕਰਮ ਕੀਤਿਆਂ) ਤ੍ਰਿਸ਼ਨਾ ਖ਼ਲਾਸੀ ਨਹੀਂ ਕਰਦੀ, ਸਗੋਂ ਮਾਇਆ ਦੀ ਮਮਤਾ ਸਰੀਰ ਨੂੰ ਸਾੜ ਦੇਂਦੀ ਹੈ।4।

ਹੇ ਅੰਞਾਣ ਬੈਰਾਗੀ! ਜੇ ਮਨੁੱਖ ਦਾ ਮਨ (ਤ੍ਰਿਸ਼ਨਾ ਮਮਤਾ ਵਲੋਂ) ਮਰ ਜਾਏ (ਤਾਂ ਉਹ ਸੱਚਾ ਬੈਰਾਗੀ ਬਣ ਜਾਂਦਾ ਹੈ, ਉਸ ਅਜਿਹੇ ਬੈਰਾਗੀ ਨੇ) ਚਿੰਤਾ ਸਾੜ ਕੇ ਸਰੀਰ (ਦਾ ਮੋਹ) ਸਾੜ ਲਿਆ ਹੈ।5।

(ਪਰ) ਹੇ ਅੰਞਾਣ ਬੈਰਾਗੀ! ਸਤਿਗੁਰੂ (ਦੀ ਸ਼ਰਨ ਆਉਣ) ਤੋਂ ਬਿਨਾ (ਹਿਰਦੇ ਵਿਚ) ਵੈਰਾਗ ਪੈਦਾ ਨਹੀਂ ਹੋ ਸਕਦਾ, ਭਾਵੇਂ ਕੋਈ ਕਿਤਨੀ ਹੀ ਤਾਂਘ ਕਰੇ।6।

(3) ਹੇ ਅੰਞਾਣ ਬੈਰਾਗੀ! ਸਤਿਗੁਰੂ ਤਦੋਂ ਮਿਲਦਾ ਹੈ ਜੇ (ਪ੍ਰਭੂ ਦੀ) ਕਿਰਪਾ ਹੋਵੇ, ਉਹ ਮਨੁੱਖ (ਫਿਰ) ਸਹਿਜੇ ਹੀ (ਵੈਰਾਗ) ਪ੍ਰਾਪਤ ਕਰ ਲੈਂਦਾ ਹੈ।7।

ਹੇ ਕਬੀਰ! ਆਖ– ਹੇ ਅੰਞਾਣ ਬੈਰਾਗੀ! (ਪਖੰਡ ਨਾਲ ਕੁਝ ਨਹੀਂ ਸੌਰਨਾ, ਪ੍ਰਭੂ ਅੱਗੇ) ਇਉਂ ਅਰਦਾਸ ਕਰ, 'ਹੇ ਪ੍ਰਭੂ! ਮੈਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈ'।8।1।8।

TOP OF PAGE

Sri Guru Granth Darpan, by Professor Sahib Singh