ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1105

ਰਾਜਨ ਕਉਨੁ ਤੁਮਾਰੈ ਆਵੈ ॥ ਐਸੋ ਭਾਉ ਬਿਦਰ ਕੋ ਦੇਖਿਓ ਓਹੁ ਗਰੀਬੁ ਮੋਹਿ ਭਾਵੈ ॥੧॥ ਰਹਾਉ ॥ ਹਸਤੀ ਦੇਖਿ ਭਰਮ ਤੇ ਭੂਲਾ ਸ੍ਰੀ ਭਗਵਾਨੁ ਨ ਜਾਨਿਆ ॥ ਤੁਮਰੋ ਦੂਧੁ ਬਿਦਰ ਕੋ ਪਾਨ੍ਹ੍ਹੋ ਅੰਮ੍ਰਿਤੁ ਕਰਿ ਮੈ ਮਾਨਿਆ ॥੧॥ ਖੀਰ ਸਮਾਨਿ ਸਾਗੁ ਮੈ ਪਾਇਆ ਗੁਨ ਗਾਵਤ ਰੈਨਿ ਬਿਹਾਨੀ ॥ ਕਬੀਰ ਕੋ ਠਾਕੁਰੁ ਅਨਦ ਬਿਨੋਦੀ ਜਾਤਿ ਨ ਕਾਹੂ ਕੀ ਮਾਨੀ ॥੨॥੯॥ {ਪੰਨਾ 1105}

ਨੋਟ: ਕ੍ਰਿਸ਼ਨ ਜੀ ਇਕ ਵਾਰੀ ਹਸਤਨਾ ਪੁਰ ਗਏ। ਰਾਜ ਕੌਰਵਾਂ ਦਾ ਸੀ। ਕੌਰਵ ਰਾਜ-ਮਦ ਵਿਚ ਇਹ ਖ਼ਿਆਲ ਕਰਦੇ ਰਹੇ ਕਿ ਕ੍ਰਿਸ਼ਨ ਜੀ ਸਾਡੇ ਪਾਸ ਆਉਣਗੇ। ਪਰ ਉਹ ਆਪਣੇ ਗ਼ਰੀਬ ਭਗਤ ਬਿਦਰ ਦੇ ਘਰ ਚਲੇ ਗਏ। ਰਾਜੇ ਦੁਰਜੋਧਨ ਨੇ ਇਹ ਗਿਲਾ ਕੀਤਾ। ਕ੍ਰਿਸ਼ਨ ਜੀ ਨੇ ਉੱਤਰ ਦਿੱਤਾ ਕਿ ਤੁਹਾਨੂੰ ਆਪਣੇ ਰਾਜ ਦਾ ਮਾਣ ਹੈ, ਬਿਦਰ ਭਾਵੇਂ ਗਰੀਬੜਾ ਹੈ, ਉਸ ਦੇ ਪਾਸ ਰਿਹਾਂ ਸਮਾ ਭਜਨ-ਭਗਤੀ ਵਿਚ ਗੁਜ਼ਾਰਿਆ ਹੈ। ਇਸ ਸ਼ਬਦ ਵਿਚ ਕਬੀਰ ਜੀ ਕ੍ਰਿਸ਼ਨ ਜੀ ਦੇ ਦੁਰਜੋਧਨ ਨੂੰ ਦਿੱਤੇ ਉੱਤਰ ਦਾ ਹਵਾਲਾ ਦੇ ਕੇ ਆਖਦੇ ਹਨ ਕਿ ਪ੍ਰਭੂ ਨੂੰ ਕਿਸੇ ਦਾ ਉੱਚਾ ਮਰਾਤਬਾ ਜਾਂ ਉੱਚੀ ਜਾਤ ਕਬੂਲ ਨਹੀਂ, ਉਸ ਨੂੰ ਪ੍ਰੇਮ ਹੀ ਚੰਗਾ ਲੱਗਦਾ ਹੈ।

ਪਦ ਅਰਥ: ਰਾਜਨ = ਹੇ ਰਾਜਾ ਦੁਰਜੋਧਨ! ਤੁਮਾਰੈ = ਤੇਰੇ ਵਲ। ਭਾਉ = ਪਿਆਰ। ਮੋਹਿ = ਮੈਨੂੰ। ਭਾਵੈ = ਚੰਗਾ ਲੱਗਦਾ ਹੈ।1। ਰਹਾਉ।

ਹਸਤੀ = ਹਾਥੀ। ਭਰਮ ਤੇ = ਭੁਲੇਖੇ ਨਾਲ। ਭੂਲਾ = ਰੱਬ ਨੂੰ ਭੁਲਾ ਬੈਠਾ ਹੈਂ। ਪਾਨ੍ਹ੍ਹੋ = ਪਾਣੀ (ਨੋਟ: ਅੱਖਰ 'ਨ' ਦੇ ਹੇਠ ਅੱਧਾ 'ਹ' ਹੈ) ।1।

ਰੈਨਿ = ਰਾਤ। ਬਿਨੋਦੀ = ਚੋਜ ਤਮਾਸ਼ੇ ਕਰਨ ਵਾਲਾ, ਮੌਜ ਦਾ ਮਾਲਕ। ਨ ਮਾਨੀ = ਨਹੀਂ ਮੰਨਦਾ, ਪਰਵਾਹ ਨਹੀਂ ਕਰਦਾ।2।

ਅਰਥ: ਹੇ ਰਾਜਾ (ਦੁਰਜੋਧਨ) ! ਤੇਰੇ ਘਰ ਕੌਣ ਆਵੇ? (ਮੈਨੂੰ ਤੇਰੇ ਘਰ ਆਉਣ ਦੀ ਖਿੱਚ ਨਹੀਂ ਹੋ ਸਕਦੀ) । ਮੈਂ ਬਿਦਰ ਦਾ ਇਤਨਾ ਪ੍ਰੇਮ ਵੇਖਿਆ ਹੈ ਕਿ ਉਹ ਗ਼ਰੀਬ (ਭੀ) ਮੈਨੂੰ ਪਿਆਰਾ ਲੱਗਦਾ ਹੈ।1। ਰਹਾਉ।

ਤੂੰ ਹਾਥੀ (ਆਦਿਕ) ਵੇਖ ਕੇ ਮਾਣ ਵਿਚ ਆ ਕੇ ਖੁੰਝ ਗਿਆ ਹੈਂ, ਪਰਮਾਤਮਾ ਨੂੰ ਭੁਲਾ ਬੈਠਾ ਹੈਂ। ਇਕ ਪਾਸੇ ਤੇਰਾ ਦੁੱਧ ਹੈ, ਦੂਜੇ ਪਾਸੇ ਬਿਦਰ ਦਾ ਪਾਣੀ ਹੈ; ਇਹ ਪਾਣੀ ਮੈਨੂੰ ਅੰਮ੍ਰਿਤ ਦਿੱਸਦਾ ਹੈ।1।

(ਬਿਦਰ ਦੇ ਘਰ ਦਾ ਰਿੱਝਾ ਹੋਇਆ) ਸਾਗ (ਤੇਰੀ ਰਸੋਈ ਦੀ ਪੱਕੀ) ਖੀਰ ਵਰਗਾ ਮੈਨੂੰ (ਮਿੱਠਾ) ਲੱਗਦਾ ਹੈ, (ਕਿਉਂਕਿ ਬਿਦਰ ਦੇ ਕੋਲ ਰਹਿ ਕੇ ਮੇਰੀ) ਰਾਤ ਪ੍ਰਭੂ ਦੇ ਗੁਣ ਗਾਂਦਿਆਂ ਬੀਤੀ ਹੈ। ਕਬੀਰ ਦਾ ਮਾਲਕ ਪ੍ਰਭੂ ਆਨੰਦ ਤੇ ਮੌਜ ਦਾ ਮਾਲਕ ਹੈ (ਜਿਵੇਂ ਉਸ ਨੇ ਕ੍ਰਿਸ਼ਨ-ਰੂਪ ਵਿਚ ਆ ਕੇ ਕਿਸੇ ਦੇ ਉੱਚੇ ਮਰਾਤਬੇ ਦੀ ਪਰਵਾਹ ਨਹੀਂ ਕੀਤੀ, ਤਿਵੇਂ) ਉਹ ਕਿਸੇ ਦੀ ਉੱਚੀ ਜਾਤ ਦੀ ਪਰਵਾਹ ਨਹੀਂ ਕਰਦਾ।2।9।

ਸ਼ਬਦ ਦਾ ਭਾਵ: ਪਰਮਾਤਮਾ ਪਿਆਰ ਦਾ ਭੁੱਖਾ ਹੈ। ਕਿਸੇ ਦੇ ਉੱਚੇ ਮਰਾਤਬੇ ਜਾਂ ਉੱਚੀ ਜਾਤ ਦੀ ਉਸ ਨੂੰ ਖਿੱਚ ਨਹੀਂ ਪੈ ਸਕਦੀ।

ਸਲੋਕ ਕਬੀਰ ॥ ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ ॥ ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ ॥੧॥ ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥੨॥੨॥ {ਪੰਨਾ 1105}

ਪਦ ਅਰਥ: ਗਗਨ = ਅਕਾਸ਼, ਦਸਵਾਂ-ਦੁਆਰਾ, ਦਿਮਾਗ਼। ਦਮਾਮਾ = ਧੌਂਸਾ। ਪਰਿਓ ਘਾਉ = ਚੋਟ ਪਈ ਹੈ, ਸੱਟ ਪਈ ਹੈ। ਨੀਸਾਨੈ = ਨਿਸ਼ਾਨ ਉੱਤੇ, ਠੀਕ ਟਿਕਾਣੇ ਉੱਤੇ, ਹਿਰਦੇ ਵਿਚ। ਪਰਿਓ ਨੀਸਾਨੈ ਘਾਉ = ਹਿਰਦੇ ਵਿਚ ਖਿੱਚ ਪਈ ਹੈ ਪ੍ਰਭੂ-ਚਰਨਾਂ ਵਲ। ਖੇਤੁ = ਲੜਾਈ ਦਾ ਮੈਦਾਨ, ਰਣ-ਭੂਮੀ। ਜੁ = ਜੋ ਮਨੁੱਖ। ਮਾਂਡਿਓ = ਮੱਲ ਬੈਠਾ ਹੈ। ਖੇਤੁ ਜੁ ਮਾਂਡਿਓ = ਜੋ ਮਨੁੱਖ ਮੈਦਾਨਿ-ਜੰਗ ਮੱਲ ਬੈਠਾ ਹੈ, ਜੋ ਮਨੁੱਖ ਇਸ ਜਗਤ-ਰੂਪ ਰਣ-ਭੂਮੀ ਵਿਚ ਦਲੇਰ ਹੋ ਕੇ ਵਿਕਾਰਾਂ ਦੇ ਟਾਕਰੇ ਤੇ ਖਲੋ ਗਿਆ ਹੈ। ਅਬ = ਹੁਣ ਦਾ ਸਮਾ, ਮਨੁੱਖਾ-ਜਨਮ। ਜੂਝਨ ਕੋ ਦਾਉ = (ਕਾਮਾਦਿਕਾਂ ਨਾਲ) ਲੜਨ ਦਾ ਮੌਕਾ ਹੈ।1।

ਨੋਟ: ਦੁਨੀਆ ਦੇ ਲੋਕ ਸੂਰਮਾ ਮਰਦ ਉਸ ਨੂੰ ਆਖਦੇ ਹਨ ਜਿਸ ਦੇ ਮਹੱਲਾਂ ਦੇ ਸਾਹਮਣੇ ਦਮਾਮੇ ਵੱਜਦੇ ਹਨ, ਤੇ ਜੋ ਮੈਦਾਨਿ-ਜੰਗ ਵਿਚ ਵੈਰੀਆਂ ਦਾ ਮੁਕਾਬਲਾ ਕਰਦਾ ਹੈ। ਪਰ ਸਾਰਾ ਜਗਤ ਹੀ ਇਕ ਰਣ-ਭੂਮੀ ਹੈ, ਇੱਥੇ ਹਰੇਕ ਮਨੁੱਖ ਨੂੰ ਵਿਕਾਰ-ਵੈਰੀਆਂ ਨਾਲ ਟੱਕਰਨਾ ਪੈਂਦਾ ਹੈ। ਅਸਲ ਸੂਰਮਾ ਉਹ ਹੈ ਜੋ ਇਹਨਾਂ ਵੈਰੀਆਂ ਦੇ ਟਾਕਰੇ ਤੇ ਅੜ ਖਲੋਤਾ ਹੈ, ਤੇ ਸਮਝਦਾ ਹੈ ਕਿ ਇਹ ਮਨੁੱਖਾ ਜੀਵਨ ਹੀ ਮੌਕਾ ਹੈ ਜਦੋਂ ਇਹ ਜੰਗ ਜਿੱਤਿਆ ਜਾ ਸਕਦਾ ਹੈ।

ਅਰਥ: ਜੋ ਮਨੁੱਖ ਇਸ ਜਗਤ-ਰੂਪ ਰਣ-ਭੂਮੀ ਵਿਚ ਦਲੇਰ ਹੋ ਕੇ ਵਿਕਾਰਾਂ ਦੇ ਟਾਕਰੇ ਤੇ ਅੜ ਖਲੋਤਾ ਹੈ, ਤੇ ਇਹ ਸਮਝਦਾ ਹੈ ਕਿ ਇਹ ਮਨੁੱਖਾ-ਜੀਵਨ ਹੀ ਮੌਕਾ ਹੈ ਜਦੋਂ ਇਹਨਾਂ ਨਾਲ ਲੜਿਆ ਜਾ ਸਕਦਾ ਹੈ, ਉਹ ਹੈ ਅਸਲ ਸੂਰਮਾ। ਉਸ ਦੇ ਦਸਮ-ਦੁਆਰ ਵਿਚ ਧੌਂਸਾ ਵੱਜਦਾ ਹੈ, ਉਸ ਦੇ ਨਿਸ਼ਾਨੇ ਤੇ ਚੋਟ ਪੈਂਦੀ ਹੈ (ਭਾਵ, ਉਸ ਦਾ ਮਨ ਪ੍ਰਭੂ-ਚਰਨਾਂ ਵਿਚ ਉੱਚੀਆਂ ਉਡਾਰੀਆਂ ਲਾਂਦਾ ਹੈ, ਜਿੱਥੇ ਕਿਸੇ ਵਿਕਾਰ ਦੀ ਸੁਣਾਈ ਹੀ ਨਹੀਂ ਹੋ ਸਕਦੀ, ਉਸ ਦੇ ਹਿਰਦੇ ਵਿਚ ਪ੍ਰਭੂ-ਚਰਨਾਂ ਵਿਚ ਜੁੜੇ ਰਹਿਣ ਦੀ ਧ੍ਰੂਹ ਪੈਂਦੀ ਹੈ) ।1।

(ਹਾਂ, ਇਕ ਹੋਰ ਭੀ ਸੂਰਮਾ ਹੈ) ਉਸ ਮਨੁੱਖ ਨੂੰ ਭੀ ਸੂਰਮਾ ਹੀ ਸਮਝਣਾ ਚਾਹੀਦਾ ਹੈ ਜੋ ਗ਼ਰੀਬਾਂ ਦੀ ਖ਼ਾਤਰ ਲੜਦਾ ਹੈ, (ਗ਼ਰੀਬਾਂ ਵਾਸਤੇ ਲੜਦਾ ਲੜਦਾ) ਟੋਟੇ ਟੋਟੇ ਹੋ ਮਰਦਾ ਹੈ, ਪਰ ਲੜਾਈ ਦਾ ਮੈਦਾਨ ਕਦੇ ਨਹੀਂ ਛੱਡਦਾ (ਪਰ ਪਿਛਾਂਹ ਪੈਰ ਨਹੀਂ ਹਟਾਂਦਾ, ਆਪਣੀ ਜਿੰਦ ਬਚਾਣ ਦੀ ਖ਼ਾਤਰ ਗ਼ਰੀਬ ਦੀ ਫੜੀ ਹੋਈ ਬਾਂਹ ਨਹੀਂ ਛੱਡਦਾ) ।2। 2।

ਨੋਟ: ਜਿਸ ਮਨੁੱਖ ਦਾ ਧਰਤੀ ਉੱਤੇ ਰਾਜ ਹੋਵੇ, ਜਿਸ ਦਾ ਛਤਰ 'ਬਾਰਹ ਜੋਜਨ' ਝੁਲਦਾ ਹੋਵੇ, ਉਸ ਦੇ ਗਿਲਾ ਕਰਨ ਤੇ ਉਸ ਨੂੰ ਦਲੇਰ ਹੋ ਕੇ ਖਰਾ ਉੱਤਰ ਦੇਣਾ ਕਿ ਤੇਰੇ ਨਾਲੋਂ ਮੈਨੂੰ ਉਹ ਗ਼ਰੀਬ ਚੰਗਾ ਹੈ, ਜਿਸ ਦੇ ਅੰਦਰ ਰੱਬ ਦਾ ਪਿਆਰ ਹੈ– ਇਹ ਕੰਮ ਕਿਸੇ ਵਿਰਲੇ ਸੂਰਮੇ ਦਾ ਹੈ, ਹਰੇਕ ਨੂੰ ਇਹ ਹਿੰਮਤ ਨਹੀਂ ਪੈ ਸਕਦੀ। ਪਰ ਉਹ ਸੂਰਮਾ ਉਹੀ ਹੋ ਸਕਦਾ ਹੈ ਜਿਸ ਨੇ ਕਾਮਾਦਿਕ ਨੂੰ ਵੱਸ ਕਰ ਕੇ ਦੁਨੀਆ ਦੀ ਕੋਈ ਮੁਥਾਜੀ ਨਹੀਂ ਰੱਖੀ।

'ਰਾਜਨ ਕਉਨੁ ਤੁਮਾਰੈ ਆਵੈ' ਸ਼ਬਦ ਦੇ ਭਾਵ ਨਾਲ ਇਹਨਾਂ ਉਪਰਲੇ ਸ਼ਲੋਕਾਂ ਦਾ ਭਾਵ ਖ਼ੂਬ ਮਿਲਦਾ ਸੀ, ਇਸ ਵਾਸਤੇ ਕਬੀਰ ਜੀ ਦੇ ਇਹ ਦੋਵੇਂ ਸ਼ਲੋਕ ਬਾਕੀ ਸ਼ਲੋਕਾਂ ਨਾਲੋਂ ਵੱਖਰੇ ਇੱਥੇ ਦਰਜ ਕੀਤੇ ਗਏ ਹਨ। ਇਹਨਾਂ ਸ਼ਲੋਕਾਂ ਦੀ ਗਿਣਤੀ ਸ਼ਬਦਾਂ ਨਾਲੋਂ ਵੱਖਰੀ ਨਹੀਂ ਮੰਨੀ ਗਈ, ਅਖ਼ੀਰਲੇ ਸ਼ਬਦ ਦਾ ਦੂਜਾ ਹਿੱਸਾ ਹੀ ਮੰਨਿਆ ਗਿਆ ਹੈ, ਤੇ ਦੋਹਾਂ ਸ਼ਲੋਕਾਂ ਦੇ ਅਖ਼ੀਰ ਤੇ ਅੰਕ 2 ਵਰਤਿਆ ਗਿਆ ਹੈ।

{ਇਹਨਾਂ ਸ਼ਲੋਕਾਂ ਬਾਰੇ ਹੋਰ ਵਿਚਾਰ ਪੜ੍ਹਨ ਲਈ ਮੇਰੀ ਪੁਸਤਕ 'ਸਰਬੱਤ ਦਾ ਭਲਾ' ਵਿਚ ਵੇਖੋ ਮੇਰਾ ਮਜ਼ਮੂਨ 'ਓਹੁ ਗਰੀਬੁ ਮੋਹਿ ਭਾਵੈ'। 'ਸਿੰਘ ਬ੍ਰਦਰਜ਼' ਬਾਜ਼ਾਰ ਮਾਈ ਸੇਵਾਂ, ਅੰਮ੍ਰਿਤਸਰ ਤੋਂ ਮਿਲਦੀ ਹੈ}।

ਕਬੀਰ ਕਾ ਸਬਦੁ ਰਾਗੁ ਮਾਰੂ ਬਾਣੀ ਨਾਮਦੇਉ ਜੀ ਕੀ   ੴ ਸਤਿਗੁਰ ਪ੍ਰਸਾਦਿ ॥ ਚਾਰਿ ਮੁਕਤਿ ਚਾਰੈ ਸਿਧਿ ਮਿਲਿ ਕੈ ਦੂਲਹ ਪ੍ਰਭ ਕੀ ਸਰਨਿ ਪਰਿਓ ॥ ਮੁਕਤਿ ਭਇਓ ਚਉਹੂੰ ਜੁਗ ਜਾਨਿਓ ਜਸੁ ਕੀਰਤਿ ਮਾਥੈ ਛਤ੍ਰੁ ਧਰਿਓ ॥੧॥ ਰਾਜਾ ਰਾਮ ਜਪਤ ਕੋ ਕੋ ਨ ਤਰਿਓ ॥ ਗੁਰ ਉਪਦੇਸਿ ਸਾਧ ਕੀ ਸੰਗਤਿ ਭਗਤੁ ਭਗਤੁ ਤਾ ਕੋ ਨਾਮੁ ਪਰਿਓ ॥੧॥ ਰਹਾਉ ॥ ਸੰਖ ਚਕ੍ਰ ਮਾਲਾ ਤਿਲਕੁ ਬਿਰਾਜਿਤ ਦੇਖਿ ਪ੍ਰਤਾਪੁ ਜਮੁ ਡਰਿਓ ॥ ਨਿਰਭਉ ਭਏ ਰਾਮ ਬਲ ਗਰਜਿਤ ਜਨਮ ਮਰਨ ਸੰਤਾਪ ਹਿਰਿਓ ॥੨॥ ਅੰਬਰੀਕ ਕਉ ਦੀਓ ਅਭੈ ਪਦੁ ਰਾਜੁ ਭਭੀਖਨ ਅਧਿਕ ਕਰਿਓ ॥ ਨਉ ਨਿਧਿ ਠਾਕੁਰਿ ਦਈ ਸੁਦਾਮੈ ਧ੍ਰੂਅ ਅਟਲੁ ਅਜਹੂ ਨ ਟਰਿਓ ॥੩॥ ਭਗਤ ਹੇਤਿ ਮਾਰਿਓ ਹਰਨਾਖਸੁ ਨਰਸਿੰਘ ਰੂਪ ਹੋਇ ਦੇਹ ਧਰਿਓ ॥ ਨਾਮਾ ਕਹੈ ਭਗਤਿ ਬਸਿ ਕੇਸਵ ਅਜਹੂੰ ਬਲਿ ਕੇ ਦੁਆਰ ਖਰੋ ॥੪॥੧॥ {ਪੰਨਾ 1105}

ਪਦ ਅਰਥ: ਚਾਰਿ ਮੁਕਤਿ = ਚਾਰ ਕਿਸਮ ਦੀਆਂ ਮੁਕਤੀਆਂ (ਸਾਲੋਕ੍ਯ, ਸਾਮੀਪ੍ਯ, ਸਾਰੂਪ੍ਯ ਅਤੇ ਸਾਯੁਜ੍ਯ। ਸਾਲੋਕ੍ਯ = ਆਪਣੇ ਇਸ਼ਟ ਨਾਲ ਇੱਕੋ ਹੀ ਲੋਕ ਦੇਸ ਵਿਚ ਵੱਸਣਾ। ਸਾਮੀਪ੍ਯ = ਇਸ਼ਟ ਦੇ ਸਮੀਪ ਨੇੜੇ ਹੋ ਜਾਣਾ। ਸਰੂਪ੍ਯ = ਇਸ਼ਟ ਦੇ ਨਾਲ ਇਕ-ਰੂਪ ਹੋ ਜਾਣਾ। ਸਾਯੁਜ੍ਯ = ਆਪਣੇ ਇਸ਼ਟ ਦੇ ਨਾਲ ਜੁੜ ਜਾਣਾ, ਉਸ ਵਿਚ ਲੀਨ ਹੋ ਜਾਣਾ। ਚਾਰੈ = ਇਹ ਚਾਰੇ ਹੀ ਮੁਕਤੀਆਂ। ਸਿਧਿ ਮਿਲ ਕੈ = (ਚਾਰ ਮੁਕਤੀਆਂ ਅਠਾਰਾਂ) ਸਿੱਧੀਆਂ ਨਾਲ ਮਿਲ ਕੇ। ਦੂਲਹ ਕੀ = ਖਸਮ ਦੀ। ਜਾਨਿਓ = ਉੱਘਾ ਹੋ ਗਿਆ ਹੈ। ਜਸੁ = ਸੋਭਾ।1।

ਕੋ ਕੋ ਨ = ਕੌਣ ਨਹੀਂ? ਉਪਦੇਸਿ = ਉਪਦੇਸ਼ ਦੀ ਰਾਹੀਂ।1। ਰਹਾਉ।

ਦੇਖਿ ਪ੍ਰਤਾਪੁ = (ਭਗਤ ਦਾ) ਪਰਤਾਪ ਵੇਖ ਕੇ। ਹਿਰਿਓ = ਦੂਰ ਹੋ ਜਾਂਦਾ ਹੈ।2।

ਅੰਬਰੀਕ = ਸੂਰਜ ਬੰਸੀ ਇਕ ਰਾਜਾ; ਪ੍ਰਭੂ ਦਾ ਭਗਤ ਸੀ। ਦੁਰਬਾਸਾ ਰਿਸ਼ੀ ਇਕ ਵਾਰ ਇਸ ਦੇ ਪਾਸ ਆਇਆ, ਤਦੋਂ ਰਾਜੇ ਨੇ ਵਰਤ ਰੱਖਿਆ ਹੋਇਆ ਸੀ, ਰਿਸ਼ੀ ਦੀ ਸੇਵਾ ਚੰਗੀ ਤਰ੍ਹਾਂ ਨਾ ਕਰ ਸਕਿਆ। ਦੁਰਬਾਸਾ ਸਰਾਪ ਦੇਣ ਲੱਗਾ। ਵਿਸ਼ਨੂ ਨੇ ਆਪਣੇ ਭਗਤ ਦੀ ਰੱਖਿਆ ਲਈ ਆਪਣਾ ਸੁਦਰਸ਼ਨ ਚੱਕਰ ਛੱਡਿਆ; ਰਿਸ਼ੀ ਜਾਨ ਬਚਾਉਣ ਲਈ ਨੱਠਾ, ਪਰ ਕੋਈ ਉਸ ਦੀ ਸਹਾਇਤਾ ਨਾ ਕਰ ਸਕਿਆ, ਆਖ਼ਿਰ ਅੰਬਰੀਕ ਨੇ ਹੀ ਬਚਾਇਆ। ਅਧਿਕ = ਵੱਡਾ। ਠਾਕੁਰਿ = ਠਾਕੁਰ ਨੇ।3।

ਭਗਤ ਹੇਤਿ = ਭਗਤ ਦੀ ਖ਼ਾਤਰ। ਦੇਹ ਧਰਿਓ = ਸਰੀਰ ਧਾਰਿਆ। ਬਸਿ = ਵੱਸ ਵਿਚ। ਕੇਸਵ = ਲੰਮੇ ਕੇਸਾਂ ਵਾਲਾ। ਬਲਿ = ਇਕ ਭਗਤ ਰਾਜਾ ਸੀ; ਇਸ ਨੂੰ ਛਲਣ ਲਈ ਵਿਸ਼ਨੂ ਨੇ ਵਾਮਨ ਅਵਤਾਰ ਧਾਰਿਆ। ਵਾਮਨ-ਰੂਪ ਵਿਚ ਆ ਕੇ ਰਾਜੇ ਪਾਸੋਂ ਢਾਈ ਕਰੂ ਥਾਂ ਮੰਗਿਆ, ਕੁਟੀਆ ਬਣਾਣ ਲਈ । ਪਰ ਮਿਣਨ ਲੱਗਿਆਂ ਦੋ ਕਰੂਆਂ ਨਾਲ ਸਾਰੀ ਧਰਤੀ ਹੀ ਮਿਣ ਲਈ ਅਤੇ ਅੱਧੇ ਕਰੂ ਨਾਲ ਰਾਜੇ ਦਾ ਆਪਣਾ ਸਰੀਰ। ਰਾਜੇ ਨੂੰ ਪਤਾਲ ਜਾ ਅਪੜਾਇਆ। ਜਾਣ ਲੱਗਾ ਤਾਂ ਰਾਜੇ ਆਖਿਆ ਕਿ ਕੁਟੀਆ ਬਣਾਣ ਦਾ ਬਚਨ ਹੁਣ ਪਾਲੋ। ਸੋ, ਹੁਣ ਤਕ ਉਸ ਦੇ ਬੂਹੇ ਅੱਗੇ ਕੁਟੀਆ ਪਾਈ ਬੈਠਾ ਹੈ।4।

ਨੋਟ: ਇਸ ਸ਼ਬਦ ਵਿਚ ਨਾਮਦੇਵ ਜੀ ਬੰਦਗੀ ਕਰਨ ਵਾਲੇ ਦੀ ਵਡਿਆਈ ਬਿਆਨ ਕਰਦੇ ਹਨ। 'ਰਹਾਉ' ਦੀ ਤੁਕ ਵਿਚ ਇਹੀ ਕੇਂਦਰੀ ਖ਼ਿਆਲ ਹੈ। ਨਾਮਦੇਵ ਜੀ ਹਿੰਦੂ ਜਾਤੀ ਵਿਚ ਜੰਮੇ-ਪਲੇ ਸਨ; ਹਿੰਦੂਆਂ ਵਿਚ ਇਕ ਪ੍ਰਭੂ ਦੀ ਭਗਤੀ ਦਾ ਪਰਚਾਰ ਕਰਨ ਲੱਗਿਆਂ ਪਰਚਾਰ ਦਾ ਪ੍ਰਭਾਵ ਪਾਣ ਲਈ ਉਹਨਾਂ ਹਿੰਦੂ ਭਗਤਾਂ ਦਾ ਹੀ ਜ਼ਿਕਰ ਕਰ ਸਕਦੇ ਸਨ ਜਿਨ੍ਹਾਂ ਦੀਆਂ ਸਾਖੀਆਂ ਪੁਰਾਣਾਂ ਵਿਚ ਆਈਆਂ, ਤੇ ਜੋ ਆਮ ਲੋਕਾਂ ਵਿਚ ਪਰਸਿੱਧ ਸਨ। ਅੰਬਰੀਕ, ਸੁਦਾਮਾ, ਪ੍ਰਹਿਲਾਦ, ਦਰੋਪਤੀ, ਅਹੱਲਿਆ, ਭਭੀਖਣ, ਬਲਿ, ਧ੍ਰੂ, ਗਜ = ਆਮ ਤੌਰ ਤੇ ਇਹਨਾਂ ਬਾਰੇ ਹੀ ਸਾਖੀਆਂ ਪਰਸਿੱਧ ਸਨ ਤੇ ਹੈਨ। ਗੁਰੂ ਤੇਗ ਬਹਾਦਰ ਸਾਹਿਬ ਪੂਰਬ ਦੇਸ ਵਿਚ ਜਾ ਕੇ ਹਿੰਦੂ ਜਨਤਾ ਨੂੰ ਮੁਗ਼ਲ-ਰਾਜ ਦੇ ਜ਼ੁਲਮਾਂ ਦੇ ਸਹਿਮ ਤੋਂ ਢਾਰਸ ਦੇਣ ਵੇਲੇ ਭੀ ਇਹਨਾਂ ਸਾਖੀਆਂ ਦਾ ਹੀ ਹਵਾਲਾ ਦੇਂਦੇ ਰਹੇ। ਵੇਰਵਾ ਵਿਚ ਗਿਆਂ = ਇਹ ਸਾਖੀਆਂ ਸਿੱਖ ਧਰਮ ਦੇ ਅਨੁਸਾਰ ਹਨ ਜਾਂ ਨਹੀਂ = ਇਸ ਗੱਲ ਦੇ ਛੇੜਨ ਦੀ ਲੋੜ ਨਹੀਂ ਸੀ। ਮੁਗ਼ਲ-ਰਾਜ ਦੇ ਜ਼ੁਲਮਾਂ ਤੋਂ ਸਹਿਮੇ ਹੋਏ ਬੰਦਿਆਂ ਨੂੰ ਉਹਨਾਂ ਦੇ ਆਪਣੇ ਘਰ ਵਿਚੋਂ ਪਰਸਿੱਧ ਭਗਤਾਂ ਦੇ ਨਾਮ ਸੁਣਾ ਕੇ ਹੀ ਮਨੁੱਖਤਾ ਦੀ ਪ੍ਰੇਰਨਾ ਕੀਤੀ ਜਾ ਸਕਦੀ ਸੀ। ਜੇ ਗੁਰੂ ਅਰਜਨ ਦੇਵ ਜੀ ਨੇ ਕਿਸੇ ਜੋਗੀ ਨੂੰ ਇਹ ਆਖਿਆ ਕਿ:

"ਚਾਰਿ ਪੁਕਾਰਹਿ ਨਾ ਤੂ ਮਾਨਹਿ ॥ ਖਟੁ ਭੀ ਏਕਾ ਬਾਤ ਵਖਾਨਹਿ ॥

ਦਸ ਅਸਟੀ ਮਿਲਿ ਏਕੋ ਕਹਿਆ ॥ ਤਾ ਭੀ ਜੋਗੀ ਭੇਦੁ ਨ ਲਹਿਆ ॥"

ਇਸ ਦਾ ਭਾਵ ਇਹ ਨਹੀਂ ਕਿ ਸਤਿਗੁਰੂ ਜੀ ਆਪ ਭੀ ਵੇਦਾਂ ਸ਼ਾਸਤਰਾਂ ਤੇ ਪੁਰਾਣਾਂ ਦੇ ਸ਼ਰਧਾਲੂ ਸਨ। ਜੇ ਉਹ ਇਕ ਮੁਸਲਮਾਨ ਨੂੰ ਆਖਦੇ ਹਨ ਕਿ:

"ਦੋਜਕਿ ਪਉਦਾ ਕਿਉ ਰਹੈ ਜਾ ਚਿਤਿ ਨ ਹੋਇ ਰਸੂਲਿ ॥"

ਤਾਂ ਇਥੋਂ ਇਹ ਮਤਲਬ ਨਹੀਂ ਨਿਕਲਦਾ ਕਿ ਸਤਿਗੁਰੂ ਜੀ ਮੁਸਲਮਾਨ ਸਨ।

ਭਗਤ ਜੀ ਨੇ ਲਫ਼ਜ਼ 'ਸੰਤ ਚਕ੍ਰ ਗਦਾ' ਆਦਿਕ ਭੀ ਇਸੇ ਵਾਸਤੇ ਹੀ ਵਰਤੇ ਹਨ ਕਿ ਹਿੰਦੂ ਲੋਕ ਵਿਸ਼ਨੂ ਦਾ ਇਹੀ ਸਰੂਪ ਮੰਨਦੇ ਹਨ। ਅੱਜ ਜੋ ਉਤਸ਼ਾਹ ਕਿਸੇ ਸਿੱਖ ਨੂੰ 'ਕਲਗੀ' ਤੇ 'ਬਾਜ' ਲਫ਼ਜ਼ ਵਰਤ ਕੇ ਦਿੱਤਾ ਜਾ ਸਕਦਾ ਹੈ, ਹੋਰ ਕਿਸੇ ਉਪਦੇਸ਼ ਨਾਲ ਨਹੀਂ।

ਗੁਰੂ ਨਾਨਕ ਦੇਵ ਜੀ ਨੇ ਭੀ ਤਾਂ ਪਰਮਾਤਮਾ ਦਾ ਇਸੇ ਤਰ੍ਹਾਂ ਦਾ ਸਰੂਪ ਇਕ ਵਾਰ ਵਿਖਾਇਆ ਸੀ; ਵੇਖੋ, ਵਡਹੰਸ ਮਹਲਾ 1 ਛੰਤ:

ਤੇਰੇ ਬੰਕੇ ਲੋਇਣ ਦੰਤ ਰੀਸਾਲਾ ॥ ਸੋਹਣੇ ਨਕ ਜਿਨ ਲੰਮੜੇ ਵਾਲਾ ॥ ਕੰਚਨ ਕਾਇਆ ਸੁਇਨੇ ਕੀ ਢਾਲਾ ॥ ਸੋਵੰਨ ਢਾਲਾ ਕ੍ਰਿਸਨ ਮਾਲਾ ਜਪਹੁ ਤੁਸੀ ਸਹੇਲੀਹੋ ॥ ਜਮਦੁਆਰਿ ਨ ਹੋਹੁ ਖੜੀਆ, ਸਿਖ ਸੁਣਹੁ ਮਹੇਲੀਹੋ ॥7॥2॥

ਸੋ, ਇਸ ਸ਼ਬਦ ਦੇ ਲਫ਼ਜ਼ ਸੰਖ, ਚਕ੍ਰ, ਮਾਲਾ, ਤਿਲਕ ਆਦਿਕ ਤੋਂ ਇਹ ਭਾਵ ਨਹੀਂ ਲਿਆ ਜਾ ਸਕਦਾ ਕਿ ਭਗਤ ਨਾਮਦੇਵ ਜੀ ਕਿਸੇ ਅਵਤਾਰ ਦੀ ਕਿਸੇ ਮੂਰਤੀ ਉੱਤੇ ਰੀਝੇ ਹੋਏ ਸਨ।

ਅਰਥ: ਪਰਕਾਸ਼-ਰੂਪ ਪਰਮਾਤਮਾ ਦਾ ਨਾਮ ਸਿਮਰ ਕੇ ਬੇਅੰਤ ਜੀਵ ਤਰੇ ਹਨ। ਜਿਸ ਜਿਸ ਮਨੁੱਖ ਨੇ ਆਪਣੇ ਗੁਰੂ ਦੀ ਸਿੱਖਿਆ ਉੱਤੇ ਤੁਰ ਕੇ ਸਾਧ ਸੰਗਤ ਕੀਤੀ, ਉਸ ਦਾ ਨਾਮ ਭਗਤ ਪੈ ਗਿਆ।1। ਰਹਾਉ।

(ਜਗਤ ਵਿਚ) ਚਾਰ ਕਿਸਮ ਦੀਆਂ ਮੁਕਤੀਆਂ (ਮਿੱਥੀਆਂ ਗਈਆਂ ਹਨ) , ਇਹ ਚਾਰੇ ਮੁਕਤੀਆਂ (ਅਠਾਰਾਂ) ਸਿੱਧੀਆਂ ਨਾਲ ਮਿਲ ਕੇ ਖਸਮ (-ਪ੍ਰਭੂ) ਦੀ ਸ਼ਰਨੀ ਪਈਆਂ ਹੋਈਆਂ ਹਨ, (ਜੋ ਮਨੁੱਖ ਉਸ ਪ੍ਰਭੂ ਦਾ ਨਾਮ ਸਿਮਰਦਾ ਹੈ, ਉਸ ਨੂੰ ਇਹ ਹਰੇਕ ਕਿਸਮ ਦੀ) ਮੁਕਤੀ ਮਿਲ ਜਾਂਦੀ ਹੈ, ਉਹ ਮਨੁੱਖ ਚਹੁੰਆਂ ਜੁਗਾਂ ਵਿਚ ਉੱਘਾ ਹੋ ਜਾਂਦਾ ਹੈ, ਉਸ ਦੀ (ਹਰ ਥਾਂ) ਸੋਭਾ ਹੁੰਦੀ ਹੈ, ਵਡਿਆਈ ਹੁੰਦੀ ਹੈ, ਉਸ ਦੇ ਸਿਰ ਉੱਤੇ ਛਤਰ ਝੁਲਦਾ ਹੈ।1।

(ਪ੍ਰਭੂ ਦਾ) ਸੰਖ, ਚੱਕ੍ਰ, ਮਾਲਾ, ਤਿਲਕ ਆਦਿਕ ਚਮਕਦਾ ਵੇਖ ਕੇ, ਪਰਤਾਪ ਵੇਖ ਕੇ, ਜਮਰਾਜ ਭੀ ਸਹਿਮ ਜਾਂਦਾ ਹੈ (ਜਿਨ੍ਹਾਂ ਨੇ ਉਸ ਪ੍ਰਭੂ ਨੂੰ ਸਿਮਰਿਆ ਹੈ) ਉਹਨਾਂ ਨੂੰ ਕੋਈ ਡਰ ਨਹੀਂ ਰਹਿ ਜਾਂਦਾ (ਕਿਉਂਕਿ ਉਹਨਾਂ ਪਾਸੋਂ ਤਾਂ ਜਮ ਭੀ ਡਰਦਾ ਹੈ) , ਪ੍ਰਭੂ ਦਾ ਪਰਤਾਪ ਉਹਨਾਂ ਦੇ ਅੰਦਰ ਉਛਾਲੇ ਮਾਰਦਾ ਹੈ, ਉਹਨਾਂ ਦੇ ਜਨਮ ਮਰਨ ਦੇ ਕਲੇਸ਼ ਨਾਸ ਹੋ ਜਾਂਦੇ ਹਨ।2।

(ਅੰਬਰੀਕ ਨੇ ਨਾਮ ਸਿਮਰਿਆ, ਪ੍ਰਭੂ ਨੇ) ਅੰਬਰੀਕ ਨੂੰ ਨਿਰਭੈਤਾ ਦਾ ਉੱਚਾ ਦਰਜਾ ਬਖ਼ਸ਼ਿਆ (ਤੇ ਦੁਰਬਾਸਾ ਉਸ ਦਾ ਕੁਝ ਵਿਗਾੜ ਨਾ ਸਕਿਆ) , ਪ੍ਰਭੂ ਨੇ ਭਭੀਖਣ ਨੂੰ ਰਾਜ ਦੇ ਕੇ ਵੱਡਾ ਬਣਾ ਦਿੱਤਾ; ਸੁਦਾਮੇ (ਗ਼ਰੀਬ) ਨੂੰ ਠਾਕੁਰ ਨੇ ਨੌ ਨਿਧੀਆਂ ਦੇ ਦਿੱਤੀਆਂ, ਧ੍ਰੂ ਨੂੰ ਅਟੱਲ ਪਦਵੀ ਬਖ਼ਸ਼ੀ ਜੋ ਅਜੇ ਤਕ ਕਾਇਮ ਹੈ।3।

ਪ੍ਰਭੂ ਨੇ ਆਪਣੇ ਭਗਤ (ਪ੍ਰਹਿਲਾਦ) ਦੀ ਖ਼ਾਤਰ ਨਰਸਿੰਘ ਦਾ ਰੂਪ ਧਾਰਿਆ, ਤੇ ਹਰਨਾਖਸ਼ ਨੂੰ ਮਾਰਿਆ। ਨਾਮਦੇਵ ਆਖਦਾ ਹੈ– ਪਰਮਾਤਮਾ ਭਗਤੀ ਦੇ ਅਧੀਨ ਹੈ, (ਵੇਖੋ!) ਅਜੇ ਤਕ ਉਹ (ਆਪਣੇ ਭਗਤ ਰਾਜਾ) ਬਲਿ ਦੇ ਬੂਹੇ ਅੱਗੇ ਖਲੋਤਾ ਹੈ।4।1।

ਭਾਵ: ਸਿਮਰਨ ਭਗਤੀ ਦੀ ਮਹਿਮਾ = ਭਗਤੀ ਕਰਨ ਵਾਲੇ ਦੀ ਜਗਤ ਵਿਚ ਸੋਭਾ ਹੁੰਦੀ ਹੈ, ਉਸ ਨੂੰ ਕੋਈ ਡਰ ਨਹੀਂ ਵਿਆਪਦਾ, ਪ੍ਰਭੂ ਆਪ ਹਰ ਵੇਲੇ ਉਸ ਦਾ ਸਹਾਈ ਹੁੰਦਾ ਹੈ।

ਮਾਰੂ ਕਬੀਰ ਜੀਉ ॥ ਦੀਨੁ ਬਿਸਾਰਿਓ ਰੇ ਦਿਵਾਨੇ ਦੀਨੁ ਬਿਸਾਰਿਓ ਰੇ ॥ ਪੇਟੁ ਭਰਿਓ ਪਸੂਆ ਜਿਉ ਸੋਇਓ ਮਨੁਖੁ ਜਨਮੁ ਹੈ ਹਾਰਿਓ ॥੧॥ ਰਹਾਉ ॥ ਸਾਧਸੰਗਤਿ ਕਬਹੂ ਨਹੀ ਕੀਨੀ ਰਚਿਓ ਧੰਧੈ ਝੂਠ ॥ ਸੁਆਨ ਸੂਕਰ ਬਾਇਸ ਜਿਵੈ ਭਟਕਤੁ ਚਾਲਿਓ ਊਠਿ ॥੧॥ ਆਪਸ ਕਉ ਦੀਰਘੁ ਕਰਿ ਜਾਨੈ ਅਉਰਨ ਕਉ ਲਗ ਮਾਤ ॥ ਮਨਸਾ ਬਾਚਾ ਕਰਮਨਾ ਮੈ ਦੇਖੇ ਦੋਜਕ ਜਾਤ ॥੨॥ ਕਾਮੀ ਕ੍ਰੋਧੀ ਚਾਤੁਰੀ ਬਾਜੀਗਰ ਬੇਕਾਮ ॥ ਨਿੰਦਾ ਕਰਤੇ ਜਨਮੁ ਸਿਰਾਨੋ ਕਬਹੂ ਨ ਸਿਮਰਿਓ ਰਾਮੁ ॥੩॥ ਕਹਿ ਕਬੀਰ ਚੇਤੈ ਨਹੀ ਮੂਰਖੁ ਮੁਗਧੁ ਗਵਾਰੁ ॥ ਰਾਮੁ ਨਾਮੁ ਜਾਨਿਓ ਨਹੀ ਕੈਸੇ ਉਤਰਸਿ ਪਾਰਿ ॥੪॥੧॥ {ਪੰਨਾ 1105}

ਪਦ ਅਰਥ: ਦੀਨੁ = ਧਰਮੁ, ਮਜ਼ਹਬ। ਰੇ ਦਿਵਾਨੇ = ਹੇ ਕਮਲਿਆ! ਜਿਉ = ਵਾਂਗ। ਹਾਰਿਓ = ਗੰਵਾ ਲਿਆ ਹੈ।1। ਰਹਾਉ।

ਰਚਿਓ = ਰੁੱਝਾ ਪਿਆ ਹੈਂ। ਸੁਆਨ = ਕੁੱਤਾ। ਸੂਕਰ = ਸੂਰ। ਬਾਇਸ = ਕਾਂ। ਭਟਕਤੁ = ਭਟਕਦਾ ਹੀ, ਖ਼ੁਆਰ ਹੁੰਦਾ ਹੀ।1।

ਦੀਰਘੁ = ਵੱਡਾ, ਵੱਡੀ ਉਮਰ ਵਾਲਾ, ਲੰਮਾ। ਲਗ ਮਾਤ = ਮਾਤ੍ਰਾ ਜਿਤਨਾ, ਨਿੱਕਾ ਜਿਹਾ, ਤੁੱਛ। ਮਨਸਾ = {Skt. mnsw Instrumental singular from mns` by means of mind} ਮਨ ਦੀ ਰਾਹੀਂ। ਬਾਚਾ = {Skt. vwcw Instrumental singular from vwc` by means of word} ਬਚਨ ਦੁਆਰਾ। ਕਰਮਨਾ = {Skt. kmLxw Instrumental singular from kmLn` Through action} ਕੰਮ ਦੀ ਰਾਹੀਂ।2।

ਚਾਤੁਰੀ = ਚਤਰ, ਚਲਾਕ। ਬਾਜੀਗਰ = ਠੱਗੀ ਕਰਨ ਵਾਲੇ। ਬੇਕਾਮ = ਨਿਕੰਮੇ, ਨਕਾਰੇ। ਸਿਰਾਨੋ = ਗੁਜ਼ਰ ਗਿਆ।3।

ਅਰਥ: ਹੇ ਕਮਲੇ ਮਨੁੱਖ! ਤੂੰ ਧਰਮ (ਮਨੁੱਖਾ-ਜੀਵਨ ਦਾ ਫ਼ਰਜ਼) ਵਿਸਾਰ ਦਿੱਤਾ ਹੈ। ਤੂੰ ਪਸ਼ੂਆਂ ਵਾਂਗ ਢਿੱਡ ਭਰ ਕੇ ਸੁੱਤਾ ਰਹਿੰਦਾ ਹੈਂ; ਤੂੰ ਮਨੁੱਖ ਜੀਵਨ ਐਵੇਂ ਹੀ ਗੰਵਾ ਲਿਆ ਹੈ।1। ਰਹਾਉ।

ਤੂੰ ਕਦੇ ਸਤਸੰਗ ਵਿਚ ਨਹੀਂ ਗਿਆ, ਜਗਤ ਦੇ ਝੂਠੇ ਧੰਧਿਆਂ ਵਿਚ ਹੀ ਮਸਤ ਹੈਂ; ਕਾਂ, ਕੁੱਤੇ, ਸੂਰ ਵਾਂਗ ਭਟਕਦਾ ਹੀ (ਜਗਤ ਤੋਂ) ਤੁਰ ਜਾਏਂਗਾ।1।

ਜੋ ਮਨੁੱਖ ਮਨ, ਬਚਨ ਜਾਂ ਕਰਮ ਦੁਆਰਾ ਹੋਰਨਾਂ ਨੂੰ ਤੁੱਛ ਜਾਣਦੇ ਹਨ ਤੇ ਆਪਣੇ ਆਪ ਨੂੰ ਵੱਡੇ ਸਮਝਦੇ ਹਨ, ਐਸੇ ਬੰਦੇ ਮੈਂ ਦੋਜ਼ਕ ਜਾਂਦੇ ਵੇਖੇ ਹਨ (ਭਾਵ, ਨਿੱਤ ਇਹ ਵੇਖਣ ਵਿਚ ਆਉਂਦਾ ਹੈ ਕਿ ਅਜਿਹੇ ਹੰਕਾਰੀ ਮਨੁੱਖ ਹਉਮੈ ਵਿਚ ਇਉਂ ਦੁਖੀ ਹੁੰਦੇ ਹਨ ਜਿਵੇਂ ਦੋਜ਼ਕ ਦੀ ਅੱਗ ਵਿਚ ਸੜ ਰਹੇ ਹਨ) ।2।

ਕਾਮ-ਵੱਸ ਹੋ ਕੇ, ਕ੍ਰੋਧ-ਅਧੀਨ ਹੋ ਕੇ, ਚਤਰਾਈਆ ਠੱਗੀਆਂ ਨਕਾਰੇ-ਪਨ ਵਿਚ, ਦੂਜਿਆਂ ਦੀ ਨਿੰਦਿਆ ਕਰ ਕੇ, (ਹੇ ਕਮਲਿਆ!) ਤੂੰ ਜੀਵਨ ਗੁਜ਼ਾਰ ਦਿੱਤਾ ਹੈ, ਕਦੇ ਪ੍ਰਭੂ ਨੂੰ ਯਾਦ ਨਹੀਂ ਕੀਤਾ।3।

ਕਬੀਰ ਆਖਦਾ ਹੈ– ਮੂਰਖ ਮੂੜ੍ਹ ਗੰਵਾਰ ਮਨੁੱਖ ਪਰਮਾਤਮਾ ਨੂੰ ਨਹੀਂ ਸਿਮਰਦਾ, ਪ੍ਰਭੂ ਦੇ ਨਾਮ ਨਾਲ ਸਾਂਝ ਨਹੀਂ ਪਾਂਦਾ। (ਸੰਸਾਰ-ਸਮੁੰਦਰ ਵਿਚੋਂ) ਕਿਵੇਂ ਪਾਰ ਲੰਘੇਗਾ?।4।1।

TOP OF PAGE

Sri Guru Granth Darpan, by Professor Sahib Singh