ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1193

ਈਠ ਮੀਤ ਕੋਊ ਸਖਾ ਨਾਹਿ ॥ ਆਪਿ ਬੀਜਿ ਆਪੇ ਹੀ ਖਾਂਹਿ ॥ ਜਾ ਕੈ ਕੀਨ੍ਹ੍ਹੈ ਹੋਤ ਬਿਕਾਰ ॥ ਸੇ ਛੋਡਿ ਚਲਿਆ ਖਿਨ ਮਹਿ ਗਵਾਰ ॥੫॥ ਮਾਇਆ ਮੋਹਿ ਬਹੁ ਭਰਮਿਆ ॥ ਕਿਰਤ ਰੇਖ ਕਰਿ ਕਰਮਿਆ ॥ ਕਰਣੈਹਾਰੁ ਅਲਿਪਤੁ ਆਪਿ ॥ ਨਹੀ ਲੇਪੁ ਪ੍ਰਭ ਪੁੰਨ ਪਾਪਿ ॥੬॥ ਰਾਖਿ ਲੇਹੁ ਗੋਬਿੰਦ ਦਇਆਲ ॥ ਤੇਰੀ ਸਰਣਿ ਪੂਰਨ ਕ੍ਰਿਪਾਲ ॥ ਤੁਝ ਬਿਨੁ ਦੂਜਾ ਨਹੀ ਠਾਉ ॥ ਕਰਿ ਕਿਰਪਾ ਪ੍ਰਭ ਦੇਹੁ ਨਾਉ ॥੭॥ ਤੂ ਕਰਤਾ ਤੂ ਕਰਣਹਾਰੁ ॥ ਤੂ ਊਚਾ ਤੂ ਬਹੁ ਅਪਾਰੁ ॥ ਕਰਿ ਕਿਰਪਾ ਲੜਿ ਲੇਹੁ ਲਾਇ ॥ ਨਾਨਕ ਦਾਸ ਪ੍ਰਭ ਕੀ ਸਰਣਾਇ ॥੮॥੨॥ {ਪੰਨਾ 1193}

ਪਦ ਅਰਥ: ਈਠ = ਇਸ਼ਟ, ਪਿਆਰੇ। ਸਖਾ = ਸਾਥੀ। ਬੀਜਿ = ਬੀਜ ਕੇ, (ਚੰਗੇ ਮੰਦੇ) ਕਰਮ ਕਰ ਕੇ। ਆਪੇ = ਆਪ ਹੀ। ਖਾਂਹਿ = (ਜੀਵ ਉਹਨਾਂ ਕੀਤੇ ਕਰਮਾਂ ਦਾ) ਫਲ ਭੋਗਦੇ ਹਨ। ਜਾ ਕੈ ਕੀਨ੍ਹ੍ਹੈ– ਜਿਨ੍ਹਾਂ ਪਦਾਰਥਾਂ ਦੇ ਇਕੱਠੇ ਕੀਤਿਆਂ। ਹੋਤ = (ਪੈਦਾ) ਹੁੰਦੇ ਹਨ। ਸੇ = ਉਹ ਪਦਾਰਥ {ਬਹੁ-ਵਚਨ}। ਗਵਾਰ = ਮੂਰਖ ਮਨੁੱਖ।5।

ਮੋਹਿ = ਮੋਹ ਵਿਚ (ਫਸ ਕੇ) । ਭਰਮਿਆ = ਭਟਕਦਾ ਹੈ। ਕਿਰਤ = ਕੀਤੇ ਹੋਏ ਕਰਮ। ਕਿਰਤ ਰੇਖ = (ਪਿਛਲੇ) ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ। ਕਰਿ = ਕਰੇ, ਕਰਦਾ ਹੈ। ਕਰਮਿਆ = (ਹੋਰ ਉਹੋ ਜਿਹੇ ਹੀ) ਕਰਮ। ਕਰਣੈਹਾਰੁ = ਸਭੁ ਕੁਝ ਕਰ ਸਕਣ ਵਾਲਾ। ਅਲਿਪਤੁ = ਨਿਰਲੇਪ, ਜਿਸ ਉੱਤੇ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ। ਲੇਪੁ = ਅਸਰ, ਪ੍ਰਭਾਵ। ਪੁੰਨ = (ਮਿਥੇ ਹੋਏ) ਪੁੰਨਾਂ ਦੇ ਕਾਰਨ। ਪਾਪਿ = ਪਾਪ ਦੇ ਕਾਰਨ।6।

ਗੋਬਿੰਦ = ਹੇ ਗੋਬਿੰਦ! ਕ੍ਰਿਪਾਲ = ਹੇ ਕਿਰਪਾਲ! ਠਾਉ = ਥਾਂ। ਕਰਿ = ਕਰ ਕੇ।7।

ਕਰਣਹਾਰੁ = ਸਭ ਕੁਝ ਕਰਨ ਦੀ ਸਮਰਥਾ ਵਾਲਾ। ਅਪਾਰੁ = ਬੇਅੰਤ, ਜਿਸ ਦੀ ਹਸਤੀ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ {ਅ-ਪਾਰੁ}। ਕਰਿ = ਕਰ ਕੇ। ਲੜਿ = ਲੜ ਨਾਲ, ਪੱਲੇ ਨਾਲ। ਨਾਨਕ = ਹੇ ਨਾਨਕ!।8।

ਅਰਥ: ਹੇ ਭਾਈ! ਪਿਆਰੇ ਮਿੱਤਰਾਂ ਵਿਚੋਂ ਕੋਈ ਭੀ (ਤੋੜ ਤਕ ਸਾਥ ਨਿਬਾਹੁਣ ਵਾਲਾ) ਸਾਥੀ ਨਹੀਂ ਬਣ ਸਕਦਾ। (ਸਾਰੇ ਜੀਵ ਚੰਗੇ ਮੰਦੇ) ਕਰਮ ਆਪ ਕਰ ਕੇ ਆਪ ਹੀ (ਉਹਨਾਂ ਕੀਤੇ ਕਰਮਾਂ ਦਾ) ਫਲ ਭੋਗਦੇ ਹਨ (ਕੋਈ ਮਿੱਤਰ ਮਦਦ ਨਹੀਂ ਕਰ ਸਕਦਾ) । ਹੇ ਭਾਈ! ਜਿਨ੍ਹਾਂ ਪਦਾਰਥਾਂ ਦੇ ਇਕੱਠੇ ਕਰਦਿਆਂ (ਮਨੁੱਖ ਦੇ ਮਨ ਦੇ ਅਨੇਕਾਂ) ਵਿਕਾਰ ਪੈਦਾ ਹੁੰਦੇ ਰਹਿੰਦੇ ਹਨ (ਜਦੋਂ ਅੰਤ ਸਮਾ ਆਉਂਦਾ ਹੈ, ਤਾਂ) ਮੂਰਖ ਇਕ ਖਿਨ ਵਿਚ ਹੀ ਉਹਨਾਂ (ਪਦਾਰਥਾਂ) ਨੂੰ ਛੱਡ ਕੇ (ਇਥੋਂ) ਤੁਰ ਪੈਂਦਾ ਹੈ।5।

ਹੇ ਭਾਈ! (ਪਰਮਾਤਮਾ ਦਾ ਸਿਮਰਨ ਭੁਲਾ ਕੇ ਮਨੁੱਖ) ਮਾਇਆ ਦੇ ਮੋਹ ਦੇ ਕਾਰਨ ਬਹੁਤ ਭਟਕਦਾ ਫਿਰਦਾ ਹੈ, (ਪਿਛਲੇ) ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ (ਮਨੁੱਖ ਹੋਰ ਉਹੋ ਜਿਹੇ ਹੀ) ਕਰਮ ਕਰੀ ਜਾਂਦਾ ਹੈ। ਹੇ ਭਾਈ! ਸਭ ਕੁਝ ਕਰਨ ਦੇ ਸਮਰੱਥ ਪਰਮਾਤਮਾ ਆਪ ਨਿਰਲੇਪ ਹੈ (ਉਸ ਉੱਤੇ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ) । ਪ੍ਰਭੂ ਉੱਤੇ ਨਾਹ ਤਾਂ (ਜੀਵਾਂ ਦੇ ਮਿਥੇ ਹੋਏ) ਪੁੰਨ ਕਰਮਾਂ (ਦੇ ਕੀਤੇ ਜਾਣ ਤੋਂ ਪੈਦਾ ਹੋਣ ਵਾਲੇ ਅਹੰਕਾਰ ਆਦਿਕ) ਦਾ ਅਸਰ ਹੁੰਦਾ ਹੈ, ਨਾਹ ਕਿਸੇ ਪਾਪ ਦੇ ਕਾਰਨ (ਭਾਵ, ਉਸ ਪ੍ਰਭੂ ਨੂੰ ਨਾਹ ਅਹੰਕਾਰ ਨਾਹ ਵਿਕਾਰ ਆਪਣੇ ਅਸਰ ਹੇਠ ਲਿਆ ਸਕਦਾ ਹੈ) ।6।

ਹੇ ਦਇਆ ਦੇ ਸੋਮੇ ਗੋਬਿੰਦ! ਹੇ ਸਰਬ-ਵਿਆਪਕ! ਹੇ ਕਿਰਪਾਲ! ਮੈਂ ਤੇਰੀ ਸਰਨ ਆਇਆ ਹਾਂ, ਮੇਰੀ ਰੱਖਿਆ ਕਰ। ਤੈਥੋਂ ਬਿਨਾ ਮੇਰਾ ਹੋਰ ਕੋਈ ਥਾਂ ਨਹੀਂ। ਹੇ ਪ੍ਰਭੂ! ਮਿਹਰ ਕਰ ਕੇ ਮੈਨੂੰ ਆਪਣਾ ਨਾਮ ਬਖ਼ਸ਼।7।

ਹੇ ਨਾਨਕ! ਪ੍ਰਭੂ ਦੇ ਦਾਸ ਪ੍ਰਭੂ ਦੀ ਸਰਨ ਪਏ ਰਹਿੰਦੇ ਹਨ (ਤੇ, ਉਸ ਦੇ ਦਰ ਤੇ ਅਰਜ਼ੋਈ ਕਰਦੇ ਹਨ– ਹੇ ਪ੍ਰਭੂ!) ਤੂੰ (ਸਭ ਜੀਵਾਂ ਨੂੰ) ਪੈਦਾ ਕਰਨ ਵਾਲਾ ਹੈਂ, ਤੂੰ ਸਭ ਕੁਝ ਕਰਨ ਦੀ ਸਮਰਥਾ ਰੱਖਦਾ ਹੈਂ, ਤੂੰ ਸਭ ਤੋਂ ਉੱਚਾ ਹੈਂ, ਤੂੰ ਬੜਾ ਬੇਅੰਤ ਹੈਂ, ਮਿਹਰ ਕਰ (ਸਾਨੂੰ) ਆਪਣੇ ਲੜ ਨਾਲ ਲਾਈ ਰੱਖ।8।2।

ਬਸੰਤ ਕੀ ਵਾਰ ਮਹਲੁ ੫     ੴ ਸਤਿਗੁਰ ਪ੍ਰਸਾਦਿ ॥ ਹਰਿ ਕਾ ਨਾਮੁ ਧਿਆਇ ਕੈ ਹੋਹੁ ਹਰਿਆ ਭਾਈ ॥ ਕਰਮਿ ਲਿਖੰਤੈ ਪਾਈਐ ਇਹ ਰੁਤਿ ਸੁਹਾਈ ॥ ਵਣੁ ਤ੍ਰਿਣੁ ਤ੍ਰਿਭਵਣੁ ਮਉਲਿਆ ਅੰਮ੍ਰਿਤ ਫਲੁ ਪਾਈ ॥ ਮਿਲਿ ਸਾਧੂ ਸੁਖੁ ਊਪਜੈ ਲਥੀ ਸਭ ਛਾਈ ॥ ਨਾਨਕੁ ਸਿਮਰੈ ਏਕੁ ਨਾਮੁ ਫਿਰਿ ਬਹੁੜਿ ਨ ਧਾਈ ॥੧॥ {ਪੰਨਾ 1193}

ਪਦ ਅਰਥ: ਮਹਲੁ = ਸਰੀਰ {ਨੋਟ: ਇਥੇ ਲਫ਼ਜ਼ 'ਮਹਲਾ' ਦੇ ਥਾਂ ਲਫ਼ਜ਼ 'ਮਹਲੁ' ਹੈ}। ਮਹਲੁ 5 = ਸਰੀਰ ਪੰਜਵਾਂ, ਗੁਰੂ ਨਾਨਕ ਪੰਜਵਾਂ ਸਰੀਰ, ਭਾਵ, ਗੁਰੂ ਅਰਜਨ। ਹਰਿਆ = ਆਤਮਕ ਜੀਵਨ ਵਾਲਾ। ਕਰਮਿ = ਬਖ਼ਸ਼ਸ਼ ਦੇ ਲੇਖ ਰਾਹੀਂ। ਇਹ ਰੁਤਿ = ਨਾਮ ਜਪਣ ਲਈ ਇਹ ਮਨੁੱਖਾ ਸਰੀਰ ਦੀ ਰੁਤਿ। ਸੁਹਾਈ = ਸੋਹਣੀ। ਮਉਲਿਆ = ਖਿੜਿਆ। ਛਾਈ = ਕਾਲਖ਼, ਮੈਲ। ਧਾਈ = ਭਟਕਣਾ।

ਅਰਥ: ਹੇ ਭਾਈ! ਪਰਮਾਤਮਾ ਦਾ ਨਾਮ ਸਿਮਰ ਕੇ ਆਤਮਕ ਜੀਵਨ ਵਾਲਾ ਬਣ ਜਾ (ਜਿਵੇਂ ਪਾਣੀ ਮਿਲਣ ਨਾਲ ਰੁੱਖ ਨੂੰ ਹਰਿਆਵਲ ਮਿਲ ਜਾਂਦੀ ਹੈ) । (ਨਾਮ ਜਪਣ ਵਾਸਤੇ ਮਨੁੱਖਾ ਜਨਮ ਦਾ) ਇਹ ਸੋਹਣਾ ਸਮਾ (ਪੂਰਬਲੇ ਕੀਤੇ ਕਰਮਾਂ ਅਨੁਸਾਰ ਪ੍ਰਭੂ ਵਲੋਂ) ਲਿਖੇ ਬਖ਼ਸ਼ਸ਼ ਦੇ ਲੇਖ ਦੇ ਉੱਘੜਨ ਨਾਲ ਹੀ ਮਿਲਦਾ ਹੈ। (ਜਿਵੇਂ ਵਰਖਾ ਨਾਲ) ਜੰਗਲ ਬਨਸਪਤੀ ਸਾਰਾ ਜਗਤ ਖਿੜ ਪੈਂਦਾ ਹੈ, (ਤਿਵੇਂ ਉਸ ਮਨੁੱਖ ਦਾ ਲੂੰ ਲੂੰ ਖਿੜ ਪੈਂਦਾ ਹੈ ਜੋ) ਅੰਮ੍ਰਿਤ ਨਾਮ-ਰੂਪ ਫਲ ਹਾਸਲ ਕਰ ਲੈਂਦਾ ਹੈ। ਗੁਰੂ ਨੂੰ ਮਿਲ ਕੇ (ਉਸ ਦੇ ਹਿਰਦੇ ਵਿਚ) ਸੁਖ ਪੈਦਾ ਹੁੰਦਾ ਹੈ, ਉਸ ਦੇ ਮਨ ਦੀ ਮੈਲ ਲਹਿ ਜਾਂਦੀ ਹੈ। ਨਾਨਕ (ਭੀ) ਪ੍ਰਭੂ ਦਾ ਹੀ ਨਾਮ ਸਿਮਰਦਾ ਹੈ (ਤੇ ਜੋ ਮਨੁੱਖ ਸਿਮਰਦਾ ਹੈ ਉਸ ਨੂੰ) ਮੁੜ ਮੁੜ ਜਨਮ ਮਰਨ ਦੇ ਗੇੜ ਵਿਚ ਭਟਕਣਾ ਨਹੀਂ ਪੈਂਦਾ।1।

ਪੰਜੇ ਬਧੇ ਮਹਾਬਲੀ ਕਰਿ ਸਚਾ ਢੋਆ ॥ ਆਪਣੇ ਚਰਣ ਜਪਾਇਅਨੁ ਵਿਚਿ ਦਯੁ ਖੜੋਆ ॥ ਰੋਗ ਸੋਗ ਸਭਿ ਮਿਟਿ ਗਏ ਨਿਤ ਨਵਾ ਨਿਰੋਆ ॥ ਦਿਨੁ ਰੈਣਿ ਨਾਮੁ ਧਿਆਇਦਾ ਫਿਰਿ ਪਾਇ ਨ ਮੋਆ ॥ ਜਿਸ ਤੇ ਉਪਜਿਆ ਨਾਨਕਾ ਸੋਈ ਫਿਰਿ ਹੋਆ ॥੨॥

ਪਦ ਅਰਥ: ਪੰਜੇ = ਕਾਮ ਆਦਿਕ ਪੰਜ ਹੀ ਵਿਕਾਰ। ਬਲੀ = ਬਲਵਾਨ। ਢੋਆ = ਭੇਟਾ। ਜਪਾਇਅਨੁ = ਉਸ ਨੇ ਜਪਾਏ। ਵਿਚਿ = ਉਸ ਦੇ ਹਿਰਦੇ ਵਿਚ। ਦਯੁ = ਦਿਆਲ ਪ੍ਰਭੂ। ਸਭਿ = ਸਾਰੇ। ਨਿਰੋਆ = ਰੋਗ ਰਹਿਤ, ਅਰੋਗ। ਰੈਣਿ = ਰਾਤ। ਮੋਆ = ਮੌਤ, ਜਨਮ ਮਰਨ ਦਾ ਗੇੜ।

ਅਰਥ: ਜਿਸ ਮਨੁੱਖ ਨੇ (ਪ੍ਰਭੂ ਦਾ ਸਿਮਰਨ-ਰੂਪ) ਸੱਚੀ ਭੇਟਾ (ਪ੍ਰਭੂ ਦੀ ਹਜ਼ੂਰੀ ਵਿਚ) ਪੇਸ਼ ਕੀਤੀ ਹੈ, ਪ੍ਰਭੂ ਨੇ ਉਸ ਦੇ ਕਾਮਾਦਿਕ ਪੰਜੇ ਹੀ ਵੱਡੇ ਬਲੀ ਵਿਕਾਰ ਬੰਨ੍ਹ ਦਿੱਤੇ ਹਨ, (ਜਿਸ ਕਰਕੇ) ਉਸ ਦੇ ਸਾਰੇ ਹੀ ਰੋਗ ਤੇ ਸਹਸੇ ਮਿਟ ਜਾਂਦੇ ਹਨ, ਉਹ ਸਦਾ ਪਵਿਤ੍ਰ-ਆਤਮਾ ਤੇ ਅਰੋਗ ਰਹਿੰਦਾ ਹੈ। ਉਹ ਮਨੁੱਖ ਦਿਨ ਰਾਤ ਪਰਮਾਤਮਾ ਦਾ ਨਾਮ ਸਿਮਰਦਾ ਹੈ, ਉਸ ਨੂੰ ਜਨਮ ਮਰਨ ਦਾ ਗੇੜ ਨਹੀਂ ਲਾਣਾ ਪੈਂਦਾ।

ਹੇ ਨਾਨਕ! ਜਿਸ ਪਰਮਾਤਮਾ ਤੋਂ ਉਹ ਪੈਦਾ ਹੋਇਆ ਸੀ (ਸਿਮਰਨ ਦੀ ਬਰਕਤਿ ਨਾਲ) ਉਸੇ ਦਾ ਰੂਪ ਹੋ ਜਾਂਦਾ ਹੈ।2।

ਕਿਥਹੁ ਉਪਜੈ ਕਹ ਰਹੈ ਕਹ ਮਾਹਿ ਸਮਾਵੈ ॥ ਜੀਅ ਜੰਤ ਸਭਿ ਖਸਮ ਕੇ ਕਉਣੁ ਕੀਮਤਿ ਪਾਵੈ ॥ ਕਹਨਿ ਧਿਆਇਨਿ ਸੁਣਨਿ ਨਿਤ ਸੇ ਭਗਤ ਸੁਹਾਵੈ ॥ ਅਗਮੁ ਅਗੋਚਰੁ ਸਾਹਿਬੋ ਦੂਸਰੁ ਲਵੈ ਨ ਲਾਵੈ ॥ ਸਚੁ ਪੂਰੈ ਗੁਰਿ ਉਪਦੇਸਿਆ ਨਾਨਕੁ ਸੁਣਾਵੈ ॥੩॥੧॥ {ਪੰਨਾ 1193}

ਪਦ ਅਰਥ: ਕਹ ਮਾਹਿ = ਕਾਹਦੇ ਵਿਚ? ਸਮਾਵੈ = ਲੀਨ ਹੋ ਜਾਂਦਾ ਹੈ। ਕਹਨਿ = ਕਹਿੰਦੇ ਹਨ। ਸੁਹਾਵੈ = ਸੋਹਣੇ ਲੱਗਦੇ ਹਨ। ਲਵੈ ਨ ਲਾਵੈ = ਬਰਾਬਰੀ ਨਹੀਂ ਕਰ ਸਕਦਾ। ਗੁਰਿ = ਗੁਰੂ ਨੇ। ਉਪਦੇਸਿਆ = ਨੇੜੇ ਵਿਖਾ ਦਿੱਤਾ ਹੈ। ਸਚੁ = ਸਦਾ-ਥਿਰ ਪ੍ਰਭੂ। ਅਗੋਚਰੁ = ਅ-ਗੋ-ਚਰੁ। ਗੋ = ਇੰਦ੍ਰੇ।

ਅਰਥ: ਸਾਰੇ ਜੀਵ ਖਸਮ-ਪ੍ਰਭੂ ਦੇ ਪੈਦਾ ਕੀਤੇ ਹੋਏ ਹਨ, ਕੋਈ ਭੀ (ਆਪਣੇ ਪੈਦਾ ਕਰਨ ਵਾਲੇ ਦੇ ਗੁਣਾਂ ਦਾ) ਮੁੱਲ ਨਹੀਂ ਪਾ ਸਕਦਾ, (ਕੋਈ ਨਹੀਂ ਦੱਸ ਸਕਦਾ ਕਿ) ਪ੍ਰਭੂ ਕਿਥੋਂ ਪੈਦਾ ਹੁੰਦਾ ਹੈ ਕਿਥੇ ਰਹਿੰਦਾ ਹੈ ਤੇ ਕਿਥੇ ਲੀਨ ਹੋ ਜਾਂਦਾ ਹੈ।

ਜੋ ਜੋ ਉਸ ਪ੍ਰਭੂ ਦੇ ਗੁਣ ਉਚਾਰਦੇ ਹਨ ਚੇਤੇ ਕਰਦੇ ਹਨ ਸੁਣਦੇ ਹਨ ਉਹ ਭਗਤ ਸੋਹਣੇ (ਜੀਵਨ ਵਾਲੇ) ਹੋ ਜਾਂਦੇ ਹਨ।

ਪਰਮਾਤਮਾ ਅਪਹੁੰਚ ਹੈ, ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ ਸਭ ਦਾ ਮਾਲਕ ਹੈ, ਕੋਈ ਉਸ ਦੀ ਬਰਾਬਰੀ ਨਹੀਂ ਕਰ ਸਕਦਾ। ਨਾਨਕ ਉਸ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਸੁਣਾਂਦਾ ਹੈ, ਪੂਰੇ ਗੁਰੂ ਨੇ ਉਹ ਪ੍ਰਭੂ ਨੇੜੇ ਵਿਖਾ ਦਿੱਤਾ ਹੈ (ਅੰਦਰ ਵੱਸਦਾ ਵਿਖਾ ਦਿੱਤਾ ਹੈ) ।3।1।

ਬਸੰਤੁ ਬਾਣੀ ਭਗਤਾਂ ਕੀ ॥ ਕਬੀਰ ਜੀ ਘਰੁ ੧     ੴ ਸਤਿਗੁਰ ਪ੍ਰਸਾਦਿ ॥ ਮਉਲੀ ਧਰਤੀ ਮਉਲਿਆ ਅਕਾਸੁ ॥ ਘਟਿ ਘਟਿ ਮਉਲਿਆ ਆਤਮ ਪ੍ਰਗਾਸੁ ॥੧॥ ਰਾਜਾ ਰਾਮੁ ਮਉਲਿਆ ਅਨਤ ਭਾਇ ॥ ਜਹ ਦੇਖਉ ਤਹ ਰਹਿਆ ਸਮਾਇ ॥੧॥ ਰਹਾਉ ॥ ਦੁਤੀਆ ਮਉਲੇ ਚਾਰਿ ਬੇਦ ॥ ਸਿੰਮ੍ਰਿਤਿ ਮਉਲੀ ਸਿਉ ਕਤੇਬ ॥੨॥ ਸੰਕਰੁ ਮਉਲਿਓ ਜੋਗ ਧਿਆਨ ॥ ਕਬੀਰ ਕੋ ਸੁਆਮੀ ਸਭ ਸਮਾਨ ॥੩॥੧॥ {ਪੰਨਾ 1193}

ਪਦ ਅਰਥ: ਮਉਲੀ = ਖਿੜੀ ਹੋਈ ਹੈ, ਟਹਿਕ ਰਹੀ ਹੈ, ਸੁਹਣੀ ਲੱਗ ਰਹੀ ਹੈ। ਘਟਿ ਘਟਿ = ਹਰੇਕ ਘਟ ਵਿਚ। ਮਉਲਿਆ = ਖਿੜਿਆ ਹੋਇਆ ਹੈ, ਚਮਕ ਦਿਖਾ ਰਿਹਾ ਹੈ, ਭਾਵ ਮਾਰ ਰਿਹਾ ਹੈ। ਪ੍ਰਗਾਸੁ = ਚਾਨਣ, ਜੋਤ। ਆਤਮ ਪ੍ਰਗਾਸੁ = ਆਤਮਾ ਦਾ ਪ੍ਰਕਾਸ਼, ਪਰਮਾਤਮਾ ਦੀ ਜੋਤ ਦਾ ਚਾਨਣ।1।

ਰਾਜਾ = ਪ੍ਰਕਾਸ਼-ਸਰੂਪ। ਅਨਤ = ਅਨੰਤ। ਅਨਤ ਭਾਇ = ਅਨੰਤ ਭਾਵ ਵਿਚ, ਬੇਅੰਤ ਤਰੀਕਿਆਂ ਨਾਲ, ਅਨੇਕ ਤਰ੍ਹਾਂ। ਜਹ = ਜਿੱਧਰ। ਦੇਖਉ = ਦੇਖਉਂ, ਮੈਂ ਵੇਖਦਾ ਹਾਂ। ਤਹ = ਉਧਰ। ਸਮਾਇ ਰਹਿਆ = ਭਰਪੂਰ ਹੈ।1। ਰਹਾਉ।

ਦੁਤੀਆ = ਦੂਜੀ ਗੱਲ (ਇਹ ਹੈ) ; ਅਤੇ ਹੋਰ (ਸੁਣੋ) । ਸਿਉ ਕਤੇਬ = ਮੁਸਲਮਾਨੀ ਧਰਮ ਪੁਸਤਕਾਂ ਸਮੇਤ।2।

ਸੰਕਰੁ = ਸ਼ਿਵ। ਸਭ = ਹਰ ਥਾਂ। ਸਮਾਨ = ਇਕੋ ਜਿਹਾ।3।

ਅਰਥ: (ਸਾਰੇ ਜਗਤ ਦਾ ਮਾਲਕ) ਜੋਤ-ਸਰੂਪ ਪਰਮਾਤਮਾ (ਆਪਣੇ ਬਣਾਏ ਜਗਤ ਵਿਚ) ਅਨੇਕ ਤਰ੍ਹਾਂ ਆਪਣਾ ਪ੍ਰਕਾਸ਼ ਕਰ ਰਿਹਾ ਹੈ। ਮੈਂ ਜਿੱਧਰ ਵੇਖਦਾ ਹਾਂ, ਉਧਰ ਹੀ ਉਹ ਭਰਪੂਰ (ਦਿੱਸਦਾ) ਹੈ।1। ਰਹਾਉ।

ਹਰੇਕ ਘਟ ਵਿਚ ਉਸ ਪਰਮਾਤਮਾ ਦਾ ਹੀ ਪ੍ਰਕਾਸ਼ ਹੈ। ਧਰਤੀ ਤੇ ਅਕਾਸ਼ (ਉਸੇ ਦੀ ਜੋਤ ਦੇ ਪ੍ਰਕਾਸ਼ ਨਾਲ) ਖਿੜੇ ਹੋਏ ਹਨ।1।

(ਨਿਰੀ ਧਰਤ ਅਕਾਸ਼ ਹੀ ਨਹੀਂ) ਚਾਰੇ ਵੇਦ, ਸਿਮ੍ਰਿਤੀਆਂ ਤੇ ਮੁਸਲਮਾਨੀ ਧਰਮ-ਪੁਸਤਕ = ਇਹ ਸਾਰੇ ਭੀ ਪਰਮਾਤਮਾ ਦੀ ਜੋਤ ਨਾਲ ਪਰਗਟ ਹੋਏ ਹਨ।2।

ਜੋਗ-ਸਮਾਧੀ ਲਾਣ ਵਾਲਾ ਸ਼ਿਵ ਭੀ (ਪ੍ਰਭੂ ਦੀ ਜੋਤ ਦੀ ਬਰਕਤਿ ਨਾਲ) ਖਿੜਿਆ। (ਮੁੱਕਦੀ ਗੱਲ ਇਹ ਕਿ) ਕਬੀਰ ਦਾ ਮਾਲਕ (-ਪ੍ਰਭੂ) ਸਭ ਥਾਂ ਇਕੋ ਜਿਹਾ ਖਿੜ ਰਿਹਾ ਹੈ।3।

ਸ਼ਬਦ ਦਾ ਭਾਵ: ਪਰਮਾਤਮਾ ਸਰਬ-ਵਿਆਪਕ ਹੈ, ਉਸੇ ਦੀ ਜੋਤ ਦਾ ਪ੍ਰਕਾਸ਼ ਹਰ ਥਾਂ ਹੋ ਰਿਹਾ ਹੈ।

ਪੰਡਿਤ ਜਨ ਮਾਤੇ ਪੜ੍ਹ੍ਹਿ ਪੁਰਾਨ ॥ ਜੋਗੀ ਮਾਤੇ ਜੋਗ ਧਿਆਨ ॥ ਸੰਨਿਆਸੀ ਮਾਤੇ ਅਹੰਮੇਵ ॥ ਤਪਸੀ ਮਾਤੇ ਤਪ ਕੈ ਭੇਵ ॥੧॥ ਸਭ ਮਦ ਮਾਤੇ ਕੋਊ ਨ ਜਾਗ ॥ ਸੰਗ ਹੀ ਚੋਰ ਘਰੁ ਮੁਸਨ ਲਾਗ ॥੧॥ ਰਹਾਉ ॥ ਜਾਗੈ ਸੁਕਦੇਉ ਅਰੁ ਅਕੂਰੁ ॥ ਹਣਵੰਤੁ ਜਾਗੈ ਧਰਿ ਲੰਕੂਰੁ ॥ ਸੰਕਰੁ ਜਾਗੈ ਚਰਨ ਸੇਵ ॥ ਕਲਿ ਜਾਗੇ ਨਾਮਾ ਜੈਦੇਵ ॥੨॥ ਜਾਗਤ ਸੋਵਤ ਬਹੁ ਪ੍ਰਕਾਰ ॥ ਗੁਰਮੁਖਿ ਜਾਗੈ ਸੋਈ ਸਾਰੁ ॥ ਇਸੁ ਦੇਹੀ ਕੇ ਅਧਿਕ ਕਾਮ ॥ ਕਹਿ ਕਬੀਰ ਭਜਿ ਰਾਮ ਨਾਮ ॥੩॥੨॥ {ਪੰਨਾ 1193-1194}

ਪਦ ਅਰਥ: ਜਨ = ਲੋਕ। {ਨੋਟ: ਲਫ਼ਜ਼ 'ਜਨ' ਕਿਸੇ ਸ਼੍ਰੇਣੀ ਦੇ ਲਫ਼ਜ਼ ਨਾਲ ਵਰਤੀਏ ਤਾਂ ਉਸ ਦਾ ਅਰਥ ਹੁੰਦਾ ਹੈ "ਉਸ ਸ਼੍ਰੈਣੀ ਦੇ ਆਮ ਲੋਕ"}। ਮਾਤੇ = ਮੱਤੇ ਹੋਏ, ਮਸਤੇ ਹੋਏ, ਅਹੰਕਾਰੀ। ਪੜ੍ਹ੍ਹਿ = ਪੜ੍ਹ ਕੇ। ਅਹੰਮੇਵ = ਅਹੰਕਾਰ। ਭੇਵ = ਭੇਤ, ਮਰਮ।1।

ਸੰਗ ਹੀ = ਨਾਲ ਹੀ; ਅੰਦਰ ਹੀ। ਮੁਸਨ ਲਾਗ = ਠੱਗਣ ਲੱਗ ਪੈਂਦੇ ਹਨ।1। ਰਹਾਉ।

ਸੁਕਦੇਉ = {Skt. _uk} ਵਿਆਸ ਦੇ ਇਕ ਪੁੱਤਰ ਦਾ ਨਾਮ ਹੈ। ਇਹ ਜੰਮਦਾ ਹੀ ਭਗਤ ਸੀ, ਇਸ ਨੇ ਬੜੇ ਕਠਿਨ ਤਪ ਕੀਤੇ। ਰਾਜਾ ਪਰੀਖ੍ਯ੍ਯਤ ਨੂੰ ਇਸੇ ਰਿਸ਼ੀ ਨੇ ਭਾਗਵਤ ਪੁਰਾਣ ਸੁਣਾਇਆ ਸੀ। ਅਕ੍ਰੂਰ = ਕੰਸ ਦਾ ਭਰਾ, ਕ੍ਰਿਸ਼ਨ ਜੀ ਦਾ ਮਾਮਾ ਅਤੇ ਭਗਤ। ਲੰਕੂਰੁ = {Skt. lwzgul} ਪੂਛਲ। ਧਰਿ = ਧਾਰ ਕੇ।2।

ਬਹੁ ਪ੍ਰਕਾਰ = ਕਈ ਕਿਸਮਾਂ ਦਾ। ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਸਾਰੁ = ਸ੍ਰੇਸ਼ਟ। ਸੋਈ = ਉਹ ਜਾਗਣਾ। ਦੇਹੀ = ਦੇਹ-ਧਾਰੀ, ਜੀਵ। ਅਧਿਕ = ਬਹੁਤ।3।

ਅਰਥ: ਸਭ ਜੀਵ (ਕਿਸੇ ਨਾ ਕਿਸੇ ਵਿਕਾਰ ਵਿਚ) ਮੱਤੇ ਪਏ ਹਨ, ਕੋਈ ਜਾਗਦਾ ਨਹੀਂ (ਦਿੱਸਦਾ) । ਤੇ, ਇਹਨਾਂ ਜੀਵਾਂ ਦੇ ਅੰਦਰੋਂ ਹੀ (ਉੱਠ ਕੇ ਕਾਮਾਦਿਕ) ਚੋਰ ਇਹਨਾਂ ਦਾ (ਹਿਰਦਾ-ਰੂਪ) ਘਰ ਲੁੱਟ ਰਹੇ ਹਨ।1। ਰਹਾਉ।

ਪੰਡਿਤ ਲੋਕ ਪੁਰਾਨ (ਆਦਿਕ ਧਰਮ-ਪੁਸਤਕਾਂ) ਪੜ੍ਹ ਕੇ ਅਹੰਕਾਰੇ ਹੋਏ ਹਨ; ਜੋਗੀ ਜੋਗ-ਸਾਧਨਾਂ ਦੇ ਮਾਣ ਵਿਚ ਮੱਤੇ ਹੋਏ ਹਨ, ਸੰਨਿਆਸੀ (ਸੰਨਿਆਸ ਦੇ) ਅਹੰਕਾਰ ਵਿਚ ਡੁੱਬੇ ਹੋਏ ਹਨ; ਤਪੀ ਲੋਕ ਇਸ ਵਾਸਤੇ ਮਸਤੇ ਹੋਏ ਹਨ ਕਿ ਉਹਨਾਂ ਨੇ ਤਪ ਦਾ ਭੇਤ ਪਾ ਲਿਆ ਹੈ।1।

(ਜਗਤ ਵਿਚ ਕੋਈ ਵਿਰਲੇ ਵਿਰਲੇ ਜਾਗੇ, ਵਿਰਲੇ ਵਿਰਲੇ ਮਾਇਆ ਦੇ ਪ੍ਰਭਾਵ ਤੋਂ ਬਚੇ) ; ਜਾਗਦਾ ਰਿਹਾ ਸੁਕਦੇਵ ਰਿਸ਼ੀ ਤੇ ਅਕ੍ਰੂਰ ਭਗਤ; ਜਾਗਦਾ ਰਿਹਾ ਹਨੂਮਾਨ ਪੂਛਲ ਧਾਰ ਕੇ ਭੀ (ਭਾਵ, ਭਾਵੇਂ ਲੋਕ ਉਸ ਨੂੰ ਪੂਛਲ ਵਾਲਾ ਹੀ ਆਖਦੇ ਹਨ) । ਪ੍ਰਭੂ-ਚਰਨਾਂ ਦੀ ਸੇਵਾ ਕਰ ਕੇ ਜਾਗਿਆ ਸ਼ਿਵ ਜੀ। (ਹੁਣ ਦੇ ਸਮੇ) ਕਲਿਜੁਗ ਵਿਚ ਜਾਗਦੇ ਰਹੇ ਭਗਤ ਨਾਮਦੇਵ ਤੇ ਜੈਦੇਵ ਜੀ।2।

ਜਾਗਣਾ ਤੇ ਸੁੱਤੇ ਰਹਿਣਾ (ਭੀ) ਕਈ ਕਿਸਮ ਦਾ ਹੈ (ਚੋਰ ਭੀ ਤਾਂ ਰਾਤ ਨੂੰ ਜਾਗਦੇ ਹੀ ਹਨ) । ਉਹ ਜਾਗਣਾ ਸ੍ਰੇਸ਼ਟ ਹੈ ਜੋ ਗੁਰਮੁਖਾਂ ਦਾ ਜਾਗਣਾ ਹੈ (ਭਾਵ, ਜੋ ਮਨੁੱਖ ਗੁਰੂ ਦੇ ਸਨਮੁਖ ਰਹਿ ਕੇ ਮਾਇਆ ਦੇ ਹੱਲੇ ਵਲੋਂ ਸੁਚੇਤ ਰਹਿੰਦਾ ਹੈ, ਉਹੀ ਜਾਗ ਰਿਹਾ ਹੈ) । ਕਬੀਰ ਆਖਦਾ ਹੈ– ਹੇ ਭਾਈ! ਪ੍ਰਭੂ ਦਾ ਨਾਮ ਸਿਮਰ (ਕੇ ਸੁਚੇਤ ਰਹੁ, ਇਹ ਸਿਮਰਨ) ਜੀਵ ਦੇ ਬਹੁਤ ਕੰਮ ਆਉਂਦਾ ਹੈ।3।2।

ਨੋਟ: ਕਬੀਰ ਜੀ ਬਨਾਰਸ ਦੇ ਰਹਿਣ ਵਾਲੇ ਸਨ। ਭਗਤ ਨਾਮਦੇਵ ਜੀ ਬੰਬਈ ਦੇ ਜ਼ਿਲਾ ਸਤਾਰਾ ਦੇ, ਅਤੇ ਜੈਦੇਵ ਜੀ ਬੰਗਾਲ ਦੇ ਰਹਿਣ ਵਾਲੇ। ਕਬੀਰ ਜੀ ਇਹਨਾਂ ਦੋਹਾਂ ਭਗਤਾਂ ਦਾ ਜ਼ਿਕਰ ਕਰਦੇ ਹਨ। ਉਸ ਜ਼ਮਾਨੇ ਵਿਚ ਭੀ ਇਹਨਾਂ ਦੀ ਸੋਭਾ ਸਾਰੇ ਭਾਰਤ ਵਿਚ ਖਿਲਰੀ ਹੋਈ ਸੀ, ਜਦੋਂ ਕੋਈ ਅਖ਼ਬਾਰਾਂ ਦਾ ਰਿਵਾਜ ਨਹੀਂ ਸੀ, ਕਿਤੇ ਰੇਲ ਗੱਡੀਆਂ ਭੀ ਨਹੀਂ ਸਨ।

ਸ਼ਬਦ ਦਾ ਭਾਵ: ਜੇ ਮਨੁੱਖ ਪ੍ਰਭੂ ਦਾ ਨਾਮ ਵਿਸਾਰ ਦੇਵੇ, ਤਾਂ ਕਾਮਾਦਿਕ ਅਨੇਕਾਂ ਵਿਕਾਰ ਉਸ ਦੇ ਆਚਰਨ ਨੂੰ, ਆਤਮਕ-ਜੀਵਨ ਨੂੰ ਗਿਰਾ ਦੇਂਦੇ ਹਨ। ਕੋਈ ਪੰਡਿਤ ਹੋਵੇ ਜੋਗੀ ਹੋਵੇ, ਸੰਨਿਆਸੀ ਹੋਵੇ ਤਪੀ ਹੋਵੇ, ਕਿਸੇ ਦਾ ਲਿਹਾਜ਼ ਨਹੀਂ ਕਰਦੇ।

TOP OF PAGE

Sri Guru Granth Darpan, by Professor Sahib Singh