ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1194

ਜੋਇ ਖਸਮੁ ਹੈ ਜਾਇਆ ॥ ਪੂਤਿ ਬਾਪੁ ਖੇਲਾਇਆ ॥ ਬਿਨੁ ਸ੍ਰਵਣਾ ਖੀਰੁ ਪਿਲਾਇਆ ॥੧॥ ਦੇਖਹੁ ਲੋਗਾ ਕਲਿ ਕੋ ਭਾਉ ॥ ਸੁਤਿ ਮੁਕਲਾਈ ਅਪਨੀ ਮਾਉ ॥੧॥ ਰਹਾਉ ॥ ਪਗਾ ਬਿਨੁ ਹੁਰੀਆ ਮਾਰਤਾ ॥ ਬਦਨੈ ਬਿਨੁ ਖਿਰ ਖਿਰ ਹਾਸਤਾ ॥ ਨਿਦ੍ਰਾ ਬਿਨੁ ਨਰੁ ਪੈ ਸੋਵੈ ॥ ਬਿਨੁ ਬਾਸਨ ਖੀਰੁ ਬਿਲੋਵੈ ॥੨॥ ਬਿਨੁ ਅਸਥਨ ਗਊ ਲਵੇਰੀ ॥ ਪੈਡੇ ਬਿਨੁ ਬਾਟ ਘਨੇਰੀ ॥ ਬਿਨੁ ਸਤਿਗੁਰ ਬਾਟ ਨ ਪਾਈ ॥ ਕਹੁ ਕਬੀਰ ਸਮਝਾਈ ॥੩॥੩॥ {ਪੰਨਾ 1194}

ਪਦ ਅਰਥ: ਜੋਇ = ਇਸਤ੍ਰੀ (ਨੇ) । ਜਾਇਆ = ਜੰਮਿਆ, ਜਨਮ ਦਿੱਤਾ। ਪੂਤਿ = ਪੁੱਤਰ (ਮਨ) ਨੇ। ਖੇਲਾਇਆ = ਖੇਡੇ ਲਾਇਆ ਹੈ। ਸ੍ਰਵਣ = {Skt. = såvx = Flowing, trickling, oozing, (ਦੁੱਧ) ਵਗਣਾ, ਸਿੰਮਣਾ} ਥਣ। ਖੀਰੁ = ਦੁੱਧ।1।

ਕੋ = ਦਾ। ਭਾਉ = ਪ੍ਰਭਾਵ। ਸੁਤਿ = ਪੁੱਤਰ ਨੇ। ਮੁਕਲਾਈ = ਵਿਆਹ ਲਈ ਹੈ। ਮਾਉ = ਮਾਂ। ਕਲਿ = ਪ੍ਰਭੂ ਤੋਂ ਵਿਛੋੜਾ।1। ਰਹਾਉ।

ਨੋਟ: ਇਸ ਸਾਰੇ ਸ਼ਬਦ ਵਿਚ ਕਬੀਰ ਜੀ ਮਾਇਆ ਦੇ ਪ੍ਰਭਾਵ ਦਾ ਹਾਲ ਦੱਸ ਰਹੇ ਹਨ, ਮਾਇਆ-ਵੇੜ੍ਹੇ ਜੀਵ ਦੀ ਦਸ਼ਾ ਬਿਆਨ ਕਰ ਰਹੇ ਹਨ; ਅਤੇ 'ਕਲਿ ਕੋ ਭਾਉ' ਲਫ਼ਜ਼ ਵਰਤਦੇ ਹਨ। ਇਹੀ ਲਫ਼ਜ਼ ਗੁਰੂ ਨਾਨਕ ਦੇਵ ਜੀ ਨੇ ਵਰਤੇ ਹਨ ਆਸਾ ਰਾਗ ਦੇ ਇਕ ਸ਼ਬਦ ਵਿਚ, ਜਿੱਥੇ ਆਪ ਮਾਇਆ-ਵੇੜ੍ਹੇ ਜਗਤ ਦੀ ਹਾਲਤ ਦੱਸਦੇ ਹਨ; ਆਪ ਫ਼ੁਰਮਾਂਦੇ ਹਨ:

ਤਾਲ ਮਦੀਰੇ ਘਟ ਕੇ ਘਾਟ ॥ ਦੋਲਕ ਦੁਨੀਆ ਵਾਜੈ ਵਾਜ ॥

ਨਾਰਦੁ ਨਾਚੈ ਕਲਿ ਕਾ ਭਾਉ ॥ ਜਤੀ ਸਤੀ ਕਹਿ ਰਾਖਹਿ ਪਾਉ ॥1॥

ਇਹਨਾਂ ਲਫ਼ਜ਼ਾਂ ਦੀ ਸਾਂਝ ਇਸ ਨਤੀਜੇ ਤੇ ਅਪੜਾਂਦੀ ਹੈ ਕਿ ਗੁਰੂ ਨਾਨਕ ਦੇਵ ਜੀ ਪਾਸ ਭਗਤ ਕਬੀਰ ਜੀ ਦੀ ਬਾਣੀ ਮੌਜੂਦ ਸੀ। ਮੂਰਤੀ-ਪੂਜਾ ਤੇ ਭਰਮਾਂ-ਵਹਿਮਾਂ ਦੇ ਹਨੇਰੇ ਵਿਚ ਫਸੇ ਹੋਏ ਭਾਰਤ ਵਿਚ ਜਦੋਂ ਗੁਰੂ ਨਾਨਕ ਦੇਵ ਜੀ ਕਿਸੇ ਰੱਬੀ-ਪਿਆਰੇ ਦੀ ਭਾਲ ਕਰਨ ਚੜ੍ਹੇ, ਤਾਂ ਇਹ ਕੁਦਰਤੀ ਗੱਲ ਸੀ ਕਿ ਜਿੱਥੇ-ਕਿਤੇ ਇਹਨਾਂ ਨੂੰ ਆਪਣੇ ਹਮ-ਖ਼ਿਆਲ ਦੀ ਦੱਸ ਪਏ, ਉਸ ਨੂੰ ਮਿਲਣ ਜਾਂ ਉਸ ਦੀ ਬਾਣੀ ਹਾਸਲ ਕਰਨ।

ਪਗ = ਪੈਰ। ਹੁਰੀਆ = ਛਾਲਾਂ। ਬਦਨ = ਮੂੰਹ। ਖਿਰ ਖਿਰ = ਖਿੜ ਖਿੜ। ਹਾਸਤਾ = ਹੱਸਦਾ ਹੈ। ਨਿਦ੍ਰਾ = ਮੋਹ ਦੀ ਨੀਂਦ। ਪੈ = ਬੇ-ਪਰਵਾਹ ਹੋ ਕੇ, ਲੰਮੀ ਤਾਣ ਕੇ। ਬਾਸਨ = ਭਾਂਡਾ। ਬਿਲੋਵੈ = ਰਿੜਕਦਾ ਹੈ।2।

ਅਸਥਨ = ਥਣ। ਗਊ = ਮਾਇਆ-ਰੂਪ ਗਾਂ। ਬਿਨੁ ਅਸਥਨ = ਥਣਾਂ ਤੋਂ ਬਿਨਾ ਹੈ, (ਭਾਵ, ਇਸ ਮਾਇਆ ਪਾਸੋਂ ਸੁਖ ਨਹੀਂ ਮਿਲਦੇ) । ਪੈਡੇ ਬਿਨੁ = (ਇਸ ਦਾ ਅਸਲਾ ਤਾਂ ਐਸਾ ਹੈ ਕਿ ਇਸ ਨੂੰ) ਕੋਈ ਪੈਂਡਾ ਨਹੀਂ। ਬਾਟ ਘਨੇਰੀ = ਲੰਮੀ ਵਾਟ। ਬਾਟ = ਜੀਵਨ ਦਾ ਸਹੀ ਰਸਤਾ।3।

ਅਰਥ: ਹੇ ਲੋਕੋ! ਵੇਖੋ, ਕਲਿਜੁਗ ਦਾ ਅਜਬ ਪ੍ਰਭਾਵ ਪੈ ਰਿਹਾ ਹੈ (ਭਾਵ, ਪ੍ਰਭੂ ਤੋਂ ਵਿਛੜਨ ਕਰਕੇ ਜੀਵ ਉੱਤੇ ਅਜਬ ਦਬਾਉ ਪੈ ਰਿਹਾ ਹੈ) । (ਮਨ-ਰੂਪ) ਪੁੱਤਰ ਨੇ ਆਪਣੀ ਮਾਂ (-ਮਾਇਆ) ਨੂੰ ਵਿਆਹ ਲਿਆ ਹੈ।1। ਰਹਾਉ।

ਇਸਤ੍ਰੀ ਨੇ ਖਸਮ ਨੂੰ ਜਨਮ ਦਿੱਤਾ ਹੈ (ਭਾਵ, ਜਿਸ ਮਨ ਨੂੰ ਮਾਇਆ ਨੇ ਜਨਮ ਦਿੱਤਾ ਹੈ, ਉਹੀ ਇਸ ਨੂੰ ਭੋਗਣਹਾਰਾ ਬਣ ਜਾਂਦਾ ਹੈ) । ਮਨ-ਪੁੱਤਰ ਨੇ ਪਿਉ-ਜੀਵਾਤਮਾ ਨੂੰ ਖੇਡੇ ਲਾਇਆ ਹੋਇਆ ਹੈ। (ਇਹ ਮਨ) ਥਣਾਂ ਤੋਂ ਬਿਨਾ ਹੀ (ਜੀਵਾਤਮਾ ਨੂੰ) ਦੁੱਧ ਪਿਲਾ ਰਿਹਾ ਹੈ (ਭਾਵ, ਨਾਸਵੰਤ ਪਦਾਰਥਾਂ ਦੇ ਸੁਆਦ ਵਿਚ ਪਾ ਰਿਹਾ ਹੈ) ।1।

(ਇਸ ਮਨ ਦੇ) ਕੋਈ ਪੈਰ ਨਹੀਂ ਹਨ, ਪਰ ਛਾਲਾਂ ਮਾਰਦਾ ਫਿਰਦਾ ਹੈ; (ਇਸ ਦਾ) ਮੂੰਹ ਨਹੀਂ, ਪਰ ਖਿੜ ਖਿੜ ਹੱਸਦਾ ਫਿਰਦਾ ਹੈ। (ਜੀਵ ਦਾ ਅਸਲਾ ਤਾਂ ਐਸਾ ਹੈ ਕਿ ਇਸ ਨੂੰ ਮਾਇਆ ਦੀ) ਨੀਂਦ ਨਹੀਂ ਵਿਆਪ ਸਕਦੀ ਸੀ, ਪਰ ('ਕਲਿ ਕੋ ਭਾਉ' ਵੇਖੋ) ਜੀਵ ਲੰਮੀ ਤਾਣ ਕੇ ਸੁੱਤਾ ਪਿਆ ਹੈ; ਤੇ ਭਾਂਡੇ ਤੋਂ ਬਿਨਾ ਦੁੱਧ ਰਿੜਕ ਰਿਹਾ ਹੈ (ਭਾਵ, ਸ਼ੇਖ਼ ਚਿੱਲੀ ਵਾਂਗ ਘਾੜਤਾਂ ਘੜਦਾ ਰਹਿੰਦਾ ਹੈ) ।2।

(ਇਸ ਮਾਇਆ-ਰੂਪ) ਗਾਂ ਪਾਸੋਂ ਸੁਖ ਤਾਂ ਨਹੀਂ ਮਿਲ ਸਕਦੇ, ਪਰ ਇਹ (ਮਨ ਨੂੰ) ਝੂਠੇ ਪਦਾਰਥਾਂ-ਰੂਪ ਦੁੱਧ ਵਿਚ ਮੋਹ ਰਹੀ ਹੈ। (ਆਪਣੇ ਅਸਲੇ ਅਨੁਸਾਰ ਤਾਂ ਇਸ ਜੀਵ ਨੂੰ ਕੋਈ ਭਟਕਣਾ ਨਹੀਂ ਸੀ ਚਾਹੀਦੀ, ਪਰ 'ਕਲਿ ਕੋ ਭਾਉ' ਵੇਖੋ) ਲੰਮੇ ਪੈਂਡੇ (ਚੌਰਾਸੀ ਦੇ ਗੇੜ ਵਿਚ) ਪਿਆ ਹੋਇਆ ਹੈ। ਹੇ ਕਬੀਰ! (ਇਸ ਜਗਤ ਨੂੰ) ਸਮਝਾ ਕੇ ਦੱਸ ਕਿ ਸਤਿਗੁਰੂ ਤੋ ਬਿਨਾ ਜੀਵਨ-ਸਫ਼ਰ ਦਾ ਸਹੀ ਰਸਤਾ ਨਹੀਂ ਲੱਭ ਸਕਦਾ।3। 3।

ਨੋਟ: 'ਬਿਨੁ ਸਤਿਗੁਰ ਬਾਟ ਨ ਪਾਈ' = ਇਸ ਤੁਕ ਤੋਂ ਸਾਫ਼ ਦਿੱਸਦਾ ਹੈ ਕਿ ਸਾਰੇ ਸ਼ਬਦ ਵਿਚ 'ਕਲਿ ਕੋ ਭਾਉ' ਦੇ ਕਾਰਨ ਜੀਵ ਦੇ ਕੁਰਾਹੇ ਪਏ ਹੋਣ ਦਾ ਹਾਲ ਦੱਸਿਆ ਹੈ। ਕਿਸੇ ਅਸੰਭਵ ਜਾਂ ਸੰਭਵ ਗੱਲ ਦਾ ਇੱਥੇ ਜ਼ਿਕਰ ਨਹੀਂ, ਜਿਵੇਂ ਕਿ ਕਈ ਟੀਕਾਕਾਰ ਲਿਖ ਰਹੇ ਹਨ। 'ਬਾਟ' ਤੋਂ ਖੁੰਝਣ ਦਾ ਜ਼ਿਕਰ ਹੈ, ਤੇ ਅਸਲ 'ਬਾਟ' ਗੁਰੂ ਤੋਂ ਹੀ ਮਿਲਦੀ ਹੈ।

ਸ਼ਬਦ ਦਾ ਭਾਵ: ਗੁਰੂ ਦੀ ਰਾਹਬਰੀ ਤੋਂ ਬਿਨਾ ਮਨ ਮਾਇਆ ਦੀ ਨੀਂਦ ਵਿਚ ਸੁੱਤਾ ਰਹਿੰਦਾ ਹੈ। ਇਹੀ ਹੈ ਕਲਿਜੁਗ ਦਾ ਪ੍ਰਭਾਵ।

ਪ੍ਰਹਲਾਦ ਪਠਾਏ ਪੜਨ ਸਾਲ ॥ ਸੰਗਿ ਸਖਾ ਬਹੁ ਲੀਏ ਬਾਲ ॥ ਮੋ ਕਉ ਕਹਾ ਪੜ੍ਹ੍ਹਾਵਸਿ ਆਲ ਜਾਲ ॥ ਮੇਰੀ ਪਟੀਆ ਲਿਖਿ ਦੇਹੁ ਸ੍ਰੀ ਗੋੁਪਾਲ ॥੧॥ ਨਹੀ ਛੋਡਉ ਰੇ ਬਾਬਾ ਰਾਮ ਨਾਮ ॥ ਮੇਰੋ ਅਉਰ ਪੜ੍ਹ੍ਹਨ ਸਿਉ ਨਹੀ ਕਾਮੁ ॥੧॥ ਰਹਾਉ ॥ ਸੰਡੈ ਮਰਕੈ ਕਹਿਓ ਜਾਇ ॥ ਪ੍ਰਹਲਾਦ ਬੁਲਾਏ ਬੇਗਿ ਧਾਇ ॥ ਤੂ ਰਾਮ ਕਹਨ ਕੀ ਛੋਡੁ ਬਾਨਿ ॥ ਤੁਝੁ ਤੁਰਤੁ ਛਡਾਊ ਮੇਰੋ ਕਹਿਓ ਮਾਨਿ ॥੨॥ ਮੋ ਕਉ ਕਹਾ ਸਤਾਵਹੁ ਬਾਰ ਬਾਰ ॥ ਪ੍ਰਭਿ ਜਲ ਥਲ ਗਿਰਿ ਕੀਏ ਪਹਾਰ ॥ ਇਕੁ ਰਾਮੁ ਨ ਛੋਡਉ ਗੁਰਹਿ ਗਾਰਿ ॥ ਮੋ ਕਉ ਘਾਲਿ ਜਾਰਿ ਭਾਵੈ ਮਾਰਿ ਡਾਰਿ ॥੩॥ ਕਾਢਿ ਖੜਗੁ ਕੋਪਿਓ ਰਿਸਾਇ ॥ ਤੁਝ ਰਾਖਨਹਾਰੋ ਮੋਹਿ ਬਤਾਇ ॥ ਪ੍ਰਭ ਥੰਭ ਤੇ ਨਿਕਸੇ ਕੈ ਬਿਸਥਾਰ ॥ ਹਰਨਾਖਸੁ ਛੇਦਿਓ ਨਖ ਬਿਦਾਰ ॥੪॥ ਓਇ ਪਰਮ ਪੁਰਖ ਦੇਵਾਧਿ ਦੇਵ ॥ ਭਗਤਿ ਹੇਤਿ ਨਰਸਿੰਘ ਭੇਵ ॥ ਕਹਿ ਕਬੀਰ ਕੋ ਲਖੈ ਨ ਪਾਰ ॥ ਪ੍ਰਹਲਾਦ ਉਧਾਰੇ ਅਨਿਕ ਬਾਰ ॥੫॥੪॥ {ਪੰਨਾ 1194}

ਪਦ ਅਰਥ: ਪਠਾਏ = ਘੱਲਿਆ। ਪੜਨਸਾਲ = ਪਾਠਸ਼ਾਲਾ। ਸੰਗਿ = (ਆਪਣੇ) ਨਾਲ। ਸਖਾ = ਮਿੱਤਰ, ਸਾਥੀ। ਬਾਲ = ਬਾਲਕ। ਕਹਾ ਪੜ੍ਹ੍ਹਾਵਸਿ = ਤੂੰ ਕਿਉਂ ਪੜ੍ਹਾਉਂਦਾ ਹੈਂ? ਆਲ ਜਾਲ = ਘਰ ਦੇ ਧੰਧੇ {ਆਲ = ਘਰ। ਜਾਲ = ਧੰਧੇ}। ਪਟੀਆ = ਨਿੱਕੀ ਜਿਹੀ ਪੱਟੀ। ਗੋੁਪਾਲ = {ਅੱਖਰ 'ਗ' ਦੇ ਨਾਲ ਦੋ ਲਗਾਂ ਹਨ (ੋ) ਅਤੇ (ੁ) । ਅਸਲੀ ਲਫ਼ਜ਼ 'ਗੋਪਾਲ' ਹੈ। ਪਰ, ਇੱਥੇ 'ਗੁਪਾਲ' ਪੜ੍ਹਨਾ ਹੈ}।1।

ਰੇ ਬਾਬਾ = ਹੇ ਬਾਬਾ! ਛੋਡਉ = ਮੈਂ ਛੱਡਦਾ ਹਾਂ, ਮੈਂ ਛੱਡਾਂਗਾ। ਮੇਰੋ ਨਹੀ ਕਾਮੁ = ਮੇਰਾ ਕੋਈ ਕੰਮ ਨਹੀਂ, ਮੇਰੀ ਕੋਈ ਗ਼ਰਜ਼ ਨਹੀਂ।1। ਰਹਾਉ।

ਬੇਗਿ = ਛੇਤੀ। ਬੁਲਾਏ = ਸਦਵਾਇਆ। ਬਾਨਿ = ਆਦਤ। ਮਾਨਿ = ਮੰਨ ਲੈ। ਬਾਰ ਬਾਰ = ਮੁੜ ਮੁੜ। ਪ੍ਰਭਿ = ਪ੍ਰਭੂ ਨੇ। ਗਿਰਿ = ਪਹਾੜ। ਗੁਰਹਿ = ਗੁਰੂ ਨੂੰ। ਗਾਰਿ = ਗਾਲ। ਘਾਲਿ ਜਾਰਿ = ਸਾੜ ਦੇਹ। ਭਾਵੈ = ਚਾਹੇ। ਮਾਰਿ ਡਾਰਿ = ਮਾਰ ਦੇਹ।3।

ਖੜਗੁ = ਤਲਵਾਰ। ਰਿਸਾਇ = ਖਿੱਝ ਕੇ। ਕੋਪਿਓ = ਕ੍ਰੋਧ ਵਿਚ ਆਇਆ। ਮੋਹਿ = ਮੈਨੂੰ। ਬਤਾਇ = ਦੱਸ। ਤੇ = ਤੋਂ। ਨਿਕਸੇ = ਨਿਕਲ ਆਏ। ਕੈ = ਕਰਿ, ਕਰ ਕੇ। ਕੈ ਬਿਸਥਾਰੁ = ਵਿਸਥਾਰ ਕਰ ਕੇ, ਭਿਆਨਕ ਰੂਪ ਧਾਰ ਕੇ। ਛੇਦਿਓ = ਚੀਰ ਦਿੱਤਾ, ਮਾਰ ਦਿੱਤਾ। ਨਖ = ਨਹੁੰਆਂ ਨਾਲ। ਬਿਦਾਰ = ਪਾੜ ਕੇ।4।

ਦੇਵਾਧਿਦੇਵ = ਦੇਵ-ਅਧਿਦੇਵ, ਦੇਵਤਿਆਂ ਦਾ ਵੱਡ ਦੇਵਤਾ। ਹੇਤਿ = ਖ਼ਾਤਰ। ਭਗਤਿ ਹੇਤਿ = ਭਗਤੀ ਦੀ ਖ਼ਾਤਰ, ਭਗਤੀ ਨਾਲ ਪਿਆਰ ਕਰ ਕੇ। ਭੇਵ = ਰੂਪ। ਕਹਿ = ਕਹੇ, ਆਖਦਾ ਹੈ। ਕੋ = ਕੋਈ ਜੀਵ। ਪਾਰ = ਅੰਤ। ਉਧਾਰੇ = ਬਚਾਇਆ। ਅਨਿਕ ਬਾਰ = ਅਨੇਕਾਂ ਵਾਰੀ, ਅਨੇਕਾਂ ਕਸਟਾਂ ਤੋਂ।5।

ਅਰਥ: ਪ੍ਰਹਿਲਾਦ ਨੂੰ (ਉਸ ਦੇ ਪਿਉ ਹਰਨਾਖਸ਼ ਨੇ) ਪਾਠਸ਼ਾਲਾ ਵਿਚ ਪੜ੍ਹਨ ਘੱਲਿਆ, (ਪ੍ਰਹਿਲਾਦ ਨੇ ਆਪਣੇ) ਨਾਲ ਕਈ ਬਾਲਕ ਸਾਥੀ ਲੈ ਲਏ। (ਜਦੋਂ ਪਾਂਧਾ ਕੁਝ ਹੋਰ ਉਲਟ-ਪੁਲਟ ਪੜ੍ਹਾਣ ਲੱਗਾ, ਤਾਂ ਪ੍ਰਹਿਲਾਦ ਨੇ ਆਖਿਆ, ਹੇ ਬਾਬਾ!) ਮੈਨੂੰ ਊਲ-ਜਲੂਲ ਕਿਉਂ ਪੜ੍ਹਾਉਂਦਾ ਹੈਂ? ਮੇਰੀ ਇਸ ਨਿੱਕੀ ਜਿਹੀ ਪੱਟੀ ਉੱਤੇ 'ਸ੍ਰੀ ਗੋਪਾਲ, ਸ੍ਰੀ ਗੋਪਾਲ' ਲਿਖ ਦੇਹ।1।

ਹੇ ਬਾਬਾ! ਮੈਂ ਪਰਮਾਤਮਾ ਦਾ ਨਾਮ ਸਿਮਰਨਾ ਨਹੀਂ ਛੱਡਾਂਗਾ। ਨਾਮ ਤੋਂ ਬਿਨਾ ਕੋਈ ਹੋਰ ਗੱਲ ਪੜ੍ਹਨ ਨਾਲ ਮੇਰਾ ਕੋਈ ਵਾਸਤਾ ਨਹੀਂ ਹੈ।1। ਰਹਾਉ।

(ਪ੍ਰਹਿਲਾਦ ਦੇ ਅਧਿਆਪਕ) ਸੰਡੇ ਮਰਕੇ (ਅਮਰਕ) ਨੇ ਜਾ ਕੇ (ਹਰਨਾਖਸ਼ ਨੂੰ ਇਹ ਗੱਲ) ਕਹਿ ਦਿੱਤੀ। ਉਸ ਨੇ ਛੇਤੀ ਨਾਲ ਪ੍ਰਹਿਲਾਦ ਨੂੰ ਸੱਦ ਘੱਲਿਆ। (ਪਾਂਧੇ ਨੇ ਪ੍ਰਹਿਲਾਦ ਨੂੰ ਸਮਝਾਇਆ) ਤੂੰ ਪਰਮਾਤਮਾ ਦਾ ਨਾਮ ਸਿਮਰਨ ਦੀ ਆਦਤ ਛੱਡ ਦੇਹ, ਮੇਰਾ ਆਖਿਆ ਮੰਨ ਲੈ, ਮੈਂ ਤੈਨੂੰ ਤੁਰਤ ਛਡਾ ਲਵਾਂਗਾ।2।

(ਪ੍ਰਹਿਲਾਦ ਨੇ ਉੱਤਰ ਦਿੱਤਾ, ਇਹ ਗੱਲ ਆਖ ਕੇ) ਮੈਨੂੰ ਮੁੜ ਮੁੜ ਕਿਉਂ ਦਿੱਕ ਕਰਦੇ ਹੋ? ਜਿਸ ਪ੍ਰਭੂ ਨੇ ਪਾਣੀ, ਧਰਤੀ, ਪਹਾੜ ਆਦਿਕ ਸਾਰੀ ਸ੍ਰਿਸ਼ਟੀ ਬਣਾਈ ਹੈ, ਮੈਂ ਉਸ ਰਾਮ ਨੂੰ ਸਿਮਰਨਾ ਨਹੀਂ ਛੱਡਾਂਗਾ। (ਉਸ ਨੂੰ ਛੱਡਿਆਂ) ਮੇਰੇ ਗੁਰੂ ਨੂੰ ਗਾਲ੍ਹ ਲੱਗਦੀ ਹੈ (ਭਾਵ, ਮੇਰੇ ਗੁਰੂ ਦੀ ਬਦਨਾਮੀ ਹੁੰਦੀ ਹੈ) । ਮੈਨੂੰ ਚਾਹੇ ਸਾੜ ਭੀ ਦੇਹ, ਚਾਹੇ ਮਾਰ ਦੇਹ।3।

(ਹਰਨਾਖਸ਼) ਖਿੱਝ ਕੇ ਕ੍ਰੋਧ ਵਿਚ ਆਇਆ, ਤਲਵਾਰ (ਮਿਆਨੋਂ) ਕੱਢ ਕੇ (ਆਖਣ ਲੱਗਾ-) ਮੈਨੂੰ ਉਹ ਦੱਸ ਜੋ ਤੈਨੂੰ ਬਚਾਉਣ ਵਾਲਾ ਹੈ। ਪ੍ਰਭੂ ਭਿਆਨਕ ਰੂਪ ਧਾਰ ਕੇ ਥੰਮ੍ਹ ਵਿਚੋਂ ਨਿਕਲ ਆਇਆ, ਤੇ ਉਸ ਨੇ ਆਪਣੇ ਨਹੁੰਆਂ ਨਾਲ ਚੀਰ ਕੇ ਹਰਨਾਖਸ਼ ਨੂੰ ਮਾਰ ਦਿੱਤਾ।4।

ਕਬੀਰ ਆਖਦਾ ਹੈ– ਪ੍ਰਭੂ ਜੀ ਪਰਮ-ਪੁਰਖ ਹਨ, ਦੇਵਤਿਆਂ ਦੇ ਭੀ ਵੱਡੇ ਦੇਵਤੇ ਹਨ। ਪ੍ਰਹਿਲਾਦ ਦੀ ਭਗਤੀ ਨਾਲ ਪਿਆਰ ਕਰ ਕੇ ਪ੍ਰਭੂ ਨੇ ਨਰਸਿੰਘ ਰੂਪ ਧਾਰਿਆ, ਪ੍ਰਹਿਲਾਦ ਨੂੰ ਅਨੇਕਾਂ ਕਸ਼ਟਾਂ ਤੋਂ ਬਚਾਇਆ। ਕੋਈ ਜੀਵ ਉਸ ਪ੍ਰਭੂ ਦੀ ਤਾਕਤ ਦਾ ਅੰਤ ਨਹੀਂ ਪਾ ਸਕਦਾ।5।4।

ਸ਼ਬਦ ਦਾ ਭਾਵ: ਨਿਰਭਉ ਪ੍ਰਭੂ ਦਾ ਸਿਮਰਨ ਕੀਤਿਆਂ ਮਨੁੱਖ ਦੇ ਅੰਦਰ ਨਿਰਭੈਤਾ ਆ ਜਾਂਦੀ ਹੈ।

ਇਸੁ ਤਨ ਮਨ ਮਧੇ ਮਦਨ ਚੋਰ ॥ ਜਿਨਿ ਗਿਆਨ ਰਤਨੁ ਹਿਰਿ ਲੀਨ ਮੋਰ ॥ ਮੈ ਅਨਾਥੁ ਪ੍ਰਭ ਕਹਉ ਕਾਹਿ ॥ ਕੋ ਕੋ ਨ ਬਿਗੂਤੋ ਮੈ ਕੋ ਆਹਿ ॥੧॥ ਮਾਧਉ ਦਾਰੁਨ ਦੁਖੁ ਸਹਿਓ ਨ ਜਾਇ ॥ ਮੇਰੋ ਚਪਲ ਬੁਧਿ ਸਿਉ ਕਹਾ ਬਸਾਇ ॥੧॥ ਰਹਾਉ ॥ ਸਨਕ ਸਨੰਦਨ ਸਿਵ ਸੁਕਾਦਿ ॥ ਨਾਭਿ ਕਮਲ ਜਾਨੇ ਬ੍ਰਹਮਾਦਿ ॥ ਕਬਿ ਜਨ ਜੋਗੀ ਜਟਾਧਾਰਿ ॥ ਸਭ ਆਪਨ ਅਉਸਰ ਚਲੇ ਸਾਰਿ ॥੨॥ ਤੂ ਅਥਾਹੁ ਮੋਹਿ ਥਾਹ ਨਾਹਿ ॥ ਪ੍ਰਭ ਦੀਨਾ ਨਾਥ ਦੁਖੁ ਕਹਉ ਕਾਹਿ ॥ ਮੋਰੋ ਜਨਮ ਮਰਨ ਦੁਖੁ ਆਥਿ ਧੀਰ ॥ ਸੁਖ ਸਾਗਰ ਗੁਨ ਰਉ ਕਬੀਰ ॥੩॥੫॥ {ਪੰਨਾ 1194}

ਪਦ ਅਰਥ: ਮਧੇ = ਵਿਚ। ਮਦਨ = ਕਾਮਦੇਵ। ਜਿਨਿ = ਜਿਸ (ਕਾਮਦੇਵ ਨੇ) । ਹਿਰਿ ਲੀਨ = ਚੁਰਾ ਲਿਆ ਹੈ। ਮੋਰ = ਮੇਰਾ। ਅਨਾਥੁ = ਆਜਜ਼। ਕਹਉ ਕਾਹਿ = ਮੈਂ ਕਿਸ ਨੂੰ ਆਖਾਂ? ਕੋ = ਕੌਣ? ਮੈ ਕੋ ਆਹਿ = ਮੈਂ ਕੌਣ ਹਾਂ? ਮੇਰੀ ਕੀਹ ਪਾਂਇਆਂ ਹੈ?।1।

ਦਾਰੁਨ = ਭਿਆਨਕ, ਡਰਾਉਣਾ। ਮੇਰੋ ਕਹਾ ਬਸਾਇ = ਮੇਰਾ ਕੀਹ ਵੱਸ ਚੱਲ ਸਕਦਾ ਹੈ? ਮੇਰੀ ਕੋਈ ਪੇਸ਼ ਨਹੀਂ ਜਾਂਦੀ। ਚਪਲ = ਚੰਚਲ। ਸਿਉ = ਨਾਲ।1। ਰਹਾਉ।

ਸੁਕਾਦਿ = ਸੁਕਦੇਵ ਆਦਿਕ। ਨਾਭਿ ਕਮਲ ਜਾਨੇ = ਕਮਲ ਦੀ ਨਾਭੀ ਤੋਂ ਜਣੇ ਹੋਏ। ਬ੍ਰਮਾਦਿ = ਬ੍ਰਹਮਾ ਆਦਿਕ। ਕਬਿ = ਕਵੀ। ਅਉਸਰ = ਸਮਾ। ਅਉਸਰ ਸਾਰਿ = ਸਮਾ ਸੰਭਾਲ ਕੇ, ਸਮਾ ਲੰਘਾ ਕੇ, ('ਕਾਮ' ਤੋਂ ਡਰਦੇ ਡਰਦੇ) ਦਿਨ-ਕੱਟੀ ਕਰ ਕੇ।2।

ਮੋਹਿ = ਮੈਨੂੰ। ਥਾਹ = (ਤੇਰੇ ਗੁਣਾਂ ਦੀ) ਹਾਥ। ਕਹਉ ਕਾਹਿ = ਕਿਸ ਨੂੰ ਦੱਸਾਂ? ਆਥਿ = ਮਾਇਆ। ਜਨਮ ਮਰਨ ਦੁਖੁ = ਜਨਮ ਤੋਂ ਲੈ ਕੇ ਮਰਨ ਤਕ ਦਾ ਦੁੱਖ, ਸਾਰੀ ਉਮਰ ਦਾ ਦੁੱਖ। ਧੀਰ = ਮੱਠਾ ਕਰ, ਹਟਾ। ਸੁਖ ਸਾਗਰ = ਹੇ ਸੁਖਾਂ ਦੇ ਸਾਗਰ! ਰਉ = ਰਵਾਂ, ਸਿਮਰਾਂ।3।

ਅਰਥ: ਹੇ ਮੇਰੇ ਮਾਧੋ! ਆਪਣੀ ਚੰਚਲ ਮੱਤ ਅੱਗੇ ਮੇਰੀ ਕੋਈ ਪੇਸ਼ ਨਹੀਂ ਜਾਂਦੀ। ਇਹ ਡਾਢਾ ਭਿਆਨਕ ਦੁੱਖ (ਹੁਣ) ਮੈਥੋਂ ਸਹਾਰਿਆ ਨਹੀਂ ਜਾਂਦਾ।1। ਰਹਾਉ।

(ਮੇਰੀ 'ਚੰਚਲ ਬੁਧਿ' ਦੇ ਕਾਰਨ, ਹੁਣ) ਮੇਰੇ ਇਸ ਤਨ ਮਨ ਵਿਚ ਕਾਮਦੇਵ ਚੋਰ ਆ ਵੱਸਿਆ ਹੈ, ਜਿਸ ਨੇ ਗਿਆਨ-ਰੂਪ ਮੇਰਾ ਰਤਨ (ਮੇਰੇ ਅੰਦਰੋਂ) ਚੁਰਾ ਲਿਆ ਹੈ (ਭਾਵ, ਜਿਸ ਨੇ ਮੇਰੀ ਸਮਝ ਵਿਗਾੜ ਦਿੱਤੀ ਹੈ) । ਹੇ ਪ੍ਰਭੂ! ਮੈਂ (ਬੜਾ) ਆਜਜ਼ ਹੋ ਗਿਆ ਹਾਂ, (ਆਪਣਾ ਦੁੱਖ ਤੈਥੋਂ ਬਿਨਾ ਹੋਰ) ਕਿਸ ਨੂੰ ਦੱਸਾਂ? (ਇਸ ਕਾਮ ਦੇ ਹੱਥੋਂ) ਕੌਣ ਕੌਣ ਖ਼ੁਆਰ ਨਹੀਂ ਹੋਇਆ? ਮੇਰੀ (ਗ਼ਰੀਬ) ਦੀ ਕੀਹ ਪਾਂਇਆਂ ਹੈ?।1।

ਸਨਕ, ਸਨੰਦਨ, ਸ਼ਿਵ, ਸੁਕਦੇਵ ਵਰਗੇ (ਵੱਡੇ-ਵੱਡੇ ਰਿਸ਼ੀ ਤਪੀ) ਕਮਲ ਦੀ ਨਾਭੀ ਤੋਂ ਜਣੇ ਹੋਏ ਬ੍ਰਹਮਾ ਆਦਿਕ, ਕਵੀ ਲੋਕ, ਜੋਗੀ ਤੇ ਜਟਾਧਾਰੀ ਸਾਧੂ = ਇਹ ਸਭ (ਕਾਮ ਤੋਂ ਡਰਦੇ ਡਰਦੇ) ਆਪੋ ਆਪਣੇ ਵੇਲੇ ਦਿਨ-ਕੱਟੀ ਕਰ ਕੇ ਚਲੇ ਗਏ।2।

ਹੇ ਕਬੀਰ! (ਕਾਮ ਆਦਿਕ ਤੋਂ ਬਚਣ ਲਈ ਇੱਕੋ ਪ੍ਰਭੂ ਹੀ ਆਸਰਾ ਹੈ, ਉਸ ਅੱਗੇ ਇਉਂ ਅਰਜ਼ੋਈ ਕਰ-) ਹੇ ਸੁਖਾਂ ਦੇ ਸਾਗਰ ਪ੍ਰਭੂ! ਹੇ ਦੀਨਾਨਾਥ ਪ੍ਰਭੂ! ਤੂੰ ਬੜੇ ਡੂੰਘੇ ਜਿਗਰੇ ਵਾਲਾ ਹੈਂ, ਮੈਂ (ਤੇਰੇ ਗੰਭੀਰ ਸਮੁੰਦਰ ਵਰਗੇ ਦਿਲ ਦੀ) ਹਾਥ ਨਹੀਂ ਪਾ ਸਕਦਾ। ਮੈਂ ਹੋਰ ਕਿਸ ਅੱਗੇ ਅਰਜ਼ੋਈ ਕਰਾਂ? ਮਾਇਆ ਤੋਂ ਪੈਦਾ ਹੋਇਆ ਇਹ ਮੇਰਾ ਸਾਰੀ ਉਮਰ ਦਾ ਦੁੱਖ ਦੂਰ ਕਰ, ਤਾਂ ਜੁ ਮੈਂ ਤੇਰੇ ਗੁਣ ਚੇਤੇ ਕਰ ਸਕਾਂ।3।5।

ਸ਼ਬਦ ਦਾ ਭਾਵ: ਮਾਇਆ ਦੇ ਸੂਰਬੀਰ ਕਾਮਾਦਿਕਾਂ ਤੋਂ ਬਚਣ ਲਈ ਇੱਕੋ-ਇੱਕ ਰਸਤਾ ਹੈ। ਉਹ ਇਹ ਕਿ ਪ੍ਰਭੂ ਦੇ ਦਰ ਤੇ ਡਿੱਗ ਕੇ ਉਸ ਪਾਸੋਂ ਉਸ ਦੇ ਸਿਮਰਨ ਦੀ ਦਾਤਿ ਮੰਗੀਏ।

ਨਾਇਕੁ ਏਕੁ ਬਨਜਾਰੇ ਪਾਚ ॥ ਬਰਧ ਪਚੀਸਕ ਸੰਗੁ ਕਾਚ ॥ ਨਉ ਬਹੀਆਂ ਦਸ ਗੋਨਿ ਆਹਿ ॥ ਕਸਨਿ ਬਹਤਰਿ ਲਾਗੀ ਤਾਹਿ ॥੧॥ ਮੋਹਿ ਐਸੇ ਬਨਜ ਸਿਉ ਨਹੀਨ ਕਾਜੁ ॥ ਜਿਹ ਘਟੈ ਮੂਲੁ ਨਿਤ ਬਢੈ ਬਿਆਜੁ ॥ ਰਹਾਉ ॥ ਸਾਤ ਸੂਤ ਮਿਲਿ ਬਨਜੁ ਕੀਨ ॥ ਕਰਮ ਭਾਵਨੀ ਸੰਗ ਲੀਨ ॥ ਤੀਨਿ ਜਗਾਤੀ ਕਰਤ ਰਾਰਿ ॥ ਚਲੋ ਬਨਜਾਰਾ ਹਾਥ ਝਾਰਿ ॥੨॥ ਪੂੰਜੀ ਹਿਰਾਨੀ ਬਨਜੁ ਟੂਟ ॥ ਦਹ ਦਿਸ ਟਾਂਡੋ ਗਇਓ ਫੂਟਿ ॥ ਕਹਿ ਕਬੀਰ ਮਨ ਸਰਸੀ ਕਾਜ ॥ ਸਹਜ ਸਮਾਨੋ ਤ ਭਰਮ ਭਾਜ ॥੩॥੬॥ {ਪੰਨਾ 1194-1195}

ਪਦ ਅਰਥ: ਨਾਇਕੁ = ਸ਼ਾਹ (ਜੀਵ) । ਬਨਜਾਰੇ = ਵਣਜ ਕਰਨ ਵਾਲੇ ਵਪਾਰੀ। ਪਾਚ = ਪੰਜ ਗਿਆਨ ਇੰਦਰੇ। ਬਰਧ = ਬਲਦ। ਪਚੀਸਕ = ਪੰਝੀ (ਪ੍ਰਕ੍ਰਿਤੀਆਂ) । ਸੰਗੁ = ਸਾਥ। ਕਾਚ = ਕੱਚਾ। ਨਉ = ਨੌ ਗੋਲਕਾਂ, ਨੌ ਸੋਤ੍ਰ। ਬਹੀਆਂ = ਚੁਆੜੀਆਂ, ਲੰਮੀਆਂ ਡਾਂਗਾਂ ਜਿਨ੍ਹਾਂ ਦੀ ਸਹਾਇਤਾ ਨਾਲ ਛੱਟਾਂ ਲੱਦੀਦੀਆਂ ਹਨ। ਦਸ = ਗਿਆਨ ਤੇ ਕਰਮ-ਇੰਦਰੇ। ਗੋਨਿ = ਛੋਟਾਂ। ਆਹਿ = ਹਨ। ਕਸਨ = ਕੱਸਣ ਵਾਲੀਆਂ, ਖਿੱਚਣ ਵਾਲੀਆਂ, ਸੇਬੇ, ਰੱਸੀਆਂ ਜਿਨ੍ਹਾਂ ਨਾਲ ਛੱਟਾਂ ਸੀਵੀਂਦੀਆਂ ਹਨ। ਬਹਤਰਿ = ਬਹੱਤਰ ਨਾੜੀਆਂ। ਤਾਹਿ = ਉਹਨਾਂ ਛੱਟਾਂ ਵਿਚ।1।

ਜਿਹ = ਜਿਸ ਵਣਜ ਨਾਲ। ਰਹਾਉ।

ਸਾਤ ਸੂਤ = ਸੂਤ ਸਾਤ (ਆਸਾ ਤ੍ਰਿਸ਼ਨਾ ਆਦਿਕ) ਕਈ ਕਿਸਮਾਂ ਦੇ ਸੂਤਰ ਦਾ। ਮਿਲਿ = (ਪੰਜ ਵਣਜਾਰਿਆਂ ਨੇ) ਮਿਲ ਕੇ। ਕਰਮ ਭਾਵਨੀ = ਕੀਤੇ ਕਰਮਾਂ ਦੇ ਸੰਸਕਾਰ। ਤੀਨਿ = ਤਿੰਨ ਗੁਣ। ਜਗਾਤੀ = ਮਸੂਲੀਏ। ਰਾਰਿ = ਝਗੜਾ। ਚਲੋ = ਤੁਰ ਪਿਆ। ਹਾਥ ਝਾਰਿ = ਹੱਥ ਝਾੜ ਕੇ, ਖ਼ਾਲੀ-ਹੱਥ।2।

ਹਿਰਾਨੀ = ਖੁਹਾ ਲਈ। ਟਾਂਡੋ = ਕਾਫ਼ਲਾ (ਸਰੀਰ) । ਮਨ = ਹੇ ਮਨ! ਸਰਸੀ = ਸੰਵਰੇਗਾ। ਸਹਜ ਸਮਾਨੋ = ਜੇ ਸਹਿਜ ਵਿਚ ਲੀਨ ਹੋਵੇਂਗਾ।3।

ਅਰਥ: ਮੈਨੂੰ ਅਜਿਹਾ ਵਣਜ ਕਰਨ ਦੀ ਲੋੜ ਨਹੀਂ, ਜਿਸ ਵਣਜ ਦੇ ਕੀਤਿਆਂ ਮੂਲ ਘਟਦਾ ਜਾਏ ਤੇ ਵਿਆਜ ਵਧਦਾ ਜਾਏ (ਭਾਵ, ਜਿਉਂ ਜਿਉਂ ਉਮਰ ਗੁਜ਼ਰੇ ਤਿਉਂ ਤਿਉਂ ਵਿਕਾਰਾਂ ਦਾ ਭਾਰ ਵਧੀ ਜਾਏ) । ਰਹਾਉ।

ਜੀਵ (ਮਾਨੋ) ਇਕ ਸ਼ਾਹ ਹੈ, ਪੰਜ ਗਿਆਨ-ਇੰਦਰੇ (ਇਸ ਸ਼ਾਹ ਦੇ ਨਾਲ) ਵਣਜਾਰੇ ਹਨ। ਪੰਝੀ ਪ੍ਰਕ੍ਰਿਤੀਆਂ (ਕਾਫ਼ਲੇ ਦੇ) ਬਲਦ ਹਨ। ਪਰ ਇਹ ਸਾਰਾ ਸਾਥ ਕੱਚਾ ਹੀ ਹੈ। ਨੌ ਗੋਲਕਾਂ (ਮਾਨੋ) ਚੁਆੜੀਆਂ ਹਨ, ਦਸ ਇੰਦਰੇ ਛੱਟਾਂ ਹਨ, ਬਹੱਤਰ ਨਾੜੀਆਂ (ਛੱਟਾਂ ਸੀਉਣ ਲਈ) ਸੇਬੇ ਹਨ ਜੋ ਇਹਨਾਂ (ਇੰਦਰੇ-ਰੂਪ ਛੱਟਾਂ) ਨੂੰ ਲੱਗੀਆਂ ਹੋਈਆਂ ਹਨ।1।

(ਇਹ ਗਿਆਨ-ਇੰਦਰੇ) ਮਿਲ ਕੇ ਕਈ ਕਿਸਮਾਂ ਦੇ ਸੂਤਰ (ਭਾਵ, ਵਿਕਾਰਾਂ) ਦਾ ਵਣਜ ਕਰ ਰਹੇ ਹਨ, ਕੀਤੇ ਕਰਮਾਂ ਦੇ ਸੰਸਕਾਰਾਂ ਨੂੰ ਇਹਨਾਂ (ਆਪਣੀ ਸਹਾਇਤਾ ਵਾਸਤੇ) ਨਾਲ ਲੈ ਲਿਆ ਹੈ (ਭਾਵ, ਇਹ ਪਿਛਲੇ ਸੰਸਕਾਰ ਹੋਰ ਵਿਕਾਰਾਂ ਵਲ ਪ੍ਰੇਰਦੇ ਜਾ ਰਹੇ ਹਨ) । ਤਿੰਨ ਗੁਣ (-ਰੂਪ) ਮਸੂਲੀਏ (ਹੋਰ) ਝਗੜਾ ਵਧਾਉਂਦੇ ਹਨ, (ਨਤੀਜਾ ਇਹ ਨਿਕਲਦਾ ਹੈ ਕਿ) ਵਣਜਾਰਾ (ਜੀਵ) ਖ਼ਾਲੀ-ਹੱਥ ਤੁਰ ਪੈਂਦਾ ਹੈ।2।

ਜਦੋਂ (ਸੁਆਸਾਂ ਦੀ) ਰਾਸ ਖੁੱਸ ਜਾਂਦੀ ਹੈ, ਤਦੋਂ ਵਣਜ ਮੁੱਕ ਜਾਂਦਾ ਹੈ, ਤੇ ਕਾਫ਼ਲਾ (ਸਰੀਰ) ਦਸੀਂ ਪਾਸੀਂ ਖਿੱਲਰ ਜਾਂਦਾ ਹੈ। ਕਬੀਰ ਆਖਦਾ ਹੈ– ਹੇ ਮਨ! ਜੇ ਤੂੰ ਸਹਿਜ ਅਵਸਥਾ ਵਿਚ ਲੀਨ ਹੋ ਜਾਏਂ ਅਤੇ ਤੇਰੀ ਭਟਕਣਾ ਮੁੱਕ ਜਾਏ ਤਾਂ ਤੇਰਾ ਕੰਮ ਸੰਵਰੇਗਾ।3।6।

ਸ਼ਬਦ ਦਾ ਭਾਵ: ਮਨੁੱਖ ਨੂੰ ਵਿਕਾਰਾਂ ਦਾ ਵਣਜ ਸਦਾ ਘਾਟੇਵੰਦਾ ਰਹਿੰਦਾ ਹੈ। ਜਿਉਂ ਜਿਉਂ ਉਮਰ ਘਟਦੀ ਜਾਂਦੀ ਹੈ, ਤਿਉਂ ਤਿਉਂ ਵਿਕਾਰਾਂ ਦਾ ਭਾਰ ਵਧਦਾ ਜਾਂਦਾ ਹੈ, ਆਖ਼ਰ ਜੀਵ ਇਥੋਂ ਖ਼ਾਲੀ-ਹੱਥ ਤੁਰ ਪੈਂਦਾ ਹੈ।

TOP OF PAGE

Sri Guru Granth Darpan, by Professor Sahib Singh