ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1291

ਸਲੋਕ ਮਃ ੧ ॥ ਘਰ ਮਹਿ ਘਰੁ ਦੇਖਾਇ ਦੇਇ ਸੋ ਸਤਿਗੁਰੁ ਪੁਰਖੁ ਸੁਜਾਣੁ ॥ ਪੰਚ ਸਬਦ ਧੁਨਿਕਾਰ ਧੁਨਿ ਤਹ ਬਾਜੈ ਸਬਦੁ ਨੀਸਾਣੁ ॥ ਦੀਪ ਲੋਅ ਪਾਤਾਲ ਤਹ ਖੰਡ ਮੰਡਲ ਹੈਰਾਨੁ ॥ ਤਾਰ ਘੋਰ ਬਾਜਿੰਤ੍ਰ ਤਹ ਸਾਚਿ ਤਖਤਿ ਸੁਲਤਾਨੁ ॥ ਸੁਖਮਨ ਕੈ ਘਰਿ ਰਾਗੁ ਸੁਨਿ ਸੁੰਨਿ ਮੰਡਲਿ ਲਿਵ ਲਾਇ ॥ ਅਕਥ ਕਥਾ ਬੀਚਾਰੀਐ ਮਨਸਾ ਮਨਹਿ ਸਮਾਇ ॥ ਉਲਟਿ ਕਮਲੁ ਅੰਮ੍ਰਿਤਿ ਭਰਿਆ ਇਹੁ ਮਨੁ ਕਤਹੁ ਨ ਜਾਇ ॥ ਅਜਪਾ ਜਾਪੁ ਨ ਵੀਸਰੈ ਆਦਿ ਜੁਗਾਦਿ ਸਮਾਇ ॥ ਸਭਿ ਸਖੀਆ ਪੰਚੇ ਮਿਲੇ ਗੁਰਮੁਖਿ ਨਿਜ ਘਰਿ ਵਾਸੁ ॥ ਸਬਦੁ ਖੋਜਿ ਇਹੁ ਘਰੁ ਲਹੈ ਨਾਨਕੁ ਤਾ ਕਾ ਦਾਸੁ ॥੧॥ {ਪੰਨਾ 1291}

ਪਦ ਅਰਥ: ਘਰੁ = ਪ੍ਰਭੂ ਦੇ ਰਹਿਣ ਦਾ ਥਾਂ। ਸੁਜਾਣੁ = ਸਿਆਣਾ। ਪੰਚ ਸਬਦ = ਪੰਜ ਕਿਸਮ ਦੇ ਸਾਜ਼ਾਂ ਦੀ ਅਵਾਜ਼ (ਤਾਰ, ਧਾਤ, ਘੜਾ, ਚੰਮ, ਤੇ ਫੂਕ ਨਾਲ ਵੱਜਣ ਵਾਲੇ ਸਾਜ਼) । ਧੁਨਿ = ਸੁਰ, ਆਵਾਜ਼। ਧੁਨਿਕਾਰ = ਇਕ-ਰਸ ਸੁਰ (ਨੋਟ: ਲਫ਼ਜ਼ 'ਕਾਰ' ਦਾ ਭਾਵ ਸਮਝਣ ਲਈ ਵੇਖੋ 'ਗੁਰਬਾਣੀ ਵਿਆਕਰਣ') । ਨੀਸਾਣੁ = ਨਗਾਰਾ। ਤਾਰ = ਉੱਚੀ ਸੁਰ। ਘੋਰ = ਘਨਘੋਰ। ਬਾਜਿੰਤ੍ਰ = ਵਾਜੇ। ਤਹ = ਉਸ ਅਵਸਥਾ ਵਿਚ। ਸੁਖਮਨ ਕੈ ਘਰਿ = (ਭਾਵ) ਮਿਲਾਪ-ਅਵਸਥਾ ਵਿਚ (ਸੁਖਮਨਾ ਦੇ ਘਰ ਵਿਚ ਜਿਥੇ ਜੋਗੀ ਪ੍ਰਾਣ ਟਿਕਾਂਦੇ ਹਨ) । ਸੁੰਨਿ = ਸੁੰਞ ਵਿਚ, ਅਫੁਰ ਅਵਸਥਾ ਵਿਚ, ਉਸ ਅਵਸਥਾ ਵਿਚ ਜਿਥੇ ਮਨ ਦੇ ਫੁਰਨਿਆਂ ਵਲੋਂ ਸੁੰਞ ਹੋਵੇ। ਮਨਸਾ = ਮਨ ਦਾ ਫੁਰਨਾ। ਕਮਲੁ = ਹਿਰਦਾ ਕਉਲ। ਅੰਮ੍ਰਿਤਿ = ਨਾਮ ਅੰਮ੍ਰਿਤ ਨਾਲ। ਸਖੀਆ = ਗਿਆਨ-ਇੰਦ੍ਰੇ। ਪੰਚੇ = ਸਤ, ਸੰਤੋਖ, ਦਇਆ, ਧਰਮ, ਧੀਰਜ,। ਨਿਜ ਘਰਿ = ਨਿਰੋਲ ਆਪਣੇ ਘਰ ਵਿਚ। ਘਰ ਮਹਿ = ਹਿਰਦੇ-ਘਰ ਵਿਚ। ਤਖਤਿ = ਤਖਤ ਉਤੇ। ਸਾਚਿ ਤਖਤ = ਸਦਾ ਕਾਇਮ ਰਹਿਣ ਵਾਲੇ ਤਖਤ ਉਤੇ। ਸੁਨਿ = ਸੁਣ ਕੇ। ਲਿਵ ਲਾਇ = ਸੁਰਤਿ ਜੋੜੀ ਰੱਖਦਾ ਹੈ। ਮਨਹਿ = ਮਨਿ ਹੀ, ਮਨ ਵਿਚ ਹੀ (ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਮਨਿ' ਦੀ 'ਿ' ਉੱਡ ਗਈ ਹੈ) । ਸਭਿ = ਸਾਰੀਆਂ। ਗੁਰਮੁਖਿ = ਗੁਰੂ ਦੇ ਦੱਸੇ ਰਸਤੇ ਉਤੇ ਤੁਰਨ ਵਾਲਾ ਮਨੁੱਖ। ਖੋਜਿ = ਖੋਜ ਕਰ ਕੇ; ਸਮਝ ਕੇ। ਲਹੈ– ਲੱਭ ਲੈਂਦਾ ਹੈ। ਤਾ ਕਾ = ਉਸ (ਮਨੁੱਖ) ਦਾ।

ਅਰਥ: ਉਹ ਹੈ ਸਿਆਣਾ ਸਤਿਗੁਰੂ ਪੁਰਖ ਜੋ ਹਿਰਦੇ-ਘਰ ਵਿਚ ਪਰਮਾਤਮਾ ਦੇ ਰਹਿਣ ਦਾ ਥਾਂ ਵਿਖਾ ਦੇਂਦਾ ਹੈ; (ਜਦੋਂ ਮਨੁੱਖ) ਉਸ ਘਰ ਵਿਚ (ਅੱਪੜਦਾ ਹੈ) ਤਦੋਂ ਗੁਰੂ ਦਾ ਸ਼ਬਦ-ਰੂਪ ਨਗਾਰਾ ਵੱਜਦਾ ਹੈ (ਭਾਵ, ਗੁਰ-ਸ਼ਬਦ ਦਾ ਪ੍ਰਭਾਵ ਇਤਨਾ ਪ੍ਰਬਲ ਹੁੰਦਾ ਹੈ ਕਿ ਕੋਈ ਹੋਰ ਖਿੱਚ ਪੋਹ ਨਹੀਂ ਸਕਦੀ, ਤਦੋਂ ਮਾਨੋ) ਪੰਜ ਕਿਸਮ ਦੇ ਸਾਜ਼ਾਂ ਦੀ ਇਕ-ਰਸ ਸੰਗੀਤਕ ਆਵਾਜ਼ ਉੱਠਦੀ ਹੈ (ਜੋ ਮਸਤੀ ਪੈਦਾ ਕਰਦੀ ਹੈ) ਇਸ ਅਵਸਥਾ ਵਿਚ (ਅੱਪੜ ਕੇ) ਮਨੁੱਖ (ਬੇਅੰਤ ਕੁਦਰਤਿ ਦੇ ਕੌਤਕ) ਦੀਪਾਂ, ਲੋਕਾਂ, ਪਾਤਾਲਾਂ, ਖੰਡਾਂ ਤੇ ਮੰਡਲਾਂ ਨੂੰ ਵੇਖ ਕੇ ਹੈਰਾਨ ਹੁੰਦਾ ਹੈ; (ਇਸ ਸਾਰੀ ਕੁਦਰਤਿ ਦਾ) ਪਾਤਸ਼ਾਹ ਸੱਚੇ ਤਖ਼ਤ ਉਤੇ ਬੈਠਾ ਦਿੱਸਦਾ ਹੈ, ਉਸ ਹਾਲਤ ਵਿਚ ਅੱਪੜਿਆਂ; ਮਾਨੋ, ਵਾਜਿਆਂ ਦੀ ਉੱਚੀ ਸੁਰ ਦੀ ਘਨਘੋਰ ਲੱਗੀ ਪਈ ਹੁੰਦੀ ਹੈ, ਇਸ ਰੱਬੀ ਮਿਲਾਪ ਵਿਚ ਬੈਠਾ ਮਨੁੱਖ (ਮਾਨੋ) ਰਾਗ ਸੁਣ ਸੁਣ ਕੇ ਅਫੁਰ ਅਵਸਥਾ ਵਿਚ ਸੁਰਤਿ ਜੋੜੀ ਰੱਖਦਾ ਹੈ (ਭਾਵ, ਰੱਬੀ ਮਿਲਾਪ ਦੀ ਮੌਜ ਵਿਚ ਇਤਨਾ ਮਸਤ ਹੁੰਦਾ ਹੈ ਕਿ ਜਗਤ ਵਾਲਾ ਕੋਈ ਫੁਰਨਾ ਉਸ ਦੇ ਮਨ ਵਿਚ ਨਹੀਂ ਉੱਠਦਾ) । ਇਥੇ ਬੇਅੰਤ ਪ੍ਰਭੂ ਦੇ ਗੁਣ ਜਿਉਂ ਜਿਉਂ ਵੀਚਾਰੀਦੇ ਹਨ ਤਿਉਂ ਤਿਉਂ ਮਨ ਦਾ ਫੁਰਨਾ ਮਨ ਵਿਚ ਹੀ ਗ਼ਰਕ ਹੁੰਦਾ ਜਾਂਦਾ ਹੈ; ਇਹ ਮਨ ਕਿਸੇ ਹੋਰ ਪਾਸੇ ਨਹੀਂ ਜਾਂਦਾ ਕਿਉਂਕਿ ਹਿਰਦਾ-ਰੂਪ ਕਉਲ ਫੁੱਲ (ਮਾਇਆ ਵਲੋਂ) ਪਰਤ ਕੇ ਨਾਮ-ਅੰਮ੍ਰਿਤ ਨਾਲ ਭਰ ਜਾਂਦਾ ਹੈ; ਉਸ ਪ੍ਰਭੂ ਵਿਚ, ਜੋ ਸਭ ਦਾ ਮੁੱਢ ਹੈ ਤੇ ਜੁਗਾਂ ਦੇ ਬਣਨ ਤੋਂ ਭੀ ਪਹਿਲਾਂ ਦਾ ਹੈ, ਮਨ ਇਉਂ ਲੀਨ ਹੁੰਦਾ ਹੈ ਕਿ ਪ੍ਰਭੂ ਦੀ ਯਾਦ (ਕਿਸੇ ਵੇਲੇ) ਨਹੀਂ ਭੁੱਲਦੀ, ਜੀਭ ਹਿਲਾਣ ਤੋਂ ਬਿਨਾ ਹੀ ਸਿਮਰਨ ਹੁੰਦਾ ਰਹਿੰਦਾ ਹੈ।

(ਇਸ ਤਰ੍ਹਾਂ) ਗੁਰੂ ਦੇ ਸਨਮੁਖ ਹੋਇਆਂ ਮਨੁੱਖ ਨਿਰੋਲ ਆਪਣੇ ਘਰ ਵਿਚ ਟਿਕ ਜਾਂਦਾ ਹੈ (ਜਿਵੇਂ ਕੋਈ ਇਸ ਨੂੰ ਬੇ-ਦਖ਼ਲ ਨਹੀਂ ਕਰ ਸਕਦਾ, ਇਸ ਦੇ) ਸਾਰੇ ਗਿਆਨ-ਇੰਦ੍ਰੇ ਤੇ ਪੰਜੇ (ਦੈਵੀ ਗੁਣ ਭਾਵ, ਸਤ ਸੰਤੋਖ ਦਇਆ ਧਰਮ ਧੀਰਜ) ਸੰਗੀ ਬਣ ਜਾਂਦੇ ਹਨ। ਸਤਿਗੁਰੂ ਦੇ ਸ਼ਬਦ ਨੂੰ ਸਮਝ ਕੇ ਜੋ ਮਨੁੱਖ ਇਸ (ਨਿਰੋਲ ਆਪਣੇ) ਘਰ ਨੂੰ ਲੱਭ ਲੈਂਦਾ ਹੈ, ਨਾਨਕ ਉਸ ਦਾ ਸੇਵਕ ਹੈ।1।

ਮਃ ੧ ॥ ਚਿਲਿਮਿਲਿ ਬਿਸੀਆਰ ਦੁਨੀਆ ਫਾਨੀ ॥ ਕਾਲੂਬਿ ਅਕਲ ਮਨ ਗੋਰ ਨ ਮਾਨੀ ॥ ਮਨ ਕਮੀਨ ਕਮਤਰੀਨ ਤੂ ਦਰੀਆਉ ਖੁਦਾਇਆ ॥ ਏਕੁ ਚੀਜੁ ਮੁਝੈ ਦੇਹਿ ਅਵਰ ਜਹਰ ਚੀਜ ਨ ਭਾਇਆ ॥ ਪੁਰਾਬ ਖਾਮ ਕੂਜੈ ਹਿਕਮਤਿ ਖੁਦਾਇਆ ॥ ਮਨ ਤੁਆਨਾ ਤੂ ਕੁਦਰਤੀ ਆਇਆ ॥ ਸਗ ਨਾਨਕ ਦੀਬਾਨ ਮਸਤਾਨਾ ਨਿਤ ਚੜੈ ਸਵਾਇਆ ॥ ਆਤਸ ਦੁਨੀਆ ਖੁਨਕ ਨਾਮੁ ਖੁਦਾਇਆ ॥੨॥ {ਪੰਨਾ 1291}

ਪਦ ਅਰਥ: ਚਿਲਿਮਿਲਿ = ਬਿਜਲੀ ਦੀ ਲਿਸ਼ਕ। ਬਿਸੀਆਰ = ਬਹੁਤ। ਫਾਨੀ = ਫ਼ਾਨੀ, ਨਾਸ ਹੋਣ ਵਾਲੀ। ਕਾਲੂਬਿ ਅਕਲ = ਅਕਲ ਦਾ ਕਾਲਬ, ਅਕਲ ਦਾ ਪੁਤਲਾ, (ਭਾਵ) , ਮੂਰਖ। ਮਨ = (ਫ਼ਾ:) ਮੈਂ। ਗੋਰ = ਕਬਰ (ਭਾਵ, ਮੌਤ) । ਕਮਤਰੀਨ = ਮਾੜਿਆਂ ਤੋਂ ਮਾੜਾ। ਪੁਰਾਬ = ਪੁਰ+ਆਬ, ਪਾਣੀ ਨਾਲ ਪੁਰ। ਖਾਮ = ਕੱਚਾ। ਹਿਕਮਤਿ = ਕਾਰੀਗਰੀ। ਸਗ = ਕੁੱਤਾ। ਦੀਬਾਨ = ਦਰਬਾਰ ਦਾ। ਆਤਸ = ਆਤਸ਼, ਅੱਗ। ਖੁਨਕ = ਖ਼ੁਨਕ, ਠੰਢਾ। ਮਨ ਨ ਮਾਨੀ = ਮੈਂ ਚੇਤਾ ਹੀ ਨਾਹ ਰੱਖਿਆ। ਏਕੁ ਚੀਜੁ = ਇੱਕ ਚੀਜ਼, ਆਪਣਾ ਨਾਮ। ਅਵਰ = ਹੋਰ। ਨ ਭਾਇਆ = ਚੰਗੀਆਂ ਨਹੀਂ ਲੱਗਦੀਆਂ। ਕੂਜੈ = ਕੂਜ਼ੈ, ਕੂਜ਼ਾ, ਕੁੱਜਾ, ਪਿਆਲਾ। ਖੁਦਾਇਆ = ਹੇ ਖ਼ੁਦਾ! ਤੁਆਨਾ ਤੂ = ਤੂ ਬਲਵਾਨ ਹੈਂ। ਮਨ ਕੁਦਰਤੀ ਆਇਆ = ਮੈਂ ਤੇਰੀ ਕੁਦਰਤਿ ਨਾਲ (ਜਗਤ ਨਾਲ) ਆਇਆ ਹਾਂ। ਮਸਤਾਨਾ = ਮਸਤ। ਚੜੈ ਸਵਾਇਆ = ਵਧਦੀ ਰਹੇ।

ਅਰਥ: ਬਿਜਲੀ ਦੀ ਲਿਸ਼ਕ (ਵਾਂਗ) ਦੁਨੀਆ (ਦੀ ਚਮਕ) ਬਹੁਤ ਹੈ ਪਰ ਹੈ ਨਾਸ ਹੋ ਜਾਣ ਵਾਲੀ, (ਜਿਸ ਚਮਕ ਨੂੰ ਵੇਖ ਕੇ) ਮੈਂ ਮੂਰਖ ਨੇ ਮੌਤ ਦਾ ਚੇਤਾ ਹੀ ਨਾਹ ਰੱਖਿਆ। ਮੈਂ ਕਮੀਨਾ ਹਾਂ, ਮੈਂ ਬਹੁਤ ਹੀ ਮਾੜਾ ਹਾਂ, ਪਰ ਹੇ ਖ਼ੁਦਾ! ਤੂੰ ਦਰੀਆ (-ਦਿਲ) ਹੈਂ; ਮੈਨੂੰ ਆਪਣਾ ਇਕ 'ਨਾਮ' ਦੇਹ, ਹੋਰ ਚੀਜ਼ਾਂ ਜ਼ਹਰ (ਵਰਗੀਆਂ) ਹਨ, ਇਹ ਮੈਨੂੰ ਚੰਗੀਆਂ ਨਹੀਂ ਲੱਗਦੀਆਂ।

ਹੇ ਖ਼ੁਦਾ! (ਮੇਰਾ ਸਰੀਰ) ਕੱਚਾ ਕੂਜ਼ਾ (ਪਿਆਲਾ) ਹੈ ਜੋ ਪਾਣੀ ਨਾਲ ਭਰਿਆ ਹੋਇਆ ਹੈ, ਇਹ ਤੇਰੀ (ਅਜਬ) ਕਾਰੀਗਰੀ ਹੈ, (ਹੇ ਖ਼ੁਦਾ!) ਤੂੰ ਤੁਆਨਾ (ਬਲਵਾਨ) ਹੈਂ, ਮੈਂ ਤੇਰੀ ਕੁਦਰਤਿ ਨਾਲ (ਜਗਤ ਵਿਚ) ਆਇਆ ਹਾਂ। ਹੇ ਖ਼ੁਦਾ! ਨਾਨਕ ਤੇਰੇ ਦਰਬਾਰ ਦਾ ਕੁੱਤਾ ਹੈ ਤੇ ਮਸਤਾਨਾ ਹੈ (ਮਿਹਰ ਕਰ, ਇਹ ਮਸਤੀ) ਨਿੱਤ ਵਧਦੀ ਰਹੇ, (ਕਿਉਂਕਿ) ਦੁਨੀਆ ਅੱਗ (ਵਾਂਗ) ਹੈ ਤੇ ਤੇਰਾ ਨਾਮ ਠੰਢ ਪਾਣ ਵਾਲਾ ਹੈ।2।

ਪਉੜੀ ਨਵੀ ਮਃ ੫ ॥ ਸਭੋ ਵਰਤੈ ਚਲਤੁ ਚਲਤੁ ਵਖਾਣਿਆ ॥ ਪਾਰਬ੍ਰਹਮੁ ਪਰਮੇਸਰੁ ਗੁਰਮੁਖਿ ਜਾਣਿਆ ॥ ਲਥੇ ਸਭਿ ਵਿਕਾਰ ਸਬਦਿ ਨੀਸਾਣਿਆ ॥ ਸਾਧੂ ਸੰਗਿ ਉਧਾਰੁ ਭਏ ਨਿਕਾਣਿਆ ॥ ਸਿਮਰਿ ਸਿਮਰਿ ਦਾਤਾਰੁ ਸਭਿ ਰੰਗ ਮਾਣਿਆ ॥ ਪਰਗਟੁ ਭਇਆ ਸੰਸਾਰਿ ਮਿਹਰ ਛਾਵਾਣਿਆ ॥ ਆਪੇ ਬਖਸਿ ਮਿਲਾਏ ਸਦ ਕੁਰਬਾਣਿਆ ॥ ਨਾਨਕ ਲਏ ਮਿਲਾਇ ਖਸਮੈ ਭਾਣਿਆ ॥੨੭॥ {ਪੰਨਾ 1291}

ਨੋਟ: ਕਈ ਵਿਦਵਾਨ ਇਹ ਮੰਨਦੇ ਹਨ ਕਿ ਜਦੋਂ ਸਤਿਗੁਰੂ ਨਾਨਕ ਦੇਵ ਜੀ ਨੇ 'ਵਾਰ' ਉਚਾਰੀ; ਨਾਲ ਨਾਲ ਹੀ "ਪਉੜੀਆਂ" ਦੇ ਨਾਲ ਦੇ ਸ਼ਲੋਕ ਭੀ ਉਚਾਰੇ। ਇਹ ਖ਼ਿਆਲ ਠੀਕ ਨਹੀਂ ਹੈ; 'ਆਸਾ ਕੀ ਵਾਰ' ਅਤੇ 'ਮਾਝ ਕੀ ਵਾਰ' ਵਿਚ ਇਸ ਬਾਰੇ ਵਿਚਾਰ ਕੀਤੀ ਜਾ ਚੁਕੀ ਹੈ। ਇਹ ਪਉੜੀ ਨੰ: 27 ਇਕ ਹੋਰ ਸਬੂਤ ਹੈ। ਗੁਰੂ ਨਾਨਕ ਦੇਵ ਜੀ ਦੀਆਂ ਕੁੱਲ ਪਉੜੀਆਂ 27 ਹਨ, ਪਰ ਇਹ ਪਉੜੀ ਗੁਰੂ ਅਰਜਨ ਸਾਹਿਬ ਨੇ "ਨਵੀ" ਰਲਾਈ, ਇਸ ਦੇ ਨਾਲ ਦੇ ਸ਼ਲੋਕ ਗੁਰੂ ਨਾਨਕ ਸਾਹਿਬ ਦੇ ਹੀ ਹਨ; ਕੀ ਇਹ ਸ਼ਲੋਕ ਉਹਨਾਂ ਨੇ 'ਪਉੜੀ' ਤੋਂ ਬਿਨਾ ਹੀ ਲਿਖ ਦਿੱਤੇ? 'ਕਾਵ੍ਯ-ਰਚਨਾ' ਦੇ ਨਿਯਮ ਨਾਲ ਇਹ ਗੱਲ ਮੇਲ ਨਹੀਂ ਖਾ ਸਕਦੀ ਕਿ 'ਮੂਲ' ਤਾਂ ਹੋਵੇ ਹੀ ਨਾਹ, ਤੇ ਉਸ ਨਾਲ ਸੰਬੰਧ ਰੱਖਣ ਵਾਲੀ 'ਸ਼ਾਖ' ਬਣਾ ਦਿੱਤੀ ਜਾਏ। ਅਸਲੀਅਤ ਇਹ ਹੈ ਕਿ "ਵਾਰ" ਨਿਰੀਆਂ "ਪਉੜੀਆਂ" ਹੈ। "ਸ਼ਲੋਕਾਂ" ਤੇ 'ਵਾਰ' ਦੀਆਂ "ਪਉੜੀਆਂ" ਦੇ ਰਚਨ ਦਾ ਮੌਕਾ ਇੱਕੋ ਨਹੀਂ ਹੈ।

ਪਰ ਇਥੇ ਇਕ ਹੋਰ ਪ੍ਰਸ਼ਨ ਉੱਠਦਾ ਹੈ– ਗੁਰੂ ਅਰਜਨ ਸਾਹਿਬ ਨੇ ਇਹ "ਨਵੀ ਪਉੜੀ" ਕਿਉਂ ਰਲਾਈ? ਕਈ ਵਿਦਵਾਨ ਇਹ ਕਹਿ ਦੇਂਦੇ ਹਨ ਕਿ ਫ਼ਰੀਦ ਜੀ ਅਤੇ ਕਬੀਰ ਜੀ ਦੇ ਸ਼ਲੋਕਾਂ ਵਿਚ ਜਿਥੇ ਕਿਤੇ ਗੁਰੂ ਸਾਹਿਬ ਦੇ ਆਪਣੇ ਸ਼ਲੋਕ ਆਏ ਹਨ, ਉਹਨਾਂ ਦਾ ਕਾਰਨ ਇਹ ਹੈ ਕਿ ਭਗਤਾਂ ਦੇ ਨਾਲ-ਲੱਗਦੇ ਸ਼ਲੋਕਾਂ ਵਿਚ ਕੋਈ ਊਣਤਾ ਰਹਿ ਗਈ ਸੀ। ਕਿਤਨਾ ਕੋਝਾ ਤੇ ਨੀਵਾਂ ਤੇ ਬੇ-ਅਦਬੀ-ਭਰਿਆ ਖ਼ਿਆਲ ਹੈ; ਬਾਣੀ ਦੇ ਜਿਸ 'ਸੰਗ੍ਰਹ' ਨੂੰ ਸਿੱਖ ਆਪਣਾ 'ਗੁਰੂ' ਮੰਨਦਾ ਹੈ ਉਸੇ ਵਿਚ ਹੀ ਕਈ ਅੰਗ 'ਊਣੇ' ਦੱਸ ਰਿਹਾ ਹੈ। ਉਹ 'ਸੁੰਦਰਤਾ' ਕਾਹਦੀ ਜਿਥੇ ਕੋਝ ਰਹਿ ਗਿਆ? ਹਿੰਦੂ ਭਰਾ ਦੇ ਇਸੇ ਕੱਚ-ਪੁਣੇ ਨੂੰ ਭਗਤ ਨਾਮਦੇਵ ਜੀ ਨੇ ਭੰਡਿਆ ਸੀ। ਵੇਖੋ, ਰਾਗ ਗੋਂਡ ਵਿਚ "ਆਜੁ ਨਾਮੇ ਬੀਠੁਲ ਦੇਖਿਆ"; ਨਾਲੇ ਤਾਂ ਸ਼ਿਵ ਜੀ ਨੂੰ ਆਪਣਾ 'ਇਸ਼ਟ' ਮੰਨਣਾ ਤੇ ਨਾਲ ਹੀ ਇਹ ਭੀ ਕਹਿਣਾ ਕਿ ਉਹ ਕ੍ਰੋਧ ਵਿਚ ਆ ਕੇ ਲੋਕਾਂ ਦੇ ਮੁੰਡੇ ਭੀ ਸਰਾਪ ਦੇ ਕੇ ਮਾਰ ਦੇਂਦਾ ਸੀ। ਪਰ ਜੇ ਵਿਦਵਾਨ ਸੱਜਣਾਂ ਨੇ ਅਜੇ ਭੀ ਇਸੇ ਖ਼ਿਆਲ ਤੇ ਹੀ ਅੜਨਾ ਹੈ, ਤਾਂ ਕੀ ਇਹ ਪਉੜੀ ਨੰ: 27 ਭੀ ਗੁਰੂ ਅਰਜਨ ਸਾਹਿਬ ਨੂੰ ਇਸੇ ਲਈ ਦਰਜ ਕਰਨੀ ਪਈ ਕਿ ਗੁਰੂ ਨਾਨਕ ਸਾਹਿਬ ਦੀ 'ਵਾਰ' ਵਿਚ ਕੋਈ 'ਊਣਤਾ' ਰਹਿ ਗਈ ਸੀ? ਇੱਕੋ ਹੀ 'ਸੰਗ੍ਰਹ' ਵਿਚ ਥਾਂ ਥਾਂ ਪੈਂਤੜੇ ਬਦਲਾਇਆਂ ਥਿੜਕਣਾ ਹੀ ਪਏਗਾ।

ਫਿਰ, ਇਹ 'ਪਉੜੀ' ਗੁਰੂ ਅਰਜਨ ਸਾਹਿਬ ਨੇ ਕਿਉਂ ਦਰਜ ਕੀਤੀ? ਇਸ ਗੱਲ ਦਾ ਉੱਤਰ ਲੱਭਣ ਲਈ ਪੜ੍ਹੋ ਪਉੜੀ ਨੰ: 23, 24, 25 ਅਤੇ 26। ਇਹਨਾਂ ਪਉੜੀਆਂ ਵਿਚ ਇਸ ਗੱਲ ਤੇ ਜ਼ੋਰ ਹੈ ਕਿ ਵਿੱਦਵਤਾ, ਹੋਰ ਹੋਰ ਅਕਲਾਂ, ਭਗਵਾ ਵੇਸ ਅਤੇ ਦੇਸ-ਰਟਨ ਜ਼ਿੰਦਗੀ ਦਾ ਸਹੀ ਰਸਤਾ ਨਹੀਂ ਹਨ, 'ਸਤਿਗੁਰੁ ਬੋਹਿਥੁ ਬੇੜੁ' ਹੈ ਜੋ ਤ੍ਰਿਸ਼ਨਾ-ਅੱਗ ਤੋਂ ਬਚਾਂਦਾ ਹੈ। ਪਉੜੀ ਨੰ: 26 ਵਿਚ ਇਹ ਮਾਨੋ ਇਸ਼ਾਰੇ-ਮਾਤ੍ਰ ਜ਼ਿਕਰ ਸੀ। ਗੁਰੂ ਅਰਜਨ ਸਾਹਿਬ ਨੇ ਪਉੜੀ ਨੰ: 27 ਵਿਚ ਇਸ ਦੀ ਹੋਰ ਵਿਆਖਿਆ ਕਰ ਦਿੱਤੀ ਹੈ।

ਪਦ ਅਰਥ: ਸਭੋ = ਸਾਰਾ। ਚਲਤੁ = ਤਮਾਸ਼ਾ। ਸਬਦਿ = ਗੁਰ-ਸ਼ਬਦ ਦੀ ਰਾਹੀਂ। ਨੀਸਾਣੁ = ਨਗਾਰਾ। ਨਿਕਾਣਿਆ = ਬੇ-ਮੁਥਾਜ। ਛਾਵਾਣਿਆ = ਸਾਇਬਾਨ। ਵਖਾਣਿਆ = ਆਖਿਆ ਜਾ ਸਕਦਾ ਹੈ। ਗੁਰਮੁਖਿ = ਗੁਰੂ ਦੀ ਰਾਹੀਂ। ਜਾਣਿਆ = ਸਾਂਝ ਪਾਈ ਜਾ ਸਕਦੀ ਹੈ। ਸਭਿ = ਸਾਰੇ। ਉਧਾਰੁ = ਪਾਰ-ਉਤਾਰਾ, ਬਚਾਉ। ਪਰਗਟੁ = ਉੱਘਾ। ਸੰਸਾਰਿ = ਸੰਸਾਰ ਵਿਚ। ਬਖਸਿ = ਮਿਹਰ ਕਰ ਕੇ। ਖਸਮੈ = ਖਸਮ ਨੂੰ। ਭਾਣਿਆ = ਚੰਗੇ ਲੱਗਦੇ ਹਨ।

ਅਰਥ: ਇਹ ਸਾਰਾ (ਜਗਤ ਪਰਮਾਤਮਾ ਦਾ) ਤਮਾਸ਼ਾ ਹੋ ਰਿਹਾ ਹੈ, ਇਸ ਨੂੰ ਤਮਾਸ਼ਾ ਹੀ ਕਿਹਾ ਜਾ ਸਕਦਾ ਹੈ, (ਇਸ ਤਮਾਸ਼ੇ ਨੂੰ ਰਚਣ ਵਾਲਾ) ਪਾਰਬ੍ਰਹਮ ਪਰਮਾਤਮਾ ਸਤਿਗੁਰੂ ਦੀ ਰਾਹੀਂ ਜਾਣਿਆ ਜਾਂਦਾ ਹੈ, ਸਤਿਗੁਰੂ ਦੇ ਸ਼ਬਦ (-ਰੂਪ) ਨਗਾਰੇ ਨਾਲ ਸਾਰੇ ਵਿਕਾਰ ਲਹਿ ਜਾਂਦੇ ਹਨ (ਨੱਠ ਜਾਂਦੇ ਹਨ) , ਸਤਿਗੁਰੂ ਦੀ ਸੰਗਤਿ ਵਿਚ (ਰਿਹਾਂ, ਵਿਕਾਰਾਂ ਤੋਂ) ਬਚਾਉ ਹੋ ਜਾਂਦਾ ਹੈ ਤੇ ਬੇ-ਮੁਥਾਜ ਹੋ ਜਾਈਦਾ ਹੈ। (ਗੁਰੂ ਦੀ ਬਰਕਤਿ ਨਾਲ) ਦਾਤਾਰ ਪ੍ਰਭੂ ਨੂੰ ਸਿਮਰ ਸਿਮਰ ਕੇ, (ਮਾਨੋ) ਸਾਰੇ ਰੰਗ ਮਾਣ ਲਈਦੇ ਹਨ (ਭਾਵ, ਸਿਮਰਨ ਦੇ ਆਨੰਦ ਦੇ ਟਾਕਰੇ ਤੇ ਦੁਨੀਆ ਦੇ ਰੰਗ ਫਿੱਕੇ ਪੈ ਜਾਂਦੇ ਹਨ) (ਸਿਮਰਨ ਕਰਨ ਵਾਲਾ ਮਨੁੱਖ) ਜਗਤ ਵਿਚ ਭੀ ਉੱਘਾ ਹੋ ਜਾਂਦਾ ਹੈ, ਪ੍ਰਭੂ ਦੀ ਮਿਹਰ ਦਾ ਸਾਇਬਾਨ ਉਸ ਉਤੇ, ਮਾਨੋ, ਤਣਿਆ ਜਾਂਦਾ ਹੈ।

ਮੈਂ ਪ੍ਰਭੂ ਤੋਂ ਸਦਕੇ ਹਾਂ, ਉਹ (ਗੁਰੂ ਦੀ ਰਾਹੀਂ) ਆਪ ਹੀ ਮਿਹਰ ਕਰ ਕੇ ਆਪਣੇ ਨਾਲ ਜੋੜ ਲੈਂਦਾ ਹੈ। ਹੇ ਨਾਨਕ! ਜੋ ਬੰਦੇ ਖਸਮ-ਪ੍ਰਭੂ ਨੂੰ ਪਿਆਰੇ ਲੱਗਦੇ ਹਨ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। 27।

ਸਲੋਕ ਮਃ ੧ ॥ ਧੰਨੁ ਸੁ ਕਾਗਦੁ ਕਲਮ ਧੰਨੁ ਧਨੁ ਭਾਂਡਾ ਧਨੁ ਮਸੁ ॥ ਧਨੁ ਲੇਖਾਰੀ ਨਾਨਕਾ ਜਿਨਿ ਨਾਮੁ ਲਿਖਾਇਆ ਸਚੁ ॥੧॥ {ਪੰਨਾ 1291}

ਪਦ ਅਰਥ: ਭਾਂਡਾ = ਦਵਾਤ। ਮਸੁ = ਸਿਆਹੀ। ਧਨੁ = ਧੰਨ, ਭਾਗਾਂ ਵਾਲਾ, ਮੁਬਾਰਿਕ। ਸੁ = ਉਹ (ਇਕ-ਵਚਨ) । ਸਚੁ = ਸਦਾ ਕਾਇਮ ਰਹਿਣ ਵਾਲਾ।

ਅਰਥ: ਮੁਬਾਰਿਕ ਹੈ ਉਹ ਕਾਗ਼ਜ ਤੇ ਕਲਮ, ਮੁਬਾਰਿਕ ਹੈ ਉਹ ਦਵਾਤ ਤੇ ਸਿਆਹੀ; ਤੇ, ਹੇ ਨਾਨਕ! ਮੁਬਾਰਿਕ ਹੈ ਉਹ ਲਿਖਣ ਵਾਲਾ ਜਿਸਨੇ ਪ੍ਰਭੂ ਦਾ ਸੱਚਾ ਨਾਮ ਲਿਖਾਇਆ (ਪ੍ਰਭੂ ਦੀ ਸਿਫ਼ਤਿ-ਸਾਲਾਹ ਲਿਖਾਈ) ।1।

ਮਃ ੧ ॥ ਆਪੇ ਪਟੀ ਕਲਮ ਆਪਿ ਉਪਰਿ ਲੇਖੁ ਭਿ ਤੂੰ ॥ ਏਕੋ ਕਹੀਐ ਨਾਨਕਾ ਦੂਜਾ ਕਾਹੇ ਕੂ ॥੨॥

ਅਰਥ: (ਹੇ ਪ੍ਰਭੂ!) ਤੂੰ ਆਪ ਹੀ ਪੱਟੀ ਹੈਂ, ਤੂੰ ਆਪ ਹੀ ਕਲਮ ਹੈਂ, (ਪੱਟੀ ਉਤੇ ਸਿਫ਼ਤਿ-ਸਾਲਾਹ ਦਾ) ਲੇਖ ਭੀ ਤੂੰ ਆਪ ਹੀ ਹੈਂ।

ਹੇ ਨਾਨਕ! (ਸਿਫ਼ਤਿ-ਸਾਲਾਹ ਕਰਨ ਕਾਰਣ ਵਾਲਾ) ਇੱਕ ਪ੍ਰਭੂ ਨੂੰ ਹੀ ਆਖਣਾ ਚਾਹੀਦਾ ਹੈ। ਕੋਈ ਹੋਰ ਦੂਜਾ ਕਿਵੇਂ ਹੋ ਸਕਦਾ ਹੈ?।2।

ਪਉੜੀ ॥ ਤੂੰ ਆਪੇ ਆਪਿ ਵਰਤਦਾ ਆਪਿ ਬਣਤ ਬਣਾਈ ॥ ਤੁਧੁ ਬਿਨੁ ਦੂਜਾ ਕੋ ਨਹੀ ਤੂ ਰਹਿਆ ਸਮਾਈ ॥ ਤੇਰੀ ਗਤਿ ਮਿਤਿ ਤੂਹੈ ਜਾਣਦਾ ਤੁਧੁ ਕੀਮਤਿ ਪਾਈ ॥ ਤੂ ਅਲਖ ਅਗੋਚਰੁ ਅਗਮੁ ਹੈ ਗੁਰਮਤਿ ਦਿਖਾਈ ॥ ਅੰਤਰਿ ਅਗਿਆਨੁ ਦੁਖੁ ਭਰਮੁ ਹੈ ਗੁਰ ਗਿਆਨਿ ਗਵਾਈ ॥ ਜਿਸੁ ਕ੍ਰਿਪਾ ਕਰਹਿ ਤਿਸੁ ਮੇਲਿ ਲੈਹਿ ਸੋ ਨਾਮੁ ਧਿਆਈ ॥ ਤੂ ਕਰਤਾ ਪੁਰਖੁ ਅਗੰਮੁ ਹੈ ਰਵਿਆ ਸਭ ਠਾਈ ॥ ਜਿਤੁ ਤੂ ਲਾਇਹਿ ਸਚਿਆ ਤਿਤੁ ਕੋ ਲਗੈ ਨਾਨਕ ਗੁਣ ਗਾਈ ॥੨੮॥੧॥ ਸੁਧੁ {ਪੰਨਾ 1291}

ਪਦ ਅਰਥ: ਗਤਿ = ਹਾਲਤ। ਮਿਤਿ = ਮਾਪ। ਗਤਿ ਮਿਤਿ = ਕਿਹੋ ਜਿਹਾ ਹੈਂ ਤੇ ਕੇਡਾ ਵੱਡਾ ਹੈਂ। ਅਗੋਚਰੁ = ਇੰਦ੍ਰਿਆਂ ਦੀ ਪਹੁੰਚ ਤੋਂ ਪਰੇ। ਗੁਰ ਗਿਆਨਿ = ਗੁਰੂ ਦੇ ਬਖ਼ਸ਼ੇ ਗਿਆਨ ਦੀ ਰਾਹੀਂ। ਰਵਿਆ = ਵਿਆਪਕ। ਜਿਤੁ = ਜਿਸ (ਕੰਮ) ਵਿਚ। ਅਗਿਆਨੁ = ਆਤਮਕ ਜੀਵਨ ਵਲੋਂ ਬੇ-ਸਮਝੀ। ਭਰਮੁ = ਭਟਕਣਾ। ਪੁਰਖ = ਵਿਆਪਕ। ਸਚਿਆ = ਹੇ ਸਦਾ ਕਾਇਮ ਰਹਿਣ ਵਾਲੇ! ਲਾਇਹਿ = ਤੂੰ ਲਾਂਦਾ ਹੈਂ। ਕੋ = ਕੋਈ ਜੀਵ। ਤਿਤੁ = ਉਸ (ਕੰਮ) ਵਿਚ।

ਅਰਥ: ਹੇ ਪ੍ਰਭੂ! ਜਗਤ ਦੀ ਬਣਤਰ ਤੂੰ ਆਪ ਬਣਾਈ ਹੈ ਤੇ ਤੂੰ ਆਪ ਹੀ ਇਸ ਵਿਚ ਹਰ ਥਾਂ ਮੌਜੂਦ ਹੈਂ; ਤੇਰੇ ਵਰਗਾ ਤੈਥੋਂ ਬਿਨਾ ਹੋਰ ਕੋਈ ਨਹੀਂ, ਤੂੰ ਹੀ ਹਰ ਥਾਂ ਗੁਪਤ ਵਰਤ ਰਿਹਾ ਹੈਂ। ਤੂੰ ਕਿਹੋ ਜਿਹਾ ਹੈਂ ਤੇ ਕੇਡਾ ਵੱਡਾ ਹੈਂ = ਇਹ ਗੱਲ ਤੂੰ ਆਪ ਹੀ ਜਾਣਦਾ ਹੈਂ, ਆਪਣਾ ਮੁੱਲ ਤੂੰ ਆਪ ਹੀ ਪਾ ਸਕਦਾ ਹੈਂ। ਤੂੰ ਅਦ੍ਰਿਸ਼ਟ ਹੈਂ, ਤੂੰ (ਮਾਨੁਖੀ) ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈਂ, ਤੂੰ ਅਪਹੁੰਚ ਹੈਂ, ਗੁਰੂ ਦੀ ਮਤਿ ਤੇਰਾ ਦੀਦਾਰ ਕਰਾਂਦੀ ਹੈ।

ਮਨੁੱਖ ਦੇ ਅੰਦਰ ਜੋ ਅਗਿਆਨ ਦੁੱਖ ਤੇ ਭਟਕਣਾ ਹੈ ਇਹ ਗੁਰੂ ਦੇ ਦਿੱਤੇ ਗਿਆਨ ਦੀ ਰਾਹੀਂ ਦੂਰ ਹੁੰਦੇ ਹਨ।

ਹੇ ਪ੍ਰਭੂ! ਜਿਸ ਉਤੇ ਤੂੰ ਮਿਹਰ ਕਰਦਾ ਹੈਂ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈਂ ਉਹ ਤੇਰਾ ਨਾਮ ਸਿਮਰਦਾ ਹੈ। ਤੂੰ ਸਭ ਦਾ ਬਣਾਣ ਵਾਲਾ ਹੈਂ, ਸਭ ਵਿਚ ਮੌਜੂਦ ਹੈਂ (ਫਿਰ ਭੀ) ਅਪਹੁੰਚ ਹੈਂ, ਤੇ ਹੈਂ ਸਭ ਥਾਈਂ ਵਿਆਪਕ। ਹੇ ਨਾਨਕ! (ਆਖ-) ਹੇ ਸੱਚੇ ਪ੍ਰਭੂ! ਜਿਧਰ ਤੂੰ ਜੀਵ ਨੂੰ ਲਾਂਦਾ ਹੈਂ ਓਧਰ ਹੀ ਉਹ ਲੱਗਦਾ ਹੈ ਤੂੰ (ਜਿਸ ਨੂੰ ਪ੍ਰੇਰਦਾ ਹੈਂ) ਉਹੀ ਤੇਰੇ ਗੁਣ ਗਾਂਦਾ ਹੈ। 28।1। ਸੁਧੁ।

TOP OF PAGE

Sri Guru Granth Darpan, by Professor Sahib Singh