ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1322

ਕਲਿਆਨ ਮਹਲਾ ੫ ॥ ਮੇਰੇ ਲਾਲਨ ਕੀ ਸੋਭਾ ॥ ਸਦ ਨਵਤਨ ਮਨ ਰੰਗੀ ਸੋਭਾ ॥੧॥ ਰਹਾਉ ॥ ਬ੍ਰਹਮ ਮਹੇਸ ਸਿਧ ਮੁਨਿ ਇੰਦ੍ਰਾ ਭਗਤਿ ਦਾਨੁ ਜਸੁ ਮੰਗੀ ॥੧॥ ਜੋਗ ਗਿਆਨ ਧਿਆਨ ਸੇਖਨਾਗੈ ਸਗਲ ਜਪਹਿ ਤਰੰਗੀ ॥ ਕਹੁ ਨਾਨਕ ਸੰਤਨ ਬਲਿਹਾਰੈ ਜੋ ਪ੍ਰਭ ਕੇ ਸਦ ਸੰਗੀ ॥੨॥੩॥ {ਪੰਨਾ 1322}

ਪਦ ਅਰਥ: ਲਾਲਨ ਕੀ = ਸੋਹਣੇ ਲਾਲ ਦੀ, ਪਿਆਰੇ ਦੀ। ਸਦ = ਸਦਾ। ਨਵਤਨ = ਨਵੀਂ। ਮਨ ਰੰਗੀ = ਮਨ ਨੂੰ (ਪ੍ਰੇਮ ਦਾ) ਰੰਗ ਦੇਣ ਵਾਲੀ।1। ਰਹਾਉ।

ਮਹੇਸ = ਸ਼ਿਵ। ਸਿਧ = ਜੋਗ-ਸਾਧਨਾਂ ਵਿਚ ਪੁੱਗ ਹੋਏ ਜੋਗੀ। ਜਸੁ = ਸਿਫ਼ਤਿ-ਸਾਲਾਹ।1।

ਸੇਖਨਾਗੈ = ਸ਼ੇਸ਼ਨਾਗ। ਸਗਲ = (ਇਹ) ਸਾਰੇ। ਜਪਹਿ = ਜਪਦੇ ਹਨ (ਬਹੁ-ਵਚਨ) । ਤਰੰਗੀ = ਤਰੰਗਾਂ ਵਾਲੇ ਨੂੰ, ਅਨੇਕਾਂ ਲਹਿਰਾਂ ਦੇ ਮਾਲਕ-ਹਰੀ ਨੂੰ। ਸਦ = ਸਦਾ। ਸੰਗੀ = ਸਾਥੀ।2।

ਅਰਥ: ਹੇ ਭਾਈ! ਮੇਰੇ ਸੋਹਣੇ ਪ੍ਰਭੂ ਦੀ ਸੋਭਾ-ਵਡਿਆਈ ਸਦਾ ਹੀ ਨਵੀਂ (ਰਹਿੰਦੀ ਹੈ, ਖਿੱਚ ਪਾਂਦੀ ਰਹਿੰਦੀ ਹੈ, ਅਤੇ) ਸਦਾ ਹੀ ਮਨ ਨੂੰ (ਪਿਆਰ ਦਾ) ਰੰਗ ਚਾੜ੍ਹਦੀ ਰਹਿੰਦੀ ਹੈ।1। ਰਹਾਉ।

ਹੇ ਭਾਈ! ਬ੍ਰਹਮਾ, ਸ਼ਿਵ, ਸਿੱਧ, ਮੁਨੀ, ਇੰਦ੍ਰ, (ਆਦਿਕ ਦੇਵਤੇ) = ਇਹ ਸਾਰੇ (ਪ੍ਰਭੂ ਦੇ ਦਰ ਤੋਂ ਉਸ ਦੀ) ਭਗਤੀ ਦਾ ਦਾਨ ਮੰਗਦੇ ਹਨ, ਉਸ ਦੀ ਸਿਫ਼ਤਿ-ਸਾਲਾਹ ਦੀ ਦਾਤਿ ਮੰਗਦੇ ਰਹਿੰਦੇ ਹਨ।1।

ਹੇ ਭਾਈ! ਜੋਗੀ, ਗਿਆਨੀ, ਧਿਆਨੀ, ਸ਼ੇਸ਼ਨਾਗ (ਆਦਿਕ ਇਹ) ਸਾਰੇ ਉਸ ਅਨੇਕਾਂ ਚੋਜਾਂ ਦੇ ਮਾਲਕ-ਪ੍ਰਭੂ ਦਾ ਨਾਮ ਜਪਦੇ ਰਹਿੰਦੇ ਹਨ। ਹੇ ਨਾਨਕ! ਆਖ– ਮੈਂ ਉਹਨਾਂ ਸੰਤ ਜਨਾਂ ਤੋਂ ਕੁਰਬਾਨ ਜਾਂਦਾ ਹਾਂ, ਜਿਹੜੇ ਪਰਮਾਤਮਾ ਦੇ ਸਦਾ ਸਾਥੀ ਬਣੇ ਰਹਿੰਦੇ ਹਨ।2।3।

ਕਲਿਆਨ ਮਹਲਾ ੫ ਘਰੁ ੨    ੴ ਸਤਿਗੁਰ ਪ੍ਰਸਾਦਿ ॥ ਤੇਰੈ ਮਾਨਿ ਹਰਿ ਹਰਿ ਮਾਨਿ ॥ ਨੈਨ ਬੈਨ ਸ੍ਰਵਨ ਸੁਨੀਐ ਅੰਗ ਅੰਗੇ ਸੁਖ ਪ੍ਰਾਨਿ ॥੧॥ ਰਹਾਉ ॥ ਇਤ ਉਤ ਦਹ ਦਿਸਿ ਰਵਿਓ ਮੇਰ ਤਿਨਹਿ ਸਮਾਨਿ ॥੧॥ ਜਤ ਕਤਾ ਤਤ ਪੇਖੀਐ ਹਰਿ ਪੁਰਖ ਪਤਿ ਪਰਧਾਨ ॥ ਸਾਧਸੰਗਿ ਭ੍ਰਮ ਭੈ ਮਿਟੇ ਕਥੇ ਨਾਨਕ ਬ੍ਰਹਮ ਗਿਆਨ ॥੨॥੧॥੪॥ {ਪੰਨਾ 1322}

ਪਦ ਅਰਥ: ਤੇਰੈ ਮਾਨਿ = ਤੇਰੇ (ਦਿੱਤੇ) ਮਾਣ ਦੀ ਰਾਹੀਂ। ਮਾਨਿ = ਮਾਣ ਦੀ ਰਾਹੀਂ, ਪਿਆਰ ਦੀ ਬਰਕਤਿ ਨਾਲ। ਹਰਿ = ਹੇ ਹਰੀ! ਮਾਨਿ = (ਤੇਰੈ) ਮਾਨਿ, ਤੇਰੇ ਬਖ਼ਸ਼ੇ ਪ੍ਰੇਮ ਦੀ ਰਾਹੀਂ। ਨੈਨ = ਅੱਖਾਂ ਨਾਲ (ਤੇਰਾ ਦਰਸਨ ਕਰੀਦਾ ਹੈ) । ਬੈਨ = ਬਚਨਾਂ ਨਾਲ (ਤੇਰਾ ਜਸ ਗਾਇਆ ਜਾਂਦਾ ਹੈ) । ਸ੍ਰਵਨ ਸੁਨੀਐ = ਕੰਨਾਂ ਨਾਲ (ਤੇਰੀ ਸਿਫ਼ਤਿ-ਸਾਲਾਹ) ਸੁਣੀ ਜਾਂਦੀ ਹੈ। ਅੰਗ ਅੰਗੇ = ਅੰਗਿ ਅੰਗਿ; ਹਰੇਕ ਅੰਗ ਵਿਚ। ਪ੍ਰਾਨਿ = (ਹਰੇਕ) ਸਾਹ ਦੇ ਨਾਲ।1। ਰਹਾਉ।

ਇਤ = ਇਥੇ। ਉਤ = ਉਥੇ। ਇਤ ਉਤ = ਇਥੇ ਉਥੇ, ਹਰ ਥਾਂ। ਦਹ ਦਿਸਿ = ਦਸੀਂ ਪਾਸੀਂ, ਸਾਰੇ ਜਗਤ ਵਿਚ। ਰਵਿਓ = ਵਿਆਪਕ (ਜਾਪਦਾ ਹੈ) । ਮੇਰ = ਸੁਮੇਰ ਪਰਬਤ। ਤਿਨਹਿ = ਤ੍ਰਿਣ ਵਿਚ, ਤਿਨਕੇ ਵਿਚ। ਸਮਾਨਿ = ਇਕੋ ਜਿਹਾ।1।

ਜਤ = ਜਿੱਥੇ। ਕਤਾ = ਕਿੱਥੇ। ਤਤ = ਤਿੱਥੇ। ਜਤ ਕਤਾ ਤਤ = ਜਿੱਥੇ ਕਿੱਥੇ ਤਿੱਥੇ, ਹਰ ਥਾਂ। ਪੇਖੀਐ = ਵੇਖ ਲਈਦਾ ਹੈ। ਪੁਰਖ ਪਤਿ = ਪੁਰਖਾਂ ਦਾ ਪਤੀ। ਸਾਧ ਸੰਗਿ = ਸਾਧ ਸੰਗਤਿ। ਭੈ = (ਲਫ਼ਜ਼ 'ਭਉ' ਤੋਂ ਬਹੁ-ਵਚਨ) ਸਾਰੇ ਡਰ। ਕਥੇ = ਕਥਿ, ਕਥ ਕੇ, ਆਖ ਕੇ। ਬ੍ਰਹਮ ਗਿਆਨ = ਪਰਮਾਤਮਾ ਨਾਲ ਸਾਂਝ ਦੇ ਬਚਨ, ਪਰਮਾਤਮਾ ਦੇ ਗੁਣ।2।

ਅਰਥ: ਹੇ ਹਰੀ! ਤੇਰੇ (ਬਖ਼ਸ਼ੇ) ਪਿਆਰ ਦੀ ਬਰਕਤਿ ਨਾਲ, ਹੇ ਹਰੀ! ਤੇਰੇ ਦਿੱਤੇ ਪ੍ਰੇਮ ਦੀ ਰਾਹੀਂ; ਅੱਖਾਂ ਨਾਲ (ਤੇਰਾ ਦਰਸਨ ਹਰ ਥਾਂ ਕਰੀਦਾ ਹੈ) ਬਚਨਾਂ ਨਾਲ (ਤੇਰੀ ਸਿਫ਼ਤਿ-ਸਾਲਾਹ ਕਰੀਦੀ ਹੈ) ਕੰਨਾਂ ਨਾਲ (ਤੇਰੀ ਸਿਫ਼ਤਿ-ਸਾਲਾਹ) ਸੁਣੀਦੀ ਹੈ, ਹਰੇਕ ਅੰਗ ਵਿਚ ਹਰੇਕ ਸਾਹ ਦੇ ਨਾਲ ਆਨੰਦ (ਪ੍ਰਾਪਤ ਹੁੰਦਾ ਹੈ) ।1। ਰਹਾਉ।

ਹੇ ਭਾਈ! (ਪ੍ਰਭੂ ਤੋਂ ਮਿਲੇ ਪਿਆਰ ਦੀ ਬਰਕਤਿ ਨਾਲ ਉਹ ਪ੍ਰਭੂ) ਹਰ ਥਾਂ ਦਸੀਂ ਪਾਸੀਂ ਵਿਆਪਕ ਦਿੱਸ ਪੈਂਦਾ ਹੈ, ਸੁਮੇਰ ਪਰਬਤ ਅਤੇ ਤੀਲੇ ਵਿਚ ਇਕੋ ਜਿਹਾ।1।

ਹੇ ਨਾਨਕ! ਸਾਧ ਸੰਗਤਿ ਵਿਚ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕੀਤਿਆਂ ਸਾਰੇ ਭਰਮ ਸਾਰੇ ਡਰ ਮਿਟ ਜਾਂਦੇ ਹਨ, ਉਹ ਪਰਧਾਨ ਪੁਰਖ ਉਹ ਸਾਰੇ ਜੀਵਾਂ ਦਾ ਮਾਲਕ ਹਰੀ ਹਰ ਥਾਂ ਵੱਸਦਾ ਦਿੱਸਣ ਲੱਗ ਪੈਂਦਾ ਹੈ।2।1।4।

ਕਲਿਆਨ ਮਹਲਾ ੫ ॥ ਗੁਨ ਨਾਦ ਧੁਨਿ ਅਨੰਦ ਬੇਦ ॥ ਕਥਤ ਸੁਨਤ ਮੁਨਿ ਜਨਾ ਮਿਲਿ ਸੰਤ ਮੰਡਲੀ ॥੧॥ ਰਹਾਉ ॥ ਗਿਆਨ ਧਿਆਨ ਮਾਨ ਦਾਨ ਮਨ ਰਸਿਕ ਰਸਨ ਨਾਮੁ ਜਪਤ ਤਹ ਪਾਪ ਖੰਡਲੀ ॥੧॥ ਜੋਗ ਜੁਗਤਿ ਗਿਆਨ ਭੁਗਤਿ ਸੁਰਤਿ ਸਬਦ ਤਤ ਬੇਤੇ ਜਪੁ ਤਪੁ ਅਖੰਡਲੀ ॥ ਓਤਿ ਪੋਤਿ ਮਿਲਿ ਜੋਤਿ ਨਾਨਕ ਕਛੂ ਦੁਖੁ ਨ ਡੰਡਲੀ ॥੨॥੨॥੫॥ {ਪੰਨਾ 1322}

ਪਦ ਅਰਥ: ਗੁਨ = (ਪਰਮਾਤਮਾ ਦੇ) ਗੁਣ (ਗਾਵਣੇ) । ਨਾਦ = (ਜੋਗੀਆਂ ਦੇ) ਨਾਦ (ਵਜਾਣੇ ਹਨ) । ਧੁਨਿ = ਰੌ। ਧੁਨਿ ਅਨੰਦ = (ਗੁਣ ਗਾਵਣ ਤੋਂ ਪੈਦਾ ਹੋਈ) ਆਨੰਦ ਦੀ ਰੌ। ਕਥਤ = (ਪ੍ਰਭੂ ਦੇ ਗੁਣ) ਕਥਦੇ ਹਨ। ਮੁਨਿ ਜਨਾ = ਉਹ ਸੇਵਕ ਜਿਨ੍ਹਾਂ ਨੇ ਆਪਣੇ ਮਨ ਨੂੰ ਵਿਕਾਰਾਂ ਵਲੋਂ ਚੁੱਪ ਕਰਾ ਲਿਆ ਹੈ। ਮਿਲਿ = ਮਿਲ ਕੇ। ਸੰਤ ਮੰਡਲੀ = ਸਾਧ ਸੰਗਤਿ ਵਿਚ।1। ਰਹਾਉ।

ਗਿਆਨ = ਆਤਮਕ ਜੀਵਨ ਦੀ ਸੂਝ। ਧਿਆਨ = (ਪ੍ਰਭੂ-ਚਰਨਾਂ ਵਿਚ ਜੁੜੀ) ਸੁਰਤਿ। ਮਾਨ = ਆਦਰ, (ਨਾਮ ਨਾਲ) ਪਿਆਰ। ਦਾਨ = (ਨਾਮ ਦੀ ਹੋਰਨਾਂ ਨੂੰ) ਵੰਡ। ਰਸਿਕ = ਰਸੀਏ (ਨੋਟ: ਲਫ਼ਜ਼ 'ਰਸਿਕ' ਅਤੇ 'ਰਸਕਿ' ਦਾ ਫ਼ਰਕ ਚੇਤੇ ਰੱਖਣ-ਜੋਗ ਹੈ। 'ਰਸਿਕ' = ਰਸੀਏ (ਵਿਸ਼ੇਸ਼ਣ) । ਰਸਕਿ = ਰਸ ਨਾਲ) । ਮਨ ਰਸਿਕ = ਰਸੀਏ ਮਨ। ਜਪਤ = ਜਪਦੇ ਹਨ। ਤਹ = ਉਥੇ, ਉਸ ਸਾਧ ਸੰਗਤਿ ਵਿਚ। ਖੰਡਲੀ = ਨਾਸ ਹੋ ਜਾਂਦੇ ਹਨ।1।

ਜੋਗ = (ਪ੍ਰਭੂ ਨਾਲ) ਮਿਲਾਪ। ਜੋਗ ਜੁਗਤਿ = ਪ੍ਰਭੂ ਨਾਲ ਮਿਲਾਪ ਦਾ ਢੰਗ। ਜੋਗ ਜੁਗਤਿ ਤਤ ਬੇਤੇ = ਪ੍ਰਭੂ ਨਾਲ ਮਿਲਾਪ ਦੀ ਜੁਗਤਿ ਦੇ ਭੇਤ ਨੂੰ ਜਾਣਨ ਵਾਲੇ। ਗਿਆਨ = ਆਤਮਕ ਜੀਵਨ ਦੀ ਸੂਝ। ਭੁਗਤਿ = (ਆਤਮਕ) ਖ਼ੁਰਾਕ। ਗਿਆਨ ਭੁਗਤਿ = ਆਤਮਕ ਜੀਵਨ ਦੀ ਸੂਝ-ਰੂਪ ਆਤਮਕ ਖ਼ੁਰਾਕ। ਗਿਆਨ ਭੁਗਤਿ ਤਤ ਬੇਤੇ = ਆਤਮਕ ਜੀਵਨ ਦੀ ਸੂਝ-ਰੂਪ ਆਤਮਕ ਖ਼ੁਰਾਕ ਦੇ ਭੇਤ ਨੂੰ ਜਾਣਨ ਵਾਲੇ। ਸੁਰਤਿ ਸਬਦ ਤਤ ਬੇਤੇ = ਗੁਰੂ ਦੇ ਸ਼ਬਦ ਦੀ ਲਗਨ ਦੇ ਭੇਤ ਨੂੰ ਜਾਣਨ ਵਾਲੇ। ਅਖੰਡਲੀ = ਇੱਕ-ਸਾਰ, ਸਦਾ। ਓਤਿ = (Awyq = ਉਣਿਆ ਹੋਇਆ) ਉਣੇ ਹੋਏ ਵਿਚ। ਪੋਤ = (pRwyq = ਪ੍ਰੋਤਾ ਹੋਇਆ) ਪ੍ਰੋਤੇ ਹੋਏ ਵਿਚ। ਓਤਿ ਪੋਤਿ = ਉਣੇ ਹੋਏ ਪ੍ਰੋਤੇ ਵਿਚ, ਤਾਣੇ ਪੇਟੇ ਵਾਂਗ। ਮਿਲਿ = ਮਿਲ ਕੇ। ਨ ਡੰਡਲੀ = ਡੰਨ ਨਹੀਂ ਦੇਂਦਾ।2।

ਅਰਥ: ਹੇ ਭਾਈ! (ਪਰਮਾਤਮਾ ਦੇ) ਗੁਣ (ਗਾਵਣੇ, ਜੋਗੀਆਂ ਦੇ) ਨਾਦ (ਵਜਾਣੇ ਹਨ) , (ਪ੍ਰਭੂ ਦੇ ਗੁਣ ਗਾਵਣ ਤੋਂ ਪੈਦਾ ਹੋਈ) ਆਨੰਦ ਦੀ ਰੌ (ਹੀ) ਵੇਦ ਹਨ। ਹੇ ਭਾਈ! ਉਹ ਸੇਵਕ ਜਿਨ੍ਹਾਂ ਨੇ ਆਪਣੇ ਮਨ ਨੂੰ ਵਿਕਾਰਾਂ ਵਲੋਂ ਚੁੱਪ ਕਰਾ ਲਿਆ ਹੁੰਦਾ ਹੈ ਸਾਧ ਸੰਗਤਿ ਵਿਚ ਮਿਲ ਕੇ ਇਹੀ ਗੁਣ ਗਾਂਦੇ ਹਨ ਅਤੇ ਸੁਣਦੇ ਹਨ।1। ਰਹਾਉ।

ਹੇ ਭਾਈ! (ਸਾਧ ਸੰਗਤਿ ਵਿਚ ਜਿੱਥੇ) ਆਤਮਕ ਜੀਵਨ ਦੀ ਸੂਝ ਪ੍ਰਾਪਤ ਹੁੰਦੀ ਹੈ, ਜਿੱਥੇ ਪ੍ਰਭੂ-ਚਰਨਾਂ ਵਿਚ ਸੁਰਤਿ ਜੁੜਦੀ ਹੈ, ਜਿਥੇ ਹਰਿ-ਨਾਮ ਨਾਲ ਪਿਆਰ ਬਣਦਾ ਹੈ, ਜਿੱਥੇ ਹਰਿ-ਨਾਮ ਹੋਰਨਾਂ ਨੂੰ ਵੰਡਿਆ ਜਾਂਦਾ ਹੈ, ਉੱਥੇ ਰਸੀਏ ਮਨ (ਆਪਣੀ) ਜੀਭ ਨਾਲ ਨਾਮ ਜਪਦੇ ਹਨ, ਉੱਥੇ ਸਾਰੇ ਪਾਪ ਨਾਸ ਹੋ ਜਾਂਦੇ ਹਨ।1।

ਹੇ ਨਾਨਕ! ਪ੍ਰਭੂ ਨਾਲ ਮਿਲਾਪ ਦੀ ਜੁਗਤਿ ਦੇ ਭੇਤ ਨੂੰ ਜਾਣਨ ਵਾਲੇ, ਆਤਮਕ ਜੀਵਨ ਦੀ ਸੂਝ-ਰੂਪ ਆਤਮਕ ਖ਼ੁਰਾਕ ਦੇ ਭੇਤ ਨੂੰ ਜਾਣਨ ਵਾਲੇ, ਗੁਰੂ ਦੇ ਸ਼ਬਦ ਦੀ ਲਗਨ ਦੇ ਭੇਤ ਨੂੰ ਜਾਣਨ ਵਾਲੇ ਮਨੁੱਖ (ਸਾਧ ਸੰਗਤਿ ਵਿਚ ਟਿਕ ਕੇ ਇਹੀ ਨਾਮ-ਸਿਮਰਨ ਦਾ) ਜਪ ਅਤੇ ਤਪ ਸਦਾ ਕਰਦੇ ਹਨ, ਉਹ ਮਨੁੱਖ ਰੱਬੀ ਜੋਤਿ ਨਾਲ ਮਿਲ ਕੇ ਤਾਣੇ ਪੇਟੇ ਵਾਂਗ (ਉਸ ਨਾਲ) ਇੱਕ-ਰੂਪ ਹੋ ਜਾਂਦੇ ਹਨ, (ਉਹਨਾਂ ਨੂੰ) ਕੋਈ ਭੀ ਦੁੱਖ ਦੁਖੀ ਨਹੀਂ ਕਰ ਸਕਦਾ।2। 2।5।

ਕਲਿਆਨੁ ਮਹਲਾ ੫ ॥ ਕਉਨੁ ਬਿਧਿ ਤਾ ਕੀ ਕਹਾ ਕਰਉ ॥ ਧਰਤ ਧਿਆਨੁ ਗਿਆਨੁ ਸਸਤ੍ਰਗਿਆ ਅਜਰ ਪਦੁ ਕੈਸੇ ਜਰਉ ॥੧॥ ਰਹਾਉ ॥ ਬਿਸਨ ਮਹੇਸ ਸਿਧ ਮੁਨਿ ਇੰਦ੍ਰਾ ਕੈ ਦਰਿ ਸਰਨਿ ਪਰਉ ॥੧॥ ਕਾਹੂ ਪਹਿ ਰਾਜੁ ਕਾਹੂ ਪਹਿ ਸੁਰਗਾ ਕੋਟਿ ਮਧੇ ਮੁਕਤਿ ਕਹਉ ॥ ਕਹੁ ਨਾਨਕ ਨਾਮ ਰਸੁ ਪਾਈਐ ਸਾਧੂ ਚਰਨ ਗਹਉ ॥੨॥੩॥੬॥ {ਪੰਨਾ 1322}

ਪਦ ਅਰਥ: ਕਉਨ ਬਿਧਿ = ਕਿਹੜੀ ਵਿਧੀ ਹੈ? ਕਿਹੜਾ ਤਰੀਕਾ ਹੈ? ਤਾ ਕੀ = ਉਸ (ਪ੍ਰਭੂ ਦੇ ਮਿਲਾਪ) ਦੀ। ਕਹਾ ਕਰਉ = ਕਹਾਂ ਕਰਉਂ, ਮੈਂ ਕੀਹ ਕਹਾਂ? ਧਰਤ = ਧਰਦੇ ਹਨ। ਧਿਆਨੁ = ਸਮਾਧੀ। ਧਰਤ ਧਿਆਨੁ = ਕਈ ਸਮਾਧੀ ਲਾਂਦੇ ਰਹਿੰਦੇ ਹਨ। ਸਸਤ੍ਰਗਿਆ = ਸ਼ਾਸਤ੍ਰ ਗਿਆ, ਸ਼ਾਸਤ੍ਰਾਂ ਦੇ ਜਾਣਨ ਵਾਲੇ। ਗਿਆਨੁ = ਸ਼ਾਸਤ੍ਰਾਂ ਦੀ ਚਰਚਾ। ਅਜਰ = ਨਾਹ ਸਹਾਰਿਆ ਜਾ ਸਕਣ ਵਾਲਾ। ਪਦੁ = ਦਰਜਾ। ਅਜਰ ਪਦੁ = ਉਹ ਆਤਮਕ ਅਵਸਥਾ ਜਿਹੜੀ ਹੁਣ ਸਹਾਰੀ ਨਹੀਂ ਜਾ ਸਕਦੀ। ਜਰਉ = ਜਰਉਂ, ਮੈਂ ਸਹਾਰਾਂ।1। ਰਹਾਉ।

ਮਹੇਸ = ਮਹੇਸ਼, ਸ਼ਿਵ। ਸਿਧ = ਸਿੱਧ, ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ। ਕੈ ਦਰਿ = ਕਿਸ ਦੇ ਦਰ ਤੇ? ਪਰਉ = ਪਰਉਂ, ਮੈਂ ਪਵਾਂ।1।

ਕਾਹੂ ਪਹਿ = ਕਿਸੇ ਪਾਸ। ਕੋਟਿ ਮਧੇ = ਕ੍ਰੋੜਾਂ ਵਿਚੋਂ (ਕੋਈ ਵਿਰਲਾ) । ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਕਹਉ = ਕਹਉਂ, ਮੈਂ ਆਖ ਸਕਦਾ ਹਾਂ। ਨਾਨਕ = ਹੇ ਨਾਨਕ! ਪਾਈਐ = ਹਾਸਲ ਕਰ ਸਕੀਦਾ ਹੈ। ਸਾਧ = ਗੁਰੂ। ਗਹਉ = ਗਹਉਂ, ਮੈਂ ਫੜਦਾ ਹਾਂ।2।

ਅਰਥ: ਹੇ ਭਾਈ! (ਵਿਕਾਰਾਂ ਤੋਂ ਖ਼ਲਾਸੀ ਪਰਮਾਤਮਾ ਦੇ ਨਾਮ-ਰਸ ਦੀ ਬਰਕਤਿ ਨਾਲ ਹੀ ਹੋ ਸਕਦੀ ਹੈ। ਸੋ,) ਉਸ (ਪਰਮਾਤਮਾ ਦੇ ਮਿਲਾਪ) ਦਾ ਮੈਂ ਕਿਹੜਾ ਤਰੀਕਾ ਵਰਤਾਂ, ਮੈਂ ਕਿਹੜਾ ਉੱਦਮ ਕਰਾਂ? (ਅਨੇਕਾਂ ਐਸੇ ਹਨ ਜੋ) ਸਮਾਧੀਆਂ ਲਾਂਦੇ ਹਨ, (ਅਨੇਕਾਂ ਐਸੇ ਹਨ ਜੋ) ਸ਼ਾਸਤ੍ਰ-ਵੇੱਤਾ ਸ਼ਾਸਤ੍ਰਾਰਥ ਕਰਦੇ ਰਹਿੰਦੇ ਹਨ (ਪਰ ਇਹਨਾਂ ਤਰੀਕਿਆਂ ਨਾਲ ਵਿਕਾਰਾਂ ਤੋਂ ਮੁਕਤੀ ਨਹੀਂ ਮਿਲਦੀ। ਵਿਕਾਰਾਂ ਦਾ ਦਬਾਉ ਪਿਆ ਹੀ ਰਹਿੰਦਾ ਹੈ, ਤੇ, ਇਹ) ਇਕ ਅਜਿਹੀ (ਨਿਘਰੀ ਹੋਈ) ਆਤਮਕ ਅਵਸਥਾ ਹੈ ਜੋ (ਹੁਣ) ਸਹਾਰੀ ਨਹੀਂ ਜਾ ਸਕਦੀ। ਮੈਂ ਇਸ ਨੂੰ ਸਹਾਰ ਨਹੀਂ ਸਕਦਾ (ਮੈਂ ਇਸ ਨੂੰ ਆਪਣੇ ਅੰਦਰ ਕਾਇਮ ਨਹੀਂ ਰਹਿਣ ਦੇ ਸਕਦਾ) ।1। ਰਹਾਉ।

ਹੇ ਭਾਈ! ਵਿਸ਼ਨੂੰ, ਸ਼ਿਵ, ਸਿੱਧ, ਮੁਨੀ, ਇੰਦਰ ਦੇਵਤਾ (ਅਨੇਕਾਂ ਸੁਣੀਦੇ ਹਨ ਵਰ ਦੇਣ ਵਾਲੇ। ਪਰ ਵਿਕਾਰਾਂ ਤੋਂ ਮੁਕਤੀ ਹਾਸਲ ਕਰਨ ਲਈ ਇਹਨਾਂ ਵਿਚੋਂ) ਮੈਂ ਕਿਸ ਦੇ ਦਰ ਤੇ ਜਾਵਾਂ? ਮੈਂ ਕਿਸ ਦੀ ਸਰਨ ਪਵਾਂ?।1।

ਹੇ ਭਾਈ! ਕਿਸੇ ਪਾਸ ਰਾਜ (ਦੇਣ ਦੀ ਤਾਕਤ ਸੁਣੀਦੀ) ਹੈ, ਕਿਸੇ ਪਾਸ ਸੁਰਗ (ਦੇਣ ਦੀ ਸਮਰਥਾ ਸੁਣੀ ਜਾ ਰਹੀ) ਹੈ। ਪਰ ਕ੍ਰੋੜਾਂ ਵਿਚੋਂ ਕੋਈ ਵਿਰਲਾ ਹੀ (ਐਸਾ ਹੋ ਸਕਦਾ ਹੈ, ਜਿਸ ਪਾਸ ਜਾ ਕੇ) ਮੈਂ (ਇਹ) ਆਖਾਂ (ਕਿ) ਵਿਕਾਰਾਂ ਤੋਂ ਖ਼ਲਾਸੀ (ਮਿਲ ਜਾਏ) । ਹੇ ਨਾਨਕ! ਆਖ– (ਮੁਕਤੀ ਹਰਿ-ਨਾਮ ਤੋਂ ਹੀ ਮਿਲਦੀ ਹੈ, ਤੇ) ਨਾਮ ਦਾ ਸੁਆਦ (ਤਦੋਂ ਹੀ) ਮਿਲ ਸਕਦਾ ਹੈ (ਜਦੋਂ) ਮੈਂ ਗੁਰੂ ਦੇ ਚਰਨ (ਜਾ) ਫੜਾਂ।2।3।6।

ਕਲਿਆਨ ਮਹਲਾ ੫ ॥ ਪ੍ਰਾਨਪਤਿ ਦਇਆਲ ਪੁਰਖ ਪ੍ਰਭ ਸਖੇ ॥ ਗਰਭ ਜੋਨਿ ਕਲਿ ਕਾਲ ਜਾਲ ਦੁਖ ਬਿਨਾਸਨੁ ਹਰਿ ਰਖੇ ॥੧॥ ਰਹਾਉ ॥ ਨਾਮ ਧਾਰੀ ਸਰਨਿ ਤੇਰੀ ॥ ਪ੍ਰਭ ਦਇਆਲ ਟੇਕ ਮੇਰੀ ॥੧॥ ਅਨਾਥ ਦੀਨ ਆਸਵੰਤ ॥ ਨਾਮੁ ਸੁਆਮੀ ਮਨਹਿ ਮੰਤ ॥੨॥ ਤੁਝ ਬਿਨਾ ਪ੍ਰਭ ਕਿਛੂ ਨ ਜਾਨੂ ॥ ਸਰਬ ਜੁਗ ਮਹਿ ਤੁਮ ਪਛਾਨੂ ॥੩॥ ਹਰਿ ਮਨਿ ਬਸੇ ਨਿਸਿ ਬਾਸਰੋ ॥ ਗੋਬਿੰਦ ਨਾਨਕ ਆਸਰੋ ॥੪॥੪॥੭॥ {ਪੰਨਾ 1322}

ਪਦ ਅਰਥ: ਪ੍ਰਾਨਪਤਿ = ਹੇ ਜਿੰਦ ਦੇ ਮਾਲਕ! ਦਇਆਲ ਪੁਰਖ = ਹੇ ਦਇਆ ਦੇ ਘਰ ਅਕਾਲ ਪੁਰਖ! ਸਖੇ = ਹੇ ਮਿੱਤਰ! ਕਾਲ = ਮੌਤ, ਆਤਮਕ ਮੌਤ। ਕਾਲ ਜਾਲ = ਆਤਮਕ ਮੌਤ ਲਿਆਉਣ ਵਾਲੀਆਂ ਫਾਹੀਆਂ। ਰਖੇ = ਰਾਖਾ।1। ਰਹਾਉ।

ਧਾਰੀ = ਧਾਰਨ ਵਾਲਾ। ਨਾਮ ਧਾਰੀ = ਤੇਰੇ ਨਾਮ ਦਾ ਧਾਰਨੀ, ਤੇਰੇ ਨਾਮ ਨੂੰ ਮਨ ਵਿਚ ਵਸਾਈ ਰੱਖਣ ਵਾਲਾ। ਪ੍ਰਭ = ਹੇ ਪ੍ਰਭੂ! ਟੇਕ = ਸਹਾਰਾ।1।

ਅਨਾਥ = ਨਿਮਾਣੇ। ਦੀਨ = ਗ਼ਰੀਬ। ਆਸਵੰਤ = (ਤੇਰੇ ਸਹਾਰੇ ਦੀ) ਆਸ ਰੱਖਣ ਵਾਲੇ। ਸੁਆਮੀ = ਹੇ ਸੁਆਮੀ! ਮਨਹਿ = ਮਨ ਵਿਚ। ਮੰਤ = ਮੰਤ੍ਰ, ਉਪਦੇਸ਼।2।

ਪ੍ਰਭ = ਹੇ ਪ੍ਰਭੂ! ਜਾਨੂ = ਮੈਂ ਨਹੀਂ ਜਾਣਦਾ। ਪਛਾਨੂ = ਮਿੱਤਰ।3।

ਮਨਿ = ਮਨ ਵਿਚ। ਨਿਸਿ = ਰਾਤ। ਬਾਸਰੋ = ਦਿਨ।4।

ਅਰਥ: ਹੇ (ਜੀਵਾਂ ਦੀ) ਜਿੰਦ ਦੇ ਮਾਲਕ! ਹੇ ਦਇਆ ਦੇ ਘਰ ਪੁਰਖ ਪ੍ਰਭੂ! ਹੇ ਮਿੱਤਰ! ਹੇ ਹਰੀ! ਤੂੰ ਹੀ ਗਰਭ-ਜੋਨਿ ਦਾ ਨਾਸ ਕਰਨ ਵਾਲਾ ਹੈਂ (ਜੂਨਾਂ ਦੇ ਗੇੜ ਵਿਚੋਂ ਕੱਢਣ ਵਾਲਾ ਹੈਂ) , ਤੂੰ ਹੀ ਝਗੜੇ ਕਲੇਸ਼ਾਂ ਦਾ ਨਾਸ ਕਰਨ ਵਾਲਾ ਹੈਂ, ਤੂੰ ਹੀ ਆਤਮਕ ਮੌਤ ਲਿਆਉਣ ਵਾਲੀਆਂ ਮੋਹ ਦੀਆਂ ਫਾਹੀਆਂ ਕੱਟਣ ਵਾਲਾ ਹੈਂ, ਤੂੰ ਹੀ ਦੁੱਖਾਂ ਦਾ ਨਾਸ ਕਰਨ ਵਾਲਾ ਹੈਂ, ਤੂੰ ਹੀ ਰਾਖਾ ਹੈਂ।1। ਰਹਾਉ।

ਹੇ ਦਇਆਲ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ, (ਮਿਹਰ ਕਰ, ਮੈਂ ਤੇਰਾ) ਨਾਮ (ਆਪਣੇ ਅੰਦਰ) ਵਸਾਈ ਰੱਖਾਂ, ਮੈਨੂੰ ਇਕ ਤੇਰਾ ਹੀ ਸਹਾਰਾ ਹੈ।1।

ਹੇ ਸੁਆਮੀ! ਨਿਮਾਣੇ ਤੇ ਗਰੀਬ (ਇਕ ਤੇਰੀ ਹੀ ਸਹਾਇਤਾ ਦੀ) ਆਸ ਰੱਖਦੇ ਹਨ। (ਮਿਹਰ ਕਰ, ਤੇਰਾ) ਨਾਮ-ਮੰਤ੍ਰ (ਮੇਰੇ) ਮਨ ਵਿਚ (ਟਿਕਿਆ ਰਹੇ) ।2।

ਹੇ ਪ੍ਰਭੂ! ਤੇਰੀ ਸਰਨ ਪਏ ਰਹਿਣ ਤੋਂ ਬਿਨਾ ਮੈਂ ਹੋਰ ਕੁਝ ਭੀ ਨਹੀਂ ਜਾਣਦਾ। ਸਾਰੇ ਜੁਗਾਂ ਵਿਚ ਤੂੰ ਹੀ (ਅਸਾਂ ਜੀਵਾਂ ਦਾ) ਮਿੱਤਰ ਹੈਂ।3।

ਹੇ ਹਰੀ! ਦਿਨ ਰਾਤ (ਮੇਰੇ) ਮਨ ਵਿਚ ਟਿਕਿਆ ਰਹੁ। ਹੇ ਗੋਬਿੰਦ! ਤੂੰ ਹੀ ਨਾਨਕ ਦਾ ਆਸਰਾ ਹੈਂ।4। 4।7।

ਕਲਿਆਨ ਮਹਲਾ ੫ ॥ ਮਨਿ ਤਨਿ ਜਾਪੀਐ ਭਗਵਾਨ ॥ ਗੁਰ ਪੂਰੇ ਸੁਪ੍ਰਸੰਨ ਭਏ ਸਦਾ ਸੂਖ ਕਲਿਆਨ ॥੧॥ ਰਹਾਉ ॥ ਸਰਬ ਕਾਰਜ ਸਿਧਿ ਭਏ ਗਾਇ ਗੁਨ ਗੁਪਾਲ ॥ ਮਿਲਿ ਸਾਧਸੰਗਤਿ ਪ੍ਰਭੂ ਸਿਮਰੇ ਨਾਠਿਆ ਦੁਖ ਕਾਲ ॥੧॥ ਕਰਿ ਕਿਰਪਾ ਪ੍ਰਭ ਮੇਰਿਆ ਕਰਉ ਦਿਨੁ ਰੈਨਿ ਸੇਵ ॥ ਨਾਨਕ ਦਾਸ ਸਰਣਾਗਤੀ ਹਰਿ ਪੁਰਖ ਪੂਰਨ ਦੇਵ ॥੨॥੫॥੮॥ {ਪੰਨਾ 1322}

ਪਦ ਅਰਥ: ਮਨਿ = ਮਨ ਵਿਚ। ਤਨਿ = ਤਨ ਵਿਚ, ਹਿਰਦੇ ਵਿਚ। ਜਾਪੀਐ = ਜਪਣਾ ਚਾਹੀਦਾ ਹੈ। ਸੁਪ੍ਰਸੰਨ = ਬਹੁਤ ਦਿਆਲ। ਕਲਿਆਨ = ਸੁਖ, ਆਨੰਦ।1। ਰਹਾਉ।

ਸਿਧਿ = ਸਫਲਤਾ। ਗਾਇ = ਗਾ ਕੇ। ਮਿਲਿ = ਮਿਲ ਕੇ। ਨਾਠਿਆ = ਨੱਸ ਗਏ। ਦੁਖ ਕਾਲ = ਮੌਤ ਦੇ ਦੁੱਖ, ਆਤਮਕ ਮੌਤ ਦੇ ਦੁੱਖ।1।

ਪ੍ਰਭ = ਹੇ ਪ੍ਰਭੂ! ਕਰਉ = ਕਰਉਂ, ਮੈਂ ਕਰਦਾ ਰਹਾਂ। ਰੈਨਿ = ਰਾਤ। ਸੇਵ = ਸੇਵਾ-ਭਗਤੀ। ਸਰਣਾਗਤੀ = ਸਰਨ ਆਇਆ ਹੈ। ਹਰਿ = ਹੇ ਹਰੀ! ਪੂਰਨ ਦੇਵ = ਹੇ ਸਰਬਗੁਣ-ਭਰਪੂਰ ਦੇਵ!।2।

ਅਰਥ: ਹੇ ਭਾਈ! ਮਨ ਵਿਚ ਹਿਰਦੇ ਵਿਚ (ਸਦਾ) ਭਗਵਾਨ (ਦਾ ਨਾਮ) ਜਪਦੇ ਰਹਿਣਾ ਚਾਹੀਦਾ ਹੈ। ਹੇ ਭਾਈ! (ਜਿਸ ਮਨੁੱਖ ਉੱਤੇ) ਪੂਰੇ ਸਤਿਗੁਰੂ ਜੀ ਦਇਆਲ ਹੁੰਦੇ ਹਨ (ਉਹ ਮਨੁੱਖ ਭਗਵਾਨ ਦਾ ਨਾਮ ਜਪਦਾ ਹੈ, ਜਿਸ ਦੀ ਬਰਕਤਿ ਨਾਲ ਉਸ ਦੇ ਅੰਦਰ) ਸਦਾ ਸੁਖ ਆਨੰਦ (ਬਣਿਆ ਰਹਿੰਦਾ ਹੈ) ।1। ਰਹਾਉ।

ਹੇ ਭਾਈ! ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ ਦੇ ਗੁਣ ਗਾ ਕੇ (ਮਨੁੱਖ ਨੂੰ ਆਪਣੇ) ਸਾਰੇ ਕੰਮਾਂ ਦੀ ਸਫਲਤਾ ਪ੍ਰਾਪਤ ਹੋ ਜਾਂਦੀ ਹੈ। ਜਿਸ ਮਨੁੱਖ ਨੇ ਸਾਧ ਸੰਗਤਿ ਵਿਚ ਮਿਲ ਕੇ ਪ੍ਰਭੂ ਜੀ ਦਾ ਨਾਮ ਸਿਮਰਿਆ ਉਸ ਦੇ ਆਤਮਕ ਮੌਤ ਤੋਂ ਪੈਦਾ ਹੋਣ ਵਾਲੇ ਸਾਰੇ ਦੁੱਖ ਨਾਸ ਹੋ ਜਾਂਦੇ ਹਨ।1।

ਹੇ ਦਾਸ ਨਾਨਕ! (ਆਖ-) ਹੇ ਮੇਰੇ ਪ੍ਰਭੂ! ਹੇ ਹਰੀ! ਹੇ ਪੁਰਖ! ਹੇ ਸਰਬ-ਗੁਣ ਭਰਪੂਰ ਦੇਵ! ਮੈਂ ਤੇਰੀ ਸਰਨ ਆਇਆ ਹਾਂ; ਮਿਹਰ ਕਰ, ਦਿਨ ਰਾਤ ਮੈਂ ਤੇਰੀ ਭਗਤੀ ਕਰਦਾ ਰਹਾਂ।2।5।8।

TOP OF PAGE

Sri Guru Granth Darpan, by Professor Sahib Singh