ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1330

ਪ੍ਰਭਾਤੀ ਮਹਲਾ ੧ ॥ ਮਨੁ ਮਾਇਆ ਮਨੁ ਧਾਇਆ ਮਨੁ ਪੰਖੀ ਆਕਾਸਿ ॥ ਤਸਕਰ ਸਬਦਿ ਨਿਵਾਰਿਆ ਨਗਰੁ ਵੁਠਾ ਸਾਬਾਸਿ ॥ ਜਾ ਤੂ ਰਾਖਹਿ ਰਾਖਿ ਲੈਹਿ ਸਾਬਤੁ ਹੋਵੈ ਰਾਸਿ ॥੧॥ ਐਸਾ ਨਾਮੁ ਰਤਨੁ ਨਿਧਿ ਮੇਰੈ ॥ ਗੁਰਮਤਿ ਦੇਹਿ ਲਗਉ ਪਗਿ ਤੇਰੈ ॥੧॥ ਰਹਾਉ ॥ ਮਨੁ ਜੋਗੀ ਮਨੁ ਭੋਗੀਆ ਮਨੁ ਮੂਰਖੁ ਗਾਵਾਰੁ ॥ ਮਨੁ ਦਾਤਾ ਮਨੁ ਮੰਗਤਾ ਮਨ ਸਿਰਿ ਗੁਰੁ ਕਰਤਾਰੁ ॥ ਪੰਚ ਮਾਰਿ ਸੁਖੁ ਪਾਇਆ ਐਸਾ ਬ੍ਰਹਮੁ ਵੀਚਾਰੁ ॥੨॥ ਘਟਿ ਘਟਿ ਏਕੁ ਵਖਾਣੀਐ ਕਹਉ ਨ ਦੇਖਿਆ ਜਾਇ ॥ ਖੋਟੋ ਪੂਠੋ ਰਾਲੀਐ ਬਿਨੁ ਨਾਵੈ ਪਤਿ ਜਾਇ ॥ ਜਾ ਤੂ ਮੇਲਹਿ ਤਾ ਮਿਲਿ ਰਹਾਂ ਜਾਂ ਤੇਰੀ ਹੋਇ ਰਜਾਇ ॥੩॥ ਜਾਤਿ ਜਨਮੁ ਨਹ ਪੂਛੀਐ ਸਚ ਘਰੁ ਲੇਹੁ ਬਤਾਇ ॥ ਸਾ ਜਾਤਿ ਸਾ ਪਤਿ ਹੈ ਜੇਹੇ ਕਰਮ ਕਮਾਇ ॥ ਜਨਮ ਮਰਨ ਦੁਖੁ ਕਾਟੀਐ ਨਾਨਕ ਛੂਟਸਿ ਨਾਇ ॥੪॥੧੦॥ {ਪੰਨਾ 1330}

ਪਦ ਅਰਥ: ਧਾਇਆ = ਦੌੜਦਾ ਹੈ। ਪੰਖੀ = ਪੰਛੀ। ਆਕਾਸਿ = ਆਕਾਸ਼ ਵਿਚ। ਤਸਕਰ = (ਕਾਮਾਦਿਕ) ਚੋਰ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਨਿਵਾਰਿਆ = ਦੂਰ ਕੀਤੇ, ਅੰਦਰੋਂ ਕੱਢੇ। ਨਗਰੁ = ਸਰੀਰ-ਨਗਰ। ਵੁਠਾ = ਵੱਸ ਪਿਆ, (ਸਰੀਰ-ਨਗਰ ਦਾ ਵਾਸੀ ਮਨ ਬਾਹਰ ਦੀ ਦੌੜ-ਭੱਜ ਛੱਡ ਕੇ ਸਰੀਰ ਦੇ ਅੰਦਰ ਟਿਕ ਗਿਆ) । ਰਾਸਿ = ਭਲੇ ਗੁਣਾਂ ਦੀ ਪੂੰਜੀ।1।

ਨਿਧਿ = ਖ਼ਜ਼ਾਨਾ। ਮੇਰੈ = ਮੇਰੇ ਪਾਸ, ਮੇਰੇ ਅੰਦਰ, ਮੇਰੇ ਹਿਰਦੇ ਵਿਚ। ਦੇਹਿ = (ਹੇ ਪ੍ਰਭੂ! ਤੂੰ) ਦੇਹ। ਲਗਉ = ਮੈਂ ਲਗਦਾ ਹਾਂ। ਪਗਿ = ਪੈਰ ਵਿਚ। ਤੇਰੈ ਪਗਿ = ਤੇਰੇ ਪੈਰ ਵਿਚ। ਲਗਉ ਪਗਿ ਤੇਰੈ = ਮੈਂ ਤੇਰੀ ਸਰਨ ਆਇਆ ਹਾਂ।1। ਰਹਾਉ।

ਜੋਗੀ = ਵਿਰਕਤ, ਦੁਨੀਆ ਵਲੋਂ ਉਦਾਸ। ਭੋਗੀਆ = ਦੁਨੀਆ ਦੇ ਭੋਗਾਂ ਵਿਚ ਪਰਵਿਰਤ। ਮਨ ਸਿਰਿ = ਮਨ ਦੇ ਸਿਰ ਉਤੇ। ਪੰਚ ਮਾਰਿ = ਕਾਮਾਦਿਕ ਪੰਜਾਂ ਨੂੰ ਮਾਰ ਕੇ। ਬ੍ਰਹਮੁ = ਰੱਬੀ ਸਿਫ਼ਤਿ-ਸਾਲਾਹ।2।

ਘਟਿ ਘਟਿ = ਹਰੇਕ ਸਰੀਰ ਵਿਚ। ਕਹਉ = ਮੈਂ (ਭੀ) ਆਖਦਾ ਹਾਂ। ਖੋਟੋ = ਖੋਟਾ ਜੀਵ, ਜਿਸ ਦੇ ਅੰਦਰ ਖੋਟ ਹੈ। ਰਾਲੀਐ = ਰੁਲਾਈਦਾ ਹੈ। ਪੂਠੋ ਰਾਲੀਐ = (ਗਰਭ ਜੋਨਿ ਵਿਚ) ਪੁੱਠਾ ਰੁਲਾਈਦਾ ਹੈ। ਪਤਿ = ਇੱਜ਼ਤ। ਰਜਾਇ = ਹੁਕਮ, ਮਰਜ਼ੀ।3।

ਸਚ ਘਰੁ = ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦਾ ਟਿਕਾਣਾ। ਲੇਹੁ ਬਤਾਇ = ਪੁੱਛ ਲਵੋ। ਜਾਤਿ ਪਤਿ = ਜਾਤ ਪਾਤ। ਨਾਇ = ਨਾਮ ਵਿਚ ਜੁੜ ਕੇ।4।

ਅਰਥ: ਹੇ ਪ੍ਰਭੂ! ਤੇਰਾ ਨਾਮ ਸ੍ਰੇਸ਼ਟ ਰਤਨ ਹੈ। ਗੁਰੂ ਦੀ ਮਤਿ ਦੀ ਰਾਹੀਂ ਇਹ ਨਾਮ ਮੈਨੂੰ ਦੇਹ, ਮੈਂ ਤੇਰੀ ਸਰਨ ਆਇਆ ਹਾਂ। (ਮੇਹਰ ਕਰ ਤੇਰਾ ਇਹ ਨਾਮ) ਮੇਰੇ ਪਾਸ ਖ਼ਜ਼ਾਨਾ ਬਣ ਜਾਏ।1। ਰਹਾਉ।

(ਹੇ ਪ੍ਰਭੂ! ਤੇਰੇ ਨਾਮ-ਖ਼ਜ਼ਾਨੇ ਤੋਂ ਸੱਖਣਾ) ਮਨ (ਕਾਮਾਦਿਕ ਚੋਰਾਂ ਦੇ ਢਹੇ ਚੜ੍ਹ ਕੇ, ਸਦਾ) ਮਾਇਆ ਹੀ ਮਾਇਆ (ਲੋੜਦਾ ਹੈ) , (ਮਾਇਆ ਦੇ ਪਿੱਛੇ ਹੀ) ਦੌੜਦਾ ਹੈ, ਮਨ (ਮਾਇਆ ਦੀ ਖ਼ਾਤਰ ਹੀ ਉਡਾਰੀਆਂ ਲਾਂਦਾ ਰਹਿੰਦਾ ਹੈ ਜਿਵੇਂ) ਪੰਛੀ ਆਕਾਸ਼ ਵਿਚ (ਉਡਾਰੀਆਂ ਲਾਂਦਾ ਹੈ, ਤੇ ਸਰੀਰ-ਨਗਰ ਸੁੰਞਾ ਪਿਆ ਰਹਿੰਦਾ ਹੈ, ਕਾਮਾਦਿਕ ਚੋਰ ਸ਼ੁਭ ਗੁਣਾਂ ਦੀ ਰਾਸਿ-ਪੂੰਜੀ ਲੁੱਟਦੇ ਰਹਿੰਦੇ ਹਨ) । ਜਦੋਂ ਗੁਰੂ ਦੇ ਸ਼ਬਦ ਦੀ ਰਾਹੀਂ ਇਹ ਚੋਰ (ਸਰੀਰ-ਨਗਰ ਵਿਚੋਂ) ਕੱਢ ਦੇਈਦੇ ਹਨ, ਤਾਂ (ਸਰੀਰ-) ਨਗਰ ਵੱਸ ਪੈਂਦਾ ਹੈ (ਭਾਵ, ਮਨ ਬਾਹਰ ਮਾਇਆ ਦੇ ਪਿੱਛੇ ਭਟਕਣੋਂ ਹਟ ਕੇ ਅੰਦਰ ਟਿਕ ਜਾਂਦਾ ਹੈ, ਤੇ ਇਸ ਨੂੰ) ਸੋਭਾ-ਵਡਿਆਈ ਮਿਲਦੀ ਹੈ। (ਪਰ, ਹੇ ਪ੍ਰਭੂ!) ਜਦੋਂ ਤੂੰ ਆਪ (ਇਸ ਮਨ ਦੀ) ਰਾਖੀ ਕਰਦਾ ਹੈਂ, (ਜਦੋਂ ਤੂੰ ਆਪ ਇਸ ਨੂੰ ਕਾਮਾਦਿਕ ਚੋਰਾਂ ਤੋਂ) ਬਚਾਂਦਾ ਹੈਂ, ਤਦੋਂ (ਮਨੁੱਖਾ ਸਰੀਰ ਦੀ ਸ਼ੁਭ ਗੁਣਾਂ ਦੀ) ਰਾਸਿ-ਮੂੜੀ, ਸਹੀ ਸਲਾਮਤ ਬਚੀ ਰਹਿੰਦੀ ਹੈ।1।

(ਜਿਤਨਾ ਚਿਰ ਮਨ ਦੇ ਸਿਰ ਉਤੇ ਗੁਰੂ ਦਾ ਕਰਤਾਰ ਦਾ ਕੁੰਡਾ ਨਾਹ ਹੋਵੇ ਤਦ ਤਕ) ਮਨ ਮੂਰਖ ਹੈ ਮਨ ਗੰਵਾਰ ਹੈ (ਆਪਣੇ ਮੂਰਖਪੁਣੇ ਵਿਚ ਕਦੇ ਇਹ) ਮਨ (ਮਾਇਆ ਤੋਂ ਨਫ਼ਰਤ ਕਰ ਕੇ) ਵਿਰਕਤ ਬਣ ਜਾਂਦਾ ਹੈ, ਕਦੇ ਮਨ ਦੁਨੀਆ ਦੇ ਭੋਗਾਂ ਵਿਚ ਰੁੱਝ ਜਾਂਦਾ ਹੈ (ਕਦੇ ਮਾਇਆ ਦੀ ਖ਼ੁਮਾਰੀ ਵਿਚ ਆਪਣੇ ਆਪ ਨੂੰ) ਦਾਨੀ ਸਮਝਦਾ ਹੈ (ਕਦੇ ਧਨ ਗਵਾਚਣ ਤੇ) ਕੰਗਾਲ ਬਣ ਜਾਂਦਾ ਹੈ।

ਜਦੋਂ ਮਨ ਦੇ ਸਿਰ ਉਤੇ ਗੁਰੂ ਰਾਖਾ ਬਣਦਾ ਹੈ, ਕਰਤਾਰ ਹੱਥ ਰੱਖਦਾ ਹੈ, ਤਦੋਂ ਇਹ ਸ੍ਰੇਸ਼ਟ ਰੱਬੀ ਸਿਫ਼ਤਿ-ਸਾਲਾਹ (ਦਾ ਖ਼ਜ਼ਾਨਾ ਲੱਭ ਪੈਂਦਾ ਹੈ, ਤੇ ਉਸਦੀ ਬਰਕਤਿ ਨਾਲ) ਕਾਮਾਦਿਕ ਪੰਜ ਚੋਰਾਂ ਨੂੰ ਮਾਰ ਕੇ ਆਤਮਕ ਆਨੰਦ ਮਾਣਦਾ ਹੈ।2।

ਹੇ ਪ੍ਰਭੂ! ਇਹ ਕਿਹਾ ਤਾਂ ਜਾਂਦਾ ਹੈ (ਭਾਵ, ਹਰੇਕ ਜੀਵ ਇਹ ਆਖਦਾ ਤਾਂ ਹੈ) ਕਿ ਤੂੰ ਹੀ ਹਰੇਕ ਸਰੀਰ ਵਿਚ ਮੌਜੂਦ ਹੈਂ, ਮੈਂ ਭੀ ਇਹ ਆਖਦਾ ਹਾਂ (ਪਰ ਨਿਰੇ ਆਖਣ ਨਾਲ ਹਰੇਕ ਵਿਚ) ਤੇਰਾ ਦਰਸਨ ਨਹੀਂ ਹੁੰਦਾ। ਅੰਦਰੋਂ ਖੋਟਾ ਹੋਣ ਕਰਕੇ ਜੀਵ (ਚੌਰਾਸੀ ਦੀ ਗਰਭ ਜੋਨਿ ਵਿਚ) ਪੁੱਠਾ (ਲਟਕਾ ਕੇ) ਰੋਲੀਦਾ ਹੈ, ਤੇਰਾ ਨਾਮ ਸਿਮਰਨ ਤੋਂ ਬਿਨਾ ਇਸ ਦੀ ਇੱਜ਼ਤ-ਆਬਰੋ ਭੀ ਚਲੀ ਜਾਂਦੀ ਹੈ। ਹੇ ਪ੍ਰਭੂ! ਜਦੋਂ ਤੂੰ ਆਪ ਮੈਨੂੰ ਆਪਣੇ ਚਰਨਾਂ ਵਿਚ ਜੋੜਦਾ ਹੈਂ, ਜਦੋਂ ਤੇਰੀ ਆਪਣੀ ਮੇਹਰ ਹੁੰਦੀ ਹੈ, ਤਦੋਂ ਹੀ ਮੈਂ ਤੇਰੀ ਯਾਦ ਵਿਚ ਜੁੜਿਆ ਰਹਿ ਸਕਦਾ ਹਾਂ।3।

ਹੇ ਨਾਨਕ! (ਪ੍ਰਭੂ ਹਰੇਕ ਜੀਵ ਦੇ ਅੰਦਰ ਮੌਜੂਦ ਹੈ, ਪ੍ਰਭੂ ਹੀ ਹਰੇਕ ਦੀ ਜਾਤਿ ਪਾਤ ਹੈ। ਵਖੇਵਿਆਂ ਵਿਚ ਪੈ ਕੇ) ਇਹ ਨਹੀਂ ਪੁੱਛਣਾ ਚਾਹੀਦਾ ਕਿ (ਫਲਾਣੇ ਦੀ) ਜਾਤਿ ਕੇਹੜੀ ਹੈ ਕਿਸ ਕੁਲ ਵਿਚ ਉਸ ਦਾ ਜਨਮ ਹੋਇਆ। (ਪੁੱਛਣਾ ਹੈ ਤਾਂ) ਪੁੱਛੋ ਕਿ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਕਿਸ ਹਿਰਦੇ-ਘਰ ਵਿਚ ਪਰਗਟ ਹੋਇਆ ਹੈ। ਜਾਤਿ ਪਾਤਿ ਤਾਂ ਜੀਵ ਦੀ ਉਹੀ ਹੈ ਜਿਹੋ ਜਿਹੇ ਜੀਵ ਕਰਮ ਕਮਾਂਦਾ ਹੈ।

ਜਨਮ ਮਰਨ (ਦੇ ਗੇੜ) ਦਾ ਦੁਖ ਤਦੋਂ ਹੀ ਦੂਰ ਹੁੰਦਾ ਹੈ ਜਦੋਂ ਜੀਵ ਪ੍ਰਭੂ ਦੇ ਨਾਮ ਵਿਚ ਜੁੜਦਾ ਹੈ। ਨਾਮ ਵਿਚ ਜੁੜਿਆਂ ਹੀ (ਕਾਮਾਦਿਕ ਪੰਜ ਚੋਰਾਂ ਤੋਂ) ਖ਼ਲਾਸੀ ਹੁੰਦੀ ਹੈ।4।10।

ਪ੍ਰਭਾਤੀ ਮਹਲਾ ੧ ॥ ਜਾਗਤੁ ਬਿਗਸੈ ਮੂਠੋ ਅੰਧਾ ॥ ਗਲਿ ਫਾਹੀ ਸਿਰਿ ਮਾਰੇ ਧੰਧਾ ॥ ਆਸਾ ਆਵੈ ਮਨਸਾ ਜਾਇ ॥ ਉਰਝੀ ਤਾਣੀ ਕਿਛੁ ਨ ਬਸਾਇ ॥੧॥ ਜਾਗਸਿ ਜੀਵਣ ਜਾਗਣਹਾਰਾ ॥ ਸੁਖ ਸਾਗਰ ਅੰਮ੍ਰਿਤ ਭੰਡਾਰਾ ॥੧॥ ਰਹਾਉ ॥ ਕਹਿਓ ਨ ਬੂਝੈ ਅੰਧੁ ਨ ਸੂਝੈ ਭੋਂਡੀ ਕਾਰ ਕਮਾਈ ॥ ਆਪੇ ਪ੍ਰੀਤਿ ਪ੍ਰੇਮ ਪਰਮੇਸੁਰੁ ਕਰਮੀ ਮਿਲੈ ਵਡਾਈ ॥੨॥ ਦਿਨੁ ਦਿਨੁ ਆਵੈ ਤਿਲੁ ਤਿਲੁ ਛੀਜੈ ਮਾਇਆ ਮੋਹੁ ਘਟਾਈ ॥ ਬਿਨੁ ਗੁਰ ਬੂਡੋ ਠਉਰ ਨ ਪਾਵੈ ਜਬ ਲਗ ਦੂਜੀ ਰਾਈ ॥੩॥ ਅਹਿਨਿਸਿ ਜੀਆ ਦੇਖਿ ਸਮ੍ਹ੍ਹਾਲੈ ਸੁਖੁ ਦੁਖੁ ਪੁਰਬਿ ਕਮਾਈ ॥ ਕਰਮਹੀਣੁ ਸਚੁ ਭੀਖਿਆ ਮਾਂਗੈ ਨਾਨਕ ਮਿਲੈ ਵਡਾਈ ॥੪॥੧੧॥ {ਪੰਨਾ 1330}

ਪਦ ਅਰਥ: ਜਾਗਤੁ = (ਆਪਣੇ ਵਲੋਂ) ਜਾਗਦਾ, (ਦੁਨੀਆ ਦੇ ਕੰਮਾਂ ਵਿਚ) ਸੁਚੇਤ ਸਿਆਣਾ। ਬਿਗਸੈ = ਖ਼ੁਸ਼ ਹੁੰਦਾ ਹੈ। ਮੂਠੋ = ਠਗਿਆ ਜਾ ਰਿਹਾ ਹੈ, ਲੁੱਟਿਆ ਜਾ ਰਿਹਾ ਹੈ। ਅੰਧਾ = (ਮਾਇਆ ਦੇ ਮੋਹ ਵਿਚ) ਅੰਨ੍ਹਾ। ਗਲਿ = ਗਲ ਵਿਚ। ਸਿਰਿ = ਸਿਰ ਉਤੇ। ਮਾਰੇ = (ਚੋਟਾਂ) ਮਾਰਦਾ ਹੈ। ਧੰਧਾ = ਜਗਤ ਦੇ ਜੰਜਾਲਾਂ ਦਾ ਫ਼ਿਕਰ। ਮਨਸਾ = ਮਨ ਦੇ ਫੁਰਨੇ। ਉਰਝੀ = ਉਲਝੀ ਹੋਈ, ਵਿਗੜੀ ਹੋਈ। ਬਸਾਇ = ਵੱਸ, ਜ਼ੋਰ, ਪੇਸ਼।1।

ਜੀਵਣ = ਹੇ (ਜਗਤ ਦੇ) ਜੀਵਨ! ਜਾਗਣਹਾਰਾ = ਹੇ ਜਾਗਣਹਾਰ! ਹੇ ਜਾਗਦੇ ਰਹਿਣ ਦੀ ਸਮਰੱਥਾ ਰੱਖਣ ਵਾਲੇ!।1। ਰਹਾਉ।

ਬੂਝੈ = ਸਮਝਦਾ। ਅੰਧੁ = (ਮਾਇਆ ਦੇ ਮੋਹ ਵਿਚ) ਅੰਨਾ ਜੀਵ। ਭੋਂਡੀ = ਭੈੜੀ। ਆਪੇ = ਆਪ ਹੀ। ਕਰਮੀ = (ਪ੍ਰਭੂ ਦੀ) ਮੇਹਰ ਨਾਲ।1।

ਦਿਨੁ ਦਿਨੁ ਆਵੈ = ਇਕ ਇਕ ਕਰ ਕੇ ਦਿਨ ਆਉਂਦਾ ਹੈ। ਛੀਜੈ = (ਉਮਰ) ਘਟਦੀ ਜਾ ਰਹੀ ਹੈ। ਘਟਾਈ = ਘਟ ਹੀ, ਘਟਿ ਹੀ, ਹਿਰਦੇ ਵਿਚ ਹੀ (ਟਿਕਿਆ ਹੋਇਆ ਹੈ) । ਠਉਰ = ਥਾਂ। ਦੂਜੀ = ਪ੍ਰਭੂ ਤੋਂ ਬਿਨਾ ਕਿਸੇ ਹੋਰ ਦੀ ਪ੍ਰੀਤ। ਰਾਈ = ਰਤਾ ਭਰ ਭੀ।3।

ਅਹਿ = ਦਿਨ। ਨਿਸਿ = ਰਾਤ। ਦੇਖਿ = ਵੇਖ ਕੇ, ਧਿਆਨ ਨਾਲ। ਪੁਰਬਿ ਕਮਾਈ = ਪਿਛਲੀ ਕੀਤੀ ਕਮਾਈ ਅਨੁਸਾਰ। ਕਰਮ ਹੀਣੁ = ਜਿਸ ਨੂੰ ਕਿਸੇ ਪੂਰਬਲੇ ਕਰਮਾਂ ਦਾ ਮਾਣ ਨਹੀਂ ਹੈ। ਸਚੁ = ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦਾ ਨਾਮ। ਵਡਾਈ = ਇੱਜ਼ਤ।4।

ਅਰਥ: ਹੇ ਪ੍ਰਭੂ! ਤੂੰ ਸਾਰੇ ਜਗਤ ਦਾ ਜੀਵਨ ਹੈਂ; ਇਕ ਤੂੰ ਹੀ ਜਾਗਦਾ ਹੈਂ, ਸਿਰਫ਼ ਤੇਰੇ ਵਿਚ ਹੀ ਸਮਰੱਥਾ ਹੈ ਕਿ ਮਾਇਆ ਤੈਨੂੰ ਆਪਣੇ ਮੋਹ ਦੀ ਨੀਂਦ ਵਿਚ ਸੁਆ ਨਹੀਂ ਸਕਦੀ। ਹੇ ਸੁਖਾਂ ਦੇ ਸਮੁੰਦਰ ਪ੍ਰਭੂ! (ਤੇਰੇ ਘਰ ਵਿਚ) ਨਾਮ-ਅੰਮ੍ਰਿਤ ਦੇ ਭੰਡਾਰੇ ਭਰੇ ਪਏ ਹਨ (ਜੋ ਮਾਇਆ ਦੇ ਮੋਹ ਵਿਚ ਆਤਮਕ ਮੌਤੇ ਮਰੇ ਪਿਆਂ ਨੂੰ ਜ਼ਿੰਦਾ ਕਰ ਸਕਦਾ ਹੈ) ।1। ਰਹਾਉ।

ਜੀਵ ਆਪਣੇ ਵਲੋਂ ਸਿਆਣਾ ਹੈ, ਪਰ ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਪਿਆ ਹੈ, ਲੁੱਟਿਆ ਜਾ ਰਿਹਾ ਹੈ (ਅਨੇਕਾਂ ਵਿਕਾਰ ਇਸ ਦੀ ਆਤਮਕ ਰਾਸਿ ਪੂੰਜੀ ਨੂੰ ਲੁੱਟ ਰਹੇ ਹਨ) ਪਰ ਇਹ ਖ਼ੁਸ਼ ਖ਼ੁਸ਼ ਫਿਰਦਾ ਹੈ। ਇਸ ਦੇ ਗਲ ਵਿਚ ਮਾਇਆ ਦੇ ਮੋਹ ਦੀ ਫਾਹੀ ਪਈ ਹੋਈ ਹੈ (ਜੋ ਇਸ ਨੂੰ ਦੁਨੀਆ ਦੇ ਪਦਾਰਥਾਂ ਦੇ ਪਿੱਛੇ ਧੂਹੀ ਫਿਰਦਾ ਹੈ) । ਜਗਤ ਦੇ ਜੰਜਾਲਾਂ ਦਾ ਫ਼ਿਕਰ ਇਸ ਦੇ ਸਿਰ ਉਤੇ ਚੋਟਾਂ ਮਾਰਦਾ ਰਹਿੰਦਾ ਹੈ। ਦੁਨੀਆ ਦੀਆਂ ਆਸਾਂ ਦਾ ਬੱਧਾ ਜਗਤ ਵਿਚ ਆਉਂਦਾ ਹੈ, ਮਨ ਦੇ ਅਨੇਕਾਂ ਫੁਰਨੇ ਲੈ ਕੇ ਇਥੋਂ ਤੁਰ ਪੈਂਦਾ ਹੈ। ਇਸ ਦੀ ਜ਼ਿੰਦਗੀ ਦੀ ਤਾਣੀ ਦੁਨੀਆ ਦੀਆਂ ਆਸਾਂ ਤੇ ਮਨ ਦੀਆਂ ਦੌੜਾਂ ਨਾਲ ਪਿਲਚੀ ਪਈ ਹੈ। (ਇਸ ਤਾਣੀ ਨੂੰ ਇਹਨਾਂ ਪੇਚਿਆਂ ਤੋਂ ਸਾਫ਼ ਰੱਖਣ ਵਾਸਤੇ) ਇਸ ਦੀ ਕੋਈ ਪੇਸ਼ ਨਹੀਂ ਜਾਂਦੀ।1।

(ਮਾਇਆ ਦੇ ਮੋਹ ਵਿਚ) ਜੀਵਨ ਇਤਨਾ ਅੰਨ੍ਹਾ ਹੋਇਆ ਪਿਆ ਹੈ ਕਿ ਕਿਸੇ ਆਖੀ ਹੋਈ ਸਿੱਖਿਆ ਨੂੰ ਇਹ ਸਮਝ ਨਹੀਂ ਸਕਦਾ, ਆਪਣੇ ਆਪ ਇਸ ਨੂੰ (ਆਤਮਕ ਜੀਵਨ ਬਚਾਣ ਦੀ ਕੋਈ ਗੱਲ) ਸੁੱਝਦੀ ਨਹੀਂ, ਨਿੱਤ ਮੰਦੇ ਕੰਮ ਹੀ ਕਰੀ ਜਾ ਰਿਹਾ ਹੈ। (ਪਰ ਜੀਵ ਦੇ ਵੱਸ ਦੀ ਗੱਲ ਨਹੀਂ ਹੈ) ਪਰਮੇਸਰ ਆਪ ਹੀ ਆਪਣੇ ਚਰਨਾਂ ਦੀ ਪ੍ਰੀਤਿ ਪ੍ਰੇਮ ਬਖ਼ਸ਼ਦਾ ਹੈ, ਉਸ ਦੀ ਮੇਹਰ ਨਾਲ ਹੀ ਉਸ ਦਾ ਨਾਮ-ਸਿਮਰਨ ਦਾ ਮਾਣ ਮਿਲਦਾ ਹੈ।2।

ਜ਼ਿੰਦਗੀ ਦਾ ਇਕ ਇਕ ਕਰ ਕੇ ਦਿਨ ਆਉਂਦਾ ਹੈ ਤੇ ਇਸ ਤਰ੍ਹਾਂ ਥੋੜੀ ਥੋੜੀ ਕਰ ਕੇ ਉਮਰ ਘਟਦੀ ਜਾਂਦੀ ਹੈ; ਪਰ ਮਾਇਆ ਦਾ ਮੋਹ ਜੀਵ ਦੇ ਹਿਰਦੇ ਵਿਚ (ਉਸੇ ਤਰ੍ਹਾਂ) ਟਿਕਿਆ ਰਹਿੰਦਾ ਹੈ। ਗੁਰੂ ਦੀ ਸਰਨ ਆਉਣ ਤੋਂ ਬਿਨਾ ਜੀਵ (ਮਾਇਆ ਦੇ ਮੋਹ ਵਿਚ) ਡੁੱਬਾ ਰਹਿੰਦਾ ਹੈ। ਜਦੋਂ ਤਕ ਇਸ ਦੇ ਅੰਦਰ ਰਤਾ ਭਰ ਭੀ ਮਾਇਆ ਦੀ ਪ੍ਰੀਤ ਕਾਇਮ ਹੈ, ਇਹ ਭਟਕਦਾ ਫਿਰਦਾ ਹੈ ਇਸ ਨੂੰ (ਆਤਮਕ ਸੁਖ ਦੀ) ਥਾਂ ਨਹੀਂ ਲੱਭਦੀ।3।

(ਆਤਮਕ ਜੀਵਨ ਦੀ ਦਾਤਿ ਪ੍ਰਭੂ ਤੋਂ ਹੀ ਮਿਲ ਸਕਦੀ ਹੈ ਜੋ) ਦਿਨ ਰਾਤ ਬੜੇ ਗਹੁ ਨਾਲ ਜੀਵਾਂ ਦੀ ਸੰਭਾਲ ਕਰਦਾ ਹੈ ਤੇ ਜੀਵਾਂ ਦੀ ਪੂਰਬਲੀ ਕਮਾਈ ਅਨੁਸਾਰ ਇਹਨਾਂ ਨੂੰ ਸੁਖ ਜਾਂ ਦੁਖ (ਭੋਗਣ ਨੂੰ) ਦੇਂਦਾ ਹੈ।

ਹੇ ਪ੍ਰਭੂ! ਮੈਂ ਚੰਗੇ ਕੀਤੇ ਕਰਮਾਂ ਦਾ ਮਾਣ ਨਹੀਂ ਕਰਦਾ, ਮੈਨੂੰ ਨਾਨਕ ਨੂੰ ਤੇਰਾ ਨਾਮ ਸਿਮਰਨ ਦੀ ਵਡਿਆਈ ਮਿਲ ਜਾਏ, ਨਾਨਕ ਤੇਰੇ ਦਰ ਤੋਂ ਤੇਰਾ ਨਾਮ ਸਿਮਰਨ ਦੀ ਭਿੱਛਿਆ ਹੀ ਮੰਗਦਾ ਹੈ।4।11।

ਪ੍ਰਭਾਤੀ ਮਹਲਾ ੧ ॥ ਮਸਟਿ ਕਰਉ ਮੂਰਖੁ ਜਗਿ ਕਹੀਆ ॥ ਅਧਿਕ ਬਕਉ ਤੇਰੀ ਲਿਵ ਰਹੀਆ ॥ ਭੂਲ ਚੂਕ ਤੇਰੈ ਦਰਬਾਰਿ ॥ ਨਾਮ ਬਿਨਾ ਕੈਸੇ ਆਚਾਰ ॥੧॥ ਐਸੇ ਝੂਠਿ ਮੁਠੇ ਸੰਸਾਰਾ ॥ ਨਿੰਦਕੁ ਨਿੰਦੈ ਮੁਝੈ ਪਿਆਰਾ ॥੧॥ ਰਹਾਉ ॥ ਜਿਸੁ ਨਿੰਦਹਿ ਸੋਈ ਬਿਧਿ ਜਾਣੈ ॥ ਗੁਰ ਕੈ ਸਬਦੇ ਦਰਿ ਨੀਸਾਣੈ ॥ ਕਾਰਣ ਨਾਮੁ ਅੰਤਰਗਤਿ ਜਾਣੈ ॥ ਜਿਸ ਨੋ ਨਦਰਿ ਕਰੇ ਸੋਈ ਬਿਧਿ ਜਾਣੈ ॥੨॥ ਮੈ ਮੈਲੌ ਊਜਲੁ ਸਚੁ ਸੋਇ ॥ ਊਤਮੁ ਆਖਿ ਨ ਊਚਾ ਹੋਇ ॥ ਮਨਮੁਖੁ ਖੂਲ੍ਹ੍ਹਿ ਮਹਾ ਬਿਖੁ ਖਾਇ ॥ ਗੁਰਮੁਖਿ ਹੋਇ ਸੁ ਰਾਚੈ ਨਾਇ ॥੩॥ ਅੰਧੌ ਬੋਲੌ ਮੁਗਧੁ ਗਵਾਰੁ ॥ ਹੀਣੌ ਨੀਚੁ ਬੁਰੌ ਬੁਰਿਆਰੁ ॥ ਨੀਧਨ ਕੌ ਧਨੁ ਨਾਮੁ ਪਿਆਰੁ ॥ ਇਹੁ ਧਨੁ ਸਾਰੁ ਹੋਰੁ ਬਿਖਿਆ ਛਾਰੁ ॥੪॥ ਉਸਤਤਿ ਨਿੰਦਾ ਸਬਦੁ ਵੀਚਾਰੁ ॥ ਜੋ ਦੇਵੈ ਤਿਸ ਕਉ ਜੈਕਾਰੁ ॥ ਤੂ ਬਖਸਹਿ ਜਾਤਿ ਪਤਿ ਹੋਇ ॥ ਨਾਨਕੁ ਕਹੈ ਕਹਾਵੈ ਸੋਇ ॥੫॥੧੨॥ {ਪੰਨਾ 1330}

ਪਦ ਅਰਥ: ਮਸਟਿ = ਖ਼ਾਮੋਸ਼ੀ। ਮਸਟਿ ਕਰਉ = ਜੇ ਮੈਂ ਖ਼ਮੋਸ਼ੀ (ਇਖ਼ਤਿਆਰ) ਕਰਾਂ, ਜੇ ਮੈਂ ਚੁੱਪ ਰਹਾਂ। ਜਗਿ = ਜਗਤ ਵਿਚ। ਕਹੀਆ = ਕਿਹਾ ਜਾਂਦਾ ਹਾਂ। ਅਧਿਕ = ਬਹੁਤ। ਬਕਉ = ਜੇ ਮੈਂ ਬੋਲਾਂ। ਰਹੀਆ = ਰਹਿ ਜਾਂਦੀ ਹੈ, ਘਟ ਜਾਂਦੀ ਹੈ। ਭੂਲ ਚੂਕ = ਉਕਾਈਆਂ। ਤੇਰੈ ਦਰਬਾਰਿ = ਤੇਰੀ ਹਜ਼ੂਰੀ ਵਿਚ। ਆਚਾਰ = ਭਾਈਚਾਰਕ ਰਸਮਾਂ। ਕੈਸੇ = ਕਿਸੇ ਕੰਮ ਨਹੀਂ।1।

ਐਸੇ = ਅਜੇਹੇ ਤਰੀਕੇ ਨਾਲ। ਝੂਠਿ = ਝੂਠ ਵਿਚ, ਵਿਅਰਥ ਭਾਈਚਾਰਕ ਰਸਮਾਂ ਦੇ ਬੰਧਨ ਵਿਚ। ਮੁਠੇ = ਲੁੱਟੇ ਜਾ ਰਹੇ ਹਨ। ਸੰਸਾਰਾ = ਸੰਸਾਰੀ ਜੀਵ। ਨਿੰਦਕੁ = (ਨਾਮ-ਸਿਮਰਨ ਦੀ) ਨਿੰਦਿਆ ਕਰਨ ਵਾਲਾ। ਨਿੰਦੈ = ਨਾਮ ਸਿਮਰਨ ਨੂੰ ਨਿੰਦਦਾ ਹੈ, ਭਾਈਚਾਰਕ ਰਸਮਾਂ ਦੀ ਪਾਬੰਦੀ ਨੂੰ ਨਾਮ-ਸਿਮਰਨ ਦੇ ਟਾਕਰੇ ਤੇ ਚੰਗਾ ਸਮਝਦਾ ਹੈ।1। ਰਹਾਉ।

ਜਿਸੁ = ਜਿਸ (ਨਾਮ ਸਿਮਰਨ ਵਾਲੇ ਨੂੰ) । ਸੋਈ = ਉਹੀ ਮਨੁੱਖ। ਬਿਧਿ = ਜੀਵਨ ਦੀ ਬਿਧੀ, ਜੀਵਨ-ਜੁਗਤਿ। ਸਬਦੇ = ਸਬਦਿ, ਸ਼ਬਦ ਵਿਚ ਜੁੜ ਕੇ। ਦਰਿ = ਪ੍ਰਭੂ ਦੇ ਦਰ ਤੇ। ਨੀਸਾਨੈ = ਪਰਗਟ ਹੁੰਦਾ ਹੈ। ਅੰਤਰਿ ਗਤਿ = ਆਪਣੇ ਹਿਰਦੇ ਵਿਚ। ਜਾਣੈ = ਪਛਾਣਦਾ ਹੈ, ਸਾਂਝ ਪਾਂਦਾ ਹੈ। ਨਦਰਿ = ਮੇਹਰ ਦੀ ਨਿਗਾਹ।2।

ਮੈ ਮੈਲੌ = ਅਸੀਂ ਜੀਵ (ਨਾਮ ਤੋਂ ਭੁੱਲ ਕੇ) ਵਿਕਾਰਾਂ ਨਾਲ ਮਲੀਨ। ਸਚੁ = ਸਦਾ ਕਾਇਮ ਰਹਿਣ ਵਾਲਾ ਪ੍ਰਭੂ। ਆਖਿ = (ਆਪਣੇ ਆਪ ਨੂੰ) ਆਖ ਕੇ। ਮਨਮੁਖੁ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਖੂਲ੍ਹ੍ਹਿ = ਖੁਲ੍ਹ ਕੇ, ਪਰਤੱਖ ਤੌਰ ਤੇ। ਬਿਖੁ = (ਵਿਸ਼ੇ ਵਿਕਾਰਾਂ ਦਾ) ਜ਼ਹਿਰ। ਨਾਇ = ਪ੍ਰਭੂ ਦੇ ਨਾਮ ਵਿਚ।3।

ਅੰਧੇ = ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਜੀਵ। ਬੋਲੌ = ਉਹ ਮਨੁੱਖ ਜੋ ਪ੍ਰਭੂ ਦੀ ਸਿਫ਼ਤਿ-ਸਾਲਾਹ ਨਹੀਂ ਸੁਣਦਾ, ਨਾਮ ਵਲੋਂ ਬੋਲਾ। ਮੁਗਧੁ = ਮੂਰਖ। ਬੁਰਿਆਰੁ = ਬੁਰੇ ਤੋਂ ਬੁਰਾ। ਨੀਧਨ = ਨਿਰਧਨ, ਕੰਗਾਲ। ਕੌ = ਵਾਸਤੇ। ਸਾਰੁ = ਸ੍ਰੇਸ਼ਟ। ਬਿਖਿਆ = ਮਾਇਆ। ਛਾਰੁ = ਸੁਆਹ, ਨਿਕੰਮੀ।4।

ਤਿਸ ਕਉ = ਉਸ ਪਰਮਾਤਮਾ ਨੂੰ। ਜੈਕਾਰੁ = ਨਮਸਕਾਰ। ਕਹਾਵੈ ਸੋਇ = ਉਹ ਪਰਮਾਤਮਾ ਹੀ (ਜੀਵ ਦੇ ਮੂੰਹੋਂ ਆਪਣੀ ਸਿਫ਼ਤਿ-ਸਾਲਾਹ) ਅਖਵਾਂਦਾ ਹੈ।5।

ਅਰਥ: ਹੇ ਪ੍ਰਭੂ! ਸੰਸਾਰੀ ਜੀਵ ਵਿਅਰਥ ਰਸਮਾਂ ਦੇ ਵਹਿਮ ਵਿਚ ਫਸ ਕੇ ਮਾਇਆ ਦੇ ਢਹੇ ਚੜ੍ਹ ਕੇ ਅਜੇਹੇ ਲੁੱਟੇ ਜਾ ਰਹੇ ਹਨ (ਆਤਮਕ ਜੀਵਨ ਅਜੇਹੇ ਲੁਟਾ ਰਹੇ ਹਨ ਕਿ ਇਹਨਾਂ ਨੂੰ ਇਹ ਸਮਝ ਹੀ ਨਹੀਂ ਪੈਂਦੀ) । (ਨਿਰੀਆਂ ਭਾਈਚਾਰਕ ਰਸਮਾਂ ਦੇ ਟਾਕਰੇ ਤੇ ਤੇਰੇ ਨਾਮ-ਸਿਮਰਨ ਦੀ) ਨਿੰਦਾ ਕਰਨ ਵਾਲਾ ਮਨੁੱਖ (ਤੇਰੇ ਨਾਮ ਨੂੰ) ਮਾੜਾ ਆਖਦਾ ਹੈ (ਪਰ ਤੇਰੀ ਮੇਹਰ ਨਾਲ) ਮੈਨੂੰ (ਤੇਰਾ ਨਾਮ) ਪਿਆਰਾ ਲੱਗਦਾ ਹੈ।1। ਰਹਾਉ।

(ਦੁਨੀਆਵੀ ਰਸਮ-ਰਿਵਾਜ ਵਲੋਂ ਬੇ-ਪਰਵਾਹ ਹੋ ਕੇ ਤੇਰੀ ਸਿਫ਼ਤਿ-ਸਾਲਾਹ ਵਿਚ ਮਸਤ ਹੋ ਕੇ) ਜੇ ਮੈਂ ਚੁੱਪ ਕਰ ਰਹਿੰਦਾ ਹਾਂ, ਤਾਂ ਜਗਤ ਵਿਚ ਮੈਂ ਮੂਰਖ ਆਖਿਆ ਜਾਂਦਾ ਹਾਂ, ਪਰ ਜੇ (ਇਹਨਾਂ ਖੁੰਝੇ ਹੋਏ ਲੋਕਾਂ ਨੂੰ ਇਹਨਾਂ ਦੀਆਂ ਇਹ ਉਕਾਈਆਂ ਸਮਝਾਣ ਵਾਸਤੇ) ਮੈਂ ਬਹੁਤਾ ਬੋਲਦਾ ਹਾਂ, ਤਾਂ ਤੇਰੇ ਚਰਨਾਂ ਵਿਚ ਸੁਰਤਿ ਦਾ ਟਿਕਾਉ ਘਟਦਾ ਹੈ। (ਇਹ ਲੋਕ ਨਿਰੀਆਂ ਭਾਈਚਾਰਕ ਰਸਮਾਂ ਦੇ ਕਰਨ ਨੂੰ ਹੀ ਜੀਵਨ ਦਾ ਸਹੀ ਰਸਤਾ ਸਮਝਦੇ ਹਨ, ਤੇਰੇ ਸਿਮਰਨ ਦੇ ਉੱਦਮ ਨੂੰ ਇਹ ਨਿੰਦਦੇ ਹਨ। ਇਹਨਾਂ ਵਿਚੋਂ ਉਕਾਈ ਵਾਲਾ ਰਸਤਾ ਕੇਹੜਾ ਹੈ?) ਅਸਲ ਉਕਾਈਆਂ ਉਹੀ ਹਨ ਜੋ ਤੇਰੀ ਹਜ਼ੂਰੀ ਵਿਚ ਉਕਾਈਆਂ ਮੰਨੀਆਂ ਜਾਣ। ਉਹ ਭਾਈਚਾਰਕ ਰਸਮਾਂ ਕਿਸੇ ਅਰਥ ਨਹੀਂ ਜੋ ਤੇਰਾ ਨਾਮ ਸਿਮਰਨ ਤੋਂ ਵਿਛੋੜਦੀਆਂ ਹਨ।1।

(ਇਹ ਕਰਮ-ਕਾਂਡੀ ਲੋਕ ਪ੍ਰਭੂ ਦੀ ਭਗਤੀ ਕਰਨ ਵਾਲੇ ਨੂੰ ਨਿੰਨਦੇ ਹਨ, ਪਰ) ਜਿਸ ਨੂੰ ਇਹ ਮਾੜਾ ਆਖਦੇ ਹਨ (ਅਸਲ ਵਿਚ) ਉਹੀ ਮਨੁੱਖ ਜੀਵਨ ਦੀ ਸਹੀ ਜੁਗਤਿ ਜਾਣਦਾ ਹੈ, ਉਹ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ ਪ੍ਰਭੂ ਦੇ ਦਰ ਤੇ ਆਦਰ-ਮਾਣ ਹਾਸਲ ਕਰਦਾ ਹੈ, ਸਾਰੀ ਸ੍ਰਿਸ਼ਟੀ ਦੇ ਮੂਲ ਪ੍ਰਭੂ ਦੇ ਨਾਮ ਨੂੰ ਉਹ ਆਪਣੇ ਹਿਰਦੇ ਵਿਚ ਵਸਾਂਦਾ ਹੈ।

ਪਰ ਸਿਫ਼ਤਿ-ਸਾਲਾਹ ਦੀ ਇਹ ਜੁਗਤਿ ਉਹੀ ਮਨੁੱਖ ਸਮਝਦਾ ਹੈ ਜਿਸ ਉਤੇ ਪ੍ਰਭੂ ਆਪ ਮੇਹਰ ਦੀ ਨਜ਼ਰ ਕਰਦਾ ਹੈ।2।

(ਪ੍ਰਭੂ ਦੇ ਨਾਮ ਤੋਂ ਖੁੰਝ ਕੇ) ਅਸੀਂ ਜੀਵ ਮਲੀਨ-ਮਨ ਹੋ ਰਹੇ ਹਾਂ, ਉਹ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਹੀ (ਵਿਕਾਰਾਂ ਦੀ ਮੈਲ ਤੋਂ) ਸਾਫ਼ ਹੈ। (ਪ੍ਰਭੂ ਦੀ ਯਾਦ ਭੁਲਾ ਕੇ ਨਿਰੇ ਕਰਮ-ਕਾਂਡ ਦੇ ਆਸਰੇ ਆਪਣੇ ਆਪ ਨੂੰ) ਉੱਤਮ ਆਖ ਕੇ ਕੋਈ ਮਨੁੱਖ ਉੱਚੇ ਜੀਵਨ ਵਾਲਾ ਨਹੀਂ ਹੋ ਸਕਦਾ। ਜਿਹੜਾ ਮਨੁੱਖ (ਗੁਰੂ ਦੇ ਸ਼ਬਦ ਤੋਂ ਖੁੰਝਦਾ ਹੈ ਤੇ) ਆਪਣੇ ਮਨ ਦੇ ਪਿੱਛੇ ਤੁਰਦਾ ਹੈ ਉਹ ਅਝੱਕ ਹੋ ਕੇ (ਮਾਇਆ-ਮੋਹ ਦਾ) ਜ਼ਹਿਰ ਖਾਂਦਾ ਰਹਿੰਦਾ ਹੈ (ਜੋ ਆਤਮਕ ਜੀਵਨ ਨੂੰ ਮਾਰ ਮੁਕਾਂਦਾ ਹੈ। ਫਿਰ ਇਹ ਸੁੱਚਾ ਤੇ ਉੱਚਾ ਕਿਵੇਂ?) । ਜੋ ਮਨੁੱਖ ਗੁਰੂ ਦੇ ਦੱਸੇ ਰਸਤੇ ਤੁਰਦਾ ਹੈ, ਉਹ ਪ੍ਰਭੂ ਦੇ ਨਾਮ ਵਿਚ ਲੀਨ ਰਹਿੰਦਾ ਹੈ (ਤੇ ਉਹ ਸੁੱਚੇ ਜੀਵਨ ਵਾਲਾ ਹੈ) ।3।

ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਮਨੁੱਖ, ਪ੍ਰਭੂ ਦੀ ਸਿਫ਼ਤਿ-ਸਾਲਾਹ ਤੋਂ ਕੰਨ ਮੂੰਦ ਰੱਖਣ ਵਾਲਾ ਮਨੁੱਖ ਮੂਰਖ ਹੈ, ਗੰਵਾਰ ਹੈ, ਆਤਮਕ ਜੀਵਨ ਤੋਂ ਸੱਖਣਾ ਹੈ। ਨੀਵੇਂ ਪਾਸੇ ਜਾ ਰਿਹਾ ਹੈ, ਮੰਦਿਆਂ ਤੋਂ ਮੰਦਾ ਹੈ। ਪਰਮਾਤਮਾ ਦਾ ਨਾਮ ਪਰਮਾਤਮਾ ਦੇ ਚਰਨਾਂ ਦਾ ਪਿਆਰ (ਆਤਮਕ ਜੀਵਨ ਵਲੋਂ) ਕੰਗਾਲਾਂ ਵਾਸਤੇ ਧਨ ਹੈ। ਇਹੀ ਧਨ ਸ੍ਰੇਸ਼ਟ ਧਨ ਹੈ, ਇਸ ਤੋਂ ਬਿਨਾ ਦੁਨੀਆ ਦੀ ਮਾਇਆ ਸੁਆਹ ਸਮਾਨ ਹੈ।4।

(ਪਰ ਜੀਵਾਂ ਦੇ ਕੀਹ ਵੱਸ? ਸਿਫ਼ਤਿ-ਸਾਲਾਹ ਜਾਂ ਇਸ ਵਲੋਂ ਨਫ਼ਰਤ, ਗੁਰੂ ਦੇ ਸ਼ਬਦ ਦਾ ਪਿਆਰ, ਪ੍ਰਭੂ ਦੇ ਗੁਣਾਂ ਦੀ ਵੀਚਾਰ = ਇਹ ਜੋ ਕੁਝ ਭੀ ਦੇਂਦਾ ਹੈ ਪ੍ਰਭੂ ਆਪ ਹੀ ਦੇਂਦਾ ਹੈ) , ਜੇਹੜਾ ਜੇਹੜਾ ਪ੍ਰਭੂ ਜੀਵਾਂ ਨੂੰ ਇਹ ਦੇਂਦਾ ਹੈ ਸਦਾ ਉਸੇ ਨੂੰ ਨਮਸਕਾਰ ਕਰਨੀ ਚਾਹੀਦੀ ਹੈ (ਤੇ ਆਖਣਾ ਚਾਹੀਦਾ ਹੈ ਕਿ) ਹੇ ਪ੍ਰਭੂ! ਜਿਸ ਨੂੰ ਤੂੰ ਆਪਣੀ ਸਿਫ਼ਤਿ-ਸਾਲਾਹ ਬਖ਼ਸ਼ਦਾ ਹੈਂ, ਉਸ ਦੀ, ਮਾਨੋ, ਉੱਚੀ ਜਾਤਿ ਹੋ ਜਾਂਦੀ ਹੈ, ਉਸ ਨੂੰ ਇੱਜ਼ਤ ਮਿਲਦੀ ਹੈ।

(ਪ੍ਰਭੂ ਦਾ ਦਾਸ) ਨਾਨਕ (ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਬੋਲ ਤਦੋਂ ਹੀ) ਆਖ ਸਕਦਾ ਹੈ ਜੇ ਪ੍ਰਭੂ ਆਪ ਹੀ ਅਖਵਾਏ।5।12।

TOP OF PAGE

Sri Guru Granth Darpan, by Professor Sahib Singh