ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1331

ਪ੍ਰਭਾਤੀ ਮਹਲਾ ੧ ॥ ਖਾਇਆ ਮੈਲੁ ਵਧਾਇਆ ਪੈਧੈ ਘਰ ਕੀ ਹਾਣਿ ॥ ਬਕਿ ਬਕਿ ਵਾਦੁ ਚਲਾਇਆ ਬਿਨੁ ਨਾਵੈ ਬਿਖੁ ਜਾਣਿ ॥੧॥ ਬਾਬਾ ਐਸਾ ਬਿਖਮ ਜਾਲਿ ਮਨੁ ਵਾਸਿਆ ॥ ਬਿਬਲੁ ਝਾਗਿ ਸਹਜਿ ਪਰਗਾਸਿਆ ॥੧॥ ਰਹਾਉ ॥ ਬਿਖੁ ਖਾਣਾ ਬਿਖੁ ਬੋਲਣਾ ਬਿਖੁ ਕੀ ਕਾਰ ਕਮਾਇ ॥ ਜਮ ਦਰਿ ਬਾਧੇ ਮਾਰੀਅਹਿ ਛੂਟਸਿ ਸਾਚੈ ਨਾਇ ॥੨॥ ਜਿਵ ਆਇਆ ਤਿਵ ਜਾਇਸੀ ਕੀਆ ਲਿਖਿ ਲੈ ਜਾਇ ॥ ਮਨਮੁਖਿ ਮੂਲੁ ਗਵਾਇਆ ਦਰਗਹ ਮਿਲੈ ਸਜਾਇ ॥੩॥ ਜਗੁ ਖੋਟੌ ਸਚੁ ਨਿਰਮਲੌ ਗੁਰ ਸਬਦੀਂ ਵੀਚਾਰਿ ॥ ਤੇ ਨਰ ਵਿਰਲੇ ਜਾਣੀਅਹਿ ਜਿਨ ਅੰਤਰਿ ਗਿਆਨੁ ਮੁਰਾਰਿ ॥੪॥ ਅਜਰੁ ਜਰੈ ਨੀਝਰੁ ਝਰੈ ਅਮਰ ਅਨੰਦ ਸਰੂਪ ॥ ਨਾਨਕੁ ਜਲ ਕੌ ਮੀਨੁ ਸੈ ਥੇ ਭਾਵੈ ਰਾਖਹੁ ਪ੍ਰੀਤਿ ॥੫॥੧੩॥ {ਪੰਨਾ 1331}

ਪਦ ਅਰਥ: ਪੈਧੇ = ਪਹਿਨਣ ਨਾਲ, ਪਹਿਨਣ ਦੇ ਰਸ ਵਿਚ ਫਸੇ ਰਿਹਾਂ। ਹਾਣਿ = ਨੁਕਸਾਨ। ਘਰ ਕੀ ਹਾਣਿ = ਘਰ ਦਾ ਹੀ ਨੁਕਸਾਨ, ਆਪਣਾ ਹੀ ਨੁਕਸਾਨ, ਆਪਣੇ ਆਤਮਕ ਜੀਵਨ ਨੂੰ ਹੀ ਘਾਟਾ। ਬਕਿ ਬਕਿ = ਬੋਲ ਬੋਲ ਕੇ। ਵਾਦੁ = ਝਗੜਾ। ਬਿਖੁ = ਜ਼ਹਿਰ। ਜਾਣਿ = ਸਮਝ।1।

ਬਾਬਾ = ਹੇ ਭਾਈ! ਐਸਾ ਵਾਸਿਆ = ਅਜੇਹੀ ਭੈੜੀ ਤਰ੍ਹਾਂ ਪਾਇਆ ਗਿਆ ਹੈ, ਅਜੇਹਾ ਬੁਰਾ ਫਸਾਇਆ ਗਿਆ ਹੈ। ਬਿਖਮ ਜਾਲਿ = ਔਖੇ ਜਾਲ ਵਿਚ। ਬਿਬਲੁ = ਹੜ੍ਹਾਂ ਦਾ ਪਾਣੀ ਜੋ ਝੱਗ ਨਾਲ ਭਰਿਆ ਹੁੰਦਾ ਹੈ। ਝਾਗਿ = ਔਖਿਆਈ ਨਾਲ ਲੰਘ ਕੇ। ਸਹਜਿ = ਟਿਕਵੀਂ ਹਾਲਤ ਵਿਚ, ਅਡੋਲ ਅਵਸਥਾ ਵਿਚ।1। ਰਹਾਉ।

ਜਮ ਦਰਿ = ਜਮ ਰਾਜ ਦੇ ਦਰ ਤੇ। ਮਾਰੀਅਹਿ = ਮਾਰੀਦੇ ਹਨ, ਕੁੱਟੀਦੇ ਹਨ। ਸਾਚੈ ਨਾਇ = ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਨਾਮ ਵਿਚ (ਜੁੜ ਕੇ) ।2।

ਕੀਆ = ਕੀਤੇ ਕਰਮਾਂ ਦਾ ਸਮੂਹ। ਲਿਖਿ = ਲਿਖ ਕੇ, (ਕੀਤੇ ਕਰਮਾਂ ਦੇ) ਸੰਸਕਾਰ ਮਨ ਵਿਚ ਉੱਕਰ ਕੇ। ਮੂਲੁ = ਅਸਲ ਰਾਸਿ ਪੂੰਜੀ।3।

ਮੁਰਾਰਿ ਗਿਆਨੁ = ਪਰਮਾਤਮਾ ਨਾਲ ਸਾਂਝ।4।

ਅਜਰੁ = ਉਹ ਚੋਟ ਜੋ ਸਹਾਰਨੀ ਔਖੀ ਹੈ। ਜਰੈ = ਸਹਾਰ ਲਏ। ਨੀਝਰੁ = ਚਸ਼ਮਾ। ਝਰੈ = ਚੱਲ ਪੈਂਦਾ ਹੈ, ਫੁੱਟ ਪੈਂਦਾ ਹੈ। ਜਲ ਕੌ = ਪਾਣੀ ਨੂੰ। ਮੀਨੁ = ਮੱਛ, ਮੱਛੀ। ਸੈ = ਹੈ। ਥੇ = ਤੈਨੂੰ (ਹੇ ਪ੍ਰਭੂ!) । ਭਾਵੈ = ਚੰਗਾ ਲੱਗੇ।5।

ਅਰਥ: ਹੇ ਭਾਈ! (ਖਾਣ ਹੰਢਾਣ ਤੇ ਆਪਣੀ ਸੋਭਾ ਕਰਾਣ ਆਦਿਕ ਤੇ) ਔਖੇ ਜਾਲ ਵਿਚ ਮਨ ਅਜੇਹਾ ਫਸਦਾ ਹੈ (ਕਿ ਇਸ ਵਿਚੋਂ ਨਿਕਲਣਾ ਕਠਨ ਹੋ ਜਾਂਦਾ ਹੈ। ਸੰਸਾਰ-ਸਮੁੰਦਰ ਵਿਚ ਮਾਇਆ ਦੇ ਰਸਾਂ ਦੀਆਂ ਠਿੱਲਾਂ ਪੈ ਰਹੀਆਂ ਹਨ, ਇਸ) ਝਗੂਲੇ ਪਾਣੀ ਨੂੰ ਔਖਿਆਈ ਨਾਲ ਲੰਘ ਕੇ ਹੀ ਜਦੋਂ ਟਿਕਵੀਂ ਅਵਸਥਾ ਵਿਚ ਅਪੜੀਦਾ ਹੈ ਤਦੋਂ ਮਨੁੱਖ ਦੇ ਅੰਦਰ ਗਿਆਨ ਦਾ ਪ੍ਰਕਾਸ਼ ਹੁੰਦਾ ਹੈ।1। ਰਹਾਉ।

ਪ੍ਰਭੂ ਦਾ ਸਿਮਰਨ ਛੱਡ ਕੇ ਜਿਉਂ ਜਿਉਂ ਮਨੁੱਖ ਸੁਆਦਲੇ ਖਾਣੇ ਖਾਂਦਾ ਹੈ ਤਿਉਂ ਤਿਉਂ ਖਾਣ ਦੇ ਚਸਕੇ ਦੀ ਮੈਲ ਆਪਣੇ ਮਨ ਵਿਚ ਵਧਾਂਦਾ ਹੈ, (ਸੁੰਦਰ ਬਸਤ੍ਰ) ਪਹਿਨਣ ਦੇ ਰਸ ਵਿਚ ਫਸਿਆਂ ਭੀ ਮਨੁੱਖ ਦੇ ਆਤਮਕ ਜੀਵਨ ਨੂੰ ਹੀ ਘਾਟ ਪੈਂਦੀ ਹੈ। (ਆਪਣੇ ਆਪ ਨੂੰ ਵਡਿਆਉਣ ਦੇ) ਬੋਲ ਬੋਲ ਕੇ ਭੀ (ਦੂਜਿਆਂ ਨਾਲ) ਝਗੜਾ ਖੜਾ ਕਰ ਲੈਂਦਾ ਹੈ। (ਸੋ, ਹੇ ਭਾਈ! ਸਿਮਰਨ ਤੋਂ ਖੁੰਝ ਕੇ ਇਹੀ) ਸਮਝ ਕਿ ਮਨੁੱਖ ਜ਼ਹਿਰ (ਵਿਹਾਝਦਾ ਹੈ) ।1।

(ਮੋਹ ਦੇ ਜਾਲ ਵਿਚ ਫਸ ਕੇ) ਮਨੁੱਖ ਜੋ ਕੁਝ ਖਾਂਦਾ ਹੈ ਉਹ ਭੀ (ਆਤਮਕ ਜੀਵਨ ਲਈ) ਜ਼ਹਿਰ, ਜੋ ਕੁਝ ਬੋਲਦਾ ਹੈ ਉਹ ਭੀ ਜ਼ਹਿਰ, ਜੋ ਕੁਝ ਕਰਦਾ ਕਮਾਂਦਾ ਹੈ ਉਹ ਭੀ ਜ਼ਹਿਰ ਹੀ ਹੈ। (ਅਜੇਹੇ ਬੰਦੇ ਆਖ਼ਿਰ) ਜਮ ਰਾਜ ਦੇ ਬੂਹੇ ਤੇ ਬੱਧੇ ਹੋਏ (ਮਾਨਸਕ ਦੁੱਖਾਂ ਦੀ) ਮਾਰ ਖਾਂਦੇ ਹਨ। (ਇਹਨਾਂ ਮਾਨਸਕ ਦੁੱਖਾਂ ਤੋਂ) ਉਹੀ ਖ਼ਲਾਸੀ ਹਾਸਲ ਕਰਦਾ ਹੈ ਜੋ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਵਿਚ ਜੁੜਦਾ ਹੈ।2।

ਜਗਤ ਵਿਚ ਜਿਵੇਂ ਜੀਵ ਨੰਗਾ ਆਉਂਦਾ ਹੈ ਤਿਵੇਂ ਨੰਗਾ ਹੀ ਇਥੋਂ ਚਲਾ ਜਾਂਦਾ ਹੈ (ਪਰ ਮੋਹ ਦੇ ਕਰੜੇ ਜਾਲ ਵਿਚ ਫਸਿਆ ਰਹਿ ਕੇ ਇਥੋਂ) ਕੀਤੇ ਮੰਦੇ ਕਰਮਾਂ ਦੇ ਸੰਸਕਾਰ ਆਪਣੇ ਮਨ ਵਿਚ ਉੱਕਰ ਕੇ ਆਪਣੇ ਨਾਲ ਲੈ ਤੁਰਦਾ ਹੈ। (ਸਾਰੀ ਉਮਰ) ਆਪਣੇ ਮਨ ਦੇ ਪਿੱਛੇ ਤੁਰ ਕੇ (ਭਲੇ ਗੁਣਾਂ ਦੀ) ਰਾਸਿ-ਪੂੰਜੀ (ਜੋ ਥੋੜੀ ਬਹੁਤ ਪੱਲੇ ਸੀ ਇਥੇ ਹੀ) ਗਵਾ ਜਾਂਦਾ ਹੈ, ਤੇ ਪਰਮਾਤਮਾ ਦੀ ਦਰਗਾਹ ਵਿਚ ਇਸ ਨੂੰ ਸਜ਼ਾ ਮਿਲਦੀ ਹੈ।3।

ਜਗਤ (ਦਾ ਮੋਹ) ਖੋਟਾ ਹੈ (ਭਾਵ, ਮਨੁੱਖ ਦੇ ਮਨ ਨੂੰ ਖੋਟਾ ਮੈਲਾ ਬਣਾ ਦੇਂਦਾ ਹੈ) , ਪਰਮਾਤਮਾ ਦਾ ਸਦਾ-ਥਿਰ ਨਾਮ ਪਵਿਤ੍ਰ ਹੈ (ਮਨ ਨੂੰ ਭੀ ਪਵਿਤ੍ਰ ਕਰਦਾ ਹੈ) , (ਇਹ ਸੱਚਾ ਨਾਮ ਗੁਰੂ ਦੇ ਸ਼ਬਦ ਵਿਚ ਸੁਰਤਿ ਜੋੜਿਆਂ ਹੀ ਪ੍ਰਾਪਤ ਹੁੰਦਾ ਹੈ। (ਪਰ) ਅਜੇਹੇ ਬੰਦੇ ਕੋਈ ਵਿਰਲੇ ਵਿਰਲੇ ਹੀ ਲੱਭਦੇ ਹਨ ਜਿਨ੍ਹਾਂ ਨੇ ਆਪਣੇ ਹਿਰਦੇ ਵਿਚ ਪਰਮਾਤਮਾ ਨਾਲ ਜਾਣ-ਪਛਾਣ ਪਾਈ ਹੈ।4।

(ਮਾਇਆ ਦੇ ਮੋਹ ਦੀ ਸੱਟ ਸਹਾਰਨੀ ਬੜੀ ਔਖੀ ਖੇਡ ਹੈ, ਇਹ ਸੱਟ ਆਤਮਾ ਨੂੰ ਮਾਰ ਕੇ ਰੱਖ ਦੇਂਦੀ ਹੈ, ਪਰ ਜੇਹੜਾ ਕੋਈ) ਇਸ ਨਾਹ ਸਹਾਰੀ ਜਾਣ ਵਾਲੀ ਸੱਟ ਨੂੰ ਸਹਾਰ ਲੈਂਦਾ ਹੈ (ਉਸ ਦੇ ਅੰਦਰ) ਸਦਾ ਅਟੱਲ ਤੇ ਆਨੰਦ-ਸਰੂਪ ਪਰਮਾਤਮਾ (ਦੇ ਪਿਆਰ) ਦਾ ਚਸ਼ਮਾ ਫੁੱਟ ਪੈਂਦਾ ਹੈ।

ਹੇ ਪ੍ਰਭੂ! ਜਿਵੇਂ ਮੱਛੀ (ਵਧੀਕ ਵਧੀਕ) ਜਲ ਨੂੰ ਤਾਂਘਦੀ ਹੈ, ਜਿਵੇਂ (ਤੇਰਾ ਦਾਸ) ਨਾਨਕ (ਤੇਰੀ ਪ੍ਰੀਤਿ ਲੋੜਦਾ ਹੈ) ਤੇਰੀ ਮੇਹਰ ਹੋਵੇ, ਤਾਂ ਤੂੰ ਆਪਣਾ ਪਿਆਰ (ਮੇਰੇ ਹਿਰਦੇ ਵਿਚ) ਟਿਕਾਈ ਰੱਖ (ਤਾ ਕਿ ਨਾਨਕ ਮਾਇਆ ਦੇ ਮੋਹ-ਜਾਲ ਵਿਚ ਫਸਣੋਂ ਬਚਿਆ ਰਹੇ) ।5।13।

ਪ੍ਰਭਾਤੀ ਮਹਲਾ ੧ ॥ ਗੀਤ ਨਾਦ ਹਰਖ ਚਤੁਰਾਈ ॥ ਰਹਸ ਰੰਗ ਫੁਰਮਾਇਸਿ ਕਾਈ ॥ ਪੈਨ੍ਹ੍ਹਣੁ ਖਾਣਾ ਚੀਤਿ ਨ ਪਾਈ ॥ ਸਾਚੁ ਸਹਜੁ ਸੁਖੁ ਨਾਮਿ ਵਸਾਈ ॥੧॥ ਕਿਆ ਜਾਨਾਂ ਕਿਆ ਕਰੈ ਕਰਾਵੈ ॥ ਨਾਮ ਬਿਨਾ ਤਨਿ ਕਿਛੁ ਨ ਸੁਖਾਵੈ ॥੧॥ ਰਹਾਉ ॥ ਜੋਗ ਬਿਨੋਦ ਸ੍ਵਾਦ ਆਨੰਦਾ ॥ ਮਤਿ ਸਤ ਭਾਇ ਭਗਤਿ ਗੋਬਿੰਦਾ ॥ ਕੀਰਤਿ ਕਰਮ ਕਾਰ ਨਿਜ ਸੰਦਾ ॥ ਅੰਤਰਿ ਰਵਤੌ ਰਾਜ ਰਵਿੰਦਾ ॥੨॥ ਪ੍ਰਿਉ ਪ੍ਰਿਉ ਪ੍ਰੀਤਿ ਪ੍ਰੇਮਿ ਉਰ ਧਾਰੀ ॥ ਦੀਨਾ ਨਾਥੁ ਪੀਉ ਬਨਵਾਰੀ ॥ ਅਨਦਿਨੁ ਨਾਮੁ ਦਾਨੁ ਬ੍ਰਤਕਾਰੀ ॥ ਤ੍ਰਿਪਤਿ ਤਰੰਗ ਤਤੁ ਬੀਚਾਰੀ ॥੩॥ ਅਕਥੌ ਕਥਉ ਕਿਆ ਮੈ ਜੋਰੁ ॥ ਭਗਤਿ ਕਰੀ ਕਰਾਇਹਿ ਮੋਰ ॥ ਅੰਤਰਿ ਵਸੈ ਚੂਕੈ ਮੈ ਮੋਰ ॥ ਕਿਸੁ ਸੇਵੀ ਦੂਜਾ ਨਹੀ ਹੋਰੁ ॥੪॥ ਗੁਰ ਕਾ ਸਬਦੁ ਮਹਾ ਰਸੁ ਮੀਠਾ ॥ ਐਸਾ ਅੰਮ੍ਰਿਤੁ ਅੰਤਰਿ ਡੀਠਾ ॥ ਜਿਨਿ ਚਾਖਿਆ ਪੂਰਾ ਪਦੁ ਹੋਇ ॥ ਨਾਨਕ ਧ੍ਰਾਪਿਓ ਤਨਿ ਸੁਖੁ ਹੋਇ ॥੫॥੧੪॥ {ਪੰਨਾ 1331}

ਪਦ ਅਰਥ: ਨਾਦ = ਆਵਾਜ਼। ਗੀਤ ਨਾਦ = ਗੀਤ ਗਾਣੇ। ਹਰਖ = ਖ਼ੁਸ਼ੀਆਂ। ਰਹਸ = ਅਨੰਦ, ਚਾਉ। ਫੁਰਮਾਇਸਿ = ਹਕੂਮਤ। ਕਾਈ = ਕੋਈ ਭੀ ਚੀਜ਼। ਕਾਈ ਚੀਤਿ ਨ ਪਾਈ = ਕੁਝ ਭੀ ਚਿੱਤ ਵਿਚ ਨਹੀਂ ਪੈਂਦੀ, ਕੁਝ ਭੀ ਚਿੱਤ ਨੂੰ ਚੰਗਾ ਨਹੀਂ ਲੱਗਦਾ। ਸਹਜੁ = ਅਡੋਲ ਅਵਸਥਾ। ਵਸਾਈ = (ਜਿਤਨਾ ਚਿਰ) ਮੈਂ (ਆਪਣੇ ਮਨ ਨੂੰ) ਵਸਾਂਦਾ ਹਾਂ।1।

ਕਿਆ ਜਾਨਾਂ = ਮੈਂ ਕੀਹ ਜਾਣਦਾ ਹਾਂ? ਤਨਿ = ਸਰੀਰ ਵਿਚ।1। ਰਹਾਉ।

ਬਿਨੋਦ = ਕੌਤਕ। ਭਾਇ = ਪ੍ਰੇਮ ਦੀ ਰਾਹੀਂ। ਸਤ ਭਾਇ = ਸੱਚੇ ਪ੍ਰੇਮ ਦੀ ਰਾਹੀਂ। ਕੀਰਤਿ = ਸਿਫ਼ਤਿ-ਸਾਲਾਹ। ਕਰਮ ਕਾਰ = ਨਿੱਤ ਦੀ ਕਾਰ। ਨਿਜ ਸੰਦਾ = ਮੇਰੀ ਆਪਣੀ। ਸੰਦਾ = ਦਾ। ਰਵਤੌ = ਰਮ ਰਿਹਾ ਹੈ, ਪਰਗਟ ਹੋ ਰਿਹਾ ਹੈ। ਰਾਜ = ਪ੍ਰਕਾਸ਼। ਰਾਜ ਰਵੰਦਾ = ਚਨਣਾ ਕਰ ਰਿਹਾ ਹੈ।2।

ਪ੍ਰੇਮਿ = ਪ੍ਰੇਮ ਦੀ ਰਾਹੀਂ। ਉਰ ਧਾਰੀ = ਮੈਂ ਹਿਰਦੇ ਵਿਚ ਟਿਕਾ ਰਿਹਾ ਹਾਂ। ਪੀਉ = ਪਤੀ-ਪ੍ਰਭੂ। ਬਨਵਾਰੀ = ਜਗਤ ਦਾ ਮਾਲਕ। ਅਨਦਿਨੁ = ਹਰ ਰੋਜ਼। ਬ੍ਰਤ ਕਾਰੀ = ਬ੍ਰਤ ਕਰ ਰਿਹਾ ਹਾਂ, ਨੇਮ ਨਿਬਾਹ ਰਿਹਾ ਹਾਂ। ਤਰੰਗ = ਮਾਇਆ ਦੇ ਮੋਹ ਦੀਆਂ ਲਹਿਰਾਂ। ਤਤੁ = ਜਗਤ ਦਾ ਮੂਲ ਪ੍ਰਭੂ।3।

ਅਕਥੌ = ਜਿਸ ਦੇ ਗੁਣ ਕਥੇ ਨਹੀਂ ਜਾ ਸਕਦੇ। ਕਥਉ = ਮੈਂ ਬਿਆਨ ਕਰ ਸਕਾਂ। ਮੋਰ = ਮੈਥੋਂ। ਕਰੀ = ਮੈਂ ਕਰਾਂ। ਮੈ ਮੋਰ = ਮੈਂ ਮੇਰੀ।4।

ਜਿਨਿ = ਜਿਸ ਮਨੁੱਖ ਨੇ। ਪਦੁ = ਆਤਮਕ ਦਰਜਾ। ਧ੍ਰਾਪਿਓ = ਰੱਜ ਗਿਆ।5।

ਅਰਥ: ਮੈਨੂੰ ਇਹ ਸਮਝ ਨਹੀਂ ਕਿ (ਮੇਰਾ ਸਿਰਜਣਹਾਰ ਮੇਰੇ ਵਾਸਤੇ) ਕੀਹ ਕੁਝ ਕਰ ਰਿਹਾ ਤੇ (ਮੈਥੋਂ) ਕੀ ਕਰਾ ਰਿਹਾ ਹੈ। (ਪਰ ਮੈਂ ਇਹ ਸਮਝਦਾ ਹਾਂ ਕਿ) ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੁਝ ਭੀ ਮੇਰੇ ਹਿਰਦੇ ਵਿਚ ਚੰਗਾ ਨਹੀਂ ਲਗਦਾ।1। ਰਹਾਉ।

ਦੁਨੀਆ ਵਾਲੇ ਗੀਤ ਗਾਣੇ, ਦੁਨੀਆ ਵਾਲੀਆਂ ਖ਼ੁਸ਼ੀਆਂ ਤੇ ਚਤੁਰਾਈਆਂ, ਦੁਨੀਆ ਵਾਲੇ ਚਾਉ ਮਲ੍ਹਾਰ ਤੇ ਹਕੂਮਤਾਂ, ਅਨੇਕਾਂ ਪਦਾਰਥ ਖਾਣੇ ਤੇ ਸੁੰਦਰ ਬਸਤ੍ਰ ਪਹਿਨਣੇ = (ਇਹਨਾਂ ਵਿਚੋਂ) ਕੁਝ ਭੀ ਮੇਰੇ ਚਿੱਤ ਵਿਚ ਨਹੀਂ ਭਾਉਂਦਾ। (ਜਿਤਨਾ ਚਿਰ) ਸਿਮਰਨ ਦੀ ਰਾਹੀਂ ਮੈਂ (ਪਰਮਾਤਮਾ ਨੂੰ ਆਪਣੇ ਹਿਰਦੇ ਵਿਚ) ਵਸਾਂਦਾ ਹਾਂ, ਮੇਰੇ ਅੰਦਰ ਅਟੱਲ ਅਡੋਲਤਾ ਬਣੀ ਰਹਿੰਦੀ ਹੈ, ਮੇਰੇ ਅੰਦਰ ਸੁਖ ਬਣਿਆ ਰਹਿੰਦਾ ਹੈ।1।

(ਪ੍ਰਭੂ-ਚਰਨਾਂ ਦੇ) ਸੱਚੇ ਪ੍ਰੇਮ ਦੀ ਬਰਕਤਿ ਨਾਲ ਮੇਰੀ ਮਤਿ ਵਿਚ ਗੋਬਿੰਦ ਦੀ ਭਗਤੀ ਟਿਕੀ ਹੋਈ ਹੈ, ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨੀ ਹੀ ਮੇਰੀ ਆਪਣੀ ਨਿੱਤ ਦੀ ਕਾਰ ਬਣ ਗਈ ਹੈ, ਇਸੇ ਵਿਚੋਂ ਮੈਨੂੰ ਜੋਗ ਦੇ ਕੌਤਕਾਂ ਦੇ ਸੁਆਦ ਤੇ ਆਨੰਦ ਆ ਰਹੇ ਹਨ। (ਸਾਰੇ ਜਗਤ ਵਿਚ) ਪ੍ਰਕਾਸ਼ ਕਰਨ ਵਾਲਾ ਪ੍ਰਭੂ ਮੇਰੇ ਹਿਰਦੇ ਵਿਚ ਹਰ ਵੇਲੇ ਹੁਲਾਰੇ ਦੇ ਰਿਹਾ ਹੈ।2।

ਪ੍ਰਭੂ ਦੇ ਪ੍ਰੇਮ ਵਿਚ (ਜੁੜ ਕੇ) ਮੈਂ ਉਸ ਪਿਆਰੇ ਨੂੰ ਨਿਤ ਪੁਕਾਰਦਾ ਹਾਂ, ਉਸ ਦੀ ਪ੍ਰੀਤਿ ਮੈਂ ਆਪਣੇ ਹਿਰਦੇ ਵਿਚ ਟਿਕਾਂਦਾ ਹਾਂ। (ਮੈਨੂੰ ਯਕੀਨ ਬਣ ਗਿਆ ਹੈ ਕਿ) ਉਹ ਦੀਨਾਂ ਦਾ ਨਾਥ ਹੈ, ਉਹ ਸਭ ਦਾ ਪਤੀ ਹੈ; ਉਹ ਜਗਤ ਦਾ ਮਾਲਕ ਹੈ। ਹਰ ਰੋਜ਼ (ਹਰ ਵੇਲੇ) ਉਸ ਦਾ ਨਾਮ ਸਿਮਰਨਾ ਤੇ ਹੋਰਨਾਂ ਨੂੰ ਸਿਮਰਨ ਲਈ ਪ੍ਰੇਰਨਾ = ਇਹ ਨੇਮ ਮੈਂ ਸਦਾ ਨਿਬਾਹ ਰਿਹਾ ਹਾਂ। ਜਿਉਂ ਜਿਉਂ ਮੈਂ ਜਗਤ ਦੇ ਮੂਲ ਪ੍ਰਭੂ (ਦੇ ਗੁਣਾਂ) ਨੂੰ ਵਿਚਾਰਦਾ ਹਾਂ; ਮਾਇਆ ਦੇ ਮੋਹ ਦੀਆਂ ਲਹਿਰਾਂ ਵਲੋਂ ਮੈਂ ਤ੍ਰਿਪਤ ਹੁੰਦਾ ਜਾ ਰਿਹਾ ਹਾਂ।3।

ਹੇ ਪ੍ਰਭੂ! ਤੇਰੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ। ਮੇਰੀ ਕੀਹ ਤਾਕਤ ਹੈ ਕਿ ਮੈਂ ਤੇਰੇ ਗੁਣ ਬਿਆਨ ਕਰਾਂ? ਜਦੋਂ ਤੂੰ ਮੈਥੋਂ ਆਪਣੀ ਭਗਤੀ ਕਰਾਂਦਾ ਹੈਂ ਤਦੋਂ ਹੀ ਮੈਂ ਕਰ ਸਕਦਾ ਹਾਂ। ਜਦੋਂ ਤੇਰਾ ਨਾਮ ਮੇਰੇ ਅੰਦਰ ਆ ਵੱਸਦਾ ਹੈ ਤਾਂ (ਮੇਰੇ ਅੰਦਰੋਂ) 'ਮੈਂ ਮੇਰੀ' ਮੁੱਕ ਜਾਂਦੀ ਹੈ (ਹਉਮੈ ਤੇ ਮਮਤਾ ਦੋਵੇਂ ਨਾਸ ਹੋ ਜਾਂਦੀਆਂ ਹਨ) ਤੈਥੋਂ ਬਿਨਾ ਮੈਂ ਕਿਸੇ ਹੋਰ ਦੀ ਭਗਤੀ ਨਹੀਂ ਕਰ ਸਕਦਾ, ਮੈਨੂੰ ਤੇਰੇ ਵਰਗਾ ਕੋਈ ਹੋਰ ਦਿੱਸਦਾ ਹੀ ਨਹੀਂ।4।

(ਹੇ ਪ੍ਰਭੂ! ਤੇਰੀ ਮੇਹਰ ਨਾਲ) ਤੇਰਾ ਨਾਮ-ਅੰਮ੍ਰਿਤ ਮੇਰੇ ਅੰਦਰ ਅਜੇਹਾ ਪਰਗਟ ਹੋ ਗਿਆ ਹੈ ਕਿ ਗੁਰੂ ਦਾ ਸ਼ਬਦ (ਜਿਸ ਦੀ ਰਾਹੀਂ ਤੇਰਾ ਨਾਮ-ਅੰਮ੍ਰਿਤ ਮਿਲਦਾ ਹੈ) ਮੈਨੂੰ ਮਿੱਠਾ ਲੱਗ ਰਿਹਾ ਹੈ ਮੈਨੂੰ ਹੋਰ ਸਾਰੇ ਰਸਾਂ ਨਾਲੋਂ ਸ਼ਿਰੋਮਣੀ ਰਸ ਜਾਪ ਰਿਹਾ ਹੈ।

ਹੇ ਨਾਨਕ! ਜਿਸ ਮਨੁੱਖ ਨੇ ਪ੍ਰਭੂ ਦਾ ਨਾਮ-ਰਸ ਚੱਖਿਆ ਹੈ ਉਸ ਨੂੰ ਪੂਰਨ ਆਤਮਕ ਅਵਸਥਾ ਦਾ ਦਰਜਾ ਮਿਲ ਜਾਂਦਾ ਹੈ, ਉਹ ਦੁਨੀਆ ਦੇ ਪਦਾਰਥਾਂ ਵਲੋਂ ਰੱਜ ਜਾਂਦਾ ਹੈ, ਉਸ ਦੇ ਹਿਰਦੇ ਵਿਚ ਆਤਮਕ ਸੁਖ ਬਣਿਆ ਰਹਿੰਦਾ ਹੈ।5।14।

ਪ੍ਰਭਾਤੀ ਮਹਲਾ ੧ ॥ ਅੰਤਰਿ ਦੇਖਿ ਸਬਦਿ ਮਨੁ ਮਾਨਿਆ ਅਵਰੁ ਨ ਰਾਂਗਨਹਾਰਾ ॥ ਅਹਿਨਿਸਿ ਜੀਆ ਦੇਖਿ ਸਮਾਲੇ ਤਿਸ ਹੀ ਕੀ ਸਰਕਾਰਾ ॥੧॥ ਮੇਰਾ ਪ੍ਰਭੁ ਰਾਂਗਿ ਘਣੌ ਅਤਿ ਰੂੜੌ ॥ ਦੀਨ ਦਇਆਲੁ ਪ੍ਰੀਤਮ ਮਨਮੋਹਨੁ ਅਤਿ ਰਸ ਲਾਲ ਸਗੂੜੌ ॥੧॥ ਰਹਾਉ ॥ ਊਪਰਿ ਕੂਪੁ ਗਗਨ ਪਨਿਹਾਰੀ ਅੰਮ੍ਰਿਤੁ ਪੀਵਣਹਾਰਾ ॥ ਜਿਸ ਕੀ ਰਚਨਾ ਸੋ ਬਿਧਿ ਜਾਣੈ ਗੁਰਮੁਖਿ ਗਿਆਨੁ ਵੀਚਾਰਾ ॥੨॥ ਪਸਰੀ ਕਿਰਣਿ ਰਸਿ ਕਮਲ ਬਿਗਾਸੇ ਸਸਿ ਘਰਿ ਸੂਰੁ ਸਮਾਇਆ ॥ ਕਾਲੁ ਬਿਧੁੰਸਿ ਮਨਸਾ ਮਨਿ ਮਾਰੀ ਗੁਰ ਪ੍ਰਸਾਦਿ ਪ੍ਰਭੁ ਪਾਇਆ ॥੩॥ ਅਤਿ ਰਸਿ ਰੰਗਿ ਚਲੂਲੈ ਰਾਤੀ ਦੂਜਾ ਰੰਗੁ ਨ ਕੋਈ ॥ ਨਾਨਕ ਰਸਨਿ ਰਸਾਏ ਰਾਤੇ ਰਵਿ ਰਹਿਆ ਪ੍ਰਭੁ ਸੋਈ ॥੪॥੧੫॥ {ਪੰਨਾ 1331-1332}

ਪਦ ਅਰਥ: ਦੇਖਿ = ਵੇਖ ਕੇ। ਸਬਦਿ = ਗੁਰੂ ਦੇ ਸ਼ਬਦ ਵਿਚ (ਜੁੜ ਕੇ) । ਅਹਿ = ਦਿਨ। ਨਿਸਿ = ਰਾਤ। ਸਮਾਲੇ = ਸੰਭਾਲ ਕਰਦਾ ਹੈ। ਤਿਸ ਹੀ ਕੀ = ਉਸ (ਪਰਮਾਤਮਾ) ਦੀ ਹੀ। ਸਰਕਾਰ = ਹਕੂਮਤ, ਬਾਦਸ਼ਾਹੀ।1।

ਰਾਂਗਿ = ਰੰਗ ਵਾਲਾ। ਰਾਂਗਿ ਘਣੌ = ਗੂੜ੍ਹੇ ਰੰਗ ਵਾਲਾ। ਰੂੜੌ = ਸੋਹਣਾ। ਲਾਲ ਸਗੂੜੌ = ਗੂੜ੍ਹੇ ਨਾਲ ਰੰਗ ਵਾਲਾ। ਅਤਿ ਰਸ = ਬਹੁਤ ਰਸ ਵਾਲਾ, ਰਸਾਂ ਦਾ ਸੋਮਾ, ਪ੍ਰੇਮ ਦਾ ਸੋਮਾ।1। ਰਹਾਉ।

ਊਪਰਿ = ਉਤਾਂਹ, ਸਭ ਤੋਂ ਉੱਚਾ। ਕੂਪੁ = ਖੂਹ, ਅੰਮ੍ਰਿਤ ਦਾ ਖੂਹ, ਨਾਮ-ਅੰਮ੍ਰਿਤ ਦਾ ਸੋਮਾ-ਪਰਮਾਤਮਾ। ਗਗਨ = ਆਕਾਸ਼, ਚਿਦਾਕਾਸ਼, ਦਸਵਾਂ ਦੁਆਰ। ਗਗਨ ਪਨਿਹਾਰੀ = ਗਗਨ ਦਾ ਪਨਿਹਾਰੀ, ਗਗਨ ਦਾ ਪਾਣੀ ਭਰਨ ਵਾਲਾ, ਉੱਚੀ ਬ੍ਰਿਤੀ ਵਾਲਾ। ਬਿਧਿ = ਤਰੀਕਾ, ਨਾਮ-ਅੰਮ੍ਰਿਤ ਪਿਲਾਣ ਦਾ ਤਰੀਕਾ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਗਿਆਨੁ = ਜਾਣ-ਪਛਾਣ, ਡੂੰਘੀ ਸਾਂਝ।2।

ਪਸਾਰੀ = ਖਿਲਾਰੀ। ਰਸਿ = ਰਸ ਨਾਲ, ਆਨੰਦ ਨਾਲ। ਬਿਗਾਸੇ = ਖਿੜਦੇ ਹਨ। ਸਸਿ = ਚੰਦ੍ਰਮਾ, ਸੀਤਲਤਾ; ਮਨ ਦੀ ਸ਼ਾਂਤ ਅਵਸਥਾ। ਸਸਿ ਘਰਿ = ਚੰਦ੍ਰਮਾ ਦੇ ਘਰ ਵਿਚ। ਸੂਰੁ = ਸੂਰਜ, ਤਪਸ਼, ਤਾਮਸੀ ਸੁਭਾਉ। ਕਾਲੁ = ਮੌਤ (ਦਾ ਡਰ) । ਬਿਧੁੰਸਿ = ਮਾਰ ਕੇ। ਮਨਸਾ = ਮਨ ਦਾ ਫੁਰਨਾ, ਮਾਇਕ ਫੁਰਨਾ। ਮਨਿ = ਮਨ ਵਿਚ।3।

ਰਸਿ = ਰਸ ਵਿਚ, ਪਿਆਰ ਵਿਚ, ਆਨੰਦ ਵਿਚ। ਚਲੂਲੈ ਰੰਗਿ = ਗੂੜ੍ਹੇ ਰੰਗ ਵਿਚ। ਰਾਤੀ = ਰੰਗੀ ਹੋਈ। ਰਸਨਿ = ਜੀਭ। ਰਸਾਏ = ਜਿਨ੍ਹਾਂ ਨੇ ਰਸ ਵਾਲੀ ਬਣਾਇਆ ਹੈ।4।

ਅਰਥ: ਮੇਰਾ ਪ੍ਰਭੂ ਬੜੇ ਗੂੜ੍ਹੇ ਪ੍ਰੇਮ-ਰੰਗ ਵਾਲਾ ਹੈ ਬੜਾ ਸੋਹਣਾ ਹੈ ਦੀਨਾਂ ਉਤੇ ਦਇਆ ਕਰਨ ਵਾਲਾ ਹੈ, ਸਭ ਦਾ ਪਿਆਰਾ ਹੈ, ਸਭ ਦੇ ਮਨ ਨੂੰ ਮੋਹਣ ਵਾਲਾ ਹੈ, ਪ੍ਰੇਮ ਦਾ ਸੋਮਾ ਹੈ, ਪ੍ਰੇਮ ਦੇ ਗੂੜ੍ਹੇ ਲਾਲ ਰੰਗ ਵਿਚ ਰੰਗਿਆ ਹੋਇਆ ਹੈ।1। ਰਹਾਉ।

(ਜੀਵਾਂ ਦੇ ਮਨਾਂ ਉਤੇ ਪ੍ਰੇਮ ਦਾ) ਰੰਗ ਚਾੜ੍ਹਨ ਵਾਲਾ (ਪ੍ਰੇਮ ਦੇ ਸੋਮੇ ਪਰਮਾਤਮਾ ਤੋਂ ਬਿਨਾ) ਕੋਈ ਹੋਰ ਨਹੀਂ ਹੈ, (ਉਸੇ ਦੀ ਮੇਹਰ ਨਾਲ) ਗੁਰੂ ਦੇ ਸ਼ਬਦ ਵਿਚ ਜੁੜ ਕੇ ਪ੍ਰਭੂ ਨੂੰ ਆਪਣੇ ਹਿਰਦੇ ਵਿਚ (ਵੱਸਦਾ) ਵੇਖ ਕੇ ਜੀਵ ਦਾ ਮਨ ਉਸ ਦੇ ਪ੍ਰੇਮ-ਰੰਗ ਨੂੰ ਕਬੂਲ ਕਰ ਲੈਂਦਾ ਹੈ। (ਪ੍ਰੇਮ ਦਾ ਸੋਮਾ) ਪ੍ਰਭੂ ਦਿਨ ਰਾਤ ਗਹੁ ਨਾਲ ਜੀਵਾਂ ਦੀ ਸੰਭਾਲ ਕਰਦਾ ਹੈ, ਉਸੇ ਦੀ ਹੀ ਸਾਰੀ ਸ੍ਰਿਸ਼ਟੀ ਵਿਚ ਬਾਦਸ਼ਾਹੀ ਹੈ (ਪ੍ਰੇਮ ਦੀ ਦਾਤਿ ਉਸ ਦੇ ਆਪਣੇ ਹੀ ਹੱਥ ਵਿਚ ਹੈ) ।1।

ਨਾਮ-ਅੰਮ੍ਰਿਤ ਦਾ ਸੋਮਾ ਪਰਮਾਤਮਾ ਸਭ ਤੋਂ ਉੱਚਾ ਹੈ; ਉੱਚੀ ਬ੍ਰਿਤੀ ਵਾਲਾ ਜੀਵ ਹੀ (ਉਸ ਦੀ ਮੇਹਰ ਨਾਲ) ਨਾਮ-ਅੰਮ੍ਰਿਤ ਪੀ ਸਕਦਾ ਹੈ। ਨਾਮ-ਅੰਮ੍ਰਿਤ ਪਿਲਾਣ ਦਾ ਤਰੀਕਾ (ਭੀ) ਉਹ ਪਰਮਾਤਮਾ ਆਪ ਹੀ ਜਾਣਦਾ ਹੈ ਜਿਸ ਦੀ ਰਚੀ ਹੋਈ ਇਹ ਸ੍ਰਿਸ਼ਟੀ ਹੈ। (ਉਸ ਤਰੀਕੇ ਅਨੁਸਾਰ ਪ੍ਰਭੂ ਦੀ ਮੇਹਰ ਨਾਲ) ਜੀਵ ਗੁਰੂ ਦੀ ਸਰਨ ਪੈ ਕੇ ਪ੍ਰਭੂ ਨਾਲ ਡੂੰਘੀ ਸਾਂਝ ਪਾਂਦਾ ਹੈ ਤੇ ਉਸ ਦੇ ਗੁਣਾਂ ਦੀ ਵਿਚਾਰ ਕਰਦਾ ਹੈ।2।

ਜਿਵੇਂ ਸੂਰਜ ਦੀਆਂ ਕਿਰਨਾਂ ਖਿਲਰਿਆਂ ਕੌਲ ਫੁਲ ਖਿੜ ਪੈਂਦੇ ਹਨ ਤਿਵੇਂ ਪ੍ਰਭੂ ਦੀ ਜੋਤਿ-ਕਿਰਨ ਦਾ ਪ੍ਰਕਾਸ਼ ਹੋਇਆਂ ਮਨੁੱਖ ਦਾ ਮਨ ਨਾਮ-ਅੰਮ੍ਰਿਤ ਦੇ ਰਸ ਨਾਲ ਖਿੜ ਪੈਂਦਾ ਹੈ (ਮਨ ਸ਼ਾਂਤ ਅਵਸਥਾ ਪ੍ਰਾਪਤ ਕਰ ਲੈਂਦਾ ਹੈ, ਤੇ ਉਸ) ਸ਼ਾਂਤ ਅਵਸਥਾ ਵਿਚ ਮਨੁੱਖ ਦਾ ਤਾਮਸੀ ਸੁਭਾਉ ਸਮਾ ਜਾਂਦਾ ਹੈ। ਮਨੁੱਖ ਮੌਤ ਦੇ ਡਰ ਨੂੰ ਮੁਕਾ ਕੇ ਮਾਇਕ ਫੁਰਨੇ ਆਪਣੇ ਮਨ ਵਿਚ ਹੀ ਮਾਰ ਦੇਂਦਾ ਹੈ, ਤੇ ਗੁਰੂ ਦੀ ਮੇਹਰ ਨਾਲ ਪਰਮਾਤਮਾ ਨੂੰ (ਆਪਣੇ ਅੰਦਰ ਹੀ) ਲੱਭ ਲੈਂਦਾ ਹੈ।3।

ਜਿਨ੍ਹਾਂ ਮਨੁੱਖਾਂ ਦੀ ਜੀਭ ਪ੍ਰੇਮ ਦੇ ਸੋਮੇ ਪ੍ਰਭੂ ਵਿਚ ਪ੍ਰਭੂ ਦੇ ਗੂੜ੍ਹੇ ਪਿਆਰ-ਰੰਗ ਵਿਚ ਰੰਗੀ ਜਾਂਦੀ ਹੈ, ਉਹਨਾਂ ਨੂੰ ਮਾਇਆ ਦੇ ਮੋਹ ਦਾ ਰੰਗ ਪੋਹ ਨਹੀਂ ਸਕਦਾ।

ਹੇ ਨਾਨਕ! ਜਿਨ੍ਹਾਂ ਨੇ ਜੀਭ ਨੂੰ ਨਾਮ-ਰਸ ਨਾਲ ਰਸਾਇਆ ਹੈ, ਉਹ ਪ੍ਰਭੂ-ਪ੍ਰੇਮ ਵਿਚ ਰੱਤੇ ਗਏ ਹਨ, ਉਹਨਾਂ ਨੂੰ ਪਰਮਾਤਮਾ ਹਰ ਥਾਂ ਵਿਆਪਕ ਦਿੱਸਦਾ ਹੈ।4।15।

TOP OF PAGE

Sri Guru Granth Darpan, by Professor Sahib Singh