ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1364

Extra text associated with this page

ਸਾਗਰ ਮੇਰ ਉਦਿਆਨ ਬਨ ਨਵ ਖੰਡ ਬਸੁਧਾ ਭਰਮ ॥ ਮੂਸਨ ਪ੍ਰੇਮ ਪਿਰੰਮ ਕੈ ਗਨਉ ਏਕ ਕਰਿ ਕਰਮ ॥੩॥ ਮੂਸਨ ਮਸਕਰ ਪ੍ਰੇਮ ਕੀ ਰਹੀ ਜੁ ਅੰਬਰੁ ਛਾਇ ॥ ਬੀਧੇ ਬਾਂਧੇ ਕਮਲ ਮਹਿ ਭਵਰ ਰਹੇ ਲਪਟਾਇ ॥੪॥ ਜਪ ਤਪ ਸੰਜਮ ਹਰਖ ਸੁਖ ਮਾਨ ਮਹਤ ਅਰੁ ਗਰਬ ॥ ਮੂਸਨ ਨਿਮਖਕ ਪ੍ਰੇਮ ਪਰਿ ਵਾਰਿ ਵਾਰਿ ਦੇਂਉ ਸਰਬ ॥੫॥ ਮੂਸਨ ਮਰਮੁ ਨ ਜਾਨਈ ਮਰਤ ਹਿਰਤ ਸੰਸਾਰ ॥ ਪ੍ਰੇਮ ਪਿਰੰਮ ਨ ਬੇਧਿਓ ਉਰਝਿਓ ਮਿਥ ਬਿਉਹਾਰ ॥੬॥ ਘਬੁ ਦਬੁ ਜਬ ਜਾਰੀਐ ਬਿਛੁਰਤ ਪ੍ਰੇਮ ਬਿਹਾਲ ॥ ਮੂਸਨ ਤਬ ਹੀ ਮੂਸੀਐ ਬਿਸਰਤ ਪੁਰਖ ਦਇਆਲ ॥੭॥ {ਪੰਨਾ 1364}

ਪਦ ਅਰਥ:- ਸਾਗਰ = ਸਮੁੰਦਰ। ਮੇਰ = ਸੁਮੇਰ ਆਦਿਕ ਪਹਾੜ। ਉਦਿਆਨ = ਜੰਗਲ। ਬਨ = ਜੰਗਲ। ਬਸੁਧਾ = ਧਰਤੀ। ਨਵ ਖੰਡ = ਨੌ ਟੋਟੇ, ਨੌ ਹਿੱਸੇ। ਨਵ ਖੰਡ ਬਸੁਧਾ = ਨੌ ਹਿੱਸਿਆਂ ਵਾਲੀ ਧਰਤੀ, ਸਾਰੀ ਧਰਤੀ। ਭਰਮ = ਭ੍ਰਮਣ, ਤੁਰੇ ਫਿਰਨਾ। ਮੂਸਨ = (मुष् = to steal, to rob, ਲੁੱਟ ਲੈਣਾ) ਹੇ ਲੁੱਟੇ ਜਾ ਰਹੇ ਮਨੁੱਖ! ਆਤਮਕ ਸਰਮਾਇਆ ਲੁਟਾ ਰਹੇ ਹੇ ਮਨੁੱਖ! ਪਿਰੰਮ ਕੈ = ਪਿਆਰੇ ਦੇ (ਰਸਤੇ) ਵਿਚ। ਪ੍ਰੇਮ ਪਿਰੰਮ ਕੈ = ਪਿਆਰੇ ਦੇ ਪ੍ਰੇਮ ਦੇ ਰਸਤੇ ਵਿਚ। ਗਨਉ = ਗਨਉਂ, ਮੈਂ ਗਿਣਦਾ ਹਾਂ। ਕਰਮ = ਕਦਮ। ਕਰਿ = ਕਰ ਕੇ। ਏਕ ਕਰਿ ਕਰਮ = ਇਕ ਕਦਮ ਕਰ ਕੇ, ਇਕ ਕਦਮ ਦੇ ਬਰਾਬਰ।3।

ਮਸਕਰ = ਚਾਂਦਨੀ (मस्करी = ਚੰਦ੍ਰਮਾ) , ਚੰਦ ਦੀ ਚਾਨਣੀ। ਅੰਬਰੁ = ਆਕਾਸ਼। ਛਾਇ ਰਹੀ = ਛਾ ਰਹੀ ਹੈ, ਢਕ ਰਹੀ ਹੈ, ਖਿਲਰ ਰਹੀ ਹੈ। ਬੀਧੇ = ਵਿੱਝੇ ਹੋਏ। ਬਾਂਧੇ = ਬੱਝੇ ਹੋਏ। ਰਹੇ ਲਪਟਾਇ = ਲਪਟ ਰਹੇ ਹਨ।4।

ਜਪ = ਮੰਤ੍ਰਾਂ ਦੇ ਜਾਪ। ਤਪ = ਧੂਣੀਆਂ ਤਪਾਣੀਆਂ। ਸੰਜਮ = ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਹਟਾਣ ਦੇ ਜਤਨ। ਹਰਖ = ਖ਼ੁਸ਼ੀ। ਮਾਨ = ਇੱਜ਼ਤ। ਮਹਤ = ਵਡਿਆਈ। ਅਰੁ = ਅਤੇ। ਗਰਬ = ਅਹੰਕਾਰ। ਮੂਸਨ = (ਇਹਨਾਂ ਜਪ ਤਪ ਆਦਿਕਾਂ ਦੇ ਜਾਲ ਵਿਚ ਫਸ ਕੇ) ਹੇ ਸਰਮਾਇਆ ਲੁਟਾ ਰਹੇ ਹੇ ਮਨੁੱਖ! ਨਿਮਖਕ = ਅੱਖ ਝਮਕਣ ਜਿਤਨੇ ਸਮੇ ਲਈ। ਪਰਿ = ਤੋਂ, ਉੱਤੋਂ। ਵਾਰਿ ਦੇਂਉ = ਮੈਂ ਕੁਰਬਾਨ ਕਰਦਾ ਹਾਂ।5।

ਮਰਮੁ = ਭੇਤ। ਜਾਨਈ = ਜਾਨੈ, ਜਾਣਦਾ। ਮਰਤ = ਆਤਮਕ ਮੌਤੇ ਮਰ ਰਿਹਾ। ਹਿਰਤ = ਲੁੱਟਿਆ ਜਾ ਰਿਹਾ। ਪ੍ਰੇਮ ਪਿਰੰਮ = ਪਿਆਰੇ ਦੇ ਪਿਆਰ ਵਿਚ। ਬੇਧਿਓ = ਵਿੱਝਿਆ। ਮਿਥ = ਨਾਸਵੰਤ।6।

ਘਬੁ = ਘਰ। ਦਬੁ = (द्रव्य) ਧਨ-ਪਦਾਰਥ। ਜਾਰੀਐ = ਸੜ ਜਾਂਦਾ ਹੈ। ਬਿਹਾਲ = ਦੁੱਖੀ। ਤਬ ਹੀ = ਤਦੋਂ ਹੀ। ਮੂਸੀਐ = ਲੁੱਟੇ ਜਾਈਦਾ ਹੈ।7।

ਅਰਥ:- ਸਮੁੰਦਰ, ਪਰਬਤ, ਜੰਗਲ, ਸਾਰੀ ਧਰਤੀ = (ਇਹਨਾਂ ਦੀ ਜਾਤ੍ਰਾ ਆਦਿਕ ਦੀ ਖ਼ਾਤਰ) ਭ੍ਰਮਣ ਕਰਨ ਵਿਚ ਹੀ ਆਤਮਕ ਜੀਵਨ ਵਲੋਂ ਲੁੱਟੇ ਜਾ ਰਹੇ ਹੇ ਮਨੁੱਖ! ਪ੍ਰੀਤਮ-ਪ੍ਰਭੂ ਦੇ ਪ੍ਰੇਮ ਦੇ ਰਸਤੇ ਵਿਚ ਮੈਂ ਤਾਂ (ਇਸ ਸਾਰੇ ਰਟਨ ਨੂੰ) ਸਿਰਫ਼ ਇਕ ਕਦਮ ਦੇ ਬਰਾਬਰ ਹੀ ਸਮਝਦਾ ਹਾਂ।3।

ਹੇ ਆਤਮਕ ਜੀਵਨ ਲੁਟਾ ਰਹੇ ਮਨੁੱਖ! (ਚੰਦ ਦੀ) ਚਾਨਣੀ ਸਾਰੇ ਆਕਾਸ਼ ਉਤੇ ਖਿਲਰੀ ਹੋਈ ਹੁੰਦੀ ਹੈ (ਉਸ ਵੇਲੇ) ਭੌਰੇ ਕੌਲ-ਫੁੱਲ ਵਿਚ ਵਿੱਝੇ ਹੋਏ ਬੱਝੇ ਹੋਏ (ਕੌਲ-ਫੁੱਲ ਵਿਚ ਹੀ) ਲਪਟ ਰਹੇ ਹੁੰਦੇ ਹਨ (ਇਸੇ ਤਰ੍ਹਾਂ ਜਿਨ੍ਹਾਂ ਮਨੁੱਖਾਂ ਦੇ ਹਿਰਦੇ-) ਆਕਾਸ਼ ਨੂੰ ਪ੍ਰਭੂ-ਪ੍ਰੇਮ ਦੀ ਚਾਨਣੀ ਰੌਸ਼ਨ ਕਰ ਰਹੀ ਹੁੰਦੀ ਹੈ (ਉਹ ਮਨੁੱਖ ਪ੍ਰਭੂ-ਪ੍ਰੇਮ ਵਿਚ) ਵਿੱਝੇ ਹੋਏ (ਪ੍ਰਭੂ ਦੇ) ਸੋਹਣੇ ਚਰਨਾਂ ਵਿਚ ਜੁੜੇ ਰਹਿੰਦੇ ਹਨ।4।

(ਦੇਵਤਿਆਂ ਨੂੰ ਪ੍ਰਸੰਨ ਕਰਨ ਦੀ ਖ਼ਾਤਰ ਮੰਤ੍ਰਾਂ ਦੇ) ਜਾਪ, ਧੂਣੀਆਂ ਤਪਾਣੀਆਂ, ਇੰਦ੍ਰਿਆਂ ਨੂੰ ਵੱਸ ਕਰਨ ਲਈ (ਪੁੱਠੇ ਲਟਕਣ ਆਦਿਕ ਦੇ ਅਨੇਕਾਂ) ਜਤਨ = ਇਹਨਾਂ ਸਾਧਨਾਂ ਤੋਂ ਮਿਲੀ ਖ਼ੁਸ਼ੀ, ਇੱਜ਼ਤ, ਵਡਿਆਈ, ਇਹਨਾਂ ਤੋਂ ਮਿਲਿਆ ਸੁਖ ਅਤੇ ਅਹੰਕਾਰ = ਇਹਨਾਂ ਵਿਚ ਹੀ ਆਤਮਕ ਜੀਵਨ ਨੂੰ ਲੁਟਾ ਰਹੇ ਹੇ ਮਨੁੱਖ! ਮੈਂ ਤਾਂ ਅੱਖ ਝਮਕਣ ਜਿਤਨੇ ਸਮੇ ਲਈ ਮਿਲੇ ਪ੍ਰਭੂ-ਪਿਆਰ ਤੋਂ ਇਹਨਾਂ ਸਾਰੇ ਸਾਧਨਾਂ ਨੂੰ ਕੁਰਬਾਨ ਕਰਦਾ ਹਾਂ।5।

ਹੇ ਆਤਮਕ ਜੀਵਨ ਨੂੰ ਲੁਟਾ ਰਹੇ ਮਨੁੱਖ! (ਵੇਖ, ਤੇਰੇ ਵਾਂਗ ਹੀ ਇਹ) ਜਗਤ (ਪ੍ਰੇਮ ਦਾ) ਭੇਤ ਨਹੀਂ ਜਾਣਦਾ, (ਤੇ) ਆਤਮਕ ਮੌਤੇ ਮਰ ਰਿਹਾ ਹੈ, ਆਤਮਕ ਜੀਵਨ ਦੀ ਰਾਸ-ਪੂੰਜੀ ਲੁਟਾ ਰਿਹਾ ਹੈ, ਪ੍ਰੀਤਮ-ਪ੍ਰਭੂ ਦੇ ਪਿਆਰੇ ਵਿਚ ਨਹੀਂ ਵਿੱਝਦਾ, ਨਾਸਵੰਤ ਪਦਾਰਥਾਂ ਦੇ ਵਿਹਾਰ-ਕਾਰ ਵਿਚ ਹੀ ਫਸਿਆ ਰਹਿੰਦਾ ਹੈ।6।

(ਜਦੋਂ ਕਿਸੇ ਮਨੁੱਖ ਦਾ) ਘਰ ਸੜ ਜਾਂਦਾ ਹੈ ਧਨ-ਪਦਾਰਥ ਸੜ ਜਾਂਦਾ ਹੈ (ਉਸ ਜਾਇਦਾਦ ਤੋਂ) ਵਿਛੁੜਿਆ ਹੋਇਆ ਉਹ ਮਨੁੱਖ ਉਸ ਦੇ ਮੋਹ ਦੇ ਕਾਰਨ ਬੜਾ ਦੁਖੀ ਹੁੰਦਾ ਹੈ (ਤੇ ਪੁਕਾਰਦਾ ਹੈ 'ਮੈਂ ਲੁੱਟਿਆ ਗਿਆ, ਮੈਂ ਲੁੱਟਿਆ ਗਿਆ') । ਪਰ ਆਤਮਕ ਜੀਵਨ ਨੂੰ ਲੁਟਾ ਰਹੇ ਹੇ ਮਨੁੱਖ! (ਅਸਲ ਵਿਚ) ਤਦੋਂ ਹੀ ਲੁੱਟੇ ਜਾਈਦਾ ਹੈ ਜਦੋਂ ਦਇਆ ਦਾ ਸੋਮਾ ਅਕਾਲ ਪੁਰਖ (ਮਨੋਂ) ਭੁੱਲਦਾ ਹੈ।7।

ਜਾ ਕੋ ਪ੍ਰੇਮ ਸੁਆਉ ਹੈ ਚਰਨ ਚਿਤਵ ਮਨ ਮਾਹਿ ॥ ਨਾਨਕ ਬਿਰਹੀ ਬ੍ਰਹਮ ਕੇ ਆਨ ਨ ਕਤਹੂ ਜਾਹਿ ॥੮॥ ਲਖ ਘਾਟੀਂ ਊਂਚੌ ਘਨੋ ਚੰਚਲ ਚੀਤ ਬਿਹਾਲ ॥ ਨੀਚ ਕੀਚ ਨਿਮ੍ਰਿਤ ਘਨੀ ਕਰਨੀ ਕਮਲ ਜਮਾਲ ॥੯॥ ਕਮਲ ਨੈਨ ਅੰਜਨ ਸਿਆਮ ਚੰਦ੍ਰ ਬਦਨ ਚਿਤ ਚਾਰ ॥ ਮੂਸਨ ਮਗਨ ਮਰੰਮ ਸਿਉ ਖੰਡ ਖੰਡ ਕਰਿ ਹਾਰ ॥੧੦॥ ਮਗਨੁ ਭਇਓ ਪ੍ਰਿਅ ਪ੍ਰੇਮ ਸਿਉ ਸੂਧ ਨ ਸਿਮਰਤ ਅੰਗ ॥ ਪ੍ਰਗਟਿ ਭਇਓ ਸਭ ਲੋਅ ਮਹਿ ਨਾਨਕ ਅਧਮ ਪਤੰਗ ॥੧੧॥ {ਪੰਨਾ 1364}

ਪਦ ਅਰਥ:- ਕੋ = ਦਾ। ਸੁਆਉ = ਸੁਆਰਥ, ਜੀਵਨ ਮਨੋਰਥ। ਜਾ ਕੋ ਸੁਆਉ = ਜਿਨ੍ਹਾਂ ਦਾ ਜੀਵਨ-ਨਿਸ਼ਾਨਾ। ਚਿਤਵ = ਯਾਦ। ਮਾਹਿ = ਵਿਚ। ਨਾਨਕ = ਹੇ ਨਾਨਕ! ਬਿਰਹੀ = ਪ੍ਰੇਮੀ। ਬ੍ਰਹਮ = ਪਰਮਾਤਮਾ। ਆਨ ਕਤਹੂ = ਕਿਸੇ ਭੀ ਹੋਰ ਥਾਂ। ਜਾਹਿ = ਜਾਂਦੇ।8।

ਲਖ = (लक्ष्य) ਨਿਸ਼ਾਨਾ। ਘਨੋ = ਬਹੁਤ। ਬਿਹਾਲ = ਦੁੱਖੀ। ਕੀਚ = ਚਿੱਕੜ। ਨਿਮ੍ਰਿਤ = ਨਿਮ੍ਰਤਾ, ਗਰੀਬੀ। ਘਨੀ = ਬਹੁਤੀ। ਕਰਨੀ = ਜੀਵਨ-ਕਰਤੱਬ। ਜਮਾਲ = ਕੋਮਲ ਸੁੰਦਰਤਾ।9।

ਨੈਨ = ਅੱਖਾਂ। ਅੰਜਨ = ਸੁਰਮਾ। ਸਿਆਮ = ਕਾਲਾ। ਬਦਨ = ਮੂੰਹ। ਚੰਦ੍ਰ ਬਦਨ = ਚੰਦ (ਵਰਗਾ ਸੋਹਣਾ) ਮੂੰਹ। ਚਾਰ = ਸੋਹਣਾ, ਸੁੰਦਰ। ਚਿਤ ਚਾਰ = ਸੋਹਣੇ ਚਿੱਤ ਵਾਲਾ। ਮਰੰਮ = ਮਰਮ, ਭੇਤ। ਸਿਉ = ਨਾਲ, ਵਿਚ। ਖੰਡ ਖੰਡ = ਟੋਟੇ ਟੋਟੇ। ਕਰਿ = ਕਰ ਦੇਹ। ਹਾਰ = ਹਾਰਾਂ ਨੂੰ, ਸਰੀਰਕ ਸ਼ਿੰਗਾਰਾਂ ਨੂੰ, ਬਾਹਰਲੇ ਧਾਰਮਿਕ ਵਿਖਾਵਿਆਂ ਨੂੰ।10।

ਮਗਨੁ = ਮਸਤ। ਪ੍ਰਿਅ ਪ੍ਰੇਮ ਸਿਉ = ਪਿਆਰੇ (ਦੀਵੇ) ਦੇ ਪ੍ਰੇਮ ਵਿਚ। ਸੂਧ = ਸੁੱਧ-ਬੁੱਧ। ਸਿਮਰਤ = (ਆਪਣੇ ਪਿਆਰੇ ਨੂੰ) ਯਾਦ ਕਰਦਿਆਂ। ਸੂਧ ਨ ਅੰਗ = (ਆਪਣੇ) ਸਰੀਰ ਦੀ ਸੁੱਧ-ਬੁੱਧ ਨਹੀਂ (ਰਹਿੰਦੀ) । ਸਭ ਲੋਅ ਮਹਿ = ਸਾਰੇ ਜਗਤ ਵਿਚ। ਨਾਨਕ = ਹੇ ਨਾਨਕ! ਅਧਮ = ਨੀਚ। ਪਤੰਗ = ਭੰਬਟ।11।

ਅਰਥ:- ਹੇ ਨਾਨਕ! ਜਿਨ੍ਹਾਂ ਮਨੁੱਖਾਂ ਦਾ ਜੀਵਨ-ਨਿਸ਼ਾਨਾ (ਪ੍ਰਭੂ-ਚਰਨਾਂ ਦਾ) ਪਿਆਰ ਹੈ, (ਜਿਨ੍ਹਾਂ ਮਨੁੱਖਾਂ ਦੇ) ਮਨ ਵਿਚ (ਪ੍ਰਭੂ ਦੇ) ਚਰਨਾਂ ਦੀ ਯਾਦ (ਟਿਕੀ ਰਹਿੰਦੀ) ਹੈ, ਉਹ ਮਨੁੱਖ ਪਰਮਾਤਮਾ ਦੇ ਆਸ਼ਿਕ ਹਨ, ਉਹ ਮਨੁੱਖ ('ਨਵਖੰਡ ਬਸੁਧਾ ਭਰਮ' ਅਤੇ 'ਜਪ ਤਪ ਸੰਜਮ' ਆਦਿਕ) ਹੋਰ ਕਿਸੇ ਭੀ ਪਾਸੇ ਵਲ ਨਹੀਂ ਜਾਂਦੇ।8।

ਹੇ ਭਾਈ! (ਮਨੁੱਖ ਦਾ) ਚੰਚਲ ਮਨ (ਦੁਨੀਆਵੀ ਵਡੱਪਣ ਦੀਆਂ) ਅਨੇਕਾਂ ਉੱਚੀਆਂ ਚੋਟੀਆਂ (ਉੱਤੇ ਅਪੜਨ) ਨੂੰ (ਆਪਣਾ) ਨਿਸ਼ਾਨਾ ਬਣਾਈ ਰੱਖਦਾ ਹੈ, ਤੇ, ਦੁਖੀ ਹੁੰਦਾ ਹੈ। ਪਰ ਚਿੱਕੜ ਨੀਵਾਂ ਹੈ (ਨੀਵੇਂ ਥਾਂ ਟਿਕਿਆ ਰਹਿੰਦਾ ਹੈ। ਨੀਵੇਂ ਥਾਂ ਟਿਕੇ ਰਹਿਣ ਵਾਲੀ ਉਸ ਵਿਚ) ਬੜੀ ਨਿਮ੍ਰਤਾ ਹੈ। ਇਸ ਜੀਵਨ-ਕਰਤੱਬ ਦੀ ਬਰਕਤਿ ਨਾਲ (ਉਸ ਵਿਚ) ਕੋਮਲ ਸੁੰਦਰਤਾ ਵਾਲਾ ਕੌਲ-ਫੁੱਲ ਉੱਗਦਾ ਹੈ।9।

ਹੇ ਆਤਮਕ ਜੀਵਨ ਨੂੰ ਲੁਟਾ ਰਹੇ ਮਨੁੱਖ! ਜੇ ਤੂੰ (ਉਸ ਪਰਮਾਤਮਾ ਦੇ ਮਿਲਾਪ ਦੇ) ਭੇਤ ਵਿਚ ਮਸਤ ਹੋਣਾ ਚਾਹੁੰਦਾ ਹੈਂ ਜੋ ਚੰਦ ਵਰਗੇ ਸੋਹਣੇ ਮੁਖ ਵਾਲਾ ਹੈ, ਅਤੇ ਸੋਹਣੇ ਚਿੱਤ ਵਾਲਾ ਹੈ ਜਿਸ ਦੇ ਕੌਲ-ਫੁੱਲਾਂ ਵਰਗੇ ਸੋਹਣੇ ਨੇਤ੍ਰ ਹਨ ਜਿਨ੍ਹਾਂ ਵਿਚ ਕਾਲਾ ਸੁਰਮਾ ਪਿਆ ਹੈ (ਭਾਵ, ਜੋ ਪਰਮਾਤਮਾ ਅੱਤ ਹੀ ਸੋਹਣਾ ਹੈ) , ਤਾਂ ਆਪਣੇ ਇਹਨਾਂ ਹਾਰਾਂ ਨੂੰ ('ਨਵਖੰਡ ਬਸੁਧਾ ਭਰਮ' ਅਤੇ 'ਜਪ ਤਪ ਸੰਜਮ' ਆਦਿਕ ਵਿਖਾਵਿਆਂ ਨੂੰ) ਟੋਟੇ ਟੋਟੇ ਕਰ ਦੇਹ।10।

ਹੇ ਨਾਨਕ! (ਵਿਚਾਰਾ) ਨੀਚ (ਜਿਹਾ) ਪਤੰਗਾ (ਆਪਣੇ) ਪਿਆਰੇ (ਜਗਦੇ-ਦੀਵੇ) ਦੇ ਪਿਆਰ ਵਿਚ (ਇਤਨਾ) ਮਸਤ ਹੋ ਜਾਂਦਾ ਹੈ (ਕਿ ਪਿਆਰੇ ਨੂੰ) ਯਾਦ ਕਰਦਿਆਂ ਉਸਨੂੰ ਆਪਣੇ ਸਰੀਰ ਦੀ ਸੁਧ-ਬੁਧ ਨਹੀਂ ਰਹਿੰਦੀ (ਉਹ ਪਤੰਗਾ ਜਗਦੇ ਦੀਵੇ ਦੀ ਲਾਟ ਉੱਤੇ ਸੜ ਮਰਦਾ ਹੈ। ਪਰ ਆਪਣੇ ਇਸ ਇਸ਼ਕ ਦਾ ਸਦਕਾ) ਨੀਚ ਜਿਹਾ ਪਤੰਗਾ ਸਾਰੇ ਜਗਤ ਵਿਚ ਉੱਘਾ ਹੋ ਗਿਆ ਹੈ।11।
_________

ਸਲੋਕ ਭਗਤ ਕਬੀਰ ਜੀਉ ਕੇ ੴ ਸਤਿਗੁਰ ਪ੍ਰਸਾਦਿ ॥ ਕਬੀਰ ਮੇਰੀ ਸਿਮਰਨੀ ਰਸਨਾ ਊਪਰਿ ਰਾਮੁ ॥ ਆਦਿ ਜੁਗਾਦੀ ਸਗਲ ਭਗਤ ਤਾ ਕੋ ਸੁਖੁ ਬਿਸ੍ਰਾਮੁ ॥੧॥ {ਪੰਨਾ 1364}

ਪਦ ਅਰਥ:- ਸਿਮਰਨੀ = ਮਾਲਾ। ਰਸਨਾ = ਜੀਭ। ਆਦਿ = ਜਗਤ ਦੇ ਸ਼ੁਰੂ ਤੋਂ। ਜੁਗਾਦੀ = ਜੁਗਾਦਿ, ਜੁਗਾਂ ਦੇ ਸ਼ੁਰੂ ਤੋਂ। ਤਾ ਕੋ = ਉਸ (ਰਾਮ) ਦਾ, ਉਸ ਪ੍ਰਭੂ ਦਾ (ਨਾਮ) । ਬਿਸ੍ਰਾਮੁ = ਟਿਕਾਉ, ਸ਼ਾਂਤੀ, ਅਡੋਲਤਾ।

ਅਰਥ:- ਹੇ ਕਬੀਰ! ਮੇਰੀ ਜੀਭ ਉਤੇ ਰਾਮ (ਦਾ ਨਾਮ) ਵੱਸ ਰਿਹਾ ਹੈ– ਇਹੀ ਮੇਰੀ ਮਾਲਾ ਹੈ। ਜਦ ਤੋਂ ਸ੍ਰਿਸ਼ਟੀ ਬਣੀ ਹੈ ਸਾਰੇ ਭਗਤ (ਇਹੀ ਨਾਮ ਸਿਮਰਦੇ ਆਏ ਹਨ) । ਉਸ ਦਾ ਨਾਮ (ਹੀ ਭਗਤਾਂ ਲਈ) ਸੁਖ ਅਤੇ ਸ਼ਾਂਤੀ (ਦਾ ਕਾਰਨ) ਹੈ।1।

ਕਬੀਰ ਮੇਰੀ ਜਾਤਿ ਕਉ ਸਭੁ ਕੋ ਹਸਨੇਹਾਰੁ ॥ ਬਲਿਹਾਰੀ ਇਸ ਜਾਤਿ ਕਉ ਜਿਹ ਜਪਿਓ ਸਿਰਜਨਹਾਰੁ ॥੨॥ {ਪੰਨਾ 1364}

ਪਦ ਅਰਥ:- ਕਉ = ਨੂੰ। ਸਭੁ ਕੋ = ਹਰੇਕ ਬੰਦਾ। ਹਸਨੇਹਾਰੁ = ਹੱਸਣ ਦਾ ਆਦੀ। ਬਲਿਹਾਰੀ = ਸਦਕੇ। ਜਿਹ = ਜਿਸ ਦੀ ਰਾਹੀਂ, ਜਿਸ ਜਾਤਿ ਵਿਚ ਜੰਮ ਕੇ।

ਅਰਥ:- ਹੇ ਕਬੀਰ! ਮੇਰੀ ਜਾਤਿ ਨੂੰ ਹਰੇਕ ਬੰਦਾ ਹੱਸਦਾ ਹੁੰਦਾ ਸੀ (ਭਾਵ, ਜੁਲਾਹਿਆਂ ਦੀ ਜਾਤਿ ਨੂੰ ਹਰ ਕੋਈ ਮਖ਼ੌਲ ਕਰਦਾ ਹੈ) । ਪਰ ਹੁਣ ਮੈਂ ਇਸ ਜਾਤਿ ਤੋਂ ਸਦਕੇ ਹਾਂ ਕਿਉਂਕਿ ਇਸ ਵਿਚ ਜੰਮ ਕੇ ਮੈਂ ਕਰਤਾਰ ਦੀ ਬੰਦਗੀ ਕੀਤੀ ਹੈ (ਤੇ ਆਤਮਕ ਸੁਖ ਮਾਣ ਰਿਹਾ ਹਾਂ) ।2।

ਭਾਵ:- ਨੀਵੀਂ ਤੋਂ ਨੀਵੀਂ ਜਾਤਿ ਭੀ ਸਲਾਹੁਣ-ਜੋਗ ਹੋ ਜਾਂਦੀ ਹੈ, ਜਦੋਂ ਉਸ ਵਿਚ ਜੰਮ ਕੇ ਕੋਈ ਮਨੁੱਖ ਪਰਮਾਤਮਾ ਦੀ ਭਗਤੀ ਕਰਦਾ ਹੈ। ਨੀਵੀਂ ਜਾਤਿ ਵਾਲੇ ਨੂੰ ਭੀ ਕੋਈ ਮਨੁੱਖ ਨਾਮ ਸਿਮਰਨ ਤੋਂ ਰੋਕ ਨਹੀਂ ਸਕਦਾ।

ਕਬੀਰ ਡਗਮਗ ਕਿਆ ਕਰਹਿ ਕਹਾ ਡੁਲਾਵਹਿ ਜੀਉ ॥ ਸਰਬ ਸੂਖ ਕੋ ਨਾਇਕੋ ਰਾਮ ਨਾਮ ਰਸੁ ਪੀਉ ॥੩॥ {ਪੰਨਾ 1364}

ਪਦ ਅਰਥ:- ਕਿਆ ਡਗਮਗ ਕਰਹਿ = ਤੂੰ ਕਿਉਂ ਡੋਲਦਾ ਹੈਂ? ਤੂੰ ਕਿਉਂ ਜਕੋ-ਤਕੇ ਕਰਦਾ ਹੈਂ? ਪ੍ਰਭੂ ਦੀ ਭਗਤੀ ਤੋਂ ਤੂੰ ਕਿਉਂ ਜੀ ਚੁਰਾਂਦਾ ਹੈਂ? ਕਹਾ = ਹੋਰ ਕਿਥੇ? ਪ੍ਰਭੂ ਤੋਂ ਬਿਨਾਂ ਹੋਰ ਕੇਹੜੇ ਥਾਂ? ਜੀਉ = ਜਿੰਦ, ਮਨ। ਨਾਇਕੋ = ਮਾਲਕ।

ਅਰਥ:- ਹੇ ਕਬੀਰ! (ਸੁਖ ਦੀ ਖ਼ਾਤਰ ਪਰਮਾਤਮਾ ਨੂੰ ਬਿਸਾਰ ਕੇ) ਹੋਰ ਕੇਹੜੇ ਪਾਸੇ ਮਨ ਨੂੰ ਭਟਕਾ ਰਿਹਾ ਹੈਂ? (ਪਰਮਾਤਮਾ ਦੀ ਯਾਦ ਵਲੋਂ) ਕਿਉਂ ਜਕੋ-ਤਕੇ ਕਰਦਾ ਹੈਂ? ਪਰਮਾਤਮਾ ਦੇ ਨਾਮ ਦਾ ਅੰਮ੍ਰਿਤ ਪੀ, ਇਹ ਨਾਮ ਹੀ ਸਾਰੇ ਸੁਖਾਂ ਦਾ ਪ੍ਰੇਰਕ ਹੈ (ਸਾਰੇ ਸੁਖ ਪਰਮਾਤਮਾ ਆਪ ਹੀ ਦੇਣ-ਜੋਗਾ ਹੈ) ।3।

ਕਬੀਰ ਕੰਚਨ ਕੇ ਕੁੰਡਲ ਬਨੇ ਊਪਰਿ ਲਾਲ ਜੜਾਉ ॥ ਦੀਸਹਿ ਦਾਧੇ ਕਾਨ ਜਿਉ ਜਿਨ੍ਹ੍ਹ ਮਨਿ ਨਾਹੀ ਨਾਉ ॥੪॥ {ਪੰਨਾ 1364}

ਪਦ ਅਰਥ:- ਕੰਚਨ = ਸੋਨਾ। ਕੁੰਡਲ = ਕੰਨਾਂ ਵਿਚ ਪਾਣ ਵਾਲੇ 'ਵਾਲੇ'। ਊਪਰਿ = ਉਹਨਾਂ 'ਵਾਲਿਆਂ' ਉੱਤੇ। ਦੀਸਹਿ = ਦਿੱਸਦੇ ਹਨ। ਦਾਧੇ = ਸੜੇ ਹੋਏ। ਕਾਨ = ਕਾਨੇ, ਸਰਕੜਾ। ਮਨਿ = ਮਨ ਵਿਚ।

ਅਰਥ:- ਹੇ ਕਬੀਰ! ਜੇ ਸੋਨੇ ਦੇ 'ਵਾਲੇ' ਬਣੇ ਹੋਏ ਹੋਣ, ਉਹਨਾਂ 'ਵਾਲਿਆਂ ਉਤੇ ਲਾਲ ਜੜੇ ਹੋਣ, (ਤੇ ਇਹ 'ਵਾਲੇ' ਲੋਕਾਂ ਦੇ ਕੰਨਾਂ ਵਿਚ ਪਾਏ ਹੋਣ) ; ਪਰ ਜਿਨ੍ਹਾਂ ਦੇ ਮਨ ਵਿਚ ਪਰਮਾਤਮਾ ਦਾ ਨਾਮ ਨਹੀਂ ਵੱਸਦਾ, ਉਹਨਾਂ ਦੇ ਇਹ ਕੁੰਡਲ ਸੜੇ ਹੋਏ ਕਾਨਿਆਂ ਵਾਂਗ ਦਿੱਸਦੇ ਹਨ (ਜੋ ਬਾਹਰੋਂ ਤਾਂ ਲਿਸ਼ਕਦੇ ਹਨ, ਪਰ ਅੰਦਰੋਂ ਸੁਆਹ ਹੁੰਦੇ ਹਨ) ।4।

ਭਾਵ:- ਨਾਮ ਤੋਂ ਬਿਨਾ ਮਨੁੱਖ ਦੇ ਅੰਦਰ ਸੜਨ ਟਿਕੀ ਰਹਿੰਦੀ ਹੈ।

ਕਬੀਰ ਐਸਾ ਏਕੁ ਆਧੁ ਜੋ ਜੀਵਤ ਮਿਰਤਕੁ ਹੋਇ ॥ ਨਿਰਭੈ ਹੋਇ ਕੈ ਗੁਨ ਰਵੈ ਜਤ ਪੇਖਉ ਤਤ ਸੋਇ ॥੫॥ {ਪੰਨਾ 1364}

ਪਦ ਅਰਥ:- ਏਕੁ ਆਧੁ = ਕੋਈ ਵਿਰਲਾ ਮਨੁੱਖ। ਮਿਰਤਕੁ = ਮੁਰਦਾ, ਦੁਨੀਆ ਦੇ ਰਸਾਂ ਵਲੋਂ ਮੁਰਦਾ, ਦੁਨੀਆਵੀ ਸੁਖਾਂ ਵਲੋਂ ਬੇ-ਪਰਵਾਹ। ਨਿਰਭੈ = ਨਿਡਰ; ਸੁਖ ਮਿਲੇ ਚਾਹੇ ਦੁੱਖ ਵਾਪਰੇ = ਇਸ ਗੱਲ ਦੀ ਪਰਵਾਹ ਨਾਹ ਹੋਵੇ। ਰਵੈ = ਸਿਮਰੇ, ਚੇਤੇ ਕਰੇ। ਗੁਨ ਰਵੈ = ਪ੍ਰਭੂ ਦੇ ਗੁਣ ਚੇਤੇ ਕਰੇ, ਗੁਣ ਗਾਏ। ਜਤ = ਜਿਧਰ। ਪੇਖਉ = ਮੈਂ ਵੇਖਦਾ ਹਾਂ। ਤਤ = ਤੱਤ੍ਰ, ਉਧਰ।

ਅਰਥ:- ਹੇ ਕਬੀਰ! ਅਜੇਹਾ ਕੋਈ ਵਿਰਲਾ ਹੀ ਮਨੁੱਖ ਹੁੰਦਾ ਹੈ, ਜੋ ਦੁਨੀਆਵੀ ਸੁਖਾਂ ਵਲੋਂ ਬੇ-ਪਰਵਾਹ ਰਹੇ, ਸੁਖ ਮਿਲੇ ਚਾਹੇ ਦੁੱਖ ਆਵੇ = ਇਸ ਗੱਲ ਦੀ ਪਰਵਾਹ ਨਾ ਕਰਦਾ ਹੋਇਆ ਉਸ ਪਰਮਾਤਮਾ ਦੇ ਗੁਣ ਗਾਏ ਜਿਸ ਨੂੰ ਮੈਂ ਜਿਧਰ ਵੇਖਦਾ ਹਾਂ ਉਧਰ ਹੀ ਮੌਜੂਦ ਹੈ।5।

ਭਾਵ:- ਜਦ ਤਕ ਸੰਸਾਰਕ ਸੁਖਾਂ ਦੀ ਲਾਲਸਾ ਹੈ, ਸਿਮਰਨ ਨਹੀਂ ਹੋ ਸਕਦਾ।

ਕਬੀਰ ਜਾ ਦਿਨ ਹਉ ਮੂਆ ਪਾਛੈ ਭਇਆ ਅਨੰਦੁ ॥ ਮੋਹਿ ਮਿਲਿਓ ਪ੍ਰਭੁ ਆਪਨਾ ਸੰਗੀ ਭਜਹਿ ਗੋੁਬਿੰਦੁ ॥੬॥ {ਪੰਨਾ 1364}

ਪਦ ਅਰਥ:- ਜਾ ਦਿਨ = (ਪ੍ਰਭੂ ਦੇ ਗੁਣ ਗਾ ਕੇ) ਜਿਸ ਦਿਨ, ਜਦੋਂ। ਹਉ ਮੂਆ = 'ਮੈਂ ਮੈਂ' ਕਰਨ ਵਾਲਾ ਮੁੱਕ ਗਿਆ, ਮੈਂ ਸੁਖੀ ਹੋਵਾਂ, ਮੈਂ ਧਨਾਢ ਬਣਾਂ = ਇਹ ਖ਼ਿਆਲ ਮੁੱਕ ਗਿਆ, ਦੇਹ-ਅੱਧਿਆਸ ਖ਼ਤਮ ਹੋ ਗਿਆ। ਪਾਛੈ = ਹਉਮੈ ਮੁੱਕਣ ਤੇ। ਮੋਹਿ = ਮੈਨੂੰ। ਆਪਨਾ = ਮੇਰਾ ਪਿਆਰਾ। ਸੰਗੀ = ਸਾਥੀ, ਮੇਰੇ ਗਿਆਨ-ਇੰਦ੍ਰੇ। ਭਜਹਿ = ਸਿਮਰਨ ਕਰਨ ਲੱਗ ਪੈਂਦੇ ਹਨ। ਗੋੁਬਿੰਦੁ = (ਅੱਖਰ 'ਗ' ਦੇ ਨਾਲ ਦੋ ਲਗਾਂ ਹਨ (ੋ) ਅਤੇ (ੁ) । ਅਸਲੀ ਲਫ਼ਜ਼ 'ਗੋਬਿੰਦ' ਹੈ, ਇਥੇ 'ਗੁਬਿੰਦ' ਪੜ੍ਹਨਾ ਹੈ) ।

ਅਰਥ:- ਹੇ ਕਬੀਰ! (ਪ੍ਰਭੂ ਦੇ ਗੁਣ ਚੇਤੇ ਕਰ ਕੇ) ਜਦੋਂ ਮੇਰਾ 'ਮੈਂ, ਮੈਂ' ਕਰਨ ਵਾਲਾ ਸੁਭਾਉ ਮੁੱਕ ਗਿਆ, ਤਦੋਂ ਮੇਰੇ ਅੰਦਰ ਸੁਖ ਬਣ ਗਿਆ। (ਨਿਰਾ ਸੁਖ ਹੀ ਨਾਹ ਬਣਿਆ) ਮੈਨੂੰ ਮੇਰਾ ਪਿਆਰਾ ਰੱਬ ਮਿਲ ਪਿਆ, ਤੇ ਹੁਣ ਮੇਰੇ ਸਾਥੀ ਗਿਆਨ-ਇੰਦ੍ਰੇ ਭੀ ਪਰਮਾਤਮਾ ਨੂੰ ਹੀ ਯਾਦ ਕਰਦੇ ਹਨ (ਗਿਆਨ-ਇੰਦ੍ਰਿਆਂ ਦੀ ਰੁਚੀ ਰੱਬ ਵਾਲੇ ਪਾਸੇ ਹੋ ਗਈ ਹੈ) ।6।

ਭਾਵ:- ਸੁਖ 'ਹਉ' ਦੇ ਤਿਆਗ ਵਿਚ ਹੈ, ਸਿਮਰਨ ਭੀ 'ਹਉ' ਨੂੰ ਛੱਡਿਆਂ ਹੀ ਹੋ ਸਕਦਾ ਹੈ।

ਕਬੀਰ ਸਭ ਤੇ ਹਮ ਬੁਰੇ ਹਮ ਤਜਿ ਭਲੋ ਸਭੁ ਕੋਇ ॥ ਜਿਨਿ ਐਸਾ ਕਰਿ ਬੂਝਿਆ ਮੀਤੁ ਹਮਾਰਾ ਸੋਇ ॥੭॥ {ਪੰਨਾ 1364}

ਪਦ ਅਰਥ:- ਹਮ ਤਜਿ = ਮੈਥੋਂ ਬਿਨਾ। ਸਭੁ ਕੋਇ = ਹਰੇਕ ਜੀਵ। ਜਿਨਿ = ਜਿਸ ਮਨੁੱਖ ਨੇ। ਐਸਾ ਕਰਿ = ਇਸ ਤਰ੍ਹਾਂ। ਬੂਝਿਆ = ਸਮਝ ਲਿਆ, ਸੂਝ ਆ ਗਈ ਹੈ।

ਨੋਟ:- ਇਸ ਸ਼ਲੋਕ ਵਿਚ ਪਿਛਲੇ ਸ਼ਲੋਕ ਦੀ ਕੁਝ ਵਿਆਖਿਆ ਜਿਹੀ ਹੈ। 'ਹਉ ਮੂਆ' ਦੇ ਖ਼ਿਆਲ ਨੂੰ ਸਮਝਾਇਆ ਹੈ। 'ਹਉ' ਦੇ ਆਸਰੇ ਮਨੁੱਖ ਆਪਣੇ ਹੀ ਅੰਦਰ ਗੁਣ ਵੇਖਦਾ ਹੈ; ਪਰ ਜਦੋਂ 'ਹਉ ਮੂਆ' ਵਾਲੀ ਹਾਲਤ ਬਣਦੀ ਹੈ, ਤਾਂ ਇਹ ਪਹਿਲਾ ਸੁਭਾਉ ਬਿਲਕੁਲ ਉਲਟ ਜਾਂਦਾ ਹੈ, ਫਿਰ ਦੂਜਿਆਂ ਵਿਚ ਗੁਣ ਦਿੱਸਣ ਲੱਗ ਪੈਂਦੇ ਹਨ।

ਅਰਥ:- ਹੇ ਕਬੀਰ! (ਹਰਿ-ਨਾਮ ਸਿਮਰ ਕੇ ਹੁਣ ਜਦੋਂ ਮੇਰਾ 'ਮੈਂ, ਮੈਂ' ਕਰਨ ਵਾਲਾ ਸੁਭਾਉ ਹਟ ਗਿਆ ਹੈ, ਮੈਨੂੰ ਇਉਂ ਜਾਪਦਾ ਹੈ ਕਿ) ਮੈਂ ਸਭ ਨਾਲੋਂ ਮਾੜਾ ਹਾਂ, ਹਰੇਕ ਜੀਵ ਮੈਥੋਂ ਚੰਗਾ ਹੈ; (ਨਿਰਾ ਇਹੀ ਨਹੀਂ) ਜਿਸ ਜਿਸ ਭੀ ਮਨੁੱਖ ਨੇ ਇਸੇ ਤਰ੍ਹਾਂ ਦੀ ਸੂਝ ਪ੍ਰਾਪਤ ਕਰ ਲਈ ਹੈ, ਉਹ ਭੀ ਮੈਨੂੰ ਆਪਣਾ ਮਿਤ੍ਰ ਮਲੂਮ ਹੁੰਦਾ ਹੈ।7।

ਕਬੀਰ ਆਈ ਮੁਝਹਿ ਪਹਿ ਅਨਿਕ ਕਰੇ ਕਰਿ ਭੇਸ ॥ ਹਮ ਰਾਖੇ ਗੁਰ ਆਪਨੇ ਉਨਿ ਕੀਨੋ ਆਦੇਸੁ ॥੮॥ {ਪੰਨਾ 1364}

ਪਦ ਅਰਥ:- ਆਈ = (ਇਹ ਹਉਮੈ ਮੈਨੂੰ ਕੁਰਾਹੇ ਪਾਣ) ਆਈ। ਮੁਝਹਿ ਪਹਿ = ਮੇਰੇ ਪਾਸ ਭੀ (ਜਿਵੇਂ ਇਹ ਹੋਰਨਾਂ ਪਾਸ ਆਉਂਦੀ ਹੈ) । ਭੇਸ = ਵੇਸ। ਕਰੇ = ਕਰਿ ਕਰਿ, ਮੁੜ ਮੁੜ ਕਰ ਕੇ। ਅਨਿਕ...ਭੇਸ = ਕਈ ਵੇਸ ਧਾਰ ਕੇ, ਕਈ ਢੰਗ ਬਣਾ ਕੇ, ਕਈ ਤਰੀਕਿਆਂ ਨਾਲ, ਕਈ ਸ਼ਕਲਾਂ ਵਿਚ। ਹਮ = ਮੈਨੂੰ। ਉਨਿ = ਉਸ (ਹਉਮੈ) ਨੇ। ਆਦੇਸੁ = ਨਮਸਕਾਰ। ਉਨਿ...ਆਦੇਸੁ = ਉਸ ਹਉਮੈ ਨੇ ਨਮਸਕਾਰ ਕੀਤੀ, ਉਹ ਹਉਮੈ ਲਿਫ਼ ਗਈ, ਉਹ ਹਉਮੈ ਬਦਲ ਕੇ ਨਿਮ੍ਰਤਾ ਬਣ ਗਈ।

ਨੋਟ:- ਧਨ, ਜੁਆਨੀ, ਵਿੱਦਿਆ, ਰਾਜ, ਧਰਮ-ਕਰਮ ਆਦਿਕ ਮਨੁੱਖ ਵਿਚ 'ਹਉਮੈ' ਪੈਦਾ ਕਰ ਦੇਂਦੇ ਹਨ। ਜਿਨ੍ਹਾਂ ਉੱਦਮਾਂ ਨੂੰ ਮਨੁੱਖ ਬੜੇ ਚੰਗੇ ਸਮਝ ਕੇ ਕਰਦਾ ਹੈ ਉਹ ਭੀ ਕਈ ਵਾਰੀ ਅਹੰਕਾਰ ਵਿਚ ਲੈ ਆਉਂਦੇ ਹਨ। ਅੰਮ੍ਰਿਤ ਵੇਲੇ ਉੱਠ ਕੇ ਪ੍ਰਭੂ ਨੂੰ ਯਾਦ ਕਰਨਾ, ਲੋੜਵੰਦਿਆਂ ਦੀ ਸੇਵਾ ਕਰਨੀ, ਆਦਿਕ ਭਲੇ ਕੰਮ ਹਨ; ਪਰ ਜੇ ਮਨੁੱਖ ਰਤਾ ਭਰ ਭੀ ਅਵੇਸਲਾ ਹੋ ਜਾਏ, ਤਾਂ ਇਹੀ ਗੁਣ ਹਉਮੈ ਦਾ ਅਉਗਣ ਪੈਦਾ ਕਰ ਦੇਂਦੇ ਹਨ ਕਿ 'ਮੈਂ' ਧਰਮੀ ਹਾਂ, 'ਮੈਂ' ਦਾਨੀ ਹਾਂ।

ਅਰਥ:- ਹੇ ਕਬੀਰ! (ਇਹ ਹਉਮੈ ਜਿਵੇਂ ਹੋਰਨਾਂ ਨੂੰ ਭਰਮਾਣ ਆਉਂਦੀ ਹੈ ਤਿਵੇਂ) ਮੇਰੇ ਕੋਲ ਭੀ ਕਈ ਸ਼ਕਲਾਂ ਵਿਚ ਆਈ। ਪਰ ਮੈਨੂੰ ਪਿਆਰੇ ਸਤਿਗੁਰੂ ਨੇ (ਇਸ ਤੋਂ) ਬਚਾ ਲਿਆ, ਤੇ ਉਹ 'ਹਉਮੈ' ਬਦਲ ਕੇ ਨਿਮ੍ਰਤਾ ਬਣ ਗਈ।8।

ਕਬੀਰ ਸੋਈ ਮਾਰੀਐ ਜਿਹ ਮੂਐ ਸੁਖੁ ਹੋਇ ॥ ਭਲੋ ਭਲੋ ਸਭੁ ਕੋ ਕਹੈ ਬੁਰੋ ਨ ਮਾਨੈ ਕੋਇ ॥੯॥ {ਪੰਨਾ 1364}

ਪਦ ਅਰਥ:- ਸੋਈ = ਇਸ ਹਉਮੈ ਨੂੰ ਹੀ। ਜਿਹ ਮੂਐ = ਜਿਸ ਹਉਮੈ ਦੇ ਮਰਨ ਨਾਲ। ਸਭੁ ਕੋ = ਹਰੇਕ ਜੀਵ। ਭਲੋ ਭਲੋ ਕਹੈ– (ਹਉਮੈ ਦੇ ਤਿਆਗ ਨੂੰ ਹਰੇਕ ਜੀਵ) ਸਲਾਹੁੰਦਾ ਹੈ। ਕੋਇ ਬੁਰੋ ਨ ਮਾਨੈ = (ਹਉਮੈ ਦੇ ਮਾਰਨ ਨੂੰ) ਕੋਈ ਮਨੁੱਖ ਭੈੜਾ ਕੰਮ ਨਹੀਂ ਆਖਦਾ।

ਅਰਥ:- ਹੇ ਕਬੀਰ! ਇਸ ਹਉਮੈ ਨੂੰ ਹੀ ਮਾਰਨਾ ਚਾਹੀਦਾ ਹੈ, ਕਿਉਂਕਿ ਇਸ ਦੇ ਮਰਿਆਂ ਸੁਖ ਹੁੰਦਾ ਹੈ। ਹਉਮੈ ਦੇ ਤਿਆਗ ਨੂੰ ਹਰੇਕ ਮਨੁੱਖ ਸਲਾਹੁੰਦਾ ਹੈ, ਕੋਈ ਮਨੁੱਖ ਇਸ ਕੰਮ ਨੂੰ ਮਾੜਾ ਨਹੀਂ ਆਖਦਾ।9।

ਕਬੀਰ ਰਾਤੀ ਹੋਵਹਿ ਕਾਰੀਆ ਕਾਰੇ ਊਭੇ ਜੰਤ ॥ ਲੈ ਫਾਹੇ ਉਠਿ ਧਾਵਤੇ ਸਿ ਜਾਨਿ ਮਾਰੇ ਭਗਵੰਤ ॥੧੦॥ {ਪੰਨਾ 1364-1365}

ਪਦ ਅਰਥ:- ਕਾਰੀਆ = ਕਾਲੀਆਂ, ਹਨੇਰੀਆਂ। ਊਭੇ = ਉੱਠ ਖਲੋਂਦੇ ਹਨ, ਤੁਰ ਪੈਂਦੇ ਹਨ। ਕਾਰੇ ਜੰਤ = ਕਾਲੇ ਜੀਵ, ਕਾਲੇ ਦਿਲਾਂ ਵਾਲੇ ਬੰਦੇ, ਚੋਰ ਆਦਿਕ ਵਿਕਾਰੀ ਬੰਦੇ। ਲੈ = ਲੈ ਕੇ। ਉਠਿ ਧਾਵਤੇ = ਉਠ ਦੌੜਦੇ ਹਨ। ਸਿ = ਅਜੇਹੇ ਬੰਦੇ, ਐਸੇ ਮਨੁੱਖ। ਜਾਨਿ = ਜਾਣ ਲੈ, ਸਮਝ ਲੈ, ਯਕੀਨ ਰੱਖ। ਮਾਰੇ ਭਗਵੰਤ = ਰੱਬ ਦੇ ਮਾਰੇ ਹੋਏ, ਰੱਬ ਤੋਂ ਬਹੁਤ ਦੂਰ।

ਅਰਥ:- ਹੇ ਕਬੀਰ! ਜਦੋਂ ਰਾਤਾਂ ਹਨੇਰੀਆਂ ਹੁੰਦੀਆਂ ਹਨ, ਤਾਂ ਚੋਰ ਆਦਿਕ ਕਾਲੇ ਦਿਲਾਂ ਵਾਲੇ ਬੰਦੇ (ਆਪਣੇ ਘਰਾਂ ਤੋਂ) ਉੱਠ ਖਲੋਂਦੇ ਹਨ, ਫਾਹੇ ਲੈ ਕੇ (ਦੂਜਿਆਂ ਦੇ ਘਰ ਲੁੱਟਣ ਲਈ) ਤੁਰ ਪੈਂਦੇ ਹਨ, ਪਰ ਯਕੀਨ ਜਾਣੋ ਅਜੇਹੇ ਬੰਦੇ ਰੱਬ ਵਲੋਂ ਮਾਰੇ ਹੋਏ ਹਨ।10।

ਨੋਟ:- ਸ਼ਲੋਕ ਨੰ: 9 ਵਿਚ ਲਿਖਦੇ ਹਨ ਕਿ ਜੋ ਮਨੁੱਖ ਆਪਣੇ ਅੰਦਰੋਂ ਹਉਮੈ ਨੂੰ ਮਾਰਦਾ ਹੈ ਉਹ ਸੁਖੀ ਹੈ, ਜਗਤ ਭੀ ਇਸ ਕੰਮ ਨੂੰ ਸਲਾਹੁੰਦਾ ਹੈ। ਇਸ ਦੇ ਮੁਕਾਬਲੇ ਤੇ ਐਸੇ ਬੰਦੇ ਹਨ ਜੋ ਹੋਰਨਾਂ ਨੂੰ ਮਾਰਨ ਤੁਰ ਪੈਂਦੇ ਹਨ; ਜਾਨ ਤਾਂ ਆਪਣੀ ਭੀ ਉਹ ਤਲੀ ਤੇ ਰੱਖ ਕੇ ਹੀ ਤੁਰਦੇ ਹਨ, ਪਰ ਇਹ ਦਲੇਰੀ ਫਿਟਕਾਰ-ਜੋਗ ਹੈ। ਜਗਤ ਭੀ ਫਿਟਕਾਰ ਪਾਂਦਾ ਹੈ, ਤੇ ਉਹਨਾਂ ਦੇ ਦਿਲ ਭੀ ਕਾਲੇ ਹੀ ਰਹਿੰਦੇ ਹਨ। ਅਜੇਹੇ ਰੱਬ ਤੋਂ ਵਿਛੁੜੇ ਹੋਏ ਬੰਦਿਆਂ ਨੂੰ ਭਲਾ ਸੁਖ ਕਿੱਥੇ?

TOP OF PAGE

Sri Guru Granth Darpan, by Professor Sahib Singh