ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1365

ਕਬੀਰ ਚੰਦਨ ਕਾ ਬਿਰਵਾ ਭਲਾ ਬੇੜ੍ਹ੍ਹਿਓ ਢਾਕ ਪਲਾਸ ॥ ਓਇ ਭੀ ਚੰਦਨੁ ਹੋਇ ਰਹੇ ਬਸੇ ਜੁ ਚੰਦਨ ਪਾਸਿ ॥੧੧॥ {ਪੰਨਾ 1365}

ਪਦ ਅਰਥ: ਬਿਰਵਾ = ਨਿੱਕਾ ਜਿਹਾ ਬੂਟਾ। ਬੇੜ੍ਹ੍ਹਿਓ = ਵੇੜ੍ਹਿਆ ਹੋਇਆ ਘਿਰਿਆ ਹੋਇਆ। ਪਲਾਸ = ਪਲਾਹ, ਛਿਛਰਾ। ਓਇ = ਉਹ ਢਾਕ ਪਲਾਹ ਦੇ ਰੁੱਖ। ਜੁ = ਜੇਹੜੇ ਰੁੱਖ। ਬਸੇ = ਵੱਸਦੇ ਹਨ, ਉੱਗੇ ਹੋਏ ਹਨ। ਪਾਸਿ = ਨੇੜੇ।

ਅਰਥ: ਹੇ ਕਬੀਰ! ਚੰਦਨ ਦਾ ਨਿੱਕਾ ਜਿਹਾ ਭੀ ਬੂਟਾ ਚੰਗਾ ਜਾਣੋ, ਭਾਵੇਂ ਉਹ ਢਾਕ ਪਲਾਹ ਆਦਿਕ ਵਰਗੇ ਰੁੱਖਾਂ ਨਾਲ ਘਿਰਿਆ ਹੋਇਆ ਹੋਵੇ। ਉਹ (ਢਾਕ ਪਲਾਹ ਵਰਗੇ ਨਿਕੰਮੇ ਰੁੱਖ) ਭੀ, ਜੋ ਚੰਦਨ ਦੇ ਨੇੜੇ ਉੱਗੇ ਹੋਏ ਹੁੰਦੇ ਹਨ, ਚੰਦਨ ਹੀ ਹੋ ਜਾਂਦੇ ਹਨ।11।

ਨੋਟ: ਜਿੱਥੇ ਹਉਮੈ ਹੈ ਉਹ ਰੱਬ ਤੋਂ ਵਿਛੁੱੜੇ ਹੋਏ ਹਨ, ਉਹਨਾਂ ਦੇ ਦਿਲ ਕਾਲੀਆਂ ਰਾਤਾਂ ਵਰਗੇ ਕਾਲੇ ਹਨ, ਉਥੇ ਸੁਖ ਕਿੱਥੇ?

ਦੂਜੇ ਪਾਸੇ, ਇਕ ਨਿੱਕਾ ਜਿਹਾ, ਗਰੀਬ ਜਿਹਾ, ਬੰਦਾ ਭੀ ਬੜੇ ਭਾਗਾਂ ਵਾਲਾ ਹੈ ਜੇ ਉਸ ਦੇ ਅੰਦਰ ਨਿਮ੍ਰਤਾ ਦੀ ਸੁਗੰਧੀ ਹੈ। ਇਸ ਸੁਗੰਧੀ ਨਾਲ ਉਹ ਆਲੇ-ਦੁਆਲੇ ਬਹੁਤਿਆਂ ਦਾ ਬੇੜਾ ਪਾਰ ਕਰ ਦੇਂਦਾ ਹੈ।

ਕਬੀਰ ਬਾਂਸੁ ਬਡਾਈ ਬੂਡਿਆ ਇਉ ਮਤ ਡੂਬਹੁ ਕੋਇ ॥ ਚੰਦਨ ਕੈ ਨਿਕਟੇ ਬਸੈ ਬਾਂਸੁ ਸੁਗੰਧੁ ਨ ਹੋਇ ॥੧੨॥ {ਪੰਨਾ 1365}

ਪਦ ਅਰਥ: ਬਡਾਈ = ਅਹੰਕਾਰ ਵਿਚ, ਉੱਚਾ ਲੰਮਾ ਹੋਣ ਦੇ ਮਾਣ ਵਿਚ। ਬੂਡਿਆ = ਡੁਬਿਆ ਹੋਇਆ ਜਾਣੋ। ਕੋਇ = ਤੁਸੀ ਕੋਈ ਧਿਰ। ਇਉ = ਇਸ ਤਰ੍ਹਾਂ। ਮਤ ਡੂਬਹੁ = ਨਾਹ ਡੁੱਬਣਾ। ਨਿਕਟੇ = ਨੇੜੇ। ਸੁਗੰਧੁ = ਸੁਗੰਧੀ ਵਾਲਾ।

ਅਰਥ: ਹੇ ਕਬੀਰ! ਬਾਂਸ ਦਾ ਬੂਟਾ (ਉੱਚਾ ਲੰਮਾ ਹੋਣ ਦੇ) ਮਾਣ ਵਿਚ ਡੁੱਬਿਆ ਹੋਇਆ ਹੈ; ਬਾਂਸ ਭਾਵੇਂ ਚੰਦਨ ਦੇ ਨੇੜੇ ਭੀ ਉੱਗਾ ਹੋਇਆ ਹੋਵੇ, ਉਸ ਵਿਚ ਚੰਦਨ ਵਾਲੀ ਸੁਗੰਧੀ ਨਹੀਂ ਆਉਂਦੀ। (ਹੇ ਭਾਈ!) ਤੁਸੀ ਕੋਈ ਧਿਰ ਬਾਂਸ ਵਾਂਗ (ਹਉਮੈ ਵਿਚ) ਨਾਹ ਡੁੱਬ ਜਾਇਓ।12।

ਸ਼ਲੋਕ ਨੰ: 1 ਤੋਂ 12 ਤਕ ਦਾ ਮਿਲਵਾਂ ਭਾਵ:

ਸੁਖ ਸਿਰਫ਼ ਉਥੇ ਹੈ ਜਿੱਥੇ ਪ੍ਰਭੂ ਦੀ ਯਾਦ ਹੈ; ਕਿਉਂਕਿ ਪ੍ਰਭੂ ਦਾ ਸਿਮਰਨ ਹੀ ਮਨੁੱਖ ਦੀ 'ਮੈਂ, ਮੈਂ' ਦਾ ਨਾਸ ਕਰਦਾ ਹੈ ਤੇ ਸੁਖ 'ਮੈਂ, ਮੈਂ' ਦੇ ਨਾਸ ਵਿਚ ਹੈ। ਗੁਰੂ-ਦਰ ਤੇ ਅੱਪੜ ਕੇ ਪ੍ਰਭੂ ਦੀ ਕੀਤੀ ਬੰਦਗੀ ਹਉਮੈ ਤੋਂ ਹਟਾ ਕੇ ਨਿਮ੍ਰਤਾ ਵਲ ਲਿਆਉਂਦੀ ਹੈ। ਹਉਮੈ ਨੂੰ ਮਾਰਨਾ ਇਕ ਐਸਾ ਭਲਾ ਕੰਮ ਹੈ ਜਿਸ ਨੂੰ ਸਾਰਾ ਸੰਸਾਰ ਸਲਾਹੁੰਦਾ ਹੈ। ਨਿਮ੍ਰਤਾ ਵਾਲਾ ਮਨੁੱਖ, ਮਾਨੋ ਚੰਦਨ ਦਾ ਬੂਟਾ ਹੈ ਜੋ ਸਭ ਨੂੰ ਸੁਗੰਧੀ ਦੇਂਦਾ ਹੈ। ਹਉਮੈ ਦੇ ਮਾਰੇ ਹੋਏ ਬੰਦੇ ਹਨੇਰੀਆਂ ਰਾਤਾਂ ਵਰਗੇ ਕਾਲੇ ਦਿਲ ਵਾਲੇ ਹੁੰਦੇ ਹਨ, ਉਹ, ਮਾਨੋ, ਬਾਂਸ ਹਨ ਜੋ ਚੰਦਨ ਦੇ ਨੇੜੇ ਹੁੰਦੇ ਹੋਏ ਭੀ ਚੰਦਨ ਦੀ ਸੁਗੰਧੀ ਤੋਂ ਵਾਂਜੇ ਰਹਿੰਦੇ ਹਨ, ਤੇ ਆਪੋ ਵਿਚ ਖਹਿ ਖਹਿ ਕੇ ਸੜਦੇ ਹਨ।

ਸ਼ਲੋਕ ਨੰ: 13 ਤੋਂ 40 ਤਕ

ਕਬੀਰ ਦੀਨੁ ਗਵਾਇਆ ਦੁਨੀ ਸਿਉ ਦੁਨੀ ਨ ਚਾਲੀ ਸਾਥਿ ॥ ਪਾਇ ਕੁਹਾੜਾ ਮਾਰਿਆ ਗਾਫਲਿ ਅਪੁਨੈ ਹਾਥਿ ॥੧੩॥ {ਪੰਨਾ 1365}

ਪਦ ਅਰਥ: ਦੀਨੁ = ਮਜ਼ਹਬ, ਧਰਮ। ਸਿਉ = ਦੀ ਖ਼ਤਾਰ, ਵਾਸਤੇ। ਪਾਇ = ਪੈਰ ਉਤੇ। ਗਾਫਿਲ = ਗ਼ਾਫ਼ਿਲ (ਮਨੁੱਖ) ਨੇ।

ਅਰਥ: ਹੇ ਕਬੀਰ! ਗ਼ਾਫ਼ਲ ਮਨੁੱਖ ਨੇ 'ਦੁਨੀਆ' (ਦੇ ਧਨ-ਪਦਾਰਥ) ਦੀ ਖ਼ਾਤਰ 'ਦੀਨ' ਗਵਾ ਲਿਆ, (ਅਖ਼ੀਰ ਵੇਲੇ ਇਹ) ਦੁਨੀਆ ਭੀ ਮਨੁੱਖ ਦੇ ਨਾਲ ਨਾਹ ਤੁਰੀ। (ਸੋ) ਲਾ-ਪਰਵਾਹ ਬੰਦੇ ਨੇ ਆਪਣੇ ਪੈਰ ਉਤੇ ਆਪਣੇ ਹੀ ਹੱਥ ਨਾਲ ਕੁਹਾੜਾ ਮਾਰ ਲਿਆ (ਭਾਵ, ਆਪਣਾ ਨੁਕਸਾਨ ਆਪ ਹੀ ਕਰ ਲਿਆ) ।13।

ਕਬੀਰ ਜਹ ਜਹ ਹਉ ਫਿਰਿਓ ਕਉਤਕ ਠਾਓ ਠਾਇ ॥ ਇਕ ਰਾਮ ਸਨੇਹੀ ਬਾਹਰਾ ਊਜਰੁ ਮੇਰੈ ਭਾਂਇ ॥੧੪॥ {ਪੰਨਾ 1365}

ਪਦ ਅਰਥ: ਜਹ ਜਹ = ਜਿਥੇ ਜਿਥੇ। ਹਉ = ਮੈਂ। ਕਉਤਕ = ਤਮਾਸ਼ੇ, ਰੰਗ = ਤਮਾਸ਼ੇ। ਠਾਓ ਠਾਇ = ਥਾਂ ਥਾਂ ਤੇ, ਹਰੇਕ ਥਾਂ। ਸਨੇਹੀ = ਸਨੇਹ ਕਰਨ ਵਾਲਾ, ਪਿਆਰ ਕਰਨ ਵਾਲਾ। ਬਾਹਰਾ = ਬਿਨ, ਬਗੈਰ। ਊਜਰੁ = ਉਜਾੜ ਥਾਂ। ਮੇਰੈ ਭਾਂਇ = ਮੇਰੇ ਭਾ ਦਾ। ਰਾਮ ਸਨੇਹੀ = ਰਾਮ ਨਾਲ ਸਨੇਹ ਕਰਨ ਵਾਲਾ, ਪਰਮਾਤਮਾ ਨਾਲ ਪਿਆਰ ਕਰਨ ਵਾਲਾ।

ਅਰਥ: ਹੇ ਕਬੀਰ! ਮੈਂ ਜਿਥੇ ਜਿਥੇ ਗਿਆ ਹਾਂ, ਥਾਂ ਥਾਂ 'ਦੁਨੀਆ' ਵਾਲੇ ਰੰਗ-ਤਮਾਸ਼ੇ ਹੀ (ਵੇਖੇ ਹਨ) ; ਪਰ ਮੇਰੇ ਭਾ ਦਾ ਉਹ ਥਾਂ ਉਜਾੜ ਹੈ ਜਿਥੇ ਪਰਮਾਤਮਾ ਨਾਲ ਪਿਆਰ ਕਰਨ ਵਾਲਾ (ਸੰਤ) ਕੋਈ ਨਹੀਂ (ਕਿਉਂਕਿ ਉਥੇ 'ਦੁਨੀਆ' ਹੀ 'ਦੁਨੀਆ' ਵੇਖੀ ਹੈ 'ਦੀਨ' ਦਾ ਨਾਮ-ਨਿਸ਼ਾਨ ਨਹੀਂ) ।14।

ਕਬੀਰ ਸੰਤਨ ਕੀ ਝੁੰਗੀਆ ਭਲੀ ਭਠਿ ਕੁਸਤੀ ਗਾਉ ॥ ਆਗਿ ਲਗਉ ਤਿਹ ਧਉਲਹਰ ਜਿਹ ਨਾਹੀ ਹਰਿ ਕੋ ਨਾਉ ॥੧੫॥ {ਪੰਨਾ 1365}

ਪਦ ਅਰਥ: ਝੁੰਗੀਆ = ਨਿੱਕੀ ਜਿਹੀ ਝੁੱਗੀ, ਭੈੜੀ ਜਿਹੀ ਕੁੱਲੀ। ਭਲੀ = ਸੋਹਣੀ। ਭਠਿ = ਭੱਠੀ (ਵਰਗਾ) । ਗਾਉ = ਪਿੰਡ। ਕੁਸਤੀ = ਕੁਸੱਤੀ, ਬੇਈਮਾਨ, ਖੋਟਾ ਮਨੁੱਖ। ਆਗਿ = ਹੁਕਮੀ ਭਵਿੱਖਤ, ਅੱਨ ਪੁਰਖ, ਇੱਕ = ਵਚਨ ਹੈ; ਜਿਵੇਂ 'ਭਿਜਉ ਸਿਜਉ ਕੰਬਲੀ, ਅਲਹ ਵਰਸਉ ਮੇਹ' ਵਿਚ ਲਫ਼ਜ਼ 'ਭਿਜਉ' ਅਤੇ 'ਵਰਸਉ' ਹਨ) । ਤਿਹ ਧਉਲਹਰ = ਉਸ ਮਹਲ = ਮਾੜੀ ਨੂੰ। ਜਿਹ = ਜਿਸ (ਧਉਲਹਰ) ਵਿਚ। ਕੋ = ਦਾ। ਨਾਉ = ਨਾਮ।

ਅਰਥ: ਹੇ ਕਬੀਰ! ਸੰਤਾਂ ਦੀ ਭੈੜੀ ਜਿਹੀ ਕੁੱਲੀ ਭੀ (ਮੈਨੂੰ) ਸੋਹਣੀ (ਲੱਗਦੀ) ਹੈ, (ਉਥੇ 'ਦੀਨ' ਵਿਹਾਝੀਦਾ ਹੈ) ਪਰ ਖੋਟੇ ਮਨੁੱਖ ਦਾ ਪਿੰਡ (ਸੜਦੀ) ਭੱਠੀ ਵਰਗਾ (ਜਾਣੋ) (ਉਥੇ ਹਰ ਵੇਲੇ 'ਦੁਨੀਆ' ਦੀ ਤ੍ਰਿਸ਼ਨਾ ਦੀ ਅੱਗ ਬਲ ਰਹੀ ਹੈ) । ਜਿਸ ਮਹਲ-ਮਾੜੀ ਵਿਚ ਪਰਮਾਤਮਾ ਦਾ ਨਾਮ ਨਹੀਂ ਸਿਮਰੀਦਾ, ਉਸ ਨੂੰ ਪਈ ਅੱਗ ਲੱਗੇ (ਮੈਨੂੰ ਅਜੇਹੇ ਮਹਲ-ਮਾੜੀਆਂ ਦੀ ਲੋੜ ਨਹੀਂ) ।15।

ਕਬੀਰ ਸੰਤ ਮੂਏ ਕਿਆ ਰੋਈਐ ਜੋ ਅਪੁਨੇ ਗ੍ਰਿਹਿ ਜਾਇ ॥ ਰੋਵਹੁ ਸਾਕਤ ਬਾਪੁਰੇ ਜੁ ਹਾਟੈ ਹਾਟ ਬਿਕਾਇ ॥੧੬॥ {ਪੰਨਾ 1365}

ਪਦ ਅਰਥ: ਕਿਆ ਰੋਈਐ = ਰੋਣ ਦੀ ਲੋੜ ਨਹੀਂ, ਕਿਉਂ ਰੋਣਾ ਹੋਇਆ? ਗ੍ਰਿਹਿ = ਘਰ ਵਿਚ। ਅਪੁਨੇ ਗ੍ਰਿਹਿ = ਆਪਣੇ ਘਰ ਵਿਚ, ਉਸ ਘਰ ਵਿਚ ਜੋ ਨਿਰੋਲ ਉਸ ਦਾ ਆਪਣਾ ਹੈ ਜਿਥੋਂ ਉਸ ਨੂੰ ਕੋਈ ਕੱਢੇਗਾ ਨਹੀਂ। ਜਾਇ = ਜਾਂਦਾ ਹੈ। ਸਾਕਤ = ਰੱਬ ਨਾਲੋਂ ਟੁੱਟਾ ਹੋਇਆ, ਪਰਮਾਤਮਾ ਤੋਂ ਵਿਛੁੜਿਆ ਹੋਇਆ ਜੀਵ, ਜੋ 'ਦੁਨੀਆ' ਦੀ ਖ਼ਾਤਰ 'ਦੀਨ' ਗਵਾ ਰਿਹਾ ਹੈ। ਬਾਪੁਰਾ = ਵਿਚਾਰਾ, ਬਦਨਸੀਬ, ਮੰਦ ਭਾਗੀ। ਰੋਵਹੁ = ਅਫ਼ਸੋਸ ਕਰੋ। ਜੁ = ਜੋ। ਹਾਟੈ ਹਾਟ = ਹੱਟੀ ਹੱਟੀ ਤੇ, ਹਰੇਕ ਹੱਟੀ ਤੇ, ਇਕ ਹੱਟੀ ਤੋਂ ਦੂਜੀ ਹੱਟੀ ਤੇ। ਬਿਕਾਇ = ਵਿਕਦਾ ਫਿਰਦਾ ਹੈ, ਕੀਤੇ ਵਿਕਾਰਾਂ ਦੇ ਵੱਟੇ ਭਵਾਂਈਦਾ ਹੈ।

ਅਰਥ: ਹੇ ਕਬੀਰ! ਕਿਸੇ ਸੰਤ ਦੇ ਮਰਨ ਤੇ ਅਫ਼ਸੋਸ ਕਰਨ ਦੀ ਲੋੜ ਨਹੀਂ, ਕਿਉਂਕਿ ਉਹ ਸੰਤ ਤਾਂ ਉਸ ਘਰ ਵਿਚ ਜਾਂਦਾ ਹੈ ਜਿਥੋਂ ਉਸ ਨੂੰ ਕੋਈ ਕੱਢੇਗਾ ਨਹੀਂ (ਭਾਵ, ਉਹ ਸੰਤ 'ਦੀਨ' ਦਾ ਵਪਾਰੀ ਹੋਣ ਕਰਕੇ ਪ੍ਰਭੂ-ਚਰਨਾਂ ਵਿਚ ਜਾ ਅੱਪੜਦਾ ਹੈ) ; (ਜੇ ਅਫ਼ਸੋਸ ਕਰਨਾ ਹੈ ਤਾਂ) ਉਸ ਮੰਦ-ਭਾਗੀ (ਦੇ ਮਰਨ) ਤੇ ਅਫ਼ਸੋਸ ਕਰੋ ਜੋ ਪ੍ਰਭੂ-ਚਰਨਾਂ ਤੋਂ ਵਿਛੁੜਿਆ ਹੋਇਆ ਹੈ, (ਉਹ ਆਪਣੇ ਕੀਤੇ ਮੰਦ-ਕਰਮਾਂ ਦੇ ਵੱਟੇ) ਹਰੇਕ ਹੱਟੀ ਤੇ ਵਿਕਦਾ ਹੈ (ਭਾਵ, ਸਾਰੀ 'ਦੁਨੀਆ' ਦੀ ਖ਼ਾਤਰ ਭਟਕਣ ਕਰਕੇ ਹੁਣ ਕਈ ਜੂਨਾਂ ਵਿਚ ਭਟਕਦਾ ਹੈ) ।16।

ਕਬੀਰ ਸਾਕਤੁ ਐਸਾ ਹੈ ਜੈਸੀ ਲਸਨ ਕੀ ਖਾਨਿ ॥ ਕੋਨੇ ਬੈਠੇ ਖਾਈਐ ਪਰਗਟ ਹੋਇ ਨਿਦਾਨਿ ॥੧੭॥ {ਪੰਨਾ 1365}

ਪਦ ਅਰਥ: ਸਾਕਤੁ = ਪ੍ਰਭੂ ਨਾਲੋਂ ਟੁੱਟਾ ਹੋਇਆ ਮਨੁੱਖ, 'ਦੁਨੀਆ' ਦੀ ਖ਼ਾਤਰ 'ਦੀਨ' ਨੂੰ ਗਵਾਉਣ ਵਾਲਾ ਬੰਦਾ। ਲਸਨ = ਥੋਮ। ਖਾਨਿ = ਕੋਠੀ, ਸਟੋਰ। ਕੋਨੈ = (ਕਿਸੇ ਘਰ ਦੀ) ਨੁੱਕਰ ਵਿਚ, ਕਿਤੇ ਲੁਕਵੇਂ ਥਾਂ। ਬੈਠੇ = ਬੈਠਿ, ਬਹਿ ਕੇ। ਪਰਗਟ ਹੋਇ = ਉੱਘੜ ਪੈਂਦਾ ਹੈ, ਨਸ਼ਰ ਹੋ ਜਾਂਦਾ ਹੈ। ਨਿਦਾਨਿ = ਓੜਕ ਨੂੰ, ਆਖ਼ਰ ਨੂੰ, ਜ਼ਰੂਰ।

ਅਰਥ: ਹੇ ਕਬੀਰ! ਜੋ ਮਨੁੱਖ ਰੱਬ ਨਾਲੋਂ ਟੁੱਟਾ ਹੋਇਆ ਹੈ (ਜੋ 'ਦੁਨੀਆ' ਦੀ ਖ਼ਾਤਰ 'ਦੀਨ' ਨੂੰ ਗਵਾਈ ਜਾ ਰਿਹਾ ਹੈ) ਉਸ ਨੂੰ ਇਉਂ ਸਮਝੋ ਜਿਵੇਂ ਥੋਮ ਦੀ ਭਰੀ ਹੋਈ ਕੋਠੜੀ ਹੈ। ਥੋਮ ਨੂੰ ਕਿਤੇ ਲੁਕਵੇਂ ਥਾਂ ਭੀ ਬਹਿ ਕੇ ਖਾ ਲਈਏ, ਤਾਂ ਭੀ ਉਹ ਜ਼ਰੂਰ (ਆਪਣੀ ਬੋ ਤੋਂ) ਉੱਘੜ ਪੈਂਦਾ ਹੈ (ਸਾਕਤ ਦੇ ਅੰਦਰੋਂ ਭੀ ਜਦੋਂ ਨਿਕਲਣਗੇ ਮੰਦੇ ਬਚਨ ਹੀ ਨਿਕਲਣਗੇ) ।17।

ਕਬੀਰ ਮਾਇਆ ਡੋਲਨੀ ਪਵਨੁ ਝਕੋਲਨਹਾਰੁ ॥ ਸੰਤਹੁ ਮਾਖਨੁ ਖਾਇਆ ਛਾਛਿ ਪੀਐ ਸੰਸਾਰੁ ॥੧੮॥ {ਪੰਨਾ 1365}

ਪਦ ਅਰਥ: ਮਾਇਆ = 'ਦੁਨੀਆ'। ਡੋਲਨੀ = ਚਾਟੀ, ਦੁੱਧ ਦੀ ਚਾਟੀ। ਪਵਨੁ = ਹਵਾ, ਸੁਆਸ। ਝਕੋਲਨਹਾਰੁ = ਉਹ ਚੀਜ਼ ਜਿਸ ਨਾਲ ਦੁੱਧ ਰਿੜਕੀਦਾ ਹੈ, ਮਧਾਣੀ। ਸੰਤਹੁ = ਸੰਤਾਂ ਨੇ, ਉਹਨਾਂ ਬੰਦਿਆਂ ਨੇ ਜੋ 'ਦੁਨੀਆ' ਦੀ ਖ਼ਾਤਰ 'ਦੀਨ' ਨੂੰ ਗੁਆਚਣ ਨਹੀਂ ਦੇਂਦੇ। ਛਾਛਿ = ਲੱਸੀ। ਸੰਸਾਰੁ = 'ਦੁਨੀਆ' ਦਾ ਵਪਾਰੀ।

ਅਰਥ: ਹੇ ਕਬੀਰ! ਇਸ 'ਦੁਨੀਆ' ('ਮਾਇਆ') ਨੂੰ ਦੁੱਧ ਦੀ ਭਰੀ ਚਾਟੀ ਸਮਝੋ, (ਹਰੇਕ ਜੀਵ ਦਾ) ਸੁਆਸ ਸੁਆਸ (ਉਸ ਚਾਟੀ ਨੂੰ ਰਿੜਕਣ ਲਈ) ਮਧਾਣੀ ਮਿਥ ਲਵੋ। (ਜਿਨ੍ਹਾਂ ਨੂੰ ਇਹ ਦੁੱਧ ਰਿੜਕਣ ਦੀ ਜਾਚ ਆ ਗਈ, ਜਿਨ੍ਹਾਂ ਪਰਮਾਤਮਾ ਦਾ ਸਿਮਰਨ ਕਰਦਿਆਂ ਇਸ ਮਾਇਆ ਨੂੰ ਵਰਤਿਆ, ਜਿਨ੍ਹਾਂ ਨੇ 'ਦੁਨੀਆ' ਨੂੰ ਵਣ-ਜਿਆ ਪਰ 'ਦੀਨ' ਭੀ ਗੁਆਚਨ ਨਾਹ ਦਿੱਤਾ) ਉਹਨਾਂ ਸੰਤ ਜਨਾਂ ਨੇ (ਇਸ ਰੇੜਕੇ ਵਿਚੋਂ) ਮੱਖਣ (ਹਾਸਲ ਕੀਤਾ ਤੇ) ਖਾਧਾ (ਭਾਵ; ਮਨੁੱਖਾ ਜਨਮ ਦਾ ਅਸਲ ਮਨੋਰਥ ਹਾਸਲ ਕੀਤਾ, ਜਿਵੇਂ ਦੁੱਧ ਨੂੰ ਰਿੜਕਣ ਦਾ ਮਨੋਰਥ ਹੈ ਮੱਖਣ ਕੱਢਣਾ) ; ਪਰ ਨਿਰੀ 'ਦੁਨੀਆ' ਦਾ ਵਪਾਰੀ (ਮਾਨੋ,) ਲੱਸੀ ਹੀ ਪੀ ਰਿਹਾ ਹੈ (ਮਨੁੱਖਾ ਜਨਮ ਦਾ ਅਸਲੀ ਮਨੋਰਥ ਨਹੀਂ ਪਾ ਸਕਿਆ) ।18।

ਕਬੀਰ ਮਾਇਆ ਡੋਲਨੀ ਪਵਨੁ ਵਹੈ ਹਿਵ ਧਾਰ ॥ ਜਿਨਿ ਬਿਲੋਇਆ ਤਿਨਿ ਖਾਇਆ ਅਵਰ ਬਿਲੋਵਨਹਾਰ ॥੧੯॥ {ਪੰਨਾ 1365}

ਪਦ ਅਰਥ: ਵਹੈ– ਚੱਲਦੀ ਹੈ। ਹਿਵ = ਬਰਫ਼। ਹਿਵਧਾਰ = ਬਰਫ਼ ਦੀ ਧਾਰ ਵਾਲਾ, ਠੰਢਾ, ਸੀਤਲ। ਪਵਨੁ = ਸੁਆਸ। ਪਵਨੁ ਹਿਵਧਾਰ ਵਹੈ– (ਜਿਸ ਚਾਟੀ ਵਿਚ) ਸ਼ਾਂਤ ਸੁਆਸ = ਰੂਪ ਮਧਾਣੀ ਚੱਲਦੀ ਹੈ, ਨਾਮ ਦੀ ਠੰਢਕ ਵਾਲੇ ਸੁਆਸਾਂ ਦੀ ਮਧਾਣੀ ਹਿਲਦੀ ਹੈ। ਜਿਨਿ = ਜਿਸ ਮਨੁੱਖ ਨੇ। ਬਿਲੋਇਆ = (ਇਸ ਮਧਾਣੀ ਨਾਲ) ਰਿੜਕਿਆ ਹੈ। ਅਵਰ = ਹੋਰ ਲੋਕ। ਬਿਲੋਵਨਹਾਰ = ਨਿਰੇ ਰਿੜਕ ਹੀ ਰਹੇ ਹਨ।

ਅਰਥ: ਹੇ ਕਬੀਰ! ਇਹ 'ਦੁਨੀਆ' (ਮਾਇਆ') ਮਾਨੋ, ਦੁੱਧ ਦੀ ਚਾਟੀ ਹੈ, (ਇਸ ਚਾਟੀ ਵਿਚ ਨਾਮ ਦੀ) ਠੰਢਕ ਵਾਲੇ ਸੁਆਸ, ਮਾਨੋ, ਮਧਾਣੀ ਹਿਲਾਈ ਜਾ ਰਹੀ ਹੈ। ਜਿਸ (ਭਾਗਾਂ ਵਾਲੇ ਮਨੁੱਖ) ਨੇ (ਇਸ ਮਧਾਣੀ ਨਾਲ ਦੁੱਧ) ਰਿੜਕਿਆ ਹੈ ਉਸ ਨੇ (ਮੱਖਣ) ਖਾਧਾ ਹੈ, ਬਾਕੀ ਦੇ ਹੋਰ ਲੋਕ ਨਿਰਾ ਰਿੜਕ ਹੀ ਰਹੇ ਹਨ (ਉਹਨਾਂ ਨੂੰ ਮੱਖਣ ਖਾਣ ਨੂੰ ਨਹੀਂ ਮਿਲਦਾ) (ਭਾਵ, ਜੋ ਲੋਕ ਨਿਰਬਾਹ-ਮਾਤ੍ਰ ਮਾਇਆ ਨੂੰ ਵਰਤਦੇ ਹਨ, ਤੇ ਨਾਲ ਨਾਲ ਸੁਆਸ ਸੁਆਸ ਪਰਮਾਤਮਾ ਨੂੰ ਯਾਦ ਰੱਖਦੇ ਹਨ, ਉਹਨਾਂ ਦਾ ਜੀਵਨ ਸ਼ਾਂਤੀ-ਭਰਿਆ ਹੁੰਦਾ ਹੈ, ਮਨੁੱਖਾ ਜਨਮ ਦਾ ਅਸਲ ਮਨੋਰਥ ਉਹ ਪ੍ਰਾਪਤ ਕਰ ਲੈਂਦੇ ਹਨ। ਪਰ ਜੋ ਲੋਕ 'ਦੀਨ' ਵਿਸਾਰ ਕੇ ਨਿਰੀ 'ਦੁਨੀਆ' ਪਿੱਛੇ ਦੌੜ-ਭੱਜ ਕਰਦੇ ਹਨ, ਉਹ ਖ਼ੁਆਰ ਹੁੰਦੇ ਹਨ, ਤੇ ਜੀਵਨ ਅਜਾਈਂ ਗੰਵਾ ਜਾਂਦੇ ਹਨ) ।19।

ਕਬੀਰ ਮਾਇਆ ਚੋਰਟੀ ਮੁਸਿ ਮੁਸਿ ਲਾਵੈ ਹਾਟਿ ॥ ਏਕੁ ਕਬੀਰਾ ਨਾ ਮੁਸੈ ਜਿਨਿ ਕੀਨੀ ਬਾਰਹ ਬਾਟ ॥੨੦॥ {ਪੰਨਾ 1365}

ਪਦ ਅਰਥ: ਚੋਰਟੀ = (ਲਫ਼ਜ਼ 'ਚੋਰ' ਤੋਂ 'ਚੋਰਟਾ' ਅਲਪਾਰਥਕ ਨਾਂਵ ਪੁਲਿੰਗ ਹੈ, 'ਚੋਰਟੀ' ਇਸ ਦਾ ਇਸਤ੍ਰੀਲਿੰਗ ਹੈ) ਚੰਦਰੀ ਜਿਹੀ, ਚੋਰ, ਠਗਣੀ, ਮੋਮੋ = ਠਗਣੀ। ਮੁਸਿ = ਠੱਗ ਕੇ। ਮੁਸਿ ਮੁਸਿ = ਸਦਾ ਠੱਗ ਠੱਗ ਕੇ। ਲਾਵੈ ਹਾਟਿ = ਹੱਟੀ ਸਜਾਂਦੀ ਹੈ। ਨਾ ਮੁਸੈ = ਨਹੀਂ ਠੱਗਿਆ ਜਾਂਦਾ। ਜਿਨਿ = ਜਿਸ ਨੇ। ਬਾਰਹ ਬਾਟ = ਬਾਰਾਂ ਟੋਟੇ, ਬਾਰਾਂ ਵੰਡੀਆਂ।

ਅਰਥ: ਹੇ ਕਬੀਰ! ਇਹ ਦੁਨੀਆ, ਇਹ ਮਾਇਆ, ਮੋਮੋ-ਠੱਗਣੀ ਹੈ (ਜੋ ਲੋਕ 'ਦੀਨ' ਵਿਸਾਰ ਕੇ ਨਿਰੀ 'ਦੁਨੀਆ' ਦੀ ਖ਼ਾਤਰ ਭਟਕ ਰਹੇ ਹਨ, ਉਹਨਾਂ ਨੂੰ) ਠੱਗ ਠੱਗ ਕੇ ਇਹ ਮਾਇਆ ਆਪਣੀ ਹੱਟੀ (ਹੋਰ ਹੋਰ) ਸਜਾਂਦੀ ਹੈ। ਹੇ ਕਬੀਰ! ਸਿਰਫ਼ ਉਹ ਮਨੁੱਖ ਇਸ ਦੀ ਠੱਗੀ ਤੋਂ ਬਚਿਆ ਰਹਿੰਦਾ ਹੈ ਜਿਸ ਨੇ ਇਸ ਮਾਇਆ ਦੀਆਂ ਬਾਰਾਂ ਵੰਡੀਆਂ ਕਰ ਦਿੱਤੀਆਂ ਹਨ (ਜਿਸ ਨੇ ਇਸ ਦੀ ਠੱਗੀ ਨੂੰ ਭੰਨ ਕੇ ਰੱਖ ਦਿੱਤਾ ਹੈ) ।20।

ਕਬੀਰ ਸੂਖੁ ਨ ਏਂਹ ਜੁਗਿ ਕਰਹਿ ਜੁ ਬਹੁਤੈ ਮੀਤ ॥ ਜੋ ਚਿਤੁ ਰਾਖਹਿ ਏਕ ਸਿਉ ਤੇ ਸੁਖੁ ਪਾਵਹਿ ਨੀਤ ॥੨੧॥ {ਪੰਨਾ 1365}

ਪਦ ਅਰਥ: ਏਂਹ ਜੁਗਿ = ਇਹ ਮਨੁੱਖਾ ਜਨਮ ਵਿਚ, ਇਹ ਮਨੁੱਖਾ ਜਨਮ ਪਾ ਕੇ। ਕਰਹਿ ਜੁ = ਤੂੰ ਜੋ ਬਣਾ ਰਿਹਾ ਹੈਂ। ਬਹੁਤੈ ਮੀਤ = (ਕਿਤੇ ਪੁਤ੍ਰ, ਕਿਤੇ ਇਸਤ੍ਰੀ, ਕਿਤੇ ਧਨ, ਕਿਤੇ ਰਾਜ = ਭਾਗ ਆਦਿਕ) ਕਈ ਯਾਰ। ਏਕ ਸਿਉ = ਇੱਕ ਪਰਮਾਤਮਾ ਨਾਲ। ਰਾਖਹਿ = ਜੋੜ ਰੱਖਦੇ ਹਨ। ਤੇ = ਉਹ ਬੰਦੇ।

ਅਰਥ: ਹੇ ਕਬੀਰ! ('ਦੀਨ' ਵਿਸਾਰ ਕੇ, ਪਰਮਾਤਮਾ ਨੂੰ ਭੁਲਾ ਕੇ ਤੂੰ ਜੋ ਪੁਤ੍ਰ ਇਸਤ੍ਰੀ ਧਨ ਮਿਲਖ ਆਦਿਕ) ਕਈ ਮਿਤ੍ਰ ਬਣਾ ਰਿਹਾ ਹੈਂ, ਇਸ ਮਨੁੱਖਾ ਜਨਮ ਵਿਚ (ਇਹਨਾਂ ਮਿਤ੍ਰਾਂ ਤੋਂ) ਸੁਖ ਨਹੀਂ ਮਿਲੇਗਾ। ਸਿਰਫ਼ ਉਹ ਮਨੁੱਖ ਸਦਾ ਸੁਖ ਮਾਣਦੇ ਹਨ ਜੋ ('ਦੁਨੀਆ' ਵਿਚ ਵਰਤਦੇ ਹੋਏ ਭੀ) ਇੱਕ ਪਰਮਾਤਮਾ ਨਾਲ ਆਪਣਾ ਮਨ ਜੋੜ ਰੱਖਦੇ ਹਨ ।21।

ਕਬੀਰ ਜਿਸੁ ਮਰਨੇ ਤੇ ਜਗੁ ਡਰੈ ਮੇਰੇ ਮਨਿ ਆਨੰਦੁ ॥ ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦੁ ॥੨੨॥ {ਪੰਨਾ 1365}

ਪਦ ਅਰਥ: ਮਰਨੇ ਤੇ = ਮਰਨ ਤੋਂ; ਪੁਤ੍ਰ ਇਸਤ੍ਰੀ ਧਨ ਮਿਲਖ ਆਦਿਕ ਨਾਲੋਂ ਮੋਹ ਤੋੜਨ ਦੀ ਮੌਤ ਤੋਂ, 'ਦੁਨੀਆ' ਦੇ ਮੋਹ ਵਲੋਂ ਮਰਨ ਤੋਂ, 'ਦੁਨੀਆ' ਨਾਲੋਂ ਮੋਹ ਤੋੜਨ ਤੋਂ। ਜਗੁ ਡਰੈ = ਜਗਤ ਡਰਦਾ ਹੈ, ਜਗਤ ਸੰਕੋਚ ਕਰਦਾ ਹੈ, ਜਗਤ ਝੱਕਦਾ ਹੈ। ਆਨੰਦੁ = ਖ਼ੁਸ਼ੀ। ਮਰਨੇ ਹੀ ਤੇ = ਪੁਤ੍ਰਾਦਿਕ ਬਹੁਤੇ ਮ੍ਰਿਤਾਂ ਨਾਲੋਂ ਮੋਹ ਤੋੜਿਆਂ ਹੀ। ਪਰਮਾਨੰਦ = ਉਹ ਪਰਮਾਤਮਾ ਜਿਸ ਵਿਚ ਪਰਮ ਆਨੰਦ ਹੈ, ਉਹ ਪ੍ਰਭੂ ਜੋ ਉੱਚੀ ਤੋਂ ਉੱਚੀ ਖ਼ੁਸ਼ੀ ਦਾ ਮਾਲਕ ਹੈ।

ਅਰਥ: ('ਦੁਨੀਆ' ਦੀ ਖ਼ਾਤਰ 'ਦੀਨ' ਨੂੰ ਵਿਸਾਰ ਕੇ ਮਨੁੱਖ ਧਨ-ਪਦਾਰਥ ਪੁਤ੍ਰ ਇਸਤ੍ਰੀ ਆਦਿਕ ਕਈ ਮਿਤ੍ਰ ਬਣਾਂਦਾ ਹੈ, ਅਤੇ ਇਹਨਾਂ ਤੋਂ ਸੁਖ ਦੀ ਆਸ ਰੱਖਦਾ ਹੈ, ਇਸ ਆਸ ਦੇ ਕਾਰਨ ਹੀ ਇਹਨਾਂ ਨਾਲੋਂ ਮੋਹ ਤੋੜ ਨਹੀਂ ਸਕਦਾ; ਪਰ) ਹੇ ਕਬੀਰ! ਜਿਸ (ਮੋਹ ਦੇ ਤਿਆਗ-ਰੂਪ) ਮੌਤ ਤੋਂ ਜਗਤ ਝੱਕਦਾ ਹੈ, ਉਸ ਨਾਲ ਮੇਰੇ ਮਨ ਵਿਚ ਖ਼ੁਸ਼ੀ ਪੈਦਾ ਹੁੰਦੀ ਹੈ; 'ਦੁਨੀਆ' ਦੇ ਇਸ ਮੋਹ ਵਲੋਂ ਮਰਿਆਂ ਹੀ ਉਹ ਪਰਮਾਤਮਾ ਮਿਲਦਾ ਹੈ ਜੋ ਮੁਕੰਮਲ ਤੌਰ ਤੇ ਆਨੰਦ ਸਰੂਪ ਹੈ ।22।

ਰਾਮ ਪਦਾਰਥੁ ਪਾਇ ਕੈ ਕਬੀਰਾ ਗਾਂਠਿ ਨ ਖੋਲ੍ਹ੍ਹ ॥ ਨਹੀ ਪਟਣੁ ਨਹੀ ਪਾਰਖੂ ਨਹੀ ਗਾਹਕੁ ਨਹੀ ਮੋਲੁ ॥੨੩॥ {ਪੰਨਾ 1365}

ਪਦ ਅਰਥ: ਪਦਾਰਥੁ = ਸੋਹਣੀ ਵਸਤ। ਪਾਇ ਕੈ = ਹਾਸਲ ਕਰ ਕੇ, ਜੇ ਤੈਨੂੰ ਮਿਲ ਗਿਆ ਹੈ। ਪਟਣੁ = ਸ਼ਹਰ। ਪਾਰਖੂ = ਪਰਖ ਕਰਨ ਵਾਲਾ, ਕਦਰ ਜਾਨਣ ਵਾਲਾ। ਗਾਹਕੁ = ਖ਼ਰੀਦਣ ਵਾਲਾ। ਮੋਲੁ = ('ਮਰਨੇ ਹੀ ਤੇ ਪਾਈਐ') 'ਦੁਨੀਆ' ਨਾਲੋਂ ਮੋਹ ਦੀ ਤਿਆਗ = ਰੂਪ ਕੀਮਤ।

ਅਰਥ: (ਜਿਧਰ ਤੱਕੋ, 'ਦੁਨੀਆ' ਦੀ ਖ਼ਾਤਰ ਹੀ ਦੌੜ-ਭੱਜ ਹੈ; ਸੋ) ਹੇ ਕਬੀਰ! (ਚੰਗੇ ਭਾਗਾਂ ਨਾਲ) ਜੇ ਤੈਨੂੰ ਪਰਮਾਤਮਾ ਦੇ ਨਾਮ ਦੀ ਸੋਹਣੀ ਵਸਤ ਮਿਲ ਗਈ ਹੈ ਤਾਂ ਇਹ ਗਠੜੀ ਹੋਰਨਾਂ ਅੱਗੇ ਨਾਹ ਖੋਲ੍ਹਦਾ ਫਿਰ। (ਜਗਤ 'ਦੁਨੀਆ' ਵਿਚ ਇਤਨਾ ਮਸਤ ਹੈ ਕਿ ਨਾਮ-ਪਦਾਰਥ ਦੇ ਖ਼ਰੀਦਣ ਲਈ) ਨਾਹ ਕੋਈ ਮੰਡੀ ਹੈ ਨਾ ਕੋਈ ਇਸ ਵਸਤ ਦੀ ਕਦਰ ਕਰਨ ਵਾਲਾ ਹੈ, ਨਾਹ ਇਹ ਕੋਈ ਵਸਤ ਖ਼ਰੀਦਣੀ ਚਾਹੁੰਦਾ ਹੈ, ਤੇ ਨਾਹ ਕੋਈ ਇਤਨੀ ਕੀਮਤ ਹੀ ਦੇਣ ਨੂੰ ਤਿਆਰ ਹੈ (ਕਿ 'ਦੁਨੀਆ' ਨਾਲੋਂ ਪ੍ਰੀਤਿ ਤੋੜੇ) ।23।

ਕਬੀਰ ਤਾ ਸਿਉ ਪ੍ਰੀਤਿ ਕਰਿ ਜਾ ਕੋ ਠਾਕੁਰੁ ਰਾਮੁ ॥ ਪੰਡਿਤ ਰਾਜੇ ਭੂਪਤੀ ਆਵਹਿ ਕਉਨੇ ਕਾਮ ॥੨੪॥ {ਪੰਨਾ 1365}

ਪਦ ਅਰਥ: ਤਾ ਸਿਉ = ਉਸ (ਸਤਸੰਗੀ) ਨਾਲ। ਜਾ ਕੋ = ਜਿਸ ਦਾ (ਆਸਰਾ = ਪਰਨਾ) । ਠਾਕੁਰੁ = ਪਾਲਕ। ਭੂਪਤਿ = (ਭੂ = ਧਰਤੀ। ਪਤੀ = ਖਸਮ) ਜ਼ਮੀਨਾਂ ਦੇ ਮਾਲਕ, ਰਾਜੇ। ਕਉਨੇ ਕਾਮ ਆਵਹਿ = ਕਿਸ ਕੰਮ ਆਉਂਦੇ ਹਨ? ਕਿਸੇ ਕੰਮ ਨਹੀਂ ਆਉਂਦੇ; ਸਾਥ ਨਹੀਂ ਨਿਬਾਹੁੰਦੇ।

ਅਰਥ: ਹੇ ਕਬੀਰ! ਉਸ (ਸਤਸੰਗੀ) ਨਾਲ ਸਾਂਝ ਬਣਾ ਜਿਸ ਦਾ (ਆਸਰਾ-ਪਰਨਾ) ਉਹ ਪਰਮਾਤਮਾ ਹੈ ਜੋ ਸਭ ਦਾ ਪਾਲਕ ਹੈ, ('ਰਾਮ ਪਦਾਰਥ' ਦੇ ਵਣਜਾਰਿਆਂ ਨਾਲ ਬਣੀ ਹੋਈ ਪ੍ਰੀਤਿ ਤੋੜ ਨਿਭ ਸਕਦੀ ਹੈ, ਪਰ ਜਿਨ੍ਹਾਂ ਨੂੰ ਵਿਦਿਆ ਰਾਜ ਭੁਇਂ ਆਦਿਕ ਦਾ ਮਾਣ ਹੈ, ਜੋ 'ਦੁਨੀਆ' ਦੇ ਵਪਾਰੀ ਹਨ ਉਹ) ਪੰਡਿਤ ਹੋਣ ਚਾਹੇ ਰਾਜੇ ਹੋਣ ਚਾਹੇ ਬੜੀ ਭੁਇਂ ਦੇ ਮਾਲਕ ਹੋਣ ਕਿਸੇ ਕੰਮ ਨਹੀਂ ਆਉਂਦੇ ।24।

ਕਬੀਰ ਪ੍ਰੀਤਿ ਇਕ ਸਿਉ ਕੀਏ ਆਨ ਦੁਬਿਧਾ ਜਾਇ ॥ ਭਾਵੈ ਲਾਂਬੇ ਕੇਸ ਕਰੁ ਭਾਵੈ ਘਰਰਿ ਮੁਡਾਇ ॥੨੫॥ {ਪੰਨਾ 1365}

ਨੋਟ: ਸ਼ਲੋਕ ਨੰ: 13 ਤੋਂ ਉਹਨਾਂ ਦਾ ਜ਼ਿਕਰ ਚੱਲਿਆ ਹੈ ਜੋ 'ਦੀਨ' ਨੂੰ ਵਿਸਾਰ ਕੇ ਨਿਰਾ 'ਦੁਨੀ' ਦਾ ਵਪਾਰ ਕਰ ਰਹੇ ਹਨ; ਇਹ ਮਜ਼ਮੂਨ ਸ਼ਲੋਕ ਨੰਬਰ 40 ਤਕ ਅੱਪੜਦਾ ਹੈ। ਪਿਛਲੇ ਸ਼ਲੋਕ ਵਿਚ ਲਿਖਦੇ ਹਨ ਕਿ ਜਿਨ੍ਹਾਂ ਨੇ ਵਿੱਦਿਆ ਰਾਜ ਭੁਇਂ ਨੂੰ ਜ਼ਿੰਦਗੀ ਦਾ ਆਸਰਾ-ਪਰਨਾ ਬਣਾ ਰੱਖਿਆ ਹੈ, ਉਹਨਾਂ ਦੀ ਸਾਂਝ-ਮਿੱਤ੍ਰਤਾ ਭੀ ਇਤਬਾਰ-ਜੋਗ ਨਹੀਂ ਹੁੰਦੀ, ਕਿਉਂਕਿ 'ਦੁਨੀ' ਵਾਲਾ ਆਸਰਾ ਕੱਚਾ ਹੈ, ਮਨੁੱਖ ਦੇ ਅੰਦਰ ਦੁਚਿੱਤਾ-ਪਨ ਸਹਿਮ ਟਿਕਿਆ ਰਹਿੰਦਾ ਹੈ। ਤੇ ਹੁਣ ਆਖਦੇ ਹਨ ਕਿ ਇਸ 'ਦੁਬਿਧਾ' ਨੂੰ ਦੂਰ ਕਰਨ ਦਾ ਸਿਰਫ਼ ਇੱਕੋ ਹੀ ਤਰੀਕਾ ਹੈ-'ਦੁਨੀ' ਦੇ ਥਾਂ 'ਦੀਨ' ਨਾਲ ਪਿਆਰ, ਇਕ ਪਰਮਾਤਮਾ ਨਾਲ ਪ੍ਰੀਤਿ। ਲੰਮੀਆਂ ਜਟਾਂ ਵਾਲੇ ਜਾਂ ਰੋਡ-ਮੋਡ ਸੰਨਿਆਸੀ ਵੇਖ ਕੇ ਇਕ ਗ੍ਰਿਹਸਤੀ ਦੇ ਮਨ ਵਿਚ ਇਹ ਖ਼ਿਆਲ ਪੈਦਾ ਹੋ ਜਾਣਾ ਕੁਦਰਤੀ ਗੱਲ ਹੈ ਕਿ ਇਹ ਲੋਕ ਤਾਂ 'ਦੁਨੀ' ਛੱਡ ਕੇ 'ਦੀਨ' ਦੇ ਰਸਤੇ ਪਏ ਹੋਏ ਹਨ, ਇਹਨਾਂ ਦੇ ਅੰਦਰ ਤਾਂ 'ਦੁਬਿਧਾ' ਨਹੀਂ ਹੋਵੇਗੀ। ਕਬੀਰ ਜੀ ਆਖਦੇ ਹਨ ਕਿ ਕੋਈ ਭੇਖ ਜਾਂ ਬਾਹਰਲਾ ਤਿਆਗ 'ਦੁਨੀ' ਦੇ ਮੋਹ ਤੋਂ ਬਚਾ ਨਹੀਂ ਸਕਦਾ। ਸਿਰਫ਼ ਪ੍ਰਭੂ-ਪ੍ਰੀਤਿ ਹੀ ਕਾਰੀ ਨੁਸਖ਼ਾ ਹੈ।

ਪਦ ਅਰਥ: ਆਨ = ਹੋਰ, 'ਦੁਨੀਆ' ਵਾਲੀ। ਦੁਬਿਧਾ = ਦੁਚਿਤਾ = ਪਨ, ਸਹਿਮ। ਜਾਇ = ਦੂਰ ਹੋ ਜਾਂਦਾ ਹੈ। ਭਾਵੈ = ਚਾਹੇ। ਲਾਂਬੇ ਕੇਸ ਕਰੁ = (ਸੁਆਹ ਮਲ ਮਲ ਕੇ) ਜਟਾਂ ਵਧਾ ਲੈ (ਤੇ 'ਦੁਨੀਆ' ਛੱਡ ਕੇ ਬਾਹਰ ਡੇਰਾ ਜਾ ਕਰ) । ਘਰਰਿ ਮੁਡਾਇ = ਸਿਰ ਉੱਕਾ ਹੀ ਮੁਨਾ ਕੇ ਰੋਡ ਮੋਡ ਸਾਧੂ ਬਣ ਕੇ 'ਦੁਨੀਆ' ਤਿਆਗ ਦੇਹ। ਕੀਏ = ਜੇ ਕੀਤੀ ਜਾਏ।

ਅਰਥ: ਹੇ ਕਬੀਰ! ('ਦੁਨੀਆ' ਵਾਲਾ) ਹੋਰ ਹੋਰ ਸਹਿਮ ਤਦੋਂ ਹੀ ਦੂਰ ਹੁੰਦਾ ਹੈ ਜੇ ਇੱਕ ਪਰਮਾਤਮਾ ਨਾਲ ਪਿਆਰ ਪਾਇਆ ਜਾਏ। (ਜਦ ਤਕ ਪ੍ਰਭੂ ਨਾਲ ਪ੍ਰੀਤਿ ਨਹੀਂ ਜੋੜੀ ਜਾਂਦੀ, 'ਦੁਨੀਆ' ਵਾਲੀ 'ਦੁਬਿਧਾ' ਮਿਟ ਨਹੀਂ ਸਕਦੀ) ਚਾਹੇ (ਸੁਆਹ ਮਲ ਕੇ) ਲੰਮੀਆਂ ਜਟਾਂ ਰਖ ਲੈ, ਚਾਹੇ ਉੱਕਾ ਹੀ ਸਿਰ ਰੋਡ-ਮੋਡ ਕਰ ਲੈ (ਅਤੇ ਜੰਗਲਾਂ ਜਾਂ ਤੀਰਥਾਂ ਤੇ ਜਾ ਕੇ ਡੇਰਾ ਲਾ ਲੈ) ।25।

ਨੋਟ: ਪਿਛਲੇ ਸ਼ਲੋਕ ਵਿਚ ਨਿਰੋਲ ਦੁਨੀਆਦਾਰਾਂ ਦਾ ਜ਼ਿਕਰ ਹੈ, ਇਥੇ ਉਹਨਾਂ ਦਾ ਜ਼ਿਕਰ ਹੈ ਜੋ ਆਪਣੇ ਵਲੋਂ 'ਦੁਨੀਆ' ਤਿਆਗ ਗਏ ਹਨ। ਕਬੀਰ ਜੀ ਦੇ ਵੇਲੇ ਅਜੇ 'ਖ਼ਾਲਸੇ' ਵਾਂਗ ਕੋਈ ਕੇਸਾਧਾਰੀ ਪੰਥ ਨਹੀਂ ਸੀ, ਜਿਸ ਉਤੇ ਕੋਈ ਨੁਕਤਾਚੀਨੀ ਕਰਨ ਦੀ ਕਬੀਰ ਜੀ ਨੂੰ ਲੋੜ ਪੈਂਦੀ। ਇਥੇ ਜਟਾਧਾਰੀਆਂ ਦਾ ਹੀ ਜ਼ਿਕਰ ਹੈ।

ਕਬੀਰ ਜਗੁ ਕਾਜਲ ਕੀ ਕੋਠਰੀ ਅੰਧ ਪਰੇ ਤਿਸ ਮਾਹਿ ॥ ਹਉ ਬਲਿਹਾਰੀ ਤਿਨ ਕਉ ਪੈਸਿ ਜੁ ਨੀਕਸਿ ਜਾਹਿ ॥੨੬॥ {ਪੰਨਾ 1365}

ਪਦ ਅਰਥ: ਜਗੁ = ਜਗਤ, 'ਦੁਨੀਆ' ਦਾ ਮੋਹ। ਅੰਧ = ਅੰਨ੍ਹੇ ਮਨੁੱਖ, ਉਹ ਬੰਦੇ ਜਿਨ੍ਹਾਂ ਨੂੰ 'ਦੀਨ' ਦੀ ਸੋਝੀ ਨਹੀਂ, ਜਿਨ੍ਹਾਂ ਦੀਆਂ ਅੱਖਾਂ ਨਹੀਂ ਖੁਲ੍ਹੀਆਂ। ਤਿਸ ਮਹਿ = ਉਸ ਕੋਠੜੀ ਵਿਚ (ਜਿਥੇ 'ਦੁਨੀਆ' ਦੇ ਮੋਹ ਦੀ ਕਾਲਖ ਹੈ) । ਕਾਜਲ = ਕਾਲਖ। ਬਲਿਹਾਰੀ = ਸਦਕੇ। ਹਉ = ਮੈਂ। ਪੈਸਿ = ਪੈ ਕੇ, ਡਿੱਗ ਕੇ, ਵਸ ਕੇ। ਨੀਕਸਿ ਜਾਹਿ = ਨਿਕਲ ਜਾਂਦੇ ਹਨ।

ਅਰਥ: ਹੇ ਕਬੀਰ! 'ਦੁਨੀਆ' ਦਾ ਮੋਹ, ਮਾਨੋ, ਇਕ ਐਸੀ ਕੋਠੜੀ ਹੈ ਜੋ ਕਾਲਖ ਨਾਲ ਭਰੀ ਹੋਈ ਹੈ; ਇਸ ਵਿਚ ਉਹ ਬੰਦੇ ਡਿੱਗੇ ਪਏ ਹਨ ਜਿਨ੍ਹਾਂ ਦੀਆਂ ਅੱਖਾਂ ਬੰਦ ਹਨ (ਜਿਨ੍ਹਾਂ ਨੂੰ 'ਦੀਨ' ਦੀ ਸੂਝ ਨਹੀਂ ਆਈ, ਚਾਹੇ ਉਹ ਪੰਡਿਤ ਰਾਜੇ ਭੂਪਤੀ ਹਨ, ਚਾਹੇ ਜਟਾਧਾਰੀ ਸੰਨਿਆਸੀ ਆਦਿਕ ਤਿਆਗੀ ਹਨ) । ਪਰ, ਮੈਂ ਉਹਨਾਂ ਤੋਂ ਸਦਕੇ ਹਾਂ, ਜੋ ਇਸ ਵਿਚ ਡਿੱਗ ਕੇ ਮੁੜ ਨਿਕਲ ਆਉਂਦੇ ਹਨ-(ਜੋ ਇੱਕ ਪਰਮਾਤਮਾ ਨਾਲ ਪਿਆਰ ਪਾ ਕੇ 'ਦੁਨੀ' ਦੇ ਮੋਹ ਨੂੰ ਤਿਆਗ ਦੇਂਦੇ ਹਨ) ।26।

ਨੋਟ: ਪੰਡਿਤ ਹੋਵੇ ਚਾਹੇ ਕੋਈ ਰਾਜਾ ਭੂਪਤੀ ਹੋਵੇ, ਵਿੱਦਿਆ ਜਾਂ ਬੇਅੰਤ ਧਨ-ਪਦਾਰਥ 'ਦੁਨੀਆ' ਦੇ ਮੋਹ ਦੀ ਕਾਲਖ-ਭਰੀ ਕੋਠੜੀ ਵਿਚ ਡਿਗਣੋਂ ਬਚਾ ਨਹੀਂ ਸਕਦੇ। ਪਰ ਇਹ ਭੀ ਭੁਲੇਖਾ ਹੈ ਕਿ ਜਟਾਧਾਰੀ ਜਾਂ ਸੰਨਿਆਸੀ ਆਦਿਕ ਸਾਧੂ, ਜੋ ਅਸਾਨੂੰ ਗ੍ਰਿਹਸਤੀਆਂ ਨੂੰ ਤਿਆਗੀ ਜਾਪਦੇ ਹਨ, ਇਸ ਕੱਜਲ ਦੀ ਕੋਠੜੀ ਵਿਚ ਡਿੱਗਣ ਤੋਂ ਬਚੇ ਹੋਏ ਹਨ। ਇਹ ਜ਼ਾਹਰਾ ਤਿਆਗ ਬਚਾਣ-ਜੋਗਾ ਨਹੀਂ ਹੈ। ਇਕ ਪ੍ਰਭੂ-ਪ੍ਰੀਤਿ ਹੀ ਵਸੀਲਾ ਹੈ।

ਕਬੀਰ ਇਹੁ ਤਨੁ ਜਾਇਗਾ ਸਕਹੁ ਤ ਲੇਹੁ ਬਹੋਰਿ ॥ ਨਾਂਗੇ ਪਾਵਹੁ ਤੇ ਗਏ ਜਿਨ ਕੇ ਲਾਖ ਕਰੋਰਿ ॥੨੭॥ {ਪੰਨਾ 1365}

ਪਦ ਅਰਥ: ਜਾਇਗਾ = ਨਾਸ ਹੋ ਜਾਇਗਾ। ਸਕਹੁ = (ਜੇ ਬਹੋਰਿ) ਸਕਹੁ, ਜੇ ਨਾਸ ਹੋਣ ਤੋਂ ਰੋਕ ਸਕਦੇ ਹੋ। ਤ = ਤਾਂ। ਲੇਹੁ ਬਹੋਰਿ = ਰੋਕ ਲਵੋ, ਬਚਾ ਲਵੋ। ਤੇ = ਉਹ ਬੰਦੇ। ਨਾਂਗੇ ਪਾਵਹੁ = ਨੰਗੀ ਪੈਰੀਂ, ਕੰਗਾਲਾਂ ਵਾਂਗ ਹੀ। ਜਿਨ ਕੇ = ਜਿਨ੍ਹਾਂ ਦੇ ਪਾਸ।

ਅਰਥ: ਹੇ ਕਬੀਰ! ਇਹ ਸਾਰਾ ਸਰੀਰ ਨਾਸ ਹੋ ਜਾਇਗਾ, ਜੇ ਤੁਸੀ ਇਸ ਨੂੰ ਨਾਸ ਹੋਣ ਤੋਂ ਬਚਾ ਸਕਦੇ ਹੋ ਤਾਂ ਬਚਾ ਲਵੋ (ਭਾਵ, ਕੋਈ ਭੀ ਆਪਣੇ ਸਰੀਰ ਨੂੰ ਨਾਸ ਹੋਣ ਤੋਂ ਬਚਾ ਨਹੀਂ ਸਕਦਾ, ਇਹ ਜ਼ਰੂਰ ਨਾਸ ਹੋਵੇਗਾ) । ਜਿਨ੍ਹਾਂ ਬੰਦਿਆਂ ਦੇ ਪਾਸ ਲੱਖਾਂ ਕ੍ਰੋੜਾਂ ਰੁਪਏ ਜਮ੍ਹਾ ਸਨ, ਉਹ ਭੀ ਇਥੋਂ ਨੰਗੀ ਪੈਰੀਂ ਹੀ (ਭਾਵ, ਕੰਗਾਲਾਂ ਵਾਂਗ ਹੀ) ਚਲੇ ਗਏ (ਸਾਰੀ ਉਮਰ 'ਦੁਨੀਆ' ਦੀ ਖ਼ਾਤਰ ਭਟਕਦੇ ਰਹੇ, 'ਦੀਨ' ਨੂੰ ਵਿਸਾਰ ਦਿੱਤਾ; ਆਖ਼ਰ ਇਹ 'ਦੁਨੀਆ' ਤਾਂ ਇਥੇ ਰਹਿ ਗਈ, ਇਥੋਂ ਆਤਮਕ ਜੀਵਨ ਵਿਚ ਨਿਰੋਲ ਕੰਗਾਲ ਹੋ ਕੇ ਤੁਰੇ) ।27।

ਕਬੀਰ ਇਹੁ ਤਨੁ ਜਾਇਗਾ ਕਵਨੈ ਮਾਰਗਿ ਲਾਇ ॥ ਕੈ ਸੰਗਤਿ ਕਰਿ ਸਾਧ ਕੀ ਕੈ ਹਰਿ ਕੇ ਗੁਨ ਗਾਇ ॥੨੮॥ {ਪੰਨਾ 1365}

ਪਦ ਅਰਥ: ਕਵਨੈ ਮਾਰਿਗ = ਕਿਸੇ ਰਸਤੇ ਤੇ, ਕਿਸੇ ਆਹਰੇ, ਕਿਸੇ ਉਸ ਕੰਮ ਵਿਚ ਜੋ ਲਾਹੇਵੰਦ ਹੋਵੇ। ਕੈ = ਜਾਂ।

ਅਰਥ: ਹੇ ਕਬੀਰ! ਇਹ ਸਰੀਰ ਨਾਸ ਹੋ ਜਾਇਗਾ, ਇਸ ਨੂੰ ਕਿਸੇ (ਉਸ) ਕੰਮ ਵਿਚ ਜੋੜ (ਜੋ ਤੇਰੇ ਲਈ ਲਾਹੇਵੰਦਾ ਹੋਵੇ) ; ਸੋ, ਸਾਧ ਸੰਗਤਿ ਕਰ ਅਤੇ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰ ('ਦੁਨੀ' ਤਾਂ ਇਥੇ ਹੀ ਰਹਿ ਜਾਂਦੀ ਹੈ, 'ਦੀਨ' ਹੀ ਸਾਥੀ ਬਣਦਾ ਹੈ) ।28।

ਨੋਟ: ਇਥੇ ਲਫ਼ਜ਼ 'ਕੈ' ਤੋਂ ਇਹ ਭਾਵ ਨਹੀਂ ਹੈ ਕਿ ਮਨੁੱਖ ਨੇ 'ਸਾਧ ਸੰਗਤਿ' ਅਤੇ 'ਹਰਿ ਗੁਨ' ਵਿਚੋਂ ਇਕ ਚੀਜ਼ ਚੁਣਨੀ ਹੈ ਇਥੇ ਭਾਵ ਇਉਂ ਹੈ-ਬੱਸ! ਦੋ ਹੀ ਲਾਹੇਵੰਦ ਕੰਮ ਹਨ, 'ਸਾਧ ਸੰਗਤਿ' ਜਾਂ 'ਹਰਿ ਗੁਨ', ਤੀਜਾ ਕੋਈ ਨਹੀਂ। ਸੋ ਇਥੇ 'ਜਾਂ' ਤੋਂ ਭਾਵ 'ਅਤੇ' ਦਾ ਲੈਣਾ ਹੈ।

ਕਬੀਰ ਮਰਤਾ ਮਰਤਾ ਜਗੁ ਮੂਆ, ਮਰਿ ਭੀ ਨ ਜਾਨਿਆ ਕੋਇ ॥ ਐਸੇ ਮਰਨੇ ਜੋ ਮਰੈ, ਬਹੁਰਿ ਨ ਮਰਨਾ ਹੋਇ ॥੨੯॥ {ਪੰਨਾ 1365-1366}

ਨੋਟ: 'ਐਸੇ ਮਰਨੇ ਜੋ ਮਰੈ' ਕਬੀਰ ਜੀ ਨੇ ਇਥੇ ਸਾਫ਼ ਲਫ਼ਜ਼ਾਂ ਵਿਚ ਇਹ ਨਹੀਂ ਦੱਸਿਆ ਕਿ ਉਹ 'ਐਸੇ ਮਰਨੇ' ਤੋਂ ਕੀਹ ਭਾਵ ਲੈਂਦੇ ਹਨ। ਉਂਞ ਸ਼ਲੋਕ ਨੰ: 28 ਵਿਚ ਉਹ ਦੱਸ ਆਏ ਹਨ ਕਿ ਇਸ ਨਾਸਵੰਤ ਸਰੀਰ ਨੂੰ ਸਫਲ ਕਰਨ ਲਈ 'ਸੰਗਤਿ ਕਰਿ ਸਾਧ ਕੀ, ਹਰਿ ਕੇ ਗੁਨ ਗਾਇ'। ਲਫ਼ਜ਼ 'ਐਸੇ' ਦਸਦਾ ਹੈ ਕਿ ਇਸ ਦਾ ਜ਼ਿਕਰ ਪਹਿਲੇ ਸ਼ਲੋਕ ਵਿਚ ਕੀਤਾ ਜਾ ਚੁੱਕਾ ਹੈ। ਜਦੋਂ ਮਨੁੱਖ ਨਿਰੀ 'ਦੁਨੀਆ' ਦੀ ਖ਼ਾਤਰ ਭਟਕਦਾ ਹੈ ਤਾਂ ਇਸ ਮਾਇਆ ਨੂੰ ਆਪਣੀ ਜ਼ਿੰਦਗੀ ਦਾ ਸਹਾਰਾ ਬਣਾ ਲੈਂਦਾ ਹੈ; ਫਿਰ ਹਰ ਵੇਲੇ ਇਹ ਸਹਿਮ ਭੀ ਟਿਕਿਆ ਰਹਿੰਦਾ ਹੈ ਕਿ ਕਿਤੇ ਰਾਸ-ਪੂੰਜੀ ਹਥੋਂ ਚਲੀ ਨਾ ਜਾਏ, ਜਾਂ, ਇਸ ਜੋੜੀ ਹੋਈ ਨੂੰ ਛੇਤੀ ਹੀ ਨਾਹ ਛੱਡਣਾ ਪੈ ਜਾਏ, ਛੇਤੀ ਹੀ ਮੌਤ ਦਾ ਨਗਾਰਾ ਨਾਹ ਆ ਵੱਜੇ। ਸੋ, ਨਿਰੀ 'ਦੁਨੀਆ' ਦਾ ਗਾਹਕ ਮਨੁੱਖ ਇਸ ਤਰ੍ਹਾਂ ਦਿਨ ਵਿਚ ਕਈ ਵਾਰੀ ਅਣ-ਆਈ ਮੌਤੇ ਹੀ ਪਿਆ ਮਰਦਾ ਹੈ, ਸਹਿਮ ਨਾਲ ਹਰ ਵੇਲੇ ਇਸ ਦਾ ਸਾਹ ਸੁੱਕਾ ਰਹਿੰਦਾ ਹੈ। ਇਸ ਰੋਜ਼ਾਨਾ ਮੌਤ ਤੋਂ ਬਚਣ ਲਈ ਕਬੀਰ ਜੀ ਨੇ 'ਮਾਰਗ' ਦੱਸਿਆ ਹੈ 'ਸੰਗਤਿ ਕਰਿ ਸਾਧ ਕੀ, ਹਰਿ ਕੇ ਗੁਨ ਗਾਇ'। ਉਸੇ ਖ਼ਿਆਲ ਨੂੰ ਇਸ ਸ਼ਲੋਕ ਵਿਚ ਇਸ਼ਾਰੇ-ਮਾਤ੍ਰ ਹੀ ਆਖਦੇ ਹਨ 'ਐਸੇ ਮਰਨੇ ਜੋ ਮਰੈ'।

ਇਸ 'ਐਸੇ ਮਰਨੇ ਜੋ ਮਰੈ' ਨੂੰ ਗੁਰੂ ਅਮਰਦਾਸ ਜੀ ਨੇ ਸਾਫ਼ ਲਫ਼ਜ਼ਾਂ ਵਿਚ ਸਮਝਾ ਦਿੱਤਾ ਹੈ। ਵੇਖੋ ਬਿਹਾਗੜੇ ਕੀ ਵਾਰ ਪਉੜੀ ਨੰ: 17।

ਕਬੀਰਾ ਮਰਤਾ ਮਰਤਾ ਜਗੁ ਮੁਆ ਮਰਿ ਭਿ ਨ ਜਾਨੈ ਕੋਇ ॥ ਐਸੀ ਮਰਨੀ ਜੋ ਮਰੈ ਬਹੁਰਿ ਨ ਮਰਨਾ ਹੋਇ ॥੧॥ {ਪੰਨਾ 555}

ਕਬੀਰ ਜੀ ਦੇ ਇਸ 'ਐਸੇ ਮਰਨੇ ਜੋ ਮਰੈ' ਭਾਵ ਨੂੰ ਸਮਝਾਣ ਲਈ ਗੁਰੂ ਅਮਰਦਾਸ ਜੀ ਇਉਂ ਲਿਖਦੇ ਹਨ:

ਮ: 3 ॥ ਕਿਆ ਜਾਣਾ ਕਿਵ ਮਰਹਗੇ, ਕੈਸਾ ਮਰਣਾ ਹੋਇ ॥ ਜੇਕਰਿ ਸਾਹਿਬ ਮਨਹੁ ਨ ਵੀਸਰੈ, ਤਾ ਸਹਿਲਾ ਮਰਣਾ ਹੋਇ ॥ ਮਰਣੈ ਤੇ ਜਗਤੁ ਡਰੈ, ਜੀਵਿਆ ਲੋੜੈ ਸਭੁ ਕੋਇ ॥ ਗੁਰ ਪਰਸਾਦੀ ਜੀਵਤੁ ਮਰੈ, ਹੁਕਮੈ ਬੂਝੈ ਸੋਇ ॥ ਨਾਨਕ ਐਸੀ ਮਰਨੀ ਜੋ ਮਰੈ, ਤਾ ਸਦ ਜੀਵਣੁ ਹੋਇ ॥2॥17॥

ਪਰਮਾਤਮਾ ਨੂੰ ਮਨੋਂ ਨਾਹ ਵਿਸਾਰਨਾ ਤੇ ਉਸ ਦੀ ਰਜ਼ਾ ਨੂੰ ਸਮਝਣਾ-ਇਹ ਹੈ ਕਬੀਰ ਜੀ ਦੇ ਗੂਝ ਭਾਵ ਦੀ ਵਿਆਖਿਆ ਜੋ ਸਤਿਗੁਰੂ ਅਮਰਦਾਸ ਜੀ ਨੇ ਕੀਤੀ ਹੈ; ਅਖ਼ੀਰ ਤੇ ਹਜ਼ੂਰ ਨੇ ਕਬੀਰ ਜੀ ਦੇ ਲਫ਼ਜ਼ਾਂ ਨੂੰ ਦੁਹਰਾ ਕੇ ਕਹਿ ਭੀ ਦਿੱਤਾ ਹੈ:

ਨਾਨਕ ਐਸੀ ਮਰਨੀ ਜੋ ਮਰੈ, ਤਾ ਸਦ ਜੀਵਣੁ ਹੋਇ ॥

ਕਬੀਰ ਜੀ ਲਿਖਦੇ ਹਨ 'ਐਸੇ ਮਰਨੇ ਜੋ ਮਰੈ'; ਸਤਿਗੁਰੂ ਜੀ ਲਿਖਦੇ ਹਨ 'ਨਾਨਕ ਐਸੀ ਮਰਨੀ ਜੋ ਮਰੈ'। ਕਬੀਰ ਜੀ ਲਿਖਦੇ ਹਨ 'ਬਹੁਰਿ ਨ ਮਰਨਾ ਹੋਇ'; ਸਤਿਗੁਰੂ ਜੀ ਇਸੇ ਖ਼ਿਆਲ ਨੂੰ ਹੋਰ ਲਫ਼ਜ਼ਾਂ ਵਿਚ ਵਟਾ ਕੇ ਲਿਖਦੇ ਹਨ 'ਤਾ ਸਦ ਜੀਵਣੁ ਹੋਇ'।

ਖ਼ਿਆਲ ਤੇ ਲਫ਼ਜ਼ਾਂ ਦੀ ਇਹ ਸਾਂਝ ਸਬੱਬ ਨਾਲ ਨਹੀਂ ਹੋ ਗਈ। ਗੁਰੂ ਅਮਰਦਾਸ ਜੀ ਦੇ ਪਾਸ ਕਬੀਰ ਜੀ ਦਾ ਇਹ ਸ਼ਲੋਕ ਹੂ-ਬ-ਹੂ ਮੌਜੂਦ ਸੀ। ਕਬੀਰ ਜੀ ਨੇ ਖ਼ਿਆਲ ਨੂੰ ਗੂਝ ਜਿਹਾ ਰੱਖਿਆ ਸੀ, ਗੁਰੂ ਅਮਰਦਾਸ ਜੀ ਨੇ ਉਸ ਨੂੰ ਖੁਲ੍ਹੇ ਲਫ਼ਜ਼ਾਂ ਵਿਚ ਸਪਸ਼ਟ ਕਰ ਦਿੱਤਾ। ਸੋ, ਇਹ ਕਹਾਣੀ ਗ਼ਲਤ ਹੈ ਕਿ ਭਗਤਾਂ ਦੀ ਬਾਣੀ ਗੁਰੂ ਅਰਜਨ ਸਾਹਿਬ ਨੇ ਇਕੱਠੀ ਕੀਤੀ ਸੀ। ਇਹ ਤਾਂ ਪਹਿਲੇ ਹੀ ਗੁਰ-ਵਿਅਕਤੀਆਂ ਪਾਸ ਮੌਜੂਦ ਸੀ (ਪੜ੍ਹੋ ਇਸ ਪੁਸਤਕ ਦੀ ਮੁਢਲੀ ਵਿਚਾਰ) ।

ਪਦ ਅਰਥ: ਮਰਤਾ ਮਰਤਾ = ਮੁੜ ਮੁੜ ਮਰਦਾ, ਰੋਜ਼ ਰੋਜ਼ ਮਰਦਾ, ਹਰ ਰੋਜ਼ ਮੌਤ ਦੇ ਸਹਿਮ ਦਾ ਦਬਾਇਆ ਹੋਇਆ। ਮਰਿ ਨ ਜਾਨਿਆ = (ਮੌਤ ਦੇ ਸਹਿਮ ਵਲੋਂ) ਮਰਨ ਦੀ ਜਾਚ ਨਾਹ ਸਿੱਖੀ, ਮੌਤ ਦਾ ਸਹਿਮ ਮੁਕਾਣ ਦੀ ਜਾਚ ਨਾਹ ਸਿੱਖੀ। ਐਸੇ ਮਰਨੇ ਜੋ ਮਰੈ = ਜੋ ਇਸ ਤਰ੍ਹਾਂ ਮਾਇਆ ਵਲੋਂ ਮਰੇ (ਜਿਵੇਂ ਪਿਛਲੇ ਸਲੋਕ ਨੰ: 28 ਵਿਚ ਦੱਸਿਆ ਹੈ) ਜੋ ਸਾਧ ਸੰਗਤਿ ਵਿਚ ਪ੍ਰਭੂ ਦੀ ਸਿਫ਼ਤਿ = ਸਾਲਾਹ ਕਰ ਕੇ ਮਾਇਆ ਵਲੋਂ ਮਰੇ। ਬਹੁਰਿ = ਮੁੜ ਮੁੜ। ਬਹੁਰਿ ਨ ਮਰਨਾ ਹੋਇ = ਉਸ ਨੂੰ ਮੁੜ ਮੁੜ ਮੌਤ ਦਾ ਸਹਿਮ ਨਹੀਂ ਹੁੰਦਾ।

ਅਰਥ: ਹੇ ਕਬੀਰ! (ਨਿਰੀ 'ਦੁਨੀਆ' ਦਾ ਵਪਾਰੀ) ਜਗਤ ਹਰ ਵੇਲੇ ਮੌਤ ਦੇ ਸਹਿਮ ਦਾ ਦਬਾਇਆ ਰਹਿੰਦਾ ਹੈ, (ਨਿਰੀ ਮਾਇਆ ਦਾ ਵਪਾਰੀ) ਕਿਸੇ ਧਿਰ ਨੂੰ ਭੀ ਸਮਝ ਨਹੀਂ ਆਉਂਦੀ ਕਿ ਮੌਤ ਦਾ ਇਹ ਸਹਿਮ ਕਿਵੇਂ ਮੁਕਾਇਆ ਜਾਏ। (ਸਾਧ ਸੰਗਤਿ ਵਿਚ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰ ਕੇ) ਜੋ ਮਨੁੱਖ ਜਿਊਂਦਾ ਹੀ ਮਰਦਾ ਹੈ ('ਦੁਨੀਆ' ਵਲੋਂ ਮੋਹ ਤੋੜਦਾ ਹੈ) ਉਸ ਨੂੰ ਫਿਰ ਇਹ ਸਹਿਮ ਨਹੀਂ ਰਹਿੰਦਾ ।29।

TOP OF PAGE

Sri Guru Granth Darpan, by Professor Sahib Singh