ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1378

ਕਿਝੁ ਨ ਬੁਝੈ ਕਿਝੁ ਨ ਸੁਝੈ ਦੁਨੀਆ ਗੁਝੀ ਭਾਹਿ ॥ ਸਾਂਈਂ ਮੇਰੈ ਚੰਗਾ ਕੀਤਾ ਨਾਹੀ ਤ ਹੰ ਭੀ ਦਝਾਂ ਆਹਿ ॥੩॥ {ਪੰਨਾ 1378}

ਪਦ ਅਰਥ: ਕਿਝੁ = ਕੁਝ ਭੀ। ਬੁਝੈ = ਸਮਝ ਆਉਂਦੀ, ਪਤਾ ਲੱਗਦਾ। ਦੁਨੀਆ = ਦੁਨੀਆ ਦਾ ਮੋਹ। ਗੁਝੀ = ਲੁਕਾਵੀਂ। ਭਾਹਿ = ਅੱਗ। ਸਾਂਈ ਮੇਰੈ = ਮੇਰੇ ਸਾਂਈ ਨੇ। ਹੰਭੀ = ਹਉਂ ਭੀ, ਮੈਂ ਭੀ। ਦਝਾਂ ਆਹਿ = ਸੜ ਜਾਂਦਾ।

ਅਰਥ: ਦੁਨੀਆ (ਵੇਖਣ ਨੂੰ ਤਾਂ ਗੁਲਜ਼ਾਰ ਹੈ, ਪਰ ਇਸ ਦਾ ਮੋਹ ਅਸਲ ਵਿਚ) ਲੁਕਵੀਂ ਅੱਗ ਹੈ (ਜੋ ਅੰਦਰ ਹੀ ਅੰਦਰ ਮਨ ਵਿਚ ਧੁਖਦੀ ਰਹਿੰਦੀ ਹੈ; ਇਸ ਵਿਚ ਪਏ ਹੋਏ ਜੀਵਾਂ ਨੂੰ ਜ਼ਿੰਦਗੀ ਦੇ ਸਹੀ ਰਸਤੇ ਦੀ) ਕੁਝ ਸੂਝ-ਬੂਝ ਨਹੀਂ ਪੈਂਦੀ। ਮੇਰੇ ਸਾਂਈ ਨੇ (ਮੇਰੇ ਉਤੇ) ਮੇਹਰ ਕੀਤੀ ਹੈ (ਤੇ ਮੈਨੂੰ ਇਸ ਤੋਂ ਬਚਾ ਲਿਆ ਹੈ) ਨਹੀਂ ਤਾਂ (ਬਾਕੀ ਲੋਕਾਂ ਵਾਂਗ) ਮੈਂ ਭੀ (ਇਸ ਵਿਚ) ਸੜ ਜਾਂਦਾ (ਭਾਵ, ਮਾਇਆ ਦੇ ਮੋਹ ਤੋਂ ਪ੍ਰਭੂ ਆਪ ਹੀ ਮੇਹਰ ਕਰ ਕੇ ਬਚਾਂਦਾ ਹੈ, ਅਸਾਡੇ ਆਪਣੇ ਵੱਸ ਦੀ ਗੱਲ ਨਹੀਂ ਕਿ ਇਹ 'ਪੋਟਲੀ' ਸਿਰੋਂ ਲਾਹ ਕੇ ਸੁੱਟ ਦੇਈਏ) ।3।

ਫਰੀਦਾ ਜੇ ਜਾਣਾ ਤਿਲ ਥੋੜੜੇ ਸੰਮਲਿ ਬੁਕੁ ਭਰੀ ॥ ਜੇ ਜਾਣਾ ਸਹੁ ਨੰਢੜਾ ਤਾਂ ਥੋੜਾ ਮਾਣੁ ਕਰੀ ॥੪॥ {ਪੰਨਾ 1378}

ਪਦ ਅਰਥ: ਤਿਲ = (ਭਾਵ) , ਸੁਆਸ। ਥੋੜੜੇ = ਬਹੁਤ ਥੋੜ੍ਹੇ। ਸੰਮਲਿ = ਸੰਭਲ ਕੇ, ਸੋਚ-ਸਮਝ ਕੇ। ਸਹੁ = ਖਸਮ-ਪ੍ਰਭੂ। ਨੰਢੜਾ = ਨਿੱਕਾ ਜਿਹਾ ਨੱਢਾ, ਨਿੱਕਾ ਜਿਹਾ ਬਾਲ, (ਭਾਵ, ਬਾਲ-ਸੁਭਾਉ ਵਾਲਾ) ।

ਅਰਥ: ਹੇ ਫਰੀਦ! ਜੇ ਮੈਨੂੰ ਪਤਾ ਹੋਵੇ ਕਿ (ਇਸ ਸਰੀਰ-ਰੂਪ ਭਾਂਡੇ ਵਿਚ) ਬਹੁਤ ਥੋੜ੍ਹੇ ਜਿਹੇ (ਸੁਆਸ ਰੂਪ) ਤਿਲ ਹਨ ਤਾਂ ਮੈਂ ਸੋਚ-ਸਮਝ ਕੇ (ਇਹਨਾਂ ਦਾ) ਬੁੱਕ ਭਰਾਂ (ਭਾਵ, ਬੇ-ਪਰਵਾਹੀ ਨਾਲ ਜੀਵਨ ਦੇ ਸੁਆਸ ਨਾ ਗੁਜ਼ਾਰੀ ਜਾਵਾਂ) । ਜੇ ਮੈਨੂੰ ਸਮਝ ਆ ਜਾਏ ਕਿ (ਮੇਰਾ) ਪਤੀ (-ਪ੍ਰਭੂ) ਬਾਲ-ਸੁਭਾਵ ਵਾਲਾ ਹੈ (ਭਾਵ, ਭੋਲੇ ਸੁਭਾਵ ਨੂੰ ਪਿਆਰ ਕਰਦਾ ਹੈ) ਤਾਂ ਮੈਂ ਭੀ (ਇਸ ਦੁਨੀਆ ਵਾਲੀ 'ਪੋਟਲੀ' ਦਾ) ਮਾਣ ਛੱਡ ਦਿਆਂ।4।

ਨੋਟ: ਵਿਆਹ ਹੋ ਜਾਣ ਤੇ ਜਦੋਂ ਨਵੀਂ ਵਿਆਹੀ ਕੁੜੀ ਸਹੁਰੇ ਘਰ ਆਉਂਦੀ ਹੈ, ਤਾਂ ਲਾੜੇ ਵਾਲੇ ਘਰ ਦੀਆਂ ਜ਼ਨਾਨੀਆਂ ਪਰਾਤ ਆਦਿਕ ਕਿਸੇ ਖੁਲ੍ਹੇ ਚੌੜੇ ਭਾਂਡੇ ਵਿਚ ਬਹੁਤ ਸਾਰੇ ਤਿਲ ਲਿਆਉਂਦੀਆਂ ਹਨ। ਪਹਿਲਾਂ ਲਾੜਾਂ ਆਪਣਾ ਬੁਕ ਭਰ ਕੇ ਵਹੁਟੀ ਦੇ ਬੁਕ ਵਿਚ ਪਾਂਦਾ ਹੈ, ਫਿਰ ਵਹੁਟੀ ਬੁਕ ਭਰ ਕੇ ਪਤੀ ਦੇ ਬੁਕ ਵਿਚ ਪਾਂਦੀ ਹੈ। ਇਸ ਰਸਮ ਨੂੰ 'ਤਿਲ ਭੱਲੇ' ਜਾਂ 'ਤਿਲ-ਵੇਤਰੇ' ਕਹਿੰਦੇ ਹਨ। ਪਤੀ ਨਾਲ 'ਤਿਲ-ਵੇਤਰੇ' ਖੇਡ ਚੁਕਣ ਤੇ ਵਹੁਟੀ ਆਪਣੀਆਂ ਨਨਾਣਾਂ ਤੇ ਦਿਰਾਣੀਆਂ ਜਿਠਾਣੀਆਂ ਨਾਲ 'ਤਿਲ-ਵੇਤਰੇ' ਖੇਡਦੀ ਹੈ। ਇਸ ਰਸਮ ਦਾ ਭਾਵ ਇਹ ਲਿਆ ਜਾਂਦਾ ਹੈ ਕਿ ਨਵੀਂ ਆਈ ਵਹੁਟੀ ਦਾ ਦਿਲ ਨਵੇਂ ਪਰਵਾਰ ਵਿਚ ਸਭ ਨਾਲ ਰਚ-ਮਿਚ ਜਾਏ। ਲਹਿੰਦੇ ਪੰਜਾਬ ਵਿਚ ਇਸ ਰਸਮ ਦਾ ਹਿੰਦੂ-ਘਰਾਂ ਵਿਚ ਆਮ ਰਿਵਾਜ ਸੀ। ਫਰੀਦ ਜੀ ਇਸ ਰਸਮ ਵਲ ਇਸ਼ਾਰਾ ਕਰ ਕੇ ਸ਼ਲੋਕ ਨੰ: 4 ਵਿਚ ਫ਼ੁਰਮਾਉਂਦੇ ਹਨ ਕਿ ਜੀਵ-ਇਸਤ੍ਰੀ ਨੇ ਪਤੀ-ਪ੍ਰਭੂ ਦੇ ਸਾਰੇ ਪਰਵਾਰ (ਖ਼ਲਕਤਿ) ਨਾਲ ਬਾਲ-ਸੁਭਾਵ ਬਣ ਕੇ ਪਿਆਰ ਕਰਨਾ ਹੈ।

ਇਸੇ ਤਰ੍ਹਾਂ ਇਕ ਰਸਮ ਹੈ ਜਿਸ ਨੂੰ 'ਗੰਢ ਚਿਤ੍ਰਾਵਾ' ਆਖਦੇ ਹਨ। ਜਦੋਂ ਨਵੀਂ ਵਿਆਹੀ ਕੁੜੀ ਆਪਣੇ ਪੇਕੇ ਘਰੋਂ ਵਿਦਾ ਹੋਣ ਲੱਗਦੀ ਹੈ, ਤਾਂ ਪਹਿਲਾਂ ਕੁੜੀ ਮੁੰਡੇ ਦੋਹਾਂ ਨੂੰ ਦਾਜ ਵਿਚ ਦਿੱਤੇ ਪਲੰਘ ਉਤੇ ਬਿਠਾ ਕੇ ਉਹਨਾਂ ਦੇ ਦੁਪੱਟਿਆਂ ਦੀ ਗੰਢ ਬੰਨ੍ਹ ਦੇਂਦੇ ਹਨ। ਘਰ ਦਾ ਪਰੋਹਤ ਉਸ ਵੇਲੇ ਕੁਝ ਸ਼ਲੋਕ ਪੜ੍ਹਦਾ ਹੈ, ਇਸ ਰਸਮ ਦਾ ਭਾਵ ਇਹ ਹੁੰਦਾ ਹੈ ਕਿ ਇਸ ਨਵੀਂ ਵਿਆਹੀ ਜੋੜੀ ਦਾ ਆਪੋ ਵਿਚ ਉਸੇ ਤਰ੍ਹਾਂ ਪੱਕਾ ਪਿਆਰ ਰਹੇ, ਜਿਵੇਂ ਇਹਨਾਂ ਦੁਪੱਟਿਆਂ ਦੀ ਪੱਕੀ ਗੰਢ ਪਾਈ ਗਈ ਹੈ। ਇਸ ਰਸਮ ਵਲ ਬਾਬਾ ਫਰੀਦ ਜੀ ਸ਼ਲੋਕ ਨੰ: 5 ਵਿਚ ਇਸ਼ਾਰਾ ਕਰਦੇ ਹਨ।

ਜੇ ਜਾਣਾ ਲੜੁ ਛਿਜਣਾ ਪੀਡੀ ਪਾਈਂ ਗੰਢਿ ॥ ਤੈ ਜੇਵਡੁ ਮੈ ਨਾਹਿ ਕੋ ਸਭੁ ਜਗੁ ਡਿਠਾ ਹੰਢਿ ॥੫॥ {ਪੰਨਾ 1378}

ਪਦ ਅਰਥ: ਲੜੁ = ਪੱਲਾ। ਛਿਜਣਾ = ਟੁੱਟ ਜਾਣਾ ਹੈ। ਪੀਡੀ = ਪੱਕੀ। ਤੈ ਜੇਵਡੁ = ਤੇਰੇ ਜੇਡਾ। ਹੰਢਿ = ਫਿਰ ਕੇ।

ਅਰਥ: (ਹੇ ਪਤੀ-ਪ੍ਰਭੂ!) ਜੇ ਮੈਨੂੰ ਸਮਝ ਹੋਵੇ ਕਿ (ਇਸ 'ਪੋਟਲੀ' ਦੇ ਕਾਰਨ ਤੇਰਾ ਫੜਿਆ ਹੋਇਆ) ਪੱਲਾ ਛਿੱਜ ਜਾਂਦਾ ਹੈ (ਭਾਵ, ਤੇਰੇ ਨਾਲੋਂ ਵਿੱਥ ਪੈ ਜਾਂਦੀ ਹੈ) ਤਾਂ ਮੈਂ (ਤੇਰੇ ਪੱਲੇ ਨਾਲ ਹੀ) ਪੱਕੀ ਗੰਢ ਪਾਵਾਂ। (ਹੇ ਸਾਂਈਂ!) ਮੈਂ ਸਾਰਾ ਜਗਤ ਫਿਰ ਕੇ ਵੇਖ ਲਿਆ ਹੈ, ਤੇਰੇ ਵਰਗਾ (ਸਾਥੀ) ਮੈਨੂੰ ਹੋਰ ਕੋਈ ਨਹੀਂ ਲੱਭਾ।5।

ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ ॥ ਆਪਨੜੇ ਗਿਰੀਵਾਨ ਮਹਿ ਸਿਰੁ ਨੀਵਾਂ ਕਰਿ ਦੇਖੁ ॥੬॥ {ਪੰਨਾ 1378}

ਪਦ ਅਰਥ: ਅਕਲਿ ਲਤੀਫੁ = ਲਤਫ਼ਿ ਅਕਲ ਵਾਲਾ, ਬਰੀਕ ਸਮਝ ਵਾਲਾ। ਕਾਲੇ ਲੇਖੁ = ਕਾਲੇ ਕਰਮਾਂ ਦਾ ਲੇਖਾ, ਹੋਰਨਾਂ ਦੇ ਮੰਦੇ ਕਰਮਾਂ ਦਾ ਲੇਖਾ-ਪੜਚੋਲ। ਗਿਰੀਵਾਨ = ਬੁੱਕਲ।

ਅਰਥ: ਹੇ ਫਰੀਦ! ਜੇ ਤੂੰ ਬਰੀਕ ਅਕਲ ਵਾਲਾ (ਸਮਝਦਾਰ) ਹੈਂ, ਤਾਂ ਹੋਰ ਬੰਦਿਆਂ ਦੇ ਮੰਦੇ ਕਰਮਾਂ ਦੀ ਪਛਚੋਲ ਨਾ ਕਰ; ਆਪਣੀ ਬੁੱਕਲ ਵਿਚ ਮੂੰਹ ਪਾ ਕੇ ਵੇਖ (ਕਿ ਤੇਰੇ ਆਪਣੇ ਕਰਮ ਕੈਸੇ ਹਨ) ।6।

ਫਰੀਦਾ ਜੋ ਤੈ ਮਾਰਨਿ ਮੁਕੀਆਂ ਤਿਨ੍ਹ੍ਹਾ ਨ ਮਾਰੇ ਘੁੰਮਿ ॥ ਆਪਨੜੈ ਘਰਿ ਜਾਈਐ ਪੈਰ ਤਿਨ੍ਹ੍ਹਾ ਦੇ ਚੁੰਮਿ ॥੭॥ {ਪੰਨਾ 1378}

ਪਦ ਅਰਥ: ਤੈ = ਤੈਨੂੰ। ਤਿਨ੍ਹ੍ਹਾ = (ਅੱਖਰ 'ਨ' ਦੇ ਨਾਲ ਅੱਧਾ 'ਹ' ਹੈ) । ਮਾਰੇ = ਮਾਰਿ। ਨ ਮਾਰੇ = ਨਾਹ ਮਾਰ। ਘੁੰਮਿ = ਘੁੰਮ ਕੇ, ਪਰਤ ਕੇ। ਆਪਨੜੈ ਘਰਿ = ਆਪਣੇ ਘਰ ਵਿਚ, ਸ੍ਵੈ-ਸਰੂਪ ਵਿਚ, ਸ਼ਾਂਤ ਅਵਸਥਾ ਵਿਚ। ਚੁੰਮਿ = ਚੁੰਮ ਕੇ। ਜਾਈਐ = ਅੱਪੜ ਜਾਈਦਾ ਹੈ।

ਅਰਥ: ਹੇ ਫਰੀਦ! ਜੋ (ਮਨੁੱਖ) ਤੈਨੂੰ ਮੁੱਕੀਆਂ ਮਾਰਨ (ਭਾਵ, ਕੋਈ ਦੁੱਖ ਦੇਣ) ਉਹਨਾਂ ਨੂੰ ਤੂੰ ਪਰਤ ਕੇ ਨਾ ਮਾਰੀਂ (ਭਾਵ, ਬਦਲਾ ਨਾ ਲਈਂ, ਸਗੋਂ) ਉਹਨਾਂ ਦੇ ਪੈਰ ਚੁੰਮ ਕੇ ਆਪਣੇ ਘਰ ਵਿਚ (ਸ਼ਾਂਤ ਅਵਸਥਾ ਵਿਚ) ਟਿਕੇ ਰਹੀਦਾ ਹੈ।7।

ਨੋਟ: ਫਰੀਦ ਜੀ ਇਹਨਾਂ ਸਾਰੇ ਸ਼ਲੋਕਾਂ ਵਿਚ ਦੱਸ ਰਹੇ ਹਨ ਕਿ ਜਿਸ ਬੰਦੇ ਉੱਤੇ ਸਾਈਂ ਦੀ ਮਿਹਰ ਹੋਵੇ ਉਹ ਇਹਨਾਂ ਉਪਰ ਲਿਖਿਆਂ ਜੁਗਤੀਆਂ ਨਾਲ ਦੁਨੀਆ ਵਾਲੀ 'ਪੋਟਲੀ' ਸਿਰ ਤੋਂ ਲਾਹ ਦੇਂਦਾ ਹੈ।

ਫਰੀਦਾ ਜਾਂ ਤਉ ਖਟਣ ਵੇਲ ਤਾਂ ਤੂ ਰਤਾ ਦੁਨੀ ਸਿਉ ॥ ਮਰਗ ਸਵਾਈ ਨੀਹਿ ਜਾਂ ਭਰਿਆ ਤਾਂ ਲਦਿਆ ॥੮॥ {ਪੰਨਾ 1378}

ਪਦ ਅਰਥ: ਤਉ = ਤੇਰਾ। ਖਟਣ ਵੇਲ = ਖੱਟਣ ਦਾ ਵੇਲਾ। ਰਤਾ = ਰੱਤਾ, ਰੰਗਿਆ ਹੋਇਆ, ਮਸਤ। ਸਿਉ = ਨਾਲ। ਮਾਰਗ = ਮੌਤ। ਸਵਾਈ = ਵਧਦੀ ਗਈ, ਪੱਕੀ ਹੁੰਦੀ ਗਈ। ਜਾਂ = ਜਦੋਂ। ਭਰਿਆ = (ਪਾਈ) ਭਰੀ ਗਈ, ਸੁਆਸ ਪੂਰੇ ਹੋ ਗਏ। ਨ੍ਹ੍ਹੀਹਿ = (ਅੱਖਰ 'ਨ' ਦੇ ਨਾਲ ਅੱਧਾ 'ਹ' ਹੈ) , ਨੀਂਹ।

ਅਰਥ: ਹੇ ਫਰੀਦ! ਜਦੋਂ ਤੇਰਾ (ਅਸਲ ਖੱਟੀ) ਖੱਟਣ ਦਾ ਵੇਲਾ ਸੀ ਤਦੋਂ ਤੂੰ ਦੁਨੀਆ (ਦੀ 'ਪੋਟਲੀ') ਨਾਲ ਮਸਤ ਰਿਹਾ। (ਇਸ ਤਰ੍ਹਾਂ) ਮੌਤ ਦੀ ਨੀਂਹ ਪੱਕੀ ਹੁੰਦੀ ਗਈ, (ਭਾਵ, ਮੌਤ ਦਾ ਸਮਾਂ ਨੇੜੇ ਆਉਂਦਾ ਗਿਆ) ਜਦੋਂ ਸਾਰੇ ਸੁਆਸ ਪੂਰੇ ਹੋ ਗਏ, ਤਾਂ ਇਥੋਂ ਕੂਚ ਕਰਨਾ ਪਿਆ।8।

ਦੇਖੁ ਫਰੀਦਾ ਜੁ ਥੀਆ ਦਾੜੀ ਹੋਈ ਭੂਰ ॥ ਅਗਹੁ ਨੇੜਾ ਆਇਆ ਪਿਛਾ ਰਹਿਆ ਦੂਰਿ ॥੯॥ {ਪੰਨਾ 1378}

ਪਦ ਅਰਥ: ਥੀਆ = ਹੋ ਗਿਆ ਹੈ। ਜੁ = ਜੋ ਕੁਝ। ਭੂਰ = ਚਿੱਟੀ। ਅਗਹੁ = ਅਗਲੇ ਪਾਸਿਓਂ। ਪਿਛਾ = ਪਿਛਲਾ ਪਾਸਾ, ਜਦੋਂ ਜੰਮਿਆ ਸੈਂ।

ਅਰਥ: ਹੇ ਫਰੀਦ! ਵੇਖ ਜੋ ਕੁਝ (ਹੁਣ ਤਕ) ਹੋ ਚੁਕਿਆ ਹੈ (ਉਹ ਇਹ ਹੈ ਕਿ) ਦਾੜ੍ਹੀ ਚਿੱਟੀ ਹੋ ਗਈ ਹੈ, ਮੌਤ ਵਾਲੇ ਪਾਸਿਓਂ ਸਮਾਂ ਨੇੜੇ ਆ ਰਿਹਾ ਹੈ, ਤੇ ਪਿਛਲਾ ਪਾਸਾ (ਜਦੋਂ ਜੰਮਿਆਂ ਸੈਂ) ਦੂਰ (ਪਿਛਾਂਹ) ਰਹਿ ਗਿਆ ਹੈ, (ਸੋ ਹੁਣ ਅੰਞਾਣਾਂ ਵਾਲੇ ਕੰਮ ਨਾਹ ਕਰ, ਤੇ ਅਗਾਂਹ ਦੀ ਤਿਆਰੀ ਲਈ ਕਮਾਈ ਕਰ) ।9।

ਦੇਖੁ ਫਰੀਦਾ ਜਿ ਥੀਆ ਸਕਰ ਹੋਈ ਵਿਸੁ ॥ ਸਾਂਈ ਬਾਝਹੁ ਆਪਣੇ ਵੇਦਣ ਕਹੀਐ ਕਿਸੁ ॥੧੦॥ {ਪੰਨਾ 1378}

ਪਦ ਅਰਥ: ਜਿ ਥੀਆ = ਜੋ ਕੁਝ ਹੋਇਆ ਹੈ। ਸਕਰ = ਮਿੱਠੇ ਪਦਾਰਥ। ਵਿਸੁ = ਜ਼ਹਿਰ, ਦੁਖਦਾਈ। ਵੇਦਣ = ਪੀੜ, ਦੁੱਖੜਾ।

ਅਰਥ: ਹੇ ਫਰੀਦ! ਵੇਖ, (ਹੁਣ ਤਕ) ਜੋ ਹੋਇਆ ਹੈ (ਉਹ ਇਹ ਹੈ ਕਿ 'ਦਾੜ੍ਹੀ ਭੂਰ' ਹੋ ਜਾਣ ਕਰਕੇ) ਦੁਨੀਆ ਦੇ ਮਿੱਠੇ ਪਦਾਰਥ (ਭੀ) ਦੁਖਦਾਈ ਲੱਗਦੇ ਹਨ (ਕਿਉਂਕਿ ਹੁਣ ਸਰੀਰਕ ਇੰਦ੍ਰੇ ਕਮਜ਼ੋਰ ਪੈ ਜਾਣ ਕਰਕੇ ਉਨ੍ਹਾਂ ਭੋਗਾਂ ਨੂੰ ਚੰਗੀ ਤਰ੍ਹਾਂ ਭੋਗ ਨਹੀਂ ਸਕਦੇ) ਇਹ ਦੁੱਖੜਾ ਆਪਣੇ ਸਾਈਂ ਬਾਝੋਂ ਹੋਰ ਕਿਸ ਨੂੰ ਆਖੀਏ? (ਭਾਵ, ਪ੍ਰਭੂ ਦੇ ਨਿਯਮਾਂ ਅਨੁਸਾਰ ਹੋ ਰਹੀ ਇਸ ਤਬਦੀਲੀ ਵਿਚ ਕੋਈ ਰੋਕ ਨਹੀਂ ਪਾ ਸਕਦਾ) ।10।

ਫਰੀਦਾ ਅਖੀ ਦੇਖਿ ਪਤੀਣੀਆਂ ਸੁਣਿ ਸੁਣਿ ਰੀਣੇ ਕੰਨ ॥ ਸਾਖ ਪਕੰਦੀ ਆਈਆ ਹੋਰ ਕਰੇਂਦੀ ਵੰਨ ॥੧੧॥ {ਪੰਨਾ 1378}

ਪਦ ਅਰਥ: ਪਤੀਣੀਆਂ = ਪਤਲੀਆਂ ਪੈ ਗਈਆਂ ਹਨ, ਹੇਠਾਂ ਲਹਿ ਗਈਆਂ ਹਨ। ਰੀਣੇ = ਖ਼ਾਲੀ, ਬੋਲੇ। ਸਾਖ = ਟਹਿਣੀ, ਸਰੀਰ। ਪਕੰਦੀ ਆਈਆ = ਪੱਕ ਗਈ ਹੈ। ਵੰਨ = ਰੰਗ।

ਅਰਥ: ਹੇ ਫਰੀਦ! ('ਸੱਕਰ' ਦੇ 'ਵਿਸੁ' ਹੋ ਜਾਣ ਦਾ ਕਾਰਨ ਇਹ ਹੈ ਕਿ) ਅੱਖਾਂ (ਜਗਤ ਦੇ ਰੰਗ-ਤਮਾਸ਼ੇ) ਵੇਖ ਕੇ (ਹੁਣ) ਕਮਜ਼ੋਰ ਹੋ ਗਈਆਂ ਹਨ (ਜਗਤ ਦੇ ਰੰਗ-ਤਮਾਸ਼ੇ ਤਾਂ ਉਸੇ ਤਰ੍ਹਾਂ ਮੌਜੂਦ ਹਨ, ਪਰ ਅੱਖਾਂ ਵਿਚ ਹੁਣ ਵੇਖਣ ਦੀ ਸੱਤਿਆ ਨਹੀਂ ਰਹੀ) , ਕੰਨ (ਦੁਨੀਆ ਦੇ ਰਾਗ-ਰੰਗ) ਸੁਣ ਸੁਣ ਕੇ (ਹੁਣ) ਬੋਲੇ ਹੋ ਗਏ ਹਨ। (ਨਿਰਾ ਅੱਖਾਂ ਤੇ ਕੰਨ ਹੀ ਨਹੀਂ, ਸਾਰਾ) ਸਰੀਰ ਹੀ ਬਿਰਧ ਹੋ ਗਿਆ ਹੈ, ਇਸ ਨੇ ਹੋਰ ਹੀ ਰੰਗ ਵਟਾ ਲਿਆ ਹੈ (ਹੁਣ ਭੋਗ ਭੋਗਣ ਜੋਗਾ ਨਹੀਂ ਰਿਹਾ, ਤੇ ਇਸ ਹਹੁਕੇ ਦਾ ਕੋਈ ਇਲਾਜ ਨਹੀਂ ਹੈ) ।11।

ਫਰੀਦਾ ਕਾਲੀ ਜਿਨੀ ਨ ਰਾਵਿਆ ਧਉਲੀ ਰਾਵੈ ਕੋਇ ॥ ਕਰਿ ਸਾਂਈ ਸਿਉ ਪਿਰਹੜੀ ਰੰਗੁ ਨਵੇਲਾ ਹੋਇ ॥੧੨॥ {ਪੰਨਾ 1378}

ਪਦ ਅਰਥ: ਕਾਲੀ = ਜਦੋਂ ਕੇਸ ਕਾਲੇ ਸਨ, ਕਾਲੇ ਕੇਸਾਂ ਦੇ ਹੁੰਦਿਆਂ। ਰਾਵਿਆ = ਮਾਣਿਆ। ਧਉਲੀ = ਧਉਲੇ ਆਇਆਂ। ਕੋਇ = ਕੋਈ ਵਿਰਲਾ। ਪਿਰਹੜੀ = ਪਿਆਰ। ਨਵੇਲਾ = ਨਵਾਂ। ਰੰਗ = ਪਿਆਰ।

ਅਰਥ: ਹੇ ਫਰੀਦ! ਕਾਲੇ ਕੇਸਾਂ ਦੇ ਹੁੰਦਿਆਂ ਜਿਨ੍ਹਾਂ ਨੇ ਪਤੀ-ਪ੍ਰਭੂ ਨਾਲ ਪਿਆਰ ਨਹੀਂ ਕੀਤਾ, ਉਨ੍ਹਾਂ ਵਿਚੋਂ ਕੋਈ ਵਿਰਲਾ ਹੀ ਧਉਲੇ ਆਇਆਂ (ਭਾਵ, ਬਿਰਧ ਉਮਰੇ) ਰੱਬ ਨੂੰ ਯਾਦ ਕਰ ਸਕਦਾ ਹੈ। (ਹੇ ਫਰੀਦ!) ਤੂੰ ਸਾਂਈਂ ਪ੍ਰਭੂ ਨਾਲ ਪਿਆਰ ਕਰ, (ਇਹ) ਪਿਆਰ (ਨਿੱਤ) ਨਵਾਂ ਰਹੇਗਾ (ਦੁਨੀਆ ਦੀ 'ਪੋਟਲੀ' ਵਾਲਾ ਪਿਆਰ ਤਾਂ ਸਰੀਰ-'ਸਾਖ' ਪੱਕਣ ਤੇ ਟੁੱਟ ਜਾਇਗਾ) ।12।

ਨੋਟ: ਇਸ ਸ਼ਲੋਕ ਦੇ ਪਰਥਾਇ ਅਗਲੇ ਸ਼ਲੋਕ ਵਿਚ ਗੁਰੂ ਅਮਰਦਾਸ ਜੀ ਫ਼ੁਰਮਾਂਦੇ ਹਨ ਕਿ ਜਿਸ ਭਾਗਾਂ ਵਾਲੇ ਉਤੇ ਸਾਂਈਂ ਮਿਹਰ ਕਰੇ, ਉਸ ਨੂੰ ਆਪਣੇ ਚਰਨਾਂ ਦਾ ਪਿਆਰ ਬਖ਼ਸ਼ਦਾ ਹੈ, ਉਮਰ ਭਾਵੇਂ ਜੁਆਨੀ ਦੀ ਹੋਵੇ ਭਾਵੇਂ ਬੁਢੇਪੇ ਦੀ।

ਮਃ ੩ ॥ ਫਰੀਦਾ ਕਾਲੀ ਧਉਲੀ ਸਾਹਿਬੁ ਸਦਾ ਹੈ ਜੇ ਕੋ ਚਿਤਿ ਕਰੇ ॥ ਆਪਣਾ ਲਾਇਆ ਪਿਰਮੁ ਨ ਲਗਈ ਜੇ ਲੋਚੈ ਸਭੁ ਕੋਇ ॥ ਏਹੁ ਪਿਰਮੁ ਪਿਆਲਾ ਖਸਮ ਕਾ ਜੈ ਭਾਵੈ ਤੈ ਦੇਇ ॥੧੩॥ {ਪੰਨਾ 1378}

ਪਦ ਅਰਥ: ਚਿਤਿ = ਚਿੱਤ ਵਿਚ। ਚਿਤਿ ਕਰੇ = ਚਿੱਤ ਵਿਚ ਟਿਕਾਏ, ਬੰਦਗੀ ਕਰੇ। ਪਿਰਮੁ = ਪਿਆਰ। ਸਭ ਕੋਇ = ਹਰੇਕ ਜੀਵ। ਜੈ = ਜਿਸ ਨੂੰ। ਤੈ = ਤਿਸ ਨੂੰ।

ਨੋਟ: ਇਹ ਸ਼ਲੋਕ ਉਪਰਲੇ ਹੀ ਸ਼ਲੋਕ ਦੀ ਵਿਆਖਿਆ ਹੈ। ਬੁਢੇਪੇ ਵਿਚ ਕਿਉਂ ਪ੍ਰਭੂ ਨੂੰ ਮਿਲਣਾ ਔਖਾ ਹੋ ਜਾਂਦਾ ਹੈ? ਇਸ ਲਈ ਕਿ ਜਵਾਨੀ ਵਿਚ ਮਾਇਕ ਆਦਤਾਂ ਪੱਕ ਜਾਣ ਕਰਕੇ ਬੁਢੇਪੇ ਵਿਚ 'ਬੰਦਗੀ' ਵਲ ਪਰਤਣਾ ਔਖਾ ਹੁੰਦਾ ਹੈ। ਪਰ ਜੁਆਨੀ ਹੋਵੇ ਚਾਹੇ ਬੁਢੇਪਾ, 'ਬੰਦਗੀ' ਸਦਾ ਹੈ ਹੀ ਪ੍ਰਭੂ ਦੀ 'ਬਖ਼ਸ਼ਸ਼'।

ਅਰਥ: ਹੇ ਫਰੀਦ! ਜੇ ਕੋਈ ਬੰਦਾ ਬੰਦਗੀ ਕਰੇ, ਤਾਂ ਜੁਆਨੀ ਵਿਚ ਭੀ ਤੇ ਬੁਢੇਪੇ ਵਿਚ ਭੀ ਮਾਲਿਕ (ਮਿਲ ਸਕਦਾ) ਹੈ। ਪਰ ਬੇਸ਼ਕ ਕੋਈ ਤਾਂਘ ਕਰ ਕੇ ਵੇਖ ਲਏ, 'ਇਹ ਪਿਆਰ' ਆਪਣਾ ਲਾਇਆ ਨਹੀਂ ਲੱਗ ਸਕਦਾ। ਇਹ ਪਿਆਰ-ਰੂਪ ਪਿਆਲਾ ਤਾਂ ਮਾਲਿਕ ਦਾ (ਆਪਣਾ) ਹੈ, ਜਿਸ ਨੂੰ ਉਸ ਦੀ ਮਰਜ਼ੀ ਹੁੰਦੀ ਹੈ ਦੇਂਦਾ ਹੈ।13।

ਫਰੀਦਾ ਜਿਨ੍ਹ੍ਹ ਲੋਇਣ ਜਗੁ ਮੋਹਿਆ ਸੇ ਲੋਇਣ ਮੈ ਡਿਠੁ ॥ ਕਜਲ ਰੇਖ ਨ ਸਹਦਿਆ ਸੇ ਪੰਖੀ ਸੂਇ ਬਹਿਠੁ ॥੧੪॥ {ਪੰਨਾ 1378}

ਪਦ ਅਰਥ: ਲੋਇਣ = ਅੱਖਾਂ। ਸੂਇ = ਬੱਚੇ। ਬਹਿਠੁ = ਬੈਠਣ ਦੀ ਥਾਂ।

ਅਰਥ: ਹੇ ਫਰੀਦ! (ਇਸ ਦਿੱਸਦੀ ਗੁਲਜ਼ਾਰ, ਪਰ ਅਸਲ ਵਿਚ, 'ਗੁਝੀ ਭਾਹਿ' ਵਿਚ ਮਸਤ ਜੀਵ ਨੂੰ ਕੁਝ ਸੁੱਝਦਾ-ਬੁੱਝਦਾ ਨਹੀਂ। ਪਿਆ ਮਾਣ ਕਰਦਾ ਹੈ। ਪਰ ਮਾਣ ਕਾਹਦਾ?) ਜਿਹੜੀਆਂ (ਸੋਹਣੀਆਂ) ਅੱਖਾਂ ਨੇ ਜਗਤ ਨੂੰ ਮੋਹ ਰੱਖਿਆ ਸੀ, ਉਹ ਅੱਖਾਂ ਮੈਂ ਭੀ ਵੇਖੀਆਂ, (ਪਹਿਲਾਂ ਤਾਂ ਇਤਨੀਆਂ ਨਾਜ਼ਕ ਸਨ ਕਿ) ਕੱਜਲ ਦੀ ਧਾਰ ਨਹੀਂ ਸਹਾਰ ਸਕਦੀਆਂ ਸਨ, ਫਿਰ ਉਹ ਪੰਛੀਆਂ ਦੇ ਬੱਚਿਆਂ ਦਾ ਆਹਲਣਾ ਬਣੀਆਂ (ਭਾਵ, ਅਸਾਡੇ ਸਾਹਮਣੇ ਸਰੀਰਕ ਸੁੰਦਰਤਾ ਆਖ਼ਰ ਨਿੱਤ ਨਾਸ ਹੋ ਜਾਂਦੀ ਹੈ, ਇਸ ਤੇ ਮਾਣ ਕੂੜਾ ਹੈ) ।14।

ਫਰੀਦਾ ਕੂਕੇਦਿਆ ਚਾਂਗੇਦਿਆ ਮਤੀ ਦੇਦਿਆ ਨਿਤ ॥ ਜੋ ਸੈਤਾਨਿ ਵੰਞਾਇਆ ਸੇ ਕਿਤ ਫੇਰਹਿ ਚਿਤ ॥੧੫॥ {ਪੰਨਾ 1378}

ਪਦ ਅਰਥ: ਸੈਤਾਨਿ = ਸ਼ੈਤਾਨ ਨੇ (ਭਾਵ, ਮਨ ਨੇ) (ਫਰੀਦ ਜੀ ਇਸਲਾਮੀ ਖ਼ਿਆਲ ਅਨੁਸਾਰ ਸ਼ੈਤਾਨ ਨੂੰ ਬਦੀ ਦਾ ਪਰੇਰਕ ਕਹਿ ਰਹੇ ਹਨ) । ਕੂਕੇਦਿਆ ਚਾਂਗੇਦਿਆ = ਮੁੜ ਮੁੜ ਪੁਕਾਰ ਪੁਕਾਰ ਕੇ ਸਮਝਾਣ ਤੇ ਭੀ। ਸੇ = ਉਹ ਬੰਦੇ। ਵੰਞਾਇਆ = ਵਿਗਾੜਿਆ ਹੈ।

ਅਰਥ: ਹੇ ਫਰੀਦ! (ਭਾਵੇਂ ਕਿਤਨਾ ਹੀ) ਪੁਕਾਰ ਪੁਕਾਰ ਕੇ ਆਖੀਏ (ਕਿਤਨਾ ਹੀ) ਨਿੱਤ ਮੱਤਾਂ ਦੇਈਏ; ਪਰ, ਜਿਨ੍ਹਾਂ ਬੰਦਿਆਂ ਨੂੰ (ਮਨ-) ਸ਼ੈਤਾਨ ਨੇ ਵਿਗਾੜਿਆ ਹੋਇਆ ਹੈ, ਉਹ ਕਿਵੇਂ ('ਦੁਨੀ' ਵਲੋਂ) ਚਿੱਤ ਫੇਰ ਸਕਦੇ ਹਨ?।15।

ਨੰ: 16 ਤੋਂ 36:

ਫਰੀਦਾ ਥੀਉ ਪਵਾਹੀ ਦਭੁ ॥ ਜੇ ਸਾਂਈ ਲੋੜਹਿ ਸਭੁ ॥ ਇਕੁ ਛਿਜਹਿ ਬਿਆ ਲਤਾੜੀਅਹਿ ॥ ਤਾਂ ਸਾਈ ਦੈ ਦਰਿ ਵਾੜੀਅਹਿ ॥੧੬॥ {ਪੰਨਾ 1378}

ਪਦ ਅਰਥ: ਥੀਉ = ਹੋ ਜਾ, ਬਣ ਜਾ। ਪਵਾਹੀ = ਪਹੇ ਦੀ, ਰਸਤੇ ਦੀ। ਦਭੁ = ਕੁਸ਼ਾ, ਘਾਹ। ਜੇ ਲੋੜਹਿ = ਜੇ ਤੂੰ ਲੱਭਦਾ ਹੈਂ। ਸਭੁ = ਹਰ ਥਾਂ, ਸਭ ਵਿਚ। ਇਕੁ = ਇੱਕ ਨੂੰ, ਕਿਸੇ ਦੱਭ ਦੇ ਬੂਟੇ ਨੂੰ। ਛਿਜਹਿ = (ਲੋਕ) ਤੋੜਦੇ ਹਨ। ਬਿਆ = ਕਈ ਹੋਰ (ਦੱਭ ਦੇ ਬੂਟੇ) । ਲਤਾੜੀਅਹਿ = ਲਤਾੜੇ ਜਾਂਦੇ ਹਨ। ਸਾਈ ਦੈ ਦਰਿ = ਮਾਲਕ ਦੇ ਦਰ ਤੇ। ਵਾੜੀਅਹਿ = ਤੂੰ ਵਾੜਿਆ ਜਾਏਂਗਾ, (ਭਾਵ,) ਕਬੂਲ ਹੋਵੇਂਗਾ।

ਅਰਥ: ਹੇ ਫਰੀਦ! ਜੇ ਤੂੰ ਮਾਲਕ (-ਪ੍ਰਭੂ) ਨੂੰ ਹਰ ਥਾਂ ਭਾਲਦਾ ਹੈਂ (ਭਾਵ, ਵੇਖਣਾ ਚਾਹੁੰਦਾ ਹੈਂ) ਤਾਂ ਪਹੇ ਦੀ ਦੱਭ (ਵਰਗਾ) ਬਣ ਜਾ (ਜਿਸ ਦੇ) ਇਕ ਬੂਟੇ ਨੂੰ (ਲੋਕ) ਤੋੜਦੇ ਹਨ, ਤੇ ਕਈ ਹੋਰ ਬੂਟੇ (ਉਨ੍ਹਾਂ ਦੇ ਪੈਰਾਂ ਹੇਠ) ਲਤਾੜੇ ਜਾਂਦੇ ਹਨ। (ਜੇ ਤੂੰ ਇਹੋ ਜਿਹਾ ਸੁਭਾਉ ਬਣਾ ਲਏਂ) ਤਾਂ ਤੂੰ ਮਾਲਕ ਦੇ ਦਰ ਤੇ ਕਬੂਲ ਹੋਵੇਂਗਾ। 16।

ਫਰੀਦਾ ਖਾਕੁ ਨ ਨਿੰਦੀਐ ਖਾਕੂ ਜੇਡੁ ਨ ਕੋਇ ॥ ਜੀਵਦਿਆ ਪੈਰਾ ਤਲੈ ਮੁਇਆ ਉਪਰਿ ਹੋਇ ॥੧੭॥ {ਪੰਨਾ 1378}

ਪਦ ਅਰਥ: ਖਾਕੁ = ਮਿੱਟੀ (ਇਸ ਲਫ਼ਜ਼ ਦੇ ਅਖ਼ੀਰ ਵਿਚ ਸਦਾ (ੁ) ਹੁੰਦਾ ਹੈ, ਇਸੇ ਤਰ੍ਹਾਂ ਦੇ ਹੋਰ ਲਫ਼ਜ਼ ਖੰਡੁ, ਵਿਸੁ, ਜਿੰਦ। ਜਦੋਂ ਇਹਨਾਂ (ੁ) ਅੰਤ ਵਿਚ ਲਫ਼ਜ਼ਾਂ ਨਾਲ ਕੋਈ 'ਸੰਬੰਧਕ' ਵਰਤੀਦਾ ਹੈ ਜਾਂ ਇਹਨਾਂ ਨੂੰ ਕਿਸੇ 'ਕਾਰਕ'-ਰੂਪ ਵਿਚ ਵਰਤੀਦਾ ਹੈ ਤਾਂ (ੁ) ਦੇ ਥਾਂ (ੂ) ਹੋ ਜਾਂਦਾ ਹੈ, ਜਿਵੇਂ 'ਖਾਕੁ' ਤੋਂ 'ਖਾਕੂ', 'ਜਿੰਦੁ' ਤੋਂ 'ਜਿੰਦੂ', 'ਵਿਸੁ' ਅਤੇ 'ਵਿਸੂ') । ਜੇਡੁ = ਜੇਡਾ, ਵਰਗਾ।

ਅਰਥ: ਹੇ ਫਰੀਦ! ਮਿੱਟੀ ਨੂੰ ਮਾੜਾ ਨਹੀਂ ਆਖਣਾ ਚਾਹੀਦਾ, ਮਿੱਟੀ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ। (ਮਨੁੱਖ ਦੇ) ਪੈਰਾਂ ਹੇਠ ਹੁੰਦੀ ਹੈ, (ਪਰ ਮਨੁੱਖ ਦੇ) ਮਰਿਆਂ ਉਸ ਦੇ ਉੱਤੇ ਹੋ ਜਾਂਦੀ ਹੈ, (ਇਸੇ ਤਰ੍ਹਾਂ 'ਗ਼ਰੀਬੀ-ਸੁਭਾਵ' ਦੀ ਰੀਸ ਨਹੀਂ ਹੋ ਸਕਦੀ, 'ਗ਼ਰੀਬੀ-ਸੁਭਾਵ' ਵਾਲਾ ਬੰਦਾ ਜ਼ਿੰਦਗੀ ਵਿਚ ਭਾਵੇਂ ਸਭ ਦੀ ਵਧੀਕੀ ਸਹਾਰਦਾ ਹੈ, ਪਰ ਮਨ ਨੂੰ ਮਾਰਨ ਕਰਕੇ ਆਤਮਕ ਅਵਸਥਾ ਵਿਚ ਉਹ ਸਭ ਤੋਂ ਉੱਚਾ ਹੁੰਦਾ ਹੈ) । 17।

ਫਰੀਦਾ ਜਾ ਲਬੁ ਤਾ ਨੇਹੁ ਕਿਆ ਲਬੁ ਤ ਕੂੜਾ ਨੇਹੁ ॥ ਕਿਚਰੁ ਝਤਿ ਲਘਾਈਐ ਛਪਰਿ ਤੁਟੈ ਮੇਹੁ ॥੧੮॥ {ਪੰਨਾ 1378}

ਪਦ ਅਰਥ: ਨੇਹੁ ਕਿਆ = ਕਾਹਦਾ ਪਿਆਰ? (ਭਾਵ, ਅਸਲ ਪਿਆਰ ਨਹੀਂ) । ਕੂੜਾ = ਝੂਠਾ। ਕਿਚਰੁ = ਕਿਤਨਾ ਚਿਰ? ਝਤਿ = ਸਮਾ। ਛਪਰਿ = ਛੱਪਰ ਉਤੇ। ਛਪਰਿ ਤੂਟੇ = ਟੁੱਟੇ ਹੋਏ ਛੱਪਰ ਉਤੇ। ਮੇਹੁ = ਮੀਂਹ।

ਅਰਥ: ਹੇ ਫਰੀਦ! ਜੇ (ਰੱਬ ਦੀ ਬੰਦਗੀ ਕਰਦਿਆਂ ਇਵਜ਼ਾਨੇ ਵਜੋਂ ਕੋਈ ਦੁਨੀਆ ਦਾ) ਲਾਲਚ ਹੈ, ਤਾਂ (ਰੱਬ ਨਾਲ) ਅਸਲ ਪਿਆਰ ਨਹੀਂ ਹੈ। (ਜਦ ਤਕ) ਲਾਲਚ ਹੈ, ਤਦ ਤਕ ਪਿਆਰ ਝੂਠਾ ਹੈ। ਟੁੱਟੇ ਹੋਏ ਛੱਪਰ ਉਤੇ ਮੀਂਹ ਪੈਂਦਿਆਂ ਕਦ ਤਾਂਈ ਸਮਾ ਨਿਕਲ ਸਕੇਗਾ? (ਭਾਵ, ਜਦੋਂ ਦੁਨੀਆ ਵਾਲੀ ਗ਼ਰਜ਼ ਪੂਰੀ ਨਾ ਹੋਈ, ਪਿਆਰ ਟੁੱਟ ਜਾਏਗਾ) । 18।

ਫਰੀਦਾ ਜੰਗਲੁ ਜੰਗਲੁ ਕਿਆ ਭਵਹਿ ਵਣਿ ਕੰਡਾ ਮੋੜੇਹਿ ॥ ਵਸੀ ਰਬੁ ਹਿਆਲੀਐ ਜੰਗਲੁ ਕਿਆ ਢੂਢੇਹਿ ॥੧੯॥ {ਪੰਨਾ 1378}

ਪਦ ਅਰਥ: ਜੰਗਲੁ ਜੰਗਲੁ = ਹਰੇਕ ਜੰਗਲ। ਕਿਆ ਭਵਹਿ = ਗਾਹਣ ਦਾ ਕੀਹ ਲਾਭ? ਵਣਿ = ਵਣ ਵਿਚ, ਜੰਗਲ ਵਿਚ। ਕਿਆ ਮੋੜੇਹਿ = ਕਿਉਂ ਲਤਾੜਦਾ ਹੈਂ? ਵਸੀ = ਵੱਸਦਾ ਹੈ। ਹਿਆਲੀਐ = ਹਿਰਦੇ ਵਿਚ। ਕਿਆ ਢੂਢੇਹਿ = ਭਾਲਣ ਦਾ ਕੀਹ ਲਾਭ?

ਅਰਥ: ਹੇ ਫਰੀਦ! ਹਰੇਕ ਜੰਗਲ ਨੂੰ ਗਾਹਣ ਦਾ ਕੀਹ ਲਾਭ ਹੈ? ਜੰਗਲ ਵਿਚ ਕੰਡੇ ਕਿਉਂ ਲਤਾੜਦਾ ਫਿਰਦਾ ਹੈਂ? ਰੱਬ (ਤਾਂ ਤੇਰੇ) ਹਿਰਦੇ ਵਿਚ ਵੱਸਦਾ ਹੈ, ਜੰਗਲ ਨੂੰ ਭਾਲਣ ਦਾ ਕੀ ਫ਼ਾਇਦਾ?। 19।

ਫਰੀਦਾ ਇਨੀ ਨਿਕੀ ਜੰਘੀਐ ਥਲ ਡੂੰਗਰ ਭਵਿਓਮ੍ਹ੍ਹਿ ॥ ਅਜੁ ਫਰੀਦੈ ਕੂਜੜਾ ਸੈ ਕੋਹਾਂ ਥੀਓਮਿ ॥੨੦॥ {ਪੰਨਾ 1378}

ਪਦ ਅਰਥ: ਇਨੀ ਜੰਘੀਐ = ਇਹਨਾਂ ਲੱਤਾਂ ਨਾਲ। ਡੂਗਰ = ਡੁੱਗਰ, ਪਹਾੜ। ਭਵਿਓਮ੍ਹ੍ਹਿ = ਮੈਂ ਲਭਿਆ, ਮੈਂ ਭਉਂ ਆਇਆ (ਅੱਖਰ 'ਮ' ਦੇ ਹੇਠ ਅੱਧਾ 'ਹ' ਹੈ) । ਅਜੁ = (ਭਾਵ,) ਬੁਢੇਪੇ ਵਿਚ। ਫਰੀਦੈ ਥੀਓਮਿ = ਮੈਂ ਫਰੀਦ ਨੂੰ ਹੋ ਗਿਆ ਹੈ। ਕੂਜੜਾ = ਇਕ ਨਿੱਕਾ ਜਿਹਾ ਲੋਟਾ।

ਅਰਥ: ਹੇ ਫਰੀਦ! ਇਹਨਾਂ ਨਿੱਕੀਆਂ ਨਿੱਕੀਆਂ ਲੱਤਾਂ ਨਾਲ (ਜਵਾਨੀ ਵੇਲੇ) ਮੈਂ ਥਲ ਤੇ ਪਹਾੜ ਗਾਹ ਆਉਂਦਾ ਰਿਹਾ, ਪਰ ਅੱਜ (ਬੁਢੇਪੇ ਵਿਚ) ਮੈਨੂੰ ਫਰੀਦ ਨੂੰ (ਇਹ ਰਤਾ ਪਰੇ ਪਿਆ) ਲੋਟਾ ਸੈ ਕੋਹਾਂ ਤੇ ਹੋ ਗਿਆ ਹੈ (ਸੋ, ਬੰਦਗੀ ਦਾ ਵੇਲਾ ਭੀ ਜੁਆਨੀ ਹੀ ਹੈ ਜਦੋਂ ਸਰੀਰ ਕੰਮ ਦੇ ਸਕਦਾ ਹੈ) । 20।

TOP OF PAGE

Sri Guru Granth Darpan, by Professor Sahib Singh