ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1380

ਬੁਢਾ ਹੋਆ ਸੇਖ ਫਰੀਦੁ ਕੰਬਣਿ ਲਗੀ ਦੇਹ ॥ ਜੇ ਸਉ ਵਰ੍ਹ੍ਹਿਆ ਜੀਵਣਾ ਭੀ ਤਨੁ ਹੋਸੀ ਖੇਹ ॥੪੧॥ {ਪੰਨਾ 1380}

ਪਦ ਅਰਥ: ਦੇਹ = ਸਰੀਰ। ਖੇਹ = ਸੁਆਹ, ਮਿੱਟੀ। ਹੋਸੀ = ਹੋ ਜਾਇਗਾ।

ਅਰਥ: ('ਵਿਸੁ ਗੰਦਲਾਂ' ਪਿੱਛੇ ਦੌੜ ਦੌੜ ਕੇ ਹੀ) ਸ਼ੇਖ਼ ਫਰੀਦ (ਹੁਣ) ਬੁੱਢਾ ਹੋ ਗਿਆ ਹੈ, ਸਰੀਰ ਕੰਬਣ ਲੱਗ ਪਿਆ ਹੈ। ਜੇ ਸਉ ਵਰ੍ਹੇ ਭੀ ਜੀਊਣਾ ਮਿਲ ਜਾਏ, ਤਾਂ ਭੀ (ਅੰਤ ਨੂੰ) ਸਰੀਰ ਮਿੱਟੀ ਹੋ ਜਾਇਗਾ (ਤੇ ਇਹਨਾਂ 'ਵਿਸੁ ਗੰਦਲਾਂ' ਤੋਂ ਸਾਥ ਟੁੱਟ ਜਾਇਗਾ) । 41।

ਫਰੀਦਾ ਬਾਰਿ ਪਰਾਇਐ ਬੈਸਣਾ ਸਾਂਈ ਮੁਝੈ ਨ ਦੇਹਿ ॥ ਜੇ ਤੂ ਏਵੈ ਰਖਸੀ ਜੀਉ ਸਰੀਰਹੁ ਲੇਹਿ ॥੪੨॥ {ਪੰਨਾ 1380}

ਪਦ ਅਰਥ: ਬਾਰਿ = ਬੂਹੇ ਤੇ। ਬਾਰਿ ਪਰਾਇਐ = ਪਰਾਏ ਬੂਹੇ ਤੇ। ਬੈਸਣਾ = ਬੈਠਣਾ। ਸਾਂਈ = ਹੇ ਸਾਂਈ! ਏਵੈ = ਇਸੇ ਤਰ੍ਹਾਂ, (ਭਾਵ, ਦੂਜਿਆਂ ਦੇ ਬੂਹੇ ਤੇ) । ਸਰੀਰਹੁ = ਸਰੀਰ ਵਿਚੋਂ। ਜੀਉ = ਜਿੰਦ।

ਅਰਥ: ਹੇ ਫਰੀਦ! (ਆਖ–) ਹੇ ਸਾਂਈਂ! (ਇਹਨਾਂ ਦੁਨੀਆ ਦੇ ਪਦਾਰਥਾਂ ਦੀ ਖ਼ਾਤਰ) ਮੈਨੂੰ ਪਰਾਏ ਬੂਹੇ ਤੇ ਬੈਠਣ ਨਾਹ ਦੇਈਂ। ਪਰ ਜੇ ਤੂੰ ਇਸੇ ਤਰ੍ਹਾਂ ਰੱਖਣਾ ਹੈ (ਭਾਵ, ਜੇ ਤੂੰ ਮੈਨੂੰ ਦੂਜਿਆਂ ਦਾ ਮੁਥਾਜ ਬਣਾਣਾ ਹੈ) ਤਾਂ ਮੇਰੇ ਸਰੀਰ ਵਿਚੋਂ ਜਿੰਦ ਕੱਢ ਲੈ। 82।

ਕੰਧਿ ਕੁਹਾੜਾ ਸਿਰਿ ਘੜਾ ਵਣਿ ਕੈ ਸਰੁ ਲੋਹਾਰੁ ॥ ਫਰੀਦਾ ਹਉ ਲੋੜੀ ਸਹੁ ਆਪਣਾ ਤੂ ਲੋੜਹਿ ਅੰਗਿਆਰ ॥੪੩॥ {ਪੰਨਾ 1380}

ਪਦ ਅਰਥ: ਕੰਧਿ = ਕੰਧੇ ਉਤੇ, ਮੋਢੇ ਉਤੇ। ਸਿਰਿ = ਸਿਰ ਉਤੇ। ਵਣਿ = ਵਣ ਵਿਚ, ਜੰਗਲ ਵਿਚ। ਕੈਸਰੁ = ਬਾਦਸ਼ਾਹ। ਹਉ = ਮੈਂ। ਸਹੁ = ਖਸਮ। ਲੋੜੀ = ਮੈਂ ਲੱਭਦਾ ਹਾਂ, ਲੋੜੀਂ। ਅੰਗਿਆਰ = ਕੋਲੇ।

ਨੋਟ: ਹੁਣ ਤਕ ਸਾਰੇ ਟੀਕਾਕਾਰ ਇਸ ਸ਼ਲੋਕ ਦੀ ਪਹਿਲੀ ਤੁਕ ਦੇ ਅਖ਼ੀਰਲੇ ਹਿੱਸੇ ਦਾ ਪਦ-ਛੇਦ ਇਉਂ ਕਰਦੇ ਚਲੇ ਆ ਰਹੇ ਹਨ– 'ਵਣਿ ਕੈ ਸਰੁ' ਅਤੇ ਇਸ ਦਾ ਅਰਥ ਕਰਦੇ ਹਨ– 'ਵਣ ਦੇ ਸਿਰ ਉਤੇ'। ਪਰ, ਇਹ ਪਦ-ਛੇਦ ਭੀ ਗ਼ਲਤ ਹੈ ਤੇ ਇਸ ਦਾ ਅਰਥ ਭੀ ਗ਼ਲਤ ਹੈ। ਸ਼ਲੋਕ ਦੀ ਪਹਿਲੀ ਤੁਕ ਵਿਚ ਆਏ ਲਫ਼ਜ਼ 'ਕੰਧਿ' ਤੇ 'ਸਿਰਿ' ਦਾ ਅਰਥ ਹੈ 'ਕੰਧੇ ਉਤੇ' ਵਿਆਕਰਣ ਅਨੁਸਾਰ ਇਹ ਲਫ਼ਜ਼ 'ਅਧਿਕਰਣ ਕਾਰਕ, ਇਕ-ਵਚਨ' ਹੈ। ਹੁਣ ਤਕ ਪਹਿਲਾਂ ਆ ਚੁਕੇ ਸ਼ਲੋਕਾਂ ਵਿਚ ਹੇਠ ਲਿਖੇ ਲਫ਼ਜ਼ ਵੀ ਵੇਖੋ:

ਸ਼ਲੋਕ ਨੰ: 1 ਕੈ ਗਲਿ = ਕਿਸ ਦੇ ਗਲਿ ਵਿਚ?

. . ਨੰ: 7 ਘਰਿ = ਘਰ ਵਿਚ।

. . ਨੰ: 13 ਚਿਤਿ = ਚਿੱਤ ਵਿਚ।

. . ਨੰ: 16 ਦਰਿ = ਦਰ ਉਤੇ।

. . ਨੰ: 18 ਤੁਟੈ ਛਪਰਿ = ਟੁੱਟੇ ਹੋਏ ਛੱਪਰ ਉਤੇ।

. . ਨੰ: 19 ਵਣਿ = ਵਣ ਵਿਚ।

. . ਨੰ: 36 ਜਿਤੁ ਤਨਿ = ਜਿਸ ਸਰੀਰ ਵਿਚ।

. . ਨੰ: 39 ਦਰਿ = ਦਰ ਉਤੇ।

. . ਨੰ: 42 ਬਾਰਿ = ਬਾਰ ਉਤੇ, ਬੂਹੇ ਉਤੇ।

ਪਰ, 'ਵਣਿ ਕੈ ਸਰੁ' ਵਿਚ ਲਫ਼ਜ਼ 'ਸਰੁ' ਦਾ ਜੋੜ ਉਪਰ-ਦਿੱਤੇ ਲਫ਼ਜ਼ਾਂ ਵਾਂਗ ਨਹੀਂ ਹੈ। ਇਸ ਦੇ ਅਖ਼ੀਰ ਵਿਚ ('ਿ') ਦੇ ਥਾਂ (ੁ) ਹੈ, ਜਿਵੇਂ ਇਸੇ ਹੀ ਸ਼ਲੋਕ ਵਿਚ ਲਫ਼ਜ਼ 'ਲੋਹਾਰੁ' ਅਤੇ 'ਸਹੁ' ਹਨ। ਲਫ਼ਜ਼ 'ਲੋਹਾਰੁ' ਦਾ ਅਰਥ 'ਲੋਹਾਰ ਵਿਚ' ਜਾਂ 'ਲੋਹਾਰ ਉਤੇ' ਨਹੀਂ ਹੋ ਸਕਦਾ; 'ਸਹੁ' ਦਾ ਅਰਥ 'ਸਹੁ ਵਿਚ' ਜਾਂ 'ਸਹੁ ਉਤੇ' ਨਹੀਂ ਹੋ ਸਕਦਾ। ਇਸੇ ਤਰ੍ਹਾਂ 'ਸਰੁ' ਦਾ ਅਰਥ 'ਸਿਰ ਉਤੇ' ਨਹੀਂ ਹੋ ਸਕਦਾ। ਇਸੇ ਹੀ ਸ਼ਲੋਕ ਵਿਚ ਲਫ਼ਜ਼ 'ਸਿਰਿ' ਅਤੇ 'ਸਰੁ' ਹਨ। ਦੋਹਾਂ ਦੇ ਜੋੜ ਸਾਫ਼ ਵਖੋ-ਵੱਖ ਦਿੱਸ ਰਹੇ ਹਨ, ਅਰਥ ਦੋਹਾਂ ਦਾ ਇੱਕੋ ਨਹੀਂ ਹੋ ਸਕਦਾ।

ਜਿਵੇਂ ਲਫ਼ਜ਼ 'ਕੰਧਿ' ਤੇ 'ਸਿਰਿ' ਨੂੰ ਕਿਸੇ 'ਸਬੰਧਕ' ਦੀ ਲੋੜ ਨਹੀਂ, ਅਖ਼ੀਰਲੀ (ਿ) ਨਾਲ ਹੀ ਇਹਨਾਂ ਦਾ ਅਰਥ ਹੈ 'ਕੰਧੇ ਉਤੇ', 'ਸਿਰ ਉਤੇ'; ਇਸੇ ਤਰ੍ਹਾਂ ਲਫ਼ਜ਼ 'ਵਣਿ' ਨੂੰ ਭੀ ਕਿਸੇ ਸੰਬੰਧਕ ਦੀ ਲੋੜ ਨਹੀਂ, ਇਸ ਦਾ ਅਰਥ ਹੈ 'ਵਣ ਵਿਚ'। ਸੋ, ਲਫ਼ਜ਼ 'ਕੈ' ਦਾ ਕੋਈ ਸਬੰਧ ਲਫ਼ਜ਼ 'ਵਣਿ' ਦੇ ਨਾਲ ਨਹੀਂ ਹੈ। ਸਹੀ ਪਦ-ਛੇਦ ਹੈ 'ਵਣਿ ਕੈਸਰੁ' (ਭਾਵ,) 'ਜਗਤ-ਰੂਪ ਵਣ ਵਿਚ ਬਾਦਸ਼ਾਹ'।

ਕਈ ਸੱਜਣ 'ਘੜੇ' ਤੇ 'ਕੁਹਾੜੇ' ਦਾ ਆਪੋ ਵਿਚ ਸਬੰਧ ਸਮਝਣ ਵਿਚ ਔਕੜ ਮਹਿਸੂਸ ਕਰ ਰਹੇ ਹਨ। ਪਰ ਸਾਧਾਰਨ ਜਿਹੀ ਗੱਲ ਹੈ। ਜਿਸ ਮਜ਼ਦੂਰ ਨੇ ਸਾਰਾ ਦਿਨ ਕਿਸੇ ਜੰਗਲ ਵਿਚ ਜਾ ਕੇ ਕੰਮ ਕਰਨਾ ਹੈ, ਉਸ ਨੇ ਰੋਟੀ ਪਾਣੀ ਦਾ ਪ੍ਰਬੰਧ ਭੀ ਘਰੋਂ ਹੀ ਕਰ ਕੇ ਤੁਰਨਾ ਹੈ। ਸਿੱਖ ਇਤਿਹਾਸ ਵਿਚ ਗੁਰੂ ਹਰਿਗੋਬਿੰਦ ਸਾਹਿਬ ਦੇ ਵੇਲੇ ਭਾਈ ਸਾਧੂ ਤੇ ਭਾਈ ਰੂਪੇ ਦੀ ਸਾਖੀ ਪ੍ਰਸਿਧ ਹੈ। ਇਹ ਭੀ ਜੰਗਲ ਵਿਚੋਂ ਲੱਕੜਾਂ ਕੱਟਣ ਦਾ ਕੰਮ ਕਰਦੇ ਸਨ। ਘਰੋਂ ਹੀ ਪਾਣੀ ਦਾ ਘੜਾ ਲਿਆ ਕੇ ਕਿਸੇ ਰੁੱਖ ਨਾਲ ਲਟਕਾ ਰੱਖਦੇ ਸਨ। ਇਕ ਦਿਨ ਗਰਮੀਆਂ ਦੀ ਰੁੱਤੇ ਇਹ ਪਾਣੀ ਬਹੁਤ ਹੀ ਠੰਢਾ ਵੇਖ ਕੇ ਭਾਈ ਸਾਧੂ ਤੇ ਭਾਈ ਰੂਪੇ ਦੇ ਦਿਲ ਵਿਚ ਤਾਂਘ ਪੈਦਾ ਹੋਈ ਕਿ ਆਪ ਪੀਣ ਤੋਂ ਪਹਿਲਾਂ ਇਹ ਠੰਢਾ ਪਾਣੀ ਗੁਰੂ ਹਰਿਗੋਬਿੰਦ ਸਾਹਿਬ ਨੂੰ ਭੇਟਾ ਕਰੀਏ। ਉਹਨੀਂ ਦਿਨੀਂ ਗੁਰੂ ਹਰਿਗੋਬਿੰਦ ਸਾਹਿਬ ਡਰੌਲੀ ਗਏ ਹੋਏ ਸਨ। ਦਿਲਾਂ ਦਾ ਦਿਲਾਂ ਨਾਲ ਮੇਲ ਹੁੰਦਾ ਹੈ। ਇਹਨਾਂ ਦੀ ਤੀਬਰ ਖਿੱਚ ਮਹਿਸੂਸ ਕਰ ਕੇ ਸਤਿਗੁਰੂ ਜੀ ਦੁਪਹਿਰ ਵੇਲੇ ਘੋੜੇ ਤੇ ਚੜ੍ਹ ਕੇ ਇਹਨਾਂ ਪਾਸ ਅੱਪੜੇ ਸਨ। ਜਿਸ ਇਲਾਕੇ ਵਿਚ ਬਾਬਾ ਫਰੀਦ ਜੀ ਰਹਿੰਦੇ ਸਨ, ਓਧਰ ਗਰਮੀ ਬਹੁਤ ਹੈ। ਜੰਗਲ ਭੀ ਤਦੋਂ ਬੜੇ ਸਨ, ਤੇ ਪਾਣੀ ਦਾ ਪ੍ਰਬੰਧ ਕਿਤੇ ਨੇੜੇ-ਤੇੜੇ ਨਹੀਂ ਸੀ ਹੁੰਦਾ। ਫਰੀਦ ਜੀ ਨੇ ਉਹਨਾਂ ਜੰਗਲਾਂ ਵਿਚੋਂ ਲੱਕੜਾਂ ਕੱਟਣ ਵਾਲੇ ਲੋਹਾਰਾਂ ਨੂੰ ਕਈ ਵਾਰੀ ਘਰੋਂ ਹੀ ਪਾਣੀ ਦਾ ਘੜਾ ਲੈ ਜਾਂਦਿਆਂ ਵੇਖਿਆ ਹੋਵੇਗਾ।

ਅਰਥ: ਮੋਢੇ ਉੱਤੇ ਕੁਹਾੜਾ ਤੇ ਸਿਰ ਉਤੇ ਘੜਾ (ਰੱਖੀ) ਲੋਹਾਰ ਜੰਗਲ ਵਿਚ ਬਾਦਸ਼ਾਹ (ਬਣਿਆ ਹੁੰਦਾ) ਹੈ (ਕਿਉਂਕਿ ਜਿਸ ਰੁੱਖ ਤੇ ਚਾਹੇ ਕੁਹਾੜਾ ਚਲਾ ਸਕਦਾ ਹੈ) (ਇਸੇ ਤਰ੍ਹਾਂ ਮਨੁੱਖ ਜਗਤ-ਰੂਪ ਜੰਗਲ ਵਿਚ ਸਰਦਾਰ ਹੈ) । ਹੇ ਫਰੀਦ! (ਆਖ–) ਮੈਂ ਤਾਂ (ਇਸ ਜਗਤ-ਰੂਪ ਜੰਗਲ ਵਿਚ) ਆਪਣੇ ਮਾਲਕ-ਪ੍ਰਭੂ ਨੂੰ ਲੱਭ ਰਿਹਾ ਹਾਂ, ਤੇ, ਤੂੰ, (ਹੇ ਜੀਵ! ਲੋਹਾਰ ਵਾਂਗ) ਕੋਲੇ ਲੱਭ ਰਿਹਾ ਹੈਂ (ਭਾਵ, 'ਵਿਸੁ ਗੰਦਲਾਂ'-ਰੂਪ ਕੋਲੇ ਲੱਭਦਾ ਹੈਂ) । 43।

ਫਰੀਦਾ ਇਕਨਾ ਆਟਾ ਅਗਲਾ ਇਕਨਾ ਨਾਹੀ ਲੋਣੁ ॥ ਅਗੈ ਗਏ ਸਿੰਞਾਪਸਨਿ ਚੋਟਾਂ ਖਾਸੀ ਕਉਣੁ ॥੪੪॥ {ਪੰਨਾ 1380}

ਪਦ ਅਰਥ: ਅਗਲਾ = ਬਹੁਤਾ। ਲੋਣੁ = ਲੂਣ। ਅਗੈ = ਪਰਲੋਕ ਵਿਚ। ਸਿੰਞਾਪਸਨ੍ਹ੍ਹਿ = ਪਛਾਣੇ ਜਾਣਗੇ।

ਨੋਟ: ਅੱਖਰ 'ਨ੍ਹ੍ਹਿ' ਦੇ ਅੰਤ ਵਿਚ ਅੱਧਾ ਅੱਖਰ 'ਹ' ਹੈ। ਖਾਸੀ = ਖਾਏਗਾ।

ਅਰਥ: ਹੇ ਫਰੀਦ! ਕਈ ਬੰਦਿਆਂ ਪਾਸ ਆਟਾ ਬਹੁਤ ਹੈ ('ਵਿਸੁ ਗੰਦਲਾਂ' ਬਹੁਤ ਹਨ, ਦੁਨੀਆ ਦੇ ਪਦਾਰਥ ਬਹੁਤ ਹਨ) , ਇਕਨਾਂ ਪਾਸ (ਇਤਨਾ ਭੀ) ਨਹੀਂ ਜਿਤਨਾ (ਆਟੇ ਵਿਚ) ਲੂਣ (ਪਾਈਦਾ) ਹੈ। (ਮਨੁੱਖੀ ਜੀਵਨ ਦੀ ਸਫਲਤਾ ਦਾ ਮਾਪ ਇਹ 'ਵਿਸੁ ਗੰਦਲਾਂ' ਨਹੀਂ) , ਅੱਗੇ ਜਾ ਕੇ (ਅਮਲਾਂ ਉੱਤੇ) ਪਛਾਣ ਹੋਵੇਗੀ ਕਿ ਮਾਰ ਕਿਸ ਨੂੰ ਪੈਂਦੀ ਹੈ। 44।

ਪਾਸਿ ਦਮਾਮੇ ਛਤੁ ਸਿਰਿ ਭੇਰੀ ਸਡੋ ਰਡ ॥ ਜਾਇ ਸੁਤੇ ਜੀਰਾਣ ਮਹਿ ਥੀਏ ਅਤੀਮਾ ਗਡ ॥੪੫॥ {ਪੰਨਾ 1380}

ਪਦ ਅਰਥ: ਪਾਸਿ = ਕੋਲ (ਜਿਨ੍ਹਾਂ ਦੇ) । ਦਮਾਮੇ = ਧੌਂਸੇ। ਛਤੁ = ਛਤਰ। ਸਿਰਿ = ਸਿਰ ਉਤੇ (ਵੇਖੇ ਸ਼ਲੋਕ ਨੰ: 43) । ਭੇਰੀ = ਤੂਤੀਆਂ। ਸਡੋ = ਸੱਦ। ਰਡ = ਇਕ 'ਛੰਦ' ਦਾ ਨਾਮ ਹੈ ਜੋ ਉਸਤਤੀ ਵਾਸਤੇ ਵਰਤਿਆ ਜਾਂਦਾ ਹੈ (ਵੇਖੋ, ਸਵਈਏ ਮਹਲੇ ਚਉਥੇ ਕੇ, ਭੱਟ ਨਲ੍ਯ੍ਯ, ਛੰਦ ਨੰ: 1॥5॥ ਤੋਂ 8॥12) । ਜੀਰਾਣ = ਮਸਾਣ। ਅਤੀਮ = ਯਤੀਮ, ਮਹਿੱਟਰ। ਗਡ ਥੀਏ = ਰਲ ਗਏ।

ਅਰਥ: (ਇਹਨਾਂ 'ਵਿਸੁ ਗੰਦਲਾਂ' ਦਾ ਕੀਹ ਮਾਣ?) (ਜਿਨ੍ਹਾਂ ਲੋਕਾਂ ਦੇ) ਪਾਸ ਧੌਂਸੇ (ਵੱਜਦੇ ਸਨ) , ਸਿਰ ਉੱਤੇ ਛਤਰ (ਝੁਲਦੇ ਸਨ) , ਤੂਤੀਆਂ (ਵੱਜਦੀਆਂ ਸਨ) ਉਸਤਤੀ ਦੇ ਛੰਦ (ਗਾਂਵੇ ਜਾਂਦੇ ਸਨ) , ਉਹ ਭੀ ਆਖ਼ਰ ਮਸਾਣਾਂ ਵਿਚ ਜਾ ਸੁੱਤੇ, ਤੇ ਯਤੀਮਾਂ ਨਾਲ ਜਾ ਰਲੇ (ਭਾਵ, ਯਤੀਮਾਂ ਵਰਗੇ ਹੀ ਹੋ ਗਏ) । 45।

ਫਰੀਦਾ ਕੋਠੇ ਮੰਡਪ ਮਾੜੀਆ ਉਸਾਰੇਦੇ ਭੀ ਗਏ ॥ ਕੂੜਾ ਸਉਦਾ ਕਰਿ ਗਏ ਗੋਰੀ ਆਇ ਪਏ ॥੪੬॥ {ਪੰਨਾ 1380}

ਪਦ ਅਰਥ: ਮੰਡਪ = ਸ਼ਾਮੀਆਨੇ। ਮਾੜੀਆ = ਚੁਬਾਰਿਆਂ ਵਾਲੇ ਮਹਲ। ਕੂੜਾ = ਸੰਗ ਨਾਹ ਨਿਭਣ ਵਾਲਾ। ਗੋਰੀ = ਗੋਰੀਂ, ਕਬਰਾਂ ਵਿਚ।

ਅਰਥ: ਹੇ ਫਰੀਦ! ('ਵਿਸੁ ਗੰਦਲਾਂ' ਦੇ ਵਪਾਰੀਆਂ ਵਲ ਤੱਕ!) ਘਰ ਮਹਲ ਮਾੜੀਆਂ ਉਸਾਰਨ ਵਾਲੇ ਭੀ (ਇਹਨਾਂ ਨੂੰ ਛੱਡ ਕੇ) ਚਲੇ ਗਏ। ਉਹੋ ਹੀ ਸਉਦਾ ਕੀਤੋ ਨੇ, ਜੋ ਨਾਲ ਨਾਹ ਨਿਭਿਆ ਤੇ (ਅੰਤ ਖ਼ਾਲੀ ਹੱਥ) ਕਬਰੀਂ ਜਾ ਪਏ। 46।

ਫਰੀਦਾ ਖਿੰਥੜਿ ਮੇਖਾ ਅਗਲੀਆ ਜਿੰਦੁ ਨ ਕਾਈ ਮੇਖ ॥ ਵਾਰੀ ਆਪੋ ਆਪਣੀ ਚਲੇ ਮਸਾਇਕ ਸੇਖ ॥੪੭॥ {ਪੰਨਾ 1380}

ਪਦ ਅਰਥ: ਖਿੰਥੜਿ = ਗੋਦੜੀ। ਮੇਖਾ = ਟਾਂਕੇ, ਤ੍ਰੋਪੇ, ਮੇਖਾਂ। ਅਗਲੀਆ = ਬਹੁਤ (ਵੇਖੋ ਸ਼ਲੋਕ ਨੰ: 44, 'ਅਗਲਾ') । ਜਿੰਦੁ = (ਇਹ ਲਫ਼ਜ਼ ਸਦਾ (ੁ) -ਅੰਤ ਹੁੰਦਾ ਹੈ, ਵੇਖੋ 'ਗੁਰਬਾਣੀ ਵਿਆਕਰਣ') । ਮਸਾਇਕ = (ਲਫ਼ਜ਼ 'ਸ਼ੇਖ' ਦਾ 'ਬਹੁ-ਵਚਨ') ਕਈ ਸ਼ੇਖ਼।

ਅਰਥ: ਹੇ ਫਰੀਦ! ਇਹ 'ਵਿਸੁ ਗੰਦਲਾਂ' ਤਾਂ ਕਿਤੇ ਰਹੀਆਂ, ਇਸ ਆਪਣੀ ਜਿੰਦ ਦੀ ਭੀ ਕੋਈ ਪਾਂਇਆਂ ਨਹੀਂ। (ਇਸ ਨਾਲੋਂ ਤਾਂ ਨਕਾਰੀ ਗੋਦੜੀ ਦਾ ਹੀ ਵਧੀਕ ਇਤਬਾਰ ਹੋ ਸਕਦਾ ਹੈ, ਕਿਉਂਕਿ) ਗੋਦੜੀ ਨੂੰ ਕਈ ਟਾਂਕੇ ਲੱਗੇ ਹੋਏ ਹਨ, ਪਰ ਜਿੰਦ ਨੂੰ ਇੱਕ ਭੀ ਟਾਂਕਾ ਨਹੀਂ (ਕੀਹ ਪਤਾ, ਕੇਹੜੇ ਵੇਲੇ ਸਰੀਰ ਨਾਲੋਂ ਵੱਖ ਹੋ ਜਾਏ?) ਵੱਡੇ ਵੱਡੇ ਅਖਵਾਣ ਵਾਲੇ ਸ਼ੇਖ਼ ਆਦਿਕ ਸਭ ਆਪੋ ਆਪਣੀ ਵਾਰੀ ਇਥੋਂ ਤੁਰ ਗਏ। 47।

ਫਰੀਦਾ ਦੁਹੁ ਦੀਵੀ ਬਲੰਦਿਆ ਮਲਕੁ ਬਹਿਠਾ ਆਇ ॥ ਗੜੁ ਲੀਤਾ ਘਟੁ ਲੁਟਿਆ ਦੀਵੜੇ ਗਇਆ ਬੁਝਾਇ ॥੪੮॥ {ਪੰਨਾ 1380}

ਪਦ ਅਰਥ: ਦੁਹੁ ਦੀਵੀ ਬਲੰਦਿਆ = ਅਜੇ ਇਹ ਦੋਵੇਂ ਦੀਵੇ ਜਗਦੇ ਹੀ ਸਨ, (ਭਾਵ,) ਇਹਨਾਂ ਦੋਹਾਂ ਅੱਖਾਂ ਦੇ ਸਾਹਮਣੇ ਹੀ। ਮਲਕੁ = (ਮੌਤ ਦਾ) ਫ਼ਰਿਸ਼ਤਾ। ਗੜੁ = ਕਿਲ੍ਹਾ (ਸਰੀਰ-ਰੂਪ) । ਘਟੁ = ਹਿਰਦਾ, ਅੰਤਹਕਰਣ। ਲੀਤਾ = ਲੈ ਲਿਆ, ਕਬਜ਼ਾ ਕਰ ਲਿਆ।

ਅਰਥ: ਹੇ ਫਰੀਦ! ਇਹਨਾਂ ਦੋਹਾਂ ਅੱਖਾਂ ਦੇ ਸਾਹਮਣੇ (ਇਹਨਾਂ ਦੋਹਾਂ ਦੀਵਿਆਂ ਦੇ ਜਗਦਿਆਂ ਹੀ) ਮੌਤ ਦਾ ਫ਼ਰਿਸਤਾ (ਜਿਸ ਭੀ ਬੰਦੇ ਪਾਸ) ਆ ਬੈਠਾ, ਉਸ ਨੇ ਉਸ ਦੇ ਸਰੀਰ-ਰੂਪ ਕਿਲ੍ਹੇ ਉਤੇ ਕਬਜ਼ਾ ਕਰ ਲਿਆ, ਅੰਤਹਕਰਣ ਲੁੱਟ ਲਿਆ (ਭਾਵ, ਜਿੰਦ ਕਾਬੂ ਕਰ ਲਈ) ਤੇ (ਇਹ ਅੱਖਾਂ ਦੇ) ਦੀਵੇ ਬੁਝਾ ਗਿਆ। 48।

ਫਰੀਦਾ ਵੇਖੁ ਕਪਾਹੈ ਜਿ ਥੀਆ ਜਿ ਸਿਰਿ ਥੀਆ ਤਿਲਾਹ ॥ ਕਮਾਦੈ ਅਰੁ ਕਾਗਦੈ ਕੁੰਨੇ ਕੋਇਲਿਆਹ ॥ ਮੰਦੇ ਅਮਲ ਕਰੇਦਿਆ ਏਹ ਸਜਾਇ ਤਿਨਾਹ ॥੪੯॥ {ਪੰਨਾ 1380}

ਪਦ ਅਰਥ: ਜਿ = ਜੋ ਕੁਝ। ਥੀਆ = ਹੋਇਆ, ਵਾਪਰਿਆ, ਬੀਤੀ। ਸਿਰਿ = ਸਿਰ ਉਤੇ (ਵੇਖੋ ਸ਼ਲੋਕ ਨੰ: 43) । ਕੁੰਨੀ = ਮਿੱਟੀ ਦੀ ਹਾਂਡੀ। ਸਜਾਇ = ਦੰਡ। ਤਿਨਾਹ = ਉਹਨਾਂ ਨੂੰ। ਅਮਲ = ਕੰਮ, ਕਰਤੂਤਾਂ।

ਅਰਥ: ਹੇ ਫਰੀਦ! ਵੇਖ! ਜੋ ਹਾਲਤ ਕਪਾਹ ਦੀ ਹੁੰਦੀ ਹੈ (ਭਾਵ, ਵੇਲਣੇ ਵਿਚ ਵੇਲੀ ਜਾਂਦੀ ਹੈ) , ਜੋ ਤਿਲਾਂ ਦੇ ਸਿਰ ਤੇ ਬੀਤਦੀ ਹੈ (ਕੋਹਲੂ ਵਿਚ ਪੀੜੇ ਜਾਂਦੇ ਹਨ) , ਜੋ ਕਮਾਦ, ਕਾਗਜ਼, ਮਿੱਟੀ ਦੀ ਹਾਂਡੀ ਅਤੇ ਕੌਲਿਆਂ ਨਾਲ ਵਰਤਦੀ ਹੈ, ਇਹ ਸਜ਼ਾ ਉਹਨਾਂ ਲੋਕਾਂ ਨੂੰ ਮਿਲਦੀ ਹੈ ਜੋ (ਇਹਨਾਂ 'ਵਿਸੁ ਗੰਦਲਾਂ' ਦੀ ਖ਼ਾਤਰ) ਮੰਦੇ ਕੰਮ ਕਰਦੇ ਹਨ (ਭਾਵ, ਜਿਉਂ ਜਿਉਂ ਦੁਨੀਆਵੀ ਪਦਾਰਥਾਂ ਦੀ ਖ਼ਾਤਰ ਮੰਦੇ ਕੰਮ ਕਰਦੇ ਹਨ, ਤਿਉਂ ਤਿਉਂ ਬੜੇ ਦੁਖੀ ਹੁੰਦੇ ਹਨ। 49।

ਫਰੀਦਾ ਕੰਨਿ ਮੁਸਲਾ ਸੂਫੁ ਗਲਿ ਦਿਲਿ ਕਾਤੀ ਗੁੜੁ ਵਾਤਿ ॥ ਬਾਹਰਿ ਦਿਸੈ ਚਾਨਣਾ ਦਿਲਿ ਅੰਧਿਆਰੀ ਰਾਤਿ ॥੫੦॥ {ਪੰਨਾ 1380}

ਪਦ ਅਰਥ: ਕੰਨਿ = ਕੰਧੇ ਉਤੇ, ਮੋਢੇ ਉਤੇ। ਸੂਫੁ = ਕਾਲੀ ਖ਼ਫਨੀ। ਗਲਿ = ਗਲ ਵਿਚ। ਦਿਲਿ = ਦਿਲ ਵਿਚ।

ਅਰਥ: ਹੇ ਫਰੀਦ! (ਤੇਰੇ) ਮੋਢੇ ਉਤੇ ਮੁਸੱਲਾ ਹੈ, (ਤੂੰ) ਗਲ ਵਿਚ ਕਾਲੀ ਖ਼ਫ਼ਨੀ (ਪਾਈ ਹੋਈ ਹੈ) , (ਤੇਰੇ) ਮੂੰਹ ਵਿਚ ਗੁੜ ਹੈ; (ਪਰ) ਦਿਲ ਵਿਚ ਕੈਂਚੀ ਹੈ (ਭਾਵ, ਬਾਹਰ ਲੋਕਾਂ ਨੂੰ ਵਿਖਾਲਣ ਲਈ ਫ਼ਕੀਰੀ ਵੇਸ ਹੈ, ਮੂੰਹੋਂ ਭੀ ਲੋਕਾਂ ਨਾਲ ਮਿੱਠਾ ਬੋਲਦਾ ਹੈਂ, ਪਰ ਦਿਲੋਂ 'ਵਿਸੁ ਗੰਦਲਾਂ' ਦੀ ਖ਼ਾਤਰ ਖੋਟਾ ਹੈਂ ਸੋ) ਬਾਹਰ ਤਾਂ ਚਾਨਣ ਦਿੱਸ ਰਿਹਾ ਹੈ (ਪਰ) ਦਿਲ ਵਿਚ ਹਨੇਰੀ ਰਾਤ (ਵਾਪਰੀ ਹੋਈ) ਹੈ। 50।

ਫਰੀਦਾ ਰਤੀ ਰਤੁ ਨ ਨਿਕਲੈ ਜੇ ਤਨੁ ਚੀਰੈ ਕੋਇ ॥ ਜੋ ਤਨ ਰਤੇ ਰਬ ਸਿਉ ਤਿਨ ਤਨਿ ਰਤੁ ਨ ਹੋਇ ॥੫੧॥ {ਪੰਨਾ 1380}

ਪਦ ਅਰਥ: ਰਤੀ = ਰਤਾ ਜਿਤਨੀ ਭੀ। ਰਤੁ = ਲਹੂ। (ਇਹ ਲਫ਼ਜ਼ 'ਇਸਤਰੀ ਲਿੰਗ' ਹੈ, ਪਰ ਇਸ ਦੇ ਅੰਤ ਵਿਚ (ੁ) ਸਦਾ ਰਹਿੰਦਾ ਹੈ; ਇਸ ਵਰਗੇ ਹੋਰ ਲਫ਼ਜ਼ ਜੋ ਇਹਨਾਂ ਸ਼ਲੋਕਾਂ ਵਿਚ ਹੀ ਆਏ ਹਨ, ਇਹ ਹਨ– ਜਿੰਦੁ, ਖੰਡੁ, ਮੈਲੁ, ਲਜੁ, ਵਿਸੁ, ਖਾਕੁ) । ਰਤੇ = ਰੰਗੇ ਹੋਏ। ਸਿਉ = ਨਾਲ। ਤਿਨ ਤਨਿ = ਉਹਨਾਂ ਦੇ ਤਨ ਵਿਚ।

ਅਰਥ: ਹੇ ਫਰੀਦ! ਜੋ ਬੰਦੇ ਰੱਬ ਨਾਲ ਰੰਗੇ ਹੁੰਦੇ ਹਨ (ਭਾਵ, ਰੱਬ ਦੇ ਪਿਆਰ ਵਿਚ ਰੰਗੇ ਹੁੰਦੇ ਹਨ) , ਉਹਨਾਂ ਦੇ ਸਰੀਰ ਵਿਚ ('ਵਿਸੁ ਗੰਦਲਾਂ' ਦਾ ਮੋਹ-ਰੂਪ) ਲਹੂ ਨਹੀਂ ਹੁੰਦਾ, ਜੇ ਕੋਈ (ਉਹਨਾਂ ਦਾ) ਸਰੀਰ ਚੀਰੇ (ਤਾਂ ਉਸ ਵਿਚੋਂ) ਰਤਾ ਜਿਤਨਾ ਭੀ ਲਹੂ ਨਹੀਂ ਨਿਕਲਦਾ (ਪਰ, ਹੇ ਫਰੀਦ! ਤੂੰ ਤਾਂ ਮੁਸੱਲੇ ਤੇ ਖ਼ਫ਼ਨੀ ਆਦਿਕ ਨਾਲ ਨਿਰਾ ਬਾਹਰ ਦਾ ਹੀ ਖ਼ਿਆਲ ਰੱਖਿਆ ਹੋਇਆ ਹੈ) । 51।

ਮਃ ੩ ॥ ਇਹੁ ਤਨੁ ਸਭੋ ਰਤੁ ਹੈ ਰਤੁ ਬਿਨੁ ਤੰਨੁ ਨ ਹੋਇ ॥ ਜੋ ਸਹ ਰਤੇ ਆਪਣੇ ਤਿਤੁ ਤਨਿ ਲੋਭੁ ਰਤੁ ਨ ਹੋਇ ॥ ਭੈ ਪਇਐ ਤਨੁ ਖੀਣੁ ਹੋਇ ਲੋਭੁ ਰਤੁ ਵਿਚਹੁ ਜਾਇ ॥ ਜਿਉ ਬੈਸੰਤਰਿ ਧਾਤੁ ਸੁਧੁ ਹੋਇ ਤਿਉ ਹਰਿ ਕਾ ਭਉ ਦੁਰਮਤਿ ਮੈਲੁ ਗਵਾਇ ॥ ਨਾਨਕ ਤੇ ਜਨ ਸੋਹਣੇ ਜਿ ਰਤੇ ਹਰਿ ਰੰਗੁ ਲਾਇ ॥੫੨॥ {ਪੰਨਾ 1380}

ਨੋਟ: ਫਰੀਦ ਜੀ ਨੇ ਜਿਸ 'ਰਤੁ' ਦਾ ਜ਼ਿਕਰ ਸ਼ਲੋਕ ਨੰ: 51 ਵਿਚ ਕੀਤਾ ਹੈ, ਉਸ ਨੂੰ ਸ਼ਲੋਕ ਨੰ: 50 ਵਿਚ ਲਫ਼ਜ਼ 'ਦਿਲਿ ਕਾਤੀ' ਵਿਚ ਇਸ਼ਾਰੇ-ਮਾਤ੍ਰ ਹੀ ਦੱਸਿਆ ਹੈ। ਉਸ ਨੂੰ ਹੋਰ ਸਪਸ਼ਟ ਕਰਨ ਵਾਸਤੇ ਗੁਰੂ ਅਮਰਦਾਸ ਜੀ ਨੇ ਇਹ ਸ਼ਲੋਕ ਉਚਾਰਿਆ।

ਪਦ ਅਰਥ: ਸਭੋ = ਸਾਰਾ ਹੀ। ਰਤੁ ਬਿਨੁ = ਰੱਤ ਤੋਂ ਬਿਨਾ (ਜੋ ਲਫ਼ਜ਼ ਆਪਣੀ ਬਣਤਰ ਅਨੁਸਾਰ ਸਦਾ '(ੁ) ਅੰਤ' ਹੁੰਦੇ ਹਨ, ਉਹਨਾਂ ਦਾ ਅਖ਼ੀਰਲਾ (ੁ) 'ਸੰਬੰਧਕ' ਦੇ ਨਾਲ ਭੀ ਟਿਕਿਆ ਰਹਿੰਦਾ ਹੈ। ਇਥੇ ਲਫ਼ਜ਼ 'ਰਤੁ' ਦਾ (ੁ) 'ਸੰਬੰਧਕ' 'ਬਿਨੁ' ਦੇ ਹੁੰਦਿਆਂ ਭੀ ਕਾਇਮ ਹੈ) । ਤੰਨੁ = ਤਨ, ਸਰੀਰ। ਸਹ = ਖਸਮ। ਸਹ ਰਤੇ = ਖਸਮ ਨਾਲ ਰੰਗੇ ਹੋਏ। ਤਿਤੁ ਤਨਿ = ਉਸ ਸਰੀਰ ਵਿਚ। ਤਿਤੁ = ਉਸ ਵਿਚ। ਭੈ ਪਇਐ = ਡਰ ਵਿਚ ਪਿਆਂ, ਡਰ ਵਿਚ ਰਿਹਾਂ। ਖੀਣੁ = ਪਤਲਾ, ਲਿੱਸਾ। ਜਾਇ = ਦੂਰ ਹੋ ਜਾਂਦੀ ਹੈ। ਬੈਸੰਤਰਿ = ਅੱਗ ਵਿਚ। ਸੁਧੁ = ਸਾਫ਼। ਜਿ = ਜੇਹੜੇ। ਰੰਗੁ = ਪਿਆਰ।

ਅਰਥ: ਇਹ ਸਾਰਾ ਸਰੀਰ ਲਹੂ ਹੈ (ਭਾਵ, ਸਾਰੇ ਸਰੀਰ ਵਿਚ ਲਹੂ ਮੌਜੂਦ ਹੈ) , ਲਹੂ ਤੋਂ ਬਿਨਾ ਸਰੀਰ ਰਹਿ ਨਹੀਂ ਸਕਦਾ (ਫਿਰ, ਸਰੀਰ ਨੂੰ ਚੀਰਿਆਂ, ਭਾਵ, ਸਰੀਰ ਦੀ ਪੜਤਾਲ ਕੀਤਿਆਂ, ਕੇਹੜਾ ਲਹੂ ਨਹੀਂ ਨਿਕਲਦਾ?) ਜੋ ਬੰਦੇ ਆਪਣੇ ਖਸਮ (ਪ੍ਰਭੂ ਦੇ ਪਿਆਰ) ਵਿਚ ਰੰਗੇ ਹੋਏ ਹਨ (ਉਹਨਾਂ ਦੇ) ਇਸ ਸਰੀਰ ਵਿਚ ਲਾਲਚ-ਰੂਪ ਲਹੂ ਨਹੀਂ ਹੁੰਦਾ।

ਜੇ (ਪਰਮਾਤਮਾ ਦੇ) ਡਰ ਵਿਚ ਜੀਵੀਏ, ਤਾਂ ਸਰੀਰ (ਇਸ ਤਰ੍ਹਾਂ) ਲਿੱਸਾ ਹੋ ਜਾਂਦਾ ਹੈ (ਕਿ) ਇਸ ਵਿਚੋਂ ਲੋਭ-ਰੂਪ ਰੱਤ ਨਿਕਲ ਜਾਂਦੀ ਹੈ। ਜਿਵੇਂ ਅੱਗ ਵਿਚ (ਪਾਇਆ ਸੋਨਾ ਆਦਿਕ) ਧਾਤ ਸਾਫ਼ ਹੋ ਜਾਂਦੀ ਹੈ; ਇਸੇ ਤਰ੍ਹਾਂ ਪਰਮਾਤਮਾ ਦਾ ਡਰ (ਮਨੁੱਖ ਦੀ) ਭੈੜੀ ਮੱਤ-ਰੂਪ ਮੈਲ ਨੂੰ ਕੱਟ ਦੇਂਦਾ ਹੈ। ਹੇ ਨਾਨਕ! ਉਹ ਬੰਦੇ ਸੋਹਣੇ ਹਨ ਜੋ ਪਰਮਾਤਮਾ ਨਾਲ ਨਿਹੁਂ ਲਾ ਕੇ (ਉਸ ਦੇ ਨਿਹੁਂ ਵਿਚ) ਰੰਗੇ ਹੋਏ ਹਨ। 52।

ਫਰੀਦਾ ਸੋਈ ਸਰਵਰੁ ਢੂਢਿ ਲਹੁ ਜਿਥਹੁ ਲਭੀ ਵਥੁ ॥ ਛਪੜਿ ਢੂਢੈ ਕਿਆ ਹੋਵੈ ਚਿਕੜਿ ਡੁਬੈ ਹਥੁ ॥੫੩॥ {ਪੰਨਾ 1380}

ਨੋਟ: ਸ਼ਲੋਕ ਨੰ: 50 ਵਿਚ ਦੱਸੇ ਭੇਖੀ ਨੂੰ ਇਸ ਸ਼ਲੋਕ ਵਿਚ 'ਛੱਪੜ' ਵਰਗਾ ਦੱਸਿਆ ਹੈ, ਅਤੇ ਸ਼ਲੋਕ ਨੰ: 51 ਵਿਚ ਦੱਸੇ ਸੁੱਚੇ ਪਿਆਰ ਵਾਲੇ ਬੰਦੇ ਨੂੰ ਇਥੇ 'ਸਰਵਰੁ' ਆਖਿਆ ਹੈ।

ਪਦ ਅਰਥ: ਸਰਵਰੁ = ਸੋਹਣਾ ਤਲਾਬ; (ਸਰ = ਤਲਾਬ। ਵਰ = ਸ੍ਰੇਸ਼ਟ) । ਵਥੁ = (ਅਸਲ) ਚੀਜ਼। ਛਪੜਿ ਢੂਢੈ = ਜੇ ਛੱਪੜ ਭਾਲੀਏ। ਚਿਕੜਿ = ਚਿੱਕੜ ਵਿਚ।

ਅਰਥ: ਹੇ ਫਰੀਦ! ਉਹੀ ਸੋਹਣਾ ਤਲਾਬ ਲੱਭ, ਜਿਸ ਵਿਚੋਂ (ਅਸਲ) ਚੀਜ਼ (ਨਾਮ-ਰੂਪ ਮੋਤੀ) ਮਿਲ ਪਏ, ਛੱਪੜ ਭਾਲਿਆਂ ਕੁਝ ਨਹੀਂ ਮਿਲਦਾ, (ਉਥੇ ਤਾਂ) ਚਿੱਕੜ ਵਿਚ (ਹੀ) ਹੱਥ ਡੁੱਬਦਾ ਹੈ। 53।

ਫਰੀਦਾ ਨੰਢੀ ਕੰਤੁ ਨ ਰਾਵਿਓ ਵਡੀ ਥੀ ਮੁਈਆਸੁ ॥ ਧਨ ਕੂਕੇਂਦੀ ਗੋਰ ਮੇਂ ਤੈ ਸਹ ਨਾ ਮਿਲੀਆਸੁ ॥੫੪॥ {ਪੰਨਾ 1380}

ਪਦ ਅਰਥ: ਨੰਢੀ = ਜੁਆਨ ਇਸਤ੍ਰੀ ਨੇ। ਨ ਰਾਵਿਓ = ਨਾਹ ਮਾਣਿਆ। ਵਡੀ ਥੀ = ਬੁੱਢੀ ਹੋ ਕੇ। ਮੁਈਆਸੁ = ਮੁਈਆ ਸੁ, ਉਹ ਮਰ ਗਈ। ਧਨ = ਇਸਤ੍ਰੀ। ਗੋਰ ਮੇਂ = ਕਬਰ ਵਿਚ। ਤੈ = ਤੈਨੂੰ। ਸਹ = ਹੇ ਸਹ! ਹੇ ਪਤੀ! ਨਾ ਮਿਲੀਆਸੁ = ਉਹ ਨਾਹ ਮਿਲੀ।

ਅਰਥ: ਹੇ ਫਰੀਦ! ਜਿਸ ਜੁਆਨ (ਜੀਵ-) ਇਸਤ੍ਰੀ ਨੇ (ਪਰਮਾਤਮਾ-) ਪਤੀ ਨਾ ਮਾਣਿਆ (ਭਾਵ, ਜਿਸ ਜੀਵ ਨੇ ਜੁਆਨੀ ਵੇਲੇ ਰੱਬ ਨੂੰ ਨਾਹ ਸਿਮਰਿਆ) , ਉਹ (ਜੀਵ-) ਇਸਤ੍ਰੀ ਜਦੋਂ ਬੁੱਢੀ ਹੋ ਕੇ ਮਰ ਗਈ ਤਾਂ (ਫਿਰ) ਕਬਰ ਵਿਚ ਤਰਲੇ ਲੈਂਦੀ ਹੈ (ਭਾਵ, ਮਰਨ ਪਿਛੋਂ ਜੀਵ ਪਛੁਤਾਂਦਾ ਹੈ) ਕਿ ਹੇ (ਪ੍ਰਭੂ-) ਪਤੀ! ਮੈਂ ਤੈਨੂੰ (ਵੇਲੇ-ਸਿਰ) ਨਾਹ ਮਿਲੀ। 54।

ਫਰੀਦਾ ਸਿਰੁ ਪਲਿਆ ਦਾੜੀ ਪਲੀ ਮੁਛਾਂ ਭੀ ਪਲੀਆਂ ॥ ਰੇ ਮਨ ਗਹਿਲੇ ਬਾਵਲੇ ਮਾਣਹਿ ਕਿਆ ਰਲੀਆਂ ॥੫੫॥ {ਪੰਨਾ 1380}

ਪਦ ਅਰਥ: ਪਲਿਆ = ਚਿੱਟਾ ਹੋ ਗਿਆ। ਰੇ ਗਹਿਲੇ = ਹੇ ਗ਼ਾਫ਼ਿਲ! ਬਾਵਲਾ = ਕਮਲਾ। ਰਲੀਆਂ = ਮੌਜਾਂ।

ਅਰਥ: ਹੇ ਫਰੀਦ! ਸਿਰ ਚਿੱਟਾ ਹੋ ਗਿਆ ਹੈ, ਦਾੜ੍ਹੀ ਚਿੱਟੀ ਹੋ ਗਈ ਹੈ, ਮੁਛਾਂ ਭੀ ਚਿੱਟੀਆਂ ਹੋ ਗਈਆਂ ਹਨ। ਹੇ ਗ਼ਾਫ਼ਿਲ ਤੇ ਕਮਲੇ ਮਨ! (ਅਜੇ ਭੀ ਤੂੰ ਦੁਨੀਆ ਦੀਆਂ ਹੀ) ਮੌਜਾਂ ਕਿਉਂ ਮਾਣ ਰਿਹਾ ਹੈਂ?। 55।

ਫਰੀਦਾ ਕੋਠੇ ਧੁਕਣੁ ਕੇਤੜਾ ਪਿਰ ਨੀਦੜੀ ਨਿਵਾਰਿ ॥ ਜੋ ਦਿਹ ਲਧੇ ਗਾਣਵੇ ਗਏ ਵਿਲਾੜਿ ਵਿਲਾੜਿ ॥੫੬॥ {ਪੰਨਾ 1380}

ਪਦ ਅਰਥ: ਧੁਕਣੁ = ਦੌੜਨਾ। ਕੇਤੜਾ = ਕਿਥੋਂ ਤਕ? ਨੀਦੜੀ = ਕੋਝੀ ਨੀਂਦ। ਨਿਵਾਰਿ = ਦੂਰ ਕਰ। ਦਿਹ = ਦਿਨ। ਗਾਣਵੇ ਦਿਹ = (ਉਮਰ ਦੇ) ਗਿਣਵੇਂ ਦਿਨ। ਲਧੇ = ਲੱਭੇ, ਮਿਲੇ। ਵਿਲਾੜਿ = ਦੌੜ ਕੇ, ਛਾਲਾਂ ਮਾਰ ਕੇ, (ਭਾਵ,) ਬੜੀ ਛੇਤੀ ਛੇਤੀ।

ਅਰਥ: ਹੇ ਫਰੀਦ! ਕੋਠੇ ਦੀ ਦੌੜ ਕਿਥੋਂ ਤਕ (ਭਾਵ, ਕੋਠੇ ਉਤੇ ਦੌੜ ਲੰਮੀ ਨਹੀਂ ਹੋ ਸਕਦੀ, ਇਸੇ ਤਰ੍ਹਾਂ ਰੱਬ ਵਲੋਂ ਗ਼ਾਫ਼ਿਲ ਭੀ ਕਦ ਤਕ ਰਹੇਂਗਾ? ਉਮਰ ਆਖ਼ਰ ਮੁੱਕ ਜਾਇਗੀ, ਸੋ) ਰੱਬ (ਵਾਲੇ ਪਾਸੇ) ਤੋਂ ਇਹ ਕੋਝੀ (ਗ਼ਫ਼ਲਤ ਦੀ) ਨੀਂਦ ਦੂਰ ਕਰ ਦੇਹ। (ਉਮਰ ਦੇ) ਜੋ ਗਿਣਵਂੇ ਦਿਨ ਮਿਲੇ ਹੋਏ ਹਨ ਉਹ ਛਾਲਾਂ ਮਾਰ ਮਾਰ ਕੇ ਮੁੱਕਦੇ ਜਾ ਰਹੇ ਹਨ। 56।

ਫਰੀਦਾ ਕੋਠੇ ਮੰਡਪ ਮਾੜੀਆ ਏਤੁ ਨ ਲਾਏ ਚਿਤੁ ॥ ਮਿਟੀ ਪਈ ਅਤੋਲਵੀ ਕੋਇ ਨ ਹੋਸੀ ਮਿਤੁ ॥੫੭॥ {ਪੰਨਾ 1380}

ਪਦ ਅਰਥ: ਮੰਡਪ = ਮਹਲ। ਏਤੁ = ਇਸ ਵਿਚ, ਇਸ (ਮਹਲ-ਮਾੜੀਆਂ ਦੇ ਸਿਲਸਿਲੇ) ਵਿਚ।

ਅਰਥ: ਹੇ ਫਰੀਦ! (ਇਹ ਜੋ ਤੇਰੇ) ਘਰ ਤੇ ਮਹਲ-ਮਾੜੀਆਂ (ਹਨ, ਇਹਨਾਂ ਦੇ) ਇਸ (ਸਿਲਸਿਲੇ) ਵਿਚ ਚਿੱਤ ਨਾਹ ਜੋੜ। (ਮਰਨ ਤੇ ਜਦੋਂ ਕਬਰ ਵਿਚ ਤੇਰੇ ਉੱਤੇ) ਅਤੋਲਵੀਂ ਮਿੱਟੀ ਪਏਗੀ ਤਦੋਂ (ਇਹਨਾਂ ਵਿਚੋਂ) ਕੋਈ ਭੀ ਸਾਥੀ ਨਹੀਂ ਬਣੇਗਾ। 57।

TOP OF PAGE

Sri Guru Granth Darpan, by Professor Sahib Singh