ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1382

ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨ ਹਢਾਇ ॥ ਦੇਹੀ ਰੋਗੁ ਨ ਲਗਈ ਪਲੈ ਸਭੁ ਕਿਛੁ ਪਾਇ ॥੭੮॥ {ਪੰਨਾ 1382}

ਪਦ ਅਰਥ: ਮਨਿ = ਮਨ ਵਿਚ। ਨ ਹਢਾਇ = ਨਾਹ ਆਉਣ ਦੇਹ। ਦੇਹੀ = ਸਰੀਰ ਨੂੰ। ਨ ਲਗਈ = ਨਹੀਂ ਲੱਗਦਾ। ਸਭੁ ਕਿਛੁ = ਹਰੇਕ ਚੀਜ਼। ਪਲੈ ਪਾਇ = ਪੱਲੇ ਪਈ ਰਹਿੰਦੀ ਹੈ, ਸਾਂਭੀ ਰਹਿੰਦੀ ਹੈ।

ਅਰਥ: ਹੇ ਫਰੀਦ! ਬੁਰਾਈ ਕਰਨ ਵਾਲੇ ਨਾਲ ਭੀ ਭਲਾਈ ਕਰ। ਗੁੱਸਾ ਮਨ ਵਿਚ ਨਾਹ ਆਉਣ ਦੇਹ। (ਇਸ ਤਰ੍ਹਾਂ) ਸਰੀਰ ਨੂੰ ਕੋਈ ਰੋਗ ਨਹੀਂ ਲੱਗਦਾ ਅਤੇ ਹਰੇਕ ਪਦਾਰਥ (ਭਾਵ, ਚੰਗਾ ਗੁਣ) ਸਾਂਭਿਆ ਰਹਿੰਦਾ ਹੈ।

ਫਰੀਦਾ ਪੰਖ ਪਰਾਹੁਣੀ ਦੁਨੀ ਸੁਹਾਵਾ ਬਾਗੁ ॥ ਨਉਬਤਿ ਵਜੀ ਸੁਬਹ ਸਿਉ ਚਲਣ ਕਾ ਕਰਿ ਸਾਜੁ ॥੭੯॥ {ਪੰਨਾ 1382}

ਪਦ ਅਰਥ: ਪੰਖ = ਪੰਛੀਆਂ ਦੀ ਡਾਰ। ਦੁਨੀ = ਦੁਨੀਆ। ਸੁਹਾਵਾ = ਸੋਹਣਾ। ਨਉਬਤਿ = ਧੌਂਸਾ। ਸੁਬਹ ਸਿਉ = ਸਵੇਰ ਦਾ। ਸਾਜੁ = ਸਾਮਾਨ, ਆਹਰ, ਤਿਆਰੀ।

ਅਰਥ: ਹੇ ਫਰੀਦ! ਇਹ ਦੁਨੀਆ (ਇਕ) ਸੋਹਣਾ ਬਾਗ਼ ਹੈ (ਇਥੇ ਮਨ ਵਿਚ 'ਟੋਏ ਟਿੱਬੇ' ਬਣਾਏ ਕਿਉਂ ਹੋਏ? ਇਥੇ ਤਾਂ ਸਾਰੇ ਜੀਵ-ਰੂਪ) ਪੰਛੀਆਂ ਦੀ ਡਾਰ ਪਰਾਹੁਣੀ ਹੈ। ਜਦੋਂ ਸਵੇਰ ਦਾ ਧੌਂਸਾ ਵੱਜਾ (ਸਭ ਨੇ ਜ਼ਿੰਦਗੀ ਦੀ ਰਾਤ ਕੱਟ ਕੇ ਤੁਰ ਜਾਣਾ ਹੈ) । (ਹੇ ਫਰੀਦ! ਇਹ 'ਟੋਏ ਟਿੱਬੇ' ਦੂਰ ਕਰ, ਤੇ ਤੂੰ ਭੀ) ਤੁਰਨ ਦੀ ਤਿਆਰੀ ਕਰ। 79।

ਫਰੀਦਾ ਰਾਤਿ ਕਥੂਰੀ ਵੰਡੀਐ ਸੁਤਿਆ ਮਿਲੈ ਨ ਭਾਉ ॥ ਜਿੰਨ੍ਹ੍ਹਾ ਨੈਣ ਨੀਦ੍ਰਾਵਲੇ ਤਿੰਨ੍ਹ੍ਹਾ ਮਿਲਣੁ ਕੁਆਉ ॥੮੦॥ {ਪੰਨਾ 1382}

ਪਦ ਅਰਥ: ਕਥੂਰੀ = ਕਸਤੂਰੀ। ਭਾਉ = ਹਿੱਸਾ। ਜਿੰਨ੍ਹ੍ਹਾ, ਤਿੰਨ੍ਹ੍ਹਾ = ਇਥੇ ਅੱਖਰ 'ਨ' ਦੇ ਹੇਠਾ ਅੱਧਾ 'ਹ' ਹੈ। ਨੀਦ੍ਰਾਵਲੇ = ਨੀਂਦ ਨਾਲ ਘੁੱਟੇ ਹੋਏ। ਮਿਲਣੁ = ਮੇਲ, ਪ੍ਰਾਪਤੀ। ਕੁਆਉ = ਕਿਥੋਂ? ਕਿਵੇਂ?

ਅਰਥ: ਹੇ ਫਰੀਦ! (ਉਹ ਤਿਆਰੀ ਰਾਤ ਨੂੰ ਹੀ ਹੋ ਸਕਦੀ ਹੈ) ਰਾਤਿ (ਦੀ ਇਕਾਂਤ) ਵਿਚ ਕਸਤੂਰੀ ਵੰਡੀਦੀ ਹੈ (ਭਾਵ, ਰਾਤਿ ਦੀ ਇਕਾਂਤ ਵੇਲੇ ਭਜਨ ਦੀ ਸੁਗੰਧੀ ਪੈਦਾ ਹੁੰਦੀ ਹੈ) , ਜੋ ਸੁੱਤੇ ਰਹਿਣ ਉਹਨਾਂ ਨੂੰ (ਇਸ ਵਿਚੋਂ) ਹਿੱਸਾ ਨਹੀਂ ਮਿਲਦਾ। ਜਿਨ੍ਹਾਂ ਦੀਆਂ ਅੱਖਾਂ (ਸਾਰੀ ਰਾਤ) ਨੀਂਦ ਵਿਚ ਘੁੱਟੀਆਂ ਰਹਿਣ, ਉਹਨਾਂ ਨੂੰ (ਨਾਮ ਦੀ ਕਸਤੂਰੀ ਦੀ) ਪ੍ਰਾਪਤੀ ਕਿਵੇਂ ਹੋਵੇ?। 85।

ਜ਼ਰੂਰੀ ਨੋਟ: ਸ਼ਲੋਕ ਨੰ: 74 ਵਿਚ ਮਨ ਦੇ ਜੋ 'ਟੋਏ ਟਿੱਬੇ' ਦੱਸੇ ਹਨ, ਅਗਲੇ ਸ਼ਲੋਕ ਨੰ: 81 ਵਿਚ ਉਹਨਾਂ ਟੋਏ-ਟਿੱਬਿਆਂ ਦਾ ਅਸਰ ਬਿਆਨ ਕਰਦੇ ਹਨ, ਕਿ ਇਹਨਾਂ ਦੇ ਕਾਰਨ ਸਾਰੇ ਜਗਤ ਵਿਚ ਦੁੱਖ ਹੀ ਦੁੱਖ ਵਾਪਰ ਰਿਹਾ ਹੈ, ਪਰ ਇਸ ਗੱਲ ਦੀ ਸਮਝ ਉਸ ਨੂੰ ਪੈਂਦੀ ਹੈ ਜੋ ਆਪ ਮਨ ਦੇ 'ਟੋਏ ਟਿੱਬੇ' ਤੋਂ ਉਚੇਰਾ ਹੁੰਦਾ ਹੈ।

ਫਰੀਦਾ ਮੈ ਜਾਨਿਆ ਦੁਖੁ ਮੁਝ ਕੂ ਦੁਖੁ ਸਬਾਇਐ ਜਗਿ ॥ ਊਚੇ ਚੜਿ ਕੈ ਦੇਖਿਆ ਤਾਂ ਘਰਿ ਘਰਿ ਏਹਾ ਅਗਿ ॥੮੧॥ {ਪੰਨਾ 1382}

ਪਦ ਅਰਥ: ਮੁਝ ਕੂ = ਮੈਨੂੰ। ਸਬਾਇਐ ਜਗਿ = ਸਾਰੇ ਜਗਤ ਵਿਚ। ਊਚੇ ਚੜਿ ਕੈ = ਦੁੱਖ ਤੋਂ ਉੱਚਾ ਹੋ ਕੇ। ਘਰਿ = ਘਰ ਵਿਚ। ਘਰਿ ਘਰਿ = ਹਰੇਕ ਘਰ ਵਿਚ। ਅਗਿ = (ਇਸ ਲਫ਼ਜ਼ ਦਾ ਜੋੜ ਧਿਆਨ-ਜੋਗ ਹੈ, ਸਦਾ (ਿ) -ਅੰਤ ਹੈ, ਅਸਲ ਲਫ਼ਜ਼ ਸੰਸਕ੍ਰਿਤ ਦਾ 'ਅਗਨਿ' ਹੈ, ਇਸ ਤੋਂ ਪ੍ਰਾਕ੍ਰਿਤ-ਰੂਪ 'ਅਗਿ' ਹੈ) ।

ਅਰਥ: ਹੇ ਫਰੀਦ! ਮੈਂ (ਪਹਿਲਾਂ ਮਨ ਦੇ 'ਟੋਏ ਟਿੱਬੇ' ਤੋਂ ਪੈਦਾ ਹੋਏ ਦੁੱਖ ਵਿਚ ਘਾਬਰ ਕੇ ਇਹ) ਸਮਝਿਆ ਕਿ ਦੁੱਖ (ਸਿਰਫ਼) ਮੈਨੂੰ (ਹੀ) ਹੈ (ਸਿਰਫ਼ ਮੈਂ ਹੀ ਦੁਖੀ ਹਾਂ) , (ਪਰ ਅਸਲ ਵਿਚ ਇਹ) ਦੁੱਖ ਤਾਂ ਸਾਰੇ (ਹੀ) ਜਗਤ ਵਿਚ (ਵਾਪਰ ਰਿਹਾ) ਹੈ। ਜਦੋਂ ਮੈਂ (ਆਪਣੇ ਦੁੱਖ ਤੋਂ) ਉਚੇਰਾ ਹੋ ਕੇ (ਧਿਆਨ ਮਾਰਿਆ) ਤਾਂ ਮੈਂ ਵੇਖਿਆ ਕਿ ਹਰੇਕ ਘਰ ਵਿਚ ਇਹੀ ਅੱਗ (ਬਲ) ਰਹੀ ਹੈ (ਭਾਵ, ਹਰੇਕ ਜੀਵ ਦੁਖੀ ਹੈ) । 81।

ਨੋਟ: ਇਸ ਸ਼ਲੋਕ ਤੋਂ ਅੱਗੇ ਦੋ ਸ਼ਲੋਕ ਗੁਰੂ ਅਰਜਨ ਸਾਹਿਬ ਜੀ ਦੇ ਹਨ। ਆਪ ਲਿਖਦੇ ਹਨ ਕਿ ਉਹੀ ਵਿਰਲੇ ਬੰਦੇ ਦੁੱਖਾਂ ਦੀ ਮਾਰ ਤੋਂ ਬਚੇ ਹੋਏ ਹਨ, ਜੋ ਸਤਿਗੁਰੂ ਦੀ ਸਰਨ ਪੈ ਕੇ ਪਰਮਾਤਮਾ ਨੂੰ ਯਾਦ ਕਰਦੇ ਹਨ।

ਮਹਲਾ ੫ ॥ ਫਰੀਦਾ ਭੂਮਿ ਰੰਗਾਵਲੀ ਮੰਝਿ ਵਿਸੂਲਾ ਬਾਗ ॥ ਜੋ ਜਨ ਪੀਰਿ ਨਿਵਾਜਿਆ ਤਿੰਨ੍ਹ੍ਹਾ ਅੰਚ ਨ ਲਾਗ ॥੮੨॥ {ਪੰਨਾ 1382}

ਪਦ ਅਰਥ: ਭੂਮਿ = ਧਰਤੀ। ਰੰਗਾਵਲੀ = ਰੰਗ-ਆਵਲੀ। ਆਵਲੀ = ਕਤਾਰ, ਸਿਲਸਿਲਾ। ਰੰਗ = ਸੁਹਜ, ਖ਼ੁਸ਼ੀ, ਆਨੰਦ। ਰੰਗਾਵਲੀ = ਸੁਹਾਵਣੀ। ਮੰਝਿ = (ਇਸ) ਵਿਚ। ਵਿਸੂਲਾ = ਵਿਸੁ-ਭਰਿਆ, ਵਿਹੁਲਾ।

ਨੋਟ: ਜਿਨ੍ਹਾਂ ਲਫ਼ਜ਼ਾਂ ਦੇ ਅਸਲ ਰੂਪ ਵਿਚ (ੁ) ਸਦਾ ਨਾਲ ਰਹਿੰਦਾ ਹੈ, ਉਹਨਾਂ ਦੇ 'ਕਾਰਕੀ' ਆਦਿ ਰੂਪਾਂ ਵਿਚ (ੁ) ਦੇ ਥਾਂ (ੂ) ਹੋ ਜਾਂਦਾ ਹੈ, ਜਿਵੇਂ 'ਜਿੰਦੁ' ਤੋਂ 'ਜਿੰਦੂ', 'ਖਾਕੁ' ਤੋਂ 'ਖਾਕੂ', 'ਮਸੁ' ਤੋਂ 'ਮਸੂ' ਅਤੇ 'ਵਿਸੁ ਤੋਂ 'ਵਿਸੂ'। ਨਿਵਾਜਿਆ = ਵਡਿਆਇਆ ਹੋਇਆ। ਤਿੰਨ੍ਹ੍ਹਾ = (ਇਸ ਲਫ਼ਜ਼ ਦੇ ਅੱਖਰ 'ਨ' ਦੇ ਨਾਲ ਅੱਧਾ 'ਹ' ਹੈ) । ਅੰਚ = ਸੇਕ, ਆਂਚ। ਪੀਰ = ਮੁਰਸ਼ਿਦ, ਗੁਰੂ।

ਅਰਥ: ਹੇ ਫਰੀਦ! (ਇਹ) ਧਰਤੀ (ਤਾਂ) ਸੁਹਾਵਣੀ ਹੈ, (ਪਰ ਮਨੁੱਖੀ ਮਨ ਦੇ ਟੋਏ ਟਿੱਬਿਆਂ ਦੇ ਕਾਰਨ ਇਸ) ਵਿਚ ਵਿਹੁਲਾ ਬਾਗ (ਲੱਗਾ ਹੋਇਆ) ਹੈ (ਜਿਸ ਵਿਚ ਦੁੱਖਾਂ ਦੀ ਅੱਗ ਬਲ ਰਹੀ ਹੈ) । ਜਿਸ ਵਿਚ ਮਨੁੱਖ ਨੂੰ ਸਤਿਗੁਰੂ ਨੇ ਉੱਚਾ ਕੀਤਾ ਹੈ, ਉਹਨਾਂ ਨੂੰ (ਦੁੱਖ-ਅਗਨਿ ਦਾ) ਸੇਕ ਨਹੀਂ ਲੱਗਦਾ। 82।

ਮਹਲਾ ੫ ॥ ਫਰੀਦਾ ਉਮਰ ਸੁਹਾਵੜੀ ਸੰਗਿ ਸੁਵੰਨੜੀ ਦੇਹ ॥ ਵਿਰਲੇ ਕੇਈ ਪਾਈਅਨਿ ਜਿੰਨ੍ਹ੍ਹਾ ਪਿਆਰੇ ਨੇਹ ॥੮੩॥ {ਪੰਨਾ 1382}

ਪਦ ਅਰਥ: ਸੁਹਾਵੜੀ = ਸੁਹਾਵਲੀ, ਸੁਖਾਵਲੀ, ਸੁਖ-ਭਰੀ। ਸੰਗਿ = (ਉਮਰ ਦੇ) ਨਾਲ। ਸੁਵੰਨ = ਸੋਹਣਾ ਰੰਗ। ਸੁਵੰਨੜੀ = ਸੋਹਣੇ ਰੰਗ ਵਾਲੀ। ਦੇਹ = ਸਰੀਰ। ਪਾਈਅਨ੍ਹ੍ਹਿ = ਪਾਏ ਜਾਂਦੇ ਹਨ, ਮਿਲਦੇ ਹਨ। ਨੇਹ = ਪਿਆਰ।

ਅਰਥ: ਹੇ ਫਰੀਦ! (ਉਹਨਾਂ ਬੰਦਿਆਂ ਦੀ) ਜ਼ਿੰਦਗੀ ਸੌਖੀ ਹੈ ਅਤੇ ਸਰੀਰ ਭੀ ਸੋਹਣੇ ਰੰਗ ਵਾਲਾ (ਭਾਵ, ਰੋਗ-ਰਹਿਤ) ਹੈ, ਜਿਨ੍ਹਾਂ ਦਾ ਪਿਆਰ ਪਿਆਰੇ ਪਰਮਾਤਮਾ ਨਾਲ ਹੈ, ('ਵਿਸੂਲਾ ਬਾਗ' ਤੇ 'ਦੁਖ-ਅਗਨੀ' ਉਹਨਾਂ ਨੂੰ ਛੁੰਹਦੇ ਨਹੀਂ, ਪਰ ਅਜੇਹੇ ਬੰਦੇ) ਕੋਈ ਵਿਰਲੇ ਹੀ ਮਿਲਦੇ ਹਨ। 83।

ਕੰਧੀ ਵਹਣ ਨ ਢਾਹਿ ਤਉ ਭੀ ਲੇਖਾ ਦੇਵਣਾ ॥ ਜਿਧਰਿ ਰਬ ਰਜਾਇ ਵਹਣੁ ਤਿਦਾਊ ਗੰਉ ਕਰੇ ॥੮੪॥ {ਪੰਨਾ 1382}

ਪਦ ਅਰਥ: ਵਹਣ = ਹੇ ਵਹਣ! ਕੰਧੀ = ਨਦੀ ਦਾ ਕੰਢਾ। ਤਉ = ਤੂੰ। ਜਿਧਰਿ = ਜਿਸ ਪਾਸੇ। ਰਬ ਰਜਾਇ = ਰੱਬ ਦੀ ਮਰਜ਼ੀ। ਤਿਦਾਊ = ਉਸੇ ਪਾਸੇ। ਗੰਉ ਕਰੇ = ਰਸਤਾ ਬਣਾਉਂਦਾ ਹੈ, ਤੁਰਦਾ ਹੈ; ਚਾਲ ਚੱਲਦਾ ਹੈ।

ਨੋਟ: ਸ਼ਲੋਕ ਨੰ: 82 ਵਿਚ ਫਰੀਦ ਜੀ ਨੇ 'ਦੁੱਖ' ਨੂੰ 'ਅੱਗ' ਦਾ ਨਾਮ ਦਿੱਤਾ ਹੈ। ਸ਼ਲੋਕ ਨੰ: 82 ਵਿਚ ਗੁਰੂ ਅਰਜਨ ਦੇਵ ਜੀ ਇਸ ਨੂੰ 'ਵਿਸੂਲਾ ਬਾਗ਼' ਆਖਦੇ ਹਨ। ਇਥੇ ਫਰੀਦ ਜੀ ਸੰਸਾਰਕ ਦੁੱਖਾਂ ਨੂੰ 'ਇਕ ਲੰਮੀ ਨਦੀ, ਪ੍ਰਵਾਹ, ਵਹਣ' ਆਖਦੇ ਹਨ। ਮਨੁੱਖਾ ਜੀਵਨ ਨਦੀ ਦਾ ਕੰਢਾ ਹੈ ਜੋ ਦੁੱਖਾਂ-ਰੂਪੀ ਪ੍ਰਵਾਹ ਦੇ ਵੇਗ ਨਾਲ ਢਹਿ ਰਿਹਾ ਹੈ।

ਅਰਥ: ਦੁੱਖਾਂ ਹੇਠ ਨੱਪਿਆ ਹੋਇਆ ਜੀਵ 'ਦੁੱਖ' ਅੱਗੇ ਤਰਲੇ ਲੈ ਕੇ ਆਖਦਾ ਹੈ–) ਹੇ (ਦੁੱਖਾਂ ਦੇ) ਵਹਣ! (ਮੈਨੂੰ) ਕੰਧੀ (-ਰੁੱਖੜੇ) ਨੂੰ ਨਾਹ ਢਾਹ (ਭਾਵ, ਮੈਨੂੰ ਦੁਖੀ ਨਾਹ ਕਰ) , ਤੈਨੂੰ ਭੀ (ਆਪਣੇ ਕੀਤੇ ਦਾ) ਹਿਸਾਬ ਦੇਣਾ ਪਏਗਾ। (ਦੁਖੀ ਮਨੁੱਖ ਨੂੰ ਇਹ ਸਮਝ ਨਹੀਂ ਰਹਿੰਦੀ ਕਿ) ਦੁੱਖਾਂ ਦਾ ਹੜ੍ਹ ਉਸੇ ਪਾਸੇ ਹੀ ਢਾਹ ਲਾਂਦਾ ਹੈ, ਜਿਸ ਪਾਸੇ ਰੱਬ ਦੀ ਮਰਜ਼ੀ ਹੁੰਦੀ ਹੈ (ਭਾਵ, ਰੱਬ ਦੀ ਰਜ਼ਾ-ਅਨੁਸਾਰ ਰੱਬ ਤੋਂ ਵਿਛੁੜੇ ਹੋਏ ਬੰਦੇ ਆਪਣੇ ਕੀਤੇ ਮੰਦੇ ਕਰਮਾਂ ਦੇ ਅਧੀਨ ਦੁੱਖਾਂ ਦਾ ਹੜ੍ਹ ਉਸ ਨੂੰ ਆ ਰੋੜ੍ਹਦਾ ਹੈ) । 84।

ਫਰੀਦਾ ਡੁਖਾ ਸੇਤੀ ਦਿਹੁ ਗਇਆ ਸੂਲਾਂ ਸੇਤੀ ਰਾਤਿ ॥ ਖੜਾ ਪੁਕਾਰੇ ਪਾਤਣੀ ਬੇੜਾ ਕਪਰ ਵਾਤਿ ॥੮੫॥ {ਪੰਨਾ 1382}

ਪਦ ਅਰਥ: ਡੁਖਾ ਸੇਤੀ = ਦੁੱਖਾਂ ਨਾਲ, ਦੁੱਖਾਂ ਵਿਚ। ਦਿਹੁ = ਦਿਨ। ਸੂਲਾਂ = ਚੋਭਾਂ, ਚਿੰਤਾ-ਫ਼ਿਕਰ। ਰਾਤਿ = (ਇਸ ਲਫ਼ਜ਼ ਦੇ ਅਖ਼ੀਰ ਵਿਚ ਸਦਾ (ਿ) ਹੁੰਦੀ ਹੈ, ਇਹ ਸੰਸਕ੍ਰਿਤ ਲਫ਼ਜ਼ 'ਰਾਤ੍ਰਿ' (rwi>) ਤੋਂ ਹੈ) । ਪਾਤਣੀ = ਮਲਾਹ, ਮੁਹਾਣਾ। ਕਪਰ = ਲਹਿਰਾਂ, ਠਾਠਾਂ। ਵਾਤਿ = ਮੂੰਹ ਵਿਚ (ਵੇਖੋ ਸ਼ਲੋਕ ਨੰ: 50) ।

ਅਰਥ: ਹੇ ਫਰੀਦ! (ਮਨ ਵਿਚ ਬਣੇ 'ਟੋਏ ਟਿਬੇ' ਦੇ ਕਾਰਨ ਦੁੱਖਾਂ ਦੀ ਨਦੀ ਵਿਚ ਰੁੜ੍ਹੇ ਜਾਂਦੇ ਜੀਵਾਂ ਦਾ) ਦਿਨ ਦੁੱਖਾਂ ਵਿਚ ਲੰਘਦਾ ਹੈ, ਰਾਤ ਭੀ (ਚਿੰਤਾ ਦੀਆਂ) ਚੋਭਾਂ ਵਿਚ ਬੀਤਦੀ ਹੈ। (ਕੰਢੇ ਤੇ) ਖਲੋਤਾ ਹੋਇਆ (ਗੁਰੂ-) ਮਲਾਹ ਇਹਨਾਂ ਨੂੰ ਉੱਚੀ ਉੱਚੀ ਕਹਿ ਰਿਹਾ ਹੈ (ਕਿ ਤੁਹਾਡਾ ਜ਼ਿੰਦਗੀ ਦਾ) ਬੇੜਾ (ਦੁੱਖਾਂ ਦੀਆਂ) ਠਾਠਾਂ ਦੇ ਮੂੰਹ ਵਿਚ (ਆ ਡਿੱਗਣ ਲੱਗਾ) ਹੈ। 85।

ਲੰਮੀ ਲੰਮੀ ਨਦੀ ਵਹੈ ਕੰਧੀ ਕੇਰੈ ਹੇਤਿ ॥ ਬੇੜੇ ਨੋ ਕਪਰੁ ਕਿਆ ਕਰੇ ਜੇ ਪਾਤਣ ਰਹੈ ਸੁਚੇਤਿ ॥੮੬॥ {ਪੰਨਾ 1382}

ਪਦ ਅਰਥ: ਲੰਮੀ ਲੰਮੀ = ਬਹੁਤ ਲੰਮੀ। ਨਦੀ = ਦੁਖਾਂ ਦੀ ਨਦੀ। ਵਹੈ– ਚੱਲ ਰਹੀ ਹੈ। ਕੇਰੈ ਹੇਤਿ = ਡੇਗਣ ਵਾਸਤੇ, ਢਾਹਣ ਵਾਸਤੇ। ਨੋ = ਨੂੰ। ਕਿਆ ਕਰੇ = ਕੀਹ ਵਿਗਾੜ ਸਕਦਾ ਹੈ? ਪਾਤਣ = ਪਾਤਣ ਦੇ। ਪਾਤਣ ਚੇਤਿ = ਪਾਤਣ ਦੇ ਚੇਤੇ ਵਿਚ, ਮਲਾਹ ਦੇ ਚੇਤੇ ਵਿਚ। ਸੁ = ਉਹ ਬੇੜਾ। ਚੇਤਿ = ਚੇਤੇ ਵਿਚ।

ਅਰਥ: (ਸੰਸਾਰੀ ਬੰਦਿਆਂ-ਰੂਪ) ਕੰਧੀ (ਰੁੱਖੜਿਆਂ) ਨੂੰ ਢਾਹੁਣ ਲਈ (ਭਾਵ, ਦੁੱਖੀ ਕਰਨ ਲਈ) (ਇਹ ਰੁੱਖਾਂ ਦੀ) ਬੇਅੰਤ ਲੰਮੀ ਨਦੀ ਵਗ ਰਹੀ ਹੈ, (ਪਰ ਇਸ ਨਦੀ ਦਾ) ਘੁੰਮਣ-ਘੇਰ (ਉਸ ਜ਼ਿੰਦਗੀ-ਰੂਪ) ਬੇੜੇ ਦਾ ਕੋਈ ਨੁਕਸਾਨ ਨਹੀਂ ਕਰ ਸਕਦਾ, ਜੋ (ਸਤਿਗੁਰੂ) ਮਲਾਹ ਦੇ ਚੇਤੇ ਵਿਚ ਰਹੇ (ਭਾਵ, ਜਿਸ ਮਨੁੱਖ ਉਤੇ ਗੁਰੂ ਮੇਹਰ ਦੀ ਨਜ਼ਰ ਰੱਖੇ, ਉਸ ਨੂੰ ਦੁੱਖ-ਅਗਨੀ ਨਹੀਂ ਪੋਂਹਦੀ) । 86।

ਫਰੀਦਾ ਗਲੀ ਸੁ ਸਜਣ ਵੀਹ ਇਕੁ ਢੂੰਢੇਦੀ ਨ ਲਹਾਂ ॥ ਧੁਖਾਂ ਜਿਉ ਮਾਂਲੀਹ ਕਾਰਣਿ ਤਿੰਨ੍ਹ੍ਹਾ ਮਾ ਪਿਰੀ ॥੮੭॥ {ਪੰਨਾ 1382}

ਪਦ ਅਰਥ: ਗਲੀ = ਗੱਲਾਂ ਨਾਲ, (ਭਾਵ,) ਗੱਲਾਂ ਨਾਲ ਪਤਿਆਉਣ ਵਾਲੇ। ਇਕੁ = ਅਸਲ ਸੱਜਣ। ਨ ਲਹਾਂ = ਮੈਨੂੰ ਨਹੀਂ ਲੱਭਦਾ। ਧੁਖਾਂ = ਅੰਦਰੇ ਅੰਦਰ ਦੁਖੀ ਹੋ ਰਿਹਾ ਹਾਂ। ਮਾਂਲੀਹ = ਮਿਲੀ, ਸੁੱਕੇ ਗੋਹੇ ਦਾ ਚੂਰਾ। ਮਾ = ਮੇਰਾ। ਪਿਰੀ ਕਾਰਣਿ = ਪਿਆਰੇ ਸੱਜਣਾਂ ਦੀ ਖ਼ਾਤਰ। ਤਿੰਨ੍ਹ੍ਹਾ = ਉਹਨਾਂ।

ਅਰਥ: ਹੇ ਫਰੀਦ! ਗੱਲਾਂ ਨਾਲ ਪਤਿਆਉਣ ਵਾਲੇ ਤਾਂ ਵੀਹ ਮਿਤ੍ਰ (ਮਿਲ ਪੈਂਦੇ) ਹਨ; ਪਰ ਖੋਜ ਕਰਨ ਲੱਗਿਆਂ ਅਸਲ ਸੱਚਾ ਮਿੱਤਰ ਨਹੀਂ ਲੱਭਦਾ (ਜੋ ਮੇਰੀ ਜ਼ਿੰਦਗੀ ਦੇ ਬੇੜੇ ਨੂੰ ਦੁੱਖਾਂ ਦੀ ਨਦੀ ਵਿਚੋਂ ਪਾਰ ਲਾਏ) ।

ਮੈਂ ਤਾਂ ਇਹੋ ਜਿਹੇ (ਸਤ-ਸੰਗੀ) ਸੱਜਣਾਂ ਦੇ (ਨਾਹ ਮਿਲਣ) ਕਰਕੇ ਧੁਖਦੀ ਮਿਲੀ ਵਾਂਗ ਅੰਦਰੇ ਅੰਦਰ ਦੁਖੀ ਹੋ ਰਿਹਾ ਹਾਂ। 87।

ਫਰੀਦਾ ਇਹੁ ਤਨੁ ਭਉਕਣਾ ਨਿਤ ਨਿਤ ਦੁਖੀਐ ਕਉਣੁ ॥ ਕੰਨੀ ਬੁਜੇ ਦੇ ਰਹਾਂ ਕਿਤੀ ਵਗੈ ਪਉਣੁ ॥੮੮॥ {ਪੰਨਾ 1382}

ਪਦ ਅਰਥ: ਭਉਕਣਾ = ਜਿਸ ਨੂੰ ਭਉਕਣ ਦੀ ਆਦਤ ਪੈ ਗਈ ਹੈ, ਭਉਂਕਾ। ਦੁਖੀਐ ਕਉਣੁ = ਕੌਣ ਔਖਾ ਹੁੰਦਾ ਰਹੇ? ਦੇ ਰਹਾਂ = ਦੇਈ ਰੱਖਾਂ, ਦੇਈ ਰੱਖਾਂਗਾ। ਕਿਤੀ = ਕਿਤਨੀ ਹੀ, ਜਿਤਨੀ ਜੀ ਚਾਹੇ। ਪਉਣੁ = ਹਵਾ।

ਅਰਥ: ਹੇ ਫਰੀਦ! ਇਹ (ਮੇਰਾ) ਸਰੀਰ ਤਾਂ ਭੌਂਕਾ ਹੋ ਗਿਆ ਹੈ (ਭਾਵ, ਹਰ ਵੇਲੇ ਨਿੱਤ ਨਵੇਂ ਪਦਾਰਥ ਮੰਗਦਾ ਰਹਿੰਦਾ ਹੈ, ਇਸ ਦੀਆਂ ਨਿੱਤ ਦੀਆਂ ਮੰਗਾਂ ਪੂਰੀਆਂ ਕਰਨ ਦੀ ਖ਼ਾਤਰ) ਕੌਣ ਨਿੱਤ ਔਖਾ ਹੁੰਦਾ ਰਹੇ? (ਭਾਵ, ਮੈਨੂੰ ਨਹੀਂ ਪੁੱਜਦਾ ਕਿ ਨਿੱਤ ਔਖਾ ਹੁੰਦਾ ਰਹਾਂ) । ਮੈਂ ਤਾਂ ਕੰਨਾਂ ਵਿਚ ਬੁੱਜੇ ਦੇਈ ਰੱਖਾਂਗਾ ਜਿਤਨੀ ਜੀ ਚਾਹੇ ਹਵਾ ਝੁੱਲਦੀ ਰਹੇ, (ਭਾਵ, ਜਿਤਨਾ ਜੀ ਚਾਹੇ ਇਹ ਸਰੀਰ ਮੰਗਾਂ ਮੰਗਣ ਦਾ ਰੌਲਾ ਪਾਈ ਜਾਏ, ਮੈਂ ਇਸ ਦੀ ਇੱਕ ਭੀ ਨਹੀਂ ਸੁਣਾਂਗਾ) । 88।

ਨੋਟ: ਇੱਕ ਤਾਂ ਬੰਦਿਆਂ ਨੇ ਮਨ ਵਿਚ 'ਟੋਏ ਟਿਬੇ' ਬਣਾਏ ਹੋਏ ਹਨ, ਦੂਜੇ, ਦੁਨੀਆ ਦੇ ਮਨ-ਮੋਹਣੇ ਪਦਾਰਥ ਹਰੇਕ ਜੀਵ ਨੂੰ ਖਿੱਚ ਪਾ ਰਹੇ ਹਨ। ਨਤੀਜਾ ਇਹ ਨਿਕਲ ਰਿਹਾ ਹੈ ਕਿ ਜਗਤ ਦੁੱਖਾਂ ਦੀ ਖਾਣ ਬਣ ਗਿਆ ਹੈ।

ਫਰੀਦਾ ਰਬ ਖਜੂਰੀ ਪਕੀਆਂ ਮਾਖਿਅ ਨਈ ਵਹੰਨ੍ਹ੍ਹਿ ॥ ਜੋ ਜੋ ਵੰਞੈਂ ਡੀਹੜਾ ਸੋ ਉਮਰ ਹਥ ਪਵੰਨਿ ॥੮੯॥ {ਪੰਨਾ 1382}

ਪਦ ਅਰਥ: ਰਬ ਖਜੂਰੀ = ਰੱਬ ਦੀਆਂ ਖਜੂਰਾਂ। ਮਾਖਿਅ = ਮਾਖਿਉਂ ਦੀਆਂ। ਮਾਖਿਅ ਨਈ = ਸ਼ਹਿਦ ਦੀਆਂ ਨਦੀਆਂ।

(ਨੋਟ: ਲਫ਼ਜ਼ 'ਮਾਖਿਅ' ਵਲ ਧਿਆਨ ਦੇਣ ਦੀ ਲੋੜ ਹੈ, ਜਿਵੇਂ 'ਜੀਉ' ਤੋਂ 'ਜੀਅ', 'ਪ੍ਰਿਉ' ਤੋਂ 'ਪ੍ਰਿਅ' ਅਤੇ 'ਹੀਉ' ਤੋਂ 'ਹੀਅ' ਬਣਿਆ ਹੈ, ਤਿਵੇਂ 'ਮਾਖਿਉ' ਤੋਂ 'ਮਾਖਿਅ' ਹੈ) । ਵਹੰਨਿ = ਵਹਿੰਦੀਆਂ ਹਨ, ਵਗ ਰਹੀਆਂ ਹਨ। ਡੀਹੜਾ = ਦਿਹਾੜਾ। ਹਥ ਪਵੰਨ੍ਹ੍ਹਿ = ਹੱਥ ਪੈ ਰਹੇ ਹਨ।

ਨੋਟ: ਲਫ਼ਜ਼ 'ਪਵੰਨ੍ਹ੍ਹਿ' ਦੇ ਅੱਖਰ 'ਨ' ਦੇ ਨਾਲ ਅੱਧਾ 'ਹ' ਹੈ, ਵੇਖੋ ਸ਼ਲੋਕ ਨੰ: 44 ਵਿਚ 'ਸਿੰਞਾਪਸਨ੍ਹ੍ਹਿ'।

ਨੋਟ: ਬਾਬਾ ਫਰੀਦ ਜੀ ਦੁਨੀਆ ਦੇ ਸੋਹਣੇ ਤੇ ਸੁਆਦਲੇ ਪਦਾਰਥਾਂ ਨੂੰ ਪੱਕੀਆਂ ਖਜੂਰਾਂ ਅਤੇ ਸ਼ਹਿਦ ਦੀਆਂ ਨਦੀਆਂ ਨਾਲ ਉਪਮਾਂ ਦੇਂਦੇ ਹਨ। ਵੰਞੈ = ਜਾਂਦਾ ਹੈ, ਗੁਜ਼ਰਦਾ ਹੈ।

ਅਰਥ: (ਪਰ ਇਹ ਸਰੀਰ ਵਿਚਾਰਾ ਭੀ ਕੀਹ ਕਰੇ? ਇਸ ਨੂੰ ਖਿੱਚ ਪਾਣ ਲਈ ਚਾਰ-ਚੁਫੇਰੇ ਜਗਤ ਵਿਚ) ਹੇ ਫਰੀਦ! ਪਰਮਾਤਮਾ ਦੀਆਂ ਪੱਕੀਆਂ ਹੋਈਆਂ ਖਜੂਰਾਂ (ਦਿੱਸ ਰਹੀਆਂ ਹਨ) , ਅਤੇ ਸ਼ਹਿਦ ਦੀਆਂ ਨਦੀਆਂ ਵਗ ਰਹੀਆਂ ਹਨ (ਭਾਵ, ਹਰ ਪਾਸੇ ਸੋਹਣੇ ਸੋਹਣੇ, ਸੁਆਦਲੇ ਤੇ ਮਨ-ਮੋਹਣੇ ਪਦਾਰਥ ਤੇ ਵਿਸ਼ੇ-ਵਿਕਾਰ ਮੌਜੂਦ ਹਨ) । (ਉ​ਂਞ ਇਹ ਭੀ ਠੀਕ ਹੈ ਕਿ ਇਹਨਾਂ ਪਦਾਰਥਾਂ ਦੇ ਮਾਣਨ ਵਿਚ ਮਨੁੱਖ ਦਾ) ਜੋ ਜੋ ਦਿਹਾੜਾ ਬੀਤਦਾ ਹੈ, ਉਹ ਇਸ ਦੀ ਉਮਰ ਨੂੰ ਹੀ ਹੱਥ ਪੈ ਰਹੇ ਹਨ (ਭਾਵ, ਅਜ਼ਾਈਂ ਜਾ ਰਹੇ ਹਨ) । 89।

ਫਰੀਦਾ ਤਨੁ ਸੁਕਾ ਪਿੰਜਰੁ ਥੀਆ ਤਲੀਆਂ ਖੂੰਡਹਿ ਕਾਗ ॥ ਅਜੈ ਸੁ ਰਬੁ ਨ ਬਾਹੁੜਿਓ ਦੇਖੁ ਬੰਦੇ ਕੇ ਭਾਗ ॥੯੦॥ {ਪੰਨਾ 1382}

ਪਦ ਅਰਥ: ਥੀਆ = ਹੋ ਗਿਆ ਹੈ। ਪਿੰਜਰੁ ਥੀਆ = ਹੱਡੀਆਂ ਦੀ ਮੁੱਠ ਹੋ ਗਿਆ ਹੈ। ਖੂੰੰਡਹਿ = ਠੂੰਗ ਰਹੇ ਹਨ। ਕਾਗ = ਕਾਂ, ਵਿਕਾਰ, ਦੁਨੀਆਵੀ ਪਦਾਰਥਾਂ ਦੇ ਚਸਕੇ। ਅਜੈ = ਅਜੇ ਭੀ (ਜਦੋਂ ਕਿ ਸਰੀਰ ਦੁਨੀਆ ਦੇ ਭੋਗ ਭੋਗਿ ਭੋਗਿ ਕੇ ਆਪਣੀ ਸਤਿਆ ਭੀ ਗਵਾ ਬੈਠਾ ਹੈ) । ਨ ਬਾਹੁੜਿਓ = ਨਹੀਂ ਤੁੱਠਾ, ਤਰਸ ਨਹੀਂ ਕੀਤਾ।

ਅਰਥ: ਹੇ ਫਰੀਦ! ਇਹ ਭੌਂਕਾ) ਸਰੀਰ (ਵਿਸ਼ੇ-ਵਿਕਾਰਾਂ ਵਿਚ ਪੈ ਪੈ ਕੇ) ਡਾਢਾ ਮਾੜਾ ਹੋ ਗਿਆ ਹੈ, ਹੱਡੀਆਂ ਦੀ ਮੁੱਠ ਰਹਿ ਗਿਆ ਹੈ। (ਫਿਰ ਭੀ, ਇਹ) ਕਾਂ ਇਸ ਦੀਆਂ ਤਲੀਆਂ ਨੂੰ ਠੂੰਗੇ ਮਾਰੀ ਜਾ ਰਹੇ ਹਨ (ਭਾਵ, ਦੁਨੀਆਵੀ ਪਦਾਰਥਾਂ ਦੇ ਚਸਕੇ ਤੇ ਵਿਸ਼ੇ-ਵਿਕਾਰ ਇਸ ਦੇ ਮਨ ਨੂੰ ਚੋਭਾਂ ਲਾਈ ਜਾ ਰਹੇ ਹਨ) । ਵੇਖੋ, (ਵਿਕਾਰਾਂ ਵਿਚ ਪਏ) ਮਨੁੱਖ ਦੀ ਕਿਸਮਤ ਭੀ ਅਜੀਬ ਹੈ ਕਿ ਅਜੇ ਭੀ (ਜਦੋਂ ਕਿ ਇਸ ਦਾ ਸਰੀਰ ਦੁਨੀਆ ਦੇ ਵਿਸ਼ੇ ਭੋਗ ਭੋਗ ਕੇ ਆਪਣੀ ਸੱਤਿਆ ਭੀ ਗਵਾ ਬੈਠਾ ਹੈ) ਰੱਬ ਇਸ ਉਤੇ ਤ੍ਰੁੱਠਾ ਨਹੀਂ (ਭਾਵ, ਇਸ ਦੀ ਝਾਕ ਮਿਟੀ ਨਹੀਂ) । 90।

ਕਾਗਾ ਕਰੰਗ ਢੰਢੋਲਿਆ ਸਗਲਾ ਖਾਇਆ ਮਾਸੁ ॥ ਏ ਦੁਇ ਨੈਨਾ ਮਤਿ ਛੁਹਉ ਪਿਰ ਦੇਖਨ ਕੀ ਆਸ ॥੯੧॥ {ਪੰਨਾ 1382}

ਪਦ ਅਰਥ: ਕਾਗਾ = ਕਾਗਾਂ ਨੇ, ਕਾਵਾਂ ਨੇ, ਵਿਕਾਰਾਂ ਨੇ, ਦੁਨੀਆਵੀ ਪਦਾਰਥਾਂ ਦੇ ਚਸਕਿਆਂ ਨੇ। ਕਰੰਗ = ਪਿੰਜਰ, ਬਹੁਤ ਲਿੱਸਾ ਹੋਇਆ ਹੋਇਆ ਸਰੀਰ। ਸਗਲਾ = ਸਾਰਾ। ਮਤਿ ਛੁਹਉ = ਰੱਬ ਕਰ ਕੇ ਕੋਈ ਨਾਹ ਛੇੜੇ (ਵੇਖੋ, ਸ਼ਲੋਕ ਨੰ: 25 ਵਿਚ ਲਫ਼ਜ਼ 'ਭਿਜਉ', 'ਵਰਸਉ' ਅਤੇ 'ਤੁਟਉ') । ਆਸ = ਤਾਂਘ।

ਅਰਥ: ਕਾਵਾਂ ਨੇ ਪਿੰਜਰ ਭੀ ਫੋਲ ਮਾਰਿਆ ਹੈ, ਅਤੇ ਸਾਰਾ ਮਾਸ ਖਾ ਲਿਆ ਹੈ (ਭਾਵ, ਦੁਨੀਆਵੀ ਪਦਾਰਥਾਂ ਦੇ ਚਸਕੇ ਤੇ ਵਿਸ਼ੇ-ਵਿਕਾਰ ਇਸ ਅੱਤ ਲਿੱਸੇ ਹੋਏ ਹੋਏ ਸਰੀਰ ਨੂੰ ਭੀ ਚੋਭਾਂ ਲਾਈ ਜਾ ਰਹੇ ਹਨ, ਇਸ ਭੌਂਕੇ ਸਰੀਰ ਦੀ ਸਾਰੀ ਸੱਤਿਆ ਇਹਨਾਂ ਨੇ ਖਿੱਚ ਲਈ ਹੈ) । ਰੱਬ ਕਰ ਕੇ ਕੋਈ ਵਿਕਾਰ (ਮੇਰੀਆਂ) ਅੱਖਾਂ ਅੱਖਾਂ ਨੂੰ ਨਾਹ ਛੇੜੇ, ਇਹਨਾਂ ਵਿਚ ਤਾਂ ਪਿਆਰੇ ਪ੍ਰਭੂ ਨੂੰ ਵੇਖਣ ਦੀ ਤਾਂਘ ਟਿਕੀ ਰਹੇ। 91।

ਕਾਗਾ ਚੂੰਡਿ ਨ ਪਿੰਜਰਾ ਬਸੈ ਤ ਉਡਰਿ ਜਾਹਿ ॥ ਜਿਤੁ ਪਿੰਜਰੈ ਮੇਰਾ ਸਹੁ ਵਸੈ ਮਾਸੁ ਨ ਤਿਦੂ ਖਾਹਿ ॥੯੨॥ {ਪੰਨਾ 1382}

ਪਦ ਅਰਥ: ਕਾਗਾ = ਹੇ ਕਾਂ! ਹੇ ਦੁਨੀਆਵੀ ਪਦਾਰਥਾਂ ਦੇ ਚਸਕੇ! ਚੂੰਡਿ ਨ = ਨਾਹ ਠੂੰਗ। ਪਿੰਜਰਾ = ਸੁੱਕਾ ਹੋਇਆ ਸਰੀਰ। ਬਸੈ = (ਜੇ) ਵੱਸ ਵਿਚ (ਹੈ) , ਜੇ ਤੇਰੇ ਵੱਸ ਵਿਚ ਹੈ, ਜੇ ਤੂੰ ਕਰ ਸਕੇਂ। ਤ = ਤਾਂ। ਜਿਤੁ = ਜਿਸ ਵਿਚ। ਜਿਤੁ ਪਿੰਜਰੈ = ਜਿਸ ਸਰੀਰ ਵਿਚ। ਤਿਦੂ = ਉਸ ਸਰੀਰ ਵਿਚੋਂ।

ਅਰਥ: ਹੇ ਕਾਂ! ਮੇਰਾ ਪਿੰਜਰ ਨਾਹ ਠੂੰਗ, ਜੇ ਤੇਰੇ ਵੱਸ ਵਿਚ (ਇਹ ਗੱਲ) ਹੈ ਤਾਂ (ਇਥੋਂ) ਉੱਡ ਜਾਹ, ਜਿਸ ਸਰੀਰ ਵਿਚ ਮੇਰਾ ਖਸਮ-ਪ੍ਰਭੂ ਵੱਸ ਰਿਹਾ ਹੈ, ਇਸ ਵਿਚੋਂ ਮਾਸ ਨਾਹ ਖਾਹ, (ਭਾਵ, ਹੇ ਵਿਸ਼ਿਆਂ ਦੇ ਚਸਕੇ! ਮੇਰੇ ਇਸ ਸਰੀਰ ਨੂੰ ਚੋਭਾਂ ਲਾਣੀਆਂ ਛੱਡ ਦੇਹ, ਤਰਸ ਕਰ, ਤੇ ਜਾਹ, ਖ਼ਲਾਸੀ ਕਰ। ਇਸ ਸਰੀਰ ਵਿਚ ਤਾਂ ਖਸਮ-ਪ੍ਰਭੂ ਦਾ ਪਿਆਰ ਵੱਸ ਰਿਹਾ ਹੈ, ਤੂੰ ਇਸ ਨੂੰ ਵਿਸ਼ੇ-ਭੋਗਾਂ ਵਲ ਪ੍ਰੇਰਨ ਦਾ ਜਤਨ ਨਾਹ ਕਰ) । 92।

ਸ਼ਲੋਕ ਨੰ: 93 ਤੋਂ 130 ਤਕ

ਫਰੀਦਾ ਗੋਰ ਨਿਮਾਣੀ ਸਡੁ ਕਰੇ ਨਿਘਰਿਆ ਘਰਿ ਆਉ ॥ ਸਰਪਰ ਮੈਥੈ ਆਵਣਾ ਮਰਣਹੁ ਨਾ ਡਰਿਆਹੁ ॥੯੩॥ {ਪੰਨਾ 1382}

ਪਦ ਅਰਥ: ਨਿਮਾਣੀ = ਵਿਚਾਰੀ। ਸਡੁ = ਸੱਦਾ, ਵਾਜ। ਸਡੁ ਕਰੇ = ਵਾਜ ਮਾਰ ਰਹੀ ਹੈ। ਨਿਘਰਿਆ = ਹੇ ਬੇ-ਘਰੇ ਜੀਵ! ਘਰਿ = ਘਰ ਵਿਚ। ਸਰਪਰ = ਆਖ਼ਿਰ ਨੂੰ। ਮੈਥੈ = ਮੇਰੇ ਪਾਸ।

ਅਰਥ: ਹੇ ਫਰੀਦ! ਕਬਰ ਵਿਚਾਰੀ (ਬੰਦੇ ਨੂੰ) ਵਾਜ ਮਾਰ ਰਹੀ ਹੈ (ਤੇ ਆਖਦੀ ਹੈ–) ਹੇ ਬੇ-ਘਰੇ ਜੀਵ! (ਆਪਣੇ) ਘਰ ਵਿਚ ਆ, (ਭਾਵ,) ਆਖ਼ਿਰ ਨੂੰ (ਤੂੰ) ਮੇਰੇ ਪਾਸ ਹੀ ਆਉਣਾ ਹੈ (ਤਾਂ ਫਿਰ) ਮੌਤ ਤੋਂ (ਇਤਨਾ) ਨਾਹ ਡਰ। 93।

ਏਨੀ ਲੋਇਣੀ ਦੇਖਦਿਆ ਕੇਤੀ ਚਲਿ ਗਈ ॥ ਫਰੀਦਾ ਲੋਕਾਂ ਆਪੋ ਆਪਣੀ ਮੈ ਆਪਣੀ ਪਈ ॥੯੪॥ {ਪੰਨਾ 1382}

ਪਦ ਅਰਥ: ਲੋਇਣ = ਅੱਖਾਂ। ਇਨ੍ਹ੍ਹੀ ਲੋਇਣੀ = ਇਹਨਾਂ ਅੱਖਾਂ ਨਾਲ। (ਅੱਖਰ 'ਨ' ਦੇ ਹੇਠ ਅੱਧਾ 'ਹ' ਹੈ) । ਕੇਤੀ = ਕਿਤਨੀ ਹੀ (ਖ਼ਲਕਤਿ) , ਬੇਅੰਤ ਜੀਵ।

ਅਰਥ: ਇਹਨਾਂ ਅੱਖਾਂ ਨਾਲ ਵੇਖਦਿਆਂ (ਭਾਵ, ਮੇਰੀਆਂ ਅੱਖਾਂ ਦੇ ਸਾਹਮਣੇ) ਕਿਤਨੀ ਹੀ ਖ਼ਲਕਤਿ ਚਲੀ ਗਈ ਹੈ (ਮੌਤ ਦਾ ਸ਼ਿਕਾਰ ਹੋ ਗਈ ਹੈ) । ਹੇ ਫਰੀਦ! (ਖ਼ਲਕਤਿ ਤੁਰੀ ਜਾਂਦੀ ਵੇਖ ਕੇ ਭੀ) ਹਰੇਕ ਨੂੰ ਆਪੋ ਆਪਣੇ ਸੁਆਰਥ ਦਾ ਹੀ ਖ਼ਿਆਲ ਹੈ (ਭਾਵ, ਹਰੇਕ ਜੀਵ ਦੁਨੀਆ ਵਾਲੀ ਧੁਨ ਵਿਚ ਹੀ ਹੈ) , ਮੈਨੂੰ ਭੀ ਆਪਣਾ ਹੀ ਫ਼ਿਕਰ ਪਿਆ ਹੋਇਆ ਹੈ। 94।

ਆਪੁ ਸਵਾਰਹਿ ਮੈ ਮਿਲਹਿ ਮੈ ਮਿਲਿਆ ਸੁਖੁ ਹੋਇ ॥ ਫਰੀਦਾ ਜੇ ਤੂ ਮੇਰਾ ਹੋਇ ਰਹਹਿ ਸਭੁ ਜਗੁ ਤੇਰਾ ਹੋਇ ॥੯੫॥ {ਪੰਨਾ 1382}

ਪਦ ਅਰਥ: ਆਪੁ = ਆਪਣੇ ਆਪ ਨੂੰ। ਮੈ = ਮੈਨੂੰ।

ਨੋਟ: ਮੌਤ ਦੀ ਢਾਹ ਲੱਗੀ ਹੋਈ ਵੇਖ ਕੇ ਜਦੋਂ ਫਰੀਦ ਨੇ ਆਤਮਕ ਜੀਵਨ ਵੱਲ ਧਿਆਨ ਮਾਰਿਆ ਤਾਂ ਰੱਬ ਵਲੋਂ ਇਹ ਧੀਰਜ ਮਿਲੀ:

ਅਰਥ: ਹੇ ਫਰੀਦ! ਜੇ ਤੂੰ ਆਪਣੇ ਆਪ ਨੂੰ ਸਵਾਰ ਲਏਂ, ਤਾਂ ਤੂੰ ਮੈਨੂੰ ਮਿਲ ਪਏਂਗਾ, ਤੇ ਮੇਰੇ ਵਿਚ ਜੁੜਿਆਂ ਹੀ ਤੈਨੂੰ ਸੁਖ ਹੋਵੇਗਾ (ਦੁਨੀਆ ਦੇ ਪਦਾਰਥਾਂ ਵਿਚ ਨਹੀਂ) । ਜੇ ਤੂੰ ਮੇਰਾ ਬਣ ਜਾਏਂ, (ਭਾਵ, ਦੁਨੀਆ ਵਾਲਾ ਪਿਆਰ ਛੱਡ ਕੇ ਮੇਰੇ ਨਾਲ ਪਿਆਰ ਕਰਨ ਲੱਗ ਪਏਂ, ਤਾਂ) ਸਾਰਾ ਜਗਤ ਤੇਰਾ ਬਣ ਜਾਏਗਾ (ਭਾਵ, ਮਾਇਆ ਤੇਰੇ ਪਿੱਛੇ ਪਿੱਛੇ ਦੌੜੇਗੀ) । 95।

ਕੰਧੀ ਉਤੈ ਰੁਖੜਾ ਕਿਚਰਕੁ ਬੰਨੈ ਧੀਰੁ ॥ ਫਰੀਦਾ ਕਚੈ ਭਾਂਡੈ ਰਖੀਐ ਕਿਚਰੁ ਤਾਈ ਨੀਰੁ ॥੯੬॥ {ਪੰਨਾ 1382}

ਪਦ ਅਰਥ: ਕੰਧੀ = ਕੰਢਾ। ਰੁਖੜਾ = ਨਿੱਕਾ ਜਿਹਾ ਰੁੱਖ, ਵਿਚਾਰਾ ਰੁੱਖ। ਧੀਰ = ਧੀਰਜ, ਧਰਵਾਸ। ਨੀਰੁ = ਪਾਣੀ।

ਅਰਥ: (ਦਰੀਆ ਦੇ) ਕੰਢੇ ਉੱਤੇ (ਉੱਗਾ ਹੋਇਆ) ਵਿਚਾਰਾ ਰੁੱਖ ਕਿਤਨਾ ਕੁ ਚਿਰ ਧਰਵਾਸ ਬੰਨ੍ਹੇਗਾ? ਹੇ ਫਰੀਦ! ਕੱਚੇ ਭਾਂਡੇ ਵਿਚ ਪਾਣੀ ਕਿਤਨਾ ਕੁ ਚਿਰ ਰੱਖਿਆ ਜਾ ਸਕਦਾ ਹੈ? (ਇਸੇ ਤਰ੍ਹਾਂ ਮਨੁੱਖ ਮੌਤ ਦੀ ਨਦੀ ਦੇ ਕੰਢੇ ਤੇ ਖਲੋਤਾ ਹੋਇਆ ਹੈ, ਇਸ ਸਰੀਰ ਵਿਚੋਂ ਸੁਆਸ ਮੁੱਕਦੇ ਜਾ ਰਹੇ ਹਨ) । 96।

ਫਰੀਦਾ ਮਹਲ ਨਿਸਖਣ ਰਹਿ ਗਏ ਵਾਸਾ ਆਇਆ ਤਲਿ ॥ ਗੋਰਾਂ ਸੇ ਨਿਮਾਣੀਆ ਬਹਸਨਿ ਰੂਹਾਂ ਮਲਿ ॥ ਆਖੀਂ ਸੇਖਾ ਬੰਦਗੀ ਚਲਣੁ ਅਜੁ ਕਿ ਕਲਿ ॥੯੭॥ {ਪੰਨਾ 1382-1983}

ਪਰ ਅਰਥ: ਮਹਲ = ਪੱਕੇ ਘਰ। ਨਿਸਖਣ = ਬਿਲਕੁਲ ਖ਼ਾਲੀ, ਸੁੰਞੇ। ਤਲਿ = ਤਲ ਵਿਚ, ਹੇਠਾਂ ਧਰਤੀ ਵਿਚ। ਬਹਸਨਿ = ਬੈਠਣਗੀਆਂ। ਗੋਰਾਂ ਨਿਮਾਣੀਆ = ਇਹ ਕਬਰਾਂ ਜਿਨ੍ਹਾਂ ਤੋਂ ਬੰਦੇ ਨਫ਼ਰਤ ਕਰਦੇ ਹਨ। ਮਲਿ = ਮੱਲ ਕੇ।

ਅਰਥ: ਹੇ ਫਰੀਦ! (ਮੌਤ ਆਉਣ ਤੇ) ਮਹਲ-ਮਾੜੀਆਂ ਸੁੰਞੀਆਂ ਰਹਿ ਜਾਂਦੀਆਂ ਹਨ, ਧਰਤੀ ਦੇ ਹੇਠ (ਕਬਰ ਵਿਚ) ਡੇਰਾ ਲਾਣਾ ਪੈਂਦਾ ਹੈ, ਉਹਨਾਂ ਕਬਰਾਂ ਵਿਚ ਜਿਨ੍ਹਾਂ ਤੋਂ ਨਫ਼ਰਤ ਕਰੀਦੀ ਹੈ ਰੂਹਾਂ ਸਦਾ ਲਈ ਜਾ ਬੈਠਣਗੀਆਂ। ਹੇ ਸ਼ੇਖ਼ (ਫਰੀਦ) ! (ਰੱਬ ਦੀ) ਬੰਦਗੀ ਕਰ (ਇਹਨਾਂ ਮਹਲ-ਮਾੜੀਆਂ ਤੋਂ) ਅੱਜ ਭਲਕ ਕੂਚ ਕਰਨਾ ਹੋਵੇਗਾ। 97।

ਨੋਟ: ਇਥੇ ਆਮ ਮੁਸਲਮਾਨੀ ਖ਼ਿਆਲ ਅਨੁਸਾਰ ਰੂਹ ਦਾ ਕਬਰ ਵਿਚ ਜਾ ਬੈਠਣਾ ਆਖਿਆ ਹੈ, ਭਾਵ ਇਹ ਹੈ ਕਿ ਸਰੀਰਾਂ ਨੇ ਆਖ਼ਿਰ ਮਿੱਟੀ ਵਿਚ ਮਿਲ ਜਾਣਾ ਹੈ।

TOP OF PAGE

Sri Guru Granth Darpan, by Professor Sahib Singh