ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1384

ਪਹਿਲੈ ਪਹਰੈ ਫੁਲੜਾ ਫਲੁ ਭੀ ਪਛਾ ਰਾਤਿ ॥ ਜੋ ਜਾਗੰਨ੍ਹ੍ਹਿ ਲਹੰਨਿ ਸੇ ਸਾਈ ਕੰਨੋ ਦਾਤਿ ॥੧੧੨॥ {ਪੰਨਾ 1384}

ਨੋਟ: ਅੰਮ੍ਰਿਤ ਵੇਲੇ ਉੱਠਣ ਬਾਰੇ ਇਥੇ ਫਰੀਦ ਜੀ ਦੇ ਸਿਰਫ਼ ਦੋ ਸ਼ਲੋਕ ਹਨ– ਨੰ: 107 ਅਤੇ ਇਹ ਨੰ: 112। ਸ਼ਲੋਕ ਨੰ: 108, 109, 110 ਅਤੇ 111 ਗੁਰੂ ਅਰਜਨ ਦੇਵ ਜੀ ਦੇ ਹਨ, ਜਿਨ੍ਹਾਂ ਵਿਚ ਦੱਸਿਆ ਹੈ ਕਿ ਅੰਮ੍ਰਿਤ ਵੇਲੇ ਦੀ ਬੰਦਗੀ ਵਿਚੋਂ ਇਹ ਲਾਭ ਨਿਕਲਣੇ ਚਾਹੀਦੇ ਹਨ– ਬੇ-ਮੁਥਾਜੀ, ਪਾਪ ਦੀ ਨਵਿਰਤੀ, ਰਜ਼ਾ ਵਿਚ ਰਹਿਣਾ, ਮਾਇਆ ਦੀ ਮਾਰ ਤੋਂ ਬਚਾਉ। ਫਰੀਦ ਜੀ ਨੇ ਦੋਹਾਂ ਸ਼ਲੋਕਾਂ ਵਿਚ ਸਿਰਫ਼ ਇਹ ਕਿਹਾ ਹੈ– ਅੰਮ੍ਰਿਤ ਵੇਲੇ ਉਸ ਦਾ ਨਾਮ ਜਪੋ, ਪਹਿਲੀ ਰਾਤੇ ਭੀ ਰੱਬ ਦੀ ਯਾਦ ਵਿਚ ਹੀ ਸੌਣਾ ਚਾਹੀਦਾ ਹੈ, ਪਰ ਪਹਿਲੇ ਪਹਿਰ ਨਾਲੋਂ ਅੰਮ੍ਰਿਤ ਵੇਲਾ ਵਧੀਕ ਗੁਣਕਾਰੀ ਹੈ।

ਪਦ ਅਰਥ: ਫੁਲੜਾ = ਸੋਹਣਾ ਜਿਹਾ ਫੁੱਲ। ਪਛਾ ਰਾਤਿ = ਪਿਛਲੀ ਰਾਤੇ, ਅੰਮ੍ਰਿਤ ਵੇਲੇ। ਜਾਗੰਨ੍ਹ੍ਹਿ = ਅੱਖਰ 'ਨ' ਦੇ ਹੇਠ 'ਹ' ਹੈ। ਲਹੰਨਿ = ਹਾਸਲ ਕਰਦੇ ਹਨ। ਕੰਨੋ = ਪਾਸੋਂ (ਵੇਖੋ ਸ਼ਲੋਕ ਨੰ: 99 ਵਿਚ ਲਫ਼ਜ਼ 'ਕੰਨੈ') ।

ਅਰਥ: (ਰਾਤ ਦੇ) ਪਹਿਲੇ ਪਹਿਰ ਦੀ ਬੰਦਗੀ (ਮਾਨੋ) ਇਕ ਸੋਹਣਾ ਜਿਹਾ ਫੁੱਲ ਹੈ, ਫਲ ਅੰਮ੍ਰਿਤ ਵੇਲੇ ਦੀ ਬੰਦਗੀ ਹੀ ਹੋ ਸਕਦੀ ਹੈ। ਜੋ ਬੰਦੇ (ਅੰਮ੍ਰਿਤ ਵੇਲੇ) ਜਾਗਦੇ ਹਨ ਉਹ ਪਰਮਾਤਮਾ ਪਾਸੋਂ ਬਖ਼ਸ਼ਸ਼ ਹਾਸਲ ਕਰਦੇ ਹਨ। 112।

ਦਾਤੀ ਸਾਹਿਬ ਸੰਦੀਆ ਕਿਆ ਚਲੈ ਤਿਸੁ ਨਾਲਿ ॥ ਇਕਿ ਜਾਗੰਦੇ ਨਾ ਲਹਨ੍ਹ੍ਹਿ ਇਕਨ੍ਹ੍ਹਾ ਸੁਤਿਆ ਦੇਇ ਉਠਾਲਿ ॥੧੧੩॥ {ਪੰਨਾ 1384}

ਪਦ ਅਰਥ: ਦਾਤੀ = ਬਖ਼ਸ਼ਸ਼ਾਂ।

ਨੋਟ: ਲਫ਼ਜ਼ 'ਦਾਤਿ' (ਿ) ਅੰਤ ਹੈ, ਇਸ ਦਾ ਬਹੁ-ਵਚਨ (ਿ) ਨੂੰ ਦੀਰਘ ਕੀਤਿਆਂ ਬਣਿਆ ਹੈ, ਇਸੇ ਤਰ੍ਹਾਂ ਲਫ਼ਜ਼ 'ਲਹਰਿ' (ਿ ਅੰਤ) ਤੋਂ 'ਲਹਰੀ'; ਜਿਵੇਂ 'ਸਾਇਰੁ ਲਹਰੀ ਦੇਇ'। ਸੰਦੀਆ = ਦੀਆਂ। ਤਿਸੁ ਨਾਲਿ = ਉਸ (ਸਾਹਿਬ) ਨਾਲ। ਕਿਆ ਚਲੈ = ਕੀਹ ਜ਼ੋਰ ਚੱਲ ਸਕਦਾ ਹੈ। ਇਕਿ = ਕਈ ਬੰਦੇ। ਲਹਨ੍ਹ੍ਹਿ = ਪ੍ਰਾਪਤ ਕਰਦੇ ਹਨ।

ਨੋਟ: ਇਹ ਸ਼ਲੋਕ ਗੁਰੂ ਨਾਨਕ ਦੇਵ ਜੀ ਦਾ ਹੈ, ਜੋ ਫਰੀਦ ਜੀ ਦੇ ਉਪਰਲੇ ਸ਼ਲੋਕ (ਨੰ: 112) ਦੀ ਵਿਆਖਿਆ ਵਾਸਤੇ ਉਚਾਰਿਆ ਗਿਆ ਹੈ। ਫਰੀਦ ਜੀ ਨੇ ਲਫ਼ਜ਼ 'ਦਾਤਿ' ਵਰਤ ਕੇ ਇਸ਼ਾਰੇ-ਮਾਤ੍ਰ ਦੱਸਿਆ ਹੈ ਕਿ ਜੋ ਅੰਮ੍ਰਿਤ ਵੇਲੇ ਜਾਗ ਕੇ ਬੰਦਗੀ ਕਰਦੇ ਹਨ, ਉਹਨਾਂ ਉਤੇ ਰੱਬ ਤ੍ਰੁੱਠਦਾ ਹੈ। ਗੁਰੂ ਨਾਨਕ ਦੇਵ ਜੀ ਨੇ ਸਪਸ਼ਟ ਕਰ ਕੇ ਕਹਿ ਦਿੱਤਾ ਹੈ ਕਿ ਇਹ ਤਾਂ 'ਦਾਤਿ' ਹੈ 'ਦਾਤਿ', ਹੱਕ ਨਹੀਂ ਬਣ ਜਾਂਦਾ। ਮਤਾਂ ਕੋਈ ਅੰਮ੍ਰਿਤ ਵੇਲੇ ਉੱਠਣ ਦਾ ਮਾਣ ਹੀ ਕਰਨ ਲੱਗ ਜਾਏ।

ਗੁਰੂ ਅਰਜਨ ਦੇਵ ਜੀ ਨੇ ਇਸ ਸ਼ਲੋਕ ਨੂੰ ਗੁਰੂ ਰਾਮਦਾਸ ਜੀ ਦੀ ਉਚਾਰੀ ਹੋਈ 'ਸਿਰੀ ਰਾਗ' ਦੀ ਵਾਰ ਦੀ ਦੂਜੀ ਪਉੜੀ ਨਾਲ ਭੀ ਵਰਤਿਆ ਹੈ। ਉਥੇ ਇਹ ਸ਼ਲੋਕ ਇਉਂ ਹੈ।

ਸਲੋਕ ਮ: 1 ॥ ਦਾਤੀ ਸਾਹਿਬ ਸੰਦੀਆ, ਕਿਆ ਚਲੈ ਤਿਸੁ ਨਾਲਿ ॥ ਇਕਿ ਜਾਗੰਦੇ ਨਾ ਲਹੰਨਿ ਇਕਨ੍ਹ੍ਹਾ ਸੁਤਿਆ ਦੇਇ ਉਠਾਲਿ ॥1॥2॥ . . . . . (ਸਿਰੀ ਰਾਗ ਕੀ ਵਾਰ ਮ: 4)

ਇਥੇ ਦੂਜੀ ਤੁਕ ਦੇ ਦੋ ਲਫ਼ਜ਼ਾਂ ਦੇ ਜੋੜ ਵਿਚ ਰਤਾ ਕੁ ਫ਼ਰਕ ਹੈ– 'ਲਹੰਨਿ' ਅਤੇ 'ਇਕਨ੍ਹ੍ਹਾ'।

ਅਰਥ: ਬਖ਼ਸ਼ਸ਼ਾਂ ਮਾਲਕ ਦੀਆਂ (ਆਪਣੀਆਂ) ਹਨ। ਉਸ ਮਾਲਕ ਨਾਲ (ਕਿਸੇ ਦਾ) ਕੀਹ ਜ਼ੋਰ ਚੱਲ ਸਕਦਾ ਹੈ? ਕਈ (ਅੰਮ੍ਰਿਤ ਵੇਲੇ) ਜਾਗਦੇ ਭੀ (ਇਹ ਬਖ਼ਸ਼ਸ਼ਾਂ) ਨਹੀਂ ਲੈ ਸਕਦੇ, ਕਈ (ਭਾਗਾਂ ਵਾਲਿਆਂ ਨੂੰ) ਸੁੱਤੇ ਪਿਆਂ ਨੂੰ (ਉਹ ਆਪ) ਜਗਾ ਦੇਂਦਾ ਹੈ (ਭਾਵ, ਕਈ ਅੰਮ੍ਰਿਤ ਵੇਲੇ ਜਾਗੇ ਹੋਏ ਭੀ ਕਿਸੇ ਅਹੰਕਾਰ ਆਦਿਕ-ਰੂਪ ਮਾਇਆ ਵਿਚ ਸੁੱਤੇ ਰਹਿ ਜਾਂਦੇ ਹਨ, ਤੇ, ਕਈ ਗ਼ਾਫ਼ਿਲਾਂ ਨੂੰ ਮੇਹਰ ਕਰ ਕੇ ਆਪ ਸੂਝ ਦੇ ਦੇਂਦਾ ਹੈ) । 113।

ਨੋਟ: ਗੁਰੂ ਨਾਨਕ ਦੇਵ ਜੀ ਦੇ ਉੱਪਰ-ਦਿੱਤੇ ਸ਼ਲੋਕ ਨਾਲ 'ਸਿਰੀ ਰਾਗ' ਦੀ ਵਾਰ ਵਿਚ ਗੁਰੂ ਨਾਨਕ ਦੇਵ ਜੀ ਦਾ ਦੂਜਾ ਸ਼ਲੋਕ ਇਉਂ ਹੈ:

ਮ: 1 ॥ ਸਿਦਕ ਸਬੂਰੀ ਸਾਦਿਕਾ, ਸਬਰ ਤੋਸਾ ਮਲਾਇਕਾਂ। ਦੀਦਾਰੁ ਪੂਰੇ ਪਾਇਸਾ, ਥਾਉ ਨਾਹੀ ਖਾਇਕਾ ॥2॥2॥

ਇਹਨਾਂ ਦੋਹਾਂ ਸ਼ਲੋਕਾਂ ਨੂੰ ਇਕੱਠੇ ਪੜ੍ਹਿਆਂ ਇਹ ਸਿੱਖਿਆ ਪ੍ਰਤੱਖ ਦਿੱਸਦੀ ਹੈ ਕਿ ਰੱਬ ਵਲੋਂ 'ਦਾਤਿ' ਤਾਂ ਹੀ ਮਿਲਦੀ ਹੈ ਜੇ ਬੰਦਾ 'ਸਬਰੁ' ਧਾਰਨ ਕਰੇ। ਇਸੇ ਤਰ੍ਹਾਂ ਫਰੀਦ ਜੀ ਦੇ ਸ਼ਲੋਕ ਨੰ: 112 ਦੇ ਨਾਲ ਫਰੀਦ ਜੀ ਦੇ ਆਪਣੇ ਅਗਲੇ ਚਾਰ ਸ਼ਲੋਕ ਨੰ: 114 ਤੋਂ 117 ਤਕ ਭੀ ਇਹੀ ਕਹਿੰਦੇ ਹਨ ਕਿ 'ਦਾਤਿ' ਤਾਂ ਹੀ ਮਿਲੇਗੀ ਜੇ 'ਸਬਰੁ' ਧਾਰੋਗੇ। 'ਹੱਕ' ਸਮਝ ਕੇ ਕਾਹਲੀ ਨਾਲ ਕੋਈ ਹੋਰ 'ਝਾਕ' ਨਾਹ ਝਾਕਣੀ।

ਨੋਟ: ਸ਼ਲੋਕ ਨੰ: 114 ਤੋਂ 119 ਤਕ ਫਰੀਦ ਜੀ ਦੇ ਹਨ।

ਢੂਢੇਦੀਏ ਸੁਹਾਗ ਕੂ ਤਉ ਤਨਿ ਕਾਈ ਕੋਰ ॥ ਜਿਨ੍ਹ੍ਹਾ ਨਾਉ ਸੁਹਾਗਣੀ ਤਿਨ੍ਹ੍ਹਾ ਝਾਕ ਨ ਹੋਰ ॥੧੧੪॥ {ਪੰਨਾ 1384}

ਪਦ ਅਰਥ: ਕੂ = ਨੂੰ। ਤਉ ਤਨਿ = ਤੇਰੇ ਤਨ ਵਿਚ, ਤੇਰੇ ਅੰਦਰ। ਕੋਰ = ਕਸਰ, ਘਾਟ। ਕਾਈ = ਕੋਈ। ਝਾਕ = ਆਸ, ਆਸਰਾ, ਟੇਕ।

ਅਰਥ: ਸੁਹਾਗ (-ਪਰਮਾਤਮਾ) ਨੂੰ ਭਾਲਣ ਵਾਲੀਏ (ਹੇ ਜੀਵ ਇਸਤ੍ਰੀਏ!) (ਤੂੰ ਅੰਮ੍ਰਿਤ ਵੇਲੇ ਉੱਠ ਕੇ ਪਤੀ-ਪਰਮਾਤਮਾ ਨੂੰ ਮਿਲਣ ਲਈ ਬੰਦਗੀ ਕਰਦੀ ਹੈਂ ਪਰ ਤੈਨੂੰ ਅਜੇ ਭੀ ਨਹੀਂ ਮਿਲਿਆ) ਤੇਰੇ ਆਪਣੇ ਅੰਦਰ ਹੀ ਕੋਈ ਕਸਰ ਹੈ। ਜਿਨ੍ਹਾਂ ਦਾ ਨਾਮ 'ਸੋਹਾਗਣਾਂ' ਹੈ ਉਹਨਾਂ ਦੇ ਅੰਦਰ ਕੋਈ ਹੋਰ ਟੇਕ ਨਹੀਂ ਹੁੰਦੀ (ਭਾਵ, ਪਤੀ-ਮਿਲਾਪ ਦੀ 'ਦਾਤਿ' ਉਹਨਾਂ ਨੂੰ ਹੀ ਮਿਲਦੀ ਹੈ ਜੋ ਅੰਮ੍ਰਿਤ ਵੇਲੇ ਉੱਠਣ ਦਾ ਕੋਈ 'ਹੱਕ' ਨਹੀਂ ਜਮਾਂਦੀਆਂ) । 114।

ਸਬਰ ਮੰਝ ਕਮਾਣ ਏ ਸਬਰੁ ਕਾ ਨੀਹਣੋ ॥ ਸਬਰ ਸੰਦਾ ਬਾਣੁ ਖਾਲਕੁ ਖਤਾ ਨ ਕਰੀ ॥੧੧੫॥ {ਪੰਨਾ 1384}

ਪਦ ਅਰਥ: ਮੰਝ = (ਮਨ) ਮੰਝ, (ਮਨ) ਵਿਚ। ਸਬਰ ਕਮਾਣ = ਸਬਰ ਦੀ ਕਮਾਣ। ਸਬਰੁ = ਧੀਰਜੁ, ਸਿਦਕ। ਕਾ = (ਕਮਾਣ ਦਾ) । ਨੀਹਣੋ = ਚਿੱਲਾ। ਸੰਦਾ = ਦਾ। ਬਾਣੁ = ਤੀਰ। ਖਤਾ ਨ ਕਰੀ = ਵਿਅਰਥ ਨਹੀਂ ਜਾਣ ਦੇਂਦਾ, ਖੁੰਝਣ ਨਹੀਂ ਦੇਂਦਾ।

ਅਰਥ: ਜੇ ਮਨ ਵਿਚ ਇਸ ਸਬਰ ਦੀ ਕਮਾਨ ਹੋਵੇ, ਜੇ ਸਬਰ ਹੀ ਕਮਾਣ ਦਾ ਚਿੱਲਾ ਹੋਵੇ, ਸਬਰ ਦਾ ਹੀ ਤੀਰ ਹੋਵੇ, ਤਾਂ ਪਰਮਾਤਮਾ (ਇਸ ਦਾ ਨਿਸ਼ਾਨਾ) ਖੁੰਝਣ ਨਹੀਂ ਦੇਂਦਾ। 115।

ਸਬਰ ਅੰਦਰਿ ਸਾਬਰੀ ਤਨੁ ਏਵੈ ਜਾਲੇਨ੍ਹ੍ਹਿ ॥ ਹੋਨਿ ਨਜੀਕਿ ਖੁਦਾਇ ਦੈ ਭੇਤੁ ਨ ਕਿਸੈ ਦੇਨਿ ॥੧੧੬॥ {ਪੰਨਾ 1384}

ਪਦ ਅਰਥ: ਸਾਬਰੀ = ਸਬਰ ਵਾਲੇ ਬੰਦੇ। ਏਵੈ = ਇਸੇ ਤਰ੍ਹਾਂ (ਭਾਵ,) ਸਬਰ ਵਿਚ ਹੀ। ਤਨੁ ਜਾਲੇਨ੍ਹ੍ਹਿ = ਸਰੀਰ ਨੂੰ ਸਾੜਦੇ ਹਨ, ਘਾਲਾਂ ਘਾਲਦੇ ਹਨ, (ਭਾਵ, ਜਦੋਂ ਜਗਤ ਸੁੱਤਾ ਪਿਆ ਹੈ, ਉਹ ਅੰਮ੍ਰਿਤ ਵੇਲੇ ਉੱਠ ਕੇ ਬੰਦਗੀ ਕਰਦੇ ਹਨ, ਤੇ ਬੇ-ਮੁਥਾਜੀ ਪਾਪ-ਨਿਵਿਰਤੀ ਅਤੇ ਰਜ਼ਾ ਦਾ ਸਬਕ ਪਕਾਂਦੇ ਹਨ) । ਹੋਨਿ = ਹੁੰਦੇ ਹਨ। ਨਜੀਕਿ = ਨੇੜੇ। ਕਿਸੈ = ਕਿਸੇ ਨੂੰ। ਭੇਤੁ ਨ ਦੇਨਿ = ਆਪਣਾ ਭੇਤ ਨਹੀਂ ਦੇਂਦੇ, ਕਾਹਲੇ ਪੈ ਕੇ ਕਿਸੇ ਅਗੇ ਗਿਲਾ ਨਹੀਂ ਕਰਦੇ ਕਿ ਇਤਨੀ ਮੇਹਨਤਿ ਕਰਨ ਤੇ ਭੀ ਅਜੇ ਤਕ ਕਿਉਂ ਨਹੀਂ ਮਿਲਿਆ।

ਅਰਥ: ਸਬਰ ਵਾਲੇ ਬੰਦੇ ਸਬਰ ਵਿਚ ਰਹਿ ਕੇ ਇਸੇ ਤਰ੍ਹਾਂ (ਸਦਾ ਸਬਰ ਵਿਚ ਹੀ) ਬੰਦਗੀ ਦੀ ਘਾਲ ਘਾਲਦੇ ਹਨ (ਇਸ ਤਰ੍ਹਾਂ ਉਹ) ਰੱਬ ਦੇ ਨੇੜੇ ਹੁੰਦੇ ਜਾਂਦੇ ਹਨ, ਤੇ ਕਿਸੇ ਨੂੰ ਆਪਣੇ ਦਿਲ ਦਾ ਭੇਤ ਨਹੀਂ ਦੇਂਦੇ। 116।

ਸਬਰੁ ਏਹੁ ਸੁਆਉ ਜੇ ਤੂੰ ਬੰਦਾ ਦਿੜੁ ਕਰਹਿ ॥ ਵਧਿ ਥੀਵਹਿ ਦਰੀਆਉ ਟੁਟਿ ਨ ਥੀਵਹਿ ਵਾਹੜਾ ॥੧੧੭॥ {ਪੰਨਾ 1384}

ਪਦ ਅਰਥ: ਸੁਆਉ = ਸੁਆਰਥ, ਪ੍ਰਯੋਜਨ, ਜ਼ਿੰਦਗੀ ਦਾ ਨਿਸ਼ਾਨਾ। ਬੰਦਾ = ਹੇ ਬੰਦੇ! ਹੇ ਮਨੁੱਖ! ਦਿੜੁ = ਪੱਕਾ। ਵਧਿ = ਵਧ ਕੇ। ਥੀਵਹਿ = ਹੋ ਜਾਹਿਂਗਾ। ਵਾਹੜਾ = ਨਿੱਕਾ ਜਿਹਾ ਵਹਣ। ਟੁਟਿ = ਟੁੱਟ ਕੇ, ਘਟ ਕੇ।

ਅਰਥ: ਹੇ ਬੰਦੇ! ਇਹ ਸਬਰ ਹੀ ਜ਼ਿੰਦਗੀ ਦਾ ਅਸਲ ਨਿਸ਼ਾਨਾ ਹੈ। ਜੇ ਤੂੰ (ਸਬਰ ਨੂੰ ਹਿਰਦੇ ਵਿਚ) ਪੱਕਾ ਕਰ ਲਏਂ, ਤਾਂ ਤੂੰ ਵਧ ਕੇ ਦਰੀਆ ਹੋ ਜਾਹਿਂਗਾ, (ਪਰ) ਘਟ ਕੇ ਨਿੱਕਾ ਜਿਹਾ ਵਹਣ ਨਹੀਂ ਬਣੇਂਗਾ (ਭਾਵ, ਸਬਰ ਵਾਲਾ ਜੀਵਨ ਬਣਾਇਆਂ ਤੇਰਾ ਦਿਲ ਵਧ ਕੇ ਦਰਿਆ ਹੋ ਜਾਇਗਾ, ਤੇਰੇ ਦਿਲ ਵਿਚ ਸਾਰੇ ਜਗਤ ਵਾਸਤੇ ਪਿਆਰ ਪੈਦਾ ਹੋ ਜਾਇਗਾ, ਤੇਰੇ ਅੰਦਰ ਤੰਗ-ਦਿਲੀ ਨਹੀਂ ਰਹਿ ਜਾਇਗੀ) । 117।

ਫਰੀਦਾ ਦਰਵੇਸੀ ਗਾਖੜੀ ਚੋਪੜੀ ਪਰੀਤਿ ॥ ਇਕਨਿ ਕਿਨੈ ਚਾਲੀਐ ਦਰਵੇਸਾਵੀ ਰੀਤਿ ॥੧੧੮॥ {ਪੰਨਾ 1384}

ਪਦ ਅਰਥ: ਗਾਖੜੀ = ਔਖੀ। ਦਰਵੇਸੀ = ਫ਼ਕੀਰੀ। ਚੋਪੜੀ = ਉਤੋਂ ਉਤੋਂ ਚੰਗੀ, ਓਪਰੀ, ਵਿਖਾਵੇ ਦੀ। ਇਕਨਿ ਕਿਨੈ = ਕਿਸੇ ਇੱਕ ਨੇ, ਕਿਸੇ ਵਿਰਲੇ ਨੇ। ਚਾਲੀਐ = ਚਲਾਈ ਹੈ। ਦਰਵੇਸਾਵੀ = ਦਰਵੇਸ਼ਾਂ ਵਾਲੀ।

ਅਰਥ: ਹੇ ਫਰੀਦ! (ਇਹ ਸਬਰ ਵਾਲਾ ਜੀਵਨ ਅਸਲ) ਫ਼ਕੀਰੀ (ਹੈ, ਤੇ ਇਹ) ਔਖੀ (ਕਾਰ) ਹੈ, ਪਰ (ਹੇ ਫਰੀਦ! ਰੱਬ ਨਾਲ ਤੇਰੀ) ਪ੍ਰੀਤ ਤਾਂ ਉਪਰੋਂ ਉਪਰੋਂ ਹੈ। ਫ਼ਕੀਰਾਂ ਦੀ (ਇਹ ਸਬਰ ਵਾਲੀ) ਕਾਰ ਕਿਸੇ ਵਿਰਲੇ ਬੰਦੇ ਨੇ ਕਮਾਈ ਹੈ। 118।

ਤਨੁ ਤਪੈ ਤਨੂਰ ਜਿਉ ਬਾਲਣੁ ਹਡ ਬਲੰਨ੍ਹ੍ਹਿ ॥ ਪੈਰੀ ਥਕਾਂ ਸਿਰਿ ਜੁਲਾਂ ਜੇ ਮੂੰ ਪਿਰੀ ਮਿਲੰਨ੍ਹ੍ਹਿ ॥੧੧੯॥ {ਪੰਨਾ 1384}

ਪਦ ਅਰਥ: ਜਿਉ = ਵਾਂਗ। ਬਲੰਨ੍ਹ੍ਹਿ = (ਅੱਖਰ 'ਨ' ਦੇ ਹੇਠ ਅੱਧਾ 'ਹ' ਹੈ) । ਪੈਰੀ = ਪੈਰਾਂ ਨਾਲ (ਤੁਰਦਿਆਂ) । ਥਕਾਂ = ਥੱਕਾਂ, ਜੇ ਮੈਂ ਥੱਕ ਜਾਵਾਂ। ਸਿਰਿ = ਸਿਰ ਨਾਲ, ਸਿਰ-ਭਾਰ। ਜੁਲਾਂ = ਮੈਂ ਤੁਰਾਂ। ਮੂੰ = ਮੈਨੂੰ। ਪਿਰੀ = ਪਿਆਰੀ (ਰੱਬ) ਦੀ। ਮਿਲੰਨ੍ਹ੍ਹਿ = (ਅੱਖਰ 'ਨ' ਦੇ ਨਾਲ ਅੱਧਾ 'ਹ' ਹੈ) ।

ਅਰਥ: ਮੇਰਾ ਸਰੀਰ (ਬੇਸ਼ੱਕ) ਤਨੂਰ ਵਾਂਗ ਤਪੇ, ਮੇਰੇ ਹੱਡ (ਬੇਸ਼ੱਕ ਇਉਂ) ਬਲਣ ਜਿਵੇਂ ਬਾਲਣ (ਬਲਦਾ) ਹੈ। (ਪਿਆਰੇ ਰੱਬ ਨੂੰ ਮਿਲਣ ਦੇ ਰਾਹ ਤੇ ਜੇ ਮੈਂ) ਪੈਰਾਂ ਨਾਲ (ਤੁਰਦਾ ਤੁਰਦਾ) ਥੱਕ ਜਾਵਾਂ, ਤਾਂ ਮੈਂ ਸਿਰ ਭਾਰ ਤੁਰਨ ਲੱਗ ਪਵਾਂ। (ਮੈਂ ਇਹ ਸਾਰੇ ਔਖ ਸਹਾਰਨ ਨੂੰ ਤਿਆਰ ਹਾਂ) ਜੇ ਮੈਨੂੰ ਪਿਆਰੇ ਰੱਬ ਜੀ ਮਿਲ ਪੈਣ (ਭਾਵ, ਰੱਬ ਨੂੰ ਮਿਲਣ ਵਾਸਤੇ ਜੇ ਇਹ ਜ਼ਰੂਰੀ ਹੋਵੇ ਕਿ ਸਰੀਰ ਨੂੰ ਧੂਣੀਆਂ ਤਪਾ ਤਪਾ ਕੇ ਦੁਖੀ ਕੀਤਾ ਜਾਏ, ਤਾਂ ਮੈਂ ਇਹ ਕਸ਼ਟ ਸਹਾਰਨ ਨੂੰ ਭੀ ਤਿਆਰ ਹਾਂ) । 119।

ਤਨੁ ਨ ਤਪਾਇ ਤਨੂਰ ਜਿਉ ਬਾਲਣੁ ਹਡ ਨ ਬਾਲਿ ॥ ਸਿਰਿ ਪੈਰੀ ਕਿਆ ਫੇੜਿਆ ਅੰਦਰਿ ਪਿਰੀ ਨਿਹਾਲਿ ॥੧੨੦॥ {ਪੰਨਾ 1384}

ਨੋਟ: ਇਹ ਸ਼ਲੋਕ ਗੁਰੂ ਨਾਨਕ ਦੇਵ ਜੀ ਦਾ ਹੈ। 'ਸਲੋਕ ਵਾਰਾਂ ਤੇ ਵਧੀਕ ਮਹਲਾ 1' ਵਿਚ ਭੀ ਇਹ ਦਰਜ ਹੈ। ਉਥੇ ਇਹ ਇਉਂ ਹੈ:

ਤਨੁ ਨ ਤਪਾਇ ਤਨੂਰ ਜਿਉ, ਬਾਲਣੁ ਹਡ ਨ ਬਾਲਿ ॥ ਸਿਰਿ ਪੈਰੀ ਕਿਆ ਫੇੜਿਆ, ਅੰਦਰ ਪਿਰੀ ਸਮਾਲਿ ॥18॥

ਇਥੇ ਸਿਰਫ਼ ਇਕ ਲਫ਼ਜ਼ ਦਾ ਫ਼ਰਕ ਹੈ 'ਨਿਹਾਲਿ' ਦੇ ਥਾਂ ਲਫ਼ਜ਼ 'ਸਮਾਲਿ' ਹੈ, ਦੋਹਾਂ ਦਾ ਅਰਥ ਇਕੋ ਹੀ ਹੈ। ਜਿਵੇਂ ਸ਼ਲੋਕ ਨੰ: 113 ਵਿਚ ਵੇਖ ਆਏ ਹਾਂ, ਕਿ ਸਤਿਗੁਰੂ ਜੀ ਨੇ ਫਰੀਦ ਜੀ ਦੇ ਸ਼ਲੋਕ ਨੰ: 113 ਦੀ ਵਿਆਖਿਆ ਕੀਤੀ ਹੈ, ਤਿਵੇਂ ਇਥੇ ਭੀ ਇਹੀ ਗੱਲ ਹੈ। ਫਰੀਦ ਜੀ ਦੀ ਕਿਸੇ 'ਉਕਾਈ' ਨੂੰ ਸਹੀ ਨਹੀਂ ਕੀਤਾ। ਜੇ ਗੁਰਮਤਿ ਦੀ ਕਸਵੱਟੀ ਤੇ ਇਥੇ ਕੋਈ 'ਉਕਾਈ' ਹੁੰਦੀ, ਤਾਂ ਗੁਰੂ-ਰੂਪ ਗੁਰਬਾਣੀ ਵਿਚ 'ਉਕਾਈ' ਨੂੰ ਥਾਂ ਕਿਉਂ ਮਿਲਦੀ? ਫਰੀਦ ਜੀ ਨੇ ਭੀ ਇਥੇ ਕਿਤੇ ਧੂਣੀਆਂ ਤਪਾਣ ਦੀ ਲੋੜ ਨਹੀਂ ਦੱਸੀ। ਉਹਨਾਂ ਦਾ ਅਗਲਾ ਸ਼ਲੋਕ (ਨੰ: 125) ਇਸ ਦੇ ਨਾਲ ਰਲਾ ਕੇ ਪੜ੍ਹੋ (ਵਿਚਕਾਰਲੇ ਸਾਰੇ ਸਲੋਕ ਸਤਿਗੁਰੂ ਜੀ ਦੇ ਹਨ) , ਭਾਵ ਇਹ ਹੈ ਕਿ ਜਗਤ ਦੇ ਵਿਕਾਰਾਂ ਤੋਂ ਬਚਣ ਦਾ ਇਕੋ ਹੀ ਉਪਾਉ ਹੈ– ਪਰਮਾਤਮਾ ਦੀ ਓਟ, ਇਹ ਓਟ ਕਿਸੇ ਭੀ ਭੱਾ ਤੇ ਮਿਲੇ ਤਾਂ ਭੀ ਸਉਦਾ ਸਸਤਾ ਹੈ।

ਪਦ ਅਰਥ: ਸਿਰਿ = ਸਿਰ ਨੇ। ਪੈਰੀ = ਪੈਰੀਂ, ਪੈਰਾਂ ਨੇ। ਫੇੜਿਆ = ਵਿਗਾੜਿਆ ਹੈ। ਨਿਹਾਲਿ = ਵੇਖ, ਤੱਕ।

ਅਰਥ: ਸਰੀਰ ਨੂੰ (ਧੂਣੀਆਂ ਨਾਲ) ਤਨੂਰ ਵਾਂਗ ਨਾਹ ਸਾੜ; ਤੇ ਹੱਡਾਂ ਨੂੰ ਇਉਂ ਨਾਹ ਬਾਲ ਜਿਵੇਂ ਇਹ ਬਾਲਣ ਹੈ। ਸਿਰ ਨੇ ਤੇ ਪੈਰਾਂ ਨੇ ਕੁਝ ਨਹੀਂ ਵਿਗਾੜਿਆ ਹੈ, (ਇਸ ਵਾਸਤੇ ਇਹਨਾਂ ਨੂੰ ਦੁਖੀ ਨਾਹ ਕਰ) ਪਰਮਾਤਮਾ ਨੂੰ ਆਪਣੇ ਅੰਦਰ ਵੇਖ। 120।

ਹਉ ਢੂਢੇਦੀ ਸਜਣਾ ਸਜਣੁ ਮੈਡੇ ਨਾਲਿ ॥ ਨਾਨਕ ਅਲਖੁ ਨ ਲਖੀਐ ਗੁਰਮੁਖਿ ਦੇਇ ਦਿਖਾਲਿ ॥੧੨੧॥ {ਪੰਨਾ 1384}

ਨੋਟ: ਇਹ ਸ਼ਲੋਕ ਗੁਰੂ ਰਾਮਦਾਸ ਜੀ ਦਾ ਹੈ। ਰਾਗ ਕਾਨੜੇ ਦੀ ਵਾਰ ਦੀ ਪੰਦ੍ਰਵੀਂ ਪਉੜੀ ਵਿਚ ਆਇਆ ਹੈ, ਥੋੜਾ ਕੁ ਫ਼ਰਕ ਹੈ, ਉਥੇ ਇਉਂ ਹੈ:

ਸਲੋਕ ਮ: 4 ॥ ਹਉ ਢੂਢੇਦੀ ਸਜਣਾ, ਸਜਣੁ ਮੈਂਡੇ ਨਾਲਿ ॥ ਜਨ ਨਾਨਕ ਅਲਖੁ ਨ ਲਖੀਐ, ਗੁਰਮੁਖਿ ਦੇਇ ਦਿਖਾਲਿ ॥1॥15॥

ਗੁਰੂ ਰਾਮਦਾਸ ਜੀ ਦਾ ਇਹ ਸ਼ਲੋਕ ਗੁਰੂ ਨਾਨਕ ਦੇਵ ਜੀ ਦੇ ਸ਼ਲੋਕ ਨੰ: 120 ਦੀ ਵਿਆਖਿਆ ਹੈ।

ਪਦ ਅਰਥ: ਮੈਡੇ ਨਾਲਿ = ਮੇਰੇ ਨਾਲ, ਮੇਰੇ ਹਿਰਦੇ ਵਿਚ। ਅਲਖੁ = ਲੱਛਣਹੀਨ, ਜਿਸ ਦਾ ਕੋਈ ਖ਼ਾਸ ਲੱਛਣ ਨਹੀਂ ਪਤਾ ਲੱਗਦਾ। ਦੇਇ ਦਿਖਾਲਿ = ਵਿਖਾ ਦੇਂਦਾ ਹੈ।

ਅਰਥ: ਮੈਂ (ਜੀਵ-ਇਸਤ੍ਰੀ) ਸੱਜਣ (-ਪ੍ਰਭੂ) ਨੂੰ (ਬਾਹਰ) ਭਾਲ ਰਹੀ ਹਾਂ, (ਪਰ ਉਹ) ਸੱਜਣ (ਤਾਂ) ਮੇਰੇ ਹਿਰਦੇ ਵਿਚ ਵੱਸ ਰਿਹਾ ਹੈ। ਹੇ ਨਾਨਕ! ਉਸ (ਸੱਜਣ) ਦਾ ਕੋਈ ਲੱਛਣ ਨਹੀਂ, (ਆਪਣੇ ਉੱਦਮ ਨਾਲ ਜੀਵ ਪਾਸੋਂ) ਉਹ ਪਛਾਣਿਆ ਨਹੀਂ ਜਾ ਸਕਦਾ, ਸਤਿਗੁਰੂ ਵਿਖਾਲ ਦੇਂਦਾ ਹੈ। 121।

ਹੰਸਾ ਦੇਖਿ ਤਰੰਦਿਆ ਬਗਾ ਆਇਆ ਚਾਉ ॥ ਡੁਬਿ ਮੁਏ ਬਗ ਬਪੁੜੇ ਸਿਰੁ ਤਲਿ ਉਪਰਿ ਪਾਉ ॥੧੨੨॥ {ਪੰਨਾ 1384}

ਨੋਟ: ਇਹ ਸ਼ਲੋਕ ਗੁਰੂ ਅਮਰਦਾਸ ਜੀ ਦਾ ਹੈ। 'ਵਡਹੰਸ ਕੀ ਵਾਰ' ਵਿਚ ਇਹ ਅਤੇ ਇਸ ਤੋਂ ਅਗਲਾ ਸ਼ਲੋਕ (ਨੰ: 123) ਜੋ ਗੁਰੂ ਅਮਰਦਾਸ ਜੀ ਦਾ ਹੈ, ਇਉਂ ਦਰਜ ਹਨ:

ਹੰਸਾ ਵੇਖਿ ਤਰੰਦਿਆ ਬਗਾਂ ਭਿ ਆਇਆ ਚਾਉ ॥ ਡੁਬਿ ਮੁਇ ਬਗ ਬਪੁੜੇ, ਸਿਰੁ ਤਲਿ ਉਪਰਿ ਪਾਉ ॥3॥1॥ ਮੈ ਜਾਨਿਆ ਵਡਹੰਸੁ ਹੈ, ਤਾ ਮੈ ਕੀਆ ਸੰਗੁ ॥ ਜੇ ਜਾਣਾ ਬਗੁ ਬਪੁੜਾ, ਤ ਜਨਮਿ ਨ ਦੇਦੀ ਅੰਗੁ ॥2॥॥1॥

ਪਦ ਅਰਥ: ਬਗਾ = ਬਗਲਿਆਂ ਨੂੰ। ਬਪੁੜੇ = ਵਿਚਾਰੇ। ਤਲਿ = ਹੇਠਾਂ।

ਅਰਥ: ਹੰਸਾਂ ਨੂੰ ਤਰਦਿਆਂ ਵੇਖ ਕੇ ਬਗਲਿਆਂ ਨੂੰ ਭੀ ਚਾਉ ਆ ਗਿਆ, ਪਰ ਵਿਚਾਰੇ ਬਗਲੇ (ਇਹ ਉੱਦਮ ਕਰਦੇ) ਸਿਰ ਹੇਠਾਂ ਤੇ ਪੈਰ ਉੱਪਰ (ਹੋ ਕੇ) ਡੁੱਬ ਕੇ ਮਰ ਗਏ। 122।

ਮੈ ਜਾਣਿਆ ਵਡ ਹੰਸੁ ਹੈ ਤਾਂ ਮੈ ਕੀਤਾ ਸੰਗੁ ॥ ਜੇ ਜਾਣਾ ਬਗੁ ਬਪੁੜਾ ਜਨਮਿ ਨ ਭੇੜੀ ਅੰਗੁ ॥੧੨੩॥ {ਪੰਨਾ 1384}

ਪਦ ਅਰਥ: ਵਡਹੰਸੁ = ਵੱਡਾ ਹੰਸ। ਸੰਗੁ = ਸਾਥ। ਜੇ ਜਾਣਾ = ਜੇ ਮੈਨੂੰ ਪਤਾ ਹੁੰਦਾ। ਜਨਮਿ = ਜਨਮ ਵਿਚ, ਜਨਮ ਭਰ, ਸਾਰੀ ਉਮਰ। ਨ ਭੇੜੀ = ਨਾਹ ਛੁੰਹਦੀ, ਨ ਭੇੜੀਂ।

ਅਰਥ: ਮੈਂ ਸਮਝਿਆ ਕਿ ਇਹ ਕੋਈ ਵੱਡਾ ਹੰਸ ਹੈ, ਇਸੇ ਕਰ ਕੇ ਮੈਂ ਉਸ ਦੀ ਸੰਗਤਿ ਕੀਤੀ। ਪਰ ਜੇ ਮੈਨੂੰ ਪਤਾ ਹੁੰਦਾ ਕਿ ਇਹ ਤਾਂ ਨਕਾਰਾ ਬਗਲਾ ਹੈ, ਤਾਂ ਮੈਂ ਕਦੇ ਉਸ ਦੇ ਨੇੜੇ ਨਾਹ ਢੁਕਦੀ। 123।

ਨੋਟ: ਇਹਨਾਂ ਦੋਹਾਂ ਸ਼ਲੋਕਾਂ ਦਾ ਭਾਵ ਇਹ ਹੈ ਕਿ ਧੂਣੀਆਂ ਨੂੰ ਹੀ ਪ੍ਰਭੂ-ਮਿਲਾਪ ਦਾ ਵਸੀਲਾ ਜਾਣਨ ਵਾਲੇ ਦਾ ਇਹ ਉੱਦਮ ਇਉਂ ਹੈ ਜਿਵੇਂ ਕੋਈ ਬਗੁਲਾ ਹੰਸਾਂ ਦੀ ਰੀਸ ਕਰਨ ਲਗ ਪਏ। ਇਸ ਦਾ ਸਿੱਟਾ ਇਹ ਨਿਕਲਦਾ ਹੈ ਕਿ ਇੱਕ ਤਾਂ ਉਹ ਵਿਅਰਥ ਦੁੱਖ ਸਹੇੜਦਾ ਹੈ; ਦੂਜੇ, ਇਹ ਪਾਜ ਉੱਘੜ ਜਾਂਦਾ ਹੈ, ਕੋਈ ਇਸ ਤੇ ਰੀਝਦਾ ਨਹੀਂ।

ਕਿਆ ਹੰਸੁ ਕਿਆ ਬਗੁਲਾ ਜਾ ਕਉ ਨਦਰਿ ਧਰੇ ॥ ਜੇ ਤਿਸੁ ਭਾਵੈ ਨਾਨਕਾ ਕਾਗਹੁ ਹੰਸੁ ਕਰੇ ॥੧੨੪॥ {ਪੰਨਾ 1384}

ਨੋਟ: ਇਹ ਸ਼ਲੋਕ ਗੁਰੂ ਨਾਨਕ ਦੇਵ ਜੀ ਦਾ ਹੈ। 'ਵਾਰ ਸਿਰੀ ਰਾਗ' ਦੀ ਪਉੜੀ ਨੰ: 20 ਨਾਲ ਇਹ ਇਉਂ ਦਰਜ ਹੈ:

ਕਿਆ ਹੰਸੁ ਕਿਆ ਬਗੁਲਾ, ਜਾ ਕਉ ਨਦਰਿ ਕਰੇਇ ॥ ਜੋ ਤਿਸੁ ਭਾਵੈ ਨਾਨਕਾ, ਕਾਗਹੁ ਹੰਸੁ ਕਰੇਇ ॥2॥20॥

ਪਦ ਅਰਥ: ਕਿਆ = ਭਾਵੇਂ। ਜਾ ਕਉ = ਜਿਸ ਉਤੇ। ਨਦਰਿ = ਮਿਹਰ ਦੀ ਨਜ਼ਰ। ਤਿਸੁ = ਉਸ (ਪ੍ਰਭੂ) ਨੂੰ। ਕਾਗਹੁ = ਕਾਂ ਤੋਂ।

ਅਰਥ: ਭਾਵੇਂ ਹੋਵੇ ਹੰਸ ਤੇ ਭਾਵੇਂ ਬਗਲਾ, ਜਿਸ ਉਤੇ (ਪ੍ਰਭੂ) ਕਿਰਪਾ ਦੀ ਨਜ਼ਰ ਕਰੇ (ਉਸ ਨੂੰ ਆਪਣਾ ਬਣਾ ਲੈਂਦਾ ਹੈ; ਸੋ ਕਿਸੇ ਤੋਂ ਨਫ਼ਰਤਿ ਕਿਉਂ?) ਹੇ ਨਾਨਕ! ਜੇ ਪਰਮਾਤਮਾ ਨੂੰ ਚੰਗਾ ਲੱਗੇ ਤਾਂ (ਬਗਲਾ ਤਾਂ ਕਿਤੇ ਰਿਹਾ, ਉਹ) ਕਾਂ ਤੋਂ (ਭੀ) ਹੰਸ ਬਣਾ ਦੇਂਦਾ ਹੈ (ਭਾਵ, ਬੜੇ ਵਿਕਾਰੀ ਨੂੰ ਭੀ ਸੁਧਾਰ ਲੈਂਦਾ ਹੈਂ) । 124।

ਨੋਟ: ਅਗਲਾ ਸ਼ਲੋਕ (ਨੰ. 125) ਫਰੀਦ ਜੀ ਦੇ ਸ਼ਲੋਕ ਨੰ: 119 ਦੇ ਸਿਲਸਿਲੇ ਵਿਚ ਹੈ। ਵਿਚਕਾਰਲੇ ਪੰਜੇ ਸ਼ਲੋਕ ਉਸ ਭੁਲੇਖੇ ਨੂੰ ਦੂਰ ਕਰਨ ਵਾਸਤੇ ਹਨ, ਜੋ ਫਰੀਦ ਜੀ ਦੇ ਇਕੱਲੇ ਸ਼ਲੋਕ ਨੰ: 119 ਨੂੰ ਪੜ੍ਹ ਕੇ ਲੱਗ ਸਕਦਾ ਸੀ।

ਸਰਵਰ ਪੰਖੀ ਹੇਕੜੋ ਫਾਹੀਵਾਲ ਪਚਾਸ ॥ ਇਹੁ ਤਨੁ ਲਹਰੀ ਗਡੁ ਥਿਆ ਸਚੇ ਤੇਰੀ ਆਸ ॥੧੨੫॥ {ਪੰਨਾ 1384}

ਪਦ ਅਰਥ: ਸਰਵਰ = (ਜਗਤ-ਰੂਪ) ਤਲਾਬ ਦਾ। ਹੇਕੜੋ = ਇਕੱਲਾ। ਗਡੁ ਥਿਆ = ਫਸ ਗਿਆ ਹੈ। ਲਹਰੀ = ਲਹਰੀਂ, ਲਹਿਰਾਂ ਵਿਚ।

ਅਰਥ: (ਜਗਤ-ਰੂਪ) ਤਲਾਬ ਦਾ (ਇਹ ਜੀਵ-ਰੂਪ) ਪੰਛੀ ਇਕੱਲਾ ਹੀ ਹੈ, ਫਸਾਉਣ ਵਾਲੇ (ਕਾਮਾਦਿਕ) ਪੰਜਾਹ ਹਨ। (ਮੇਰਾ) ਇਹ ਸਰੀਰ (ਸੰਸਾਰ-ਰੂਪ ਤਲਾਬ ਦੀਆਂ ਵਿਕਾਰਾਂ ਰੂਪ) ਲਹਿਰਾਂ ਵਿਚ ਫਸ ਗਿਆ ਹੈ। ਹੇ ਸੱਚੇ (ਪ੍ਰਭੂ) ! (ਇਹਨਾਂ ਤੋਂ ਬਚਣ ਲਈ) ਇਕ ਤੇਰੀ (ਸਹੈਤਾ ਦੀ ਹੀ) ਆਸ ਹੈ (ਇਸ ਵਾਸਤੇ ਤੈਨੂੰ ਮਿਲਣ ਲਈ ਜੇ ਤਪ ਤਪਣੇ ਪੈਣ ਤਾਂ ਭੀ ਸੌਦਾ ਸਸਤਾ ਹੈ) । 125।

ਨੋਟ: ਉਹ 'ਤਪ' ਕੇਹੜੇ ਹਨ, ਜੋ ਫਰੀਦ ਜੀ ਦੇ ਖ਼ਿਆਲ-ਅਨੁਸਾਰ ਪ੍ਰਭੂ-ਮਿਲਾਪ ਲਈ ਤੇ "ਫਾਹੀਵਾਲ ਪਚਾਸ" ਤੋਂ ਬਚਣ ਲਈ ਜ਼ਰੂਰੀ ਹਨ? ਉਹ ਅਗਲੇ ਪੰਜ ਸ਼ਲੋਕਾਂ ਵਿਚ ਦਿੱਤੇ ਗਏ ਹਨ।

ਕਵਣੁ ਸੁ ਅਖਰੁ ਕਵਣੁ ਗੁਣੁ ਕਵਣੁ ਸੁ ਮਣੀਆ ਮੰਤੁ ॥ ਕਵਣੁ ਸੁ ਵੇਸੋ ਹਉ ਕਰੀ ਜਿਤੁ ਵਸਿ ਆਵੈ ਕੰਤੁ ॥੧੨੬॥ {ਪੰਨਾ 1384}

ਪਦ ਅਰਥ: ਮਣੀਆ = ਸ਼ਿਰੋਮਣੀ। ਹਉ = ਮੈਂ। ਜਿਤੁ = ਜਿਸ (ਵੇਸ) ਨਾਲ। ਵਸਿ = ਵੱਸ ਵਿਚ।

ਅਰਥ: (ਹੇ ਭੈਣ!) ਉਹ ਕੇਹੜਾ ਅੱਖਰ ਹੈ? ਉਹ ਕੇਹੜਾ ਗੁਣ ਹੈ? ਉਹ ਕੇਹੜਾ ਸ਼ਿਰੋਮਣੀ ਮੰਤਰ ਹੈ? ਉਹ ਕੇਹੜਾ ਵੇਸ ਮੈਂ ਕਰਾਂ ਜਿਸ ਨਾਲ (ਮੇਰਾ) ਖਸਮ (ਮੇਰੇ) ਵੱਸ ਵਿਚ ਆ ਜਾਏ?। 126।

ਨਿਵਣੁ ਸੁ ਅਖਰੁ ਖਵਣੁ ਗੁਣੁ ਜਿਹਬਾ ਮਣੀਆ ਮੰਤੁ ॥ ਏ ਤ੍ਰੈ ਭੈਣੇ ਵੇਸ ਕਰਿ ਤਾਂ ਵਸਿ ਆਵੀ ਕੰਤੁ ॥੧੨੭॥ {ਪੰਨਾ 1384}

ਪਦ ਅਰਥ: ਖਵਣੁ = ਸਹਾਰਨਾ। ਜਿਹਬਾ = ਮਿੱਠੀ ਜੀਭ, ਮਿੱਠਾ ਬੋਲਣਾ।

ਅਰਥ: ਹੇ ਭੈਣ! ਨਿਊਣਾ ਅੱਖਰ ਹੈ, ਸਹਾਰਨਾ ਗੁਣ ਹੈ, ਮਿੱਠਾ ਬੋਲਣਾ ਸ਼ਿਰੋਮਣੀ ਮੰਤਰ ਹੈ। ਜੇ ਇਹ ਤਿੰਨ ਵੇਸ ਕਰ ਲਏਂ ਤਾਂ (ਮੇਰਾ) ਖਸਮ (ਤੇਰੇ) ਵੱਸ ਵਿਚ ਆ ਜਾਇਗਾ। 127।

ਮਤਿ ਹੋਦੀ ਹੋਇ ਇਆਣਾ ॥ ਤਾਣ ਹੋਦੇ ਹੋਇ ਨਿਤਾਣਾ ॥ ਅਣਹੋਦੇ ਆਪੁ ਵੰਡਾਏ ॥ ਕੋ ਐਸਾ ਭਗਤੁ ਸਦਾਏ ॥੧੨੮॥ {ਪੰਨਾ 1384}

ਪਦ ਅਰਥ: ਮਤਿ = ਅਕਲ। ਹੋਇ = ਬਣੇ। ਤਾਣੁ = ਜ਼ੋਰ, ਤਾਕਤ। ਅਣਹੋਦੇ = ਜਦੋਂ ਕੁਝ ਭੀ ਦੇਣ ਜੋਗਾ ਨਾਹ ਹੋਵੇ। ਸਦਾਏ = ਅਖਵਾਏ।

ਅਰਥ: (ਜੋ ਮਨੁੱਖ) ਅਕਲ ਹੁੰਦਿਆਂ ਭੀ ਅੰਞਾਣਾ ਬਣੇ (ਭਾਵ, ਅਕਲ ਦੇ ਤ੍ਰਾਣ ਦੂਜਿਆਂ ਤੇ ਕੋਈ ਦਬਾਉ ਨ ਪਾਏ) , ਜ਼ੋਰ ਹੁੰਦਿਆਂ ਕਮਜ਼ੋਰਾਂ ਵਾਂਗ ਜੀਵੇ (ਭਾਵ, ਕਿਸੇ ਉਤੇ ਧੱਕਾ ਨਾ ਕਰੇ) , ਜਦੋਂ ਕੁਝ ਭੀ ਦੇਣ-ਜੋਗਾ ਨਾਹ ਹੋਵੇ, ਤਦੋਂ ਆਪਣਾ ਆਪ (ਭਾਵ, ਆਪਣਾ ਹਿੱਸਾ) ਵੰਡ ਦੇਵੇ, ਕਿਸੇ ਅਜੇਹੇ ਮਨੁੱਖ ਨੂੰ (ਹੀ) ਭਗਤ ਆਖਣਾ ਚਾਹੀਦਾ ਹੈ। 128।

ਇਕੁ ਫਿਕਾ ਨ ਗਾਲਾਇ ਸਭਨਾ ਮੈ ਸਚਾ ਧਣੀ ॥ ਹਿਆਉ ਨ ਕੈਹੀ ਠਾਹਿ ਮਾਣਕ ਸਭ ਅਮੋਲਵੇ ॥੧੨੯॥ {ਪੰਨਾ 1384}

ਪਦ ਅਰਥ: ਗਾਲਾਇ = ਬੋਲ। ਇਕੁ = ਇੱਕ ਭੀ ਬਚਨ। ਧਣੀ = ਮਾਲਕ, ਖਸਮ। ਹਿਆਉ = ਹਿਰਦਾ। ਕੈਹੀ = ਕਿਸੇ ਦਾ ਭੀ। ਠਾਹਿ = ਢਾਹ। ਮਾਣਕ = ਮੋਤੀ।

ਅਰਥ: ਇੱਕ ਭੀ ਫਿੱਕਾ ਬਚਨ ਨਾਹ ਬੋਲ (ਕਿਉਂਕਿ) ਸਭ ਵਿਚ ਸੱਚਾ ਮਾਲਕ (ਵੱਸ ਰਿਹਾ ਹੈ) , ਕਿਸੇ ਦਾ ਭੀ ਦਿਲ ਨਾਹ ਦੁਖਾ (ਕਿਉਂਕਿ) ਇਹ ਸਾਰੇ (ਜੀਵ) ਅਮੋਲਕ ਮੋਤੀ ਹਨ। 129।

ਸਭਨਾ ਮਨ ਮਾਣਿਕ ਠਾਹਣੁ ਮੂਲਿ ਮਚਾਂਗਵਾ ॥ ਜੇ ਤਉ ਪਿਰੀਆ ਦੀ ਸਿਕ ਹਿਆਉ ਨ ਠਾਹੇ ਕਹੀ ਦਾ ॥੧੩੦॥ {ਪੰਨਾ 1384}

ਪਦ ਅਰਥ: ਠਾਹਣੁ = ਢਾਹਣਾ, ਦੁਖਾਣਾ। ਮੂਲਿ = ਉੱਕਾ ਹੀ। ਮਚਾਂਗਵਾ = ਚੰਗਾ ਨਹੀਂ। ਤਉ = ਤੈਨੂੰ।

ਅਰਥ: ਸਾਰੇ ਜੀਵਾਂ ਦੇ ਮਨ ਮੋਤੀ ਹਨ, (ਕਿਸੇ ਨੂੰ ਭੀ) ਦੁਖਾਣਾ ਉੱਕਾ ਹੀ ਚੰਗਾ ਨਹੀਂ। ਜੇ ਤੈਨੂੰ ਪਿਆਰੇ ਪ੍ਰਭੂ ਦੇ ਮਿਲਣ ਦੀ ਤਾਂਘ ਹੈ, ਤਾਂ ਕਿਸੇ ਦਾ ਦਿਲ ਨਾਹ ਢਾਹ। 130। >

TOP OF PAGE

Sri Guru Granth Darpan, by Professor Sahib Singh