ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 6

ਆਖਹਿ ਈਸਰ ਆਖਹਿ ਸਿਧ ॥ ਆਖਹਿ ਕੇਤੇ ਕੀਤੇ ਬੁਧ ॥ ਆਖਹਿ ਦਾਨਵ ਆਖਹਿ ਦੇਵ ॥ ਆਖਹਿ ਸੁਰਿ ਨਰ ਮੁਨਿ ਜਨ ਸੇਵ ॥

ਪਦ ਅਰਥ: ਈਸਰ = ਸ਼ਿਵ। ਕੇਤੇ = ਬੇਅੰਤ, ਕਈ। ਕੀਤੇ = ਅਕਾਲ ਪੁਰਖ ਦੇ ਪੈਦਾ ਕੀਤੇ ਹੋਏ। ਬੁਧ = ਮਹਾਤਮਾ ਬੁੱਧ। ਦਾਨਣ = ਰਾਖਸ਼, ਦੈਂਤ। ਦੇਵ = ਦੇਵਤੇ। ਸੁਰਿ ਨਰ = ਸੁਰਾਂ ਦੇ ਸੁਭਾਉ ਵਾਲੇ ਮਨੁੱਖ। ਮੁਨਿ ਜਨ = ਮੁਨੀ ਲੋਕ। ਸੇਵ = ਸੇਵਕ।

ਅਰਥ: ਕਈ ਸ਼ਿਵ ਤੇ ਸਿੱਧ, ਅਕਾਲ ਪੁਰਖ ਦੇ ਪੈਦਾ ਕੀਤੇ ਹੋਏ ਬੇਅੰਤ ਬੁੱਧ, ਰਾਖਸ਼ ਤੇ ਦੇਵਤੇ, ਦੇਵਤਾ-ਸੁਭਾਉ ਮਨੁੱਖ, ਮੁਨੀ ਲੋਕ ਤੇ ਸੇਵਕ ਅਕਾਲ ਪੁਰਖ ਦਾ ਅੰਦਾਜ਼ਾ ਲਾਂਦੇ ਹਨ।

ਕੇਤੇ ਆਖਹਿ ਆਖਣਿ ਪਾਹਿ ॥ ਕੇਤੇ ਕਹਿ ਕਹਿ ਉਠਿ ਉਠਿ ਜਾਹਿ ॥ ਏਤੇ ਕੀਤੇ ਹੋਰਿ ਕਰੇਹਿ ॥ ਤਾ ਆਖਿ ਨ ਸਕਹਿ ਕੇਈ ਕੇਇ ॥

ਪਦ ਅਰਥ: ਕੇਤੇ = ਕਈ ਜੀਵ। ਆਖਣਿ ਪਾਹਿ = ਆਖਣ ਦਾ ਜਤਨ ਕਰਦੇ ਹਨ। ਕਹਿ ਕਹਿ = ਆਖ ਆਖ ਕੇ, ਅਕਾਲ ਪੁਰਖ ਦਾ ਮੁੱਲ ਪਾ ਪਾ ਕੇ, ਅਕਾਲ ਪੁਰਖ ਦਾ ਅੰਦਾਜ਼ਾ ਲਾ ਲਾ ਕੇ। ਉਠਿ ਉਠਿ ਜਾਹਿ = ਜਹਾਨ ਤੋਂ ਚਲੇ ਜਾ ਰਹੇ ਹਨ। ਏਤੇ ਕੀਤੇ = ਇਤਨੇ ਜੀਵ ਪੈਦਾ ਕੀਤੇ ਹੋਏ ਹਨ। ਹੋਰਿ = ਹੋਰ ਬੇਅੰਤ ਜੀਵ। ਕਰੇਹਿ = ਜੇ ਤੂੰ ਪੈਦਾ ਕਰ ਦੇਵੇਂ (ਹੇ ਹਰੀ!) । ਤਾ = ਤਾਂ ਵੀ। ਨ ਕੇਈ ਕੇਇ = ਕੋਈ ਭੀ ਮਨੁੱਖ ਨਹੀਂ। ਆਖਿ ਸਕਹਿ = ਆਖ ਸਕਦੇ ਹਨ।

ਅਰਥ: ਬੇਅੰਤ ਜੀਵ ਅਕਾਲ ਪੁਰਖ ਦਾ ਅੰਦਾਜ਼ਾ ਲਾ ਰਹੇ ਹਨ, ਅਤੇ ਬੇਅੰਤ ਹੀ ਲਾਉਣ ਦਾ ਜਤਨ ਕਰ ਰਹੇ ਹਨ, ਬੇਅੰਤ ਜੀਵ ਅੰਦਾਜ਼ਾ ਲਾ ਲਾ ਕੇ ਇਸ ਜਗਤ ਤੋਂ ਤੁਰੇ ਜਾ ਰਹੇ ਹਨ। ਜਗਤ ਵਿਚ ਇਤਨੇ (ਬੇਅੰਤ) ਜੀਵ ਪੈਦਾ ਕੀਤੇ ਹੋਏ ਹਨ (ਜੋ ਬਿਆਨ ਕਰ ਰਹੇ ਹਨ) , (ਪਰ ਹੇ ਹਰੀ!) ਜੇ ਤੂੰ ਹੋਰ ਭੀ (ਬੇਅੰਤ ਜੀਵ) ਪੈਦਾ ਕਰ ਦੇਵੇਂ ਤਾਂ ਭੀ ਕੋਈ ਜੀਵ ਤੇਰਾ ਅੰਦਾਜ਼ਾ ਨਹੀਂ ਲਾ ਸਕਦੇ।

ਜੇਵਡੁ ਭਾਵੈ ਤੇਵਡੁ ਹੋਇ ॥ ਨਾਨਕ ਜਾਣੈ ਸਾਚਾ ਸੋਇ ॥ ਜੇ ਕੋ ਆਖੈ ਬੋਲੁਵਿਗਾੜੁ ॥ ਤਾ ਲਿਖੀਐ ਸਿਰਿ ਗਾਵਾਰਾ ਗਾਵਾਰੁ ॥੨੬॥

ਪਦ ਅਰਥ: ਜੇਵਡੁ = ਜੇਡਾ ਵੱਡਾ। ਭਾਵੈ = ਚਾਹੁੰਦਾ ਹੈ। ਤੇਵਡੁ = ਓਡਾ ਵੱਡਾ। ਸਾਚਾ ਸੋਇ = ਉਹ ਸਦਾ-ਥਿਰ ਰਹਿਣ ਵਾਲਾ ਅਕਾਲ ਪੁਰਖ। ਬੋਲੁ ਵਿਗਾੜੁ = ਬੋਲੀ-ਬਾਜ਼, ਬੜਬੋਲਾ। ਲਿਖੀਐ = (ਉਹ ਬੜਬੋਲਾ) ਲਿਖਿਆ ਜ਼ਾਂਦਾ ਹੈ। ਸਿਰਿ ਗਾਵਾਰਾ ਗਾਵਾਰੁ = ਗਾਵਾਰਾਂ ਦੇ ਸਿਰ ਤੇ ਗਾਵਾਰ, ਮੂਰਖਾਂ ਸਿਰ ਮੂਰਖ, ਮਹਾਂ ਮੂਰਖ।

ਅਰਥ: ਹੇ ਨਾਨਕ! ਪਰਮਾਤਮਾ ਜਿਤਨਾ ਚਾਹੁੰਦਾ ਹੈ ਉਤਨਾ ਹੀ ਵੱਡਾ ਹੋ ਜਾਂਦਾ ਹੈ (ਆਪਣੀ ਕੁਦਰਤ ਵਧਾ ਲੈਂਦਾ ਹੈ) । ਉਹ ਸਦਾ-ਥਿਰ ਰਹਿਣ ਵਾਲਾ ਹਰੀ ਆਪ ਹੀ ਜਾਣਦਾ ਹੈ (ਕਿ ਉਹ ਕੇਡਾ ਵੱਡਾ ਹੈ) । ਜੇ ਕੋਈ ਬੜਬੋਲਾ ਮਨੁੱਖ ਦੱਸਣ ਲੱਗੇ (ਕਿ ਅਕਾਲ ਪੁਰਖ ਕਿਤਨਾ ਵੱਡਾ ਹੈ) ਤਾਂ ਉਹ ਮਨੁੱਖ ਮੂਰਖਾਂ-ਸਿਰ-ਮੂਰਖ ਗਿਣਿਆ ਜਾਂਦਾ ਹੈ। 26।

ਭਾਵ: ਜਗਤ ਵਿਚ ਬੇਅੰਤ ਵਿਦਵਾਨ ਹੋ ਚੁੱਕੇ ਹਨ ਤੇ ਪੈਦਾ ਹੁੰਦੇ ਰਹਿਣਗੇ। ਪਰ, ਨਾ ਅਜੇ ਤੱਕ ਕੋਈ ਮਨੁੱਖ ਲੇਖਾ ਕਰ ਸਕਿਆ ਹੈ ਤੇ ਨਾ ਹੀ ਅਗਾਂਹ ਨੂੰ ਕੋਈ ਕਰ ਸਕੇਗਾ ਕਿ ਪ੍ਰਭੂ ਵਿਚ ਕਿਤਨੀਆਂ ਵਡਿਆਈਆਂ ਹਨ, ਤੇ ਉਹ ਕਿਤਨੀਆਂ ਬਖ਼ਸ਼ਸ਼ਾਂ ਜੀਵਾਂ ਉੱਤੇ ਕਰ ਰਿਹਾ ਹੈ। ਬੇਅੰਤ ਹਨ ਉਸਦੇ ਗੁਣ ਤੇ ਬੇਅੰਤ ਹਨ ਉਸ ਦੀਆਂ ਦਾਤਾਂ। ਇਸ ਭੇਤ ਨੂੰ ਉਸ ਪ੍ਰਭੂ ਤੋਂ ਬਿਨਾ ਹੋਰ ਕੋਈ ਨਹੀਂ ਜਾਣਦਾ। ਇਹ ਕੰਮ ਮਨੁੱਖ ਦੀ ਤਾਕਤ ਤੋਂ ਬਹੁਤ ਪਰੇ ਦਾ ਹੈ। ਉਸ ਮਨੁੱਖ ਨੂੰ ਹੋਛਾ ਜਾਣੋ, ਜੋ ਪ੍ਰਭੂ ਦੇ ਗੁਣਾਂ ਤੇ ਦਾਤਾਂ ਦਾ ਹੱਦ-ਬੰਨਾ ਲੱਭ ਸਕਣ ਦਾ ਦਾਹਵਾ ਕਰਦਾ ਹੈ। 26।

ਸੋ ਦਰੁ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ ॥ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣਹਾਰੇ ॥ ਕੇਤੇ ਰਾਗ ਪਰੀ ਸਿਉ ਕਹੀਅਨਿ ਕੇਤੇ ਗਾਵਣਹਾਰੇ ॥

ਪਦ ਅਰਥ: ਕੇਹਾ = ਕਿਹੋ ਜਿਹਾ, ਬੜਾ ਅਸਚਰਜ। ਦਰੁ = ਦਰਵਾਜ਼ਾ। ਜਿਤੁ = ਜਿੱਥੇ। ਬਹਿ = ਬੈਠ ਕੇ। ਸਰਬ = ਸਾਰੇ ਜੀਵਾਂ ਨੂੰ। ਸਮਾਲੇ = ਤੂੰ ਸੰਭਾਲ ਕੀਤੀ ਹੈ। ਨਾਦ = ਆਵਾਜ਼, ਸ਼ਬਦ, ਰਾਗ। ਵਾਵਣਹਾਰੇ = ਵਜਾਉਣ ਵਾਲੇ। ਪਰੀ = ਰਾਗਣੀ। ਸਿਉ = ਸਮੇਤ, ਸਣੇ। ਪਰੀ ਸਿਉ = ਰਾਗਣੀਆਂ ਸਮੇਤ। ਕਹੀਅਨਿ = ਕਹੀਦੇ ਹਨ, ਆਖੇ ਜਾਂਦੇ ਹਨ।

ਅਰਥ: ਉਹ ਦਰ = ਘਰ ਬੜਾ ਹੀ ਅਸਚਰਜ ਹੈ ਜਿੱਥੇ ਬਹਿ ਕੇ, (ਹੇ ਨਿਰੰਕਾਰ!) ਤੂੰ ਸਾਰੇ ਜੀਵਾਂ ਦੀ ਸੰਭਾਲ ਕਰ ਰਿਹਾ ਹੈਂ। (ਤੇਰੀ ਇਸ ਰਚੀ ਹੋਈ ਕੁਦਰਤ ਵਿਚ) ਅਨੇਕਾਂ ਤੇ ਅਣਗਿਣਤ ਵਾਜੇ ਤੇ ਰਾਗ ਹਨ; ਬੇਅੰਤ ਹੀ ਜੀਵ (ਉਹਨਾਂ ਵਾਜਿਆਂ ਨੂੰ) ਵਜਾਣ ਵਾਲੇ ਹਨ, ਰਾਗਣੀਆਂ ਸਣੇ ਬੇਅੰਤ ਹੀ ਰਾਗ ਕਹੇ ਜਾਂਦੇ ਹਨ ਅਤੇ ਅਨੇਕਾਂ ਹੀ ਜੀਵ (ਇਹਨਾਂ ਰਾਗਾਂ ਦੇ) ਗਾਉਣ ਵਾਲੇ ਹਨ (ਜੋ ਤੈਨੂੰ ਗਾ ਰਹੇ ਹਨ) !

ਗਾਵਹਿ ਤੁਹਨੋ ਪਉਣੁ ਪਾਣੀ ਬੈਸੰਤਰੁ ਗਾਵੈ ਰਾਜਾ ਧਰਮੁ ਦੁਆਰੇ ॥ ਗਾਵਹਿ ਚਿਤੁ ਗੁਪਤੁ ਲਿਖਿ ਜਾਣਹਿ ਲਿਖਿ ਲਿਖਿ ਧਰਮੁ ਵੀਚਾਰੇ ॥

ਪਦ ਅਰਥ: ਤੁਹਨੋ = ਤੈਨੂੰ (ਹੇ ਅਕਾਲ ਪੁਰਖ!) । ਰਾਜਾ ਧਰਮੁ = ਧਰਮ-ਰਾਜ। ਦੁਆਰੇ = ਤੇਰੇ ਦਰ 'ਤੇ (ਹੇ ਨਿਰੰਕਾਰ!) ਚਿਤੁ ਗੁਪਤੁ = ਉਹ ਵਿਅਕਤੀਆਂ ਜੋ ਜਮ-ਲੋਕ ਵਿਚ ਰਹਿ ਕੇ ਸੰਸਾਰ ਦੇ ਜੀਵਾਂ ਦੇ ਚੰਗੇ-ਮੰਦੇ ਕਰਮਾਂ ਦਾ ਲੇਖਾ ਲਿਖਦੇ ਹਨ। ਪੁਰਾਤਨ ਹਿੰਦੂ ਮਤ ਦੇ ਧਰਮ-ਪੁਸਤਕਾਂ ਵਿਚ ਇਹ ਖ਼ਿਆਲ ਤੁਰਿਆ ਆਉਂਦਾ ਹੈ। ਧਰਮੁ = ਧਰਮ-ਰਾਜ। ਲਿਖਿ ਲਿਖਿ = ਲਿਖ ਲਿਖ ਕੇ, ਭਾਵ, ਜੋ ਕੁਝ ਉਹ ਚਿੱਤਰਗੁਪਤ ਲਿਖਦੇ ਹਨ। ਬੈਸੰਤਰੁ = ਅੱਗ।

ਅਰਥ: (ਹੇ ਨਿਰੰਕਾਰ!) ਪਉਣ, ਪਾਣੀ, ਅਗਨੀ ਤੇਰੇ ਗੁਣ ਗਾ ਰਹੇ ਹਨ। ਧਰਮ-ਰਾਜ ਤੇਰੇ ਦਰ 'ਤੇ (ਖਲੋ ਕੇ) ਤੈਨੂੰ ਵਡਿਆਇ ਰਿਹਾ ਹੈ। ਉਹ ਚਿੱਤਰ-ਗੁਪਤ ਭੀ ਜੋ (ਜੀਵਾਂ ਦੇ ਚੰਗੇ-ਮੰਦੇ ਕਰਮਾਂ ਦੇ ਲੇਖੇ) ਲਿਖਣੇ ਜਾਣਦੇ ਹਨ, ਅਤੇ ਜਿਨ੍ਹਾਂ ਦੇ ਲਿਖੇ ਹੋਏ ਨੂੰ ਧਰਮ-ਰਾਜ ਵਿਚਾਰਦਾ ਹੈ, ਤੇਰੀਆਂ ਵਡਿਆਈਆਂ ਕਰ ਰਹੇ ਹਨ।

ਗਾਵਹਿ ਈਸਰੁ ਬਰਮਾ ਦੇਵੀ ਸੋਹਨਿ ਸਦਾ ਸਵਾਰੇ ॥ ਗਾਵਹਿ ਇੰਦ ਇਦਾਸਣਿ ਬੈਠੇ ਦੇਵਤਿਆ ਦਰਿ ਨਾਲੇ ॥

ਪਦ ਅਰਥ: ਈਸਰੁ = ਸ਼ਿਵ। ਬਰਮਾ = ਬ੍ਰਹਮਾ। ਦੇਵੀ = ਦੇਵੀਆਂ। ਸੋਹਨਿ = ਸੋਭਦੇ ਹਨ, ਸੋਹਣੇ ਲੱਗਦੇ ਹਨ। ਸਵਾਰੇ = ਤੇਰੇ ਸਵਾਰੇ ਹੋਏ। ਇੰਦ = ਇੰਦਰ ਦੇਵਤੇ। ਇਦਾਸਣਿ = (ਇਦ-ਆਸਣਿ) , ਇੰਦਰ ਦੇ ਆਸਣ ਉੱਤੇ। ਦਰਿ = ਤੇਰੇ ਦਰਵਾਜ਼ੇ ਉੱਤੇ। ਦੇਵਤਿਆਂ ਨਾਲੇ = ਦੇਵਤਿਆਂ ਸਮੇਤ।

ਅਰਥ: (ਹੇ ਅਕਾਲ ਪੁਰਖ!) ਦੇਵੀਆਂ, ਸ਼ਿਵ ਤੇ ਬ੍ਰਹਮਾ, ਜੋ ਤੇਰੇ ਸਵਾਰੇ ਹੋਏ ਹਨ, ਤੈਨੂੰ ਗਾ ਰਹੇ ਹਨ। ਕਈ ਇੰਦਰ ਆਪਣੇ ਤਖ਼ਤ 'ਤੇ ਬੈਠੇ ਹੋਏ ਦੇਵਤਿਆਂ ਸਮੇਤ ਤੇਰੇ ਦਰ 'ਤੇ ਤੈਨੂੰ ਸਲਾਹ ਰਹੇ ਹਨ।

ਗਾਵਹਿ ਸਿਧ ਸਮਾਧੀ ਅੰਦਰਿ ਗਾਵਨਿ ਸਾਧ ਵਿਚਾਰੇ ॥ ਗਾਵਨਿ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ॥

ਪਦ ਅਰਥ: ਸਮਾਧੀ ਅੰਦਰਿ = ਸਮਾਧੀ ਵਿਚ ਜੁੜ ਕੇ, ਸਮਾਧੀ ਲਾ ਕੇ। ਸਿਧ = ਪੁਰਾਤਨ ਸੰਸਕ੍ਰਿਤ ਪੁਸਤਕਾਂ ਵਿਚ ਸਿੱਧ ਉਹ ਵਿਅਕਤੀ ਮੰਨੇ ਗਏ ਹਨ ਜੋ ਮਨੁੱਖਾਂ ਦੀ ਸ਼੍ਰੇਣੀ ਤੋਂ ਉਤਾਂਹ ਸਨ ਤੇ ਦੇਵਤਿਆਂ ਤੋਂ ਹੇਠ! ਇਹ ਸਿੱਧ ਪਵਿੱਤਰਤਾ ਦਾ ਪੂੰਜ ਸਨ ਅਤੇ ਅੱਠਾਂ ਹੀ ਸਿੱਧੀਆਂ ਦੇ ਮਾਲਕ ਸਮਝੇ ਜਾਂਦੇ ਸਨ। ਵਿਚਾਰੇ = ਵਿਚਾਰ ਵਿਚਾਰ ਕੇ। ਸਤੀ = ਦਾਨੀ, ਦਾਨ ਕਰਨ ਵਾਲੇ। ਵੀਰ ਕਰਾਰੇ = ਤਕੜੇ ਸੂਰਮੇ।

ਅਰਥ: ਸਿੱਧ ਲੋਕ ਸਮਾਧੀਆਂ ਲਾ ਕੇ ਤੈਨੂੰ ਗਾ ਰਹੇ ਹਨ, ਸਾਧ ਵਿਚਾਰ ਕਰ ਕਰ ਕੇ ਤੈਨੂੰ ਸਲਾਹ ਰਹੇ ਹਨ। ਜਤ-ਧਾਰੀ, ਦਾਨ ਕਰਨ ਵਾਲੇ ਤੇ ਸੰਤੋਖ ਵਾਲੇ ਪੁਰਸ਼ ਤੇਰੇ ਗੁਣ ਗਾ ਰਹੇ ਹਨ ਅਤੇ (ਬੇਅੰਤ) ਤਕੜੇ ਸੂਰਮੇ ਤੇਰੀਆਂ ਵਡਿਆਈਆਂ ਕਰ ਰਹੇ ਹਨ।

ਗਾਵਨਿ ਪੰਡਿਤ ਪੜਨਿ ਰਖੀਸਰ ਜੁਗੁ ਜੁਗੁ ਵੇਦਾ ਨਾਲੇ ॥ ਗਾਵਹਿ ਮੋਹਣੀਆ ਮਨੁ ਮੋਹਨਿ ਸੁਰਗਾ ਮਛ ਪਇਆਲੇ ॥

ਪਦ ਅਰਥ: ਪੜਨਿ = ਪੜ੍ਹਦੇ ਹਨ। ਰਖੀਸਰ = (ਰਿਖੀ ਈਸਰ) , ਵੱਡੇ ਵੱਡੇ ਰਿਖੀ, ਮਹਾਂ ਰਿਖੀ। ਜੁਗੁ ਜੁਗੁ = ਹਰੇਕ ਜੁਗ ਵਿਚ, ਸਦਾ। ਵੇਦਾ ਨਾਲੇ = ਵੇਦਾਂ ਸਣੇ। ਮੋਹਣੀਆ = ਸੁੰਦਰ ਇਸਤ੍ਰੀਆਂ। ਮਛ = ਮਾਤ ਲੋਕ ਵਿਚ। ਪਇਆਲੇ = ਪਤਾਲ ਵਿਚ।

ਅਰਥ: (ਹੇ ਅਕਾਲ ਪੁਰਖ!) ਪੰਡਿਤ ਤੇ ਮਹਾਂਰਿਖੀ ਜੋ (ਵੇਦਾਂ ਨੂੰ) ਪੜ੍ਹਦੇ ਹਨ। ਵੇਦਾਂ ਸਣੇ ਤੈਨੂੰ ਗਾ ਰਹੇ ਹਨ। ਸੁੰਦਰ ਇਸਤ੍ਰੀਆਂ, ਜੋ ਸੁਰਗ, ਮਾਤ-ਲੋਕ ਤੇ ਪਾਤਾਲ ਵਿਚ (ਭਾਵ, ਹਰ ਥਾਂ) ਮਨੁੱਖ ਦੇ ਮਨ ਨੂੰ ਮੋਹ ਲੈਂਦੀਆਂ ਹਨ, ਤੈਨੂੰ ਗਾ ਰਹੀਆਂ ਹਨ।

ਗਾਵਨਿ ਰਤਨ ਉਪਾਏ ਤੇਰੇ ਅਠਸਠਿ ਤੀਰਥ ਨਾਲੇ ॥ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ॥ ਗਾਵਹਿ ਖੰਡ ਮੰਡਲ ਵਰਭੰਡਾ ਕਰਿ ਕਰਿ ਰਖੇ ਧਾਰੇ ॥

ਪਦ ਅਰਥ: ਉਪਾਏ ਤੇਰੇ = ਤੇਰੇ ਪੈਦਾ ਕੀਤੇ ਹੋਏ। ਅਠ ਸਠਿ = ਅਠਾਹਠ। ਤੀਰਥ ਨਾਲੇ = ਤੀਰਥਾਂ ਸਮੇਤ। ਜੋਧ = ਜੋਧੇ। ਮਹਾ ਬਲ = ਵੱਡੇ ਬਲ ਵਾਲੇ। ਸੂਰਾ = ਸੂਰਮੇ। ਖਾਣੀ ਚਾਰੇ = ਚਾਰੇ ਖਾਣੀਆਂ, ਅੰਡਜ, ਜੇਰਜ, ਸ੍ਵੇਤਜ, ਉਤਭੁਜ। ਖਾਣੀ = ਖਾਣ, ਜਿਸ ਨੂੰ ਪੁਟ ਕੇ ਵਿਚੋਂ ਧਾਤਾਂ ਜਾਂ ਰਤਨ ਆਦਿਕ ਪਦਾਰਥ ਕੱਢੇ ਜਾਣ। ਇਹ ਸੰਸਕ੍ਰਿਤ ਦਾ ਸ਼ਬਦ ਹੈ। ਧਾਤੂ 'ਖਨ' ਹੈ, ਜਿਸ ਦਾ ਅਰਥ ਹੈ 'ਪੁਟਣਾ'। ਖਾਣੀ ਚਾਰੇ ਪੁਰਾਤਨ ਸਮੇਂ ਤੋਂ ਇਹ ਖ਼ਿਆਲ ਹਿੰਦੂ ਧਰਮ ਪੁਸਤਕਾਂ ਵਿਚ ਤੁਰਿਆ ਆ ਰਿਹਾ ਹੈ ਕਿ ਜਗਤ ਦੇ ਸਾਰੇ ਜੜ੍ਹ-ਚੇਤਨ ਪਦਾਰਥ ਦੇ ਬਣਨ ਦੀਆਂ ਚਾਰ ਖਾਣਾਂ ਹਨ। ਅੰਡਾ, ਜਿਓਰ, ਮੁੜਕਾ ਅਤੇ ਆਪਣੇ ਆਪ ਉੱਗ ਪੈਣਾ। 'ਚਾਰੇ ਖਾਣੀ' ਦਾ ਇੱਥੇ ਭਾਵ ਹੈ ਚੌਹਾਂ ਹੀ ਖਾਣਾਂ ਦੇ ਜੀਵ ਜੰਤ, ਸਾਰੀ ਰਚਨਾ। ਖੰਡ = ਟੋਟਾ, ਬ੍ਰਹਿਮੰਡ ਦਾ ਟੋਟਾ, (ਭਾਵ) ਹਰੇਕ ਧਰਤੀ। ਮੰਡਲ = ਚੱਕਰ, ਬ੍ਰਹਿਮੰਡ ਦਾ ਇਕ ਚੱਕਰ, ਜਿਸ ਵਿਚ ਇਕ ਸੂਰਜ ਇਕ ਚੰਦ੍ਰਮਾ ਤੇ ਧਰਤੀ ਆਦਿਕ ਗਿਣੇ ਜਾਂਦੇ ਹਨ। ਵਰਭੰਡਾ = ਸਾਰੀ ਸ੍ਰਿਸ਼ਟੀ। ਕਰਿ ਕਰਿ = ਬਣਾ ਕੇ, ਰਚ ਕੇ। ਧਾਰੇ = ਟਿਕਾਏ ਹੋਏ।

ਅਰਥ: (ਹੇ ਨਿਰੰਕਾਰ!) ਤੇਰੇ ਪੈਦਾ ਕੀਤੇ ਹੋਏ ਰਤਨ ਅਠਾਹਠ ਤੀਰਥਾਂ ਸਮੇਤ ਤੈਨੂੰ ਗਾ ਰਹੇ ਹਨ। ਵੱਡੇ ਬਲ ਵਾਲੇ ਜੋਧੇ ਤੇ ਸੂਰਮੇ ਤੇਰੀ ਸਿਫ਼ਤ ਕਰ ਰਹੇ ਹਨ। ਚੌਹਾਂ ਹੀ ਖਾਣੀਆਂ ਦੇ ਜੀਅ ਜੰਤ ਤੈਨੂੰ ਗਾ ਰਹੇ ਹਨ। ਸਾਰੀ ਸ੍ਰਿਸ਼ਟੀ, ਸ੍ਰਿਸ਼ਟੀ ਦੇ ਸਾਰੇ ਖੰਡ ਅਤੇ ਚੱਕਰ, ਜੋ ਤੂੰ ਪੈਦਾ ਕਰ ਕੇ ਟਿਕਾ ਰਖੇ ਹਨ, ਤੈਨੂੰ ਗਾਉਂਦੇ ਹਨ।

ਸੇਈ ਤੁਧੁਨੋ ਗਾਵਹਿ ਜੋ ਤੁਧੁ ਭਾਵਨਿ ਰਤੇ ਤੇਰੇ ਭਗਤ ਰਸਾਲੇ ॥ ਹੋਰਿ ਕੇਤੇ ਗਾਵਨਿ ਸੇ ਮੈ ਚਿਤਿ ਨ ਆਵਨਿ ਨਾਨਕੁ ਕਿਆ ਵੀਚਾਰੇ ॥

ਪਦ ਅਰਥ: ਸੇਈ = ਉਹੀ ਜੀਵ। ਤੁਧੁ ਭਾਵਨਿ = ਤੈਨੂੰ ਚੰਗੇ ਲੱਗਦੇ ਹਨ। ਰਤੇ = ਰੰਗੇ ਹੋਏ, ਪ੍ਰੇਮ ਵਿਚ ਮੱਤੇ ਹੋਏ। ਰਸਾਲੇ = (ਰਸ ਆਲਯ) ਰਸ ਦੇ ਘਰ, ਰਸੀਏ। ਹੋਰਿ ਕੇਤੇ = ਅਨੇਕਾਂ ਹੋਰ ਜੀਵ। ਮੈ ਚਿਤਿ = ਮੇਰੇ ਚਿੱਤ ਵਿਚ। ਮੈ ਚਿਤਿ ਨ ਆਵਨਿ = ਮੇਰੇ ਚਿੱਤ ਵਿਚ ਨਹੀਂ ਆਉਂਦੇ, ਮੈਥੋਂ ਗਿਣੇ ਨਹੀਂ ਜਾ ਸਕਦੇ, ਮੇਰੀ ਵਿਚਾਰ ਤੋਂ ਪਰੇ ਹਨ। ਕਿਆ ਵੀਚਾਰੇ = ਕੀਹ ਵਿਚਾਰ ਕਰੇ?

ਅਰਥ: (ਹੇ ਅਕਾਲ ਪੁਰਖ!) (ਅਸਲ ਵਿਚ ਤਾਂ) ਉਹੋ ਤੇਰੇ ਪ੍ਰੇਮ ਵਿਚ ਰੱਤੇ ਰਸੀਏ ਭਗਤ ਜਨ ਤੈਨੂੰ ਗਾਉਂਦੇ ਹਨ (ਭਾਵ, ਉਹਨਾਂ ਦਾ ਹੀ ਗਾਉਣਾ ਸਫਲ ਹੈ) ਜੋ ਤੈਨੂੰ ਚੰਗੇ ਲੱਗਦੇ ਹਨ। ਅਨੇਕਾਂ ਹੋਰ ਜੀਵ ਤੈਨੂੰ ਗਾ ਰਹੇ ਹਨ, ਜਿਹੜੇ ਮੈਥੋਂ ਗਿਣੇ ਭੀ ਨਹੀਂ ਜਾ ਸਕਦੇ। (ਭਲਾ) ਨਾਨਕ (ਵਿਚਾਰਾ) ਕੀਹ ਵਿਚਾਰ ਕਰ ਸਕਦਾ ਹੈ?

ਸੋਈ ਸੋਈ ਸਦਾ ਸਚੁ ਸਾਹਿਬੁ ਸਾਚਾ ਸਾਚੀ ਨਾਈ ॥ ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨਿ ਰਚਾਈ ॥

ਪਦ ਅਰਥ: ਸਚੁ = ਥਿਰ ਰਹਿਣ ਵਾਲਾ, ਅਟੱਲ। ਨਾਈ = ਵਡਿਆਈ। ਹੋਸੀ = ਹੋਵੇਗਾ, ਥਿਰ ਰਹੇਗਾ। ਜਾਇ ਨ = ਜੰਮਦਾ ਨਹੀਂ। ਨ ਜਾਸੀ = ਨਾਹ ਹੀ ਮਰੇਗਾ। ਜਿਨਿ = ਜਿਸ ਅਕਾਲ ਪੁਰਖ ਨੇ। ਰਚਾਈ = ਪੈਦਾ ਕੀਤੀ ਹੈ।

ਅਰਥ: ਜਿਸ ਅਕਾਲ ਪੁਰਖ ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ, ਉਹ ਐਸ ਵੇਲੇ ਮੌਜੂਦ ਹੈ, ਸਦਾ ਰਹੇਗਾ, ਨਾਹ ਉਹ ਜੰਮਿਆ ਹੈ ਅਤੇ ਨਾਹ ਹੀ ਮਰੇਗਾ। ਉਹ ਅਕਾਲ ਪੁਰਖ ਸਦਾ-ਥਿਰ ਹੈ, ਉਹ ਮਾਲਕ ਸੱਚਾ ਹੈ, ਉਸ ਦੀ ਵਡਿਆਈ ਭੀ ਸਦਾ ਅਟੱਲ ਹੈ।

ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉਪਾਈ ॥ ਕਰਿ ਕਰਿ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ॥

ਪਦ ਅਰਥ: ਰੰਗੀ ਰੰਗੀ = ਰੰਗਾਂ ਰੰਗਾਂ ਦੀ, ਕਈ ਰੰਗਾਂ ਦੀ। ਭਾਤੀ = ਕਈ ਕਿਸਮਾਂ ਦੀ। ਕਰਿ ਕਰਿ = ਪੈਦਾ ਕਰ ਕੇ। ਜਿਨਸੀ = ਕਈ ਜਿਨਸਾਂ ਦੀ। ਜਿਨਿ = ਜਿਸ ਅਕਾਲ ਪੁਰਖ ਨੇ। ਵੇਖੈ = ਸੰਭਾਲ ਕਰਦਾ ਹੈ। ਕੀਤਾ ਆਪਣਾ = ਆਪਣਾ ਰਚਿਆ ਹੋਇਆ ਜਗਤ। ਜਿਵ = ਜਿਵੇਂ। ਵਡਿਆਈ = ਰਜ਼ਾ।

ਅਰਥ: ਜਿਸ ਅਕਾਲ ਪੁਰਖ ਨੇ ਕਈ ਰੰਗਾਂ, ਕਿਸਮਾਂ ਅਤੇ ਜਿਨਸਾਂ ਦੀ ਮਾਇਆ ਰਚ ਦਿੱਤੀ ਹੈ, ਉਹ ਜਿਵੇਂ ਉਸ ਦੀ ਰਜ਼ਾ ਹੈ, (ਭਾਵ, ਜੇਡਾ ਵੱਡਾ ਆਪ ਹੈ ਓਡੇ ਵੱਡੇ ਜਿਗਰੇ ਨਾਲ ਜਗਤ ਨੂੰ ਰਚ ਕੇ) ਆਪਣੇ ਪੈਦਾ ਕੀਤੇ ਹੋਏ ਦੀ ਸੰਭਾਲ ਭੀ ਕਰ ਰਿਹਾ ਹੈ।

ਜੋ ਤਿਸੁ ਭਾਵੈ ਸੋਈ ਕਰਸੀ ਹੁਕਮੁ ਨ ਕਰਣਾ ਜਾਈ ॥ ਸੋ ਪਾਤਿਸਾਹੁ ਸਾਹਾ ਪਾਤਿਸਾਹਿਬੁ ਨਾਨਕ ਰਹਣੁ ਰਜਾਈ ॥੨੭॥

ਪਦ ਅਰਥ: ਕਰਸੀ = ਕਰੇਗਾ। ਨ ਕਰਣਾ ਜਾਇ = ਨਹੀਂ ਕੀਤਾ ਜਾ ਸਕਦਾ। ਸਾਹਾ ਪਾਤਿ ਸਾਹਿਬੁ = ਸ਼ਾਹਾਂ ਦਾ ਪਾਤਿਸ਼ਾਹ। ਰਹਣੁ = ਰਹਿਣਾ (ਹੋ ਸਕਦਾ ਹੈ) , ਰਹਿਣਾ ਫਬਦਾ ਹੈ। ਰਜਾਈ = ਅਕਾਲ ਪੁਰਖ ਦੀ ਰਜ਼ਾ ਵਿਚ।

ਅਰਥ: ਜੋ ਕੁਝ ਅਕਾਲ ਪੁਰਖ ਨੂੰ ਭਾਉਂਦਾ ਹੈ, ਉਹੋ ਹੀ ਕਰੇਗਾ, ਕਿਸੇ ਜੀਵ ਪਾਸੋਂ ਅਕਾਲ ਪੁਰਖ ਅੱਗੇ ਹੁਕਮ ਨਹੀਂ ਕੀਤਾ ਜਾ ਸਕਦਾ (ਉਸ ਨੂੰ ਇਹ ਨਹੀਂ ਆਖ ਸਕਦੇ-'ਇਉਂ ਨ ਕਰੀਂ, ਇਉਂ ਕਰ') । ਅਕਾਲ ਪੁਰਖ ਪਾਤਿਸ਼ਾਹ ਹੈ, ਪਾਤਿਸ਼ਾਹਾਂ ਦਾ ਭੀ ਪਾਤਿਸ਼ਾਹ ਹੈ। ਹੇ ਨਾਨਕ! (ਜੀਵਾਂ ਨੂੰ) ਉਸ ਦੀ ਰਜ਼ਾ ਵਿਚ ਰਹਿਣਾ (ਹੀ ਫਬਦਾ ਹੈ) । 27।

ਨੋਟ: ਪਉਣ, ਪਾਣੀ ਬੈਸੰਤਰ, ਆਦਿਕ ਅਚੇਤਨ ਪਦਾਰਥ ਕਿਵੇਂ ਅਕਾਲ ਪੁਰਖ ਦੀ ਸਿਫ਼ਤਿ-ਸਾਲਾਹ ਕਰ ਰਹੇ ਹਨ? ਇਸ ਦਾ ਭਾਵ ਇਹ ਹੈ ਕਿ ਉਸ ਦੇ ਪੈਦਾ ਕੀਤੇ ਸਾਰੇ ਤੱਤ ਭੀ ਉਸ ਦੀ ਰਜ਼ਾ ਵਿਚ ਤੁਰ ਰਹੇ ਹਨ। ਰਜ਼ਾ ਵਿਚ ਤੁਰਨਾ ਉਸ ਦੀ ਸਿਫ਼ਤਿ-ਸਾਲਾਹ ਕਰਨੀ ਹੈ।

ਭਾਵ: ਕਈ ਰੰਗਾਂ ਦੀ, ਕਈ ਕਿਸਮਾਂ ਦੀ, ਕਈ ਜਿਨਸਾਂ ਦੀ, ਬੇਅੰਤ ਰਚਨਾ ਕਰਤਾਰ ਨੇ ਰਚੀ ਹੈ। ਇਸ ਬੇਅੰਤ ਸ੍ਰਿਸ਼ਟੀ ਦੀ ਸੰਭਾਲ ਭੀ ਉਹ ਆਪ ਹੀ ਕਰ ਰਿਹਾ ਹੈ, ਕਿਉਂਕਿ ਉਹ ਆਪ ਹੀ ਇਕ ਐਸਾ ਹੈ ਜੋ ਸਦਾ ਕਾਇਮ ਰਹਿਣ ਵਾਲਾ ਹੈ। ਜਗਤ ਵਿਚ ਐਸਾ ਕੌਣ ਹੈ ਜੋ ਇਹ ਦਮ ਮਾਰ ਸਕੇ ਕਿ ਕਿਹੋ ਜਿਹੇ ਅਸਥਾਨ 'ਤੇ ਬੈਠ ਕੇ ਉਹ ਸਿਰਜਨਹਾਰ ਇਸ ਬੇਅੰਤ ਰਚਨਾ ਦੀ ਸੰਭਾਲ ਕਰਦਾ ਹੈ? ਕਿਸੇ ਮਨੁੱਖ ਦੀ ਐਸੀ ਪਾਂਇਆਂ ਹੀ ਨਹੀਂ। ਮਨੁੱਖ ਨੂੰ, ਬੱਸ! ਇਕੋ ਗੱਲ ਫਬਦੀ ਹੈ ਕਿ ਪ੍ਰਭੂ ਦੀ ਰਜ਼ਾ ਵਿਚ ਰਹੇ। ਇਹੀ ਹੈ ਵਸੀਲਾ ਪ੍ਰਭੂ ਨਾਲੋਂ ਵਿੱਥ ਮਿਟਾਣ ਦਾ, ਤੇ ਇਹੀ ਹੈ ਇਸ ਦੇ ਜੀਵਨ ਦਾ ਮਨੋਰਥ। ਵੇਖੋ! ਹਵਾ, ਪਾਣੀ ਆਦਿਕ ਤੱਤਾਂ ਤੋਂ ਲੈ ਕੇ ਉੱਚੇ ਜੀਵਨ ਵਾਲੇ ਮਹਾਂ ਪੁਰਖਾਂ ਤਕ ਸਭ ਆਪੋ ਆਪਣੀ ਹੋਂਦ ਦੇ ਮਨੋਰਥ ਨੂੰ ਸਫਲ ਕਰ ਰਹੇ ਹਨ, ਭਾਵ, ਉਸ ਦੇ ਹੁਕਮ ਵਿਚ ਮਿਲੀ ਕਾਰ ਕਰੀ ਜਾ ਰਹੇ ਹਨ। 27।

ਨੋਟ: ਇਸ ਤੋਂ ਅਗਾਂਹ ਨੰ: 28 ਤੋਂ 31 ਤਕ ਚਾਰ ਪਉੜੀਆਂ ਦਾ ਸਮੁੱਚਾ ਭਾਵ ਇਹ ਹੈ ਕਿ ਸਾਰੇ ਸੰਸਾਰ ਦੇ ਪੈਦਾ ਕਰਨ ਵਾਲੇ ਤੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਸਿਮਰਨ ਹੀ ਰਜ਼ਾ ਵਿਚ ਟਿਕਾ ਕੇ ਪ੍ਰਭੂ ਨਾਲੋਂ ਜੀਵ ਦੀ ਵਿੱਥ ਮੇਟ ਸਕਦਾ ਹੈ।

ਮੁੰਦਾ ਸੰਤੋਖੁ ਸਰਮੁ ਪਤੁ ਝੋਲੀ ਧਿਆਨ ਕੀ ਕਰਹਿ ਬਿਭੂਤਿ ॥ ਖਿੰਥਾ ਕਾਲੁ ਕੁਆਰੀ ਕਾਇਆ ਜੁਗਤਿ ਡੰਡਾ ਪਰਤੀਤਿ ॥

ਪਦ ਅਰਥ: ਮੁੰਦਾ = ਮੁੰਦਰਾਂ। ਸਰਮੁ = ਉੱਦਮ, ਮਿਹਨਤ। ਪਤੁ = ਪਾਤ੍ਰ ਖੱਪਰ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਇਹ ਸ਼ਬਦ ਤਿੰਨਾਂ ਰੂਪਾਂ ਵਿਚ ਆਉਂਦਾ ਹੈ, 'ਪਤਿ' 'ਪਤ' 'ਪਤੁ'। ਪੰਜਾਬੀ ਵਿਚ ਭਾਵੇਂ ਇਹ ਇਕੋ ਸ਼ਬਦ ਹੀ ਪਰਤੀਤ ਹੁੰਦਾ ਹੋਵੇ, ਪਰ ਇਹ ਵਖੋ-ਵਖਰੇ ਤ੍ਰੈਵੇ ਹੀ ਸੰਸਕ੍ਰਿਤ ਵਿਚੋਂ ਆਏ ਹਨ। ਸ਼ਬਦ 'ਪਤਿ' ਦਾ ਸੰਸਕ੍ਰਿਤ ਵਿਚ ਅਰਥ ਹੈ 'ਖਸਮ, ਮਾਲਕ'। ਪੰਜਾਬੀ ਵਿਚ ਇਸ ਦਾ ਇਕ ਹੋਰ ਅਰਥ ਭੀ ਵਰਤਿਆ ਜਾਂਦਾ ਹੈ 'ਇਜ਼ਤ, ਅਬਰੋਇ'।

ਸ਼ਬਦ 'ਪਤੁ' ਇਕ-ਵਚਨ ਹੈ। ਸੰਸਕ੍ਰਿਤ ਵਿਚ 'ਪਾਤ੍ਰ' ਹੈ ਜਿਸ ਦਾ ਅਰਥ ਹੈ 'ਭਾਂਡਾ, ਪਿਆਲਾ, ਖੱਪਰ'। ਇਸ ਦਾ ਬਹੁ-ਵਚਨ 'ਪਤ' ਹੈ, ਪਰ ਇਸ ਉਪਰ ਲਿਖੇ ਅਰਥ ਵਿਚ ਇਹ ਸ਼ਬਦ 'ਪਤ' ਸ੍ਰੀ ਗੁਰੂ ਗ੍ਰਥ ਸਾਹਿਬ ਜੀ ਵਿਚ ਨਹੀਂ ਆਇਆ। ਸੋ ਸ਼ਬਦ 'ਪਤ' ਵਾਸਤੇ ਸੰਸਕ੍ਰਿਤ ਵਿਚ ਇਕ ਹੋਰ ਸ਼ਬਦ ਹੈ 'ਪਤ੍ਰ', ਜਿਸ ਦਾ ਅਰਥ ਹੈ 'ਰੁੱਖਾਂ ਦੇ ਪੱਤਰ'।

ਕਰਹਿ = ਜੇ ਤੂੰ ਬਣਾਏਂ। ਬਿਭੂਤਿ = ਗੋਹਿਆਂ ਦੀ ਸੁਆਹ। ਖਿੰਥਾ = ਗੋਦੜੀ। ਕਾਲੁ = ਮੌਤ। ਕੁਆਰੀ ਕਾਇਆ = ਕੁਆਰਾ ਸਰੀਰ, ਵਿਸ਼ੇ = ਵਿਕਾਰਾਂ ਤੋਂ ਬਚਿਆ ਹੋਇਆ ਸਰੀਰ, ਵਿਕਾਰਾਂ ਤੋਂ ਅਛੋਹ ਕਾਇਆਂ। ਜੁਗਤਿ = ਜੋਗ ਮੱਤ ਦੀ ਰਹਿਤ। ਪਰਤੀਤ = ਸ਼ਰਧਾ, ਯਕੀਨ।

ਅਰਥ: (ਹੇ ਜੋਗੀ!) ਜੇ ਤੂੰ ਸੰਤੋਖ ਨੂੰ ਆਪਣੀਆਂ ਮੁੰਦਰਾਂ ਬਣਾਵੇ, ਮਿਹਨਤ ਨੂੰ ਖੱਪਰ ਤੇ ਝੋਲੀ, ਅਤੇ ਅਕਾਲ ਪੁਰਖ ਦੇ ਧਿਆਨ ਦੀ ਸੁਆਹ (ਪਿੰਡੇ ਤੇ ਮਲੇਂ) , ਮੌਤ (ਦਾ ਭਉ) ਤੇਰੀ ਗੋਦੜੀ ਹੋਵੇ, ਸਰੀਰ ਨੂੰ ਵਿਕਾਰਾਂ ਤੋਂ ਬਚਾ ਕੇ ਰੱਖਣਾ ਤੇਰੇ ਲਈ ਜੋਗ ਦੀ ਰਹਿਤ ਹੋਵੇ ਅਤੇ ਸ਼ਰਧਾ ਨੂੰ ਡੰਡਾ ਬਣਾਵੇਂ (ਤਾਂ ਅੰਦਰੋਂ ਕੂੜ ਦੀ ਕੰਧ ਟੁੱਟ ਸਕਦੀ ਹੈ) ।

ਆਈ ਪੰਥੀ ਸਗਲ ਜਮਾਤੀ ਮਨਿ ਜੀਤੈ ਜਗੁ ਜੀਤੁ ॥ ਆਦੇਸੁ ਤਿਸੈ ਆਦੇਸੁ ॥ ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥੨੮॥

ਪਦ ਅਰਥ: ਆਈ ਪੰਥੁ = ਜੋਗੀਆਂ ਦੇ 12 ਫ਼ਿਰਕੇ ਹਨ, ਉਹਨਾਂ ਵਿਚੋਂ ਸਬ ਤੋਂ ਉੱਚਾ 'ਆਈ ਪੰਥ' ਗਿਣਿਆ ਜਾਂਦਾ ਹੈ। ਪੰਥੀ = ਆਈ ਪੰਥ ਵਾਲਾ, ਆਈ ਪੰਥ ਨਾਲ ਸੰਬੰਧ ਰੱਖਣ ਵਾਲਾ। ਸਗਲ = ਸਾਰੇ ਜੀਵ। ਜਮਾਤੀ = ਇਕੋ ਹੀ ਪਾਠਸ਼ਾਲਾ ਵਿਚ, ਇਕੋ ਹੀ ਸ਼੍ਰੇਣੀ ਵਿਚ ਪੜ੍ਹਨ ਵਾਲੇ, ਇੱਕ ਥਾਂ ਮਿਲ ਬੈਠਣ ਵਾਲੇ ਮਿੱਤਰ ਸੱਜਣ। ਮਨਿ ਜੀਤੈ = ਮਨ ਨੂੰ ਜਿੱਤਿਆਂ, ਜੇ ਮਨ ਜਿੱਤਿਆ ਜਾਏ। ਇਹੋ ਜਿਹੇ ਵਾਕੰਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਅਨੇਕਾਂ ਆਉਂਦੇ ਹਨ, ਜਿਵੇਂ:

ਨਾਇ ਵਿਸਾਰਿਐ = ਜੇ ਨਾਮ ਵਿਸਾਰ ਜਾਏ।

ਨਾਇ ਮੰਨਿਐ = ਜੇ ਨਾਮ ਮੰਨ ਲਈਏ।

ਆਦੇਸੁ = ਪਰਣਾਮ। ਤਿਸੈ = ਉਸੇ ਹੀ ਅਕਾਲ ਪੁਰਖ ਨੂੰ। ਆਦਿ = ਮੁੱਢ ਤੋਂ। ਅਨੀਲੁ ਕਲੰਕ ਰਹਿਤ, ਪਵਿੱਤਰ, ਸੁੱਧ ਸਰੂਪ। ਅਨਾਦਿ = ਜਿਸ ਦਾ ਕੋਈ ਮੁੱਢ ਨਹੀਂ ਹੈ। ਅਨਾਹਤਿ = (ਅਨ-ਆਹਤਿ) , ਆਹਤਿ-ਨਾਸ, ਖੈ, (ਇਸ ਸ਼ਬਦ ਦਾ ਸੰਸਕ੍ਰਿਤ ਧਾਤੂ 'ਹਨ' ਹੈ, ਜਿਸ ਦਾ ਅਰਥ ਹੈ 'ਮਾਰਨਾ, ਨਾਸ ਕਰਨਾ') ਅਨਾਹਤਿ = ਨਾਸ ਰਹਿਤ, ਇਕ-ਰਸ। ਜੁਗੁ ਜੁਗੁ-ਹਰੇਕ ਜੁਗ ਵਿਚ, ਸਦਾ। ਵੇਸੁ = ਰੂਪ।

ਅਰਥ: ਜੋ ਮਨੁੱਖ ਸਾਰੀ ਸ੍ਰਿਸ਼ਟੀ ਦੇ ਜੀਵਾਂ ਨੂੰ ਆਪਣੇ ਸੱਜਣ ਮਿੱਤਰ ਸਮਝਦਾ ਹੈ (ਅਸਲ ਵਿਚ) ਉਹੀ ਆਈ ਪੰਥ ਵਾਲਾ ਹੈ। ਜੇ ਆਪਣਾ ਮਨ ਜਿੱਤਿਆ ਜਾਏ, ਤਾਂ ਸਾਰਾ ਜਗਤ ਹੀ ਜਿੱਤਿਆ ਜਾਂਦਾ ਹੈ (ਭਾਵ, ਤਾਂ ਜਗਤ ਦੀ ਮਾਇਆ ਪਰਮਾਤਮਾ ਤੋਂ ਵਿਛੋੜ ਨਹੀਂ ਸਕਦੀ) । (ਸੋ, ਕੂੜ ਦੀ ਕੰਧ ਦੂਰ ਕਰਨ ਲਈ) ਕੇਵਲ ਉਸ (ਅਕਾਲ ਪੁਰਖ) ਨੂੰ ਪ੍ਰਣਾਮ ਕਰੋ, ਜੋ (ਸਭ ਦਾ) ਮੁੱਢ ਹੈ, ਜੋ ਸੁੱਧ ਸਰੂਪ ਹੈ, ਜਿਸ ਦਾ ਕੋਈ ਮੁੱਢ ਨਹੀਂ (ਲੱਭ ਸਕਦਾ) , ਜੋ ਨਾਸ-ਰਹਿਤ ਹੈ ਅਤੇ ਜੋ ਸਦਾ ਹੀ ਇਕੋ ਜਿਹਾ ਰਹਿੰਦਾ ਹੈ। 28।

ਭਾਵ: ਜੋਗ-ਮਤ ਦੇ ਖਿੰਥਾ, ਮੁੰਦਰਾ, ਝੋਲੀ ਆਦਿਕ ਪ੍ਰਭੂ ਨਾਲੋਂ ਜੀਵ ਦੀ ਵਿੱਥ ਮਿਟਾਣ ਜੋਗੇ ਨਹੀਂ ਹਨ। ਜਿਉਂ ਜਿਉਂ ਸਦਾ-ਥਿਰ ਪ੍ਰਭੂ ਦੀ ਯਾਦ ਵਿਚ ਜੁੜੋਗੇ, ਸੰਤੋਖ ਵਾਲਾ ਜੀਵਨ ਬਣੇਗਾ, ਤੇ ਸਾਰੀ ਖ਼ਲਕਤ ਵਿਚ ਉਹ ਪ੍ਰਭੂ ਵੱਸਦਾ ਦਿੱਸੇਗਾ। 28।

ਭੁਗਤਿ ਗਿਆਨੁ ਦਇਆ ਭੰਡਾਰਣਿ ਘਟਿ ਘਟਿ ਵਾਜਹਿ ਨਾਦ ॥ ਆਪਿ ਨਾਥੁ ਨਾਥੀ ਸਭ ਜਾ ਕੀ ਰਿਧਿ ਸਿਧਿ ਅਵਰਾ ਸਾਦ ॥ ਸੰਜੋਗੁ ਵਿਜੋਗੁ ਦੁਇ ਕਾਰ ਚਲਾਵਹਿ ਲੇਖੇ ਆਵਹਿ ਭਾਗ ॥

ਪਦ ਅਰਥ: ਭੁਗਤਿ = ਚੂਰਮਾ। ਭੰਡਾਰਣਿ = ਭੰਡਾਰਾ ਵਰਤਾਣ ਵਾਲੀ। ਘਟਿ ਘਟਿ = ਹਰੇਕ ਸਰੀਰ ਵਿਚ। ਵਾਜਹਿ = ਵੱਜ ਰਹੇ ਹਨ। ਨਾਦ = ਸ਼ਬਦ। (ਜੋਗੀ ਭੰਡਾਰਾ ਖਾਣ ਵੇਲੇ ਇਕ ਨਾਦੀ ਵਜਾਂਦੇ ਹਨ, ਜੋ ਉਹਨਾਂ ਆਪਣੇ ਗਲ ਵਿਚ ਲਟਕਾਈ ਹੁੰਦੀ ਹੈ) । ਆਪਿ = ਅਕਾਲ ਪੁਰਖ ਆਪ। ਨਾਥੀ = ਨੱਥੀ ਹੋਈ, ਵੱਸ ਵਿਚ। ਸਭ = ਸਾਰੀ ਸ੍ਰਿਸ਼ਟੀ। ਰਿਧਿ = ਪਰਤਾਪ, ਵਡਿਆਈ। ਸਿਧਿ = ਜੋਗੀਆਂ ਵਿਚ ਅੱਠ ਵੱਡੀਆਂ ਸਿੱਧੀਆਂ ਮੰਨੀਆਂ ਗਈਆਂ ਹਨ। 'ਸਿਧਿ ਦੇ ਅਖਰੀ ਅਰਥ ਹਨ 'ਸਫ਼ਲਤਾ' ਕਰਾਮਾਤ। (ਅੱਠ ਸਿੱਧੀਆਂ ਇਹ ਹਨ: 'ਅਣਿਮਾ, ਲਘਿਮਾ, ਪ੍ਰਾਪਤੀ, ਪ੍ਰਾਕਾਮਯ, ਮਹਿਮਾ, ਈਸ਼ਿੱਤ੍ਰ, ਵਸ਼ਿਤ੍ਰ, ਕਾਮਾਵਸਾਇਤਾ। ਅਣਿਮਾ = ਇਕ ਅਣੂ (ਕਿਣਕੇ) ਜਿਤਨਾ ਛੋਟਾ ਬਣ ਜਾਣਾ। ਲਘਿਮਾ = ਬਹੁਤ ਹੀ ਹੌਲੇ ਭਾਰ ਦਾ ਹੋ ਜਾਣਾ। ਪ੍ਰਾਪਤੀ = ਹਰੇਕ ਪਦਾਰਥ ਪ੍ਰਾਪਤ ਕਰਨ ਦੀ ਸਮਰਥਾ। ਪ੍ਰਾਕਾਮਯ = ਸੁਤੰਤਰ ਮਰਜ਼ੀ, ਜਿਸ ਦੀ ਕੋਈ ਵਿਰੋਧਤਾ ਨਾਹ ਕਰ ਸਕੇ। ਮਹਿਮਾ = ਆਪਣੇ ਆਪ ਨੂੰ ਜਿਤਨਾ ਚਾਹੇ ਉਤਨਾ ਵੱਡਾ ਬਣਾਉਣ ਦੀ ਤਾਕਤ। ਈਸ਼ਿੱਤ੍ਰ = ਪ੍ਰਭਤਾ। ਵਸ਼ਿਤ੍ਰ = ਦੂਜੇ ਨੂੰ ਆਪਣੇ ਵੱਸ ਵਿਚ ਕਰ ਲੈਣਾ। ਕਾਮਾਵਾਸਾਇਤਾ = ਕਾਮ ਆਦਿਕ ਵਿਕਾਰਾਂ ਨੂੰ ਕਾਬੂ ਵਿਚ ਰੱਖਣ ਦਾ ਬਲ।) ਅਵਰਾ = ਹੋਰ, ਅਕਾਲ ਪੁਰਖ ਤੋਂ ਲਾਂਭ ਵਲ ਲੈ ਜਾਣ ਵਾਲੇ। ਸਾਦ = ਸੁਆਦ, ਚਸਕੇ। ਸੰਜੋਗੁ = ਮੇਲ, ਅਕਾਲ ਪੁਰਖ ਦੀ ਰਜ਼ਾ ਦਾ ਉਹ ਅੰਸ਼ ਜਿਸ ਨਾਲ ਜੀਵ ਮਿਲਦੇ ਹਨ, ਜਾਂ ਸੰਸਾਰ ਦੇ ਹੋਰ ਕਾਰਜ ਹੁੰਦੇ ਹਨ। ਵਿਜੋਗੁ = ਵਿਛੋੜਾ, ਅਕਾਲ ਪੁਰਖ ਦੀ ਰਜ਼ਾ ਦਾ ਉਹ ਅੰਸ਼ ਜਿਸ ਦੀ ਰਾਹੀਂ ਜੀਵ ਵਿਛੜਦੇ ਹਨ, ਜਾਂ ਕੋਈ ਹੋਂਦ ਵਾਲੇ ਪਦਾਰਥ ਨਾਸ ਹੋ ਜਾਂਦੇ ਹਨ। ਦੁਇ = ਦੋਵੇਂ। ਕਾਰ = ਸੰਸਾਰ ਦੀ ਕਾਰ। ਚਲਾਵਹਿ = ਚਲਾ ਰਹੇ ਹਨ। (ਜੋਗੀਆਂ ਵਿਚ ਭੰਡਾਰੇ ਵਾਸਤੇ ਇਕ ਮਨੁੱਖ ਰਸਦ ਲਿਆਉਣ ਵਾਲਾ ਹੁੰਦਾ ਹੈ; ਇਹ ਅਕਾਲ ਪੁਰਖ ਦੀ 'ਸੰਜੋਗੁ'-ਰੂਪ ਸੱਤਾ ਸਮਝ ਲਵੋ। ਦੂਜਾ ਵਰਤਾਣ ਵਾਲਾ ਹੁੰਦਾ ਹੈ, ਜੋ 'ਵਿਜੋਗੁ' ਸਤਾ ਹੈ) । ਲੇਖੇ = ਕੀਤੇ ਕਰਮਾਂ ਦੇ ਲੇਖੇ ਅਨੁਸਾਰ। ਆਵਹਿ-ਆਉਂਦੇ ਹਨ, ਮਿਲਦੇ ਹਨ। ਭਾਗ-ਆਪੋ ਆਪਣੇ ਹਿੱਸੇ, ਆਪਣੇ ਆਪਣੇ ਛਾਂਦੇ। (ਜੋਗੀ ਭੰਡਾਰਾ ਵਰਤਾਣ ਵੇਲੇ ਹਰੇਕ ਨੂੰ ਦਰਜਾ-ਬ-ਦਰਜਾ ਛਾਂਦਾ ਦੇਈ ਜਾਂਦੇ ਹਨ, ਅਕਾਲ ਪੁਰਖ ਦੀਆਂ 'ਸੰਜੋਗੁ' 'ਵਿਜੋਗੁ' ਸੱਤਾ ਸਭ ਜੀਵਾਂ ਨੂੰ ਉਹਨਾਂ ਦੇ ਕੀਤੇ ਕਰਮਾਂ ਦੇ ਲੇਖ ਅਨੁਸਾਰ ਸੁਖ ਦੁਖ ਦੇ ਛਾਂਦੇ ਵਰਤਾ ਰਹੀਆਂ ਹਨ) ।

ਅਰਥ: (ਹੇ ਜੋਗੀ! ਜੇ) ਅਕਾਲ ਪੁਰਖ ਦੀ ਸਰਬ-ਵਿਆਪਕਤਾ ਦਾ ਗਿਆਨ ਤੇਰੇ ਲਈ ਭੰਡਾਰਾ (ਚੂਰਮਾ) ਹੋਵੇ, ਦਇਆ ਇਸ (ਗਿਆਨ-ਰੂਪ) ਭੰਡਾਰੇ ਦੀ ਵਰਤਾਈ ਹੋਵੇ, ਹਰੇਕ ਜੀਵ ਦੇ ਅੰਦਰ ਜਿਹੜੀ (ਜ਼ਿੰਦਗੀ ਦੀ ਰੌ ਚੱਲ ਰਹੀ ਹੈ, (ਭੰਡਾਰਾ ਛਕਣ ਵੇਲੇ ਜੇ ਤੇਰੇ ਅੰਦਰ) ਇਹ ਨਾਦੀ ਵੱਜ ਰਹੀ ਹੋਵੇ, ਤੇਰਾ ਨਾਥ ਆਪ ਅਕਾਲ ਪੁਰਖ ਹੋਵੇ, ਜਿਸ ਦੇ ਵੱਸ ਵਿਚ ਸਾਰੀ ਸ੍ਰਿਸ਼ਟੀ ਹੈ, (ਤਾਂ ਕੂੜ ਦੀ ਕੰਧ ਤੇਰੇ ਅੰਦਰੋਂ ਟੁੱਟ ਕੇ ਪਰਮਾਤਮਾ ਨਾਲੋਂ ਤੇਰੀ ਵਿੱਥ ਮਿਟ ਸਕਦੀ ਹੈ। ਜੋਗ ਸਾਧਨਾਂ ਦੀ ਰਾਹੀਂ ਪ੍ਰਾਪਤ ਹੋਈਆਂ ਰਿੱਧੀਆਂ ਵਿਅਰਥ ਹਨ, ਇਹ) ਰਿੱਧੀਆਂ ਤੇ ਸਿੱਧੀਆਂ (ਤਾਂ) ਕਿਸੇ ਹੋਰ ਪਾਸੇ ਖੜਨ ਵਾਲੇ ਸੁਆਦ ਹਨ। ਅਕਾਲ ਪੁਰਖ ਦੀ "ਸੰਜੋਗ" ਸੱਤਾ ਤੇ "ਵਿਜੋਗ" ਸੱਤਾ ਦੋਵੇਂ (ਮਿਲ ਕੇ ਇਸ ਸੰਸਾਰ ਦੀ) ਕਾਰ ਨੂੰ ਚਲਾ ਰਹੀਆਂ ਹਨ (ਭਾਵ, ਪਿਛਲੇ ਸੰਜੋਗਾਂ ਕਰ ਕੇ ਟੱਬਰ ਆਦਿਕਾਂ ਦੇ ਜੀਵ ਇੱਥੇ ਆ ਇਕੱਠੇ ਹੁੰਦੇ ਹਨ। ਰਜ਼ਾ ਵਿਚ ਫਿਰ ਵਿਛੜ ਵਿਛੜ ਕੇ ਆਪੋ-ਆਪਣੀ ਵਾਰੀ ਇੱਥੋਂ ਤੁਰ ਜਾਂਦੇ ਹਨ) ਅਤੇ (ਸਭ ਜੀਵਾਂ ਦੇ ਕੀਤੇ ਕਰਮਾਂ ਦੇ) ਲੇਖ ਅਨੁਸਾਰ (ਦਰਜਾ-ਬ-ਦਰਜਾ ਸੁਖ ਦੁਖ ਦੇ) ਛਾਂਦੇ ਮਿਲ ਰਹੇ ਹਨ (ਜੇ ਇਹ ਯਕੀਨ ਬਣ ਜਾਏ ਤਾਂ ਅੰਦਰੋਂ ਕੂੜ ਦੀ ਕੰਧ ਟੁੱਟ ਜਾਂਦੀ ਹੈ।)

TOP OF PAGE

Sri Guru Granth Darpan, by Professor Sahib Singh