ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 7

ਆਦੇਸੁ ਤਿਸੈ ਆਦੇਸੁ ॥ ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥੨੯॥

ਅਰਥ: (ਸੋ, ਕੂੜ ਦੀ ਕੰਧ ਦੂਰ ਕਰਨ ਲਈ) ਕੇਵਲ ਉਸ (ਅਕਾਲ ਪੁਰਖ) ਨੂੰ ਪ੍ਰਣਾਮ ਕਰੋ, ਜੋ (ਸਭ ਦਾ) ਮੁੱਢ ਹੈ, ਜੋ ਸੁੱਧ ਸਰੂਪ ਹੈ, ਜਿਸ ਦਾ ਕੋਈ ਮੁੱਢ ਨਹੀਂ (ਲੱਭ ਸਕਦਾ) , ਜੋ ਨਾਸ ਰਹਿਤ ਹੈ ਅਤੇ ਜੋ ਸਦਾ ਇਕੋ ਜਿਹਾ ਰਹਿੰਦਾ ਹੈ। 29।

ਭਾਵ: ਸਿਮਰਨ ਦੀ ਬਰਕਤਿ ਨਾਲ ਇਹ ਗਿਆਨ ਪੈਦਾ ਹੋਵੇਗਾ ਕਿ ਪ੍ਰਭੂ ਸਭ ਥਾਂ ਭਰਪੂਰ ਹੈ ਤੇ ਸਭ ਦਾ ਸਾਈਂ ਹੈ, ਉਸ ਦੀ ਰਜ਼ਾ ਵਿਚ ਜੀਵ ਇੱਥੇ ਆ ਇਕੱਠੇ ਹੁੰਦੇ ਹਨ ਤੇ ਰਜ਼ਾ ਵਿਚ ਹੀ ਇਥੋਂ ਤੁਰ ਪੈਂਦੇ ਹਨ। ਇਹ ਗਿਆਨ ਪੈਦਾ ਹੋਇਆ ਖਲਕਤ ਨਾਲ ਪਿਆਰ ਕਰਨ ਦੀ ਜਾਚ ਆਵੇਗੀ। ਜੋਗ-ਅਭਿਆਸ ਦੀ ਰਾਹੀਂ ਪ੍ਰਾਪਤ ਹੋਈਆਂ ਰਿੱਧੀਆਂ ਸਿੱਧੀਆਂ ਨੂੰ ਉੱਚਾ ਜੀਵਨ ਸਮਝ ਲੈਣਾ ਭੁੱਲ ਹੈ। ਇਹ ਤਾਂ ਸਗੋਂ ਕੁਰਾਹੇ ਲੈ ਜਾਂਦੀਆਂ ਹਨ। (ਇਹਨਾਂ ਦੀ ਸਹਾਇਤਾ ਨਾਲ ਜੋਗੀ ਲੋਕ ਆਮ ਜਨਤਾ ਉੱਤੇ ਦਬਾਉ ਪਾ ਕੇ ਉਹਨਾਂ ਨੂੰ ਇਨਸਾਨੀਅਤ ਤੋਂ ਡੇਗਦੇ ਹਨ) । 29।

ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ ॥ ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣੁ ॥

ਪਦ ਅਰਥ: ਏਕਾ = ਇਕੱਲੀ। ਮਾਈ = ਮਾਇਆ। ਜੁਗਤਿ = ਜੁਗਤੀ ਨਾਲ, ਤਰੀਕੇ ਨਾਲ। ਵਿਆਈ = ਪ੍ਰਸੂਤ ਹੋਈ। ਤਿਨਿ = ਇਸ ਲਫ਼ਜ਼ ਦੇ ਤਿੰਨ ਸਰੂਪ ਹਨ: 'ਤਿਨ', ਤਿਨਿ ਅਤੇ 'ਤੀਨਿ'। 'ਤੀਨਿ' ਦਾ ਅਰਥ ਹੈ ਤ੍ਰੈ। 'ਤਿਨਿ' ਦਾ ਅਰਥ ਭੀ 'ਤ੍ਰੈ' ਹੈ, ਪਰ ਇਸ ਦਾ ਅਰਥ ਹੋਰ ਭੀ ਹੈ।

'ਤਿਨ' ਪੜਨਾਂਵ ਬਹੁ-ਵਚਨ ਹੈ ਅਤੇ 'ਤਿਨਿ' ਪੜਨਾਂਵ ਇਕ-ਵਚਨ ਹੈ।

ਇਹਨਾਂ ਦੇ ਟਾਕਰੇ 'ਤੇ 'ਜਿਨ' ਬਹੁ-ਵਚਨ ਤੇ 'ਜਿਨਿ' ਇਕ-ਵਚਨ।

(1) ਤਿਨਿ = ਉਸ ਮਨੁੱਖ ਨੇ (ਇਕ-ਵਚਨ)
'ਜਿਨਿ ਸੇਵਿਆ ਤਿਨਿ ਪਾਇਆ ਮਾਨੁ'।
(ਪਉੜੀ 5

(2) ਤਿਨ = ਉਹਨਾਂ ਮਨੁੱਖਾਂ ਨੇ (ਬਹੁ-ਵਚਨ) ।
ਜਿਨ ਹਰਿ ਜਪਿਆ ਤਿਨ ਫਲੁ ਪਾਇਆ,
ਸਭਿ ਤੂਟੇ ਮਾਇਆ ਫੰਦੇ।3।

ਪਰਵਾਣੁ-ਸ਼ਬਦ 'ਪਰਵਾਣੁ' ਵਲ ਭੀ ਰਤਾ ਗਹੁ ਕਰਨ ਦੀ ਲੋੜ ਹੈ। ਜਪੁਜੀ ਸਾਹਿਬ ਵਿਚ ਇਹ ਸ਼ਬਦ ਹੇਠ-ਲਿਖੀਆਂ ਤੁਕਾਂ ਵਿਚ ਆਇਆ ਹੈ:

(1) ਪੰਚ ਪਰਵਾਣ, ਪੰਚ ਪਰਧਾਨੁ। (ਪਉੜੀ 16)
(2) ਅਮੁਲੁ ਤੁਲੁ, ਅਮੁਲੁ ਪਰਵਾਣੁ। (ਪਉੜੀ 26)
(3) ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ।
(4) ਤਿਥੈ ਸੋਹਨਿ ਪੰਚ ਪਰਵਾਣੁ। (ਪਉੜੀ 34)

ਸੰਸਕ੍ਰਿਤ ਵਿਚ ਇਹ ਸ਼ਬਦ 'ਪ੍ਰਮਾਣ' ਹੈ, ਜਿਸ ਦੇ ਕਈ ਅਰਥ ਹਨ, ਜਿਵੇਂ:

(ੳ) ਵੱਟਾ
(ਅ) ਵਿੱਤ
(ੲ) ਸਬੂਤ, ਗਵਾਹੀ।

(ਸ) ਇਖ਼ਤਿਆਰ ਵਾਲਾ ਮੰਨਿਆ-ਪ੍ਰਮੰਨਿਆ। ਇਸ ਅਰਥ ਵਿਚ ਇਹ ਸ਼ਬਦ ਦੋ ਤਰ੍ਹਾਂ ਵਰਤਿਆ ਜਾਂਦਾ ਹੈ। ਜਿਵੇਂ, 'ਵਿਆਕਰਣੇ ਪਾਣਿਨਿ ਪ੍ਰਮਾਣੰ' ਅਤੇ 'ਵੇਦਾਹ ਪ੍ਰਮਾਣਾਹ', ਭਾਵ, ਇਕ-ਵਚਨ ਵਿਚ ਭੀ ਤੇ ਬਹੁ-ਵਚਨ ਵਿਚ ਭੀ।

ਸੋ, ਤੁਕ ਨੰ: 1 ਵਿਚ 'ਪਰਵਾਣ' (ਬਹੁ-ਵਚਨ) ਦਾ ਅਰਥ ਹੈ 'ਮੰਨੇ-ਪ੍ਰਮੰਨੇ ਹੋਏ'। ਤੁਕ ਨੰ: 2 ਵਿਚ 'ਪਰਵਾਣੁ' (ਇਕ-ਵਚਨ) ਦਾ ਅਰਥ ਹੈ 'ਵੱਟਾ'। ਤੁਕ ਨੰ: 3, 4 ਵਿਚ 'ਪਰਵਾਣੁ' (ਇਕ-ਵਚਨ) ਦਾ ਅਰਥ ਹੈ 'ਮੰਨੇ-ਪ੍ਰਮੰਨੇ ਤੌਰ 'ਤੇ, ਪਰਤੱਖ ਤੌਰ 'ਤੇ'।

ਪਰਵਾਣੁ = ਪਰਤੱਖ। ਸੰਸਾਰੀ = ਘਰਬਾਰੀ। ਭੰਡਾਰੀ = ਭੰਡਾਰੇ ਦਾ ਮਾਲਕ, ਰਿਜ਼ਕ ਦੇਣ ਵਾਲਾ। ਲਾਏ = ਲਾਉਂਦਾ ਹੈ। ਦੀਬਾਣੁ = ਦਰਬਾਰ, ਕਚਹਿਰੀ।

ਅਰਥ: (ਲੋਕਾਂ ਵਿਚ ਇਹ ਖ਼ਿਆਲ ਆਮ ਪ੍ਰਚੱਲਤ ਹੈ ਕਿ) ਇਕੱਲੀ ਮਾਇਆ (ਕਿਸੇ) ਜੁਗਤੀ ਨਾਲ ਪ੍ਰਸੂਤ ਹੋਈ ਤੇ ਪਰਤੱਖ ਤੌਰ 'ਤੇ ਉਸ ਦੇ ਤਿੰਨ ਪੁੱਤਰ ਜੰਮ ਪਏ। ਉਹਨਾਂ ਵਿਚੋਂ ਇਕ (ਬ੍ਰਹਮਾ) ਘਰਬਾਰੀ ਬਣ ਗਿਆ (ਭਾਵ, ਜੀਵ-ਜੰਤਾਂ ਨੂੰ ਪੈਦਾ ਕਰਨ ਲੱਗ ਪਿਆ) , ਇਕ (ਵਿਸ਼ਨੂੰ) ਭੰਡਾਰੇ ਦਾ ਮਾਲਕ ਬਣ ਗਿਆ (ਭਾਵ, ਜੀਵਾਂ ਨੂੰ ਰਿਜ਼ਕ ਅਪੜਾਣ ਦਾ ਕੰਮ ਕਰਨ ਲੱਗਾ) , ਅਤੇ ਇੱਕ (ਸ਼ਿਵ) ਕਚਹਿਰੀ ਲਾਉਂਦਾ ਹੈ (ਭਾਵ, ਜੀਵਾਂ ਨੂੰ ਸੰਘਾਰਦਾ ਹੈ) ।

ਜਿਵ ਤਿਸੁ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣੁ ॥ ਓਹੁ ਵੇਖੈ ਓਨਾ ਨਦਰਿ ਨ ਆਵੈ ਬਹੁਤਾ ਏਹੁ ਵਿਡਾਣੁ ॥

ਪਦ ਅਰਥ: ਜਿਵ = ਜਿਵੇਂ, ਜਿਸ ਤਰ੍ਹਾਂ। ਤਿਸੁ = ਉਸ ਅਕਾਲ ਪੁਰਖ ਨੂੰ। ਚਲਾਵੈ-(ਸੰਸਾਰ ਦੀ ਕਾਰ) ਤੋਰਦਾ ਹੈ। ਫੁਰਮਾਣੁ = ਹੁਕਮ। ਓਹੁ = ਅਕਾਲ ਪੁਰਖ। ਓਨਾ = ਜੀਵਾਂ ਨੂੰ। ਨਦਰਿ ਨ ਆਵੈ = ਦਿਸਦਾ ਨਹੀਂ। ਵਿਡਾਣੁ = ਅਸਚਰਜ ਕੌਤਕ।

ਅਰਥ: (ਪਰ ਅਸਲ ਗੱਲ ਇਹ ਹੈ ਕਿ) ਜਿਵੇਂ ਉਸ ਅਕਾਲ ਪੁਰਖ ਨੂੰ ਭਾਉਂਦਾ ਹੈ ਅਤੇ ਜਿਵੇਂ ਉਸ ਦਾ ਹੁਕਮ ਹੁੰਦਾ ਹੈ, ਤਿਵੇਂ ਹੀ ਉਹ ਆਪ ਸੰਸਾਰ ਦੀ ਕਾਰ ਚਲਾ ਰਿਹਾ ਹੈ, (ਇਹਨਾਂ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਦੇ ਕੁਝ ਹੱਥ ਨਹੀਂ) । ਇਹ ਬੜਾ ਅਸਚਰਜ ਕੌਤਕ ਹੈ ਕਿ ਉਹ ਅਕਾਲ ਪੁਰਖ (ਸਭ ਜੀਵਾਂ ਨੂੰ) ਵੇਖ ਰਿਹਾ ਹੈ ਪਰ ਜੀਵਾਂ ਨੂੰ ਅਕਾਲ ਪੁਰਖ ਨਹੀਂ ਦਿੱਸਦਾ।

ਆਦੇਸੁ ਤਿਸੈ ਆਦੇਸੁ ॥ ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥੩੦॥

ਅਰਥ: (ਸੋ ਬ੍ਰਹਮਾ, ਵਿਸ਼ਨੂੰ, ਸ਼ਿਵ ਆਦਿਕ ਦੇ ਥਾਂ) ਕੇਵਲ ਉਸ (ਅਕਾਲ ਪੁਰਖ) ਨੂੰ ਪ੍ਰਣਾਮ ਕਰੋ ਜੋ (ਸਭ ਦਾ) ਮੁੱਢ ਹੈ, ਜੋ ਸ਼ੁੱਧ ਸਰੂਪ ਹੈ, ਜਿਸ ਦਾ ਕੋਈ ਮੁੱਢ ਨਹੀਂ (ਲੱਭ ਸਕਦਾ) , ਜੋ ਨਾਸ ਰਹਿਤ ਹੈ ਅਤੇ ਜੋ ਸਦਾ ਹੀ ਇਕੋ ਜਿਹਾ ਰਹਿੰਦਾ ਹੈ। (ਇਹੀ ਹੈ ਵਸੀਲਾ ਉਸ ਪ੍ਰਭੂ ਨਾਲੋਂ ਵਿੱਥ ਦੂਰ ਕਰਨ ਦਾ) । 30।

ਭਾਵ: ਜਿਉਂ ਜਿਉਂ ਮਨੁੱਖ ਪ੍ਰਭੂ ਦੀ ਯਾਦ ਵਿੱਚ ਜੁੜਦਾ ਹੈ, ਤਿਉਂ ਤਿਉਂ ਉਸ ਨੂੰ ਇਹ ਖ਼ਿਆਲ ਕੱਚੇ ਜਾਪਦੇ ਹਨ ਕਿ ਬ੍ਰਹਮਾ, ਵਿਸ਼ਨੂੰ, ਸ਼ਿਵ ਆਦਿਕ ਕੋਈ ਵੱਖਰੀਆਂ ਹਸਤੀਆਂ ਜਗਤ ਦਾ ਪਰਬੰਧ ਚਲਾ ਰਹੀਆਂ ਹਨ। ਸਿਮਰਨ ਵਾਲੇ ਨੂੰ ਯਕੀਨ ਹੈ ਕਿ ਪ੍ਰਭੂ ਆਪ ਆਪਣੀ ਰਜ਼ਾ ਵਿਚ ਆਪਣੇ ਹੁਕਮ ਅਨੁਸਾਰ ਜਗਤ ਦੀ ਕਾਰ ਚਲਾ ਰਿਹਾ ਹੈ, ਭਾਵੇਂ ਜੀਵਾਂ ਨੂੰ ਇਹਨਾਂ ਅੱਖਾਂ ਨਾਲ ਉਹ ਦਿੱਸਦਾ ਨਹੀਂ। 30।

ਆਸਣੁ ਲੋਇ ਲੋਇ ਭੰਡਾਰ ॥ ਜੋ ਕਿਛੁ ਪਾਇਆ ਸੁ ਏਕਾ ਵਾਰ ॥ ਕਰਿ ਕਰਿ ਵੇਖੈ ਸਿਰਜਣਹਾਰੁ ॥ ਨਾਨਕ ਸਚੇ ਕੀ ਸਾਚੀ ਕਾਰ ॥

ਪਦ ਅਰਥ: ਆਸਣੁ = ਟਿਕਾਣਾ। ਲੋਇ = ਲੋਕ ਵਿਚ। ਲੋਇ ਲੋਇ = ਹਰੇਕ ਭਵਨ ਵਿਚ। ਆਸਣੁ ਭੰਡਾਰ = ਭੰਡਾਰਿਆਂ ਦਾ ਟਿਕਾਣਾ। ਪਾਇਆ = ਤਉ ਅਕਾਲ ਪੁਰਖ ਨੇ ਪਾ ਦਿੱਤਾ ਹੈ। ਕਰਿ ਕਰਿ = (ਜੀਵਾਂ ਨੂੰ) ਪੈਦਾ ਕਰ ਕੇ। ਵੇਖੈ = ਸੰਭਾਲ ਕਰਦਾ ਹੈ। ਸਿਰਜਣਹਾਰੁ = ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਅਕਾਲ ਪੁਰਖ। ਸਾਚੀ = ਸਦਾ ਅਟੱਲ ਰਹਿਣ ਵਾਲੀ, ਉਕਾਈ ਤੋਂ ਖ਼ਾਲੀ।

ਅਰਥ: ਅਕਾਲ ਪੁਰਖ ਦੇ ਭੰਡਾਰਿਆਂ ਦਾ ਟਿਕਾਣਾ ਹਰੇਕ ਭਵਨ ਵਿਚ ਹੈ (ਭਾਵ, ਹਰੇਕ ਭਵਨ ਵਿਚ ਅਕਾਲ ਪੁਰਖ ਦੇ ਭੰਡਾਰੇ ਚੱਲ ਰਹੇ ਹਨ) । ਜੋ ਕੁਝ (ਅਕਾਲ ਪੁਰਖ ਨੇ ਉਹਨਾਂ ਭੰਡਾਰਿਆਂ ਵਿਚ) ਪਾਇਆ ਹੈ ਇਕੋ ਵਾਰੀ ਪਾ ਦਿੱਤਾ ਹੈ, (ਭਾਵ, ਉਸ ਦੇ ਭੰਡਾਰੇ ਸਦਾ ਅਖੁੱਟ ਹਨ) । ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਅਕਾਲ ਪੁਰਖ (ਜੀਵਾਂ ਨੂੰ) ਪੈਦਾ ਕਰ ਕੇ (ਉਹਨਾਂ ਦੀ) ਸੰਭਾਲ ਕਰ ਰਿਹਾ ਹੈ। ਹੇ ਨਾਨਕ! ਸਦਾ-ਥਿਰ ਰਹਿਣ ਵਾਲੇ (ਅਕਾਲ ਪੁਰਖ) ਦੀ (ਸ੍ਰਿਸ਼ਟੀ ਦੀ ਸੰਭਾਂਲ ਵਾਲੀ) ਇਹ ਕਾਰ ਸਦਾ ਅਟੱਲ ਹੈ (ਉਕਾਈ ਤੋਂ ਖ਼ਾਲੀ ਹੈ) ।

ਆਦੇਸੁ ਤਿਸੈ ਆਦੇਸੁ ॥ ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥੩੧॥

ਅਰਥ: (ਸੋ) ਕੇਵਲ ਉਸ (ਅਕਾਲ ਪੁਰਖ) ਨੂੰ ਪ੍ਰਣਾਮ ਕਰੋ ਜੋ (ਸਭ ਦਾ) ਮੁੱਢ ਹੈ, ਜੋ ਸੁੱਧ-ਸਰੂਪ ਹੈ, ਜਿਸ ਦਾ ਕੋਈ ਮੁੱਢ ਨਹੀਂ (ਲੱਭ ਸਕਦਾ) , ਜੋ ਨਾਸ-ਰਹਿਤ ਹੈ ਅਤੇ ਜੋ ਸਦਾ ਹੀ ਇਕੋ ਜਿਹਾ ਰਹਿੰਦਾ ਹੈ (ਇਹੀ ਹੈ ਤਰੀਕਾ, ਜਿਸ ਨਾਲ ਉਸ ਪ੍ਰਭੂ ਨਾਲੋਂ ਵਿੱਥ ਮਿਟ ਸਕਦੀ ਹੈ) । 31।

ਭਾਵ: ਬੰਦਗੀ ਦੀ ਬਰਕਤਿ ਨਾਲ ਹੀ ਇਹ ਸਮਝ ਪੈਂਦੀ ਹੈ ਕਿ ਭਾਵੇਂ ਕਰਤਾਰ ਦੀ ਪੈਦਾ ਕੀਤੀ ਹੋਈ ਸ੍ਰਿਸ਼ਟੀ ਬੇਅੰਤ ਹੈ, ਫਿਰ ਭੀ ਇਸ ਦੀ ਪਾਲਣਾ ਕਰਨ ਲਈ ਉਸ ਦੇ ਭੰਡਾਰੇ ਭੀ ਬੇਅੰਤ ਹਨ, ਕਦੀ ਮੁੱਕ ਨਹੀਂ ਸਕਦੇ। ਪਰਮਾਤਮਾ ਦੇ ਇਸ ਪਰਬੰਧ ਦੇ ਰਾਹ ਵਿਚ ਕੋਈ ਰੋਕ ਨਹੀਂ ਪੈ ਸਕਦੀ। 31।

ਇਕ ਦੂ ਜੀਭੌ ਲਖ ਹੋਹਿ ਲਖ ਹੋਵਹਿ ਲਖ ਵੀਸ ॥ ਲਖੁ ਲਖੁ ਗੇੜਾ ਆਖੀਅਹਿ ਏਕੁ ਨਾਮੁ ਜਗਦੀਸ ॥

ਪਦ ਅਰਥ: ਇਕੁ ਦੂ = ਇੱਕ ਤੋਂ। ਇਕ ਦੂ ਜੀਭੌ = ਇਕ ਜੀਭ ਤੋਂ। ਹੋਹਿ = ਹੋ ਜਾਣ। ਲਖ = ਲੱਖ (ਜੀਭਾਂ) । ਲਖ ਹੋਵਹਿ = ਲੱਖ ਜੀਭਾਂ ਤੋਂ ਹੋ ਜਾਣ। ਲਖ ਵੀਸ = ਵੀਹ ਲੱਖ। ਗੇੜਾ = ਫੇਰੇ, ਚੱਕਰ। ਆਖੀਅਹਿ = ਆਖੇ ਜਾਣ। ਏਕੁ ਨਾਮੁ ਜਗਦੀਸ = ਜਗਦੀਸ ਦਾ ਇਕ ਨਾਮ। ਜਗਦੀਸ = ਜਗਤ ਦਾ ਈਸ਼, ਜਗਤ ਦਾ ਮਾਲਕ, ਅਕਾਲ ਪੁਰਖ।

ਅਰਥ: ਜੇ ਇੱਕ ਜੀਭ ਤੋਂ ਲੱਖ ਜੀਭਾਂ ਹੋ ਜਾਣ, ਅਤੇ ਲੱਖ ਜੀਭਾਂ ਤੋਂ ਵੀਹ ਲੱਖ ਬਣ ਜਾਣ, (ਇਹਨਾਂ ਵੀਹ ਲੱਖ ਜੀਭਾਂ ਨਾਲ ਜੇ) ਅਕਾਲ ਪੁਰਖ ਦੇ ਇਕ ਨਾਮ ਨੂੰ ਇਕ ਇਕ ਲੱਖ ਵਾਰੀ ਆਖੀਏ (ਤਾਂ ਭੀ ਕੂੜੇ ਮਨੁੱਖ ਦੀ ਇਹ ਕੂੜੀ ਹੀ ਠੀਸ ਹੈ, ਭਾਵ, ਜੇ ਮਨੁੱਖ ਇਹ ਖ਼ਿਆਲ ਕਰੇ ਕਿ ਮੈਂ ਆਪਣੇ ਉੱਦਮ ਦੇ ਆਸਰੇ ਇਸ ਤਰ੍ਹਾਂ ਨਾਮ ਸਿਮਰ ਕੇ ਅਕਾਲ ਪੁਰਖ ਨੂੰ ਪਾ ਸਕਦਾ ਹਾਂ, ਤਾਂ ਇਹ ਝੂਠਾ ਅਹੰਕਾਰ ਹੈ) ।

ਏਤੁ ਰਾਹਿ ਪਤਿ ਪਵੜੀਆ ਚੜੀਐ ਹੋਇ ਇਕੀਸ ॥ ਸੁਣਿ ਗਲਾ ਆਕਾਸ ਕੀ ਕੀਟਾ ਆਈ ਰੀਸ ॥

ਪਦ ਅਰਥ: ਏਤੁ ਰਾਹਿ = ਇਸ ਰਸਤੇ ਵਿਚ, ਅਕਾਲ ਪੁਰਖ ਨੂੰ ਮਿਲਣ ਵਾਲੇ ਰਸਤੇ ਵਿਚ। ਪਤਿ ਪਵੜੀਆ = ਪਤੀ ਦੀਆਂ ਪਉੜੀਆਂ, ਪਤੀ ਨੂੰ ਮਿਲਣ ਵਾਸਤੇ ਜੋ ਪਉੜੀਆਂ ਹਨ। ਚੜੀਐ = ਚੜ੍ਹੀਦਾ ਹੈ, ਚੜ੍ਹ ਸਕੀਦਾ ਹੈ। ਹੋਇ ਇਕੀਸ = ਇਕ ਰੂਪ ਹੋ ਕੇ, ਆਪਾ-ਭਾਵ ਗਵਾ ਕੇ। ਸੁਣਿ = ਸੁਣਿ ਕੇ। ਕੀਟਾ = ਕੀੜਿਆਂ ਨੂੰ।

ਅਰਥ: ਇਸ ਰਸਤੇ ਵਿਚ (ਪਰਮਾਤਮਾ ਨਾਲੋਂ ਵਿੱਥ ਦੂਰ ਕਰਨ ਵਾਲੇ ਰਾਹ ਵਿਚ) ਅਕਾਲ ਪੁਰਖ ਨੂੰ ਮਿਲਣ ਵਾਸਤੇ ਜੋ ਪਉੜੀਆਂ ਹਨ, ਉਹਨਾਂ ਉੱਤੇ ਆਪਾ-ਭਾਵ ਗਵਾ ਕੇ ਹੀ ਚੜ੍ਹ ਸਕੀਦਾ ਹੈ। (ਲੱਖਾਂ ਜੀਭਾਂ ਨਾਲ ਭੀ ਗਿਣਤੀ ਦੇ ਸਿਮਰਨ ਨਾਲ ਕੁਝ ਨਹੀਂ ਬਣਦਾ। ਆਪਾ-ਭਾਵ ਦੂਰ ਕਰਨ ਤੋਂ ਬਿਨਾ ਇਹ ਗਿਣਤੀ ਦੇ ਪਾਠਾਂ ਵਾਲਾ ਉੱਦਮ ਇਉਂ ਹੈ, ਮਾਨੋ,) ਆਕਾਸ਼ ਦੀਆਂ ਗੱਲਾਂ ਸੁਣ ਕੇ ਕੀੜਿਆਂ ਨੂੰ ਭੀ ਇਹ ਰੀਸ ਆ ਗਈ ਹੈ (ਕਿ ਅਸੀਂ ਭੀ ਆਕਾਸ਼ ਤੇ ਅੱਪੜ ਜਾਈਏ) ।

ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ॥੩੨॥

ਪਦ ਅਰਥ: ਨਦਰੀ = ਅਕਾਲ ਪੁਰਖ ਦੀ ਮਿਹਰ ਦੀ ਨਜ਼ਰ ਨਾਲ। ਪਾਈਐ = ਪਾਈਦਾ ਹੈ, ਅਕਾਲ ਪੁਰਖ ਨੂੰ ਪ੍ਰਾਪਤ ਕਰੀਦਾ ਹੈ। ਕੂੜੈ = ਕੂੜੇ ਮਨੁੱਖ ਦੀ। ਕੂੜੀ ਠਸਿ = ਝੂਠੀ ਗੱਪ, ਆਪਣੇ ਆਪ ਦੀ ਝੂਠੀ ਵਡਿਆਈ।

ਅਰਥ: ਹੇ ਨਾਨਕ! ਜੇ ਅਕਾਲ ਪੁਰਖ ਮਿਹਰ ਦੀ ਨਜ਼ਰ ਕਰੇ, ਤਾਂ ਹੀ ਉਸ ਨੂੰ ਮਿਲੀਦਾ ਹੈ, (ਨਹੀਂ ਤਾਂ) ਕੂੜੇ ਮਨੁੱਖ ਦੀ ਆਪਣੇ ਆਪ ਦੀ ਨਿਰੀ ਕੂੜੀ ਹੀ ਵਡਿਆਈ ਹੈ (ਕਿ ਮੈਂ ਸਿਮਰਨ ਕਰ ਰਿਹਾ ਹਾਂ) । 33।

ਭਾਵ: "ਕੂੜ ਦੀ ਪਾਲਿ" ਵਿਚ ਘਿਰਿਆ ਜੀਵ ਦੁਨੀਆ ਦੇ ਚਿੰਤਾ-ਫ਼ਿਕਰਾਂ ਦੁੱਖ-ਕਲੇਸ਼ਾਂ ਦੇ ਟੋਏ ਵਿਚ ਡਿੱਗਾ ਰਹਿੰਦਾ ਹੈ, ਤੇ ਪ੍ਰਭੂ ਦਾ ਨਿਵਾਸ-ਅਸਥਾਨ, ਮਾਨੋ, ਇਕ ਐਸਾ ਉੱਚਾ ਟਿਕਾਣਾ ਹੈ ਜਿਥੇ ਠੰਢ ਹੀ ਠੰਢ, ਸ਼ਾਂਤੀ ਹੀ ਸ਼ਾਂਤੀ ਹੈ। ਇਸ ਨੀਵੇਂ ਥਾਂ ਤੋਂ ਉਸ ਉੱਚੀ ਅਰਸ਼ੀ ਅਵਸਥਾ 'ਤੇ ਮਨੁੱਖ ਤਦੋਂ ਹੀ ਅੱਪੜ ਸਕਦਾ ਹੈ ਜੇ ਸਿਮਰਨ ਦੀ ਪਉੜੀ ਦਾ ਆਸਰਾ ਲਏ, 'ਤੂੰ ਤੂੰ' ਕਰਦਾ 'ਤੂੰ' ਵਿਚ ਆਪਾ ਲੀਨ ਕਰ ਦੇਵੇ। ਇਸ 'ਆਪਾ' ਵਾਰਨ ਤੋਂ ਬਿਨਾ ਇਹ ਸਿਮਰਨ ਵਾਲਾ ਉੱਦਮ ਇਉਂ ਹੀ ਹੈ ਜਿਵੇਂ ਅਕਾਸ਼ ਦੀਆਂ ਗੱਲਾਂ ਸੁਣ ਕੇ ਕੀੜੀਆਂ ਨੂੰ ਭੀ ਉੱਥੇ ਅੱਪੜਨ ਦਾ ਸ਼ੋਕ ਪੈਦਾ ਹੋ ਜਾਏ,ਪਰ ਤੁਰਨ ਆਪਣੀ ਕੀੜੀ ਵਾਲੀ ਰਫ਼ਤਾਰ ਨਾਲ ਹੀ। ਇਹ ਭੀ ਠੀਕ ਹੈ ਕਿ ਪ੍ਰਭੂ ਦੀ ਮਰਜ਼ੀ ਵਿਚ ਆਪਣੀ ਮਰਜ਼ੀ ਨੂੰ ਉਹੀ ਮਨੁੱਖ ਮਿਟਾਂਦੇ ਹਨ ਜਿਨ੍ਹਾਂ ਉਪਰ ਪ੍ਰਭੂ ਦੀ ਮਿਹਰ ਹੋਵੇ। 32।

ਆਖਣਿ ਜੋਰੁ ਚੁਪੈ ਨਹ ਜੋਰੁ ॥ ਜੋਰੁ ਨ ਮੰਗਣਿ ਦੇਣਿ ਨ ਜੋਰੁ ॥ ਜੋਰੁ ਨ ਜੀਵਣਿ ਮਰਣਿ ਨਹ ਜੋਰੁ ॥ ਜੋਰੁ ਨ ਰਾਜਿ ਮਾਲਿ ਮਨਿ ਸੋਰੁ ॥

ਪਦ ਅਰਥ: ਆਖਣਿ = ਆਖਣ ਵਿਚ; ਬੋਲਣ ਵਿਚ। ਚੁਪੈ = ਚੁਪ (ਰਹਿਣ) ਵਿਚ। ਜੋਰੁ = ਸਮਰਥਾ, ਇਖ਼ਤਿਆਰ, ਆਪਣੇ ਮਨ ਦੀ ਮਰਜ਼ੀ। ਮੰਗਣਿ = ਮੰਗਣ ਵਿਚ। ਦੇਣਿ = ਦੇਣ ਵਿਚ। ਜੀਵਣਿ = ਜੀਵਣ ਵਿਚ। ਮਰਣਿ = ਮਰਨ ਵਿਚ। ਰਾਜਿ ਮਾਲਿ = ਰਾਜ ਮਾਲ ਵਿਚ, ਰਾਜ ਮਾਲ ਦੇ ਪ੍ਰਾਪਤ ਕਰਨ ਵਿਚ। ਸੋਰੁ = ਰੌਲਾ, ਫੂੰ-ਫਾਂ।

ਅਰਥ: ਬੋਲਣ ਵਿਚ ਤੇ ਚੁੱਪ ਰਹਿਣ ਵਿਚ ਭੀ ਸਾਡਾ ਕੋਈ ਆਪਣਾ ਇਖ਼ਤਿਆਰ ਨਹੀਂ ਹੈ। ਨਾ ਹੀ ਮੰਗਣ ਵਿਚ ਸਾਡੀ ਮਨ-ਮਰਜ਼ੀ ਚੱਲਦੀ ਹੈ ਅਤੇ ਨਾ ਹੀ ਦੇਣ ਵਿਚ। ਜੀਵਨ ਵਿਚ ਤੇ ਮਰਨ ਵਿਚ ਭੀ ਸਾਡੀ ਕੋਈ ਸਮਰਥਾ (ਕੰਮ ਨਹੀਂ ਦੇਂਦੀ) । ਇਸ ਰਾਜ ਤੇ ਮਾਲ ਦੇ ਪ੍ਰਾਪਤ ਕਰਨ ਵਿਚ ਭੀ ਸਾਡਾ ਕੋਈ ਜ਼ੋਰ ਨਹੀਂ ਚੱਲਦਾ (ਜਿਸ ਰਾਜ ਤੇ ਮਾਲ ਦੇ ਕਾਰਨ ਸਾਡੇ) ਮਨ ਵਿਚ ਫੂੰ-ਫਾਂ ਹੁੰਦੀ ਹੈ।

ਜੋਰੁ ਨ ਸੁਰਤੀ ਗਿਆਨਿ ਵੀਚਾਰਿ ॥ ਜੋਰੁ ਨ ਜੁਗਤੀ ਛੁਟੈ ਸੰਸਾਰੁ ॥ ਜਿਸੁ ਹਥਿ ਜੋਰੁ ਕਰਿ ਵੇਖੈ ਸੋਇ ॥ ਨਾਨਕ ਉਤਮੁ ਨੀਚੁ ਨ ਕੋਇ ॥੩੩॥

ਪਦ ਅਰਥ: ਸੁਰਤੀ = ਸੁਰਤ ਵਿਚ, ਆਤਮਕ ਜਾਗ ਵਿਚ। ਗਿਆਨਿ = ਗਿਆਨ (ਪ੍ਰਾਪਤ ਕਰਨ) ਵਿਚ। ਵੀਚਾਰਿ = ਵੀਚਾਰ (ਕਰਨ) ਵਿਚ। ਜੁਗਤੀ = ਜੁਗਤ ਵਿਚ, ਰਹਿਤ ਵਿਚ। ਛੁਟੈ = ਮੁਕਤ ਹੁੰਦਾ ਹੈ, ਮੁੱਕ ਜਾਂਦਾ ਹੈ।

'ਜਿਸੁ ਹਥਿ .....ਸੋਇ' ਇਸ ਤੁਕ ਨੂੰ ਸਮਝਣ ਲਈ ਸ਼ਬਦ 'ਸੋਇ' ਅਤੇ 'ਕਰਿ ਵੇਖੈ' ਵਲ ਖ਼ਾਸ ਧਿਆਨ ਦੇਣ ਦੀ ਲੋੜ ਹੈ।

ਜਪੁਜੀ ਸਾਹਿਬ ਵਿਚ ਸ਼ਬਦ 'ਸੋਇ' ਹੇਠ-ਲਿਖੀਆਂ ਤੁਕਾਂ ਵਿਚ ਆਉਂਦਾ ਹੈ:

(1) ਆਪੇ ਆਪਿ ਨਿਰੰਜਨੁ ਸੋਇ। (ਪਉੜੀ 5
(2) ਜਾ ਕਰਤਾ ਸਿਰਠੀ ਕਉ ਸਾਜੇ, ਆਪੇ ਜਾਣੈ ਸੋਇ। (ਪਉੜੀ 21
(3) ਤਿਸੁ ਊਚੇ ਕਉ ਜਾਣੈ ਸੋਇ। (ਪਉੜੀ 24
(4) ਨਾਨਕ ਜਾਣੈ ਸਾਚਾ ਸੋਇ। (ਪਉੜੀ 26
(5) ਸੋਈ ਸੋਈ ਸਦਾ ਸਚੁ, ਸਾਹਿਬੁ ਸਾਚਾ, ਸਾਚੀ ਨਾਈ। (ਪਉੜੀ 27
(6) ਕਰਹਿ ਅਨੰਦੁ ਸਚਾ ਮਨਿ ਸੋਇ। (ਪਉੜੀ 37

ਇਹਨਾਂ ਉਪਰਲੀਆਂ ਤੁਕਾਂ ਵਿਚੋਂ ਕੇਵਲ ਪਉੜੀ 24 ਵਾਲੀ ਤੁਕ ਵਿਚ 'ਸੋਇ' ਪਹਿਲੀ ਤੁਕ ਵਾਲੇ 'ਕੋਇ' ਮਨੁੱਖ ਲਈ ਆਖਿਆ ਹੈ, ਬਾਕੀ ਸਭ ਥਾਈਂ 'ਅਕਾਲ ਪੁਰਖ' ਵਾਸਤੇ ਆਇਆ ਹੈ। ਇਸੇ ਹੀ ਅਰਥ ਨੂੰ 'ਕਰਿ ਵੇਖੈ' ਹੋਰ ਪੱਕਾ ਕਰਦਾ ਹੈ। ਵੇਖੈ-ਸੰਭਾਲ ਕਰਦਾ ਹੈ, ਜਿਵੇਂ:

(1) ਗਾਵੈ ਕੋ ਵੇਖੈ ਹਾਦਰਾ ਹਦੂਰਿ। (ਪਉੜੀ 3
(2) ਕਰਿ ਕਰਿ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ। (ਪਉੜੀ 27
(3) ਕਰਿ ਕਰਿ ਵੇਖੈ ਸਿਰਜਣਹਾਰੁ (ਪਉੜੀ 31
(4) ਓਹੁ ਵੇਖੈ ਓਨਾ ਨਦਰਿ ਨ ਆਵੈ, ਬਹੁਤਾ ਏਹੁ ਵਿਡਾਣੁ। (ਪਉੜੀ 27
(5) ਕਰਿ ਕਰਿ ਵੇਖੈ ਨਦਰਿ ਨਿਹਾਲ। (ਪਉੜੀ 37
(6) ਵੇਖੈ ਵਿਗਸੈ ਕਰਿ ਵੀਚਾਰੁ (ਪਉੜੀ 37

ਜਿਸੁ ਹਥਿ = ਜਿਸ ਅਕਾਲ ਪੁਰਖ ਦੇ ਹੱਥ ਵਿਚ। ਕਰਿ ਵੇਖੈ = (ਸ੍ਰਿਸ਼ਟੀ ਨੂੰ) ਰਚ ਕੇ ਸੰਭਾਲ ਕਰ ਰਿਹਾ ਹੈ। ਸੋਇ = ਉਹੀ ਅਕਾਲ ਪੁਰਖ। ਸੰਸਾਰੁ = ਜਨਮ ਮਰਨ।

ਅਰਥ: ਆਤਮਾਕ ਜਾਗ ਵਿਚ,ਗਿਆਨ ਵਿਚ ਅਤੇ ਵਿਚਾਰ ਵਿਚ ਰਹਿਣ ਦੀ ਭੀ ਸਾਡੀ ਸਮਰਥਾ ਨਹੀਂ ਹੈ। ਉਸ ਜੁਗਤੀ ਵਿਚ ਰਹਿਣ ਲਈ ਭੀ ਸਾਡਾ ਇਖ਼ਤਿਆਰ ਨਹੀਂ ਹੈ, ਜਿਸ ਕਰ ਕੇ ਜਨਮ ਮਰਨ ਮੁੱਕ ਜਾਂਦਾ ਹੈ। ਉਹੀ ਅਕਾਲ = ਪੁਰਖ ਰਚਨਾ ਰਚ ਕੇ (ਉਸ ਦੀ ਹਰ ਪਰਕਾਰ) ਸੰਭਾਲ ਕਰਦਾ ਹੈ, ਜਿਸ ਦੇ ਹੱਥ ਵਿਚ ਸਮਰੱਥਾ ਹੈ। ਹੇ ਨਾਨਕ! ਆਪਣੇ ਆਪ ਵਿਚ ਨਾਹ ਕੋਈ ਮਨੁੱਖ ਉੱਤਮ ਹੈ ਅਤੇ ਨਾਹ ਹੀ ਨੀਚ (ਭਾਵ, ਜੀਵਾਂ ਨੂੰ ਸਦਾਚਾਰੀ ਜਾਂ ਦੁਰਾਚਾਰੀ ਬਣਾਣ ਵਾਲਾ ਉਹ ਪ੍ਰਭੂ ਆਪ ਹੀ ਹੈ) (ਜੇ ਸਿਮਰਨ ਦੀ ਬਰਕਤਿ ਨਾਲ ਇਹ ਨਿਸਚਾ ਬਣ ਜਾਏ ਤਾਂ ਹੀ ਪਰਮਾਤਮਾਂ ਨਾਲੋਂ ਜੀਵ ਦੀ ਵਿੱਥ ਦੂਰ ਹੁੰਦੀ ਹੈ) । 33।

ਭਾਵ: ਭਲੇ ਪਾਸੇ ਤੁਰਨਾ ਜਾਂ ਕੁਰਾਹੇ ਪੈ ਜਾਣਾ ਜੀਵਾਂ ਦੇ ਆਪਣੇ ਵੱਸ ਦੀ ਗੱਲ ਨਹੀਂ, ਜਿਸ ਪ੍ਰਭੂ ਨੇ ਪੈਦਾ ਕੀਤੇ ਹਨ ਉਹੀ ਇਹਨਾਂ ਪੁਤਲੀਆਂ ਨੂੰ ਖਿਡਾ ਰਿਹਾ ਹੈ। ਸੋ, ਜੇ ਕੋਈ ਜੀਵ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰ ਰਿਹਾ ਹੈ ਤਾਂ ਇਹ ਪ੍ਰਭੂ ਦੀ ਆਪਣੀ ਮਿਹਰ ਹੈ; ਜੇ ਕੋਈ ਇਸ ਪਾਸੇ ਵਲੋਂ ਖੁੰਝਾ ਪਿਆ ਹੈ ਤਾਂ ਭੀ ਇਹ ਮਾਲਕ ਦੀ ਰਜ਼ਾ ਹੈ। ਜੇ ਅਸੀਂ ਉਸ ਦੇ ਦਰ ਤੋਂ ਦਾਤਾਂ ਮੰਗਦੇ ਹਾਂ ਤਾਂ ਇਹ ਪ੍ਰੇਰਨਾ ਭੀ ਉਹ ਆਪ ਹੀ ਕਰਨ ਵਾਲਾ ਹੈ, ਤੇ ਫਿਰ, ਦਾਤਾਂ ਦੇਂਦਾ ਭੀ ਆਪ ਹੀ ਹੈ। ਜੇ ਕੋਈ ਜੀਵ ਰਾਜ ਤੇ ਧਨ ਦੇ ਮਦ ਵਿਚ ਮੱਤਾ ਪਿਆ ਹੈ,ਇਹ ਭੀ ਰਜ਼ਾ ਪ੍ਰਭੂ ਦੀ ਹੀ ਹੈ; ਜੇ ਕਿਸੇ ਦੀ ਸੁਰਤ ਪ੍ਰਭੂ-ਚਰਨਾਂ ਵਿਚ ਹੈ ਤੇ ਜੀਵਨ-ਜੁਗਤਿ ਸੁਥਰੀ ਹੈ ਤਾਂ ਇਹ ਮਿਹਰ ਭੀ ਪ੍ਰਭੂ ਦੀ ਹੀ ਹੈ। 33।

ਰਾਤੀ ਰੁਤੀ ਥਿਤੀ ਵਾਰ ॥ ਪਵਣ ਪਾਣੀ ਅਗਨੀ ਪਾਤਾਲ ॥ ਤਿਸੁ ਵਿਚਿ ਧਰਤੀ ਥਾਪਿ ਰਖੀ ਧਰਮ ਸਾਲ ॥ ਤਿਸੁ ਵਿਚਿ ਜੀਅ ਜੁਗਤਿ ਕੇ ਰੰਗ ॥ ਤਿਨ ਕੇ ਨਾਮ ਅਨੇਕ ਅਨੰਤ ॥

ਪਦ ਅਰਥ: ਰਾਤੀ = ਰਾਤਾਂ। ਰੁਤੀ = ਰੁੱਤਾਂ। ਥਿਤੀ = ਥਿੱਤਾਂ। ਵਾਰ = ਦਿਹਾੜੇ, ਦਿਨ। ਪਵਣ = ਸਭ ਪ੍ਰਕਾਰ ਦੀ ਹਵਾ। ਪਾਤਾਲ = ਸਾਰੇ ਪਾਤਾਲ। ਤਿਸੁ ਵਿਚਿ = ਇਹਨਾਂ ਸਾਰਿਆਂ ਦੇ ਸਮੁਦਾਇ ਵਿਚ। ਇੱਥੇ 'ਤਿਸੁ' ਵਲ ਖ਼ਾਸ ਧਿਆਨ ਦੇਣ ਦੀ ਲੋੜ ਹੈ। ਪਹਿਲੀ ਤੁਕ ਦੇ ਸਾਰੇ ਸ਼ਬਦ ਬਹੁ-ਵਚਨ ਵਿਚ ਹਨ। 'ਤਿਸੁ' ਇਕ-ਵਚਨ ਹੈ, ਜਿਸ ਦਾ ਅਰਥ ਹੈ: 'ਸਾਰਿਆਂ ਦਾ ਇਕੱਠ'। ਥਾਪਿ ਰਖੀ = ਥਾਪ ਕੇ ਰੱਖ ਦਿੱਤੀ ਹੈ, ਰਛ ਕੇ ਟਿਕਾ ਦਿੱਤੀ ਹੈ। ਧਰਮਸਾਲ = ਧਰਮ ਕਮਾਣ ਦਾ ਅਸਥਾਨ। ਤਿਸੁ ਵਿਚਿ = ਉਸ ਧਰਤੀ ਉੱਤੇ। ਜੀਅ = ਜੀਵ ਜੰਤ। ਜੀਅ ਜੁਗਤਿ = ਜੀਵਾਂ ਦੀ ਜੁਗਤੀ, ਜੀਵਾਂ ਦੇ ਰਹਿਣ ਦੀ ਜੁਗਤੀ (ਬਣਾ ਦਿੱਤੀ) ਹੈ।

ਕੇ ਰੰਗ-ਇਸ 'ਕੇ ਰੰਗ' ਨੂੰ ਸਮਝਣ ਲਈ ਹੇਠ-ਲਿਖੀਆਂ ਤੁਕਾਂ ਨੂੰ ਗਹੁ ਨਾਲ ਵਿਚਾਰਨਾ ਜ਼ਰੂਰੀ ਹੈ:

(1) ਜੀਅ ਜਾਤਿ ਰੰਗਾ ਕੇ ਨਾਵ। ਸਭਨਾ ਲਿਖਿਆ ਵੁੜੀ ਕਲਾਮ। (ਪਉੜੀ 16
(2) ਤਿਥੈ ਭਗਤ ਵਸਹਿ ਕੇ ਲੋਅ। (ਪਉੜੀ 37
(3) ਜੇ ਤਿਸੁ ਨਦਰਿ ਨ ਆਵਈ, ਤ ਵਾਤ ਨ ਪੁਛੈ ਕੇ। (ਪਉੜੀ 7
(4) ਆਪੇ ਜਾਣੈ ਆਪੇ ਦੇਇ। ਆਖਹਿ ਸਿ ਭਿ ਕੇਈ ਕੇਇ। (ਪਉੜੀ 25
(5) ਏਤੇ ਕੀਤੇ ਹੋਰਿ ਕਰੇਹਿ। ਤਾ ਆਖਿ ਨ ਸਕਹਿ ਕੇਈ ਕੇਇ। (ਪਉੜੀ 26
(6) ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ।

ਇਹਨਾਂ ਸਾਰੀਆਂ ਤੁਕਾਂ ਵਿਚ 'ਕੇ' ਦਾ ਅਰਥ ਹੈ 'ਕਈ'; 'ਨ ਕੇ' ਅਰਥ ਹੈ 'ਕੋਈ ਭੀ ਨਹੀਂ'। ਪਉੜੀ ਨੰ: 21 ਵਿਚ 'ਕੇਈ ਕੇਇ' ਵਰਤਿਆ ਗਿਆ ਹੈ, ਅੱਜ ਕੱਲ ਦੀ ਪੰਜਾਬੀ ਵਿਚ ਭੀ ਅਸੀਂ 'ਕਈ ਕਈ' ਆਖਦੇ ਹਾਂ।

ਜਿਵੇਂ 'ਕੇ ਰੰਗ' ਦਾ ਅਰਥ ਹੈ 'ਕਈ ਰੰਗਾਂ ਦੇ', ਤਿਵੇਂ 'ਕੇ ਨਾਵ' ਦਾ ਅਰਥ ਹੈ 'ਕਈ ਨਾਵਾਂ ਵਾਲੇ', 'ਕੇ ਲੋਅ' ਦਾ ਅਰਥ 'ਕਈ ਲੋਕਾਂ ਦੇ, ਕਈ ਭਾਵਨਾਂ ਦੇ'।

ਕੇ ਰੰਗ = ਕਈ ਰੰਗਾਂ ਦੇ। ਤਿਨ ਕੇ = ਉਹਨਾਂ ਜੀਵਾਂ ਦੇ। ਅਨੰਤ = ਬੇਅੰਤ।

ਅਰਥ: ਰਾਤਾਂ, ਰੁੱਤਾਂ, ਥਿਤਾਂ ਅਤੇ ਵਾਰ, ਹਵਾ, ਪਾਣੀ, ਅੱਗ ਅਤੇ ਪਾਤਾਲ, ਇਹਨਾਂ ਸਾਰਿਆਂ ਦੇ ਇਕੱਠ ਵਿਚ (ਅਕਾਲ ਪੁਰਖ ਨੇ) ਧਰਤੀ ਨੂੰ ਧਰਮ ਕਮਾਣ ਦਾ ਅਸਥਾਨ ਬਣਾ ਕੇ ਟਿਕਾ ਦਿੱਤਾ ਹੈ। ਇਸ ਧਰਤੀ ਉੱਤੇ ਕਈ ਜੁਗਤੀਆਂ ਅਤੇ ਰੰਗਾਂ ਦੇ ਜੀਵ (ਵੱਸਦੇ ਹਨ) , ਜਿਨ੍ਹਾਂ ਦੇ ਅਨੇਕਾਂ ਤੇ ਅਨਗਿਣਤ ਹੀ ਨਾਮ ਹਨ।

ਕਰਮੀ ਕਰਮੀ ਹੋਇ ਵੀਚਾਰੁ ॥ ਸਚਾ ਆਪਿ ਸਚਾ ਦਰਬਾਰੁ ॥ ਤਿਥੈ ਸੋਹਨਿ ਪੰਚ ਪਰਵਾਣੁ ॥ ਨਦਰੀ ਕਰਮਿ ਪਵੈ ਨੀਸਾਣੁ ॥

ਪਦ ਅਰਥ: ਕਰਮੀ ਕਰਮੀ = ਜੀਵਾਂ ਦੇ ਕੀਤੇ ਕਰਮਾਂ ਅਨੁਸਾਰ। ਤਿਥੈ = ਅਕਾਲ ਪੁਰਖ ਦੇ ਦਰਬਾਰ ਵਿਚ। ਸੋਹਨਿ = ਸੋਭਦੇ ਹਨ। ਪਰਵਾਣੁ = ਪਰਤੱਖ ਤੌਰ 'ਤੇ। ਨਦਰੀ = ਮਿਹਰ ਦੀ ਨਜ਼ਰ ਕਰਨ ਵਾਲਾ ਅਕਾਲ ਪੁਰਖ। ਕਰਮਿ = ਕਰਮ ਦੁਆਰਾ, ਬਖ਼ਸ਼ਸ਼ ਨਾਲ। ਨਦਰੀ ਕਰਮਿ = ਅਕਾਲ ਪੁਰਖ ਦੀ ਬਖ਼ਸ਼ਸ਼ ਨਾਲ। ਪਵੈ ਨੀਸਾਣੁ = ਨਿਸ਼ਾਨ ਪੈ ਜਾਂਦਾ ਹੈ, ਨਿਸ਼ਾਨ ਲੱਗ ਜਾਂਦਾ ਹੈ, ਵਡਿਆਈ ਦਾ ਚਿਹਨ (ਮੱਥੇ 'ਤੇ) ਚਮਕ ਪੈਂਦਾ ਹੈ।

ਅਰਥ: (ਇਹਨਾਂ ਅਨੇਕਾਂ ਨਾਵਾਂ ਤੇ ਰੰਗਾਂ ਵਾਲੇ ਜੀਵਾਂ ਦੇ) ਆਪੋ-ਆਪਣੇ ਕੀਤੇ ਹੋਏ ਕਰਮਾਂ ਅਨੁਸਾਰ (ਅਕਾਲ ਪੁਰਖ ਦੇ ਦਰ ਤੇ) ਨਿਬੇੜਾ ਹੁੰਦਾ ਹੈ (ਜਿਸ ਵਿਚ ਕੋਈ ਉਕਾਈ ਨਹੀਂ ਹੁੰਦੀ, ਕਿਉਂਕਿ ਨਿਆਂ ਕਰਨ ਵਾਲਾ) ਅਕਾਲ ਪੁਰਖ ਆਪ ਸੱਚਾ ਹੈ, ਉਸਦਾ ਦਰਬਾਰ ਭੀ ਸੱਚਾ ਹੈ। ਉਸ ਦਰਬਾਰ ਵਿਚ ਸੰਤ ਜਨ ਪਰਤੱਖ ਤੌਰ 'ਤੇ ਸੋਭਦੇ ਹਨ, ਅਤੇ ਮਿਹਰ ਦੀ ਨਜ਼ਰ ਕਰਨ ਵਾਲੇ ਅਕਾਲ ਪੁਰਖ ਦੀ ਬਖਸ਼ਸ਼ ਨਾਲ (ਉਹਨਾਂ ਸੰਤ ਜਨਾਂ ਦੇ ਮੱਥੇ ਉਤੇ) ਵਡਿਆਈ ਦਾ ਨਿਸ਼ਾਨ ਚਮਕ ਪੈਂਦਾ ਹੈ।

ਕਚ ਪਕਾਈ ਓਥੈ ਪਾਇ ॥ ਨਾਨਕ ਗਇਆ ਜਾਪੈ ਜਾਇ ॥੩੪॥

ਪਦ ਅਰਥ: ਕਚ = ਕਚਿਆਈ। ਪਕਾਈ = ਪਕਿਆਈ। ਓਥੈ = ਅਕਾਲ ਪੁਰਖ ਦੀ ਦਰਗਾਹ ਵਿਚ। ਪਾਇ = ਪਾਈ ਜਾਂਦੀ ਹੇ, ਪਤਾ ਲਗਦੀ ਹੈ। ਗਇਆ = ਜਾ ਕੇ ਹੀ, ਅੱਪੜ ਕੇ ਹੀ। ਜਾਪੈ ਜਾਇ = ਜਾਣਿਆ ਜਾਂਦਾ ਹੈ, ਵੇਖਿਆ ਜਾਂਦਾ ਹੈ, ਖ਼ਬਰ ਪੈਂਦੀ ਹੈ।

ਅਰਥ: (ਇੱਥੇ ਸੰਸਾਰ ਵਿਚ ਕਿਸੇ ਦਾ ਵੱਡਾ ਛੋਟਾ ਅਖਵਾਣਾ ਕਿਸੈ ਅਰਥ ਨਹੀਂ, ਇਹਨਾਂ ਦੀ) ਕਚਿਆਈ ਪਕਿਆਈ ਅਕਾਲ ਪੁਰਖ ਦੇ ਦਰ ਤੇ ਜਾ ਕੇ ਮਲੂਮ ਹੁੰਦੀ ਹੈ। ਹੇ ਨਾਨਕ! ਅਕਾਲ ਪੁਰਖ ਦੇ ਦਰ 'ਤੇ ਗਿਆਂ ਹੀ ਸਮਝ ਅਉਂਦੀ ਹੈ (ਕਿ ਅਸਲ ਵਿਚ ਕੌਣ ਪੱਕਾ ਹੈ ਤੇ ਕੌਣ ਕੱਚਾ) ।

ਭਾਵ: ਜਿਸ ਮਨੁੱਖ ਉੱਤੇ ਪ੍ਰਭੂ ਦੀ ਬਖ਼ਸ਼ਸ਼ ਹੁੰਦੀ ਹੈ ਉਸ ਨੂੰ ਪਹਿਲਾਂ ਇਹ ਸਮਝ ਪੈਂਦੀ ਹੈ ਕਿ ਮਨੁੱਖ ਇਸ ਧਰਤੀ 'ਤੇ ਕੋਈ ਖ਼ਾਸ ਫ਼ਰਜ਼ ਨਿਬਾਹੁਣ ਆਇਆ ਹੈ। ਇੱਥੇ ਜੋ ਅਨੇਕਾਂ ਜੀਵ ਪੈਦਾ ਹੁੰਦੇ ਹਨ ਇਹਨਾਂ ਸਭਨਾਂ ਦੇ ਆਪੋ ਆਪਣੇ ਕੀਤੇ ਕਰਮਾਂ ਅਨੁਸਾਰ ਇਹ ਨਿਬੇੜਾ ਹੁੰਦਾ ਹੈ ਕਿ ਕਿਸ ਕਿਸ ਨੇ ਮਨੁੱਖਾ-ਜਨਮ ਦੇ ਮਨੋਰਥ ਨੂੰ ਪੂਰਾ ਕੀਤਾ ਹੈ। ਜਿਨ੍ਹਾਂ ਦੀ ਮਿਹਨਤ ਕਬੂਲ ਪੈਂਦੀ ਹੈ, ਉਹ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਪਾਂਦੇ ਹਨ। ਇੱਥੇ ਸੰਸਾਰ ਵਿਚ ਕਿਸੇ ਦਾ ਵੱਡਾ ਛੋਟਾ ਅਖਵਾਣਾ ਕਿਸੇ ਅਰਥ ਨਹੀਂ।

ਨੋਟ: ਉੱਪਰ ਦੱਸੀ ਵਿਚਾਰ ਆਤਮਕ ਰਸਤੇ ਵਿਚ ਜੀਵ ਦੀ ਪਹਿਲੀ ਅਵਸਥਾ, ਜਿੱਥੇ ਇਹ ਆਪਣੇ ਫ਼ਰਜ਼ ਨੂੰ ਪਛਾਣਦਾ ਹੈ। ਇਸ ਆਤਮਕ ਅਵਸਥਾ ਦਾ ਨਾਮ 'ਧਰਮ ਖੰਡ' ਹੈ।

ਧਰਮ ਖੰਡ ਕਾ ਏਹੋ ਧਰਮੁ ॥ ਗਿਆਨ ਖੰਡ ਕਾ ਆਖਹੁ ਕਰਮੁ ॥

ਪਦ ਅਰਥ: ਧਰਮੁ = ਮਨਤਵ, ਕਰਤੱਬ। ਆਖਹੁ = ਦੱਸੋ, ਵਰਣਨ ਕਰੋ, ਸਮਝ ਲਵੋ। ਕਰਮ = ਕੰਮ, ਕਰਤੱਬ। ਏਹੋ = ਇਹੀ ਜੋ ਉਪਰ ਦਸਿਆ ਗਿਆ ਹੈ।

ਅਰਥ: ਧਰਮ ਖੰਡ ਦਾ ਨਿਰਾ ਇਹੀ ਕਰਤੱਬ ਹੈ, (ਜੋ ਉੱਪਰ ਦੱਸਿਆ ਗਿਆ ਹੈ) । ਹੁਣ ਗਿਆਨ ਖੰਡ ਦਾ ਕਰਤੱਬ (ਭੀ) ਸਮਝ ਲਵੋ (ਜੋ ਅਗਲੀਆਂ ਤੁਕਾਂ ਵਿਚ ਹੈ) ।

ਨੋਟ: ਸਤਿਗੁਰੂ ਜੀ ਪਉੜੀ 34 ਤੋਂ 37 ਤਾਈਂ ਮਨੁੱਖ ਦੀ ਆਤਮਕ ਅਵਸਥਾ ਦੇ ਪੰਜ ਹਿੱਸੇ ਦੱਸਦੇ ਹਨ: ਧਰਮ ਖੰਡ, ਗਿਆਨ ਖੰਡ, ਸਰਮ ਖੰਡ, ਕਰਮ ਖੰਡ ਅਤੇ ਸਚਖੰਡ।

ਇਹਨਾਂ ਚਾਰ ਪਉੜੀਆਂ ਵਿਚ ਜ਼ਿਕਰ ਹੈ ਕਿ ਪ੍ਰਭੂ ਦੀ ਮਿਹਰ ਨਾਲ ਮਨੁੱਖ ਸਾਧਾਰਨ ਹਾਲਤ ਤੋਂ ਉੱਚਾ ਹੋ ਹੋ ਕੇ ਕਿਵੇਂ ਪ੍ਰਭੂ ਨਾਲ ਇੱਕ-ਰੂਪ ਹੋ ਜਾਂਦਾ ਹੈ। ਪਹਿਲਾਂ ਮਨੁੱਖ ਦੁਨੀਆ ਦੇ ਵਿਸ਼ੇ-ਵਿਕਾਰਾਂ ਵਲੋਂ ਪਰਤ ਕੇ 'ਆਤਮਾ' ਵੱਲ ਝਾਤੀ ਮਾਰਦਾ ਹੈ, ਤੇ ਇਹ ਸੋਚਦਾ ਹੈ ਕਿ ਮੇਰੇ ਜੀਵਨ ਦਾ ਕੀਹ ਪ੍ਰਯੋਜਨ ਹੈ, ਮੈਂ ਸੰਸਾਰ ਵਿਚ ਕਿਉਂ ਆਇਆ ਹਾਂ, ਮੇਰਾ ਕੀਹ ਫ਼ਰਜ਼ ਹੈ। ਇਸ ਅਵਸਥਾ ਵਿਚ ਮਨੁੱਖ ਇਹ ਵਿਚਾਰਦਾ ਹੈ ਕਿ ਇਸ ਧਰਤੀ ਉੱਤੇ ਜੀਵ ਧਰਮ ਕਮਾਉਣ ਲਈ ਆਏ ਹਨ; ਅਕਾਲ ਪੁਰਖ ਦੇ ਦਰ 'ਤੇ ਜੀਵਾਂ ਦੇ ਆਪੋ ਆਪਣੇ ਕੀਤੇ ਕਰਮਾਂ ਅਨੁਸਾਰ ਨਿਬੇੜਾ ਹੁੰਦਾ ਹੈ। ਜਿਨ੍ਹਾਂ ਗੁਰਮੁਖਾਂ ਉੱਤੇ ਅਕਾਲ ਪੁਰਖ ਦੀ ਬਖ਼ਸ਼ਸ਼ ਹੁੰਦੀ ਹੈ। ਉਹ ਉਸ ਦੀ ਹਜ਼ੂਰੀ ਵਿਚ ਸੋਭਦੇ ਹਨ। ਇੱਥੇ ਦੁਨੀਆ ਵਿਚ ਆਦਰ ਜਾਂ ਨਿਰਾਦਰੀ ਕੋਈ ਮੁੱਲ ਨਹੀਂ ਰੱਖਦੇ, ਉਹੀ ਆਦਰ ਵਾਲੇ ਹਨ ਜੋ ਅਕਾਲ ਪੁਰਖ ਦੇ ਦਰ 'ਤੇ ਪ੍ਰਵਾਨ ਹਨ।

ਜਿਉਂ ਜਿਉਂ ਮਨੁੱਖ ਦੀ ਸੁਰਤਿ ਇਹੋ ਜਿਹੇ ਖ਼ਿਆਲਾਂ ਵਿਚ ਜੁੜਦੀ ਹੈ, ਤਿਉਂ ਤਿਉਂ ਉਸ ਅੰਦਰੋਂ 'ਸੁਆਰਥ' ਦੀ ਗੰਢ ਖੁਲ੍ਹਦੀ ਜਾਂਦੀ ਹੈ। ਮਨੁੱਖ ਪਹਿਲਾਂ ਮਾਇਆ ਵਿਚ ਮਸਤ ਰਹਿਣ ਕਰਕੇ ਆਪਣੇ ਆਪ ਨੂੰ ਜਾਂ ਆਪਣੇ ਪ੍ਰਵਾਰ ਨੂੰ ਹੀ 'ਆਪਣਾ' ਜਾਣਦਾ ਸੀ ਤੇ ਇਹਨਾਂ ਤੋਂ ਪਰੇ ਹੋਰ ਕਿਸੇ ਵਿਚਾਰ ਵਿਚ ਨਹੀਂ ਸੀ ਪੈਂਦਾ, ਹੁਣ ਆਪਣਾ 'ਧਰਮ' ਸਮਝਣ ਤੇ ਆਪਣੀ ਵਾਕਫ਼ੀਅਤ ਨੂੰ ਵਧਾਣ ਦਾ ਜਤਨ ਕਰਦਾ ਹੈ। ਵਿੱਦਿਆ ਤੇ ਵਿਚਾਰ ਦੇ ਬਲ ਨਾਲ ਅਕਾਲ ਪੁਰਖ ਦੀ ਬੇਅੰਤ ਕੁਦਰਤ ਦਾ ਨਕਸ਼ਾ ਅੱਖਾਂ ਅੱਗੇ ਲਿਆਉਣ ਲੱਗ ਪੈਂਦਾ ਹੈ। ਗਿਆਨ ਦੀ ਹਨੇਰੀ ਆ ਜਾਂਦੀ ਹੈ, ਜਿਸ ਦੇ ਅੱਗੇ ਸਭ ਭਰਮ ਵਹਿਮ ਉੱਡ ਜਾਂਦੇ ਹਨ। ਜਿਉਂ ਜਿਉਂ ਅੰਦਰ ਵਿੱਦਿਆ ਦੁਆਰਾ ਸਮਝ ਵਧਦੀ ਹੈ, ਤਿਉਂ ਤਿਉਂ ਉਹ ਆਨੰਦ ਮਿਲਦਾ ਹੈ, ਜੋ ਪਹਿਲਾਂ ਮਾਇਆ ਦੇ ਪਦਾਰਥਾਂ ਵਿਚ ਨਹੀਂ ਸੀ ਮਿਲਦਾ। ਆਤਮਕ ਪੈਂਡੇ ਵਿਚ ਇਸ ਅਵਸਥਾ ਦਾ ਨਾਮ 'ਗਿਆਨ ਖੰਡ' ਹੈ।

ਪਰ ਇਸ ਰਾਹੇ ਪੈ ਕੇ ਮਨੁੱਖ ਨਿਰਾ ਇਥੇ ਹੀ ਬੱਸ ਨਹੀਂ ਕਰ ਦੇਂਦਾ। ਬਾਣੀ ਦੀ ਵਿਚਾਰ ਉਸ ਨੂੰ ਉੱਦਮ ਵੱਲ ਪ੍ਰੇਰਦੀ ਹੈ। ਨਿਰਾ ਅਕਲ ਨਾਲ ਸਮਝ ਲੈਣਾ ਕਾਫੀ ਨਹੀਂ। ਮਨ ਦਾ ਪਹਿਲਾ ਸੁਭਾਉ, ਪਹਿਲੀਆਂ ਭੈੜੀਆਂ ਵਾਦੀਆਂ ਨਿਰੀ 'ਸਮਝ' ਨਾਲ ਨਹੀਂ ਹਟ ਸਕਦੀਆਂ। ਇਸ ਪਹਿਲੀ ਘਾੜਤ ਨੂੰ, ਇਹਨਾਂ ਪਹਿਲੇ ਸੰਸਕਾਰਾਂ ਨੂੰ ਤੋੜ ਕੇ, ਅੰਦਰ ਨਵੀਂ ਘਾੜਤ ਘੜਨੀ ਹੈ, ਅੰਦਰ ਉੱਚੀ ਸੁਰਤ ਵਾਲੇ ਸੰਸਕਾਰ ਜਮਾਣੇ ਹਨ। ਅੰਮ੍ਰਿਤ ਵੇਲੇ ਜਾਗਣ ਆਦਿਕ, ਇਹ ਮਿਹਨਤ ਕਰਨੀ ਹੈ। ਗਿਆਨ ਖੰਡ ਵਿਚ ਅੱਪੜਿਆ ਹੋਇਆ ਮਨੁੱਖ ਜਿਉਂ ਜਿਉਂ ਇਹ ਮਿਹਨਤ ਕਰਦਾ ਹੈ, ਜਿਉਂ ਜਿਉਂ ਗੁਰਮਤਿ ਵਾਲੀ ਨਵੀਂ ਘਾਲ ਘਾਲਦਾ ਹੈ, ਤਿਉਂ ਤਿਉਂ ਉਹਦੇ ਮਨ ਨੂੰ , ਮਾਨੋ, ਸੋਹਣਾ ਰੂਪ ਚੜ੍ਹਦਾ ਹੈ, ਕਾਇਆਂ ਕੰਚਨ ਵਰਗੀ ਹੋਣ ਲੱਗ ਪੈਂਦੀ ਹੈ, ਚਵੱਗਣ ਵੰਨ ਚੜ੍ਹਨ ਲੱਗ ਜਾਂਦਾ ਹੈ। ਉੱਚੀ ਸੁਰਤ ਤੇ ਉੱਚੀ ਅਕਲ ਹੋ ਜਾਂਦੀ ਹੈ, ਮਨ ਵਿਚ ਜਾਗ ਆ ਜਾਂਦੀ ਹੈ। ਮਨੁੱਖ ਨੂੰ ਦੇਵਤਿਆਂ ਤੇ ਸਿੱਧਾਂ ਵਾਲੀ ਸੋਝੀ ਪੈ ਜਾਂਦੀ ਹੈ। ਇਹ 'ਸਰਮ ਖੰਡ' ਹੈ।

ਬੱਸ, ਫੇਰ ਕੀਹ ਹੈ! ਮਾਲਕ ਦੀ ਮਿਹਰ ਹੋ ਜਾਂਦੀ ਹੈ। ਅੰਦਰ ਅਕਾਲ ਪੁਰਖ ਬਲ ਭਰ ਦੇਂਦਾ ਹੈ, ਆਤਮਾ ਵਿਕਾਰਾਂ ਵੰਨੀ ਡੋਲਦਾ ਨਹੀਂ। ਬਾਹਰ ਭੀ ਸਭ ਥਾਈਂ ਉਹੀ ਸਿਰਜਨਹਾਰ ਹੀ ਦਿੱਸਦਾ ਹੈ, ਮਨ ਸਦਾ ਨਿਰੰਕਾਰ ਦੀ ਯਾਦ ਵਿਚ ਪਰੋਤਾ ਰਹਿੰਦਾ ਹੈ। ਉਹਨਾਂ ਨੂੰ ਫੇਰ ਜੰਮਣ ਮਰਨ ਦਾ ਭਉ ਕਾਹਦਾ? ਉਹਨਾਂ ਦੇ ਮਨ ਵਿਚ ਸਦਾ ਖਿੜਾਉ ਹੀ ਖਿੜਾਉ ਰਹਿੰਦਾ ਹੈ। ਇਹ 'ਕਰਮ ਖੰਡ'ਹੈ।

ਅਕਾਲ ਪੁਰਖ ਦੀ ਮਿਹਰ ਦੇ ਪਾਤਰ ਬਣ ਕੇ ਆਖ਼ਰ ਪੰਜਵੇਂ ਖੰਡ ਵਿਚ ਜਾ ਨਿਵਾਸ ਹੁੰਦਾ ਹੈ, ਭਾਵ ਅਕਾਲ ਪੁਰਖ ਨਾਲ ਇਕ-ਮਿਕ ਹੋ ਜਾਂਦੇ ਹਨ। ਧੁਰ ਉਸ ਜੋਤਿ ਦੀ ਹਜ਼ੂਰੀ ਵਿਚ ਅੱਪੜ ਜਾਂਦੇ ਹਨ, ਜੋ ਸਾਰੇਆਂ ਜੀਆਂ ਦੀ ਸੰਭਾਲ ਕਰ ਰਿਹਾ ਹੈ ਅਤੇ ਜਿਸ ਦਾ ਹੁਕਮ ਸਾਰੇ ਵਰਤ ਰਿਹਾ ਹੈ।

ਕੇਤੇ ਪਵਣ ਪਾਣੀ ਵੈਸੰਤਰ ਕੇਤੇ ਕਾਨ ਮਹੇਸ ॥ ਕੇਤੇ ਬਰਮੇ ਘਾੜਤਿ ਘੜੀਅਹਿ ਰੂਪ ਰੰਗ ਕੇ ਵੇਸ ॥

ਪਦ ਅਰਥ: ਕੇਤੇ = ਕਈ, ਬੇਅੰਤ। ਵੈਸੰਤਰ = ਅਗਨੀਆਂ। ਮਹੇਸ = (ਕਈ) ਸ਼ਿਵ। ਬਰਮੇ = ਕਈ ਬ੍ਰਹਮਾ। ਘਾੜਤਿ ਘੜੀਅਹਿ = ਘਾੜਤ ਵਿਚ ਘੜੀਦੇ ਹਨ, ਪੈਦਾ ਕੀਤੇ ਜਾ ਰਹੇ ਹਨ। ਕੇ ਵੇਸ = ਕਈ ਵੇਸਾਂ ਦੇ (ਇਸ 'ਕੇ' ਦੇ ਅਰਥ ਲਈ ਵੇਖੋ ਪਿਛਲੀ ਪਉੜੀ ਨੰ:34) ।

ਅਰਥ: (ਅਕਾਲ ਪੁਰਖ ਦੀ ਰਚਨਾ ਵਿਚ) ਕਈ ਪ੍ਰਕਾਰ ਦੇ ਪਉਣ, ਪਾਣੀ ਤੇ ਅਗਨੀਆਂ ਹਨ, ਕਈ ਕ੍ਰਿਸ਼ਨ ਹਨ ਤੇ ਕਈ ਸ਼ਿਵ ਹਨ। ਕਈ ਬ੍ਰਹਮੇ ਪੈਦਾ ਕੀਤੇ ਜਾ ਰਹੇ ਹਨ, ਜਿਨ੍ਹਾਂ ਦੇ ਕਈ ਰੂਪ, ਕਈ ਰੰਗ ਤੇ ਕਈ ਵੇਸ ਹਨ।

ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ ॥ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ॥ ਕੇਤੇ ਸਿਧ ਬੁਧ ਨਾਥ ਕੇਤੇ ਕੇਤੇ ਦੇਵੀ ਵੇਸ ॥

ਪਦ ਅਰਥ: ਕੇਤੀਆ = ਕਈ, ਬੇਅੰਤ। ਕਰਮ ਭੂਮੀ = ਕੰਮ ਕਰਨ ਦੀਆਂ ਭੂਮੀਆਂ, ਧਰਤੀਆਂ। ਮੇਰ = ਮੇਰੁ ਪਰਬਤ। ਧੂ = ਧ੍ਰ ਭਗਤ। ਉਪਦੇਸ਼ = ਉਹਨਾਂ ਧੂ੍ਰ ਭਗਤਾਂ ਦੇ ਉਪਦੇਸ਼। ਇੰਦ = ਇੰਦਰ ਦੇਵਤੇ। ਚੰਦ = ਚੰਦਰਮਾ। ਸੂਰ = ਸੂਰਜ। ਮੰਡਲ ਦੇਸ = ਭਵਣ-ਚਕੱਰ। ਬੁਧ = ਬੁਧ ਅਵਤਾਰ। ਦੇਵੀ ਵੇਸ = ਦੇਵੀਆਂ ਦੇ ਪਹਿਰਾਵੇ। (ਨੋਟ: 'ਕੇਤੇ' ਪੁਲਿੰਗ ਹੈ ਜੋ 'ਵੇਸ' ਸ਼ਬਦ ਨਾਲ ਵਰਤਿਆ ਗਿਆ ਹੈ। ਇਸ ਵਾਸਤੇ 'ਦੇਵੀ ਵੇਸ' ਦਾ ਅਰਥ ਕਰਨਾ ਹੈ 'ਦੇਵੀਆਂ ਦੇ ਪਹਿਰਾਵੇ') ।

ਅਰਥ: (ਅਕਾਲ ਪੁਰਖ ਦੀ ਕੁਦਰਤਿ ਵਿਚ) ਬੇਅੰਤ ਧਰਤੀਆਂ ਹਨ, ਬੇਅੰਤ ਮੇਰੂ ਪਰਬਤ, ਬੇਅੰਤ ਧੂ੍ਰ ਭਗਤ ਤੇ ਉਹਨਾਂ ਦੇ ਉਪਦੇਸ਼ ਹਨ। ਬੇਅੰਤ ਇੰਦਰ ਦੇਵਤੇ, ਚੰਦ੍ਰਮਾ, ਬੇਅੰਤ ਸੂਰਜ ਅਤੇ ਬੇਅੰਤ ਭਵਨ-ਚੱਕਰ ਹਨ। ਬੇਅੰਤ ਸਿੱਧ ਹਨ, ਬੇਅੰਤ ਬੁਧ ਅਵਤਾਰ ਹਨ, ਬੇਅੰਤ ਨਾਥ ਹਨ ਅਤੇ ਬੇਅੰਤ ਦੇਵੀਆਂ ਦੇ ਪਹਿਰਾਵੇ ਹਨ।

ਕੇਤੇ ਦੇਵ ਦਾਨਵ ਮੁਨਿ ਕੇਤੇ ਕੇਤੇ ਰਤਨ ਸਮੁੰਦ ॥ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ॥ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤੁ ਨ ਅੰਤੁ ॥੩੫॥

ਪਦ ਅਰਥ: ਦਾਨਵ = ਰਾਖਸ਼, ਦੈਂਤ। ਮੁਨਿ = ਮੋਨ-ਧਾਰੀ ਰਿਸ਼ੀ। ਰਤਨ ਸੁਮੰਦ = ਰਤਨ ਅਤੇ ਸਮੁੰਦਰ। ਪਾਤ = ਪਾਤਸ਼ਾਹ। ਨਰਿੰਦ = ਰਾਜੇ। ਸੁਰਤੀ = ਸੁਰਤਾਂ, ਲਿਵ। (ਨੋਟ: ਇਸ ਸਾਰੀ ਪਉੜੀ ਵਲ ਰਤਾ ਧਿਆਨ ਦਿੱਤਿਆਂ ਇਹ ਸਪੱਸ਼ਟ ਮਲੂਮ ਹੋ ਜਾਂਦਾ ਹੈ ਕਿ 'ਕੇਤੇ' ਪੁਲਿੰਗ ਸ਼ਬਦਾਂ ਨਾਲ ਵਰਤਿਆ ਗਿਆ ਹੈ ਅਤੇ 'ਕੇਤੀਆ' ਇਸਤ੍ਰੀ-ਲਿੰਗ ਸ਼ਬਦਾਂ ਨਾਲ। ਸੋ 'ਸੁਰਤੀ' ਇਸਤ੍ਰੀ-ਲਿੰਗ ਹੈ, ਤੇ 'ਸੁਰਤਿ' ਦਾ ਬਹੁ-ਵਚਨ ਹੈ) ।

ਅਰਥ: (ਅਕਾਲ ਪੁਰਖ ਦੀ ਰਚਨਾ ਵਿਚ) ਬੇਅੰਤ ਦੇਵਤੇ ਅਤੇ ਦੈਂਤ ਹਨ, ਬੇਅੰਤ ਮੁਨੀ ਹਨ, ਬੇਅੰਤ ਪਰਕਾਰ ਦੇ ਰਤਨ ਤੇ (ਰਤਨਾਂ ਦੇ) ਸਮੁੰਦਰ ਹਨ। (ਜੀਵ-ਰਚਨਾ ਦੀਆਂ) ਬੇਅੰਤ ਖਾਣੀਆਂ ਹਨ, (ਜੀਵਾਂ ਦੀਆਂ ਬੋਲੀਆਂ ਭੀ ਚਾਰ ਨਹੀਂ) ਬੇਅੰਤ ਬਾਣੀਆਂ ਹਨ, ਬੇਅੰਤ ਪਾਤਸ਼ਾਹ ਤੇ ਰਾਜੇ ਹਨ, ਬੇਅੰਤ ਪਰਕਾਰ ਦੇ ਧਿਆਨ ਹਨ (ਜੋ ਜੀਵ ਮਨ ਦੁਆਰਾ ਲਾਂਦੇ ਹਨ) , ਬੇਅੰਤ ਸੇਵਕ ਹਨ। ਹੇ ਨਾਨਕ! ਕੋਈ ਅੰਤ ਨਹੀਂ ਪੈ ਸਕਦਾ। 35।

ਭਾਵ: ਮਨੁੱਖਾ ਜਨਮ ਦੇ ਫ਼ਰਜ਼ ('ਧਰਮ') ਦੀ ਸਮਝ ਪਿਆਂ ਮਨੁੱਖ ਦਾ ਮਨ ਬੜਾ ਵਿਸ਼ਾਲ ਹੋ ਜਾਂਦਾ ਹੈ। ਪਹਿਲਾਂ ਇਕ ਨਿੱਕੇ ਜਿਹੇ ਟੱਬਰ ਦੇ ਸੁਆਰਥ ਵਿਚ ਬੱਝਾ ਹੋਇਆ ਇਹ ਜਵਿ ਬਹੁਤ ਤੰਗ-ਦਿਲ ਸੀ। ਹੁਣ ਇਹ ਗਿਆਨ ਹੋ ਜਾਂਦਾ ਹੈ ਕਿ ਬੇਅੰਤ ਪ੍ਰਭੂ ਦਾ ਪੈਦਾ ਕੀਤਾ ਹੋਇਆ ਇਹ ਬੇਅੰਤ ਜਗਤ ਇੱਕ ਬੇਅੰਤ ਵੱਡਾ ਟੱਬਰ ਹੈ, ਜਿਸ ਵਿਚ ਬੇਅੰਤ ਕ੍ਰਿਸ਼ਨ, ਬੇਅੰਤ ਵਿਸ਼ਨੂੰ, ਬੇਅੰਤ ਬ੍ਰਹਮੇ, ਬੇਅੰਤ ਧਰਤੀਆਂ ਹਨ। ਇਸ ਗਿਆਨ ਦੀ ਬਰਕਤਿ ਨਾਲ ਤੰਗ-ਦਿਲੀ ਹਟ ਕੇ ਇਸਦੇ ਅੰਦਰ ਜਗਤ-ਪਿਆਰ ਦੀ ਲਹਿਰ ਚੱਲ ਕੇ ਖ਼ੁਸ਼ੀ ਹੀ ਖ਼ੁਸ਼ੀ ਬਣੀ ਰਹਿੰਦੀ ਹੈ। 35।

ਗਿਆਨ ਖੰਡ ਮਹਿ ਗਿਆਨੁ ਪਰਚੰਡੁ ॥ ਤਿਥੈ ਨਾਦ ਬਿਨੋਦ ਕੋਡ ਅਨੰਦੁ ॥

ਪਦ ਅਰਥ: ਮਹਿ = ਵਿਚ। ਪਰਚੰਡ = ਤੇਜ਼, ਪ੍ਰਬਲ, ਬਲਵਾਨ। ਤਿਥੈ = ਉਸ ਗਿਆਨ ਖੰਡ ਵਿਚ। ਨਾਦ = ਰਾਗ। ਬਿਨੋਦ = ਤਮਾਸ਼ੇ। ਕੋਡ = ਕੌਤਕ। ਅਨੰਦੁ = ਸੁਆਦ।

ਅਰਥ: ਗਿਆਨ ਖੰਡ ਵਿਚ (ਭਾਵ, ਮਨੁੱਖ ਦੀ ਗਿਆਨ ਅਵਸਥਾ ਵਿਚ) ਗਿਆਨ ਹੀ ਬਲਵਾਨ ਹੁੰਦਾ ਹੈ। ਇਸ ਅਵਸਥਾ ਵਿਚ (ਮਾਨੋ) ਸਭ ਰਾਗਾਂ, ਤਮਾਸ਼ਿਆਂ ਤੇ ਕੌਤਕਾਂ ਦਾ ਸੁਆਦ ਆ ਜਾਂਦਾ ਹੈ।

TOP OF PAGE

Sri Guru Granth Darpan, by Professor Sahib Singh