ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 8

ਸਰਮ ਖੰਡ ਕੀ ਬਾਣੀ ਰੂਪੁ ॥ ਤਿਥੈ ਘਾੜਤਿ ਘੜੀਐ ਬਹੁਤੁ ਅਨੂਪੁ ॥

ਪਦ ਅਰਥ: ਸਰਮ = ਉੱਦਮ, ਮਿਹਨਤ। ਸਰਮ ਖੰਡ ਕੀ = ਉੱਦਮ ਅਵਸਥਾ ਦੀ। ਬਾਣੀ = ਬਨਾਵਟ। ਰੂਪ = ਸੁੰਦਰਤਾ। ਤਿਥੈ = ਇਸ ਮਿਹਨਤ ਵਾਲੀ ਅਵਸਥਾ ਵਿਚ। ਘਾੜਤਿ ਘੜੀਐ = ਘਾੜਤ ਵਿਚ ਘੜਿਆ ਜਾਂਦਾ ਹੈ। ਬਹੁਤੁ ਅਨੂਪੁ = (ਮਨ) ਬਹੁਤ ਸੋਹਣਾ।

ਅਰਥ: ਉੱਦਮ ਅਵਸਥਾ ਦੀ ਬਨਾਵਟ ਸੁੰਦਰਤਾ ਹੈ (ਭਾਵ, ਇਸ ਅਵਸਥਾ ਵਿਚ ਆ ਕੇ ਮਨ ਦਿਨੋ ਦਿਨ ਸੋਹਣਾ ਬਣਨਾ ਸ਼ੁਰੂ ਹੋ ਜਾਂਦਾ ਹੈ) । ਇਸ ਅਵਸਥਾ ਵਿਚ (ਨਵੀਂ) ਘਾੜਤ ਦੇ ਕਾਰਨ ਮਨ ਬਹੁਤ ਸੋਹਣਾ ਘੜਿਆ ਜਾਂਦਾ ਹੈ।

ਤਾ ਕੀਆ ਗਲਾ ਕਥੀਆ ਨਾ ਜਾਹਿ ॥ ਜੇ ਕੋ ਕਹੈ ਪਿਛੈ ਪਛੁਤਾਇ ॥

ਪਦ ਅਰਥ: ਤਾ ਕੀਆ = ਉਸ ਅਵਸਥਾ ਦੀਆਂ। ਕਥੀਆ ਨ ਜਾਹਿ = ਕਹੀਂਆਂ ਨਹੀਂ ਜਾ ਸਕਦੀਆਂ। ਕੋ = ਕੋਈ ਮਨੁੱਖ। ਕਹੈ– ਆਖੈ ਬਿਆਨ ਕਰੇ। ਪਿਛੈ = ਦੱਸਣ ਤੋਂ ਪਿੱਛੋਂ ਪਛੁਤਾਇ = ਪਛੁਤਾਉਂਦਾ ਹੈ (ਕਿਉਂਕਿ ਉਹ ਬਿਆਨ ਕਰਨ ਤੋਂ ਅਸਮਰਥ ਰਹਿੰਦਾ ਹੈ) ।

ਅਰਥ: ਉਸ ਅਵਸਥਾ ਦੀਆਂ ਗੱਲਾਂ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ। ਜੇ ਕੋਈ ਮਨੁੱਖ ਬਿਆਨ ਕਰਦਾ ਹੈ, ਤਾਂ ਪਿੱਛੋਂ ਪਛੁਤਾਉਂਦਾ ਹੈ (ਕਿਉਂਕਿ ਉਹ ਬਿਆਨ ਕਰਨ ਦੇ ਅਸਮਰਥ ਰਹਿੰਦਾ ਹੈ) ।

ਤਿਥੈ ਘੜੀਐ ਸੁਰਤਿ ਮਤਿ ਮਨਿ ਬੁਧਿ ॥ ਤਿਥੈ ਘੜੀਐ ਸੁਰਾ ਸਿਧਾ ਕੀ ਸੁਧਿ ॥੩੬॥

ਪਦ ਅਰਥ: ਤਿਥੈ = ਉਸ ਦਰਮ ਖੰਡ ਵਿਚ। ਘੜੀਐ = ਘੜੀ ਜਾਂਦੀ ਹੈ। ਮਨਿ ਬੁਧਿ = ਮਨ ਵਿਚ ਜਾਗ੍ਰਤ। ਸੁਰਾ ਕੀ ਸੁਧਿ = ਦੇਵਤਿਆਂ ਦੀ ਸੂਝ। ਸਿਧਾ ਕੀ ਸੁਧਿ = ਸਿੱਧਾਂ ਵਾਲੀ ਅਕਲ।

ਅਰਥ: ਉਸ ਮਿਹਨਤ ਵਾਲੀ ਅਵਸਥਾ ਵਿਚ ਮਨੁੱਖ ਦੀ ਸੁਰਤਿ ਤੇ ਮਤ ਘੜੀ ਜਾਂਦੀ ਹੈ, (ਭਾਵ, ਸੁਰਤ ਤੇ ਮਤ ਉੱਚੀ ਹੋ ਜਾਂਦੀ ਹੈ) ਅਤੇ ਮਨ ਵਿਚ ਜਾਗ੍ਰਤ ਪੈਦਾ ਹੋ ਜਾਂਦੀ ਹੈ। ਸਰਮ ਖੰਡ ਵਿਚ ਦੇਵਤਿਆਂ ਤੇ ਸਿੱਧਾਂ ਵਾਲੀ ਅਕਲ (ਮਨੁੱਖ ਦੇ ਅੰਦਰ) ਬਣ ਜਾਂਦੀ ਹੈ। 36।

ਭਾਵ: ਗਿਆਨ-ਅਵਸਥਾ ਦੀ ਬਰਕਤਿ ਨਾਲ ਜਿਉਂ ਜਿਉਂ ਸਾਰਾ ਜਗਤ ਇਕ ਸਾਂਝਾ ਟੱਬਰ ਦਿੱਸਦਾ ਹੈ, ਜੀਵ ਖ਼ਲਕਤਿ ਦੀ ਸੇਵਾ ਦੀ ਮਿਹਨਤ (= 'ਸਰਮ' ਸਿਰ 'ਤੇ ਚੁੱਕਦਾ ਹੈ, ਮਨ ਦੀ ਪਹਿਲੀ ਤੰਗ-ਦਿਲੀ ਹਟ ਕੇ ਵਿਸ਼ਾਲਤਾ ਤੇ ਉਦਾਰਤਾ ਦੀ ਘਾੜਤ ਵਿਚ ਮਨ ਨਵੇਂ ਸਿਰੇ ਸੋਹਣਾ ਘੜਿਆ ਜਾਂਦਾ ਹੈ, ਮਨ ਵਿਚ ਇਕ ਨਵੀਂ ਜਾਗ੍ਰਤ ਆਉਂਦੀ ਹੈ, ਸੁਰਤਿ ਉੱਚੀ ਹੋਣ ਲੱਗ ਪੈਂਦੀ ਹੈ। 36।

ਕਰਮ ਖੰਡ ਕੀ ਬਾਣੀ ਜੋਰੁ ॥ ਤਿਥੈ ਹੋਰੁ ਨ ਕੋਈ ਹੋਰੁ ॥ ਤਿਥੈ ਜੋਧ ਮਹਾਬਲ ਸੂਰ ॥ ਤਿਨ ਮਹਿ ਰਾਮੁ ਰਹਿਆ ਭਰਪੂਰ ॥

ਪਦ ਅਰਥ: ਕਰਮ = ਬਖਸ਼ਸ਼। ਬਾਣੀ = ਬਨਾਵਟ। ਜੋਰੁ = ਬਲ, ਤਾਕਤ। ਹੋਰੁ = ਅਕਾਲ ਪੁਰਖ ਤੋਂ ਬਿਨਾ ਕੋਈ ਦੂਜਾ। ਹੋਰੁ ਨ ਕੋਈ ਹੋਰੁ = ਅਕਾਲ ਪੁਰਖ ਤੋਂ ਬਿਨਾ ਦੂਜਾ ਉੱਕਾ ਹੀ ਕੋਈ ਨਹੀਂ ਹੈ। ਜੋਧ = ਜੋਧੇ। ਮਹਾਬਲ = ਵੱਡੇ ਬਲ ਵਾਲੇ। ਸੂਰ = ਸੂਰਮੇ। ਤਿਨ ਮਹਿ = ਉਹਨਾਂ ਵਿਚ। ਰਾਮੁ = ਅਕਾਲ ਪੁਰਖ। ਰਹਿਆ ਭਰਭੂਰ = ਨਕਾ-ਨਕ ਭਰਿਆ ਹੋਇਆ ਹੈ, ਰੋਮ ਰੋਮ ਵਿਚ ਵੱਸ ਰਿਹਾ ਹੈ।

ਅਰਥ: ਬਖ਼ਸ਼ਸ਼ ਵਾਲੀ ਅਵਸਥਾ ਦੀ ਬਨਾਵਟ ਬਲ ਹੈ, (ਭਾਵ, ਜਦੋਂ ਮਨੁੱਖ ਉੱਤੇ ਅਕਾਲ ਪੁਰਖ ਦੀ ਮਿਹਰ ਦੀ ਨਜ਼ਰ ਹੁੰਦੀ ਹੈ, ਤਾਂ ਉਸ ਦੇ ਅੰਦਰ ਅਜਿਹਾ ਬਲ ਪੈਦਾ ਹੁੰਦਾ ਹੈ ਕਿ ਵਿਸ਼ੇ-ਵਿਕਾਰ ਉਸ ਉੱੰਤੇ ਆਪਣਾ ਪਰਭਾਵ ਨਹੀਂ ਪਾ ਸਕਦੇ) , ਕਿਉਂਕਿ ਉਸ ਅਵਸਥਾ ਵਿਚ (ਮਨੁੱਖ ਦੇ ਅੰਦਰ) ਅਕਾਲ ਪੁਰਖ ਤੋਂ ਬਿਨਾ ਕੋਈ ਦੂਜਾ ਉੱਕਾ ਹੀ ਨਹੀਂ ਰਹਿੰਦਾ। ਉਸ ਅਵਸਥਾ ਵਿਚ(ਜੋ ਮਨੁੱਖ ਹਨ ਉਹ) ਜੋਧੇ, ਮਹਾਂਬਲੀ ਤੇ ਸੂਰਮੇ ਹਨ, ਉਹਨਾਂ ਦੇ ਰੋਮ ਰੋਮ ਵਿਚ ਅਕਾਲ ਪੁਰਖ ਵੱਸ ਰਿਹਾ ਹੈ।

ਤਿਥੈ ਸੀਤੋ ਸੀਤਾ ਮਹਿਮਾ ਮਾਹਿ ॥ ਤਾ ਕੇ ਰੂਪ ਨ ਕਥਨੇ ਜਾਹਿ ॥ ਨਾ ਓਹਿ ਮਰਹਿ ਨ ਠਾਗੇ ਜਾਹਿ ॥ ਜਿਨ ਕੈ ਰਾਮੁ ਵਸੈ ਮਨ ਮਾਹਿ ॥

ਪਦ ਅਰਥ: ਸੀਤੋ ਸੀਤਾ = ਪੂਰਨ ਤੌਰ 'ਤੇ ਸੀਤਾ ਹੋਇਆ ਹੈ, ਪਰੋਤਾ ਹੋਇਆ ਹੈ। (ਨੋਟ: ਇਕੋ ਹੀ ਸ਼ਬਦ 'ਸੀਤਾ' ਦੂਜੀ ਵਾਰੀ ਵਰਤਿਆ ਗਿਆ ਹੈ। ਇਸੇ ਤਰ੍ਹਾਂ ਇਸ ਖ਼ਿਆਲ 'ਤੇ ਖ਼ਾਸ ਵਧੀਕ ਜ਼ੋਰ ਦਿੱਤਾ ਹੈ। ਇਹੋ ਜਿਹੇ ਹੀ ਵਾਕੰਸ਼ ਹੋਰ ਭੀ ਹਨ, ਜਿਵੇਂ-

(1) ਨਾਨਕ ਅੰਤੁ ਨ ਅੰਤੁ। (ਪਉੜੀ 35
(2) ਤਿਥੈ ਹੋਰੁ ਨ ਕੋਈ ਹੋਰੁ। (ਪਉੜੀ 37
(3) ਜੇ ਕੋ ਕਥੈ ਤ ਅੰਤ ਨ ਅੰਤ। (ਪਉੜੀ 37

ਮਹਿਮਾ = (ਅਕਾਲ ਪੁਰਖ ਦੀ) ਸਿਫਤਿ-ਸਾਲਾਹ, ਵਡਿਾਆਈ। ਮਾਹਿ = ਵਿਚ। ਤਾ ਕੇ = ਉਹਨਾਂ ਮਨੁੱਖਾਂ ਦੇ। ਰੂਪ = ਸੁੰਦਰ ਸਰੂਪ। ਨ ਕਥਨੇ ਜਾਹਿ = ਕਥੇ ਨਹੀਂ ਜਾ ਸਕਦੇ। ਓਹਿ = ਉਹ ਬੰਦੇ। ਨਾ ਮਰਹਿ = ਆਤਮਕ ਮੌਤ ਮਰਦੇ ਨਹੀਂ ਹਨ। ਨ ਠਾਗੇ ਜਾਹਿ = ਠੱਗੇ ਨਹੀਂ ਜਾ ਸਕਦੇ (ਮਾਇਆ ਉਹਨਾਂ ਨੂੰ ਠੱਗ ਨਹੀਂ ਸਕਦੀ।)

ਅਰਥ: ਉਸ (ਬਖ਼ਸ਼ਸ਼) ਅਵਸਥਾ ਵਿਚ ਅੱਪੜੇ ਹੋਏ ਮਨੁੱਖਾਂ ਦਾ ਮਨ ਨਿਰੋਲ ਅਕਾਲ ਪੁਰਖ ਦੀ ਵਡਿਆਈ ਵਿਚ ਪਰੋਤਾ ਰਹਿੰਦਾ ਹੈ, (ਉਹਨਾਂ ਦੇ ਸਰੀਰ ਅਜਿਹੇ ਕੰਚਨ ਦੀ ਵੰਨੀ ਵਾਲੇ ਹੋ ਜਾਂਦੇ ਹਨ ਕਿ) ਉਹਨਾਂ ਦੇ ਸੋਹਣੇ ਰੂਪ ਵਰਣਨ ਨਹੀਂ ਕੀਤੇ ਜਾ ਸਕਦੇ (ਉਹਨਾਂ ਦੇ ਮੂੰਹ ਉੱਤੇ ਨੂਰ ਹੀ ਨੂਰ ਲਿਸ਼ਕਦਾ ਹੈ) । (ਇਸ ਅਵਸਥਾ ਵਿਚ) ਜਿਨ੍ਹਾਂ ਦੇ ਮਨ ਵਿਚ ਅਕਾਲ ਪੁਰਖ ਵੱਸਦਾ ਹੈ, ਉਹ ਆਤਮਕ ਮੌਤ ਨਹੀਂ ਮਰਦੇ ਤੇ ਮਾਇਆ ਉਹਨਾਂ ਨੂੰ ਠੱਗ ਨਹੀਂ ਸਕਦੀ।

ਤਿਥੈ ਭਗਤ ਵਸਹਿ ਕੇ ਲੋਅ ॥ ਕਰਹਿ ਅਨੰਦੁ ਸਚਾ ਮਨਿ ਸੋਇ ॥

ਪਦ ਅਰਥ: ਵਸਹਿ = ਵੱਸਦੇ ਹਨ। ਲੋਅ = ਲੋਕ, ਭਵਣ। ਕੇ ਲੋਅ = ਕਈ ਭਵਣਾਂ ਦੇ। (ਵੇਖੋ ਪਉੜੀ 34 ਵਿਚ 'ਕੇ ਰੰਗ') । ਕਰਹਿ ਅਨੰਦ = ਅਨੰਦ ਕਰਦੇ ਹਨ, ਸਦਾ ਖਿੜੇ ਰਹਿੰਦੇ ਹਨ। ਸਚਾ ਸੋਇ = ਉਹ ਸੱਚਾ ਹਰੀ। ਮਨਿ = (ਉਹਨਾਂ ਦੇ) ਮਨ ਵਿਚ ਹੈ।

ਅਰਥ: ਉਸ ਅਵਸਥਾ ਵਿਚ ਕਈ ਭਵਣਾਂ ਦੇ ਭਗਤ ਜਨ ਵੱਸਦੇ ਹਨ, ਜੋ ਸਦਾ ਖਿੜੇ ਰਹਿੰਦੇ ਹਨ, (ਕਿਉਂਕਿ) ਉਹ ਸੱਚਾ ਅਕਾਲ ਪੁਰਖ ਉਹਨਾਂ ਦੇ ਮਨ ਵਿਚ (ਮੌਜੂਦ) ਹੈ।

ਸਚ ਖੰਡਿ ਵਸੈ ਨਿਰੰਕਾਰੁ ॥ ਕਰਿ ਕਰਿ ਵੇਖੈ ਨਦਰਿ ਨਿਹਾਲ ॥

ਪਦ ਅਰਥ: ਸਚਿ = ਸੱਚ ਵਿਚ। ਸਚਿ ਖੰਡਿ = ਸਚ ਖੰਡ ਵਿਚ। ਕਰਿ ਕਰਿ = ਸ੍ਹਿਸ਼ਟੀ ਰਚ ਕੇ। ਨਦਰਿ ਨਿਹਾਲ = ਨਿਹਾਲ ਕਰਨ ਵਾਲੀ ਨਜ਼ਰ ਨਾਲ। ਵੇਖੈ = ਵੇਖਦਾ ਹੈ ਸੰਭਾਲ ਕਰਦਾ ਹੈ।

ਅਰਥ: ਸੱਚ ਖੰਡ ਵਿਚ (ਭਾਵ,ਅਕਾਲ ਪੁਰਖ ਨਾਲ ਇੱਕ ਰੂਪ ਹੋਣ ਵਾਲੀ ਅਵਸਥਾ ਵਿਚ) ਮਨੁੱਖ ਦੇ ਅੰਦਰ ਉਹ ਅਕਾਲ ਪੁਰਖ ਆਪ ਹੀ ਵੱਸਦਾ ਹੈ, ਜੋ ਸ੍ਰਿਸ਼ਟੀ ਨੂੰ ਰਚ ਰਚ ਕੇ ਮਿਹਰ ਦੀ ਨਜ਼ਰ ਨਾਲ ਉਸ ਦੀ ਸੰਭਾਲ ਕਰਦਾ ਹੈ।

ਤਿਥੈ ਖੰਡ ਮੰਡਲ ਵਰਭੰਡ ॥ ਜੇ ਕੋ ਕਥੈ ਤ ਅੰਤ ਨ ਅੰਤ ॥ ਤਿਥੈ ਲੋਅ ਲੋਅ ਆਕਾਰ ॥ ਜਿਵ ਜਿਵ ਹੁਕਮੁ ਤਿਵੈ ਤਿਵ ਕਾਰ ॥ ਵੇਖੈ ਵਿਗਸੈ ਕਰਿ ਵੀਚਾਰੁ ॥ ਨਾਨਕ ਕਥਨਾ ਕਰੜਾ ਸਾਰੁ ॥੩੭॥ {ਪੰਨਾ 8}

ਪਦ ਅਰਥ: ਵਰਭੰਡ = ਬ੍ਰਹਿਮੰਡ। ਕੋ = ਕੋਈ ਮਨੁੱਖ। ਕਥੈ = ਦੱਸਣ ਲੱਗੇ, ਬਿਆਨ ਕਰੇ। ਤ ਅੰਤ ਨ ਅੰਤ = ਇਹਨਾਂ ਖੰਡਾਂ ਮੰਡਲਾਂ ਤੇ ਬ੍ਰਹਿਮੰਡਾਂ ਦੇ ਅੰਤ ਨਹੀਂ ਪੈ ਸਕਦੇ। ਲੋਅ ਲੋਅ = ਕਈ ਲੋਕ, ਕਈ ਭਵਨ। ਵਿਗਸੈ = ਵਿਗਸਦਾ ਹੈ, ਖ਼ੁਸ਼ ਹੁੰਦਾ ਹੈ। ਕਰਿ ਵੀਚਾਰੁ = ਵੀਚਾਰ ਕਰ ਕੇ। ਕਥਨਾ = ਕਥਨ ਕਰਨਾ, ਬਿਆਨ ਕਰਨਾ। ਸਾਰੁ: ਇਸ ਸ਼ਬਦ ਨੂੰ ਸਮਝਣ ਲਈ ਵੰਨਗੀ-ਮਾਤਰ ਹੇਠ-ਲਿਖੇ ਪ੍ਰਮਾਣ ਦਿੱਤੇ ਜਾਂਦੇ ਹਨ:

(1) ਪਹਿਰਾ ਅਗਨਿ ਹਿਵੈ ਘਰ ਬਾਧਾ ਭੋਜਨ ਸਾਰੁ ਕਰਾਈ।1। (ਪਉੜੀ 19, ਮਾਝ ਕੀ ਵਾਰ
(2) ਤੂੰ ਸਾਗਰੋ ਰਤਨਾਗਰੋ ਹਉ ਸਾਰ ਨ ਜਾਣਾ ਤੇਰੀ ਰਾਮ। (ਸੂਹੀ ਛੰਤ ਮਹਲਾ 5
(3) ਲਾਹਾ ਭਗਤਿ ਸੁ ਸਾਰੁ ਗੁਰਮੁਖਿ ਪਾਇਐ। (ਮਾਝ ਕੀ ਵਾਰ, ਪਉੜੀ 15
(4) ਧਨੁ ਵਡਭਾਗੀ ਨਾਨਕਾ, ਜਿਨ ਗੁਰਮੁਖਿ ਹਰਿ ਰਸੁ ਸਾਰਿ।1। (ਕਾਨੜੇ ਕੀ ਵਾਰ

ਇਹਨਾਂ ਉਪਰ-ਲਿਖੇ ਪ੍ਰਮਾਣਾਂ ਦਾ ਸਿੱਟਾ ਇਉਂ ਹੈ:

(1) 'ਸਾਰ' 'ਨਾਂਵ' ਹੈ, ਪੁਲਿੰਗ ਤੇ ਇਸਤ੍ਰੀ-ਲਿੰਗ।
'ਸਾਰੁ' ਪੁਲਿੰਗ ਦਾ ਅਰਥ ਹੈ 'ਲੋਹਾ' ਜਾਂ 'ਤੱਤ'।
'ਸਾਰ' ਇਸਤ੍ਰੀ-ਲਿੰਗ ਦਾ ਅਰਥ ਹੈ 'ਸੁਰਤਿ, ਖ਼ਬਰ'।

ਜਿਵੇਂ ਪ੍ਰਮਾਣ ਨੰ: (1) ਅਤੇ (2) ।

(2) 'ਸਾਰ' ਵਿਸ਼ੇਸ਼ਣ ਹੈ, ਜਿਵੇਂ ਪ੍ਰਮਾਣ ਨੰ: (3) ਵਿਚ ਹੈ। ਇਸ ਦਾ ਅਰਥ ਹੈ 'ਸ੍ਰੇਸ਼ਟ'। (3) 'ਸਾਰਿ' ਕ੍ਰਿਆ ਹੈ ,ਜਿਸ ਦਾ ਅਰਥ ਹੈ 'ਖ਼ਬਰ ਲੈਣੀ', 'ਚੇਤੇ ਕਰਨਾ' ਜਿਵੇਂ ਪ੍ਰਮਾਣ (4) ।

ਸਾਰੁ = ਲੋਹਾ। ਕਰੜਾ ਸਾਰੁ = ਕਰੜਾ ਜਿਵੇਂ ਲੋਹਾ ਹੈ।

ਅਰਥ: ਉਸ ਅਵਸਥਾ ਵਿਚ (ਭਾਵ, ਅਕਾਲ ਪੁਰਖ ਨਾਲ ਇੱਕ-ਰੂਪ ਹੋਣ ਵਾਲੀ ਅਵਸਥਾ ਵਿਚ) ਮਨੁੱਖ ਨੂੰ ਬੇਅੰਤ ਖੰਡ, ਮੰਡਲ ਤੇ ਬੇਅੰਤ ਬ੍ਰਹਿਮੰਡ (ਦਿੱਸਦੇ ਹਨ, ਇਤਨੇ ਬੇਅੰਤ ਕਿ) ਜੇ ਕੋਈ ਮਨੁੱਖ ਇਸ ਦਾ ਕਥਨ ਕਰਨ ਲੱਗੇ, ਤਾਂ ਉਹਨਾਂ ਦੇ ਓੜਕ ਨਹੀਂ ਪੈ ਸਕਦੇ। ਉਸ ਅਵਸਥਾ ਵਿਚ ਬੇਅੰਤ ਭਵਣ ਤੇ ਅਕਾਰ ਦਿੱਸਦੇ ਹਨ (ਜਿਨ੍ਯ੍ਯਾਂ ਸਭਨਾਂ ਵਿਚ) ੇ ਉਸੇ ਤਰ੍ਯ੍ਯਾਂ ਕਾਰ ਚੱਲ ਰਹੀ ਹੈ ਜਿਵੇਂ ਅਕਾਲ ਪੁਰਖ ਦਾ ਹੁਕਮ ਹੁੰਦਾ ਹੈ (ਭਾਵ, ਇਸ ਅਵਸਥਾ ਵਿਚ ਅੱਪੜ ਕੇ ਮਨੁੱਖ ਨੂੰ ਹਰ ਥਾਂ ਅਕਾਲ ਪੁਰਖ ਦੀ ਰਜ਼ਾ ਵਰਤਦੀ ਦਿੱਸਦੀ ਹੈ) । (ਉਸ ਨੂੰ ਪਰਤੱਖ ਦਿਸੱਦਾ ਹੈ ਕਿ) ਅਕਾਲ ਪੁਰਖ ਵੀਚਾਰ ਕਰਕੇ (ਸਭ ਜੀਵਾਂ ਦੀ) ਸੰਭਾਲ ਕਰਦਾ ਹੈ ਤੇ ਖੁਸ਼ ਹੁੰਦਾ ਹੈ। ਹੇ ਨਾਨਕ! ਇਸ ਅਵਸਥਾ ਦਾ ਕਥਨ ਕਰਨਾ ਬਹੁਤ ਹੀ ਔਖਾ ਹੈ (ਭਾਵ, ਇਹ ਅਵਸਥਾ ਬਿਆਨ ਨਹੀਂ ਹੋ ਸਕਦੀ, ਅਨੁਭਵ ਹੀ ਕੀਤੀ ਜਾ ਸਕਦੀ ਹੈ) । 37।

ਭਾਵ: ਪਰਮਾਤਮਾ ਨਾਲ ਇੱਕ-ਰੂਪ ਹੋ ਚੁਕਣ ਵਾਲੀ ਆਤਮਕ ਅਵਸਥਾ ਵਿਚ ਅਪੜੇ ਜੀਵ ਉੱਤੇ ਪਰਮਾਤਮਾ ਦੀ ਬਖ਼ਸ਼ਸ਼ ਦਾ ਦਰਵਾਜ਼ਾ ਖੁਲ੍ਹਦਾ ਹੈ, ਉਸ ਨੂੰ ਸਭ ਆਪਣੇ ਹੀ ਆਪਣੇ ਦਿੱਸਦੇ ਹਨ, ਹਰ ਪਾਸੇ ਪ੍ਰਭੂ ਹੀ ਨਜ਼ਰੀਂ ਆਉਂਦਾ ਹੈ। ਅਜਿਹੇ ਮਨੁੱਖ ਦੀ ਸੁਰਤ ਸਦਾ ਪ੍ਰਭੂ ਦੀ ਸਿਫ਼ਤਿ-ਸਾਲਾਹ ਜੁੜੀ ਰਹਿਂਦੀ ਹੈ, ਹੁਣ ਮਾਇਆ ਇਸ ਨੂੰ ਠੱਗ ਨਹੀਂ ਸਕਦੀ, ਆਤਮਾ ਬਲਵਾਨ ਹੋ ਜਾਂਦੀ ਹੈ, ਪ੍ਰਭੂ ਨਾਲੋਂ ਵਿੱਥ ਨਹੀਂ ਪੈ ਸਕਦੀ। ਹੁਣ ਉਸ ਨੂੰ ਪਰਤੱਖ ਜਾਪਦਾ ਹੈ ਕਿ ਬੇਅੰਤ ਕੁਦਰਤ ਰਚ ਕੇ ਪ੍ਰਭੂ ਸਭ ਨੂੰ ਆਪਣੀ ਰਜ਼ਾ ਵਿਚ ਤੋਰ ਰਿਹਾ ਹੈ, ਤੇ ਸਭ ਉਤੇ ਮਿਹਰ ਦੀ ਨਜ਼ਰ ਕਰ ਰਿਹਾ ਹੈ। 37।

ਜਤੁ ਪਾਹਾਰਾ ਧੀਰਜੁ ਸੁਨਿਆਰੁ ॥ ਅਹਰਣਿ ਮਤਿ ਵੇਦੁ ਹਥੀਆਰੁ ॥

ਪਦ ਅਰਥ: ਜਤੁ = ਆਪਣੇ ਸਰੀਰਕ ਇੰਦ੍ਰੀਆਂ ਨੂੰ ਵਿਕਾਰਾਂ ਵਲੋਂ ਰੋਕ ਰੱਖਣਾ। ਪਾਹਾਰਾ = ਸੁਨਿਆਰੇ ਦੀ ਦੁਕਾਨ। ਸੁਨਿਆਰੁ = ਸੁਨਿਆਰਾ। ਮਤਿ = ਅਕਲ। ਵੇਦ = ਗਿਆਨ। ਹਥੀਆਰੁ = ਹਥੌੜਾ।

ਨੋਟ: ਸ਼ਬਦ 'ਵੇਦ' ਹੇਠ-ਲਿਖੀਆਂ ਤੁਕਾਂ ਵਿਚ ਜਪੁਜੀ ਵਿਚ ਵਰਤਿਆ ਗਿਆ ਹੈ:

(1) ਗੁਰਮੁਖਿ ਨਾਦੰ, ਗੁਰਮੁਖਿ ਵੇਦੰ, ਗੁਰਮੁਖਿ ਰਹਿਆ ਸਮਾਈ। (ਪਉੜੀ 5
(2) ਸੁਣਿਐ ਸਾਸਤ ਸਿੰਮ੍ਰਿਤਿ ਵੇਦ। (ਪਉੜੀ 9
(3) ਅਸੰਖ ਗਰੰਥ ਮੁਖਿ ਵੇਦ ਪਾਠ। (ਪਉੜੀ 17
(4) ਓੜਕ ਓੜਕ ਭਾਲਿ ਥਕੇ, ਵੇਦ ਕਹਨਿ ਇਕ ਵਾਤ। (ਪਉੜੀ 22
(5) ਆਖਹਿ ਵੇਦ ਪਾਠ ਪੁਰਾਣ। (ਪਉੜੀ 26
(6) ਗਾਵਨਿ ਪੰਡਿਤ ਪੜਨਿ ਰਖੀਸਰ, ਜੁਗੁ ਜੁਗੁ ਵੇਦਾ ਨਾਲੇ। (ਪਉੜੀ 27

ਪਉੜੀ ਨੰਬਰ 5 ਵਾਲੀ ਤੁਕ ਤੋਂ ਬਿਨਾ ਬਾਕੀ ਸਭ ਪਉੜੀਆਂ ਵਿਚ ਸ਼ਬਦ 'ਵੇਦ' ਬਹੁ-ਵਚਨ ਵਿਚ ਹੈ ਅਤੇ ਹਿੰਦੂ ਮੱਤ ਦੇ ਧਰਮ ਪੁਸਤਕਾਂ 'ਵੇਦਾਂ' ਵੱਲ ਇਸ਼ਾਰਾ ਹੈ। ਪਰ ਪਉੜੀ ਨੰਬਰ 5 ਵਿਚ 'ਵੇਦੰ' ਇਕ-ਵਚਨ ਹੈ ਤੇ ਅਰਥ ਹੈ 'ਗਿਆਨ'। ਇਸੇ ਤਰਾਂ 'ਵੇਦ ਹਥੀਆਰ' ਵਿਚ 'ਵੇਦ' ਇਕ-ਵਚਨ ਹੈ ਤੇ ਅਰਥ ਹੈ 'ਗਿਆਨ'। ਪਰ ਇਹ ਜ਼ਰੂਰੀ ਨਹੀਂ ਹੈ ਕਿ ਜਿੱਥੇ ਜਿੱਥੇ ਲਫ਼ਜ਼ 'ਵੇਦੁ' ਇਕ-ਵਚਨ ਵਿਚ ਆਇਆ ਹੇ ਉੱਥੇ ਇਸ ਦਾ ਅਰਥ 'ਗਿਆਨ' ਹੀ ਹੈ। ਕਈ ਸ਼ਬਦ ਐਸੇ ਹਨ, ਜਿੱਥੇ 'ਵੇਦੁ' ਇਕ-ਵਚਨ ਹੁੰਦਿਆਂ ਭੀ ਹਿੰਦੂ ਮਤ ਦਾ ਧਰਮ ਪੁਸਤਕ ਵੇਦ ਹੈ। ਪਰ ਪ੍ਰਕਰਣ ਨੂੰ ਵਿਚਾਰਨਾ ਭੀ ਜ਼ਰੂਰੀ ਹੈ।

ਇਸ ਪਉੜੀ ਵਿਚ 'ਜਤੁ', 'ਧੀਰਜ', 'ਮਤਿ', 'ਭਉ', 'ਤਪਤਾਉ', ਅਤੇ 'ਭਾਉ' ਭਾਵ-ਵਾਚਕ ਸ਼ਬਦ ਆਏ ਹਨ, ਇਸ ਵਾਸਤੇ ਲਫ਼ਜ਼ 'ਵੇਦੁ' ਭੀ ਉਹਨਾਂ ਦੇ ਨਾਲ ਢੁਕਵਾਂ ('ਗਿਆਨ' ਅਰਥ) ਭਾਵ-ਵਾਚਕ ਹੀ ਹੋ ਸਕਦਾ ਹੈ।

ਅਰਥ: (ਜੇ) ਜਤ-ਰੂਪ ਦੁਕਾਨ (ਹੋਵੇ) , ਧੀਰਜ ਸੁਨਿਆਰਾ ਬਣੇ, ਮਨੁੱਖ ਦੀ ਆਪਣੀ ਮੱਤ ਅਹਿਰਣ ਹੋਵੇ, (ਉਸ ਮਤ-ਅਹਿਰਣ ਉੱਤੇ) ਗਿਆਨ ਹਥੌੜਾ (ਵੱਜੇ) ।

ਭਉ ਖਲਾ ਅਗਨਿ ਤਪ ਤਾਉ ॥ ਭਾਂਡਾ ਭਾਉ ਅੰਮ੍ਰਿਤੁ ਤਿਤੁ ਢਾਲਿ ॥ ਘੜੀਐ ਸਬਦੁ ਸਚੀ ਟਕਸਾਲ ॥

ਭਉ-

'ਭਉ' ਸ਼ਬਦ ਨੂੰ ਇੱਥੇ ਗਹੁ ਨਾਲ ਵਿਚਾਰਨ ਦੀ ਲੋੜ ਹੈ।

'ਜਪੁਜੀ' ਸਾਹਿਬ ਵਿਚ ਇਹ ਸ਼ਬਦ ਦੋ ਵਾਰੀ ਆਇਆ ਹੈ, ਮੂਲ-ਮੰਤਰ ਵਿਚ 'ਨਿਰਭਉ' ਅਤੇ ਪਉੜੀ ਨੰਬਰ 38 ਵਿਚ 'ਭਉ'।

ਸੰਸਕ੍ਰਿਤ ਦਾ ਸ਼ਬਦ 'ਭਯ' ਹੈ, ਪਰ ਸਤਿਗੁਰ ਜੀ ਇਸ ਨੂੰ 'ਭਉ' ਲਿਖਦੇ ਹਨ। ਆਰੀਆ ਸਮਾਜ ਵਰਗੀ ਪੜ੍ਹੀ-ਲਿਖੀ ਸ਼੍ਰੇਣੀ ਦੇ ਮੋਢੀ ਸੁਆਮੀ ਦਇਆਨੰਦ ਇਸ ਭਉ ਸ਼ਬਦ ਨੂੰ ਸਾਹਮਣੇ ਰੱਖ ਕੇ, ਆਪਣੀ ਵਿਦਿਆ ਦੇ ਆਧਾਰ 'ਤੇ, ਗੁਰੂ ਨਾਨਕ ਸਾਹਿਬ ਨੂੰ ਅਨਪੜ੍ਹ ਲਿਖ ਗਏ ਹਨ। ਸੰਸਕ੍ਰਿਤ ਵਿੱਦਿਆ ਦੀ ਵਾਕਫ਼ੀਅਤ ਦੇ ਆਧਾਰ 'ਤੇ ਉਹ ਲਿਖਦੇ ਹਨ ਕਿ ਗੁਰੂ ਨਾਨਕ ਸਾਹਿਬ ਸੰਸਕ੍ਰਿਤ ਜਾਣਦੇ ਹੁੰਦੇ, ਤਾਂ 'ਭਯ' ਨੂੰ 'ਭਉ' ਨਾਹ ਲਿਖਦੇ।

ਇਸ ਪੁਸਤਕ ਦਾ ਇਸ ਮਜ਼ਮੂਨ ਨਾਲ ਕੋਈ ਸੰਬੰਧ ਨਹੀਂ ਕਿ ਗੁਰੂ ਨਾਨਕ ਸਾਹਿਬ ਦੀ ਸੰਸਕ੍ਰਿਤ ਵਿੱਦਿਆ ਦਾ ਸਬੂਤ ਦਿੱਤਾ ਜਾਵੇ, ਕਿਉਂਕਿ ਇਸ ਗੱਲ ਦੀ ਤਾਂ ਲੋੜ ਹੀ ਨਹੀਂ ਸੀ ਕਿ ਗੁਰੂ ਸਾਹਿਬ ਆਪਣੇ ਸਮੇਂ ਦੇ ਜੀਵਾਂ ਨੂੰ ਸੰਸਕ੍ਰਿਤ ਬੋਲੀ ਵਿਚ ਉਪਦੇਸ਼ ਦਿੰਦੇ ਜਾਂ ਸੰਸਕ੍ਰਿਤ ਦੇ ਧਾਰਮਕ ਪੁਸਤਕਾਂ ਦਾ ਉਪਦੇਸ਼ ਦ੍ਰਿੜ੍ਹ ਕਰਾਉਂਦੇ। ਅਕਾਲ ਪੁਰਖ ਪਾਸੋਂ ਉਹ ਜੋ ਸੁਨੇਹਾ ਲੈ ਕੇ ਆਏ ਸਨ, ਉਹ ਉਹਨਾਂ ਨੇ ਉਸ ਬੋਲੀ ਵਿਚ ਸੁਣਾਉਣਾ ਸੀ ਤੇ ਸੁਣਾਇਆ, ਜੋ ਇਸ ਵੇਲੇ ਇਸ ਦੇਸ਼ ਦੇ ਲੋਕਾਂ ਵਿਚ ਪਰਚੱਲਤ ਸੀ।

ਬੋਲੀ ਸਦਾ ਬਦਲਦੀ ਆਈ ਹੈ। ਵੇਦਾਂ ਦੀ ਸੰਸਕ੍ਰਿਤ ਬਦਲ ਕੇ ਹੋਰ ਹੋ ਗਈ। ਸੰਸਕ੍ਰਿਤ ਬਦਲ ਕੇ ਪ੍ਰਾਕ੍ਰਿਤ ਬਣ ਗਈ। ਪ੍ਰਾਕ੍ਰਿਤ ਤੋਂ ਪੰਜਾਬੀ ਬਣ ਗਈ। ਗੁਰੂ ਨਾਨਕ ਸਾਹਿਬ ਦੇ ਵੇਲੇ ਦੀ ਪੰਜਾਬੀ ਭੀ ਹੁਣ ਨਹੀਂ ਰਹੀ, ਹੋਰ ਹੋ ਗਈ ਹੈ। ਇਸ ਵਾਸਤੇ ਸੁਆਮੀ ਦਇਆਨੰਦ ਗੁਰੂ ਨਾਨਕ ਸਾਹਿਬ ਦੀ ਸ਼ਾਨ ਵਿਚ ਦੁਖਦਾਈ ਲਫ਼ਜ਼ ਲਿਖਣ ਦੀ ਥਾਂ, ਜੇ ਇਹ ਵੇਖਦੇ ਕਿ ਦੇਸ ਦੀ ਬੋਲੀ ਉਸ ਸਮੇਂ ਕਿਹੜੀ ਸੀ ਤਾਂ ਇਹ ਭੁੱਲ ਨਾਹ ਕਰਦੇ।

ਸੰਸਕ੍ਰਿਤ, ਪ੍ਰਾਕ੍ਰਿਤ ਤੇ ਪੰਜਾਬੀ ਦੀ ਖੋਜ ਦੇ ਅਧਾਰ 'ਤੇ ਬੇਅੰਤ ਸ਼ਬਦ ਪੇਸ਼ ਕੀਤੇ ਜਾ ਸਕਦੇ ਹਨ , ਜਿੱਥੇ ਇਹ ਪਰਤੱਖ ਸਾਬਤ ਹੋ ਜਾਂਦਾ ਹੈ ਕਿ ਕਿਵੇਂ ਸੰਸਕ੍ਰਿਤ ਸ਼ਬਦ ਬਦਲ ਬਦਲ ਕੇ ਪੰਜਾਬੀ ਵਿਚ ਨਵਾਂ ਰੂਪ ਧਾਰਦੇ ਗਏ।

ਨੋਟ: ਇਸ ਵਿਚਾਰ ਨੂੰ ਵਿਸਥਾਰ ਨੂੰ ਨਾਲ ਸਮਝਣ ਵਾਸਤੇ ਪੜ੍ਹੋ ਮੇਰੀ ਪੁਸਤਕ "ਗੁਰਬਾਣੀ ਤੇ ਇਤਿਹਾਸ ਬਾਰੇ" ਦੇ ਪੰਨਾ 43 ਤੋਂ 61 ਤਕ।

ਪਦ ਅਰਥ: ਭਉ = ਅਕਾਲ ਪੁਰਖ ਦਾ ਡਰ। ਖਲਾ = ਖੱਲਾਂ; ਧੌਂਕਣੀ (ਜਿਸ ਨਾਲ ਸੁਨਿਆਰੇ ਫੂਕ ਮਾਰ ਕੇ ਅੱਗ ਭਖਾਂਦੇ ਹਨ) । ਤਪਤਾਉ = ਤਪਾਂ ਨਾਲ ਤਪਣਾ, ਘਾਲ ਘਾਲਣੀ, ਕਮਾਈ ਕਰਨੀ। ਭਾਂਡਾ = ਕੁਠਾਲੀ। ਭਾਉ = ਪ੍ਰੇਮ। ਅੰਮ੍ਰਿਤੁ = ਅਕਾਲ ਪੁਰਖ ਦਾ ਅਮਰ ਕਰਨ ਵਾਲਾ ਨਾਮ। ਤਿਤੁ = ਉਸ ਭਾਂਡੇ ਵਿਚ। ਘੜੀਐ = ਘੜੀਦਾ ਹੈ, ਘੜਿਆ ਜਾਂਦਾ ਹੈ। ਘੜੀਐ ਸਬਦੁ = ਸ਼ਬਦ ਘੜਿਆ ਜਾਂਦਾ ਹੈ। ਸੱਚੀ ਟਕਸਾਲ = ਇਸ ਉੱਪਰ-ਦੱਸੀ ਹੋਈ ਸੱਚੀ ਟਕਸਾਲ ਵਿਚ।

ਨੋਟ: ਜਤ, ਧੀਰਜ, ਮਤ, ਗਿਆਨ, ਭਉ, ਤਪਤਾਉ ਅਤੇ ਭਾਉ ਦੀ ਮਿਲਵੀਂ ਸੱਚੀ ਟਕਸਾਲ ਵਿਚ ਗੁਰ ਸ਼ਬਦ ਦੀ ਮੋਹਰ ਘੜੀ ਜਾਂਦੀ ਹੈ, (ਭਾਵ ਜਿਸ ਉੱਚੀ ਆਤਮਕ ਅਵਸਥਾ ਵਿਚ ਕੋਈ ਸ਼ਬਦ ਗੁਰੂ ਨੇ ਉਚਾਰਿਆ ਹੈ, ਸਿੱਖ ਨੂੰ ਭੀ ਉਹ ਸ਼ਬਦ ਉਸੇ ਅਵਸਥਾ ਵਿਚ ਲੈ ਅੱਪੜਦਾ ਹੈ, (ਕੂੜ ਦੀ ਪਾਲਿ ਤੋੜ ਦੇਂਦਾ ਹੈ) ਜੇ ਜਤ ਧੀਰਜ ਆਦਿਕ ਵਾਲਾ ਜੀਵਨ ਬਣ ਜਾਏ। ਟਕਸਾਲ = ਉਹ ਥਾਂ ਜਿੱਥੇ ਸਰਕਾਰੀ ਰੁਪਏ ਆਦਿਕ ਸਿੱਕੇ ਘੜੀਦੇ ਹਨ।

ਅਰਥ: (ਜੇ) ਅਕਾਲ ਪੁਰਖ ਦਾ ਡਰ ਧੌਂਕਣੀ (ਹੋਵੇ) , ਘਾਲ-ਕਮਾਈ ਅੱਗ (ਹੋਵੇ) , ਪ੍ਰੇਮ ਕੁਠਾਲੀ ਹੋਵੇ, ਤਾਂ (ਹੇ ਭਾਈ!) ਉਸ (ਕੁਠਾਲੀ) ਵਿਚ ਅਕਾਲ ਪੁਰਖ ਦਾ ਅੰਮ੍ਰਿਤ ਨਾਮ ਗਲਾਵੋ, (ਕਿਉਂਕਿ ਇਹੋ ਜਿਹੀ ਹੀ) ਸੱਚੀ ਟਕਸਾਲ ਵਿਚ (ਗੁਰੂ ਦਾ) ਸ਼ਬਦ ਘੜਿਆ ਜਾਂਦਾ ਹੈ।

ਜਿਨ ਕਉ ਨਦਰਿ ਕਰਮੁ ਤਿਨ ਕਾਰ ॥ ਨਾਨਕ ਨਦਰੀ ਨਦਰਿ ਨਿਹਾਲ ॥੩੮॥ {ਪੰਨਾ 8}

ਪਦ ਅਰਥ: ਜਿਨ ਕਉ = ਜਿਨ੍ਹਾਂ ਮਨੁੱਖਾਂ ਉੱਤੇ। ਨਦਰਿ = ਮਿਹਰ ਦੀ ਨਜ਼ਰ। ਕਰਮੁ = ਬਖ਼ਸ਼ਸ਼। ਤਿਨ ਕਾਰ = ਉਹਨਾਂ ਮਨੁੱਖਾਂ ਦੀ ਹੀ ਇਹ ਕਾਰ ਹੈ, (ਭਾਵ, ਉਹ ਮਨੁੱਖ ਇਹ ਉੱਪਰ ਦੱਸੀ ਟਕਸਾਲ ਤਿਆਰ ਕਰਕੇ ਸ਼ਬਦ ਦੀ ਘਾੜਤ ਘੜਦੇ ਹਨ) । ਨਿਹਾਲ = ਪਰਸੰਨ, ਖ਼ੁਸ਼, ਅਨੰਦ। ਨਦਰੀ = ਮਿਹਰ ਦੀ ਨਜ਼ਰ ਵਾਲਾ ਪ੍ਰਭੂ।

ਅਰਥ: ਇਹ ਕਾਰ ਉਹਨਾਂ ਮਨੁੱਖਾਂ ਦੀ ਹੈ, ਜਿਨ੍ਹਾਂ ਉੱਤੇ ਮਿਹਰ ਦੀ ਨਜ਼ਰ ਹੁੰਦੀ ਹੈ, ਜਿੰਨ੍ਹਾਂ ਉੱਤੇ ਬਖ਼ਸ਼ਸ਼ ਹੁੰਦੀ ਹੈ। ਹੇ ਨਾਨਕ! ਉਹ ਮਨੁੱਖ ਅਕਾਲ ਪੁਰਖ ਦੀ ਕ੍ਰਿਪਾ-ਦ੍ਰਿਸ਼ਟੀ ਨਾਲ ਨਿਹਾਲ ਹੋ ਜਾਂਦਾ ਹੈ। 38।

ਭਾਵ: ਪਰ ਇਹ ਉੱਚੀ ਆਤਮਕ ਅਵਸਥਾ ਤਦੋਂ ਹੀ ਬਣ ਸਕਦੀ ਹੈ ਜੇ ਆਚਰਨ ਪਵਿੱਤਰ ਹੋਵੇ, ਦੂਜਿਆਂ ਦੀ ਵਧੀਕੀ ਸਹਾਰਨ ਦਾ ਹੌਂਸਲਾ ਹੋਵੇ , ਉੱਚੀ ਤੇ ਵਿਸ਼ਾਲ ਸਮਝ ਹੋਵੇ, ਪ੍ਰਭੂ ਦਾ ਡਰ ਹਿਰਦੇ ਵਿਚ ਟਿਕਿਆ ਰਹੇ , ਸੇਵਾ ਦੀ ਘਾਲ ਘਾਲੀ ਜਾਏ ਖ਼ਾਲਕ ਤੇ ਖ਼ਲਕ ਦਾ ਪਿਆਰ ਦਿਲ ਵਿਚ ਹੋਵੇ। ਇਹ ਜਤ, ਧੀਰਜ, ਮਤ, ਗਿਆਨ, ਭਉ, ਘਾਲ ਅਤੇ ਪ੍ਰੇਮ ਦੇ ਗੁਣ ਇਕ ਸੱਚੀ ਟਕਸਾਲ ਹੈ ਜਿਸ ਵਿਚ ਗੁਰ ਸ਼ਬਦ ਦੀ ਮੋਹਰ ਘੜੀ ਜਾਂਦੀ ਹੈ (ਭਾਵ, ਜਿਸ ਉੱਚੀ ਆਤਮਕ ਅਵਸਥਾ ਵਿਚ ਕੋਈ ਸ਼ਬਦ ਸਤਿਗੁਰੂ ਨੇ ਉਚਾਰਿਆ ਹੈ, ਉੱਪਰ-ਦੱਸੇ ਜੀਵਨ ਵਾਲੇ ਸਿੱਖ ਨੂੰ ਭੀ ਉਹ ਸ਼ਬਦ ਉਸੇ ਆਤਮਕ ਅਵਸਥਾ ਵਿਚ ਲੈ ਅੱਪੜਦਾ ਹੈ) । 38।

ਨੋਟ: ਬਾਣੀ 'ਜਪੁ' ਦੀਆਂ ਕੁਲ 38 ਪਉੜੀਆਂ ਹਨ, ਜੋ ਇੱਥੇ ਸਮਾਪਤ ਹੋਈਆਂ ਹਨ। ਪਹਿਲੇ ਸਲੋਕ ਵਿਚ ਮੰਗਲਾਚਰਨ ਵਜੋਂ ਸਤਿਗੁਰੂ ਜੀ ਨੇ ਆਪਣੇ ਇਸ਼ਟ ਪ੍ਰਭੂ ਦਾ ਸਰੂਪ ਬਿਆਨ ਕੀਤਾ ਸੀ। ਅਗਲੇ ਅਖ਼ੀਰਲੇ ਸਲੋਕ ਵਿਚ ਸਾਰੀ ਬਾਣੀ 'ਜਪੁ' ਦਾ ਸਿਧਾਂਤ ਦੱਸਿਆ ਹੈ।

ਸਲੋਕੁ ॥ ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥ ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ ॥

ਪਦ ਅਰਥ: ਪਵਣੁ = ਹਵਾ, ਸੁਆਸ, ਪ੍ਰਾਣ। ਮਹਤੁ = ਵੱਡੀ। ਦਿਵਸੁ = ਦਿਨ। ਦੁਇ = ਦੋਵੇਂ। ਦਿਵਸੁ ਦਾਇਆ = ਦਿਨ ਖਿਡਾਵਾ ਹੈ। ਰਾਤਿ ਦਾਈ = ਰਾਤ ਖਿਡਾਵੀ ਹੈ। ਸਗਲ = ਸਾਰਾ।

ਅਰਥ: ਪ੍ਰਾਣ (ਸਰੀਰਾਂ ਲਈ ਇਉਂ ਹਨ ਜਿਵੇਂ) ਗੁਰੂ (ਜੀਵਾਂ ਦੇ ਆਤਮਾ ਲਈ) ਹੈ, ਪਾਣੀ (ਸਭ ਜੀਵਾਂ ਦਾ) ਪਿਉ ਹੈ ਅਤੇ ਧਰਤੀ (ਸਭ ਦੀ) ਵੱਡੀ ਮਾਂ ਹੈ। ਦਿਨ ਅਤੇ ਰਾਤ ਦੋਵੇਂ ਖਿਡਾਵਾ ਤੇ ਖਿਡਾਵੀ ਹਨ, ਸਾਰਾ ਸੰਸਾਰ ਖੇਡ ਰਿਹਾ ਹੈ, (ਭਾਵ, ਸੰਸਾਰ ਦੇ ਸਾਰੇ ਜੀਵ ਰਾਤ ਨੂੰ ਸੌਣ ਵਿਚ ਅਤੇ ਦਿਨੇ ਕਾਰ-ਵਿਹਾਰ ਵਿਚ ਪਰਚੇ ਪਏ ਹਨ) ।

ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ ॥ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ ॥

ਪਦ ਅਰਥ: ਵਾਚੈ = ਪਰਖਦਾ ਹੈ, (ਲਿਖੇ ਹੋਏ) ਪੜ੍ਹਦਾ ਹੈ। ਹਦੂਰਿ = ਅਕਾਲ ਪੁਰਖ ਦੀ ਹਜ਼ੂਰੀ ਵਿਚ, ਅਕਾਲ ਪੁਰਖ ਦੇ ਦਰ 'ਤੇ। ਕਰਮੀ = ਕਰਮਾਂ ਅਨੁਸਾਰ। ਕੇ = ਕਈ ਜੀਵ। ਨੇੜੈ = ਅਕਾਲ ਪੁਰਖ ਦੇ ਨਜ਼ਦੀਕ।

ਅਰਥ: ਧਰਮਰਾਜ ਅਕਾਲ ਪੁਰਖ ਦੀ ਹਜ਼ੂਰੀ ਵਿਚ (ਜੀਵਾਂ ਦੇ ਕੀਤੇ ਹੋਏ) ਚੰਗੇ ਤੇ ਮੰਦੇ ਕੰਮ ਵਿਚਾਰਦਾ ਹੈ। ਆਪੋ ਆਪਣੇ (ਇਹਨਾਂ ਕੀਤੇ ਹੋਏ) ਕਰਮਾਂ ਦੇ ਅਨੁਸਾਰ ਕਈ ਜੀਵ ਅਕਾਲ ਪੁਰਖ ਦੇ ਨੇੜੇ ਹੋ ਜਾਂਦੇ ਹਨ ਅਤੇ ਅਕਾਲ ਪੁਰਖ ਤੋਂ ਦੂਰਿ ਹੋ ਜਾਂਦੇ ਹਨ।

ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ ॥੧॥

ਪਦ ਅਰਥ: ਜਿਨੀ = ਜਿਨ੍ਹਾਂ ਮਨੁੱਖਾਂ ਨੇ। ਤੇ = ਉਹ ਮਨੁੱਖ। ਧਿਆਇਆ = ਸਿਮਰਿਆ ਹੈ। ਮਸਕਤਿ = ਮਸ਼ੱਕਤਿ, ਮਿਹਨਤ, ਘਾਲ = ਕਮਾਈ। ਘਾਲਿ = ਘਾਲ ਕੇ, ਸਫਲੀ ਕਰ ਕੇ। ਮੁਖ ਉਜਲੇ = ਉੱਜਲ ਮੁਖ ਵਾਲੇ। ਕੇਤੀ = ਕਈ ਜੀਵ। ਛੁਟੀ = ਮੁਕਤ ਹੋ ਗਈ, ਮਾਇਆ ਦੇ ਬੰਦਨਾਂ ਤੋਂ ਰਹਿਤ ਹੋ ਗਈ। ਨਾਲਿ = ਉਹਨਾਂ (ਗੁਰਮੁਖਾਂ) ਦੀ ਸੰਗਤ ਵਿਚ।

ਅਰਥ: ਹੇ ਨਾਨਕ! ਜਿਨ੍ਹਾਂ ਮਨੁੱਖਾਂ ਨੇ ਅਕਾਲ ਪੁਰਖ ਦਾ ਨਾਮ ਸਿਮਰਿਆ ਹੈ, ਉਹ ਆਪਣੀ ਮਿਹਨਤ ਸਫਲੀ ਕਰ ਗਏ ਹਨ, (ਅਕਾਲ ਪੁਰਖ ਦੇ ਦਰ 'ਤੇ) ਉਹ ਉੱਜਲ ਮੁਖ ਵਾਲੇ ਹਨ ਅਤੇ (ਹੋਰ ਭੀ) ਕਈ ਜੀਵ ਉਹਨਾਂ ਦੀ ਸੰਗਤਿ ਵਿਚ (ਰਹਿ ਕੇ) ("ਕੂੜ ਦੀ ਪਾਲਿ" ਢਾਹ ਕੇ ਮਾਇਆ ਦੇ ਬੰਧਨਾਂ ਤੋਂ) ਆਜ਼ਾਦ ਹੋ ਗਏ ਹਨ।1।

ਭਾਵ: ਇਹ ਜਗਤ ਇਕ ਰੰਗ-ਭੂਮੀ ਹੈ, ਜਿਸ ਵਿਚ ਜੀਵ ਖਿਲਾੜੀ ਆਪੋ ਆਪਣੀ ਖੇਡ ਖੇਡ ਰਹੇ ਹਨ। ਹਰੇਕ ਜੀਵ ਦੀ ਪੜਤਾਲ ਬੜੇ ਗਹੁ ਨਾਲ ਹੋ ਰਹੀ ਹੈ। ਜੋ ਨਿਰੀ ਮਾਇਆ ਦੀ ਖੇਡ ਹੀ ਖੇਡ ਗਏ, ਉਹ ਪ੍ਰਭੂ ਤੋਂ ਵਿੱਥ ਪਾਈ ਗਏ। ਪਰ ਜਿਨ੍ਹਾਂ ਨੇ ਸਿਮਰਨ ਦੀ ਖੇਡ ਖੇਡੀ, ਉਹ ਆਪਣੀ ਮਿਹਨਤ ਸਫਲੀ ਕਰ ਗਏ ਤੇ ਹੋਰ ਕਈ ਜੀਵਾਂ ਨੂੰ ਇਸ ਸੁਚੱਜੇ ਰਾਹ 'ਤੇ ਪਾਂਦੇ ਹੋਏ ਆਪ ਭੀ ਪ੍ਰਭੂ ਦੀ ਹਜ਼ੂਰੀ ਵਿਚ ਸੁਰਖ਼ਰੂ ਹੋਏ।

ਸੋ ਦਰੁ ਰਾਗੁ ਆਸਾ ਮਹਲਾ ੧     ੴ ਸਤਿਗੁਰ ਪ੍ਰਸਾਦਿ ॥ ਸੋ ਦਰੁ ਤੇਰਾ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ ॥ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਵਾਵਣਹਾਰੇ ॥ ਕੇਤੇ ਤੇਰੇ ਰਾਗ ਪਰੀ ਸਿਉ ਕਹੀਅਹਿ ਕੇਤੇ ਤੇਰੇ ਗਾਵਣਹਾਰੇ ॥

ਪਦ ਅਰਥ: ਕੇਹਾ = ਕਿਹੋ ਜਿਹਾ? ਬੜਾ ਅਚਰਜ। ਦਰੁ = ਦਰਵਾਜ਼ਾ। ਜਿਤੁ = ਜਿੱਥੇ। ਬਹਿ = ਬੈਠ ਕੇ। ਸਰਬ = ਸਾਰੇ ਜੀਵਾਂ ਨੂੰ। ਸਮਾਲੇ = ਤੂੰ ਸੰਭਾਲ ਕੀਤੀ ਹੈ, ਤੂੰ ਸੰਭਾਲ ਕਰ ਰਿਹਾ ਹੈਂ। ਨਾਦ = ਆਵਾਜ਼ਾਂ, ਸਬਦ, ਰਾਗ। ਵਾਵਣਹਾਰੇ = ਵਜਾਣ ਵਾਲੇ। ਪਰੀ = ਰਾਗ ਪਰੀ, ਰਾਗਣੀਆਂ। ਸਿਉ = ਸਮੇਤ, ਸਣੇ। ਪਰੀ ਸਿਉ = ਰਾਗਣੀਆਂ ਸਮੇਤ। ਕਹੀਅਹਿ = ਕਹੇ ਜਾਂਦੇ ਹਨ, ਆਖੇ ਜਾਂਦੇ ਹਨ।

ਅਰਥ: (ਹੇ ਪ੍ਰਭੂ!) ਤੇਰਾ ਉਹ ਘਰ ਅਤੇ (ਉਸ ਘਰ ਦਾ) ਉਹ ਦਰਵਾਜ਼ਾ ਬੜਾ ਹੀ ਅਸਚਰਜ ਹੋਵੇਗਾ, ਜਿੱਥੇ ਬੈਠ ਕੇ ਤੂੰ ਸਾਰੇ ਜੀਵਾਂ ਦੀ ਸੰਭਾਲ ਕਰ ਰਿਹਾ ਹੈਂ। (ਤੇਰੀ ਇਸ ਰਚੀ ਹੋਈ ਕੁਦਰਤ ਵਿਚ) ਅਨੇਕਾਂ ਤੇ ਅਣਗਿਣਤ ਵਾਜੇ ਤੇ ਰਾਗ ਹਨ; ਬੇਅੰਤ ਹੀ ਜੀਵ (ਉਹਨਾਂ ਵਾਜਿਆਂ ਨੂੰ) ਵਜਾਣ ਵਾਲੇ ਹਨ। ਰਾਗਣੀਆਂ ਸਮੇਤ ਬੇਅੰਤ ਹੀ ਰਾਗਾਂ ਦੇ ਨਾਮ ਲਏ ਜਾਂਦੇ ਹਨ। ਅਨੇਕਾਂ ਹੀ ਜੀਵ (ਇਹਨਾਂ ਰਾਗ-ਰਾਗਣੀਆਂ ਦੀ ਰਾਹੀਂ ਤੈਨੂੰ) ਗਾਣ ਵਾਲੇ ਹਨ (ਤੇਰੀ ਸਿਫ਼ਤਿ ਦੇ ਗੀਤ ਗਾ ਰਹੇ ਹਨ) ।

ਗਾਵਨਿ ਤੁਧਨੋ ਪਵਣੁ ਪਾਣੀ ਬੈਸੰਤਰੁ ਗਾਵੈ ਰਾਜਾ ਧਰਮੁ ਦੁਆਰੇ ॥ ਗਾਵਨਿ ਤੁਧਨੋ ਚਿਤੁ ਗੁਪਤੁ ਲਿਖਿ ਜਾਣਨਿ ਲਿਖਿ ਲਿਖਿ ਧਰਮੁ ਬੀਚਾਰੇ ॥

ਪਦ ਅਰਥ: ਗਾਵਨਿ = ਗਾਂਦੇ ਹਨ। ਤੁਧ ਨੋ = ਤੈਨੂੰ। ਬੈਸੰਤਰੁ = ਅੱਗ। ਗਾਵੈ = ਗਾਂਦਾ ਹੈ {'ਗਾਵੈ' ਇਕ-ਵਚਨ ਹੈ, 'ਗਾਵਨਿ' ਬਹੁ-ਵਚਨ ਹੈ}। ਰਾਜਾ ਧਰਮੁ = ਧਰਮ ਰਾਜ। ਦੁਆਰੇ = (ਹੇ ਪ੍ਰਭੂ! ਤੇਰੇ) ਦਰ ਤੇ। ਚਿਤੁ ਗੁਪਤੁ = ਪੁਰਾਤਨ ਹਿੰਦੂ ਖ਼ਿਆਲ ਤੁਰਿਆ ਆ ਰਿਹਾ ਹੈ ਕਿ ਇਹ ਦੋਵੇਂ ਵਿਅਕਤੀਆਂ ਚਿੱਤਰ ਅਤੇ ਗੁਪਤ ਸਾਰੇ ਜੀਵਾਂ ਦੇ ਕੀਤੇ ਚੰਗੇ ਮੰਦੇ ਕਰਮਾਂ ਦੇ ਲੇਖੇ ਲਿਖਦੇ ਰਹਿੰਦੇ ਹਨ। ਲਿਖਿ ਜਾਣਹਿ = {Know to write} ਲਿਖਣਾ ਜਾਣਦੇ ਹਨ। ਲਿਖਿ ਲਿਖਿ = (ਹਰ ਵੇਲੇ) ਲਿਖ ਲਿਖ ਕੇ (ਜੋ ਕੁਝ ਉਹ ਚਿੱਤਰ ਗੁਪਤ ਹਰ ਵੇਲੇ ਲਿਖਦੇ ਰਹਿੰਦੇ ਹਨ) ।

ਅਰਥ: (ਹੇ ਪ੍ਰਭੂ!) ਹਵਾ ਪਾਣੀ ਅੱਗ (ਆਦਿਕ ਤੱਤ) ਤੇਰੇ ਗੁਣ ਗਾ ਰਹੇ ਹਨ (ਤੇਰੀ ਰਜ਼ਾ ਵਿਚ ਤੁਰ ਰਹੇ ਹਨ) । ਧਰਮ ਰਾਜ (ਤੇਰੇ) ਦਰ ਤੇ (ਖਲੋ ਕੇ ਤੇਰੀ ਸਿਫ਼ਤਿ-ਸਾਲਾਹ ਦੇ ਗੀਤ) ਗਾ ਰਿਹਾ ਹੈ। ਉਹ ਚਿੱਤਰ ਗੁਪਤ ਭੀ ਜੋ (ਜੀਵਾਂ ਦੇ ਚੰਗੇ ਮੰਦੇ ਕਰਮਾਂ ਦੇ ਲੇਖੇ) ਲਿਖਣੇ ਜਾਣਦੇ ਹਨ ਅਤੇ ਜਿਨ੍ਹਾਂ ਦੇ ਲਿਖੇ ਹੋਏ ਧਰਮ ਰਾਜ ਵਿਚਾਰਦਾ ਹੈ ਤੇਰੀ ਸਿਫ਼ਤਿ-ਸਾਲਾਹ ਦੇ ਗੀਤ ਗਾ ਰਹੇ ਹਨ।

ਗਾਵਨਿ ਤੁਧਨੋ ਈਸਰੁ ਬ੍ਰਹਮਾ ਦੇਵੀ ਸੋਹਨਿ ਤੇਰੇ ਸਦਾ ਸਵਾਰੇ ॥ ਗਾਵਨਿ ਤੁਧਨੋ ਇੰਦ੍ਰ ਇੰਦ੍ਰਾਸਣਿ ਬੈਠੇ ਦੇਵਤਿਆ ਦਰਿ ਨਾਲੇ ॥

ਪਦ ਅਰਥ: ਈਸਰੁ = ਸ਼ਿਵ। ਦੇਵੀ = ਦੇਵੀਆਂ। ਸੋਹਨਿ = ਸੋਹਣੇ ਲੱਗਦੇ ਹਨ, ਸੋਭਦੇ ਹਨ। ਸਵਾਰੇ = ਸੋਹਣੇ ਬਣਾਏ ਹੋਏ। ਇੰਦ੍ਰਾਸਣਿ = {ਇੰਦ੍ਰ-ਆਸਣ} ਇੰਦਰ ਦੇ ਆਸਣ ਉੱਤੇ (ਬੈਠੇ ਹੋਏ) । ਦਰਿ = ਤੇਰੇ ਦਰਵਾਜ਼ੇ ਉੱਤੇ। ਦੇਵਤਿਆ ਨਾਲੇ = ਦੇਵਤਿਆਂ ਸਮੇਤ।

ਅਰਥ: (ਹੇ ਪ੍ਰਭੂ!) ਅਨੇਕਾਂ ਦੇਵੀਆਂ ਸ਼ਿਵ ਅਤੇ ਬ੍ਰਹਮਾ (ਆਦਿਕ ਦੇਵਤੇ) ਜੋ ਤੇਰੇ ਸਵਾਰੇ ਹੋਏ ਹਨ ਸਦਾ (ਤੇਰੇ ਦਰ ਤੇ) ਸੋਭ ਰਹੇ ਹਨ ਤੈਨੂੰ ਗਾ ਰਹੇ ਹਨ (ਤੇਰੇ ਗੁਣ ਗਾ ਰਹੇ ਹਨ) । ਕਈ ਇੰਦਰ ਦੇਵਤੇ ਆਪਣੇ ਤਖ਼ਤ ਉੱਤੇ ਬੈਠੇ ਹੋਏ ਦੇਵਤਿਆਂ ਸਮੇਤ ਤੇਰੇ ਦਰ ਉੱਤੇ ਤੈਨੂੰ ਗਾ ਰਹੇ ਹਨ (ਤੇਰੀ ਸਿਫ਼ਤਿ-ਸਾਲਾਹ ਦੇ ਗੀਤ ਗਾ ਰਹੇ ਹਨ) ।

ਗਾਵਨਿ ਤੁਧਨੋ ਸਿਧ ਸਮਾਧੀ ਅੰਦਰਿ ਗਾਵਨਿ ਤੁਧਨੋ ਸਾਧ ਬੀਚਾਰੇ ॥ ਗਾਵਨਿ ਤੁਧਨੋ ਜਤੀ ਸਤੀ ਸੰਤੋਖੀ ਗਾਵਨਿ ਤੁਧਨੋ ਵੀਰ ਕਰਾਰੇ ॥

ਪਦ ਅਰਥ: ਸਮਾਧੀ ਅੰਦਰਿ = ਸਮਾਧੀ ਵਿਚ ਜੁੜ ਕੇ। ਸਿਧ = ਜੋਗ ਸਾਧਨਾਂ ਵਿਚ ਪੁੱਗੇ ਹੋਏ ਜੋਗੀ, ਉਹ ਵਿਅਕਤੀਆਂ ਜੋ ਮਨੁੱਖਾਂ ਦੀ ਸ਼੍ਰੇਣੀ ਤੋਂ ਅਗਾਂਹ ਅਤੇ ਦੇਵਤਿਆਂ ਤੋਂ ਹੇਠ ਮੰਨੀਆਂ ਜਾਂਦੀਆਂ ਹਨ; ਇਹ ਸਿੱਧ ਪਵਿਤ੍ਰਤਾ ਦਾ ਪੁੰਜ ਅਤੇ ਅੱਠਾਂ ਹੀ ਸਿੱਧੀਆਂ ਦੇ ਮਾਲਕ ਸਮਝੇ ਜਾਂਦੇ ਹਨ। ਬੀਚਾਰੇ = ਬੀਚਾਰਿ, ਵਿਚਾਰ ਕੇ। ਜਤੀ = ਕਾਮ-ਵਾਸ਼ਨਾ ਨੂੰ ਰੋਕ ਕੇ ਰੱਖਣ ਵਾਲੇ। ਸਤੀ = ਦਾਨੀ। ਵੀਰ = ਸੂਰਮੇ। ਕਰਾਰੇ = ਤਕੜੇ।

ਅਰਥ: (ਹੇ ਪ੍ਰਭੂ!) ਸਿੱਧ ਲੋਕ ਸਮਾਧੀਆਂ ਲਾ ਕੇ ਤੈਨੂੰ ਗਾ ਰਹੇ ਹਨ। ਸਾਧ ਜਨ (ਤੇਰੇ ਗੁਣਾਂ ਦੀ) ਵਿਚਾਰ ਕਰ ਕੇ ਤੈਨੂੰ ਸਲਾਹ ਰਹੇ ਹਨ। ਜਤੀ, ਦਾਨੀ ਅਤੇ ਸੰਤੋਖੀ ਬੰਦੇ ਭੀ ਤੇਰੇ ਹੀ ਗੁਣ ਗਾ ਰਹੇ ਹਨ। ਬੇਅੰਤ ਤਕੜੇ ਸੂਰਮੇ ਤੇਰੀਆਂ ਹੀ ਵਡਿਆਈਆਂ ਕਰ ਰਹੇ ਹਨ।

TOP OF PAGE

Sri Guru Granth Darpan, by Professor Sahib Singh