ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 9

ਗਾਵਨਿ ਤੁਧਨੋ ਪੰਡਿਤ ਪੜਨਿ ਰਖੀਸੁਰ ਜੁਗੁ ਜੁਗੁ ਵੇਦਾ ਨਾਲੇ ॥ ਗਾਵਨਿ ਤੁਧਨੋ ਮੋਹਣੀਆ ਮਨੁ ਮੋਹਨਿ ਸੁਰਗੁ ਮਛੁ ਪਇਆਲੇ ॥ {ਪੰਨਾ 9}

ਪਦ ਅਰਥ: ਪੜਨਿ = ਪੜ੍ਹਦੇ ਹਨ। ਰਖੀਸੁਰ = {ਰਿਖੀ-ਈਸਰੁ} ਵੱਡੇ ਵੱਡੇ ਰਿਖੀ, ਮਹਾਂ ਰਿਖੀ। ਜੁਗੁ ਜੁਗੁ = ਹਰੇਕ ਜੁਗ ਵਿਚ। ਵੇਦਾ ਨਾਲੇ = ਵੇਦਾਂ ਸਣੇ। ਮੋਹਣੀਆ = ਸੁੰਦਰ ਇਸਤ੍ਰੀਆਂ। ਮਨੁ ਮੋਹਨਿ = ਜੋ ਮਨ ਨੂੰ ਮੋਹ ਲੈਂਦੀਆਂ ਹਨ। ਮਛੁ = ਮਾਤ ਲੋਕ। ਪਇਆਲੇ = ਪਾਤਾਲ ਲੋਕ।

ਅਰਥ: (ਹੇ ਪ੍ਰਭੂ!) ਪੰਡਿਤ ਅਤੇ ਮਹਾ ਰਿਖੀ ਜੋ (ਵੇਦਾਂ ਨੂੰ ਪੜ੍ਹਦੇ ਹਨ, ਵੇਦਾਂ ਸਣੇ ਤੇਰਾ ਹੀ ਜਸ ਕਰ ਰਹੇ ਹਨ। ਸੁੰਦਰ ਇਸਤ੍ਰੀਆਂ ਜੋ (ਆਪਣੀ ਸੁੰਦਰਤਾ ਨਾਲ ਮਨੁੱਖ ਦੇ) ਮਨ ਨੂੰ ਮੋਹ ਲੈਂਦੀਆਂ ਹਨ ਤੈਨੂੰ ਹੀ ਗਾ ਰਹੀਆਂ ਹਨ, (ਭਾਵ, ਤੇਰੀ ਸੁੰਦਰਤਾ ਦਾ ਪਰਕਾਸ਼ ਕਰ ਰਹੀਆਂ ਹਨ) । ਸੁਰਗ-ਲੋਕ, ਮਾਤ-ਲੋਕ ਅਤੇ ਪਤਾਲ-ਲੋਕ (ਭਾਵ, ਸੁਰਗ ਮਾਤ ਅਤੇ ਪਤਾਲ ਦੇ ਸਾਰੇ ਜੀਆ ਜੰਤ) ਤੇਰੀ ਹੀ ਵਡਿਆਈ ਕਰ ਰਹੇ ਹਨ।

ਗਾਵਨਿ ਤੁਧਨੋ ਰਤਨ ਉਪਾਏ ਤੇਰੇ ਅਠਸਠਿ ਤੀਰਥ ਨਾਲੇ ॥ ਗਾਵਨਿ ਤੁਧਨੋ ਜੋਧ ਮਹਾਬਲ ਸੂਰਾ ਗਾਵਨਿ ਤੁਧਨੋ ਖਾਣੀ ਚਾਰੇ ॥ ਗਾਵਨਿ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰਿ ਕਰਿ ਰਖੇ ਤੇਰੇ ਧਾਰੇ ॥ {ਪੰਨਾ 9}

ਪਦ ਅਰਥ: ਉਪਾਏ ਤੇਰੇ = ਤੇਰੇ ਕੀਤੇ ਹੋਏ। ਅਠਸਠਿ = ਅਠਾਹਠ। ਤੀਰਥ ਨਾਲੇ = ਤੀਰਥਾਂ ਸਮੇਤ। ਜੋਧ = ਜੋਧੇ। ਮਹਾਬਲ = ਵੱਡੇ ਬਲ ਵਾਲੇ। ਸੂਰਾ = ਸੂਰਮੇ। ਖਾਣੀ ਚਾਰੇ = ਚਾਰੇ ਖਾਣੀਆਂ {ਅੰਡਜ, ਜੇਰਜ, ਸੇਤਜ, ਉਤਭੁਜ}। ਖਾਣੀ = ਖਾਣ ਜਿਸ ਨੂੰ ਪੁੱਟ ਕੇ ਵਿਚੋਂ ਧਾਤਾਂ ਜਾਂ ਰਤਨ ਆਦਿਕ ਪਦਾਰਥ ਕੱਢੇ ਜਾਣ {ਖਨ = ਪੁੱਟਣਾ}। ਪੁਰਾਤਨ ਖ਼ਿਆਲ ਤੁਰਿਆ ਆ ਰਿਹਾ ਹੈ ਕਿ ਜਗਤ ਦੇ ਸਾਰੇ ਜੀਵ ਚਾਰ ਖਾਣੀਆਂ ਤੋਂ ਪੈਦਾ ਹੋਏ ਹਨ– ਅੰਡਾ, ਜਿਓਰ, ਮੁੜਕਾ, ਪਾਣੀ ਦੀ ਸਹੈਤਾ ਨਾਲ ਧਰਤੀ ਵਿਚੋਂ ਆਪਣੇ ਆਪ ਉੱਗ ਪੈਣਾ (ਇਥੇ ਭਾਵ ਹੈ, ਚੌਹਾਂ ਹੀ ਖਾਣੀਆਂ ਦੇ ਜੀਵ, ਸਾਰੀ ਰਚਨਾ) । ਖੰਡ = ਟੋਟਾ, ਬ੍ਰਹਮੰਡ ਦਾ ਟੋਟਾ, ਹਰੇਕ ਧਰਤੀ। ਮੰਡਲ = ਚੱਕ੍ਰ, ਬ੍ਰਹਮੰਡ ਦਾ ਇਕ ਚੱਕ੍ਰ ਜਿਸ ਵਿਚ ਇੱਕ ਸੂਰਜ, ਇੱਕ ਚੰਦ੍ਰਮਾ ਅਤੇ ਧਰਤੀ ਆਦਿਕ ਗਿਣੇ ਜਾਂਦੇ ਹਨ। ਬ੍ਰਹਮੰਡ = ਸਾਰੀ ਸ੍ਰਿਸ਼ਟੀ। ਕਰਿ ਕਰਿ = ਬਣਾ ਕੇ। ਧਾਰੇ = ਟਿਕਾਏ ਹੋਏ।

ਅਰਥ: (ਹੇ ਪ੍ਰਭੂ!) ਤੇਰੇ ਪੈਦਾ ਕੀਤੇ ਹੋਏ ਰਤਨ ਅਠਾਹਠ ਤੀਰਥਾਂ ਸਮੇਤ ਤੈਨੂੰ ਹੀ ਗਾ ਰਹੇ ਹਨ। ਵੱਡੇ ਬਲ ਵਾਲੇ ਜੋਧੇ ਅਤੇ ਸੂਰਮੇ (ਤੇਰਾ ਦਿੱਤਾ ਬਲ ਵਿਖਾ ਕੇ) ਤੇਰੀ ਹੀ (ਤਾਕਤ ਦੀ) ਸਿਫ਼ਤਿ ਕਰ ਰਹੇ ਹਨ। ਚੌਹਾਂ ਹੀ ਖਾਣੀਆਂ ਦੇ ਜੀਅ ਜੰਤ ਤੈਨੂੰ ਗਾ ਰਹੇ ਹਨ। ਸਾਰੀ ਸ੍ਰਿਸ਼ਟੀ, ਸ੍ਰਿਸ਼ਟੀ ਦੇ ਸਾਰੇ ਖੰਡ ਤੇ ਮੰਡਲ, ਜੋ ਤੂੰ ਪੈਦਾ ਕਰ ਕੇ ਟਿਕਾ ਰੱਖੇ ਹਨ, ਤੈਨੂੰ ਹੀ ਗਾਉਂਦੇ ਹਨ।

ਸੇਈ ਤੁਧਨੋ ਗਾਵਨਿ ਜੋ ਤੁਧੁ ਭਾਵਨਿ ਰਤੇ ਤੇਰੇ ਭਗਤ ਰਸਾਲੇ ॥ ਹੋਰਿ ਕੇਤੇ ਤੁਧਨੋ ਗਾਵਨਿ ਸੇ ਮੈ ਚਿਤਿ ਨ ਆਵਨਿ ਨਾਨਕੁ ਕਿਆ ਬੀਚਾਰੇ ॥ {ਪੰਨਾ 9}

ਪਦ ਅਰਥ: ਸੇਈ = ਉਹੀ ਬੰਦੇ। ਤੁਧੁ ਭਾਵਨਿ = ਤੈਨੂੰ ਚੰਗੇ ਲੱਗਦੇ ਹਨ। ਰਤੇ = ਰੱਤੇ, ਰੰਗੇ ਹੋਏ, ਪ੍ਰੇਮ ਵਿਚ ਮਸਤ। ਰਸਾਏ = {ਰਸ-ਆਲਯ} ਰਸ ਦੇ ਘਰ, ਰਸੀਏ। ਹੋਰਿ ਕੇਤੇ = ਅਨੇਕਾਂ ਹੋਰ ਜੀਵ {ਲਫ਼ਜ਼ 'ਹੋਰਿ' ਲਫ਼ਜ਼ 'ਹੋਰ' ਤੋਂ ਬਹੁ-ਵਚਨ ਹੈ}। ਮੈ ਚਿਤਿ = ਮੇਰੇ ਚਿੱਤ ਵਿਚ। ਮੈ ਚਿਤਿ ਨ ਆਵਨਿ = ਮੇਰੇ ਚਿੱਤ ਵਿਚ ਨਹੀਂ ਆਉਂਦੇ, ਮੈਥੋਂ ਗਿਣੇ ਨਹੀਂ ਜਾ ਸਕਦੇ, ਮੇਰੀ ਵਿਚਾਰ ਤੋਂ ਪਰੇ ਹਨ। ਕਿਆ ਬੀਚਾਰੇ = ਕੀਹ ਵਿਚਾਰ ਕਰ ਸਕਦਾ ਹੈ?

ਅਰਥ: (ਹੇ ਪ੍ਰਭੂ!) ਅਸਲ ਵਿਚ ਉਹੀ ਬੰਦੇ ਤੇਰੀ ਸਿਫ਼ਤਿ-ਸਾਲਾਹ ਕਰਦੇ ਹਨ (ਭਾਵ, ਉਹਨਾਂ ਦੀ ਕੀਤੀ ਸਿਫ਼ਤਿ-ਸਾਲਾਹ ਸਫਲ ਹੈ) ਜੋ ਤੇਰੇ ਪ੍ਰੇਮ ਵਿਚ ਰੰਗੇ ਹੋਏ ਹਨ ਅਤੇ ਤੇਰੇ ਰਸੀਏ ਭਗਤ ਹਨ, ਉਹੀ ਬੰਦੇ ਤੈਨੂੰ ਪਿਆਰੇ ਲੱਗਦੇ ਹਨ। ਅਨੇਕਾਂ ਹੋਰ ਜੀਵ ਤੇਰੀ ਵਡਿਆਈ ਕਰ ਰਹੇ ਹਨ, ਜੋ ਮੈਥੋਂ ਗਿਣੇ ਨਹੀਂ ਜਾ ਸਕਦੇ। (ਭਲਾ, ਇਸ ਗਿਣਤੀ ਬਾਰੇ) ਨਾਨਕ ਕੀਹ ਵਿਚਾਰ ਕਰ ਸਕਦਾ ਹੈ? (ਨਾਨਕ ਇਹ ਵਿਚਾਰ ਕਰਨ-ਜੋਗਾ ਨਹੀਂ ਹੈ) ।

ਸੋਈ ਸੋਈ ਸਦਾ ਸਚੁ ਸਾਹਿਬੁ ਸਾਚਾ ਸਾਚੀ ਨਾਈ ॥ ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨਿ ਰਚਾਈ ॥ {ਪੰਨਾ 9}

ਪਦ ਅਰਥ: ਸਚੁ = ਥਿਰ ਰਹਿਣ ਵਾਲਾ। ਨਾਈ = ਵਡਿਆਈ {ਅਰਬੀ ਲਫ਼ਜ਼ Ônw। ਇਸ ਅਰਬੀ ਲਫ਼ਜ਼ ਦੇ ਪੰਜਾਬੀ ਵਿਚ ਦੋ ਪਾਠ ਹਨ– ਅਸਨਾਈ, ਨਾਈ। 'ਜੋ ਕਿਛੁ ਹੋਇਆ ਸਭੁ ਕਿਛੁ ਤੁਝ ਤੇ, ਤੇਰੀ ਸਭ ਅਸਨਾਈ'} ਇਸੇ ਤਰ੍ਹਾਂ ਸੰਸਕ੍ਰਿਤ ਦੇ ਲਫ਼ਜ਼ਾਂ ਤੋਂ

स्थान = ਅਸਥਾਨ, ਥਾਨ,
स्नान = ਅਸਨਾਨ, ਨ੍ਹਾਨ,
स्तंभ = ਅਸਥੰਭ, ਥੰਭ,
स्नेह = ਅਸਨੇਹ, ਨੇਹ,
स्थिर = ਅਸਥਿਰ, ਥਿਰ,
स्थल = ਅਸਥਲ, ਤਲ,
{ਵੇਖੋ 'ਗੁਰਬਾਣੀ ਵਿਆਕਰਣ'}

ਨੋਟ: ਲਫ਼ਜ਼ 'ਸਾਚਾ' ਪੁਲਿੰਗ ਹੈ ਅਤੇ 'ਸਾਹਿਬ' ਦਾ ਵਿਸ਼ੇਸ਼ਣ ਹੈ। ਲਫ਼ਜ਼ 'ਸਾਚੀ' ਇਸਤ੍ਰੀ-ਲਿੰਗ ਹੈ ਤੇ ਲਫ਼ਜ਼ 'ਨਾਈ' ਦਾ ਵਿਸ਼ੇਸ਼ਣ ਹੈ। ਇਸ ਤੁਕ ਦੇ ਪਾਠ ਵਿਚ ਵਿਸ੍ਰਾਮਾਂ ਦਾ ਖ਼ਿਆਲ ਰੱਖਣਾ।

ਹੋਸੀ = ਹੋਵੇਗਾ, ਥਿਰ ਰਹੇਗਾ। ਜਾਇ ਨ = ਜੰਮਦਾ ਨਹੀਂ। ਨ ਜਾਸੀ = ਨਾਹ ਹੀ ਮਰੇਗਾ। ਜਿਨਿ = ਜਿਸ (ਪ੍ਰਭੂ) ਨੇ। ਰਚਾਈ = ਪੈਦਾ ਕੀਤੀ ਹੈ।

ਅਰਥ: ਜਿਸ (ਪ੍ਰਭੂ) ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ, ਉਹ ਇਸ ਵੇਲੇ ਭੀ ਮੌਜੂਦ ਹੈ, ਤੇ ਸਦਾ ਕਾਇਮ ਰਹਿਣ ਵਾਲਾ ਹੈ। ਉਹ ਮਾਲਕ-ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ। ਉਸ ਦੀ ਵਡਿਆਈ ਸਦਾ ਕਾਇਮ ਰਹਿਣ ਵਾਲੀ ਹੈ।

ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉਪਾਈ ॥ ਕਰਿ ਕਰਿ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ॥ {ਪੰਨਾ 9}

ਪਦ ਅਰਥ: ਰੰਗੀ ਰੰਗੀ = ਰੰਗਾਂ ਰੰਗਾਂ ਦੀ, ਕਈ ਰੰਗਾਂ ਦੀ। ਭਾਤੀ = ਕਈ ਕਿਸਮਾਂ ਦੀ। ਜਿਨਸੀ = ਕਈ ਜਿਨਸਾਂ ਦੀ। ਜਿਨਿ = ਜਿਸ (ਪ੍ਰਭੂ) ਨੇ। ਉਪਾਈ = ਪੈਦਾ ਕੀਤੀ ਹੈ। ਕਰਿ ਕਰਿ = ਪੈਦਾ ਕਰ ਕੇ। ਦੇਖੈ = ਸੰਭਾਲ ਕਰਦਾ ਹੈ। ਕੀਤਾ ਆਪਣਾ = ਆਪਣਾ ਰਚਿਆ ਜਗਤ। ਜਿਉ = ਜਿਵੇਂ। ਵਡਿਆਈ = ਰਜ਼ਾ।

ਅਰਥ: ਜਿਸ ਪ੍ਰਭੂ ਨੇ ਕਈ ਰੰਗਾਂ ਕਿਸਮਾਂ ਤੇ ਜਿਨਸਾਂ ਦੀ ਮਾਇਆ ਰਚ ਦਿੱਤੀ ਹੈ, ਉਹ, ਜਿਵੇਂ ਉਸ ਦੀ ਰਜ਼ਾ ਹੈ, ਜਗਤ ਨੂੰ ਪੈਦਾ ਕਰ ਕੇ ਆਪਣੇ ਪੈਦਾ ਕੀਤੇ ਹੋਏ ਦੀ ਸੰਭਾਲ ਕਰ ਰਿਹਾ ਹੈ।

ਜੋ ਤਿਸੁ ਭਾਵੈ ਸੋਈ ਕਰਸੀ ਫਿਰਿ ਹੁਕਮੁ ਨ ਕਰਣਾ ਜਾਈ ॥ ਸੋ ਪਾਤਿਸਾਹੁ ਸਾਹਾ ਪਤਿਸਾਹਿਬੁ ਨਾਨਕ ਰਹਣੁ ਰਜਾਈ ॥੧॥ {ਪੰਨਾ 9}

ਪਦ ਅਰਥ: ਤਿਸੁ ਭਾਵੈ = ਉਸ ਨੂੰ ਚੰਗਾ ਲੱਗਦਾ ਹੈ। ਕਰਸੀ = ਕਰੇਗਾ। ਨ ਕਰਣਾ ਜਾਈ = ਨਹੀਂ ਕੀਤਾ ਜਾ ਸਕਦਾ। ਸਾਹਾ ਪਤਿ ਸਾਹਿਬੁ = ਸ਼ਾਹਾਂ ਦਾ ਪਾਤਿਸ਼ਾਹ ਮਾਲਕ। ਰਹਣੁ = ਰਹਿਣਾ (ਫਬਦਾ ਹੈ) । ਰਜਾਈ = ਰਜ਼ਾ ਵਿਚ।

ਅਰਥ: ਜੋ ਕੁਝ ਉਸ (ਪ੍ਰਭੂ) ਨੂੰ ਚੰਗਾ ਲੱਗਦਾ ਹੈ ਉਹੀ ਉਹ ਕਰਦਾ ਹੈ। ਕੋਈ ਜੀਵ ਉਸ ਦੇ ਅੱਗੇ ਹੈਂਕੜ ਨਹੀਂ ਵਿਖਾ ਸਕਦਾ (ਕੋਈ ਜੀਵ ਉਸ ਨੂੰ ਇਹ ਨਹੀਂ ਆਖ ਸਕਦਾ 'ਇਉਂ ਨਹੀਂ, ਇਉਂ ਕਰ') । ਉਹ ਪ੍ਰਭੂ (ਸਾਰੇ ਜਗਤ ਦਾ) ਪਾਤਿਸ਼ਾਹ ਹੈ, ਪਾਤਿਸ਼ਾਹਾਂ ਦਾ ਭੀ ਪਾਤਿਸ਼ਾਹ ਹੈ। ਹੇ ਨਾਨਕ! (ਜੀਵਾਂ ਨੂੰ) ਉਸ ਦੀ ਰਜ਼ਾ ਵਿਚ ਰਹਿਣਾ ਹੀ ਫਬਦਾ ਹੈ।1।

ਨੋਟ: ਪਉਣ ਪਾਣੀ ਬੈਸੰਤਰ ਆਦਿਕ ਅਚੇਤਨ ਪਦਾਰਥ ਭੀ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰ ਰਹੇ ਹਨ, ਭਾਵ, ਉਸ ਦੇ ਪੈਦਾ ਕੀਤੇ ਸਾਰੇ ਤੱਤ ਭੀ ਉਸ ਦੀ ਰਜ਼ਾ ਵਿਚ ਤੁਰ ਰਹੇ ਹਨ। ਰਜ਼ਾ ਵਿਚ ਤੁਰਨਾ ਉਸ ਦੀ ਸਿਫ਼ਤਿ-ਸਾਲਾਹ ਹੀ ਕਰਨੀ ਹੈ। {1430 ਪੰਨੇ ਵਾਲੀ ਬੀੜ, ਪੰਨਾ 9}

ਆਸਾ ਮਹਲਾ ੧ ॥ ਸੁਣਿ ਵਡਾ ਆਖੈ ਸਭੁ ਕੋਇ ॥ ਕੇਵਡੁ ਵਡਾ ਡੀਠਾ ਹੋਇ ॥ ਕੀਮਤਿ ਪਾਇ ਨ ਕਹਿਆ ਜਾਇ ॥ ਕਹਣੈ ਵਾਲੇ ਤੇਰੇ ਰਹੇ ਸਮਾਇ ॥੧॥ ਵਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ॥ ਕੋਇ ਨ ਜਾਣੈ ਤੇਰਾ ਕੇਤਾ ਕੇਵਡੁ ਚੀਰਾ ॥੧॥ ਰਹਾਉ ॥ ਸਭਿ ਸੁਰਤੀ ਮਿਲਿ ਸੁਰਤਿ ਕਮਾਈ ॥ ਸਭ ਕੀਮਤਿ ਮਿਲਿ ਕੀਮਤਿ ਪਾਈ ॥ ਗਿਆਨੀ ਧਿਆਨੀ ਗੁਰ ਗੁਰਹਾਈ ॥ ਕਹਣੁ ਨ ਜਾਈ ਤੇਰੀ ਤਿਲੁ ਵਡਿਆਈ ॥੨॥ ਸਭਿ ਸਤ ਸਭਿ ਤਪ ਸਭਿ ਚੰਗਿਆਈਆ ॥ ਸਿਧਾ ਪੁਰਖਾ ਕੀਆ ਵਡਿਆਈਆ ॥ ਤੁਧੁ ਵਿਣੁ ਸਿਧੀ ਕਿਨੈ ਨ ਪਾਈਆ ॥ ਕਰਮਿ ਮਿਲੈ ਨਾਹੀ ਠਾਕਿ ਰਹਾਈਆ ॥੩॥ ਆਖਣ ਵਾਲਾ ਕਿਆ ਵੇਚਾਰਾ ॥ ਸਿਫਤੀ ਭਰੇ ਤੇਰੇ ਭੰਡਾਰਾ ॥ ਜਿਸੁ ਤੂ ਦੇਹਿ ਤਿਸੈ ਕਿਆ ਚਾਰਾ ॥ ਨਾਨਕ ਸਚੁ ਸਵਾਰਣਹਾਰਾ ॥੪॥੨॥ {ਪੰਨਾ 9}

ਪਦ ਅਰਥ: ਸੁਣਿ = ਸੁਣ ਕੇ। ਸਭੁ ਕੋਇ = ਹਰੇਕ ਜੀਵ। ਕੇਵਡੁ = ਕੇਡਾ। ਡੀਠਾ = ਵੇਖਿਆਂ ਹੀ। ਹੋਇ = (ਬਿਆਨ) ਹੋ ਸਕਦਾ ਹੈ, ਦੱਸਿਆ ਜਾ ਸਕਦਾ ਹੈ। ਕੀਮਤਿ = ਮੁੱਲ, ਬਰਾਬਰ ਦੀ ਸ਼ੈ। ਕੀਮਤਿ ਪਾਇ ਨ = ਮੁੱਲ ਨਹੀਂ ਪਾਇਆ ਜਾ ਸਕਦਾ, ਉਸ ਦੇ ਬਰਾਬਰ ਦੀ ਕੋਈ ਹਸਤੀ ਨਹੀਂ ਦੱਸੀ ਜਾ ਸਕਦੀ। ਰਹੇ ਸਮਾਇ = ਲੀਨ ਹੋ ਜਾਂਦੇ ਹਨ।

ਗਹਿਰ = ਹੇ ਡੂੰਘੇ! ਗੰਭੀਰਾ = ਹੇ ਵੱਡੇ ਜਿਗਰੇ ਵਾਲੇ! ਗੁਣੀ ਗਹੀਰਾ = ਹੇ ਗੁਣਾਂ ਕਰਕੇ ਡੂੰਘੇ! ਹੇ ਬੇਅੰਤ ਗੁਣਾਂ ਦੇ ਮਾਲਕ! ਚੀਰਾ = ਪਾਟ, ਚੌੜਾਈ, ਵਿਸਥਾਰ।1। ਰਹਾਉ।

ਸਭਿ ਮਿਲਿ = ਸਾਰਿਆਂ ਨੇ ਮਿਲ ਕੇ, ਸਾਰਿਆਂ ਨੇ ਇਕ ਦੂਜੇ ਦੀ ਸਹੈਤਾ ਲੈ ਕੇ। ਸੁਰਤੀ = ਸੁਰਤਿ। ਸੁਰਤੀ ਸੁਰਤਿ ਕਮਾਈ = ਸੁਰਤਿ ਕਮਾਈ, ਸੁਰਤਿ ਕਮਾਈ, ਮੁੜ ਮੁੜ ਸਮਾਧੀ ਲਾਈ। ਸਭ...ਪਾਈ = ਸਭ ਮਿਲਿ ਕੀਮਤਿ ਪਾਈ, ਕੀਮਤਿ ਪਾਈ। ਗਿਆਨੀ = ਵਿਚਾਰਵਾਨ, ਉੱਚੀ ਸਮਝ ਵਾਲੇ। ਧਿਆਨੀ = ਸੁਰਤਿ ਜੋੜਨ ਵਾਲੇ। ਗੁਰ = ਵੱਡੇ। ਗੁਰ ਹਾਈ = ਗੁਰ ਭਾਈ, ਵਡਿਆਂ ਦੇ ਭਰਾ, ਅਜਿਹੇ ਹੋਰ ਕੋਈ ਵੱਡੇ। ਗੁਰ ਗੁਰਹਾਈ = ਕਈ ਵੱਡੇ ਵੱਡੇ ਪ੍ਰਸਿੱਧ {ਇਹ ਲਫ਼ਜ਼ 'ਗੁਰ ਗੁਰਹਾਈ' ਲਫ਼ਜ਼ 'ਗਿਆਨੀ ਧਿਆਨੀ' ਦਾ ਵਿਸ਼ੇਸ਼ਣ ਹਨ}। ਤਿਲੁ = ਰਤਾ ਜਿਤਨੀ ਭੀ।2।

ਸਭਿ ਸਤ = ਸਾਰੇ ਭਲੇ ਕੰਮ। ਤਪ = ਕਸ਼ਟ, ਔਖਿਆਈਆਂ। ਚੰਗਿਆਈਆ = ਚੰਗੇ ਗੁਣ। ਸਿਧ = ਪੁੱਗੇ ਹੋਏ, ਜੀਵਨ ਵਿਚ ਸਫਲ ਹੋਏ ਮਨੁੱਖ। ਸਿਧੀ = ਸਫਲਤਾ, ਕਾਮਯਾਬੀ। ਕਰਮਿ = (ਤੇਰੀ) ਮਿਹਰ ਨਾਲ, ਬਖ਼ਸ਼ਸ਼ ਦੀ ਰਾਹੀਂ। ਠਾਕਿ = ਵਰਜ ਕੇ, ਰੋਕ ਕੇ।3।

ਸਿਫਤੀ = ਸਿਫ਼ਤਾਂ ਨਲ, ਗੁਣਾਂ ਨਾਲ। ਚਾਰਾ = ਜ਼ੋਰ ਤਦਬੀਰ, ਜਤਨ।4।

ਅਰਥ: ਹਰੇਕ ਜੀਵ (ਹੋਰਨਾਂ ਪਾਸੋਂ ਸਿਰਫ਼) ਸੁਣ ਕੇ (ਹੀ) ਆਖ ਦੇਂਦਾ ਹੈ ਕਿ (ਹੇ ਪ੍ਰਭੂ!) ਤੂੰ ਵੱਡਾ ਹੈਂ। ਪਰ ਤੂੰ ਕੇਡਾ ਵੱਡਾ ਹੈਂ (ਕਿਤਨਾ ਬੇਅੰਤ ਹੈਂ) = ਇਹ ਗੱਲ ਤੇਰਾ ਦਰਸਨ ਕੀਤਿਆਂ ਹੀ ਦੱਸੀ ਜਾ ਸਕਦੀ ਹੈ (ਤੇਰਾ ਦਰਸਨ ਕੀਤਿਆਂ ਹੀ ਦੱਸਿਆ ਜਾ ਸਕਦਾ ਹੈ ਕਿ ਤੂੰ ਬਹੁਤ ਬੇਅੰਤ ਹੈਂ) । ਤੇਰੇ ਬਰਾਬਰ ਦਾ ਹੋਰ ਕੋਈ ਦੱਸਿਆ ਨਹੀਂ ਜਾ ਸਕਦਾ, ਤੇਰੇ ਸਰੂਪ ਦਾ ਬਿਆਨ ਨਹੀਂ ਕੀਤਾ ਜਾ ਸਕਦਾ। ਤੇਰੀ ਵਡਿਆਈ ਆਖਣ ਵਾਲੇ (ਆਪਾ ਭੁੱਲ ਕੇ) ਤੇਰੇ ਵਿਚ (ਹੀ) ਲੀਨ ਹੋ ਜਾਂਦੇ ਹਨ।1।

ਹੇ ਮੇਰੇ ਵੱਡੇ ਮਾਲਕ! ਤੂੰ (ਮਾਨੋ, ਇਕ) ਡੂੰਘਾ (ਸਮੁੰਦਰ) ਹੈਂ, ਤੂੰ ਬੜੇ ਜਿਗਰੇ ਵਾਲਾ ਹੈਂ, ਤੂੰ ਬੇਅੰਤ ਗੁਣਾਂ ਵਾਲਾ ਹੈਂ। ਕੋਈ ਭੀ ਜੀਵ ਨਹੀਂ ਜਾਣਦਾ ਕਿ ਤੇਰਾ ਕਿਤਨਾ ਵੱਡਾ ਵਿਸਥਾਰ ਹੈ।1। ਰਹਾਉ।

(ਤੂੰ ਕੇਡਾ ਵੱਡਾ ਹੈਂ = ਇਹ ਗੱਲ ਲੱਭਣ ਵਾਸਤੇ) ਸਮਾਧੀਆਂ ਲਾਉਣ ਵਾਲੇ ਕਈ ਵੱਡੇ ਵੱਡੇ ਪ੍ਰਸਿੱਧ ਜੋਗੀਆਂ ਨੇ ਧਿਆਨ ਜੋੜਨ ਦੇ ਜਤਨ ਕੀਤੇ , ਮੁੜ ਮੁੜ ਜਤਨ ਕੀਤੇ, ਵੱਡੇ ਵੱਡੇ ਪ੍ਰਸਿੱਧ (ਸ਼ਾਸਤ੍ਰ-ਵੇੱਤਾ) ਵਿਚਾਰਵਾਨਾਂ ਨੇ ਆਪੋ ਵਿਚ ਇਕ ਦੂਜੇ ਦੀ ਸਹੈਤਾ ਲੈ ਕੇ, ਤੇਰੇ ਬਰਾਬਰ ਦੀ ਕੋਈ ਹਸਤੀ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਤੇਰੀ ਵਡਿਆਈ ਦਾ ਇਕ ਤਿਲ ਜਿਤਨਾ ਭੀ ਹਿੱਸਾ ਨਹੀਂ ਦੱਸ ਸਕੇ।2।

(ਵਿਚਾਰਵਾਨ ਕੀਹ ਤੇ ਸਿਧ ਜੋਗੀ ਕੀਹ? ਤੇਰੀ ਵਡਿਆਈ ਦਾ ਅੰਦਾਜ਼ਾ ਤਾਂ ਕੋਈ ਭੀ ਨਹੀਂ ਲਾ ਸਕਿਆ, ਪਰ ਵਿਚਾਰਵਾਨਾਂ ਦੇ) ਸਾਰੇ ਭਲੇ ਕੰਮ, ਸਾਰੇ ਤਪ ਤੇ ਸਾਰੇ ਗੁਣ, ਸਿੱਧਾਂ ਲੋਕਾਂ ਦੀਆਂ (ਰਿੱਧੀਆਂ ਸਿੱਧੀਆਂ ਆਦਿਕ) ਵੱਡੇ ਵੱਡੇ ਕੰਮ = ਇਹ ਕਾਮਯਾਬੀ ਕਿਸੇ ਨੂੰ ਭੀ ਤੇਰੀ ਸਹੈਤਾ ਤੋਂ ਬਿਨਾ ਹਾਸਲ ਨਹੀਂ ਹੋਈ। (ਜਿਸ ਕਿਸੇ ਨੂੰ ਸਿੱਧੀ ਪ੍ਰਾਪਤ ਹੋਈ ਹੈ) ਤੇਰੀ ਮਿਹਰ ਨਾਲ ਪ੍ਰਾਪਤ ਹੋਈ ਹੈ। ਤੇ, ਕੋਈ ਹੋਰ ਉਸ ਪ੍ਰਾਪਤੀ ਦੇ ਰਾਹ ਵਿਚ ਰੋਕ ਨਹੀਂ ਪਾ ਸਕਿਆ।3।

(ਹੇ ਪ੍ਰਭੂ!) ਤੇਰੇ ਗੁਣਾਂ ਦੇ (ਮਾਨੋ) ਖ਼ਜ਼ਾਨੇ ਭਰੇ ਪਏ ਹਨ। ਜੀਵ ਦੀ ਕੀਹ ਪਾਂਇਆਂ ਹੈ ਕਿ ਇਹਨਾਂ ਗੁਣਾਂ ਨੂੰ ਬਿਆਨ ਕਰ ਸਕੇ? ਜਿਸ ਨੂੰ ਤੂੰ ਸਿਫ਼ਤਿ-ਸਾਲਾਹ ਕਰਨ ਦੀ ਦਾਤਿ ਬਖ਼ਸ਼ਦਾ ਹੈਂ; ਉਸ ਦੇ ਰਾਹ ਵਿਚ ਰੁਕਾਵਟ ਪਾਣ ਲਈ ਕਿਸੇ ਦਾ ਜ਼ੋਰ ਨਹੀਂ ਚੱਲ ਸਕਦਾ, (ਕਿਉਂਕਿ) ਹੇ ਨਾਨਕ! (ਆਖ– ਹੇ ਪ੍ਰਭੂ!) ਤੂੰ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਉਸ (ਭਾਗਾਂ ਵਾਲੇ) ਨੂੰ ਸੰਵਾਰਨ ਵਾਲਾ (ਆਪ) ਹੈਂ।4।2।

ਆਸਾ ਮਹਲਾ ੧ ॥ ਆਖਾ ਜੀਵਾ ਵਿਸਰੈ ਮਰਿ ਜਾਉ ॥ ਆਖਣਿ ਅਉਖਾ ਸਾਚਾ ਨਾਉ ॥ ਸਾਚੇ ਨਾਮ ਕੀ ਲਾਗੈ ਭੂਖ ॥ ਉਤੁ ਭੂਖੈ ਖਾਇ ਚਲੀਅਹਿ ਦੂਖ ॥੧॥ ਸੋ ਕਿਉ ਵਿਸਰੈ ਮੇਰੀ ਮਾਇ ॥ ਸਾਚਾ ਸਾਹਿਬੁ ਸਾਚੈ ਨਾਇ ॥੧॥ ਰਹਾਉ ॥ ਸਾਚੇ ਨਾਮ ਕੀ ਤਿਲੁ ਵਡਿਆਈ ॥ ਆਖਿ ਥਕੇ ਕੀਮਤਿ ਨਹੀ ਪਾਈ ॥ ਜੇ ਸਭਿ ਮਿਲਿ ਕੈ ਆਖਣ ਪਾਹਿ ॥ ਵਡਾ ਨ ਹੋਵੈ ਘਾਟਿ ਨ ਜਾਇ ॥੨॥ ਨਾ ਓਹੁ ਮਰੈ ਨ ਹੋਵੈ ਸੋਗੁ ॥ ਦੇਦਾ ਰਹੈ ਨ ਚੂਕੈ ਭੋਗੁ ॥ ਗੁਣੁ ਏਹੋ ਹੋਰੁ ਨਾਹੀ ਕੋਇ ॥ ਨਾ ਕੋ ਹੋਆ ਨਾ ਕੋ ਹੋਇ ॥੩॥ ਜੇਵਡੁ ਆਪਿ ਤੇਵਡ ਤੇਰੀ ਦਾਤਿ ॥ ਜਿਨਿ ਦਿਨੁ ਕਰਿ ਕੈ ਕੀਤੀ ਰਾਤਿ ॥ ਖਸਮੁ ਵਿਸਾਰਹਿ ਤੇ ਕਮਜਾਤਿ ॥ ਨਾਨਕ ਨਾਵੈ ਬਾਝੁ ਸਨਾਤਿ ॥੪॥੩॥ {ਪੰਨਾ 9}

ਪਦ ਅਰਥ: ਆਖਾ = ਆਖਾਂ, (ਜਦੋਂ) ਮੈਂ (ਹਰਿ-ਨਾਮ) ਉਚਾਰਦਾ ਹਾਂ। ਜੀਵਾ = ਜੀਵਾਂ, ਮੈਂ ਜੀਊ ਪੈਂਦਾ ਹਾਂ, ਮੇਰੇ ਅੰਦਰ ਆਤਮਕ ਜੀਵਨ ਪੈਦਾ ਹੋ ਜਾਂਦਾ ਹੈ। ਮਰਿ ਜਾਉ = ਮਰਿ ਜਾਉਂ, ਮੈਂ ਮਰ ਜਾਂਦਾ ਹਾਂ, (ਵਿਕਾਰਾਂ ਦੇ ਕਾਰਨ) ਮੇਰਾ ਆਤਮਕ ਜੀਵਨ ਮੁੱਕ ਜਾਂਦਾ ਹੈ, ਮੇਰੀ ਆਤਮਕ ਮੌਤ ਹੋ ਜਾਂਦੀ ਹੈ। ਸਾਚਾ = ਸਦਾ ਕਾਇਮ ਰਹਿਣ ਵਾਲਾ। ਉਤੁ = {ਲਫ਼ਜ਼ 'ਉਸ' ਤੋਂ ਕਰਣ ਕਾਰਕ। 'ਜਿਸ' ਤੋਂ 'ਜਿਤੁ'}। ਉਤੁ ਭੂਖੈ = ਉਸ ਭੁੱਖ ਦੇ ਕਾਰਨ। ਖਾਇ = (ਨਾਮ-ਭੋਜਨ) ਖਾ ਕੇ। ਚਲਿਅਹਿ = ਦੂਰ ਹੋ ਜਾਂਦੇ ਹਨ।1।

ਮਾਇ = ਹੇ ਮਾਂ! ਨਾਇ = ਨਾਮ ਦੀ ਰਾਹੀਂ। ਸਾਚੈ ਨਾਇ = ਸਦਾ ਕਾਇਮ ਰਹਿਣ ਵਾਲੇ ਹਰਿ = ਨਾਮ ਦੀ ਰਾਹੀਂ, ਜਿਉਂ ਜਿਉਂ ਸਦਾ-ਥਿਰ ਰਹਿਣ ਵਾਲਾ ਹਰਿ-ਨਾਮ ਸਿਮਰੀਏ। ਕਿਉ ਵਿਸਰੈ = ਕਦੇ ਨਾਹ ਭੁੱਲੇ।1। ਰਹਾਉ।

ਤਿਲੁ = ਰਤਾ ਭਰ ਭੀ। ਆਖਿ = ਆਖ ਕੇ, ਬਿਆਨ ਕਰ ਕੇ। ਸਭਿ = ਸਾਰੇ ਜੀਵ। ਆਪਣਿ ਪਾਹਿ = ਆਖਣ ਦਾ ਜਤਨ ਕਰਨ {'ਆਖਣਿ ਪਾਇ' ਇਕ-ਵਚਨ ਹੈ 'ਜੇ ਕੋ ਖਾਇਕੁ ਆਖਣਿ ਪਾਇ'}।2।

ਸੋਗੁ = ਅਫ਼ਸੋਸ। ਦੇਦਾ = ਦੇਂਦਾ। ਨ ਚੂਕੈ = ਨਹੀਂ ਮੁੱਕਦਾ। ਭੋਗੁ = ਵਰਤਣਾ। ਗੁਣੁ ਏਹੋ = ਇਹੀ ਖ਼ੂਬੀ। ਕੋ = ਕੋਈ (ਹੋਰ) । ਹੋਆ = ਹੋਇਆ ਹੈ। ਨਾ ਹੋਇ = ਨਾਹ ਹੀ ਹੋਵੇਗਾ।3।

ਜੇਵਡੁ = ਜਿਤਨਾ ਵੱਡਾ। ਤੇਵਡ = ਉਤਨੀ ਵੱਡੀ। ਜਿਨਿ = ਜਿਸ (ਤੈਂ) ਨੇ। ਕਰਿ ਕੈ = ਪੈਦਾ ਕਰ ਕੇ। ਵਿਸਾਰਹਿ = ਭੁਲਾ ਦੇਂਦੇ ਹਨ। ਤੇ = ਉਹ (ਬੰਦੇ) {ਬਹੁ-ਵਚਨ}। ਕਮਜਾਤਿ = ਭੈੜੀ ਜਾਤ ਵਾਲੇ। ਨਾਵੈ ਬਾਝੁ = ਹਰਿ-ਨਾਮ ਤੋਂ ਬਿਨਾ। ਸਨਾਤਿ = ਨੀਚ।4।

ਅਰਥ: (ਜਿਉਂ ਜਿਉਂ) ਮੈਂ (ਪਰਮਾਤਮਾ ਦਾ) ਨਾਮ ਸਿਮਰਦਾ ਹਾਂ, ਤਿਉਂ ਤਿਉਂ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ। (ਪਰ ਜਦੋਂ ਮੈਨੂੰ ਪ੍ਰਭੂ ਦਾ ਨਾਮ) ਭੁੱਲ ਜਾਂਦਾ ਹੈ, ਮੇਰੀ ਆਤਮਕ ਮੌਤ ਹੋ ਜਾਂਦੀ ਹੈ। (ਇਹ ਪਤਾ ਹੁੰਦਿਆਂ ਭੀ) ਸਦਾ ਕਾਇਮ-ਰਹਿਣ ਵਾਲੇ ਪਰਮਾਤਮਾ ਦਾ ਨਾਮ ਸਿਮਰਨਾ ਔਖਾ (ਕੰਮ ਜਾਪਦਾ ਹੈ) । (ਜਿਸ ਮਨੁੱਖ ਦੇ ਅੰਦਰ) ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨ ਦੀ ਤਾਂਘ ਪੈਦਾ ਹੋ ਜਾਂਦੀ ਹੈ, ਉਸ ਤਾਂਘ ਦੀ ਬਰਕਤਿ ਨਾਲ (ਹਰਿ-ਨਾਮ-ਭੋਜਨ) ਖਾ ਕੇ ਉਸ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ।1।

ਹੇ ਮੇਰੀ ਮਾਂ! (ਅਰਦਾਸ ਕਰ ਕਿ) ਉਹ ਪਰਮਾਤਮਾ ਮੈਨੂੰ ਕਦੇ ਭੀ ਨਾਹ ਭੁੱਲੇ। ਜਿਉਂ ਜਿਉਂ ਉਸ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦਾ ਨਾਮ ਸਿਮਰੀਏ, ਤਿਉਂ ਤਿਉਂ ਉਹ ਸਦਾ ਕਾਇਮ ਰਹਿਣ ਵਾਲਾ ਮਾਲਕ (ਮਨ ਵਿਚ ਆ ਵੱਸਦਾ ਹੈ) ।1। ਰਹਾਉ।

ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਨਾਮ ਦੀ ਰਤਾ ਜਿਤਨੀ ਭੀ ਮਹਿਮਾ ਬਿਆਨ ਕਰ ਕੇ (ਸਾਰੇ ਜੀਵ) ਥੱਕ ਗਏ ਹਨ (ਬਿਆਨ ਨਹੀਂ ਕਰ ਸਕਦੇ) । ਕੋਈ ਭੀ ਨਹੀਂ ਦੱਸ ਸਕਿਆ ਕਿ ਪਰਮਾਤਮਾ ਦੇ ਬਰਾਬਰ ਦੀ ਕਿਹੜੀ ਹਸਤੀ ਹੈ। ਜੇ (ਜਗਤ ਦੇ) ਸਾਰੇ ਹੀ ਜੀਵ ਰਲ ਕੇ (ਪ੍ਰਭੂ ਦੀ ਵਡਿਆਈ) ਬਿਆਨ ਕਰਨ ਦਾ ਜਤਨ ਕਰਨ, ਤਾਂ ਉਹ ਪ੍ਰਭੂ (ਆਪਣੇ ਅਸਲੇ ਨਾਲੋਂ) ਵੱਡਾ ਨਹੀਂ ਹੋ ਜਾਂਦਾ (ਤੇ, ਜੇ ਕੋਈ ਭੀ ਉਸ ਦੀ ਵਡਿਆਈ ਨਾਹ ਕਰੇ) , ਤਾਂ ਉਹ (ਅੱਗੇ ਨਾਲੋਂ) ਘੱਟ ਨਹੀਂ ਜਾਂਦਾ। (ਉਸ ਨੂੰ ਆਪਣੀ ਸੋਭਾ ਦਾ ਲਾਲਚ ਨਹੀਂ) ।2।

ਉਹ ਪ੍ਰਭੂ ਕਦੇ ਮਰਦਾ ਨਹੀਂ, ਨਾਹ ਹੀ (ਉਸ ਦੀ ਖ਼ਾਤਰ) ਸੋਗ ਹੁੰਦਾ ਹੈ। ਉਹ ਸਦਾ (ਜੀਵਾਂ ਨੂੰ ਰਿਜ਼ਕ ਦਿੰਦਾ ਹੈ, ਉਸ ਦੀਆਂ ਦਿੱਤੀਆਂ ਦਾਤਾਂ ਦਾ ਵਰਤਣਾ ਕਦੇ ਮੁੱਕਦਾ ਨਹੀਂ (ਉਸ ਦੀਆਂ ਦਾਤਾਂ ਵਰਤਣ ਨਾਲ ਕਦੇ ਮੁਕਦੀਆਂ ਨਹੀਂ) । ਉਸ ਦੀ ਵੱਡੀ ਖ਼ੂਬੀ ਇਹ ਹੈ ਕਿ ਕੋਈ ਹੋਰ ਉਸ ਵਰਗਾ ਨਹੀਂ ਹੈ, (ਉਸ ਵਰਗਾ ਅਜੇ ਤਕ) ਨਾਹ ਕੋਈ ਹੋਇਆ ਹੈ, ਨਾਹ ਕਦੇ ਹੋਵੇਗਾ।3।

(ਹੇ ਪ੍ਰਭੂ!) ਜਿਤਨਾ ਬੇਅੰਤ ਤੂੰ ਆਪ ਹੈਂ ਉਤਨੀ ਬੇਅੰਤ ਤੇਰੀ ਬਖ਼ਸ਼ਸ਼। (ਤੂੰ ਐਸਾ ਹੈਂ) ਜਿਸ ਨੇ ਦਿਨ ਬਣਾਇਆ ਹੈ ਤੇ ਰਾਤ ਬਣਾਈ ਹੈ।

ਹੇ ਨਾਨਕ! ਉਹ ਬੰਦੇ ਨੀਵੇਂ ਜੀਵਨ ਵਾਲੇ ਬਣ ਜਾਂਦੇ ਹਨ, ਜੋ (ਅਜਿਹੇ) ਖਸਮ-ਪ੍ਰਭੂ ਨੂੰ ਭੁਲਾ ਦੇਂਦੇ ਹਨ। ਨਾਮ ਤੋਂ ਖੁੰਝੇ ਹੋਏ ਜੀਵ (ਹੀ) ਨੀਚ ਹਨ।4।3।

TOP OF PAGE

Sri Guru Granth Darpan, by Professor Sahib Singh