ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 10

ਰਾਗੁ ਗੂਜਰੀ ਮਹਲਾ ੪ ॥ ਹਰਿ ਕੇ ਜਨ ਸਤਿਗੁਰ ਸਤਪੁਰਖਾ ਬਿਨਉ ਕਰਉ ਗੁਰ ਪਾਸਿ ॥ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰਿ ਦਇਆ ਨਾਮੁ ਪਰਗਾਸਿ ॥੧॥ ਮੇਰੇ ਮੀਤ ਗੁਰਦੇਵ ਮੋ ਕਉ ਰਾਮ ਨਾਮੁ ਪਰਗਾਸਿ ॥ ਗੁਰਮਤਿ ਨਾਮੁ ਮੇਰਾ ਪ੍ਰਾਨ ਸਖਾਈ ਹਰਿ ਕੀਰਤਿ ਹਮਰੀ ਰਹਰਾਸਿ ॥੧॥ ਰਹਾਉ ॥ ਹਰਿ ਜਨ ਕੇ ਵਡ ਭਾਗ ਵਡੇਰੇ ਜਿਨ ਹਰਿ ਹਰਿ ਸਰਧਾ ਹਰਿ ਪਿਆਸ ॥ ਹਰਿ ਹਰਿ ਨਾਮੁ ਮਿਲੈ ਤ੍ਰਿਪਤਾਸਹਿ ਮਿਲਿ ਸੰਗਤਿ ਗੁਣ ਪਰਗਾਸਿ ॥੨॥ ਜਿਨ ਹਰਿ ਹਰਿ ਹਰਿ ਰਸੁ ਨਾਮੁ ਨ ਪਾਇਆ ਤੇ ਭਾਗਹੀਣ ਜਮ ਪਾਸਿ ॥ ਜੋ ਸਤਿਗੁਰ ਸਰਣਿ ਸੰਗਤਿ ਨਹੀ ਆਏ ਧ੍ਰਿਗੁ ਜੀਵੇ ਧ੍ਰਿਗੁ ਜੀਵਾਸਿ ॥੩॥ ਜਿਨ ਹਰਿ ਜਨ ਸਤਿਗੁਰ ਸੰਗਤਿ ਪਾਈ ਤਿਨ ਧੁਰਿ ਮਸਤਕਿ ਲਿਖਿਆ ਲਿਖਾਸਿ ॥ ਧਨੁ ਧੰਨੁ ਸਤਸੰਗਤਿ ਜਿਤੁ ਹਰਿ ਰਸੁ ਪਾਇਆ ਮਿਲਿ ਜਨ ਨਾਨਕ ਨਾਮੁ ਪਰਗਾਸਿ ॥੪॥੪॥ {ਪੰਨਾ 10}

ਨੋਟ: ਇਸ ਸ਼ਬਦ ਦੀ ਬਾਬਤ ਕਈ ਵਿਦਵਾਨਾਂ ਨੇ ਇਹ ਲਿਖਿਆ ਹੈ ਕਿ ਗੁਰੂ ਰਾਮਦਾਸ ਜੀ ਨੇ ਆਪਣੇ ਵਿਆਹ ਦੇ ਸਮੇਂ ਇਹ ਸ਼ਬਦ ਗੁਰੂ ਅਮਰਦਾਸ ਜੀ ਦੇ ਹਜ਼ੂਰ ਉਚਾਰਨ ਕੀਤਾ ਸੀ। ਪਰ ਇਹ ਗੱਲ ਪਰਖ ਦੀ ਕਸਵੱਟੀ ਉਤੇ ਟਿਕ ਨਹੀਂ ਸਕਦੀ। ਸੰਨ 1552 ਵਿਚ ਗੁਰੂ ਅਮਰਦਾਸ ਜੀ ਗੁਰਿਆਈ ਦੀ ਗੱਦੀ ਉੱਤੇ ਬੈਠੇ। ਸੰਨ 1553 ਵਿਚ ਉਹਨਾਂ ਆਪਣੀ ਲੜਕੀ ਬੀਬੀ ਭਾਨੀ ਜੀ ਦੀ ਸ਼ਾਦੀ ਜੇਠਾ ਜੀ (ਗੁਰੂ ਰਾਮਦਾਸ ਜੀ) ਨਾਲ ਕੀਤੀ, ਤਦੋਂ ਉਹਨਾਂ ਦੀ ਉਮਰ 19 ਸਾਲ ਸੀ। ਗੁਰੂ ਅਮਰਦਾਸ ਜੀ ਸੰਨ 1574 ਵਿਚ ਜੋਤੀ ਜੋਤਿ ਸਮਾਏ ਅਤੇ ਗੁਰੂ ਰਾਮਦਾਸ ਜੀ ਗੁਰੂ ਬਣੇ, ਆਪਣੇ ਵਿਆਹ ਤੋਂ 21 ਸਾਲ ਪਿੱਛੋਂ ਗੁਰੂ ਬਣੇ। ਜਦ ਤਕ ਉਹ ਗੁਰੂ ਨਹੀਂ ਸਨ ਬਣੇ, ਤਦ ਤਕ ਉਹ ਲਫ਼ਜ਼ 'ਨਾਨਕ' ਵਰਤ ਕੇ ਕੋਈ ਬਾਣੀ ਉਚਾਰਨ ਦਾ ਹੱਕ ਨਹੀ ਸਨ ਰੱਖਦੇ। ਸੋ, ਇਹ ਸ਼ਬਦ ਗੁਰੂ ਰਾਮਦਾਸ ਜੀ ਦੇ ਵਿਆਹ ਦੇ ਵੇਲੇ ਦਾ ਨਹੀਂ ਹੋ ਸਕਦਾ। ਸੰਨ 1574 ਤੋਂ ਪਿੱਛੋਂ ਦਾ ਹੀ ਹੋ ਸਕਦਾ ਹੈ ਜਦੋਂ ਕਿ ਉਹ ਗੁਰੂ ਬਣ ਚੁਕੇ ਹੋਏ ਸਨ।

ਪਦ ਅਰਥ: ਹਰਿ ਕੇ ਜਨ = ਹੇ ਹਰੀ ਦੇ ਸੇਵਕ! ਸਤਿਗੁਰੂ = ਹੇ ਸਤਿਗੁਰ! ਸਤ ਪੁਰਖਾ = ਹੇ ਮਹਾ ਪੁਰਖ ਗੁਰੂ! ਬਿਨਉ = {ivnX} ਬੇਨਤੀ। ਕਰਉ = ਕਰਉਂ, ਮੈਂ ਕਰਦਾ ਹਾਂ। ਗੁਰ ਪਾਸਿ = ਹੇ ਗੁਰੂ! ਤੇਰੇ ਪਾਸ। ਸਤਿਗੁਰ ਸਰਣਾਈ = ਹੇ ਗੁਰੂ! ਤੇਰੀ ਸਰਨ। ਕੀਰੇ ਕਿਰਮ = ਨਿਮਾਣੇ ਦੀਨ ਜੀਵ। ਪਰਗਾਸਿ = ਪਰਗਟ ਕਰ, ਚਾਨਣ ਕਰ।1।

ਮੋ ਕਉ = ਮੈਨੂੰ, ਮੇਰੇ ਅੰਦਰ। ਮੀਤ = ਹੇ ਮਿੱਤਰ! ਗੁਰਮਤਿ = ਗੁਰੂ ਦੀ ਮਤਿ ਦੀ ਰਾਹੀਂ (ਮਿਲਿਆ ਹੋਇਆ) । ਪ੍ਰਾਨ ਸਖਾਈ = ਜਿੰਦ ਦਾ ਸਾਥੀ। ਕੀਰਤਿ = ਸੋਭਾ, ਸਿਫ਼ਤਿ-ਸਾਲਾਹ। ਰਹਰਾਸਿ = ਰਾਹ ਦੀ ਰਾਸਿ, ਜ਼ਿੰਦਗੀ ਦੇ ਸਫ਼ਰ ਵਾਸਤੇ ਖ਼ਰਚੀ।1। ਰਹਾਉ।

ਤ੍ਰਿਪਤਾਸਹਿ = ਰੱਜ ਜਾਂਦੇ ਹਨ। ਮਿਲਿ = ਮਿਲ ਕੇ।2।

ਧ੍ਰਿਗੁ ਜੀਵੇ = ਲਾਹਨਤ ਹੈ ਉਹਨਾਂ ਦੇ ਜੀਵੇ ਨੂੰ।3।

ਧੁਰਿ = ਧੁਰ ਤੋਂ, ਪਰਮਾਤਮਾ ਵਲੋਂ। ਮਸਤਕਿ = ਮੱਥੇ ਉੱਤੇ। ਲਿਖਾਸਿ = ਲੇਖ {ਲਫ਼ਜ਼ 'ਜੀਵਾਸਿ' ਅਤੇ 'ਲਿਖਾਸਿ' ਲਫ਼ਜ਼ 'ਜੀਵੇ' ਅਤੇ 'ਲੇਖ' ਤੋਂ ਬਦਲੇ ਹੋਏ ਹਨ ਤੁਕਾਂਤ ਪੂਰਾ ਕਰਨ ਲਈ}। ਜਿਤੁ = ਜਿਸ ਵਿਚ, ਜਿਸ ਦੀ ਰਾਹੀਂ। ਮਿਲਿ ਜਨ = ਜਨਾਂ ਨੂੰ ਮਿਲ ਕੇ, ਪ੍ਰਭੂ ਦੇ ਸੇਵਕਾਂ ਨੂੰ ਮਿਲ ਕੇ।4।

ਅਰਥ: ਹੇ ਮਹਾਪੁਰਖ ਗੁਰੂ! ਹੇ ਪ੍ਰਭੂ ਦੇ ਭਗਤ ਸਤਿਗੁਰੂ! ਮੈਂ, ਹੇ ਗੁਰੂ! ਤੇਰੇ ਅੱਗੇ ਬੇਨਤੀ ਕਰਦਾ ਹਾਂ = ਕਿਰਪਾ ਕਰ ਕੇ (ਮੇਰੇ ਅੰਦਰ) ਪ੍ਰਭੂ ਦਾ ਨਾਮ-ਚਾਨਣ ਪੈਦਾ ਕਰ। ਹੇ ਸਤਿਗੁਰੂ! ਮੈਂ ਨਿਮਾਣਾ ਤੇਰੀ ਸਰਨ ਆਇਆ ਹਾਂ।1।

ਹੇ ਮੇਰੇ ਮਿੱਤਰ ਗੁਰੂ! ਮੈਨੂੰ ਪ੍ਰਭੂ ਦਾ ਨਾਮ-ਚਾਨਣ ਬਖ਼ਸ਼। ਗੁਰੂ ਦੀ ਦੱਸੀ ਮਤਿ ਦੀ ਰਾਹੀਂ ਮਿਲਿਆ ਹੋਇਆ ਹਰਿ-ਨਾਮ ਮੇਰੀ ਜਿੰਦ ਦਾ ਸਾਥੀ (ਬਣਿਆ ਰਹੇ) , ਪ੍ਰਭੂ ਦੀ ਸਿਫ਼ਤਿ-ਸਾਲਾਹ ਮੇਰੀ ਜ਼ਿੰਦਗੀ ਦੇ ਸਫ਼ਰ ਲਈ ਰਾਸਿ-ਪੂੰਜੀ ਬਣੀ ਰਹੇ।1। ਰਹਾਉ।

ਪ੍ਰਭੂ ਦੇ ਉਹਨਾਂ ਸੇਵਕਾਂ ਦੇ ਬੜੇ ਉੱਚੇ ਭਾਗ ਹਨ ਜਿਨ੍ਹਾਂ ਦੇ ਅੰਦਰ ਪ੍ਰਭੂ ਦੇ ਨਾਮ ਵਾਸਤੇ ਸਰਧਾ ਹੈ, ਖਿੱਚ ਹੈ। ਜਦੋਂ ਉਹਨਾਂ ਨੂੰ ਪਰਮਾਤਮਾ ਦਾ ਨਾਮ ਪ੍ਰਾਪਤ ਹੁੰਦਾ ਹੈ ਉਹ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਜਾਂਦੇ ਹਨ, ਸਾਧ ਸੰਗਤਿ ਵਿਚ ਮਿਲ ਕੇ (ਉਹਨਾਂ ਦੇ ਅੰਦਰ ਭਲੇ) ਗੁਣ ਪੈਦਾ ਹੁੰਦੇ ਹਨ।2।

ਪਰ ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਦੇ ਨਾਮ ਦਾ ਸੁਆਦ ਨਹੀਂ ਆਇਆ, ਜਿਨ੍ਹਾਂ ਨੂੰ ਪ੍ਰਭੂ ਦਾ ਨਾਮ ਨਹੀਂ ਮਿਲਿਆ, ਉਹ ਬਦ-ਕਿਸਮਤ ਹਨ, ਉਹ ਜਮਾਂ ਦੇ ਵੱਸ (ਪਏ ਹੋਏ ਸਮਝੋ ਉਹਨਾਂ ਦੇ ਸਿਰ ਉਤੇ ਆਤਮਕ ਮੌਤ ਸਦਾ ਸਵਾਰ ਰਹਿੰਦੀ ਹੈ) । ਜੋ ਮਨੁੱਖ ਗੁਰੂ ਦੀ ਸਰਨ ਨਹੀਂ ਆਉਂਦੇ, ਜੋ ਸਾਧ ਸੰਗਤਿ ਵਿਚ ਨਹੀਂ ਬੈਠਦੇ, ਲਾਹਨਤ ਹੈ ਉਹਨਾਂ ਦੇ ਜੀਊਣ ਨੂੰ, ਉਹਨਾਂ ਦਾ ਜੀਊਣਾ ਫਿਟਕਾਰ-ਜੋਗ ਹੈ।3।

ਜਿਨ੍ਹਾਂ ਪ੍ਰਭੂ ਦੇ ਸੇਵਕਾਂ ਨੂੰ ਗੁਰੂ ਦੀ ਸੰਗਤਿ ਵਿਚ ਬੈਠਣਾ ਨਸੀਬ ਹੋਇਆ ਹੈ, (ਸਮਝੋ) ਉਹਨਾਂ ਦੇ ਮੱਥੇ ਉਤੇ ਧੁਰੋਂ ਹੀ ਚੰਗਾ ਲੇਖ ਲਿਖਿਆ ਹੋਇਆ ਹੈ। ਹੇ ਨਾਨਕ! ਧੰਨ ਹੈ ਸਤਸੰਗ! ਧੰਨ ਹੈ ਸਤਸੰਗ! ਜਿਸ ਵਿਚ (ਬੈਠਿਆਂ) ਪ੍ਰਭੂ ਦੇ ਨਾਮ ਦਾ ਆਨੰਦ ਮਿਲਦਾ ਹੈ, ਜਿਥੇ ਗੁਰਮੁਖਾਂ ਨੂੰ ਮਿਲਿਆਂ (ਹਿਰਦੇ ਵਿਚ ਪਰਮਾਤਮਾ ਦਾ) ਨਾਮ ਆ ਵੱਸਦਾ ਹੈ।4। 4।

ਰਾਗੁ ਗੂਜਰੀ ਮਹਲਾ ੫ ॥ ਕਾਹੇ ਰੇ ਮਨ ਚਿਤਵਹਿ ਉਦਮੁ ਜਾ ਆਹਰਿ ਹਰਿ ਜੀਉ ਪਰਿਆ ॥ ਸੈਲ ਪਥਰ ਮਹਿ ਜੰਤ ਉਪਾਏ ਤਾ ਕਾ ਰਿਜਕੁ ਆਗੈ ਕਰਿ ਧਰਿਆ ॥੧॥ ਮੇਰੇ ਮਾਧਉ ਜੀ ਸਤਸੰਗਤਿ ਮਿਲੇ ਸੁ ਤਰਿਆ ॥ ਗੁਰ ਪਰਸਾਦਿ ਪਰਮ ਪਦੁ ਪਾਇਆ ਸੂਕੇ ਕਾਸਟ ਹਰਿਆ ॥੧॥ ਰਹਾਉ ॥ ਜਨਨਿ ਪਿਤਾ ਲੋਕ ਸੁਤ ਬਨਿਤਾ ਕੋਇ ਨ ਕਿਸ ਕੀ ਧਰਿਆ ॥ ਸਿਰਿ ਸਿਰਿ ਰਿਜਕੁ ਸੰਬਾਹੇ ਠਾਕੁਰੁ ਕਾਹੇ ਮਨ ਭਉ ਕਰਿਆ ॥੨॥ ਊਡੇ ਊਡਿ ਆਵੈ ਸੈ ਕੋਸਾ ਤਿਸੁ ਪਾਛੈ ਬਚਰੇ ਛਰਿਆ ॥ ਤਿਨ ਕਵਣੁ ਖਲਾਵੈ ਕਵਣੁ ਚੁਗਾਵੈ ਮਨ ਮਹਿ ਸਿਮਰਨੁ ਕਰਿਆ ॥੩॥ ਸਭਿ ਨਿਧਾਨ ਦਸ ਅਸਟ ਸਿਧਾਨ ਠਾਕੁਰ ਕਰ ਤਲ ਧਰਿਆ ॥ ਜਨ ਨਾਨਕ ਬਲਿ ਬਲਿ ਸਦ ਬਲਿ ਜਾਈਐ ਤੇਰਾ ਅੰਤੁ ਨ ਪਾਰਾਵਰਿਆ ॥੪॥੫॥ {ਪੰਨਾ 10}

ਪਦ ਅਰਥ: ਕਾਹੇ = ਕਿਉਂ? ਚਿਤਵਹਿ = ਤੂੰ ਸੋਚਦਾ ਹੈਂ। ਚਿਤਵਹਿ ਉਦਮੁ = ਤੂੰ ਉੱਦਮ ਚਿਤਵਦਾ ਹੈਂ, ਤੂੰ ਜ਼ਿਕਰ ਕਰਦਾ ਹੈਂ, {ਨੋਟ: 'ਉੱਦਮ ਚਿਤਵਨ' ਅਤੇ 'ਉੱਦਮ ਕਰਨ' ਵਿਚ ਫ਼ਰਕ ਚੇਤੇ ਰੱਖਣ-ਜੋਗ ਹੈ। ਰੋਜ਼ੀ ਕਮਾਣ ਲਈ ਉੱਦਮ ਕਰਨਾ ਹਰੇਕ ਮਨੁੱਖ ਦਾ ਫ਼ਰਜ਼ ਹੈ। ਗੁਰੂ ਸਾਹਿਬ ਨੇ ਚਿੰਤਾ-ਤੌਖ਼ਲਾ ਕਰੀ ਜਾਣ ਵਾਲੇ ਗ਼ਲਤ ਰਸਤੇ ਵਲੋਂ ਵਰਜਿਆ ਹੈ}। ਜਾ ਆਹਰਿ = ਜਿਸ ਆਹਰ ਵਿਚ। ਪਰਿਆ = ਪਿਆ ਹੋਇਆ ਹੈ। ਸੈਲ = ਚਿਟਾਨ। ਤਾ ਕਾ = ਉਹਨਾਂ ਦਾ। ਆਗੈ = ਪਹਿਲਾਂ ਹੀ।1।

ਮਾਧਉ ਜੀ = ਹੇ ਪ੍ਰਭੂ ਜੀ! ਹੇ ਮਾਇਆ ਦੇ ਪਤੀ ਜੀ! {ਮਾਧਉ = ਮਾ-ਧਵ। ਮਾ = ਮਾਇਆ। ਧਵ = ਪਤੀ}। ਪਰਸਾਦਿ = ਕਿਰਪਾ ਨਾਲਿ। ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ। ਕਾਸਟ = ਕਾਠ, ਲੱਕੜੀ।1। ਰਹਾਉ।

ਜਨਨਿ = ਮਾਂ। ਸੁਤ = ਪੁੱਤਰ। ਬਨਿਤਾ = ਵਹੁਟੀ। ਧਰਿਆ = ਆਸਰਾ। ਕਿਸ ਕੀ = ਕਿਸੇ ਦਾ। ਸਿਰਿ = ਸਿਰ ਉੱਤੇ। ਸਿਰਿ ਸਿਰਿ = ਹਰੇਕ ਸਿਰ ਉਤੇ, ਹਰੇਕ ਜੀਵ ਲਈ। ਸੰਬਾਹੇ = {szvwhX} ਅਪੜਾਂਦਾ ਹੈ। ਮਨ = ਹੇ ਮਨ!2।

ਊਡੇ = ਊਡਿ। ਊਡੇ ਊਡਿ = ਊਡਿ ਊਡਿ, ਉੱਡ ਕੇ। ਸੈ = ਸੈਂਕੜੇ {ਲਫ਼ਜ਼ 'ਸਉ' ਤੋਂ ਬਹੁ-ਵਚਨ}। ਤਿਸੁ ਪਾਛੈ = ਉਸ (ਕੂੰਜ) ਦੇ ਪਿਛੇ। ਬਚਰੇ = ਨਿੱਕੇ ਨਿੱਕੇ ਬੱਚੇ। ਛਰਿਆ = ਛੱਡੇ ਹੋਏ ਹੁੰਦੇ ਹਨ। ਚੁਗਾਵੈ = ਚੋਗਾ ਦੇਂਦਾ ਹੈ। ਮਨਿ ਮਹਿ = (ਉਹ ਕੂੰਜ ਆਪਣੇ) ਮਨ ਵਿਚ। ਸਿਮਰਨੁ = (ਉਹਨਾਂ ਬੱਚਿਆਂ ਦਾ) ਧਿਆਨ। ਖਲਾਵੈ = ਖੁਆਲਦਾ ਹੈ। ਕਵਣੁ ਖਲਾਵੈ = ਕੌਣ ਖੁਆਲਦਾ ਹੈ? ਕੋਈ ਭੀ ਕੁਝ ਖੁਆਲਦਾ ਨਹੀਂ।3।

"ਜੈਸੀ ਗਗਨਿ ਫਿਰੰਤੀ ਊਡਤੀ, ਕਪਰੇ ਬਾਗੇ ਵਾਲੀ।

ਉਹ ਰਾਖੈ ਚੀਤੁ ਪੀਛੈ ਬਿਚਿ ਬਚਰੇ, ਨਿਤ ਹਿਰਦੈ ਸਾਰਿ ਸਮਾਲੀ।1।7।13। 51। {ਗਉੜੀ ਬੈਰਾਗਣਿ ਮ: 4}

ਸਭਿ ਨਿਧਾਨ = ਸਾਰੇ ਖ਼ਜ਼ਾਨੇ। ਅਸਟ = ਅੱਠ। ਦਸ ਅਸਟ = ਅਠਾਰਾਂ। ਸਿਧਾਨ = ਸਿੱਧੀਆਂ {ਨੋਟ: ਅਠਾਰਾਂ ਸਿੱਧੀਆਂ ਵਿੱਚੋਂ ਅੱਠ ਸਿੱਧੀਆਂ ਬਹੁਤ ਪ੍ਰਸਿੱਧ ਹਨ:

Aixnw liDmw pRwiÈq; pRwkwMX mihmw qQw [
Li_Ävz c vi_Ävz c, qQw kwmwvswiXqw [

ਅਣਿਮਾ = ਬਹੁਤ ਹੀ ਸੂਖਮ ਰੂਪ ਹੋ ਜਾਣਾ। ਲਘਿਮਾ = ਸਰੀਰ ਨੂੰ ਛੋਟਾ ਕਰ ਲੈਣਾ। ਪ੍ਰਾਪਤੀ = ਮਨ-ਇੱਛਤ ਪਦਾਰਥ ਹਾਸਲ ਕਰ ਲੈਣੇ। ਪ੍ਰਾਕਾਮਯ = ਹੋਰਨਾਂ ਦੇ ਮਨ ਦੀ ਜਾਣ ਲੈਣਾ। ਮਹਿਮਾ = ਸਰੀਰ ਨੂੰ ਵੱਡਾ ਕਰ ਲੈਣਾ। ਈਸ਼ਿੱਤ੍ਵ = ਆਪਣੀ ਮਰਜ਼ੀ ਅਨੁਸਾਰ ਸਭ ਨੂੰ ਪ੍ਰੇਰ ਲੈਣਾ। ਵਸ਼ਿੱਤ੍ਵ = ਸਭ ਨੂੰ ਵੱਸ ਕਰ ਲੈਣਾ। ਕਾਮਾਵਸਾਇਤਾ = ਕਾਮ-ਵਾਸਨਾ ਨੂੰ ਰੋਕਣ ਦੀ ਸੱਤਿਆ।

ਨਿਧਾਨ = (ਨੌ) ਖ਼ਜ਼ਾਨੇ {ਸਾਰੇ ਜਗਤ ਦੇ ਨੌ ਖ਼ਾਜ਼ਾਨੇ ਮਿਥੇ ਗਏ ਹਨ। ਇਹਨਾਂ ਖ਼ਜ਼ਾਨਿਆਂ ਦਾ ਮਾਲਕ ਕੁਬੇਰ ਦੇਵਤਾ ਮੰਨਿਆ ਗਿਆ ਹੈ}।

mhwpd`mÓc pd`mÓc _zKo mkr kÁCpO [
mukuNd kuNd nolwÓc, KvLÓc inDXo nv[

ਪਦਮ = ਸੋਨਾ ਚਾਂਦੀ। ਮਹਾ ਪਦਮ = ਹੀਰੇ ਜਵਾਹਰਾਤ। ਸੰਖ = ਸੁੰਦਰ ਭੋਜਨ ਤੇ ਕੱਪੜੇ। ਮਕਰ = ਸ਼ਸਤ੍ਰ ਵਿੱਦਿਆ ਦੀ ਪ੍ਰਾਪਤੀ, ਰਾਜ ਦਰਬਾਰ ਵਿਚ ਮਾਣ। ਮੁਕੰਦੁ = ਰਾਗ ਆਦਿਕ ਕੋਮਲ ਹੁਨਰਾਂ ਦੀ ਪ੍ਰਾਪਤੀ। ਕੁੰਦ = ਸੋਨੇ ਦੀ ਸੁਦਾਗਰੀ। ਨੀਲ = ਮੋਤੀ ਮੂੰਗੇ ਦੀ ਸੁਦਾਗਰੀ। ਕੱਛਪ = ਕੱਪੜੇ ਦਾਣੇ ਦੀ ਸੁਦਾਗਰੀ। ਕਰ ਤਲ = ਹੱਥਾਂ ਦੀਆਂ ਤਲੀਆਂ ਉਤੇ। ਪਾਰਾਵਰਿਆਂ = ਪਾਰ-ਅਵਰ, ਪਾਰਲਾ ਉਰਲਾ ਬੰਨਾ।4।

ਅਰਥ: ਹੇ ਮਨ! (ਤੇਰੀ ਖ਼ਾਤਰ) ਜਿਸ ਆਹਰ ਵਿਚ ਪਰਮਾਤਮਾ ਆਪ ਲੱਗਾ ਹੋਇਆ ਹੈ, ਉਸ ਵਾਸਤੇ ਤੂੰ ਕਿਉਂ (ਸਦਾ) ਸੋਚਾਂ-ਫ਼ਿਕਰ ਕਰਦਾ ਰਹਿੰਦਾ ਹੈਂ? ਜੇਹੜੇ ਜੀਵ ਪ੍ਰਭੂ ਨੇ ਚਿਟਾਨਾਂ ਤੇ ਪੱਥਰਾਂ ਵਿਚ ਪੈਦਾ ਕੀਤੇ ਹਨ, ਉਹਨਾਂ ਦਾ ਭੀ ਰਿਜ਼ਕ ਉਸ ਨੇ (ਉਹਨਾਂ ਦੇ ਪੈਦਾ ਕਰਨ ਤੋਂ) ਪਹਿਲਾਂ ਹੀ ਬਣਾ ਰਖਿਆ ਹੈ।1।

ਹੇ ਮੇਰੇ ਪ੍ਰਭੂ ਜੀ! ਜੇਹੜੇ ਮਨੁੱਖ ਸਾਧ ਸੰਗਤਿ ਵਿਚ ਮਿਲ ਬੈਠਦੇ ਹਨ, ਉਹ (ਵਿਅਰਥ ਤੌਖ਼ਲੇ-ਫ਼ਿਕਰਾਂ ਤੋਂ) ਬਚ ਜਾਂਦੇ ਹਨ। ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਨੂੰ ਇਹ (ਅਡੋਲਤਾ ਵਾਲੀ) ਉੱਚੀ ਆਤਮਕ ਅਵਸਥਾ ਮਿਲ ਜਾਂਦੀ ਹੈ, ਉਹ (ਮਾਨੋ) ਸੁੱਕਾ ਕਾਠ ਹਰਾ ਹੋ ਜਾਂਦਾ ਹੈ।1। ਰਹਾਉ।

(ਹੇ ਮਨ!) ਮਾਂ, ਪਿਉ, ਪੁੱਤਰ, ਲੋਕ, ਵਹੁਟੀ = ਕੋਈ ਭੀ ਕਿਸੇ ਦਾ ਆਸਰਾ ਨਹੀਂ ਹੈ। ਹੇ ਮਨ! ਤੂੰ ਕਿਉਂ ਡਰਦਾ ਹੈਂ? ਪਾਲਣਹਾਰ ਪ੍ਰਭੂ ਹਰੇਕ ਜੀਵ ਨੂੰ ਆਪ ਹੀ ਰਿਜ਼ਕ ਅਪੜਾਂਦਾ ਹੈ।2।

(ਹੇ ਮਨ! ਵੇਖ! ਕੂੰਜ) ਉੱਡ ਉੱਡ ਕੇ ਸੈਂਕੜੇ ਕੋਹਾਂ ਤੇ ਆ ਜਾਂਦੀ ਹੈ, ਪਿੱਛੇ ਉਸ ਦੇ ਬੱਚੇ (ਇਕੱਲੇ) ਛੱਡੇ ਹੋਏ ਹੁੰਦੇ ਹਨ। ਉਹਨਾਂ ਨੂੰ ਕੋਈ ਕੁਝ ਖੁਆਲਣ ਵਾਲਾ ਨਹੀਂ, ਕੋਈ ਉਹਨਾਂ ਨੂੰ ਚੋਗਾ ਨਹੀਂ ਚੁਗਾਂਦਾ। ਉਹ ਕੂੰਜ ਆਪਣੇ ਬੱਚਿਆਂ ਦਾ ਧਿਆਨ ਆਪਣੇ ਮਨ ਵਿਚ ਧਰਦੀ ਰਹਿੰਦੀ ਹੈ (ਤੇ, ਇਸੇ ਨੂੰ ਪ੍ਰਭੂ ਉਹਨਾਂ ਦੇ ਪਾਲਣ ਦਾ ਵਸੀਲਾ ਬਣਾਂਦਾ ਹੈ) ।3।

ਹੇ ਪਾਲਣਹਾਰ ਪ੍ਰਭੂ! ਜਗਤ ਦੇ ਸਾਰੇ ਖ਼ਜ਼ਾਨੇ ਤੇ ਅਠਾਰਾਂ ਸਿੱਧੀਆਂ (ਮਾਨੋ) ਤੇਰੇ ਹੱਥਾਂ ਦੀਆਂ ਤਲੀਆਂ ਉੱਤੇ ਰੱਖੇ ਪਏ ਹਨ। ਹੇ ਦਾਸ ਨਾਨਕ! ਐਸੇ ਪ੍ਰਭੂ ਤੋਂ ਸਦਾ ਸਦਕੇ ਹੋ, ਸਦਾ ਕੁਰਬਾਨ ਹੋ, (ਤੇ ਆਖ– ਹੇ ਪ੍ਰਭੂ!) ਤੇਰੀ ਬਜ਼ੁਰਗੀ ਦੇ ਉਰਲੇ ਪਾਰਲੇ ਬੰਨੇ ਦਾ ਅੰਤ ਨਹੀਂ ਪੈ ਸਕਦਾ।4।5।

ਨੋਟ: 'ਸੋਦਰੁ' ਦੇ ਸਿਰ-ਲੇਖ ਹੇਠ ਉਪਰਲੇ ਸੰਗ੍ਰਹ ਦੇ ਪੰਜ ਸ਼ਬਦ ਆ ਚੁਕੇ ਹਨ। ਹੁਣ ਅਗਾਂਹ ਨਵਾਂ ਸਿਰ-ਲੇਖ 'ਸੋ ਪੁਰਖੁ' ਸ਼ੁਰੂ ਹੁੰਦਾ ਹੈ ਜਿਸ ਦੇ ਚਾਰ ਸ਼ਬਦ ਹਨ।

ਰਾਗੁ ਆਸਾ ਮਹਲਾ 4 ਸੋ ਪੁਰਖੁ

ਰਾਗੁ ਆਸਾ ਮਹਲਾ ੪ ਸੋ ਪੁਰਖੁ ੴ ਸਤਿਗੁਰ ਪ੍ਰਸਾਦਿ ॥ ਸੋ ਪੁਰਖੁ ਨਿਰੰਜਨੁ ਹਰਿ ਪੁਰਖੁ ਨਿਰੰਜਨੁ ਹਰਿ ਅਗਮਾ ਅਗਮ ਅਪਾਰਾ ॥ ਸਭਿ ਧਿਆਵਹਿ ਸਭਿ ਧਿਆਵਹਿ ਤੁਧੁ ਜੀ ਹਰਿ ਸਚੇ ਸਿਰਜਣਹਾਰਾ ॥ ਸਭਿ ਜੀਅ ਤੁਮਾਰੇ ਜੀ ਤੂੰ ਜੀਆ ਕਾ ਦਾਤਾਰਾ ॥ ਹਰਿ ਧਿਆਵਹੁ ਸੰਤਹੁ ਜੀ ਸਭਿ ਦੂਖ ਵਿਸਾਰਣਹਾਰਾ ॥ ਹਰਿ ਆਪੇ ਠਾਕੁਰੁ ਹਰਿ ਆਪੇ ਸੇਵਕੁ ਜੀ ਕਿਆ ਨਾਨਕ ਜੰਤ ਵਿਚਾਰਾ ॥੧॥

ਪਦ ਅਰਥ: ਸੋ = ਉਹ। ਪੁਰਖੁ = {puir _oqy eiq purò} ਜੋ ਹਰੇਕ ਸਰੀਰ ਵਿਚ ਵਿਆਪਕ ਹੈ। ਨਿਰੰਜਨੁ = ਨਿਰ-ਅੰਜਨੁ। ਅੰਜਨੁ = ਕਾਲਖ, ਮਾਇਆ ਦਾ ਪ੍ਰਭਾਵ} ਜਿਸ ਉੱਤੇ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ। ਅਗਮ = ਅਪਹੁੰਚ {ਗਮ = ਪਹੁੰਚ}। ਅਪਾਰਾ = ਅ-ਪਾਰ, ਜਿਸ ਦਾ ਪਾਰਲਾ ਬੰਨਾ ਨਾਹ ਲੱਭ ਸਕੇ, ਬੇਅੰਤ। ਸਭਿ = ਸਾਰੇ ਜੀਵ = {ਲਫ਼ਜ਼ 'ਜੀਉ' ਤੋਂ ਬਹੁ-ਵਚਨ}। ਦਾਤਾਰਾ = ਰਾਜ਼ਕ। ਠਾਕੁਰੁ = ਮਾਲਕ।1।

ਅਰਥ: ਉਹ ਪਰਮਾਤਮਾ ਸਾਰੇ ਜੀਵਾਂ ਵਿਚ ਵਿਆਪਕ ਹੈ (ਫਿਰ ਭੀ) ਮਾਇਆ ਦੇ ਪ੍ਰਭਾਵ ਤੋਂ ਉਤਾਂਹ ਹੈ, ਅਪਹੁੰਚ ਹੈ ਅਤੇ ਬੇਅੰਤ ਹੈ।

ਹੇ ਸਦਾ ਕਾਇਮ ਰਹਿਣ ਵਾਲੇ ਅਤੇ ਸਭ ਜੀਵਾਂ ਨੂੰ ਪੈਦਾ ਕਰਨ ਵਾਲੇ ਹਰੀ! ਸਾਰੇ ਜੀਵ ਤੈਨੂੰ ਸਦਾ ਸਿਮਰਦੇ ਹਨ, ਤੇਰਾ ਧਿਆਨ ਧਰਦੇ ਹਨ। ਹੇ ਪ੍ਰਭੂ! ਸਾਰੇ ਜੀਵ ਤੇਰੇ ਹੀ ਪੈਦਾ ਕੀਤੇ ਹੋਏ ਹਨ, ਤੂੰ ਹੀ ਸਭ ਜੀਵਾਂ ਦਾ ਰਾਜ਼ਕ ਹੈਂ।

ਹੇ ਸੰਤ ਜਨੋ! ਉਸ ਪਰਮਾਤਮਾ ਦਾ ਧਿਆਨ ਧਰਿਆ ਕਰੋ, ਉਹ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ। ਉਹ (ਸਭ ਜੀਵਾਂ ਵਿਚ ਵਿਆਪਕ ਹੋਣ ਕਰਕੇ) ਆਪ ਹੀ ਮਾਲਕ ਹੈ ਅਤੇ ਆਪ ਹੀ ਸੇਵਕ ਹੈ। ਹੇ ਨਾਨਕ! ਉਸ ਤੋਂ ਬਿਨਾ) ਜੀਵ ਵਿਚਾਰੇ ਕੀਹ ਹਨ? (ਉਸ ਹਰੀ ਤੋਂ ਵੱਖਰੀ ਜੀਵਾਂ ਦੀ ਕੋਈ ਹਸਤੀ ਨਹੀਂ) ।1।

TOP OF PAGE

Sri Guru Granth Darpan, by Professor Sahib Singh