ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 11

ਤੂੰ ਘਟ ਘਟ ਅੰਤਰਿ ਸਰਬ ਨਿਰੰਤਰਿ ਜੀ ਹਰਿ ਏਕੋ ਪੁਰਖੁ ਸਮਾਣਾ ॥ ਇਕਿ ਦਾਤੇ ਇਕਿ ਭੇਖਾਰੀ ਜੀ ਸਭਿ ਤੇਰੇ ਚੋਜ ਵਿਡਾਣਾ ॥ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧੁ ਬਿਨੁ ਅਵਰੁ ਨ ਜਾਣਾ ॥ ਤੂੰ ਪਾਰਬ੍ਰਹਮੁ ਬੇਅੰਤੁ ਬੇਅੰਤੁ ਜੀ ਤੇਰੇ ਕਿਆ ਗੁਣ ਆਖਿ ਵਖਾਣਾ ॥ ਜੋ ਸੇਵਹਿ ਜੋ ਸੇਵਹਿ ਤੁਧੁ ਜੀ ਜਨੁ ਨਾਨਕੁ ਤਿਨ ਕੁਰਬਾਣਾ ॥੨॥ {ਪੰਨਾ 11}

ਪਦ ਅਰਥ: ਘਟ = ਸਰੀਰ। ਅੰਤਰਿ = ਅੰਦਰ, ਵਿਚ। ਘਟ ਘਟ ਅੰਤਰਿ = ਹਰੇਕ ਸਰੀਰ ਵਿਚ। ਸਰਬ = ਸਾਰੇ। ਨਿਰੰਤਰਿ = ਅੰਦਰ ਇਕ-ਰਸ। ਸਰਬ ਨਿਰੰਤਰਿ = ਸਾਰਿਆਂ ਵਿਚ ਇਕ-ਰਸ। ਅੰਤਰੁ = ਵਿੱਥ। ਨਿਰੰਤਰਿ = ਵਿੱਥ ਤੋਂ ਬਿਨਾ, ਇਕ-ਰਸ। ਏਕੋ = ਇਕ (ਆਪ) ਹੀ। ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ} ਕਈ ਜੀਵ। ਦਾਤੇ = ਦਾਨੀ। ਭੇਖਾਰੀ = ਮੰਗਤੇ। ਸਭਿ = ਸਾਰੇ। ਵਿਡਾਣ = ਅਚਰਜ। ਚੋਜ = ਕੌਤਕ, ਤਮਾਸ਼ੇ। ਭੁਗਤਾ = ਭੋਗਣ ਵਾਲਾ, ਵਰਤਣ ਵਾਲਾ। ਹਉ = ਹਉਂ, ਮੈਂ। ਆਖਿ = ਆਖ ਕੇ। ਵਖਾਣਾ = ਮੈਂ ਬਿਆਨ ਕਰਾਂ। ਸੇਵਹਿ = ਸਿਮਰਦੇ ਹਨ। ਜਨੁ ਨਾਨਕ = {ਪਿਛਲੇ ਬੰਦ ਵਿਚ ਦੇ 'ਜਨ ਨਾਨਕ' ਅਤੇ ਇਸ 'ਜਨੁ ਨਾਨਕੁ' ਦੇ ਫ਼ਰਕ ਨੂੰ ਧਿਆਨ ਨਾਲ ਵੇਖੋ}।2।

ਅਰਥ: ਹੇ ਹਰੀ! ਤੂੰ ਹਰੇਕ ਸਰੀਰ ਵਿਚ ਵਿਆਪਕ ਹੈਂ; ਤੂੰ ਸਾਰੇ ਜੀਵਾਂ ਵਿਚ ਇਕ-ਰਸ ਮੌਜੂਦ ਹੈਂ, ਤੂੰ ਇਕ ਆਪ ਹੀ ਸਭ ਵਿਚ ਸਮਾਇਆ ਹੋਇਆ ਹੈਂ। (ਫਿਰ ਭੀ) ਕਈ ਜੀਵ ਦਾਨੀ ਹਨ, ਕਈ ਜੀਵ ਮੰਗਤੇ ਹਨ– ਇਹ ਸਾਰੇ ਤੇਰੇ ਹੀ ਅਚਰਜ ਤਮਾਸ਼ੇ ਹਨ (ਕਿਉਂਕਿ ਅਸਲ ਵਿਚ) ਤੂੰ ਆਪ ਹੀ ਦਾਤਾਂ ਦੇਣ ਵਾਲਾ ਹੈਂ, ਤੇ, ਆਪ (ਹੀ ਉਹਨਾਂ ਦਾਤਾਂ ਨੂੰ) ਵਰਤਣ ਵਾਲਾ ਹੈਂ। (ਸਾਰੀ ਸ੍ਰਿਸ਼ਟੀ ਵਿਚ) ਮੈਂ ਤੈਥੋਂ ਬਿਨਾ ਕਿਸੇ ਹੋਰ ਨੂੰ ਨਹੀਂ ਪਛਾਣਦਾ (ਤੈਥੋਂ ਬਿਨਾ ਕੋਈ ਹੋਰ ਨਹੀਂ ਦਿੱਸਦਾ) ।

ਮੈਂ ਤੇਰੇ ਕੇਹੜੇ ਕੇਹੜੇ ਗੁਣ ਗਾ ਕੇ ਦੱਸਾਂ? ਤੂੰ ਬੇਅੰਤ ਪਾਰਬ੍ਰਹਮ ਹੈਂ, ਹੇ ਪ੍ਰਭੂ! ਜੇਹੜੇ ਮਨੁੱਖ ਤੈਨੂੰ ਯਾਦ ਕਰਦੇ ਹਨ ਤੈਨੂੰ ਸਿਮਰਦੇ ਹਨ (ਤੇਰਾ) ਦਾਸ ਨਾਨਕ ਉਹਨਾਂ ਤੋਂ ਸਦਕੇ ਜਾਂਦਾ ਹੈ।2।

ਹਰਿ ਧਿਆਵਹਿ ਹਰਿ ਧਿਆਵਹਿ ਤੁਧੁ ਜੀ ਸੇ ਜਨ ਜੁਗ ਮਹਿ ਸੁਖਵਾਸੀ ॥ ਸੇ ਮੁਕਤੁ ਸੇ ਮੁਕਤੁ ਭਏ ਜਿਨ ਹਰਿ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ॥ ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭੁ ਗਵਾਸੀ ॥ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਿ ਜੀ ਤੇ ਹਰਿ ਹਰਿ ਰੂਪਿ ਸਮਾਸੀ ॥ ਸੇ ਧੰਨੁ ਸੇ ਧੰਨੁ ਜਿਨ ਹਰਿ ਧਿਆਇਆ ਜੀ ਜਨੁ ਨਾਨਕੁ ਤਿਨ ਬਲਿ ਜਾਸੀ ॥੩॥ {ਪੰਨਾ 11}

ਪਦ ਅਰਥ: ਹਰਿ ਜੀ = ਹੇ ਪ੍ਰਭੂ ਜੀ! ਧਿਆਵਹਿ = ਸਿਮਰਦੇ ਹਨ। ਸੇ ਜਨ = ਉਹ ਬੰਦੇ। ਜੁਗਿ ਮਹਿ = ਜ਼ਿੰਦਗੀ ਵਿਚ। ਸੁਖਵਾਸੀ = ਸੁਖ ਨਾਲ ਵੱਸਣ ਵਾਲੇ। ਮੁਕਤੁ = (ਮਾਇਆ ਦੇ ਬੰਧਨਾਂ ਤੋਂ) ਆਜ਼ਾਦ। ਫਾਸੀ = ਫਾਹੀ। ਭਉ ਸਭੁ = ਸਾਰਾ ਡਰ। ਗਵਾਸੀ = ਦੂਰ ਕਰ ਦੇਂਦਾ ਹੈ। ਰੂਪਿ = ਰੂਪ ਵਿਚ। ਸਮਾਸੀ = ਮਿਲ ਜਾਂਦੇ ਹਨ। ਧੰਨ = ਭਾਗਾਂ ਵਾਲੇ। ਬਲਿ ਜਾਸੀ = ਸਦਕੇ ਜਾਂਦਾ ਹੈ।3।

ਅਰਥ: ਹੇ ਪ੍ਰਭੂ ਜੀ! ਜੇਹੜੇ ਮਨੁੱਖ ਤੈਨੂੰ ਸਿਮਰਦੇ ਹਨ ਤੇਰਾ ਧਿਆਨ ਧਰਦੇ ਹਨ, ਉਹ ਬੰਦੇ ਆਪਣੀ ਜ਼ਿੰਦਗੀ ਵਿਚ ਸੁਖੀ ਵੱਸਦੇ ਹਨ।

ਜਿਨ੍ਹਾਂ ਮਨੁੱਖਾਂ ਨੇ ਹਰਿ-ਨਾਮ ਸਿਮਰਿਆ ਹੈ, ਉਹ ਸਦਾ ਲਈ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੋ ਗਏ ਹਨ, ਉਹਨਾਂ ਦੀ ਜਮਾਂ ਵਾਲੀ ਫਾਹੀ ਟੁੱਟ ਗਈ ਹੈ (ਆਤਮਕ ਮੌਤ ਉਹਨਾਂ ਦੇ ਨੇੜੇ ਨਹੀਂ ਢੁੱਕਦੀ) । ਜਿਨ੍ਹਾਂ ਬੰਦਿਆਂ ਨੇ ਸਦਾ ਨਿਰਭਉ ਪ੍ਰਭੂ ਦਾ ਨਾਮ ਸਿਮਰਿਆ ਹੈ; ਪ੍ਰਭੂ ਉਹਨਾਂ ਦਾ ਸਾਰਾ ਡਰ ਦੂਰ ਕਰ ਦੇਂਦਾ ਹੈ।

ਜਿਨ੍ਹਾਂ ਮਨੁੱਖਾਂ ਨੇ ਪਿਆਰੇ ਪ੍ਰਭੂ ਨੂੰ ਸਦਾ ਸਿਮਰਿਆ ਹੈ, ਉਹ ਪ੍ਰਭੂ ਦੇ ਰੂਪ ਵਿਚ ਹੀ ਲੀਨ ਹੋ ਗਏ ਹਨ। ਭਾਗਾਂ ਵਾਲੇ ਹਨ ਉਹ ਮਨੁੱਖ, ਧੰਨ ਹਨ ਉਹ ਮਨੁੱਖ, ਜਿਨ੍ਹਾਂ ਪ੍ਰਭੂ ਦਾ ਨਾਮ ਸਿਮਰਿਆ ਹੈ। ਦਾਸ ਨਾਨਕ ਉਹਨਾਂ ਤੋਂ ਸਦਕੇ ਜਾਂਦਾ ਹੈ।3।

ਤੇਰੀ ਭਗਤਿ ਤੇਰੀ ਭਗਤਿ ਭੰਡਾਰ ਜੀ ਭਰੇ ਬਿਅੰਤ ਬੇਅੰਤਾ ॥ ਤੇਰੇ ਭਗਤ ਤੇਰੇ ਭਗਤ ਸਲਾਹਨਿ ਤੁਧੁ ਜੀ ਹਰਿ ਅਨਿਕ ਅਨੇਕ ਅਨੰਤਾ ॥ ਤੇਰੀ ਅਨਿਕ ਤੇਰੀ ਅਨਿਕ ਕਰਹਿ ਹਰਿ ਪੂਜਾ ਜੀ ਤਪੁ ਤਾਪਹਿ ਜਪਹਿ ਬੇਅੰਤਾ ॥ ਤੇਰੇ ਅਨੇਕ ਤੇਰੇ ਅਨੇਕ ਪੜਹਿ ਬਹੁ ਸਿਮ੍ਰਿਤਿ ਸਾਸਤ ਜੀ ਕਰਿ ਕਿਰਿਆ ਖਟੁ ਕਰਮ ਕਰੰਤਾ ॥ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰਿ ਭਗਵੰਤਾ ॥੪॥ {ਪੰਨਾ 11}

ਪਦ ਅਰਥ: ਭਗਤਿ ਭੰਡਾਰ = ਭਗਤੀ ਦੇ ਖ਼ਜ਼ਾਨੇ। ਭਗਤ = ਭਗਤੀ ਕਰਨ ਵਾਲੇ {ਨੋਟ: ਲਫ਼ਜ਼ 'ਭਗਤਿ' ਅਤੇ 'ਭਗਤ' ਦਾ ਫ਼ਰਕ ਚੇਤੇ ਰੱਖਣ-ਜੋਗ ਹੈ}। ਅਨਿਕ = ਅਨੇਕਾਂ। ਤਪੁ = ਧੂਣੀਆਂ ਆਦਿਕ ਦਾ ਸਰੀਰਕ ਔਖ। ਸਿਮ੍ਰਿਤਿ = ਉਹ ਧਾਰਮਿਕ ਪੁਸਤਕ ਜੋ ਹਿੰਦੂ ਵਿਦਵਾਨ ਰਿਸ਼ੀਆਂ ਨੇ ਵੇਦਾਂ ਨੂੰ ਚੇਤੇ ਕਰ ਕੇ ਆਪਣੇ ਸਮਾਜ ਦੀ ਅਗਵਾਈ ਲਈ ਲਿਖੇ, ਇਹਨਾਂ ਦੀ ਗਿਣਤੀ 27 ਦੇ ਕਰੀਬ ਹੈ। ਸਾਸਤ = ਹਿੰਦੂ ਧਰਮ ਦੇ ਫਲਸਫ਼ੇ ਦੇ ਪੁਸਤਕ ਜੋ ਗਿਣਤੀ ਵਿਚ ਛੇ ਹਨ– ਸਾਂਖ, ਯੋਗ, ਨਿਆਇ, ਵੈਸ਼ੇਸ਼ਿਕ, ਮੀਮਾਂਸਾ, ਵੇਦਾਂਤ। ਕਿਰਿਆ = ਧਾਰਮਿਕ ਸੰਸਕਾਰ। ਖਟੁ = ਛੇ। ਖਟੁ ਕਰਮ = ਮਨੂ-ਸਿਮ੍ਰਿਤੀ ਅਨੁਸਾਰ ਇਹ ਛੇ ਕਰਮ ਇਉਂ ਹਨ– ਵਿਦਿਆ ਪੜ੍ਹਨੀ ਤੇ ਪੜ੍ਹਾਣੀ; ਜੱਗ ਕਰਨਾ ਤੇ ਜੱਗ ਕਰਾਣਾ; ਦਾਨ ਦੇਣਾ ਤੇ ਦਾਨ ਲੈਣਾ। ਕਰੰਤਾ = ਕਰਦੇ ਹਨ। ਭਾਵਹਿ = ਚੰਗੇ ਲੱਗਦੇ ਹਨ।4।

ਅਰਥ: ਹੇ ਪ੍ਰਭੂ! ਤੇਰੀ ਭਗਤੀ ਦੇ ਬੇਅੰਤ ਖ਼ਜਾਨੇ ਭਰੇ ਪਏ ਹਨ। ਹੇ ਹਰੀ! ਅਨੇਕਾਂ ਤੇ ਬੇਅੰਤ ਤੇਰੇ ਭਗਤ ਤੇਰੀ ਸਿਫ਼ਤਿ-ਸਾਲਾਹ ਕਰ ਰਹੇ ਹਨ। ਹੇ ਪ੍ਰਭੂ! ਅਨੇਕਾਂ ਜੀਵ ਤੇਰੀ ਪੂਜਾ ਕਰਦੇ ਹਨ। ਬੇਅੰਤ ਜੀਵ (ਤੈਨੂੰ ਮਿਲਣ ਲਈ) ਤਪ ਸਾਧਦੇ ਹਨ। ਤੇਰੇ ਅਨੇਕਾਂ (ਸੇਵਕ) ਕਈ ਸਿਮ੍ਰਿਤਿਆਂ ਅਤੇ ਸ਼ਾਸਤ੍ਰ ਪੜ੍ਹਦੇ ਹਨ (ਅਤੇ ਉਹਨਾਂ ਦੇ ਦੱਸੇ ਹੋਏ) ਛੇ ਧਾਰਮਿਕ ਕੰਮ ਤੇ ਹੋਰ ਕਰਮ ਕਰਦੇ ਹਨ।

ਹੇ ਦਾਸ ਨਾਨਕ! ਉਹੀ ਭਗਤ ਭਲੇ ਹਨ (ਉਹਨਾਂ ਦੀ ਹੀ ਘਾਲ ਕਬੂਲ ਹੋਈ ਜਾਣੋ) ਜੋ ਪਿਆਰੇ ਹਰਿ-ਭਗਵੰਤ ਨੂੰ ਪਿਆਰੇ ਲੱਗਦੇ ਹਨ।4।

ਤੂੰ ਆਦਿ ਪੁਰਖੁ ਅਪਰੰਪਰੁ ਕਰਤਾ ਜੀ ਤੁਧੁ ਜੇਵਡੁ ਅਵਰੁ ਨ ਕੋਈ ॥ ਤੂੰ ਜੁਗੁ ਜੁਗੁ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲੁ ਕਰਤਾ ਸੋਈ ॥ ਤੁਧੁ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੁ ਹੋਈ ॥ ਤੁਧੁ ਆਪੇ ਸ੍ਰਿਸਟਿ ਸਭ ਉਪਾਈ ਜੀ ਤੁਧੁ ਆਪੇ ਸਿਰਜਿ ਸਭ ਗੋਈ ॥ ਜਨੁ ਨਾਨਕੁ ਗੁਣ ਗਾਵੈ ਕਰਤੇ ਕੇ ਜੀ ਜੋ ਸਭਸੈ ਕਾ ਜਾਣੋਈ ॥੫॥੧॥ {ਪੰਨਾ 11}

ਪਦ ਅਰਥ: ਆਦਿ = ਮੁੱਢ। ਅਪਰੰਪਰੁ = ਅ-ਪਰੰ-ਪਰ, ਜਿਸ ਦਾ ਪਰਲੇ ਤੋਂ ਪਰਲਾ ਬੰਨਾ ਨਾਹ ਲੱਭ ਸਕੇ, ਬੇਅੰਤ। ਤੁਧੁ ਜੇਵਡੁ = ਤੇਰੇ ਜੇਡਾ, ਤੇਰੇ ਬਰਾਬਰ ਦਾ। ਅਵਰੁ = ਹੋਰ। ਜੁਗੁ ਜੁਗੁ = ਹਰੇਕ ਜੁਗੁ ਵਿਚ। ਏਕੋ = ਇਕ ਆਪ ਹੀ। ਨਿਹਚਲੁ = ਨਾਹ ਹਿੱਲਣ ਵਾਲਾ, ਅਟੱਲ। ਵਰਤੈ = ਹੁੰਦਾ ਹੈ। ਸੁ = ਉਹ। ਸਭ = ਸਾਰੀ। ਉਪਾਈ = ਪੈਦਾ ਕੀਤੀ। ਸਿਰਜਿ = ਪੈਦਾ ਕਰ ਕੇ। ਆਪੇ = ਆਪ ਹੀ। ਗੋਈ = ਨਾਸ ਕੀਤੀ। ਜਾਣੋਈ = ਜਾਣਨ ਵਾਲਾ। ਸਭਸੈ ਕਾ = ਹਰੇਕ (ਦੇ ਦਿਲ) ਦਾ। ਸੋਈ = ਸੰਭਾਲ ਕਰਨ ਵਾਲਾ।5।

ਅਰਥ: ਹੇ ਪ੍ਰਭੂ! ਤੂੰ (ਸਾਰੇ ਜਗਤ ਦਾ) ਮੂਲ ਹੈਂ, ਸਭ ਵਿਚ ਵਿਆਪਕ ਹੈਂ, ਬੇਅੰਤ ਹੈਂ, ਸਭ ਦਾ ਪੈਦਾ ਕਰਨ ਵਾਲਾ ਹੈਂ, ਅਤੇ ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਹੈ। ਤੂੰ ਹਰੇਕ ਜੁਗ ਵਿਚ ਇਕ ਆਪ ਹੀ ਹੈਂ, ਤੂੰ ਸਦਾ ਹੀ ਆਪ ਹੀ ਆਪ ਹੈਂ, ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਸਭ ਦਾ ਪੈਦਾ ਕਰਨ ਵਾਲਾ ਹੈਂ, ਸਭ ਦੀ ਸਾਰ ਲੈਣ ਵਾਲਾ ਹੈਂ।

ਹੇ ਪ੍ਰਭੂ! ਜਗਤ ਵਿਚ ਉਹੀ ਹੁੰਦਾ ਹੈ ਜੋ ਤੈਨੂੰ ਆਪ ਨੂੰ ਚੰਗਾ ਲੱਗਦਾ ਹੈ, ਉਹੀ ਹੁੰਦਾ ਹੈ ਜੋ ਤੂੰ ਆਪ ਹੀ ਕਰਦਾ ਹੈਂ। ਹੇ ਪ੍ਰਭੂ! ਸਾਰੀ ਸ੍ਰਿਸ਼ਟੀ ਤੂੰ ਆਪ ਹੀ ਪੈਦਾ ਕੀਤੀ ਹੈ। ਤੂੰ ਆਪ ਹੀ ਇਸ ਨੂੰ ਪੈਦਾ ਕਰਕੇ ਆਪ ਹੀ ਇਸ ਨੂੰ ਨਾਸ ਕਰਦਾ ਹੈਂ।

ਦਾਸ ਨਾਨਕ ਉਸ ਕਰਤਾਰ ਦੇ ਗੁਣ ਗਾਂਦਾ ਹੈ ਜੋ ਹਰੇਕ ਜੀਵ ਦੇ ਦਿਲ ਦੀ ਜਾਣਨ ਵਾਲਾ ਹੈ।5।1।

ਨੋਟ: ਇਸ ਸ਼ਬਦ ਦੇ ਪੰਜ ਬੰਦ (Stanzas) ਹਨ। ਹਰੇਕ ਬੰਦ ਵਿਚ ਪੰਜ ਪੰਜ ਤੁਕਾਂ ਹਨ ਅਖ਼ੀਰਲੇ ਬੰਦ ਦੇ ਮੁੱਕਣ ਤੇ ਅੰਕ '5' ਦੇ ਨਾਲ ਇਕ ਹੋਰ ਅੰਕ '1' ਦਿੱਤਾ ਗਿਆ ਹੈ। ਇਸ ਦਾ ਭਾਵ ਇਹ ਹੈ ਕਿ ਸਿਰ-ਲੇਖ 'ਸੋ ਪੁਰਖੁ' ਇਕ ਨਵਾਂ ਸੰਗ੍ਰਹਿ ਹੈ ਜਿਸ ਦਾ ਇਹ ਪਹਿਲਾ ਸ਼ਬਦ ਹੈ।

ਆਸਾ ਮਹਲਾ ੪ ॥ ਤੂੰ ਕਰਤਾ ਸਚਿਆਰੁ ਮੈਡਾ ਸਾਂਈ ॥ ਜੋ ਤਉ ਭਾਵੈ ਸੋਈ ਥੀਸੀ ਜੋ ਤੂੰ ਦੇਹਿ ਸੋਈ ਹਉ ਪਾਈ ॥੧॥ ਰਹਾਉ ॥ ਸਭ ਤੇਰੀ ਤੂੰ ਸਭਨੀ ਧਿਆਇਆ ॥ ਜਿਸ ਨੋ ਕ੍ਰਿਪਾ ਕਰਹਿ ਤਿਨਿ ਨਾਮ ਰਤਨੁ ਪਾਇਆ ॥ ਗੁਰਮੁਖਿ ਲਾਧਾ ਮਨਮੁਖਿ ਗਵਾਇਆ ॥ ਤੁਧੁ ਆਪਿ ਵਿਛੋੜਿਆ ਆਪਿ ਮਿਲਾਇਆ ॥੧॥ ਤੂੰ ਦਰੀਆਉ ਸਭ ਤੁਝ ਹੀ ਮਾਹਿ ॥ ਤੁਝ ਬਿਨੁ ਦੂਜਾ ਕੋਈ ਨਾਹਿ ॥ ਜੀਅ ਜੰਤ ਸਭਿ ਤੇਰਾ ਖੇਲੁ ॥ ਵਿਜੋਗਿ ਮਿਲਿ ਵਿਛੁੜਿਆ ਸੰਜੋਗੀ ਮੇਲੁ ॥੨॥ ਜਿਸ ਨੋ ਤੂ ਜਾਣਾਇਹਿ ਸੋਈ ਜਨੁ ਜਾਣੈ ॥ ਹਰਿ ਗੁਣ ਸਦ ਹੀ ਆਖਿ ਵਖਾਣੈ ॥ ਜਿਨਿ ਹਰਿ ਸੇਵਿਆ ਤਿਨਿ ਸੁਖੁ ਪਾਇਆ ॥ ਸਹਜੇ ਹੀ ਹਰਿ ਨਾਮਿ ਸਮਾਇਆ ॥੩॥ ਤੂ ਆਪੇ ਕਰਤਾ ਤੇਰਾ ਕੀਆ ਸਭੁ ਹੋਇ ॥ ਤੁਧੁ ਬਿਨੁ ਦੂਜਾ ਅਵਰੁ ਨ ਕੋਇ ॥ ਤੂ ਕਰਿ ਕਰਿ ਵੇਖਹਿ ਜਾਣਹਿ ਸੋਇ ॥ ਜਨ ਨਾਨਕ ਗੁਰਮੁਖਿ ਪਰਗਟੁ ਹੋਇ ॥੪॥੨॥ {ਪੰਨਾ 11-12}

ਨੋਟ: ਇਸ ਸ਼ਬਦ ਦੇ 4 ਬੰਦ ਹਨ। ਅੰਕ ਨੰ: 4 ਤੋਂ ਅਗਲਾ ਅੰਕ 2 ਦੱਸਦਾ ਹੈ ਕਿ ਸਿਰ-ਲੇਖ 'ਸੋ ਪੁਰਖੁ' ਦੀ ਲੜੀ ਵਿਚ ਇਹ ਦੂਜਾ ਸ਼ਬਦ ਹੈ।

ਪਦ ਅਰਥ: ਸਚਿਆਰੁ = {ਸਚ-ਆਲਯ} ਥਿਰਤਾ ਦਾ ਘਰ, ਸਦਾ ਕਾਇਮ ਰਹਿਣ ਵਾਲਾ। ਮੈਡਾ = ਮੇਰਾ। ਸਾਂਈ = ਖਸਮ, ਮਾਲਕ। ਤਉ = ਤੈਨੂੰ। ਭਾਵੈ = ਚੰਗਾ ਲੱਗਦਾ ਹੈ। ਥੀਸੀ = ਹੋਵੇਗਾ। ਹਉ = ਹਉਂ, ਮੈਂ। ਪਾਈ = ਪਾਈਂ, ਮੈਂ ਪ੍ਰਾਪਤ ਕਰਦਾ ਹਾਂ।1।

ਸਭ = ਸਾਰੀ (ਸ੍ਰਿਸ਼ਟੀ) । ਤੂੰ = ਤੈਨੂੰ। ਗਉੜੀ ਛੰਤ ਮ: 5, ਪੰਨਾ 248 = 'ਮੋਹਨ, ਤੂੰ ਮਾਨਹਿ ਏਕੁ ਜੀ, ਅਵਰ ਸਭ ਰਾਲੀ' = ਇਥੇ ਭੀ ਲਫ਼ਜ਼ 'ਤੂੰ' ਦਾ ਅਰਥ 'ਤੈਨੂੰ' ਹੈ (ਭਾਵ, ਹੇ ਮੋਹਨ ਪ੍ਰਭੂ? ਤੈਨੂੰ ਇੱਕ ਨੂੰ ਹੀ ਲੋਕ-ਨਾਸ ਰਹਿਤ ਮੰਨਦੇ ਹਨ, ਹੋਰ ਸਾਰੀ ਸ੍ਰਿਸ਼ਟੀ ਨਾਸਵੰਤ ਹੈ) । ਇਸੇ ਤਰ੍ਹਾਂ ਸਿਰੀ ਰਾਗੁ ਮ: 5, ਪੰਨਾ 51, ਸ਼ਬਦ ਨੰ: 95 = 'ਜਿਨਿ ਤੂੰ ਸਾਜਿ ਸਵਾਰਿਆ' = ਤੂੰ = ਤੈਨੂੰ। ਪੰਨਾ 52 = 'ਜਿਨ ਤੂੰ ਸੇਵਿਆ ਭਾਉ ਕਰਿ' = ਤੂੰ = ਤੈਨੂੰ। ਪੰਨਾ 61 = 'ਗੁਰਮਤਿ ਤੂੰ ਸਲਾਹਣਾ, ਹੋਰੁ ਕੀਮਤਿ ਕਹਣੁ ਨ ਜਾਇ' = ਤੂੰ = ਤੈਨੂੰ। ਪੰਨਾ 100 = 'ਜਿਨ ਤੂੰ ਜਾਤਾ, ਜੋ ਤੁਧੁ ਮਨਿ ਭਾਣੇ' = ਤੂੰ = ਤੈਨੂੰ। ਪੰਨਾ 102 = 'ਤਿਸੁ ਕੁਰਬਾਣੀ ਜਿਨਿ ਤੂੰ ਸੁਣਿਆ' = ਤੂੰ = ਤੈਨੂੰ। ਪੰਨਾ 130 = 'ਤੁਧੁ ਬਿਨੁ ਅਵਰੁ ਨ ਕੋਈ ਜਾਚਾ, ਗੁਰ ਪਰਸਾਦੀ ਤੂੰ ਪਾਵਣਿਆ' = ਤੂੰ = ਤੈਨੂੰ। ਪੰਨਾ 142 = 'ਭੀ ਤੂੰ ਹੈ ਸਲਾਹਣਾ, ਆਖਣ ਲਹੈ ਨ ਚਾਉ' = ਤੂੰ = ਤੈਨੂੰ। ਹੋਰ ਬਥੇਰੇ ਐਸੇ ਪ੍ਰਮਾਣ ਹਨ}। ਤਿਨਿ = ਉਸ (ਮਨੁੱਖ) ਨੇ। ਗੁਰਮੁਖਿ = ਉਹ ਮਨੁੱਖ ਜਿਸ ਦਾ ਮੂੰਹ ਗੁਰੂ ਵਲ ਹੈ। ਮਨਮੁਖਿ = ਉਹ ਮਨੁੱਖ ਜਿਸ ਦਾ ਮੂੰਹ ਆਪਣੇ ਮਨ ਵਲ ਹੈ।1।

ਮਾਹਿ = ਵਿਚ। ਸਭਿ = ਸਾਰੇ। ਵਿਜੋਗਿ = ਵਿਜੋਗ ਦੇ ਕਾਰਨ (ਭਾਵ, ਜਿਸ ਦੇ ਮੱਥੇ ਉੱਤੇ ਵਿਜੋਗ ਦਾ ਲੇਖ ਹੈ) । ਮਿਲਿ = ਮਿਲ ਕੇ, ਮਨੁੱਖਾ ਸਰੀਰ ਪ੍ਰਾਪਤ ਕਰ ਕੇ। ਸੰਜੋਗੀ = ਸੰਜੋਗ (ਦੇ ਲੇਖ) ਨਾਲ। ਮੇਲੁ = ਮਿਲਾਪ।2।

ਜਾਣਾਇਹਿ = (ਤੂੰ) ਸਮਝ ਬਖ਼ਸ਼ਦਾ ਹੈਂ। ਸੋਈ = ਉਹੀ। ਸਦ = ਸਦਾ। ਆਖਿ = ਆਖ ਕੇ। ਸਹਜੇ = ਸਹਜਿ, ਆਤਮਕ ਅਡੋਲਤਾ ਵਿਚ। ਨਾਮਿ = ਨਾਮ ਵਿਚ।3।

ਆਪੇ = ਆਪ ਹੀ। ਕੀਆ = ਕੀਤਾ ਹੋਇਆ। ਸਭੁ = ਹਰੇਕ ਕੰਮ। ਅਵਰੁ = ਹੋਰ। ਵੇਖਹਿ = ਸੰਭਾਲ ਕਰਦਾ ਹੈਂ। ਸੋਇ = ਸਾਰ। ਗੁਰਮੁਖਿ = ਗੁਰੂ ਦੀ ਸਰਨ ਪੈਣ ਵਾਲਾ ਮਨੁੱਖ।4।

ਅਰਥ: (ਹੇ ਪ੍ਰਭੂ!) ਤੂੰ ਸਭ ਦਾ ਪੈਦਾ ਕਰਨ ਵਾਲਾ ਹੈਂ, ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਤੂੰ ਹੀ ਮੇਰਾ ਖਸਮ ਹੈਂ। (ਜਗਤ ਵਿਚ) ਉਹੀ ਕੁਝ ਹੁੰਦਾ ਹੈ ਜੋ ਤੈਨੂੰ ਪਸੰਦ ਆਉਂਦਾ ਹੈ। ਜੋ ਕੁਝ ਤੂੰ ਦੇਵੇਂ, ਮੈਂ ਉਹੀ ਕੁਝ ਪ੍ਰਾਪਤ ਕਰਦਾ ਹਾਂ।1।

(ਹੇ ਪ੍ਰਭੂ!) ਸਾਰੀ ਸ੍ਰਿਸ਼ਟੀ ਤੇਰੀ (ਬਣਾਈ ਹੋਈ) ਹੈ, ਸਾਰੇ ਜੀਵ ਤੈਨੂੰ ਹੀ ਸਿਮਰਦੇ ਹਨ। ਜਿਸ ਉੱਤੇ ਤੂੰ ਦਇਆ ਕਰਦਾ ਹੈਂ ਉਸੇ ਨੇ ਤੇਰਾ ਰਤਨ ਵਰਗਾ ਕੀਮਤੀ) ਨਾਮ ਲੱਭਾ ਹੈ। ਜੋ ਮਨੁੱਖ ਗੁਰੂ ਦੇ ਸਨਮੁਖ ਹੋਇਆ ਉਸ ਨੇ (ਇਹ ਰਤਨ) ਲੱਭ ਲਿਆ। ਜੋ ਆਪਣੇ ਮਨ ਦੇ ਪਿੱਛੇ ਤੁਰਿਆ, ਉਸ ਨੇ ਗਵਾ ਲਿਆ। (ਪਰ ਕਿਸੇ ਜੀਵ ਦੇ ਕੀਹ ਵੱਸ? ਹੇ ਪ੍ਰਭੂ!) ਜੀਵ ਨੂੰ ਤੂੰ ਆਪ ਹੀ (ਆਪਣੇ ਨਾਲੋਂ) ਵਿਛੋੜਦਾ ਹੈਂ, ਆਪ ਹੀ ਆਪਣੇ ਨਾਲ ਮਿਲਾਂਦਾ ਹੈਂ।1।

(ਹੇ ਪ੍ਰਭੂ!) ਤੂੰ (ਜ਼ਿੰਦਗੀ ਦਾ, ਮਾਨੋ, ਇਕ) ਦਰੀਆ ਹੈਂ, ਸਾਰੇ ਜੀਵ ਤੇਰੇ ਵਿਚ ਹੀ (ਮਾਨੋ, ਲਹਿਰਾਂ) ਹਨ। ਤੈਥੋਂ ਬਿਨਾ (ਤੇਰੇ ਵਰਗਾ) ਹੋਰ ਕੋਈ ਨਹੀਂ ਹੈ। ਇਹ ਸਾਰੇ ਜੀਆ ਜੰਤ ਤੇਰੀ (ਰਚੀ ਹੋਈ) ਖੇਡ ਹੈ। ਜਿਨ੍ਹਾਂ ਦੇ ਮੱਥੇ ਉਤੇ ਵਿਛੋੜੇ ਦਾ ਲੇਖ ਹੈ, ਉਹ ਮਨੁੱਖਾ ਜਨਮ ਪ੍ਰਾਪਤ ਕਰ ਕੇ ਭੀ ਤੈਥੋਂ ਵਿਛੁੜੇ ਹੋਏ ਹਨ। (ਪਰ ਤੇਰੀ ਰਜ਼ਾ ਅਨੁਸਾਰ) ਸੰਜੋਗਾਂ ਦੇ ਲੇਖ ਨਾਲ (ਫਿਰ ਤੇਰੇ ਨਾਲ) ਮਿਲਾਪ ਹੋ ਜਾਂਦਾ ਹੈ।2।

(ਹੇ ਪ੍ਰਭੂ!) ਜਿਸ ਮਨੁੱਖ ਨੂੰ ਤੂੰ ਆਪ ਸੂਝ ਬਖ਼ਸ਼ਦਾ ਹੈਂ, ਉਹ ਮਨੁੱਖ (ਜੀਵਨ ਦਾ ਸਹੀ ਰਸਤਾ) ਸਮਝਦਾ ਹੈ। ਉਹ ਮਨੁੱਖ, ਹੇ ਹਰੀ! ਸਦਾ ਤੇਰੇ ਗੁਣ ਗਾਂਦਾ ਹੈ, ਅਤੇ (ਹੋਰਨਾਂ ਨੂੰ) ਉਚਾਰ ਉਚਾਰ ਕੇ ਸੁਣਾਂਦਾ ਹੈ।

(ਹੇ ਭਾਈ!) ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਸਿਮਰਿਆ ਹੈ, ਉਸ ਨੇ ਸੁਖ ਹਾਸਲ ਕੀਤਾ ਹੈ। ਉਹ ਮਨੁੱਖ ਸਦਾ ਆਤਮਕ ਅਡੋਲਤਾ ਵਿਚ ਟਿਕਿਆ ਰਹਿ ਕੇ ਪ੍ਰਭੂ ਦੇ ਨਾਮ ਵਿਚ ਲੀਨ ਹੋ ਜਾਂਦਾ ਹੈ।3।

(ਹੇ ਪ੍ਰਭੂ!) ਤੂੰ ਆਪ ਹੀ ਸਭ ਕੁਝ ਪੈਦਾ ਕਰਨ ਵਾਲਾ ਹੈਂ, ਸਭ ਕੁਝ ਤੇਰਾ ਕੀਤਾ ਹੀ ਹੁੰਦਾ ਹੈ। ਤੈਥੋਂ ਬਿਨਾ (ਤੇਰੇ ਵਰਗਾ) ਹੋਰ ਕੋਈ ਨਹੀਂ ਹੈ। ਜੀਵ ਪੈਦਾ ਕਰ ਕੇ ਉਹਨਾਂ ਦੀ ਸੰਭਾਲ ਭੀ ਤੂੰ ਆਪ ਹੀ ਕਰਦਾ ਹੈਂ, ਤੇ, ਹਰੇਕ (ਦੇ ਦਿਲ) ਦੀ ਸਾਰ ਜਾਣਦਾ ਹੈਂ।

ਹੇ ਦਾਸ ਨਾਨਕ! ਜੋ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ ਉਸ ਦੇ ਅੰਦਰ ਪਰਮਾਤਮਾ ਪਰਗਟ ਹੋ ਜਾਂਦਾ ਹੈ।4।2।

TOP OF PAGE

Sri Guru Granth Darpan, by Professor Sahib Singh