ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 12 ਆਸਾ ਮਹਲਾ ੧ ॥ ਤਿਤੁ ਸਰਵਰੜੈ ਭਈਲੇ ਨਿਵਾਸਾ ਪਾਣੀ ਪਾਵਕੁ ਤਿਨਹਿ ਕੀਆ ॥ ਪੰਕਜੁ ਮੋਹ ਪਗੁ ਨਹੀ ਚਾਲੈ ਹਮ ਦੇਖਾ ਤਹ ਡੂਬੀਅਲੇ ॥੧॥ ਮਨ ਏਕੁ ਨ ਚੇਤਸਿ ਮੂੜ ਮਨਾ ॥ ਹਰਿ ਬਿਸਰਤ ਤੇਰੇ ਗੁਣ ਗਲਿਆ ॥੧॥ ਰਹਾਉ ॥ ਨਾ ਹਉ ਜਤੀ ਸਤੀ ਨਹੀ ਪੜਿਆ ਮੂਰਖ ਮੁਗਧਾ ਜਨਮੁ ਭਇਆ ॥ ਪ੍ਰਣਵਤਿ ਨਾਨਕ ਤਿਨ ਕੀ ਸਰਣਾ ਜਿਨ ਤੂ ਨਾਹੀ ਵੀਸਰਿਆ ॥੨॥੩॥ {ਪੰਨਾ 12} ਪਦ ਅਰਥ = ਤਿਤੁ = ਉਸ ਵਿਚ {ਲਫ਼ਜ਼ 'ਤਿਸੁ' ਤੋਂ 'ਤਿਤੁ' ਅਧਿਕਰਨ ਕਾਰਕ, ਇਕ-ਵਚਨ ਹੈ}। ਸਰਵਰੁ = ਤਾਲਾਬ। ਸਰਵਰੜਾ = ਭਿਆਨਕ ਤਾਲਾਬ। ਸਰਵਰੜੈ = ਭਿਆਨਕ ਤਾਲਾਬ ਵਿਚ। ਤਿਤੁ ਸਰਵਰੜੈ = ਉਸ ਭਿਆਨਕ ਸਰ ਵਿਚ। ਭਈਲੇ = ਹੋਇਆ ਹੈ। ਪਾਵਕੁ = ਅੱਗ, ਤਿਸ਼੍ਰਨਾ ਦੀ ਅੱਗ। ਤਿਨਹਿ = ਉਸ (ਪ੍ਰਭੂ) ਨੇ (ਆਪ ਹੀ) । ਪੰਕ = ਚਿੱਕੜ। ਪੰਕ ਜੁ ਮੋਹ = ਜੋ ਮੋਹ ਦਾ ਚਿੱਕੜ ਹੈ। ਪਗੁ = ਪੈਰ। ਹਮ ਦੇਖਾ = ਸਾਡੇ ਵੇਖਦਿਆਂ ਹੀ, ਸਾਡੇ ਸਾਹਮਣੇ ਹੀ। ਤਹ = ਉਸ (ਸਾਰ) ਵਿਚ। ਡੂਬੀਅਲੇ = ਡੁੱਬ ਗਏ, ਡੁੱਬ ਰਹੇ ਹਨ।1। ਮਨ = ਹੇ ਮਨ! ਮੂੜ ਮਨਾ = ਹੇ ਮੂਰਖ ਮਨ! ਗਲਿਆ = ਗਲਦੇ ਜਾ ਰਹੇ ਹਨ, ਘਟਦੇ ਜਾ ਰਹੇ ਹਨ।6। ਰਹਾਉ। ਹਉ = ਮੈਂ। ਜਤੀ = ਕਾਮ-ਵਾਸਨਾ ਨੂੰ ਰੋਕਣ ਦਾ ਜਤਨ ਕਰਨ ਵਾਲਾ। ਸਤੀ = ਉੱਚੇ ਆਚਰਨ ਵਾਲਾ। ਮੁਗਧ = ਮੂਰਖ, ਬੇ-ਸਮਝ। ਜਨਮੁ = ਜੀਵਨ। ਪ੍ਰਣਵਤਿ = ਬੇਨਤੀ ਕਰਦਾ ਹੈ।2। ਅਰਥ = (ਹੇ ਭਾਈ! ਸਾਡੀ ਜੀਵਾਂ ਦੀ) ਉਸ ਭਿਆਨਕ (ਸੰਸਾਰ-) ਸਰੋਵਰ ਵਿਚ ਵੱਸੋਂ ਹੈ (ਜਿਸ ਵਿਚ) ਉਸ ਪ੍ਰਭੂ ਨੇ ਆਪ ਹੀ ਪਾਣੀ (ਦੇ ਥਾਂ ਤ੍ਰਿਸ਼ਨਾ ਦੀ) ਅੱਗ ਪੈਦਾ ਕੀਤੀ ਹੋਈ ਹੈ (ਅਤੇ ਉਸ ਭਿਆਨਕ ਸਰੀਰ ਵਿਚ) ਜੋ ਮੋਹ ਦਾ ਚਿੱਕੜ ਹੈ (ਉਸ ਵਿਚ ਜੀਵਾਂ ਦਾ) ਪੈਰ ਚੱਲ ਨਹੀਂ ਸਕਦਾ (ਜੀਵ ਮੋਹ ਦੇ ਚਿੱਕੜ ਵਿਚ ਫਸੇ ਪਏ ਹਨ) । ਸਾਡੇ ਸਾਹਮਣੇ ਹੀ (ਅਨੇਕਾਂ ਜੀਵ ਮੋਹ ਦੇ ਚਿੱਕੜ ਵਿਚ ਫਸ ਕੇ) ਉਸ (ਤ੍ਰਿਸ਼ਨਾ-ਅੱਗ ਦੇ ਅਸਗਾਹ ਸਮੁੰਦਰ) ਵਿਚ ਡੁੱਬਦੇ ਜਾ ਰਹੇ ਹਨ।1। ਹੇ ਮਨ! ਹੇ ਮੂਰਖ ਮਨ! ਤੂੰ ਇੱਕ ਪਰਮਾਤਮਾ ਨੂੰ ਯਾਦ ਨਹੀਂ ਕਰਦਾ। ਤੂੰ ਜਿਉਂ ਜਿਉਂ ਪਰਮਾਤਮਾ ਨੂੰ ਵਿਸਾਰਦਾ ਜਾ ਰਿਹਾ ਹੈਂ, ਤੇਰੇ (ਅੰਦਰੋਂ) ਗੁਣ ਘਟਦੇ ਜਾ ਰਹੇ ਹਨ।1। ਰਹਾਉ। (ਹੇ ਪ੍ਰਭੂ!) ਨਾਹ ਮੈਂ ਜਤੀ ਹਾਂ, ਨਾਹ ਮੈਂ ਸਤੀ ਹਾਂ, ਨਾਹ ਹੀ ਮੈਂ ਪੜ੍ਹਿਆ ਹੋਇਆ ਹਾਂ, ਮੇਰਾ ਜੀਵਨ ਤਾਂ ਮੂਰਖ ਬੇਸਮਝਾਂ ਵਾਲਾ ਬਣਿਆ ਹੋਇਆ ਹੈ (ਭਾਵ, ਜਤ, ਸਤ ਅਤੇ ਵਿੱਦਿਆ ਇਸ ਤ੍ਰਿਸ਼ਨਾ ਦੀ ਅੱਗ ਅਤੇ ਮੋਹ ਦੇ ਚਿੱਕੜ ਵਿਚ ਡਿਗਣੋਂ ਬਚਾ ਨਹੀਂ ਸਕਦੇ। ਜੇ ਮਨੁੱਖ ਪ੍ਰਭੂ ਨੂੰ ਭੁਲਾ ਦੇਵੇ, ਤਾਂ ਜਤ ਸਤ ਵਿੱਦਿਆ ਦੇ ਹੁੰਦਿਆਂ ਭੀ ਮਨੁੱਖ ਦੀ ਜ਼ਿੰਦਗੀ ਮਹਾਮੂਰਖਾਂ ਵਾਲੀ ਹੁੰਦੀ ਹੈ) । ਸੋ, ਨਾਨਕ ਬੇਨਤੀ ਕਰਦਾ ਹੈ– (ਹੇ ਪ੍ਰਭੂ! ਮੈਨੂੰ) ਉਹਨਾਂ (ਗੁਰਮੁਖਾਂ) ਦੀ ਸਰਨ ਵਿਚ (ਰੱਖ) , ਜਿਨ੍ਹਾਂ ਨੂੰ ਤੂੰ ਨਹੀਂ ਭੁੱਲਿਆ (ਜਿਨ੍ਹਾਂ ਨੂੰ ਤੇਰੀ ਯਾਦ ਨਹੀਂ ਭੁੱਲੀ) ।2।3। ਆਸਾ ਮਹਲਾ ੫ ॥ ਭਈ ਪਰਾਪਤਿ ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥ ਅਵਰਿ ਕਾਜ ਤੇਰੈ ਕਿਤੈ ਨ ਕਾਮ ॥ ਮਿਲੁ ਸਾਧਸੰਗਤਿ ਭਜੁ ਕੇਵਲ ਨਾਮ ॥੧॥ ਸਰੰਜਾਮਿ ਲਾਗੁ ਭਵਜਲ ਤਰਨ ਕੈ ॥ ਜਨਮੁ ਬ੍ਰਿਥਾ ਜਾਤ ਰੰਗਿ ਮਾਇਆ ਕੈ ॥੧॥ ਰਹਾਉ ॥ ਜਪੁ ਤਪੁ ਸੰਜਮੁ ਧਰਮੁ ਨ ਕਮਾਇਆ ॥ ਸੇਵਾ ਸਾਧ ਨ ਜਾਨਿਆ ਹਰਿ ਰਾਇਆ ॥ ਕਹੁ ਨਾਨਕ ਹਮ ਨੀਚ ਕਰੰਮਾ ॥ ਸਰਣਿ ਪਰੇ ਕੀ ਰਾਖਹੁ ਸਰਮਾ ॥੨॥੪॥ {ਪੰਨਾ 12} ਪਦ ਅਰਥ = ਭਈ ਪਰਾਪਤਿ = ਮਿਲੀ ਹੈ। ਦੇਹੁਰੀਆ = ਸੋਹਣੀ ਦੇਹ, ਸੋਹਣਾ ਸਰੀਰ। ਮਾਨੁਖ ਦੇਹੁਰੀਆ = ਸੋਹਣਾ ਮਨੁੱਖਾ ਸਰੀਰ। ਬਰੀਆ = ਵਾਰੀ, ਮੌਕਾ, ਸਮਾ। ਅਵਰਿ = ਹੋਰ ਸਾਰੇ {ਅਵਰੁ = ਇਕ-ਵਚਨ। ਅਵਰਿ = ਬਹੁ-ਵਚਨ}। ਭਜੁ = ਯਾਦ ਕਰ, ਸਿਮਰ।1। ਸਰੰਜਾਮਿ = ਇੰਤਜ਼ਾਮ ਵਿਚ, ਆਹਰ ਵਿਚ। ਲਾਗੁ = ਲੱਗ। ਭਵਜਲ = ਸੰਸਾਰ-ਸਮੁੰਦਰ। ਤਰਨ ਕੈ ਸਰੰਜਾਮਿ = ਪਾਰ ਲੰਘਣ ਦੇ ਆਹਰ ਵਿਚ। ਬ੍ਰਿਥਾ = ਵਿਅਰਥ। ਜਾਤ = ਜਾ ਰਿਹਾ ਹੈ। ਰੰਗਿ = ਪਿਆਰ ਵਿਚ।1। ਰਹਾਉ। ਜਪੁ = ਸਿਮਰਨ। ਤਪੁ = ਸੇਵਾ ਆਦਿਕ ਉੱਦਮ। ਸੰਜਮੁ = ਮਨ ਨੂੰ ਵਿਕਾਰਾਂ ਵਲੋਂ ਰੋਕਣ ਦਾ ਚੰਗੀ ਤਰ੍ਹਾਂ ਆਹਰ। ਸਾਧੂ = ਗੁਰੂ। ਸੇਵਾ ਹਰਿ ਰਾਇਆ = ਮਾਲਕ ਪ੍ਰਭੂ ਦਾ ਸਿਮਰਨ। ਕਹੁ = ਆਖ। ਨਾਨਕ = ਹੇ ਨਾਨਕ! ਹਮ = ਅਸੀਂ ਜੀਵ। ਨੀਚ ਕਰੰਮਾ = ਮੰਦ-ਕਰਮੀ। ਸਰਮਾ = ਸਰਮ, ਲਾਜ।2। ਅਰਥ: (ਹੇ ਭਾਈ!) ਤੈਨੂੰ ਸੋਹਣਾ ਮਨੁੱਖਾ ਸਰੀਰ ਮਿਲਿਆ ਹੈ। ਪਰਮਾਤਮਾ ਨੂੰ ਮਿਲਣ ਦਾ ਤੇਰੇ ਲਈ ਇਹੀ ਮੌਕਾ ਹੈ। (ਜੇ ਪ੍ਰਭੂ ਨੂੰ ਮਿਲਣ ਲਈ ਕੋਈ ਉੱਦਮ ਨਾਹ ਕੀਤਾ, ਤਾਂ) ਹੋਰ ਸਾਰੇ ਕੰਮ ਤੇਰੇ ਆਪਣੇ ਕਿਸੇ ਭੀ ਅਰਥ ਨਹੀਂ (ਤੇਰੀ ਜਿੰਦ ਨੂੰ ਕੋਈ ਲਾਭ ਨਹੀਂ ਅਪੜਾਣਗੇ) । (ਇਸ ਵਾਸਤੇ) ਸਾਧ ਸੰਗਤਿ ਵਿਚ (ਭੀ) ਮਿਲ ਬੈਠਿਆ ਕਰ (ਸਾਧ ਸੰਗਤਿ ਵਿਚ ਬੈਠ ਕੇ ਭੀ) ਸਿਰਫ਼ ਪਰਮਾਤਮਾ ਦਾ ਨਾਮ ਸਿਮਰਿਆ ਕਰ (ਸਾਧ ਸੰਗਤਿ ਵਿਚ ਬੈਠਣ ਦਾ ਭੀ ਤਦੋਂ ਹੀ ਲਾਭ ਹੈ ਜੇ ਉਥੇ ਤੂੰ ਪਰਮਾਤਮਾ ਦੀ ਸਿਫ਼ਤਿ-ਸਾਲਹ ਵਿਚ ਜੁੜੇਂ) ।1। (ਹੇ ਭਾਈ!) ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਦੇ (ਭੀ) ਆਹਰੇ ਲੱਗ। (ਨਿਰੇ) ਮਾਇਆ ਦੇ ਪਿਆਰ ਵਿਚ ਮਨੁੱਖਾ ਜਨਮ ਵਿਅਰਥ ਜਾ ਰਿਹਾ ਹੈ।1। ਰਹਾਉ। (ਹੇ ਭਾਈ!) ਤੂੰ ਪ੍ਰਭੂ ਦਾ ਸਿਮਰਨ ਨਹੀਂ ਕਰਦਾ, (ਪ੍ਰਭੂ ਨੂੰ ਮਿਲਣ ਲਈ ਸੇਵਾ ਆਦਿਕ ਦਾ ਕੋਈ) ਉੱਦਮ ਨਹੀਂ ਕਰਦਾ, ਮਨ ਨੂੰ ਵਿਕਾਰਾਂ ਵਲੋਂ ਰੋਕਣ ਦਾ ਤੂੰ ਜਤਨ ਨਹੀਂ ਕਰਦਾ = ਤੂੰ (ਅਜੇਹਾ ਕੋਈ) ਧਰਮ ਨਹੀਂ ਕਮਾਂਦਾ। ਨਾਹ ਤੂੰ ਗੁਰੂ ਦੀ ਸੇਵਾ ਕੀਤੀ, ਨਾਹ ਤੂੰ ਮਾਲਕ ਪ੍ਰਭੂ ਦਾ ਨਾਮ ਸਿਮਰਨ ਕੀਤਾ। ਹੇ ਨਾਨਕ! (ਪ੍ਰਭੂ ਦੇ ਦਰ ਤੇ ਅਰਦਾਸ ਕਰ, ਤੇ) ਆਖ– (ਹੇ ਪ੍ਰਭੂ!) ਅਸੀਂ ਜੀਵ ਮੰਦ-ਕਰਮੀ ਹਾਂ (ਤੇਰੀ ਸਰਨ ਪਏ ਹਾਂ) , ਸਰਨ ਪਿਆਂ ਦੀ ਲਾਜ ਰੱਖ।2।4। ਨੋਟ: ਸਾਧਾਰਨ ਤੌਰ ਤੇ ਹਰੇਕ ਸੰਗ੍ਰਹਿ ਦੇ ਸ਼ਬਦ ਆਦਿਕ ਮ: 1 ਦੇ ਸ਼ਬਦਾਂ ਨਾਲ ਸ਼ੁਰੂ ਹੁੰਦੇ ਹਨ। ਅਗਾਂਹ ਬਾਕੀ ਗੁਰ-ਵਿਅਕਤੀਆਂ ਦੇ ਸਿਲਸਲੇ-ਵਾਰ ਆਉਂਦੇ ਹਨ। ਪਰ ਸੰਗ੍ਰਹਿ 'ਸੋ ਪੁਰਖੁ' ਦਾ ਪਹਿਲਾ ਸ਼ਬਦ ਹੈ ਹੀ ਮ: 4 ਦਾ। ਇਸ ਵਾਸਤੇ ਮ: 4 ਦਾ ਦੂਜਾ ਸ਼ਬਦ ਭੀ ਨਾਲ ਹੀ ਦੇ ਕੇ ਅਗਾਂਹ ਬਾਕੀ ਦੀ ਤਰਤੀਬ ਸਿਲਸਿਲੇ-ਵਾਰ ਰੱਖੀ ਹੈ। ਜੇ ਇਹ ਦੋਵੇਂ ਸੰਗ੍ਰਹਿ ਵੱਖ ਵੱਖ ਨਾਹ ਹੁੰਦੇ ਤਾਂ ਇਹਨਾਂ ਦੀ ਰਲਵੀਂ ਤਰਤੀਬ ਇਉਂ ਹੁੰਦੀ:
ਮ: 1 = ਸੋਦਰੁ ਕੇਹਾ; ਸੁਣਿ ਵਡਾ; ਆਖਾ ਜੀਵਾ; ਤਿਤੁ ਸਰਵਰੜੈ (4 ਸ਼ਬਦ) ਸੋਹਿਲਾ ਰਾਗੁ ਗਉੜੀ ਦੀਪਕੀ ਮਹਲਾ ੧ ੴ ਸਤਿਗੁਰ ਪ੍ਰਸਾਦਿ ॥ ਜੈ ਘਰਿ ਕੀਰਤਿ ਆਖੀਐ ਕਰਤੇ ਕਾ ਹੋਇ ਬੀਚਾਰੋ ॥ ਤਿਤੁ ਘਰਿ ਗਾਵਹੁ ਸੋਹਿਲਾ ਸਿਵਰਿਹੁ ਸਿਰਜਣਹਾਰੋ ॥੧॥ ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ ॥ ਹਉ ਵਾਰੀ ਜਿਤੁ ਸੋਹਿਲੈ ਸਦਾ ਸੁਖੁ ਹੋਇ ॥੧॥ ਰਹਾਉ ॥ ਨਿਤ ਨਿਤ ਜੀਅੜੇ ਸਮਾਲੀਅਨਿ ਦੇਖੈਗਾ ਦੇਵਣਹਾਰੁ ॥ ਤੇਰੇ ਦਾਨੈ ਕੀਮਤਿ ਨਾ ਪਵੈ ਤਿਸੁ ਦਾਤੇ ਕਵਣੁ ਸੁਮਾਰੁ ॥੨॥ ਸੰਬਤਿ ਸਾਹਾ ਲਿਖਿਆ ਮਿਲਿ ਕਰਿ ਪਾਵਹੁ ਤੇਲੁ ॥ ਦੇਹੁ ਸਜਣ ਅਸੀਸੜੀਆ ਜਿਉ ਹੋਵੈ ਸਾਹਿਬ ਸਿਉ ਮੇਲੁ ॥੩॥ ਘਰਿ ਘਰਿ ਏਹੋ ਪਾਹੁਚਾ ਸਦੜੇ ਨਿਤ ਪਵੰਨਿ ॥ ਸਦਣਹਾਰਾ ਸਿਮਰੀਐ ਨਾਨਕ ਸੇ ਦਿਹ ਆਵੰਨਿ ॥੪॥੧॥ {ਪੰਨਾ 12} ਪਦ ਅਰਥ = ਜੈ ਘਰਿ = ਜਿਸ ਘਰ ਵਿਚ, ਜਿਸ ਸਤਸੰਗ-ਘਰ ਵਿਚ। ਕੀਰਤਿ = ਸਿਫ਼ਤਿ-ਸਾਲਾਹ। ਆਖੀਐ = ਆਖੀ ਜਾਂਦੀ ਹੈ। ਤਿਤੁ ਘਰਿ = ਉਸ ਸਤਸੰਗ-ਘਰ ਵਿਚ। ਸੋਹਿਲਾ = ਸੁਹਾਗ ਦਾ ਗੀਤ {ਨੋਟ: ਕੁੜੀ ਦੇ ਵਿਆਹ ਸਮੇ ਜੋ ਗੀਤ ਰਾਤ ਨੂੰ ਜ਼ਨਾਨੀਆਂ ਰਲ ਕੇ ਗਾਂਦੀਆਂ ਹਨ ਉਹਨਾਂ ਨੂੰ 'ਸੋਹਿਲੜੇ' ਕਹੀਦਾ ਹੈ। ਇਹਨਾਂ ਗੀਤਾਂ ਵਿਚ ਕੁਝ ਤਾਂ ਵਿਛੋੜੇ ਦਾ ਜਜ਼ਬਾ ਹੁੰਦਾ ਹੈ ਜੋ ਕੁੜੀ ਦੇ ਵਿਆਹੇ ਜਾਣ ਤੇ ਮਾਪਿਆਂ ਅਤੇ ਸਹੇਲੀਆਂ ਨਾਲੋਂ ਪੈਣਾ ਹੁੰਦਾ ਹੈ, ਤੇ, ਕੁਝ ਅਸੀਸਾਂ ਆਦਿਕ ਹੁੰਦੀਆਂ ਹਨ ਕਿ ਪਤੀ ਦੇ ਘਰ ਜਾ ਕੇ ਸੁਖੀ ਵੱਸੇ}, ਜਸ, ਸਿਫ਼ਤਿ-ਸਾਲਾਹ, ਪ੍ਰਭੂ-ਪਤੀ ਨਾਲ ਮਿਲਣ ਦੀ ਤਾਂਘ ਦੇ ਸ਼ਬਦ।1। ਹਉ = ਮੈਂ। ਵਾਰੀ = ਸਦਕੇ। ਜਿਤੁ ਸੋਹਿਲੈ = ਜਿਸ ਸੋਹਿਲੇ ਦੀ ਬਰਕਤਿ ਨਾਲ।1। ਰਹਾਉ। ਨਿਤ ਨਿਤ = ਸਦਾ ਹੀ। ਸਮਾਲੀਅਨਿ = ਸਮਾਲੀਦੇ ਹਨ {ਕਰਮ ਵਾਚ, ਵਰਤਮਾਨ ਕਾਲ, ਅੱਨ ਪੁਰਖ, ਬਹੁ-ਵਚਨ}। ਦੇਖੈਗਾ = ਸੰਭਾਲ ਕਰੇਗਾ, ਸੰਭਾਲ ਕਰਦਾ ਹੈ। ਤੇਰੇ = ਤੇਰੇ ਪਾਸੋਂ (ਹੇ ਜਿੰਦੇ!) । ਦਾਨੈ ਕੀਮਤਿ = ਦਾਨ ਦਾ ਮੁੱਲ, ਬਖਸ਼ਸ਼ਾਂ ਦਾ ਮੁੱਲ। ਸੁਮਾਰੁ = ਅੰਦਾਜ਼ਾ, ਅੰਤ।2। ਸੰਬਤਿ = ਸਾਲ, ਵਰ੍ਹਾ। ਸਾਹਾ = ਵਿਆਹੇ ਜਾਣ ਦਾ ਦਿਨ। ਲਿਖਿਆ = ਮਿਥਿਆ ਹੋਇਆ। ਮਿਲਿ ਕਰਿ = ਰਲ ਕੇ। ਪਾਵਹੁ ਤੇਲੁ = {ਨੋਟ: ਵਿਆਹ ਤੋਂ ਕੁਝ ਦਿਨ ਪਹਿਲਾਂ ਵਿਆਹ ਵਾਲੀ ਕੁੜੀ ਨੂੰ ਮਾਂਈਏਂ ਪਾਈਦਾ ਹੈ। ਚਾਚੀਆਂ ਤਾਈਆਂ ਸਹੇਲੀਆਂ ਰਲ ਕੇ ਉਸ ਦੇ ਸਿਰ ਵਿਚ ਤੇਲ ਪਾਂਦੀਆਂ ਹਨ, ਤੇ ਅਸੀਸਾਂ ਦੇ ਗੀਤ ਗਾਂਦੀਆਂ ਹਨ ਕਿ ਪਤੀ ਦੇ ਘਰ ਜਾ ਕੇ ਸੁਖੀ ਵੱਸੇ}। ਅਸੀਸੜੀਆ = ਸੋਹਣੀਆਂ ਅਸੀਸਾਂ।3। ਘਰਿ = ਘਰ ਵਿਚ। ਘਰਿ ਘਰਿ = ਹਰੇਕ ਘਰ ਵਿਚ। ਪਾਹੁਚਾ = ਪਹੋਚਾ, ਸੱਦਾ, ਸਾਹੇ-ਚਿੱਠੀ {ਨੋਟ: ਵਿਆਹ ਦਾ ਸਾਹਾ ਤੇ ਲਗਨ ਮੁਕਰਰ ਹੋਣ ਤੇ ਮੁੰਡੇ ਵਾਲਿਆਂ ਦਾ ਨਾਈ ਜੰਞ ਦੀ ਗਿਣਤੀ ਆਦਿਕ ਤੇ ਹੋਰ ਜ਼ਰੂਰੀ ਸੁਨੇਹੇ ਲੈ ਕੇ ਕੁੜੀ ਵਾਲਿਆਂ ਦੇ ਘਰ ਜਾਂਦਾ ਹੈ। ਉਸ ਨੂੰ ਪਹੋਚੇ ਵਾਲਾ ਨਾਈ ਆਖਦੇ ਹਨ}। ਪਵੰਨਿ = ਪੈਂਦੇ ਹਨ। ਸਦੜੇ = ਸੱਦੇ। ਸੇ ਦਿਹ = ਉਹ ਦਿਹਾੜੇ। ਆਵੰਨਿ = ਆਉਂਦੇ ਹਨ।4। ਨੋਟ: ਵਿਆਹ ਦੇ ਸਮੇ ਪਹਿਲਾਂ ਮਾਂਈਏਂ ਪੈਣ ਦੀ ਰਸਮ ਹੁੰਦੀ ਹੈ। ਚਾਚੀਆਂ ਤਾਈਆਂ ਭਰਜਾਈਆਂ ਸਹੇਲੀਆਂ ਰਲ ਕੇ ਵਿਆਹ ਵਾਲੀ ਕੁੜੀ ਦੇ ਸਿਰ ਵਿਚ ਤੇਲ ਪਾਂਦੀਆਂ ਹਨ। ਉਸ ਨੂੰ ਇਸ਼ਨਾਨ ਕਰਾਂਦੀਆਂ ਹਨ, ਤੇ, ਨਾਲ ਨਾਲ ਸੁਹਾਗ ਦੇ ਗੀਤ ਗਾਂਦੀਆਂ ਹਨ, ਪਤੀ ਦੇ ਘਰ ਜਾ ਕੇ ਸੁਖੀ ਵੱਸਣ ਲਈ ਅਸੀਸਾਂ ਦੇਂਦੀਆਂ ਹਨ। ਉਹਨੀਂ ਦਿਨੀਂ ਰਾਤ ਨੂੰ ਗਾਵਣ ਬੈਠੀਆਂ ਜ਼ਨਾਨੀਆਂ ਭੀ ਸੋਹਿਲੜੇ ਜਾਂ ਸੁਹਾਗ ਦੇ ਗੀਤ ਗਾਂਦੀਆਂ ਹਨ। ਇਹਨਾਂ ਗੀਤਾਂ ਵਿਚ ਅਸੀਸਾਂ ਤੇ ਸੁਹਾਗ ਦੇ ਗੀਤ ਭੀ ਹੁੰਦੇ ਹਨ ਅਤੇ ਵੈਰਾਗ ਦੇ ਗੀਤ ਭੀ, ਕਿਉਂਕਿ ਇਕ ਪਾਸੇ ਤਾਂ ਕੁੜੀ ਨੇ ਵਿਆਹੀ ਜਾ ਕੇ ਆਪਣੇ ਪਤੀ ਦੇ ਘਰ ਜਾਣਾ ਹੈ; ਦੂਜੇ ਪਾਸੇ, ਉਸ ਕੁੜੀ ਦਾ ਮਾਪਿਆਂ ਭੈਣਾਂ ਭਰਾਵਾਂ ਸਹੇਲੀਆਂ ਚਾਚੀਆਂ ਤਾਈਆਂ ਭਰਜਾਈਆਂ ਆਦਿਕ ਨਾਲੋਂ ਵਿਛੋੜਾ ਭੀ ਹੋਣਾ ਹੁੰਦਾ ਹੈ। ਇਹਨਾਂ ਗੀਤਾਂ ਵਿਚ ਇਹ ਦੋਵੇਂ ਮਿਲਵੇਂ ਭਾਵ ਹੁੰਦੇ ਹਨ। ਜਿਵੇਂ ਵਿਆਹ ਲਈ ਸਮਾ ਮੁਹੂਰਤ ਮਿਥਿਆ ਜਾਂਦਾ ਹੈ, ਤੇ ਉਸ ਮਿਥੇ ਸਮੇ ਉਤੇ ਹੀ ਹਥ-ਲੇਵੇਂ ਆਦਿਕ ਕਰਨ ਦਾ ਪੂਰਾ ਜਤਨ ਕੀਤਾ ਜਾਂਦਾ ਹੈ, ਇਸੇ ਤਰ੍ਹਾਂ ਹਰੇਕ ਜਿੰਦ-ਕੁੜੀ ਦਾ ਉਹ ਸਮਾ ਭੀ ਪਹਿਲਾਂ ਹੀ ਮਿਥਿਆ ਜਾ ਚੁਕਾ ਹੈ, ਜਦੋਂ ਮੌਤ ਦੀ ਸਾਹੇ-ਚਿੱਠੀ ਆਉਂਦੀ ਹੈ, ਤੇ ਇਸ ਨੇ ਸਾਕਾਂ ਸੰਬੰਧੀਆਂ ਤੋਂ ਵਿਛੁੜ ਕੇ ਇਸ ਜਗਤ-ਪੇਕੇ ਘਰ ਨੂੰ ਛੱਡ ਕੇ ਪਰਲੋਕ ਵਿਚ ਜਾਣਾ ਹੈ। ਇਸ ਸ਼ਬਦ ਵਿਚ ਜਿੰਦ-ਕੁੜੀ ਨੂੰ ਸਮਝਾਇਆ ਹੈ ਕਿ ਸਤਸੰਗ ਵਿਚ ਸੁਹਾਗ ਦੇ ਗੀਤ ਗਾਇਆ ਕਰ, ਤੇ ਸੁਣਿਆ ਕਰ। ਸਤ-ਸੰਗ, ਮਾਨੋ, ਮਾਂਈਏਂ ਪੈਣ ਦੀ ਥਾਂ ਹੈ। ਸਤਸੰਗੀ ਸਹੇਲੀਆਂ ਇਥੇ ਇਕ ਦੂਜੀ ਸਹੇਲੀ ਨੂੰ ਅਸੀਸਾਂ ਦੇਂਦੀਆਂ ਹਨ, ਅਰਦਾਸ ਕਰਦੀਆਂ ਹਨ ਕਿ ਪਰਲੋਕ ਤੁਰਨ ਵਾਲੀ ਸਹੇਲੀ ਨੂੰ ਪ੍ਰਭੂ-ਪਤੀ ਦਾ ਮਿਲਾਪ ਹੋਵੇ। ਅਰਥ: ਜਿਸ (ਸਤਸੰਗ-) ਘਰ ਵਿਚ (ਪਰਮਾਤਮਾ ਦੀ) ਸਿਫ਼ਤਿ-ਸਾਲਾਹ ਕੀਤੀ ਜਾਂਦੀ ਹੈ ਅਤੇ ਕਰਤਾਰ ਦੇ ਗੁਣਾਂ ਦੀ ਵਿਚਾਰ ਹੁੰਦੀ ਹੈ (ਹੇ ਜਿੰਦ-ਕੁੜੀਏ!) ਉਸ (ਸਤਸੰਗ-) ਘਰ ਵਿਚ (ਜਾ ਕੇ ਤੂੰ ਭੀ) ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਗੀਤ (ਸੁਹਾਗ-ਮਿਲਾਪ ਦੀ ਤਾਂਘ ਦੇ ਸ਼ਬਦ) ਗਾਇਆ ਕਰ ਅਤੇ ਆਪਣੇ ਪੈਦਾ ਕਰਨ ਵਾਲੇ ਪ੍ਰਭੂ ਨੂੰ ਯਾਦ ਕਰਿਆ ਕਰ।1। (ਹੇ ਜਿੰਦੇ!) ਤੂੰ (ਸਤਸੰਗੀਆਂ ਨਾਲ ਮਿਲ ਕੇ) ਪਿਆਰੇ ਨਿਰਭਉ (ਖਸਮ) ਦੀ ਸਿਫ਼ਤਿ ਦੇ ਗੀਤ ਗਾ (ਅਤੇ ਆਖ–) ਮੈਂ ਸਦਕੇ ਹਾਂ ਉਸ ਸਿਫ਼ਤਿ-ਦੇ-ਗੀਤ ਤੋਂ ਜਿਸ ਦੀ ਬਰਕਤਿ ਨਾਲ ਸਦਾ ਦਾ ਸੁਖ ਮਿਲਦਾ ਹੈ।1। ਰਹਾਉ। (ਹੇ ਜਿੰਦੇ! ਜਿਸ ਖਸਮ ਦੀ ਹਜ਼ੂਰੀ ਵਿਚ) ਸਦਾ ਹੀ ਜੀਵਾਂ ਦੀ ਸੰਭਾਲ ਹੋ ਰਹੀ ਹੈ, ਜੋ ਦਾਤਾਂ ਦੇਣ ਵਾਲਾ ਮਾਲਕ (ਹਰੇਕ ਜੀਵ ਦੀ) ਸੰਭਾਲ ਕਰਦਾ ਹੈ, (ਜਿਸ ਦਾਤਾਰ ਦੀਆਂ) ਦਾਤਾਂ ਦਾ ਮੁੱਲ (ਹੇ ਜਿੰਦੇ!) ਤੇਰੇ ਪਾਸੋਂ ਨਹੀਂ ਪੈ ਸਕਦਾ, ਉਸ ਦਾਤਾਰ ਦਾ ਭੀ ਕੀਹ ਅੰਦਾਜ਼ਾ (ਤੂੰ ਲਾ ਸਕਦੀ ਹੈਂ) ? (ਉਹ ਦਾਤਾਰ-ਪ੍ਰਭੂ ਬਹੁਤ ਬੇਅੰਤ ਹੈ) ।2। (ਸਤਸੰਗ ਵਿਚ ਜਾ ਕੇ, ਹੇ ਜਿੰਦੇ! ਅਰਜ਼ੋਈਆਂ ਕਰਿਆ ਕਰ =) ਉਹ ਸੰਮਤ ਉਹ ਦਿਹਾੜਾ (ਪਹਿਲਾਂ ਹੀ) ਮਿਥਿਆ ਹੋਇਆ ਹੈ (ਜਦੋਂ ਪਤੀ ਦੇ ਦੇਸ ਜਾਣ ਲਈ ਮੇਰੇ ਵਾਸਤੇ ਸਾਹੇ-ਚਿੱਠੀ ਆਉਣੀ ਹੈ, ਹੇ ਸਤਸੰਗੀ ਸਹੇਲੀਓ!) ਰਲ ਕੇ ਮੈਨੂੰ ਮਾਂਈਏਂ ਪਾਓ, ਤੇ, ਹੇ ਸੱਜਣ (ਸਹੇਲੀਓ!) ਮੈਨੂੰ ਸੋਹਣੀਆਂ ਅਸੀਸਾਂ ਭੀ ਦਿਓ (ਭਾਵ, ਮੇਰੇ ਲਈ ਅਰਦਾਸ ਭੀ ਕਰੋ) ਜਿਵੇਂ ਪ੍ਰਭੂ-ਪਤੀ ਨਾਲ ਮੇਰਾ ਮਿਲਾਪ ਹੋ ਜਾਏ।3। (ਪਰਲੋਕ ਵਿਚ ਜਾਣ ਲਈ ਮੌਤ ਦੀ) ਇਹ ਸਾਹੇ-ਚਿੱਠੀ ਹਰੇਕ ਘਰ ਵਿਚ ਆ ਰਹੀ ਹੈ, ਇਹ ਸੱਦੇ ਨਿਤ ਪੈ ਰਹੇ ਹਨ। (ਹੇ ਸਤਸੰਗੀਓ!) ਉਸ ਸੱਦਾ ਭੇਜਣ ਵਾਲੇ ਪ੍ਰਭੂ-ਪਤੀ ਨੂੰ ਯਾਦ ਰੱਖਣਾ ਚਾਹੀਦਾ ਹੈ (ਕਿਉਂਕਿ) ਹੇ ਨਾਨਕ! (ਸਾਡੇ ਭੀ) ਉਹ ਦਿਨ (ਨੇੜੇ) ਆ ਰਹੇ ਹਨ।4।1। ਰਾਗੁ ਆਸਾ ਮਹਲਾ ੧ ॥ ਛਿਅ ਘਰ ਛਿਅ ਗੁਰ ਛਿਅ ਉਪਦੇਸ ॥ ਗੁਰੁ ਗੁਰੁ ਏਕੋ ਵੇਸ ਅਨੇਕ ॥੧॥ ਬਾਬਾ ਜੈ ਘਰਿ ਕਰਤੇ ਕੀਰਤਿ ਹੋਇ ॥ ਸੋ ਘਰੁ ਰਾਖੁ ਵਡਾਈ ਤੋਇ ॥੧॥ ਰਹਾਉ ॥ ਵਿਸੁਏ ਚਸਿਆ ਘੜੀਆ ਪਹਰਾ ਥਿਤੀ ਵਾਰੀ ਮਾਹੁ ਹੋਆ ॥ ਸੂਰਜੁ ਏਕੋ ਰੁਤਿ ਅਨੇਕ ॥ ਨਾਨਕ ਕਰਤੇ ਕੇ ਕੇਤੇ ਵੇਸ ॥੨॥੨॥ {ਪੰਨਾ 12} ਪਦ ਅਰਥ: ਛਿਅ = ਛੇ। ਘਰ = ਸ਼ਾਸਤਰ {ਸਾਂਖ, ਨਿਆਇ, ਵੈਸ਼ੇਸ਼ਿਕ, ਯੋਗ, ਮੀਮਾਂਸਾ, ਵੇਦਾਂਤ}। ਗੁਰ = (ਇਹਨਾਂ ਸ਼ਾਸਤਰਾਂ ਦੇ) ਕਰਤਾ, {ਕਪਲ, ਗੋਤਮ, ਕਣਾਦ, ਪਤੰਜਲੀ, ਜੈਮਨੀ, ਵਿਆਸ}। ਉਪਦੇਸ = ਸਿੱਖਿਆ, ਸਿੱਧਾਂਤ। ਗੁਰੁ ਗੁਰੁ = ਇਸਟ ਪ੍ਰਭੂ। ਏਕੋ = ਇੱਕ ਹੀ। ਵੇਸ = ਰੂਪ।1। ਬਾਬਾ = ਹੇ ਭਾਈ! ਜੈ ਘਰਿ = ਜਿਸ (ਸਤਸੰਗ-) ਘਰ ਵਿਚ। ਕਰਤੇ ਕੀਰਤਿ = ਕਰਤਾਰ ਦੀ ਸਿਫ਼ਤਿ-ਸਾਲਾਹ। ਹੋਇ = ਹੁੰਦੀ ਹੈ। ਰਾਖੁ = ਸੰਭਾਲ। ਤੋਇ-ਤੇਰੀ। ਵਡਾਈ = ਭਲਾਈ।1। ਰਹਾਉ। ਅੱਖ ਦੇ 15 ਫੋਰ = 1 ਵਿਸਾ। 15 ਵਿਸੁਏ = 1 ਚਸਾ। 30 ਚਸੇ = 1 ਪਲ। 60 ਪਲ = 1 ਘੜੀ। ਸਾਢੋ 7 ਘੜੀਆਂ = 1 ਪਹਰ। 8 ਪਹਰ = 1 ਦਿਨ ਰਾਤ। 15 ਥਿਤਾਂ; 7 ਵਾਰ; 12 ਮਹੀਨੇ, ਛੇ ਰੁੱਤਾਂ।2। ਅਰਥ: (ਹੇ ਭਾਈ!) ਛੇ ਸ਼ਾਸਤਰ ਹਨ, ਛੇ ਹੀ (ਇਹਨਾਂ ਸ਼ਾਸਤਰਾਂ ਦੇ) ਚਲਾਣ ਵਾਲੇ ਹਨ, ਛੇ ਹੀ ਇਹਨਾਂ ਦੇ ਸਿੱਧਾਂਤ ਹਨ। ਪਰ ਇਹਨਾਂ ਸਾਰਿਆਂ ਦਾ ਮੂਲ-ਗੁਰੂ (ਪਰਮਾਤਮਾ) ਇੱਕ ਹੈ। (ਇਹ ਸਾਰੇ ਸਿਧਾਂਤ) ਉਸ ਇੱਕ ਪ੍ਰਭੂ ਦੇ ਹੀ ਅਨੇਕਾਂ ਵੇਸ ਹਨ (ਪ੍ਰਭੂ ਦੀ ਹਸਤੀ ਦੇ ਪਰਕਾਸ਼ ਦੇ ਰੂਪ ਹਨ) ।1। ਹੇ ਭਾਈ! ਜਿਸ (ਸਤਸੰਗ-) ਘਰ ਵਿਚ ਕਰਤਾਰ ਦੀ ਸਿਫ਼ਤਿ-ਸਾਲਾਹ ਹੁੰਦੀ ਹੈ, ਉਸ ਘਰ ਨੂੰ ਸਾਂਭ ਰੱਖ (ਉਸ ਸਤਸੰਗ ਦਾ ਆਸਰਾ ਲਈ ਰੱਖ। ਇਸੇ ਵਿਚ) ਤੇਰੀ ਭਲਾਈ ਹੈ।1। ਰਹਾਉ। ਜਿਵੇਂ ਵਿਸੁਏ, ਚਸੇ, ਘੜੀਆਂ, ਪਹਰ, ਥਿੱਤਾਂ, ਵਾਰ, ਮਹੀਨਾ (ਆਦਿਕ) ਅਤੇ ਹੋਰ ਅਨੇਕਾਂ ਰੁੱਤਾਂ ਹਨ, ਪਰ ਸੂਰਜ ਇਕੋ ਹੀ ਹੈ (ਜਿਸ ਦੇ ਇਹ ਸਾਰੇ ਵਖ ਵਖ ਰੂਪ ਹਨ) , ਤਿਵੇਂ, ਹੇ ਨਾਨਕ! ਕਰਤਾਰ ਦੇ (ਇਹ ਸਾਰੇ ਸਿਧਾਂਤ ਆਦਿਕ) ਅਨੇਕਾਂ ਸਰੂਪ ਹਨ।2। 2। |
Sri Guru Granth Darpan, by Professor Sahib Singh |