ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 13 ਰਾਗੁ ਧਨਾਸਰੀ ਮਹਲਾ ੧ ॥ ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ॥ ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ ॥੧॥ ਕੈਸੀ ਆਰਤੀ ਹੋਇ ॥ ਭਵ ਖੰਡਨਾ ਤੇਰੀ ਆਰਤੀ ॥ ਅਨਹਤਾ ਸਬਦ ਵਾਜੰਤ ਭੇਰੀ ॥੧॥ ਰਹਾਉ ॥ ਸਹਸ ਤਵ ਨੈਨ ਨਨ ਨੈਨ ਹਹਿ ਤੋਹਿ ਕਉ ਸਹਸ ਮੂਰਤਿ ਨਨਾ ਏਕ ਤੋੁਹੀ ॥ ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨੁ ਸਹਸ ਤਵ ਗੰਧ ਇਵ ਚਲਤ ਮੋਹੀ ॥੨॥ ਸਭ ਮਹਿ ਜੋਤਿ ਜੋਤਿ ਹੈ ਸੋਇ ॥ ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ ॥ ਗੁਰ ਸਾਖੀ ਜੋਤਿ ਪਰਗਟੁ ਹੋਇ ॥ ਜੋ ਤਿਸੁ ਭਾਵੈ ਸੁ ਆਰਤੀ ਹੋਇ ॥੩॥ ਹਰਿ ਚਰਣ ਕਵਲ ਮਕਰੰਦ ਲੋਭਿਤ ਮਨੋ ਅਨਦਿਨੋੁ ਮੋਹਿ ਆਹੀ ਪਿਆਸਾ ॥ ਕ੍ਰਿਪਾ ਜਲੁ ਦੇਹਿ ਨਾਨਕ ਸਾਰਿੰਗ ਕਉ ਹੋਇ ਜਾ ਤੇ ਤੇਰੈ ਨਾਇ ਵਾਸਾ ॥੪॥੩॥ {ਪੰਨਾ 13} ਪਦ ਅਰਥ: ਗਗਨ = ਆਕਾਸ਼। ਗਗਨ ਮੈ = ਗਗਨ ਮਯ, ਆਕਾਸ਼ ਰੂਪ, ਸਾਰਾ ਆਕਾਸ਼। ਰਵਿ = ਸੂਰਜ। ਦੀਪਕ = ਦੀਵੇ। ਜਨਕ = ਜਾਣੋ, ਮਾਨੋ, ਜਿਵੇਂ। ਮਲਆਨਲੋ = {ਮਲਯ-ਅਨਲੋ} ਮਲਯ ਪਹਾੜ ਵਲੋਂ ਆਉਣ ਵਾਲੀ ਹਵਾ (ਅਨਲ = ਹਵਾ) । ਮਲਯ ਪਰਬਤ ਉਤੇ ਚੰਦਨ ਦੇ ਬੂਟੇ ਹੋਣ ਕਰਕੇ ਉਧਰੋਂ ਆਉਣ ਵਾਲੀ ਹਵਾ ਸੁਗੰਧੀ ਵਾਲੀ ਹੁੰਦੀ ਹੈ। ਮਲਯ ਪਹਾੜ ਭਾਰਤ ਦੇ ਦੱਖਣ ਵਿਚ ਹੈ। ਸਗਲ = ਸਾਰੀ। ਬਨਰਇ = ਬਨਸਪਤੀ। ਫੂਲੰਤ = ਫੁੱਲ ਦੇ ਰਹੀ ਹੈ। ਜੋਤੀ = ਜੋਤਿ-ਰੂਪ ਪ੍ਰਭੂ।1। ਭਵ ਖੰਡਨ = ਹੇ ਜਨਮ ਮਰਨ ਕੱਟਣ ਵਾਲੇ! ਅਨਹਤਾ = {ਅਨ-ਹਤ} ਜੋ ਬਿਨਾ ਵਜਾਏ ਵੱਜੇ, ਇੱਕ-ਰਸ। ਸ਼ਬਦ = ਆਵਾਜ਼, ਜੀਵਨ-ਰੌ। ਭੇਰੀ = ਡੱਫ, ਨਗਾਰਾ।1। ਰਹਾਉ। ਸਹਸ = ਹਜ਼ਾਰਾਂ। ਤਵ = ਤੇਰੇ। ਨੈਨ = ਅੱਖਾਂ। ਨਨ = ਕੋਈ ਨਹੀਂ। ਹਹਿ = {'ਹੈ' ਤੋਂ ਬਹੁ-ਵਚਨ}। ਤੋਹਿ ਕਉ = ਤੇਰੇ, ਤੈਨੂੰ, ਤੇਰੇ ਵਾਸਤੇ। ਮੂਰਤਿ = ਸ਼ਕਲ। ਨਾ = ਕੋਈ ਨਹੀਂ। ਤੋੁਹੀ = ਤੇਰੀ {ਅੱਖਰ 'ਤ' ਦੇ ਨਾਲ ਦੋ ਲਗਾਂ ਹਨ– ੋ ਅਤੇ ੁ। ਅਸਲ ਲਫ਼ਜ਼ 'ਤੁਹੀ' ਹੈ, ਇਥੇ 'ਤੋਹੀ' ਪੜ੍ਹਨਾ ਹੈ}। ਪਦ = ਪੈਰ। ਬਿਮਲ = ਸਾਫ਼। ਗੰਧ = ਨੱਕ। ਤਿਵ = ਇਸ ਤਰ੍ਹਾਂ। ਚਲਤ = ਕੌਤਕ, ਅਚਰਜ ਖੇਡ।2। ਜੋਤਿ = ਚਾਨਣ, ਪ੍ਰਕਾਸ਼। ਸੋਇ = ਉਹ ਪ੍ਰਭੂ। ਤਿਸ ਦੈ ਚਾਨਣਿ = ਉਸ ਪ੍ਰਭੂ ਦੇ ਚਾਨਣ ਨਾਲ। ਸਾਖੀ = ਸਿੱਖਿਆ ਨਾਲ।3। ਮਕਰੰਦ = ਫੁੱਲਾਂ ਦੀ ਵਿਚਲੀ ਧੂੜ {Pollen-dust}, ਫੁੱਲਾਂ ਦਾ ਰਸ। ਮਨੋ = ਮਨ। ਅਨਦਿਨੋੁ = {ਅੱਖਰ 'ਨ' ਦੇ ਨਾਲ ਦੋ ਲਗਾਂ ਹਨ– ੋ ਅਤੇ ੁ। ਅਸਲ ਲਫ਼ਜ਼ 'ਅਨਦਿਨੁ' ਹੈ, ਇਥੇ 'ਅਨਦਿਨੋ' ਪੜ੍ਹਨਾ ਹੈ} ਹਰ ਰੋਜ਼। ਮੋਹਿ = ਮੈਨੂੰ। ਆਹੀ = ਹੈ, ਰਹਿੰਦੀ ਹੈ। ਸਾਰਿੰਗ = ਪਪੀਹਾ। ਕਉ = ਨੂੰ। ਜਾ ਤੇ = ਜਿਸ ਤੋਂ, ਜਿਸ ਨਾਲ। ਤੇਰੈ ਨਾਇ = ਤੇਰੇ ਨਾਮ ਵਿਚ।4। ਅਰਥ: ਸਾਰਾ ਆਕਾਸ਼ (ਮਾਨੋ) ਥਾਲ ਹੈ। ਸੂਰਜ ਤੇ ਚੰਦ (ਉਸ ਥਾਲ ਵਿਚ) ਦੀਵੇ ਬਣੇ ਹੋਏ ਹਨ। ਤਾਰਿਆਂ ਦੇ ਸਮੂਹ, ਮਾਨੋ, (ਥਾਲ ਵਿਚ) ਮੋਤੀ ਰੱਖੇ ਹੋਏ ਹਨ। ਮਲਯ ਪਰਬਤ ਵਲੋਂ ਆਉਣ ਵਾਲੀ ਹਵਾ, ਮਾਨੋ, ਧੂਪ (ਧੁਖ ਰਿਹਾ) ਹੈ। ਹਵਾ ਚੌਰ ਕਰ ਰਹੀ ਹੈ। ਸਾਰੀ ਬਨਸਪਤੀ ਜੋਤਿ-ਰੂਪ (ਪ੍ਰਭੂ ਦੀ ਆਰਤੀ) ਵਾਸਤੇ ਫੁੱਲ ਦੇ ਰਹੀ ਹੈ।1। ਹੇ ਜੀਵਾਂ ਦੇ ਜਨਮ ਮਰਨ ਨਾਸ ਕਰਨ ਵਾਲੇ! (ਕੁਦਰਤਿ ਵਿਚ) ਤੇਰੀ ਕੈਸੀ ਸੁੰਦਰ ਆਰਤੀ ਹੋ ਰਹੀ ਹੈ! (ਸਭ ਜੀਵਾਂ ਵਿਚ ਰੁਮਕ ਰਹੀ) ਇੱਕੋ ਜੀਵਨ-ਰੌ, ਮਾਨੋ, ਤੇਰੀ ਆਰਤੀ ਵਾਸਤੇ ਨਾਗਾਰੇ ਵੱਜ ਰਹੇ ਹਨ।1। ਰਹਾਉ। (ਸਭ ਜੀਵਾਂ ਵਿਚ ਵਿਆਪਕ ਹੋਣ ਕਰਕੇ) ਹਜ਼ਾਰਾਂ ਤੇਰੀਆਂ ਅੱਖਾਂ ਹਨ (ਪਰ, ਨਿਰਾਕਾਰ ਹੋਣ ਕਰਕੇ, ਹੇ ਪ੍ਰਭੂ!) ਤੇਰੀਆਂ ਕੋਈ ਅੱਖਾਂ ਨਹੀਂ। ਹਜ਼ਾਰਾਂ ਤੇਰੀਆਂ ਸ਼ਕਲਾਂ ਹਨ, ਪਰ ਤੇਰੀ ਕੋਈ ਭੀ ਸ਼ਕਲ ਨਹੀਂ ਹੈ। ਹਜ਼ਾਰਾਂ ਤੇਰੇ ਸੋਹਣੇ ਪੈਰ ਹਨ, (ਪਰ ਨਿਰਾਕਾਰ ਹੋਣ ਕਰਕੇ) ਤੇਰਾ ਇੱਕ ਭੀ ਪੈਰ ਨਹੀਂ। ਹਜ਼ਾਰਾਂ ਤੇਰੇ ਨੱਕ ਹਨ, ਪਰ ਤੂੰ ਨੱਕ ਤੋਂ ਬਿਨਾ ਹੀ ਹੈਂ। ਤੇਰੇ ਅਜੇਹੇ ਕੌਤਕਾਂ ਨੇ ਮੈਨੂੰ ਹੈਰਾਨ ਕੀਤਾ ਹੋਇਆ ਹੈ।1। ਸਾਰੇ ਜੀਵਾਂ ਵਿਚ ਇਕੋ ਉਹੀ ਪਰਮਾਤਮਾ ਦੀ ਜੋਤੀ ਵਰਤ ਰਹੀ ਹੈ। ਉਸ ਜੋਤਿ ਦੇ ਪਰਕਾਸ਼ ਨਾਲ ਸਾਰੇ ਜੀਵਾਂ ਵਿਚ ਚਾਨਣ (ਸੂਝ-ਬੂਝ) ਹੈ। ਪਰ ਇਸ ਜੋਤਿ ਦਾ ਗਿਆਨ ਗੁਰੂ ਦੀ ਸਿੱਖਿਆ ਨਾਲ ਹੀ ਹੁੰਦਾ ਹੈ। (ਗੁਰੂ ਰਾਹੀਂ ਇਹ ਸਮਝ ਪੈਂਦੀ ਹੈ ਕਿ ਹਰੇਕ ਦੇ ਅੰਦਰ ਪਰਮਾਤਮਾ ਦੀ ਜੋਤਿ ਹੈ) । (ਇਸ ਸਰਬ-ਵਿਆਪਕ ਜੋਤਿ ਦੀ) ਆਰਤੀ ਇਹ ਹੈ ਕਿ ਜੋ ਕੁਝ ਉਸ ਦੀ ਰਜ਼ਾ ਵਿਚ ਹੋ ਰਿਹਾ ਹੈ, ਉਹ ਜੀਵ ਨੂੰ ਚੰਗਾ ਲੱਗੇ (ਪ੍ਰਭੂ ਦੀ ਰਜ਼ਾ ਵਿਚ ਤੁਰਨਾ ਪ੍ਰਭੂ ਦੀ ਆਰਤੀ ਕਰਨੀ ਹੈ) ।3। ਹੇ ਹਰੀ! ਤੇਰੇ ਚਰਨ-ਰੂਪ ਕੌਲ-ਫੁੱਲਾਂ ਦੇ ਰਸ ਲਈ ਮੇਰਾ ਮਨ ਲਲਚਾਂਦਾ ਹੈ, ਹਰ ਰੋਜ਼ ਮੈਨੂੰ ਇਸੇ ਰਸ ਦੀ ਪਿਆਸ ਲੱਗੀ ਹੋਈ ਹੈ। ਮੈਨੂੰ ਨਾਨਕ ਪਪੀਹੇ ਨੂੰ ਆਪਣੀ ਮਿਹਰ ਦਾ ਜਲ ਦੇਹ, ਜਿਸ (ਦੀ ਬਰਕਤਿ) ਨਾਲ ਮੈਂ ਤੇਰੇ ਨਾਮ ਵਿਚ ਟਿਕਿਆ ਰਹਾਂ।4।3। ਨੋਟ: ਆਰਤੀ = {Awirq, Awrwi>kw} ਦੇਵਤੇ ਦੀ ਮੂਰਤੀ ਜਾਂ ਕਿਸੇ ਪੂਜਯ ਅੱਗੇ ਦੀਵੇ ਘੁਮਾ ਕੇ ਪੂਜਾ ਕਰਨੀ। ਹਿੰਦੂ ਮਤ ਅਨੁਸਾਰ ਚਾਰ ਵਾਰੀ ਚਰਨਾਂ ਅੱਗੇ, ਦੋ ਵਾਰੀ ਨਾਭੀ ਉਤੇ, ਇੱਕ ਵਾਰੀ ਮੂੰਹ ਉਤੇ ਅਤੇ ਸੱਤ ਵਾਰੀ ਸਾਰੇ ਸਰੀਰ ਉਤੇ ਦੀਵੇ ਘੁਮਾਣੇ ਚਾਹੀਦੇ ਹਨ। ਦੀਵੇ ਇੱਕ ਤੋਂ ਲੈ ਕੇ ਇਕ ਸੌ ਤਕ ਹੁੰਦੇ ਹਨ। ਗੁਰੂ ਨਾਨਕ ਦੇਵ ਜੀ ਨੇ ਇਸ ਆਰਤੀ ਦੀ ਨਿਖੇਧੀ ਕਰ ਕੇ ਕਰਤਾਰ ਦੀ ਕੁਦਰਤੀ ਆਰਤੀ ਦੀ ਵਡਿਆਈ ਕੀਤੀ ਹੈ। ਰਾਗੁ ਗਉੜੀ ਪੂਰਬੀ ਮਹਲਾ ੪ ॥ ਕਾਮਿ ਕਰੋਧਿ ਨਗਰੁ ਬਹੁ ਭਰਿਆ ਮਿਲਿ ਸਾਧੂ ਖੰਡਲ ਖੰਡਾ ਹੇ ॥ ਪੂਰਬਿ ਲਿਖਤ ਲਿਖੇ ਗੁਰੁ ਪਾਇਆ ਮਨਿ ਹਰਿ ਲਿਵ ਮੰਡਲ ਮੰਡਾ ਹੇ ॥੧॥ ਕਰਿ ਸਾਧੂ ਅੰਜੁਲੀ ਪੁਨੁ ਵਡਾ ਹੇ ॥ ਕਰਿ ਡੰਡਉਤ ਪੁਨੁ ਵਡਾ ਹੇ ॥੧॥ ਰਹਾਉ ॥ ਸਾਕਤ ਹਰਿ ਰਸ ਸਾਦੁ ਨ ਜਾਣਿਆ ਤਿਨ ਅੰਤਰਿ ਹਉਮੈ ਕੰਡਾ ਹੇ ॥ ਜਿਉ ਜਿਉ ਚਲਹਿ ਚੁਭੈ ਦੁਖੁ ਪਾਵਹਿ ਜਮਕਾਲੁ ਸਹਹਿ ਸਿਰਿ ਡੰਡਾ ਹੇ ॥੨॥ ਹਰਿ ਜਨ ਹਰਿ ਹਰਿ ਨਾਮਿ ਸਮਾਣੇ ਦੁਖੁ ਜਨਮ ਮਰਣ ਭਵ ਖੰਡਾ ਹੇ ॥ ਅਬਿਨਾਸੀ ਪੁਰਖੁ ਪਾਇਆ ਪਰਮੇਸਰੁ ਬਹੁ ਸੋਭ ਖੰਡ ਬ੍ਰਹਮੰਡਾ ਹੇ ॥੩॥ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰਿ ਰਾਖੁ ਰਾਖੁ ਵਡ ਵਡਾ ਹੇ ॥ ਜਨ ਨਾਨਕ ਨਾਮੁ ਅਧਾਰੁ ਟੇਕ ਹੈ ਹਰਿ ਨਾਮੇ ਹੀ ਸੁਖੁ ਮੰਡਾ ਹੇ ॥੪॥੪॥ {ਪੰਨਾ 13} ਪਦ ਅਰਥ: ਕਾਮਿ = ਕਾਮ-ਵਾਸਨਾ ਨਾਲ। ਕਰੋਧਿ = ਕ੍ਰੋਧ ਨਾਲ। ਨਗਰੁ = ਸਰੀਰ-ਨਗਰ। ਮਿਲਿ = ਮਿਲ ਕੇ। ਸਾਧੂ = ਗੁਰੂ। ਖੰਡਲ ਖੰਡਾ = ਤੋੜਿਆ ਹੈ। ਪੂਰਬਿ = ਪੂਰਬ ਵਿਚ, ਪਹਿਲੇ ਬੀਤੇ ਸਮੇ ਵਿਚ। ਪੂਰਬਿ ਲਿਖੇ ਲਿਖਤ = ਪਿਛਲੇ (ਕੀਤੇ ਕਰਮਾਂ ਦੇ) ਲਿਖੇ ਹੋਏ ਸੰਸਕਾਰਾਂ ਅਨੁਸਾਰ। ਮਨਿ = ਮਨ ਵਿਚ। ਮੰਡਲ ਮੰਡਾ = ਜੜਿਆ ਹੈ। ਅੰਜੁਲੀ = ਦੋਵੇਂ ਹੱਥ ਜੋੜੇ ਹੋਏ। ਪੁਨੁ = ਭਲਾ ਕੰਮ। ਡੰਡਉਤ = ਲੰਮੇ ਪੈ ਕੇ ਨਮਸ-ਕਾਰ।1। ਰਹਾਉ। ਸਾਕਤ = ਰੱਬ ਨਾਲੋਂ ਟੁੱਟੇ ਹੋਏ ਮਨੁੱਖ। ਸਾਦੁ = ਸੁਆਦ। ਤਿਨ ਅੰਤਰਿ = ਉਹਨਾਂ ਦੇ ਅੰਦਰ, ਉਹਨਾਂ ਦੇ ਮਨ ਵਿਚ। ਚਲਹਿ = ਤੁਰਦੇ ਹਨ। ਚੁਭੈ = (ਕੰਡਾ) ਚੁੱਭਦਾ ਹੈ। ਜਮ ਕਾਲੁ = (ਆਤਮਕ) ਮੌਤ। ਸਿਰਿ = ਸਿਰ ਉੱਤੇ।2। ਨਾਮਿ = ਨਾਮ ਵਿਚ। ਸਮਾਣੇ = ਲੀਨ, ਮਸਤ। ਭਵ = ਸੰਸਾਰ। ਖੰਡਾ ਹੇ = ਨਾਸ ਕਰ ਲਿਆ ਹੈ। ਸੋਭ = ਸੋਭਾ। ਖੰਡ ਬ੍ਰਹਮੰਡਾ = ਸਾਰੇ ਜਗਤ ਵਿਚ।3। ਮਸਕੀਨ = ਆਜਿਜ਼। ਪ੍ਰਭ = ਹੇ ਪ੍ਰਭੂ। ਰਾਖੁ = ਰੱਖਿਆ ਕਰ। ਅਧਾਰੁ = ਆਸਰਾ। ਨਾਮੇ = ਨਾਮਿ ਹੀ, ਨਾਮ ਵਿਚ ਹੀ। ਮੰਡਾ = ਮਿਲਿਆ।4। ਅਰਥ: (ਮਨੁੱਖ ਦਾ ਇਹ ਸਰੀਰ-) ਸ਼ਹਰ ਕਾਮ ਅਤੇ ਕ੍ਰੋਧ ਨਾਲ ਭਰਿਆ ਰਹਿੰਦਾ ਹੈ। ਗੁਰੂ ਨੂੰ ਮਿਲ ਕੇ ਹੀ (ਕਾਮ ਕ੍ਰੋਧ ਆਦਿਕ ਦੇ ਇਸ ਜੋੜ ਨੂੰ) ਤੋੜਿਆ ਜਾ ਸਕਦਾ ਹੈ। ਜਿਸ ਮਨੁੱਖ ਨੂੰ ਪੂਰਬਲੇ ਕੀਤੇ ਕਰਮਾਂ ਦੇ ਸੰਜੋਗਾਂ ਨਾਲ ਗੁਰੂ ਮਿਲ ਪੈਂਦਾ ਹੈ, ਉਸ ਦੇ ਮਨ ਵਿਚ ਪਰਮਾਤਮਾ ਨਾਲ ਲਿਵ ਲੱਗ ਜਾਂਦੀ ਹੈ (ਅਤੇ ਉਸ ਦੇ ਅੰਦਰੋਂ ਕਾਮਾਦਿਕਾਂ ਦਾ ਜੋੜ ਟੁੱਟ ਜਾਂਦਾ ਹੈ) ।1। (ਹੇ ਭਾਈ!) ਗੁਰੂ ਅੱਗੇ ਹੱਥ ਜੋੜ, ਇਹ ਬਹੁਤ ਭਲਾ ਕੰਮ ਹੈ। ਗੁਰੂ ਅੱਗੇ ਢਹਿ ਪਉ, ਇਹ ਬੜਾ ਨੇਕ ਕੰਮ ਹੈ।1। ਰਹਾਉ। ਜੇਹੜੇ ਮਨੁੱਖ ਪਰਮਾਤਮਾ ਨਾਲੋਂ ਟੁੱਟੇ ਹੋਏ ਹਨ, ਉਹ ਉਸ ਦੇ ਨਾਮ ਦੇ ਰਸ ਦੇ ਸੁਆਦ ਨੂੰ ਸਮਝ ਨਹੀਂ ਸਕਦੇ। ਉਹਨਾਂ ਦੇ ਮਨ ਵਿਚ ਅਹੰਕਾਰ ਦਾ (ਮਾਨੋ) ਕੰਡਾ ਚੁੱਭਾ ਹੋਇਆ ਹੈ। ਜਿਉਂ ਜਿਉਂ ਉਹ ਤੁਰਦੇ ਹਨ (ਜਿਉਂ ਜਿਉਂ ਉਹ ਹਉਮੈ ਦੇ ਸੁਭਾਵ ਵਾਲੀ ਵਰਤੋਂ ਵਰਤਦੇ ਹਨ, ਹਉਮੈ ਦਾ ਉਹ ਕੰਡਾ ਉਹਨਾਂ ਨੂੰ) ਚੁੱਭਦਾ ਹੈ, ਉਹ ਦੁੱਖ ਪਾਂਦੇ ਹਨ, ਅਤੇ ਆਪਣੇ ਸਿਰ ਉੱਤੇ ਆਤਮਕ ਮੌਤ-ਰੂਪ ਡੰਡਾ ਸਹਾਰਦੇ ਹਨ (ਆਤਮਕ ਮੌਤ ਉਹਨਾਂ ਦੇ ਸਿਰ ਉਤੇ ਸਵਾਰ ਰਹਿੰਦੀ ਹੈ) ।2। (ਦੂਜੇ ਪਾਸੇ) ਪਰਮਾਤਮਾ ਦੇ ਪਿਆਰੇ ਬੰਦੇ ਪਰਮਾਤਮਾ ਦੇ ਨਾਮ ਵਿਚ ਜੁੜੇ ਰਹਿੰਦੇ ਹਨ। ਉਹਨਾਂ ਦਾ ਸੰਸਾਰ ਦਾ ਜੰਮਣ ਮਰਨ ਦਾ ਦੁੱਖ ਕੱਟਿਆ ਜਾਂਦਾ ਹੈ। ਉਹਨਾਂ ਨੂੰ ਕਦੇ ਨਾਸ਼ ਨਾਹ ਹੋਣ ਵਾਲਾ ਸਰਬ-ਵਿਆਪਕ ਪਰਮੇਸਰ ਮਿਲ ਪੈਂਦਾ ਹੈ। ਉਹਨਾਂ ਦੀ ਸੋਭਾ ਸਾਰੇ ਖੰਡਾਂ ਬ੍ਰਹਮੰਡਾਂ ਵਿਚ ਹੋ ਜਾਂਦੀ ਹੈ।3। ਹੇ ਪ੍ਰਭੂ! ਅਸੀਂ ਜੀਵ ਤੇਰੇ ਦਰ ਦੇ ਗਰੀਬ ਮੰਗਦੇ ਹਾਂ। ਤੂੰ ਸਭ ਤੋਂ ਵੱਡਾ ਸਹਾਈ ਹੈਂ। ਸਾਨੂੰ (ਇਹਨਾਂ ਕਾਮਾਦਿਕਾਂ ਤੋਂ) ਬਚਾ ਲੈ। ਹੇ ਪ੍ਰਭੂ! ਤੇਰੇ ਦਾਸ ਨਾਨਕ ਨੂੰ ਤੇਰਾ ਨਾਮ ਹੀ ਆਸਰਾ ਹੈ, ਤੇਰਾ ਨਾਮ ਹੀ ਸਹਾਰਾ ਹੈ। ਤੇਰੇ ਨਾਮ ਵਿਚ ਜੁੜਿਆਂ ਹੀ ਸੁਖ ਮਿਲਦਾ ਹੈ।4। 4। ਨੋਟ: ਜੇ ਪੈਰ ਵਿਚ ਕੰਡਾ ਚੁੱਭ ਜਾਏ ਤਾਂ ਤੁਰਨਾ ਫਿਰਨਾ ਔਖਾ ਹੋ ਜਾਂਦਾ ਹੈ। ਉਸ ਕੰਡੇ ਨੂੰ ਕੱਢਣ ਦੇ ਥਾਂ ਜੇ ਪੈਰਾਂ ਵਿਚ ਮਖ਼ਮਲ ਦੀ ਜੁੱਤੀ ਪਾ ਲਈਏ, ਤਾਂ ਭੀ ਤੁਰਨ ਲੱਗਿਆਂ ਉਹ ਕੰਡਾ ਚੁੱਭਦਾ ਹੀ ਰਹੇਗਾ। ਸੁਖ ਤਦੋਂ ਹੀ ਹੋਵੇਗਾ, ਜਦੋਂ ਉਹ ਕੰਡਾ ਪੈਰ ਵਿਚੋਂ ਕੱਢ ਲਿਆ ਜਾਏ। ਜਿਤਨਾ ਚਿਰ ਮਨੁੱਖ ਦੇ ਅੰਦਰ ਹਉਮੈ ਹੈ, ਇਹ ਦੁਖੀ ਹੀ ਕਰਦੀ ਰਹੇਗੀ। ਬਾਹਰਲੇ ਧਾਰਮਿਕ ਭੇਖ ਆਦਿਕ ਭੀ ਸੁਖ ਨਹੀਂ ਦੇ ਸਕਣਗੇ। ਰਾਗੁ ਗਉੜੀ ਪੂਰਬੀ ਮਹਲਾ ੫ ॥ ਕਰਉ ਬੇਨੰਤੀ ਸੁਣਹੁ ਮੇਰੇ ਮੀਤਾ ਸੰਤ ਟਹਲ ਕੀ ਬੇਲਾ ॥ ਈਹਾ ਖਾਟਿ ਚਲਹੁ ਹਰਿ ਲਾਹਾ ਆਗੈ ਬਸਨੁ ਸੁਹੇਲਾ ॥੧॥ ਅਉਧ ਘਟੈ ਦਿਨਸੁ ਰੈਣਾਰੇ ॥ ਮਨ ਗੁਰ ਮਿਲਿ ਕਾਜ ਸਵਾਰੇ ॥੧॥ ਰਹਾਉ ॥ ਇਹੁ ਸੰਸਾਰੁ ਬਿਕਾਰੁ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ॥ ਜਿਸਹਿ ਜਗਾਇ ਪੀਆਵੈ ਇਹੁ ਰਸੁ ਅਕਥ ਕਥਾ ਤਿਨਿ ਜਾਨੀ ॥੨॥ ਜਾ ਕਉ ਆਏ ਸੋਈ ਬਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ ॥ ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ ॥੩॥ ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ ॥ ਨਾਨਕ ਦਾਸੁ ਇਹੈ ਸੁਖੁ ਮਾਗੈ ਮੋ ਕਉ ਕਰਿ ਸੰਤਨ ਕੀ ਧੂਰੇ ॥੪॥੫॥ {ਪੰਨਾ 13} ਪਦ ਅਰਥ: ਕਰਉ = ਕਰਉਂ, ਮੈਂ ਕਰਦਾ ਹਾਂ {ਵਰਤਮਾਨ ਕਾਲ, ਉੱਤਮ ਪੁਰਖ, ਇਕ-ਵਚਨ}। ਸੁਣਹੁ = ਤੁਸੀ ਸੁਣੋ {ਹੁਕਮੀ ਭਵਿੱਖਤ, ਮੱਧਮ ਪੁਰਖ, ਬਹੁ-ਵਚਨ}। ਬੇਲਾ = ਵੇਲਾ, ਮੌਕਾ। ਈਹਾ = ਇਥੇ, ਇਸ ਜਨਮ ਵਿਚ। ਖਾਟਿ = ਖੱਟ ਕੇ। ਲਾਹਾ = ਲਾਭ, ਖੱਟੀ। ਆਗੈ = ਪਰਲੋਕ ਵਿਚ। ਬਸਨੁ = ਵੱਸਣਾ, ਵਸੋਂ। ਸੁਹੇਲਾ = ਸੌਖਾ।1। ਅਉਧ = ਉਮਰ। ਰੈਣਾ = ਰਾਤ। ਮਨ = ਹੇ ਮਨ! ਮਿਲਿ = ਮਿਲ ਕੇ। ਸਵਾਰੇ = ਸਵਾਰਿ, ਸਵਾਰ ਲੈ।1। ਰਹਾਉ। ਬਿਕਾਰ = ਵਿਕਾਰ-ਰੂਪ, ਵਿਕਾਰਾਂ ਨਾਲ ਭਰਿਆ ਹੋਇਆ। ਸੰਸੇ ਮਹਿ = ਸਹਿੰਸਿਆਂ ਵਿਚ, ਤੌਖ਼ਲਿਆਂ ਵਿਚ। ਜਿਸਹਿ = ਜਿਸ ਮਨੁੱਖ ਨੂੰ। ਜਗਾਇ = ਜਗਾ ਕੇ। ਪੀਆਵੈ = ਪਿਲਾਂਦਾ ਹੈ। ਤਿਨਿ = ਉਸ ਨੇ।2। ਜਾ ਕਉ = ਜਿਸ (ਮਨੋਰਥ) ਵਾਸਤੇ। ਬਿਹਾਝਹੁ = ਖ਼ਰੀਦੋ, ਵਣਜ ਕਰੋ। ਤੇ = ਤੋਂ, ਦੀ ਰਾਹੀਂ। ਮਨਹਿ = ਮਨ ਵਿਚ ਹੀ। ਨਿਜ ਘਰਿ = ਆਪਣੇ ਘਰ ਵਿਚ, ਆਪਣੇ ਹਿਰਦੇ ਵਿਚ। ਮਹਲੁ = (ਪਰਮਾਤਮਾ ਦਾ) ਟਿਕਾਣਾ। ਸਹਜੇ = ਸਹਜਿ, ਆਤਮਕ ਅਡੋਲਤਾ ਵਿਚ। ਬਹੁਰਿ = ਫਿਰ।3। ਅੰਤਰਜਾਮੀ = ਹੇ ਦਿਲਾਂ ਦੀ ਜਾਣਨ ਵਾਲੇ! ਪੁਰਖ = ਹੇ ਸਭ ਵਿਚ ਵਿਆਪਕ! ਬਿਧਾਤੇ = ਹੇ ਸਿਰਜਣਹਾਰ! ਪੂਰੇ = ਪੂਰਿ, ਪੂਰੀ ਕਰ। ਮਾਗੈ = ਮੰਗਦਾ ਹੈ। ਮੋ ਕਉ = ਮੈਨੂੰ। ਧੂਰੇ = ਚਰਨ-ਧੂੜ।4। ਅਰਥ: ਹੇ ਮੇਰੇ ਮਿੱਤਰੋ! ਸੁਣੋ! ਮੈਂ ਬੇਨਤੀ ਕਰਦਾ ਹਾਂ = (ਹੁਣ) ਗੁਰਮੁਖਾਂ ਦੀ ਸੇਵਾ ਕਰਨ ਦਾ ਵੇਲਾ ਹੈ। (ਜੇ ਸੇਵਾ ਕਰੋਗੇ, ਤਾਂ) ਇਸ ਜਨਮ ਵਿਚ ਪ੍ਰਭੂ ਦੇ ਨਾਮ ਦੀ ਖੱਟੀ ਖੱਟ ਕੇ ਜਾਵੋਗੇ, ਅਤੇ ਪਰਲੋਕ ਵਿਚ ਰਹਿਣਾ ਸੌਖਾ ਹੋ ਜਾਇਗਾ।1। ਹੇ ਮਨ! ਦਿਨ ਰਾਤ (ਬੀਤ ਬੀਤ ਕੇ) ਉਮਰ ਘਟਦੀ ਜਾ ਰਹੀ ਹੈ। ਹੇ (ਮੇਰੇ) ਮਨ! ਗੁਰੂ ਨੂੰ ਮਿਲ ਕੇ (ਮਨੁੱਖਾ ਜੀਵਨ ਦਾ) ਕੰਮ ਸਿਰੇ ਚਾੜ੍ਹ।1। ਰਹਾਉ। ਇਹ ਜਗਤ ਵਿਕਾਰਾਂ ਨਾਲ ਭਰਪੂਰ ਹੈ। (ਜਗਤ ਦੇ ਜੀਵ) ਤੌਖ਼ਲਿਆਂ ਵਿਚ (ਡੁੱਬ ਰਹੇ ਹਨ। ਇਹਨਾਂ ਵਿਚੋਂ) ਉਹੀ ਮਨੁੱਖ ਨਿਕਲਦਾ ਹੈ ਜਿਸ ਨੇ ਪਰਮਾਤਮਾ ਨਾਲ ਜਾਣ-ਪਛਾਣ ਪਾ ਲਈ ਹੈ। (ਵਿਕਾਰਾਂ ਵਿਚ ਸੁੱਤੇ ਹੋਏ) ਜਿਸ ਮਨੁੱਖ ਨੂੰ ਪ੍ਰਭੂ ਆਪ ਜਗਾ ਕੇ ਇਹ ਨਾਮ-ਅੰਮ੍ਰਿਤ ਪਿਲਾਂਦਾ ਹੈ, ਉਸ ਮਨੁੱਖ ਨੇ ਅਕੱਥ ਪ੍ਰਭੂ ਦੀਆਂ ਗੱਲਾਂ (ਬੇਅੰਤ ਗੁਣਾਂ ਵਾਲੇ ਪ੍ਰਭੂ ਦੀ ਸਿਫ਼ਤਿ-ਸਾਲਾਹ) ਕਰਨ ਦੀ ਜਾਚ ਸਿੱਖ ਲਈ ਹੈ।2। (ਹੇ ਭਾਈ!) ਜਿਸ ਕੰਮ ਵਾਸਤੇ (ਇੱਥੇ) ਆਏ ਹੋ, ਉਸ ਦਾ ਵਣਜ ਕਰੋ। ਉਹ ਹਰਿ-ਨਾਮ ਗੁਰੂ ਦੀ ਰਾਹੀਂ (ਹੀ) ਮਨ ਵਿਚ ਵੱਸ ਸਕਦਾ ਹੈ। (ਜੇ ਗੁਰੂ ਦੀ ਸਰਨ ਪਵੋਗੇ, ਤਾਂ) ਆਤਮਕ ਆਨੰਦ ਅਤੇ ਅਡੋਲਤਾ ਵਿਚ ਟਿਕ ਕੇ ਆਪਣੇ ਅੰਦਰ ਹੀ ਪਰਮਾਤਮਾ ਦਾ ਟਿਕਾਣਾ ਲੱਭ ਲਵੋਗੇ। ਫਿਰ ਮੁੜ ਜਨਮ ਮਰਨ ਦਾ ਗੇੜ ਨਹੀਂ ਹੋਵੇਗਾ।3। ਹੇ ਹਰੇਕ ਦੇ ਦਿਲ ਦੀ ਜਾਣਨ ਵਾਲੇ ਸਰਬ-ਵਿਆਪਕ ਸਿਰਜਨਹਾਰ! ਮੇਰੇ ਮਨ ਦੀ ਇੱਛਾ ਪੂਰੀ ਕਰ। ਦਾਸ ਨਾਨਕ ਤੈਥੋਂ ਇਹੀ ਸੁਖ ਮੰਗਦਾ ਹੈ ਕਿ ਮੈਨੂੰ ਸੰਤਾਂ ਦੇ ਚਰਨਾਂ ਦੀ ਧੂੜ ਬਣਾ ਦੇਹ।4।5। ਨੋਟ: ਅਖ਼ੀਰਲੇ ਅੰਕ 5 ਦਾ ਭਾਵ ਇਹ ਹੈ ਕਿ ਇਸ ਸੰਗ੍ਰਹਿ (ਸੋਹਿਲੇ) ਦਾ ਇਹ ਪੰਜਵਾਂ ਸ਼ਬਦ ਹੈ। ਪਾਠਕ ਸੱਜਣ ਧਿਆਨ ਰੱਖਣ ਕਿ ਇਸ ਸੰਗ੍ਰਹਿ ਦਾ ਨਾਮ 'ਸੋਹਿਲਾ' ਹੈ,'ਕੀਰਤਨ ਸੋਹਿਲਾ' ਨਹੀਂ। |
Sri Guru Granth Darpan, by Professor Sahib Singh |