ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 14

ੴਸਤਿਗੁਰ ਪ੍ਰਸਾਦਿ ॥ ਰਾਗੁ ਸਿਰੀ ਰਾਗੁ ਮਹਲਾ ਪਹਿਲਾ 1 ਘਰੁ 1

ਨੋਟ: 'ਮਹਲਾ 1' ਦੇ ਅੰਕ ਤੋਂ ਪਹਿਲਾਂ ਲਫ਼ਜ਼ 'ਪਹਿਲਾ' ਤੋਂ ਸਾਫ਼ ਪ੍ਰਤੱਖ ਹੈ ਕਿ ਅੰਕ 1 ਨੂੰ ਪੜ੍ਹਨਾ ਹੈ 'ਪਹਿਲਾ'। ਇਸੇ ਤਰ੍ਹਾਂ 'ਘਰੁ 1' ਦੇ ਅੰਕ 1 ਨੂੰ ਭੀ ਪੜ੍ਹਨਾ ਹੈ 'ਪਹਿਲਾ'। ਵੇਖੋ, ਪੰਨਾ 23 ਉਤੇ ਸ਼ਬਦ ਨੰ: 25 ਦਾ ਸਿਰਲੇਖ 'ਸਿਰੀਰਾਗੁ ਮਹਲਾ 1 ਘਰੁ ਦੂਜਾ 2। ਇਥੇ 'ਘਰੁ 2' ਦੇ ਅੰਕ ਨੂੰ ਲਿਖਿਆ ਹੈ 'ਦੂਜਾ'। ਵੇਖੋ, ਪੰਨਾ 163, ਸਿਰਲੇਖ ਗਉੜੀ 'ਗੁਆਰੇਰੀ ਮਹਲਾ 4 ਚਉਥਾ', ਇਥੇ 'ਮਹਲਾ 4' ਦੇ ਅੰਕ ਨੂੰ ਲਿਖਿਆ ਹੈ 'ਚਉਥਾ'। ਇਸੇ ਤਰ੍ਹਾਂ ਹੋਰ ਵਧੀਕ ਤਸੱਲੀ ਵਾਸਤੇ ਪਾਠਕ ਸੱਜਣ 1430 ਪੰਨੇ ਵਾਲੀ ਬੀੜ ਦੇ ਪੰਨਾ ਨੰ: 492, 524, 582, 605, 636, 661, 664 ਅਤੇ 1169 ਉੱਤੇ ਵੇਖ ਲੈਣ।

ੴ ਸਤਿਗੁਰ ਪ੍ਰਸਾਦਿ ॥

ਰਾਗੁ ਸਿਰੀਰਾਗੁ ਮਹਲਾ ਪਹਿਲਾ ੧ ਘਰੁ ੧ ॥ ਮੋਤੀ ਤ ਮੰਦਰ ਊਸਰਹਿ ਰਤਨੀ ਤ ਹੋਹਿ ਜੜਾਉ ॥ ਕਸਤੂਰਿ ਕੁੰਗੂ ਅਗਰਿ ਚੰਦਨਿ ਲੀਪਿ ਆਵੈ ਚਾਉ ॥ ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ ॥੧॥ ਹਰਿ ਬਿਨੁ ਜੀਉ ਜਲਿ ਬਲਿ ਜਾਉ ॥ ਮੈ ਆਪਣਾ ਗੁਰੁ ਪੂਛਿ ਦੇਖਿਆ ਅਵਰੁ ਨਾਹੀ ਥਾਉ ॥੧॥ ਰਹਾਉ ॥ ਧਰਤੀ ਤ ਹੀਰੇ ਲਾਲ ਜੜਤੀ ਪਲਘਿ ਲਾਲ ਜੜਾਉ ॥ ਮੋਹਣੀ ਮੁਖਿ ਮਣੀ ਸੋਹੈ ਕਰੇ ਰੰਗਿ ਪਸਾਉ ॥ ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ ॥੨॥ ਸਿਧੁ ਹੋਵਾ ਸਿਧਿ ਲਾਈ ਰਿਧਿ ਆਖਾ ਆਉ ॥ ਗੁਪਤੁ ਪਰਗਟੁ ਹੋਇ ਬੈਸਾ ਲੋਕੁ ਰਾਖੈ ਭਾਉ ॥ ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ ॥੩॥ ਸੁਲਤਾਨੁ ਹੋਵਾ ਮੇਲਿ ਲਸਕਰ ਤਖਤਿ ਰਾਖਾ ਪਾਉ ॥ ਹੁਕਮੁ ਹਾਸਲੁ ਕਰੀ ਬੈਠਾ ਨਾਨਕਾ ਸਭ ਵਾਉ ॥ ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ ॥੪॥੧॥ {ਪੰਨਾ 14}

ਪਦ ਅਰਥ: ਤ = ਜੇ। ਊਸਰਹਿ = ਉਸਰ ਪੈਣ, ਬਣ ਜਾਣ। ਕੁੰਗੂ = ਕੇਸਰ। ਅਗਰਿ = ਅਗਰ ਨਾਲ, ਊਦ ਦੀ ਸੁਗੰਧ-ਭਰੀ ਲੱਕੜੀ ਨਾਲ। ਚੰਦਨਿ = ਚੰਦਨ ਨਾਲ। ਲੀਪਿ = ਲਿਪਾਈ ਕਰ ਕੇ। ਦੇਖਿ = ਵੇਖ ਕੇ। ਚਿਤਿ = ਚਿੱਤ ਵਿਚ।1।

ਪਲਘਿ = ਪਲੰਘ ਉਤੇ। ਮੋਹਣੀ = ਸੁੰਦਰ ਇਸਤ੍ਰੀ। ਮੁਖਿ = ਮੂੰਹ ਉੱਤੇ। ਰੰਗਿ = ਪਿਆਰ ਨਾਲ। ਪਸਾਓ = ਪਸਾਰਾ, ਖੇਡ। ਰੰਗਿ ਪਸਾਉ = ਪਿਆਰ-ਭਰੀ ਖੇਡ, ਹਾਵ-ਭਾਵ।2।

ਸਿਧੁ = ਜੋਗ-ਸਾਧਨਾਂ ਵਿਚ ਪੁੱਗਾ ਹੋਇਆ ਜੋਗੀ। ਸਿਧਿ = ਜੋਗ-ਸਮਾਧੀ ਵਿਚ ਕਾਮਯਾਬੀ। ਲਾਈ = ਲਾਈਂ, ਮੈਂ ਲਾਵਾਂ। ਰਿਧਿ = ਜੋਗ ਤੋਂ ਪ੍ਰਾਪਤ ਹੋਈਆਂ ਬਰਕਤਾਂ। ਬੈਸਾ = ਬੈਸਾਂ, ਮੈਂ ਬੈਠਾਂ। ਭਾਉ = ਆਦਰ, ਸਤਕਾਰ।3।

ਮੇਲਿ = ਇਕੱਠਾ ਕਰ ਕੇ। ਲਸਕਰ = ਫ਼ੌਜਾਂ। ਤਖਤਿ = ਤਖ਼ਤ ਉੱਤੇ। ਹਾਸਲੁ ਕਰੀ = ਮੈਂ ਹਾਸਲ ਕਰਾਂ, ਮੈਂ ਚਲਾਵਾਂ। ਵਾਉ = ਹਵਾ ਸਮਾਨ, ਵਿਅਰਥ। ਕਰੀ = ਕਰੀਂ, ਮੈਂ ਕਰਾਂ।4।

ਅਰਥ: ਜੇ (ਮੇਰੇ ਵਾਸਤੇ) ਮੋਤੀਆਂ ਦੇ ਮਹਲ-ਮਾੜੀਆਂ ਉਸਰ ਪੈਣ, ਜੇ (ਉਹ ਮਹਲ-ਮਾੜੀਆਂ) ਰਤਨਾਂ ਨਾਲ ਜੜਾਊ ਹੋ ਜਾਣ, ਜੇ (ਉਹਨਾਂ ਮਹਲ-ਮਾੜੀਆਂ ਨੂੰ) ਕਸਤੂਰੀ ਕੇਸਰ ਊਦ ਤੇ ਚੰਦਨ ਨਾਲ ਲਿਪਾਈ ਕਰ ਕੇ (ਮੇਰੇ ਅੰਦਰ) ਚਾਉ ਚੜ੍ਹੇ, (ਤਾਂ ਭੀ ਇਹ ਸਭ ਕੁਝ ਵਿਅਰਥ ਹੈ, ਮੈਨੂੰ ਖ਼ਤਰਾ ਹੈ ਕਿ ਇਹਨਾਂ ਮਹਲ-ਮਾੜੀਆਂ) ਨੂੰ ਵੇਖ ਕੇ ਮੈਂ ਕਿਤੇ (ਹੇ ਪ੍ਰਭੂ!) ਤੈਨੂੰ ਭੁਲਾ ਨਾਹ ਬੈਠਾਂ, ਕਿਤੇ ਤੂੰ ਮੈਨੂੰ ਵਿੱਸਰ ਨਾਹ ਜਾਏਂ, ਕਿਤੇ ਤੇਰਾ ਨਾਮ ਮੇਰੇ ਚਿੱਤ ਵਿਚ ਟਿਕੇ ਹੀ ਨਾਹ।1।

ਮੈਂ ਆਪਣੇ ਗੁਰੂ ਨੂੰ ਪੁੱਛ ਕੇ ਵੇਖ ਲਿਆ ਹੈ (ਮੈ ਆਪਣੇ ਗੁਰੂ ਨੂੰ ਪੁੱਛਿਆ ਹੈ ਤੇ ਮੈਨੂੰ ਯਕੀਨ ਭੀ ਆ ਗਿਆ ਹੈ) ਕਿ ਪ੍ਰਭੂ ਤੋਂ ਵਿੱਛੁੜ ਕੇ ਜਿੰਦ ਸੜ-ਬਲ ਜਾਂਦੀ ਹੈ (ਤੇ ਪ੍ਰਭੂ ਦੀ ਯਾਦ ਤੋਂ ਬਿਨਾ) ਹੋਰ ਕੋਈ ਥਾਂ (ਭੀ) ਨਹੀਂ ਹੈ (ਜਿਥੇ ਉਹ ਸਾੜ ਮੁੱਕ ਸਕੇ) ।1। ਰਹਾਉ।

ਜੇ (ਮੇਰੇ ਰਹਣ ਵਾਸਤੇ) ਧਰਤੀ ਹੀਰੇ ਲਾਲਾਂ ਨਾਲ ਜੜੀ ਜਾਏ, ਜੇ (ਮੇਰੇ ਸੌਣ ਵਾਲੇ) ਪਲੰਘ ਉੱਤੇ ਲਾਲ ਜੜੇ ਜਾਣ, ਜੇ (ਮੇਰੇ ਸਾਹਮਣੇ) ਉਹ ਸੁੰਦਰ ਇਸਤ੍ਰੀ ਹਾਵ-ਭਾਵ ਕਰੇ ਜਿਸ ਦੇ ਮੱਥੇ ਉਤੇ ਮਣੀ ਸੋਭ ਰਹੀ ਹੋਵੇ, (ਤਾਂ ਭੀ ਇਹ ਸਭ ਕੁਝ ਵਿਅਰਥ ਹੈ, ਮੈਨੂੰ ਖ਼ਤਰਾ ਹੈ ਕਿ ਅਜਿਹੇ ਸੁੰਦਰ ਥਾਂ ਤੇ ਅਜਿਹੀ ਸੁੰਦਰੀ ਨੂੰ) ਵੇਖ ਕੇ ਮੈਂ ਕਿਤੇ (ਹੇ ਪ੍ਰਭੂ!) ਤੈਨੂੰ ਭੁਲਾ ਨਾਹ ਬੈਠਾਂ, ਕਿਤੇ ਤੂੰ ਮੈਨੂੰ ਵਿੱਸਰ ਨਾਹ ਜਾਏਂ, ਕਿਤੇ ਤੇਰਾ ਨਾਮ ਮੇਰੇ ਚਿੱਤ ਵਿਚ ਟਿਕੇ ਹੀ ਨਾਹ।2।

ਜੇ ਮੈਂ ਪੁੱਗਾ ਹੋਇਆ ਜੋਗੀ ਬਣ ਜਾਵਾਂ, ਜੇ ਮੈਂ ਜੋਗ-ਸਮਾਧੀ ਦੀਆਂ ਕਾਮਯਾਬੀਆਂ ਹਾਸਲ ਕਰ ਲਵਾਂ, ਜੇ ਮੈਂ ਜੋਗ ਤੋਂ ਪ੍ਰਾਪਤ ਹੋ ਸਕਣ ਵਾਲੀਆਂ ਬਰਕਤਾਂ ਨੂੰ ਵਾਜ ਮਾਰਾਂ ਤੇ ਉਹ (ਮੇਰੇ ਪਾਸ) ਆ ਜਾਣ, ਜੇ (ਜੋਗ ਦੀ ਤਾਕਤ ਨਾਲ) ਮੈਂ ਕਦੇ ਲੁਕ ਸਕਾਂ ਤੇ ਕਦੇ ਪਰਤੱਖ ਹੋ ਕੇ ਬੈਠ ਜਾਵਾਂ, ਜੇ (ਸਾਰਾ) ਜਗਤ ਮੇਰਾ ਆਦਰ ਕਰੇ, (ਤਾਂ ਭੀ ਇਹ ਸਭ ਕੁਝ ਵਿਅਰਥ ਹੈ, ਮੈਨੂੰ ਖ਼ਤਰਾ ਹੈ ਕਿ ਇਹਨਾਂ ਰਿੱਧੀਆਂ ਸਿੱਧੀਆਂ ਨੂੰ) ਵੇਖ ਕੇ ਮੈਂ ਕਿਤੇ (ਹੇ ਪ੍ਰਭੂ!) ਤੈਨੂੰ ਭੁਲਾ ਨਾਹ ਬੈਠਾਂ, ਕਿਤੇ ਤੂੰ ਮੈਨੂੰ ਵਿੱਸਰ ਨਾਹ ਜਾਏਂ, ਕਿਤੇ ਤੇਰਾ ਨਾਮ ਮੇਰੇ ਚਿੱਤ ਵਿਚ ਟਿਕੇ ਹੀ ਨਾਹ।3।

ਜੇ ਮੈਂ ਫ਼ੌਜਾਂ ਇਕੱਠੀਆਂ ਕਰ ਕੇ ਬਾਦਸ਼ਾਹ ਬਣ ਜਾਵਾਂ, ਜੇ ਮੈਂ (ਤਖ਼ਤ ਉੱਤੇ) ਬੈਠਾ (ਬਾਦਸ਼ਾਹੀ ਦਾ) ਹੁਕਮ ਚਲਾ ਸਕਾਂ, ਤਾਂ ਭੀ, ਹੇ ਨਾਨਕ! (ਇਹ) ਸਭ ਕੁਝ ਵਿਅਰਥ ਹੈ (ਮੈਨੂੰ ਖ਼ਤਰਾ ਹੈ ਕਿ ਇਹ ਰਾਜ-ਭਾਗ) ਵੇਖ ਕੇ ਮੈਂ ਕਿਤੇ (ਹੇ ਪ੍ਰਭੂ!) ਤੈਨੂੰ ਭੁਲਾ ਨਾਹ ਬੈਠਾਂ, ਕਿਤੇ ਤੂੰ ਮੈਨੂੰ ਵਿੱਸਰ ਨਾਹ ਜਾਏਂ, ਕਿਤੇ ਤੇਰਾ ਨਾਮ ਮੇਰੇ ਚਿੱਤ ਵਿਚ ਟਿਕੇ ਹੀ ਨਾਹ।4।1।

ਨੋਟ: ਇਸ ਸ਼ਬਦ ਦੇ 4 ਬੰਦ ਹਨ। ਅਖ਼ੀਰਲੇ ਅੰਕ ਨੰ: 1 ਦਾ ਭਾਵ ਇਹ ਹੈ ਕਿ ਇਥੇ ਪਹਿਲਾ ਸ਼ਬਦ ਸਮਾਪਤ ਹੋਇਆ ਹੈ।

ਭਾਵ: ਪ੍ਰਭੂ ਦੀ ਯਾਦ ਭੁਲਾ ਕੇ ਜਿੰਦ ਸੜ-ਬਲ ਜਾਂਦੀ ਹੈ। ਜੋਗ ਦੀਆਂ ਰਿੱਧੀਆਂ ਸਿੱਧੀਆਂ, ਤੇ ਬਾਦਸ਼ਾਹੀ ਪ੍ਰਭੂ ਦੇ ਵਿਛੋੜੇ ਤੋਂ ਪੈਦਾ ਹੋਏ ਉਸ ਸਾੜ ਨੂੰ ਸ਼ਾਂਤ ਨਹੀਂ ਕਰ ਸਕਦੇ। ਇਹ ਤਾਂ ਸਗੋਂ ਪਰਮਾਤਮਾ ਨਾਲੋਂ ਵਿੱਥ ਵਧਾ ਕੇ ਸਾੜ ਪੈਦਾ ਕਰਦੇ ਹਨ।

ਸਿਰੀਰਾਗੁ ਮਹਲਾ ੧ ॥ ਕੋਟਿ ਕੋਟੀ ਮੇਰੀ ਆਰਜਾ ਪਵਣੁ ਪੀਅਣੁ ਅਪਿਆਉ ॥ ਚੰਦੁ ਸੂਰਜੁ ਦੁਇ ਗੁਫੈ ਨ ਦੇਖਾ ਸੁਪਨੈ ਸਉਣ ਨ ਥਾਉ ॥ ਭੀ ਤੇਰੀ ਕੀਮਤਿ ਨਾ ਪਵੈ ਹਉ ਕੇਵਡੁ ਆਖਾ ਨਾਉ ॥੧॥ ਸਾਚਾ ਨਿਰੰਕਾਰੁ ਨਿਜ ਥਾਇ ॥ ਸੁਣਿ ਸੁਣਿ ਆਖਣੁ ਆਖਣਾ ਜੇ ਭਾਵੈ ਕਰੇ ਤਮਾਇ ॥੧॥ ਰਹਾਉ ॥ ਕੁਸਾ ਕਟੀਆ ਵਾਰ ਵਾਰ ਪੀਸਣਿ ਪੀਸਾ ਪਾਇ ॥ ਅਗੀ ਸੇਤੀ ਜਾਲੀਆ ਭਸਮ ਸੇਤੀ ਰਲਿ ਜਾਉ ॥ ਭੀ ਤੇਰੀ ਕੀਮਤਿ ਨਾ ਪਵੈ ਹਉ ਕੇਵਡੁ ਆਖਾ ਨਾਉ ॥੨॥ ਪੰਖੀ ਹੋਇ ਕੈ ਜੇ ਭਵਾ ਸੈ ਅਸਮਾਨੀ ਜਾਉ ॥ ਨਦਰੀ ਕਿਸੈ ਨ ਆਵਊ ਨਾ ਕਿਛੁ ਪੀਆ ਨ ਖਾਉ ॥ ਭੀ ਤੇਰੀ ਕੀਮਤਿ ਨਾ ਪਵੈ ਹਉ ਕੇਵਡੁ ਆਖਾ ਨਾਉ ॥੩॥ ਨਾਨਕ ਕਾਗਦ ਲਖ ਮਣਾ ਪੜਿ ਪੜਿ ਕੀਚੈ ਭਾਉ ॥ ਮਸੂ ਤੋਟਿ ਨ ਆਵਈ ਲੇਖਣਿ ਪਉਣੁ ਚਲਾਉ ॥ ਭੀ ਤੇਰੀ ਕੀਮਤਿ ਨਾ ਪਵੈ ਹਉ ਕੇਵਡੁ ਆਖਾ ਨਾਉ ॥੪॥੨॥ {ਪੰਨਾ 14}

ਪਦ ਅਰਥ: ਕੋਟੀ = ਕੋਟਿ। ਕੋਟੀ ਕੋਟਿ = ਕੋਟਿ ਕੋਟਿ, ਕ੍ਰੋੜਾਂ ਹੀ (ਸਾਲ) । ਆਰਜਾ = ਉਮਰ। ਪੀਅਣੁ = ਪੀਣਾ। ਅਪਿਆਉ = ਖਾਣਾ, ਭੋਜਨ। ਗੁਫੈ = ਗੁਫਾ ਵਿਚ (ਰਹਿ ਕੇ) । ਸਉਣ ਥਾਉ = ਸੌਣ ਦਾ ਥਾਂ। ਭੀ = ਫਿਰ ਭੀ। ਹਉ = ਮੈਂ। ਕੇਵਡੁ = ਕਿਤਨਾ ਵੱਡਾ। ਨਾਉ = ਨਾਮਣਾ, ਵਡਿਆਈ।6।

ਥਾਇ = ਥਾਂ ਵਿਚ, ਸਰੂਪ ਵਿਚ। ਨਿਜ ਥਾਇ = ਆਪਣੇ ਸਰੂਪ ਵਿਚ, ਆਪਣੇ ਆਪ ਵਿਚ। ਸੁਣਿ ਸੁਣਿ = ਮੁੜ ਮੁੜ ਸੁਣ ਕੇ। ਆਖਣੁ = ਬਿਆਨ। ਜੇ ਭਾਵੈ = ਜੇ ਪ੍ਰਭੂ ਨੂੰ ਚੰਗਾ ਲੱਗੇ। ਤਮਾਇ = ਖਿੱਚ, ਤਾਂਘ (ਜੀਵ ਦੇ ਅੰਦਰ ਸਿਫ਼ਤਿ-ਸਾਲਾਹ ਕਰਨ ਦੀ) ਤਾਂਘ। ਕਰੇ = ਪੈਦਾ ਕਰ ਦੇਂਦਾ ਹੈ।1। ਰਹਾਉ।

ਕੁਸਾ = ਕੁੱਸਾਂ, ਜੇ ਮੈਂ (ਆਪਣੇ ਆਪ ਨੂੰ) ਕੁਹ ਸੁੱਟਾਂ। ਕਟੀਆ = ਜੇ ਮੈਂ (ਆਪਣੇ ਆਪ ਨੂੰ ਰਤਾ ਰਤਾ) ਕਟਾ ਦਿਆਂ। ਵਾਰ ਵਾਰ = ਮੁੜ ਮੁੜ। ਪੀਸਣਿ = ਚੱਕੀ ਵਿਚ। ਪਾਇ = ਪਾ ਕੇ। ਸੇਤੀ = ਨਾਲ। ਜਾਲੀਆ = ਜਾਲੀਆਂ, ਜੇ ਮੈਂ ਸਾੜ ਦਿਆਂ।2।

ਸੈ = ਸੈਂਕੜੇ। ਨਦਰੀ ਨ ਆਵਊ = ਮੈਂ ਨਾਹ ਦਿੱਸਾਂ।3।

ਕਾਗਦ = ਕਾਗ਼ਜ਼। ਕੀਚੈ = ਕੀਤਾ ਜਾਏ। ਭਾਉ = ਅਰਥ। ਮਸੂ = (ਲਫ਼ਜ਼ 'ਮਸੁ' ਤੋਂ ਸੰਬੰਧ ਕਾਰਕ) ਮੱਸੁ ਦੀ, ਸਿਆਹੀ ਦੀ। ਨ ਆਵਈ = ਨ ਆਵੈ। ਲੇਖਣਿ = ਕਲਮ। ਪਵਣੁ = ਹਵਾ। ਚਲਾਉ = ਚਲਾਵਾਂ, ਮੈਂ ਚਲਾਵਾਂ।4।

ਅਰਥ: ਜੇ ਮੇਰੀ ਉਮਰ ਕ੍ਰੋੜਾਂ ਹੀ ਸਾਲ ਹੋ ਜਾਏ, ਜੇ ਹਵਾ ਮੇਰਾ ਖਾਣਾ-ਪੀਣਾ ਹੋਵੇ (ਜੇ ਮੈਂ ਹਵਾ ਦੇ ਆਸਰੇ ਹੀ ਜੀਊ ਸਕਾਂ) , ਜੇ (ਕਿਸੇ) ਗੁਫਾ ਵਿਚ (ਬੈਠਾ ਰਹਿ ਕੇ) ਚੰਦ ਅਤੇ ਸੂਰਜ ਦੋਹਾਂ ਨੂੰ ਕਦੇ ਨਾ ਵੇਖਾਂ (ਭਾਵ, ਕਿ ਦਿਨ-ਰਾਤ ਮੈਂ ਗੁਫਾ ਵਿਚ ਬੈਠ ਕੇ ਸਮਾਧੀ ਲਾਈ ਰੱਖਾਂ) , ਜੇ ਸੁਫਨੇ ਵਿਚ ਭੀ ਸੌਣ ਦੀ ਥਾਂ ਨ ਮਿਲੇ (ਜੇ ਕਦੇ ਭੀ ਨਾਹ ਸੌਂ ਸਕਾਂ) ਤਾਂ ਭੀ (ਹੇ ਪ੍ਰਭੂ! ਇਤਨੀਆਂ ਲੰਮੀਆਂ ਸਮਾਧੀਆਂ ਲਾ ਕੇ ਭੀ) ਮੈਥੋਂ ਤੇਰਾ ਮੁੱਲ ਨਹੀਂ ਪੈ ਸਕਦਾ (ਤੇਰੇ ਬਰਾਬਰ ਦਾ ਮੈਂ ਕਿਸੇ ਹੋਰ ਨੂੰ ਲੱਭ ਨਹੀਂ ਸਕਦਾ) , ਮੈਂ ਤੇਰੀ ਕਿਤਨੀ ਕੁ ਵਡਿਆਈ ਦੱਸਾਂ? (ਮੈਂ ਤੇਰੀ ਵਡਿਆਈ ਦੱਸਣ ਜੋਗਾ ਨਹੀਂ ਹਾਂ) ।1।

ਸਦਾ ਕਾਇਮ ਰਹਿਣ ਵਾਲਾ ਨਿਰ-ਆਕਾਰ ਪਰਮਾਤਮਾ ਆਪਣੇ ਆਪ ਵਿਚ ਟਿਕਿਆ ਹੋਇਆ ਹੈ (ਉਸ ਨੂੰ ਕਿਸੇ ਹੋਰ ਦੇ ਆਸਰੇ ਦੀ ਮੁਥਾਜੀ ਨਹੀਂ ਹੈ) ਅਸੀਂ ਜੀਵ ਇਕ ਦੂਜੇ ਤੋਂ ਸੁਣ ਸੁਣ ਕੇ ਹੀ (ਉਸ ਦੀ ਬਜ਼ੁਰਗੀ ਦਾ) ਬਿਆਨ ਕਰ ਦੇਂਦੇ ਹਾਂ। (ਪਰ ਇਹ ਕੋਈ ਨਹੀਂ ਦੱਸ ਸਕਦਾ ਕਿ ਉਹ ਕਿਤਨਾ ਕੁ ਵੱਡਾ ਹੈ) । ਜੇ ਪ੍ਰਭੂ ਨੂੰ ਚੰਗਾ ਲੱਗੇ ਤਾਂ (ਜੀਵ ਦੇ ਅੰਦਰ ਆਪਣੀ ਸਿਫ਼ਤਿ-ਸਾਲਾਹ ਦੀ) ਤਾਂਘ ਪੈਦਾ ਕਰ ਦੇਂਦਾ ਹੈ।1। ਰਹਾਉ।

ਜੇ (ਤਪਾਂ ਦੇ ਕਸ਼ਟ ਦੇ ਦੇ ਕੇ ਆਪਣੇ ਸਰੀਰ ਨੂੰ) ਮੈਂ ਕੁਹ ਸੁੱਟਾਂ, ਮੁੜ ਮੁੜ ਰਤਾ ਰਤਾ ਕਟਾ ਦਿਆਂ, ਚੱਕੀ ਵਿਚ ਪਾ ਕੇ ਪੀਹ ਦਿਆਂ, ਅੱਗ ਨਾਲ ਸਾੜ ਸੁੱਟਾਂ, ਤੇ (ਆਪਣੇ ਆਪ ਨੂੰ) ਸੁਆਹ ਨਾਲ ਰਲਾ ਦਿਆਂ (ਇਤਨੇ ਤਪ ਸਾਧ ਕੇ ਭੀ, ਹੇ ਪ੍ਰਭੂ!) ਤੇਰੇ ਬਰਾਬਰ ਦਾ ਹੋਰ ਕਿਸੇ ਨੂੰ ਲੱਭ ਨਹੀਂ ਸਕਦਾ, ਮੈਂ ਤੇਰੀ ਵਡਿਆਈ ਦੱਸਣ ਜੋਗਾ ਨਹੀਂ ਹਾਂ।2।

ਜੇ ਮੈਂ ਪੰਛੀ ਬਣ ਕੇ ਉੱਡ ਸਕਾਂ ਤੇ ਸੈਂਕੜੇ ਅਸਮਾਨਾਂ ਤਕ ਪਹੁੰਚ ਸਕਾਂ, ਜੇ (ਉੱਡ ਕੇ ਇਤਨਾ ਉੱਚਾ ਚਲਾ ਜਾਵਾਂ ਕਿ) ਮੈਂ ਕਿਸੇ ਨੂੰ ਦਿੱਸ ਨਾ ਸਕਾਂ, ਖਾਵਾਂ ਪੀਵਾਂ ਭੀ ਕੁਝ ਨਾ, (ਇਤਨੀ ਪਹੁੰਚ ਰੱਖਦਾ ਹੋਇਆ) ਭੀ (ਹੇ ਪ੍ਰਭੂ!) ਮੈਂ ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਲੱਭ ਸਕਦਾ, ਮੈਂ ਤੇਰੀ ਵਡਿਆਈ ਦੱਸਣ ਜੋਗਾ ਨਹੀਂ ਹਾਂ।3।

ਹੇ ਨਾਨਕ! (ਆਖ– ਹੇ ਪ੍ਰਭੂ! ਜੇ ਮੇਰੇ ਪਾਸ ਤੇਰੀ ਵਡਿਆਈ ਨਾਲ ਭਰੇ ਹੋਏ) ਲੱਖਾਂ ਮਣਾਂ ਕਾਗ਼ਜ਼ ਹੋਣ ਉਹਨਾਂ ਨੂੰ ਮੁੜ ਮੁੜ ਪੜ੍ਹ ਕੇ ਵਿਚਾਰ (ਭੀ) ਕੀਤੀ ਜਾਵੇ, ਜੇ (ਤੇਰੀ ਵਡਿਆਈ ਲਿਖਣ ਵਾਸਤੇ) ਮੈਂ ਹਵਾ ਨੂੰ ਕਲਮ ਬਣਾ ਲਵਾਂ (ਲਿਖਦਿਆਂ ਲਿਖਦਿਆਂ) ਸਿਆਹੀ ਦੀ ਭੀ ਕਦੇ ਤੋਟ ਨਾਹ ਆਵੇ, ਤਾਂ ਭੀ (ਹੇ ਪ੍ਰਭੂ!) ਮੈਂ ਤੇਰਾ ਮੁੱਲ ਨਹੀਂ ਪਾ ਸਕਦਾ, ਮੈਂ ਤੇਰੀ ਵਡਿਆਈ ਦੱਸਣ ਜੋਗਾ ਨਹੀਂ ਹਾਂ।4।2।

ਨੋਟ: ਅਖ਼ੀਰਲੇ ਅੰਕ ਨੰ: 2 ਦਾ ਭਾਵ ਇਹ ਹੈ ਕਿ ਦੂਜਾ ਸ਼ਬਦ ਮੁੱਕਾ ਹੈ।

ਭਾਵ: ਜੇ ਕ੍ਰੋੜਾਂ ਸਾਲ ਅਤੁੱਟ ਸਮਾਧੀ ਲਾ ਕੇ ਤੇ ਬੜੇ ਬੜੇ ਤਪ ਸਹਾਰ ਸਹਾਰ ਕੇ ਦਿੱਬ ਦ੍ਰਿਸ਼ਟੀ ਹਾਸਲ ਕਰ ਲਈਏ, ਜੇ ਉੱਡਣ ਦੀ ਸਮਰੱਥਾ ਪ੍ਰਾਪਤ ਕਰ ਕੇ ਪਰਮਾਤਮਾ ਦੀ ਰਚੀ ਰਚਨਾ ਦਾ ਅਖ਼ੀਰਲਾ ਬੰਨਾ ਲੱਭਣ ਲਈ ਸੈਂਕੜੇ ਅਸਮਾਨਾਂ ਤਕ ਹੋ ਆਵੀਏ, ਜੇ ਅਮੁੱਕ ਸਿਆਹੀ ਨਾਲ ਲੱਖਾਂ ਮਣਾਂ ਕਾਗ਼ਜ਼ਾਂ ਉੱਤੇ ਪ੍ਰਭੂ ਦੀ ਵਡਿਆਈ ਦਾ ਲੇਖ ਇਕ-ਸਾਰ ਲਿਖਦੇ ਜਾਈਏ; ਤਾਂ ਭੀ ਕੋਈ ਜੀਵ ਉਸ ਦੀ ਵਡਿਆਈ ਦਾ ਅੰਤ ਪਾਣ ਜੋਗਾ ਨਹੀਂ ਹੈ। ਉਹ ਨਿਰਾਕਾਰ ਪ੍ਰਭੂ ਆਪਣੇ ਸਹਾਰੇ ਆਪ ਕਾਇਮ ਹੈ, ਉਸ ਨੂੰ ਸਹਾਰਾ ਦੇਣ ਜੋਗਾ ਕੋਈ ਉਸ ਦਾ ਸ਼ਰੀਕ ਨਹੀਂ ਹੈ। ਜਿਸ ਉਤੇ ਮੇਹਰ ਕਰੇ ਉਸ ਨੂੰ ਆਪਣੀ ਸਿਫ਼ਤਿ-ਸਾਲਾਹ ਦੀ ਦਾਤਿ ਬਖ਼ਸ਼ਦਾ ਹੈ।2।

TOP OF PAGE

Sri Guru Granth Darpan, by Professor Sahib Singh