ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 16 ਸਿਰੀਰਾਗੁ ਮਹਲੁ ੧ ॥ ਜਾਲਿ ਮੋਹੁ ਘਸਿ ਮਸੁ ਕਰਿ ਮਤਿ ਕਾਗਦੁ ਕਰਿ ਸਾਰੁ ॥ ਭਾਉ ਕਲਮ ਕਰਿ ਚਿਤੁ ਲੇਖਾਰੀ ਗੁਰ ਪੁਛਿ ਲਿਖੁ ਬੀਚਾਰੁ ॥ ਲਿਖੁ ਨਾਮੁ ਸਾਲਾਹ ਲਿਖੁ ਲਿਖੁ ਅੰਤੁ ਨ ਪਾਰਾਵਾਰੁ ॥੧॥ ਬਾਬਾ ਏਹੁ ਲੇਖਾ ਲਿਖਿ ਜਾਣੁ ॥ ਜਿਥੈ ਲੇਖਾ ਮੰਗੀਐ ਤਿਥੈ ਹੋਇ ਸਚਾ ਨੀਸਾਣੁ ॥੧॥ ਰਹਾਉ ॥ ਜਿਥੈ ਮਿਲਹਿ ਵਡਿਆਈਆ ਸਦ ਖੁਸੀਆ ਸਦ ਚਾਉ ॥ ਤਿਨ ਮੁਖਿ ਟਿਕੇ ਨਿਕਲਹਿ ਜਿਨ ਮਨਿ ਸਚਾ ਨਾਉ ॥ ਕਰਮਿ ਮਿਲੈ ਤਾ ਪਾਈਐ ਨਾਹੀ ਗਲੀ ਵਾਉ ਦੁਆਉ ॥੨॥ ਇਕਿ ਆਵਹਿ ਇਕਿ ਜਾਹਿ ਉਠਿ ਰਖੀਅਹਿ ਨਾਵ ਸਲਾਰ ॥ ਇਕਿ ਉਪਾਏ ਮੰਗਤੇ ਇਕਨਾ ਵਡੇ ਦਰਵਾਰ ॥ ਅਗੈ ਗਇਆ ਜਾਣੀਐ ਵਿਣੁ ਨਾਵੈ ਵੇਕਾਰ ॥੩॥ ਭੈ ਤੇਰੈ ਡਰੁ ਅਗਲਾ ਖਪਿ ਖਪਿ ਛਿਜੈ ਦੇਹ ॥ ਨਾਵ ਜਿਨਾ ਸੁਲਤਾਨ ਖਾਨ ਹੋਦੇ ਡਿਠੇ ਖੇਹ ॥ ਨਾਨਕ ਉਠੀ ਚਲਿਆ ਸਭਿ ਕੂੜੇ ਤੁਟੇ ਨੇਹ ॥੪॥੬॥ {ਪੰਨਾ 16} ਪਦ ਅਰਥ: ਜਾਲਿ = ਸਾੜ ਕੇ। ਘਸਿ = ਘਸਾ ਕੇ। ਮਸੁ = ਸਿਆਹੀ {ਇਹ ਲਫ਼ਜ਼ ਇਸਤ੍ਰੀ-ਲਿੰਗ ਹੈ ਤੇ ਸਦਾ (ੁ) ਅੰਤ ਹੁੰਦਾ ਹੈ}। ਸਾਰੁ = ਵਧੀਆ। ਭਾਉ = ਪ੍ਰੇਮ। ਪੁਛਿ = ਪੁੱਛ ਕੇ। ਪਾਰਾਵਾਰ = ਪਾਰ-ਅਵਾਰ, ਪਾਰਲਾ ਉਰਲਾ ਬੰਨਾ।1। ਲਿਖਿ ਜਾਣੁ = ਲਿਖਣ ਦੀ ਜਾਚ ਸਿੱਖ। ਨੀਸਾਣੁ = ਰਾਹਦਾਰੀ, ਪਰਵਾਨਾ।1। ਰਹਾਉ। ਮਿਲਹਿ = ਮਿਲਦੀਆਂ ਹਨ। ਸਦ = ਸਦਾ। ਤਿਨ ਮੁਖਿ = ਉਹਨਾਂ ਬੰਦਿਆਂ ਦੇ ਮੂੰਹ ਉੱਤੇ। ਨਿਕਲਹਿ = ਲੱਗਦੇ ਹਨ। ਮਨਿ = ਮਨ ਵਿਚ। ਕਰਮਿ = (ਪਰਮਾਤਮਾ ਦੀ) ਮਿਹਰ ਨਾਲ। ਗਲੀ ਵਾਉ ਦੁਆਉ = ਹਵਾਈ ਫ਼ਜ਼ੂਲ ਗੱਲਾਂ ਨਾਲ।2। ਇਕਿ = ਕਈ ਜੀਵ। ਰਖੀਅਹਿ = ਰੱਖੇ ਜਾਂਦੇ ਹਨ। ਨਾਵ = ਨਾਮ {'ਨਾਉ' ਤੋਂ ਬਹੁ-ਵਚਨ}। ਸਲਾਰ = ਸਰਦਾਰ। ਇਕਨਾ = ਕਈਆਂ ਦੇ। ਅਗੈ = ਪਰਮਾਤਮਾ ਦੀ ਹਜ਼ੂਰੀ ਵਿਚ। ਜਾਣੀਐ = ਪਤਾ ਲਗਦਾ ਹੈ। ਵੇਕਾਰ = ਵਿਅਰਥ।3। ਭੈ ਤੇਰੈ = ਤੈਥੋਂ ਭਉ ਕੀਤਿਆਂ, ਤੈਥੋਂ ਦੂਰ ਦੂਰ ਰਿਹਾਂ। ਅਗਲਾ = ਬਹੁਤਾ। ਖਪਿ = ਖਪ ਕੇ, ਖਿੱਝ ਕੇ। ਦੇਹ = ਸਰੀਰ। ਉਠੀ ਚਲਿਆ = ਉਠ ਤੁਰਨ ਵੇਲੇ, ਉਠ ਤੁਰਿਆਂ। ਸਭਿ ਕੂੜੇ ਨੇਹ = ਸਾਰੇ ਝੂਠੇ ਮੋਹ-ਪਿਆਰ।4। ਅਰਥ: (ਹੇ ਭਾਈ! ਮਾਇਆ ਦਾ) ਮੋਹ ਸਾੜ ਕੇ (ਉਸ ਨੂੰ) ਘਸਾ ਕੇ ਸਿਆਹੀ ਬਣਾ ਤੇ (ਆਪਣੀ) ਅਕਲ ਨੂੰ ਸੋਹਣਾ ਕਾਗ਼ਜ਼ ਬਣਾ। ਪ੍ਰੇਮ ਨੂੰ ਕਲਮ, ਤੇ ਆਪਣੇ ਮਨ ਨੂੰ ਲਿਖਾਰੀ ਬਣਾ। ਗੁਰੂ ਦੀ ਸਿਖਿਆ ਲੈ ਕੇ (ਪਰਮਾਤਮਾ ਦੇ ਗੁਣਾਂ ਦੀ) ਵਿਚਾਰ ਕਰਨੀ ਲਿਖ। ਪ੍ਰਭੂ ਦਾ ਨਾਮ ਲਿਖ, ਪ੍ਰਭੂ ਦੀ ਸਿਫ਼ਤਿ-ਸਾਲਾਹ ਲਿਖ, ਇਹ ਲਿਖ ਕਿ ਪ੍ਰਭੂ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਪਾਰਲਾ-ਉਰਲਾ ਬੰਨਾ ਨਹੀਂ ਲੱਭ ਸਕਦਾ।1। ਹੇ ਭਾਈ! ਇਹ ਲੇਖਾ ਲਿਖਣ ਦੀ ਜਾਚ ਸਿੱਖ। ਜਿਸ ਥਾਂ (ਜ਼ਿੰਦਗੀ ਵਿਚ ਕੀਤੇ ਕੰਮਾਂ ਦਾ) ਹਿਸਾਬ ਮੰਗਿਆ ਜਾਂਦਾ ਹੈ, ਉਥੇ ਇਹ ਲੇਖਾ ਸੱਚੀ ਰਾਹਦਾਰੀ ਬਣਦਾ ਹੈ।1। ਰਹਾਉ। ਜਿਨ੍ਹਾਂ ਮਨੁੱਖਾਂ ਦੇ ਮਨ ਵਿਚ (ਪ੍ਰਭੂ ਦਾ) ਸਦਾ-ਥਿਰ ਨਾਮ ਵੱਸਦਾ ਹੈ (ਲੇਖਾ ਮੰਗਣ ਵਾਲੇ ਥਾਂ) ਉਹਨਾਂ ਦੇ ਮੂੰਹ ਉਤੇ ਟਿੱਕੇ ਲੱਗਦੇ ਹਨ, ਉਹਨਾਂ ਨੂੰ ਵਡਿਆਈਆਂ ਮਿਲਦੀਆਂ ਹਨ, ਉਹਨਾਂ ਨੂੰ ਸਦਾ ਦੀਆਂ ਖੁਸ਼ੀਆਂ ਤੇ ਆਤਮ ਹੁਲਾਰੇ ਮਿਲਦੇ ਹਨ। ਪਰ ਪ੍ਰਭੂ ਦਾ ਨਾਮ ਪ੍ਰਭੂ ਦੀ ਮਿਹਰ ਨਾਲ ਮਿਲਦਾ ਹੈ, ਹਵਾਈ ਫ਼ਜ਼ੂਲ ਗੱਲਾਂ ਨਾਲ ਨਹੀਂ ਮਿਲਦਾ।2। (ਸੰਸਾਰ ਵਿਚ) ਬੇਅੰਤ ਜੀਵ ਆਉਂਦੇ ਹਨ (ਤੇ ਜੀਵਨ-ਸਫ਼ਰ ਮੁਕਾ ਕੇ ਇਥੋਂ) ਕੂਚ ਕਰ ਜਾਂਦੇ ਹਨ, (ਕਈਆਂ ਦੇ) ਸਰਦਾਰ (ਆਦਿਕ ਵੱਡੇ ਵੱਡੇ) ਨਾਮ ਰੱਖੀਦੇ ਹਨ, ਕਈ (ਜਗਤ ਵਿਚ) ਮੰਗਤੇ ਹੀ ਜੰਮੇ, ਕਈਆਂ ਦੇ ਵੱਡੇ ਵੱਡੇ ਦਰਬਾਰ ਲੱਗਦੇ ਹਨ। (ਪਰ ਦਰਬਾਰਾਂ ਵਾਲੇ ਸਰਦਾਰ ਹੋਣ ਚਾਹੇ ਕੰਗਾਲ ਹੋਣ) ਜੀਵਨ-ਸਫ਼ਰ ਮੁਕਾਇਆਂ ਸਮਝ ਆਉਂਦੀ ਹੈ ਕਿ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ (ਇਹ ਸਭ) ਜੀਵਨ ਵਿਅਰਥ (ਗੰਵਾ ਜਾਂਦੇ ਹਨ) ।3। ਹੇ ਨਾਨਕ! (ਆਖ– ਹੇ ਪ੍ਰਭੂ!) ਤੈਥੋਂ ਦੂਰ ਦੂਰ ਰਿਹਾਂ ਸੰਸਾਰ ਦਾ ਤੌਖ਼ਲਾ ਬਹੁਤ ਵਿਆਪਦਾ ਹੈ, (ਇਸ ਤੌਖ਼ਲੇ ਵਿਚ) ਖਿੱਝ ਖਿੱਝ ਕੇ ਸਰੀਰ ਭੀ ਢਹਿੰਦਾ ਜਾਂਦਾ ਹੈ, (ਤੇਰੀ ਯਾਦ ਤੋਂ ਬਿਨਾ ਮਾਇਆ ਦਾ ਭੀ ਕੀਹ ਮਾਣ?) ਜਿਨ੍ਹਾਂ ਦੇ ਨਾਮ ਖ਼ਾਨ ਸੁਲਤਾਨ ਕਰ ਕੇ ਵੱਜਦੇ ਹਨ ਸਭ (ਇਥੇ ਹੀ) ਮਿੱਟੀ ਵਿਚ ਮਿਲ ਜਾਂਦੇ ਹਨ (ਜਗਤ ਤੋਂ ਤੁਰਨ ਵੇਲੇ ਸਾਰੇ ਝੂਠੇ ਮੋਹ-ਪਿਆਰ ਮੁੱਕ ਜਾਂਦੇ ਹਨ) ।4।6। ਨੋਟ: ਅਖ਼ੀਰਲਾ ਅੰਕ 6 ਦੱਸਦਾ ਹੈ ਕਿ ਇਹ ਛੇਵਾਂ ਸ਼ਬਦ ਮੁੱਕਾ ਹੈ। ਭਾਵ: ਅਸਲੀ ਸਾਥ ਨਿਬਾਹੁਣ ਵਾਲਾ ਪਦਾਰਥ ਪ੍ਰਭੂ ਦਾ ਨਾਮ ਹੈ ਜੋ ਪ੍ਰਭੂ ਦੀ ਮਿਹਰ ਨਾਲ ਗੁਰੂ ਤੋਂ ਮਿਲਦਾ ਹੈ। ਸਰਦਾਰੀਆਂ ਤੇ ਪਾਤਿਸ਼ਾਹੀਆਂ ਇਥੇ ਹੀ ਧਰੀਆਂ ਰਹਿ ਜਾਂਦੀਆਂ ਹਨ, ਪ੍ਰਭੂ ਦੀ ਯਾਦ ਤੋਂ ਵਾਂਜੇ ਰਹਿ ਕੇ ਇਹਨਾਂ ਦਾ ਮੁੱਲ ਕੌਡੀ ਭੀ ਨਹੀਂ ਪੈਂਦਾ, ਸਾਰੀ ਜ਼ਿੰਦਗੀ ਹੀ ਅਜਾਈਂ ਚਲੀ ਜਾਂਦੀ ਹੈ। ਤਾਂ ਤੇ, ਜਗਤ ਦਾ ਮੋਹ ਛੱਡ ਕੇ ਪਿਆਰ ਨਾਲ ਪ੍ਰਭੂ ਦੀ ਸਿਫ਼ਤਿ-ਸਾਲਾਹ ਹਿਰਦੇ ਵਿਚ ਵਸਾਓ।6। ਸਿਰੀਰਾਗੁ ਮਹਲਾ ੧ ॥ ਸਭਿ ਰਸ ਮਿਠੇ ਮੰਨਿਐ ਸੁਣਿਐ ਸਾਲੋਣੇ ॥ ਖਟ ਤੁਰਸੀ ਮੁਖਿ ਬੋਲਣਾ ਮਾਰਣ ਨਾਦ ਕੀਏ ॥ ਛਤੀਹ ਅੰਮ੍ਰਿਤ ਭਾਉ ਏਕੁ ਜਾ ਕਉ ਨਦਰਿ ਕਰੇਇ ॥੧॥ ਬਾਬਾ ਹੋਰੁ ਖਾਣਾ ਖੁਸੀ ਖੁਆਰੁ ॥ ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥ ਰਤਾ ਪੈਨਣੁ ਮਨੁ ਰਤਾ ਸੁਪੇਦੀ ਸਤੁ ਦਾਨੁ ॥ ਨੀਲੀ ਸਿਆਹੀ ਕਦਾ ਕਰਣੀ ਪਹਿਰਣੁ ਪੈਰ ਧਿਆਨੁ ॥ ਕਮਰਬੰਦੁ ਸੰਤੋਖ ਕਾ ਧਨੁ ਜੋਬਨੁ ਤੇਰਾ ਨਾਮੁ ॥੨॥ ਬਾਬਾ ਹੋਰੁ ਪੈਨਣੁ ਖੁਸੀ ਖੁਆਰੁ ॥ ਜਿਤੁ ਪੈਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥ ਘੋੜੇ ਪਾਖਰ ਸੁਇਨੇ ਸਾਖਤਿ ਬੂਝਣੁ ਤੇਰੀ ਵਾਟ ॥ ਤਰਕਸ ਤੀਰ ਕਮਾਣ ਸਾਂਗ ਤੇਗਬੰਦ ਗੁਣ ਧਾਤੁ ॥ ਵਾਜਾ ਨੇਜਾ ਪਤਿ ਸਿਉ ਪਰਗਟੁ ਕਰਮੁ ਤੇਰਾ ਮੇਰੀ ਜਾਤਿ ॥੩॥ ਬਾਬਾ ਹੋਰੁ ਚੜਣਾ ਖੁਸੀ ਖੁਆਰੁ ॥ ਜਿਤੁ ਚੜਿਐ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥ ਘਰ ਮੰਦਰ ਖੁਸੀ ਨਾਮ ਕੀ ਨਦਰਿ ਤੇਰੀ ਪਰਵਾਰੁ ॥ ਹੁਕਮੁ ਸੋਈ ਤੁਧੁ ਭਾਵਸੀ ਹੋਰੁ ਆਖਣੁ ਬਹੁਤੁ ਅਪਾਰੁ ॥ ਨਾਨਕ ਸਚਾ ਪਾਤਿਸਾਹੁ ਪੂਛਿ ਨ ਕਰੇ ਬੀਚਾਰੁ ॥੪॥ ਬਾਬਾ ਹੋਰੁ ਸਉਣਾ ਖੁਸੀ ਖੁਆਰੁ ॥ ਜਿਤੁ ਸੁਤੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥੪॥੭॥ {ਪੰਨਾ 16-17} ਪਦ ਅਰਥ: ਸਭਿ = ਸਾਰੇ। ਰਸ = ਸੁਆਦ। ਮੰਨਿਐ = ਜੇ (ਮਨ) ਮੰਨ ਜਾਏ। ਸੁਣਿਐ = ਜੇ ਸੁਣ ਲਏ, ਜੇ ਸੁਰਤਿ ਜੁੜ ਜਾਏ। ਸਾਲੋਣੇ = ਲੂਣ ਵਾਲੇ। ਖਟ ਤੁਰਸੀ = ਖੱਟੇ ਤੁਰਸ਼। ਮੁਖਿ = ਮੂੰਹ ਨਾਲ। ਮਾਰਣ = ਮਸਾਲੇ। ਨਾਦ = ਰਾਗੁ, ਕੀਰਤਨ। ਭਾਉ = ਪ੍ਰੇਮ।1। ਬਾਬਾ = ਹੇ ਭਾਈ! ਖੁਆਰ = ਜ਼ਲੀਲ। ਜਿਤੁ = ਜਿਸ ਦੀ ਰਾਹੀਂ। ਜਿਤੁ ਖਾਧੈ = ਜਿਸ ਖਾਧੇ (ਪਦਾਰਥ) ਨਾਲ। ਪੀੜੀਐ = ਔਖਾ ਹੁੰਦਾ ਹੈ। ਚਲਹਿ = ਚੱਲ ਪੈਂਦੇ ਹਨ।1। ਰਹਾਉ। ਰਤਾ = ਰੰਗਿਆ ਹੋਇਆ। ਸੁਪੇਦੀ = ਚਿੱਟਾ ਕੱਪੜਾ। ਸਤੁ = ਦਾਨ। ਨੀਲੀ = ਨੀਲੀ ਪੁਸ਼ਾਕ। ਸਿਆਹੀ = ਮਨ ਦੀ ਕਾਲਖ। ਕਦਾ ਕਰਣੀ = ਕੱਟ ਦੇਣੀ। ਪਹਿਰਣੁ = ਜਾਮਾ, ਚੋਗਾ। ਕਮਰ = ਲੱਕ। ਕਮਰ ਬੰਦੁ = ਲੱਕ ਦਾ ਪਟਕਾ। ਪਾਖਰ = ਕਾਠੀ। ਸਾਖਤਿ = ਦੁਮਚੀ। ਤੇਰੀ ਵਾਟ = ਤੇਰੇ ਚਰਨਾਂ ਤਕ ਅੱਪੜਨ ਦਾ ਰਸਤਾ। ਤਰਕਸ = ਭੱਥਾ, ਤੀਰ ਰੱਖਣ ਵਾਲਾ ਥੈਲਾ। ਸਾਂਗ = ਬਰਛੀ। ਤੇਗਬੰਦ = ਤਲਵਾਰ ਦਾ ਗਾਤ੍ਰਾ। ਧਾਤ = ਦੌੜ-ਭੱਜ, ਜਤਨ। ਪਤਿ = ਇੱਜ਼ਤ। ਕਰਮ = ਬਖ਼ਸ਼ਸ਼।3। ਤੁਧੁ ਭਾਵਸੀ = ਤੇਰੀ ਰਜ਼ਾ ਵਿਚ ਰਹਿਣਾ। ਹੋਰੁ ਆਖਣੁ = ਹੋਰ ਹੁਕਮ ਕਰਨ ਦਾ ਬਚਨ। ਪੂਛਿ = ਪੁੱਛ ਕੇ।4। ਸਉਣਾ = ਦੁਨਿਆਵੀ ਮੌਜਾਂ ਮਾਣਨੀਆਂ। ਜਿਤੁ ਸੁਤੈ = ਜਿਸ ਐਸ਼-ਇਸ਼ਰਤ ਦੀ ਰਾਹੀਂ। ਅਰਥ: ਜੇ ਮਨ ਪ੍ਰਭੂ ਦੀ ਯਾਦ ਵਿਚ ਪਰਚ ਜਾਏ, ਤਾਂ ਇਸ ਨੂੰ (ਦੁਨੀਆ ਦੇ) ਸਾਰੇ ਮਿੱਠੇ ਸੁਆਦ ਵਾਲੇ ਪਦਾਰਥ ਸਮਝੋ। ਜੇ ਸੁਰਤਿ ਹਰੀ ਦੇ ਨਾਮ ਵਿਚ ਜੁੜਨ ਲੱਗ ਪਏ, ਤਾਂ ਇਸ ਨੂੰ ਲੂਣ ਵਾਲੇ ਪਦਾਰਥ ਜਾਣੋ। ਮੂੰਹ ਨਾਲ ਪ੍ਰਭੂ ਦਾ ਨਾਮ ਉਚਾਰਨਾ ਖੱਟੇ ਸੁਆਦ ਵਾਲੇ ਪਦਾਰਥ ਸਮਝੋ। ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਕੀਰਤਨ ਮਸਾਲੇ ਜਾਣੋ। ਪਰਮਾਤਮਾ ਨਾਲ ਇਕ-ਰਸ ਪ੍ਰੇਮ ਛੱਤੀ ਕਿਸਮਾਂ ਦੇ ਸੁਆਦਲੇ ਭੋਜਨ ਹਨ। (ਪਰ ਇਹ ਉੱਚੀ ਦਾਤਿ ਉਸੇ ਨੂੰ ਮਿਲਦੀ ਹੈ) ਜਿਸ ਉਤੇ (ਪ੍ਰਭੂ ਮਿਹਰ ਦੀ) ਨਜ਼ਰ ਕਰਦਾ ਹੈ।1। ਹੇ ਭਾਈ! ਜਿਨ੍ਹਾਂ ਪਦਾਰਥਾਂ ਦੇ ਖਾਣ ਨਾਲ ਸਰੀਰ ਰੋਗੀ ਹੋ ਜਾਂਦਾ ਹੈ, ਅਤੇ ਮਨ ਵਿਚ (ਭੀ ਕਈ) ਮੰਦੇ ਖ਼ਿਆਲ ਤੁਰ ਪੈਂਦੇ ਹਨ, ਉਹਨਾਂ ਪਦਾਰਥਾਂ ਨੂੰ ਖਾਣ ਨਾਲ ਖ਼ੁਆਰ ਹੋਈਦਾ ਹੈ।1। ਰਹਾਉ। ਪ੍ਰਭੂ-ਪ੍ਰੀਤ ਵਿਚ ਮਨ ਰੰਗਿਆ ਜਾਏ, ਇਹ ਲਾਲ ਪੁਸ਼ਾਕ (ਸਮਾਨ) ਹੈ, ਦਾਨ ਪੁੰਨ ਕਰਨਾ (ਲੋੜਵੰਦਿਆਂ ਦੀ ਸੇਵਾ ਕਰਨੀ) ਇਹ ਚਿੱਟੀ ਪੁਸ਼ਾਕ ਸਮਝੋ। ਆਪਣੇ ਮਨ ਵਿਚੋਂ ਕਾਲਖ਼ ਕੱਟ ਦੇਣੀ ਨੀਲੇ ਰੰਗ ਦੀ ਪੁਸ਼ਾਕ ਜਾਣੋ। ਪ੍ਰਭੂ-ਚਰਨਾਂ ਦਾ ਧਿਆਨ ਚੋਗਾ ਹੈ। ਹੇ ਪ੍ਰਭੂ! ਸੰਤੋਖ ਨੂੰ ਮੈਂ ਆਪਣੇ ਲੱਕ ਦਾ ਪਟਕਾ ਬਣਾਇਆ ਹੈ, ਤੇਰਾ ਨਾਮ ਹੀ ਮੇਰਾ ਧਨ ਹੈ ਮੇਰੀ ਜੁਆਨੀ ਹੈ।2। ਹੇ ਭਾਈ! ਜਿਸ ਪਹਿਨਣ ਨਾਲ ਸਰੀਰ ਦੁਖੀ ਹੋਵੇ, ਤੇ ਮਨ ਵਿਚ ਭੀ ਭੈੜੇ ਖ਼ਿਆਲ ਤੁਰ ਪੈਣ, ਇਹੋ ਜਿਹਾ ਪਹਿਨਣ ਦਾ ਸ਼ੌਂਕ ਤੇ ਚਾਉ ਖ਼ੁਆਰ ਕਰਦਾ ਹੈ।1। ਰਹਾਉ। ਹੇ ਪ੍ਰਭੂ! ਤੇਰੇ ਚਰਨਾਂ ਵਿਚ ਜੁੜਨ ਦਾ ਜੀਵਨ-ਰਾਹ ਸਮਝਣਾ (ਮੇਰੇ ਵਾਸਤੇ) ਸੋਨੇ ਦੀ ਦੁਮਚੀ ਵਾਲੇ ਤੇ (ਸੋਹਣੀ) ਕਾਠੀ ਵਾਲੇ ਘੋੜਿਆਂ ਦੀ ਸਵਾਰੀ ਹੈ। ਤੇਰੀ ਸਿਫ਼ਤਿ-ਸਾਲਾਹ ਦਾ ਉੱਦਮ ਕਰਨਾ (ਮੇਰੇ ਵਾਸਤੇ) ਭੱਥੇ ਤੀਰ ਕਮਾਨ ਬਰਛੀ ਤੇ ਤਲਵਾਰ ਦਾ ਗਾਤ੍ਰਾ ਹਨ। (ਤੇਰੇ ਦਰ ਤੇ) ਇੱਜ਼ਤ ਨਾਲ ਸੁਰਖ਼ਰੂ ਹੋਣਾ (ਮੇਰੇ ਵਾਸਤੇ) ਵਾਜਾ ਤੇ ਨੇਜਾ ਹਨ, ਤੇਰੀ ਮਿਹਰ (ਦੀ ਨਜ਼ਰ) ਮੇਰੇ ਲਈ ਉੱਚੀ ਕੁਲ ਹੈ।3। ਹੇ ਭਾਈ! ਜਿਸ ਘੋੜ-ਸਵਾਰੀ ਕਰਨ ਨਾਲ ਸਰੀਰ ਔਖਾ ਹੋਵੇ, ਮਨ ਵਿਚ ਭੀ (ਅਹੰਕਾਰ ਆਦਿਕ ਦੇ) ਕਈ ਵਿਕਾਰ ਪੈਦਾ ਹੋ ਜਾਣ, ਉਹ ਘੋੜ-ਸਵਾਰੀ ਤੇ ਉਸ ਦਾ ਚਾਉ ਖ਼ੁਆਰ ਕਰਦਾ ਹੈ।1। ਰਹਾਉ। ਮਹਲ-ਮਾੜੀਆਂ ਦਾ ਵਸੇਬਾ (ਮੇਰੇ ਵਾਸਤੇ) ਤੇਰਾ ਨਾਮ ਜਪਣ ਤੋਂ ਪੈਦਾ ਹੋਈ ਖ਼ੁਸ਼ੀ ਹੀ ਹੈ। ਤੇਰੀ ਮਿਹਰ ਦੀ ਨਜ਼ਰ ਮੇਰਾ ਕੁਟੰਬ ਹੈ (ਜੋ ਖ਼ੁਸ਼ੀ ਮੈਨੂੰ ਆਪਣਾ ਪਰਵਾਰ ਦੇਖ ਕੇ ਹੁੰਦੀ ਹੈ, ਉਹੀ ਤੇਰੀ ਮਿਹਰ ਦੀ ਨਜ਼ਰ ਵਿਚੋਂ ਮਿਲੇਗੀ) । (ਦੂਜਿਆਂ ਪਾਸੋਂ ਆਪਣਾ) ਹੁਕਮ (ਮਨਾਣਾ) ਤੇ (ਹੁਕਮ ਦੇ) ਹੋਰ ਹੋਰ ਬੋਲ ਬੋਲਣੇ (ਤੇ ਇਸ ਵਿਚ ਖ਼ੁਸ਼ੀ ਮਹਿਸੂਸ ਕਰਨੀ ਮੇਰੇ ਵਾਸਤੇ) ਤੇਰੀ ਰਜ਼ਾ ਵਿਚ ਰਾਜ਼ੀ ਰਹਿਣਾ ਹੈ। ਹੇ ਨਾਨਕ! ਸਦਾ-ਥਿਰ ਪ੍ਰਭੂ ਪਾਤਿਸ਼ਾਹ ਐਸੇ ਜੀਵਨ ਵਾਲੇ ਦੀ ਹੋਰ ਪੁੱਛ-ਵਿਚਾਰ ਨਹੀਂ ਕਰਦਾ (ਭਾਵ, ਉਸ ਦਾ ਜੀਵਨ ਉਸ ਦੀਆਂ ਨਜ਼ਰਾਂ ਬਿਵ ਪਰਵਾਨ ਹੈ) ।4। ਹੇ ਭਾਈ! (ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਖ਼ੁਸ਼ੀ ਛੱਡ ਕੇ) ਹੋਰ ਐਸ਼-ਇਸ਼ਰਤ ਦੀ ਖ਼ੁਸ਼ੀ ਖ਼ੁਆਰ ਕਰਦੀ ਹੈ, ਕਿਉਂਕਿ ਹੋਰ ਹੋਰ ਐਸ਼-ਇਸ਼ਰਤ ਸਰੀਰ ਨੂੰ ਰੋਗੀ ਕਰਦੀ ਹੈ ਤੇ ਮਨ ਵਿਚ ਭੀ ਵਿਕਾਰ ਚੱਲ ਪੈਂਦੇ ਹਨ।1। ਰਹਾਉ।4।7। |
Sri Guru Granth Darpan, by Professor Sahib Singh |