ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 17

ਸਿਰੀਰਾਗੁ ਮਹਲਾ ੧ ॥ ਕੁੰਗੂ ਕੀ ਕਾਂਇਆ ਰਤਨਾ ਕੀ ਲਲਿਤਾ ਅਗਰਿ ਵਾਸੁ ਤਨਿ ਸਾਸੁ ॥ ਅਠਸਠਿ ਤੀਰਥ ਕਾ ਮੁਖਿ ਟਿਕਾ ਤਿਤੁ ਘਟਿ ਮਤਿ ਵਿਗਾਸੁ ॥ ਓਤੁ ਮਤੀ ਸਾਲਾਹਣਾ ਸਚੁ ਨਾਮੁ ਗੁਣਤਾਸੁ ॥੧॥ ਬਾਬਾ ਹੋਰ ਮਤਿ ਹੋਰ ਹੋਰ ॥ ਜੇ ਸਉ ਵੇਰ ਕਮਾਈਐ ਕੂੜੈ ਕੂੜਾ ਜੋਰੁ ॥੧॥ ਰਹਾਉ ॥ ਪੂਜ ਲਗੈ ਪੀਰੁ ਆਖੀਐ ਸਭੁ ਮਿਲੈ ਸੰਸਾਰੁ ॥ ਨਾਉ ਸਦਾਏ ਆਪਣਾ ਹੋਵੈ ਸਿਧੁ ਸੁਮਾਰੁ ॥ ਜਾ ਪਤਿ ਲੇਖੈ ਨਾ ਪਵੈ ਸਭਾ ਪੂਜ ਖੁਆਰੁ ॥੨॥ ਜਿਨ ਕਉ ਸਤਿਗੁਰਿ ਥਾਪਿਆ ਤਿਨ ਮੇਟਿ ਨ ਸਕੈ ਕੋਇ ॥ ਓਨਾ ਅੰਦਰਿ ਨਾਮੁ ਨਿਧਾਨੁ ਹੈ ਨਾਮੋ ਪਰਗਟੁ ਹੋਇ ॥ ਨਾਉ ਪੂਜੀਐ ਨਾਉ ਮੰਨੀਐ ਅਖੰਡੁ ਸਦਾ ਸਚੁ ਸੋਇ ॥੩॥ ਖੇਹੂ ਖੇਹ ਰਲਾਈਐ ਤਾ ਜੀਉ ਕੇਹਾ ਹੋਇ ॥ ਜਲੀਆ ਸਭਿ ਸਿਆਣਪਾ ਉਠੀ ਚਲਿਆ ਰੋਇ ॥ ਨਾਨਕ ਨਾਮਿ ਵਿਸਾਰਿਐ ਦਰਿ ਗਇਆ ਕਿਆ ਹੋਇ ॥੪॥੮॥ {ਪੰਨਾ 17}

ਪਦ ਅਰਥ: ਕੁੰਗੂ = ਕੇਸਰ। ਕਾਂਇਆ = ਸਰੀਰ। ਰਤਨ = (ਭਾਵ) ਪ੍ਰਭੂ ਦੀ ਸਿਫ਼ਤਿ-ਸਾਲਾਹ। ਲਲਿਤਾ = ਜੀਭ। ਅਗਰਿ = ਊਦ ਦੀ ਲਕੜੀ ਨਾਲ। ਵਾਸੁ = ਸੁਗੰਧੀ। ਤਨਿ = ਸਰੀਰ ਵਿਚ। ਸਾਸੁ = (ਹਰੇਕ) ਸੁਆਸ। ਅਠਸਠਿ = ਅਠਾਹਠ। ਮੁਖਿ = ਮੂੰਹ ਉੱਤੇ, ਮੱਥੇ ਉੱਤੇ। ਤਿਤੁ ਘਟਿ = ਉਸ ਸਰੀਰ ਵਿਚ, ਉਸ ਮਨੁੱਖ ਦੇ ਅੰਦਰ। ਵਿਗਾਸੁ = ਖਿੜਾਉ। ਓਤੁ ਮਤੀ = ਉਸ ਮਤਿ ਨਾਲ ਹੀ। ਗੁਣ ਤਾਸੁ = ਗੁਣਾਂ ਦਾ ਖ਼ਜ਼ਾਨਾ ਪ੍ਰਭੂ।

ਬਾਬਾ = ਹੇ ਭਾਈ! ਕਮਾਈਐ = ਕਮਾਈ ਕਰੀਏ, ਉੱਦਮ ਕਰੀਏ। ਕੂੜੈ = ਕੂੜ ਨਾਲ।1। ਰਹਾਉ।

ਪੂਜ = ਪੂਜਾ, ਮਾਣਤਾ। ਸਭੁ = ਸਾਰਾ। ਸਿਧੁ = ਜੋਗ-ਸਾਧਨਾਂ ਵਿਚ ਪੁੱਗਿਆ ਹੋਇਆ ਜੋਗੀ। ਸਭਾ = ਸਾਰੀ। ਲੇਖੈ = ਕੀਤੇ ਕਰਮਾਂ ਦਾ ਹਿਸਾਬ ਹੋਣ ਵੇਲੇ।2।

ਸਤਿਗੁਰਿ = ਗੁਰੂ ਨੇ। ਥਾਪਿਆ = ਥਾਪਣਾ ਦਿੱਤੀ, ਦਿਲਾਸਾ ਦਿੱਤਾ। ਨਾਮੋ = ਨਾਮ ਹੀ। ਅਖੰਡ = ਇਕ-ਰਸ, ਸਦਾ, ਲਗਾਤਾਰ।3।

ਖੇਹ = ਮਿੱਟੀ। ਜੀਉ = ਜਿੰਦ। ਕੇਹਾ ਹੋਇ = ਭੈੜੀ ਹਾਲਤ ਹੁੰਦੀ ਹੈ। ਸਭਿ = ਸਾਰੀਆਂ। ਰੋਇ = ਦੁਖੀ ਹੋ ਕੇ। ਨਾਮਿ ਵਿਸਾਰਿਐ = ਜੇ ਪ੍ਰਭੂ ਦਾ ਨਾਮ ਵਿਸਾਰ ਦਿੱਤਾ ਜਾਏ। ਦਰਿ = (ਪ੍ਰਭੂ ਦੇ) ਦਰ ਤੇ। ਕਿਆ ਹੋਇ = ਭੈੜੀ ਹਾਲਤ ਹੀ ਹੁੰਦੀ ਹੈ।4।

ਅਰਥ: ਜਿਸ ਮਨੁੱਖ ਦਾ ਸਰੀਰ ਕੇਸਰ (ਵਰਗਾ ਸੁੱਧ ਵਿਕਾਰ-ਰਹਿਤ) ਹੋਵੇ, ਜਿਸ ਦੀ ਜੀਭ (ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ) ਰਤਨਾਂ ਨਾਲ ਜੜੀ ਹੋਵੇ, ਜਿਸ ਦੇ ਸਰੀਰ ਵਿਚ ਹਰੇਕ ਸੁਆਸ ਉਸ ਦੀ ਲਕੜੀ ਦੀ ਸੁਗੰਧੀ ਵਾਲਾ ਹੋਵੇ (ਭਾਵ, ਪ੍ਰਭੂ ਦੇ ਨਾਮ ਦੀ ਯਾਦ ਨਾਲ ਸੁਗੰਧਿਤ ਹੋਵੇ) , ਜਿਸ ਮਨੁੱਖ ਦੇ ਮੱਥੇ ਉੱਤੇ ਅਠਾਹਠ ਹੀ ਤੀਰਥਾਂ ਦਾ ਟਿੱਕਾ ਹੋਵੇ (ਭਾਵ, ਜੋ ਪ੍ਰਭੂ ਦਾ ਨਾਮ ਜਪ ਕੇ ਅਠਾਹਠ ਤੀਰਥਾਂ ਨਾਲੋਂ ਵਧੀਕ ਪਵਿਤ੍ਰ ਹੋ ਚੁਕਾ ਹੋਵੇ) ਉਸ ਮਨੁੱਖ ਦੇ ਅੰਦਰ ਮਤਿ ਖਿੜਦੀ ਹੈ, ਉਸ ਖਿੜੀ ਹੋਈ ਮਤਿ ਨਾਲ ਹੀ ਸੱਚਾ ਨਾਮ ਸਲਾਹਿਆ ਜਾ ਸਕਦਾ ਹੈ, ਗੁਣਾਂ ਦਾ ਖ਼ਜ਼ਾਨਾ ਪ੍ਰਭੂ ਸਲਾਹਿਆ ਜਾ ਸਕਦਾ ਹੈ।

ਹੇ ਭਾਈ! ਪ੍ਰਭੂ ਦੇ ਨਾਮ ਤੋਂ ਖੁੰਝੀ ਹੋਈ ਮਤਿ ਹੋਰ ਹੋਰ ਪਾਸੇ ਹੀ ਲੈ ਜਾਂਦੀ ਹੈ। ਸਿਫ਼ਤਿ-ਸਾਲਾਹ ਛੱਡ ਕੇ ਜੇ ਹੋਰ ਕਰਮ ਸੈਂਕੜੇ ਵਾਰੀ ਭੀ ਕਰੀਏ (ਤਾਂ ਕੁਝ ਨਹੀਂ ਬਣਦਾ, ਕਿਉਂਕਿ) ਕੂੜਾ ਕਰਮ ਕਰਨ ਨਾਲ ਕੂੜ ਦਾ ਹੀ ਜ਼ੋਰ ਵਧਦਾ ਹੈ।1। ਰਹਾਉ।

ਜੇ ਕੋਈ ਮਨੁੱਖ ਪੀਰ ਅਖਵਾਣ ਲੱਗ ਪਏ, ਸਾਰਾ ਸੰਸਾਰ ਆ ਕੇ ਉਸ ਦਾ ਦਰਸ਼ਨ ਕਰੇ, ਉਸ ਦੀ ਪੂਜਾ ਹੋਣ ਲੱਗ ਪਏ, ਜੇ ਉਹ ਪੁੱਗਿਆ ਹੋਇਆ (ਕਰਾਮਾਤੀ) ਜੋਗੀ ਗਿਣਿਆ ਜਾਣ ਲੱਗ ਪਏ, ਵੱਡੇ ਨਾਮਣੇ ਵਾਲਾ ਸਦਾਣ ਲੱਗ ਪਏ (ਤਾਂ ਭੀ ਇਹ ਸਭ ਕੁਝ ਕਿਸੇ ਅਰਥ ਨਹੀਂ, ਕਿਉਂਕਿ) ਜੇ ਪ੍ਰਭੂ ਦੀ ਹਜ਼ੂਰੀ ਵਿਚ ਕੀਤੇ ਕਰਮਾਂ ਦਾ ਹਿਸਾਬ ਹੋਣ ਵੇਲੇ ਉਸ ਨੂੰ ਇੱਜ਼ਤ ਨਹੀਂ ਮਿਲਦੀ, ਤਾਂ (ਦੁਨੀਆ ਵਿਚ ਹੋਈ) ਸਾਰੀ ਪੂਜਾ ਖ਼ੁਆਰ ਹੀ ਕਰਦੀ ਹੈ।2।

ਜਿਨ੍ਹਾਂ ਮਨੁੱਖਾਂ ਨੂੰ ਸਤਿਗੁਰੂ ਨੇ ਸ਼ਾਬਾਸ਼ੇ ਦਿੱਤੀ ਹੈ, ਉਹਨਾਂ ਦੀ ਉਸ ਇੱਜ਼ਤ ਨੂੰ ਕੋਈ ਮਿਟਾ ਨਹੀਂ ਸਕਦਾ (ਕਿਉਂਕਿ) ਉਹਨਾਂ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਖ਼ਜ਼ਾਨਾ ਵੱਸਦਾ ਹੈ, ਉਹਨਾਂ ਦੇ ਅੰਦਰ ਨਾਮ ਹੀ ਉੱਘੜਦਾ ਹੈ। (ਇਹ ਪੱਕਾ ਨਿਯਮ ਜਾਣੋ ਕਿ) ਪ੍ਰਭੂ ਦਾ ਨਾਮ ਹੀ ਪੂਜਿਆ ਜਾਂਦਾ ਹੈ, ਨਾਮ ਹੀ ਸਤਕਾਰਿਆ ਜਾਂਦਾ ਹੈ। ਪ੍ਰਭੂ ਹੀ ਸਦਾ ਇਕ-ਰਸ ਸਦਾ-ਥਿਰ ਰਹਿਣ ਵਾਲਾ ਹੈ।3।

(ਜਿਨ੍ਹਾਂ ਮਨੁੱਖਾਂ ਨੇ ਕਦੇ ਨਾਮ ਨਾਹ ਜਪਿਆ, ਉਹਨਾਂ ਦਾ ਸਰੀਰ ਜਦੋਂ) ਮਿੱਟੀ ਹੋ ਕੇ ਮਿੱਟੀ ਵਿਚ ਰਲਿਆ, ਤਾਂ (ਨਾਮ-ਹੀਣ) ਜਿੰਦ ਦਾ ਹਾਲ ਭੈੜਾ ਹੀ ਹੁੰਦਾ ਹੈ। (ਦੁਨੀਆ ਵਿਚ ਕੀਤੀਆਂ) ਸਾਰੀਆਂ ਚਤੁਰਾਈਆਂ ਸੁਆਹ ਹੋ ਜਾਂਦੀਆਂ ਹਨ, ਜਗਤ ਤੋਂ ਜੀਵ ਦੁਖੀ ਹੋ ਕੇ ਹੀ ਤੁਰਦਾ ਹੈ।

ਹੇ ਨਾਨਕ! ਜੇ ਪ੍ਰਭੂ ਦਾ ਨਾਮ ਭੁਲਾ ਦੇਈਏ, ਤਾਂ ਪ੍ਰਭੂ ਦੇ ਦਰ ਤੇ ਪਹੁੰਚ ਕੇ ਭੈੜਾ ਹਾਲ ਹੀ ਹੁੰਦਾ ਹੈ।4।7।

ਸਿਰੀਰਾਗੁ ਮਹਲਾ ੧ ॥ ਗੁਣਵੰਤੀ ਗੁਣ ਵੀਥਰੈ ਅਉਗੁਣਵੰਤੀ ਝੂਰਿ ॥ ਜੇ ਲੋੜਹਿ ਵਰੁ ਕਾਮਣੀ ਨਹ ਮਿਲੀਐ ਪਿਰ ਕੂਰਿ ॥ ਨਾ ਬੇੜੀ ਨਾ ਤੁਲਹੜਾ ਨਾ ਪਾਈਐ ਪਿਰੁ ਦੂਰਿ ॥੧॥ ਮੇਰੇ ਠਾਕੁਰ ਪੂਰੈ ਤਖਤਿ ਅਡੋਲੁ ॥ ਗੁਰਮੁਖਿ ਪੂਰਾ ਜੇ ਕਰੇ ਪਾਈਐ ਸਾਚੁ ਅਤੋਲੁ ॥੧॥ ਰਹਾਉ ॥ ਪ੍ਰਭੁ ਹਰਿਮੰਦਰੁ ਸੋਹਣਾ ਤਿਸੁ ਮਹਿ ਮਾਣਕ ਲਾਲ ॥ ਮੋਤੀ ਹੀਰਾ ਨਿਰਮਲਾ ਕੰਚਨ ਕੋਟ ਰੀਸਾਲ ॥ ਬਿਨੁ ਪਉੜੀ ਗੜਿ ਕਿਉ ਚੜਉ ਗੁਰ ਹਰਿ ਧਿਆਨ ਨਿਹਾਲ ॥੨॥ ਗੁਰੁ ਪਉੜੀ ਬੇੜੀ ਗੁਰੂ ਗੁਰੁ ਤੁਲਹਾ ਹਰਿ ਨਾਉ ॥ ਗੁਰੁ ਸਰੁ ਸਾਗਰੁ ਬੋਹਿਥੋ ਗੁਰੁ ਤੀਰਥੁ ਦਰੀਆਉ ॥ ਜੇ ਤਿਸੁ ਭਾਵੈ ਊਜਲੀ ਸਤ ਸਰਿ ਨਾਵਣ ਜਾਉ ॥੩॥ ਪੂਰੋ ਪੂਰੋ ਆਖੀਐ ਪੂਰੈ ਤਖਤਿ ਨਿਵਾਸ ॥ ਪੂਰੈ ਥਾਨਿ ਸੁਹਾਵਣੈ ਪੂਰੈ ਆਸ ਨਿਰਾਸ ॥ ਨਾਨਕ ਪੂਰਾ ਜੇ ਮਿਲੈ ਕਿਉ ਘਾਟੈ ਗੁਣ ਤਾਸ ॥੪॥੯॥ {ਪੰਨਾ 17}

ਪਦ ਅਰਥ: ਗੁਣਵੰਤੀ = ਗੁਣਾਂ ਵਾਲੀ ਜੀਵ-ਇਸਤ੍ਰੀ। ਵੀਥਰੈ = ਵਿਥਾਰ ਕਰਦੀ ਹੈ, ਕਥਨ ਕਰਦੀ ਹੈ। ਝੂਰਿ = ਝੂਰੇ, ਝੂਰਦੀ ਹੈ। ਵਰੁ = ਖਸਮ-ਪ੍ਰਭੂ। ਕਾਮਣੀ = ਹੇ ਜੀਵ-ਇਸਤ੍ਰੀ! ਨਹ ਮਿਲੀਐ ਪਿਰ = ਪਿਰ ਨੂੰ ਨਹੀਂ ਮਿਲ ਸਕੀਦਾ। ਕੂਰਿ = ਕੂੜ ਦੀ ਰਾਹੀਂ, ਕੂੜੇ ਮੋਹ ਵਿਚ ਪਏ ਰਿਹਾਂ। ਤੁਲਹੜਾ = ਤੁਲਹਾ, ਕਾਹੀ ਪਿਲਛੀ ਤੇ ਲੱਕੜਾਂ ਦਾ ਬਣਿਆ ਹੋਇਆ ਆਸਰਾ ਜਿਸ ਉਤੇ ਚੜ੍ਹ ਕੇ ਦਰਿਆ-ਕੰਢੇ ਦੇ ਲੋਕ ਦਰਿਆ ਪਾਰ ਕਰ ਲੈਂਦੇ ਹਨ।1।

ਮੇਰੇ ਠਾਕੁਰ ਅਡੋਲੁ = ਮੇਰੇ ਠਾਕੁਰ ਦਾ ਅਹਿੱਲ ਟਿਕਾਣਾ। ਤਖਤਿ = ਤਖ਼ਤ ਉੱ​ਤੇ। ਗੁਰਮੁਖਿ ਪੂਰਾ = ਪੂਰਾ ਗੁਰੂ। ਜੇ ਕਰੇ = ਜੇ ਮਿਹਰ ਕਰੇ।1। ਰਹਾਉ।

ਤਿਸੁ ਮਹਿ = ਉਸ (ਹਰਿਮੰਦਰ ਵਿਚ) । ਮਾਣਕ = ਮੋਤੀ। ਕੰਚਨ ਕੋਟ = ਸੋਨੇ ਦੇ ਕਿਲ੍ਹੇ। ਰੀਸਾਲ = ਸੁੰਦਰ, ਆਨੰਦ ਦਾ ਘਰ, ਆਨੰਦ ਦੇਣ ਵਾਲੇ। ਗੜਿ = ਕਿਲ੍ਹੇ ਉੱਤੇ। ਗੁਰ ਧਿਆਨ = ਗੁਰੂ (ਚਰਨਾਂ) ਦਾ ਧਿਆਨ। ਨਿਹਾਲ = ਵਿਖਾ ਦੇਂਦਾ ਹੈ।2।

ਸਰੁ = ਤਾਲਾਬ। ਸਾਗਰੁ = ਸਮੁੰਦਰ। ਬੋਹਿਥੋ = ਜਹਾਜ਼। ਤਿਸੁ ਭਾਵੈ = ਉਸ (ਗੁਰੂ) ਨੂੰ ਚੰਗਾ ਲੱਗੇ। ਊਜਲੀ = ਮਤਿ ਉਜਲੀ (ਹੋ ਜਾਂਦੀ ਹੈ) । ਸਤਸਰਿ = ਸਤਸੰਗ ਸਰੋਵਰ ਵਿਚ। ਨਾਵਣ = ਇਸ਼ਨਾਨ ਕਰਨ ਲਈ, ਮਨ ਧੋਣ ਲਈ।3।

ਥਾਨਿ = ਥਾਂ ਉੱਤੇ। ਪੂਰੈ = ਪੂਰੀ ਕਰਦਾ ਹੈ। ਆਸ ਨਿਰਾਸ = ਨਿਰਾਸਿਆਂ ਦੀ ਆਸ। ਕਿਉ ਘਾਟੈ = ਨਹੀਂ ਘਟਦੇ। ਤਾਸ = ਉਸ (ਜੀਵ) ਦੇ।4।

ਅਰਥ: ਜਿਸ ਜੀਵ-ਇਸਤ੍ਰੀ ਨੇ ਆਪਣੇ ਹਿਰਦੇ ਵਿਚ ਪ੍ਰਭੂ ਦੀ ਸਿਫ਼ਤਿ-ਸਾਲਾਹ ਵਸਾਈ ਹੋਈ ਹੈ ਉਹ ਪ੍ਰਭੂ ਦੇ ਗੁਣਾਂ ਦੀ ਹੀ ਕਥਾ ਵਾਰਤਾ ਕਰਦੀ ਹੈ, ਪਰ ਜਿਸ ਦੇ ਅੰਦਰ (ਮਾਇਆ ਦੇ ਮੋਹ ਦੇ ਕਾਰਨ) ਔਗੁਣ ਹੀ ਔਗੁਣ ਹਨ ਉਹ (ਆਪਣੇ ਹੀ ਔਗੁਣਾਂ ਦੇ ਪ੍ਰਭਾਵ ਹੇਠ) ਸਦਾ ਝੂਰਦੀ ਰਹਿੰਦੀ ਹੈ।

ਹੇ ਜੀਵ-ਇਸਤ੍ਰੀ! ਜੇ ਤੂੰ ਖਸਮ-ਪ੍ਰਭੂ ਨੂੰ ਮਿਲਣਾ ਚਾਹੁੰਦੀ ਹੈਂ, ਤਾਂ (ਚੇਤੇ ਰੱਖ ਕਿ) ਕੂੜੇ ਮੋਹ ਵਿਚ ਫਸੇ ਰਿਹਾਂ ਪਤੀ-ਪ੍ਰਭੂ ਨੂੰ ਨਹੀਂ ਮਿਲ ਸਕਦੀ। (ਤੂੰ ਤਾਂ ਮੋਹ ਦੇ ਸਮੁੰਦਰ ਵਿਚ ਗੋਤੇ ਖਾ ਰਹੀ ਹੈਂ) ਤੇਰੇ ਪਾਸ ਨਾਹ ਬੇੜੀ ਹੈ, ਨਾਹ ਤੁਲਹਾ ਹੈ, ਇਸ ਤਰ੍ਹਾਂ ਪਤੀ-ਪ੍ਰਭੂ ਨਹੀਂ ਲੱਭ ਸਕਦਾ, (ਕਿਉਂਕਿ) ਉਹ ਤਾਂ (ਇਸ ਸੰਸਾਰ-ਸਮੁੰਦਰ ਤੋਂ ਪਾਰ ਹੈ,) ਦੂਰ ਹੈ।1।

ਮੇਰੇ ਪਾਲਣਹਾਰ ਪ੍ਰਭੂ ਦਾ ਅਹਿੱਲ ਟਿਕਾਣਾ ਉਸ ਤਖ਼ਤ ਉੱਤੇ ਹੈ ਜੇਹੜਾ (ਪ੍ਰਭੂ ਵਾਂਗ ਹੀ) ਸੰਪੂਰਨ ਹੈ (ਜਿਸ ਵਿਚ ਕੋਈ ਉਕਾਈ ਨਹੀਂ ਹੈ) । ਉਹ ਪ੍ਰਭੂ ਸਦਾ-ਥਿਰ ਰਹਿਣ ਵਾਲਾ ਹੈ, ਉਸ ਦਾ ਤੋਲ-ਮਾਪ ਦੱਸਿਆ ਨਹੀਂ ਜਾ ਸਕਦਾ। ਪੂਰਾ ਗੁਰੂ ਜੇ ਮਿਹਰ ਕਰੇ, ਤਾਂ ਹੀ ਉਹ ਮਿਲ ਸਕਦਾ ਹੈ।1। ਰਹਾਉ।

ਹਰੀ-ਪਰਮਾਤਮਾ (ਮਾਨੋ) ਇਕ ਸੋਹਣਾ ਮੰਦਰ ਹੈ ਜਿਸ ਵਿਚ ਮਾਣਕ ਲਾਲ ਮੋਤੀ ਤੇ ਚਮਕਦੇ ਹੀਰੇ ਹਨ (ਜਿਸ ਦੇ ਦੁਆਲੇ) ਸੋਨੇ ਦੇ ਸੁੰਦਰ ਕਿਲ੍ਹੇ ਹਨ। ਪਰ ਉਸ (ਮੰਦਰ-) ਕਿਲ੍ਹੇ ਉਤੇ ਪਉੜੀ ਤੋਂ ਬਿਨਾ ਚੜ੍ਹਿਆ ਨਹੀਂ ਜਾ ਸਕਦਾ। (ਹਾਂ,) ਜੇ ਗੁਰੂ-ਚਰਨਾਂ ਦਾ ਧਿਆਨ ਧਰਿਆ ਜਾਏ, ਜੇ ਪ੍ਰਭੂ-ਚਰਨਾਂ ਦਾ ਧਿਆਨ ਧਰਿਆ ਜਾਏ, ਤਾਂ ਦਰਸਨ ਹੋ ਜਾਂਦਾ ਹੈ।2।

ਉਸ (ਹਰਿ-ਮੰਦਰ-ਕਿਲ੍ਹੇ ਉੱਤੇ ਚੜ੍ਹਨ ਵਾਸਤੇ) ਗੁਰੂ ਪਉੜੀ ਹੈ, (ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਵਾਸਤੇ) ਗੁਰੂ ਬੇੜੀ ਹੈ, ਪ੍ਰਭੂ ਦਾ ਨਾਮ (ਦੇਣ ਵਾਲਾ) ਗੁਰੂ ਹੀ ਤੁਲਹਾ ਹੈ। ਗੁਰੂ ਸਰੋਵਰ ਹੈ, ਗੁਰੂ ਸਮੁੰਦਰ ਹੈ, ਗੁਰੂ ਹੀ ਜਹਾਜ਼ ਹੈ, ਗੁਰੂ ਹੀ ਤੀਰਥ ਹੈ ਤੇ ਦਰੀਆ ਹੈ। ਜੇ ਪ੍ਰਭੂ ਦੀ ਰਜ਼ਾ ਹੋਵੇ, ਤਾਂ (ਗੁਰੂ ਨੂੰ ਮਿਲ ਕੇ) ਮਨੁੱਖ ਦੀ ਮਤਿ ਸ਼ੁੱਧ ਹੋ ਜਾਂਦੀ ਹੈ (ਕਿਉਂਕਿ) ਮਨੁੱਖ ਸਾਧ ਸੰਗਤਿ ਸਰੋਵਰ ਵਿਚ (ਮਾਨਸਕ) ਇਸ਼ਨਾਨ ਕਰਨ ਜਾਣ ਲੱਗ ਪੈਂਦਾ ਹੈ।3।

ਹਰ ਕੋਈ ਆਖਦਾ ਹੈ ਕਿ ਪਰਮਾਤਮਾ ਵਿਚ ਕੋਈ ਉਕਾਈ ਨਹੀਂ ਹੈ, ਉਸ ਦਾ ਨਿਵਾਸ ਭੀ ਐਸੇ ਤਖ਼ਤ ਉੱਤੇ ਹੈ ਜਿਸ ਵਿਚ ਕੋਈ ਘਾਟ ਨਹੀਂ ਹੈ ਉਹ ਪੂਰਾ ਪ੍ਰਭੂ ਸੋਹਣੇ ਉਕਾਈ-ਹੀਣ ਥਾਂ ਤੇ ਬੈਠਾ ਹੈ ਤੇ ਟੁੱਟੇ ਦਿਲਾਂ ਵਾਲੇ ਬੰਦਿਆਂ ਦੀਆਂ ਆਸਾਂ ਪੂਰੀਆਂ ਕਰਦਾ ਹੈ।

ਹੇ ਨਾਨਕ! ਉਹ ਪੂਰਨ ਪ੍ਰਭੂ ਜੇ ਮਨੁੱਖ ਨੂੰ ਮਿਲ ਪਏ ਤਾਂ ਉਸ ਦੇ ਗੁਣਾਂ ਵਿਚ ਭੀ ਕਿਵੇਂ ਕੋਈ ਘਾਟ ਆ ਸਕਦੀ ਹੈ?।4।9।

ਸਿਰੀਰਾਗੁ ਮਹਲਾ ੧ ॥ ਆਵਹੁ ਭੈਣੇ ਗਲਿ ਮਿਲਹ ਅੰਕਿ ਸਹੇਲੜੀਆਹ ॥ ਮਿਲਿ ਕੈ ਕਰਹ ਕਹਾਣੀਆ ਸੰਮ੍ਰਥ ਕੰਤ ਕੀਆਹ ॥ ਸਾਚੇ ਸਾਹਿਬ ਸਭਿ ਗੁਣ ਅਉਗਣ ਸਭਿ ਅਸਾਹ ॥੧॥ ਕਰਤਾ ਸਭੁ ਕੋ ਤੇਰੈ ਜੋਰਿ ॥ ਏਕੁ ਸਬਦੁ ਬੀਚਾਰੀਐ ਜਾ ਤੂ ਤਾ ਕਿਆ ਹੋਰਿ ॥੧॥ ਰਹਾਉ ॥ ਜਾਇ ਪੁਛਹੁ ਸੋਹਾਗਣੀ ਤੁਸੀ ਰਾਵਿਆ ਕਿਨੀ ਗੁਣੀ ॥ ਸਹਜਿ ਸੰਤੋਖਿ ਸੀਗਾਰੀਆ ਮਿਠਾ ਬੋਲਣੀ ॥ ਪਿਰੁ ਰੀਸਾਲੂ ਤਾ ਮਿਲੈ ਜਾ ਗੁਰ ਕਾ ਸਬਦੁ ਸੁਣੀ ॥੨॥ ਕੇਤੀਆ ਤੇਰੀਆ ਕੁਦਰਤੀ ਕੇਵਡ ਤੇਰੀ ਦਾਤਿ ॥ ਕੇਤੇ ਤੇਰੇ ਜੀਅ ਜੰਤ ਸਿਫਤਿ ਕਰਹਿ ਦਿਨੁ ਰਾਤਿ ॥ ਕੇਤੇ ਤੇਰੇ ਰੂਪ ਰੰਗ ਕੇਤੇ ਜਾਤਿ ਅਜਾਤਿ ॥੩॥ ਸਚੁ ਮਿਲੈ ਸਚੁ ਊਪਜੈ ਸਚ ਮਹਿ ਸਾਚਿ ਸਮਾਇ ॥ ਸੁਰਤਿ ਹੋਵੈ ਪਤਿ ਊਗਵੈ ਗੁਰਬਚਨੀ ਭਉ ਖਾਇ ॥ ਨਾਨਕ ਸਚਾ ਪਾਤਿਸਾਹੁ ਆਪੇ ਲਏ ਮਿਲਾਇ ॥੪॥੧੦॥ {ਪੰਨਾ 17-18}

ਪਦ ਅਰਥ: ਗਲਿ = ਗਲ ਨਾਲ। ਅੰਕਿ = ਅੰਕ ਵਿਚ, ਜੱਫੀ ਵਿਚ। ਭੈਣੇ ਸਹੇਲੜੀਆਹ = ਹੇ ਭੈਣੋ! ਹੇ ਸਹੇਲੀਹੋ! ਕਰਹ = ਆਓ ਅਸੀਂ ਕਰੀਏ। ਸੰਮ੍ਰਥ = ਸਭ ਤਾਕਤਾਂ ਵਾਲਾ। ਸਭਿ = ਸਾਰੇ। ਅਸਾਹ = ਸਾਡੇ ਹੀ।1।

ਕਰਤਾ = ਹੇ ਕਰਤਾਰ! ਸਭੁ ਕੋ = ਹਰੇਕ ਜੀਵ। ਤੇਰੈ ਜੋਰਿ = ਤੇਰੇ ਜ਼ੋਰ ਵਿਚ, ਤੇਰੇ ਹੁਕਮ ਵਿਚ। ਏਕੁ ਸਬਦੁ = ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ। ਕਿਆ = ਕੀਹ (ਵਿਗਾੜ ਸਕਦੇ ਹਨ) ?1। ਰਹਾਉ।

ਜਾਇ = ਜਾ ਕੇ। ਰਾਵਿਆ = ਮਾਣਿਆ, ਮਿਲਾਪ ਹਾਸਲ ਕੀਤਾ। ਗੁਣੀ = ਗੁਣਾਂ ਨਾਲ। ਸਹਜਿ = ਸਹਜ ਨਾਲ, ਅਡੋਲ ਅਵਸਥਾ ਨਾਲ। ਰੀਸਾਲੂ = ਸੁੰਦਰ ਰਸ ਦਾ ਘਰ, ਆਨੰਦ ਦਾਤਾ।2।

ਕੁਦਰਤੀ = ਕੁਦਰਤਾਂ। ਦਾਤਿ = ਦਾਤਾਂ। ਕੇਤੇ = ਬੇਅੰਤ। ਜਾਤਿ ਅਜਾਤਿ = ਉੱਚੀਆਂ ਜਾਤਾਂ ਤੇ ਨੀਵੀਆਂ ਜਾਤਾਂ ਦੇ ਜੀਵ।3।

ਸਾਚਿ = ਸੱਚ ਦੀ ਰਾਹੀਂ, ਸਿਮਰਨ ਦੇ ਰਾਹੀਂ। ਸਚ ਮਹਿ = ਸਦਾ-ਥਿਰ ਪ੍ਰਭੂ ਵਿਚ। ਭਉ ਖਾਇ = ਦੁਨੀਆ ਵਾਲਾ ਸਹਮ-ਡਰ ਮੁਕਾ ਲੈਂਦਾ ਹੈ।

ਅਰਥ: ਹੇ ਸਤ ਸੰਗਣ ਭੈਣੋ ਤੇ ਸਹੇਲੀਹੋ! ਆਓ, ਪਿਆਰ ਨਾਲ (ਸਤ-ਸੰਗ ਵਿਚ) ਇਕੱਠੀਆਂ ਹੋਵੀਏ, ਸਤਸੰਗ ਵਿਚ ਮਿਲ ਕੇ ਉਸ ਖਸਮ-ਪ੍ਰਭੂ ਦੀਆਂ ਗੱਲਾਂ ਕਰੀਏ ਜੋ ਸਾਰੀਆਂ ਤਾਕਤਾਂ ਵਾਲਾ ਹੈ। (ਹੇ ਸਹੇਲੀਹੋ!) ਉਸ ਸਦਾ-ਥਿਰ ਮਾਲਕ ਵਿਚ ਸਾਰੇ ਗੁਣ ਹੀ ਗੁਣ ਹਨ (ਉਸ ਤੋਂ ਵਿੱਛੁੜ ਕੇ ਹੀ) ਸਾਰੇ ਔਗੁਣ ਸਾਡੇ ਵਿਚ ਆ ਜਾਂਦੇ ਹਨ।1।

ਹੇ ਕਰਤਾਰ! ਹਰੇਕ ਜੀਵ ਤੇਰੇ ਹੁਕਮ ਵਿਚ (ਹੀ ਤੁਰ ਸਕਦਾ ਹੈ) । ਜਦੋਂ ਤੇਰੀ ਸਿਫ਼ਤਿ-ਸਾਲਾਹ ਦੀ ਬਾਣੀ ਨੂੰ ਵਿਚਾਰਦਾ ਹੈ (ਤਾਂ ਇਹ ਸਮਝ ਪੈਂਦੀ ਹੈ ਕਿ) ਜਦੋਂ ਤੂੰ (ਸਾਡੇ ਸਿਰ ਉੱਤੇ ਰਾਖਾ) ਹੈਂ, ਤਾਂ ਹੋਰ ਕੋਈ ਸਾਡਾ ਕੀਹ ਵਿਗਾੜ ਸਕਦੇ ਹਨ।1। ਰਹਾਉ।

(ਹੇ ਸਤਸੰਗਣ ਭੈਣੋ! ਬੇ-ਸ਼ੱਕ) ਜਾ ਕੇ ਸੁਹਾਗਣ (ਜੀਵ-ਇਸਤ੍ਰੀਆਂ) ਨੂੰ ਪੁੱਛ ਲਵੋ ਕਿ ਤੁਸਾਂ ਕਿਨ੍ਹਾਂ ਗੁਣਾਂ ਦੀ ਰਾਹੀਂ ਪ੍ਰਭੂ-ਮਿਲਾਪ ਹਾਸਲ ਕੀਤਾ ਹੈ, ਉਥੋਂ ਇਹੀ ਪਤਾ ਮਿਲੇਗਾ ਕਿ ਉਹ ਅਡੋਲਤਾ ਨਾਲ ਸੰਤੋਖ ਨਾਲ ਮਿੱਠੇ ਬੋਲਾਂ ਨਾਲ ਸਿੰਗਾਰੀਆਂ ਹੋਈਆਂ ਹਨ (ਤਾਹੀਏਂ ਉਹਨਾਂ ਨੂੰ ਮਿਲ ਪਿਆ) । ਉਹ ਆਨੰਦ-ਦਾਤਾ ਪ੍ਰਭੂ-ਪਤੀ ਤਦੋਂ ਹੀ ਮਿਲਦਾ ਹੈ, ਜਦੋਂ ਗੁਰੂ ਦਾ ਉਪਦੇਸ਼ ਗਹੁ ਨਾਲ ਸੁਣਿਆ ਜਾਏ (ਤੇ ਸੰਤੋਖ ਮਿਠ-ਬੋਲਾ-ਪਨ ਆਦਿਕ ਗੁਣ ਧਾਰੇ ਜਾਣ) ।2।

ਹੇ ਪ੍ਰਭੂ! ਤੇਰੀਆਂ ਬੇਅੰਤ ਤਾਕਤਾਂ ਹਨ, ਤੇਰੀਆਂ ਬੇਅੰਤ ਬਖ਼ਸ਼ਸ਼ਾਂ ਹਨ। ਬੇਅੰਤ ਜੀਵ ਦਿਨ ਰਾਤ ਤੇਰੀਆਂ ਸਿਫ਼ਤਾਂ ਕਰ ਰਹੇ ਹਨ। ਤੇਰੇ ਬੇਅੰਤ ਹੀ ਰੂਪ ਰੰਗ ਹਨ, ਤੇਰੇ ਪੈਦਾ ਕੀਤੇ ਬੇਅੰਤ ਜੀਵ ਹਨ, ਜੋ ਕੋਈ ਉੱਚੀਆਂ ਤੇ ਕੋਈ ਨੀਵੀਆਂ ਜਾਤਾਂ ਵਿਚ ਹਨ।3।

ਹੇ ਨਾਨਕ! ਜੇ ਮਨੁੱਖ ਸਿਮਰਨ ਦੀ ਰਾਹੀਂ ਸਦਾ-ਥਿਰ ਪ੍ਰਭੂ ਵਿਚ ਲੀਨ ਰਹੇ, ਉਸ ਨੂੰ ਪਰਮਾਤਮਾ ਮਿਲ ਪੈਂਦਾ ਹੈ, ਪਰਮਾਤਮਾ (ਉਸ ਦੇ ਹਿਰਦੇ ਵਿਚ) ਪਰਗਟ ਹੋ ਜਾਂਦਾ ਹੈ, ਉਸ ਦੀ ਸੁਰਤਿ (ਪ੍ਰਭੂ-ਚਰਨਾਂ ਵਿਚ) ਜੁੜੀ ਰਹਿੰਦੀ ਹੈ, (ਪ੍ਰਭੂ ਦੇ ਦਰ ਤੇ) ਉਸ ਨੂੰ ਆਦਰ ਮਿਲਦਾ ਹੈ, ਗੁਰੂ ਦੇ ਬਚਨਾਂ ਉਤੇ ਤੁਰ ਕੇ ਉਹ ਸੰਸਾਰਕ ਡਰ ਮੁਕਾ ਲੈਂਦਾ ਹੈ, ਤੇ ਸਦਾ-ਥਿਰ ਰਹਿਣ ਵਾਲਾ ਪ੍ਰਭੂ-ਪਾਤਿਸ਼ਾਹ ਉਸ ਨੂੰ ਆਪ ਹੀ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ।4।10।

TOP OF PAGE

Sri Guru Granth Darpan, by Professor Sahib Singh